‘ਆਜ਼ਾਦੀ’ ਕਿਵੇਂ...?
ਸਤਿੰਦਰਜੀਤ ਸਿੰਘ
‘ਆਜ਼ਾਦੀ’ ਛੋਟਾ ਜਿਹਾ ਸ਼ਬਦ ਜੋ
ਬਹੁਤ ਵੱਡੇ ਅਰਥ ਰੱਖਦਾ ਹੈ। ਆਪਣੇ ਅਸਲੀ ਰੂਪ ਵਿੱਚ, ਢੁਕਵੇਂ ਅਰਥਾਂ ਵਿੱਚ ਕਿਸੇ ਦੇਸ਼ ਦੀ ਨੀਤੀ
ਦਾ ਹਿੱਸਾ ਬਣੇ ਤਾਂ ਕਿਸੇ ਵੀ ਦੇਸ਼ ਦੀ ਖੁਸ਼ਹਾਲੀ, ਤਰੱਕੀ ਦਾ ਰਾਹ ਖੋਲ੍ਹਦਾ ਹੋਇਆ ਸਮਾਜਿਕ ਅਤੇ
ਭਾਈਚਾਰਿਕ ਸਾਂਝ ਨੂੰ ਗੂੜ੍ਹਾ ਕਰਦਾ ਹੈ ਪਰ ਜੇਕਰ ਕਰੂਪ ਜਿਹਾ ਬਣ ਕੇ ਵਿਚਰੇ ਤਾਂ ਅਵਿਸ਼ਵਾਸ਼ ਪੈਦਾ
ਕਰ ਕਿਸੇ ਵੀ ਦੇਸ਼ ਦੀ ਬਰਬਾਦੀ ਦਾ ਰਾਹ ਖੋਲ੍ਹਦਾ ਹੈ।
ਭਾਰਤ ਵਿੱਚ ਇਹ ਸ਼ਬਦ ਆਪਣਾ ਮੂਲ ਗਵਾ ਚੁੱਕਾ ਹੈ। ਇਸਦੇ ਅਰਥਾਂ ਦੇ ਅਨਰਥ ਹੋ ਗਏ ਹਨ। ਭਾਰਤ ਵਿੱਚ
‘ਆਜ਼ਾਦੀ’ ਦਾ ਅਰਥ ‘ਸਭ ਨੂੰ ਬਰਾਬਰਤਾ ਦਾ ਦਰਜਾ’ ਨਹੀਂ ਬਲਕਿ ‘ਜਿਸ ਦੀ ਸੋਟੀ, ਉਸਦੀ ਮੱਝ’ ਹੈ।
ਭਾਰਤ ਵਿੱਚ ‘ਤਕੜੇ ਦਾ ਸੱਤੀਂ-ਵੀਹੀਂ ਸੌ’ ਵਾਲੀ ਗੱਲ ਪੂਰੇ ਜ਼ੋਰਾਂ ‘ਤੇ ਹੈ। ਲਾਲਚ ਦਾ ਸ਼ਿਕਾਰ ਹੋਏ
ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਕਾਨੂੰਨ-ਘਾੜਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ‘ਆਜ਼ਾਦੀ’ ਦਾ ਕਚੂੰਮਰ
ਕੱਢ ਕੇ ਰੱਖ ਦਿੱਤਾ ਹੈ। ਸਾਫ ਕਿਰਦਾਰ ਵਾਲੇ ਅਫਸਰ ਵੀ ਹਨ ਪਰ ਬਹੁਤ ਵਿਰਲੇ ਹਨ, ਬੜੀ ਮੁਸ਼ਕਿਲ ਨਾਲ
ਕੋਈ ਮਿਲਦਾ ਹੈ ਅਤੇ ਜੇਕਰ ਕੋਈ ਮਿਲਦਾ ਵੀ ਹੈ ਤਾਂ ਉਸਦਾ ਵੀ ‘ਮੂੰਹ ਬੰਦ’ ਕਰਨ ਦੀ ਕੋਸ਼ਿਸ਼ ਕੀਤੀ
ਜਾਂਦੀ ਹੈ। ਇਮਾਨਦਾਰ ਅਫਸਰਾਂ ਦੇ ਤਬਾਦਲੇ ਦੂਰ ਸ਼ਹਿਰਾਂ/ਪਿੰਡਾਂ ਵਿੱਚ ਕਰ ਕੇ ਖੁਆਰ ਕੀਤਾ ਜਾਂਦਾ
ਹੈ। ਭਾਰਤੀ ਤੰਤਰ ਵਿੱਚ ਹਰ ਪੱਧਰ ‘ਤੇ ਫੈਲਿਆ ਭ੍ਰਿਸ਼ਟਾਚਾਰ ਅਤੇ ਪੱਖਪਾਤ ‘ਆਜ਼ਾਦੀ’ ਦਾ ਮੂੰਹ ਚਿੜਾ
ਰਹੇ ਹਨ ਪਰ ਭਾਰਤੀ ਸਰਕਾਰਾਂ ਅਤੇ ਸਰਕਾਰਾਂ ਦੇ ਹਾਮੀ ਹਰ ਸਾਲ 15 ਅਗਸਤ ਨੂੰ ‘ਆਜ਼ਾਦੀ’ ਦਿਵਸ ਵਜੋਂ
