.

ਸਿੱਖੋ! ਕੀ ਇਹ ਸੀ ਗੁਰੂ ਦਾ ਹੁਕਮ …? ?

-ਇਕਵਾਕ ਸਿੰਘ ਪੱਟੀ

ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਅਤੇ ਮਨੁੱਖਤਾ ਨੂੰ ਬਹੁੱਤ ਸਰਲ ਜੀਵਣ ਜਾਂਚ ਦਿੱਤੀ ਸੀ ਤਾਂ ਕਿ ਧਰਮ ਦੇ ਨਾਮ ਹੇਠ ਕੀਤੇ ਜਾਂਦੇ ਫੋਕਟ ਕਰਮਕਾਂਡਾਂ ਤੋਂ ਮਨੁੱਖਤਾ ਨੂੰ ਹਟਾ ਕੇ ਇੱਕ ਪ੍ਰਮਾਤਮਾ ਦੇ ਲੜ ਲਗਾ ਕੇ, ਬਿਨ੍ਹਾਂ ਕਿਸੇ ਧਾਰਮਿਕ ਜਾਂ ਦੁਨਿਆਵੀ ਏਜੰਟ ਦੀ ਏਜੰਟੀ ਤੋਂ ਬਿਨ੍ਹਾਂ ਸਿੱਧਾ ਹੀ ਅਕਾਲ ਪੁਰਖ ਨਾਲ ਇੱਕਮਿਕਤਾ ਹਾਸਲ ਕੀਤੀ ਜਾ ਸਕੇ। ਗੁਰੂ ਸਾਹਿਬ ਨੇ ਜੋ ਘਾਲਣਾ ਕੀਤੀ, ਉਦਾਸੀਆਂ ਕੀਤੀਆਂ, ਧਰਮ ਲਈ ਸੱਭ ਕੁੱਝ ਕੁਰਬਾਨ ਕੀਤਾ, ਮਨੁੱਖਤਾ ਦੀ ਭਲਾਈ ਲਈ ਜੋ ਉਪਦੇਸ਼ ਜਾਂ ਸਿਧਾਂਤ ਦ੍ਰਿੜ ਕਰਵਾਏ ਉਸਦਾ ਨਤੀਜਾ ਹੀ ਸੀ ਕਿ ਸਿੱਖ ਕੌਮ ਥੋੜ੍ਹੇ ਜਿਹੇ ਸਮੇਂ ਵਿੱਚ ਸੰਸਾਰ ਭਰ ਵਿੱਚ ਪ੍ਰਸਿੱਧ ਹੋਈ ਅਤੇ ਇਸਦਾ ਵਿਕਾਸ ਤੇਜੀ ਨਾਲ ਹੋਇਆ। ਆਪਣੇ ਗੁਰੂ ਤੇ ਪੂਰਨ ਭਰੋਸਾ, ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ਼, ਜਨਮ ਮਰਨ ਦੀ ਚਿੰਤਾ ਤੋਂ ਮੁਕਤ ਹੋ ਕੇ ਜਦ ਸਿੱਖ ਨੇ ਮਨੁੱਖਤਾ ਖਾਤਰ ਅਸਿਹ ਅਤੇ ਅਕਿਹ ਦੁੱਖ ਝੱਲੇ, ਕੁਰਬਾਨੀਆਂ ਕੀਤੀਆਂ, ਅਤੇ ਗੁਰੂ ਸਿਧਾਂਤਾਂ ਖਾਤਰ ਜਾਨਾਂ ਦੀ ਅਹੂਤੀ ਦੇ ਕੇ ਨਾਮਣਾ ਖੱਟਿਆ।
ਸਿੱਖ ਅੱਜ ਵੀ ਦਸ ਗੁਰੂ ਸਾਹਿਬਾਨ ਦੀ ਪਾਵਣ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਇਸ਼ਟ ਮੰਨਦੇ ਹਨ ਅਤੇ ਸਤਿਕਾਰ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਕਿਧਰੇ ਵੀ ਬੇਅਦਬੀ ਦੀ ਖਬਰ ਸੁਨਣ ਜਾ ਪੜ੍ਹਨ ਤੇ ਅੱਗ ਬਾਬੂਲਾ ਹੋ ਕੇ ਉਸ ਸਬੰਧਿਤ ਵਿੱਰੋਧੀ ਨੂੰ ਸਖਤ ਸਜ਼ਾ ਦਿਵਾਉਣ ਲਈ ਕਾਨੂੰਨ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਸਰਾ ਲੈ ਕੇ ਅਗਲੀ ਰਣਨੀਤੀ ਬਣਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਬੰਧੀ ਕਈ ਕਮੇਟੀਆਂ ਵੀ ਹੋਂਦ ਵਿੱਚ ਆਈਆਂ ਹਨ, ਜ੍ਹਿਨਾਂ ਦਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣਾ ਹੈ। ਅੱਜ ਸਿੱਖਾਂ ਦੇ ਗੁਰਦੁਆਰੇ ਮਾਨੋਂ ਤਾਂ ਰਾਜ ਮਹਿਲਾਂ ਤੋਂ ਵੀ ਵਧੀਆ ਇਮਾਰਤਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਅੱਜ ਪਿੰਡਾਂ ਵਿੱਚ ਸੰਤਾਂ ਸਾਧਾਂ ਵੱਲੋਂ (ਉਹਨਾਂ ਸੰਤਾਂ, ਮਹਾਂਪੁਰਸ਼ਾਂ ਦੀ ਗਿਣਤੀਆਂ ਅਨੁਸਾਰ) ਅਤੇ ਸਾਡੀਆਂ ਸਿਰਮੌਰ ਜਥੇਬੰਦੀਆਂ ਵੱਲੋਂ ਵੀ ਉਹਨਾਂ ਦੇ ਛਪਦੇ ਮਾਸਕ ਰਸਾਲਿਆਂ ਦੀਆਂ ਗਿਣਤੀਆਂ ਮੁਤਾਬਿਕ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜੇ ਚੜ੍ਹਾਇਆ ਜਾ ਚੁੱਕਾ ਹੈ।
ਅੱਹ ਹਰ ਪਿੰਡ ਵਿੱਚ ਇੱਕ ਦੀ ਥਾਂ ਚਾਰ ਗੁਰਦੁਆਰੇ ਬਣ ਚੁੱਕੇ ਹਨ। ਗੁਰੂ ਸਾਹਿਬ ਨੇ ਤਾਂ ਇੱਕ ਧਰਮਸ਼ਾਲਾ (ਗੁਰਦੁਆਰਾ) ਬਣਾਇਆ ਸੀ ਤੇ ਉਸੇ ਵਿੱਚ ਹੀ ਚਾਰ ਦਰਵਾਜ਼ੇ ਲਗਾ ਦਿੱਤੇ ਸਨ ਕਿ ਹਰ ਮਜ਼ਹਬ, ਜਾਤ, ਰੰਗ ਜਾਂ ਨਸਲ ਦਾ ਪ੍ਰਾਣੀ ਬਿਨਾਂ ਝਿਜਕ ਜਿਸ ਮਰਜ਼ੀ ਦਰਵਾਜਿਉਂ ਅੰਦਰ ਆ ਕੇ ਗਿਆਨ ਦਾ ਸਾਗਰ ਬਾਣੀ ਕੇ ਬੋਹਿਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਆਪਣਾ ਮਾਰਗ ਦਰਸ਼ਨ ਕਰ ਸਕਦਾ ਸੀ। ਪਰ ਅਸੀਂ ਸਿੱਖਾਂ ਨੇ ਅਲੱਗ-ਅਲੱਗ ਗੁਰਦੁਆਰੇ ਬਣਾ ਦਿੱਤੇ ਕਿ ਤਾਂ ਕਿ ਵੱਖ-ਵੱਖ ਜਾਤਾਂ ਦੇ ਲੋਕ ਆਪੋ-ਆਪਣੇ ਗੁਰਦੁਆਰੇ ਜਾਇਆ ਕਰਨ ਪਰ ਗੁਰੂ ਵੱਲੋਂ ਬਣਾਇਆ ਇੱਕ ਗੁਰਦੁਆਰਾ ਆਪਣੇ ਲਈ ਰਾਖਵਾਂ ਕਰ ਲਿਆ। ਤੇ ਜੇਕਰ ਪਿੰਡ ਵਿੱਚ ਵੱਧ ਜਾਤਾਂ ਵਾਲੇ ਲੋਕ ਰਹਿੰਦੇ ਹਨ ਤਾਂ ਗੁਰਦੁਆਰੇ ਇੱਕ ਤੋਂ ਵੱਧ ਵੀ ਬਣਾਏ ਜਾ ਸਕਦੇ ਹਨ, ਕੌਮ ਦੇ ਆਪੂੰ ਬਣੇ ਕਿਸੇ ਵੀ ਠੇਕੇਦਾਰ ਨੂੰ ਇਹ ਨਹੀਂ ਦਿੱਸੇਗਾ ਕਿ ਇਸ ਨਾਲ ਕੌਮ ਦੀ ਹਾਨੀ ਹੋ ਰਹੀ ਹੈ।
