ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਜੱਗੋਂ
ਤੇਰ੍ਹਵੀਆਂ
ਗੁਰਮਤਿ
ਸਮਾਗਮ `ਚ ਦੋਹਰੀ ਮਾਰ
ਭਾਗ ਛੇਵਾਂ
ਤਹਿ ਕੁ ਸਾਲ ਪਹਿਲੇ ਪਰਵਾਰਕ
ਰਿਸ਼ਤਿਆਂ ਵਿਚੋਂ ਇੱਕ ਬਰਾਤ ਵਿੱਚ ਜਾਣ ਦਾ ਸਬੱਬ ਬਣਿਆ। ਹੁਣ ਵਾਂਗ ਮੈਰਿਜ ਪੈਲਿਸ ਨਹੀਂ ਹੁੰਦੇ
ਸਨ। ਪੇਂਡੂ ਬਰਾਤਾਂ ਵਿੱਚ ਮਨ ਪਰਚਾਵੇ ਦਾ ਸਾਧਨ ਜ਼ਿਆਦਾਤਰ ਲਾਉਡ ਸਪੀਕਰ ਹੀ ਹੁੰਦੇ ਸਨ। ਉਂਜ
ਦੁਪਹਿਰ ਕੁ ਨੂੰ ਇਲਾਕੇ ਦੇ ਭੰਡ ਵੀ ਬਰਾਤੀਆਂ ਦਾ ਮਨ ਪ੍ਰਚਾਵਾ ਕਰਨ ਲਈ ਹਾਜ਼ਰ ਹੋ ਜਾਂਦੇ ਸਨ।
ਜਿਦ੍ਹੀ ਘਰ ਵਿੱਚ ਕੋਈ ਪੁੱਛ ਪ੍ਰਤੀਤ ਨਾ ਹੋਵੇ, ਵਿਆਹਾਂ ਸ਼ਾਦੀਆਂ ਵਿੱਚ ਉਹ ਬੰਦਾ ਵਾਧੂ ਦੇ ਕੰਮਾਂ
ਲਈ ਮੁਹਤਬਰ ਗਿਣਿਆ ਜਾਂਦਾ ਸੀ। ਹੋਰ ਕੋਈ ਭੰਡਾਂ ਨੂੰ ਪੁੱਛੇ ਜਾਂ ਨਾ ਪੁੱਛੇ ਪਰ ਭੰਦੂ ਫਟਾ ਫਟ
ਉੱਬੜਵਾਏ ਉੱਠਦਾ ਹੋਇਆ ਵਿਚਾਰੇ ਭੰਡਾਂ ਦੀ ਪੂਰੀ ਤਰ੍ਹਾਂ ਪੁੱਛ ਪੜਤਾਲ ਕਰਨ ਲੱਗ ਜਾਂਦਾ ਸੀ ਜਿਵੇਂ
ਇਸ ਨੂੰ ਅਸਮਾਨੋਂ ਡਿੱਗਿਆ ਕੰਮ ਮਿਲਿਆ ਹੋਵੇ। ਇਹ ਸਮਝਦਾ ਸੀ ਮੈਂ ਬਹੁਤ ਵੱਡੇ ਮਾਰਕੇ ਦਾ ਕੰਮ ਕਰ
ਰਿਹਾਂ ਹੁੰਦਾ ਹਾਂ। ਮੀਰਜ਼ਾਦਿਆਂ ਨਾਲ ਇੰਜ ਗੱਲ ਕਰਦਾ ਹੁੰਦਾ ਸੀ ਜਿਵੇਂ ਸਾਰੇ ਘਰ ਦੀ ਮੁਖਤਿਆਰੀ
ਏਦ੍ਹੇ ਪਾਸ ਹੀ ਹੁੰਦੀ ਹੋਵੇ। ਕਿੱਥੋਂ ਆਏ ਉਹ? ਹੋਰ ਕਿਹੜੀ ਬਰਾਤ ਵਿੱਚ ਜਾ ਆਏ ਓ? ਆਦਿ ਕਈ ਸਵਾਲ
