ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ (ਕਿਸ਼ਤ ਗਿਆਰਵੀਂ)
ਸ਼ਾਮ ਨੂੰ ਸਾਰਾ ਪਰਿਵਾਰ ਗੁਰਦੁਆਰੇ
ਚਲੇ ਗਏ, ਪਹਿਲਾਂ ਤਾਂ ਗੁਰਮੀਤ ਕੌਰ ਕਹਿਣ ਲੱਗੀ, ‘ਮੈਂ ਘਰ ਠਹਿਰਨੀਆਂ, ਮਤਾ ਇਹ ਆ ਜਾਣ’, ਫੇਰ
ਹਰਮੀਤ ਨੇ ਸਮਝਾਇਆ, ‘ਹੁਣ ਗੁਰਦੁਆਰੇ ਪ੍ਰੋਗਰਾਮ ਦਾ ਟਾਈਮ ਹੋ ਗਿਐ, ਭਾਪਾ ਜੀ ਵੀ ਗੁਰਦੁਆਰੇ
ਜਾਣਗੇ, ਘਰ ਕਿਥੋਂ ਆਉਣ ਲੱਗੇ ਨੇ?’ ਗੁਰਦੁਆਰੇ ਪਹੁੰਚੇ ਤਾਂ ਉਹੀ ਗੱਲ ਹੋਈ, ਬਲਦੇਵ ਸਿੰਘ ਪਹਿਲਾਂ
ਹੀ ਉਥੇ ਸਟੇਜ ਕੋਲ ਬੈਠਾ ਸੀ।
ਪਹਿਲਾਂ ਦੋ ਬੁਲਾਰੇ ਹੋਰ ਬੋਲੇ ਉਸ ਤੋਂ ਬਾਅਦ ਸਟੇਜ ਸਕੱਤਰ ਨੇ ਸ੍ਰ. ਬਲਦੇਵ ਸਿੰਘ ਨੂੰ ਬੋਲਣ
ਵਾਸਤੇ ਸੱਦਾ ਦਿੱਤਾ। ਬਲਦੇਵ ਸਿੰਘ ਨੇ ਫਤਹਿ ਬੁਲਾ ਕੇ ਕਿਹਾ, “ਖ਼ਾਲਸਾ ਜੀ! ਮਨ ਵਿੱਚ ਬੜੇ
ਵੱਲਵੱਲੇ ਸਨ ਤੁਹਾਡੇ ਨਾਲ ਸਾਂਝੇ ਕਰਨ ਲਈ ਪਰ ਅੱਜ ਸਾਰਾ ਦਿਨ ਮੈਂ ਜ਼ੁਲਮ ਦੀ ਉਹ ਅੱਖੀਂ ਵੇਖੀ
ਕਹਾਣੀ ਸੁਣ ਕੇ ਆਇਆ ਹਾਂ ਕਿ ਜੋ ਜ਼ੁਲਮ ਦੀ ਦਾਸਤਾਨ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸਾਂ,
ਉਹ ਬਹੁਤ ਛੋਟੀ ਅਤੇ ਫਿੱਕੀ ਪੈ ਗਈ ਏ। ਸਾਡੇ ਇੱਕ ਵੀਰ ਸ੍ਰ. ਸੁਰਮੁਖ ਸਿੰਘ ਜੋ ਗੋਬਿੰਦ ਨਗਰ ਦੇ
ਰਹਿਣ ਵਾਲੇ ਨੇ, 3 ਜੂਨ ਤੋਂ ਪਹਿਲਾਂ ਦੇ ਅੰਮ੍ਰਿਤਸਰ ਵਿੱਚ ਫਸੇ ਹੋਏ ਸਨ, ਬਹੁਤ ਔਕੜਾਂ ਝੱਲ ਕੇ
ਉਹ ਕੱਲ ਵਾਪਸ ਕਾਨਪੁਰ ਪਹੁੰਚੇ ਨੇ। ਉਨ੍ਹਾਂ ਨੇ ਜੋ ਹਿਰਦੇ-ਵੇਧਕ ਹਾਲਾਤ ਉਥੇ ਦੇ ਦਸੇ ਨੇ, ਉਹ
ਸੱਚੇ ਹਾਲਾਤ ਜੋ ਉਨ੍ਹਾਂ ਆਪ ਅੱਖੀਂ ਵੇਖੇ ਅਤੇ ਪਿੰਡੇ `ਤੇ ਹੰਡਾਏ, ਮੇਰੇ ਵਾਸਤੇ ਤਾਂ ਬਿਆਨ ਕਰਨੇ
ਵੀ ਔਖੇ ਨੇ, ਉਨ੍ਹਾਂ ਨੂੰ ਸੁਣ ਕੇ ਕਿਸੇ ਵੀ ਇਨਸਾਫ-ਪਸੰਦ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਣਗੇ।
ਮੈਂ ਤਾਂ ਕੇਵੱਲ ਇਤਨਾ ਹੀ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਕੋਈ ਇਹ ਮੰਨਣ ਲਈ
ਤਿਆਰ ਨਹੀਂ ਹੋਵੇਗਾ ਕਿ ਇਹ ਸਭ ਜ਼ੁਲਮ ਸਾਡੇ ਨਾਲ, ਸਾਡੇ ਆਪਣੇ ਦੇਸ਼ ਵਿੱਚ, ਸਾਡੀ ਆਪਣੀ ਸਰਕਾਰ,
ਸਾਡੀਆਂ ਆਪਣੀਆਂ ਫੌਜਾਂ ਵੱਲੋਂ ਢਾਹਿਆ ਗਿਐ, ਪਰ ਸ੍ਰ. ਸੁਰਮੁਖ ਸਿੰਘ ਇਹ ਸਭ ਆਪ ਅੱਖੀਂ ਵੇਖ ਕੇ
ਆਏ ਹਨ। ਉਨ੍ਹਾਂ ਦੇ ਦਸੇ ਹਾਲਾਤ ਤੋਂ ਸਾਫ ਪਤਾ ਲਗਦੈ ਕਿ ਬੇਸ਼ਕ ਸਾਨੂੰ ਆਪਣੇ ਦੇਸ਼ ਵਿੱਚ ਹੀ
ਬੇਗਾਨਾ ਬਣਾ ਦਿੱਤਾ ਗਿਐ, ਸਾਡੇ ਨਾਲ ਗ਼ੁਲਾਮਾਂ ਵਾਲਾ ਸਲੂਕ ਕੀਤਾ ਜਾ ਰਿਹੈ। ਮੇਰੀਆਂ ਭਾਵਨਾਵਾਂ
ਇਸ ਸਮੇਂ ਇਤਨੀਆਂ ਜ਼ਖਮੀਂ ਹੋਈਆਂ ਪਈਆਂ ਨੇ ਕਿ ਚਾਹ ਕੇ ਵੀ ਮੇਰੇ ਕੋਲ ਹੋਰ ਬੋਲਣ ਦੀ ਸਮਰੱਥਾ
ਨਹੀਂ, ਇਸ ਲਈ ਮੈਂ ਚਾਹਾਂਗਾ ਕਿ ਤੁਸੀਂ ਇਹ ਸਾਰੇ ਹਾਲਾਤ ਵੀਰ ਸੁਰਮੁਖ ਸਿੰਘ ਜੀ ਕੋਲੋਂ ਸਿੱਧੇ
ਸੁਣੋ। ਮੈਂ ਜਾਣਦਾ ਹਾਂ ਵੀਰ ਸੁਰਮੁਖ ਸਿੰਘ ਜੀ ਜੋ ਸੰਤਾਪ ਭੋਗ ਕੇ ਆਏ ਨੇ ਅਤੇ ਜੋ ਉਨ੍ਹਾਂ ਦੀ
ਮਾਨਸਿਕ ਅਵਸਥਾ ਇਸ ਵੇਲੇ ਹੈ ਉਨ੍ਹਾਂ ਲਈ ਵੀ ਇਹ ਸਭ ਬਿਆਨ ਕਰਨਾ ਸੌਖਾ ਨਹੀਂ ਹੋਵੇਗਾ, ਕਿਉਂਕਿ
ਮੈਨੂੰ ਨਿਜੀ ਤੌਰ `ਤੇ ਸੁਣਾਉਂਦਿਆਂ ਵੀ ਉਹ ਬਾਰਬਾਰ ਭਾਵੁਕ ਹੋ ਜਾਂਦੇ ਸਨ ਅਤੇ ਉਨ੍ਹਾਂ ਅੰਦਰਲੀ
ਪੀੜਾ ਅਤੇ ਕੁਰਲਾਹਟ ਉਨ੍ਹਾਂ ਦੀਆਂ ਅੱਖਾਂ ਰਾਹੀਂ ਫੁੱਟ ਫੁੱਟ ਕੇ ਬਾਹਰ ਆਉਣ ਲੱਗ ਪੈਂਦੀ ਸੀ।
ਉਨ੍ਹਾਂ ਮੈਨੂੰ ਜ਼ੋਰ ਪਾਇਆ ਸੀ ਕਿ ਮੈਂ ਹੀ ਸਾਰੀ ਵਿਥਿਆ ਸੰਗਤ ਨਾਲ ਸਾਂਝੀ ਕਰਾਂ ਪਰ ਮੈਨੂੰ ਸ਼ਕ ਹੈ
ਕਿ ਸ਼ਾਇਦ ਮੈਂ ਇਹ ਸਭ ਕੁੱਝ ਸਹੀ ਨਾ ਸੁਣਾ ਸਕਾਂ ਅਤੇ ਸੰਗਤਾਂ ਵੀ ਉਹ ਅਸਲ ਦਰਦ ਮਹਿਸੂਸ ਨਾ ਕਰ
ਸਕਣ, ਜੋ ਉਹ ਭੋਗ ਕੇ ਆਏ ਹਨ, ਇਸ ਲਈ ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਹੀ ਆਪਣੀ
ਪਿਛਲੇ ਪੰਦਰ੍ਹਾਂ ਦਿਨਾਂ ਦੀ ਹੱਡ ਬੀਤੀ ਤੁਹਾਡੇ ਅਗੇ ਬਿਆਨ ਕਰਨ। ਹੁਣ ਮੈਂ ਵੀਰ ਸੁਰਮੁਖ ਸਿੰਘ ਜੀ
ਨੂੰ ਬੇਨਤੀ ਕਰਾਂਗਾ ਕਿ ਉਹ ਕਿਰਪਾ ਕਰਕੇ ਸਟੇਜ `ਤੇ ਆਉਣ ਅਤੇ ਸੰਗਤਾਂ ਦੇ ਦਰਸ਼ਨ ਕਰਨ।” ਉਹ ਫਤਹਿ
ਬੁਲਾ ਕੇ ਬੈਠ ਗਿਆ ਪਰ ਬੋਲਦਿਆਂ ਵੀ ਕਈ ਵਾਰੀ ਅਤੇ ਹੁਣ ਬੈਠਣ ਲਗਿਆਂ ਵੀ ਭਾਵੁਕ ਹੋਕੇ ਉਸ ਦੀਆਂ
ਅੱਖਾਂ `ਚੋਂ ਕੁੱਝ ਅਥਰੂ ਛਲਕ ਕੇ ਗੱਲ੍ਹਾਂ `ਤੇ ਵੱਗ ਆਉਂਦੇ ਸੰਗਤਾਂ ਨੇ ਚੰਗੀ ਤਰ੍ਹਾਂ ਵੇਖੇ,
ਜਾਪਦਾ ਸੀ ਸੁਰਮੁਖ ਸਿੰਘ ਦੀਆਂ ਗੱਲਾਂ ਜੋ ਅੱਜ ਦਿਹਾੜੀ ਉਹ ਉਸ ਦੇ ਘਰੋਂ ਸੁਣ ਕੇ ਆਇਆ ਸੀ,
ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ।
ਸੁਰਮੁਖ ਸਿੰਘ ਬੜਾ ਘਬਰਾਇਆ ਜਿਹਾ ਮਾਈਕ ਅਗੇ ਆ ਖੜੋਤਾ, ਇੰਝ ਲਗਦਾ ਸੀ ਜਿਵੇਂ ਉਸ ਦੀਆਂ ਲੱਤਾਂ
ਕੰਬ ਰਹੀਆਂ ਹੋਣ। ਪਤਾ ਨਹੀਂ, ਉਹ ਜੋ ਵੇਖ ਅਤੇ ਭੋਗ ਕੇ ਆਇਆ ਸੀ, ਅਜੇ ਤੱਕ ਉਸ ਦੇ ਦੁਖ ਦੇ
ਪ੍ਰਭਾਵ ਤੋਂ ਮੁਕਤ ਨਹੀਂ ਸੀ ਹੋ ਸਕਿਆ ਜਾਂ ਉਹ ਪਹਿਲਾਂ ਕਦੇ ਸਟੇਜ ਤੇ ਬੋਲਿਆ ਨਹੀਂ ਸੀ ਇਸ ਕਰਕੇ
ਇਤਨਾ ਘਬਰਾਇਆ ਹੋਇਆ ਸੀ? ਹੋ ਸਕਦਾ ਹੈ ਦੋਹਾਂ ਕਾਰਨਾਂ ਦਾ ਸਾਂਝਾ ਅਸਰ ਹੋਵੇ। ਉਹ ਥੋੜ੍ਹੀ ਦੇਰ
ਤਾਂ ਬੇਜਾਨ ਅੱਖਾਂ ਨਾਲ ਸੰਗਤ ਵੱਲ ਵੇਖਦਾ ਰਿਹਾ ਫੇਰ ਕੁੱਝ ਹਿੰਮਤ ਕਰ ਕੇ ਬੋਲਿਆ, “ਸੰਗਤ ਜੀ!