ਖੈਰ! ਅੱਜ ਮੈਂ ਸਿੱਖਾਂ ਨੂੰ ਹੀ ਕੁੱਝ ਸਵਾਲ ਪੁਛਣੇ ਚਾਹੁੰਦਾ ਹਾਂ ਕਿ ਦੱਸੋ ਤੁਸੀਂ ਆਪੋ ਆਪਣੇ ਹਜ਼ਾਰਾਂ ਨਹੀਂ ਲੱਖਾਂ ਹੀ ਗੁਰਦੁਆਰੇ ਉਸਾਰ ਲਏ ਤੇ ਆਪਣੇ ਆਪ ਨੂੰ ਸੱਭ ਤੋਂ ਉਚੇ-ਸੁੱਚੇ ਸਿੱਖ ਸਮਝ ਕੇ ਆਪੋ-ਆਪਣੇ ਢੰਗ ਤਰੀਕਿਆਂ ਨਾਲ ਆਪਣੀ ਮਰਜ਼ੀ ਦਾ ਗੁਰਮਤਿ ਪ੍ਰਚਾਰ ਸ਼ੁਰੂ ਕਰ ਲਿਆ ਤਾਂ ਮੇਰੇ ਕੁੱਝ ਸਵਾਲਾਂ ਦੇ ਜੁਆਬ ਦਿਉ! ਇਹ ਸਵਾਲ ਉਹਨਾਂ ਸੱਭ ਸਿੱਖਾਂ ਲਈ ਹਨ ਜੋ ਪੂਰਨ ਰੂਪ ਵਿੱਚ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਹਨ ਅਤੇ ਸਿੱਖ ਹੋਣ ਦੇ ਦਾਅਵੇਦਾਰ ਹਨ:
1) ਜੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ ਸੀ ਅਤੇ ਅਸੀਂ ਮੰਨਦੇ ਵੀ ਹਾਂ ਅਤੇ ਬੀਤੇ ਵਰ੍ਹਿਆਂ `ਚ ਅਸੀਂ 300 ਸਾਲਾ ਗੁਰਗੱਦੀ ਦਿਵਸ ਅਤੇ 400 ਸਾਲਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਗਿਆ ਹੈ, ਤਾਂ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਮਲ ਵੀਚਾਰਧਾਰਾ ਦੇ ਬਰਾਬਰ ਇੱਕ ਅਸ਼ਲੀਲ ਪੋਥੀ ਨਾਮ ਜੋ ਮਰਜ਼ੀ ਹੋਵੇ ਦਾ ਪ੍ਰਕਾਸ਼ ਕਰਨਾ ਉਚਿਤ ਹੈ? ਕੀ ਸਾਡੀ ਜ਼ਮੀਰ ਇੰਨੀ ਮਰ ਚੁੱਕੀ ਹੈ? ਬੇਸ਼ੱਕ ਜੋ ਲੋਕ ਉਸ ਪੋਥੀ ਨੂੰ ਆਪਣਾ ਗੁਰੂ ਮੰਨਦੇ ਹਨ ਮੰਨੀ ਜਾਣ, ਪਰ ਕੀ ਸਿੱਖ ਕਹਾਉਣ ਵਾਲਿਆਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਾਬਰ ਕਿਸੇ ਵੀ ਗ੍ਰੰਥ ਦਾ ਪ੍ਰਕਾਸ਼ ਕਰਨਾ ਗੁਰੂ ਦੇ ਸਿੱਖਾਂ ਵਾਲਾ ਕੰਮ ਹੈ? ਕੀ ਇਹ ਸੀ ਗੁਰੂ ਦਾ ਹੁਕਮ?
