ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਜੱਗੋਂ
ਤੇਰ੍ਹਵੀਂਆਂ
ਭਾਗ ਚੌਥਾ
ਦਸ ਪੰਦਰਾਂ ਸੋਟੇ ਮਾਰੋ ਮੱਝ ਦੁੱਧ ਦੇਵੇਗੀ!
ਵੀਹਵੀਂ ਸਦੀ ਦੇ ਸ਼ੁਰੂ ਹੁੰਦਿਆਂ
ਹੀ ਸੰਤਾਂ ਦਾ ਜਨਮ ਹੋਣਾ ਸ਼ੁਰੂ ਹੋ ਗਿਆ। ਕਈ ਬਿਮਾਰੀਆਂ ਦੇ ਸੈੱਲ ਇੱਕ ਤੋਂ ਦੋ, ਦੋ ਤੋਂ ਚਾਰ ਤੇ
ਚਾਰ ਤੋਂ ਅੱਠ ਦੀ ਗਿਣਤੀ ਵਿੱਚ ਵੱਧਦੇ ਹਨ। ਭਿਆਨਕ ਬਿਮਾਰੀਆਂ ਦੇ ਸੈੱਲ ਆਪਣੇ ਪਰਵਾਰ ਦਾ ਵਾਧਾ
ਭਿਆਨਕ ਰੂਪ ਵਿੱਚ ਹੀ ਕਰਦੇ ਹਨ। ਖਤਰਨਾਕ ਬਿਮਾਰੀਆਂ ਦੇ ਸੈੱਲ ਛੇਤੀ ਕੀਤਿਆਂ ਜਾਇਆ ਨਹੀਂ ਹੁੰਦੇ
ਸਗੋਂ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਇੱਕ ਬਿਮਾਰੀ ਵਿਚੋਂ ਕਈ ਹੋਰ ਬਿਮਾਰੀਆਂ ਨੂੰ ਜਨਮ ਦੇਂਦੇ
ਹਨ। ਕੁੱਝ ਏਸੇ ਤਰ੍ਹਾਂ ਹੀ ਇੱਕ ਸੰਤ ਦਾ ਜਨਮ ਹੁੰਦਾ ਹੈ ਤਾਂ ਇਹ ਭਿਆਨਕ ਬਿਮਾਰੀਆਂ ਨੂੰ ਵੀ ਮਾਤ
ਪਉਂਦਿਆਂ ਹੋਇਆਂ ਵੀਹ ਹੋਰ ਸੰਤਾਂ ਨੂੰ ਨਾਲ ਹੀ ਜਨਮ ਦੇ ਦੇਂਦੇ ਹਨ। ਹਰ ਨਵਾਂ ਬਣਿਆਂ ਸੰਤ, ਆਪਣੀ
ਸੇਵਕੀ ਵਧਾਉਣ ਲਈ, ਨਵੇਂ ਢੰਗ ਅਪਣਉਂਦਾ ਹੋਇਆ ਉਹ ਇੱਕ ਪਾਠ ਪੜਾਉਂਦਾ ਰਹਿੰਦਾ ਹੈ, ਕਿ ਦੇਖੋ ਸੰਗਤ
ਜੀ ਭਾਈ ਲਹਿਣੇ ਨੇ ਦਿਨ ਰਾਤ ਅਣਥੱਕ ਸੇਵਾ ਕੀਤੀ ਸੀ। ਉਹਦੀ ਮਹਾਨ ਸੇਵਾ ਨੂੰ ਦੇਖ ਕੇ ਗੁਰੂ ਨਾਨਕ
ਸਾਹਿਬ ਜੀ ਨੇ ਉਹਨੂੰ ਗੁਰਿਆਈ ਦੇ ਦਿੱਤੀ। ਏਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਨੇ ਨਾ ਦਿਨ ਦੇਖਿਆ
ਤੇ ਨਾ ਰਾਤ ਦੇਖੀ ਬਿਖਮ ਤੇ ਗਾਖੜੀ ਸੇਵਾ ਕੀਤੀ। ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ
ਅੰਗਦ ਪਾਤਸ਼ਾਹ ਜੀ ਨੇ ਅਮਰੂ ਨਿਥਾਵੇਂ ਤੋਂ ਗੁਰੂ ਅਮਰਦਾਸ ਜੀ ਬਣਾ ਦਿੱਤਾ। ਭਾਈ ਸਾਰੀਆਂ ਕਰਾਮਤਾਂ
ਸੇਵਾ ਵਿੱਚ ਹੀ ਹੁੰਦੀਆਂ ਹਨ। ਸੇਵਾ ਵਾਲੀ ਕਹਾਣੀ ਆਪਣੇ ਅਤ ਨਜ਼ਦੀਕੀ ਪਰਵਾਰ ਦੇ ਚੇਲਿਆਂ ਰਾਂਹੀ ਆਮ
ਲੋਕਾਂ ਵਿੱਚ ਧਮਾਈ ਜਾਣਗੇ। ਨਤੀਜੇ ਵਜੋਂ ਲੁਕਾਈ ਦੀ ਸੇਵਾ ਦੇ ਸੰਕਲਪ ਨੂੰ ਨਿਕਾਰਦਿਆਂ ਕੇਵਲ
ਬੂਬਨੇ ਬਾਬੇ ਦੇ ਡੇਰੇ ਦੀ ਹੀ ਸੇਵਾ ਰਹਿ ਜਾਂਦੀ ਹੈ। ਆਮ ਲੋਕਾਂ ਨੂੰ ਵੀ ਬਹੁਤ ਵੱਡਾ ਭੁਲੇਖਾ ਹੈ
ਕਿ ਭੇਖੀ ਬਾਬਿਆਂ ਪਾਸ ਕੋਈ ਬਹੁਤ ਵੱਡੀ ਗੈਬੀ ਸ਼ਕਤੀ ਜਾਂ ਕਰਾਮਾਤ ਹੈ ਪਤਾ ਨਹੀਂ ਕਿਦ੍ਹੇ ਸਿਰ ਤੇ
ਇਹ ਹੱਥ ਰੱਖ ਦੇਣ ਉਹ ਹੀ ਮਾਲਾ ਮਾਲ ਹੋ ਜਾਂਦਾ ਹੈ। ਇਹ ਵੀ ਪਤਾ ਨਹੀਂ ਬਾਬਾ ਜੀ ਕਿਦ੍ਹੇ `ਤੇ
ਤਰੁੱਠਦੇ ਹਨ। ਕੁਦਰਤੀ ਮੇਹਰ ਦੇ ਪਾਤਰ ਬਣਾਉਣ ਲਈ ਬਾਬੇ ਪਿੱਠਾਂ `ਤੇ ਦਿਨ ਦੀਵੀਂ ਹੱਥ ਫੇਰੀ
ਜਾਣਗੇ। ਲਗਦੇ ਚਾਰੇ ਆਪਣੇ ਕਲਾਵੇ ਵਿੱਚ ਲੈਣ ਦਾ ਵੀ ਯਤਨ ਕਰਦੇ ਹਨ। ਮੈਲ ਨਾਲ ਭਰੀ ਹੋਈ ਝੱਗੀ
ਵਾਲਾ ਸੇਵਾਦਾਰ ਬਾਬੇ ਦਾ ਕਛਹਿਰਾ ਧੋਈ ਜਾਏਗਾ ਤੇ ਗੜਵੀ ਨੂੰ ਲਿਸ਼ਕਾਈ ਜਾਏਗਾ। ਬੂਬਨੇ ਬਾਬੇ ਦੀ
ਮਾਲਸ਼ ਨੂੰ ਹੀ ਮਹਾਨ ਸੇਵਾ ਸਮਝ ਕੇ ਅੱਠੇ ਪਹਰ ਸੇਵਾ ਵਿੱਚ ਤੱਤਪਰ ਰਹਿੰਦਾ ਹੈ।
ਬਾਬੇ ਇਹ ਕਦੇ ਵੀ ਨਹੀਂ ਦੱਸਣਗੇ ਕਿ ਗੁਰਿਆਈ ਕੇਵਲ ਸੇਵਾ ਹੀ ਨਹੀਂ ਬਲ ਕੇ ਗੁਰਬਾਣੀ ਦੇ ਤੱਤ ਗਿਆਨ
ਨੂੰ ਸਮਝਣ ਵਾਲੇ ਨੂੰ ਹੀ ਗੁਰਿਆਈ ਬਖਸ਼ੀ ਹੈ। ਅਕਾਲ ਪੁਰਖੀ ਸਾਰੇ ਗੁਣ ਗੁਰੂ ਨਾਨਕ ਸਾਹਿਬ ਜੀ ਵਿੱਚ
ਸਨ ਤੇ ਉਹਨਾਂ ਸਾਰਿਆਂ ਗੁਣਾਂ ਨੂੰ ਭਾਈ ਲਹਿਣੇ ਨੇ ਦਿਨ ਰਾਤ ਲਗਾ ਕਿ ਸਮਝਿਆ ਕਿ ਕਿਵੇਂ ਨਵੇਂ
ਸਮਾਜ ਦੀ ਸਿਰਜਣਾ ਕਰਦਿਆਂ ਰੱਬ ਜੀ ਨਾਲ ਮਿਲਾਪ ਕਰਨਾ ਹੈ। ਇਹਨਾਂ ਰੱਬੀ ਗੁਣਾਂ ਨੂੰ ਭੱਟ ਜੋਤ
