. |
|
ਕਹਿ ਕਬੀਰ ਸਗਲੇ ਮਦ ਛੂਛੇ
ਨਸ਼ਾ ਮਨ ਦੀ ਮਦਹੋਸ਼ ਹਾਲਤ, ਜਾਂ ਮਸਤੀ ਦਾ ਨਾਮ ਹੈ ਜੋ ਨਸ਼ੀਲੇ ਪਦਾਰਥਾਂ
ਸ਼ਰਾਬ, ਭੰਗ, ਪੋਸਤ, ਅਫੀਮ, ਚਰਸ, ਗਾਂਜਾ, ਤਮਾਕੂ …. ਆਦਿਕ ਦੀ ਵਰਤੋਂ ਕਰਕੇ ਪਾਈ ਜਾਂਦੀ ਹੈ। ਇਹ
ਮਨੁੱਖ ਦਾ ਇੱਕ ਸਦੀਆਂ ਪੁਰਾਣਾ ਦੁੱਖਦਾਈ ਰੋਗ ਹੈ ਜਿਸ ਤੋਂ ਇਹ ਕਦੇ ਮੁਕਤੀ ਨਹੀ ਪਾ ਸਕਿਆ ਕਿਉਂਕਿ
ਅਸਲ ਵਿੱਚ ਇਹ ਇਸ ਤੋਂ ਮੁਕਤੀ ਚਹੁੰਦਾ ਹੀ ਨਹੀ। ਪੁਰਾਣੀਆਂ ਲੋਹੇ ਦੀਆਂ ਜ਼ੰਜੀਰਾਂ ਵੀ ਸਮਾ ਪਾ ਕੇ
ਸੋਨੇ ਦੀਆਂ ਪ੍ਰਤੀਤ ਹੋਣ ਲਗਦੀਆਂ ਹਨ ਜਿਨ੍ਹਾ ਨੂੰ ਫਿਰ ਛੱਡਣਾ ਔਖਾ ਹੋ ਜਾਂਦਾ ਹੈ। ਸਦੀਆਂ ਤੋਂ
ਹੀ ਇਹਨਾ ਨਸ਼ੱਈ ਪਦਾਰਥਾਂ ਤੇ ਇਹਨਾ ਦੇ ਮਹਿਖਾਨਿਆਂ ਨੂੰ ਦੋਸ਼ੀ ਬਣਾ ਕੇ ਭੰਡਿਆ ਤੇ ਬੰਦ ਕੀਤਾ ਜਾ
ਰਿਹਾ ਹੈ ਪਰ ਜਿਨੀ ਇਹਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਓਨਾ ਹੀ ਇਹ ਉੱਭਰਦੇ ਜਾਂਦੇ ਹਨ।
ਇਹਨਾ ਨਸ਼ਿਆਂ ਦੇ ਅਨੇਕਾਂ ਇਲਾਜ ਹੁੰਦੇ ਹੋਏ ਭੀ ਅਨੇਕਾਂ ਜਾਨਾ ਇਹਨਾ ਦੀ ਨਿੱਤ ਭੇਟ ਚੜ੍ਹਦੀਆਂ ਹਨ।
ਇਥੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਮਨੁੱਖ ਆਪ ਹੀ ਇਹਨਾ ਤੋਂ ਮੁਕਤ ਹੋਣਾ ਨਹੀ ਚਹੁੰਦਾ ਤੇ ਦੋਸ਼
ਨਸ਼ੱਈ ਪਦਾਰਥਾਂ ਤੇ ਮਹਿਖਾਨਿਆਂ ਨੂੰ ਦਿੱਤਾ ਜਾ ਰਿਹਾ ਹੈ। ਕੋਈ ਨਸ਼ੱਈ ਪਦਾਰਥ ਕਿਸੇ ਨੂੰ ਬਾਹੋਂ
ਪਕੜ ਕੇ ਮਹਿਖਾਨੇ ਨਹੀ ਲੈ ਜਾਂਦਾ, ਕੋਈ ਨਸ਼ੱਈ ਪਦਾਰਥ ਕਿਸੇ ਦੀ ਸੰਗੀਂ ਗੂਠਾ ਦੇ ਕੇ ਪੀਣ ਲਈ
ਮਜਬੂਰ ਨਹੀ ਕਰਦਾ, ਇਹ ਮਨੁੱਖ ਦੀ ਆਪਣੀ ਉਪਜ ਹੈ ਤੇ ਇਸ ਦਾ ਇਸਤਮਾਲ ਉਸ ਦਾ ਆਪਣਾ ਕਰਮ ਹੈ ਪਰ ਦੋਸ਼
ਸਦਾ ਕਿਸੇ ਹੋਰ ਤੇ ਥੋਪ ਦਿੰਦਾ ਹੈ। ਇਸੇ ਲਈ ਗੁਰੂ ਸੁਚੇਤ ਕਰਦਾ ਹੈ ਕਿ:
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ
ਦੋਸੁ ਨ ਦੀਜੈ ਅਵਰ ਜਨਾ ॥ (434)। ਆਪਣੇ ਕੀਤੇ
