ਬੇਗ਼ਮਪੁਰਾ, ਸਾਰੇ ਹੀ ਕਿਉਂ ਨਾ ਮਾਨਣ?
ਰਾਮ ਸਿੰਘ, ਗ੍ਰੇਵਜੈਂਡ
ਬੇਗਮਪੁਰਾ ਪਦ ਜੋ ਭਗਤ ਰਵਿਦਾਸ ਜੀ
ਨੇ ਵਰਤਿਆ ਹੈ ਉਹ ਪ੍ਰਮਾਰਥ ਖੇਤਰ ਵਿੱਚ ਤਿੰਨਾਂ, ਰਾਜਸ, ਤਾਮਸ ਤੇ ਸਾਕਤ, ਗੁਣਾਂ ਤੋਂ ਉੱਪਰ ਮਨ
ਦੀ ਚੌਥੀ, ਭਾਵ ਤੁਰੀਆ ਗੁਣ ਦੀ ਅਵਸਥਾ ਦੀ ਗੱਲ ਹੈ। ਉੱਥੇ ਕਿਸੇ ਤਰਾਂ ਦੇ ਗੰਮ ਤੇ ਫਿਕਰ ਤੋਂ
ਬਿਨਾਂ ਜਾਂ ਕਹਿ ਲਵੋ ਕਿਸੇ ਦੁਨਿਆਵੀ ਡਰ ਤੋਂ ਰਹਿਤ ਆਤਮਕ ਰੰਗ ਨੂੰ ਮਾਨਣ ਦੀ ਅਵਸਥਾ ਦਾ ਜ਼ਿਕਰ
ਹੈ। ਇੱਥੇ ਪੁੱਠੀ ਖੱਲ ਲੁਹਾ ਲੈਣੀ, ਖੋਪਰੀ ਲੁਹਾ ਲੈਣੀ, ਬੰਦ ਬੰਦ ਕਟਾ ਲੈਣਾ ਆਦਿ ਉਨ੍ਹਾਂ ਵਾਸਤੇ
ਖੇਲ ਹੀ ਹੁੰਦਾ ਹੈ। ਐਸੀ ਅਵਸਥਾ ਚੋਣਵੇਂ ਰੱਬ ਦੇ ਪਿਆਰਿਆਂ ਨੂੰ ਹੀ ਮਾਨਣ ਦਾ ਸੁਭਾਗ ਪ੍ਰਾਪਤ
ਹੁੰਦਾ ਹੈ, ਪਰ ਉਹ ਚਾਹਿਆ ਕਰਦੇ ਹਨ ਕਿ ਸਾਰੇ ਹੀ ਇਸ ਅਵਸਥਾ ਦੇ ਮਾਲਕ ਹੋਣ ਅਤੇ ਉਨ੍ਹਾਂ ਦੇ
ਸ਼ਹਿਰੀ ਭਾਵ ਸਾਥੀ ਹੋਣ। ਪਰ ਉਹ ਬਬੇਕ ਬੁੱਧੀ ਦੇ ਮਾਲਕ ਇਹ ਭੀ ਜਾਣਦੇ ਹੁੰਦੇ ਹਨ ਕਿ ਆਮ ਲੋਕ ਇਹ
ਅਵਸਥਾ ਨਹੀਂ ਮਾਣ ਸਕਦੇ, ਪਰ ਉਹ ਘੱਟੋ ਘੱਟ ਮਨੁੱਖੀ ਹੱਕਾਂ ਤੋਂ ਕਿਸੇ ਤਰ੍ਹਾਂ ਵਾਂਝੇ ਨਾ ਰੱਖੇ
ਜਾਣ, ਅਤੇ ਦੁਨਿਅਵੀ ਬੇਗਮਪੁਰਾ ਦੇਸ ਦੇ ਵਾਸੀ ਤਾਂ ਜ਼ਰੂਰ ਹੋਣ।
ਸਾਰੇ ਭਗਤ ਸਾਹਿਬਾਨ ਆਮ ਜੰਤਾ ਦੀ ਬਿਗੜੀ ਤੇ ਬਿਗਾੜੀ ਗਈ ਹਾਲਤ (ਇਸ ਵਿਗਾੜੀ ਗਈ ਹਾਲਤ ਨੂੰ ਸਮਝਣਾ
ਬਹੁਤ ਜ਼ਰੂਰੀ ਹੈ। ਮਨੂੰਵਾਦੀ ਬਿੱਪਰ ਸਿਧਾਂਤ ਤੋਂ ਪਹਿਲਾਂ ਸਤਿਵਾਦੀ ਰਿਸ਼ੀਆਂ ਮੁਨੀਆਂ ਦੇ ਸਿਧਾਂਤ
ਨੇ ਭਾਰਤ ਨੂੰ ਸੋਨੇ ਦੀ ਚਿੜੀ ਬਣਾ ਛਡਿਆ ਸੀ, ਪਰ ਮਨੂੰ ਦੇ ਵਰਨਵੰਡ ਸਿਧਾਂਤ ਨੇ ਦੇਸਵਾਸੀਆਂ ਨੂੰ
ਐਸਾ ਖੇਰੂੰ ਖੇਰੂੰ ਕੀਤਾ ਕਿ ਜਿੱਥੇ ਆਮ ਲੋਕੀਂ ਬਾਹਰਲੇ ਧਾੜਵੀਆਂ ਦੇ ਗੁਲਾਮ ਬਣ ਗਏ ਉੱਥੇ ਬਿੱਪਰ
ਦੇ ਗਹਿਰੇ ਵਹਿਮਾਂ ਭਰਮਾਂ ਦੇ ਵੀ ਗੁਲਾਮ ਐਸੇ ਬਣੇ ਕਿ ਹਾਲੇ ਵੀ ਵਿਗਿਆਨਿਕ ਯੁਗ ਵਿੱਚ ਪੜ੍ਹੇ
