ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁਧ ਵਿਕਦਾ।
ਗਿਅਨੀ ਸੰਤੋਖ ਸਿੰਘ
ਉਪ੍ਰੋਕਤ ਲੋਕ ਬੋਲੀ ਵਿੱਚ ‘ਜੈ
ਕੁਰੇ’ ਦਾ ਮਤਲਬ, ਜੈ ਕੌਰ ਨਾਮੀ ਉਹ ਇਸਤਰੀ ਪਾਤਰ ਹੈ ਜਿਸ ਦੀ ਮੌਜੂਦਗੀ ਅਕਸਰ ਹੀ ਮਲਵਈ ਲੋਕ
ਗੀਤਾਂ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ।
“ਹਕੂਮਤ ਗਰਮੀ ਦੀ, ਉਗ੍ਰਾਹੀ ਬੇਸ਼ਰਮੀ ਦੀ” ਦੇ ਨਾਲ਼ ਹੀ “ਹੱਟੀ ਨਰਮੀ ਦੀ” ਦੀ ਸਿਆਣਿਆਂ ਦਾ ਕਥਨ
ਹੈ। ਇਹ ਹੈ ਵੀ ਠੀਕ ਕਿ ਸੁੰਦਰ ਮੁਖੜੇ ਵਿਚੋਂ ਨਿਕਲ਼ੇ ਸਤਿਕਾਰ ਭਰੇ ਮਿੱਠੇ ਬੋਲ ਆਮ ਤੌਰ ਤੇ ਚੰਗੀ
ਸੋਚ ਵਾਲ਼ੇ ਵਿਅਕਤੀਆਂ ਨੂੰ ਪ੍ਰਭਾਵਤ ਕਰਕੇ ਆਪਣੇ ਵੱਲ ਖਿੱਚਦੇ ਹਨ। ਇਸ ਪ੍ਰਥਾਇ ਨੀਤੀ ਵਾਕ ਵੀ ਹੈ:
ਕਉਆ ਕਾਕਉ ਧਨ ਹਰੇ ਕੋਇਲ ਕਾਕਉ ਧਨ ਦੇਤ?
ਮੀਠੇ ਬਚਨ ਸੁਨਾਇਕੇ ਜੱਗ ਅਪਨਾ ਕਰ ਲੇਤ।
ਨਾ ਤਾਂ ਕੋਇਲ ਕਿਸੇ ਨੂੰ ਗੱਫੇ ਬਖ਼ਸ਼ਦੀ ਹੈ ਤੇ ਨਾ ਹੀ ਕਾਂ ਕਿਸੇ ਤੋਂ ਗੱਫਾ ਖੋਂਹਦਾ ਹੈ। ਕੋਇਲ ਦੀ
ਸੁਰੀਲੀ ਆਵਾਜ਼ ਹਰੇਕ ਦੇ ਮਨ ਨੂੰ ਲੁਭਾਉਂਦੀ ਹੈ ਅਤੇ ਇਸ ਦੇ ਉਲਟ ਕਾਂ ਦੀ “ਕਾਂ ਕਾਂ’ ਕੰਨਾਂ ਨੂੰ
ਅਣਸੁਖਾਵੀਂ ਲੱਗਦੀ ਹੈ।
ਏਸੇ ਤਰ੍ਹਾਂ ਸੋਹਣਾ ਮੁਖੜਾ ਮਿੱਠੇ ਤੇ ਅਪਣੱਤ ਭਰੇ ਬਚਨਾਂ ਨਾਲ਼ ਗਾਹਕਾਂ ਨੂੰ ਆਪਣੇ ਵੱਲ ਖਿੱਚਦਾ
ਹੈ ਤੇ ਨਾ ਚਾਹੁੰਦਿਆਂ ਹੋਇਆਂ ਵੀ ਵਿਅਕਤੀ ਸੋਚਦਾ ਹੈ ਕਿ ਇਸ ਪਾਸੋਂ ਜਰੂਰ ਕੁੱਝ ਖ਼੍ਰੀਦਣਾ ਚਾਹੀਦਾ
ਹੈ। ਜੇਕਰ “ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲ਼ੀਆਂ ਵੀ ਗਰਮ” ਵਾਲ਼ੀ ਗੱਲ ਹੋਵੇ ਤਾਂ ਗਾਹਕ ਉਸ ਦੀ
ਹੱਟੀ ਤੇ ਕਿਉਂ ਜਾਊ! ਹਾਂ, ਇਹ ਵੱਖਰੀ ਗੱਲ ਹੈ ਕਿ ਜੇਕਰ ਕਿਸੇ ਅਜਿਹੀ ਚੀਜ ਦੀ ਲੋੜ ਪਵੇ ਜੋ ਉਸ
‘ਗਰਮ ਬਾਬੇ’ ਦੀ ਹੱਟੀ ਤੋਂ ਬਿਨਾ ਹੋਰ ਕਿਤੇ ਨਾ ਮਿਲ਼ਦੀ ਹੋਵੇ ਤਾਂ ਮਜਬੂਰੀ ਵੱਸ ਉਸ ਪਾਸ ਜਾਣਾ ਹੀ
ਪੈਂਦਾ ਹੈ। ਇਸ ਲਈ ਇਹ ਕੁਦਰਤੀ ਬਾਤ ਹੈ ਕਿ ਜੇ ਜੈ ਕੌਰ ਆਪਣੀ ਦਿਲਕਸ਼ ਸ਼ਖ਼ਸੀਅਤ ਅਤੇ ਮਿੱਠੇ ਬੋਲਾਂ
ਰਾਹੀਂ ਲੋਕਾਂ ਨੂੰ ਪਾਣੀ ਮਿਲ਼ਿਆ ਦੁਧ ਵੀ ਵੇਚੀ ਜਾਵੇ ਤਾਂ ਕੋਈ ਅਣਹੋਣੀ ਬਾਤ ਨਹੀ। ਅੰਮ੍ਰਿਤਸਰ ਦੇ
ਕਈ ਦੁਕਾਨਦਾਰ ਸਮਰਥਾਵਾਨ ਗਾਹਕ ਨੂੰ ਵੇਖ ਕੇ ਬੜੀ ਖ਼ੁਸ਼ਾਮਦ ਭਰੀ ਬੋਲੀ ਵਿੱਚ ਦੁਕਾਨ ਦੇ ਅੰਦਰ ਬੈਠਾ
ਕੇ, ਚਾਹ ਜਾਂ ਠੰਡਾ ਨਾਂਹ ਨਾਂਹ ਕਰਦਿਆਂ ਵੀ ਬਦੋ ਬਦੀ ਗਾਹਕ ਦੀਆਂ ਨਾਸਾਂ ਵਿੱਚ ਤੁੰਨ ਦੇਣਗੇ।
ਫਿਰ ਗਾਹਕ ਵੀ ਬਿਨਾ ਕੁੱਝ ਖ਼੍ਰੀਦਿਆਂ ਉਠਣ ਵਿੱਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਇਹ ਉਹਨਾਂ
ਦੁਕਾਨਦਾਰਾਂ ਦਾ ਗਾਹਕਾਂ ਨੂੰ ਫਸਾਉਣ ਦਾ ਟ੍ਰਿੱਕ ਹੈ।
ਦੁਧ ਤੋਂ ਚੇਤਾ ਆਇਆ: ਜਿਉਂ ਹੋਸ਼ ਸੰਭਾਲ਼ੀ ਹੈ ਏਹੋ ਹੀ ਸੁਣਦੇ ਆ ਰਹੇ ਹਾਂ ਕਿ ਦੁਧ ਤੇ ਘਿਓ ਸ਼ੁਧ
ਨਹੀ ਮਿਲ਼ਦੇ। ਇਸ ਬਾਰੇ ਗਾਹਕ ਸਾਰੇ ਯਤਨ ਕਰਨ ਦੇ ਬਾਵਜੂਦ ਵੀ ਤਸੱਲੀ ਅਨਭਵ ਨਹੀ ਕਰਦੇ ਕਿ ਇਹ
ਦੋਵੇਂ ਵਸਤੂਆਂ ਉਹਨਾਂ ਨੂੰ ਸ਼ੁਧ ਰੂਪ ਵਿੱਚ ਪਰਾਪਤ ਹੋ ਗਈਆਂ ਹਨ। ਪਾਣੀ ਮਿਲਾਉਣ, ਰਾਤ ਨੂੰ
ਖੁਲ੍ਹੇ ਭਾਂਡੇ ਵਿੱਚ ਪਾ ਕੇ ਰੱਖਣ ਉਪ੍ਰੰਤ ਉਸ ਉਪਰ ਆਈ ਕਰੀਮ, ਗਾਹਕਾਂ ਨੂੰ ਦੇਣ ਤੋਂ ਪਹਿਲਾਂ
ਲਾਹ ਲੈਣ, ਸਪਰੇਟਾ ਦੁਧ ਮਿਲਾਉਣ ਵਰਗੀਆਂ ਘਟਨਾਵਾਂ ਸੁਣਦੇ ਆ ਰਹੇ ਹਾਂ। ਫਿਰ ਇਹ ਵੀ ਸੁਣਨ ਵਿੱਚ
ਆਇਆ ਕਿ ਦੁਧ ਦਾ ਸੰਘਣਾਪਣ ਕਾਇਮ ਰੱਖ ਕੇ ਗਾਹਕਾਂ ਨੂੰ ਧੋਖਾ ਦੇਣ ਲਈ, ਕੁੱਝ ਦੋਧੀ ਛੱਪੜ ਦੇ
ਸੰਘਣੇ ਪਾਣੀ ਦਾ ਪ੍ਰਯੋਗ ਵੀ ਕਰਦੇ ਹਨ। ਅਜਿਹੇ ਦੋਧੀ ਵੱਲੋਂ ਇੱਕ ਗਾਹਕ ਦੇ ਭਾਂਡੇ ਵਿੱਚ ਦੁਧ
ਪਾਉਣ ਸਮੇ ਦੁਧ ਵਿਚੋਂ ਡੱਡੀ ਭੁੜਕ ਕੇ ਜਦੋਂ ਬਾਹਰ ਆਈ ਤਾਂ ਗਾਹਕ ਨੇ ਦੁਧ ਵਿਚੋਂ ਡੱਡੀ ਨਿਕਲਣ ਦੀ
ਸ਼ਿਕਾਇਤ ਕੀਤੀ ਤਾਂ ਸ਼ਰਮਿੰਦਾ ਹੋਣ ਦੀ ਬਜਾਇ ਦੋਧੀ ਨੇ ਆਖਿਆ, “ਹੋਰ ਪਾਈਆ ਦੁਧ ਵਿਚੋਂ ਮੱਝ ਥੋਹੜੀ
ਨਿਕਲਣੀ ਸੀ!” ਇਹ ਤਾਂ ਓਹੋ ਗੱਲ ਹੋਈ ਕਿ ਇੱਕ ਮਰੀਜ਼ ਦੰਦਾਂ ਦੇ ਡਾਕਟਰ ਕੋਲ਼ ਆਪਣਾ ਦੁਖਦਾ ਦੰਦ
ਪੁਟਵਾਉਣ ਲਈ ਗਿਆ। ਡਾਕਟਰ ਨੇ ਦੁਖਦੇ ਦੰਦ ਦੇ ਨਾਲ਼ ਦਾ ਦੰਦ ਪੁੱਟ ਘੱਤਿਆ। ਮਰੀਜ਼ ਦੇ ਸ਼ਿਕਾਇਤ ਕਰਨ
ਤੇ ਆਪਣੀ ਗ਼ਲਤੀ ਮੰਨਣ ਦੀ ਥਾਂ ਡਾਕਟਰ ਨੇ ਆਖਿਆ ਕਿ ਇਸ ਦੰਦ ਤੇ ਖਲੋ ਕੇ ਕੀੜਾ ਦੁਖਦੇ ਦੰਦ ਉਪਰ
ਛਾਲ ਮਾਰਦਾ ਸੀ ਜਿਸ ਕਰਕੇ ਉਹ ਦੰਦ ਦੁਖਦਾ ਸੀ; ਇਸ ਲਈ ਇਸ ਦੰਦ ਦਾ ਪੁੱਟਣਾ ਜਰੂਰੀ ਸੀ।
ਦੁਧ ਦੀ ਗੱਲ ਫਿਰ ਕਰੀਏ। ਸਾਬਕ ਵੀ. ਸੀ. ਸ. ਸਰਦਾਰਾ ਸਿੰਘ ਜੌਹਲ ਨੇ ਤਾਂ ਆਪਣੀ ਜੀਵਨੀ ‘ਰੰਗਾਂ
ਦੀ ਗਾਗਰ’ ਵਿਚ ਇੱਕ ਦੋਧੀ ਦੀ ਅਜਿਹੀ ਘਿਨਾਉਣੀ ਝਾਕੀ ਦਾ ਜ਼ਿਕਰ ਕੀਤਾ ਹੈ ਜਿਸ ਤੋਂ ਪਿੱਛੋਂ ਉਹਨਾਂ
ਨੇ ਦੁਧ ਵਰਤਣਾ ਹੀ ਤਿਆਗ ਦਿਤਾ। ਪੰਜਾਹ ਕੁ ਸਾਲ ਪਹਿਲਾਂ ਮਝ ਨੂੰ ਚੋਣ ਲਈ ਇੱਕ ਟੀਕਾ ਲਾਇਆ ਜਾਂਦਾ
ਸੀ ਜੋ ਕਿ ਹੁਣ ਸਬਜ਼ੀਆਂ ਦੇ ਬੂਟਿਆਂ ਨੂੰ ਵੀ ਲਾਇਆ ਜਾਂਦਾ ਸੁਣੀਦਾ ਹੈ। ਇੱਕ ਅਖ਼ਬਾਰ ਵਿੱਚ ਕਦੀ
ਕਿਸੇ ਵਿਦਵਾਨ ਦਾ ਲੇਖ ਪੜ੍ਹਿਆ ਸੀ ਕਿ ਅਜਿਹੇ ਟੀਕੇ ਲੱਗਣ ਵਾਲ਼ੇ ਡੰਗਰਾਂ ਦੇ ਮਰਨ ਉਪ੍ਰੰਤ ਉਹਨਾਂ
ਦਾ ਮਾਸ ਖਾਣ ਕਰਕੇ, ਇੱਲਾਂ ਦੀ ਜਣਨ ਸ਼ਕਤੀ ਖ਼ਤਮ ਹੋ ਗਈ ਹੈ ਤੇ ਇਸ ਕਰਕੇ ਪੰਜਾਬ ਵਿਚੋਂ ਉਹਨਾਂ ਦਾ
ਖ਼ਾਤਮਾ ਹੋ ਰਿਹਾ ਹੈ। ਜੇ ਇਹ ਗੱਲ ਸੱਚ ਹੈ ਤਾਂ ਫਿਰ ਭਾਰਤ ਵਿਚਲੀ ਮਨੁਖੀ ਆਬਾਦੀ ਵੀ ਘਟਣੀ ਚਾਹੀਦੀ
ਸੀ ਕਿਉਂਕਿ ਉਹ ਅਜਿਹਾ ਟੀਕਾ ਲਾ ਕੇ ਚੋਏ ਗਏ ਦੁਧ ਨੂੰ ਪੀਂਦੇ ਹਨ ਪਰ ਉਹ ਤਾਂ ਦਿਨ ਦੂਣੀ ਤੇ ਰਾਤ
ਚੌਗਣੀ ਛੜੱਪੇ ਮਾਰ ਮਾਰ ਵਧ ਰਹੀ ਹੈ।