ਪੁੱਛਣੇ। ਭੰਡਾਂ ਵਿਚਾਰਿਆਂ ਜੀ ਜੀ ਕਰਦਿਆਂ ਪਹਿਲਾਂ ਤਾਂ ਪਰਵਾਰ ਦੀਆਂ ਤਰੀਫ਼ਾਂ ਦੇ ਪੁੱਲ ਬੰਨ੍ਹਣੇ
ਫਿਰ ਆਪਸ ਵਿੱਚ ਕੁੱਟ ਕਟੀਆ ਕਰਕੇ ਬਣਦਾ ਸਰਦਾ ਆਪਣਾ ਲਾਗ ਲੈਣ ਲਈ ਹਰੇਕ ਦੇ ਅੱਗੇ ਤਰਲੇ ਕਰਨੇ। ਕਈ
ਪਰਵਾਰ ਵੀ ਲੋਹੇ ਦਾ ਥਣ ਹੁੰਦੇ ਸਨ ਉਹ ਵੀ ਲੱਗਦੇ ਚਾਰੇ ਘੱਟ ਤੋਂ ਘੱਟ ਪੈਸਾ ਧੇਲਾ ਭੰਡਾਂ ਨੂੰ
ਦੇਣ ਵਿੱਚ ਆਪਣੀ ਭਲਾਈ ਸਮਝਦੇ ਸਨ। ਪਰਵਾਰ ਨੂੰ ਪਤਾ ਹੁੰਦਾ ਸੀ ਕਿ ਅਜੇ ਸਾਰਾ ਦਿਨ ਪਿਆ ਹੋਇਆ ਹੈ
ਪਤਾ ਨਹੀਂ ਹੋਰ ਕਿੰਨਿਆ ਨੇ ਆਉਣਾ ਹੈ। ਜਦੋਂ ਕੋਈ ਪਰਵਾਰ ਜਾਂ ਬਰਾਤ ਵਾਲੇ ਜੇਬ ਢਿੱਲੀ ਨਹੀਂ ਕਰਦੇ
ਸਨ ਤਾਂ ਭੰਡ ਆਪਣਾ ਅਖੀਰੀ ਹਥਿਆਰ ਵਰਤਦੇ ਸਨ ਕਿ ਭਈ ਅਸੀਂ ਬਾਬੇ ਮਰਦਾਨੇ ਦੀ ਔਲਾਦ ਵਿਚੋਂ ਹਾਂ ਤੇ
ਨਾਲ ਹੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦਾ ਕੋਈ ਗੀਤ ਗਾ ਕੇ ਸਣਾਉਣਾ ਸ਼ੁਰੂ ਕਰ ਦੇਂਦੇ ਸਨ।
ਸਾਨੂੰ ਪਤਾ ਸੀ ਕਿ ਸਾਡੇ ਤਾਇਆ ਜੀ ਨੇ ਇਹਨਾਂ ਨੂੰ ਇੱਕ ਆਨਾ ਕੀ ਫੁੱਟੀ ਕੌਡੀ ਵੀ ਨਹੀਂ ਦੇਣੀ।
ਅਸੀਂ ਦੂੰ ਤਿੰਨਾਂ ਨੇ ਸਲਾਹ ਬਣਾਈ ਕੇ ਤਾਇਆ ਜੀ ਪਾਸੋਂ ਇਹਨਾਂ ਮੀਰਜ਼ਾਦਿਆਂ ਦੀ ਜ਼ਰੂਰ ਥੋੜੀ ਬਹੁਤ
ਸੇਵਾ ਕਰਾਈ ਜਾਏ। ਜਨੀ ਕੇ ਤਾਇਆ ਜੀ ਦੀ ਜੇਬ ਨੂੰ ਹਿਲਾਇਆ ਜਾਏ ਪਰ ਸਾਡਾ ਇਹ ਮਖੌਲ ਹੀ ਸੀ। ਜੇ
ਅਸੀਂ ਸਿੱਧਾ ਤਾਇਆ ਜੀ ਕਹਿੰਦੇ ਕਿ ਤਾਇਆ ਜੀ ਇਹਨਾਂ ਨੂੰ ਕੁੱਝ ਦਿਓ ਤਾਂ ਤਾਇਆ ਜੀ ਨੇ ਸਭ ਦੇ
