.

ਗੁਰਬਾਣੀ ਦੀ ਵਰਤੋਂ ਜਾਦੂ-ਟੂਣਿਆਂ ਦੇ ਤੌਰ ਤੇ?

ਬ੍ਰਾਹਮਣ ਸਤਿਗੁਰੂ ਜੀ ਦਾ ਸਿੱਖ ਬਣ ਗਿਆ। ਪਰ ਨਾਲ ਹੀ ਲਿਖਾਰੀ ਨੇ ਗੁਰੂ ਹਰਿ ਗੋਬਿੰਦ ਜੀ ਨੂੰ ਬੜਾ ਦੁਖਦਾਈ ਬੁਖ਼ਾਰ ਹੋ ਗਿਆ ਦਰਸਾ ਕੇ ਇਉਂ ਲਿਖਿਆ:-ਸਤਿਗੁਰੂ ਜੀ ਨੇ ਹੋਰ ਸਾਰੇ ਜਤਨ ਤਿਆਗ ਕੇ ਕੇਵਲ ਵਾਹਿਗੁਰੂ ਜੀ ਤੇ ਭਰੋਸਾ ਟਿਕਾ ਲਿਆ। ਪਰ, ਅਕਾਲ ਪੁਰਖ ਤੇ ਭਰੋਸੇ ਦਾ ਨਵਾਂ ਰੂਪ ਪੇਸ਼ ਕਰਨ ਲਈ ਕੁੰਡਲੀਆ ਆ ਪਹੁੰਚਾ:-

ਕੁੰਡਲੀਆ॥ ਮੰਤ੍ਰਨ ਮੈ ਮਹਾ ਮੰਤ੍ਰ, ਜੋ ਗੁਰ ਨਾਨਕ ਜੀ ਕੀਨੁ। ਸਤਿਨਾਮੁ ਸਤ ਵਾਰ ਪੜ੍ਹ ਗੁਰ ਅਰਜਨ ਸੁਖ ਲੀਨ।