ਹੁਣ ਕੁੱਝ ਸਾਲਾਂ ਤੋਂ ਪਤਾ ਲਗਾ ਹੈ ਕਿ ਖੇਤਾਂ ਵਿੱਚ ਫਸਲਾਂ ਨੂੰ ਕੁਦਰਤੀ ਸਮੇ ਨਾਲ਼ੋਂ ਪਹਿਲਾਂ
ਵਡੇਰਾ ਕਰਨ ਲਈ ਪਾਈ ਜਾਣ ਵਾਲੀ ਯੂਰੀਆ ਖਾਦ ਦਾ ਦੁਧ ਬਣਾ ਕੇ ਦੇਸ ਵਿੱਚ ਵੇਚਿਆ ਜਾ ਰਿਹਾ ਹੈ। ਇੱਕ
ਦਿਨ ਅੰਮ੍ਰਿਤਸਰ ਵਿੱਚ ਆਪਣੇ ਛੋਟੇ ਭਰਾ ਸ. ਦਲਬੀਰ ਸਿੰਘ ਨਾਲ਼ ਇਸ ਨਵੀ ਕਾਢ ਦਾ ਜ਼ਿਕਰ ਹੋਇਆ ਤਾਂ
ਉਸ ਦਾ ਵਿਚਾਰ ਇਹ ਸੀ ਕਿ ਏਨੇ ਸਾਲਾਂ ਤੋਂ ਅਸੀਂ ਯੂਰੀਆ ਖਾਦ ਦਾ ਬਣਿਆ ਦੁਧ ਪੀਂਦੇ ਆ ਰਹੇ ਹਾਂ ਤੇ
ਸਾਡਾ ਕੁੱਝ ਨਹੀ ਵਿਗੜਿਆ; ਨਾ ਅਸੀਂ ਹਸਪਤਾਲ ਵਿੱਚ ਪਏ ਹਾਂ ਤੇ ਨਾ ਹੀ ਅਜੇ ਮੜ੍ਹੀਆਂ ਵਿੱਚ ਪੁੱਜੇ
ਹਾਂ; ਤਾਂ ਇਸ ਦਾ ਮਤਲਬ ਹੈ ਕਿ ਅਜਿਹਾ ਦੁਧ ਸਾਡੇ ਲਈ ਕੋਈ ਹਾਨੀਕਾਰਕ ਨਹੀ। ਮਨ ਵਿੱਚ ਉਸ ਦੀ ਇਹ
ਦਲੀਲ ਸੁਣ ਕੇ ਵਿਚਾਰਿਆ ਕਿ ਜਦੋਂ ਏਹੀ ਯੂਰੀਆ ਖਾਦ ਖੇਤ ਵਿੱਚ ਪੈ ਕੇ, ਮਝਾਂ ਦਾ ਚਾਰਾ ਉਗਾਉਂਦੀ
ਹੈ ਤੇ ਉਹ ਚਾਰਾ ਖਾ ਕੇ ਮਝ ਦੁਧ ਦਿੰਦੀ ਹੈ; ਤੇ ਜੇ ਇਹ ਯੂਰੀਆ ਖਾਦ, ਉਹਨਾਂ ਕਾਰਖਾਨੇਦਾਰਾਂ ਦੀ
ਕਿਰਪਾ ਨਾਲ਼, ਨਕਲੀ ਦੁਧ ਦੇ ਰੂਪ ਵਿਚ, ਸਿਧੀ ਸਾਡੇ ਅੰਦਰ ਜਾਂਦੀ ਹੈ ਤਾਂ ਸਾਡੇ ਲਈ ਨੁਕਸਾਨ ਦੀ
ਥਾਂ ਸ਼ਕਤੀ ਵਰਧਕ ਦਾ ਕਾਰਜ ਹੀ ਕਰਦੀ ਹੋਵੇਗੀ! ਇਸ ਬਾਰੇ ਏਨਾ ਵਾ-ਵੇਲ਼ਾ ਕਰਨ ਦੀ ਕੀ ਲੋੜ ਹੈ! ਫਿਰ
ਪ੍ਰੈਸ ਵਿੱਚ ਇਹ ਖ਼ਬਰ ਵੀ ਪੜ੍ਹੀ ਸੀ ਕਿ ਦੇਸ ਵਿੱਚ ੬੦% ਦੁਧ ਇਸ ਪ੍ਰਕਾਰ ਨਕਲੀ ਹੀ ਤਿਆਰ ਕਰਕੇ
ਵੇਚਿਆ ਜਾ ਰਿਹਾ ਹੈ। ਫ਼ਰਜ਼ ਕਰੋ ਜੇ ਅਜਿਹਾ ਨਕਲੀ ਦੁਧ ਬੰਦ ਹੋ ਜਾਵੇ ਤਾਂ ਲੋਕ ਚਾਹ, ਸ. ਸਰਦਾਰਾ
ਸਿੰਘ ਜੌਹਲ ਵਾਂਗ, ਮਾਰੂ ਹੀ ਪੀਣ ਲਈ ਮਜਬੂਰ ਹੋਣਗੇ! ਮੈ ਤਾਂ ਅਜਿਹਾ ਦੁਧ ਆਪਣੇ ਅੰਦਰ ਲੰਘਾਉਣ ਦਾ
ਹੌਸਲਾ ਨਹੀ ਕਰ ਸਕਿਆ। ਸਿਡਨੀ ਤੋਂ ਅੰਮ੍ਰਿਤਸਰ ਜਾਣ ਸਮੇ ਏਥੋਂ ਦੇ ਦੁਧ ਦੇ ਪਾਊਡਰ ਦਾ ਇੱਕ ਡੱਬਾ
ਆਪਣੇ ਨਾਲ਼ ਚੁੱਕ ਖੜਦਾ ਹਾਂ। ਜਦੋਂ ਅੰਮ੍ਰਿਤਸਰ ਵਿੱਚ ਛੋਟੇ ਭਰਾ ਸੇਵਾ ਸਿੰਘ ਦੇ ਘਰ ਚਾਹ ਪੀਵਾਂ
ਤਾਂ ਇੱਕ ਕੱਪ ਚਾਹ ਵਿੱਚ ਓਥੋਂ ਦੇ ਯੂਰੀਆਈ ਦੁਧ ਦੀ ਥਾਂ ਇੱਕ ਚਿਮਚਾ ਉਸ ਪਾਊਡਰ ਦਾ ਪਾ ਲੈਂਦਾ
ਹਾਂ ਪਰ ਜਦੋਂ ਕਿਸੇ ਰਿਸ਼ਤੇਦਾਰ ਜਾਂ ਸੱਜਣ ਨੂੰ ਮਿਲਣ ਜਾਣਾ ਹੋਵੇ ਤਾਂ ਚਾਹ ਤਾਂ ਜਿਵੇਂ ਓਥੇ ਬਣੀ
ਹੋਵੇ ਓਵੇਂ ਹੀ ਪੀਣੀ ਪੈਂਦੀ ਹੈ। ਉਹ ਤਾਂ ਉਹਨਾਂ ਨੇ ਪਿਆਉਣੀ ਹੀ ਪਿਆਉਣੀ ਹੁੰਦੀ ਹੈ ਭਾਵੇਂ
ਕਿੰਨੀ ਵੀ ਨਾਂਹ ਨੁਕਰ ਕਰੀਏ। ਉਹ ਤਾਂ ਸਾਡੀਆਂ ਨਾਸਾਂ ਰਾਹੀਂ ਸਾਡੇ ਅੰਦਰ ਤੁੰਨਣੀ ਹੀ ਹੁੰਦੀ ਹੈ।
ਜਿੰਨਾ ਚਿਰ ਚਾਹ ਡੱਫ਼ ਨਾ ਲਈਏ ਓਨਾ ਚਿਰ ਉਹਨਾਂ ਨੇ ਕੋਈ ਹੋਰ ਗੱਲ ਕਰਨ ਹੀ ਨਹੀ ਦੇਣੀ। ਅਸੀਂ
ਬਾਹਰੋਂ ਲੱਖਾਂ ਕਿਰਾਏ ਦੇ ਖ਼ਰਚ ਕੇ ਦੇਸ ਵਿੱਚ ਮਿੱਤਰ ਪਿਆਰਿਆਂ ਨੂੰ ਮਿਲਣ, ਰਾਜੀ ਖ਼ੁਸੀ ਦੱਸਣ
