.

ਓਕ ਕ੍ਰੀਕ ਦੇ ਗੁਰੂਦਵਾਰੇ ਦਾ ਦੁਖਾਂਤ

ਪਿਛਲੇ ਐਤਵਾਰ (ਅਗਸਤ 5, 2012) ਵਾਲੇ ਦਿਨ ਓਕ ਕ੍ਰੀਕ (ਵਿਸਕਾਨਸਿਨ, ਯੂ: ਐਸ: ਏ: ) ਦੇ ਗੁਰੂਦਵਾਰੇ ਵਿੱਚ ਸਵੇਰੇ 10:25 ਵਜੇ ਦੇ ਕਰੀਬ ਇੱਕ ਸਿਰ ਫਿਰੇ ਕੱਟੜਵਾਦੀ ਗੋਰੇ ਨੇ ਅੰਧਾ ਧੁੰਦ ਗੋਲੀਆਂ ਚਲਾ ਕੇ 6 ਸ਼੍ਰੱਧਾਲੂਆਂ ਦਾ ਨਿਸ਼ਠੁਰਤਾ ਨਾਲ ਕਤਲ (cold blooded murder) ਕਰ ਦਿੱਤਾ ਅਤੇ 3-4 ਸ਼ੱ੍ਰਧਾਲੂ ਅਤੇ ਇੱਕ ਪੋਲੀਸ ਅਫ਼ਸਰ ਗੰਭੀਰ ਜ਼ਖ਼ਮੀ ਹੋ ਗਏ! ਵਹਿਸ਼ੀ ਮੁਜਰਿਮ ਵੀ ਮੌਕੇ `ਤੇ ਹੀ ਮਰ ਗਿਆ! ਇਹ ਘਟਨਾ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਹਰ ਜ਼ਮੀਰ ਵਾਲੇ ਇਨਸਾਨ ਵਾਸਤੇ ਅਤਿਅੰਤ ਦੁਖ-ਦਾਈ ਹੈ। ਇਸ ਸ਼ੌਕਮਈ ਦੁਰਘਟਨਾ ਦਾ ਜੋ ਪ੍ਰਤਿਕਰਮ ਹੋਇਆ ਜਾਂ ਹੋ ਰਿਹਾ ਹੈ, ਉਸ ਬਾਰੇ ਕੁੱਝ ਵਿਚਾਰ ਹੇਠਾਂ ਦਿੱਤੇ ਜਾ ਰਹੇ ਹਨ:

ਸਰਕਾਰੀ ਅਮਲੇ ਵੱਲੋਂ ਕੀਤੀ ਗਈ ਕਾਰਵਾਈ: ਪੁਲੀਸ ਦੇ ਡਿਸਪੈਚ ਰੂਮ ਵਿੱਚ ਪਹਿਲੀ 911 ਕਾਲ ਮਿਲਨ ਤੋਂ ਕੁਛ ਮਿਨਟ ਬਾਅਦ ਹੀ ਪਹਿਲਾ ਪੁਲਿਸ ਅਫ਼ਸਰ ਮੌਕਾ ਏ ਵਾਰਦਾਤ `ਤੇ ਪਹੁੰਚ ਚੁੱਕਿਆ ਸੀ! ਅਤੇ ਕੁੱਝ ਹੋਰ ਮਿਨਟਾਂ ਵਿੱਚ ਹਰ ਤਰ੍ਹਾਂ ਦੀ ਲੋੜੀਂਦੀ ਪੋਲੀਸ ਫ਼ੋਰਸ (ਸਵਾਟ ਟੀਮ, ਪੋਲੀਸ ਹੈਲੀਕਾਪਟਰ ਤੇ ਬੰਬ ਸਕੁਆਡ ਆਦਿ) ਅਤੇ ਰਾਹਤ ਅਮਲਾ (ਐਮਬੂਲੈਂਸ ਤੇ ਫ਼ਾਇਰ ਬ੍ਰਿਗੇਡ ਆਦਿ) ਗੁਰੂਦਵਾਰੇ ਦੀ ਹਦੂਦ ਅੰਦਰ ਮੌਜੂਦ ਸਨ! ਇਹ ਸਾਰੇ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਆਪਣਾ ਫ਼ਰਜ਼ ਨਿਭਾ ਰਹੇ ਸਨ! ਫ਼ਰਜ਼ ਦਾ ਸ਼ੈਦਾਈ ਇੱਕ ਗੋਰਾ ਪੋਲੀਸ ਅਫ਼ਸਰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਿੱਖਾਂ ਦੀ ਜਾਨ ਬਚਾਉਂਦਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ! ਸੰਬੰਧਿਤ ਮਹਿਕਮਿਆਂ (ਪੋਲੀਸ, ਐਫ਼ ਬੀ ਆਈ, ਫ਼ਾਇਰ ਬ੍ਰਿਗੇਡ ਤੇ ਡਿਸਟਰਿਕਟ ਅਟਾਰਨੀ ਆਦਿ) ਦੇ ਉੱਚ ਅਧਿਕਾਰੀ ਅਤੇ ਨਗਰ-ਨਾਇਕ (mayor) ਮੌਕਾ ਏ ਵਾਰਦਾਤ ਉੱਤੇ ਆਪ ਹਾਜ਼ਿਰ ਸਨ ਅਤੇ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਸਨ! ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਨੇ ਜਿਸ ਫ਼ੁਰਤੀ ਤੇ ਵਫ਼ਾਦਰੀ ਨਾਲ ਆਪਣਾ ਆਪਣਾ ਫ਼ਰਜ਼ ਨਿਭਾਇਆ ਉਹ ਬੇ-ਮਿਸਾਲ ਹੈ ਅਤੇ ਅਤਿਅੰਤ ਪ੍ਰਸ਼ੰਸਾ-ਯੋਗ ਵੀ! ਇਸ ਹਾਦਸੇ ਵਾਲੇ ਦਿਨ ਤੋਂ ਹੀ ਅਮਰੀਕਾ ਦੇ ਹਰ ਸ਼ਹਿਰ ਦਾ ਗੁਰੂਦਵਾਰਾ ਸਥਾਨਕ ਪੋਲੀਸ ਦੀ ਨਜ਼ਰ ਹੇਠ ਹੈ!