ਗੁਰਅਰਜਨ ਸੁਖ ਲੀਨ ਤਾਪ ਤਾਪ ਤਬ ਦੂਰ ਪਰਾਯੋ। ਹਰਿਗੋਬਿੰਦ ਪ੍ਰਸੰਨ ਦੇਖਿ, ਗੁਰ ਐਸ ਅਲਾਯੋ।

ਏਕ ਤਾਪ ਕਿਆ ਚਲੀ, ਤੀਨਿ ਇਹ ਤਾਪ ਨਿਵਾਰੇ। ਸਤਿਨਾਮ ਕਾ ਮੰਤ੍ਰ ਸਦਾ ਰਿਦ ਮਹਿ ਧਾਰੇ॥ 96॥

ਪਹਿਲਾਂ ਤੋਂ ਬਣੀ ਸਧਾਰਨ ਰੁਚੀ ਨਾਲ ਪੜ੍ਹਿਆਂ ਲਗ-ਪਗ ਸਾਰੇ ਪਾਠਕ ਏਹੀ ਸਮਝਣਗੇ ਕਿ, ਇਸ ਕੁੰਡਲੀਏ ਵਿੱਚ ਗੁਰਮਤਿ ਵਿਰੋਧੀ ਕੋਈ ਗੱਲ ਨਹੀਂ ਹੈ। ਪਰ ਇਸ ਸਚਾਈ ਨੂੰ ਮਨ ਦੀਆਂ ਅੱਖਾਂ ਤੋਂ ਉਹਲੇ ਨਹੀਂ ਹੋਣ ਦੇਣਾ ਚਾਹੀਦਾ ਕਿ, ਗੁਰਬਾਣੀ ਵਿਚ-ਬ੍ਰਾਹਮਣੀ ਜਾਦੂਈ ਅਰਥਾਂ ਵਾਲਾ “ਮੰਤ੍ਰ” ਪਦ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਬਾਣੀ ਜਾਦੂ ਮੰਤ੍ਰ ਦੇ ਤੌਰ ਤੇ ਵਰਣੀ ਸਖ਼ਤ ਬੇਅਦਬੀ ਹੈ। ਗੁਰਬਾਣੀ ਵਿੱਚ ਮੰਤ੍ਰ ਪਦ ਉਪਦੇਸ਼ ਵਜੋਂ ਵਰਤਿਆ ਮਿਲਦਾ ਹੈ। ਚਿਲੇ ਕੱਢ ਕੇ ਮੰਤ੍ਰ ਸਿੱਧ ਕਰਨਾ ਗੁਰਮਮਤਿ ਨਹੀਂ ਹੈ। ਗੁਰਬਣੀ ਨੂੰ ਪਾਣੀ ਵਿੱਚ ਨਹੀਂ ਘੋਲਿਆ ਜਾਂਦਾ ਸਗੋਂ ਗੁਰੂ ਉਪਦੇਸ਼ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੁੰਦਾ ਹੈ। ਕੋਈ ਬਾਣੀ ਘੋਲ ਕੇ ਦਵਾਈ ਦੇ ਤੌਰ ਤੇ ਵਰਤਣੀ ਭਰਮੀਆਂ ਦਾ ਕੰਮ ਹੈ। ਬੁਖ਼ਾਰ ਦਾ ਦੁਖ ਦੂਰ ਕਰਨ ਲਈ ਇਸ ਵਾਰ ਜਿਵੇਂ ‘ਸਤਿਨਾਮ’ ਦੀ ਵਰਤੋਂ ਕੀਤੀ ਹੈ ਏਹੀ ਵਰਤੋਂ ਸੀਤਲਾ ਤੋਂ ਛੁਟਕਾਰੇ ਲਈ ਕੀਤੀ ਕਿਸ ਕਾਰਨ ਨਾ ਦਰਸਾਇਆ? ਜੇ ਇਸ ਤਰ੍ਹਾਂ ਬਿਮਾਰੀਆਂ ਦੂਰ ਕਰਨ ਵਾਲਾ ਅਸਰ ਹੋ ਸਕਦਾ ਸੀ ਤਾਂ ਇਸ ਕਰਾਮਾਤ ਵੱਲ ਸਤਿਗੁਰੂ ਜੀ ਦਾ ਧਿਆਨ ਆਇਆ ਨਾ ਦਰਸਾਉਣਾ ਕੀ ਲਿਖਾਰੀ ਦੀ ਬੇਈਮਾਨੀ ਹੈ ਕਿ, ਜਾਂ ਅਭੁੱਲ ਸਤਿਗੁਰੂ ਜੀ ਤੋਂ ਹੋਈ ‘ਉਕਾਈ’ ਸੀ?

ਇਹ ਵੀ ਧਿਆਨ ਰਹੇ ਕਿ, ਦੂਜੇ ਅਧਿਆਇ ਦੇ 180 ਨੰਬਰ ਤੇ ਆਏ ਕੁੰਡਲੀਆ ਵਿਚ- “ਸਤਿਨਾਮ ਕਾ ਮੰਤ੍ਰ ਪੜ੍ਹਿਓ ਮੱਧ ਆਬ, ਸੁ ਡਾਰ ਦੀਯੋ ਤਿਨ ਕੇ ਮੁਖਿ ਰੰਜਨ। ਬ੍ਰਾਹਮਣ ਨੂੰ ਸੁਰਜੀਤ ਕਰਨ ਲਈ ਪਹਿਲੀ ਵਾਰੀ ਸਤਿਨਾਮ ਮੰਤ੍ਰ ਦੀ ਵਰਤੋਂ ਕਰਨ ਵਿੱਚ ਸਤਿਗੁਰੂ ਨਾਨਕ ਜੀ ਦਾ ਜ਼ਿਕਰ ਨਹੀਂ ਕੀਤਾ, ਪਰ ਏਥੇ - “ਮੰਤ੍ਰਨ ਮੈ ਮਹਾ ਮੰਤ੍ਰ, ਜੋ ਗੁਰ ਨਾਨਕ ਜੀ ਕੀਨੁ” ਸਾਰੇ ਮੰਤ੍ਰਾਂ ਵਿਚੋਂ ਮਹਾਨ ਮੱਤ੍ਰ ਜੋ ਸਤਿਗੁਰੂ ਨਾਨਕ ਜੀ ਵਰਤਦੇ ਰਹੇ ਸਨ, ਅਚਨਚੇਤ ਕਿਸ ਕਾਰਨ ਲਿਖਿਆ ਗਿਆ ਹੈ? ਗੁਰੂ ਬਾਣੀ ਦੀ ਇਉਂ ਵਰਤੋਂ ਕਰਨ ਦਾ ਰਿਵਾਜ ਸਤਿਗੁਰੂ ਨਾਨਕ ਸਾਹਿਬ ਜੀ ਤੋਂ ਅਰੰਭ ਹੋਇਆ ਦਰਸਉਣਾ ਲਿਖਾਰੀ ਦੀ ਬੜੀ ਖ਼ਤਰਨਾਕ ਕੁਟਲ ਯੋਜਨਾ ਦਾ ‘ਪੇਸ਼ ਖ਼ੈਮਾ’ ਹੈ।