ਪੁੱਛਣ ਜਾਂਦੇ ਹਾਂ ਤੇ ਸਾਡੇ ਪਾਸ ਸਮਾ ਵੀ ਥੋਹੜਾ ਹੁੰਦਾ ਹੈ। ਉਸ ਥੋਹੜੇ ਸਮੇ ਵਿੱਚ ਹੀ ਅਸੀਂ ਵਧ
ਤੋਂ ਵਧ ਸੱਜਣਾਂ ਸਨੇਹੀਆਂ ਨੂੰ ਉਹਨਾਂ ਦੇ ਘਰੀਂ ਜਾਂ ਦਫ਼ਤਰਾਂ ਵਿੱਚ ਜਾ ਕੇ ਮਿਲਣ ਦਾ ਯਤਨ ਕਰਦੇ
ਹਾਂ ਪਰ ਫਿਰ ਵੀ ਕਈਆਂ ਨੂੰ ਮਿਲ਼ਿਆਂ ਬਿਨਾ ਹੀ ਵਾਪਸ ਮੁੜਨਾ ਪੈਂਦਾ ਹੈ। ਫਿਰ ਜਿਸ ਨੂੰ ਵੀ ਮਿਲ਼ਣ
ਜਾਈਏ ਉਸ ਨੇ ਚਾਹ ਪਿਆਉਣੀ ਹੀ ਪਿਆਉਣੀ ਹੈ। ਇਹ ਤਾਂ ਹੋ ਨਹੀ ਸਕਦਾ ਕਿ ਠਹਿਰੋ, ਮੈ ਆਪਣੇ ਝੋਲ਼ੇ
ਵਿਚੋਂ ਦੁਧ ਦਾ ਪਾਊਡਰ ਕਢ ਕੇ ਪਾ ਲਵਾਂ। ਫਿਰ ਇਹ ਵੀ ਨਹੀ ਹੁੰਦਾ ਕਿ ਉਹ ਚਾਹ ਬਣਾਉਣ ਤੋਂ ਪਹਿਲਾ
ਪੁੱਛਣ। ਉਹ ਤਾਂ ਉਹਨਾਂ ਨੇ ਬਿਨਾ ਪੁੱਛਿਆ ਹੀ ਲਿਆ ਅੱਗੇ ਧਰਨੀ ਹੁੰਦੀ ਹੈ। ਇੱਕ ਬੰਦਾ ਇੱਕ ਦਿਨ
ਵਿੱਚ ਕਿੰਨੀ ਕੁ ਵਾਰ ਚਾਹ ਪੀ ਸਕਦਾ ਹੈ!
ਲੇਖ ਦੇ ਸ਼ੁਰੂ ਵਿੱਚ ਘਿਓ ਦਾ ਜ਼ਿਕਰ ਵੀ ਆਇਆ ਸੀ। ਇਸ ਬਾਰੇ ਵੀ ਚੰਦ ਸ਼ਬਦ ਏਥੇ ਦੁਹਰਾ ਹੀ ਲਈਏ।
ਪੰਜਾਬ ਵਿੱਚ ਦੁਧ ਵਾਂਗ ਹੀ ਘਿਓ ਬਾਰੇ ਵੀ ਬੇਇਤਬਾਰੀ ਦਾ ਹੀ ਪ੍ਰਗਟਾਵਾ ਹੁੰਦਾ ਸੁਣਦੇ ਆ ਰਹੇ
ਹਾਂ। ਸ਼ੁਧ ਦੁਧ ਵਾਂਗ ਹੀ ਸ਼ੁਧ ਘਿਓ ਲਭਣਾ ਵੀ ਮੁਸ਼ਕਲ ਸਮਝਿਆ ਜਾਂਦਾ ਸੀ। ਗੁਰਦੁਆਰਾ ਸਾਹਿਬਾਨ ਵਿੱਚ
ਹਮੇਸ਼ਾਂ ਕੜਾਹ ਪ੍ਰਸ਼ਾਦ ਦੇਸੀ ਘਿਓ ਦਾ ਹੀ ਬਣਾਇਆ ਜਾਂਦਾ ਸੀ ਤੇ ਹੈ। ਇਹ ਗੱਲ ਵੱਖਰੀ ਹੈ ਕਿ ਦੇਸੀ
ਘਿਓ ਦੇ ਨਾਂ ਤੇ ਮੁਰਦਾ ਡੰਗਰਾਂ ਦੀ ਚਰਬੀ ਵੇਚੀ ਜਾਂਦੀ ਸੀ। ਸਭ ਤੋਂ ਪਹਿਲਾਂ ਇਸ ਗੱਲ ਦਾ
ਪ੍ਰਗਟਾਵਾ ੧੯੬੬ ਵਿੱਚ ਧਰਮਵੀਰ ਦੇ ਗਵਰਨਰੀ ਰਾਜ ਸਮੇ ਹੋਇਆ ਸੀ ਕਿ ਜਿਥੇ ਕਾਰਖਾਨੇਦਾਰ ਸਾਨੂੰ ਗਰਮ
ਮਸਾਲੇ ਦੇ ਨਾਂ ਤੇ ਖੋਤਿਆਂ ਦੀ ਲਿੱਦ ਖਵਾਉਂਦੇ ਹਨ ਓਥੇ ਦੇਸੀ ਘਿਓ ਦੇ ਨਾਂ ਤੇ ਮੁਰਦਾ ਡੰਗਰਾਂ ਦੀ
ਚਰਬੀ ਵੀ ਛਕਾਉਂਦੇ ਹਨ। ਭਾਵੇਂ ਕਿ ਧਰਮਵੀਰ ਜੀ ਕਿਸੇ ਮਨੁਖ ਦੋਖੀ ਨੂੰ ਸਜਾ ਤੇ ਨਾ ਦਿਵਾ ਸਕੇ
ਕਿਉਂਕਿ ਉਹ ਸਿਰਫ ਛੇ ਮਹੀਨੇ ਹੀ ਇਸ ਪਦਵੀ ਉਪਰ ਰਹੇ ਪਰ ਇੱਕ ਵਾਰੀ ਇਹਨਾਂ ਭੱਦਰ ਪੁਰਸ਼ਾਂ ਦੇ ਮੂੰਹ
ਕਾਲ਼ੇ ਕਰਵਾ ਕੇ, ਬਾਜ਼ਾਰਾਂ ਵਿੱਚ ਜਲੂਸ ਦੇ ਰੂਪ ਵਿੱਚ ਮਾਰਚ ਜਰੂਰ ਕਰਵਾ ਗਏ।
ਦੇਸੀ ਘਿਓ ਦੇ ਨਾਂ ਤੇ ਅਜਿਹੀਆਂ ਠੱਗੀਆਂ ਵੇਖ ਸੁਣ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਤਤਕਾਲੀ ਪ੍ਰਧਾਨ, ਸੰਤ ਚੰਨਣ ਸਿੰਘ ਜੀ ਨੇ ਗੁਰਦੁਆਰਾ ਸਾਹਿਬਾਨ ਵਿਖੇ ਬਣਨ ਵਾਲ਼ੇ ਕੜਾਹ ਪ੍ਰਸ਼ਾਦ
ਵਾਸਤੇ, ਸਮੇਤ ਸ੍ਰੀ ਦਰਬਾਰ ਸਾਹਿਬ ਦੇ, ਖਜੂਰ ਦੀ ਫੋਟੋ ਵਾਲਾ ਮੋਹਰ ਬੰਦ ਡੱਬਿਆਂ ਦਾ ਡਾਲਡਾ ਘਿਓ
ਵਰਤਣਾ ਸ਼ੁਰੂ ਕਰਵਾ ਦਿਤਾ ਸੀ। ੧੯੬੮ ਦੇ ਜਨਰਲ ਇਜਲਾਸ ਸਮੇ ਵਿਰੋਧੀ ਧਿਰ ਦੇ, ਅੰਮ੍ਰਿਤਸਰ ਤੋਂ
ਚੁਣੇ ਹੋਏ ਮੈਂਬਰ ਸਰਦਾਰ ਖੁਰਾਣਾ ਜੀ ਨੇ ਉਸ ਇਜਲਾਸ ਵਿੱਚ ਇਹ ਸਵਾਲ ਉਠਾ ਦਿਤਾ। ਸੰਗਤਾਂ ਵਿੱਚ