ਫੌਜਾਂ ਨੇ ਸਾਡਾ ਦਰਬਾਰ ਸਾਹਿਬ ਗੋਲੀਆਂ ਨਾਲ ਛਲਨੀ ਕਰ ਦਿੱਤਾ ਹੈ, ਸਾਡਾ ਅਕਾਲ ਤਖਤ ਸਾਹਿਬ ਢਾਹ
ਦਿੱਤਾ ਹੈ … “, ਕਹਿੰਦੇ ਹੋਏ ਉਸ ਦੀਆਂ ਭੁੱਬਾਂ ਨਿਕਲ ਗਈਆਂ ਅਤੇ ਇੰਝ ਲਗਿਆ ਜਿਵੇਂ ਉਹ ਚੱਕਰ ਖਾ
ਕੇ ਡਿੱਗ ਪਵੇਗਾ। ਨੇੜੇ ਬੈਠੇ ਬਲਦੇਵ ਸਿੰਘ ਨੇ ਉਠ ਕੇ ਉਸ ਨੂੰ ਸੰਭਾਲਿਆ, ਕੋਲ ਹੀ ਬੈਠਾ ਇੱਕ ਹੋਰ
ਵੀਰ ਭੱਜ ਕੇ ਪਾਣੀ ਦਾ ਗੱਲਾਸ ਲੈ ਆਇਆ ਅਤੇ ਉਸ ਨੂੰ ਪਿਲਾਇਆ। ਸਾਰੀ ਸੰਗਤ ਵਿੱਚ ਘਬਰਾਹਟ ਜਿਹੀ
ਫੈਲ ਗਈ। ਸਟੇਜ ਸਕੱਤਰ ਨੇ ਉਠ ਕੇ ਮਾਈਕ ਸੰਭਾਲ ਲਿਆ ਅਤੇ ਬੋਲਿਆ, “ਸਤਿਕਾਰ ਯੋਗ ਸਾਧ ਸੰਗਤ! ਆਪ
ਜੀ ਨੇ ਵੇਖਿਆ ਹੈ ਕਿ ਵੀਰ ਸੁਰਮੁਖ ਸਿੰਘ ਜੀ ਕੈਸੀ ਮਾਨਸਿਕ ਹਾਲਤ ਵਿੱਚੋਂ ਗੁਜ਼ਰ ਰਹੇ ਹਨ। ਅਸੀਂ
ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਕਿਤਨਾ ਜ਼ੁਲਮ ਵੇਖ ਕੇ ਅਤੇ ਸੰਤਾਪ ਭੋਗ ਕੇ ਆਏ ਹਨ।
ਉਨ੍ਹਾਂ ਦੀ ਹਾਲਤ ਵੇਖ ਕੇ ਮੈਨੂੰ ਨਹੀਂ ਲਗਦਾ ਕਿ ਉਹ ਇਸ ਵੇਲੇ ਹੋਰ ਵਿੱਚਾਰ ਸੰਗਤਾਂ ਨਾਲ ਸਾਂਝੇ
ਕਰ ਸਕਣਗੇ, ਸੋ ਅਸੀਂ ਫੇਰ ਕਿਸੇ ਵੇਲੇ ਉਨ੍ਹਾਂ …. .” ਅਜੇ ਲਫਜ਼ ਉਸ ਦੇ ਮੂੰਹ ਵਿੱਚ ਹੀ ਸਨ ਕਿ
ਸੁਰਮੁਖ ਸਿੰਘ ਉਠ ਕੇ ਖੜੋਂਦਾ ਹੋਇਆ ਬੋਲਿਆ, “ਨਹੀਂ ਸਕੱਤਰ ਸਾਬ੍ਹ! ਮੈਂ ਹੁਣ ਠੀਕ ਹਾਂ” ਕਹਿੰਦਾ
ਹੋਇਆ ਉਹ ਮਾਈਕ ਕੋਲ ਆ ਗਿਆ ਅਤੇ ਸਕੱਤਰ ਨੇ ਮਾਈਕ ਉਸ ਦੇ ਹਵਾਲੇ ਕਰ ਦਿੱਤਾ। ਜਾਪਦਾ ਸੀ ਉਸ ਨੇ
ਆਪਣੇ ਆਪ ਨੂੰ ਕਾਫੀ ਸੰਭਾਲ ਲਿਆ ਸੀ ਕਿਉਂਕਿ ਹੁਣ ਉਹ ਪਹਿਲੇ ਨਾਲੋਂ ਕਾਫੀ ਵਧੇਰੇ ਵਿਸ਼ਵਾਸ ਨਾਲ
ਖੜ੍ਹਾ ਸੀ। ਉਸ ਨੇ ਆਪਣੇ ਵਿੱਚਾਰ ਸ਼ੁਰੂ ਕੀਤੇ, “ਸਾਧ ਸੰਗਤ ਜੀ! ਮੈਂ ਅੰਮ੍ਰਿਤਸਰ ਪਹਿਲੀ ਤਾਰੀਖ
ਨੂੰ ਪਹੁੰਚਿਆ ਸੀ, ਇੱਕ ਤਾਂ ਮੈਂ ਰਿਸ਼ਤੇਦਾਰੀ ਵਿੱਚ ਕੁੱਝ ਜ਼ਰੂਰੀ ਕੰਮ ਲਈ ਮਿਲਣਾ ਸੀ ਦੂਜਾ
ਸਤਿਗੁਰੂ ਰਾਮਦਾਸ ਪਾਤਿਸ਼ਾਹ ਦੇ ਦਰਬਾਰ ਦੇ ਦਰਸ਼ਨ ਕਰਨ ਦਾ ਵੀ ਬੜਾ ਚਾਅ ਸੀ, ਬੜਾ ਲੰਮਾ ਸਮਾਂ ਹੋ
ਗਿਆ ਸੀ ਦਰਬਾਰ ਸਾਹਿਬ ਦੇ ਦਰਸ਼ਨ ਕੀਤਿਆਂ। ਮੇਰੇ ਚਚੇਰੇ ਵੱਡੇ ਭਰਾ ਨਹਿਰੀ ਮਹਿਕਮੇਂ ਵਿੱਚ ਚੰਗੇ
ਅਫਸਰ ਲਗੇ ਹੋਏ ਹਨ, ਉਥੇ ਰੇਲਵੇ ਸ਼ਟੇਸ਼ਨ ਤੋਂ ਥੋੜ੍ਹੀ ਦੂਰ ਹੀ ਉਨ੍ਹਾਂ ਨੂੰ ਸਰਕਾਰੀ ਕੋਠੀ ਮਿਲੀ
ਹੋਈ ਹੈ, ਮੈਂ ਉਨ੍ਹਾਂ ਕੋਲ ਹੀ ਠਹਿਰਿਆ। ਮੈਂ ਦੁਪਹਿਰ ਵੇਲੇ ਉਨ੍ਹਾਂ ਦੇ ਘਰ ਪਹੁੰਚਿਆ, ਮੇਰੇ ਆਉਣ
ਦਾ ਸੁਣ ਕੇ ਮੇਰੇ ਭਾਈ ਸਾਬ੍ਹ ਵੀ ਦੁਪਹਿਰ ਦੇ ਖਾਣੇ ਵਾਸਤੇ ਘਰ ਆ ਗਏ ਸਨ। ਖਾਣੇ ਤੋਂ ਬਾਅਦ ਮੈਂ
ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਂ ਪਹਿਲਾਂ ਦਰਬਾਰ ਸਾਹਿਬ ਹਾਜ਼ਰੀ ਭਰਨ ਜਾਣਾ ਚਾਹੁੰਦਾ ਹਾਂ। ਉਹ
ਕਹਿਣ ਲੱਗੇ ਕਿ ਤੁਸੀਂ ਥੱਕੇ ਆਏ ਹੋ ਪਹਿਲਾਂ ਥੋੜ੍ਹਾ ਅਰਾਮ ਕਰ ਲਓ। ਭਾਈ ਸਾਬ੍ਹ ਤਾਂ ਦਫਤਰ ਚਲੇ
ਗਏ ਤੇ ਮੈਂ ਥੋੜ੍ਹੀ ਦੇਰ ਅਰਾਮ ਕਰ ਕੇ ਆਪਣੀ ਭਰਜਾਈ ਨੂੰ ਕਿਹਾ, ਬਈ ਮੈਨੂੰ ਰਾਹ ਪਾਓ, ਮੈਂ
ਸਤਿਗੁਰੂ ਦੇ ਦਰਸ਼ਨ ਕਰ ਆਵਾਂ ਤਾਂ ਉਹ ਕਹਿਣ ਲੱਗੇ, ਤੁਹਾਡੇ ਵੀਰ ਜੀ ਦਾ ਹੁਣੇ ਟੈਲੀਫੋਨ ਆਇਆ ਸੀ
ਕਿ ਦਰਬਾਰ ਸਾਹਿਬ ਵੱਲ ਹਾਲਾਤ ਠੀਕ ਨਹੀਂ, ਉਨ੍ਹਾਂ ਤੁਹਾਨੂੰ ਅਜੇ ਰੁਕਣ ਲਈ ਕਿਹੈ। ਕਹਿੰਦੇ ਸੀ,
ਮੈਂ ਆ ਕੇ ਆਪ ਨਾਲ ਲੈ ਜਾਵਾਂਗਾ। ਮੈਂ ਬੜਾ ਹੈਰਾਨ ਹੋਇਆ ਕਿ ਦਰਬਾਰ ਸਾਹਿਬ ਭਲਾ ਕਾਹਦੇ ਹਾਲਾਤ
ਖਰਾਬ ਹੋਣੇ ਨੇ? ਪਰ ਕੁੱਝ ਸਮਝ ਨਹੀਂ ਸੀ ਪੈ ਰਹੀ, ਸੋਚਿਆ ਉਸ ਇਲਾਕੇ ਵਿੱਚ ਕੋਈ ਝਗੜਾ ਨਾ ਹੋ ਗਿਆ
ਹੋਵੇ? ਵਿੱਚੋਂ ਵਿੱਚੋਂ ਕਈ ਵਾਰੀ ਪਟਾਕੇ ਜਿਹੇ ਚਲਣ ਦੀ ਅਵਾਜ਼ ਆਉਂਦੀ ਰਹੀ ਪਰ ਮੈਂ ਉਸ ਵੱਲ ਕੋਈ
ਬਹੁਤਾ ਧਿਆਨ ਨਹੀਂ ਦਿੱਤਾ। ਸ਼ਾਮ ਨੂੰ ਵੀਰ ਜੀ ਦਫਤਰੋਂ ਵਾਪਸ ਆਏ ਤਾਂ ਚਾਹ ਪੀਕੇ ਮੈਂ ਫੇਰ ਕਿਹਾ
ਬਈ ਹੁਣ ਪਹਿਲਾਂ ਦਰਬਾਰ ਸਾਹਿਬ ਦਰਸ਼ਨ ਕਰ ਆਈਏ। ਅਗੋਂ ਵੀਰ ਜੀ ਕਹਿਣ ਲਗੇ, ‘ਸੁਰਮੁਖ! ਅੱਜ ਸੀ.