ਅਸੀਂ ਆਪਣੇ ਨਿੱਜੀ ਤਜੁਰਬੇ ਦੇ ਆਧਾਰ `ਤੇ ਇਸ ਸੱਚ ਦਾ ਦਾਅਵਾ ਕਰ ਸਕਦੇ ਹਾਂ ਕਿ, ਇੱਕ ਅੱਧ ਅਪਵਾਦ ਨੂੰ ਛੱਡ ਕੇ, ਅਮਰੀਕਾ ਦੀ ਪੋਲੀਸ ਅਤੇ ਲੋਕ-ਸੇਵਾ ਦੇ ਅਧਿਕਾਰੀਆਂ ਦਾ ਪਰਮ ਧਰਮ ਉਨ੍ਹਾਂ ਦਾ ਫ਼ਰਜ਼ ਹੈ! ਉਹ ਨਾ ਤਾਂ ਭ੍ਰਸ਼ਟ ਹਨ ਤੇ ਨਾ ਹੀ ਕਿਸੇ ਵੀ ਕਿਸਮ ਦੇ ਵਿਤਕਰੇ ਦੀ ਮੰਦਭਾਵਨਾ ਰੱਖਣ ਵਾਲੇ ਹਨ!

ਅਮਰੀਕਨ ਮੀਡੀਆ ਦਾ ਰੋਲ: ਅਮਰੀਕਾ ਦੇ ਸਾਰੇ ਸਥਾਨਕ (local) ਤੇ ਰਾਸ਼ਟ੍ਰੀਯ (National) ਟੀ ਵੀ ਚੈਨਲਾਂ ਨੇ ਤੁਰੰਤ ਹੀ ਇਸ ਦੁਖਾਂਤਿਕ ਘਟਨਾ ਦੀ ਲਾਈਵ ਕਵਰੇਜ ਦੇਣੀ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਤੀਕ, ਬਿਨਾਂ ਕਿਸੇ ਵਿਤਕਰੇ ਜਾਂ ਭੇਦਭਾਵ ਦੇ, ਨਿਰਪੱਖ ਸਮਾਚਾਰ ਦੇਈ ਜਾ ਰਹੇ ਹਨ। ਅਮਰੀਕਾ ਦੇ ਮੀਡੀਏ ਰਾਹੀਂ ਇਸ ਖ਼ੂਨੀ ਦੁਖਾਂਤ ਦਾ ਸ਼ਿਕਾਰ ਹੋਏ ਮ੍ਰਿਤਕਾਂ, ਉਨ੍ਹਾਂ ਦੇ ਪੀੜਿਤ ਪਰਿਵਾਰਾਂ ਅਤੇ ਸਿੱਖਾਂ ਵਾਸਤੇ ਸਾਰੇ ਸੰਸਾਰ ਦੇ ਲੋਕਾਂ ਦੇ ਹਿਰਦਿਆਂ ਵਿੱਚ ਜੋ ਹਮਦਰਦੀ ਜਗਾਈ ਗਈ ਉਹ ਵੀ ਲਾਸਾਨੀ ਹੈ!

ਅਮਰੀਕੀ ਪ੍ਰਸ਼ਾਸਨ ਦੀ ਭੂਮਿਕਾ: ਅਮਰੀਕਾ ਦੇ ਰਾਸ਼ਟ੍ਰਪਤੀ ਨੂੰ ਦੁਪਹਿਰੇ ਡੇੜ੍ਹ ਕੁ ਵਜੇ ਇਸ ਸ਼ੌਕਮਈ ਘਟਨਾ ਦੀ ਸੂਚਨਾ ਦਿੱਤੀ ਗਈ ਸੀ। ਉਸੇ ਸਮੇਂ ਤੋਂ ਹੀ ਰਾਸ਼ਟ੍ਰਪਤੀ ਸਮੇਤ ਅਮਰੀਕਾ ਦੇ ਕੇਂਦਰੀ ਸ਼ਾਸਨ (Federal Government) ਦੇ ਪ੍ਰਸ਼ਾਸਕ ਤੇ ਸਾਰਾ ਅਮਲਾ ਇਸ ਦੁਰਘਟਨਾ ਨਾਲ ਨਜਿੱਠਣ ਲਈ ਪੱਬਾਂ ਭਾਰ ਹੋ ਗਏ! ਸਾਰਾ ਵਿਸਤਾਰ ਦੇਣ ਦੀ ਜ਼ਰੂਰਤ ਨਹੀਂ ਸਗੋਂ ਸੰਖੇਪ ਵਿੱਚ ਇਤਨਾ ਲਿਖ ਦੇਣਾ ਹੀ ਕਾਫ਼ੀ ਹੈ ਕਿ ਇਸ ਖ਼ੂਨੀ ਘਟਨਾ ਦੇ ਮ੍ਰਿਤਕਾਂ, ਉਨ੍ਹਾਂ ਦੇ ਸੰਤਾਪਗ੍ਰਸਤ ਪਰਿਵਾਰਾਂ ਅਤੇ ਸਾਰੀ ਸਿੱਖ ਕੌਮ ਲਈ ਸੱਚੀ ਹਾਰਦਿਕ ਹਮਦਰਦੀ ਜਤਾਉਂਦਿਆਂ ਅਮ੍ਰੀਕਾ ਦੇ ਰਾਸ਼ਟ੍ਰਪਤੀ ਨੇ 10 ਅਗਸਤ ਤੀਕ ਅਮ੍ਰੀਕਾ ਦੇ ਝੰਡੇ ਨੂੰ ਹਰ ਜਗ੍ਹਾ ਅਰਧ ਝੁਕਾਈ (half mast) ਰੱਖਣ ਦੀ ਘੋਸ਼ਣਾ (proclamation) ਕਰ ਦਿੱਤੀ! ! ! ! ! ਵਿਰੋਧੀ ਰੀਪਬਲਕਨ ਪਾਰਟੀ ਵਿੱਚੋਂ ਕਿਸੇ ਵੀ ਸਿਆਸਤਦਾਨ ਨੇ ਰਾਸ਼ਟ੍ਰਪਤੀ ਦੇ ਇਸ ਅਦੁੱਤੀ ਫ਼ੈਸਲੇ ਦਾ ਵਿਰੋਧ ਨਹੀਂ ਕੀਤਾ! ! ! ! ਰਾਜਨੀਤੀ ਦੇ ਇਤਿਹਾਸ ਵਿੱਚ ਘੱਟ ਗਿਣਤੀ ਕੌਮ ਨਾਲ ਸੱਚੀ ਸਾਹਨੁਭੂਤੀ ਦੀ ਇਹ ਮਿਸਾਲ ਲਾਸਾਨੀ ਹੈ! ! ! ! !

