ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ (ਕਿਸ਼ਤ ਬਾਰਵੀਂ)
ਉਸ ਵੱਲੋਂ ਅੰਮ੍ਰਿਤਸਰ ਦੇ ਦੱਸੇ
ਹਾਲਾਤ ਨੇ ਸਾਰੀ ਸੰਗਤ ਦੇ ਹਿਰਦੇ ਦੁੱਖ ਅਤੇ ਰੋਸ ਨਾਲ ਭਰ ਦਿੱਤੇ ਸਨ। ਦੀਵਾਨ ਦੀ ਸਮਾਪਤੀ ਹੋ ਗਈ।
ਸੰਗਤ `ਤੇ ਤਾਂ ਜਿਵੇਂ ਕੋਈ ਮਾਤਮ ਛਾ ਗਿਆ ਸੀ। ਸਾਰੀ ਸੰਗਤ ਚੁੱਪ ਸੀ ਸ਼ਾਇਦ ਹੀ ਕਿਸੇ ਨੇ ਕਿਸੇ
ਨਾਲ ਕੋਈ ਗੱਲ ਕੀਤੀ ਹੋਵੇ। ਹਾਂ! ਕਈ ਆਪਣੇ ਆਪ ਵਿੱਚ ਬੁੜ-ਬੁੜਾ ਰਹੇ ਸਨ, ‘ਓਹ! ਹੱਦ ਹੋ ਗਈ ਜ਼ੁਲਮ
ਵਾਲੀ ….’ ‘ਇਸ ਅਜ਼ਾਦੀ ਨਾਲੋਂ ਤਾਂ ਅੰਗਰੇਜ਼ਾਂ ਦੀ ਗ਼ੁਲਾਮੀ ਚੰਗੀ ਸੀ … … ‘ ‘ਵਾਹ! ਇਹ ਧਰਮ
ਨਿਰਪੱਖ ਪਰਜਾ ਤੰਤ੍ਰ ਹੈ … …?’ ਆਦਿ …, ਤੇ ਹਰ ਕੋਈ ਆਪਣੇ ਆਪਣੇ ਘਰ ਵੱਲ ਤੁਰ ਪਿਆ।
ਸਾਰਾ ਰਸਤਾ ਬਲਦੇਵ ਸਿੰਘ ਦੇ ਪਰਿਵਾਰ ਨੇ ਵੀ ਆਪਸ ਵਿੱਚ ਕੋਈ ਗੱਲ ਨਹੀਂ ਕੀਤੀ ਪਰ ਘਰ ਪਹੁੰਚਦੇ ਹੀ
ਬਲਦੇਵ ਸਿੰਘ ਨੇ ਟੈਲੀਫੋਨ ਚੁੱਕਿਆ ਤੇ ਅੰਮ੍ਰਿਤਸਰ ਵਾਸਤੇ ਕਾਲ ਬੁੱਕ ਕਰਵਾਉਣ ਲੱਗ ਪਿਆ। ਜਿਸ
ਵੇਲੇ ਉਸ ਨੇ ਟੈਲੀਫੋਨ ਥੱਲੇ ਰੱਖਿਆ ਤਾਂ ਹਰਮੀਤ ਨੇ ਪੁੱਛਿਆ, “ਭਾਪਾ ਜੀ! ਕਿਸ ਨੂੰ ਕਾਲ ਬੁੱਕ
ਕਰਵਾਈ ਜੇ?”
“ਹਰਮੀਤ! ਚੇਤ ਸਿੰਘ ਚਾਚਾ ਜੀ ਹੋਰਾਂ ਨੂੰ”, ਬਲਦੇਵ ਸਿੰਘ ਨੇ ਬੜੀ ਚਿੰਤਤ ਜਿਹੀ ਅਵਾਜ਼ ਵਿੱਚ ਜੁਆਬ
ਦਿੱਤਾ।” ਜਿਸ ਵੇਲੇ ਦਾ ਸੁਰਮੁਖ ਸਿੰਘ ਨੇ ਦੱਸਿਐ ਕਿ ਦਰਬਾਰ ਸਾਹਿਬ ਨੇੜਲੇ ਸਾਰੇ ਬਜ਼ਾਰ ਢਹਿ-ਢੇਰੀ
ਹੋ ਗਏ ਨੇ, ਮੇਰਾ ਧਿਆਨ ਤਾਂ ਉਨ੍ਹਾਂ ਵੱਲ ਹੀ ਲੱਗਾ ਹੋਇਐ। ਉਨ੍ਹਾਂ ਦਾ ਘਰ ਤਾਂ ਦਰਬਾਰ ਸਾਹਿਬ ਦੇ
ਬਿਲਕੁਲ ਨੇੜੇ, ਅਕਾਲ ਤਖਤ ਸਾਹਿਬ ਦੇ ਨਾਲ ਹੀ ਪਿੱਛਲੇ ਪਾਸੇ, ਮੁਨਿਆਰਾਂ ਬਜ਼ਾਰ ਵਿੱਚ ਹੈ।”
“ਹਾਂ! ਉਹ ਤਾਂ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਹੀ ਰਹਿੰਦੇ ਹਨ। ਦੋ ਤਿੰਨ ਵਾਰੀ ਮੈਂ ਵੀ ਉਨ੍ਹਾਂ
ਦੇ ਘਰ ਰਹਿ ਕੇ ਆਇਆਂ”, ਹਰਮੀਤ ਨੇ ਪਿਤਾ ਦੀ ਗੱਲ ਦੀ ਪ੍ਰੋੜਤਾ ਕੀਤੀ।
ਸ੍ਰ. ਚੇਤ ਸਿੰਘ ਹੋਰਾਂ ਨਾਲ ਬਲਦੇਵ ਸਿੰਘ ਦੇ ਪਰਿਵਾਰ ਦੀ ਪੁਰਾਣੀ ਵਪਾਰਕ ਸਾਂਝ ਸੀ, ਆਪਣੇ ਪਿਤਾ
ਸ੍ਰ ਅਮੋਲਕ ਸਿੰਘ ਦੇ ਸਮੇਂ ਤੋਂ। ਉਨ੍ਹਾਂ ਦੀ ਗੁਰੂ ਬਜ਼ਾਰ ਵਿੱਚ ਕਪੜੇ ਦੀ ਥੋਕ ਦੀ ਦੁਕਾਨ ਸੀ।
ਸ਼ੁਰੂ ਤੋਂ ਹੀ ਸ੍ਰ. ਅਮੋਲਕ ਸਿੰਘ ਉਨ੍ਹਾਂ ਦੀ ਦੁਕਾਨ ਤੋਂ ਕਪੜਾ ਖਰੀਦ ਕੇ ਲਿਆਉਂਦੇ ਰਹੇ ਸਨ। ਅਸਲ
ਵਿੱਚ ਅਮੋਲਕ ਸਿੰਘ ਦਾ ਗੁਰਸਿੱਖੀ ਜੀਵਨ, ਵਧੀਆ ਸੁਭਾਅ ਅਤੇ ਉੱਚਾ-ਸੁੱਚਾ ਕਿਰਦਾਰ ਵੇਖ ਕੇ ਸ੍ਰ.
ਚੇਤ ਸਿੰਘ ਨੇ ਔਖੇ ਸਮਿਆਂ ਵਿੱਚ ਉਸ ਦੀ ਕਾਫੀ ਮਦਦ ਵੀ ਕੀਤੀ ਸੀ। ਉਦੋਂ ਤੋਂ ਵਪਾਰਕ ਸਾਂਝ ਚਲਦਿਆਂ
ਤਾਂ ਹੁਣ ਚਾਰ ਦਹਾਕੇ ਹੋਣ ਵਾਲੇ ਸਨ ਪਰ ਹੁਣ ਕਾਫੀ ਸਮੇਂ ਤੋਂ ਇਹ ਸਬੰਧ ਵਪਾਰ ਤੋਂ ਵੱਧ ਕੇ ਨਿਜੀ
ਪਰਿਵਾਰਕ ਬਣ ਚੁੱਕੇ ਸਨ। ਇੱਕ ਦੂਜੇ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੋਣਾ, ਇਥੋਂ ਤੱਕ ਕੇ ਅਮੋਲਕ
ਸਿੰਘ ਦੇ ਪਰਵਾਰ ਦਾ ਕੋਈ ਜੀਅ ਅੰਮ੍ਰਿਤਸਰ ਜਾਵੇ ਤਾਂ ਉਹ ਸ੍ਰ. ਚੇਤ ਸਿੰਘ ਹੋਰਾਂ ਦੇ ਘਰ ਹੀ
ਠਹਿਰਦੇ। ਸ੍ਰ. ਚੇਤ ਸਿੰਘ ਹੋਰਾਂ ਨੇ ਕਦੇ ਬਾਹਰ ਠਹਿਰਣ ਹੀ ਨਹੀਂ ਸੀ ਦਿੱਤਾ। ਜੇ ਸ੍ਰ. ਚੇਤ ਸਿੰਘ
ਦੇ ਘਰ ਦੇ ਕਿਸੇ ਜੀਅ ਦਾ ਕਾਨਪੁਰ ਆਉਣ ਦਾ ਸਬੱਬ ਬਣੇ ਤਾਂ ਉਹ ਅਮੋਲਕ ਸਿੰਘ ਹੋਰਾਂ ਦੇ ਘਰ ਨੂੰ
ਆਪਣੇ ਘਰ ਵਾਂਗ ਹੀ ਸਮਝਦੇ, ਬਲਦੇਵ ਸਿੰਘ ਹੋਰੀਂ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਵੀ ਆਪਣਿਆਂ
ਨਾਲੋਂ ਵੱਧ ਦੇਂਦੇ। ਮਰਨੇ ਪਰਨੇ ਤਾਂ ਇੱਕ ਦੂਸਰੇ ਦੇ ਆਉਣਾ ਪੱਕਾ ਹੀ ਸੀ। ਸ੍ਰ. ਅਮੋਲਕ ਸਿੰਘ ਦੇ
ਪਰਿਵਾਰ ਦੀ ਸਿੱਖੀ ਭਾਵਨਾ ਅਤੇ ਗੁਰਮਤਿ ਅਨੁਸਾਰੀ ਜੀਵਨ ਤੋਂ ਸ੍ਰ. ਚੇਤ ਸਿੰਘ ਬਹੁਤ ਪ੍ਰਭਾਵਤ ਅਤੇ
ਪ੍ਰਸੰਨ ਹੁੰਦੇ। ਸ਼ਾਇਦ ਦੋਵਾਂ ਪਰਿਵਾਰਾਂ ਦੀ ਨੇੜਤਾ ਦਾ ਮੁੱਖ ਕਾਰਨ ਵੀ ਦੋਹਾਂ ਪਰਿਵਾਰਾਂ ਦਾ
ਗੁਰਸਿੱਖੀ ਨਾਲ ਪਿਆਰ ਸੀ। ਸ੍ਰ. ਚੇਤ ਸਿੰਘ ਸ੍ਰ. ਅਮੋਲਕ ਸਿੰਘ ਨੂੰ ਵੱਡੇ ਭਰਾਵਾਂ ਵਾਲਾ ਸਤਿਕਾਰ