ਸਾਹਮਣੇ ਸਾਡੀ ਪੂਰੀ ਤਰ੍ਹਾਂ ਲਾ-ਪਾਹ ਕਰ ਦੇਣੀ ਸੀ। ਸ਼ਰਮ ਨਹੀਂ ਆਉਂਦੀ ਤੂਹਾਨੂੰ ਪਤਾ ਪੈਸੇ
ਕਿਦ੍ਹਾਂ ਕਮਾਏ ਜਾਂਦੈ ਐ। ਸਾਰੀ ਰਾਤ ਨੱਕੇ ਮੋੜਦਿਆ ਲੰਘ ਜਾਂਦੀ ਐ। ਪਰਸੋਂ ਮੇਰਾ ਸੱਪ ਦੀ ਸਿਰੀ
`ਤੇ ਪੈਰ ਆ ਗਿਆ ਸੀ ਮਰਨੋਂ ਮਸੀਂ ਬਚਿਆ ਸੀ, ਫਸਲਾਂ ਦੇ ਵਾਜਬ ਭਾਅ ਨਹੀਂ ਮਿਲਦੇ ਅੜ੍ਹਤੀਏ ਵੱਖ
ਲੁੱਟਣ ਢਏ ਹੋਏ ਆ। ਅਖੇ ਇਹਨਾਂ ਵਿਹਲੜਾਂ ਨੂੰ ਪੈਸੇ ਦਿਓ, ਕੰਮ ਨਹੀਂ ਹੁੰਦਾ ਇਹਨਾਂ ਕੋਲੋਂ, ਕਈ
ਤਰ੍ਹਾਂ ਦੀ ਝਾੜ ਝੰਬ ਮਿੰਟੋ ਮਿੰਟੀ ਕਰ ਦੇਣੀ ਸੀ। ਸਾਨੂੰ ਇਹ ਵੀ ਪਤਾ ਸੀ ਕਿ ਤਾਇਆ ਜੀ ਗੁਰੂ
ਨਾਨਕ ਸਾਹਿਬ ਜੀ ਦੀ ਨਨਕਾਣੇ ਦੀ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਬਹੁਤ ਜਜ਼ਬਾਤ
ਵਿੱਚ ਆ ਜਾਂਦੇ ਸਨ। ਅਸੀਂ ਆਪਣੀ ਬਣਾਈ ਸਲਾਹ ਅਨੁਸਾਰ ਮੀਰਜ਼ਾਦਿਆਂ ਨੂੰ ਕਿਹਾ ਕਿ ਗੁਰੂ ਨਾਨਕ
ਸਾਹਿਬ ਦਾ ਕੋਈ ਗੀਤ ਸਣਾਓ। ਹੋਰ ਬਰਾਤੀ ਵੀ ਕਹਿਣ ਲੱਗ ਪਏ ਹਾਹੋ ਹਾਹੋ ਗੁਰੂ ਨਾਨਕ ਸਾਹਿਬ ਦਾ ਕੋਈ
ਗੀਤ ਸਣਾਓ। ਮੀਰਜ਼ਦਿਆਂ ਨੇ ਬਹੁਤ ਸੁੰਦਰ ਢੰਗ ਨਾਲ ਗੁਰੂ ਨਾਨਕ ਸਾਹਿਬ ਜੀ ਸਬੰਧੀ ਗਾਇਆ। ਬੱਸ ਫਿਰ
ਕੀ ਸੀ ਤਾਇਆ ਜੀ ਨੇ ਇੱਕ ਮਿੰਟ ਲਾਇਆ ਉਹਨਾਂ ਦੀ ਪੂਰੀ ਸੇਵਾ ਕੀਤੀ ਤੇ ਤਾਇਆ ਜੀ ਨੇ ਕਿਹਾ ਏਦ੍ਹਾਂ
ਹੀ ਗੁਰੂ ਨਾਨਕ ਸਾਹਿਬ ਜੀ ਨੂੰ ਗਾਇਆ ਕਰੋ ਕਦੇ ਥੋੜ ਨਹੀਂ ਆਏਗੀ। ਭਾਈ ਮਰਦਾਨਾ ਬਹੁਤ ਮਹਾਨ ਸੀ