ਇੱਥੇ ਇੱਕ ਹੋਰ ਤੱਥ ਵੀ ਧਿਆਨ-ਯੋਗ ਹੈ ਕਿ ਅੱਜ ਤਕ ਕਿਸੇ ਵੀ ਅਮਰੀਕਨ ਸਿਆਸਤਦਾਨ ਜਾਂ ਅਧਿਕਾਰੀ ਨੇ ਆਪਣੇ ਸੁਆਰਥ ਲਈ ਇਸ ਦੁਰਘਟਨਾ ਨੂੰ ਆਧਾਰ ਬਣਾ ਕੇ ਥੋਥੀ ਬਿਆਨ-ਬਾਜ਼ੀ ਦੇ ਦਮਗਜੇ ਨਹੀਂ ਮਾਰੇ! !

ਅਮਰੀਕਾ ਦੀ ਆਮ ਜਨਤਾ ਦਾ ਪ੍ਰਤਿਕਰਮ: ਅਮਰੀਕਾ ਦੇ ਲਗ ਪਗ ਹਰ ਗੁਰੂਦਵਾਰੇ ਵਿੱਚ ਸੋਗ-ਸਮਾਗਮ ਕੀਤੇ ਗਏ। ਇਨ੍ਹਾਂ ਇਕੱਤਰਤਾਵਾਂ ਵਿੱਚ ਪਰਸਪਰ ਸਾਂਝ (solidarity) ਦਾ ਪ੍ਰਗਟਾਵਾ ਕਰਦੇ ਹੋਏ ਹਰ ਧਰਮ, ਵਰਗ, ਵਰਣ ਅਤੇ ਦਰਜੇ ਦੇ ਅਮਰੀਕਨ ਗੋਰੇ ਨਾਗਰਿਕਾਂ ਨੇ ਹਾਜ਼ਿਰ ਹੋ ਕੇ ਹਮਦਰਦੀ ਜਤਾਈ! ਇਨ੍ਹਾਂ ਸੋਗ-ਸਮਾਗਮਾਂ ਵਿੱਚ ਨਗਰ-ਪਤੀਆਂ (mayors) ਤੇ ਪ੍ਰਾਂਤਕ ਗਵਰਨਰਾਂ ਨੇ ਖਾਸ ਤੌਰ `ਤੇ ਸ਼ਿਰਕਤ ਕਰ ਕੇ ਖੇਦ ਪ੍ਰਗਟ ਕੀਤਾ।

ਇਸ ਅਮਾਨਵੀ ਦੁਰਘਟਨਾ ਨੂੰ ਅੰਜਾਮ ਦੇਣ ਵਾਲੇ ਗੋਰੇ ਦੇ ਸਕੇ-ਸਨਬੰਧੀਆਂ ਨੇ ਬੇਝਿਜਕ ਉਸ ਦਾ ਖ਼ੂਨੀ ਜੁਰਮ ਕਬੂਲਿਆ, ਡੁਸਕਣੀ ਆਵਾਜ਼ ਵਿੱਚ ਮ੍ਰਿਤਕਾਂ ਲਈ ਅਰਦਾਸ ਕੀਤੀ ਅਤੇ ਦੁਖੀ ਪਰਿਵਾਰਾਂ ਸਮੇਤ ਸਾਰੀ ਸਿੱਖ ਕੌਮ ਤੋਂ ਅਤਿਅੰਤ ਅਧੀਨਗੀ ਨਾਲ ਖਿਮਾ ਦੀ ਯਾਚਨਾ ਕੀਤੀ!

ਬੁੱਧਵਾਰ, 8 ਅਗਸਤ ਸ਼ਾਮ 6 ਵਜੇ ਤੋਂ ਰਾਤ 10 ਵਜੇ ਤਕ ਸਾਡੇ ਸ਼ਹਿਰ ਦੇ ਵਿਸ਼ਾਲ ਗੁਰੂਦਵਾਰੇ ਵਿੱਚ ਵੀ ਮੋਮਬੱਤੀਆਂ ਜਗਾ ਕੇ ਸੋਗ-ਸਮਾਗਮ (candle light vigil) ਕੀਤਾ ਗਿਆ ਜਿਸ ਵਿੱਚ ਦੂਰ-ਦੁਰਾਡੇ ਤੋਂ ਆਈ ਸੂਬੇ ਦੀ ਲਗ ਪਗ ਸਾਰੀ ਸੰਗਤ, ਭਾਰਤੀ ਅਤੇ ਨੇਪਾਲੀ ਮੂਲ ਦੇ ਹਿੰਦੂ, ਮੁਸਲਮਾਨ ਤੇ ਈਸਾਈ ਆਦਿ ਸਥਾਨਕ ਸ਼ਹਿਰੀ ਅਤੇ ਕਈ ਗੋਰੇ ਪਰਿਵਾਰ ਵੀ ਸਨ। ਗੋਰੇ ਦੇ ਖ਼ੂਨੀ ਅਪਰਾਧ ਨੂੰ ਬਿਨਾਂ ਸੰਕੋਚ ਕਬੂਲਦਿਆਂ, ਇੱਕ ਉੱਚ ਅਧਿਕਾਰੀ ਗੋਰੀ ਬੀਬੀ ਨੇ ਆਪਣੇ 3-4 ਮਿਨਟ ਦੇ ਭਾਸ਼ਨ ਵਿੱਚ 4-5 ਵਾਰ ਸਾਰੀ ਗੋਰੀ ਨਸਲ (Caucasian Race) ਵੱਲੋਂ, ਗੰਭੀਰ ਨਿਮਰਤਾ ਨਾਲ, ਸੰਸਾਰ ਦੇ ਸਿੱਖਾਂ ਤੋਂ ਮੁਆਫ਼ੀ ਮੰਗ ਕੇ ਸਾਰੀ ਇਕੱਤਰਤਾ ਨੂੰ ਦੰਗ ਕਰ ਦਿੱਤਾ! ! ! ! !

ਮਾਰਕਿਟ ਵਿੱਚ ਜਾਂ ਪਾਰਕ ਵਿੱਚ ਸੈਰ ਕਰਦਿਆਂ ਮਿਲਦੇ ਕਈ ਗੋਰੇ/ਗੋਰੀਆਂ ਪਗੜੀ ਤੇ ਪੰਜਾਬੀ ਸੂਟ ਵੇਖ ਕੇ ਅਪਣੱਤ ਭਰੀ ਨਿਗਾਹ ਨਾਲ ਵੇਖਦੇ ਹਨ; ਅਤੇ ਕਈ ਤਾਂ ਰੁਕ ਕੇ ਬੜੀ ਮਸਕੀਨਤਾ ਨਾਲ ਉਸ ਜੁਰਮ ਦੀ ਮੁਆਫ਼ੀ ਵੀ ਮੰਗਦੇ ਹਨ ਜਿਸ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ! ! !