ਯਾਦ ਰਹੇ ਕਿ, ਹੁਸ਼ਿਆਰ ਲਿਖਾਰੀ ਏਸੇ (ਸਤਿਨਾਮ-ਮੰਤ੍ਰ ਦੇ ਘੋਲ਼ ਵਾਲੇ) ਤੀਰ ਨਾਲ ਹੀ ਬੜਾ ਤਕੜਾ ਨਿਸ਼ਾਨਾ ਵਿੱਨ੍ਹ ਲੈਣ ਲਈ ਰਸਤਾ ਸਾਫ਼ ਕਰ ਰਿਹਾ ਹੈ। ਏਥੇ ਤਾਂ ਸਤਿਨਾਮ-ਮੰਤ੍ਰ ਨਾਲ ਕੇਵਲ ਬਿਮਾਰੀ ਹੀ ਦੂਰ ਕੀਤੀ ਦਰਸਾਈ ਹੈ, ਅੱਗੇ ਚਲ ਕੇ ਲਿਖਾਰੀ ਨੇ, ਸਤਿਨਾਮ ਮੰਤ੍ਰ ਚੂਸਨ ਤੋਂ, ਇਸਤ੍ਰੀਆਂ ਗ੍ਰਭਵਤੀ ਹੁੰਦੀਆਂ ਅਤੇ ਆਪਣੀ ਮਰਜ਼ੀ ਅਨੁਸਾਰ, ਜਾਂ ਆਪਣੀ ਲੋੜ ਅਨੁਸਾਰ ਬਾਲਕ ਪੈਦਾ ਕੀਤੇ ਜਾਂਦੇ ਦਰਸਾਉਣੇ ਹਨ। ਕਥਿਤ ਬੀਬੀ ਕੌਲਾਂ ਜੀ ਦੀ ਤਸੱਲੀ ਏਹੀ ਕਹਿ ਕੇ ਕਰਨੀ ਹੈ ਕਿ, ਇਸ ਤਰ੍ਹਾਂ ਬੱਚੇ ਪੈਦਾ ਕਰਨ ਦੀ ਰੀਤ ਸਤਿਗੁਰੂ ਨਾਨਕ ਸਾਹਿਬ ਜੀ ਨੇ ਹੀ ਤੋਰੀ ਹੈ।

ਜਿਸ ਵੇਲੇ ਸਾਹਿਬਜ਼ਾਦਾ ਜੀ ਦਾ ਬੁਖ਼ਾਰ ਲਹਿ ਗਿਆ ਤਾਂ 97 ਨੰਬਰ ਚੌਪਈ ਵਿੱਚ ਆਈ ਇਸ ਪੰਗਤੀ- “ਸੋਰਠਿ ਮਹਿ ਉਣਵੰਜਾ ਜਾਨੋ। ਸ੍ਰੀ ਮੁਖ ਤੇ ਤਬ ਗੁਰੂ ਬਖਾਨੋ” ; ਦੇ ਅਰਥ, ਵੇਦਾਂਤੀ ਜੀ ਨੇ ਟੂਕ ਵਿੱਚ ਇਸ ਪ੍ਰਕਾਰ ਲਿਖੇ ਹਨ- “ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਰਠ ਰਾਗ ਅੰਦਰ 49ਵਾਂ ਸ਼ਬਦ ਜਾਣੋ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 620)। ਪਾਵਨ ਗੁਰੂ-ਸ਼ਬਦ ਇਸ ਪ੍ਰਕਾਰ ਹੈ:--