ਮਨਾਉਂਦੇ ਹਨ, ਮਨਾਉਣ ਵੀ ਕਿਉਂ ਨਾ ਉਹ ਆਜ਼ਾਦ ਨੇ ਆਮ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲਈ।
ਭਾਰਤ ਵਿੱਚ ‘ਆਜ਼ਾਦੀ’ ਦੇ ਮਤਲਬ 1947 ਵੇਲੇ ਤੋਂ ਹੀ ਬਦਲਣੇ ਸ਼ੁਰੂ ਹੋ ਗਏ ਸਨ। ਭਾਰਤੀ ਤੰਤਰ ਦੀ
ਜ਼ੁਬਾਨ 1947 ਦੇ ਅਗਸਤ ਤੱਕ ਜਿੰਨ੍ਹਾਂ ਨੂੰ ‘ਹੀਰੋ’ ਕਹਿੰਦੀ ਸੀ, ਉਹਨਾਂ ਨੂੰ ਹੀ ‘ਆਜ਼ਾਦ ਭਾਰਤ’
ਨੇ ‘ਜ਼ਰਾਇਮ ਪੇਸ਼ਾ’ ਦਾ ਲਕਬ ਦੇ ਕੇ, ਧਾਰਮਿਕ ਸਥਾਨ ਢਾਹ ਕੇ ‘ਗੁਲਾਮੀ’ ਦਾ ਅਹਿਸਾਸ ਕਰਵਾਇਆ। ਭਾਰਤ
ਵਿੱਚ ‘ਆਜ਼ਾਦੀ’ ਹੈ ਪਰ:
• ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨ ਢਾਹੁਣ ਦੀ।
• ਘੱਟ ਗਿਣਤੀਆਂ ਨੂੰ ਜਿਉਂਦੇ ਸਾੜ ਤਮਾਸ਼ਾ ਦੇਖਣ ਦੀ।
• ਸਿੱਖਾਂ ਦੀਆਂ ਦਸਤਾਰਾਂ ਉਤਾਰਨ ਦੀ।
• ਘੱਟ ਗਿਣਤੀ ਕੌਮਾਂ ਦੀਆਂ ਧੀਆਂ-ਭੈਣਾਂ ਦੀ ਬੇਪੱਤੀ ਕਰਨ ਦੀ।
• ਕਿਸੇ ਜਾਨਵਰ ਨੂੰ ਮਾਰਨ ਵਾਲੇ ਘੱਟ-ਗਿਣਤੀ ਨਾਲ ਸੰਬੰਧਿਤ ਨੂੰ ਦੋਸ਼ੀ ਅਤੇ ਹਜ਼ਾਰਾਂ ਘੱਟ-ਗਿਣਤੀ
ਲੋਕਾਂ ਦਾ ਕਤਲ ਕਰਨ ਵਾਲਿਆਂ ਨੂੰ ਬੇਗੁਨਾਹ ਕਹਿਣ ਦੀ।
• ਸ਼ਰੇਆਮ ਰਿਸ਼ਵਤ ਲੈਣ ਦੀ।
• ਬਿਨ੍ਹਾਂ ਕਿਸੇ ਠੋਸ ਸਬੂਤ ਜਾਂ ਗਵਾਹ ਦੇ ਘੱਟ ਗਿਣਤੀਆਂ ਨੂੰ ਕਾਲ ਕੋਠੜੀਆਂ ਵਿੱਚ ਡੱਕਣ ਦੀ ਅਤੇ
ਫਾਂਸੀ ਲਾਉਣ ਦੀ।
• ਰਿਸ਼ਵਤ ਲੈਂਦੇ ਫੜ੍ਹੇ ਜਾਣ ‘ਤੇ ਰਿਸ਼ਵਤ ਦੇ ਕੇ ਬਚ ਨਿਕਲਣ ਦੀ।
• ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ਦੀ ਸੰਘੀ ਨੱਪ, ਉੱਪਰਲੇ ਵਰਗ ਦੇ ਹਿੱਤ ਵਿੱਚ ਨੀਤੀਆਂ
ਬਣਾਉਣ ਦੀ।
‘ਆਜ਼ਾਦੀ’ ਦਾ ਭਾਰਤ ਵਿਚਲਾ ਰੂਪ ਦੇਖ ਕੇ ਹਰ ਕੋਈ ਇਸਨੂੰ ਪਾਉਣ ਦੀ ਬਜਾਏ ਇਸ ਤੋਂ ਦੂਰ ਜਾਏਗਾ। ਕੋਈ