ਇੱਥੇ ਇਹ ਸਪਸ਼ਟ ਕਰ ਦੇਣਾ ਵੀ ਜ਼ਰੂਰੀ ਹੈ ਕਿ ਅਮਰੀਕਾ ਵਿੱਚ ਵਸਦੇ ਸੱਚੇ ਸਿੱਖ (ਪੀੜਿਤ ਪਰਿਵਾਰਾਂ ਦੇ ਮੈਂਬਰਾਂ ਸਮੇਤ) ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਇੱਥੋਂ ਦੀ ਸਰਕਾਰ ਦੇ ਤਹਿ-ਦਿਲੋਂ ਧੰਨਵਾਦੀ ਵੀ ਹਨ।

ਉਕਤ ਦੇ ਮੁਕਾਬਲੇ ਭਾਰਤ, ਵਿਸ਼ੇਸ਼ ਕਰਕੇ ਪੰਜਾਬ, ਦੇ ਪ੍ਰਸ਼ਾਸਕਾਂ ਦੇ ਕਿਰਦਾਰ ਤੇ ਪ੍ਰਸ਼ਾਸਨ ਦੇ ਮਿਆਰ ਦਾ ਸੰਖੇਪ ਵਰਣਨ ਜ਼ਰੂਰੀ ਹੈ:

ਕੀ ਸਾਡੀ ਪੋਲੀਸ ਅਤੇ ਲੋਕ-ਸੇਵਾ ਦੇ ਹੋਰ ਅਧਿਕਾਰੀਆਂ ਕੋਲੋਂ ਫ਼ੁਰਤੀ, ਫ਼ਰਜ਼ ਨਾਲ ਵਫ਼ਾਦਾਰੀ, ਨਿਰਪੱਖਤਾ, ਈਮਾਨਦਾਰੀ, ਸੁਆਰਥਹੀਣਤਾ ਅਤੇ ਦੁਰ-ਘਟਨਾ-ਗ੍ਰਸਤ ਦੁਖੀਆਂ ਵਾਸਤੇ ਹਾਰਦਿਕ ਹਮਦਰਦੀ ਦੀ ਉਮੀਦ ਕੀਤੀ ਜਾ ਸਕਦੀ ਹੈ?

ਕੀ ਭਾਰਤ ਦਾ ਮੀਡੀਆ, ਵਿਸ਼ੇਸ਼ ਕਰਕੇ ਵੱਖ ਵੱਖ ਬੋਲੀਆਂ ਤੇ ਪਾਰਟੀਆਂ ਦੇ ਸਮਾਚਾਰ ਪੱਤਰ, ਭੇਦ-ਭਾਵ ਦੀ ਭਾਵਨਾ ਤੋਂ ਮੁਕਤ ਹੈ? ਕੀ ਇਹ ਸਾਰੇ ਛੋਟੇ ਛੋਟੇ ਰਾਜਨੈਤਿਕ, ਧਾਰਮਿਕ, ਸੱਭਿਆਚਾਰਕ ਮੁੱਦਿਆਂ ਨੂੰ ਲੈ ਕੇ ਜਨਤਾ ਨੂੰ ਭੜਕਾ ਕੇ ਇੱਕ ਦੂਸਰੇ ਨਾਲ ਲੜਾਉਂਦੇ ਨਹੀਂ ਰਹਿੰਦੇ?

ਕੀ 1984 ਵਿੱਚ ਕੇਂਦ੍ਰੀ ਤੇ ਪ੍ਰਾਂਤਕ ਸਰਕਾਰਾਂ ਦੀ ਸ਼ਹਿ `ਤੇ ਪੰਜਾਬ ਤੇ ਸਾਰੇ ਭਾਰਤ ਵਿੱਚ ਹਿੰਦੂ ਗੁੰਡਿਆਂ ਦੁਆਰਾ ਮਾਸੂਮ ਸਿੱਖਾਂ ਦੇ ਕੀਤੇ ਗਏ ਭੀਸ਼ਣ ਕਤਲਾਂ ਲਈ ਅੱਜ ਤੀਕ ਭਾਰਤੀ ਨੇਤਾਵਾਂ ਜਾਂ ਹਿੰਦੂ ਜਨਤਾ ਨੇ ਇਸ ਖ਼ੂਨੀ ਸਾਕੇ ਨੂੰ ਸਵੀਕਾਰਦਿਆਂ ਇਨ੍ਹਾਂ ਕਤਲਾਂ ਦੀ ਨਿਖੇਧੀ ਕੀਤੀ ਤੇ ਸੰਤਾਪੇ ਸਿੱਖਾਂ ਤੋਂ ਮੁਆਫ਼ੀ ਮੰਗਣ ਦੀ ਹਿੰਮਤ ਦਿਖਾਈ ਹੈ? ਕੀ ਕਿਸੇ ਸਿੱਖ ਨੇ ‘ਸਿੱਖ’ ਆਤੰਕਵਾਦੀਆਂ ਦੁਆਰਾ ਕੀਤੇ ਗਏ ਨਿਰਦੋਸ਼ ਪੰਜਾਬੀਆਂ (ਹਿੰਦੂ, ਸਿੱਖਾਂ) ਦੇ ਕਤਲਾਂ ਦਾ ਪਾਪ ਕਬੂਲ ਕੇ ਮਜ਼ਲੂਮਾਂ ਅਤੇ ਉਨ੍ਹਾਂ ਦੇ ਰੁਲਦੇ ਪੀੜਿਤ ਪਰਿਵਾਰਾਂ ਤੋਂ ਮੁਆਫ਼ੀ ਮੰਗਣ ਦੀ ਗ਼ੈਰਤ ਵਿਖਾਈ ਹੈ?