2) ਜਦ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਕਿਸੇ ਵਿਚੋਲੇ ਨੂੰ ਨਹੀ ਪਾਇਆ ਤਾਂ ਸਾਨੂੰ ਆਪਣੇ ਗੁਰੂ ਅੱਗੇ ਆਪਣੇ ਕਿਸੇ ਵੀ ਖੁਸ਼ੀ ਗਮੀ ਦੇ ਕਾਰਜ ਮੌਕੇ ਖੁੱਦ ਅਰਦਾਸ ਕਰਨ ਤੋਂ ਝਿਜਕ ਕਿਉਂ? ਕਿਉਂ ਅਸੀਂ ਇੱਕ ਕਿਰਾਏ ਤੇ ਬੰਦਾ ਲਿਆ ਕੇ ਕੁ ਕੁੱਝ ਰੁਪਿਆਂ ਦੇ ਬਦਲੇ ਉਸ ਕੋਲੋਂ ਆਪਣੀ ਮਨ ਚਾਹੀ ਅਰਦਾਸ ਕਰਵਾਉਂਦੇ ਹਾਂ? ਕੀ ਇਹ ਗੁਰੂ ਦਾ ਹੁਕਮ ਹੈ?
3) ਬਾਣੀ ਗੁਰਸਿੱਖਾਂ ਅਤੇ ਸਮੁੱਚੀ ਮਾਨਵਤਾ ਦੇ ਪੜ੍ਹਨ ਸੁਨਣ ਅਤੇ ਅਮਲੀ ਰੂਪ ਵਿੱਚ ਲਾਗੁ ਕਰਨ ਲਈ ਗੁਰੂ ਸਾਹਿਬ ਨੇ ਉਚਾਰਣ ਕੀਤੀ ਸੀ ਤਾਂ ਕਿ, “ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸਾਨੀ ਮਾਹਿ” ਦੇ ਮਹਾਂਵਾਕਾਂ ਅਨੁਸਾਰ ਸਿੱਖ ਹਮੇਸ਼ਾਂ ਗੁਰਬਾਣੀ ਤੋਂ ਸੇਧ ਲਵੇ ਖੁੱਦ ਪੜ੍ਹੇ, ਸੁਣੇ ਅਤੇ ਅਮਲ ਕਰੇ। ਪਰ ਕੀ ਅੱਜ ਹਰ ਗੁਰਦੂਆਰੇ ਵਿੱਚ ਇੱਕ ਅਖੰਡ ਪਾਠ ਮਾਰਕੀਟ ਬਣਾ ਕੇ ਇੱਕ ਪਾਠੀਆਂ ਦੀ ਨਵੀਂ ਜਮਾਤ ਬਣਾ ਦਿਤੀ ਅਤੇ ਕਿਰਾਏ ਤੇ ਹੋ ਰਹੇ ਲੱਖਾਂ ਪਾਠਾਂ ਦਾ ਕੋਈ ਵਿਧਾਨ ਗੁਰੂ ਦੀ ਹੁਕਮ ਤੋਂ ਉਲਟ ਬਣਾ ਕੇ ਉਸਨੂੰ ਪ੍ਰਚਾਰਣਾ ਕੀ ਸਿੱਖਾਂ ਵਾਲੇ ਕੰਮ ਹਨ? ਕੀ ਇਹ ਸੀ ਗੁਰੂ ਦਾ ਹੁਕਮ?
4) ਕੇਵਲ ਗੁਰੂਦੁਆਰਿਆਂ ਦੀਆਂ ਗੋਲਕਾਂ ਦੇ ਝਗੜੇ ਤੋਂ ਤੰਗ ਆ ਕੇ ਆਪਣਾ ਹੀ ਇੱਕ ਹੋਰ ਗੁਰਦੁਆਰਾ ਉਸਾਰ ਕੇ ਉਸਨੂੰ ਕਿਸੇ ਵੀ ਸਿੱਖ ਸ਼ਹੀਦ ਦੇ ਨਾਮ ਹੇਠ ਉਸਦਾ ਇਤਿਹਾਸਕ ਸਥਾਨ ਪ੍ਰਚਾਰਣਾ ਅਤੇ ਵੱਡੀਆਂ ਵੱਡੀਆਂ ਗੋਲਕਾਂ ਦਾ ਜਾਲ ਗੁਰਦੁਆਰੇ ਵਿੱਚ ਵਿਛਾ ਦੇਣਾ, ਕੀ ਇਹ ਗੁਰੂ ਦਾ ਹੁਕਮ ਹੈ?