ਲਿਖੇ ਵੀ ਉਨ੍ਹਾਂ ਦੇ ਗੁਲਾਮ ਚਲੇ ਆ ਰਹੇ ਹਨ) ਨੂੰ ਸੁਧਾਰਨ ਲਈ ਬੜੇ ਕਰੜੇ ਸ਼ਬਦਾਂ ਵਿੱਚ ਪੁਕਾਰ
ਕਰਦੇ ਹਨ। ਇਸ ਹਾਲਤ ਨੂੰ ਜਦ ਗੁਰੂ ਨਾਨਕ ਸਾਹਿਬ ਜੀ ਲੈਂਦੇ ਹਨ, ਤਾਂ ਉਹ ਕਹਿਣ ਦੇ ਨਾਲ ਸੁਧਾਰ
ਨੂੰ ਅਮਲ ਵਿੱਚ ਲਿਆਉਣ ਲਈ ਘਰੋਂ ਚੱਲ ਪੈਂਦੇ ਹਨ। (ਗੁਰੂ ਸਾਹਿਬ ਜੀ ਦਾ ਘਰੋਂ ਨਿਕਲਣਾ ਖਾਸ ਅਰਥ
ਰੱਖਦਾ ਹੈ। ਸੱਭ ਤੋਂ ਮਹੱਤਵਪੂਰਨ ਗੱਲ ਇਹ ਕਿ ਉਹ ਨਾ ਸੀ ਚਾਹੁੰਦੇ ਕਿ ਜੋ ਮਹਾਨ ਭਗਤ ਸਾਹਿਬਾਨ ਨੇ
ਕ੍ਰਾਂਤੀਕਾਰੀ ਬੋਲ ਬੋਲੇ ਹੋਏ ਹਨ ਉਹ ਦੁਨੀਆਂ ਦੀਆਂ ਨਜ਼ਰਾਂ ਤੋਂ ਓਹਲੇ ਰਹਿਣ, ਲੋਕੀਂ ਉਨ੍ਹਾਂ ਦਾ
ਲਾਭ ਉਠਾ ਸਕਣ, ਅਤੇ ਦੂਸਰੇ ਬਿੱਪਰ ਨੂੰ ਵੀ ਪਤਾ ਲੱਗ ਸਕੇ ਕਿ ਉਸ ਵਲੋਂ ਬਣਾਏ ਗਏ ਅਖੌਤੀ ਨੀਵੀਆਂ
ਜਾਤੀਆਂ ਦੇ ਲੋਕ ਵੀ ਉਸ ਨਾਲੋਂ ਹਜ਼ਾਰਾਂ ਗੁਣਾਂ ਉੱਚੇ ਮਹਾਂਪੁਰਸ਼ ਬਣ ਕੇ ਲੋਕਾਂ ਦੀ ਸੱਚੀ ਤੇ
ਸੁਚੱਜੀ ਅਗਵਾਈ ਕਰ ਸਕਦੇ ਹਨ। ਗੁਰੂ ਸਾਹਿਬ ਜੀ ਬਿੱਪਰ ਨੂੰ ਵੀ ਨਰਕਾਂ ਦੇ ਭਾਗੀ ਬਣਨ ਤੋਂ ਬਚਾਉਣਾ
ਚਾਹੁੰਦੇ ਸਨ, ਜੋ ਇਸ ਤਰ੍ਹਾਂ ਲੋਕਾਂ ਨੂੰ ਪ੍ਰਮਾਤਮਾ ਦੀ ਪੂਜਾ ਵਲੋਂ ਹਟਾ ਕੇ ਵਿਅਰਥ ਕਰਮ ਕਾਂਡ
ਵਿੱਚ ਫਸਾ ਰਹੇ ਸਨ, ਕਿਉਂਕਿ ਲੇਖਾ ਤਾਂ ਉਸ ਸੱਚੇ ਦਰਬਾਰ ਵਿੱਚ ਸੱਭ ਦਾ ਹੋਣਾ ਹੈ, ਪਰ ਬਿੱਪਰ
ਉਲਟਾ ਗੁਰੂ ਘਰ ਦਾ ਦੋਖੀ ਬਣਿਆ ਆ ਰਿਹਾ ਹੈ, ਜੋ ਬਹੁਤ ਮੰਦਭਾਗਾ ਹੈ) ਭਾਈ ਗੁਰਦਾਸ ਜੀ ਅਨੁਸਾਰ
ਬਾਬੇ ਨਾਨਕ ਨੇ ਸਾਰੀ ਪ੍ਰਿਥਵੀ ਜਲਦੀ ਦੇਖੀ ਅਤੇ ਉਸਨੂੰ ਠਾਰਨ ਲਈ ਐਸਾ ਕਮਰਕੱਸਾ ਕਰਦੇ ਹਨ ਕਿ ਉਹ
ਦੁਨੀਆਂ ਦੀਆਂ ਚੌਹਾਂ ਕੁੰਟਾਂ ਵਿੱਚ ਗੇੜਾ ਮਾਰ ਕੇ ਲੋਕਾਂ ਦੀਆਂ ਜਲਦੀਆਂ ਬਲਦੀਆਂ ਰੂਹਾਂ ਨੂੰ
ਰੱਬੀ ਪਿਆਰ ਵਿੱਚ ਜੋੜਨ ਦੇ ਨਾਲ ਨਾਲ ਉਨ੍ਹਾਂ ਦੇ ਗੁਲਾਮੀ, ਡਰ ਅਤੇ ਸਹਿਮ ਭਰੇ ਜੀਵਨ ਵਿੱਚ ਗੜੂੰਦ
ਮਨਾਂ ਦੇ ਮੱਕੇ ਨੂੰ ਐਸਾ ਚੱਕਰ ਦਿੰਦੇ ਹਨ ਕਿ ਲੋਕੀਂ ਜੀਵਨ ਦੀਆਂ ਸਹੀ ਕਦਰਾਂ ਕੀਮਤਾਂ ਤੇ ਪਹਿਰਾ
