ਭਾਈ ਬਲਵੰਡ ਰਾਇ ਤੇ ਭਾਈ ਸੱਤਾ ਡੂਮ ਅਤੇ ਇਹਨਾਂ ਵਲੋਂ ਉਚਾਰਨ ਕੀਤੀ ਹੋਈ
ਵਾਰ ਸੰਬੰਧੀ ਭਿੰਨ ਭਿੰਨ ਲੇਖਕਾਂ ਵਲੋਂ ਸਮੇਂ ਸਮੇਂ ਲਿਖੀਆਂ ਲਿਖਤਾਂ ਨੂੰ ਗਹੁ ਨਾਲ ਪੜ੍ਹਿਆਂ ਇਹ
ਗੱਲ ਸਪਸ਼ਟ ਹੁੰਦੀ ਹੈ ਕਿ ‘ਗੁਰ ਬਿਲਾਸ ਪਾਤਸ਼ਾਹੀ ੬’, ‘ਮਹਿਮਾ ਪ੍ਰਕਾਸ਼ ਵਾਰਤਕ ਅਤੇ ਕਵਿਤਾ’ ਅਤੇ
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਵਰਣਿਤ ਕਹਾਣੀ ਇੱਕ ਦੂਜੇ ਨਾਲ ਨਹੀਂ ਮਿਲਦੀ। ਇਹਨਾਂ
ਦੀਆਂ ਲਿਖਤਾਂ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹਨਾਂ ਲੇਖਕਾਂ ਨੂੰ ਇੱਕ ਦੂਜੇ ਦੀਆਂ ਲਿਖਤਾਂ
ਬਾਰੇ ਕੋਈ ਜਾਣਕਾਰੀ ਨਹੀਂ ਸੀ। ਭਾਵ, ‘ਗੁਰਬਿਲਾਸ ਪਾਤਸ਼ਾਹੀ ੬’ ਦੇ ਕਰਤੇ ਨੂੰ ‘ਮਹਿਮਾ ਪ੍ਰਕਾਸ਼-
ਵਾਰਤਕ ਅਤੇ ਕਵਿਤਾ’ ਅਤੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਵਰਣਤ ਕਹਾਣੀ ਬਾਰੇ ਕੋਈ
ਜਾਣਕਾਰੀ ਨਹੀਂ ਸੀ। ‘ਮਹਿਮਾ ਪ੍ਰਕਾਸ਼-ਵਾਰਤਕ ਅਤੇ ਕਵਿਤਾ’ ਦੇ ਲੇਖਕਾਂ ਨੂੰ ‘ਗੁਰ ਬਿਲਾਸ ਪਾਤਸ਼ਾਹੀ
੬’ ਅਤੇ ‘ਬੰਸਾਵਲੀਨਾਮਾ’ ਵਿੱਚ ਅੰਕਤ ਕਹਾਣੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਇਸੇ ਤਰ੍ਹਾਂ
ਕੇਸਰ ਸਿੰਘ ਛਿੱਬਰ ਨੂੰ ‘ਗੁਰਬਿਲਾਸ’ ਅਤੇ ‘ਮਹਿਮਾ ਪ੍ਰਕਾਸ਼’ ਵਿੱਚ ਵਰਣਿਤ ਕਹਾਣੀ ਬਾਰੇ ਕੋਈ
ਜਾਣਕਾਰੀ ਨਹੀਂ ਸੀ। ਜੇਕਰ ਇਹਨਾਂ ਲੇਖਕਾਂ ਨੂੰ ਰੰਚ-ਮਾਤਰ ਵੀ ਇੱਕ ਦੂਜੇ ਵਲੋਂ ਬਿਆਨ ਕੀਤੀ ਕਹਾਣੀ
ਦਾ ਪਤਾ ਹੁੰਦਾ ਅਰਥਾਤ ਇਹਨਾਂ ਪੁਸਤਕਾਂ ਵਿੱਚ ਵਰਣਿਤ ਕਹਾਣੀ ਆਮ ਸਿੱਖ ਸੰਗਤਾਂ ਵਿੱਚ ਪ੍ਰਚਲਤ
ਹੁੰਦੀ ਤਾਂ ਇਹ ਲੇਖਕ ਆਪਣੀਆਂ ਲਿਖਤਾਂ ਵਿੱਚ ਇਸ ਦਾ ਜ਼ਰੂਰ ਜ਼ਿਕਰ ਕਰਦੇ। ਇਸ ਦਾ ਖੰਡਨ ਜਾਂ ਮੰਡਨ
ਕਰਦੇ ਜਾਂ ਇਸ ਨੂੰ ਵੀ ਆਪਣੀ ਰਚਨਾ ਵਿੱਚ ਸ਼ਾਮਲ ਕਰਦੇ। ਪਰ ਅਜਿਹਾ ਇਹਨਾਂ ਲੇਖਕਾਂ ਦੀਆਂ ਲਿਖਤਾਂ
ਵਿੱਚ ਕਿਧਰੇ ਵੀ ਦਿਖਾਈ ਨਹੀਂ ਦੇਂਦਾ ਹੈ।
ਹਾਂ, ‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਇਹ ਜ਼ਰੂਰ ਲਿਖਿਆ ਹੈ ਕਿ, ‘ਕੋਊ ਕਹੈ
ਗੁਰ ਅਮਰ ਕੇ ਆਗੇ। ਕਹੀ ਵਾਰ ਇਨ ਹੁਇ ਅਨੁਰਾਗੇ। ੫੨੮। ਰਾਮਦਾਸ ਆਗੇ ਕੋਊ ਭਾਖੈ। ਤੁਮ ਭਾਖਤ ਹੋ
ਅਰਜਨ ਸਾਖੈ. . ਕਪੋਲਕ ਕਹੈਂ ਪ੍ਰਮਾਣ ਨ ਕੋਈ। ਪ੍ਰਤੱਖ ਪ੍ਰਮਾਣ ਜਾਨੁ ਇਹ ਸੋਈ। ਅਸ਼ਟਮ ਪਉੜੀ ਉਸਤਤਿ
ਕਰੀ। ਗੁਰ ਅਰਜਨ ਕੀ ਅਤਿ ਹਿਤੁ ਧਰੀ। ੫੩੦।’
ਲੇਖਕ ਆਪ ਹੀ ਭਾਈ ਭਗਤ ਸਿੰਘ ਨਾਮੇ ਪਾਤਰ ਦੇ ਮੁੱਖੋਂ ਇਹ ਸਵਾਲ ਉਠਾ ਕੇ
ਫਿਰ ਆਪ ਹੀ ਭਾਈ ਮਨੀ ਸਿੰਘ ਜੀ ਦੇ ਮੁੰਹੋਂ ਇਹ ਸ਼ਬਦ ਕਢਵਾਉਂਦਾ ਹੈ ਕਿ ਜਿਹੜੇ ਇਹ ਕਹਿੰਦੇ ਹਨ ਕਿ
ਇਹ ਵਾਰ ਗੁਰੂ ਅਮਰਦਾਸ ਜਾਂ ਗੁਰੂ ਰਾਮਦਾਸ ਜੀ ਦੇ ਸਨਮੁਖ ਉਚਾਰੀ ਹੈ, ਉਹ ਨਿਰੋਲ ਕਲਪਨਾ ਹੀ ਕਰ
ਰਹੇ ਹਨ, ਉਹਨਾਂ ਪਾਸ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ। ਲੇਖਕ ਇਸ ਤਰ੍ਹਾਂ ਦੀ ਕਲਪਨਾ ਕਰਕੇ
ਆਪਣੀ ਕਲਪਨਾ ਨੂੰ ਸੱਚੀ ਸਾਬਤ ਕਰਨ ਦੀ ਚੇਸ਼ਟਾ ਹੀ ਕਰ ਰਿਹਾ ਹੈ ਤਾਂ ਕਿ ਜਨ-ਸਾਧਾਰਨ ਇਸ ਗੱਲ ਨੂੰ
ਸਹਿਜੇ ਹੀ ਸਵੀਕਾਰ ਕਰ ਲਵੇ ਕਿ ਇਹ ਕਹਾਣੀ ਲੇਖਕ ਦੀ ਆਪਣੀ ਕਲਪਨਾ ਦਾ ਸਿੱਟਾ ਨਹੀਂ ਹੈ। ਇਹ ਗੱਲ
ਵੀ ਧਿਆਨ ਜੋਗ ਹੈ ਕਿ ਲੇਖਕ ਇਸ ਕਹਾਣੀ ਨੂੰ ਕਈਆਂ ਵਲੋਂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ
ਨਾਲ ਸੰਬੰਧਤ ਕਰਨ ਦਾ ਵਰਣਨ ਤਾਂ ਕਰਦਾ ਹੈ ਪਰੰਤੂ ਗੁਰੂ ਅੰਗਦ ਸਾਹਿਬ ਨਾਲ ਨਹੀਂ।
‘ਗੁਰ ਬਿਲਾਸ ਪਾਤਸ਼ਾਹੀ ਦੇ ੬’ ਦੇ ਕਰਤੇ ਨੇ ਭਾਈ ਭਾਈ ਬਲਵੰਡ ਅਤੇ ਭਾਈ
ਸੱਤਾ ਜੀ ਨੂੰ ਪਹਿਲੇ ਜਨਮ ਵਿੱਚ ਭਾਈ ਮਰਦਾਨਾ ਅਤੇ ਭਾਈ ਦਾਲਾ ਦਰਸਾਇਆ ਹੈ। ਇਸ ਦੇ ਨਾਲ ਇਹ ਵੀ
ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਰਾਪ ਕਾਰਨ ਇਹਨਾਂ ਦੋਹਾਂ ਨੂੰ ਭਾਈ ਬਲਵੰਡ ਅਤੇ ਭਾਈ ਸੱਤਾ