ਆਰ. ਪੀ. ਐਫ. ਨੇ ਦਰਬਾਰ ਸਾਹਿਬ ਅੰਦਰ ਗੋਲੀਬਾਰੀ ਕੀਤੀ ਏ, ਪਤਾ ਲੱਗੈ, ਉਥੇ ਕਈ ਸਿੱਖ ਯਾਤਰੂ
ਸ਼ਹੀਦ ਹੋ ਗਏ ਨੇ ਤੇ ਬਹੁਤ ਜ਼ਖਮੀਂ ਹੋ ਗਏ ਨੇ, ਅੱਜ ਉਥੇ ਜਾਣਾ ਠੀਕ ਨਹੀਂ, ਕੱਲ ਚਲਾਂਗੇ।’ ਉਸ
ਵੇਲੇ ਮੈਨੂੰ ਉਨ੍ਹਾਂ ਪਟਾਕਿਆਂ ਵਰਗੀ ਅਵਾਜ਼ ਦੀ ਸਮਝ ਪਈ ਜੋ ਅਜੇ ਵੀ ਆ ਰਹੀ ਸੀ। ਮੈਂ ਸਹਿਜੇ ਹੀ
ਅੰਦਾਜ਼ਾ ਲਾ ਸਕਦਾ ਸੀ ਕਿ ਗੋਲੀਬਾਰੀ ਵਿੱਚ ਸਿਰਫ ਬੰਦੂਕਾਂ ਨਹੀਂ ਬਲਕਿ ਵੱਡੇ ਹਥਿਆਰ ਵਰਤੇ ਜਾ ਰਹੇ
ਨੇ, ਜਿਹੜੀ ਅਵਾਜ਼ ਇਤਨੀ ਦੂਰ ਤੱਕ ਆ ਰਹੀ ਹੈ। ਮੈਨੂੰ ਪਤਾ ਸੀ ਉਥੋਂ ਦਰਬਾਰ ਸਾਹਿਬ ਦੋ ਤਿੰਨ
ਕਿਲੋਮੀਟਰ ਤਾਂ ਜ਼ਰੂਰ ਹੋਵੇਗਾ। ਸੁਣ ਕੇ ਮੈਂ ਤਾਂ ਤੜਫ ਉਠਿਆ, ਸਾਡੇ ਸਤਿਗੁਰੂ ਦੇ ਦਰਬਾਰ `ਤੇ
ਗੋਲੀਬਾਰੀ, ਮੈਂ ਕਿਹਾ ਕੋਈ ਨਹੀਂ ਤੁਸੀਂ ਮੈਨੂੰ ਜਾਣ ਦਿਓ, ਜੇ ਸ਼ਹੀਦ ਹੋ ਗਿਆ ਤਾਂ ਕੀ ਹੈ? ਆਪਣੇ
ਸਤਿਗੁਰੂ ਦੇ ਦਰਬਾਰ ਦੀ ਐਸੀ ਬੇਅਦਬੀ ਸੁਣ ਕੇ ਮੈਂ ਨਹੀਂ ਰਹਿ ਸਕਦਾ। ਉਨ੍ਹਾਂ ਜ਼ਬਰਦਸਤੀ ਰੋਕ ਲਿਆ,
ਕਹਿੰਦੇ ਅਸੀਂ ਵੀ ਸਾਰੇ ਤੜਫ ਰਹੇ ਹਾਂ ਪਰ ਇਹ ਸਮਾਂ ਭਾਵੁਕ ਹੋਣ ਦਾ ਨਹੀਂ, ਜਾਨ ਅਜਾਈਂ ਗੁਆਉਣ ਦਾ
ਕੀ ਲਾਭ? ਮੈਨੂੰ ਜਾਪਿਆ ਉਨ੍ਹਾਂ ਨੂੰ ਬਹੁਤੀ ਚਿੰਤਾ ਇਸ ਗੱਲ ਦੀ ਹੈ ਕਿ ਮੈਂ ਮਹਿਮਾਨ ਹਾਂ, ਜੇ
ਕੁੱਝ ਵਾਪਰ ਗਿਆ ਤਾਂ ਉਹ ਕੀ ਮੂੰਹ ਵਿਖਾਉਣਗੇ?
ਰਾਤ ਦੀਆਂ ਖ਼ਬਰਾਂ ਤੋਂ ਪਤਾ ਲੱਗਾ ਕਿ ਸਾਰੇ ਸ਼ਹਿਰ ਵਿੱਚ 36 ਘੰਟੇ ਦਾ ਕਰਫਿਊ ਲਗਾ ਦਿੱਤਾ ਗਿਐ।
ਮੈਂ ਤਾਂ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਸਾਂ ਕਿ ਦੋ ਸੌ ਸਾਲ
ਪਹਿਲੇ ਅਬਦਾਲੀ ਨੇ ਦਰਬਾਰ ਸਾਹਿਬ `ਤੇ ਹਮਲਾ ਕੀਤਾ ਸੀ ਪਰ ਇਹ ਤਾਂ ਕਦੀ ਖੁਆਬ ਵਿੱਚ ਵੀ ਨਹੀਂ ਸੀ
ਸੋਚਿਆ ਕਿ ਅਜ਼ਾਦ ਭਾਰਤ ਵਿੱਚ ਵੀ ਐਸਾ ਹੋ ਸਕਦਾ ਹੈ, ਆਪਣੇ ਦੇਸ਼ ਦੀ ਸਰਕਾਰ ਵੀ ਐਸਾ ਕਰ ਸਕਦੀ ਹੈ।
ਅਗੱਲਾ ਸਾਰਾ ਦਿਨ ਕਰਫਿਊ ਵਿੱਚ ਹੀ ਬੀਤ ਗਿਆ, ਸਾਰਾ ਦਿਨ ਘਰੀਂ ਡੱਕੇ ਇਹੀ ਸੋਚਦੇ ਤੇ ਵਿੱਚਾਰਦੇ
ਰਹੇ ਕਿ ਇਹ ਕੈਸਾ ਜ਼ੁਲਮ ਹੋ ਰਿਹੈ। ਸ਼ਾਮ ਨੂੰ ਰੇਡੀਓ ਅਤੇ ਟੀ. ਵੀ. `ਤੇ ਇੰਦਰਾ ਗਾਂਧੀ ਦਾ ਭਾਸ਼ਨ
ਸੁਣਾਇਆ ਗਿਆ, ਉਸ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਆਦਿ ਸਿੱਖਾਂ
ਦੀਆਂ ਮੰਗਾਂ ਛੇਤੀ ਹੀ ਮੰਨ ਲਈਆਂ ਜਾਣਗੀਆਂ। ਸੋਚਿਆ, ਚਲੋ ਸ਼ਾਂਤੀ ਹੋ ਜਾਵੇਗੀ, ਖਾੜਕੂ ਵੀ ਕੁੱਝ
ਸ਼ਾਂਤ ਹੋ ਜਾਣਗੇ ਪਰ ਰਾਤ ਦੀਆਂ ਖ਼ਬਰਾਂ ਤੋਂ ਪਤਾ ਲੱਗ ਗਿਆ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ
ਦਿੱਤਾ ਗਿਐ ਅਤੇ ਕਰਫਿਊ ਵੀ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਗਿਐ, ਬੜੀ ਹੈਰਾਨਗੀ ਹੋਈ ਕਿ ਪ੍ਰਧਾਨ
ਮੰਤਰੀ ਕਹਿ ਕੁੱਝ ਹੋਰ ਰਹੀ ਹੈ ਅਤੇ ਕਰ ਕੁੱਝ ਹੋਰ ਰਹੀ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਹੀ ਆਪਣੇ
ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਸੀ।
ਤਿੰਨ ਤਾਰੀਖ ਨੂੰ ਗੁਰੂ ਅਰਜੁਨ ਪਾਤਿਸ਼ਾਹ ਦਾ ਸ਼ਹੀਦੀ ਪੁਰਬ ਸੀ, ਬੜੇ ਤੜਫ ਰਹੇ ਸਾਂ ਕਿ ਇਤਨੇ ਮਹਾਨ
ਗੁਰਪੁਰਬ `ਤੇ ਘਰਾਂ ਵਿੱਚ ਡਕੇ ਹੋਏ ਹਾਂ। ਫੇਰ ਪਤਾ ਲਗਾ ਕਿ ਨੌਂ ਤੋਂ ਗਿਆਰਾਂ ਵਜੇ ਤੱਕ ਕਰਫਿਊ
ਵਿੱਚ ਢਿੱਲ ਦਿੱਤੀ ਗਈ ਹੈ, ਮੈਂ ਬੜਾ ਕਾਹਲਾ ਪੈ ਗਿਆ ਤੇ ਵੀਰ ਜੀ ਨੂੰ ਕਿਹਾ ਕਿ ਹੁਣੇ ਚਲੋ,
ਦਰਬਾਰ ਸਾਹਿਬ ਦਰਸ਼ਨ ਕਰ ਕੇ ਆਈਏ। ਉਹ ਆਪ ਵੀ ਤਿਆਰ ਹੀ ਬੈਠੇ ਸਨ ਤੇ ਨੌਂ ਵਜਦੇ ਹੀ ਅਸੀਂ ਘਰੋਂ
ਨਿਕਲ ਪਏ। ਭਾਬੀ ਜੀ ਤੇ ਮੇਰਾ ਭਤੀਜਾ ਵੀ ਆਉਣਾ ਚਾਹੁੰਦੇ ਸਨ ਪਰ ਭਾਈ ਸਾਬ੍ਹ ਨੇ ਇਹ ਕਹਿ ਕੇ ਰੋਕ
ਦਿੱਤਾ ਕਿ ਤੁਸੀ ਘਰ ਦਾ ਜ਼ਰੂਰੀ ਸਮਾਨ ਆਦਿ ਖਰੀਦ ਲਓ, ਹਾਲਾਤ ਚੰਗੇ ਨਹੀਂ ਲਗ ਰਹੇ। ਰਾਹ ਵਿੱਚ ਨਾ
ਕੋਈ ਗੁਰਪੁਰਬ ਦੀਆਂ ਰੌਣਕਾਂ ਨਾ ਰਵਾਇਤੀ ਛਬੀਲਾਂ, ਜੇ ਕੋਈ ਬੰਦੇ ਨਜ਼ਰ ਆਉਂਦੇ ਵੀ ਸਨ ਤਾਂ ਜਿਵੇਂ
ਹਰ ਕਿਸੇ ਨੂੰ ਕੋਈ ਭਾਜੜ ਪਈ ਹੋਵੇ, ਮਨ ਬੜਾ ਦੁਖੀ ਹੋਇਆ। ਹਰ ਪਾਸੇ ਫੌਜੀ ਅਤੇ ਸੀ. ਆਰ. ਪੀ. ਐਫ.
ਵਾਲੇ ਬੰਦੂਕਾਂ ਤਾਣ ਕੇ ਖੜ੍ਹੇ ਸਨ, ਪਰ ਦਰਬਾਰ ਸਾਹਿਬ ਦੇ ਨੇੜੇ ਤਾਂ ਇੰਝ ਸੀ ਜਿਵੇਂ ਹੁਣੇ ਗੋਲੀ
ਮਾਰ ਦੇਣਗੇ। ਸਾਰਾ ਰਸਤਾ ਇੰਝ ਜਾਪਦਾ ਸੀ ਜਿਵੇਂ ਅਸੀਂ ਕੋਈ ਗ਼ੁਲਾਮ ਹੋਈਏ। ਦਰਬਾਰ ਸਾਹਿਬ ਪਹੁੰਚ
ਕੇ ਤਾਂ ਮਨ ਜਿਵੇਂ ਧੂਹਿਆ ਗਿਆ, ਸਾਰੇ ਦਰਬਾਰ ਸਾਹਿਬ ਵਿੱਚ ਜਿਵੇਂ ਮਾਤਮ ਛਾਇਆ ਹੋਇਆ ਸੀ, ਸੰਗਤਾਂ
ਵਿੱਚ ਹਾਹਾਕਾਰ ਪਈ ਹੋਈ ਸੀ। ਪਤਾ ਲੱਗਾ ਕਿ ਪਰਸੋਂ ਦੀ ਗੋਲੀਬਾਰੀ ਵਿੱਚ 11 ਦਰਸ਼ਨ ਕਰਨ ਆਏ ਸ਼ਰਧਾਲੂ
ਸਿੰਘ ਸ਼ਹੀਦ ਹੋ ਗਏ ਸਨ ਅਤੇ ਕਈ ਦਰਜਨ ਜ਼ਖਮੀਂ ਹੋ ਗਏ ਸਨ। ਅੱਖਾਂ ਅਤੇ ਦਿਲ ਦੋਵੇਂ ਰੋ ਰਹੇ ਸਨ।
ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਤੋਂ ਬਾਅਦ ਜਦੋਂ ਬਹੁਤੀਆਂ ਸੰਗਤਾਂ ਨੂੰ ਉਪਰ ਛੱਤ ਵੱਲ ਜਾਂਦੇ
ਵੇਖਿਆ ਤਾਂ ਅਸੀਂ ਵੀ ਉਪਰ ਆ ਗਏ। ਉਪਰ ਆ ਕੇ ਤਾਂ ਸੀਨਾ ਫੱਟ ਗਿਆ, ਦਰਬਾਰ ਸਾਹਿਬ ਦਾ ਸੁਨਹਿਰੀ
ਗੁੰਬਦ ਗੋਲੀਆਂ ਨਾਲ ਛਲਨੀ ਹੋਇਆ ਪਿਆ ਸੀ, ਵੇਖ ਕੇ ਭੁੱਬਾਂ ਨਿਕਲ ਗਈਆਂ … …।” ਇਹ ਕਹਿੰਦੇ ਹੋਏ
ਸੁਰਮੁਖ ਸਿੰਘ ਦੀਆਂ ਸੱਚਮੁੱਚ ਭੁੱਬਾਂ ਨਿਕਲ ਗਈਆਂ। ਸਟੇਜ ਸਕੱਤਰ ਉਠ ਕੇ ਅੱਗੇ ਹੋਣ ਲੱਗਾ ਤਾਂ ਉਸ
ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ। ਸੰਗਤਾਂ ਵੱਲ ਵੇਖਿਆ ਤਾਂ ਬਹੁਤੀ ਸੰਗਤ ਵੀ ਹਉਕੇ ਭਰ ਰਹੀ
ਸੀ। ਸੰਗਤ ਵਿੱਚ ਬੈਠੇ ਕੁੱਝ ਨੌਜੁਆਨਾਂ ਦੇ ਚਿਹਰੇ ਅੱਗ ਵਾਂਗੂ ਦਹਿਕ ਰਹੇ ਸਨ। ਉਸ ਨੇ ਆਪਣੇ ਆਪ
ਨੂੰ ਥੋੜ੍ਹਾ ਜਿਹਾ ਸੰਭਾਲਿਆ ਅਤੇ ਪਾਣੀ ਦੀ ਮੰਗ ਕੀਤੀ। ਸਟੇਜ ਦੇ ਨੇੜੇ ਬੈਠਾ ਉਹੀ ਗੁਰਸਿੱਖ ਭੱਜ
ਕੇ ਪਾਣੀ ਦਾ ਗਲਾਸ ਲੈ ਆਇਆ। ਰੁਮਾਲ ਨਾਲ ਨੱਕ ਸਾਫ ਕਰਕੇ ਉਸ ਪਾਣੀ ਪੀਤਾ ਤੇ ਫੇਰ ਮਾਈਕ ਦੇ ਅੱਗੇ
ਹੋ ਕੇ ਬੋਲਿਆ, “ਸਾਧ ਸੰਗਤ ਜੀ! ਖਿਮਾਂ ਕਰਨਾ, ਮੈਂ ਕੋਈ ਬੁਲਾਰਾ ਨਹੀਂ ਬਲਕਿ ਮੈਂ ਤਾਂ ਪਹਿਲੀ
ਵਾਰ ਸਟੇਜ `ਤੇ ਬੋਲ ਰਿਹਾ ਹਾਂ, ਇਹ ਤਾਂ ਵਾਹਿਗੁਰੂ ਨੇ ਹੀ ਕੋਈ ਹਿੰਮਤ ਬਖਸ਼ ਦਿੱਤੀ ਹੈ, ਖੜ੍ਹੇ
ਹੋਣ ਲੱਗੇ ਤਾਂ ਲੱਤਾਂ ਕੰਬ ਰਹੀਆਂ ਸਨ, ਜਾਪਦਾ ਸੀ ਹੁਣੇ ਡਿੱਗ ਪਵਾਂਗਾ।”
ਇਸ ਤੋਂ ਬਾਅਦ ਫੇਰ ਉਸ ਨੇ ਆਪਣੀ ਅੰਮ੍ਰਿਤਸਰ ਫੇਰੀ ਦਾ ਵਰਤਾਂਤ ਦੱਸਣਾ ਸ਼ੁਰੂ ਕਰ ਦਿੱਤਾ, “ਜਿਵੇਂ
ਸੰਗੀਨਾਂ ਦੇ ਸਾਏ ਵਿੱਚ ਗਏ ਸਾਂ, ਗੁਲਾਮਾਂ ਵਾਲੀ ਹਾਲਤ ਵਿੱਚ ਥਾਂ ਥਾਂ ਤਲਾਸ਼ੀਆਂ ਦੇਂਦੇ ਹੋਏ
ਵਾਪਸ ਘਰ ਪਰਤ ਆਏ। ਬਹੁਤ ਸਾਰੀਆਂ ਸੰਗਤਾਂ ਨੂੰ ਤਾਂ ਫੌਜ ਨੇ ਪੁੱਛ-ਪੜਤਾਲ ਲਈ ਦਰਬਾਰ ਸਾਹਿਬ ਦੇ
ਬਾਹਰ ਹੀ ਰੋਕ ਲਿਆ, ਉਨ੍ਹਾਂ ਦੀਆਂ ਆਪਣੀਆਂ ਪੱਗਾਂ ਲਾਹ ਕੇ ਉਸੇ ਨਾਲ ਉਨ੍ਹਾਂ ਦੇ ਹੱਥ ਪੈਰ ਬੰਨ੍ਹ
ਲਏ। ਪਤਾ ਲੱਗਾ ਹੈ ਕਿ ਉਨ੍ਹਾਂ ਵਿੱਚੋਂ ਬਹੁਤੇ ਤਾਂ ਅਜੇ ਤੱਕ ਉਨ੍ਹਾਂ ਦੇ ਕਬਜ਼ੇ ਵਿੱਚ ਹਨ। ਅਸੀਂ
ਤਾਂ ਕਿਸਮਤ ਵਾਲੇ ਨਿਕਲੇ, ਮੇਰੇ ਵੀਰ ਜੀ ਦਾ ਨੌਕਰੀ ਦਾ ਪਹਿਚਾਣ ਪੱਤਰ ਸਾਡੇ ਕੰਮ ਆ ਗਿਆ, ਨਹੀਂ
ਤਾਂ, ਪਤਾ ਨਹੀਂ ਕੀ ਬਣਨਾ ਸੀ? ਅੰਮ੍ਰਿਤਸਰ ਦੇ ਹਾਲਾਤ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਾ ਲਓ
ਕਿ ਪੰਦਰ੍ਹਾਂ ਦਿਨ ਗੁਰੂ ਕੀ ਨਗਰੀ ਵਿੱਚ ਰਹਿਣ ਦੇ ਬਾਵਜੂਦ ਉਹ ਮੇਰਾ ਦਰਬਾਰ ਸਾਹਿਬ ਦੇ ਦਰਸ਼ਨਾਂ
ਦਾ ਪਹਿਲਾ ਤੇ ਆਖਰੀ ਮੌਕਾ ਸੀ, ਉਸ ਤੋਂ ਬਾਅਦ ਤਾਂ ਬਸ ਘਰਾਂ ਵਿੱਚ ਡੱਕੇ ਹੋਏ ਹੀ ਤੜਫਦੇ ਰਹੇ
ਹਾਂ। ਸਾਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ, ਹਰ ਤਰ੍ਹਾਂ ਦੀਆਂ ਗੱਡੀਆਂ, ਬੱਸਾਂ, ਇਥੋਂ ਤੱਕ ਕੇ
ਸਾਈਕਲ ਤੇ ਬੈਲ ਗੱਡੀਆਂ ਚੱਲਣ `ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਪਤਾ ਲੱਗਾ ਕਿ ਅੰਦਰ ਸ਼ਹਿਰ ਵਿੱਚ
ਤਾਂ ਇਤਨੀ ਸਖਤੀ ਸੀ ਕਿ ਕੋਈ ਘਰੋਂ ਬਾਹਰ ਝਾਕ ਵੀ ਨਹੀਂ ਸੀ ਸਕਦਾ। ਸਾਡਾ ਘਰ ਇੱਕ ਤਾਂ ਸ਼ਹਿਰ ਤੋਂ
ਥੋੜ੍ਹਾ ਬਾਹਰ ਵਾਰ ਸੀ ਨਾਲੇ ਉਸ ਇਲਾਕੇ ਵਿੱਚ ਸਾਰੇ ਅਫਸਰਾਂ ਦੇ ਘਰ ਸਨ ਇਸ ਲਈ ਥੋੜ੍ਹੀ ਜਿਹੀ ਘੱਟ
ਕਰੜਾਈ ਸੀ।
ਅਗੱਲੇ ਦਿਨ ਫੌਜ ਨੇ ਦਰਬਾਰ ਸਾਹਿਬ ਤੇ ਪੂਰਾ ਹਮਲਾ ਬੋਲ ਦਿੱਤਾ। ਸਵੇਰੇ ਤੋਂ ਹੀ ਗੋਲੀਬਾਰੀ ਦੀਆਂ
ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਸਾਰਾ ਦਿਨ, ਸਾਰੀ ਰਾਤ ਚਲਦੀਆਂ ਰਹੀਆਂ। ਜਿਵੇਂ ਤੁਸੀ ਇਥੇ
ਰੇਡਿਓ ਅਤੇ ਟੈਲੀਵਿਜ਼ਨ ਰਾਹੀ ਖ਼ਬਰਾਂ ਸੁਣਦੇ ਰਹੇ ਹੋਵੋਗੇ, ਸਾਡੇ ਕੋਲ ਵੀ ਬੱਸ ਇਹੋ ਸਾਧਨ ਸੀ,
ਇਥੋਂ ਤੱਕ ਕਿ ਸਾਰੇ ਸ਼ਹਿਰ ਦੇ ਟੈਲੀਫੋਨ ਵੀ ਕੱਟ ਦਿਤੇ ਗਏ ਸਨ ਤਾਂਕਿ ਉਥੋਂ ਦੀ ਕੋਈ ਸੱਚੀ ਖ਼ਬਰ
ਬਾਹਰ ਨਾ ਜਾ ਸਕੇ ਅਤੇ ਨਾ ਹੀ ਕੋਈ ਆਪਸ ਵਿੱਚ ਇਸ ਸਬੰਧੀ ਗੱਲ ਕਰ ਸਕੇ।
ਪੰਜ ਤਰੀਕ ਸਵੇਰੇ ਵੀ ਉਸੇ ਤਰ੍ਹਾਂ ਗੋਲੀਬਾਰੀ ਚੱਲਣ ਦੀ ਅਵਾਜ਼ ਆਉਂਦੀ ਰਹੀ। ਦੁਪਹਿਰ ਤੋਂ ਬਾਅਦ
ਇੱਕ ਸੀ. ਆਰ. ਪੀ. ਐਫ. ਦਾ ਅਫਸਰ ਜੋ ਮੇਰੇ ਵੀਰ ਜੀ ਦਾ ਦੋਸਤ ਹੈ, ਸਾਡੇ ਘਰ ਆਇਆ ਅਤੇ ਦੱਸਿਆ ਕਿ
ਦਰਬਾਰ ਸਾਹਿਬ ਕੰਪਲੈਕਸ ਅੰਦਰ ਘੱਟੋ-ਘੱਟ 50-60 ਬੰਦੇ ਤਾਂ ਜ਼ਰੂਰ ਮਾਰੇ ਗਏ ਹੋਣਗੇ। ਉਸ ਨੇ ਹੀ
ਦੱਸਿਆ ਕਿ ਕੁੱਝ ਦੋਧੀ ਦੁੱਧ ਲੈ ਕੇ ਸ਼ਹਿਰ ਵੱਲ ਆ ਰਹੇ ਸਨ ਫੌਜ ਨੇ ਉਨ੍ਹਾਂ ਨੂੰ ਕਰਫਿਊ ਦੀ
ਉਲੰਘਣਾ ਕਰਨ ਦੇ ਦੋਸ਼ ਵਿੱਚ ਗੋਲੀ ਨਾਲ ਉੱਡਾ ਦਿੱਤਾ ਹੈ। ਕਰਫਿਊ ਪਹਿਲਾਂ ਵੀ ਲਗਦੇ ਸੁਣੇ ਅਤੇ
ਵੇਖੇ ਸਨ ਪਰ ਐਸਾ ਤਾਂ ਕਦੀ ਨਹੀਂ ਸੁਣਿਆ ਕਿ ਇਤਨੀ ਗੱਲ ਲਈ ਗੋਲੀ ਨਾਲ ਉੱਡਾ ਦਿੱਤਾ ਜਾਵੇ।
ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਸੀ। ਸਾਰਾ ਦਿਨ ਬਸ ਤੜਫਦੇ ਹੀ ਨਿਕਲ ਗਿਆ ਕਦੀ ਖ਼ਬਰਾਂ
ਸੁਣਨ ਲਈ ਟੈਲੀਵਿਜ਼ਨ ਲਾਉਂਦੇ, ਕਦੇ ਰੇਡਿਓ। ਕਦੇ ਆਕਾਸ਼ਬਾਣੀ, ਕਦੇ ਬੀ. ਬੀ. ਸੀ. ਅਤੇ ਕਦੇ
ਪਾਕਿਸਤਾਨ। ਆਪਣਾ ਟੈਲੀਵਿਜ਼ਨ ਅਤੇ ਰੇਡਿਓ ਤਾਂ ਬਸ ਆਪਣੀ ਸਰਕਾਰ ਦੀ ਭਾਸ਼ਾ ਹੀ ਬੋਲ ਰਹੇ ਸਨ, ਜੇ
ਖ਼ਬਰਾਂ ਦਾ ਕੋਈ ਸਹੀ ਪਤਾ ਲਗਦਾ ਸੀ ਤਾਂ ਬੀ. ਬੀ. ਸੀ. ਜਾਂ ਫੇਰ ਕੁੱਝ ਹੱਦ ਤੱਕ ਪਾਕਿਸਤਾਨ ਤੋਂ।
ਛਾਉਣੀ ਤੋਂ ਦਰਬਾਰ ਸਾਹਿਬ ਜਾਣ ਦਾ ਰਸਤਾ ਸਾਡੇ ਘਰ ਅੱਗੋਂ ਹੀ ਸੀ। ਸ਼ਾਮ ਨੂੰ ਸੜਕ ਤੋਂ ਕਈ ਟੈਂਕ
ਤੇ ਬਖਤਰਬੰਦ ਗੱਡੀਆਂ ਲੰਘ ਕੇ ਦਰਬਾਰ ਸਾਹਿਬ ਵੱਲ ਗਈਆਂ, ਉਨ੍ਹਾਂ ਦੇ ਲੰਘਣ ਦੇ ਸ਼ੋਰ ਨਾਲ ਸੜਕ `ਤੇ
ਇੱਕ ਸਨਾਟਾ ਜਿਹਾ ਛਾ ਗਿਆ ਅਤੇ ਸਾਡੇ ਦਿਲ ਹੋਰ ਸਹਿਮ ਗਏ। ਜਿਵੇਂ-ਜਿਵੇਂ ਰਾਤ ਦਾ ਹਨੇਰਾ ਵਧੀ
ਜਾਂਦਾ ਸੀ ਗੋਲੀਬਾਰੀ ਦੀ ਅਵਾਜ਼ ਹੋਰ ਵਧੀ ਜਾਂਦੀ ਸੀ। ਰਾਤ ਨੂੰ ਨੌਂ ਕੁ ਵਜੇ ਸਾਰੇ ਸ਼ਹਿਰ ਦੀ
ਬਿਜਲੀ ਕੱਟ ਦਿੱਤੀ ਗਈ। ਸਾਧ-ਸੰਗਤ ਜੀ! ਬੜੀ ਖਤਰਨਾਕ ਰਾਤ ਸੀ …. ।”
ਕਹਿੰਦੇ ਹੋਏ ਸੁਰਮੁਖ ਸਿੰਘ ਦੀਆਂ ਅੱਖਾਂ ਫੇਰ ਭਰ ਆਈਆਂ ਤੇ ਅਵਾਜ਼ ਭਰ-ਰ-ਰਾ ਗਈ। ਉਸ ਜ਼ਰਾ ਕੁ ਰੁੱਕ
ਕੇ ਰੁਮਾਲ ਨਾਲ ਅੱਖਾਂ ਸਾਫ ਕੀਤੀਆਂ ਅਤੇ ਗਲਾ ਸਾਫ ਕਰਕੇ ਫੇਰ ਬੋਲਣਾ ਸ਼ੁਰੂ ਕੀਤਾ, “ਤੋਪਾਂ ਚੱਲਣ
ਦੀ ਅਵਾਜ਼ ਬੜੀ ਜ਼ੋਰ ਨਾਲ ਆ ਰਹੀ ਸੀ। ਨੀਂਦ ਕਿਸ ਨੂੰ ਆਉਣੀ ਸੀ। ਥੱਲੇ ਮਨ ਨਾ ਟਿਕਦਾ ਤਾਂ ਕਦੇ ਛੱਤ
`ਤੇ ਚੜ੍ਹ ਜਾਂਦੇ। ਉਤੇ ਕਦੇ ਚੰਗਿਆੜੇ ਨਜ਼ਰ ਆਉਂਦੇ, ਕਦੇ ਅੱਗ ਦੇ ਗੋਲੇ। ਵਾਰ ਵਾਰ ਤੇਜ ਲਾਈਟ ਦੇ
ਗੋਲੇ ਛੱਡੇ ਜਾਂਦੇ, ਸ਼ਾਇਦ ਫੌਜ ਖਾੜਕੂਆਂ ਦਾ ਠੀਕ ਨਿਸ਼ਾਨਾ ਲਾਉਣ ਲਈ ਇਹ ਰੋਸ਼ਨੀ ਦੇ ਗੋਲੇ ਛੱਡਦੀ
ਹੋਵੇਗੀ ਕਿਉਂਕਿ ਉਸ ਤੋਂ ਬਾਅਦ ਤੋਪਾਂ, ਐਮ ਐਮ ਜੀ ਅਤੇ ਐਲ ਐਮ ਜੀ ਚਲਣ ਦੀ ਬਹੁਤ ਅਵਾਜ਼ ਸੁਣਾਈ
ਦੇਂਦੀ ਸੀ। ਗੋਲੀ ਦੀ ਹਰ ਅਵਾਜ਼ ਸਾਡੀ ਛਾਤੀ ਪਾੜ ਕੇ ਲੰਘਦੀ, ਹਰ ਗੋਲਾ ਸਾਡੇ ਸੀਨੇ `ਤੇ ਆ ਕੇ
ਵਜਦਾ। ਵੀਰ ਜੀ ਨੇ ਦੱਸਿਆ ਕਿ 1965 ਦੀ ਭਾਰਤ-ਪਾਕਿ ਜੰਗ ਵੇਲੇ ਵੀ ਉਹ ਅੰਮ੍ਰਿਤਸਰ ਹੀ ਸਨ, ਇਤਨੀ
ਭਾਰੀ ਗੋਲਾਬਾਰੀ ਤਾਂ ਉਸ ਵੇਲੇ ਵੀ ਨਹੀਂ ਸੀ ਵੇਖੀ। ਸਾਰੀ ਰਾਤ ਕਦੇ ਛੱਤ `ਤੇ ਅਤੇ ਕਦੇ ਥੱਲੇ, ਬਸ
ਹਰ ਵੇਲੇ ਅਰਦਾਸਾਂ ਹੀ ਕਰਦੇ ਰਹੇ। ਸਾਰੀ ਰਾਤ ਸਾਹਮਣੀ ਸੜਕ `ਤੇ ਫੌਜੀ ਗੱਡੀਆਂ ਦੀ ਆਵਾਜਾਈ ਲੱਗੀ
ਰਹੀ। ਵਾਹਿਗੁਰੂ ਜਾਣੇ ਕੀ ਸੀ? ਅਸੀਂ ਤਾਂ ਅੰਦਾਜ਼ੇ ਹੀ ਲਾਉਂਦੇ ਰਹੇ ਕਿ ਮਾਰੇ ਗਏ ਜਾਂ ਜ਼ਖਮੀਂ
ਫੌਜੀਆਂ ਨੂੰ ਕੈਂਪ ਵਿੱਚ ਲਿਆਂਦਾ ਜਾ ਰਿਹਾ ਹੋਵੇਗਾ।
ਸਵੇਰੇ ਹੀ ਖ਼ਬਰ ਆ ਗਈ ਕਿ ਕਰਫਿਊ ਤੇ ਹੋਰ ਪਾਬੰਦੀਆਂ ਕਲ ਸਵੇਰੇ ਨੌਂ ਵਜੇ ਤੱਕ ਵਧਾ ਦਿੱਤੀਆਂ ਗਈਆਂ
ਸਨ। ਤੁਸੀਂ ਵੀ ਸੁਣਿਆ ਹੀ ਹੋਵੇਗਾ, ਦੁਪਹਿਰੇ ਬੀ. ਬੀ. ਸੀ. ਨੇ ਖ਼ਬਰ ਦਿੱਤੀ ਸੀ ਕਿ ਰਾਤ ਫੌਜ
ਟੈਂਕਾਂ ਸਮੇਤ ਦਰਬਾਰ ਸਾਹਿਬ ਵਿੱਚ ਦਾਖਲ ਹੋ ਗਈ ਸੀ। ਦਰਬਾਰ ਸਾਹਿਬ ਅੰਦਰ ਲਾਸ਼ਾਂ ਦੇ ਢੇਰ ਲੱਗੇ
ਹੋਏ ਹਨ। ਹਾਲਾਤ ਐਸੇ ਸਨ ਕਿ ਅੰਮ੍ਰਿਤਸਰ ਵਿੱਚ ਬੈਠੇ ਵੀ ਕੁੱਝ ਨਹੀਂ ਸਾਂ ਕਰ ਸਕਦੇ, ਸਿਵਾਏ ਇਸਦੇ
ਕਿ ਅੰਦਰ ਹੀ ਬੈਠੇ ਤੜਫੀ ਜਾਈਏ ਤੇ ਜਾਂ ਅਥਰੂ ਵਹਾਈ ਜਾਈਏ। ਦੁਪਹਿਰ ਨੂੰ ਹਿੰਦੀ ਦੀਆਂ ਖ਼ਬਰਾਂ
ਵਿੱਚ ਦੱਸਿਆ ਗਿਆ ਕਿ ਸ਼ਾਮ 3 ਤੋਂ 5 ਵਜੇ ਤੱਕ ਕਰਫਿਊ ਵਿੱਚ ਢਿਲ ਦਿੱਤੀ ਗਈ ਹੈ। ਮੈਂ ਸੁਣਦੇ ਹੀ
ਆਪਣੇ ਵੀਰ ਜੀ ਨੂੰ ਕਿਹਾ ਕਿ ਚਲੋ ਦਰਬਾਰ ਸਾਹਿਬ ਵੱਲ ਚੱਕਰ ਮਾਰ ਕੇ ਆਈਏ। ਉਨ੍ਹਾਂ ਇਹ ਕਹਿ ਕੇ
ਰੋਕ ਦਿੱਤਾ ਕਿ ਨਹੀਂ ਦਰਬਾਰ ਸਾਹਿਬ ਨੇੜੇ ਕਿਸੇ ਨਹੀਂ ਜਾਣ ਦੇਣਾ। ਭਾਬੀ ਜੀ ਨੂੰ ਘਰ ਦਾ ਜ਼ਰੂਰੀ
ਸਮਾਨ ਖਰੀਦ ਕੇ ਲਿਆਉਣ ਲਈ ਕਹਿ ਕੇ ਉਹ ਤਿਆਰ ਹੋ ਕੇ ਪੂਰੇ ਤਿੰਨ ਵਜੇ ਕਿਧਰੇ ਨਿਕਲ ਗਏ, ਮੈਂ ਬੜਾ
ਕਿਹਾ ਮੈਨੂੰ ਵੀ ਨਾਲ ਲੈ ਚਲੋ ਪਰ ਕਹਿਣ ਲਗੇ ਨਹੀਂ ਜਿਥੇ ਜਾ ਰਿਹਾਂ ਉਥੇ ਤੁਹਾਨੂੰ ਨਹੀਂ ਲਿਜਾ
ਸਕਦਾ, ਤੁਸੀਂ ਘਰ ਹੀ ਠਹਿਰੋ। ਮੇਰੇ ਕੋਲੋਂ ਵੀ ਘਰ ਕਿਥੋਂ ਠਹਿਰਿਆ ਜਾਣਾ ਸੀ, ਉਨ੍ਹਾਂ ਦੇ ਮਗਰ ਹੀ
ਮੈਂ ਵੀ ਸ਼ਹਿਰ ਵੱਲ ਨਿਕਲ ਤੁਰਿਆ, ਮੇਰਾ ਭਤੀਜਾ ਵੀ ਮੇਰੇ ਨਾਲ ਚਲ ਪਿਆ। ਸ਼ਹਿਰ ਵਿੱਚ ਅਸੀਂ ਵੇਖਿਆ
ਹਿੰਦੂ ਭਾਈਚਾਰਾ ਬੜਾ ਖੁਸ਼ੀਆਂ ਮਨਾ ਰਿਹਾ ਸੀ, ਜਿਥੇ ਵੀ ਕੋਈ ਫੌਜੀ ਨਜ਼ਰ ਆਉਣ, ਉਹ ਉਨ੍ਹਾਂ ਦਾ ਬੜਾ
ਸਤਿਕਾਰ ਕਰਦੇ, ਉਨ੍ਹਾਂ ਨੂੰ ਲੱਡੂ ਪੂੜੀਆਂ ਕੜਾਹ ਖੁਆਉਂਦੇ ਅਤੇ ਹਾਰ ਪਾਂਦੇ ਵੇਖੇ। ਹਾਲ ਗੇਟ ਕੋਲ
ਪੁੱਜੇ ਤਾਂ ਹਾਲ ਬਜ਼ਾਰ ਅੰਦਰ ਸਫੈਦੀ ਨਾਲ ਲਿਖਿਆ ਸੀ, ‘Welcome to Indian army’ (ਭਾਰਤੀ ਫੌਜ