ਦੇਂਦੇ। ਬਲਦੇਵ ਸਿੰਘ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਚਾਚਾ ਜੀ ਕਹਿ ਕੇ ਬੁਲਾਉਂਦਾ ਸੀ। ਸ੍ਰ ਅਮੋਲਕ
ਸਿੰਘ ਦੀ ਮੌਤ ਤੋਂ ਬਾਅਦ ਵੀ ਦੋਹਾਂ ਪਰਿਵਾਰਾਂ ਦੇ ਪਿਆਰ ਅਤੇ ਵਿਹਾਰ ਵਿੱਚ ਕੋਈ ਕਮੀ ਅਤੇ ਤਬਦੀਲੀ
ਨਹੀਂ ਸੀ ਆਈ ਬਲਕਿ ਆਪਸੀ ਸਾਂਝ ਹੋਰ ਪੱਕੀ ਹੀ ਹੋਈ ਸੀ। ਪਹਿਲਾਂ ਸ੍ਰ. ਅਮੋਲਕ ਸਿੰਘ ਅਤੇ ਹੁਣ
ਬਲਦੇਵ ਸਿੰਘ ਨੇ ਇੱਕ ਹੋਰ ਬਹੁਤ ਵੱਡੀ ਸਿਆਣਪ ਕੀਤੀ ਕਿ ਆਪਣੇ ਵਪਾਰਕ ਸਬੰਧਾਂ ਨੂੰ ਕਦੇ ਨਿਜੀ
ਸਬੰਧਾਂ ਵਿੱਚ ਨਹੀਂ ਆਉਣ ਦਿੱਤਾ। ਇਤਨੇ ਨੇੜਤਾ ਵਾਲੇ ਸਬੰਧ ਹੋਣ ਦੇ ਬਾਵਜੂਦ ਵਪਾਰ ਵਪਾਰਕ ਅਸੂਲਾਂ
ਅਨੁਸਾਰ ਹੀ ਕੀਤਾ। ਆਪਸ ਵਿੱਚ ਵਿਸ਼ਵਾਸ ਇਤਨਾ ਸੀ ਕਿ ਮਾਲ ਦੇ ਰੇਟਾਂ ਬਾਰੇ ਗੱਲ ਕਰਨ ਦੀ ਲੋੜ ਕਦੇ
ਅਮੋਲਕ ਸਿੰਘ ਜਾਂ ਬਾਅਦ ਵਿੱਚ ਬਲਦੇਵ ਸਿੰਘ ਨੂੰ ਨਹੀਂ ਪਈ ਤੇ ਮਾਲ ਦੀ ਰਕਮ ਭੇਜਣ ਬਾਰੇ ਯਾਦ
ਕਰਾਉਣ ਦੀ ਨੌਬਤ ਕਦੇ ਚੇਤ ਸਿੰਘ ਦੇ ਪਰਿਵਾਰ ਨੂੰ ਨਹੀਂ ਆਈ।
ਸ੍ਰ. ਚੇਤ ਸਿੰਘ ਦੇ ਦੋ ਸਪੁੱਤਰ ਸਨ, ਗੁਰਸੇਵਕ ਸਿੰਘ ਤੇ ਗੁਰਚਰਨ ਸਿੰਘ। ਦੋਵੇਂ ਪਿਤਾ ਦੇ ਪਾਏ
ਪੂਰਨਿਆ `ਤੇ ਹੀ ਚਲ ਰਹੇ ਸਨ। ਹੁਣ ਕਾਰੋਬਾਰ ਵੀ ਦੋਵੇਂ ਭਰਾ ਹੀ ਸੰਭਾਲਦੇ ਸਨ, ਸ੍ਰ. ਚੇਤ ਸਿੰਘ
ਤਾਂ ਬਸ ਗੱਦੀ ਸਾਂਭ ਕੇ ਹੀ ਬੈਠੇ ਰਹਿੰਦੇ। ਸਤਿਗੁਰੂ ਦੀ ਬਖਸ਼ਿਸ਼ ਨਾਲ ਕਾਰੋਬਾਰ ਵੀ ਚੰਗਾ ਸੀ ਅਤੇ
ਚਾਰ ਪੈਸੇ ਵੀ ਕਮਾਏ ਸਨ, ਇਸ ਲਈ ਦੋਵੇਂ ਭਰਾ ਚਾਹੁੰਦੇ ਸਨ ਕਿ ਸ਼ਹਿਰ ਦੀਆਂ ਭੀੜੀਆਂ ਅਤੇ ਗੰਦੀਆਂ
ਗੱਲੀਆਂ ਚੋਂ ਨਿਕਲ ਕੇ ਬਾਹਰ ਕਿਸੇ ਨਵੀਂ ਅਬਾਦੀ ਵਿੱਚ ਕੋਠੀ ਬਣਾਈ ਜਾਵੇ ਪਰ ਸ੍ਰ ਚੇਤ ਸਿੰਘ ਇਸ
ਗੱਲ ਲਈ ਬਿਲਕੁਲ ਰਾਜ਼ੀ ਨਹੀਂ ਸਨ। ਅਸਲ ਵਿੱਚ ਜਦੋਂ ਤੋਂ ਹੋਸ਼ ਸੰਭਾਲੀ ਸੀ, ਸ੍ਰ. ਚੇਤ ਸਿੰਘ ਨੇ
ਦੋਵੇਂ ਵੇਲੇ ਦਰਬਾਰ ਸਾਹਿਬ ਸਤਿਸੰਗਤ ਕਰਨ ਦਾ ਨੇਮ ਵਸ ਲਗਦੇ ਕਦੇ ਨਹੀਂ ਸੀ ਤੋੜਿਆ। ਬਸ ਫਰਕ ਇਤਨਾ
ਸੀ ਕਿ ਬਚਪਨ ਵਿੱਚ ਆਪਣੇ ਦਾਦਾ ਜੀ ਦੀ ਉਂਗੱਲ ਫੜ੍ਹ ਕੇ ਜਾਂਦੇ ਸਨ ਤੇ ਦਾਦਾ ਜੀ ਦੇ ਚਲਾਣਾ ਕਰਨ
ਤੋਂ ਬਾਅਦ ਉਨ੍ਹਾਂ ਆਪਣਾ ਉਹੀ ਨੇਮ ਜਾਰੀ ਰੱਖਿਆ ਸੀ। ਆਪਣੇ ਪਿਤਾ ਜੀ ਦੇ ਬਹੁਤ ਬਜ਼ੁਰਗ ਹੋ ਜਾਣ
`ਤੇ ਉਨ੍ਹਾਂ ਨੂੰ ਸਹਾਰਾ ਦੇ ਕੇ ਨਾਲ ਲੈਕੇ ਜਾਣ ਦਾ ਫਰਜ਼ ਵੀ ਉਨ੍ਹਾਂ ਬਹੁਤ ਜ਼ਿੰਮੇਂਵਾਰੀ ਨਾਲ
ਨਿਭਾਇਆ ਸੀ ਅਤੇ ਹੁਣ ਆਪਣੇ ਪੋਤੇ ਪੋਤੀਆਂ ਨੂੰ ਉਂਗਲ ਨਾਲ ਲਾ ਕੇ ਗੁਰਦੁਆਰੇ ਲੈ ਜਾਣ ਦਾ ਫਰਜ਼ ਵੀ
ਨਿਭਾ ਰਹੇ ਸਨ। ਹੁਣ ਜ਼ਿੰਦਗੀ ਦੇ ਸਤਵੇਂ ਦਹਾਕੇ ਨੂੰ ਪਾਰ ਕਰ ਚੁੱਕੇ ਸ੍ਰ. ਚੇਤ ਸਿੰਘ ਉਂਗਲਾਂ `ਤੇ
ਗਿਣ ਸਕਦੇ ਸਨ ਕਿ ਉਨ੍ਹਾਂ ਅੱਜ ਤੱਕ ਕਿੰਨੀ ਕੁ ਵਾਰੀ ਆਪਣਾ ਨੇਮ ਖੁਸਾਇਆ ਹੈ, ਸਿਰਫ ਜਦੋਂ ਬਹੁਤ
ਜ਼ਿਆਦਾ ਬਿਮਾਰ ਹੋਣ ਜਾਂ ਕਦੇ ਮਜ਼ਬੂਰੀ ਵੱਸ ਇੱਕ ਦੋ ਦਿਨਾਂ ਲਈ ਸ਼ਹਿਰੋਂ ਬਾਹਰ ਜਾਣਾ ਪਵੇ। ਛੋਟੀ
ਮੋਟੀ ਬਿਮਾਰੀ ਦੀ ਤਾਂ ਉਨ੍ਹਾਂ ਕਦੇ ਪਰਵਾਹ ਹੀ ਨਹੀਂ ਸੀ ਕੀਤੀ, ਬੱਚੇ ਰੋਕਦੇ ਵੀ ਤਾਂ ਉਹ ਇਹ ਕਹਿ
ਕੇ ਹੱਸ ਦੇਂਦੇ ਕਿ ਮੇਰੀ ਅਸਲੀ ਦਵਾਈ ਤਾਂ ਸਤਿਸੰਗਤ ਹੀ ਹੈ, ਜੇ ਮੈਂ ਸਤਿਸੰਗਤ ਵਿੱਚ ਨਾ ਗਿਆ ਤਾਂ
ਹੋਰ ਬਿਮਾਰ ਹੋ ਜਾਵਾਂਗਾ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਤਾਂ ਇਤਨੇ ਪਿਆਰ ਨਾਲ ਸੁਣਦੇ
ਕਿ ਅਕਸਰ ਵੈਰਾਗ ਵਿੱਚ ਆ ਜਾਂਦੇ। ਆਪਣੇ ਬੱਚਿਆਂ ਨੂੰ ਵੀ ਸਮਝਾਉਂਦੇ ਕਿ ਬੇਟਾ ਵੈਸੇ ਤਾਂ ਸਾਰੀ
ਗੁਰਬਾਣੀ ਅੰਮ੍ਰਿਤ ਹੈ, ਰੋਜ਼ ਬਾਣੀ ਵਿਚਾਰ ਕੇ ਸਮਝ ਕੇ ਪੜ੍ਹਨੀ ਚਾਹੀਦੀ ਹੈ ਪਰ ਆਸਾ ਕੀ ਵਾਰ ਦੀ
ਬਾਣੀ ਤਾਂ ਗੁਰਮਤਿ ਦ੍ਰਿੜ ਕਰਾਉਣ ਲਈ ਅਮੋਲਕ ਖਜ਼ਾਨਾ ਹੈ, ਇਸ ਨੂੰ ਪਿਆਰ ਨਾਲ ਸਮਝ ਕੇ, ਵਿਚਾਰ ਕੇ,
ਪੜ੍ਹਿਆ ਸੁਣਿਆ ਕਰੋ, ਜੀਵਨ ਵਿੱਚ ਸਿੱਖੀ ਦੀਆਂ ਨੀਹਾਂ ਪੂਰੀ ਤਰ੍ਹਾਂ ਮਜ਼ਬੂਤ ਹੋ ਜਾਣਗੀਆਂ ਅਤੇ
ਜੀਵਨ ਸਫਲਾ ਹੋ ਜਾਵੇਗਾ।
ਪੁੱਤਰ ਬਹੁਤ ਕਹਿੰਦੇ ਕਿ ਪਿਤਾ ਜੀ ਗੱਡੀ ਵੀ ਹੈ ਅਤੇ ਡਰਾਈਵਰ ਵੀ, ਫੇਰ ਅਸੀਂ ਵੀ ਬੈਠੇ ਹਾਂ