ਜੀ ਦੇ ਰੂਪ ਵਿੱਚ ਜਨਮ ਲੈਣਾ ਪਿਆ। ਲੇਖਕ ਦੇ ਸ਼ਬਦਾਂ ਵਿਚ: ਸੋ ਦਾਲਾ ਬਲਵੰਡ ਕਹਾਯੋ। ਮਰਦਾਨੇ ਸੱਤੇ
ਬਪੁ ਪਾਯੋ। ਮਸੇਰ ਭ੍ਰਾਤ ਦਾਲਾ ਮਰਦਾਨਾ। ਸਕੇ ਭ੍ਰਾਤ ਇਹ ਠਾਂ ਸੁਖਮਾਨਾ।’
ਭਾਵੇਂ ਭਾਈ ਸੰਤੋਖ ਸਿੰਘ ਜੀ ਸਮੇਤ ਬਹੁਤ ਸਾਰੇ ਲੇਖਕਾਂ ਨੇ ‘ਗੁਰ ਬਿਲਾਸ
ਪਾਤਸ਼ਾਹੀ ੬’ ਵਿੱਚ ਅੰਕਤ ਕਹਾਣੀ ਨੂੰ ਹੀ ਆਧਾਰ ਬਣਾਇਆ ਹੈ ਪਰ ਕਿਸੇ ਵੀ ਲੇਖਕ ਨੇ ਭਾਈ ਬਲਵੰਡ ਅਤੇ
ਭਾਈ ਸੱਤਾ ਜੀ ਨੂੰ ਪਹਿਲੇ ਜਨਮ ਵਿੱਚ ਭਾਈ ਮਰਦਾਨਾ ਅਤੇ ਭਾਈ ਦਾਲਾ ਨਹੀਂ ਲਿਖਿਆ ਹੈ।
ਇਹ ਗੱਲ ਵੀ ਨੋਟ ਕਾਰਨ ਵਾਲੀ ਹੈ ਕਿ ‘ਗੁਰਬਿਲਾਸ ਪਾਤਸ਼ਾਹੀ ੬’ ਅਤੇ ਇਸ ਨੂੰ
ਆਧਾਰ ਬਣਾ ਕੇ ਇਸ ਕਹਾਣੀ ਨੂੰ ਬਿਆਨ ਕਰਨ ਵਾਲੇ ਲੇਖਕਾਂ ਵਿੱਚੋਂ ਕਿਸੇ ਨੇ ਵੀ ਇਸ ਗੱਲ ਦਾ ਵਰਣਨ
ਨਹੀਂ ਕੀਤਾ ਹੈ ਕਿ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨੇ ਆਪਣੀ ਭੈਣ ਜਾਂ ਪੁੱਤਰੀ, ਜਿਸ ਦੇ ਵਿਆਹ ਲਈ
ਗੁਰੂ ਸਾਹਿਬ ਪਾਸੋਂ ਮਾਇਆ ਦੀ ਮੰਗ ਕੀਤੀ ਸੀ, ਉਸ ਦੇ ਵਿਆਹ ਦਾ ਕੀ ਬਣਿਆ?
‘ਮਹਿਮਾ ਪ੍ਰਕਾਸ਼- ਵਾਰਤਕ ਅਤੇ ਕਵਿਤਾ’ ਵਿੱਚ ਨਾ ਤਾਂ ਭਾਈ ਬਲਵੰਡ ਵਲੋਂ
ਆਪਣੀ ਭੈਣ ਜਾਂ ਪੁੱਤਰੀ ਦੇ ਵਿਵਾਹ ਲਈ ਮਾਇਆ ਦੀ ਮੰਗ ਦਾ ਵਰਣਨ ਕੀਤਾ ਹੈ ਨਾ ਹੀ ਗੁਰੂ ਸਾਹਿਬ
ਵਲੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਸਰਾਪ ਦੇਣ ਦਾ, ਨਾ ਹੀ ਗੁਰੂ ਸਾਹਿਬ ਵਲੋਂ ਸਿੱਖ ਸੰਗਤ ਨੂੰ
ਇਹਨਾਂ ਦੀ ਸਿਫ਼ਾਰਸ਼ ਕਰਨ `ਤੇ ਕਿਸੇ ਤਰ੍ਹਾਂ ਦੀ ਸਜ਼ਾ ਦਾ ਅਤੇ ਨਾ ਗੁਰੂ ਸਾਹਿਬ ਦੇ ਕਹਿਣ `ਤੇ
ਇਹਨਾਂ ਵਲੋਂ ਗੁਰੂ ਉਪਮਾ ਵਿੱਚ ਵਾਰ ਉਚਾਰਨ ਕਰਨ ਦਾ ਵਰਣਨ ਹੈ। ਇਹ ਗੱਲ ਵੀ ਧਿਆਨ ਜੋਗ ਹੈ ਕਿ
‘ਮਹਿਮਾ ਪ੍ਰਕਾਸ਼ –ਵਾਰਤਕ ਅਤੇ ਕਵਿਤਾ’ ਵਿੱਚ ਕੇਵਲ ਭਾਈ ਬਲਵੰਡ ਰਾਇ ਜੀ ਦਾ ਗੁਰੂ ਅੰਗਦ ਸਾਹਿਬ ਦੇ
ਦਰਬਾਰ ਵਿੱਚ ਕੀਰਤਨ ਕਰਨ ਦਾ ਵਰਣਨ ਹੈ, ਭਾਈ ਸੱਤਾ ਜੀ ਦਾ ਨਹੀਂ।
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਤਾਂ ਭਾਈ ਬਲਵੰਡ ਰਾਇ ਅਤੇ
ਭਾਈ ਸੱਤੇ ਡੂਮ ਵਲੋਂ ਕਿਸੇ ਵੀ ਗੁਰੂ ਸਾਹਿਬ ਨਾਲ ਕਿਸੇ ਤਰ੍ਹਾਂ ਦੀ ਨਰਾਜ਼ਗੀ ਦਾ ਵਰਣਨ ਨਹੀਂ ਕੀਤਾ
ਹੈ। ਭਾਈ ਕੇਸਰ ਸਿੰਘ ਛਿੱਬਰ ਹੁਰਾਂ ਨੇ ਜਿਨ੍ਹਾਂ ਰਬਾਬੀਆਂ ਵਲੋਂ ਗੁਰੂ ਅੰਗਦ ਸਾਹਿਬ ਪਾਸੋਂ ਗੁਰੂ
ਦਰਬਾਰ ਦੀ ਚੜ੍ਹਤ ਵਿੱਚੋਂ ਅੱਧ ਮੰਗਣ ਦਾ ਵਰਣਨ ਕੀਤਾ ਹੈ, ਉਹਨਾਂ ਵਿੱਚ ਭਾਈ ਬਲਵੰਡ ਰਾਇ ਅਤੇ ਭਾਈ
ਸੱਤਾ ਡੂਮ ਨਹੀਂ ਸਨ। ਇਸ ਲੇਖਕ ਅਨੁਸਾਰ ਭਾਈ ਬਲਵੰਡ ਰਾਇ ਜੀ ਭੱਟ ਅਤੇ ਭਾਈ ਸੱਤਾ ਜੀ ਡੂਮ ਸਨ।
ਜ਼ਿਆਦਾਤਰ ‘ਗੁਰਬਿਲਾਸ ਪਾਤਸ਼ਾਹੀ ੬’ ਵਿਚਲੀ ਕਹਾਣੀ ਨੂੰ ਹੀ ਲੇਖਕਾਂ ਵਲੋਂ
ਅਪਣਾਉਣ ਦਾ ਮੁੱਖ ਕਾਰਨ ਇਹ ਹੈ ਕਿ ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਬਿਲਾਸ ਪਾਤਸ਼ਾਹੀ ੬’ ਵਿਚਲੀ
ਕਹਾਣੀ ਨੂੰ ‘ਸੂਰਜ ਪ੍ਰਕਾਸ਼’ ਵਿੱਚ ਬਿਆਨ ਕੀਤਾ ਹੈ। ਬਾਅਦ ਦੇ ਲੇਖਕਾਂ ਨੇ ਵੀ ਮੱਖੀ ਤੇ ਮੱਖੀ
ਮਾਰਦਿਆਂ ਹੋਇਆਂ ਇਸ ਨੂੰ ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਹੈ।
ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਇਹਨਾਂ ਲੇਖਕਾਂ ਨੇ ਭਾਈ
ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਨੂੰ ਆਤਮ ਗਿਆਨੀਆਂ ਦੇ ਰੂਪ ਵਿੱਚ ਨਹੀਂ ਸਗੋਂ ਅਤਿ ਦਰਜੇ ਦੇ
ਲਾਲਚੀ, ਗ਼ੁਸਤਾਖ਼ ਅਤੇ ਮੌਕਾ ਪ੍ਰਸਤ ਦੇ ਰੂਪ ਵਿੱਚ ਦਰਸਾਇਆ ਹੈ। ਇਹਨਾਂ ਦੀ ਇਹ ਵਾਰ ਇਹਨਾਂ ਵਲੋਂ
ਆਤਮਕ ਬੁਲੰਦੀਆਂ ਨੂੰ ਛੂਹਣ ਦੀ ਪ੍ਰਤੀਕ ਨਹੀਂ ਹੈ ਬਲਕਿ ਇਹਨਾਂ ਵਲੋਂ ਆਪਣੇ ਕੋੜ੍ਹ ਦੇ ਰੋਗ ਤੋਂ
ਛੁਟਕਾਰਾ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਦੇ ਕਹਿਣ `ਤੇ ਮਜਬੂਰੀ ਵਿੱਚ ਖ਼ੁਸ਼ਾਮਦ-ਨੁਮਾ ਉਸਤਤ ਦੇ ਰੂਪ