ਫਰਮਾਉਂਦੇ ਹਨ ਜੇਹਾ ਕਿ—
ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ, ਤਤ ਸਿਉ ਤਤੁ ਮਿਲਾਯਉ॥
ਪੰਨਾ ੧੪੦੮
ਹੋਇਆ ਇਸ ਤਰ੍ਹਾਂ ਕਿ ਕਰਾਰਪੁਰ ਦੇ ਨੇੜੇ ਇੱਕ ਪਿੰਡ ਵਾਲੇ ਫਰਵਰੀ ਦੋ ਹਜ਼ਾਰ ਬਾਰ੍ਹਾਂ ਨੂੰ
ਸਲਾਨਾ ਗੁਰਮਤ ਸਮਾਗਮ ਕਰਾਉਂਦੇ ਹਨ। ਇਸ ਸਮਾਗਮ ਵਿੱਚ ਇਲਾਕੇ ਦੇ ਕਈ ਪਿੰਡ ਇਕੱਠੇ ਹੁੰਦੇ ਹਨ।
ਲੱਖਾਂ ਰੁਪਿਆ ਖਰਚਣ ਦੇ ਬਾਵਜੂਦ ਵੀ ਏਨ੍ਹੀ ਸਮਝ ਨਹੀਂ ਕਿ ਪਰਚਾਰਕ ਕਿਹੋ ਜੇਹੇ ਬਲਾਉਣੇ ਹਨ।
ਲਗ-ਪਗ ਸਿੱਖ ਕੌਮ ਦੀ ਬਹੁਤ ਵੱਡੀ ਤਰਾਸਦੀ ਹੈ ਕਿ ਸਮਾਗਮਾਂ ਸਮੇਂ ਸੰਗਤ ਨੂੰ ਕੌਈ ਗੁਣ ਵੱਤਾ
ਪ੍ਰੋਗਰਾਮ ਨਹੀਂ ਦਿੱਤਾ ਜਾਂਦਾ। ਗੁੱਣਵੱਤਾ ਏਹੀ ਦੇਖੀ ਜਾਂਦੀ ਹੈ, ਕਿ ਇਹ ਸਾਡੀ ਸਿਫਤ ਦੇ ਪੁੱਲ
ਕਿੰਨੇ ਕੁ ਬੰਨਦਾ ਹੈ। ਕਨੇਡਾ ਨਿਵਾਸੀ ਵੀਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ਬਦ ਦੀਆਂ
ਵਿਚਾਰਾਂ ਸੁਣੀਆਂ ਹੋਣ ਕਰਕੇ ਤੇ ਸਿੱਖ ਮਾਰਗ ਨੂੰ ਨਿਤਾ ਪ੍ਰਤੀ ਪੜ੍ਹਣ ਕਰਕੇ ਇਹਨਾਂ ਵੀਰਾਂ ਵਲੋਂ
ਮੈਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਇਲਾਕੇ ਦੇ ਇਸ ਸਮਾਗਮ ਵਿੱਚ ਮੈਂ ਪਹਿਲੀ ਵਾਰ
ਗਿਆ ਸੀ। ਵੀਹ ਕੁ ਪਿੰਡ ਇਕੱਠੇ ਹੋ ਕਿ ਇੱਕ ਗੁਰਮਤ ਸਮਗਾਮ ਰੱਖਦੇ ਹਨ। ਮੈਨੂੰ ਉਸ ਸਮਾਗਮ ਵਿੱਚ
ਕਥਾ ਵਿਚਾਰ ਕਰਨ ਦਾ ਮੌਕਾ ਮਿਲਿਆ। ਮੇਰੇ ਤੋਂ ਪਹਿਲਾਂ ਇੱਕ ਸੰਤ ਜੀ, ਸਟੇਜ ਸਕੱਤਰ ਅਨੁਸਾਰ ਬਹੁਤ
ਹੀ ਪਹੁੰਚੇ ਹੋਏ ਬ੍ਰਹਮ ਗਿਆਨੀ ਜੋ ਹਰ ਸਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ ਉਹ ਕੀਰਤਨ ਤੇ ਕਥਾ
ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਏੰਨਾ ਚੰਗਾ ਹੋਇਆ ਕਿ ਬਾਬਾ ਜੀ ਨੇ ਧਾਰਨਾ ਨਹੀਂ ਲਗਾਈ
ਪਰ ਕਥਾ ਜਗੋਂ ਤਰ੍ਹਵੀਂ ਕੀਤੀ। ਜਭਲ਼ੀਆਂ ਤਾਂ ਬਥੇਰੀਆਂ ਮਾਰੀਆਂ ਸਨ ਪਰ ਇੱਕ ਕੁੱਝ ਜ਼ਿਆਦਾ ਹੀ ਜਭਲ਼ੀ
ਵੱਜਗੀ। ਕਹਿੰਦਾ, “ਸਾਧ ਸੰਗਤ ਜੀ ਵੱਡੇ ਬਾਬਾ ਜੀ ਕਿਆ ਕਰਤੇ ਸੀ ਕਿ ਭਈ ਜੇ ਮੱਝ ਨਾ ਮਿਲੇ ਤਾਂ ਘਰ
ਜਾ ਕੇ ਉਸ ਨੂੰ ਦਸ ਪੰਦਰ੍ਹਾਂ ਸੋਟਿਆ ਨਾਲ ਦਬਾ ਕੁੱਟ ਚਾੜ ਦਿਓ ਫਿਰ ਦੇਖੋ ਮੱਝ ਦੇਂਦੀ ਹੈ ਕਿ
ਨਹੀਂ? ਸਾਧ ਸੰਗਤ ਜੀ ਹੁਣ ਮਹਾਂਪੁਰਸ਼ਾਂ ਦਾ ਕਿਹਾ ਹੋਇਆ ਕੋਈ ਬਿਰਥਾ ਥੋੜਾ ਜਾਂਦਾ ਐ। ਬੱਸ ਸੋਟੇ
ਵੱਜਣ ਦੀ ਦੇਰ ਸੀ ਮੱਝ ਝੱਟ ਪਸਮ ਪਈ। ਪਰਵਾਰ ਦੀਆਂ ਪੌਂ ਬਾਰ੍ਹਾਂ, ਭਾਈ ਕੁੱਝ ਦਿਨਾਂ ਬਆਦ ਪਰਵਾਰ
ਬਾਬਾ ਜੀ ਦਾ ਸ਼ੁਕਰਾਨਾ ਕਰਨ ਲਈ ਖੀਰ ਲੇ ਬਾਬਾ ਜੀ ਪਾਸ ਆਏ। ਬਾਬਾ ਜੀ ਨੂੰ ਸਾਰੀ ਵਿਥਿਆ ਸੁਣਾਈ ਕਿ
ਬਾਬਾ ਜੀ ਤੁਹਾਡੀ ਬਖਸ਼ਿਸ਼ ਦੁਆਰਾ ਮੱਝ ਦੁੱਧ ਬਹੁਤ ਦੇਣ ਲੱਗ ਪਈ ਹੈ, ਹੁਣ ਤੇ ਵੰਡ ਵੜੇਵੇਂ ਦਾ ਕੋਈ
ਫਿਕਰ ਨਹੀਂ ਰਹਿ ਗਿਆ। ਬਾਬਾ ਜੀ ਨੂੰ ਆਪਣੇ ਕੀਤੇ ਬਚਨਾ ਦਾ ਚੇਤਾ ਭੁੱਲ ਗਿਆ ਸੀ। ਭਾਈ
ਮਹਾਂਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਕੀਤੇ ਬਚਨ ਵਿਸਰ ਜਾਂਦੇ ਹਨ। ਪਰ ਬਾਬਾ ਜੀ ਨੂੰ
ਯਾਦ ਆਇਆ ਤੇ ਫਿਰ ਬਾਬਾ ਜੀ ਨੇ ਕਿਹਾ ਭਾਈ ਹੁਣ ਤੁਸਾਂ ਕਿੱਲੇ ਦੇ ਸਿਰ ਉੱਤੇ ਸੋਟੇ ਮਾਰਿਆ ਕਰੋ
ਮੱਝ ਬਹੁਤ ਦੁੱਧ ਦੇਵੇਗੀ। ਭਾਈ ਮਹਾਂਪਰਸ਼ਾਂ ਦੇ ਬਚਨ ਅਟੱਲ ਹੁੰਦੇ ਹਨ ਪਤਾ ਨਹੀਂ ਕਿਦ੍ਹੇ `ਤੇ
ਬਖਸ਼ਿਸ਼ ਕਰ ਜਾਣ”। ਕਿਉਂ ਹੈ ਨਾ ਜੱਗੋਂ ਤੇਰ੍ਹਵੀਂ?