ਰੌਲ਼ਾ ਪੈਣ ਤੋਂ ਪਹਿਲਾਂ ਹੀ ਚੁਪ ਚਾਪ ਫਿਰ ਦੇਸੀ ਘਿਓ ਦੇ ਨਾਂ ਤੇ ਜੋ ਕੁੱਝ ਮਿਲ਼ਦਾ ਸੀ, ਓਹੀ
ਵਰਤਣਾ ਸ਼ੁਰੂ ਦਿਤਾ। ਫਿਰ ੧੯੮੩ ਵਿੱਚ ਬਠਿੰਡੇ ਸ਼ਹਿਰ ਵਿੱਚ ਇੱਕ ਬਾਣੀਏ ਦਾ ਅਜਿਹਾ ਕਾਰਖਾਨਾ ਫੜਿਆ
ਗਿਆ ਜੋ ਹੱਡਾਰੋੜੀ ਵਿੱਚ ਡੰਗਰਾਂ ਦੀ ਖੱਲ ਲਾਹੁਣ ਵਾਲ਼ਿਆਂ ਨਾਲ਼ ਗਿੱਟ ਮਿੱਟ ਕਰਕੇ, ਓਥੋਂ ਚਰਬੀ
ਮੰਗਵਾਉਣ ਦੇ ਨਾਲ਼ ਨਾਲ਼ ਉਸ ਕਾਰਖਾਨੇਦਾਰ ਨੇ ਇੱਕ ਬਹੁਤ ਵੱਡਾ ਹੰਬਲਾ ਹੋਰ ਮਾਰਿਆ। ਸਾਬਣ ਵਿੱਚ
ਵਰਤਣ ਦਾ ਬਹਾਨਾ ਲਾ ਕੇ ਆਸਟ੍ਰੇਲੀਆ ਤੋਂ ਗਾਈਆਂ ਦੀ ਚਰਬੀ ਮੰਗਵਾ ਕੇ, ਉਸ ਦਾ ਦੇਸੀ ਘਿਓ ਬਣਾ ਕੇ
ਵੇਚਦਾ ਰਿਹਾ ਜਿਸ ਘਿਓ ਦੀ ਬੜੀ ਮੰਗ ਹੁੰਦੀ ਸੀ। ਭੇਦ ਖੁਲ੍ਹਣ ਤੇ ਪੜਤਾਲ ਸ਼ੁਰੂ ਹੋਈ ਤਾਂ ਜੋ
ਪੜਤਾਲੀਆ ਅਫ਼ਸਰ ਉਸ ਦੀ ਮਰਜੀ ਅਨੁਸਾਰ ਪੜਤਾਲ ਨਹੀ ਸੀ ਕਰ ਰਿਹਾ, ਉਸ ਨੂੰ ਫੌਰਨ ਬਦਲਵਾ ਕੇ, ਆਪਣੀ
ਮਰਜੀ ਦਾ ਪੜਤਾਲੀਆ ਅਫ਼ਸਰ ਲਵਾ ਲਿਆ। ਇਸ ਘਿਨਾਉਣੇ ਗੁਨਾਹ ਦੀ ਕਿਸੇ ਨੂੰ ਕੋਈ ਸਜਾ ਹੋਈ ਹੋਵੇ,
ਸੁਣਨ ਵਿੱਚ ਨਹੀ ਆਈ। ਘਿਓ ਬਾਰੇ ਅਜਿਹੀਆਂ ਗੱਲਾਂ ਸੁਣ ਕੇ ਹੀ ਸੰਤ ਜੀ ਨੇ ਡਾਲਡਾ ਵਰਤਣਾ ਸ਼ੁਰੂ
ਕਰਵਾ ਦਿਤਾ ਸੀ। ਇਸ ਨਾਲ ਇਹ ਤਾਂ ਪਤਾ ਲੱਗਦਾ ਸੀ ਕਿ ਕੜਾਹ ਪ੍ਰਸ਼ਾਦ ਵਿੱਚ ਕੀ ਖਾਧਾ ਜਾ ਰਿਹਾ ਹੈ।
ਦੇਸੀ ਘਿਓ ਵਾਂਗ ਨਹੀ ਕਿ ਡੰਗਰਾਂ ਦੀ ਚਰਬੀ ਦੇਸੀ ਘਿਓ ਦੇ ਭੁਲੇਖੇ ਖਾਧੀ ਜਾ ਰਹੀ ਹੈ।
ਨਕਲੀ ਦੁਧ ਘਿਓ ਵਰਗਾ ਹੀ ਹਾਲ ਕੁੱਝ ਨਕਲੀ ਧਰਮੀਆਂ ਦਾ ਹੈ। ਆਏ ਦਿਨ ਸਿੱਖਾਂ ਵੱਲੋਂ ਪ੍ਰੈਸ ਵਿੱਚ
ਦੁਹਾਈ ਪਾਈ ਜਾ ਰਹੀ ਹੈ ਕਿ ਫਲਾਣੇ ਸਾਧ ਨੇ ਆਹ ਕਰ ਦਿਤਾ; ਢਿਮਕੇ ਸਾਧ ਨੇ ਅਹੁ ਕਰ ਦਿਤਾ। ੧੯੭੮
ਤੋਂ ਗਾਹੇ ਬਗਾਹੇ ਇਹਨਾਂ ਡੇਰੇਦਾਰਾਂ ਨਾਲ਼ ਹਥਿਆਰ ਬੰਦ ਟੱਕਰਾਂ ਵੀ ਹੁੰਦੀਆਂ ਆ ਰਹੀਆਂ ਹਨ।
ਅਜਿਹੀਆਂ ਮੁੱਠ ਭੇੜਾਂ ਵਿੱਚ ਜੋਸ਼ੀਲੇ ਗਭਰੂ ਜੋਸ਼ ਵਿੱਚ ਆ ਕੇ ਆਪਣੀਆ ਜਾਨਾਂ ਵੀ ਗਵਾ ਬੈਠਦੇ ਹਨ ਪਰ
ਉਹਨਾਂ ਨੂੰ ਚੁੱਕ ਕੇ ਬਲ਼ਦੀ ਦੇ ਬੁੱਥੇ ਦੇਣ ਵਾਲ਼ੇ ਆਗੂ ਆਪ ਸੁਰੱਖਿਅਤ ਰਹਿੰਦੇ ਹਨ ਤੇ ਨਾ ਹੀ ਆਪਣੇ
ਟੱਬਰਾਂ ਨੂੰ ਤੱਤੇ ਥਾਂ ਪੈਰ ਰੱਖਣ ਦਿੰਦੇ ਹਨ। ਪੰਜਾਬ ਅਤੇ ਸਿੱਖ ਕੌਮ ਦੀ ਤ੍ਰਾਸਦੀ ਦਾ ਕਾਰਨ ਵੀ
੧੯੭੮ ਵਾਲ਼ੀ ਖ਼ੂਨੀ ਝੜਪ ਹੀ ਬਣੀ ਸੀ ਜਿਸ ਨੇ ਸਵਾ ਦਹਾਕਾ ਪੰਜਾਬੀਆਂ ਨੂੰ ਆਮ ਕਰਕੇ ਅਤੇ ਸਿਖਾਂ ਨੂੰ
ਖਾਸ ਕਰਕੇ ਸੂਲ਼ਾਂ ਦੀ ਸੇਜ ਤੇ ਪਾਈ ਰੱਖਿਆ। ਸ਼ਾਇਦ ਏਨਾ ਧਾਰਮਿਕ, ਸਮਾਜਕ, ਆਰਥਿਕ, ਇਖਲਾਕੀ, ਸਿਆਸੀ
ਪੱਖੋਂ ਸਿੱਖ ਕੌਮ ਦਾ ਘਾਣ, ਅਠਾਰਵੀਂ ਸਦੀ ਦੌਰਾਨ ਮੁਗਲਾਂ ਦੀ ਹਕੂਮਤ ਸਮੇ ਵੀ ਨਾ ਹੋਇਆ ਹੋਵੇ
ਜਿੰਨਾ ਇਸ ਸਮੇ ਦੌਰਾਨ ਹੋਇਆ।