ਨੂੰ ਜੀ ਆਇਆਂ)। ਬੜਾ ਦੁੱਖ ਲਗਾ ਕਿ ਸਾਡੇ ਭਰਾ ਹੋਣ ਦਾ ਦਾਅਵਾ ਕਰਨ ਵਾਲੇ ਸਾਡਾ ਦੁੱਖ ਵੰਡਾਉਣ ਦੀ
ਬਜਾਏ, ਖੁਸ਼ੀਆਂ ਮਨਾ ਰਹੇ ਸਨ। ਉਥੋਂ ਤੱਕ ਟੈਂਕ ਤੇ ਬਖਤਰਬੰਦ ਗੱਡੀਆਂ ਖੜ੍ਹੀਆਂ ਸਨ। ਮੇਰਾ ਭਤੀਜਾ
ਕਹਿਣ ਲਗਾ ਕਿ ਹੁਣ ਹੋਰ ਅਗੇ ਜਾਣਾ ਠੀਕ ਨਹੀਂ, ਨਾਲੇ ਟਾਈਮ ਬਹੁਤ ਹੋ ਗਿਐ ਮਸਾਂ ਹੀ ਪੰਜ ਵਜੇ ਤੱਕ
ਘਰ ਪਹੁੰਚਾਂਗੇ, ਸੋ ਅਸੀਂ ਉਥੋਂ ਹੀ ਵਾਪਸ ਮੁੜ ਪਏ।
ਅਸੀਂ ਪੰਜ ਵਜੇ ਤੋਂ ਪਹਿਲਾਂ ਘਰ ਮੁੜ ਆਏ, ਵੀਰ ਜੀ ਵੀ ਉਸੇ ਵੇਲੇ ਹੀ ਪਹੁੰਚੇ ਸਨ। ਅਸਲ ਵਿੱਚ
ਸਰਕਾਰੀ ਅਫਸਰ ਹੋਣ ਕਰਕੇ ਮੇਰੇ ਵੀਰ ਜੀ ਦੇ ਹੋਰ ਕਈ ਸਰਕਾਰੀ ਅਫਸਰਾਂ ਨਾਲ ਦੋਸਤਾਨਾ ਸਬੰਧ ਸਨ,
ਜਿਨ੍ਹਾਂ ਤੋਂ ਉਹ ਕੁੱਝ ਦਰਬਾਰ ਸਾਹਿਬ ਦੇ ਅੰਦਰਲੇ ਹਾਲਾਤ ਦਾ ਪਤਾ ਕਰਨ ਗਏ ਸਨ। ਉਨ੍ਹਾਂ ਦੱਸਿਆ
ਕਿ ਇਤਨਾ ਸਹਿਮ ਹੈ ਕਿ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ, ਕਹਿਣ ਲੱਗੇ, ਮੈਂ ਤੁਹਾਨੂੰ ਵੀ ਇਸੇ
ਕਰਕੇ ਨਹੀਂ ਸੀ ਲੈ ਕੇ ਗਿਆ ਕਿ ਤੁਹਾਡੇ ਸਾਹਮਣੇ ਤਾਂ ਕਿਸੇ ਨੇ ਲਫਜ਼ ਵੀ ਨਹੀਂ ਸੀ ਬੋਲਣਾ। ਬਸ ਇਹੀ
ਪਤਾ ਲੱਗਾ ਹੈ ਕਿ ਫੌਜ ਰਾਤੀ ਟੈਂਕਾਂ ਤੋਪਾਂ ਸਮੇਤ ਦਰਬਾਰ ਸਾਹਿਬ ਦੀ ਪ੍ਰਕਰਮਾਂ ਅੰਦਰ ਦਾਖਲ ਹੋ
ਗਈ ਹੈ, ਉਨ੍ਹਾਂ ਨੇ ਦੋਵੇਂ ਸਰਾਵਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ `ਤੇ ਪੂਰਾ ਕਬਜ਼ਾ ਕਰ ਲਿਆ ਹੈ,
ਟੋਹੜੇ ਅਤੇ ਲੌਂਗੋਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਅਕਾਲ ਤਖਤ ਸਾਹਿਬ `ਤੇ ਬਹੁਤ ਗੋਲੇ ਵਰਸਾਏ
ਨੇ, ਉਥੋਂ ਬਹੁਤ ਸੰਘਣਾ ਧੂੰਆਂ ਨਿਕਲ ਰਿਹੈ। ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਇਹ ਵੀ ਪਤਾ ਲੱਗੈ
ਕਿ ਫੌਜੀ ਖਾਸ ਕਰ ਕੇ ਕਮਾਂਡੋ ਵੀ ਬਹੁਤ ਮਾਰੇ ਗਏ ਹਨ। ਸਾਰੀ ਪ੍ਰਕਰਮਾਂ ਵਿੱਚ ਲਾਸ਼ਾਂ ਦੇ ਢੇਰ
ਲੱਗੇ ਹੋਏ ਨੇ। ਇੱਕ ਨੇ ਤਾਂ ਦੱਸਿਐ ਕਿ ਉਸ ਨੇ ਵੇਖਿਐ ਕਿ 35-40 ਸਿੰਘਾਂ ਦੀਆਂ ਲਾਸ਼ਾਂ ਇੱਕ ਗੰਦ
ਢੋਣ ਵਾਲੇ ਟਰੱਕ ਵਿੱਚ ਇੰਝ ਲੱਦੀਆਂ ਹੋਈਆਂ ਸਨ ਜਿਵੇਂ ਧੋਬੀਆਂ ਨੇ ਕਪੜੇ ਧੋ ਕੇ ਉਨ੍ਹਾਂ ਦਾ ਢੇਰ
ਲਾਇਆ ਹੋਵੇ। ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਾਮ ਪੰਜ ਵਜੇ ਦਾ ਸਮਾਂ ਦਿੱਤਾ ਗਿਐ ਕਿ ਉਹ
ਆਤਮ ਸਮਰਪਣ ਕਰ ਦੇਵੇ।
ਸੁਣ ਕੇ ਕਲੇਜਾ ਧੂਇਆ ਗਿਆ, ਹਰ ਖ਼ਬਰ ਸੀਨੇ ਵਿੱਚ ਇੱਕ ਗੋਲੇ ਵਾਂਗੂੰ ਜਾ ਕੇ ਫਟਦੀ। ਸਾਰਾ ਦਿਨ ਅਤੇ
ਰਾਤ ਕਿਸੇ ਨੇ ਖਾਣਾ ਨਹੀਂ ਖਾਧਾ। ਗੋਲੀਬਾਰੀ ਦੀ ਅਵਾਜ਼ ਉਸ ਰਾਤ ਵੀ ਆਉਂਦੀ ਰਹੀ ਪਰ ਉਹ ਪੰਜ ਛੇ ਦੀ
ਰਾਤ ਨਾਲੋਂ ਕਾਫੀ ਘੱਟ ਸੀ। ਅਗੱਲੇ ਦਿਨ ਪਤਾ ਲੱਗ ਗਿਆ ਕਿ ਸਾਰੇ ਦਰਬਾਰ ਸਾਹਿਬ ਕੰਪਲੈਕਸ `ਤੇ ਫੌਜ
ਦਾ ਪੂਰਾ ਕਬਜ਼ਾ ਹੋ ਗਿਐ। ਭਾਈ ਜਰਨੈਲ ਸਿੰਘ ਭਿੰਡਰਾਂਵਾਲਾ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ
ਤੇ ਉਨ੍ਹਾਂ ਦੇ ਕਈ ਸਾਥੀ ਸ਼ਹੀਦ ਹੋ ਗਏ ਨੇ …. .”, ਕਹਿੰਦੇ ਕਹਿੰਦੇ ਉਸ ਦੀਆਂ ਫੇਰ ਭੁੱਬਾਂ ਨਿਕਲ
ਗਈਆਂ। ਸੰਗਤਾਂ ਵਿੱਚ ਵੀ ਬੀਬੀਆਂ ਤਾਂ ਤਕਰੀਬਨ ਹਉਕੇ ਭਰ ਰਹੀਆਂ ਸਨ, ਮਰਦਾਂ ਦੀਆਂ ਅੱਖਾਂ ਵਿੱਚ
ਵੀ ਅਥਰੂ ਸਨ ਪਰ ਬਹੁਤਿਆਂ ਦੇ ਚੇਹਰੇ ਤੇ ਰੋਹ ਸੀ।
ਸੁਰਮੁਖ ਸਿੰਘ ਨੇ ਫੇਰ ਆਪਣੇ ਆਪ ਨੂੰ ਸੰਭਾਲਿਆ, ਰੁਮਾਲ ਨਾਲ ਅੱਖਾਂ ਪੂੰਝੀਆਂ ਤੇ ਫੇਰ ਬੋਲਣਾ
ਸ਼ੁਰੂ ਕੀਤਾ, “ਖ਼ਾਲਸਾ ਜੀ! ਜੋ ਜ਼ੁਲਮ ਹੁੰਦਾ ਮੈਂ ਵੇਖ ਕੇ ਆਇਆ ਹਾਂ, ਉਹ ਲਫਜ਼ਾਂ ਵਿੱਚ ਬਿਆਨ ਨਹੀਂ
ਕੀਤਾ ਜਾ ਸਕਦਾ। ਅਗੱਲੇ ਦਿਨ ਸਵੇਰੇ ਫੇਰ ਦੋ ਟੈਂਕ ਸੜਕ ਤੋਂ ਲੰਘਦੇ ਵੇਖੇ ਉਸ ਦਿਨ ਰਾਸ਼ਟਰਪਤੀ ਜ਼ੈਲ
ਸਿੰਘ ਨੇ ਅੰਮ੍ਰਿਤਸਰ ਆਉਣਾ ਸੀ, ਸਾਰਾ ਦਿਨ ਕਰਫਿਉ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ ਸੋ ਸਾਰਾ
ਦਿਨ ਅੰਦਰ ਡੱਕੇ ਰਹੇ, ਬਸ ਇਹੀ ਧੁੜਕੂ ਲੱਗਾ ਰਿਹਾ ਕਿ ਉਹ ਟੈਂਕ ਕਿਧਰ ਗਏ ਹੋਣਗੇ।
ਅਗੱਲੇ ਦਿਨ ਸਵੇਰੇ ਸੱਤ-ਸਾਢੇ ਸੱਤ ਦਾ ਟਾਈਮ ਹੋਵੇਗਾ ਭਾਰੀ ਮਸ਼ੀਨ ਗੰਨਾਂ ਦੀ ਗੋਲੀਬਾਰੀ ਦੀ ਅਵਾਜ਼
ਸੁਣਾਈ ਦਿੱਤੀ, ਉਤੇ ਹੈਲੀਕਾਪਟਰ ਵੀ ਉੱਡ ਰਿਹਾ ਸੀ, ਨੌਂ ਕੁ ਵਜੇ ਕਿਤੋਂ ਤੋਪਾਂ ਚਲਣ ਦੀ ਅਵਾਜ਼
ਕਾਫੀ ਦੇਰ ਸੁਣਾਈ ਦੇਂਦੀ ਰਹੀ, ਥੋੜ੍ਹੀ ਦੇਰ ਬਾਅਦ ਸਾਡੇ ਸਾਹਮਣੀ ਸੜਕ ਤੋਂ ਮਿਲਟਰੀ ਕੈਂਪ ਵੱਲੋਂ
ਫੌਜ ਦੀਆਂ ਭਰੀਆਂ ਤਿੰਨ ਗੱਡੀਆਂ ਲੰਘੀਆਂ। ਅਸੀਂ ਆਪਸ ਵਿੱਚ ਬੈਠੇ ਇਹੀ ਗੱਲਾਂ ਕਰਦੇ ਰਹੇ ਤੇ
ਝੂਰਦੇ ਰਹੇ ਕਿ ਦਰਬਾਰ ਸਾਹਿਬ ਤੇ ਤਾਂ ਫੌਜ ਦਾ ਪੂਰਾ ਕਬਜ਼ਾ ਹੋ ਚੁੱਕੈ, ਬਹੁਤੇ ਖਾੜਕੂ ਵੀ ਮਾਰੇ
ਜਾ ਚੁੱਕੇ ਨੇ ਜਾਂ ਕੁੱਝ ਬਚਦੇ ਗ੍ਰਿਫਤਾਰ ਹੋ ਚੁੱਕੇ ਨੇ, ਫੇਰ ਇਹ ਮਸ਼ੀਨ ਗੰਨਾਂ ਟੈਂਕ ਤੇ ਤੋਪਾਂ
ਕਿੱਥੇ ਅੱਗ ਵਰਸਾ ਰਹੇ ਨੇ?