ਕਿੰਨੇ ਸਾਲ ਗੁਰੂ ਨਾਨਕ ਸਾਹਿਬ ਜੀ ਨਾਲ ਰਿਹਾ ਸੀ, ਭਈ ਤੁਸੀਂ ਵੀ ਮਹਾਨ ਹੋ। ਤਾਇਆ ਜੀ ਵਲ ਦੇਖ ਕੇ
ਬਾਕੀ ਬਰਾਤੀਆਂ ਵੀ ਆਪਣੀ ਭਾਵਨਾ ਅਨੁਸਾਰ ਜੱਥਾ ਸ਼ਕਤ ਉਹਨਾਂ ਮੀਰਜ਼ਾਦਿਆ ਦੀ ਬਣਦੀ ਸਰਦੀ ਸੇਵਾ
ਕੀਤੀ। ਜਨੀ ਕਿ ਗੁਰੂ ਦੇ ਨਾਂ `ਤੇ ਸਿੱਖ ਕੁਰਬਾਨ ਹੋ ਜਾਂਦਾ ਹੈ।
ਹਰੇਕ ਸਿੱਖ ਦੀ ਗੁਰੂਆਂ ਪ੍ਰਤੀ ਭਾਵਨਾ ਏੰਨੀ ਗੂੜੀ ਹੈ ਜੋ ਲਿਖਣ ਦਸਣ ਤੋਂ ਬਾਹਰ ਦੀ ਹੈ। ਇਹ
ਭਾਵਨਾ ਅੱਖਰਾਂ ਦੀ ਪਕੜ ਵਿੱਚ ਨਹੀਂ ਆ ਸਕਦੀ। ਇਸ ਭਾਵਨਾ ਕਰਕੇ ਹੀ ਸ਼ਹੀਦੀਆਂ ਦੇ ਦਰਿਆ ਵਗੇ। ਆਪੇ
ਕੁਰਬਾਨ ਕਰਾਏ, ਪਰ ਸੀ ਤੀਕ ਮੁੱਖੋਂ ਨਹੀਂ ਉਚਾਰੀ। ਇਸ ਭਾਵਨਾ ਦਾ ਚਲਾਕ ਬਿਰਤੀਆਂ ਵਾਲਿਆਂ ਨੇ ਬਹਤ
ਫਾਇਦਾ ਉਠਾਇਆ ਹੈ। ਜਿਸ ਨੇ ਵੀ ਗੁਰੂਆਂ ਦਾ ਨਾਂ ਲਿਆ ਕੌਮ ਨੇ ਉਸ ਨੂੰ ਮਾਲਾ ਮਾਲ ਕਰ ਦਿੱਤਾ। ਆਮ
ਸਿੱਖ ਇਹ ਸਮਝ ਗਿਆ ਕਿ ਸ਼ਾਇਦ ਇਹ ਕੋਈ ਗੁਰੂਆਂ ਦੇ ਨਾਂ ਤੇ ਬਹੁਤ ਵਧੀਆ ਕੰਮ ਕਰ ਰਿਹਾ ਹੈ। ਪੰਜਾਬ
ਦੀ ਧਰਤੀ `ਤੇ ਏਸੇ ਭਾਵਨਾ ਵਿਚੋਂ ਹੀ ਡੇਰਿਆਂ ਦੀ ਸਿਰਜਣਾ ਹੋਈ ਹੈ। ਰਾਧਾ ਸੁਆਮੀਆਂ ਦਾ ਡੇਰਾ ਹੀ
ਲੈ ਲਓ ਪਿੰਡ ਵਾਲਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਜ਼ਮੀਨ ਲਗਾ ਦਿੱਤਾ ਕਿਉਂ ਕਿ ਬਾਬਾ ਜੈਮਲ
ਸਿੰਘ ਗੁਰਬਾਣੀ ਦੀ ਗੱਲ ਕਰਦਾ ਹੁੰਦਾ ਸੀ। ਬਾਕੀ ਦੇ ਡੇਰੇ ਸਿੱਖਾਂ ਦੀ ਕਿਰਤ ਕਮਾਈ ਤੇ ਸਿੱਖਾਂ ਦੀ
ਗੁਰੂਆਂ ਪ੍ਰਤੀ ਭਾਵਨਾ ਵਿਚੋਂ ਨਿਕਲੇ ਹਨ। ਜਨ ਸਧਾਰਣ ਸਿੱਖ ਸੋਚਦਾ ਸੀ ਕਿ ਮੈਂ ਤਾਂ ਕੇਵਲ ਕਮਾਈ