ਦੇਣਾ ਸ਼ੁਰੂ ਕਰਦੇ ਹਨ। ਕਿਉਂਕਿ ਗੁਰੂ ਸਾਹਿਬ ਜੀ ਦੇ ਇਹ ਬੋਲ “ਜੇ ਜੀਵੈ
ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਅੰਗ ੧੪੨) ਉਨ੍ਹਾਂ ਨੇ ਪਹਿਲੀ ਵਾਰ ਸੁਣੇ
ਸਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਘਰ ਕਰ ਗਏ। ਗੁਰੂ ਸਾਹਿਬ ਜੀ ਦੇ ਇਸ ਕ੍ਰਾਂਤੀਕਾਰੀ ਕਾਰਜ ਨੂੰ
ਦੇਖ ਕੇ ਹੀ ਸਰ ਮੁਹੰਮਦ ਇਕਬਾਲ ਨੇ ਗੁਰੂ ਸਾਹਿਬ ਜੀ ਬਾਰੇ ਇਹ ਸੱਚੇ ਸੁੱਚੇ ਬੋਲ ਬੋਲੇ ਸਨ, “ਫਿਰ
ਉਠੀ ਸਦਾ ਤੌਹੀਦ ਕੀ ਪੰਜਾਬ ਸੇ। ਇੱਕ ਮਰਦੇ ਕਾਮਲ ਨੇ ਜਗਾਇਆ ਹਿੰਦ ਕੋ. ਖਾਬ ਸੇ”। ਗੁਰਬਾਣੀ ਵਿੱਚ
ਪਹਿਲਾਂ ਹੀ ਭੱਟਾਂ ਨੇ ਗੁਰੂ ਸਾਹਿਬ ਜੀ ਨੂੰ “ਰਾਜ ਯੋਗੀ” ਅਤੇ ਗੁਰੂ ਅਰਜਨ ਦੇਵ ਜੀ ਨੇ
“ਸਭ ਤੋ ਵਡਾ ਸਤਿਗੁਰ ਨਾਨਕ” ਅਤੇ
“ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ” ਵਰਗੇ ਮਹਾਨ ਬੋਲਾਂ ਨਾਲ ਸਲਾਹਿਆ
ਹੋਇਆ ਸੀ।
ਇਸ ਸਲਾਹੁਤਾ ਪਿੱਛੇ ਬਹੁਤ ਬੜਾ ਕ੍ਰਾਂਤੀਕਾਰੀ ਕੰਮ ਸੀ। ਉਹ ਇਹ ਕਿ ਜਿਨ੍ਹਾਂ ਨੀਚਾਂ ਦੇ ਪ੍ਰਛਾਵੇਂ
ਤੋਂ ਮਨੂੰਵਾਦੀ ਡਰਿਆ ਕਰਦੇ ਸਨ, ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ
ਬਨਾਉਣ ਲਈ ਉਨ੍ਹਾਂ ਅਖੌਤੀ ਨੀਵੀਂ ਜਾਤ ਦੇ ਮਹਾਨ ਭਗਤ ਸਾਹਿਬਾਨ ਦੀ ਪਵਿੱਤਰ ਬਾਣੀ ਹੀ ਨਹੀਂ ਇਕੱਤਰ
ਕੀਤੀ, ਆਪਣੇ ਆਪ ਨੂੰ “ਨੀਚਾਂ ਅੰਦਰ ਨੀਚ ਅਤੇ ਨੀਵੀਆਂ ਤੋਂ ਵੀ ਨੀਵੇਂ” ਕਹਿ ਕੇ ਹੀ ਨਹੀਂ ਉਨ੍ਹਾਂ
ਨੂੰ ਆਪਣੇ ਭੈਣ ਭਰਾ ਬਣਾ ਕੇ ਜ਼ਾਤ ਪਾਤ ਦੇ ਕੋਹੜ ਤੋਂ ਉਤਾਂਹ ਉੱਠ ਕੇ ਇੱਕ ਨਵੇਂ ਤੇ ਨਿਰਾਲੇ ਪੰਥ
ਦੀ ਨੀਂਹ ਰੱਖੀ ਸੀ। (ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹ ਭੈਣ ਭਰਾ ਜਿਨ੍ਹਾਂ ਨੂੰ ਗੁਰੂ
ਸਾਹਿਬ ਜੀ ਨੇ “ਰੰਘਰੇਟੇ ਗੁਰੂ ਕੇ ਬੇਟੇ” ਕਹਿ ਕੇ ਸਤਿਕਾਰਿਆ ਸੀ ਉਨ੍ਹਾਂ ਨੂੰ ਦਾਅ ਤੇ ਬੈਠੀ