ਵਿੱਚ ਉਚਾਰਨ ਕੀਤੀ ਹੈ। ਇਸ ਲਈ ਇਹ ਵਾਰ ਮਹਿਜ਼ ਇੱਕ ਮਾਫ਼ੀਨਾਮਾ ਹੈ ਇਸ ਤੋਂ ਵਧੀਕ ਕੁੱਛ ਵੀ ਨਹੀਂ।
ਇਸ ਤਰ੍ਹਾਂ ਦੀ ਕਹਾਣੀ ਘੜਨ ਵਾਲੇ ਨੇ ਇਹ ਕਹਾਣੀ ਘੜ ਕੇ ਇਹਨਾਂ ਨੂੰ ਹੀ ਨਹੀਂ ਸਗੋਂ ਗੁਰੂ
ਸਾਹਿਬਾਨ ਨੂੰ ਵੀ ਨੀਵਾਂ ਦਿਖਾਉਣ ਦੀ ਕੁਚੇਸ਼ਟਾ ਕੀਤੀ ਹੈ। ਗੁਰੂ ਅਰਜਨ ਸਾਹਿਬ ਵਲੋਂ ਇਹਨਾਂ ਨੂੰ
ਗੁਰੂ ਨਾਨਕ ਸਾਹਿਬ ਦੀ ਉਸਤਤ ਕਰਨ ਲਈ ਕਹਿਣਾ ਅਤੇ ਫਿਰ ਇਹਨਾਂ ਦੀ ਇਸ ਰਚਨਾ ਨੂੰ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ ਕਰਨ ਦਾ ਜਿਸ ਰੂਪ ਵਿੱਚ ਵਰਣਨ ਕੀਤਾ ਗਿਆ ਹੈ, ਉਹ ਗੁਰੂ ਲਿਵ ਦੇ ਬਿਲਕੁਲ ਹੀ
ਅਨੁਕੂਲ ਨਹੀਂ ਹੈ। ਨਿਮਨ ਲਿਖਤ ਫ਼ਰਮਾਨ ਗੁਰਬਾਣੀ ਦਾ ਹੀ ਹੈ:
ਬਧਾ ਚਟੀ ਜੋ ਭਰੇ ਨਾ ਗੁਣੁ ਨਾ
ਉਪਕਾਰੁ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ॥ (ਪੰਨਾ ੭੮੭)
ਅਰਥ: ਜੋ ਮਨੁੱਖ ਕੋਈ ਕੰਮ ਬੱਧਾ –ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ
ਨੂੰ। ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ।
ਇਹ ਗੱਲ ਕੋਈ ਵਧੇਰੇ ਵਿਆਖਿਆ ਦੀ ਮੁਥਾਜ਼ ਵੀ ਨਹੀਂ ਹੈ ਕਿ ਮਜਬੂਰੀ ਵਿੱਚ
ਕਿਸੇ ਵਲੋਂ ਕੀਤੀ ਗਈ ਉਸਤਤ, ਉਸਤਤ ਨਹੀਂ ਬਲਕਿ ਖ਼ੁਸ਼ਾਮਦ ਹੁੰਦੀ ਹੈ। ‘ਲੋੜ ਵੇਲੇ ਜਾਂ ਮਜਬੂਰੀ
ਵਿੱਚ ਤਾਂ ਮਨੁੱਖ ਗਧੇ ਨੂੰ ਵੀ ਬਾਪ ਆਖਣ’ ਤੋਂ ਵੀ ਨਹੀਂ ਹਿਚਕਚਾਉਂਦਾ। ਕੋਈ ਵੀ ਸਿਆਣਾ ਮਨੁੱਖ ਨਾ
ਤਾਂ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਅਤੇ ਨਾ ਹੀ ਕਿਸ ਦੇ ਮੂੰਹੋਂ ਖ਼ੁਸ਼ਾਮਦ ਸੁਣ ਕੇ ਪ੍ਰਸੰਨ ਹੁੰਦਾ
ਹੈ। ਆਮ ਤੌਰ `ਤੇ ਮਨੁੱਖ ਕਿਸੇ ਡਰ ਜਾਂ ਲਾਲਚ ਕਾਰਨ ਹੀ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ। ਕੀ ਗੁਰੂ
ਅਰਜਨ ਸਾਹਿਬ ਇਹਨਾਂ ਵਲੋਂ ਇਸ ਤਰ੍ਹਾਂ ਦੀ ਉਸਤਤ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਦੇ?
ਗੁਰਬਾਣੀ ਵਿਚੋਂ ਗੁਰੂ ਲਿਵ ਨੂੰ ਸਮਝਣ ਵਾਲੇ ਹਰੇਕ ਪ੍ਰਾਣੀ ਦਾ ਉੱਤਰ ਨਾਂਹ ਵਿੱਚ ਹੀ ਹੋਵੇਗਾ।
ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਜੀ ਦੀ ਇਹ ਰਚਨਾ ਜੇਕਰ ਮਹਿਜ਼ ਇੱਕ ਮਾਫ਼ੀਨਾਮਾ ਹੀ ਹੁੰਦੀ ਤਾਂ
ਗੁਰੂ ਗ੍ਰੰਥ ਸਾਹਿਬ ਦਾ ਭਾਗ ਕਦਾਚਿਤ ਨਾ ਬਣਦੀ।
ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਜੀ ਚੂੰਕਿ ਮਰਾਸੀ ਸਨ, ਇਸ ਲਈ ਜਨਮ ਤੋਂ ਹੀ ਕਿਸੇ ਨੂੰ ਉੱਚਾ
ਜਾਂ ਨੀਵਾਂ ਸਮਝਣ ਵਾਲਿਆਂ ਲਈ ਇਹ ਗੱਲ ਹਜ਼ਮ ਕਰਨੀ ਬਹੁਤ ਕਠਨ ਸੀ ਕਿ ਇਹ ਦੋਵੇਂ ਆਤਮਕ ਬੁਲੰਦੀਆਂ
ਨੂੰ ਛੂਹਣ ਵਾਲੇ ਸਨ। ਇਹ ਗੱਲ ਅਸੀਂ ਨਵੀਨ ਅਤੇ ਪੁਰਾਤਨ ਲੇਖਕਾਂ ਦੀਆਂ ਲਿਖਤਾਂ ਵਿੱਚੋਂ ਦੇਖ ਸਕਦੇ
ਹਾਂ। ਪਾਠਕਾਂ ਦੇ ਗਿਆਤ ਲਈ ਕੁੱਝ ਕੁ ਲੇਖਕਾਂ ਦੀਆਂ ਲਿਖਤਾਂ ਨੂੰ ਸਾਂਝਿਆਂ ਕਰ ਰਹੇ ਹਾਂ।
(ੳ) ‘ਜਿਉ ਰਬਾਬੀ ਸਿੱਖਾਂ ਨੂੰ ਚੰਮੜ ਗਏ। ਤਿਉਂ ਹਿੰਦੂਆਂ ਨੂੰ ਗਾਲਦੇ
ਭਏ।’ ਜਾਂ ‘ਜਿਉਂ ਤੁਰਕਾਂ ਵਿਚੋਂ ਬੇਈਮਾਨ ਰਬਾਬੀ ਹੋਏ।’ (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ
ਕਾ–ਕੇਸਰ ਸਿੰਘ ਛਿੱਬਰ)
(ਅ) ਕ੍ਰਿਪਾ ਸਿੰਧ ਤਿਨ ਕੀ ਗਤ ਜਾਨੀ॥ ਹੋਛੇ ਡੂਮ ਜਾਤ ਭਏ ਮਾਨੀ। (ਸ੍ਰੀ
ਗੁਰ ਪੁਰ ਪ੍ਰਕਾਸ਼ ਗ੍ਰੰਥ)
(ੲ) “ਡੂੰਮ ਭਾਵੇਂ ਕਿਤਨੇ ਧਨਵਾਨ ਹੋ ਜਾਣ ਪਰ ਉਨ੍ਹਾਂ ਦਾ ਸੁਭਾਵ ਮੰਗਣ
ਵਾਲਾ ਕਾਇਮ ਰਹਿੰਦਾ ਹੈ।” ਜਾਂ, ਡੂਮ ਜਾਤੀ ਦੇ ਸੁਭਾਅ ਵਾਂਗ ਇਹਨਾਂ ਵਿੱਚ ਹੋਛਾਪਨ ਤੇ ਹੰਕਾਰ ਆ
ਗਿਆ ਹੈ। (ਗਿਆਨੀ ਹਰਬੰਸ ਸਿੰਘ ਜੀ ਨਿਰਣੈਕਾਰ)
ਸੌ ਸਾਖੀ ਅਥਵਾ ਬਿਜੈ ਮੁਕਤ ਦੀ ਨਿਮਨ ਲਿਖਤ ਵੀ ਧਿਆਨ ਯੋਗ ਹੈ: “ਜੋ ਕਿਸੇ