ਤੁਹਾਡਾ ਸਤਿਸੰਗਤ ਦਾ ਨੇਮ ਨਹੀਂ ਟੁੱਟਣ ਦੇਂਦੇ ਪਰ ਸ੍ਰ. ਚੇਤ ਸਿੰਘ ਇਹ ਕਹਿਕੇ ਬਿਲਕੁਲ ਨਾਂਹ ਕਰ
ਦੇਂਦੇ ਕਿ ਮੈਂ ਕਿਸੇ ਦੇ ਭਰੋਸੇ ਨਹੀਂ ਰਹਿਣਾ। ਜਿਨ੍ਹਾਂ ਚਿਰ ਹੱਡ-ਪ੍ਰਾਣ ਚਲਦੇ ਪਏ ਨੇ ਆਪਣੇ
ਪੈਰਾਂ `ਤੇ ਚੱਲ ਕੇ ਹੀ ਸਤਿਗੁਰੂ ਦੇ ਦਰਬਾਰ ਦੀ ਹਾਜ਼ਰੀ ਭਰਾਂਗਾ। ਮੇਰੇ ਮਰਨ ਤੋਂ ਬਾਅਦ ਜਿਥੇ
ਮਰਜ਼ੀ ਕੋਠੀਆਂ ਬਣਾਇਓ, ਮੈਂ ਤਾਂ ਆਪਣੇ ਜੀਵਨ ਵਿੱਚ ਇਥੇ ਹੀ ਰਹਿਣਾ ਹੈ। ਥੱਲੇ ਦੋ ਵੱਡੀਆਂ
ਦੁਕਾਨਾਂ ਸਨ ਅਤੇ ਪਿੱਛੇ ਤਿੰਨ ਕਮਰੇ। ਦੁਕਾਨਾਂ ਕਿਰਾਏ `ਤੇ ਦਿੱਤੀਆਂ ਹੋਈਆਂ ਸਨ ਤੇ ਪਿਛਲੇ
ਕਮਰਿਆਂ ਵਿੱਚ ਆਪਣਾ ਗੁਦਾਮ ਬਣਾਇਆ ਹੋਇਆ ਸੀ। ਉਪਰਲੀਆਂ ਦੋ ਮੰਜ਼ਲਾਂ `ਤੇ ਇਨ੍ਹਾਂ ਦੀ ਰਿਹਾਇਸ਼ ਸੀ।
ਜਿਨਾਂ ਕੁ ਹੋ ਸਕਦਾ ਉਸੇ ਪੁਰਾਣੇ ਮਕਾਨ ਨੂੰ ਹੀ ਸੁਆਰਣ ਸ਼ਿੰਗਾਰਣ `ਤੇ ਲੱਗੇ ਰਹਿੰਦੇ, ਉਂਝ
ਸਤਿਗੁਰੂ ਦੀ ਬਖਸ਼ਿਸ਼ ਨਾਲ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਹੁਣ ਇਸ ਉਮਰੇ ਪੌੜੀਆਂ
ਚੜ੍ਹਨ ਵਿੱਚ ਕੁੱਝ ਮੁਸ਼ਕਿੱਲ ਵੀ ਹੁੰਦੀ ਪਰ ਉਨ੍ਹਾਂ ਦਾ ਹੱਠ ਪੂਰਾ ਮਜ਼ਬੂਤ ਸੀ।
ਟੈਲੀਫੋਨ `ਤੇ ਕਾਲ ਬੁੱਕ ਕਰਵਾ ਕੇ ਬਲਦੇਵ ਸਿੰਘ ਉਥੇ ਹੀ ਬੈਠ ਗਿਆ। ਹਰਮੀਤ ਤੇ ਬੱਬਲ ਵੀ ਉਥੇ ਹੀ
ਬੈਠੇ ਸਨ ਤੇ ਗੁਰਮੀਤ ਵੀ ਪਾਣੀ ਲਿਆ ਕੇ ਉਥੇ ਹੀ ਬੈਠ ਗਈ। ਥੋੜ੍ਹੀ ਦੇਰ ਬਾਅਦ ਹਰਮੀਤ ਬੋਲਿਆ,
“ਭਾਪਾ ਜੀ! ਅੱਜ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਟੀ ਵੀ ਅਤੇ ਰੇਡਿਓ `ਤੇ ਦੇਸ਼ ਦੀ ਜਨਤਾ ਦੇ ਨਾਂ
ਇੱਕ ਭਾਸ਼ਨ ਦਿੱਤੈ।”
“ਅੱਛਾ! ਕੀ ਆਖਿਆ ਸੂ?” ਬਲਦੇਵ ਸਿੰਘ ਨੇ ਸਹਿਜੇ ਜਿਹੇ ਹੀ ਕਿਹਾ।
“ਕਹਿਣਾ ਕੀ ਸੂ? ਬਸ ਆਪਣੀ ਫ਼ੌਜ ਦੀ ਸਾਰੀ ਕਰਤੂਤ ਵਾਸਤੇ ਖਾੜਕੂਆਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ
ਸੀ। ਖਾੜਕੂਆਂ ਨੂੰ ਕਸੂਰਵਾਰ ਠਹਿਰਾ ਕੇ ਆਪਣੀ ਫ਼ੌਜ ਦੇ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ `ਤੇ ਇਸ
ਨਾਪਾਕ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ …. . ।”
ਹਰਮੀਤ ਅਜੇ ਬੋਲ ਹੀ ਰਿਹਾ ਸੀ ਕਿ ਬਲਦੇਵ ਸਿੰਘ ਵਿੱਚੋਂ ਹੀ ਉਸ ਦੀ ਗੱਲ ਕੱਟ ਕੇ ਬੋਲਿਆ, “ਤੂੰ
ਛੱਡ ਉਸ ਦੀ ਗੱਲ, ਉਸ ਨੂੰ ਰਾਸ਼ਟਰਪਤੀ ਹੀ ਇਸੇ ਲਈ ਬਣਾਇਆ ਗਿਐ ਤਾਂਕਿ ਇੱਕ ਪਗੜੀ ਵਾਲੇ ਕੋਲੋਂ ਹੀ
ਆਪਣੀਆਂ ਕਾਲੀਆਂ ਕਰਤੂਤਾਂ ਨੂੰ ਜਾਇਜ਼ ਠਹਿਰਾਇਆ ਜਾ ਸਕੇ, …. ਪਰ ਵੇਖ ਲੈ, ਤੂੰ ਕਹਿੰਦਾ ਸੈਂ ਕਿ
ਸੁਣਿਐ ਉਹ ਅਸਤੀਫਾ ਦੇਣ ਦੀ ਸੋਚ ਰਿਹੈ। …. ਮੈਂ ਉਦੋਂ ਹੀ ਕਿਹਾ ਸੀ ਕਿ ਮੈਨੂੰ ਤਾਂ ਬਿਲਕੁਲ ਯਕੀਨ
ਨਹੀਂ।” ਬਲਦੇਵ ਸਿੰਘ ਥੋੜ੍ਹੀ ਦੇਰ ਰੁਕਿਆ ਤੇ ਫੇਰ ਬੋਲਿਆ, “ਨਾਲੇ ਅੱਜ ਤਾਂ ਉਸ ਬੋਲਣਾ ਹੀ ਸੀ,
ਅੱਜ ਕੌਮ ਰੋਸ ਜੋ ਮਨਾ ਰਹੀ ਸੀ। ਮੈਂ ਕਿਹਾ ਸੀ ਨਾ ਕਿ ਜਦੋਂ ਕੌਮ ਸਮੂਹਿਕ ਰੂਪ ਵਿੱਚ ਏਕਤਾ
ਵਿਖਾਉਂਦੀ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਕੁੱਝ ਨਾ ਕੁੱਝ ਅਸਰ ਜ਼ਰੂਰ ਹੁੰਦੈ …. ।” ਫੇਰ ਸੋਫੇ ਤੋਂ
ਉਠਦਾ ਹੋਇਆ ਬੋਲਿਆ, “ਮੀਤਾ ਸੌਣ ਦਾ ਕੀ ਇੰਤਜ਼ਾਮ ਕੀਤੈ?”
“ਜੀ! ਆਪਣੇ ਕਮਰਿਆਂ ਵਿੱਚ ਹੀ ਭੁੰਜੇ ਚਾਦਰਾਂ ਵਿਛਾ ਲੈਂਦੇ ਹਾਂ”, ਗੁਰਮੀਤ ਕੌਰ ਨੇ ਸਹਿਜੇ ਹੀ
ਕਿਹਾ।
“ਠੀਕ ਹੈ, ਚਲੋ ਕਰੋ ਅਰਾਮ, ਕਾਲ ਤਾਂ ਪਤਾ ਨਹੀਂ ਕਿਸ ਵੇਲੇ ਲਗੇਗੀ, ਜਿਸ ਵੇਲੇ ਲਗੀ ਮੈਂ ਉਠ ਕੇ
ਗੱਲ ਕਰ ਲਵਾਂਗਾ”, ਕਹਿੰਦਾ ਹੋਇਆ ਉਹ ਆਪਣੇ ਕਮਰੇ ਵੱਲ ਤੁਰ ਗਿਆ, ਗੁਰਮੀਤ ਰਸੋਈ ਵੱਲ ਚਲੀ ਗਈ ਤੇ
ਬਾਕੀ ਸਾਰੇ ਵੀ ਉਠ ਕੇ ਆਪਣੇ ਕਮਰਿਆਂ ਵੱਲ ਚਲੇ ਗਏ।
ਸਵੇਰੇ ਗੁਰਦੁਆਰਿਓਂ ਵਾਪਸ ਆਇਆ ਤਾਂ ਹਰਮੀਤ ਬੈਠਕ ਵਿੱਚ ਹੀ ਬੈਠਾ ਅਖ਼ਬਾਰ ਫਰੋਲ ਰਿਹਾ ਸੀ, ਪਿਤਾ
ਨੂੰ ਵੇਖਦੇ ਹੀ ਪੁੱਛਣ ਲਗਾ, “ਭਾਪਾ ਜੀ! ਹੋਈ ਰਾਤੀ ਅੰਮ੍ਰਿਤਸਰ ਗੱਲ?”
“ਨਹੀਂ ਹਰਮੀਤ! ਸਾਰੀ ਰਾਤ ਕਾਲ ਨਹੀਂ ਲੱਗੀ ਬਲਕਿ ਮੇਰੀ ਚਿੰਤਾ ਤਾਂ ਹੋਰ ਵਧ ਗਈ ਏ …. । ਵੇਖੋ. .