ਵੀ ਇਨਸਾਫ ਪਸੰਦ ਵਿਆਕਤੀ ਜਾਂ ਦੇਸ਼ ਇਸ ਭਾਰਤੀ ਆਜ਼ਾਦੀ ਦਾ ਹਾਮੀ ਨਹੀਂ ਹੋਵੇਗਾ। ਕੋਈ ਆਸ ਨਹੀਂ ਕਿ
‘ਆਜ਼ਾਦੀ’ ਭਾਰਤ ਵਿੱਚ ਆਪਣਾ ਅਸਲੀ ਰੂਪ ਲੈ ਸਕੇਗੀ, ਇਸਦੀ ਕਰੂਪਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ
ਪਰ ਦੇਸ਼ ਚਲਾਉਣ ਵਾਲੇ ਖਾਮੋਸ਼ ਹਨ, ਆਮ ਲੋਕ ਹਾਹਾਕਾਰ ਕਰ ਰਹੇ ਹਨ ‘ਆਜ਼ਾਦੀ’ ਦੀ ਇਸ ਕਰੂਪ ਸ਼ਕਲ ਦੇ
ਮਾਰੇ। ਨੌਜੁਆਨ ਇਸ ਆਜ਼ਾਦੀ ਦੇ ਸਤਾਏ ਮੁੜ ਅੰਗਰੇਜ਼ਾਂ ਦੇ ਗੁਲਾਮ ਹੋਣ ਲਈ ਲੱਖਾਂ ਰੁਪਏ ਚੁੱਕੀ
ਫਿਰਦੇ ਹਨ, ਲੱਖਾਂ ਨੌਜੁਆਨ ਇਸ ‘ਆਜ਼ਾਦੀ’ ਨਾਲੋਂ ਅੰਗਰੇਗ਼ਾਂ ਦੀ ਗੁਲਾਮੀ ਨੂੰ ਬਿਹਤਰ ਸਮਝ ਉਸਨੂੰ
ਅਪਣਾ ਚੁੱਕੇ ਹਨ ਪਰ ਫਿਰ ਵੀ ਹਰ ਸਾਲ 15 ਅਗਸਤ ਨੂੰ ‘ਆਜ਼ਾਦੀ’ ਦਿਵਸ ਮਨੁੳਣਾ ਅਤੇ ‘ਸਾਰੇ ਜਹਾਂ ਸੇ
ਅੱਛਾ ਹਿੰਦੁਸਤਾਨ ਹਮਾਰਾ’ ਕਹਿਣਾ ਇਸ ਭਾਰਤੀ ਤੰਤਰ ਵਿੱਚ ਪਿਸ ਰਹੇ ਲੋਕਾਂ ਨਾਲ ਭੱਦੇ ਮਜ਼ਾਕ ਤੋਂ
ਵੱਧ ਕੁਝ ਨਹੀਂ, ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦਾ ਮੂੰਹ ਚਿੜਾਉਂਦਾ ਹੈ ਇਹ ਦਿਨ।
ਜਿਸ ਦਿਨ ਭਾਰਤ ਵਿੱਚ ਸਾਰੇ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਬਰਾਬਰ ਹੋਣਗੇ, ਸਾਰੇ ਲੋਕਾਂ ਲਈ
ਕਾਨੂੰਨ ਇੱਕੋ ਜਿਹਾ ਹੋਵੇਗਾ ਉਹ ਦਿਨ ਸ਼ਾਇਦ ਕਦੇ ਨਹੀਂ ਆਵੇਗਾ, ਉਸ ਦਿਨ ਤੋਂ ਬਿਨਾਂ ‘ਆਜ਼ਾਦ’
ਸਮਝਣਾ ਭੁੱਲ ਤੋਂ ਬਿਨਾਂ ਕੁਝ ਨਹੀਂ, ਜੇਕਰ ਉਹ ਦਿਨ ਆਉਂਦਾ ਹੈ ਤਾਂ ‘ਆਜ਼ਾਦੀ’ ਦਾ ਅਰਥ ਸਾਕਾਰ ਹੋ
ਜਾਵੇਗਾ, ਸ਼ਹੀਦਾਂ ਦੀ ਸੋਚ ਪੂਰੀ ਹੋ ਜਾਵੇਗੀ ਅਤੇ ਇਹੀ ਅਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਲਈ ਸੱਚੀ
ਸ਼ਰਧਾਂਜਲੀ ਹੋਵੇਗੀ ਅਤੇ ਭਾਰਤੀ ਆਵਾਮ ਲਈ ‘ਆਜ਼ਾਦੀ’।