ਦੀ ਇਸਤਰੀ ਨੂੰ ਭੈਣ ਬੇਟੀ ਨੂੰ ਖੋਟੀ ਨਜ਼ਰ ਦੇਖੇਗਾ ਯਾ ਖੋਟੀ ਸਲਾਹ ਦੇਵੇਗਾ ਓਹ ਮਰ ਕੇ ਕੰਜਰ ਅਰ
ਡੂੰਮ ਮਿਰਾਸੀ ਕੀ ਜੂਨ ਪਵਹਿਗਾ ਮੇਰਿਓ ਸਿਖੋ ਇਸ ਹੁਕਮ ਨੂੰ ਮੰਨਣਾ ਭੁਲਣਾ ਨਹੀ।” ਇਹ ਸ਼ਬਦ ਲੇਖਕ
ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮੁੱਖ ਵਿੱਚੋਂ ਕਢਵਾ ਰਿਹਾ ਹੈ।
ਭਾਵੇਂ ਗੁਰਮਤਿ ਦੀ ਜੀਵਨ-ਜੁਗਤ ਵਿੱਚ ਜਨਮ ਤੋਂ ਹੀ ਕਿਸੇ ਨੂੰ ਉੱਚਾ ਜਾਂ
ਨੀਵਾਂ ਨਹੀਂ ਸਮਝਿਆ ਗਿਆ ਪਰੰਤੂ ਸਾਡੀਆਂ ਇਤਿਹਾਸਕ ਪੁਸਤਕਾਂ ਵਿੱਚ ਗੁਰਮਤਿ ਦੇ ਇਸ ਸੁਨਹਿਰੀ
ਸਿਧਾਂਤ ਨੂੰ ਬਿਲਕੁਲ ਹੀ ਅੱਖੋਂ ਪਰੋਖਿਆਂ ਕੀਤਾ ਹੋਇਆ ਹੈ। ਇਹੀ ਕਾਰਨ ਹੈ, ਜਿਸ ਕਰਕੇ ਅਸੀਂ
ਦੇਖਦੇ ਹਾਂ ਕਿ ਸਾਡੀਆਂ ਇਤਿਹਾਸਕ ਪੁਸਤਕਾਂ ਵਿੱਚ ਸਾਡੇ ਲੇਖਕਾਂ ਨੇ ਆਪਣੀ ਇਸ ਸੋਚ ਦਾ ਪ੍ਰਗਟਾਵਾ
ਭਾਈ ਮਰਦਾਨਾ ਜੀ, ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਜੀ ਸੰਬੰਧੀ ਹੀ ਨਹੀਂ ਸਗੋਂ ਉਹਨਾਂ ਮਹਾਨ
ਸੂਰਬੀਰ ਸਿੰਘਾਂ ਦੇ ਨਾਮ ਵੀ ਲਿਖਣ ਤੋਂ ਸੰਕੋਚ ਕੀਤਾ ਹੈ ਜਿਹੜੇ ਕਥਿੱਤ ਨੀਵੀਂ ਜਾਤ ਵਿੱਚੋਂ ਸਿੰਘ
ਸਜੇ ਸਨ। ਉਦਾਹਰਣ ਵਜੋਂ ਨਿਮਨ ਲਿਖਤ ਨੂੰ ਦੇਖਿਆ ਜਾ ਸਕਦਾ ਹੈ:
‘ਹਾਥ ਚੂਹੜੇ ਕੇ ਦੰਡਾ ਭਾਰੀ। ਮੱਸੇ ਭਾਈ ਸਿਰ ਲਾਯੋ ਕਾਰੀ। (ਪ੍ਰਾਚੀਨ ਪੰਥ
ਪ੍ਰਕਾਸ਼-ਭਾਈ ਰਤਨ ਸਿੰਘ ਭੰਗੂ) ਭਾਈ ਧੱਕੜ ਸਿੰਘ ਰੰਗਰੇਟਾ ਜਿਹਨਾਂ ਨੇ ਮੱਸੇ ਰੰਘੜ ਦੇ ਭਰਾ ਨੂੰ
ਮੌਤ ਦੇ ਘਾਟ ਉਤਾਰਿਆ ਸੀ, ਲੇਖਕ ਨੇ ਇਸ ਦਾ ਨਾਮ ਲਿਖਣ ਦੀ ਥਾਂ ਇਹਨਾਂ ਨੂੰ ਸਿੰਘ ਜਾਂ ਸਿੱਖ
ਲਿਖਣਾ ਵੀ ਮੁਨਾਸਬ ਨਾ ਸਮਝਿਆ।’
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਲੇਖਕ ਨੇ ਤਾਂ ਇੱਕ ਕਾਲਪਨਿਕ
ਘਟਨਾ ਦਾ ਵਰਣਨ ਕਰਦਿਆਂ ਹੋਇਆਂ ਇਹੋ ਜਿਹੀ ਮਨਮਤੀ ਸੋਚ ਰੱਖਣ ਵਾਲੀਆਂ ਸਾਰੀਆਂ ਹੀ ਧਿਰਾਂ ਨੂੰ ਮਾਤ
ਦੇ ਦਿੱਤੀ ਹੈ। ਆਪ ਲਿਖਦੇ ਹਨ ਕਿ ਗੁਰੂ ਬੰਸ ਨਾਲ ਸੰਬੰਧ ਰੱਖਣ ਵਾਲੇ ਭਾਈ ਕਾਨ੍ਹ ਸਿੰਘ ਨੇ ਇੱਕ
ਮਜ਼ਬੀ ਸਿੰਘ ਦੇ ਕੇਸ ਕਟਾ ਕੇ, ਉਸ ਨੂੰ ਖੋਤੇ ਉੱਤੇ ਚਾੜ੍ਹ ਕੇ ਨਗਰ ਵਿੱਚ ਫਿਰਾਉਣ ਉਪਰੰਤ ਫਾਂਸੀ
ਚਾੜ੍ਹ ਕੇ ਮਾਰ ਮੁਕਾਇਆ ਸੀ। ਇਸ ਸਿੱਖ ਦਾ ਗ਼ੁਨਾਹ ਇਹ ਸੀ ਇਸ ਨੇ ਸਿੰਘਾਂ ਨੂੰ ਆਪਣੇ ਬਾਰੇ ਇਹ
ਦੱਸਿਆ ਸੀ ਕਿ ਉਹ ਸੰਧੂ ਗੋਤ ਦਾ ਜ਼ਿੰਮੀਦਾਰ ਹੈ। ਇਸ ਲਈ ਸਿੰਘ ਇਸ ਨੂੰ ਆਪਣੇ ਨਾਲ ਬੈਠਾ ਕੇ
ਪ੍ਰਸ਼ਾਦਾ ਛਕਾਉਂਦੇ ਰਹੇ। ਲੇਖਕ ਦੇ ਸ਼ਬਦਾਂ ਵਿਚ: “ਬੁਲਾਇ ਨਾਈ ਤਿਸ ਦੇ ਕੇਸ ਲਹਾਏ। ਚਾੜਿ ਖਰ
ਦਿੱਤਾ ਨਗਰ ਫਿਰਾਏ। ਸਰ ਟੁਡੇ ਦੇ ਸੋ ਫਾਂਸੀ ਲਾਇਆ।” ਵਿਸਤਾਰ ਲਈ ਦੇਖੋ ਬੰਸਾਵਲੀਨਾਮਾ ਦਸਾਂ
ਪਾਤਸ਼ਾਹੀਆਂ ਕਾ।
ਇਹ ਗੱਲ ਵੀ ਲਗ-ਪਗ ਸਾਰੇ ਲੇਖਕ ਮੰਨਦੇ ਹਨ ਕਿ ਭਾਈ ਬਲਵੰਡ ਰਾਇ ਅਤੇ ਭਾਈ
ਸੱਤਾ ਜੀ ਵਲੋਂ ਉਚਾਰਨ ਕੀਤੀ ਹੋਈ ਵਾਰ ਨੂੰ ‘ਟਿਕੇ ਕੀ ਵਾਰ’ ਵੀ ਆਖਿਆ ਗਿਆ ਹੈ। ਪਰ ਜਿਸ ਤਰ੍ਹਾਂ
ਦੀਆਂ ਕਹਾਣੀਆਂ ਇਹਨਾਂ ਦੋਹਾਂ ਬਾਰੇ ਘੜ ਕੇ ਪਰਚਾਰੀਆਂ ਗਈਆਂ, ਅਜਿਹੀਆਂ ਕਹਾਣੀਆਂ ਦੀ ਬਦੌਲਤ ਇਹ
‘ਟਿਕੇ ਕੀ ਵਾਰ’ ਦਾ ਕਥਨ ਇੱਕ ਧੁੰਧਲੀ ਜਿਹੀ ਯਾਦ ਬਣ ਕੇ ਹੀ ਰਹਿ ਗਿਆ ਅਤੇ ਇਸ ਵਾਰ ਨੂੰ
ਮਾਫ਼ੀਨਾਮਾ ਦੇ ਰੂਪ ਵਿੱਚ ਹੀ ਸਵੀਕਾਰ ਕਰ ਲਿਆ ਗਿਆ।
ਅਸੀਂ ਪਾਠਕਾਂ ਦਾ ਧਿਆਨ ਮੁੱਖ ਰੂਪ ਵਿੱਚ ਇਸ ਪਹਿਲੂ ਵਲ ਹੀ ਦਿਵਾ ਰਹੇ ਹਾਂ
ਕਿ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਵਲੋਂ ਵਾਰ ਉਚਾਰਨ ਦੇ ਜੋ ਸਾਡੇ ਲੇਖਕਾਂ ਨੇ ਕਾਰਨ ਲਿਖੇ
ਹੋਏ ਹਨ, ਉਹਨਾਂ ਵਿੱਚ ਰੰਚ-ਮਾਤਰ ਵੀ ਸਚਾਈ ਨਹੀਂ ਹੈ। ਇਸ ਲਈ ਅਸੀਂ ਇੱਥੇ ਇਸ ਸੰਬੰਧੀ ਚਰਚਾ ਨਹੀਂ
ਕਰ ਰਹੇ ਹਾਂ ਕਿ ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਦਾ ਆਪਸ ਵਿੱਚ ਕੀ ਰਿਸ਼ਤਾ ਸੀ, ਇਹ ਕਿਹੜੇ
ਗੁਰੂ ਸਾਹਿਬ ਦੇ ਸਮੇਂ ਹੋਏ ਜਾਂ ਇਹਨਾਂ ਨੇ ਇਸ ਵਾਰ ਦੀਆਂ ਸਾਰੀਆਂ ਪਉੜੀਆਂ ਇਕੋ ਸਮੇਂ ਉਚਾਰਨ