, ਦੁਕਾਨ `ਤੇ ਜਾ ਕੇ ਉਨ੍ਹਾਂ ਦੀ ਦੁਕਾਨ ਦੇ ਨੰਬਰ `ਤੇ ਬੁਕ ਕਰਾਉਂਦਾ ਹਾਂ।” ਕਹਿੰਦਾ ਹੋਇਆ ਉਹ
ਆਪਣੇ ਕਮਰੇ ਵੱਲ ਲੰਘ ਗਿਆ।
ਦੁਕਾਨ `ਤੇ ਪਹੁੰਚਦਿਆਂ ਹੀ ਬਲਦੇਵ ਸਿੰਘ ਨੇ ਅੰਮ੍ਰਿਤਸਰ ਵਾਸਤੇ ਉਨ੍ਹਾਂ ਦੀ ਦੁਕਾਨ ਦੇ ਨੰਬਰ `ਤੇ
ਫੇਰ ਕਾਲ ਬੁੱਕ ਕਰਵਾ ਦਿੱਤੀ। ਜਦੋਂ ਟੈਲੀਫੋਨ ਦੀ ਘੰਟੀ ਵੱਜਦੀ, ਉਸ ਦਾ ਧਿਆਨ ਫਟਾ-ਫਟ ਉਧਰ
ਜਾਂਦਾ। ਦੁਪਹਿਰ ਤੋਂ ਬਾਅਦ ਟੈਲੀਫੋਨ ਦੀ ਘੰਟੀ ਵੱਜੀ ਤਾਂ ਮੁਨੀਮ ਨੇ ਚੁੱਕ ਕੇ ਕਿਹਾ, “ਸਰਦਾਰ ਜੀ
ਅੰਮ੍ਰਿਤਸਰ ਦੀ ਕਾਲ …. ।” ਬਲਦੇਵ ਸਿੰਘ ਨੇ ਛੇਤੀ ਨਾਲ ਨੇੜੇ ਆ ਕੇ ਟੈਲੀਫੋਨ ਸੰਭਾਲ ਲਿਆ। ਦੂਜੇ
ਪਾਸੇ ਵੀ ਘੰਟੀ ਵਜਣ ਦੀ ਅਵਾਜ਼ ਆ ਰਹੀ ਸੀ, ਥੋੜ੍ਹੀ ਦੇਰ ਬਾਅਦ ਟੈਲੀਫੋਨ ਅਪਰੇਟਰ ਦੀ ਅਵਾਜ਼ ਸੁਣਾਈ
ਦਿੱਤੀ, “ਨੰਬਰ ਨੋ ਰਿਪਲਾਈ ਜਾ ਰਿਹੈ (ਕੋਈ ਚੁੱਕ ਨਹੀਂ ਰਿਹਾ), ਕੈਂਸਲ ਕਰ ਦਿਆਂ?” ਬਲਦੇਵ ਸਿੰਘ
ਨੇ ਅੰਦਾਜ਼ਾ ਲਾਇਆ ਕਿ ਸ਼ਾਇਦ ਅਜੇ ਉਥੇ ਮਾਰਕੀਟ ਖੁਲ੍ਹੀ ਨਹੀਂ ਹੋਣੀ ਪਰ ਫੇਰ ਵੀ ਕਿਹਾ, “ਪੈਂਡਿੰਗ
ਕਰ ਦਿਓ, ਥੋੜ੍ਹੀ ਦੇਰ ਬਾਅਦ ਫਿਰ ਕੋਸ਼ਿਸ਼ ਕਰ ਲੈਣਾ।” “ਠੀਕ ਹੈ”, ਕਹਿ ਕੇ ਅਪਰੇਟਰ ਨੇ ਟੈਲੀਫੋਨ
ਬੰਦ ਕਰ ਦਿੱਤਾ। ਸ਼ਾਮ ਨੂੰ ਫੇਰ ਬਲਦੇਵ ਸਿੰਘ ਨੇ ਅਪਰੇਟਰ ਨੂੰ ਟੈਲੀਫੋਨ ਮਿਲਾ ਕੇ ਕਿਹਾ ਕਿ ਸਾਡੀ
ਕਾਲ ਪੈਂਡਿੰਗ ਹੈ, ਕੋਸ਼ਿਸ਼ ਕਰ ਲਓ। ਅਪਰੇਟਰ ਨੇ ਫੇਰ ਕਾਲ ਮਿਲਾਈ ਪਰ ਉਹੀ ਘੰਟੀ ਵਜਦੀ ਰਹੀ, ਕਿਸੇ
ਟੈਲੀਫੋਨ ਨਹੀਂ ਚੁੱਕਿਆ, ਅਖੀਰ ਬਲਦੇਵ ਸਿੰਘ ਨੇ ਕਾਲ ਰੱਦ ਕਰਾ ਦਿੱਤੀ।
ਹਰਮੀਤ ਦੇ ਕਾਲਜ ਖੁਲ੍ਹਣ ਦਾ ਦਿਨ ਨੇੜੇ ਆ ਰਿਹਾ ਸੀ, ਉਹ ਅੱਜ ਦੁਕਾਨ ਤੇ ਨਹੀਂ ਸੀ ਆਇਆ, ਆਪਣੀ
ਪੜ੍ਹਾਈ ਦੇ ਆਹਰੇ ਲੱਗਾ ਹੋਇਆ ਸੀ। ਬਲਦੇਵ ਸਿੰਘ ਘਰ ਪਹੁੰਚਿਆ ਤਾਂ ਉਸ ਵੇਲੇ ਵੀ ਉਹ ਖਾਣੇ ਵਾਲੇ
ਮੇਜ਼ `ਤੇ ਬੈਠ ਕੇ ਆਪਣੀਆਂ ਕਿਤਾਬਾਂ ਵਿੱਚ ਗੁਆਚਾ ਹੋਇਆ ਸੀ। ਦਰਵਾਜ਼ੇ ਦਾ ਖੜਾਕ ਸੁਣ ਕੇ ਉਸ ਸਿਰ
ਉਪਰ ਚੁੱਕਿਆ ਤਾਂ ਅੰਦਰ ਵੜਦਾ ਬਲਦੇਵ ਸਿੰਘ ਕਹਿਣ ਲੱਗਾ, “ਹਰਮੀਤ ਦੁਕਾਨ `ਤੇ ਕਾਲ ਤਾਂ ਲੱਗ ਗਈ
ਸੀ ਪਰ ਜਾਪਦੈ ਅਜੇ ਮਾਰਕੀਟ ਖੁਲ੍ਹੀ ਨਹੀਂ ਇਸ ਲਈ ਗੱਲ ਨਹੀਂ ਹੋ ਸਕੀ, ਤੂੰ ਜ਼ਰਾ ਘਰ ਦੇ ਨੰਬਰ `ਤੇ
ਕਾਲ ਫੇਰ ਬੁਕ ਕਰਾ ਦੇ, ਅਰਜੈਂਟ (ਜਲਦੀ ਲੱਗਣ ਵਾਲੀ) ਕਰਾਈਂ”, ਕਹਿੰਦਾ ਹੋਇਆ ਉਹ ਆਪਣੇ ਕਮਰੇ ਵੱਲ
ਲੰਘ ਗਿਆ।
ਰਾਤ ਦੇ ਖਾਣੇ ਤੋਂ ਬਾਅਦ ਉਠਦਿਆਂ ਉਸ ਫੇਰ ਹਰਮੀਤ ਨੂੰ ਕਿਹਾ, “ਜ਼ਰਾ ਟੈਲੀਫੋਨ `ਤੇ ਯਾਦ ਕਰਾ ਯਾਰ,
ਅਰਜੈਂਟ ਕਾਲ ਅਜੇ ਤੱਕ ਨਹੀਂ ਲੱਗੀ।” ਹਰਮੀਤ ਨੇ ਗੱਲ ਕਰ ਕੇ ਕਿਹਾ, “ਭਾਪਾ ਜੀ ਅਜੇ ਤਾਂ 17ਵਾਂ
ਨੰਬਰ ਹੈ, ਅਜੇ ਵਕਤ ਲੱਗ ਜਾਣੈ।”
“ਚਲੋ ਠੀਕ ਹੈ, ਅਸੀਂ ਜ਼ਰਾ ਚਕਰ ਲਾ ਕੇ ਆਉਂਦੇ ਹਾਂ ਤੂੰ ਖਿਆਲ ਰੱਖੀਂ।” ਕਹਿੰਦੇ ਹੋਏ ਉਸ ਗੁਰਮੀਤ
ਨੂੰ ਚਲਣ ਦਾ ਇਸ਼ਾਰਾ ਕੀਤਾ ਤੇ ਦੋਵੇਂ ਬਾਹਰ ਨਿਕਲ ਗਏ। ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਵਾਪਸ ਆਏ
ਤਾਂ ਕਾਲ ਅਜੇ ਵੀ ਨਹੀਂ ਸੀ ਲੱਗੀ। ਉਸ ਆਪ ਆਪਰੇਟਰ ਨੂੰ ਟੈਲੀਫੋਨ ਮਿਲਾ ਕੇ ਕਾਲ ਬਾਰੇ ਪੁੱਛਿਆ
ਤਾਂ ਜੁਆਬ ਮਿਲਿਆ ਅਜੇ ਗਿਆਰਵਾਂ ਨੰਬਰ ਹੈ ਸਮਾਂ ਲਗੇਗਾ।
“ਚਲੋ, ਲੇਟਦੇ ਹਾਂ ਜਿਸ ਵੇਲੇ ਕਾਲ ਲਗੀ ਮੈਂ ਦੇਖ ਲਵਾਂਗਾ”, ਕਹਿੰਦਾ ਹੋਇਆ ਉਹ ਆਪਣੇ ਕਮਰੇ ਵੱਲ
ਲੰਘ ਗਿਆ।
ਕੱਲ ਭੁੰਜੇ ਸੌਣ ਕਰਕੇ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਈ ਪਰ ਅੱਜ ਤਾਂ ਲੇਟਦੇ ਹੀ ਹਲਕੇ ਹਲਕੇ
ਖੁਰਾਟੇ ਵੱਜਣ ਲੱਗ ਪਏ। ਬਲਦੇਵ ਸਿੰਘ ਚੰਗੀ ਡੂੰਘੀ ਨੀਂਦ ਵਿੱਚ ਸੀ ਕਿ ਟੈਲੀਫੋਨ ਦੀ ਘੰਟੀ ਵੱਜੀ।
ਉਹ ਇਕ-ਦਮ ਹੜਬੜਾ ਕੇ ਉਠਿਆ ਤੇ ਟੈਲੀਫੋਨ ਚੁੱਕ ਲਿਆ। ਉਧਰੋਂ ਆਪਰੇਟਰ ਦੀ ਅਵਾਜ਼ ਆਈ, “ਅੰਮ੍ਰਿਤਸਰ
ਕੀ ਕਾਲ …. , ਬਾਤ ਕਰੋ,” ਅਤੇ ਘੰਟੀ ਵੱਜਣ ਦੀ ਅਵਾਜ਼ ਆਉਣ ਲੱਗੀ। ਥੋੜ੍ਹੀ ਦੇਰ ਬਾਅਦ ਕਿਸੇ ਨੇ
ਟੈਲੀਫੋਨ ਚੁੱਕਿਆ, ਬਿਲਕੁਲ ਅਨਜਾਣ ਜਿਹੀ ਅਵਾਜ਼ ਸੀ। ਬਲਦੇਵ ਸਿੰਘ ਨੇ ਕਿਹਾ, “ਮੈਂ ਕਾਨਪੁਰ ਤੋਂ
ਬਲਦੇਵ ਸਿੰਘ ਬੋਲ ਰਿਹਾਂ, ਚਾਚਾ ਜੀ ਨਾਲ ਗੱਲ ਕਰਾਉਣਾ …।”
ਉਧਰੋਂ ਕੋਈ ਕਿਸੇ ਹੋਰ ਹੀ ਭਾਸ਼ਾ ਵਿੱਚ ਬੋਲ ਰਿਹਾ ਸੀ। ਬਲਦੇਵ ਸਿੰਘ ਨੂੰ ਕੁੱਝ ਸਮਝ ਨਹੀਂ ਪਈ।
ਉਧਰੋਂ ਬੋਲਣ ਵਾਲਾ ਕਾਫੀ ਗੁੱਸੇ ਵਿੱਚ ਜਾਪਦਾ ਸੀ, ਇੰਝ ਲਗਦਾ ਸੀ ਜਿਵੇਂ ਗਾਲ੍ਹਾਂ ਕੱਢ ਰਿਹਾ
ਹੋਵੇ। ਬਲਦੇਵ ਸਿੰਘ ਨੂੰ ਬੜੀ ਹੈਰਾਨਗੀ ਹੋਈ। ਉਸ ਟੈਲੀਫੋਨ ਦੇ ਹੁਕ ਨੂੰ ਦੋ ਤਿੰਨ ਵਾਰੀ ਦਬਾ ਕੇ
ਆਪਰੇਟਰ-ਆਪਰੇਟਰ ਕਿਹਾ, ਉਧਰੋਂ ਆਪਰੇਟਰ ਦੀ ਅਵਾਜ਼ ਆਈ, “ਹਾਂ ਜੀ, ਬਾਤ ਤੋ ਹੋ ਰਹੀ ਹੈ।”
“ਲਗਦੈ ਗੱਲਤ ਨੰਬਰ ਮਿਲ ਗਿਐ?” ਬਲਦੇਵ ਸਿੰਘ ਨੇ ਜੁਆਬ ਦਿੱਤਾ।
ਥੋੜ੍ਹੀ ਦੇਰ ਬਾਅਦ ਆਪਰੇਟਰ ਦੀ ਅਵਾਜ਼ ਫੇਰ ਆਈ, “ਨੰਬਰ ਤੋ ਠੀਕ ਹੈ ਸਰ।”
“ਅੱਛਾ! ਚਲੋ ਫੇਰ ਬੰਦ ਕਰ ਦਿਓ।” ਕਹਿਕੇ ਬਲਦੇਵ ਸਿੰਘ ਨੇ ਨਿਰਾਸ਼ ਜਿਹੇ ਹੋ ਕੇ ਟੈਲੀਫੋਨ ਰੱਖ
ਦਿੱਤਾ। ਸਾਹਮਣੇ ਘੜੀ `ਤੇ ਨਜ਼ਰ ਪਈ ਸਾਢੇ ਬਾਰ੍ਹਾਂ ਤੋ ਉਤੇ ਹੋ ਚੁੱਕੇ ਸਨ। ਗੁਰਮੀਤ ਵੀ ਉਠ ਕੇ
ਬੈਠ ਗਈ ਸੀ, ਪਤੀ ਨੂੰ ਪ੍ਰੇਸ਼ਾਨ ਜਿਹਾ ਵੇਖ ਕੇ ਪੁੱਛਣ ਲੱਗੀ, “ਕੀ ਗੱਲ, ਮਿਲੇ ਨਹੀਂ ਚਾਚਾ ਜੀ
ਹੋਰੀ?” “ਨਹੀਂ ਮੀਤਾ! ਕੋਈ ਓਪਰਾ ਜਿਹਾ ਬੰਦਾ ਬੋਲ ਰਿਹਾ ਸੀ, ਕਿਸੇ ਹੋਰ ਹੀ ਭਾਸ਼ਾ ਵਿੱਚ, ਮੈਨੂੰ
ਤਾਂ ਕੋਈ ਸਮਝ ਨਹੀਂ ਪਈ”, ਬਲਦੇਵ ਸਿੰਘ ਨੇ ਕੁੱਝ ਹੈਰਾਨਗੀ ਜਿਹੀ ਜਤਾਉਂਦੇ ਹੋਏ ਕਿਹਾ।
“ਕਿਤੇ ਨੰਬਰ ਨਾ ਬਦਲ ਗਿਆ ਹੋਵੇ?”