ਕੁਦਰਤੀ ਬਾਬਾ ਜੀ ਦੇ ਸਮੇਂ ਉਪਰੰਤ ਮੇਰਾ ਸਮਾਂ ਪ੍ਰਬੰਧਕਾਂ ਵਲੋਂ ਨਿਹਸਚਤ ਕੀਤਾ ਹੋਇਆ ਸੀ। ਜਾਪਦਾ
ਸੀ ਕਿ ਬਾਬਾ ਜੀ ਅਜੇ ਗਏ ਨਹੀਂ ਸਨ। ਸ਼ਬਦ ਦੀ ਵਿਚਾਰ ਕਰਦਿਆਂ ਦਾਸ ਨੇ ਕਿਹਾ ਕਿ ਬਾਹਰਲੇ ਮੁਲਕਾਂ
ਦੇ ਡੈਅਰੀ ਫਾਰਮ ਦੇਖੇ ਜਾਣ ਤਾਂ ਹੈਰਾਨ ਹੋ ਜਾਈਦਾ ਹੈ। ਨਿਉਜ਼ੀਲੈਂਡ ਵਿੱਚ ਇੱਕ ਗਊ ਪਿੱਛੇ ਇੱਕ
ਖੇਤ ਹੁੰਦਾ ਹੈ ਭਾਵ ਪੰਜ ਸੌ ਗਊਆਂ ਪਿੱਛੇ ਲਗ-ਪਗ ਪੰਜ ਸੌ ਖੇਤ ਹੁੰਦੇ ਹਨ। ਉਹਨਾਂ ਨੂੰ ਨਾ ਤਾਂ
ਕੋਈ ਚਾਰਨ ਜਾਂਦਾ ਹੈ ਤੇ ਨਾ ਹੀ ਸਾਡੇ ਵਾਂਗ ਸੋਟਿਆ ਨਾਲ ਕੁਟਿਆ ਜਾਂਦਾ ਹੈ। ਸਵੇਰੇ ਸ਼ਾਮ ਜਦੋਂ
ਦੁੱਧ ਚੋਣ ਦਾ ਸਮਾਂ ਆਉਂਦਾ ਹੈ ਕਈ ਗਊਆਂ ਥੱਲੇ ਏੰਨਾ ਜ਼ਿਆਦਾ ਦੁੱਧ ਹੁੰਦਾ ਹੈ ਕਿ ਆਪਣੇ ਆਪ ਹੀ
ਵਗਣ ਲੱਗ ਪੈਂਦਾ ਹੈ। ਆਮ ਗਊਆਂ ਦੀ ਦੁੱਧ ਦੇਣ ਦੀ ਔਸਤਨ ਕੋਈ ਵੀਹ ਪੰਝੀ ਕਿਲੋ ਦੁੱਧ ਹੁੰਦਾ ਹੈ।
ਕਦੇ ਕਿਸੇ ਨੇ ਕਿਸੇ ਗਊ ਨੂੰ ਸੋਟਾ ਨਹੀਂ ਮਾਰਿਆ, ਕਿਉਂ ਕਿ ਇਹਨਾਂ ਗਊਆਂ ਦੀ ਖੁਰਾਕ ਹੀ ਬਹੁਤ
ਵਧੀਆ ਹੁੰਦੀ ਹੈ।
ਸੰਗਤ ਦੇ ਸਾਹਮਣੇ ਸੁਆਲ ਰੱਖਿਆ, ਕਿ ਸਾਧ ਸੰਗਤ ਜੀ ਜਿੰਨੀ ਸੰਗਤ ਏੱਥੇ ਬੈਠੀ ਹੈ ਲਗ-ਪਗ ਨੰਬ੍ਹੇ
ਪ੍ਰਤੀਸ਼ਤ ਸੰਗਤ ਦੇ ਘਰਾਂ ਵਿੱਚ ਲਵੇਰਾ ਹੋਏਗਾ। ਤੁਸੀਂ ਖੁਦ ਦੱਸੋ ਕਿ ਮੱਝਾਂ ਨੂੰ ਸੋਟਿਆ ਨਾਲ