ਆਏ ਦਿਨ ਸਿੱਖਾਂ ਨਾਲ਼ ਸ਼ਰਾਰਤ ਹੁੰਦੀ ਹੀ ਰਹਿੰਦੀ ਹੈ। ਕਦੀ ਫਿਲਮਾਂ ਵਿੱਚ ਸਿੱਖਾਂ ਦੀ ਕਿਰਦਾਰ
ਕੁਸ਼ੀ ਕੀਤੀ ਜਾਂਦੀ ਹੈ ਤੇ ਕਦੀ ਮੀਡੀਆ ਵਿਚ। ਪਤਾ ਨਹੀ ਕਿੰਨੇ ਕੁ ਡੇਰੇ ਤੇ ਸੰਪਰਦਾਵਾਂ, ਸਰਕਾਰੀ
ਸ਼ਹਿ ਨਾਲ਼, ਮੁਖ ਪੰਥਕ ਧਾਰਾ ਤੋਂ ਸਿੱਖ ਜਨਤਾ ਨੂੰ ਤੋੜ ਕੇ ਆਪੋ ਆਪਣੇ ‘ਬਾਬਿਆਂ’ ਦੀ ਸੇਵਕ ਬਣਾਇਆ
ਜਾ ਰਿਹਾ ਹੈ। ਸਿੱਖਾਂ ਕੋਲ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ
ਵਰਗੀਆਂ, ਸਮੇ ਦੀਆਂ ਹਾਣੀ ਜਥੇਬੰਦੀਆਂ ਹੋਣ ਦੇ ਬਾਵਜੂਦ ਵੀ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਜਨਤਾ,
ਇਹਨਾਂ ਡੇਰਿਆਂ ਦੇ ਆਗੂਆਂ ਦੀ ਸ਼ਕਲ ਸਿੱਖਾਂ ਵਰਗੀ ਹੋਣ ਕਰਕੇ, ਇਹਨਾਂ ਦੇ ਸ਼ਰਧਾਲੂ ਬਣ ਰਹੇ ਹਨ।
ਇੱਕ ਡੇਰੇ ਦਾ ਮਸਲਾ ਹੱਲ ਹੁੰਦਾ ਨਹੀ ਤੇ ਦੂਜਾ ਸ਼ੁਰੂ ਹੋ ਜਾਂਦਾ ਹੈ। ਨਿਰੰਕਾਰੀਆਂ ਦਾ ਸੱਤਰਵਿਆਂ
ਤੋਂ ਚੱਲਿਆ ਝਗੜਾ ਅਜੇ ਠੰਡਾ ਨਹੀ ਸੀ ਪਿਆ ਤਾਂ ਭਨਿਆਰੇ ਵਾਲ਼ਾ ਚੱਲ ਪਿਆ। ਉਸ ਦੇ ਨਾਲ਼ ਹੀ ਅਸ਼ੂਤੋਸ਼
ਸ਼ੁਰੂ ਹੋ ਗਿਆ। ਉਹ ਅਜੇ ਅਧ ਅਸਮਾਨੇ ਹੀ ਲਟਕਿਆ ਹੋਇਆ ਹੈ ਤੇ ਸਰਸੇ ਵਾਲੇ ਨੇ ਗੁਰੂ ਗੋਬਿੰਦ ਸਿੰਘ
ਜੀ ਦਾ ਸਵਾਂਗ ਰਚ ਕੇ ਨਵਾਂ ਦੁਫੇੜ ਖੜ੍ਹਾ ਕਰ ਦਿਤਾ। ਸਾਨੂੰ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ
ਹੈ ਕਿ ਕਿਤੇ ਸਾਡੀਆਂ ਆਗੂ ਜਥੇਬੰਦੀਆਂ ਦੇ ਕਰਿੰਦਿਆਂ ਦੇ ਵਤੀਰੇ ਵਿੱਚ ਤਾਂ ਕੋਈ ਘਾਟ ਨਹੀ! ਜੇਕਰ
ਕਰੋੜਾਂ ਦੀ ਗਿਣਤੀ ਵਿੱਚ ਇੱਕ ‘ਸੰਤ’ ਦੇ ਮਗਰ ਦੁਨੀਆ ਲੱਗ ਤੁਰਦੀ ਹੈ ਤਾਂ ਕੁੱਝ ਤਾਂ ਉਸ ਪਾਸ
ਹੋਵੇਗਾ ਹੀ! ਉਹਨਾਂ ਦੇ ਮਗਰ ਦੁਨੀਆ ਕੇਵਲ ਲੱਗਦੀ ਹੀ ਨਹੀ ਬਲਕਿ ਸਭ ਕੁੱਝ ਉਹਨਾਂ ਤੋਂ ਵਾਰ ਦੇਣ
ਲਈ ਵੀ ਤਿਆਰ ਰਹਿੰਦੀ ਹੈ। ਇਸ ਦੀ ਇੱਕ ਮਿਸਾਲ ਮੈ ਦਿੰਦਾ ਹਾਂ। ਤੁਸੀਂ ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ ਜਾਂ ਕਿਸੇ ਹੋਰ ਕਮੇਟੀ ਦੇ ਪ੍ਰਬੰਧ ਵਾਲ਼ੇ ਗੁਰਦੁਆਰੇ ਜਾਉ ਤਾਂ ਓਥੋਂ ਦੇ ਸੇਵਕਾਂ ਦੇ
ਵਤੀਰੇ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਆਏ ਸ਼ਰਧਾਲੂਆਂ ਨਾਲ਼ ਕਿਵੇਂ ਪੇਸ਼ ਆਉਂਦੇ ਹਨ! ਇਸ ਦੇ
ਉਲ਼ਟ ਆਪਣੇ ਨਾਲ਼ ਥੋਹੜਾ ਹੀ ਸਮਾ ਹੋਇਆ ਵਾਪਰੀ ਘਟਨਾ ਦੱਸਦਾ ਹਾਂ। ਮੈ ਸਿਡਨੀ ਦੇ ਗੁਰਦੁਆਰਾ ਸਾਹਿਬ
ਦੇ ਲੰਗਰ ਹਾਲ ਵਿੱਚ ਬੈਠਾ ਹੋਇਆ ਸਾਂ। ਇੱਕ ਕਲੀਨਸ਼ੇਵਨ ਨੌਜਵਾਨ ਮੇਰੇ ਪਾਸ ਆਇਆ। ਉਸ ਨੇ ਆਪਣਾ ਨਾਂ
ਰੋਸ਼ਨ ਲਾਲ ਦੱਸਿਆ ਤੇ ਖਲੋਤੇ ਖਲੋਤੇ ਨੇ ਮੇਰੀ ਲਿਖਤ ਦੀ ਪ੍ਰਸੰਸਾ ਕੀਤੀ। ਚੱਲਦੀ ਗੱਲ ਵਿੱਚ ਮੇਰੇ
ਮੂੰਹੋਂ ਨਿਕਲ਼ ਗਿਆ ਕਿ ਮੈ ਦੇਸ ਜਾ ਰਿਹਾ ਹਾਂ। ਉਸ ਨੇ ਆਖਿਆ, “ਓਥੇ ਪੰਜਾਬ ਦੇ ਸਰਕਾਰੀ