“ਹੋਣਾ ਤਾਂ ਨਹੀਂ ਚਾਹੀਦਾ, ਉਨ੍ਹਾਂ ਦਾ ਬਹੁਤ ਪੁਰਾਣਾ ਨੰਬਰ ਹੈ”, ਕਹਿੰਦਾ ਹੋਇਆ ਬਲਦੇਵ ਸਿੰਘ
ਲੇਟ ਗਿਆ। ਥੋੜ੍ਹੀ ਦੇਰ ਦੋਨੋਂ ਇਸੇ ਬਾਰੇ ਗੱਲ ਕਰਦੇ ਰਹੇ ਤੇ ਫੇਰ ਸੌਂ ਗਏ।
ਬਲਦੇਵ ਸਿੰਘ ਨੇ ਦੁਕਾਨ `ਤੇ ਪਹੁੰਚ ਕੇ ਉਸੇ ਵੇਲੇ ਫੇਰ ਅੰਮ੍ਰਿਤਸਰ ਵਾਸਤੇ ਅਰਜੰਟ ਕਾਲ ਬੁੱਕ
ਕਰਵਾ ਦਿੱਤੀ ਸੀ। ਜਦੋਂ ਟੈਲੀਫੋਨ ਦੀ ਘੰਟੀ ਵਜਦੀ, ਉਹ ਬੜੀ ਜਗਿਆਸਾ ਨਾਲ ਫੋਨ ਵੱਲ ਵੇਖਦਾ। ਅਖੀਰ
ਡੇਢ ਕੁ ਵਜੇ ਘੰਟੀ ਵਜੀ ਤਾਂ ਮੁਨੀਮ ਨੇ ਕਿਹਾ, “ਸਰਦਾਰ ਜੀ! ਅੰਮ੍ਰਿਤਸਰ ਦੀ ਕਾਲ …।” ਤੇ
ਟੈਲੀਫੋਨ ਬਲਦੇਵ ਸਿੰਘ ਵੱਲ ਕਰ ਦਿੱਤਾ। ਬਲਦੇਵ ਸਿੰਘ ਨੇ ਟੈਲੀਫੋਨ ਕੰਨ ਨਾਲ ਲਾਇਆ ਤਾਂ ਕਿਸੇ ਨੇ
ਉਧਰੋਂ ਪਹਿਲਾਂ ਹੀ ਟੈਲੀਫੋਨ ਚੁੱਕ ਲਿਆ ਹੋਇਆ ਸੀ, ਅਵਾਜ਼ ਆਈ, “ਸਤਿ ਸ੍ਰੀ ਅਕਾਲ ਭਰਾ ਜੀ!” ਬਲਦੇਵ
ਸਿੰਘ ਨੇ ਅਵਾਜ਼ ਪਛਾਣੀ, ਇਹ ਸ੍ਰ. ਚੇਤ ਸਿੰਘ ਦੇ ਛੋਟੇ ਪੁੱਤਰ ਗੁਰਚਰਨ ਸਿੰਘ ਦੀ ਸੀ। ਅਵਾਜ਼ ਸੁਣ
ਕੇ ਬਲਦੇਵ ਸਿੰਘ ਦੇ ਚਿਹਰੇ `ਤੇ ਕੁੱਝ ਨਿਖਾਰ ਜਿਹਾ ਆ ਗਿਆ। ਉਹ ਛੇਤੀ ਨਾਲ ਬੋਲਿਆ,
“ਸਤਿ ਸ੍ਰੀ ਅਕਾਲ ਗੁਰਚਰਨ ਵੀਰੇ! ਸ਼ੁਕਰ ਹੈ ਤੁਹਾਡੀ ਅਵਾਜ਼ ਕੰਨੀ ਪਈ ਹੈ। ਤਿੰਨ ਦਿਨ ਹੋ ਗਏ ਨੇ
ਕਾਲ ਬੁੱਕ ਕਰਾਉਂਦਿਆਂ, ਨਾ ਘਰ ਮਿਲ ਰਿਹੈ ਨਾ ਦੁਕਾਨ `ਤੇ, ਬੜੀ ਚਿੰਤਾ ਲਗੀ ਹੋਈ ਸੀ। ਸੁਣਾਓ ਕੀ
ਹਾਲ ਚਾਲ ਹੈ?”
“ਬਸ ਉਹੀ ਹਾਲ ਹੈ ਜੋ ਸਾਰੀ ਕੌਮ ਦੈ, …. ਸਾਡਾ ਕੋਈ ਕੌਮ ਨਾਲੋਂ ਅਲੱਗ ਥੋੜ੍ਹਾ ਹੋਣੈ,. . ਭਰਾ
ਜੀ! ਟੈਲੀਫੋਨ ਕਿਥੋਂ ਮਿਲਣਾ ਸੀ? ਪੰਦਰ੍ਹਾਂ ਦਿਨ ਹੋ ਗਏ ਨੇ ਘਰੋਂ ਬੇਘਰ ਹੋਇਆਂ ਤੇ ਦੁਕਾਨ ਵੀ
ਪੰਦਰ੍ਹਾਂ ਦਿਨਾਂ ਬਾਅਦ ਅੱਜ ਖੋਲ੍ਹੀ ਹੈ। ਵੈਸੇ ਤਾਂ ਕੱਲ ਕੁੱਝ ਮਾਰਕੀਟ ਥੋੜ੍ਹੀ ਦੇਰ ਲਈ
ਖੁੱਲ੍ਹੀ ਸੀ ਪਰ ਪਿਤਾ ਜੀ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਮੈਂ ਅੱਜ ਥੋੜ੍ਹੀ ਦੇਰ ਪਹਿਲੇ ਹੀ
ਖੋਲ੍ਹੀ ਹੈ।” ਗੁਰਚਰਨ ਸਿੰਘ ਦੀ ਅਵਾਜ਼ ਬਹੁਤ ਮੁਰਝਾਈ ਹੋਈ ਸੀ। ਉਂਝ ਗੁਰਚਰਨ ਕੁੱਝ ਕਰਾਰਾ ਬੋਲਣ
ਦਾ ਆਦੀ ਸੀ ਪਰ ਅੱਜ ਤਾਂ ਜਿਵੇਂ ਉਸ ਦੀ ਅਵਾਜ਼ ਵਿੱਚ ਜਿੰਦ ਜਾਨ ਹੀ ਕੋਈ ਨਹੀਂ ਸੀ।
“ਕਿਉਂ ਕੀ ਹੋਇਐ ਚਾਚਾ ਜੀ ਨੂੰ?” ਬਲਦੇਵ ਸਿੰਘ ਨੇ ਕਾਹਲੀ ਨਾਲ ਪੁੱਛਿਆ।
“ਕੀ ਹੋਣੈ ਭਰਾ ਜੀ, …. ਜੋ ਜ਼ੁਲਮ ਅਸੀਂ ਸਾਰਿਆਂ ਨੇ ਵੇਖਿਆ ਅਤੇ ਭੋਗਿਆ ਹੈ ਉਨ੍ਹਾਂ ਦੀ ਬਜ਼ੁਰਗ
ਜਿੰਦ ਨੇ ਕਿਵੇਂ ਸਹਾਰਨਾ ਸੀ? ਉਨ੍ਹਾਂ ਵਾਸਤੇ ਤਾਂ ਦਰਬਾਰ ਸਾਹਿਬ ਦਾ ਨੇਮ ਟੁਟਣਾ ਹੀ ਵੱਡਾ
ਦੁਖਦਾਈ ਸੀ ਪਰ ਇਥੇ ਤਾਂ ਸਤਿਗੁਰੂ ਦੇ ਦਰਬਾਰ `ਤੇ ਜ਼ੁਲਮ ਦੀ ਹਨੇਰੀ ਵੱਗੀ ਹੈ ਜਿਸਦਾ ਸੰਤਾਪ ਸਾਰੀ
ਸਿੱਖ ਕੌਮ ਭੋਗ ਰਹੀ ਹੈ। ਜਿਤਨਾ ਕੋਈ ਭੱਠੀ ਦੇ ਨੇੜੇ ਉਤਨਾ ਸੇਕ ਜ਼ਿਆਦਾ। ਇਧਰ ਘਰੋਂ ਬੇਘਰ ਹੋਣਾ
ਪਿਆ, ਉਧਰ ਪਿਤਾ ਜੀ ਮੰਜੇ `ਤੇ ਪੈ ਗਏ … …. ।” ਬੋਲਦਿਆਂ ਬੋਲਦਿਆਂ ਗੁਰਚਰਨ ਸਿੰਘ ਦੀ ਅਵਾਜ਼
ਪਹਿਲਾਂ ਭਰ. . ਰਾ ਗਈ ਤੇ ਫੇਰ ਬੰਦ ਹੋ ਗਈ ਪਰ ਬਲਦੇਵ ਸਿੰਘ ਉਸ ਦੀਆਂ ਸਿਸਕੀਆਂ ਨੂੰ ਚੰਗੀ
ਤਰ੍ਹਾਂ ਮਹਿਸੂਸ ਕਰ ਸਕਦਾ ਸੀ।
ਗੁਰਚਰਨ ਦੇ ਦਰਦ ਨੂੰ ਮਹਿਸੂਸ ਕਰਕੇ ਉਸ ਦਾ ਆਪਣਾ ਮਨ ਵੀ ਭਰ ਆਇਆ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ
ਕੇ ਕਿਹਾ, “ਹੌਂਸਲਾ ਕਰੋ ਵੀਰੇ! ਹੌਂਸਲਾ ਕਰੋ। ਵਾਹਿਗੁਰੂ ਮਿਹਰ ਕਰੇਗਾ ਸਭ ਠੀਕ ਹੋ ਜਾਵੇਗਾ। ਜੇ
ਉਹ ਸਮਾਂ ਨਹੀਂ ਰਿਹਾ ਤਾਂ ਇਹ ਵੀ ਨਹੀਂ ਰਹੇਗਾ। ਪਰ ਇਹ ਤਾਂ ਦਸੋ ਚਾਚਾ ਜੀ ਨੂੰ ਹੋਇਆ ਕੀ ਏ,
ਨਾਲੇ ਹੁਣ ਕੀ ਹਾਲ ਏ? …. ਨਾਲੇ ਘਰ ਕਿਉਂ ਛਡਣਾ ਪਿਆ ਤੇ ਹੁਣ ਕਿਥੇ ਹੋ?” ਬਲਦੇਵ ਸਿੰਘ ਦੇ