ਹੀ ਕਰ ਰਿਹਾ ਹਾਂ ਧਰਮ ਦਾ ਕੰਮ ਤਾਂ ਏਹੀ ਕਰ ਰਹੇ ਹਨ। ਪਰ ਪਰਦੇ ਦੇ ਉਹਲੇ ਗੁਰੂਆਂ ਦਾ ਨਾਂ ਲੈ ਕੇ
ਇਹਨਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਬਣਾ ਲਈਆਂ।
ਭਾਵਨਾ ਕਰਕੇ ਹੀ ਮਹੰਤਾਂ ਦੀ ਕਾਰਗੁਜ਼ਾਰੀ ਵਲ ਕਦੇ ਕਿਸੇ ਨੇ ਉਂਗਲ਼ ਨਹੀਂ ਕੀਤੀ ਸੀ ਪਰ ਜਦੋਂ ਉਹਨਾਂ
ਦੀਆਂ ਮੰਦ ਕਰਤੂਤਾਂ ਜੱਗ ਜ਼ਾਹਰ ਹੋਈਆਂ ਤਾਂ ਉਹਨਾਂ ਨੂੰ ਇੱਕ ਪਾਸੇ ਕਰਨ ਲਈ ਸ਼ਹਾਦਤਾਂ ਦੇਣੀਆਂ
ਪਈਆਂ। ਸਮਾਂ ਬਦਲਦਾ ਗਿਆ ਮਹੰਤ ਰੂਪੀ ਬਿਰਤੀ ਨੇ ਨਵੇਂ ਸਿਰ ਤੋਂ ਅੰਗੜਾਈ ਲਈ। ਲੋਟੂ ਮਹੰਤਾਂ ਨੇ
ਸੋਚਿਆ ਮਰਣ ਦੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਦੇ ਨਾਂ `ਤੇ ਕੌਮ ਨੂੰ ਲੁਟਿਆ ਜਾਏ ਤਾਂ ਸਾਡੇ ਲਈ
ਵਧੀਆ ਰਹੇਗਾ।
ਇਸ ਬਿਰਤੀ ਨੇ ਕਈ ਪਰਕਾਰ ਦੇ ਪ੍ਰੋਗਰਾਮ ਦਿੱਤੇ ਜਿਸ ਵਿਚੋਂ ਕੌਮ ਦੇ ਪੱਲੇ ਧੇਲਾ ਨਹੀਂ ਪਿਆ ਪਰ
ਇਹਨਾਂ ਨੇ ਆਪਣੀਆਂ ਪੀੜ੍ਹੀਆਂ ਤੀਕ ਦੀਆਂ ਰੋਟੀਆਂ ਪੱਕੀਆਂ ਕਰ ਲਈਆਂ ਹਨ। ਜਿੱਥੇ ਇਹਨਾਂ ਨੇ ਕੀਰਤਨ
ਪ੍ਰਣਾਲ਼ੀ ਦੀ ਰੂਪ ਰੇਖਾ ਵਿਘਾੜੀ ਹੈ ਓੱਥੇ ਇਹਨਾਂ ਨੇ ਆਪਣੀਆਂ ਜਭਲ਼ੀਆਂ ਵਾਲੀਆਂ ਸੀਡੀਜ਼ ਵੀਡੀਓ ਤੇ
ਸਿਧਾਂਤੋਂ ਲੱਥੀਆਂ ਪੁਸਤਕਾਂ ਸੰਗਤਾਂ ਨੂੰ ਮਹਿੰਗੇ ਭਾਅ ਵਿੱਚ ਵੇਚੀਆਂ ਹਨ।