5) ਗੁਰੂ ਸਾਹਿਬ ਦੇ ਸ਼ਹੀਦੀ ਪੁਰਬਾਂ ਜਾਂ ਪ੍ਰਕਾਸ਼ ਦਿਹਾੜਿਆਂ ਤੇ ਵੱਡੀਆਂ ਵੱਡੀਆਂ ਰੰਗ-ਬਿਰੰਗੀਆਂ ਛਬੀਲਾਂ, ਝੰਡੀਆਂ ਲਗਾ ਕੇ ਰੌਲਾ ਰੱਪਾ ਕਰਨਾ ਉੱਚੀ ਆਵਾਜ਼ ਦੇ ਕੰਨ ਪਾੜਵੇਂ ਸੰਗੀਤ ਨਾਲ ਘੋਨੇ ਮੋਨੇ ਗਾਇਕਾਂ ਦੀ ਕੈਸਿਟਾਂ ਚਲਾਉਣੀਆਂ ਤੇ ਗਰੂ ਉਪਦੇਸ਼ਾਂ ਦੀ ਇੱਕ ਗੱਲ ਤਾ ਕੀ ਇੱਕ ਅੱਖਰ ਵੀ ਮਾਨਵਤਾਂ ਦੀ ਭਲਾਈ ਖਾਤਰ ਉਸਨੇ ਪ੍ਰਚਾਰਣ ਦਾ ਕੰਮ ਨਾ ਕਰਨਾ ਕੀ ਇਹੀ ਗੁਰੂ ਦਾ ਹੁਕਮ ਹੈ? ਕਿ ਲੋਕਾਂ ਨੂੰ ਲੱਖਾਂ ਰੁਪਿਆਂ ਦਾ ਮਿੱਠਾਂ ਪਾਣੀ ਪਿਲਇਆ ਜਾਵੇ ਪਰ ਗੁਰੂ ਦੀ ਗੱਲ ਇੱਕ ਨਾ ਪ੍ਰਚਾਰੀ ਜਾਵੇ।
6) ਮਰ ਚੁੱਕੇ ਪਿੱਤਰਾਂ ਲਈ ਹਿੰਦੂ ਮੱਤ ਦੀ ਨਕਲ ਕਰਦਿਆਂ ਸਰਾਧ ਕਰਨੇ ਤੇ ਕਰਵਾਉਣੇ ਕੀ ਇਹ ਗੁਰੂ ਦਾ ਹੁਕਮ ਹੇ? ਤੇ ਵਿਸ਼ੇਸ਼ ਕਰਕੇ ਆਹ ਸ਼ਰਾਧ ਖਾ ਖਾ ਕੇ ਗੋਗੜਾਂ ਵਧਾਉਣ ਵਾਲੇ ਮੇਰੇ ਸਤਿਕਾਰਯੋਗ ਗ੍ਰੰਥੀ ਸਿੰਘ ਜੋ ਨਿੱਤ ਬਾਣੀ ਪੜ੍ਹਦੇ ਰਹਿੰਦੇ ਹਨ ਉਹੀ ਦੱਸ ਦੇਣ ਕਿ ਇਹ ਕਰਮ ਮਨਮੱਤ ਹੈ ਜਾ ਗੁਰਮਤਿ? ਕੀ ਇਹ ਗੁਰੂ ਦਾ ਹੁਕਮ ਹੈ?