ਕੁੱਟ ਕੁੱਟ ਕੇ ਚੋਣਾ ਚਾਹੀਦਾ ਹੈ ਜਾਂ ਚੰਗੇ ਵੰਡ-ਵੜੇਵੇਂ ਪਾ ਕੇ ਮੱਝਾਂ ਚੋਣੀਆਂ ਚਾਹੀਦੀਆਂ ਹਨ।
ਸਾਰੀ ਸੰਗਤ ਦੀ ਅਵਾਜ਼ ਸੀ ਕਿ ਸਾਨੂੰ ਮੱਝਾਂ ਅੱਗੇ ਚੰਗਾ ਪੱਠਾ ਤੇ ਚੰਗੀ ਫੀਡ ਪਉਣੀ ਚਾਹੀਦੀ ਹੈ।
ਫਿਰ ਸੰਗਤ ਦੇ ਸਾਹਮਣੇ ਸਵਾਲ ਰੱਖਿਆ ਕਿ ਅਸੀਂ ਸੁਚੇਤ ਨਹੀਂ ਹਾਂ ਕਿਉਂ ਕਿ ਬਾਬਾ ਜੀ ਸ਼ਬਦ ਦੀ
ਵਿਚਾਰ ਜਾਂ ਸਿੱਖ ਸਿਧਾਂਤ ਦੀ ਗੱਲ ਕਰਨ ਦੀ ਥਾਂ ਗੈਰ ਕੁਦਰਤੀ ਪਰਚਾਰ ਕਰ ਰਹੇ ਸਨ ਪਰ ਅਸੀਂ ਸ਼ਰਧਾ
ਵੱਸ ਉਹਨਾਂ ਅੱਗੇ ਭੇਟਾ ਰੱਖ ਕੇ ਉਹਨਾਂ ਵਲੋਂ ਕੀਤੀ ਹੋਈ ਗੱਲ ਦੀ ਪ੍ਰੜੋਤਾ ਕਰ ਰਹੇ ਹਾਂ। ਜਦੋਂ
ਅਸਾਂ ਗੁਰਮਤ ਸਮਾਗਮ ਦਾ ਨਾਂ ਰੱਖਿਆ ਹੋਇਆ ਹੈ ਤਾਂ ਫਿਰ ਨਿਰੋਲ ਗੁਰਮਤ ਦੀਆਂ ਹੀ ਵਿਚਾਰਾਂ ਹੋਣੀਆ
ਚਹੀਦੀਆਂ ਹਨ। ਇਹਨਾਂ ਸਮਾਗਮਾਂ ਵਿਚੋਂ ਸਾਨੂੰ ਸਿੱਖ ਸਿਧਾਂਤ ਸਬੰਧੀ ਜਾਣਕਾਰੀ ਮਿਲਣੀ ਚਾਹੀਦੀ ਹੈ।
ਠੇਠ ਪੇਂਡੂ ਭਾਸ਼ਾ ਵਿੱਚ ਸ਼ਬਦ ਦੀ ਵਿਚਾਰ ਨੂੰ ਸੰਗਤ ਨੇ ਬਹੁਤ ਹੀ ਧਿਆਨ ਨਾਲ ਸੁਣਿਆ ਨਾਲ ਹੀ ਸਕੱਤਰ
ਜੀ ਹੁਰਾਂ ਐਲਾਨ ਕੀਤਾ ਕਿ ਹਰ ਸਾਲ ਸਾਡੇ ਇਸ ਗੁਰਮਤ ਸਮਾਗਮ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਹੀ
ਪਰਚਾਰਕ ਆਇਆ ਕਰਨਗੇ। ਸਾਨੂੰ ਅਹਿਸਾਸ ਹੋਇਆ ਕਿ ਸਾਡੇ ਗੁਰਮਤ ਸਮਾਗਮ ਕਿਹੋ ਜੇਹੇ ਹੋਣੇ ਚਾਹੀਦੇ
ਹਨ। ਸ਼ਬਾਸ਼ ਮੇਰੇ ਵੀਰੋ ਤੁਸਾਂ ਅਹਿਸਾਸ ਤਾਂ ਕਰ ਲਿਆ।