ਇਸ ਖ਼ੂਨੀ ਸਾਕੇ ਨੂੰ ਹੇਟ ਕ੍ਰਾਈਮ (hate crime) ਦਾ ਨਾਮ ਦਿੱਤਾ ਜਾਂਦਾ ਹੈ, ਜੋ ਕਿ ਕਾਫ਼ੀ ਹੱਦ ਤਕ ਸਹੀ ਹੈ। ਇਹ ਵੀ ਗ਼ਲਤ ਨਹੀਂ ਕਿ 9/11, 2001 ਨੂੰ ਨਿਊ ਯਾਰਕ ਵਿੱਚ ਹੋਈ ਤਬਾਹੀ ਤੋਂ ਬਾਅਦ ਮੁਸਲਮਾਨ ਹੋਣ ਦੇ ਭੁਲੇਖੇ ਸਿੱਖਾਂ ਉੱਤੇ ਕਈ ਕਾਤਲਾਨਾਂ ਹਮਲੇ ਹੋਏ ਹਨ। ਪਰ ਇਸ ਸੱਚ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਪੋਲੀਸ ਤੇ ਪ੍ਰਸ਼ਾਸਨ ਨੇ ਹਰ ਦੁਰਘਟਨਾ ਨੂੰ ਤੁਰੰਤ ਨਜਿਠਿਆ ਤੇ ਲੋੜੀਂਦੀ ਕਾਨੂੰਨੀ ਕਾਰਵਾਈ ਵੀ ਕੀਤੀ। ਕੀ ਸੁਤੰਤਰ ਭਾਰਤ ਤੇ ਪੰਜਾਬ ਵਿੱਚ ਨਫ਼ਰਤ ਦੇ ਆਧਾਰ `ਤੇ ਸਮੂਹ ਕਤਲ ਨਹੀਂ ਕੀਤੇ ਜਾਂਦੇ? ਕੀ ਪੋਲੀਸ ਤੇ ਪ੍ਰਸ਼ਾਸਨ ਨੇ ਇਨ੍ਹਾਂ ਮੁਆਮਲਿਆਂ ਨੂੰ ਨਜਿੱਠਣ ਦਾ ਫ਼ਰਜ਼ ਨਿਭਾਇਆ? ਕੀ ਕਦੇ ਕੇਂਦ੍ਰੀ ਜਾਂ ਪ੍ਰਾਂਤਕ ਸਰਕਾਰ ਨੇ ਹਮਦਰਦੀ ਤੇ ਸੋਗ ਵਜੋਂ ਝੰਡਾ ਨੀਵਾਂ ਕੀਤਾ ਹੈ? ਕੀ ਭਾਰਤ ਵਿੱਚ ਘੱਟ ਗਿਣਤੀ ਵਾਲੀਆਂ ਕੌਮਾਂ ਨੂੰ ਇਨਸਾਫ਼ ਮਿਲਦਾ ਹੈ?

ਭਾਰਤ ਵਿੱਚ ਭਾਰਤੀਆਂ, ਵਿਸ਼ੇਸ਼ ਕਰਕੇ ‘ਸਿੱਖਾਂ’, ਦਾ ਪ੍ਰਤਿਕਰਮ: ਭਾਰਤੀਆਂ, ਖਾਸ ਕਰਕੇ ਸਿੱਖਾਂ’, ਵੱਲੋਂ ਹੋਈ ਪ੍ਰਤਿਕ੍ਰਿਆ ਨੂੰ ਦੇਖ-ਸੁਣ ਕੇ ਕਿਸੇ ਵੀ ਜ਼ਮੀਰ ਵਾਲੇ ਵਿਅਕਤੀ ਦਾ ਸਿਰ ਸ਼ਰਮ ਨਾਲ ਝੁਕ ਜਾਵੇ ਗਾ! ਦਿੱਲੀ ਵਿਖੇ ਅਮਰੀਕਨ ਏਮਬੈਸੀ ਦੇ ਬਾਹਰ ਨੰਗੀਆਂ ਤਲਵਾਰਾਂ ਨਾਲ ਮੁਜ਼ਾਹਰਾ ਕਰਦਿਆਂ ਅਮਰੀਕਾ ਪ੍ਰਤਿ ਭੱਦੀ ਸ਼ਬਦਾਵਲੀ ਵਰਤ ਕੇ ਡੰਗਰਾਂ ਵਾਂਗ ਅਰੜਾਉਣਾ, ਅਮਰੀਕਾ ਦਾ ਰਾਸ਼ਟ੍ਰੀਯ ਝੰਡਾ ਸਾੜਨਾ ਤੇ ਝੂਠੀ, ਤਰਕ-ਹੀਣ, ਭੜਕਾਊ ਬਿਆਨਬਾਜ਼ੀ ਕਰਨਾ…… ਆਦਿ ‘ਸਿੱਖਾਂ’ ਦੇ ‘ਉਜੱਡ’ ਹੋਣ ਦਾ ਠੋਸ ਸਬੂਤ ਹੈ। ਗੁਰੂ ਦਾ ਕੋਈ ਵੀ ਸੱਚਾ ਸਿੱਖ ਇਹੋ ਜਿਹੀਆਂ ਬੇ-ਹੂਦਗੀਆਂ ਨਹੀਂ ਕਰੇ ਗਾ! ਆਓ! ਪੰਜਾਬ ਤੇ ਭਾਰਤ ਦੇ ਲੀਡਰਾਂ ਦੁਆਰਾ ਦਿੱਤੇ ਗਏ ਕਈ ਬੇਸੁਰੇ ਬਿਆਨਾਂ ਵਿੱਚੋਂ ਕੁਝਕੁ ਉੱਤੇ ਇੱਕ ਸਰਸਰੀ ਜਿਹੀ ਨਿਗਾਹ ਮਾਰੀਏ:

‘…ਇਸ ਘਟਨਾ ਦੀ ਡੂੰਘਾਈ ਤਕ ਜਾਣ ਦੀ ਲੋੜ ਹੈ…ਦੋਸ਼ੀਆਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ…’।

ਘਟਨਾ ਦੇ ਵਾਪਰਨ ਤੋਂ 24 ਘੰਟਿਆਂ ਦੇ ਸਮੇਂ ਅੰਦਰ ਹੀ ਮੁਜਰਿਮ ਦਾ ਸਾਰਾ ਪਿਛੋਕੜ ਜਗ-ਜ਼ਾਹਿਰ ਕਰ ਦਿੱਤਾ ਗਿਆ ਸੀ, ਅਤੇ ਦੋਸ਼ੀ ਮੌਕੇ `ਤੇ ਹੀ ਮਰ ਗਿਆ ਸੀ! ਤਾਂ ਫ਼ਿਰ ਇਸ ਬੇਲੋੜੇ ਬੇਹੂਦਾ ਬਿਆਨ ਦੀ ਕੀ ਲੋੜ ਸੀ? ਕੀ ਭਾਰਤ ਸਰਕਾਰ ਤੇ ਪੰਜਾਬ ਦੀ ਅਕਾਲੀ (‘ਸਿੱਖ’) ਸਰਕਾਰ 28 ਸਾਲਾਂ ਦੇ ‘ਥੋੜੇ ਜਿਹੇ’ ਸਮੇਂ ਵਿੱਚ 80ਵਿਆਂ ਦੇ ਖ਼ੂਨੀ ਸਾਕੇ ਦੀ ਡੂੰਘਾਈ ਤੀਕ ਜਾ ਚੁੱਕੀਆਂ ਹਨ? ਕੀ ਸਿੱਖਾਂ ਦੀ ਇੱਕ ਨੌਜਵਾਨ ਪੀੜ੍ਹੀ ਦਾ ਘਾਣ ਅਤੇ ਨਿਰਦੋਸ਼ ਸਿੱਖ ਪਰਿਵਾਰਾਂ ਦਾ ਕਤਲੇਆਮ ਕਰਨ/ਕਰਵਾਉਣ ਵਾਲਿਆਂ ਨੂੰ ‘ਢੁਕਵੀਂ ਸਜ਼ਾ’ ਦੇ ਚੁੱਕੀਆਂ ਹਨ?