ਕੀਤੀਆਂ ਜਾਂ ਵੱਖ ਵੱਖ ਸਮੇਂ `ਚ। ਅਸੀਂ ਇਸ ਗੱਲ ਦੀ ਵੀ ਚਰਚਾ ਨਹੀਂ ਕਰ ਰਹੇ ਕਿ ਭਾਈ ਬਲਵੰਡ ਜੀ
ਦੀਆਂ ਕਿੰਨੀਆਂ ਪਉੜੀਆਂ ਉਚਾਰਨ ਕੀਤੀਆਂ ਹੋਈਆਂ ਹਨ ਅਤੇ ਭਾਈ ਸੱਤੇ ਦੀਆਂ ਕਿਤਨੀਆਂ।
ਅਸੀਂ ਤਾਂ ਕੇਵਲ ਪਾਠਕਾਂ ਦਾ ਧਿਆਨ ਇਸ
ਪਹਿਲੂ ਵਲ ਹੀ ਦੁਆਉਣਾ ਚਾਹੁਦੇ ਹਾਂ ਕਿ ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਵਲੋਂ ਉਚਾਰਨ ਕੀਤੀ
ਹੋਈ ਵਾਰ ਮਾਫ਼ੀਨਾਮਾ ਨਹੀਂ ਹੈ। ਇਹਨਾਂ ਨੇ ਇਹ ਵਾਰ ਗੁਰੂ ਸਾਹਿਬ ਦੇ ਕਹਿਣ `ਤੇ ਨਹੀਂ ਸਗੋਂ ਗੁਰੂ
ਪਿਆਰ ਭਿੱਜ ਕੇ ਉਚਾਰੀ ਹੈ। ਇਸ ਲਈ ਇਹ ਵਾਰ ‘ਸੰਤਨ ਕੀ ਸੁਣਿ ਸਾਚੀ ਸਾਖੀ॥ ਸੋ ਬੋਲਹਿ ਜੋ ਪੇਖਹਿ
ਆਖੀ’ ਦਾ ਪ੍ਰਤੱਖ ਪ੍ਰਮਾਣ ਹੈ। ਇਸ ਲਈ ਇਹਨਾਂ ਬਾਰੇ ਪ੍ਰਚਲਤ ਕਹਾਣੀ ਵਿੱਚ ਕੋਈ ਸਚਾਈ ਨਹੀਂ ਹੈ।
ਇਹਨਾਂ ਲੇਖਕਾਂ ਦੀਆਂ ਇਹਨਾਂ ਲਿਖਤਾਂ ਵਿੱਚ ਸਾਨੂੰ ਇੱਕ ਹੋਰ ਗੱਲ ਦੇਖਣ
ਨੂੰ ਮਿਲਦੀ ਹੈ ਲੇਖਕ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਜੀ ਬਾਰੇ ਹੋਰ ਤਾਂ ਭਾਵੇਂ ਕੁੱਝ
ਲਿਖਣਾ ਭੁੱਲ ਗਏ ਹੋਣ ਪਰ ਇਹ ਲਿਖਣਾ ਨਹੀਂ ਭੁਲੇ ਕਿ ਇਹ ਮਰਾਸੀ ਹੋਣ ਕਾਰਨ ਛੇਤੀ ਹੀ ਹੋਛੇਪਨ ਤੇ
ਉਤਰ ਆਏ ਸਨ। ਇਹ ਗੱਲ ਕੇਵਲ ਪੁਰਾਣੀਆਂ ਲਿਖਤਾਂ ਵਿੱਚ ਹੀ ਨਹੀਂ ਸਗੋਂ ਵਰਤਮਾਨ ਦੇ ਕੁੱਝ ਕੁ
ਲੇਖਕਾਂ ਦੀਆਂ ਲਿਖਤਾਂ ਵਿਚੋਂ ਵੀ ਦੇਖੀ ਜਾ ਸਕਦੀ ਹੈ। ਇਸ ਵਿੱਚ ਰੰਚ-ਮਾਤਰ ਵੀ ਸੰਦੇਹ ਨਹੀਂ ਹੈ
ਕਿ ਸੱਤੇ ਬਲਵੰਡ ਨਾਲ ਜਿਹੜੀ ਸਾਖੀ ਜੋੜੀ ਗਈ ਹੈ, ਉਸ ਦਾ ਮੂਲ ਕਾਰਨ ਵੀ ਇਹਨਾਂ ਦੇ ਮਰਾਸੀ ਹੋਣ ਦਾ
ਹੀ ਹੈ।
ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਡੂਮ ਦੀ ਵਾਰ ਵਿੱਚੋਂ ਜਿਨ੍ਹਾਂ ਪੰਕਤੀਆਂ
ਨੂੰ ਆਧਾਰ ਬਣਾ ਕੇ ਸਾਡੇ ਕੁੱਝ ਲੇਖਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਹਨਾਂ ਵਿੱਚ ਭਾਈ ਬਲਵੰਡ
ਜਾਂ ਭਾਈ ਸੱਤਾ ਜੀ ਆਪਣੀ ਭੁੱਲ ਦਾ ਵਰਣਨ ਕਰ ਰਹੇ ਹਨ, ਦਾ ਸੰਖੇਪ ਵਿੱਚ ਵਰਣਨ ਕਰ ਰਹੇ ਹਾਂ। ਪਾਠਕ
ਜਨ ਗੁਰਬਾਣੀ ਦੀ ਰੋਸ਼ਨੀ ਵਿੱਚ ਖ਼ੁਦ ਹੀ ਇਹਨਾਂ ਨੂੰ ਵਿਚਾਰ ਕੇ ਨਿਰਣਾ ਕਰ ਸਕਦੇ ਹਨ ਕਿ ਅਜਿਹਾ
ਲਿਖਣ ਵਾਲੇ ਸਾਡੇ ਇਹਨਾਂ ਲੇਖਕਾਂ ਨੇ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨਾਲ ਕਿੰਨਾ ਕੁ ਨਿਆਂ ਕੀਤਾ
ਹੈ।
(ੳ) ਪੁਤਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥
ਅਰਥ: ਹੇ ਸਤਿਗੁਰੋ ਪੁਤਰੀ ਛੋਟੀ ਭਗਨੀ ਉਸ ਕੇ ਵਿਵਾਹ ਵਾਸਤੇ ਹਮ ਨੇ ਆਪ ਕਾ ਕਉਲ ਨਾਮ ਬਚਨ ਨ
ਪਾਲਿਆ ਅਰਥਾਤ ਨਾ ਮਾਨਿਆ ਇਸੀ ਤੇ ਆਪ ਨੇ ਹਮਾਰੀ ਤਰਫੋਂ ਕੰਨੑ ਨਾਮ ਕੰਧਾ ਅਰਥਾਤ ਮੋਢਾ ਫੇਰਕੇ,
ਪੀਰਹੁ ਨਾਮ ਪੀੜਾਂ, ਯਾਨੇ ਕੁਸ਼ਟੀ ਕਰ ਦੀਏ। ਆਪ ਤੇ ਬੇਮੁਖ ਹੋਏ ਤਬੀ ਏਹ ਹਾਲਤ ਹੋਈ। ਜਦੀ ਆਪ ਤੇ
ਬੇਮੁਖ ਨਾਂ ਹੋਤੇ ਇਹ ਹਾਲਤ ਕਿਉਂ ਹੋਤੀ। ਯਥਾ-
ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ॥
ਅਰਥ: ਹੇ ਸਤਿਗੁਰੋ ਹਮ ਦਿਲ ਕੇ ਖੋਟੇ ਆਕੀ ਹੋ ਕੇ ਫਿਰਨੇ ਲਗੇ, ਹਮ ਨੇ ਕੁੱਝ ਭੀ ਵਿਚਾਰ ਨ ਕਰਿਆ।
ਹੰਕਾਰ ਰੂਪੀ ਛਟ ਕਾ ਭਾਰ ਬੰਨਿ ਕੇ ਉਚਾਇਨਿ ਨਾਮ ਚਕੀ ਫਿਰਦੇ ਰਹੇ। ਹਮ ਨੇ ਇਹ ਜਾਨਾ ਕੇ ਹਮਾਰੇ
ਬਿਨਾਂ ਮਹਾਰਾਜ ਕੋ ਨਹੀਂ ਸਰਨਾ। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ-ਸ੍ਰੀ ਮਾਨ ਸੰਤ ਗੋਬਿੰਦ
ਦਾਸ)
ਪਾਠਕ ਇਹ ਗੱਲ ਵੀ ਨੋਟ ਕਰਨ ਕਿ ਇਸ ਲੇਖਕ ਜੀ ਨੇ ਭਾਈ ਬਲਵੰਡ ਜੀ ਅਤੇ ਭਾਈ
ਸੱਤਾ ਜੀ ਵਲੋਂ ਗੁਰੂ ਅਰਜਨ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਅਤੇ ਇਹਨਾਂ ਨਾਲ ਹੀ
ਨਰਾਜ਼ ਹੋਣ ਦਾ ਜ਼ਿਕਰ ਕੀਤਾ ਹੈ। ਪਰ ਉਪਰੋਕਤ ਪਉੜੀ ਵਿੱਚ, ਜੋ ਇਸ ਵਾਰ ਦੀ ਦੂਜੀ ਪਉੜੀ ਦੀ ਤੁਕ ਹੈ,