ਬਿੱਪਰ ਨੀਤੀ ਨੇ ੧੯੪੭ ਦੀ ਅਖੌਤੀ ਆਜ਼ਾਦੀ ਸਮੇਂ ਮਿਲੀ ਤਾਕਤ ਦੇ ਬੱਲਬੂਤੇ ਅਖੌਤੀ ਨੀਵੀਂ ਜ਼ਾਤੀਆਂ
ਨਾਲ ਬੰਨ੍ਹ ਕੇ ਰੱਖਣ ਲਈ ਕਾਫੀ ਸਹੂਲਤਾਂ ਦੇ ਦਿੱਤੀਆਂ ਅਤੇ ਖਾਲਸੇ ਦੇ ਭੈਣ ਭਰਾ ਭਾਵ ਸਰਬ-ਸਾਂਝੇ
ਟੱਬਰ ਨੂੰ ਖੇਰੂੰ ਖੇਰੂੰ ਕਰਨ ਵਿੱਚ ਪੂਰਾ ਪੂਰਾ ਜ਼ੋਰ ਲਾਇਆ ਹੋਇਆ ਹੈ, ਕੀ “ਰੰਘਰੇਟੇ ਗੁਰੂ ਕੇ
ਬੇਟੇ” ਇਸ ਚਾਲ ਨੂੰ ਸਮਝਣ ਦੀ ਕੋਸ਼ਿਸ ਕਰਨਗੇ? ਕਿਉਂਕਿ ਏਕੇ ਵਿੱਚ ਹੀ ਹਰ ਤਰ੍ਹਾਂ ਦੀ ਸਫਲਤਾ ਦਾ
ਰਾਜ਼ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏਕੇ ਦਾ ਪ੍ਰਤੀਕ ਹੈ, ਜਿੱਸ ਲਈ ਭੇਖੀ ਸਾਧਾਂ ਸੰਤਾਂ
ਦੀਆਂ ਵੱਖ ਵੱਖ ਮਰਿਯਦਾਵਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਨੀ ਚਾਹੀਦੀ। ਫਿਰ ਬੇਗਮਪੁਰਾ, ਭਾਵ
ਹਲੇਮੀ ਰਾਜ ਦੂਰ ਦੀ ਗੱਲ ਨਹੀਂ। ਕਾਫੀ ਸਮਾਂ ਪਹਿਲਾਂ ਸਵਰਗਵਾਸੀ ਕਾਂਸ਼ੀ ਰਾਮ ਨੂੰ ਪੱਤਰਕਾਰਾਂ ਨੇ
ਪੁੱਛਿਆ ਸੀ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਹੈ? ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਚੋਣ
ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਭਾਵ ਕਿ ਹਲੇਮੀ ਰਾਜ ਸਥਾਪਤ ਕਰਨਾ।) ਉਹ ਹੀ ਪੰਥ
ਦਸਵੇਂ ਜਾਮੇ ਵਿੱਚ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਇਆ। ਖਾਲਸਾ, ਭਾਵ ਸੰਤ- ਸਿਪਾਹੀ ਖਾਸ
ਮਹੱਤਵ ਰੱਖਦਾ ਹੈ, ਜਿੱਸ ਬਾਰੇ ਇਤਨਾ ਲਿਖਣਾ ਹੀ ਕਾਫੀ ਹੈ, ਕਿ ਜੇ ਮਨੁੱਖ ਸਾਰੇ ਜੀਵਾਂ ਦਾ
ਸ੍ਰਦਾਰ ਹੈ ਤਾਂ ਖਾਲਸਾ (ਖਾਲਸਾ ਜੋ ਸਦਾ ਸਰਬੱਤ ਦਾ ਭਲਾ ਲੋੜਦਾ ਹੀ ਨਹੀ, ਭਲਾ ਸਦਾ ਕਰਦਾ ਹੈ)
ਸਾਰੇ ਮਨੁੱਖਾਂ ਦਾ ਸ੍ਰਦਾਰ ਹੈ। ਅਠਾਰਵੀਂ ਸਦੀ ਵਿੱਚ ਜੋ ਮੁੱਠੀ ਭਰ ਖਾਲਸੇ ਨੇ ਕੀਤਾ, ਮਿਸਾਲ ਦੇ
ਤੌਰ ਤੇ ਕਈ ਵਾਰ ਲੰਗਰ ਛਕਦਿਆਂ ਨੇ ਲੰਗਰ ਵਿੱਚੇ ਹੀ ਛੱਡ ਕੇ ਫਰਿਆਦੀਆਂ ਦੀ ਫਰਿਆਦ ਕਈ ਕਈ