ਹੁਣ ਗੁਰਮਤਿ ਸਮਾਗਮ ਤਾਂ ਜ਼ਰੂਰ ਹੁੰਦੇ ਹਨ ਪਰ ਇਹਨਾਂ ਵਿੱਚ ਕਦੇ ਕਿਸੇ ਨੇ ਇਹ ਦੇਖਣ ਦਾ ਯਤਨ ਨਹੀਂ
ਕੀਤਾ ਕੇ ਏੱਥੇ ਬੋਲਿਆ ਕੀ ਜਾ ਰਿਹਾ ਹੈ ਤਾਂ ਬਾਹਰ ਦੁਕਾਨਾਂ `ਤੇ ਕੀ ਵੇਚਿਆ ਜਾ ਰਿਹਾ ਹੈ। ਇਹਨਾਂ
ਗੁਰਮਤਿ ਸਮਾਗਮਾਂ ਵਿੱਚ ਸੰਗਤਾਂ ਨੂੰ ਗੁਰਮਤਿ ਸਿਧਾਂਤ, ਸਮਾਜਕ ਬੁਰਾਈਆਂ ਤੇ ਧਰਮ ਵਿੱਚ ਆਏ ਕਰਮ
ਕਾਂਡਾਂ ਦੀ ਜਾਣ ਕਾਰੀ ਦੇਣੀ ਸੀ ਪਰ ਇਹਨਾਂ ਗੁਰਮਤਿ ਦੇ ਸਮਗਾਮਾਂ ਵਿੱਚ ਸੰਗਤਾਂ ਨੂੰ ਦੋਹਰਾ
ਨੁਕਸਾਨ ਹੋ ਰਿਹਾ ਹੈ। ਸਟੇਜ ਤੋਂ ਲੀਹੋਂ ਲੱਥੀਆਂ ਮਨਘੜਤ ਕਹਾਣੀਆਂ ਤੇ ਰੰਗ-ਬਰੰਗਾ ਸਿਮਰਣ ਸੰਗਤ
ਦੇ ਪੱਲੇ ਪਾਇਆ ਜਾ ਰਿਹਾ ਹੈ। ਜਦੋਂ ਸੰਗਤ ਘਰਾਂ ਨੂੰ ਜਾਣ ਲੱਗਦੀ ਹੈ ਤਾਂ ਬਾਬਾ ਜੀ ਦੀਆਂ ਸੀਡਜ਼
ਜਾਂ ਉਹਨਾਂ ਵਲੋਂ ਛਪਿਆ ਲਿਟਰੇਚਰ ਅਸੀਂ ਘਰਾਂ ਨੂੰ ਲਿਜਾ ਰਹੇ ਹੁੰਦੇ ਹਾਂ। ਸਿੱਖ ਸਿਧਾਂਤ ਨੂੰ
ਦੋਹਰੀ ਮਾਰ ਪੈ ਰਹੀ ਹੈ।
ਪੰਜਾਬ ਦੇ ਪਿੰਡਾਂ ਵਿੱਚ ਗੁਰਮਤਿ ਸਮਾਗਮਾਂ ਵਿੱਚ ਜਾਣ ਦਾ ਮੌਕਾ ਤਾਂ ਬਣਦਾ ਹੀ ਰਹਿੰਦਾ ਹੈ। ਇੱਕ
ਨਗਰ ਵਿੱਚ ਦੀਵਾਨ ਦੇ ਬਾਹਰ ਜੋ ਵਿਕ ਰਿਹਾ ਸੀ ਉਹ ਦੇਖ ਕੇ ਅਹਿਸਾਸ ਹੋਇਆ ਸਾਡੀ ਕੌਮ ਨੂੰ ਮਾਰਨ ਲਈ
ਬੇਗਾਨਿਆਂ ਜਾਂ ਜ਼ਹਿਰ ਦੀ ਜ਼ਰੂਰਤ ਹੁਣ ਰਹੇਗੀ। ਜਿਹੜਾ ਲਿਟਰੇਚਰ ਅਸੀਂ ਘਰਾਂ ਨੂੰ ਲਿਜਾ ਰਹੇ ਹਾਂ
ਉਸ ਨਾਲ ਅਸੀਂ ਆਪ ਹੀ ਮੁੱਕ ਜਾਵਾਂਗੇ। ਦੁਕਾਨਾਂ ਦੇ ਬਾਹਰ ਵਿਕ ਰਿਹਾ ਹੈ ਪੂਰਮਾਸ਼ੀ ਦੀ ਕਥਾ, ਸੰਕਟ