ਲੇਖਕ ਹੁਰੀਂ ਗੁਰੂ ਅੰਗਦ ਸਾਹਿਬ ਨੂੰ ਮੁਖ਼ਾਤਬ ਕਰਦਿਆਂ ਕਰਦਿਆਂ ਹੋਇਆਂ ਰਬਾਬੀਆਂ ਦੇ ਮੁੱਖੋਂ ਇਹ
ਸ਼ਬਦ ਕਢਵਾ ਰਹੇ ਹਨ।
(ਅ) ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
ਅਰਥ: ਹੇ ਸਤਿਗੁਰੋ! ਜੋ ਕੁਛ ਆਪ ਜੀ ਨੇ ਫੁਰਮਾਇਆ ਸੀ (ਕਿ ਇੱਕ ਸੌ ਰੁਪਏ ਵਿੱਚ ਹੀ ਗੁਜਾਰਾ ਕਰ
ਲਵੋ) ਉਹ ਸੱਚ ਸੀ, ਅਸੀਂ ਇਨ੍ਹਾਂ ਬਚਨਾਂ ਤੋਂ ਕਿਉਂ ਹਟ ਗਏ।
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥
ਅਰਥ: ਅਸਾਡੀ ਛੋਟੀ ਭੈਣ ਜੋ ਪੁਤ੍ਰੀ ਤੁੱਲ ਹੈ, ਉਸ ਦੇ ਨਿਕਾਹ (ਵਿਆਹ) ਵਾਸਤੇ ਅਸਾਂ ਨੇ ਆਪ ਜੀ ਦੇ
ਕਉਲੁ- ਬਚਨ ਨੂੰ ਨਾ ਮੰਨਿਆਂ। ਇਸੀ ਤੇ ਆਪ ਜੀ ਨੇ ਕੰਨੑ
ਮੁਰਟੀਐ- ਮੋਢਾ ਮੋੜਕੇ ਅਰਥਾਤ ਸਰਾਪ
ਦੇਕੇ ਅਸਾਨੂੰ ਪੀਰਹੁ ਵਾਲੇ ਕਰਿ= ਪੀੜਤ ਕਰ ਦਿੱਤਾ।
ਦਿਲਿ ਖੋਟੈ ਆਕੀ ਫਿਰਿਨੑ ਬੰਨਿੑ ਭਾਰ ਉਚਾਇਨਿ ਛਟੀਐ॥
ਅਰਥ: ਅਸੀਂ ਦਿਲ ਦੇ ਖੋਟੇ ਇਸ ਤਰ੍ਹਾਂ ਆਕੜੇ ਫਿਰਦੇ ਰਹੇ ਕਿ ਹੰਕਾਰ ਰੂਪੀ ਛੱਟ ਦੇ ਭਾਰ ਨੂੰ ਬੰਨੑ
ਕੇ ਚੁੱਕੀ ਫਿਰਦੇ ਰਹੇ, ਕਿ ਗੁਰੂ ਬਨਾਉਣਾ ਅਸਾਡੇ ਇਖ਼ਤਿਆਰ ਹੈ। ਜਿਸ ਸੋਢੀ ਦੇ ਅੱਗੇ ਕੀਰਤਨ
ਕਰਾਂਗੇ ਓਸੇ ਨੂੰ ਗੁਰੂ ਬਣਾ ਲੇਵਾਂਗੇ। ਸੋ ਇਤਿਆਦਿਕ ਪਿਛਲੀਆਂ ਭੁੱਲਾਂ ਮਾਫ ਕਰੋ ਤੇ ਅੱਗੋਂ
ਸੁਮਤੀ ਬਖਸ਼ੋ। (ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਸੰਤ ਕਿਰਪਾਲ ਸਿੰਘ ਜੀ)
ਸੰਪਰਦਾਈ ਟੀਕਾਕਾਰ ਨੇ ‘ਸੂਰਜ ਪ੍ਰਕਾਸ਼’ ਵਿਚਲੀ ਕਹਾਣੀ ਨੂੰ ਹੀ ਆਧਾਰ
ਬਣਾਇਆ ਹੈ, ਇਸ ਲਈ ਆਪ ਜੀ ਨੇ ਵੀ ਇਸ ਘਟਨਾ ਦਾ ਸੰਬੰਧ ਗੁਰੂ ਅਰਜਨ ਸਾਹਿਬ ਨਾਲ ਹੀ ਦਰਸਾਇਆ ਹੈ।
ਪਰ ਆਪ ਜੀ ਵਲੋਂ ਉਪਰੋਕਤ ਪੰਗਤੀਆਂ ਦੇ ਕੀਤੇ ਹੋਏ ਅਰਥਾਂ ਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ
ਜਿਵੇਂ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਜੀ ਗੁਰੂ ਅੰਗਦ ਸਾਹਿਬ ਨੂੰ ਇਹ ਕਹਿ ਰਹੇ ਹਨ।
(ੲ)
“ਹੋਰ ਮੁਚ ਗਰੂਰੁ॥ ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ”
ਅਤੇ “ਨਿੰਦਾ ਤੇਰੀ ਜੋ ਕਰੇ
ਸੋ ਵੰਞੈ ਚੂਰੁ” ਵਾਲੇ ਸ਼ਬਦ-ਸੰਕੇਤ ਬਲਵੰਡ ਤੇ
ਸੱਤੇ ਵਾਲੀ ਘਟਨਾ ਨਾਲ ਹੀ ਸੰਬੰਧਤ ਹਨ। ਇਹਨਾਂ ਨੇ ਰਾਗ ਦੇ ਮਦ ਵਿਚ, ਮਾਇਆ ਦੇ ਲੋਭ ਵਿੱਚ ਆ ਕੇ
ਗੁਰੂ-ਘਰ ਦੀ ਨਿੰਦਾ ਕੀਤੀ ਅਤੇ ਇਸ ਦਾ ਜੋ ਫਲ ਇਹਨਾਂ ਨੇ ਭੁਗਤਿਆ ਹੈ ਉਹ `ਚੂਰ ਹੋਣ ਵਾਲਾ’ ਹੀ
ਸੀ। ਸੋ ਸੱਤੇ ਨੇ ਗੁਰੂ ਅੰਗਦ ਦੇਵ ਜੀ ਦੀ ਜੋ ਆਤਮਿਕ ਵਡਿਆਈ ਕੀਤੀ ਹੈ, ਉਹ ਆਪਣੀ ਹਡ-ਬੀਤੀ ਨੂੰ
ਰਖ ਕੇ ਕੀਤੀ ਹੈ।” (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ- ਟੀਕਾਕਾਰ ਗਿਆਨੀ ਹਰਬੰਸ ਸਿੰਘ
ਜੀ)
(ਸ) ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥
ਅਰਥ: ਸੱਤਾ ਬਲਵੰਡ ਆਖਦੇ ਹਨ ਹੇ ਪੀਰੋ ਸਤਿਗੁਰੋ ਅਸਾਂ ਆਪਣੀ ਪੁਤਰੀ ਦਾ ਬਚਨ ਵੀ ਨਾ ਪਾਲਿਆ ਕਿਉਂ
ਕਿ ਓਹ ਸਾਨੂੰ ਆਖ ਰਹੀ ਕਿ ਤੁਸੀਂ ਗੁਰੂ ਜੀ ਪਾਸੋਂ ਮਾਫੀ ਮੰਗ ਲੌ ਪਰ ਅਸੀਂ ਮੋਢਾ ਹੀ ਮਰੋੜਦੇ
ਰਹੇ। (ਗਿਆਨੀ ਬਿਸ਼ਨ ਸਿੰਘ ਜੀ)
(ਹ) ਪ੍ਰੋਫੈਸਰ ਸਾਹਿਬ ਸਿੰਘ ਜੀ
‘ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ
ਦਾਣੁ॥’ ਦੀ ਪੰਗਤੀ ਦੇ ਹਵਾਲੇ ਨਾਲ ਲਿਖਦੇ ਹਨ
ਕਿ, “‘ਸੱਤਾ’ ਪਛੁਤਾਇਆ ਤੇ ਕਹਣ ਲੱਗਾ –ਹਜ਼ੂਰ! ਮੈਨੂੰ ‘ਸੱਤੇ’ ਨੂੰ ਬਖਸ਼ੀਸ਼ ਉਹ ਚੰਗੀ ਹੈ ਜੋ
ਸਤਿਗੁਰੂ ਨੂੰ ਚੰਗੀ ਲੱਗੇ।”
ਆਪ ਫਿਰ ਲਿਖਦੇ ਹਨ ਕਿ `ਚਉਥੀ ਪਉੜੀ ਵਿੱਚ ਸੱਤਾ ਹੀ ਪਛੁਤਾਉਂਦਾ ਹੈ ਤੇ
ਆਖਦਾ ਹੈ-
‘ਲਬੁ ਵਿਣਾਹੇ
ਮਾਣਸਾ ਜਿਉ ਪਾਣੀ ਬੂਰੁ’. .’ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ’।