ਕੁਰਬਾਨੀਆਂ ਦੇ ਦੇ ਕੇ ਸਿਰੇ ਚੜ੍ਹਾਈ, ਅਤੇ ਕਰਦਾ ਆ ਰਿਹਾ ਹੈ, ਉਸ ਦੀ ਭਾਵੇਂ ਅਕ੍ਰਿਤਘਣਾਂ ਨੇ
ਕਦਰ ਨਹੀਂ ਪਾਈ ਅਤੇ ਨਾ ਹੀ ਇਨ੍ਹਾਂ ਦੀ ਮੁਰਦਾ ਜ਼ਮੀਰ ਨੇ ਕਦੇ ਕਦਰ ਪਾਉਣ ਬਾਰੇ ਸੋਚਣਾ ਹੈ। ਇੱਥੇ
ਕਦਰ ਦੀ ਗੱਲ ਨੂੰ ਛੱਡ ਕੇ ਸਮੁੱਚੇਪੰਜਾਬ ਦੇ ਹੱਕਾਂ ਦੀ ਗੱਲ ਖਾਸ ਹੈ।
ਆਮ ਲੋਕਾਂ ਲਈ ਐਸੀ ਸੋਚਣੀ, ਭਾਵ ਲੋਕਾਂ ਦੇ ਭਲੇ ਲਈ, ਭਲਾ ਇਨ੍ਹਾਂ ਮਹਾਨ ਪੁਰਸ਼ਾਂ ਦੀ ਕਿਉਂ ਹੁੰਦੀ
ਹੈ? ਇਹ ਲੋਕ ਅਸਲੀ ਧਰਮੀ ਹੁੰਦੇ ਹਨ ਅਤੇ ਧਰਮੀ ਹੋਣ ਦੀ ਪਹਿਲੀ ਸ਼ਰਤ ਗੁਰੂ ਨਾਨਕ ਸਾਹਿਬ ਵਲੋਂ
“ਦਇਆ” ਪ੍ਰਵਾਨ ਕੀਤੀ ਗਈ ਹੈ। ਬਿਨਾਂ ਦਇਆ ਤੋਂ ਬੰਦਾ ਧਰਮੀ ਨਹੀਂ ਹੋ ਸਕਦਾ, ਧਰਮੀ ਹੋਣ ਦਾ
ਦਿਖਾਵਾ ਭਾਵੇਂ ਉਹ ਕਿੰਨਾਂ ਕਰੀ ਜਾਵੇ। ਕਿਉਂਕਿ ਦਇਆ ਤੋਂ ਰਹਿਤ ਅਖੌਤੀ ਧਰਮੀ ਬੰਦਿਆਂ ਨੇ ਧਰਮ
ਨੂੰ ਨਾਮੰਜ਼ੂਰ ਐਸੇ ਕਰਮ ਕੀਤੇ ਜਾ ਉਹ ਬੰਦੇ ਐਸੇ ਕਰਮ ਕਰ ਰਹੇ ਹਨ ਕਿ ਖਾਸ ਕਰਕੇ ਨਾਸਤਕ, ਅਖੌਤੀ
ਕਮਿਉਨਿਸਟ, ਮਨੂੰਵਾਦੀ ਵਰਨਵੰਡ ਦੇ ਹਾਮੀ ਆਦਿ ਧਰਮੀ ਲੋਕਾਂ ਨੂੰ, ਭਾਵੇਂ ਉਹ ਕਿੰਨੇ ਵੀ ਨੇਕ ਕੰਮ
ਕਰਨ ਵਾਲੇ ਹੋਣ ਕੱਟੜਵਾਦੀ ਕਹਿਣ ਨਾਲ ਹੀ ਰਾਜ਼ੀ ਰਹਿੰਦੇ ਹਨ। ਪੰਜਾਬ ਦੇ, ਭਾਰਤੀ ਵਿਧਾਨ ਅਨੁਸਾਰ
ਜਾਇਜ਼ ਪਰ ਕੇਂਦਰ ਵਲੋਂ ਖੋਹੇ ਗਏ, ਹੱਕਾਂ ਲਈ ਸ਼ਾਂਤੀ ਪੂਰਬਕ ਸੰਘਰਸ਼ ਨੂੰ ਅਮਨ-ਸ਼ਾਂਤੀ ਦਾ ਮਸਲਾ ਬਣਾ
ਕੇ ਪੁਲੀਸ ਆਦਿ ਵਲੋਂ ਐਸੀ ਦਹਿਸ਼ਤ ਫੈਲਾਈ ਗਈ ਕਿ ਅਣਖੀ ਪੰਜਾਬੀਆਂ ਨੂੰ ਪੁਲੀਸ ਦੇ ਐਸੇ ਰਵਈਏ
ਵਿਰੁਧ ਹਥਿਆਰ ਉਠਾਉਣੇ ਪਏ। ਪੰਜਾਬ ਨਾਲ ਇਹ ਮਤ੍ਰੇਈ ਵਾਲਾ ਵਰਤਾਉ ਭਲਾ ਕਿਉਂ ਕੀਤਾ ਗਿਆ? ਕਿਉਂਕਿ
ਇੱਥੇ ਸਿੱਖ ਵਸਦੇ ਹਨ ਅਤੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਭਾਰਤ ਨਾਲ ਰਹਿਣ ਲਈ ਖਾਸ ਹੱਕ ਦਿੱਤੇ
ਜਾਣਗੇ ਦਾ ਲਾਰਾ ਲਾਇਆ ਗਿਆ ਸੀ। ਪਰ ਫਿਰ “ਸਮਾਂ ਬਦਲ ਗਿਆ ਹੈ” ਕਹਿ ਕੇ ਜਿੱਥੇ ਸਿੱਖਾਂ ਨਾਲ ਧੋਖਾ