‘…ਜੋ ਵਾਪਰਿਆ ਹੈ ਫੇਰ ਨਾ ਵਾਪਰੇ…’।

‘……ਸਰਕਾਰ ਯਕੀਨੀ ਬਣਾਵੇ ਕਿ ਮੁੜ ਅਜਿਹੀ ਕੋਈ ਵੀ ਘਟਨਾ ਨਾ ਵਾਪਰੇ……।’

ਇਹ ਸੱਚ ਦੁਹਰਾਉਣ ਦੀ ਲੋੜ ਨਹੀਂ ਕਿ ਅਮਰੀਕਨ ਸਰਕਾਰ ਅਮਰੀਕਾ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਹਰ ਯਤਨ ਕਰਦੀ ਹੈ! ਪਰ ਕੀ ਭਾਰਤ ਦੀ ਕੇਂਦ੍ਰੀ ਸਰਕਾਰ ਅਤੇ ਪੰਜਾਬ ਦੀ ਅਕਾਲੀ ਸਰਕਾਰ ਯਕੀਨੀ ਬਣਾ ਸਕੀ ਹੈ ਕਿ ਹਰ ਰੋਜ਼ ਹੁੰਦੀ ਨਿਰਦੋਸ਼ਾਂ ਦੀ ਕਤਲ ਓ ਗ਼ਾਰਤ ਮੁੜ ਨਾ ਹੋਵੇ?

‘……ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਤੇ ਹਮਲਿਆਂ ਪ੍ਰਤੀ ਗੰਭੀਰ ਨਹੀਂ……’।

ਸੱਚ ਤਾਂ ਇਹ ਹੈ ਕਿ ਇਸ ਬਿਆਨ ਵਿੱਚ ਕੋਈ ਸੱਚਾਈ ਨਹੀਂ! ਕੀ ਪੰਜਾਬ ਦੀ ਅਕਾਲੀ (‘ਸਿੱਖ’) ਸਰਕਾਰ ਸਿੱਖਾਂ ਉੱਤੇ ਹੋਏ ਤੇ ਹਮੇਸ਼ਾ ਹੁੰਦੇ ਘਾਤਿਕ ਹਮਲਿਆਂ ਪ੍ਰਤਿ ਗੰਭੀਰ ਹੈ?

‘……ਅਮਰੀਕਾ ਵਿੱਚ ਸਿੱਖਾਂ `ਤੇ ਹੀ ਕਿਉਂ ਹੁੰਦੇ ਹਨ ਹਮਲੇ…’। ‘……ਅਮਰੀਕਾ ਵਿੱਚ ਖੁਲ੍ਹੇਆਮ ਬੰਦੂਕਾਂ ਦੀ ਵਰਤੋਂ ਕਿਉਂ ਹੁੰਦੀ ਹੈ?’

ਕੋਈ ਭੋਰਾ ਜਿੰਨੀ ਸਾਧਾਰਨ ਸੂਝ ਵਾਲਾ ਵਿਅਕਤੀ ਵੀ ਅਜਿਹੇ ਤਰਕਹੀਣ ਪ੍ਰਸ਼ਨ ਨਹੀਂ ਕਰੇ ਗਾ। ਜਿਤਨੀ ਗ਼ੈਰਕਾਨੂੰਨੀ ਨਾਜਾਇਜ਼ ਅਸਲੇ ਦੀ ਵਰਤੋਂ ਭਾਰਤ ਵਿੱਚ ਹੈ, ਸ਼ਾਇਦ ਹੀ ਹੋਰ ਕਿਸੇ ਮੁਲਕ ਵਿੱਚ ਹੋਵੇ! ਭਾਰਤ ਵਿੱਚ ਨਾਜਾਇਜ਼ ਅਸਲੇ ਦੀ ਖੁਲ੍ਹੇਆਮ ਵਰਤੋਂ ਕਿਉਂ ਹੁੰਦੀ ਹੈ? ?

‘……ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ…’।

ਜਿਹੜੇ ‘ਸਿੱਖ’ ਨੇਤਾ ਅਤੇ ਉਨ੍ਹਾਂ ਦੇ ਟੁੱਕੜ-ਬੋਚ ਝੋਲੀਚੁਕ ਸਿੱਖ ਕੌਮ ਦੀ ਇੱਕ ਨੌਜਵਾਨ ਪੀੜ੍ਹੀ ਅਤੇ ਹਜ਼ਾਰਾਂ (ਔਰਤਾਂ ਤੇ ਮਾਸੂਮ ਬੱਚਿਆਂ ਸਮੇਤ) ਨਿਰਦੋਸ਼ ਸਿੱਖਾਂ ਦਾ ਕਤਲ ਬਰਦਾਸ਼ਤ ਕਰ ਗਏ, ਉਨ੍ਹਾਂ ਵਾਸਤੇ ਵਿਦੇਸ਼ ਵਿੱਚ ਰਹਿੰਦੇ ਛੇ ਸਿੱਖਾਂ ਦਾ ਕਤਲ ਬਰਦਾਸ਼ਤ ਕਰਨਾ ਕੀ ਔਖਾ ਹੈ?