7) ਮਰ ਚੁੱਕੇ ਪ੍ਰਾਣੀਆਂ ਦੀ ਲੰਮੀਆਂ ਚੌੜੀਆਂ ਅਰਦਾਸਾਂ ਕਰਨ ਵਾਲੇ ਗ੍ਰੰਥੀ ਜਨੋਂ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਜਿਹੜੀਆਂ ਪਦਾਰਥਵਾਦੀ ਵਸਤੂਆਂ ਪਰਿਵਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ ਅਤੇ ਜਿਹਨਾਂ ਨੂੰ ਤੁਸੀਂ ਆਪਣੇ ਗੁਰਦੁਆਰੇ ਜਾਂ ਘਰ ਲੈ ਜਾਂਦੇ ਹੋ ਇਹ ਸੱਭ ਗੁਰੂ ਦਾ ਹੁਕਮ ਹੈ? ਕਿ ਅਰਦਾਸ ਦਾ ਮਹਾਤਮ ਮਰੇ ਹੋਏ ਜੀਵ ਨੂੰ ਮਿਲੇ ਤੇ ਸਮਾਨ ਦਾ ਸੁੱਖ ਆਪ ਮਾਨੋ।
8) ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਣ ਤੋਂ ਬਾਅਦ ਕਿਸੇ ਅਖੌਤੀ ਜੋਤ ਲੈਣ ਲਈ ਰੁਕਣਾ, ਫਿਰ ਨਿਸ਼ਾਨ ਸਾਹਿਬ ਨੂੰ ਮੱਥੇ ਰਗੜਣੇ ਆਦਿਕ ਕੀ ਇਹ ਗੁਰੂ ਦਾ ਹੁਕਮ ਹੈ? ਜਾਂ ਬੱਸ “ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝਿ ਨ ਪਾਏ” ਵਾਲੀ ਸਥਿਤੀ ਹੀ ਹੈ?
9) ਆਪਣੇ ਨਾਵਾਂ ਨਾਲ ਜਾਤਾਂ-ਪਾਤਾਂ, ਗੋਤਾ ਆਦਿਕ ਲਾਉਣੀਆਂ, ਦੁਕਾਨਾਂ ਵਿੱਚ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਤਸਵੀਰਾਂ ਨਾਲ ਹਿੰਦੂ ਮਿਥਿਹਾਸਕ ਦੇਵੀ-ਦੇਵਤਿਆਂ ਦੀ ਪੂਜਾ ਕਰਨੀ, ਇਹ ਗੁਰਮਤਿ ਤੌਂ ਉਲਟ ਕੰਮ ਨਹੀਂ ਜਾਂ ਇਹ ਗੁਰੂ ਦਾ ਹੁਕਮ ਹੈ?
10) ਗੁਰਦੁਆਰਾ ਸਾਹਿਬ ਦੇ ਬਾਹਰ ਬਣੇ ਪੈਰ ਧੋਣ ਵਾਲੀ ਥਾਂ ਤੋਂ ਕੈਨੀਆਂ/ਬੋਤਲਾਂ ਆਦਿ ਭਰਕੇ ਲਿਆਉਣੀਆਂ ਫਿਰ ਉਸ ਪਾਣੀ ਨੂੰ ਪੀਣਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਜ਼ਬਰਦਸਤੀ ਧਰਮ ਦੇ ਨਾਮ ਤੇ ਪਿਲਾਉਣਾ ਕੀ ਇਹ ਗੁਰੂ ਦਾ ਹੁਕਮ ਹੈ?
11) ਅੰਮ੍ਰਿਤਧਾਰੀ ਹੋ ਕੇ ਵੀ ਡੇਰੇਦਾਰਾਂ ਦੇ ਪੈਰੀਂ ਹੱਥ ਲਾਉਣਾ, ਜਾਤ-ਪਾਤ ਤੇ ਆਧਾਰਿਤ ਵੰਡੀਆਂ ਪਾਉਣਾ, ਮੜੀਆਂ-ਮਸਾਣਾਂ ਤੇ ਨੱਕ ਰਗੜਨੇ ਆਦਿ ਕੀ ਇਹ ਗੁਰੂ ਦਾ ਹੁਕਮ ਹੈ?
12) ਸਿੱਖ ਕੁੜੀਆਂ ਵੱਲੋਂ ਪਤਿੱਤ ਮੁੰਡਿਆਂ ਨਾਲ ਵਿਆਹ ਕਰਵਾਉਣਾ, ਸਰਦਾਰ ਹੋ ਕੇ ਆਪਣੀਆਂ ਧੀਆਂ ਦੇ ਵਿਆਹ ਦਾੜ੍ਹੀ ਕੱਟੇ ਸਿੱਖੀ ਤੋਂ ਪਤਿੱਤ ਲੜਕਿਆਂ ਨਾਲ ਕਰਨੇ ਹੀ ਗੁਰਮਤਿ ਹੈ? ਕੀ ਇਹ ਗੁਰੂ ਦਾ ਹੁਕਮ ਹੈ?