ਸ਼ੁਰੂ ਹੋਇਆ, ਉੱਥੇ ਪੰਜਾਬ ਨਾਲ ਵੀ। ਇੱਥੇ ਇੱਕ ਖਾਸ ਪਰ ਬਹੁਤ ਹੈਰਾਨ ਕਰਨ ਵਾਲੀ ਗੱਲ ਸਮਝ ਨਹੀਂ
ਆਉਂਦੀ, ਕਿ ਆਜ਼ਾਦੀ ਤੋਂ ਪਹਿਲਾਂ ਤਾਂ ਸਿੱਖਾਂ ਨੂੰ ਸਿੱਖ ਹੋਣ ਕਰਕੇ ਇੱਕ ਖਾਸ ਖਿੱਤੇ ਵਿੱਚ ਖਾਸ
ਸਹੂਲਤਾਂ ਦੇਣ ਬਾਰੇ ਕਿਹਾ ਗਿਆ, ਪਰ ਝੱਟ ਬਾਅਦ ਸਿੱਖਾਂ ਨੂੰ ਵਿਧਾਨ ਵਿੱਚ ਹਿੰਦੂ ਤਾਂ ਲਿਖ ਦਿੱਤਾ
ਪਰ ਜਦੋਂ ਹੱਕਾਂ ਦੀ ਗੱਲ ਆਈ ਤਾਂ ਜੋ ਹੱਕ ਸਾਰੇ ਭਾਰਤੀਆਂ ਨੂੰ ਬਰਾਬਰ ਮਿਲਣੇ ਚਾਹੀਦੇ ਸਨ ਤੇ ਹਨ,
ਉੱਸ ਵੇਲੇ ਸਿੱਖ ਭਾਰਤੀ ਵੀ ਨਾ ਰਹੇ, ਸਿੱਖ ਹੋਣਾ ਜਰਾਇਮ ਪੇਸ਼ਾ ਹੋ ਗਿਆ ਅਤੇ ਕੁੱਛ ਮੌਕਾ- ਪ੍ਰਸਤ
ਖਰੀਦੇ ਗਏ ਸਿੱਖਾਂ ਨੂੰ ਛੱਡ ਕੇ ਆਪਣੇ ਅਤੇ ਪੰਜਾਬ ਲਈ ਹੱਕ ਮੰਗਣ ਵਾਲਿਆਂ ਨੂੰ ਦੇਸ਼-ਧਰੋਹੀ ਹੋਣਾ
ਘੋਸ਼ਤ ਕਰ ਦਿੱਤਾ ਗਿਆ। ਇਸ ਸੱਭ ਕੁੱਛ ਵਿੱਚ ਕਿੰਨੀ ਕੁ ਇਨਸਾਨੀਅਤ ਹੈ? ਪੰਜਾਬ ਦੇ ਐਸੇ ਵਾਤਾਵਰਨ
ਦੀ ਜ਼ਿਮੇਵਾਰੀ ਦੇ ਭਾਈਵਾਲ ਪੰਜਾਬ ਦੇ ਜੰਮ- ਪਲ ਪੰਜਾਬ ਦੇ ਕਪੁੱਤਰ, ਕਾਂਗਰਸੀ, ਕਮਿਉਨਿਸਟ, ਭਾਜਪਾ
ਆਦਿ ਵੀ ਹਨ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਕਦੇ ਜ਼ਬਾਨ ਨਹੀਂ ਖੋਹਲੀ। ਇਸ ਬਾਰੇ ਪੰਜਾਬ ਹਿਊਮਨ
ਰਾਈਟਸ ਗਰੁੱਪ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਜੀ ਦੇ ਅੱਜ ਤੋਂ ਬਾਰਾਂ ਸਾਲ ਪਹਿਲੇ ਕਹੇ
ਸੱਚੇ ਸੱਚੇ ਵਿਚਾਰ ਹੋਰ ਵੀ ਖੋਹਲ ਕੇ ਸਪਸ਼ਟ ਕਰਦੇ ਹਨ, “ਬ੍ਰਾਹਮਣਵਾਦ ਦਾ ਤੀਰ, ਕਾਂਗਰਸ ਪਾਰਟੀ ਦਾ
ਧਰੋਹ, ਅਕਾਲੀ ਲੀਡਰਾਂ ਦੀ ਨਿਪੁੰਸਕਤਾ, ਅਖੌਤੀ ਕਮਿਊਨਿਸਟਾਂ ਦਾ ਪੰਜਾਬ ਨਾਲ ਧੋਖਾ, ਅਖੌਤੀ
ਸਾਧ-ਸੰਤਾਂ ਦੀ ਮੱਕਾਰੀ, ਇਨ੍ਹਾਂ ਸਾਰੀਆਂ ਧਿਰਾਂ ਨੇ ਪੰਜਾਬ ਅਤੇ ਪੰਥ ਵਿੱਚ ਸਾੜ੍ਹਸਤੀ ਖੜੀ ਕਰਨ
ਲਈ ਸਮੇਂ ਸਮੇਂ ਰੋਲ ਨਿਭਾਇਆ ਹੈ”। ਦਇਆ ਨੂੰ ਪਹਿਲ ਦੇਣ ਵਾਲਾ ਧਰਮ ਹੀ ਕਿਰਤੀਆਂ ਅਤੇ ਪੱਛੜੇ