22- ਸੋਰਠਿ ਮਹਲਾ 5॥ ਮੇਰਾ ਸਤਿਗੁਰੁ ਰਖਵਾਲਾ ਹੋਆ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ॥ 1॥ ਰਹਾਉ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ॥ 1॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ॥ 2॥ 21॥ 49॥ {620} ਪਰ ਲ਼ਿਖਾਰੀ ਦੇ ਨਾਲ ਹੀ ਕੀ, ਵੇਦਾਂਤੀ ਜੀ ਵੀ ਭੁੱਲ ਗਏ ਕਿ, ਇਸ ਤੋਂ ਪਹਿਲਾਂ (ਪੰਨਾ 620-ਵਲਾ ਅੱਗੇ 24 ਨੰਬਰ ਤੇ ਲਿਖਿਆਂ) ‘18-46’ ਨੰਬਰ ਗੁਰੂ ਸ਼ਬਦ ਵੀ ਵਾਹਿਗੁਰੂ ਜੀ ਦੀ ਮਿਹਰ ਦੇ ਸ਼ੁਕਰਾਨੇ ਵਜੋਂ ਹੀ ਹੈ:-

23- ਸੋਰਠਿ ਮਹਲਾ 5॥ ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ॥ ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ॥ 1॥ ਹਰਿ ਜਨਿ ਸਿਮਰਿਆ ਨਾਮ ਅਧਾਰਿ॥ ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ॥ ਰਹਾਉ॥ ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ॥ ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ॥ 2॥ 18॥ 46॥ {620}

ਇਹ ਪਾਵਨ ਗੁਰੂ ਸ਼ਬਦ, ਸਤਿਗੁਰੂ ਜੀ ਨੇ ਕਿਹੜੇ ਉਚੇਚੇ ਬੁਖ਼ਾਰ ਤੋਂ ਰਾਜ਼ੀ ਹੋਣ ਪ੍ਰਥਾਇ ਉਚਾਰਿਆ ਸੀ ਜੀ? ਹਰ ਥਾਂ ਨਵਾਂ ਘਪਲਾ? ਕੌਣ ਪੁੱਛੇ ਕਿ, ਸਰਬ ਉੱਚ ਪਦਵੀਆਂ ਮਾਣ ਰਹੇ ਸਨਮਾਨ ਜੋਗ ਜਥੇਦਾਰ ਸਾਹਿਬਾਨ ਕਿਸ ਯੋਜਨਾ ਅਧੀਨ ਲਿਖਾਰੀ ਦੇ ਸਾਥੀ ਆ ਬਣੇ ਹਨ? ਫਿਰ, ਇਸ ਵਿੱਚ ਕੀ ਭੇਤ ਕਿ, ਇਸ ਪੁਸਤਕ ਨੂੰ ਪੰਥ ਵਾਸਤੇ ਸੁਗ਼ਾਤ ਬਣਾਉਂਣ ਲਈ, ਬ੍ਰਾਹਮਣੀ ਗਿਣਤੀ ਵਾਲੇ 14 ਹੀ (ਰਤਨ) ਆ ਜੁੜੇ? ਦੂਲੇ ਖ਼ਾਲਸਾ ਜਓ! “ਬੇਦਾਰ. ਜਾਗਤ ਮੁਸੀਅਤ ਹੳ” ੁ- ਜਾਗ੍ਰਤ ਅਵਸਥਾ ਵਲ ਵਰਤਣ ਦੀ ਚਿਤਾਵਨੀ ਹੈ-ਕਿਉਂਕਿ- ਤੇਰੇ ਘਰ ਕੋ ਆਗ ਲਗ ਰਹੀ ਹੈ, “ਘਰ ਕੇ ਚਿਰਾਗ਼ ਸੇ”

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.