ਸਾਹਮਣੇ ਕਈ ਸੁਆਲ ਆ ਖਲੋਤੇ ਸਨ, ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਪਹਿਲਾਂ ਕਿਹੜਾ ਪੁੱਛੇ।
ਉਧਰੋਂ ਆ ਰਹੀ ਅਵਾਜ਼ ਤੋਂ ਇੰਝ ਜਾਪ ਰਿਹਾ ਸੀ ਜਿਵੇਂ ਗੁਰਚਰਨ ਸਿੰਘ ਪਾਣੀ ਪੀ ਰਿਹਾ ਹੋਵੇ। ਜ਼ਰਾ ਕੁ
ਰੁੱਕ ਕੇ ਅਵਾਜ਼ ਆਈ, “ਭਰਾ ਜੀ! ਪੰਜ ਤਰੀਕ ਦੀ ਰਾਤ ਜਦੋਂ ਸਭ ਤੋਂ ਵੱਧ ਅੱਗ ਦੇ ਗੋਲੇ ਵਰ੍ਹੇ ਇਹ
ਦਰਬਾਰ ਸਾਹਿਬ ਦੀਆਂ ਹੱਦਾਂ ਟੱਪ ਕੇ ਸਾਡੇ ਘਰਾਂ `ਤੇ ਵੀ ਡਿੱਗਣ ਲੱਗ ਪਏ। ਪਲਾਂ ਵਿੱਚ ਸਾਰਿਆਂ
ਨੂੰ ਭਰੇ ਭਰਾਏ ਘਰ ਛੱਡ ਕੇ ਖਾਲੀ ਹੱਥ ਜਾਨਾਂ ਬਚਾ ਕੇ ਰਾਤੋ ਰਾਤ ਉਥੋਂ ਨਿਕਲਨਾ ਪਿਆ, ਔਰਤਾਂ
ਬੱਚੇ ਪਿਤਾ ਜੀ ਸਮੇਤ। ਉਪਰ ਅੱਗ ਵਰ ਰਹੀ ਸੀ ਇਧਰੋਂ ਸਾਰੇ ਸ਼ਹਿਰ ਵਿੱਚ ਕਰਫਿਉ। ਤੁਹਾਨੂੰ ਤਾਂ ਪਤਾ
ਹੀ ਹੈ ਸਾਡੇ ਘਰ ਦੇ ਨੇੜੇ ਹੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਪਟਾਕਿਆਂ ਦੀਆਂ ਦੁਕਾਨਾਂ ਸਨ,
ਕੋਈ ਬੰਬ ਉਨ੍ਹਾਂ `ਤੇ ਵੀ ਜਾ ਡਿੱਗਾ, ਉਥੇ ਤਾਂ ਪਹਿਲਾਂ ਹੀ ਨਿਰਾ ਬਰੂਦ ਭਰਿਆ ਪਿਆ ਸੀ, ਸਾਰਾ
ਫੱਟ ਗਿਆ, ਅਰਬਾਂ ਕਰੋੜਾਂ ਦਾ ਨੁਕਸਾਨ ਤਾਂ ਹੋਇਆ, ਸਾਰੇ ਇਲਾਕੇ ਵਿੱਚ ਅੱਗ ਫੈਲਣ ਲੱਗ ਪਈ, ਬਹੁਤ
ਔਕੜਾਂ ਨਾਲ ਜਾਨਾਂ ਬਚਾ ਕੇ ਨਿਕਲੇ ਹਾਂ। ਉਧਰ ਜਾਣ ਨਹੀਂ ਦੇਂਦੇ ਇਸ ਲਈ ਆਪ ਵੇਖ ਤਾਂ ਨਹੀਂ ਸਕੇ
ਪਰ ਸੁਣਿਐ ਸਾਡਾ ਮੁਨਿਆਰਾਂ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ, ਗਲੀ ਤਰਖਾਣਾ ਅਤੇ ਥੜ੍ਹਾ ਸਾਹਿਬ ਪੂਰੀ
ਤਰ੍ਹਾਂ ਬਰਬਾਦ ਹੋ ਗਏ ਨੇ। ਬਾਜ਼ਾਰ ਕਾਠੀਆਂ ਦਾ ਇੱਕ ਹਿੱਸਾ ਵੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਐ।
ਉਸੇ ਰਾਤ ਰਸਤੇ ਵਿੱਚ ਪਿਤਾ ਜੀ ਨੂੰ ਦਿਲ ਦਾ ਦੌਰਾ ਪੈ ਗਿਆ …।”
“ਹੈਂ …. ! ਚਾਚਾ ਜੀ ਨੂੰ ਦਿਲ ਦਾ ਦੌਰਾ …. ? ਪਹਿਲਾਂ ਤਾਂ ਉਨ੍ਹਾਂ ਨੂੰ ਕਿਸੇ ਐਸੀ ਤਕਲੀਫ ਬਾਰੇ
ਕਦੇ ਸੁਣਿਆਂ ਨਹੀਂ”, ਬਲਦੇਵ ਸਿੰਘ ਛੇਤੀ ਨਾਲ ਵਿੱਚੋਂ ਹੀ ਗੱਲ ਕੱਟ ਕੇ ਬੋਲਿਆ।
“ਨਾ ਭਰਾ ਜੀ ਕਦੇ ਵੀ ਨਹੀਂ। ਵਾਹਿਗੁਰੂ ਦੀ ਬੜੀ ਬਖਸ਼ਿਸ਼ ਰਹੀ ਹੈ, ਮੌਸਮੀ ਜ਼ੁਕਾਮ ਬੁਖਾਰ ਤਾਂ
ਭਾਵੇਂ ਕਦੇ ਹੋ ਜਾਵੇ ਪਰ ਪਿਤਾ ਜੀ ਨੂੰ ਹੋਰ ਕੋਈ ਵੱਡੀ ਬਿਮਾਰੀ ਕਦੇ ਨਹੀਂ ਲੱਗੀ …. ।” ਗੁਰਚਰਨ
ਬੋਲ ਹੀ ਰਿਹਾ ਸੀ ਕਿ ਇਨ੍ਹੇ ਨੂੰ ਵਿੱਚੋਂ ਟੈਲੀਫੋਨ ਅਪਰੇਟਰ ਦੀ ਅਵਾਜ਼ ਸੁਣਾਈ ਦਿੱਤੀ,
“ਤੀਨ ਮਿੰਟ ਹੋ ਗਏ ਸਰ।” ਬਲਦੇਵ ਸਿੰਘ ਛੇਤੀ ਨਾਲ ਬੋਲਿਆ, “ਸਮਾਂ ਹੋਰ ਵਧਾ ਦਿਓ”, ਤੇ ਫੇਰ
ਗੁਰਚਰਨ ਸਿੰਘ ਵੱਲ ਮੁਖਾਤਿਬ ਹੋ ਕੇ ਬੜੀ ਜਿਗਿਆਸਾ ਨਾਲ ਬੋਲਿਆ, “ਫੇਰ ਗੁਰਚਰਨ ਵੀਰੇ?”
“ਫੇਰ ਕੀ ਹੋਣਾ ਸੀ ਭਰਾ ਜੀ! ਹੱਥਾਂ ਪੈਰਾਂ ਦੀ ਪੈ ਗਈ। ਇਤਨੇ ਖਤਰਨਾਕ ਹਾਲਾਤ, ਰਾਤ ਦਾ ਸਮਾਂ,
ਘਰੋਂ ਬਾਹਰ ਸੜਕ `ਤੇ, ਨਾ ਕੋਈ ਸੁਆਰੀ। ਸਾਰੇ ਸ਼ਹਿਰ ਦੇ ਟੈਲੀਫੋਨ ਤਾਂ ਤਿੰਨ ਤਰੀਕ ਦੀ ਰਾਤ ਨੂੰ
ਹੀ ਕੱਟ ਦਿੱਤੇ ਗਏ ਸਨ ਤੇ ਹੁਣ 11 ਤਾਰੀਕ ਨੂੰ ਹੀ ਦੁਬਾਰਾ ਚਾਲੂ ਹੋਏ ਹਨ। ਸਿਵਾਏ ਫ਼ੌਜੀਆਂ ਦੇ
ਕੋਈ ਨਜ਼ਰ ਨਹੀਂ ਸੀ ਆਉਂਦਾ। ਉਨ੍ਹਾਂ ਦੇ ਬੜੇ ਹਾੜੇ ਕੱਢੇ, ਕਿਸੇ ਡਾਕਟਰ ਕੋਲ ਜਾਂ ਹਸਪਤਾਲ ਪਹੁੰਚਾ
ਦਿਓ ਪਰ ਉਨ੍ਹਾਂ ਦਾ ਵਿਹਾਰ ਤਾਂ ਇੰਝ ਸੀ ਜਿਵੇਂ ਆਪਣੇ ਦੇਸ਼ ਦੀ ਨਹੀਂ ਕੋਈ ਦੁਸ਼ਮਣਾਂ ਦੀ ਫ਼ੌਜ
ਹੋਵੇ। ਸਗੋਂ ਥਾਂ ਥਾਂ ਬੇਇੱਜ਼ਤ ਹੋਣਾ ਪਿਆ। ਪਿਤਾ ਜੀ ਨੂੰ ਇੱਕ ਬੰਦ ਦੁਕਾਨ ਦੇ ਬਾਹਰ ਫੱਟੇ `ਤੇ
ਪਾ ਕੇ, ਆਪ ਹੀ, ਜੋ ਉਪਰਾਲਾ ਹੋ ਸਕਦਾ ਸੀ ਕਰੀ ਜਾਂਦੇ ਸਾਂ। ਉਨ੍ਹਾ ਫ਼ੌਜੀਆਂ ਹੋਰ ਤਾਂ ਕੁੱਝ ਨਾ
ਕੀਤਾ ਫੜ ਕੇ ਕੋਤਵਾਲੀ ਭੇਜ ਦਿੱਤਾ। ਨਾਂ ਨੂੰ ਪੁਲਿਸ ਕੋਤਵਾਲੀ ਸੀ, ਉਥੇ ਕੁੱਝ ਪੁਲਿਸ ਵਾਲੇ ਵੀ
ਸਨ ਪਰ ਰਾਜ ਉਥੇ ਵੀ ਸਾਰਾ ਫ਼ੌਜ ਦਾ ਹੀ ਚੱਲ ਰਿਹਾ ਸੀ। ਇਤਨਾ ਮਾੜਾ ਵਿਹਾਰ ਤਾਂ ਕਿਸੇ ਦੁਸ਼ਮਣ