ਵਰਗਾਂ ਦੀ ਸਾਰ ਲੈਣ ਬਾਰੇ ਸੋਚ ਸਕਦਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਹੈ, ਜੋ ਅਨੇਕ
ਔਕੜਾਂ, ਅਕਹਿ ਤੇ ਅਸਹਿ ਤਸੀਹੇ ਝੱਲ ਕੇ ਤੇ ਨੁਕਸਾਨ ਕਰਵਾ ਕੇ ਵੀ ਜੀਉਂਦਾ ਰਹਿ ਸਕਦਾ ਹੈ।
ਕਮਿਊਨਿਜ਼ਮ ਜੋ ਇੱਕ ਆਮ ਲੋਕਾਂ ਤੇ ਕਿਰਤੀਆਂ ਦੇ ਭਲੇ ਲਈ ਹੋਂਦ ਵਿੱਚ ਆਇਆ ਸੀ, ਕਦੇ ਵੀ ਖਤਮ ਨਾ
ਹੁੰਦਾ ਜੇ ਗੁਰੂ ਜੀ ਦੀ ਵਿਚਾਰਧਾਰਾ ਨੂੰ ਅਪਨਾ ਲੈਂਦਾ। ਹਾਲੇ ਵੀ ਜੇ ਸਾਰੇ ਹਿੰਦੋਸਤਾਨ ਦੇ
ਕਮਿਊਨਿਸਟ ਸੋਚ ਵਾਲੇ ਨਹੀਂ ਤਾਂ ਘੱਟੋ ਘੱਟ ਪੰਜਾਬ ਦੇ ਕਮਿਊਨਿਸਟਾਂ ਨੂੰਕਾਰਲ ਮਾਰਕਸ, ਲੈਨਿਨ,
ਮਾਓ ਆਦਿ ਦੀ ਸੋਚ ਦੀ ਥਾਂ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਅਪਨਾ ਲੈਣਾ ਚਾਹੀਦਾ ਹੈ, ਜੋ ਸਰਬੱਤ
ਦੇ ਭਲੇ ਦੀ ਸੋਚ ਹੈ, ਅਤੇ ਮਲਕ ਭਾਗੋਆਂ ਦੀ ਥਾਂ ਭਾਈ ਲਾਲੋਆਂ ਨੂੰ ਗਲਵੱਕੜੀ ਵਿੱਚ ਲੈਂਦੀ ਹੈ।
ਇੱਥੇ ਹੁਣ ਬੇਗਮਪੁਰੇ ਦੀ ਮਿਸਾਲ ਸ਼ੁਰੂ ਹੁੰਦੀ ਹੈ, ਉਪਰੋਕਤ ਤਰਕਵਾਦੀ ਸ਼ਾਇਦ ਇਸਨੂੰ ਕੱਟੜਵਾਦ ਹੀ
ਕਹਿਣ। ਇਸ ਸੰਘਰਸ਼ ਦੌਰਾਨ ਜੁਝਾਰੂਆਂ ਨੇ ਜੁਦਾ ਦੇਸ ਲੈਣ ਲਈ ਨਹੀਂ ਪੰਜਾਬ ਦੇ ਹੱਕ ਪਰਾਪਤ ਕਰਨ ਲਈ
ਕਦਮ ਤਾਂ ਚੁੱਕੇ ਹੀ, ਪਰ ਆਮ ਲੋਕਾਂ ਦਾ ਬੋਝ ਹਲਕਾ ਕਰਨ ਲਈ ਜੋ ਸਮਾਜ ਸੁਧਾਰ ਦੇ ਕੰਮ ਕੀਤੇ,
ਉਨ੍ਹਾਂ ਲਈ ਲੋਕ ਉਤਨੇ ਖੁਸ਼ ਹੋਣ ਲੱਗੇ ਜਿੰਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਥੋੜ-ਸਮੇਂ ਦੇ ਰਾਜ
ਸਮੇਂ ਮਿਲੀਆਂ ਸਹੂਲਤਾਂ ਨਾਲ ਲੋਕ ਖੁਸ਼ ਹੋਏ ਸਨ। ਪੰਚਾਇਤੀ ਝੱਟ ਪੱਟ ਫੈਸਲੇ, ਬਿਨਾਂ ਦਾਜ ਤੋਂ
ਸਾਦੇ ਵਿਆਹ, ਰਿਸ਼ਵਤ ਤੋਂ ਬਿਨਾਂ ਦਫਤਰੀ ਕੰਮ ਆਦਿ ਕੁੱਛ ਮਿਸਾਲਾਂ ਹਨ। ਪਰ ਭਰਿਸ਼ਟ ਸ੍ਰਕਾਰਾਂ ਕਦ
ਚਾਹੁੰਦੀਆਂ ਹਨ ਕਿ ਐਸੇ ਨੇਕ ਕੰਮ ਇਸ ਤਰਾਂ ਹੋ ਜਾਣ। ਬੇਗਮਪੁਰਾ, ਹਲੇਮੀ ਰਾਜ ਲਈ ਕੁੱਛ ਮਹੀਨਿਆਂ,