ਇਲੈਕਟ੍ਰੌਨਿਕ ਮੀਡੀਆ ਵਿੱਚ ਮੇਰਾ ਪਿਤਾ ਉਚ ਅਹੁਦੇ ਉਪਰ ਕੰਮ ਕਰਦਾ ਹੈ। ਉਹਨਾਂ ਨੂੰ ਮਿਲ਼ਿਉ; ਉਹ
ਤੁਹਾਨੂੰ ਮਿਲ਼ ਕੇ ਬੜੇ ਖ਼ੁਸ਼ ਹੋਣਗੇ”। ਮੇਰੇ ਹਾਂ ਕਰਨ ਤੇ ਉਸ ਨੇ ਮੈਨੂੰ ਆਪਣੇ ਪਿਤਾ ਦਾ ਫ਼ੋਨ ਨੰਬਰ
ਦੇ ਦਿਤਾ। ਇੱਕ ਦਿਨ ਓਸੇ ਮੀਡੀਆ ਤੇ ਮੇਰਾ ਇੰਟਰਵਿਊ ਸੀ। ਓਥੇ ਹੀ ਮੀਡੀਆ ਕੰਪਲੈਕਸ ਵਿੱਚ ਉਸ ਚੰਗੇ
ਸੱਜਣ ਦਾ ਘਰ ਵੀ ਸੀ। ਮੇਰੇ ਫ਼ੋਨ ਤੇ ਬੜੀ ਅਪਣੱਤ ਨਾਲ਼ ਬੋਲ਼ਿਆ। ਦੱਸੇ ਸਿਰਨਾਵੇਂ ਉਪਰ ਜਦੋਂ ਮੈ ਉਸ
ਦੇ ਘਰ ਗਿਆ ਤਾਂ ਮੇਰੇ ਅੰਦਰ ਵੜਦਿਆਂ ਹੀ ਦੋਹਾਂ ਜੀਆਂ ਨੇ ਦਰਵਾਜ਼ੇ ਉਪਰ ਹੀ ਮੈਨੂੰ “ਜੀ ਆਇਆਂ”
ਆਖਿਆ। ਚਮਨ ਲਾਲ ਜੀ ਤਪਾਕ ਨਾਲ਼ ਹੱਥ ਮਿਲ਼ਾ ਕੇ ਮਿਲ਼ੇ ਅਤੇ ਚੰਗੀ ਬੀਬੀ ਮੈਨੂੰ ਇਸ ਤਰ੍ਹਾਂ ਜੱਫੀ ਪਾ
ਕੇ ਮਿਲ਼ੀ ਜਿਵੇਂ ਚਿਰੀਂ ਵਿਛੁੰਨੇ ਵੱਡੇ ਭਰਾ ਨੂੰ ਛੋਟੀ ਭੈਣ ਮਿਲ਼ਦੀ ਹੈ। ਸੋਫ਼ੇ ਉਪਰ ਬੈਠਦਿਆਂ ਹੀ
ਖੱਬੇ ਹੱਥ ਕੰਧ ਉਪਰ ਲੱਗੀ ਫੋਟੋ ਵੇਖ ਕੇ ਮੈ ਸਮਝ ਗਿਆ ਕਿ ਇਹ ਉਸ ਸੰਪਰਦਾ ਦਾ ਸ਼ਰਧਾਲੂ ਪਰਵਾਰ ਹੈ
ਜਿਸ ਨਾਲ਼ ਵਰਤਣ ਦੀ ਸਾਡੇ ਧਾਰਮਿਕ ਮੁਖੀਆਂ ਵੱਲੋਂ ਮਨਾਹੀ ਕੀਤੀ ਹੋਈ ਹੈ ਪਰ, “ਫਸੀ ਨੂੰ ਫਟਕਣ
ਕੀ!” ਮੈਂ ਉਹਨਾਂ ਨਾਲ਼ ਓਵੇਂ ਹੀ ਸੁਹਿਰਦਤਾ ਨਾਲ਼ ਪੇਸ਼ ਆਇਆ ਜਿਵੇਂ ਉਹ ਮੇਰੇ ਨਾਲ਼ ਆ ਰਹੇ ਸਨ। ਚਾਹ
ਪਾਣੀ ਵਾਸਤੇ ਪੂਰਾ ਉਚੇਚ ਕੀਤਾ ਹੋਇਆ ਸੀ। ਚਾਹ ਪੀਣ ਪਿੱਛੋਂ ਸੁਹਿਰਦ ਦੰਪਤੀ ਨੇ ਰਾਤ ਦੀ ਰੋਟੀ ਲਈ
ਵੀ ਪੂਰਾ ਜੋਰ ਲਾਇਆ ਪਰ ਮੈ ਆਖਿਆ ਕਿ ਮੇਰੀ ਸਿੰਘਣੀ ਦੇ ਵੱਡੇ ਭੈਣ ਜੀ ਸ਼ਾਮ ਨੂੰ ਆਪਣੀ ਬੇਟੀ
ਬਲਜੀਤ ਕੌਰ ਜੌਹਲ ਨਾਲ਼ ਅੰਮ੍ਰਿਤਸਰੋਂ ਆ ਰਹੇ ਹਨ। ਉਹਨਾਂ ਦੀ ਬੇਟੀ ਨੇ ਅੱਜ ਮੀਡੀਆ ਉਪਰ ਕਲਾਕਾਰਾਂ
ਦੇ ਪ੍ਰੋਗਰਾਮ ਨੂੰ ਐਂਕਰ ਕਰਨਾ ਹੈ। ਮੈਂ ਉਹਨਾਂ ਦੇ ਨਾਲ਼ ਹੀ ਵਾਪਸ ਜਾਣਾ ਹੈ। ਉਹਨਾਂ ਦੇ ਆਏ ਤੇ,
ਉਹਨਾਂ ਨੂੰ ਪੁੱਛ ਕੇ ਹੀ ਮੈਂ ਰਾਤ ਦੇ ਪ੍ਰਸ਼ਾਦੇ ਬਾਰੇ ਹਾਂ ਜਾਂ ਨਾਂਹ ਕਰ ਸਕਦਾ ਹਾਂ। ਫਿਰ ਉਸ
ਚੰਗੇ ਸੱਜਣ ਨੇ ਨਾਲ਼ ਫਿਰ ਕੇ ਮੈਨੂੰ ਮੀਡੀਆ ਦਾ ਸਾਰਾ ਕੰਪਲੈਕਸ ਵਿਖਾਇਆ। ਸ਼ਾਮ ਪੈ ਗਈ ਤੇ ਮੈ ਆਖਿਆ
ਕਿ ਤੁਸੀਂ ਵੀ ਘਰ ਦਾ ਚੱਕਰ ਲਾ ਆਵੋ ਤੇ ਮੈਂ ਵੀ ਨਾਲ਼ੇ ਤਾਂ ਰਹਰਾਸਿ ਸਾਹਿਬ ਦਾ ਪਾਠ ਕਰ ਲਵਾਂ ਤੇ
ਨਾਲ਼ੇ ਨੇੜੇ ਦੇ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਆਵਾਂ। ਫਿਰ ਪ੍ਰੋਗਰਾਮ ਸਮੇ ਮਿਲਦੇ ਹਾਂ। ਮੇਰੀ
ਭਣੇਵੀ ਵਾਲ਼ੇ ਪ੍ਰੋਗਰਾਮ ਵਿੱਚ ਅਜੇ ਸਮਾ ਰਹਿੰਦਾ ਸੀ। ਉਸ ਨੇ ਇੱਕ ਵਾਰ ਵੀ ਨਾਂਹ ਨਹੀ ਪਾਈ ਤੇ
“ਚੰਗਾ ਜੀ” ਆਖ ਕੇ ਆਪਣੇ ਘਰ ਨੂੰ ਚਲਿਆ ਗਿਆ ਪਰ ਜਾਣ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਸਾਡੇ ਬੈਠਣ