ਸ਼ਾਮੀ ਦੋ ਤੋਂ ਪੰਜ ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ। ਵੀਰ ਜੀ ਤਾਂ ਛੇਤੀ ਨਾਲ ਫੇਰ ਕਿਧਰੇ
ਨਿਕਲ ਗਏ, ਭਰਜਾਈ ਜੀ ਘਰ ਦਾ ਸਮਾਨ ਇਕੱਠਾ ਕਰਨ ਵੱਲ ਰੁੱਝ ਪਏ ਤੇ ਮੈਂ ਕੜਕਦੀ ਧੁੱਪ ਵਿੱਚ ਦਰਬਾਰ
ਸਾਹਿਬ ਵੱਲ ਭੱਜ ਪਿਆ। ਵੇਖਿਆ ਸਾਰਾ ਸ਼ਹਿਰ ਹੀ, ਕੀ ਸਿੱਖ ਤੇ ਕੀ ਹਿੰਦੂ ਦਰਬਾਰ ਸਾਹਿਬ ਵੱਲ ਭੱਜੇ
ਜਾ ਰਹੇ ਸਨ, ਹਾਂ ਹਿੰਦੂ ਭਾਈਚਾਰੇ ਦੇ ਲੋਕ ਬੜੇ ਖੁਸ਼ ਸਨ ਆਪਸ ਵਿੱਚ ਜੱਫੀਆਂ ਪਾਕੇ ਇੱਕ ਦੂਜੇ ਨੂੰ
ਵਧਾਈਆਂ ਦੇ ਰਹੇ ਸਨ। ਉਨ੍ਹਾਂ ਦੀ ਇਸ ਕਰਤੂਤ ਨੇ ਦਿੱਲ ਦੇ ਦੁੱਖ ਨੂੰ ਹੋਰ ਵਧਾ ਦਿੱਤਾ। ਬੜੀ
ਕੋਸ਼ਿਸ਼ ਕੀਤੀ ਕਿ ਦਰਬਾਰ ਸਾਹਿਬ ਦੇ ਨੇੜੇ ਪਹੁੰਚ ਕੇ ਮਾੜੀ ਮੋਟੀ ਝਲਕ ਹੀ ਦੇਖ ਸਕੀਏ ਕਿ ਉਥੇ ਕੀ
ਭਾਣਾ ਵਰਤਿਆ ਹੈ ਪਰ ਫੌਜੀ ਅਤੇ ਨੀਮ ਫੌਜੀ ਦਸਤਿਆਂ ਨੇ ਨੇੜੇ ਨਹੀਂ ਫੜਕਣ ਦਿੱਤਾ, ਬਲਕਿ ਕਈ ਜਗ੍ਹਾ
`ਤੇ ਬੇਇਜ਼ਤ ਹੋਣਾ ਪਿਆ। ਕਰਫਿਊ ਵਿੱਚ ਢਿੱਲ ਦਾ ਸਮਾਂ ਖਤਮ ਹੋ ਰਿਹਾ ਸੀ, ਨਿਰਾਸ਼ ਹੋਕੇ ਵਾਪਸ ਪਰਤ
ਆਇਆ। ਘਰ ਪਹੁੰਚਿਆਂ ਤਾਂ ਵੀਰ ਜੀ ਵੀ ਉਸੇ ਵੇਲੇ ਵਾਪਸ ਆਏ ਸਨ, ਦਸਣ ਲੱਗੇ ਕਿ ਪਤਾ ਲੱਗੈ, ਦਰਬਾਰ
ਸਾਹਿਬ ਅੰਦਰ ਜਿਤਨੇ ਸਿੱਖ ਸਨ, ਭਾਵੇਂ ਖਾੜਕੂ ਤੇ ਭਾਵੇਂ ਸੰਗਤ ਬਹੁਤੇ ਸ਼ਹੀਦ ਹੋ ਗਏ ਨੇ। ਖਾੜਕੂ
ਤਾਂ ਫੌਜ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ ਨੇ ਤੇ ਸੰਗਤਾਂ ਨੂੰ ਫੌਜ ਨੇ ਫੜ ਕੇ ਗੋਲੀਆਂ ਨਾਲ ਉਡਾ
ਕੇ ਸ਼ਹੀਦ ਕਰ ਦਿੱਤੈ। ਇਥੋਂ ਤੱਕ ਕੇ ਕੰਪਲੈਕਸ ਤੋਂ ਬਾਹਰ ਵੀ ਕਿਸੇ ਨੂੰ ਨੀਲੀ ਜਾਂ ਪੀਲੀ ਪਗੜੀ
ਜਾਂ ਪਟਕਾ ਬੰਨ੍ਹਿਆਂ ਵੇਖਿਆ ਤਾਂ ਉਸ ਨੂੰ ਵੀ ਗੋਲੀ ਨਾਲ ਉਡਾ ਦਿੱਤਾ। ਕਈਆਂ ਨੂੰ ਘਰੋਂ ਕੱਢ ਕੱਢ
ਕੇ ਗੋਲੀਆਂ ਨਾਲ ਮਾਰਿਐ। ਫੌਜੀ ਵੀ ਬਹੁਤ ਮਾਰੇ ਗਏ ਨੇ, ਖਾਸ ਤੌਰ ਤੇ ਕਮਾਂਡੋ। ਉਹ ਦੋ ਹੋਰ ਬਹੁਤ
ਦੁਖਦਾਈ ਖ਼ਬਰਾਂ ਲਿਆਏ ਸਨ, ਪਹਿਲੀ ਇਹ ਕਿ ਦਰਬਾਰ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ, ਅੰਮ੍ਰਿਤਸਰ
ਦੇ ਆਸਿਓਂ-ਪਾਸਿਓਂ ਪਿੰਡਾਂ ਵਿੱਚੋਂ ਬਹੁਤ ਸੰਗਤਾਂ ਰੋਸ ਵਜੋਂ ਦਰਬਾਰ ਸਾਹਿਬ ਵੱਲ ਨਿਕਲ ਤੁਰੀਆਂ
ਸਨ, ਫੌਜ ਨੇ ਉਨ੍ਹਾਂ ਤੇ ਵੀ ਭਾਰੀ ਗੋਲੀ-ਬਾਰੀ ਕਰਕੇ ਬਹੁਤੇ ਸ਼ਹੀਦ ਕਰ ਦਿੱਤੇ ਹਨ। ਇਹ ਜੋ ਟੈਂਕ
ਤੇ ਫੌਜੀ ਗੱਡੀਆਂ ਦੌੜੀਆਂ ਫਿਰਦੀਆਂ ਨੇ, ਉਨ੍ਹਾਂ ਦੇ ਸੁਆਗਤ ਵਾਸਤੇ ਹੀ ਭੱਜੀਆਂ ਫਿਰਦੀਆਂ ਨੇ। ਜੋ
ਹੈਲੀਕਾਪਟਰ ਸ਼ਹਿਰ ਉਤੇ ਮੰਡਰਾਂਦੇ ਫਿਰਦੇ ਨੇ, ਇਹੀ ਵੇਖਣ ਲਈ ਉੱਡਦੇ ਫਿਰਦੇ ਨੇ, ਜਿਧਰੋਂ ਵੀ ਪਤਾ
ਲਗਦੈ ਕਿ ਕੁੱਝ ਸੰਗਤ ਸ਼ਹਿਰ ਵੱਲ ਆ ਰਹੀ ਏ, ਫੌਜੀ ਤੋਪਾਂ, ਟੈਂਕ ਸਿੱਧਾ ਜਾਕੇ ਅੱਗ ਵਰਸਾਉਣਾ ਸ਼ੁਰੂ
ਕਰ ਦੇਂਦੇ ਨੇ। ਸੁਣ ਕੇ ਮਨ ਹੋਰ ਦੁੱਖ ਨਾਲ ਭਰ ਗਿਆ ਅਤੇ ਦੂਸਰੀ ਅਤਿ ਦੁਖਦਾਈ ਖ਼ਬਰ ਇਹ ਲਿਆਏ ਸਨ
ਕਿ ਗਰਮੀਆਂ ਕਾਰਨ ਸਿੰਘਾਂ ਦੀਆਂ ਬਹੁਤੀਆਂ ਲਾਸ਼ਾਂ ਗੱਲਣ-ਸੜਨ ਲੱਗ ਪਈਆਂ ਸਨ, ਫੌਜ ਨੇ ਜਮਾਂਦਾਰਾਂ
ਨੂੰ ਸ਼ਰਾਬ ਪਿਆ ਕਿ ਉਨ੍ਹਾਂ ਨੂੰ ਚੁੱਕਣ ਲਈ ਦਰਬਾਰ ਸਾਹਿਬ ਅੰਦਰ ਭੇਜਿਐ, ਨਾਲੇ ਸ਼ਾਇਦ ਉਨ੍ਹਾਂ ਨੂੰ
ਇਕ-ਇਕ ਲਾਸ਼ ਦੇ ਪੰਜਾਹ-ਪੰਜਾਹ ਰੁਪਏ ਦਿੱਤੇ ਨੇ, ਉਤੋਂ ਉਨ੍ਹਾਂ ਨੂੰ ਛੂਟ ਸੀ ਕਿ ਉਨ੍ਹਾਂ ਨੂੰ ਲਾਸ਼
ਤੋਂ ਨਕਦੀ, ਸੋਨੇ ਦਾ ਕੜਾ, ਮੁੰਦਰੀ ਆਦਿ ਜੋ ਵੀ ਮਿਲੇ ਉਹ ਰੱਖ ਸਕਦੇ ਹਨ, ਉਨ੍ਹਾਂ ਵੀ ਖੂਬ ਜੇਬਾਂ
ਭਰੀਆਂ ਨੇ। ਉਂਝ ਤਾਂ ਹੁਣ ਉਥੇ ਕਿਹੜੀ ਪਵਿੱਤਰਤਾ ਰਹਿ ਗਈ ਏ, ਫੌਜੀ ਆਪ ਉਥੇ ਸ਼ਰਾਬਾਂ ਤੇ
ਸਿਗ੍ਰਟਾਂ ਬੀੜੀਆਂ ਪੀ ਰਹੇ ਹਨ ਪਰ ਤੁਹਾਨੂੰ ਫੌਜ ਦੀ ਨੀਚਤਾ ਦੀ ਗੱਲ ਦੱਸ ਰਿਹਾਂ। ਜੰਗ ਵਿੱਚ
ਸ਼ਹੀਦ ਹੋਏ ਦੁਸ਼ਮਣ ਦੀ ਲਾਸ਼ ਦਾ ਵੀ ਕੋਈ ਇੰਝ ਤ੍ਰਿਸਕਾਰ ਨਹੀਂ ਕਰਦਾ ਜਿਵੇਂ ਸਾਡੀ ਆਪਣੀ ਸਰਕਾਰ ਅਤੇ
ਫੌਜ ਨੇ ਕੀਤੈ, ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਨੂੰ ਨਗਰ ਪਾਲਿਕਾ ਦੀਆਂ ਕੂੜਾ ਢੋਣ ਵਾਲੀਆਂ
ਗੱਡੀਆਂ ਵਿੱਚ ਢੋਇਆ ਗਿਐ, ਹੋਰ ਤਾਂ ਹੋਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਨੂੰ ਵੀ
ਉਸੇ ਕੂੜਾ ਢੋਣ ਵਾਲੀ ਗੱਡੀ ਵਿੱਚ ਸਸਕਾਰ ਕਰਨ ਲਈ ਲਿਜਾਇਆ ਗਿਐ। ਹਸਪਤਾਲਾਂ ਵਿੱਚ ਜ਼ਖਮੀਂ ਸਿੰਘਾਂ
ਦਾ ਬੁਰਾ ਹਾਲ ਹੈ, ਕੋਈ ਉਨ੍ਹਾਂ ਦੇ ਇਲਾਜ ਵੱਲ ਤਵੱਜੋ ਨਹੀਂ ਦੇ ਰਿਹਾ। ਬਿਨਾਂ ਇਲਾਜ ਕਈਆਂ ਦੀ
ਹਾਲਤ ਬੜੀ ਨਾਜ਼ੁਕ ਹੈ। ਵੀਰ ਜੀ ਇੱਕ ਹੋਰ ਬੜੀ ਅਚੰਭਤ ਕਰ ਦੇਣ ਵਾਲੀ ਖ਼ਬਰ ਲਿਆਏ ਸਨ, ਕਹਿੰਦੇ
ਸੁਣਿਐ ਕਿ ਗਿਆਨੀ ਜ਼ੈਲ ਸਿੰਘ ਦੇ ਦਰਬਾਰ ਸਾਹਿਬ ਆਉਣ ਤੋਂ ਪਹਿਲਾਂ ਫੌਜ ਨੇ ਇੱਕ ਟਰੱਕ ਰਾਹੀਂ ਬਹੁਤ
ਸਾਰੇ ਹਥਿਆਰ ਲਿਆ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਖੇ ਸਨ ਤਾਂ ਜੋ ਗਿਆਨੀ ਜੀ ਤੇ ਇਹ ਪ੍ਰਭਾਵ
ਪਾਇਆ ਜਾ ਸਕੇ ਕਿ ਖਾੜਕੂਆਂ ਕੋਲ ਇਤਨੇ ਵਿਦੇਸ਼ੀ ਮਾਰਕੇ ਦੇ ਹਥਿਆਰ ਸਨ। ਹੋ ਸਕਦੈ ਇਹ ਹਥਿਆਰ
ਬੰਗੱਲਾ ਦੇਸ਼ ਦੀ ਲੜਾਈ ਸਮੇਂ ਪਾਕਿਸਤਾਨੀ ਫੌਜ ਤੋਂ ਜਿੱਤੇ ਹੋਣਗੇ।
ਮੈਂ ਸੰਖੇਪ ਵਿੱਚ ਗੱਲ ਕਰਾਂ। ਕਿਹੜਾ ਜ਼ੁਲਮ ਹੈ ਜੋ ਉਥੇ ਸਿੱਖਾਂ `ਤੇ ਨਹੀਂ ਢਾਇਆ ਗਿਆ। ਆਪਣੇ ਘਰ
ਦੀ ਛੱਤ `ਤੇ ਬੈਠ ਕੇ ਕਿਤਾਬ ਪੜ੍ਹ ਰਹੇ ਇੱਕ ਸਿੱਖ ਡਾਕਟਰ ਨੂੰ ਗੋਲੀ ਮਾਰ ਦਿੱਤੀ ਗਈ। ਇੱਕ ਸਿੱਖ
ਅਫਸਰ ਆਪਣੀ ਕੋਠੀ ਦੇ ਲਾਅਨ ਵਿੱਚ ਖੜ੍ਹਾ ਸੀ, ਸਿਰ ਤੇ ਪਟਕਾ ਬੰਨਿਆਂ ਸੀ। ਕੋਠੀ ਅਗੱਲੀ ਸੜਕ ਤੋਂ
ਇੱਕ ਫੌਜੀ ਜੀਪ ਲੰਘੀ। ਝੱਟ ਹੀ ਜੀਪ ਵਾਪਸ ਆ ਕੇ ਕੋਠੀ ਅੱਗੇ ਖੜੋ ਗਈ। ਕੁਦਰਤੀ ਜੀਪ ਵਿੱਚ ਇੱਕ
ਸਿੱਖ ਕੈਪਟਨ ਵੀ ਸੀ। ਉਸ ਨੇ ਪੁੱਛਿਆ ਕਿ ਸਰਦਾਰ ਜੀ ਤੁਸੀਂ ਇਥੇ ਕੀ ਕਰ ਰਹੇ ਹੋ? ਅਗੋਂ ਉਸ ਨੇ