ਸਾਲਾਂ ਦੀ ਲੋੜ ਨਹੀਂ, ਜਿਨ੍ਹਾਂ ਜੁਝਾਰੂਆਂ ਨੂੰ ਆਪਣੇ ਸਵਾਰਥੀ ਨਹੀਂ ਸਮੁੱਚੇ ਪੰਜਾਬ ਦੇ ਹੱਕਾਂ
ਲਈ ਸੰਘਰਸ਼ ਕਰਦਿਆਂ ਨੂੰ, ਬਿਨਾਂ ਵਜ੍ਹਾ ਦੇਸ ਨਿਕਾਲਾ ਦਿੱਤਾ ਹੋਇਆ ਹੈ, ਅਤੇ ਉਨ੍ਹਾਂ ਦੇ ਸਾਥੀ ਜੋ
ਦੇਸ ਵਿੱਚ ਪੰਜਾਬ ਦੇ ਹੱਕਾਂ ਲਈ ਜੂਝ ਰਹੇ ਹਨ, ਉਨ੍ਹਾਂ ਨੂੰ ਅੱਜ ਮੌਕਾ ਦੇ ਦਿੱਤਾ ਜਾਵੇ, ਅੱਜ ਹੀ
ਪੰਜਾਬ ਬੇਗਮਪੁਰਾ ਬਣ ਜਾਇਗਾ। ਉਨ੍ਹਾਂ ਵਿੱਚ ਮਜ਼ਹਬੀ ਕੱਟੜਤਾ ਬਿਲਕੁਲ ਨਹੀਂ, ਕਿਉਂਕਿ ਸਿੱਖ, ਭਾਵ
ਸੰਤ-ਸਿਪਾਹੀ ਵਿੱਚ ਕੱਟੜਤਾ ਜੇ ਹੁੰਦੀ ਹੈ ਤਾਂ ਗੁਰੂ ਜੀ ਦੇ ਹੁਕਮ, ਭਾਵ ਸਿਧਾਂਤ ਤੇ ਪਹਿਰਾ ਦੇਣ
ਦੀ ਹੁੰਦੀ ਹੈ, ਨਾਕਿ ਕਿਸੇ ਤੇ ਆਪਣਾ ਸਿਧਾਂਤ ਠੋਸਣ ਲਈ, ਉਹ ਤਾਂ ਸੱਭ ਦੇ ਭਲੇ ਲਈ ਮਨੁੱਖੀ ਹੱਕਾਂ
ਦੀ ਪ੍ਰਪਤੀ ਲਈ ਪੂਰੀ ਕੱਟੜਤਾ ਨਾਲ ਜੂਝਦਾ ਜ਼ਰੂਰ ਹੈ, ਜੋ ਇਹ ਜੁਝਾਰੂ ਜੂਝ ਰਹੇ ਹਨ, ਅਤੇ ਇਸ ਕਾਰਜ
ਲਈ ਕੁਰਬਾਨੀ ਦੇ ਦੇਣਾ ਉਨ੍ਹਾਂ ਲਈ ਇੱਕ ਫਰਜ਼ ਹੀ ਹੈ। ਹੁਣ ਅਤਿ ਹੋ ਚੁੱਕੀ ਹੈ, ਉਨ੍ਹਾਂ ਨੂੰ ਹੁਣ
ਸੁਹਿਰਦ ਬਣ ਕੇ ਮੌਕਾ ਦੇ ਦਿੱਤਾ ਜਾਵੇ ਤਾਂ ਬੇਗਮਪੁਰਾ, ਭਾਵ ਹਲੇਮੀ ਰਾਜ ਹੁਣ ਹੀ ਬਣ ਸਕਦਾ ਹੈ
ਨਹੀਂ ਤਾਂ ਸੰਘਰਸ਼ ਤਾਂ ਚਲ ਹੀ ਰਿਹਾ ਹੈ, ਗੁਰੂ ਜੀ ਵਾਤਾਵਰਨ ਪੈਦਾ ਕਰ ਰਹੇ ਹਨ। ਪਹਿਲਾਂ ਸਿੱਖਾਂ
ਕੋਲ ਅੱਜਕੱਲ ਦੇ ਪ੍ਰਸਾਰਨ ਸਾਧਨ ਨਹੀਂ ਸਨ ਉਹ ਪੰਜਾਬ ਰੇਡੀਓ, ਸਿੱਖ ਟੀ. ਵੀ. ਚੈਨਲ ਅਤੇ ਸੰਗਤ
ਟੀ. ਵੀ. ਨੇ ਸਿੱਖੀ ਬਾਰੇ ਅਤੇ ਜਾਇਜ਼ ਸਿੱਖ ਹੱਕਾਂ ਬਾਰੇ ਦੁਨੀਆਂ ਨੂੰ ਜਾਣੂੰ ਕਰਵਾਉਣਾ ਸ਼ੁਰੂ ਕਰ
ਦਿੱਤਾ ਹੈ। ਅਮਰੀਕਾ ਵਿੱਚ ਵਰਤੇ ਕਾਂਡ ਨੇ ਇਹ ਜ਼ਾਹਰ ਕਰ ਦਿੱਤਾ ਹੈ, ਬਹੁਤ ਵਿਸਥਾਰ ਦੀ ਲੋੜ ਨਹੀਂ।
ਇੱਥੇ ਇਹ ਸਪਸ਼ਟ ਕਰ ਦਿੱਤਾ ਜਾਵੇ ਕਿ ਹਲੇਮੀ ਰਾਜ ਸਰਬੱਤ ਦੇ ਭਲੇ ਲਈ ਹੋਣਾ ਹੈ ਨਾਕਿ ਕਿਸੇ ਤੋਂ
ਬਦਲੇ ਲੈਣ ਲਈ, ਗੁਰੂ ਜੀ ਅਤੇ ਗੁਰੂ ਜੀ ਦਾ ਖਾਲਸਾ ਸਦਾ ਬਖਸ਼ਿੰਦ ਰਿਹਾ ਹੈ।