ਵਾਸਤੇ ਮੋਹਰਲੀ ਕਤਾਰ ਵਿੱਚ ਦੋ ਸੀਟਾਂ ਰਾਖਵੀਆਂ ਰਖਵਾ ਗਿਆ। ਮੈ ਆਪਣਾ ਕਾਰਜ ਪੂਰਾ ਕਰ ਕੇ
ਪ੍ਰੋਗਰਾਮ ਦੇ ਸਮੇ ਵਾਪਸ ਆ ਗਿਆ। ਰਾਖਵੀਆਂ ਕੁਰਸੀਆਂ ਹੋਰਨਾਂ ਨੇ ਮੱਲ ਲਈਆਂ ਸਨ ਪਰ ਉਸ ਚੰਗੇ
ਸੱਜਣ ਨੇ ਹੋਰ ਦੋ ਕੁਰਸੀਆਂ ਦਾ ਪ੍ਰਬੰਧ ਕਰਕੇ ਮੋਹਰਲੀ ਕਤਾਰ ਵਿੱਚ ਰਖਵਾ ਕੇ ਸਾਨੂੰ ਬੈਠਾਇਆ। ਆਪ
ਡਿਊਟੀ ਨਾ ਹੋਣ ਤੇ ਵੀ ਅੰਤ ਤੱਕ ਸਾਡੇ ਨਾਲ਼ ਰਿਹਾ ਤੇ ਸਮਾਪਤੀ ਤੇ ਫਿਰ ਉਸ ਨੇ ਰੋਟੀ ਖਾ ਕੇ ਜਾਣ
ਲਈ ਜੋਰ ਲਾਇਆ ਪਰ ਮੇਰੀ ਭਣੇਵੀ ਨੇ, “ਲੇਟ ਹੁੰਦੇ ਹਾਂ” ਆਖ ਕੇ ਮੁਆਫੀ ਮੰਗ ਲਈ। ਉਸ ਨੇ ਵੀ
ਬੇਲੋੜੀ ਜਿਦ ਨਾ ਕੀਤੀ। ਇਹ ਸੀ ਕਿਰਦਾਰ ਇੱਕ ਡੇਰੇ ਦੇ ਸਰਧਾਲੂ ਦਾ; ਹਾਲਾਂ ਕਿ ਨਾ ਇਸ ਤੋਂ
ਪਹਿਲੋਂ ਕਦੀ ਅਸੀਂ ਇੱਕ ਦੂਜੇ ਨੂੰ ਜਾਣਦੇ ਸਾਂ ਤੇ ਨਾ ਮਿਲ਼ੇ ਸਾਂ। ਸਿਰਫ ਉਹਨਾਂ ਦੇ ਪੁੱਤਰ ਨੇ ਹੀ
ਮੇਰੇ ਬਾਰੇ ਉਹਨਾਂ ਨੂੰ ਕੁੱਝ ਦੱਸਿਆ ਹੋਵੇਗਾ। ਇਸ ਦੇ ਉਲ਼ਟ ਕਿਸੇ ਮੇਨ ਪੰਥਕ ਧਾਰਾ ਦੇ ਸੱਜਣਾਂ
ਨਾਲ਼ ਵਾਹ ਪੈਂਦਾ ਰਹਿੰਦਾ ਹੋਣ ਕਰਕੇ, ਫਰਕ ਦਾ ਪਤਾ ਲੱਗਦਾ ਹੀ ਹੈ। ਚੰਗੇ ਤੇ ਨਾ ਚੰਗੇ ਵਿਅਕਤੀ
ਹਰੇਕ ਸੰਸਥਾ ਵਿੱਚ ਹੋ ਸਕਦੇ ਹਨ ਤੇ ਹੁੰਦੇ ਵੀ ਹਨ।
ਮੇਰਾ ਉਪ੍ਰੋਕਤ ਵਾਰਤਾ ਦੱਸਣ ਦਾ ਮਤਲਬ ਇਹ ਨਹੀ ਕਿ ਸਾਰੇ ਡੇਰਿਆਂ ਦੇ ਸ਼ਰਧਾਲੂ ਨਿਰੇ ‘ਸਾਧ’ ਅਤੇ
ਮੇਨ ਪੰਥਕ ਧਾਰਾ ਵਾਲ਼ੇ ਸਾਰੇ ‘ਅਸਾਧ’ ਹੀ ਹੁੰਦੇ ਨੇ। ਇਹ ਇੱਕ ਮਿਸਾਲ ਹੈ। ਸ਼ਾਇਦ ਉਹਨਾਂ ਦੇ ਪੁੱਤਰ
ਨੇ ਮੇਰੇ ਬਾਰੇ ਉਹਨਾਂ ਨੂੰ ਕੁੱਝ ਚੰਗਾ ਆਖ ਦਿਤਾ ਹੋਵੇ ਜਾਂ ਸ਼ਾਇਦ ਉਹਨਾਂ ਦੇ ‘ਗੁਰੂ’ ਵੱਲੋਂ
ਉਹਨਾਂ ਨੂੰ ਅਜਿਹਾ ਵਰਤਾ ਕਰਨ ਦੀ ਹਿਦਾਇਤ ਹੋਵੇ ਜਾਂ ਸੁਭਾ ਵਜੋਂ ਹੀ ਉਹ ਦੰਪਤੀ ਇਸ ਤਰ੍ਹਾਂ ਦੇ
ਮੁਹੱਬਤੀ ਸੱਜਣ ਹੋਣ! ਇਹ ਹੋ ਸਕਦਾ ਹੈ ਕਿ ਉਹਨਾਂ ਦੇ ਪੈਰੋਕਾਰਾਂ ਵੱਲੋਂ ਅਜਿਹੇ ਵਰਤਾ ਸਦਕਾ ਹੀ
ਉਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੋਵੇ! ਅਜਿਹੇ ਸਭਿਅਕ ਕਿਰਦਾਰ ਸਦਕਾ ਹੀ, ਗੁਰਬਾਣੀ ਵਿਚੋਂ
ਕੁੱਝ ਤੁਕਾਂ ਰੂਪੀ ਸ਼ੁਧ ਦੁਧ ਲੈ ਕੇ ਉਸ ਵਿੱਚ ਆਪਣਾ ਸਿੱਖਿਆ ਰੂਪੀ ਪਾਣੀ ਮਿਲ਼ਾ ਕੇ, ਆਪਣੇ ਸੁਚੱਜੇ
ਵਿਹਾਰ ਕਰਕੇ, ਲੋਕਾਈ ਨੂੰ ਵੇਚ ਰਹੇ ਹੋਣ ਅਤੇ ਅਸੀਂ ਆਪਣੇ ਅਸਭਿਅਕ ਵਰਤਾ ਕਾਰਨ, ਸੌ ਫੀ ਸਦੀ
ਗੁਰਬਾਣੀ ਰੂਪੀ ਸ਼ੁੱਧ ਦੁਧ ਨੂੰ ਸਿਰਫ ਰੇਸ਼ਮੀ ਰੁਮਾਲਿਆਂ ਵਿੱਚ ਹੀ ਵਲ੍ਹੇਟ ਕੇ ਰੱਖਿਆ ਹੋਇਆ ਹੋਵੇ!
ਹੋ ਸਕਦਾ ਹੈ ਕਿ ਗੁਰਬਾਣੀ ਰੂਪੀ ਸ਼ੁਧ ਦੁਧ ਵਿਕਣ ਵਿਚ, ਅਰਥਾਤ ਲੋਕਾਈ ਦੇ ਭਲੇ ਵਾਲ਼ੀ ਵਸਤੂ ਦਾ
ਲੋਕਾਂ ਤੱਕ ਅਪੜਨ ਵਿਚ, ਏਸੇ ਕਰਕੇ ਕਸਰ ਰਹਿ ਰਹੀ ਹੋਵੇ ਤੇ ਉਹ ਜੈ ਕੌਰ ਵਾਂਗ ਆਪਣਾ ਪਾਣੀ ਵੇਚਣ
ਵਿੱਚ ਵੀ ਸਫ਼ਲ ਹੋ ਰਹੇ ਹੋਣ! ਇਹ ਵਿਚਾਰਨ ਵਾਲੀ ਬਾਤ ਹੈ।