ਮੋਚਨ ਦੀਆਂ ਪੁਸਤਕਾਂ, ਦੁੱਖ ਭੰਜਨੀ ਦੇ ਗੁਟਕੇ, ਹਨੂੰਮਾਨ ਦਾ ਚਲੀਹਾ ਹੇਮਕੁੰਟ ਦੀ ਕਥਾ ਤੇ
ਮਨੀਕਰਣ ਦੀ ਯਾਤਰਾ ਦਾ ਹਾਲ। ਰੰਗ-ਬਰੰਗੀਆਂ ਤਸਵੀਰਾਂ ਗੁਰਬਾਣੀ ਦੇ ਵਿਰੋਧ ਵਿੱਚ ਜਾ ਕੇ ਕਈ
ਤਰ੍ਹਾਂ ਦੀਆਂ ਮਾਲ਼ਾ ਸ਼ਰੇਆਮ ਵਿਕ ਰਹੀਆਂ ਹਨ। ਹੁਣ ਤਾਂ ਗੁਰੂਆਂ ਦੀਆਂ ਪੱਥਰ ਦੀਆਂ ਮੂਰਤਾਂ ਵੀ ਵਿਕ
ਰਹੀਆਂ ਹਨ। ਪੰਥਕ ਸਮਾਗਮਾਂ ਤੇ ਜੋ ਵਿਕ ਰਿਹਾ ਹੈ ਉਹ ਜੱਗੋਂ ਤੇਰ੍ਹਵੀਂ ਹੀ ਹੈ। ਜਿਸ ਸਮਾਗਮ ਦੀ
ਮੈਂ ਗੱਲ ਕਰ ਰਿਹਾ ਹਾਂ ਉਸ ਸਮਾਗਮ ਵਿੱਚ ਮੈਨੂੰ ਕਹਿਣਾ ਪਿਆ ਕਿ ਸਾਡੇ ਕੀਤੇ ਪਰਚਾਰ ਦਾ ਕੀ ਅਸਰ
ਹੋ ਸਕਦਾ ਜੇ ਬਾਹਰ ਲੱਗੇ ਸਟਾਲ਼ਾਂ ਤੋਂ ਗੁਰਮਤ ਵਿਰੋਧੀ ਲਿਟਰੇਚਰ ਵਿਕ ਰਿਹਾ ਹੋਵੇ। ਪ੍ਰਬੰਧਕ
ਇਹਨਾਂ ਵੇਚਣ ਵਾਲਿਆਂ ਨੂੰ ਕੁੱਝ ਨਹੀਂ ਕਹਿ ਸਕਦੇ ਕਿਉਂ ਕਿ ਉਹਨਾਂ ਇਹਨਾਂ ਪਾਸੋਂ ਮਨ ਚਾਹੇ ਪੈਸੇ
ਲੈ ਕੇ ਗੁਰਦੁਆਰੇ ਦੇ ਨਾਂ `ਤੇ ਰਸੀਦ ਕੱਟੀ ਹੁੰਦੀ ਹੈ। ਇਸ ਲਈ ਇਹਨਾਂ ਨੂੰ ਪੂਰੀ ਖੁਲ੍ਹ ਖੇਡ
ਹੁੰਦੀ ਹੈ ਕਿ ਜੋ ਮਰਜ਼ੀ ਆ ਵੇਚੀ ਜਾਓ ਤੂਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੋਏਗਾ।
ਇਹਨਾਂ ਗੁਰਮਤ ਦੇ ਸਮਾਗਮਾਂ ਵਿੱਚ ਲਗ-ਪਗ ਹਰੇਕ ਡੇਰੇ ਨਾਲ ਸਬੰਧ ਰੱਖਣ ਵਾਲਾ ਕਿਰਟੇਚਰ ਵਿਕ ਰਿਹਾ
ਹੁੰਦਾ ਹੈ।
ਇਕ ਦੀਵਨਾ ਵਿੱਚ ਬੂਬਨੇ ਬਾਬੇ ਦਾ ਚੇਲਾ ਸਟਜ `ਤੇ ਬੈਠ ਕੇ ਕੱਚੀਆਂ ਪਿੱਲੀਆਂ ਧਾਰਨਾ `ਤੇ