ਕਈ ਨਾਮਧਰੀਕ ਲੱਲੂ ਪੰਜੂ ਨੇਤਾ ਆਪਣੀ ਹੋਛੀ ਹੋਂਦ ਜਤਾਉਣ ਵਾਸਤੇ ਆਪਣੇ ਮਨਹੂਸ ਚਿਹਰਿਆਂ ਸਮੇਤ ਹਾਸੋਹੀਣੇ ਬੇ-ਤੁਕੇ ਬਿਆਨ ਅਖ਼ਬਾਰਾਂ ਵਿੱਚ ਦਿੰਦੇ ਹਨ, ਤੇ ਅਖ਼ਬਾਰਾਂ ਦੇ ਮਾਲਿਕ ਅਜਿਹੇ ਭੜਕਾਊ ਬਿਆਨ ਛਾਪ ਕੇ ਮਨੁੱਖਤਾ ਨੂੰ ਦ੍ਵੈਸ਼ ਦੀ ਮਾਰੂ ਅੱਗ ਵਿੱਚ ਝੋਂਕਣ ਦਾ ਅਮਾਨਵੀ ਕਰਮ ਕਰਦੇ ਰਹਿੰਦੇ ਹਨ।

ਉਪਰੋਕਤ ਬਿਅਨਾਂ ਵਿੱਚ ਹਾਰਦਿਕ ਹਮਦਰਦੀ ਦਾ ਅੰਸ਼ ਨਜ਼ਰ ਨਹੀਂ ਆਉਂਦਾ! ਇਹ ਸਾਰੇ ਬਿਆਨ ਕਪਟੀ ਨੇਤਾਵਾਂ ਨੇ ਆਪਣੀ ਹਲਕੀ ਹੋਂਦ ਜਤਾਉਣ ਵਾਸਤੇ ਹੀ ਦਿੱਤੇ ਹਨ।

ਭੇਖੀ ਧਾਰਮਿਕ ਨੇਤਾਵਾਂ ਤੇ ਕਮੇਟੀਆਂ ਦੇ ਚੌਧਰੀਆਂ ਦਾ ਹਾਲ ਸਿਆਸਤਦਾਨਾਂ ਤੋਂ ਵੀ ਬਦਤਰ ਹੈ। ਇੱਕ ਬਿਆਨ ਮੁਤਾਬਿਕ ਇੱਕ ਗਿਆਨ-ਹੀਣੇ ਨੇਤਾ ਨੇ ਗੁਰੂਦਵਾਰੇ ਵਿੱਚ ਸਿੱਖਾਂ ਨੂੰ ਬਚਾਉਂਦਿਆਂ ਗੰਭੀਰ ਘਾਇਲ ਹੋਣ ਵਾਲੇ ਪੋਲੀਸ ਅਫ਼ਸਰ ਨੂੰ ਅਤੇ (ਛੇ ਮ੍ਰਿਤਕ ਸਿੱਖਾਂ ਵਿੱਚੋਂ ਕੇਵਲ) ਸ: ਸਤਵੰਤ ਸਿੰਘ ਕਾਲੇਕਾ ਨੂੰ ਸੋਨ-ਤਮਗ਼ਿਆਂ ਨਾਲ ਸਨਮਾਨਿਤ ਕਰਨ ਦੀ ਘੋਸ਼ਣਾ ਕੀਤੀ ਹੈ। ਕੀ ਇਹ ਗੁਰਮਤਿ ਹੈ? ਅਜਿਹੇ ਧਾਰਮਿਕ ਨੇਤਾਵਾਂ ਦੀ ਅਕਲ `ਤੇ ਤਰਸ ਹੀ ਕੀਤਾ ਜਾ ਸਕਦਾ ਹੈ!

ਅਰਦਾਸ ਦੀ ਰਸਾਈ ਅਕਾਲ ਪੁਰਖ ਤਕ ਹੋਣੀ ਚਾਹੀਦੀ ਹੈ। ਇਸ ਲਈ ਅਰਦਾਸ ਸਮਾਗਮ ਦੀ ਇਸ਼ਤਿਹਾਰਬਾਜ਼ੀ ਦਾ ਕੋਈ ਤੁਕ ਹੀ ਨਹੀਂ ਬਣਦਾ! ਇਸੇ ਤਰ੍ਹਾਂ ਸ਼੍ਰਧਾਂਜਲੀ ਸਮਾਗਮਾਂ ਵਿੱਚ ਗੁਜ਼ਰ ਗਏ ਵਿਅਕਤੀਆਂ ਦੀ ਹੀ ਸਲਾਹੁਤਾ ਸ਼ੋਭਾ ਦਿੰਦੀ ਹੈ। ਪਰੰਤੂ ਅਰਦਾਸ/ਸ਼੍ਰਧਾਂਜਲੀ ਸਮਾਗਮਾਂ ਵਿੱਚ ਮਿਰਤਕਾਂ ਨਾਲ ਹਮਦਰਦੀ ਪ੍ਰਗਟ ਕਰਨ ਦੇ ਬਹਾਨੇ ਕਮੇਟੀਆਂ ਦੇ ਮਾਇਆਧਾਰੀ ਉਹਦੇਦਾਰ ਆਪਣਾ ਨਾਮ ‘ਰੌਸ਼ਨ’ ਕਰਦੇ ਹਨ। ਇਨ੍ਹਾਂ ਸਮਾਗਮਾਂ ਦੀਆਂ ਖ਼ਬਰਾਂ ਵਿੱਚ ਮ੍ਰਿਤਕਾਂ ਅਤੇ ਉਨ੍ਹਾਂ ਦੇ ਦੁਖੀ ਸਕੇ ਸਨਬੰਧੀਆਂ ਦਾ ਨਾਮ ਤਾਂ ਕਈ ਵਾਰੀ ਲੱਭਿਆਂ ਵੀ ਨਹੀਂ ਲੱਭਦਾ ਪਰ ਚੌਧਰੀਆਂ ਦੇ ਨਾਵਾਂ ਦੀ ਪੂਰੀ ਲਿਸਟ ਤੇ ਫ਼ੋਟੋ ਉਚੇਚੇ ਤੌਰ `ਤੇ ਦਿੱਤੀ ਹੁੰਦੀ ਹੈ!