13) ਰੱਖੜੀਆਂ ਬੰਨਣੀਆਂ, ਇੱਥੋਂ ਤੱਕ ਕੇ ਗੁਰੂ ਸਾਹਿਬ ਜੀ ਦੇ ਪਲੰਘ ਨੂੰ ਰੱਖੜੀਆਂ ਬੰਨ ਕੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਨਾ ਗੁਰੂ ਦਾ ਹੁਕਮ ਹੈ?
14) ਕੱਚੀ ਲੱਸੀ ਦੇ ਮਨਮੱਤੀ ਕਾਰਜ, ਅਣਗਿਣਤ ਰੁਮਾਲਿਆਂ ਦਾ ਚੜ੍ਹਾਵਾ, ਵੱਡੇ ਵੱਡੇ ਰੰਗ ਬਿਰੰਗੇ 36 ਤਰ੍ਹਾਂ ਦੇ ਲੰਗਰ ਗੁਰੂ ਦੀ ਵੀਚਾਰਧਾਰਾ ਨੂੰ ਕਬੁਲ ਕੀਤੇ ਬਿਨ੍ਹਾਂ ਲਗਾਉਣੇ ਕੀ ਇਹ ਗੁਰੂ ਦਾ ਹੁਕਮ ਹੈ?
15) ਗੁਰੂ ਗੰਥ ਸਾਹਿਬ ਜੀ ਦੇ ਸਰੂਪ ਤੇ ਸਿਰਫ ਆਪਣਾ ਏਕਾਧਿਕਾਰ ਕਾਇਮ ਰੱਖਣਾ ਕੀ ਇਹ ਗੁਰੂ ਦਾ ਹੁਕਮ ਹੈ ਜਦਕਿ ਗੁਰਬਾਣੀ ਤਾਂ ਸਮੁੱਚੀ ਮਾਨਵਤਾ ਦੇ ਲਈ ਸੀ ਨਾਕਿ ਸਿਰਫ ਸਿੱਖਾਂ ਲਈ!
ਇਹ ਤਾਂ ਕੁੱਝ ਕੁ ਹੀ ਸਵਾਲ ਨੇ, ਜਦਕਿ ਜੇ ਲਿਖਣ ਬੈਠ ਜਾਉ ਤਾਂ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਇਹਨਾਂ ਸਵਾਲਾਂ ਦੇ ਜੁਆਬ ਮੈਨੂੰ ਵਾਪਿਸ ਦੇਣ ਦੀ ਲੋੜ ਨਹੀਂ, ਇਹਨਾਂ ਸਵਾਲਾਂ ਦੇ ਜੁਆਬ ਇੱਕ ਵਾਰ ਖੁਦ ਗੁਰਬਾਣੀ ਪੜ੍ਹ ਕੇ ਲੱਭੋ ਅਤੇ ਪਿਰ ਆਪਾ ਚੀਨਾ ਕਰੋ, ਕਿ ਗੁਰੂ ਦਾ ਹੁਕਮ ਕੀ ਹੈ ਅਤੇ ਅਸੀਂ ਕਰਦੇ ਕੀ ਪਏ ਹਾਂ? ਨਹੀਂ ਤਾਂ ਉਹ ਗੱਲ ਨਾ ਹੋ ਜਾਵੇ:
ਗੁਰਪੁਰਬ ਅਸਾਂ ਬਹੁਤ ਮਨਾਏ, ਅਖੰਡ ਪਾਠ ਕਈ ਕਰੇ ਕਰਵਾਏ! !
ਬਹੁੱਤਾ ਕਹਿਆ ਅਤੇ ਸੁਣਿਆਂ ਕੰਨੀ, ਪਰ ਬਾਬਾ ਤੇਰੀ ਇੱਕ ਨਾ ਮੰਨੀ! !
-ਇਕਵਾਕ ਸਿੰਘ ਪੱਟੀ
ਗੁਰੂ ਨਾਨਕ ਮਿਸ਼ਨ ਯੂਥ ਕਲੱਬ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।




.