ਗੈਰਕੁਦਰਤੀ ਸਾਖੀਆਂ ਦੀ ਅਗੰਮੀ ਵਰਖਾ ਕਰ ਰਿਹਾ ਸੀ। ਜੱਗੋਂ ਤੇਰ੍ਹਵੀ ਗੱਲ ਕਰਦਿਆ ਕਹਿ ਰਿਹਾ ਸੀ
ਕਿ ਦੇਖੋ ਭਾਈ ਮਾਲਾ ਦੇ ਮਣਕਿਆਂ ਵਿੱਚ ਵਿਚਲਾ ਧਾਗਾ ਕੁੱਝ ਸਮੇਂ ਬਆਦ ਟੁੱਟ ਜਾਂਦਾ ਹੈ ਤੇ ਮਾਲਾ
ਦੇ ਮਣਕੇ ਵੀ ਖਰਾਬ ਹੋ ਜਾਂਦੇ ਹਨ। ਇਸ ਲਈ ਨਾਮ ਸਿਮਰਣ ਲਈ ਹੁਣ ਮਾਲਾ ਦੀ ਜ਼ਰੂਰਤ ਨਹੀਂ ਰਹੇਗੀ। ਆ
ਦੇਖੋ ਮੇਰੇ ਪਾਸ ਇੱਕ ਛੋਟੀ ਜੇਹੀ ਮਸ਼ੀਨ ਹੈ ਜਿੰਨੀ ਵਾਰੀ ਵਾਹਿਗੁਰੂ ਕਹੋਗੇ ਓਨ੍ਹੀ ਵਾਰ ਇਸ ਮਸ਼ੀਨ
ਦਾ ਬਟਨ ਦਬਾਓ ਗਿਣਤੀ ਆਪਣੇ ਆਪ ਹੁੰਦੀ ਜਾਏਗੀ। ਇਹ ਮਲੇਸ਼ੀਅਨ ਵੀਹ ਰਿੰਗਗਿਟ ਦੀ ਹੈ। ਜਨੀ ਕਿ
ਭਾਰਤੀ ਕਰੰਸੀ ਅਨੁਸਾਰ ਤਿੰਨ ਸੌ ਵੀਹਾਂ ਰੁਪਿਆਂ ਦੀ ਹੈ। ਬਾਹਰ ਸਾਡੇ ਸਟਾਲ ਤੋਂ ਤੁਸੀਂ ਅਰਾਮ ਨਾਲ
ਖਰੀਦ ਸਕਦੇ ਹੋ। ਇਕੋ ਦੀਵਾਨ ਹੀ ਸੈਂਕੜਿਆਂ ਦੀ ਗਣਤੀ ਵਿਕ ਗਈਆਂ ਕਿਉਂ ਹੈ ਨਾ ਕੌਮ ਦੀ ਅਦੁੱਤੀ
ਸੇਵਾ। ਧੰਨ ਸਿੱਖੀ ਤੇ ਧੰਨ ਇਸ ਦੇ ਪਰਚਾਰ ਕਰਨ ਵਾਲੇ। ਗੁਰੂ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਕਿਵੇਂ
ਗੁਰੂਆਂ ਦਾ ਨਾਂ ਲੈ ਕੇ ਦੋਹਰੀ ਮਾਰ ਰਹੇ ਹਨ ਤੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਕਿਉਂ ਹੈ ਨਾ
ਜਗੋਂ ਤਰ੍ਹਵੀਂ—
ਪਰ ਲੇਖਿਆਂ ਪਾਠ ਤੇ ਸਿਮਰਣ ਸਬੰਧੀ ਗੁਰਬਾਣੀ ਦਾ ਕਿੰਨਾ ਪਿਆਰਾ ਵਾਕ ਹੈ—
ਰੇ ਮਨ ਲੇਖੈ ਕਬਹੂ ਨ ਪਾਇ॥
ਜਾਮਿ ਨ ਭੀਜੈ ਸਾਚ ਨਾਇ॥ 1॥
ਬਸੰਤ ਮਹਲਾ 1 ਪੰਨਾ 1168