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵਾਰ ਦਾ ਟੀਕਾ ਕਰਨ ਸਮੇਂ ਇਹਨਾਂ ਤੁਕਾਂ ਦੇ
(ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ) ਅਰਥ ਇਉਂ ਕੀਤੇ ਹਨ: ਮੈਨੂੰ ਸੱਤੇ ਨੂੰ ਤੇਰੀ ਉਹੀ
ਬਖ਼ਸ਼ੀਸ਼ ਚੰਗੀ ਹੈ ਜੋ ਤੈਨੂੰ ਸਤਿਗੁਰੂ ਨੂੰ ਚੰਗੀ ਲੱਗਦੀ ਹੈ।
‘ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ’
ਦੇ ਅਰਥ ਇਸ ਤਰ੍ਹਾਂ ਕੀਤੇ ਹਨ: ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ
ਤਬਾਹ ਕਰਦਾ ਹੈ।
ਅਤੇ
‘ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ’ ਦੇ ਅਰਥ
ਇਉਂ ਕੀਤੇ ਹਨ: ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ
ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ)।
ਭਾਈ ਬਲਵੰਡ ਅਤੇ ਭਾਈ ਸੱਤਾ ਜੀ ਦੀ ਵਾਰ ਦੀਆਂ ਉਪਰੋਕਤਾਂ ਪੰਗਤੀਆਂ ਦਾ ਅਰਥ
ਇਹਨਾਂ ਟੀਕਾਕਾਰਾਂ ਨੇ ਇਹਨਾਂ ਨਾਲ ਸੰਬੰਧਤ ਕਹਾਣੀ ਨੂੰ ਸਾਹਮਣੇ ਰੱਖ ਕੇ ਹੀ ਕੀਤਾ ਹੈ। ਜੇਕਰ ਇਸ
ਤਰ੍ਹਾਂ ਦੇ ਭਾਵ ਦੀਆਂ ਤੁਕਾਂ ਇਸ ਵਾਰ ਵਿੱਚ ਹੀ ਹੁੰਦੀਆਂ ਤਾਂ ਸ਼ਾਇਦ ਇਹਨਾਂ ਪੰਗਤੀਆਂ ਬਾਰੇ ਕੋਈ
ਕਿੰਤੂ-ਪ੍ਰੰਤੂ ਕਰਨ ਦੀ ਲੋੜ ਪ੍ਰਤੀਤ ਨਾ ਹੁੰਦੀ, ਪਰ ਇਸ ਭਾਵ ਦੀਆਂ ਪੰਗਤੀਆਂ ਤਾਂ ਗੁਰੂ ਗ੍ਰੰਥ
ਸਾਹਿਬ ਵਿੱਚ ਹੋਰ ਵੀ ਕਈ ਥਾਈਂ ਆਈਆਂ ਹਨ। ਅਰਥਾਤ ਨਿੰਦਾ ਅਤੇ ਲਾਲਚ ਬਾਰੇ ਕੇਵਲ ਭਾਈ ਬਲਵੰਡ ਅਤੇ
ਭਾਈ ਸੱਤਾ ਜੀ ਦੀ ਵਾਰ ਵਿੱਚ ਹੀ ਵਰਣਨ ਨਹੀਂ ਹੈ, ਗੁਰਬਾਣੀ ਵਿੱਚ ਹੋਰ ਵੀ ਕਈ ਥਾਈਂ ਆਇਆ ਹੈ।
ਜਿਵੇਂ:
(ੳ) ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ॥
(ਪੰਨਾ ੧੧੯੧) ਅਰਥ: ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ
ਇਸ ਦੇ ਪੈਰ ਵਿੱਚ ਲੋਹੇ ਦੀ ਬੇੜੀ ਬਣੇ ਪਏ ਹਨ।
ਜਾਂ:
ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ॥ ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ॥ (ਪੰਨਾ
੪੧੯) ਅਰਥ: ਹੇ ਮਾਇਆ-ਮੋਹ ਵਿੱਚ ਅੰਨ੍ਹੇ ਹੋਏ
ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ। ਲਾਲਚ ਵਿੱਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ। ਜਿਸ
ਮਨੁੱਖ ਦੇ ਮਨ ਵਿੱਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ
ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ)।
ਅਥਵਾ: ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ॥ ਮਨਹਠਿ ਕਰਮ ਫਿਰਿ ਜੋਨੀ ਪਾਏ॥
ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ॥
(ਪੰਨਾ ੧੦੫੫) ਅਰਥ: ਹੇ ਭਾਈ! (ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ
(ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ)
ਕਰਮਾਂ ਉੱਤੇ ਜ਼ੋਰ ਦੇਂਦਾ ਹੈ। ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ
ਹੈ, ਉਹ) ਮੁੜ ਮੁੜ ਜੂਨੀਆਂ ਵਿੱਚ ਪੈਂਦਾ ਹੈ। ਹੇ ਭਾਈ! ਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ
ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿੱਚ ਖੋਟੀ ਮਤਿ ਦਾ
ਦੁ-ਚਿੱਤਾ-ਪਨ ਆ ਜਾਂਦਾ ਹੈ।
(ਅ) ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ
ਸੰਸਾਰੁ॥ (ਪੰਨਾ ੩੦੨)
ਅਰਥ: ਜੋ ਕੋਈ ਪੂਰੇ
ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ, (ਉਹ ਨਿੰਦਕ ਸਤਿਗੁਰੂ