ਜੁਆਬ ਦਿੱਤਾ, ਕਿ ਇਹ ਮੇਰਾ ਘਰ ਹੈ। ਇਸ `ਤੇ ਸਿੱਖ ਫੌਜੀ ਕੈਪਟਨ ਨੇ ਕਿਹਾ ਕਿ ਅੰਦਰ ਚਲੇ ਜਾਓ,
ਸਾਡੀ ਫੌਜ ਹਲਕ ਗਈ ਹੈ। ਦਰਬਾਰ ਸਾਹਿਬ ਸਮੂਹ ਦੇ ਹਾਲਾਤ ਤਾਂ ਬਿਆਨ ਕਰਨੇ ਵੀ ਔਖੇ ਨੇ, ਨਾਲ ਲਗਦਾ
ਸਾਰਾ ਇਲਾਕਾ ਵੀ ਖੰਡਰ ਬਣਾ ਦਿੱਤਾ ਗਿਐ। ਉਥੇ ਰਹਿਣ ਵਾਲੇ ਲੋਕ ਘਰੋਂ ਬੇਘਰ ਹੋਕੇ, ਖਾਲੀ ਹੱਥ
ਰੁਲਦੇ ਫਿਰਦੇ ਨੇ। ਕੁੱਝ ਬਜ਼ਾਰ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਹੋ ਗਏ ਨੇ, ਕੁੱਝ ਨੂੰ ਬਾਅਦ
ਵਿੱਚ ਫੌਜ ਨੇ ਅੱਗਾਂ ਲਾ ਦਿੱਤੀਆਂ।
ਆਹ ਬਾਰ੍ਹਾ ਤਾਰੀਖ ਨੂੰ ਸਵੇਰੇ 7 ਤੋਂ 12 ਵੱਜੇ ਤੱਕ ਕਰਫਿਊ ਵਿੱਚ ਛੂਟ ਦਿੱਤੀ ਗਈ। ਨਾਲੇ ਮੈਂ
ਸੁਣਿਆਂ ਕਿ ਡਾਕ ਤਾਰ ਵੀ ਆਉਣੀ ਜਾਣੀ ਸ਼ੁਰੂ ਹੋ ਗਈ ਏ। ਸੋਚਿਆ ਘਰ ਵਾਲੇ ਬਹੁਤ ਪਰੇਸ਼ਾਨ ਹੋਣਗੇ,
ਆਪਣੀ ਸੁੱਖ-ਸਾਂਦ ਦੀ ਤਾਰ ਹੀ ਦੇ ਦਿਆਂ। ਡਾਕਖਾਨੇ ਕਿਤਨੀ ਦੇਰ ਲਾਈਨ `ਚ ਲੱਗੇ ਰਹਿਣ ਤੋਂ ਬਾਅਦ
ਜਦੋਂ ਵਾਰੀ ਆਈ ਤਾਂ ਤਾਰ ਬਾਬੂ ਕਹਿਣ ਲੱਗਾ ਅਜੇ ਸਿਰਫ ਮੌਤ ਦੀਆਂ ਤਾਰਾਂ ਹੀ ਭੇਜ ਰਹੇ ਹਾਂ।
ਸੋਚਿਆ ਕਾਨਪੁਰ ਘਰ ਵਾਪਸ ਪਰਤਣ ਦਾ ਹੀ ਕੋਈ ਸਾਧਨ ਲੱਭਾਂ, ਥੋੜਾ ਸ਼ਹਿਰ ਤੋਂ ਬਾਹਰ ਵਾਲੀ ਸੜਕ `ਤੇ
ਆਇਆ ਤਾਂ ਉੱਥੇ ਫੌਜੀਆਂ ਨੇ ਘੇਰ ਲਿਆ। ਜਿਹੜਾ ਕੋਈ ਨੀਲੀ, ਪੀਲੀ ਪੱਗ ਵਾਲਾ ਜਾਂ ਕਿਰਪਾਨ ਵਾਲਾ
ਨਜ਼ਰ ਆਉਂਦਾ, ਉਸ ਦੀ ਕਿਰਪਾਨ ਤੇ ਪੱਗ ਉਤਾਰੀ ਜਾਂਦੇ ਸਨ। ਉੱਥੇ ਪੱਗਾਂ ਅਤੇ ਕਿਰਪਾਨਾਂ ਦਾ ਢੇਰ
ਲੱਗਾ ਪਿਆ ਸੀ। ਜਿਹੜਾ ਕਿਰਪਾਨ ਜਾਂ ਪੱਗ ਲਾਹੁਣ ਤੋਂ ਇਨਕਾਰ ਕਰਦਾ, ਗ੍ਰਿਫਤਾਰ ਕਰ ਲੈਂਦੇ। ਗੁਰੂ
ਤੇਗ ਬਹਾਦਰ ਪਾਤਿਸ਼ਾਹ ਨੇ ਜਿਨ੍ਹਾਂ ਦੇ ਧਾਰਮਿਕ ਚਿੰਨ੍ਹ, ਜਨੇਉ ਤੇ ਤਿਲਕ ਬਚਾਉਣ ਲਈ ਆਪ ਸ਼ਹੀਦੀ ਦੇ
ਦਿੱਤੀ, ਉਨ੍ਹਾਂ ਦੇ ਵਾਰਸ ਗੁਰੂ ਤੇਗ ਬਹਾਦਰ ਦੇ ਸਿੱਖਾਂ ਦੀਆਂ ਕ੍ਰਿਪਾਨਾਂ ਅਤੇ ਪੱਗਾਂ ਲੁਹਾ ਰਹੇ
ਸਨ। ਇੰਝ ਜਾਪਿਆ ਜਿਵੇਂ ਔਰੰਗਜ਼ੇਬ ਨੇ ਰੂਪ ਬਦਲ ਕੇ ਫੇਰ ਜਨਮ ਲੈ ਲਿਐ। ਕ੍ਰਿਪਾਨ ਅਤੇ ਪੱਤ ਲੁਹਾ
ਕੇ, ਸਿਰ ਨੀਵਾਂ ਕਰ ਕੇ ਘਰ ਵਾਪਸ ਪਰਤ ਆਇਆ।” ਵੈਸੇ ਤਾਂ ਗੱਲ ਕਰਦਿਆਂ ਉਸ ਦਾ ਦਿਲ ਕਈ ਵਾਰੀ ਭਰ
ਆਉਂਦਾ ਸੀ ਪਰ ਇਹ ਕਹਿੰਦੇ ਹੋਏ ਸੁਰਮੁੱਖ ਸਿੰਘ ਨੇ ਵੱਡਾ ਸਾਰਾ ਹਉਕਾ ਲਿਆ ਅਤੇ ਉਸ ਦੀਆਂ ਅੱਖਾਂ
ਚੋਂ ਪਾਣੀ ਫੁੱਟ ਕੇ ਵਹਿ ਤੁਰਿਆ।
ਉਸ ਰੁਮਾਲ ਕੱਢ ਕੇ ਅੱਖਾਂ ਪੂੰਝੀਆਂ ਤੇ ਫੇਰ ਬੋਲਣਾ ਸ਼ੁਰੂ ਕੀਤਾ, “ਖ਼ਾਲਸਾ ਜੀ! ਹੋਰ ਕੀ ਕੀ
ਦੱਸਾਂ? 13 ਤਾਰੀਖ ਨੂੰ ਟੈਲੀਫੋਨ ਵੀ ਚਾਲੂ ਹੋ ਗਏ ਤੇ 14 ਤਾਰੀਖ ਨੂੰ ਚਾਰ ਦੀਵਾਰੀ ਤੋਂ ਬਾਹਰਲੇ
ਇਲਾਕਿਆਂ ਵਿੱਚ ਸਵੇਰੇ 6 ਵਜੇ ਤੋਂ 13 ਘੰਟੇ ਲਈ ਕਰਫਿਉ ਵਿੱਚ ਢਿੱਲ ਦਿੱਤੀ ਗਈ। ਸਵੇਰੇ ਹੀ ਵੀਰ
ਜੀ ਨੂੰ ਪਤਾ ਲੱਗਾ ਕਿ ਕੁੱਝ ਗੱਡੀਆਂ ਦਿੱਲੀ ਤੋਂ ਜਲੰਧਰ ਤੱਕ ਸ਼ੁਰੂ ਹੋ ਗਈਆਂ ਨੇ ਤੇ ਨਾਲੇ
ਅੰਮ੍ਰਿਤਸਰ ਤੋਂ ਜਲੰਧਰ, ਪਠਾਨਕੋਟ, ਮੋਗਾ ਵਾਸਤੇ ਕੁੱਝ ਬੱਸਾਂ ਵੀ ਚੱਲ ਪਈਆਂ ਨੇ। ਮੈਂ ਉਸੇ ਵੇਲੇ
ਵਾਪਸ ਚੱਲਣ ਦੀ ਤਿਆਰੀ ਕਰ ਲਈ। ਵੀਰ ਜੀ ਨੇ ਬੜਾ ਕਿਹਾ ਕਿ ਥੋੜ੍ਹਾ ਹੋਰ ਟਿੱਕ ਜਾਓ, ਮੈਂ ਕਿਹਾ ਕਿ
ਨਹੀਂ, ਇੱਕ ਤਾਂ ਘਰ ਵਾਲੇ ਚਿੰਤਾ ਨਾਲ ਸੁੱਕੇ ਪਏ ਹੋਣਗੇ, ਨਾਲੇ ਹੋਰ ਨਹੀਂ ਬਰਦਾਸ਼ਤ ਹੁੰਦਾ।
ਵੀਰ ਜੀ ਸਵੇਰੇ ਸੱਤ ਵਜੇ ਹੀ ਬੱਸ ਅੱਡੇ `ਤੇ ਛੱਡ ਗਏ, ਉਥੇ ਜਲੰਧਰ ਵਾਸਤੇ ਤਿੰਨ ਚਾਰ ਸੌ ਬੰਦਿਆਂ
ਦੀ ਲਾਈਨ ਲੱਗੀ ਸੀ। ਚਾਰ-ਪੰਜ ਘੰਟੇ ਬਾਅਦ ਵਾਰੀ ਆਈ। ਤਿੰਨ ਚਾਰ ਬੱਸਾਂ ਦੋ ਢਾਈ ਘੰਟੇ ਪਿੱਛੋਂ
ਫੌਜ ਦੀ ਨਿਗਰਾਨੀ ਵਿੱਚ ਤੁਰਦੀਆਂ ਸਨ। ਬੱਸ ਵਿੱਚ ਬੈਠਣ ਤੋਂ ਪਹਿਲਾਂ ਸਾਰੀਆਂ ਸਵਾਰੀਆਂ ਅਤੇ
ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਅੱਡੇ ਤੋਂ ਚੱਲ ਕੇ ਬੱਸ ਸ਼ਹਿਰੋਂ ਬਾਹਰ ਹੀ ਪਹੁੰਚੀ ਸੀ ਕਿ
ਫੇਰ ਬੱਸ ਰੋਕ ਕੇ ਉਥੇ ਨਾਕੇ ਵਾਲਿਆਂ ਨੇ ਸਾਰੀਆਂ ਸਵਾਰੀਆਂ ਨੂੰ ਉਤਾਰ ਲਿਆ ਤੇ ਤਲਾਸ਼ੀ ਲਈ। ਉਥੋਂ
ਚੱਲ ਕੇ ਜੰਡਿਆਲੇ ਤੋਂ ਪਹਿਲਾਂ ਹੀ ਫੇਰ ਨਾਕਾ ਲਾਇਆ ਹੋਇਆ ਸੀ, ਫੇਰ ਸਾਰੀਆਂ ਸਵਾਰੀਆਂ ਨੂੰ ਆਪਣੇ
ਆਪਣੇ ਸਮਾਨ ਸਮੇਤ ਤਲਾਸ਼ੀ ਲਈ ਉਤਾਰ ਲਿਆ। ਇੱਕ ਪੜ੍ਹੇ ਲਿਖੇ ਬਜ਼ੁਰਗ ਸਰਦਾਰ ਜੀ ਨੇ ਕਿਹਾ ਕਿ ਅਜੇ
ਹੁਣੇ ਤਾਂ ਪਿੱਛੇ ਤਲਾਸ਼ੀ ਹੋਈ ਹੈ, ਤਾਂ ਇੱਕ ਸੀ ਆਰ ਪੀ ਦਾ ਅੱਧਖੜ ਉਮਰ ਦਾ ਸੜਿਆ ਬਲਿਆ ਸਿਪਾਹੀ
ਮੂੰਹ ਵਿੱਚ ਬੀੜੀ ਲਾਈ ਬੱਸ ਵਿੱਚ ਚੜ੍ਹਦਾ ਹੋਇਆ ਬੋਲਿਆ ਕਿ ਯੇਹ ਤੋ ਅੱਬ ਐਸੇ ਹੀ ਚਲੇਗਾ, ਸਾਰੀ
ਉਮਰ ਯੂੰਹੀ ਹੋਤਾ ਰਹੇਗਾ। ਉਸ ਸਰਦਾਰ ਜੀ ਨੇ ਵੀ ਬੜੇ ਧੀਰਜ ਨਾਲ ਜੁਆਬ ਦਿੱਤਾ ਕਿ ਕੋਈ ਨਾ, ਜੇ ਉਹ
ਦਿਨ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ। ਬਸ ਸੰਗਤ ਜੀ! ਸਵੇਰੇ ਦੇ ਨਿਕਲੇ ਥਾਂ-ਥਾਂ ਤਲਾਸ਼ੀਆਂ
ਦੇਂਦੇ ਤੇ ਬੇਇਜ਼ਤ ਹੁੰਦੇ ਸ਼ਾਮ ਨੂੰ ਜਲੰਧਰ ਪਹੁੰਚਿਆ ਤੇ ਰੁਲਦਾ ਖੁਲਦਾ ਅੱਜ ਸਵੇਰੇ ਕਾਨਪੁਰ ਘਰ
ਪੁੱਜਾ ਹਾਂ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ।” ਕਹਿ ਕੇ ਸੁਰਮੁਖ ਸਿੰਘ ਬੈਠ
ਗਿਆ। ਇੰਝ ਜਾਪਦਾ ਸੀ ਜਿਵੇਂ ਉਹ ਪੂਰੀ ਤਰ੍ਹਾਂ ਥੱਕ ਗਿਆ ਹੋਵੇ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ
ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ
ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ
ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ।
ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ
ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726