ਵੱਲੋਂ ਵੀ ਨਹੀਂ ਵੇਖਿਆ ਸੁਣਿਆ। ਬਸ ਇਤਨਾ ਸੀ ਸਿਰ `ਤੇ ਛੱਤ ਮਿਲ ਗਈ ਪਰ ਉਹ ਛੱਤ ਰੜ੍ਹੇ ਨਾਲੋਂ
ਵੀ ਮਾੜੀ ਸੀ। ਸਾਡੇ ਵਰਗੇ ਹੋਰ ਵੀ ਕਈ ਫੜ ਕੇ ਲਿਆਂਦੇ ਹੋਏ ਸਨ। ਛੋਟੀ ਜਿਹੀ ਜਗ੍ਹਾ ਵਿੱਚ 60-70
ਬੰਦੇ ਤੂੜ ਦਿੱਤੇ, ਉਤੋਂ ਅਤਿ ਦੀ ਗਰਮੀ, ਨਾ ਕੋਈ ਪੱਖਾ, ਇਸ ਗੱਲ ਦਾ ਵੀ ਕੋਈ ਖਿਆਲ ਨਹੀਂ ਕੀਤਾ
ਕਿ ਨਾਲ ਬਿਮਾਰ ਬਜ਼ੁਰਗ ਹੈ, ਇਲਾਜ ਜਾਂ ਦਵਾ ਦਾਰੂ ਤਾਂ ਕੀ ਕਰਾਉਣਾ ਸੀ? ਉਥੇ ਤਾਂ ਸਾਡੇ ਵਰਗਿਆਂ
ਦਾ ਵੀ ਸਾਹ ਘੁਟ ਰਿਹਾ ਸੀ, ਇਸ ਭੀੜ-ਭੜੱਕੇ ਵਿੱਚ ਬੱਚਿਆਂ ਦੀ ਹਾਲਤ ਵੀ ਬਹੁਤ ਮਾੜੀ ਹੋ ਰਹੀ ਸੀ
ਕਈ ਬੱਚੇ ਤਾਂ ਚੀਖ ਚਿਲਾ ਰਹੇ ਸਨ, ਕੁਦਰਤੀ ਪਿਤਾ ਜੀ ਦੀ ਹਾਲਤ ਹੋਰ ਵਿਗੜਦੀ ਜਾਪੀ। ਇਹ ਤਾਂ
ਵਾਹਿਗੁਰੂ ਦੀ ਮਿਹਰ ਹੀ ਸਮਝ ਲਓ ਕਿ ਪਿਤਾ ਜੀ ਜ਼ਿੰਦਾ ਹਨ, ਅਸੀਂ ਤਾਂ ਬਹੁਤ ਘਬਰਾ ਗਏ ਸਾਂ ਪਰ ਉਥੇ
ਜਿਹੜੇ ਨਾਲ ਬੰਦ ਸਨ ਉਨ੍ਹਾਂ ਕਾਫੀ ਸਾਥ ਦਿੱਤਾ। ਪਹਿਲਾਂ ਤਾਂ ਸਵੇਰੇ ਪਤਾ ਲੱਗਾ ਕਿ ਸਾਰਿਆਂ ਨੂੰ
ਗ੍ਰਿਫਤਾਰ ਕਰ ਲਿਆ ਹੈ। ਸਾਡੀਆਂ ਹੀ ਪੱਗਾਂ ਜਾਂ ਕੇਸਕੀਆਂ ਤੇ ਬੀਬੀਆਂ ਦੇ ਦੁਪੱਟੇ ਲਾਹ ਕੇ
ਸਾਰਿਆਂ ਦੇ ਅੱਖਾਂ ਤੇ ਹੱਥ ਬੰਨ ਲਏ। ਇੱਕ ਮਦਰਾਸੀ ਜਿਹਾ ਫ਼ੌਜੀ ਅਫਸਰ ਤਾਂ ਇਤਨਾ ਦੁਸ਼ਟ ਸੀ ਕਹਿਣ
ਲੱਗਾ ਯੇਹ ਸਭ ਆਤੰਕਵਾਦੀ ਹੈ, ਸਭ ਕੋ ਗੋਲੀ ਮਾਰ ਦੋ। ਅਸੀਂ ਬੜੇ ਤਰਲੇ ਕੀਤੇ, ਉਹ ਸਾਰੇ ਹਾਲਾਤ
ਦਸੇ ਜਿਨ੍ਹਾਂ ਵਿੱਚ ਘਰੋਂ ਨਿਕਲਨਾ ਪਿਆ। ਬੀਮਾਰ ਪਿਤਾ ਜੀ ਦਾ ਵਾਸਤਾ ਪਾਇਆ। ਦਿਨੇ ਉਥੇ ਕਈ ਹੋਰ
ਪੁਲਿਸ ਅਫਸਰ ਵੀ ਆ ਗਏ, ਉਨ੍ਹਾ ਵਿੱਚੋਂ ਇੱਕ ਉੱਚੇ ਅਹੁਦੇ ਵਾਲਾ ਅਫਸਰ ਪਿਤਾ ਜੀ ਨੂੰ ਪਛਾਣਦਾ ਸੀ,
ਬਲਕਿ ਉਨ੍ਹਾਂ ਦਾ ਚੰਗਾ ਸਤਿਕਾਰ ਕਰਦਾ ਸੀ। ਕੁੱਝ ਉਸ ਸਿਫਾਰਸ਼ ਕੀਤੀ, ਕੁੱਝ ਉਹ ਆਪਣੀ ਪੜਤਾਲ ਕਰਕੇ
ਤਸੱਲੀ ਕਰ ਬੈਠੇ ਸਨ। ਸ਼ਾਮ ਕੁ ਵੇਲੇ ਪੁੱਛਣ ਲੱਗੇ ਦਸੋ ਕਿਥੇ ਜਾਣਾ ਹੈ? ਤੁਸੀ ਜਾਣਦੇ ਹੀ ਹੋ,
ਸਾਡੇ ਬਜ਼ਾਰ ਵਿੱਚ ਹੀ ਮੇਰੇ ਰਿਸ਼ਤੇ ਦੇ ਚਾਚਾ ਜੀ ਸ੍ਰ. ਹਰਨਾਮ ਸਿੰਘ ਹੋਰਾਂ ਦੀ ਦੁਕਾਨ ਹੈ,
ਉਨ੍ਹਾਂ ਬਾਹਰ ਠੰਡੀ ਖੂਹੀ ਦੇ ਪਿਛਲੇ ਪਾਸੇ ਕੋਠੀ ਪਾ ਲਈ ਸੀ, ਅਤੇ ਅੱਜ ਕੱਲ ਉਥੇ ਰਹਿੰਦੇ ਹਨ,
ਅਸੀਂ ਉਨ੍ਹਾਂ ਦਾ ਨਾਂ ਲਿਆ ਤਾਂ ਸਾਨੂੰ ਉਥੇ ਭੇਜ ਦਿੱਤਾ ਪਰ ਪਿਤਾ ਜੀ ਦੇ ਇਲਾਜ ਦਾ ਫਿਰ ਵੀ ਕੋਈ
ਸਬੱਬ ਨਾ ਬਣਿਆ। ਅਸੀਂ ਉਸ ਜਾਣਕਾਰ ਪੁਲਿਸ ਅਫਸਰ ਨੂੰ ਬੇਨਤੀ ਕੀਤੀ ਕਿ ਕਿਸੇ ਤਰ੍ਹਾਂ ਪਿਤਾ ਜੀ
ਨੂੰ ਹਸਪਤਾਲ ਪਹੁੰਚਾਇਆ ਜਾਵੇ ਪਰ ਉਹ ਕਹਿਣ ਲਗਾ ਕਿ ਇਸ ਵੇਲੇ ਤਾਂ ਸੰਭਵ ਨਹੀਂ ਪਰ ਮੈਂ ਤੁਹਾਡਾ
ਅਡਰੈਸ ਨੋਟ ਕਰ ਲੈਨਾ ਜਿਸ ਵੇਲੇ ਦਾਅ ਲੱਗਾ ਆ ਜਾਵਾਂਗਾ। ਬਸ ਵਾਹਿਗੁਰੂ ਅਗੇ ਹੀ ਅਰਦਾਸਾਂ ਕਰਦੇ
ਰਹੇ ਅਤੇ ਜੋ ਆਪ ਸਮਝ ਆਉਂਦੀ ਸੀ ਜਾਂ ਬਣ ਸਰ ਸਕਦਾ ਸੀ ਕਰਦੇ ਰਹੇ”, ਗੁਰਚਰਨ ਸਿੰਘ ਥੋੜ੍ਹਾ ਜਿਹਾ
ਰੁਕਿਆ ਤੇ ਸਿਸਕੀ ਜਿਹੀ ਲਈ।
ਇਤਨੇ ਨੂੰ ਬਲਦੇਵ ਸਿੰਘ ਬੋਲਿਆ, “ਇਹ ਤਾਂ ਹੱਦ ਹੋ ਗਈ ਜ਼ੁਲਮ ਦੀ। …. ਇਸ ਦਾ ਮਤਲਬ ਅਸੀਂ ਅੱਜ ਤੱਕ
ਭੁਲੇਖੇ ਵਿੱਚ ਹੀ ਰਹੇ ਹਾਂ ਕਿ ਅਜ਼ਾਦ ਹੋ ਗਏ ਹਾਂ, ਅਸੀਂ ਵੀ ਇਸ ਦੇਸ਼ ਦੇ ਬਰਾਬਰ ਦੇ ਨਾਗਰਿਕ
ਹਾਂ।”
“ਕਾਹਦੀ ਅਜ਼ਾਦੀ ਭਰਾ ਜੀ? ਇਤਨਾ ਜ਼ੁਲਮ ਤਾਂ ਅੰਗ੍ਰੇਜ਼ਾਂ ਦੀ ਗ਼ੁਲਾਮੀ ਵਿੱਚ ਵੀ ਨਹੀਂ ਸੀ ਵੇਖਿਆ
ਸੁਣਿਆ …, ਮੁਗ਼ਲਾਂ ਦੇ ਵੀ ਬੜੇ ਜ਼ੁਲਮ ਸੁਣੇ ਨੇ ਪਰ ਇਹ ਤਾਂ ਸਭ ਹੱਦਾਂ ਬੰਨੇ ਟਪ ਗਿਐ”, ਗੁਰਚਰਨ
ਸਿੰਘ ਦੇ ਲਫਜ਼ਾਂ `ਚੋਂ ਰੋਸ ਅਤੇ ਦੁੱਖ ਬਰਾਬਰ ਝਲਕ ਰਹੇ ਸਨ। ਉਸ ਦੀ ਗੱਲ ਨੂੰ ਵਿੱਚੋਂ ਹੀ ਕੱਟ ਕੇ
ਬਲਦੇਵ ਸਿੰਘ ਬੋਲਿਆ, “ਪਹਿਲਾਂ ਇਹ ਦਸੋ, ਫੇਰ ਚਾਚਾ ਜੀ ਦਾ ਕੀ ਬਣਿਆ?”