ਦਾ ਕੁੱਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿੱਚ ਵੱਸਦਾ ਹੈ ਤੇ ਉਹ ਆਪ ਰੱਖਿਆ
ਕਰਨ ਵਾਲਾ ਹੈ।
ਜਾਂ: ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ॥ ਕੋਈ ਜਾਇ
ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ॥ ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ
ਨਿਤ ਭੰਭਲ ਭੂਸੇ ਖਾਹੀ॥ (ਪੰਨਾ ੩੦੮)
ਅਰਥ:
ਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ
ਵਿੱਚ ਢੋਈ ਨਹੀਂ ਮਿਲਦੀ। ਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ ਦਾ ਭੀ ਮੂੰਹ ਫਿੱਕਾ ਤੇ ਮੂੰਹ
ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ ਮੂੰਹ ਤੇ ਫਿਟਕਾਂ ਪਾਂਦੇ ਹਨ) (ਕਿਉਂਕਿ) ਜੋ ਮਨੁੱਖ ਗੁਰੂ
ਵਲੋਂ ਵਿੱਛੜੇ ਹੋਏ ਹਨ, ਉਹ ਸੰਸਾਰ ਵਿੱਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ
ਹਨ।
ਕੀ ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਬਾਰੇ ਵੀ ਕਿਸੇ ਤਰ੍ਹਾਂ ਦੀਆਂ ਕਹਾਣੀਆਂ
ਘੜਨ ਜਾਂ ਕਥਿੱਤ ਕਹਾਣੀ ਦਾ ਸਹਾਰਾ ਲੈਣ ਦੀ ਲੋੜ ਪਵੇਗੀ? ਨਹੀਂ, ਹਰਗ਼ਿਜ਼ ਨਹੀਂ। ਗੁਰਬਾਣੀ ਦੇ
ਇਹਨਾਂ ਫ਼ਰਮਾਨਾਂ ਵਿੱਚ ਕਿਸੇ ਇੱਕ ਮਨੁੱਖ ਦੀ ਨਹੀਂ ਬਲਕਿ ਸਮੂਹ ਮਨੁੱਖਾਂ ਦੀ ਗੱਲ ਹੈ ਜਿਨ੍ਹਾਂ ਨੇ
‘ਲਿਵ’ ਵਾਲਾ ਮਾਰਗ ਛੱਡ ਕੇ ‘ਧਾਤ’ ਵਾਲਾ ਮਾਰਗ ਅਪਣਾਇਆ ਹੋਇਆ ਹੈ।
ਇਸ ਲਈ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਜੀ ਦੀ ਵਾਰ ਦੀਆਂ ਇਹਨਾਂ ਪੰਗਤੀਆਂ
ਦਾ ਕਦਾਚਿਤ ਇਹ ਭਾਵ ਨਹੀਂ ਹੈ ਕਿ ਇਹਨਾਂ ਨੇ ਇਹਨਾਂ ਤੁਕਾਂ ਵਿੱਚ ਇਹਨਾਂ ਨੇ ਆਪਣੀ ਕਿਸੇ ਭੁੱਲ ਦਾ
ਵਰਣਨ ਕੀਤਾ ਹੈ ਜਾਂ ਆਪਣੇ ਆਪ ਨੂੰ ਕੋਸਿਆ ਹੈ। ਇਹਨਾਂ ਪੰਗਤੀਆਂ ਵਿੱਚ ਵੀ ਉਸੇ ਤਰ੍ਹਾਂ ਸਮੁੱਚੇ
ਰੂਪ ਮਨਮੁਖਾਂ ਦੀ ਜੀਵਨ-ਜੁਗਤ ਦਾ ਵਰਣਨ ਕੀਤਾ ਹੈ ਜਿਸ ਤਰ੍ਹਾਂ ਗੁਰਬਾਣੀ ਦੇ ਬਾਕੀ ਫ਼ਰਮਾਨਾਂ
ਵਿੱਚ।
ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਜੀ ਨੂੰ ਗੁਰੂ ਸਾਹਿਬਾਨ ਨੂੰ ਸਰੀਰਕ
ਰੂਪ ਵਿੱਚ ਦੇਖਣ, ਵਾਰਤਾਲਾਪ ਕਰਨ ਦਾ ਸੁਭਾਗ ਹੀ ਪ੍ਰਾਪਤ ਨਹੀਂ ਹੋਇਆ ਸਗੋਂ ਸਤਿਗੁਰੂ ਜੀ ਵਲੋਂ
ਆਤਮਕ ਮੌਤ ਦੇ ਸ਼ਿਕਾਰ ਹੋਇਆਂ ਨੂੰ ਜੀਅ ਦਾਨ ਦੇ ਕੇ ਆਤਮਕ ਜੀਵਨ ਬਖ਼ਸ਼ਸ਼ ਕਰਦਿਆਂ ਹੋਇਆਂ ਦੇਖਣ ਦਾ
ਸੁਭਾਗ ਵੀ ਪ੍ਰਾਪਤ ਹੋਇਆ ਸੀ। ਇਹ ਦੋਵੇਂ ਗੁਰੂ ਸਾਹਿਬ ਪਾਸੋਂ ਗੁਰਮਤਿ ਦੀ ਜੀਵਨ-ਜੁਗਤ ਸਮਝ ਕੇ
ਜੀਵਨ-ਮੁਕਤ ਦੀ ਪਦਵੀ ਨੂੰ ਮਾਣਨ ਵਾਲੇ ਮਹਾਨ ਆਤਮ ਰਸੀਏ ਸਨ। ਇਸ ਲਈ ਇਹ ਸਾਧਾਰਨ ਤੁੱਕ-ਬੰਦੀ ਕਰਨ
ਵਾਲੇ ਕਵੀ ਨਹੀਂ ਬਲਕਿ ਸੱਚ ਦੇ ਸੱਚੇ ਮੁਤਲਾਸ਼ੀ, ਗੁਰੂ ਪਿਆਰ ਵਿੱਚ ਭਿੱਜੇ ਹੋਏ ਮਹਾਨ ਕੀਰਤਨੀਏ
ਸਨ। ਇਹਨਾਂ ਦੀ ਇਹ ਵਾਰ
‘ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ’ ਦਾ
ਪ੍ਰਤੱਖ ਪ੍ਰਮਾਣ ਹੈ।
ਅੰਤ ਵਿੱਚ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੇ ਇਹਨਾਂ ਸ਼ਬਦਾਂ ਨਾਲ ਇਸ ਲੇਖ
ਲੜੀ ਨੂੰ ਸਮਾਪਤ ਕਰ ਰਹੇ ਹਾਂ: ਸੱਤਾ ਤੇ ਬਲਵੰਡ ਗੁਰੂ ਦਰਬਾਰ ਦੇ ਬੜੇ ਅਹਿਮ ਦਰਬਾਰੀ ਸਨ ਬਹੁਤ
ਪਿਆਰ ਤੇ ਸ਼ਰਧਾ ਨਾਲ ਕੀਰਤਨ ਕਰਿਆ ਕਰਦੇ ਸਨ। ਉਨ੍ਹਾਂ ਦੀ ਸ਼ਖ਼ਸ਼ੀਅਤ ਨੂੰ ਡੇਗਣ ਵਾਸਤੇ ਕਿਸੇ ਨੇ
ਉਨ੍ਹਾਂ ਦੇ ਗੁਰੂ ਸਾਹਿਬ ਨਾਲ ‘ਰੁਸ ਜਾਣ’ ਤੇ ਫਿਰ ਮੁਆਫ਼ੀ ਮੰਗਣ ਦੀ ਕਹਾਣੀ ਘੜੀ ਸੀ। ਸੱਤਾ ਤੇ
ਬਲਵੰਡ ਨੇ ਗੁਰੂ ਗ੍ਰੰਥ ਸਾਹਿਬ ਵਿਚਲੀ ਆਪਣੀ ‘ਵਾਰ’ ਇੱਕ ‘ਮੁਆਫ਼ੀਨਾਮੇ’ ਵਜੋਂ ਨਹੀਂ ਲਿਖੀ ਸੀ।
(ਅਜਿਹੀਆਂ ਕਹਾਣੀਆਂ ਪਹਿਲੋਂ ਜਨਮਸਾਖੀਆਂ ਦੇ ਲੇਖਕਾਂ ਨੇ ਭਾਈ ਮਰਦਾਨਾ ਵਾਸਤੇ ਵੀ ਘੜੀਆਂ ਸਨ)।
(ਸਿੱਖ ਤਵਾਰੀਖ਼-ਪਹਿਲਾ ਹਿੱਸਾ)