ਜਿਵੇਂ ਕਿਸੇ ਜੀਵ ਦੀ ਮੌਤ ਮੁਰਦਾਰ-ਖੋਰੇ ਜਾਨਵਰਾਂ ਵਾਸਤੇ ਵਰ ਹੈ, ਤਿਵੇਂ ਮਾਸੂਮ ਇਨਸਾਨਾਂ ਦੀ ਦੁੱਖ-ਦਾਇਕ ਮ੍ਰਿਤੂ ਇਨਸਾਨੀਯਤ ਤੋਂ ਗਿਰੇ ਹੋਏ ਬੇ-ਗ਼ੈਰਤ ਮੋਹਰੀਆਂ ਲਈ ਆਪਣੀ ਹੋਂਦ ਜਤਾਉਣ ਤੇ ਹਰ ਤਰ੍ਹਾਂ ਦੇ ਸੁਆਰਥ ਦੀ ਪੂਰਤੀ ਦਾ ਸੁਨਹਿਰੀ ਮੌਕਾ ਹੁੰਦਾ ਹੈ। ਓਕ ਕ੍ਰੀਕ ਦੀ ਦੁਰ-ਘਟਨਾ ਵਾਪਰਨ ਦੀ ਦੇਰ ਸੀ ਕਿ ਕਈ ਸੰਸਥਾਵਾਂ, ਹਰ ਕਮੇਟੀ ਤੇ ਕਈ ਦੁੱਕੀ ਤਿੱਕੀ ਜਥੇਬੰਦੀਆਂ ਨੇ ਮਿਰਤਕਾਂ ਦੇ ਪਰਿਵਾਰਾਂ ਨੂੰ ਮਾਇਕ ਸਹਾਇਤਾ ਦੇਣ ਵਾਸਤੇ ਮੈਮੋਰੀਅਲ ਫ਼ੰਡ (memorial fund) ਆਰੰਭ ਦਿੱਤੇ! ਉਮੀਦ ਹੈ ਕਿ ਅੰਦਾਜ਼ਨ ਕ੍ਰੋੜਾਂ ਰੁਪਏ ਇਕੱਠੇ ਕੀਤੇ ਜਾਣ ਗੇ! ਕੀ ਪੀੜਿਤ ਪਰਿਵਾਰਾਂ ਨੂੰ ਇਸ ‘ਸਹਾਇਤਾ’ ਦੀ ਲੋੜ ਹੈ? ਅਤੇ ਕੀ ਇਹ ਸਾਰੀ ਮਾਇਆ ਠਿਕਾਣੇ ਸਿਰ ਪਹੁੰਚ ਪਾਏ ਗੀ? ਜੇ ਇਦਾਂ ‘ਕੱਠੀ ਕੀਤੀ ਮਾਇਆ ਠਿਕਾਣੇ ਪਹੁੰਚਦੀ ਹੁੰਦੀ ਤਾਂ ਸ਼ਹੀਦ ਊਧਮ ਸਿੰਘ ਜੀ ਦੇ ਵੰਸ਼ਜ ਭੱਠਿਆਂ `ਤੇ ਇੱਟਾਂ ਢੋਣ ਦੀ ਮਜ਼ਦੂਰੀ ਨਾ ਕਰਦੇ! ਅਤੇ ’84 ਵਿੱਚ ਨਿਰਦੋਸ਼ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਤੇ ਯਤੀਮ ਬੱਚੇ ਹੁਣ ਤੀਕ ਦਰ ਦਰ ਦੀਆਂ ਠੋਹਕਰਾਂ ਨਾ ਖਾਂਦੇ ਹੁੰਦੇ!

ਪਾਠ (ਬਾਣੀ ਪੜ੍ਹਨ, ਸੁਣਨ ਤੇ ਵਿਚਾਰਣ) ਨਾਲ ਆਤਮ-ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਇਸ ਗਿਆਨ ਸਦਕਾ ਦੁੱਖ ਦੀ ਘੜੀ ਵਿੱਚ ਮਨ ਨੂੰ ਸ਼ਾਂਤੀ ਮਿਲਦੀ ਹੈ। ਪਰੰਤੂ ਸਾਡੇ ਮੋਹ-ਮਾਇਆ ਦੀ ਦਲਦਲ ਵਿੱਚ ਗ਼ਰਕੇ ਭੇਖੀ ਪੁਜਾਰੀਆਂ ਤੇ ਉਨ੍ਹਾਂ ਦੇ ਹਉਮੈ-ਗ੍ਰਸਤ ਲੋਭੀ ਸਰਪਰਸਤਾਂ ਨੇ ਆਪਣੇ ਸੁਆਰਥਾਂ ਦੀ ਖ਼ਾਤਿਰ ਪਵਿਤ੍ਰ ਪਾਠ ਨੂੰ ਇਸ ਦੇ ਕੀਮੀਆਈ ਗੁਣ ਤੋਂ ਖੀਣ ਕਰ ਦਿੱਤਾ ਹੈ। ਓਕ ਕ੍ਰੀਕ ਦੇ ਦੁਖਾਂਤ ਨੂੰ ਬਹਾਨਾ ਬਣਾ ਕੇ ਅਖੰਡ ਪਾਠਾਂ ਦੀ ਝੜੀ ਲਾ ਦਿੱਤੀ ਗਈ ਹੈ। ਸੰਸਾਰ ਦਾ ਸ਼ਾਇਦ ਹੀ ਕੋਈ ਗੁਰੂਦਵਾਰਾ ਹੋਵੇ ਜਿੱਥੇ ਅਖੰਡ ਪਾਠ ਨਾ ਕੀਤਾ ਗਿਆ ਹੋਵੇ! ਜੇ ਅਜਿਹੇ ਪਾਠਾਂ ਦਾ ਕੋਈ ਲਾਭ ਹੁੰਦਾ ਤਾਂ ਅਜਿਹੀਆਂ ਦੁੱਖ-ਦਾਈ ਘਟਣਾਵਾਂ ਵਾਪਰਨ ਹੀ ਨਾ! ਕਿਉਂਕਿ ਸੰਸਾਰ ਦੇ ਸਾਰੇ ਗੁਰੂਦਵਾਰਿਆਂ ਵਿੱਚ ਹਰ ਵਕਤ ਲੱਖਾਂ ਅਖੰਡ ਪਾਠ ਹੁੰਦੇ ਹੀ ਰਹਿੰਦੇ ਹਨ! ਕੀ ਇਹ ਪਾਠ ਦੁਖਾਂਤਕ ਘਟਣਾ ਨੂੰ ਵਾਪਰਣ ਤੋਂ ਰੋਕਣ ਦੀ ਸਮਰੱਥਾ ਨਹੀਂ ਰੱਖਦੇ? ਦਰਅਸਲ ਦਿਖਾਵੇ ਦਾ ਪਾਠ/ਅਖੰਡ ਪਾਠ ਮਾਇਆ ਦੇ ਵਪਾਰ ਦਾ ਇੱਕ ਨਿਆਂਸੰਗਤ ਤਰੀਕਾ ਹੈ!

ਪਾਠਕ ਸਜਨੋਂ! ਵਿੱਛੜੀ ਆਤਮਾ ਦੇ ਦੁੱਖ ਦਾ ਸੰਤਾਪ ਕੇਵਲ ਮਨ ਨਾਲ ਹੀ ਮਹਿਸੂਸਿਆ ਜਾਂਦਾ ਹੈ, ਜ਼ਬਾਨੀ ਖੇਖਣਾਂ, ਪਾਖੰਡਾਂ ਤੇ ਇਸ਼ਤਿਹਾਰਬਾਜ਼ੀ ਨਾਲ ਨਹੀਂ!

ਗੁਰਇੰਦਰ ਸਿੰਘ ਪਾਲ

ਅਗਸਤ 12, 2012.




.