“ਬਣਨਾ ਕੀ ਸੀ ਭਰਾ ਜੀ, ਤੀਸਰੇ ਦਿਨ ਦੋ ਘੰਟੇ ਲਈ ਕਰਫਿਊ ਵਿੱਚ ਢਿਲ ਮਿਲੀ, ਭਾਵੇਂ ਵੇਖਣ ਨੂੰ
ਪਿਤਾ ਜੀ ਦੀ ਹਾਲਤ ਪਹਿਲੇ ਨਾਲੋਂ ਕੁੱਝ ਸੰਭਲੀ ਲਗਦੀ ਸੀ ਪਰ ਹਾਲੇ ਵੀ ਬਹੁਤ ਢਿੱਲੇ ਨਜ਼ਰ ਆਉਂਦੇ
ਸਨ। ਬੜਾ ਤੜਫੀਏ ਕਿਸੇ ਤਰ੍ਹਾਂ ਪਿਤਾ ਜੀ ਨੂੰ ਹਸਪਤਾਲ ਪਹੁੰਚਾਈਏ ਪਰ ਸ਼ਹਿਰ ਵਿੱਚ ਤਾਂ ਸਾਈਕਲ
ਚਲਾਣ ਦੀ ਵੀ ਆਗਿਆ ਨਹੀਂ ਸੀ ਪਰ ਭਲਾ ਹੋਵੇ ਉਸ ਪੁਲਿਸ ਅਫਸਰ ਦਾ, ਉਹ ਜੀਪ ਲੈਕੇ ਆ ਪਹੁੰਚਿਆ ਤੇ
ਅਸੀ ਛੇਤੀ ਨਾਲ ਪਿਤਾ ਜੀ ਨੂੰ ਲੈਕੇ ਵੱਡੇ ਹਸਪਤਾਲ ਆ ਗਏ …. . ।”
“ਸ਼ੁਕਰ ਹੈ ਵਾਹਿਗੁਰੂ ਦਾ”, ਬਲਦੇਵ ਸਿੰਘ ਗੁਰਚਰਨ ਦੀ ਗੱਲ ਵਿੱਚੋਂ ਹੀ ਕੱਟ ਕੇ ਬੋਲਿਆ।
“ਪਰ ਭਰਾ ਜੀ ਉਥੇ ਤਾਂ ਹੋਰ ਵੀ ਮਾੜੇ ਹਾਲਾਤ ਸਨ। ਸਾਰੇ ਹਸਪਤਾਲ ਵਿੱਚ ਜਿਵੇਂ ਭਾਜੜਾਂ ਪਈਆਂ
ਹੋਈਆਂ ਸਨ, ਸਾਰਾ ਹਸਪਤਾਲ ਜ਼ਖਮੀਂ ਫ਼ੌਜੀਆਂ ਨਾਲ ਭਰਿਆ ਪਿਆ ਸੀ। … ਸ਼ਾਇਦ ਉਨ੍ਹਾਂ ਦੇ ਆਪਣੇ ਹਸਪਤਾਲ
ਵਿੱਚ ਸਮਾਈ ਨਹੀਂ ਹੋਈ ਹੋਣੀ। ਭਾਵੇਂ ਟੈਂਕਾਂ, ਤੋਪਾਂ ਦੇ ਗੋਲਿਆਂ ਦੀ ਅਵਾਜ਼ ਤੋਂ ਅੰਦਾਜ਼ਾ ਤਾਂ
ਲੱਗ ਰਿਹਾ ਸੀ ਪਰ ਉਥੇ ਜਾਕੇ ਪਤਾ ਲੱਗਾ ਕਿ ਕਿੱਡਾ ਘਮਸਾਨ ਦਾ ਜੰਗ ਹੋਇਐ। ਕਿਸੇ ਡਾਕਟਰ ਕੋਲ ਗੱਲ
ਕਰਨ ਦੀ ਵੀ ਵੇਹਲ ਨਹੀਂ ਸੀ। ਸਾਰੇ ਜ਼ਖਮੀ ਫ਼ੌਜੀਆਂ ਦੀ ਦੇਖ ਭਾਲ ਵਿੱਚ ਭੱਜੇ ਫਿਰਦੇ ਸਨ। ਇੱਕ ਪਾਸੇ
ਕੁੱਝ ਜ਼ਖਮੀਂ ਸਿੱਖ ਵੀ ਸਨ, ਸ਼ਾਇਦ ਖਾੜਕੂ ਸਫਾਂ `ਚੋਂ ਹੋਣਗੇ ਜਾਂ ਉਹ ਯਾਤਰੂ ਅਤੇ ਹੋਰ ਸ਼ਰਧਾਲੂ
ਹੋਣਗੇ ਜੋ ਫ਼ੌਜ ਦੇ ਘੇਰੇ ਵਿੱਚ ਆ ਗਏ ਅਤੇ ਉਨ੍ਹਾਂ ਦੀ ਗੋਲਾਬਾਰੀ ਵਿੱਚ ਜ਼ਖਮੀਂ ਹੋ ਗਏ। ਉਨ੍ਹਾਂ
ਦਾ ਬਹੁਤ ਬੁਰਾ ਹਾਲ ਸੀ, ਉਨ੍ਹਾਂ ਵੱਲ ਕੋਈ ਤਵੱਜੋ ਨਹੀਂ ਸੀ ਦੇ ਰਿਹਾ। ਪਤਾ ਲਗਾ ਕਿ ਬਿਨਾ ਇਲਾਜ
ਕਈਆਂ ਦੀ ਹਾਲਤ ਬੜੀ ਨਾਜ਼ਕ ਹੈ, ਉਨ੍ਹਾਂ `ਚੋਂ ਕਈ ਤਾਂ ਇਸੇ ਤਰ੍ਹਾਂ ਤੜਫ ਤੜਫ ਕੇ ਮਰ ਗਏ ਹਨ।
ਅਸੀਂ ਵੀ ਬੜੇ ਤਰਲੇ ਮਾਰੇ ਸਾਡੀ ਕੋਈ ਗੱਲ ਹੀ ਨਾ ਸੁਣੇ। ਮਸਾਂ ਮਸਾਂ ਉਹ ਪੁਲਿਸ ਅਫਸਰ ਜਿਹੜਾ
ਸਾਨੂੰ ਲੈਕੇ ਗਿਆ ਸੀ ਕਿਧਰੋਂ ਇੱਕ ਡਾਕਟਰ ਨੂੰ ਫੜ ਕੇ ਲਿਆਇਆ। ਉਸ ਡਾਕਟਰ ਨੇ ਪੰਜ-ਸਤ ਮਿੰਟ ਪਿਤਾ
ਜੀ ਨੂੰ ਵੇਖ ਕੇ ਕਿਹਾ ਕਿ ਜਾਪਦਾ ਤਾਂ ਇਹੀ ਹੈ ਇਨ੍ਹਾਂ ਨੂੰ ਦਿੱਲ ਦਾ ਦੌਰਾ ਪਿਆ ਸੀ ਪਰ ਹੁਣ
ਖਤਰਾ ਫਿਲਹਾਲ ਟੱਲ ਗਿਆ ਹੈ। ਹਾਲਾਂਕਿ ਇਨ੍ਹਾਂ ਦੇ ਟੈਸਟ ਵਗੈਰਾ ਹੋਣੇ ਚਾਹੀਦੇ ਹਨ ਪਰ ਇਸ ਵੇਲੇ
ਮੈਂ ਹੋਰ ਕੁੱਝ ਨਹੀਂ ਕਰ ਸਕਦਾ। ਨਾ ਹੀ ਸਾਡੇ ਕੋਲ ਜਗ੍ਹਾ ਹੈ ਕਿ ਦਾਖਲ ਕਰ ਲਵਾਂ ਨਾ ਹੀ ਟਾਈਮ।
ਸਾਨੂੰ ਤਾਂ ਸਿਵਾਏ ਫ਼ੌਜੀਆਂ ਦੇ ਹੋਰ ਕਿਸੇ ਮਰੀਜ਼ ਨੂੰ ਵੇਖਣ ਦੀ ਵੀ ਆਗਿਆ ਨਹੀਂ। ਉਸ ਨੇ ਇੱਕ ਕਾਗਜ਼
`ਤੇ ਕੁੱਝ ਦਵਾਈਆਂ ਲਿੱਖ ਕੇ ਦੇ ਦਿੱਤੀਆਂ ਤੇ ਕਿਹਾ ਫਿਲਹਾਲ ਇਹ ਦਵਾਈਆਂ ਦਿਓ ਤੇ ਵਾਹਿਗੁਰੂ ਅਗੇ
ਅਰਦਾਸ ਕਰੋ। ਹਾਲਾਤ ਜ਼ਰਾ ਠੀਕ ਹੋ ਜਾਣ ਦਿਓ ਫਿਰ ਆ ਜਾਣਾ। ਉਥੇ ਹਸਪਤਾਲ ਦੇ ਅੰਦਰੋਂ ਹੀ ਦਵਾਈਆਂ
ਵਾਲੀ ਦੁਕਾਨ ਤੋਂ ਦਵਾਈਆਂ ਲੈਕੇ ਵਾਪਸ ਆ ਗਏ।”
“ਹੱਦ ਹੋ ਗਈ, ਭਲਾ ਡਾਕਟਰ ਇੰਝ ਕਿਵੇਂ ਕਰ ਸਕਦੇ ਹਨ? ਠੀਕ ਹੈ ਐਸੇ ਮੌਕੇ ਫ਼ੌਜੀਆਂ ਦੀ ਪਹਿਲ
ਹੋਵੇਗੀ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਦੂਸਰੇ ਇਨਸਾਨ ਨਹੀਂ, ਉਨ੍ਹਾਂ ਦੀ ਜ਼ਿੰਦਗੀ ਦਾ ਕੋਈ
ਮੁੱਲ ਹੀ ਨਹੀਂ”, ਗੁਰਚਰਨ ਸਿੰਘ ਦੇ ਚੁੱਪ ਕਰਦੇ ਹੀ ਬਲਦੇਵ ਸਿੰਘ ਬਹੁਤ ਗੁੱਸੇ ਵਿੱਚ ਬੋਲਿਆ।
ਇਤਨੇ ਨੂੰ ਫੇਰ ਟੈਲੀਫੋਨ ਆਪਰੇਟਰ ਦੀ ਅਵਾਜ਼ ਸੁਣਾਈ ਦਿੱਤੀ, “ਸਰ! ਟਾਈਮ ਖਤਮ ਹੋ ਗਿਆ।”
“ਹੋਰ ਸਮਾਂ ਵਧਾ ਦਿਓ”, ਬਲਦੇਵ ਸਿੰਘ ਛੇਤੀ ਨਾਲ ਬੋਲਿਆ।
“ਬਹੁਤ ਰਸ਼ ਹੈ ਸਰ! ਔਰ ਏਕਸਟੈਂਡ ਨਹੀਂ ਹੋ ਸਕਤੀ।” ਅਪਰੇਟਰ ਨੇ ਜੁਆਬ ਦਿੱਤਾ। “ਅੱਛਾ ਸਿਰਫ
ਟੈਲੀਫੋਨ ਨੰਬਰ ਲੈ ਲੈਣ ਦਿਓ।” ਅਤੇ ਨਾਲ ਹੀ ਗੁਰਚਰਨ ਸਿੰਘ ਨੂੰ ਮੁਖਾਤਿਬ ਹੋਕੇ ਬੋਲਿਆ, “ਵੀਰੇ!
ਜਿਥੇ ਠਹਿਰੇ ਹੋਏ ਹੋ ਉਥੇ ਦਾ ਨੰਬਰ ਦੇ ਦਿਓ, ਮੈਂ ਰਾਤੀ ਟੈਲੀਫੋਨ ਕਰਾਂਗਾ।” ਨਾਲ ਹੀ ਉਸ ਨੇ
ਮੁਨੀਮ ਨੂੰ ਕਾਗਜ਼ ਅਤੇ ਪੈਨ ਫੜਾਉਣ ਲਈ ਇਸ਼ਾਰਾ ਕੀਤਾ। ਉਧਰੋਂ ਗੁਰਚਰਨ ਸਿੰਘ ਨੇ ਨੰਬਰ ਬੋਲਿਆ ਤੇ
ਨਾਲ ਹੀ ਕਾਲ ਕੱਟ ਗਈ। ਬਲਦੇਵ ਸਿੰਘ ਨੇ ਨੰਬਰ ਲਿਖ ਕੇ ਜੇਬ ਵਿੱਚ ਪਾ ਲਿਆ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ
ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ
ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ
ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ
ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ
ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726