ਕਰਮਾ ਦਾ ਦੋਸ਼ ਦੂਜੇ ਤੇ ਲਾਉਣਾ ਤਾਂ ਮਨੁੱਖ ਦੀ ਪੁਰਾਣੀ ਰੀਤ ਹੈ ਪਰ ਅਸਲੀਅਤ ਤਾਂ ਇਹੋ ਹੀ ਹੈ ਕਿ
ਇਹ ਕਰਮ ਮਨੁੱਖ ਜਾਣ ਬੁੱਝ ਕੇ ਆਪ ਕਰਦਾ ਹੈ ਤੇ ਮੁਕਤ ਹੋਣਾ ਹੀ ਨਹੀ ਚਹੁੰਦਾ। ਲੋੜ ਹੀ ਪਦਾਰਥ ਦੀ
ਪੈਦਾਇਸ਼ ਬਣਦੀ ਹੈ ਤੇ ਜਦੋਂ ਲੋੜ ਮੁਕ ਜਾਵੇ ਤਾਂ ਪਦਾਰਥ ਵਿਅਰਥ ਹੋ ਜਾਂਦਾ ਹੈ। ਨਸ਼ਾ ਕਰਨ ਵਾਲਾ ਨਾ
ਚਹੁੰਦਾ ਹੋਵੇ ਤਾਂ ਨਸ਼ੱਈ ਪਦਾਰਥ ਵਿਅਰਥ ਹੋ ਜਾਂਦੇ ਹਨ। ਜੋ ਮਨੁੱਖ ਨਸ਼ਾ ਨਹੀ ਕਰਦਾ ਉਸ ਲਈ ਨਸ਼ੱਈ
ਪਦਾਰਥ ਬੇਕਾਰ ਹਨ। ਮਨੁੱਖ ਨੂੰ ਇੱਕ ਭਰਮ ਇਹ ਵੀ ਹੈ ਕਿ ਨਸ਼ਾ ਉਸ ਨੂੰ ਜ਼ਿੰਦਗੀ ਦੇ ਦੁੱਖਾਂ
ਮੁਸੀਬਤਾਂ ਤੋਂ ਵਕਤੀ ਸੁੱਖ ਪ੍ਰਦਾਨ ਕਰਦਾ ਹੈ ਪਰ ਉਸ ਤੋਂ ਉਪਜਣ ਵਾਲੇ ਸਰੀਰਕ ਰੋਗਾਂ ਬਾਰੇ ਉਹ
ਜਾਨਣਾ ਹੀ ਨਹੀ ਚਹੁੰਦਾ। ਨਸ਼ੇ ਦੀ ਇੱਕ ਕਰਾਮਾਤ ਇਹ ਵੀ ਹੈ ਕਿ ਉਹ ਮਨੁੱਖ ਦਾ ਅੰਦਰ ਛੁਪਿਆ ਰੂਪ
ਪ੍ਰਗਟ ਕਰ ਦਿੰਦਾ ਹੈ। ਕੁੱਝ ਅੇਸੇ ਨਸ਼ੱਈ ਵੀ ਵੇਖੇ ਹਨ ਜੋ ਬਾਹਰੋਂ ਬੜੇ ਕਰੜੇ ਸੁਭਾ ਦੇ ਲਗਦੇ ਹਨ
ਪਰ ਨਸ਼ੇ ਵਿੱਚ ਉਹਨਾ ਜਿਹਾ ਦਿਲ ਦਰਿਆ ਤੇ ਦਇਆਵਾਨ ਲੱਭਣਾ ਔਖਾ ਹੈ, ਇਸ ਦੇ ਉਲਟ ਕੁੱਝ ਅੇਸੇ ਵੀ
ਵੇਖੇ ਹਨ ਜੋ ਉਪਰੋਂ ਬੜੇ ਬੀਬੇ ਤੇ ਨਰਮ ਸੁਭਾ ਦੇ ਨਿਰੇ ਸੰਤ ਹੀ ਲਗਦੇ ਹਨ ਪਰ ਮੂੰਹ ਨੂੰ ਘੁੱਟ
ਲਗਦਿਆਂ ਹੀ ਜਿਵੇ ਕਾਇਆ ਪਲਟ ਜਾਵੇ, ਉਹਨਾ ਦੀ ਬਿਰਤੀ ਪਸੂਆਂ ਵਾਲੀ ਹੋ ਜਾਂਦੀ ਹੈ, ਡਰਪੋਕ ਤੇ
ਨਿਰਬਲ ਸਰੀਰ ਵਾਲਿਆਂ ਨੂੰ ਨਸ਼ੇ ਵਿੱਚ ਆਪਣੇ ਆਪ ਨੂੰ ਰੁਸਤਮੇ ਹਿੰਦ ਸਮਝਦੇ ਵੀ ਵੇਖਿਆ ਹੈ। ਨਸ਼ੇ,
(ਮਦਹੋਸ਼ੀ) ਵਿੱਚ ਮਨੁੱਖ ਦਾ ਘੁੰਡ ਚੁਕਿਆ ਜਾਂਦਾ ਹੈ ਤੇ ਉਸ ਦਾ ਅਸਲੀ ਛੁਪਿਆ ਚਿਹਰਾ ਦਿਸਣ ਲਗਦਾ
ਹੈ। ਕਿਸੇ ਵਿਰਲੇ ਨੂੰ ਛੱਡ ਕੇ, ਸਭਨਾ ਦੇ ਦੋ ਦੋ ਚਿਹਰੇ ਹਨ। ਇੱਕ (ਨਕਲੀ), ਉਹ ਜੋ ਬਾਹਰ ਸਭਨਾ
ਨੂੰ ਦਿਸਦਾ ਹੈ ਤੇ ਦੂਸਰਾ (ਅਸਲੀ) ਉਹ ਜੋ ਸੋਚ ਨੇ ਦਬਾ ਰੱਖਿਆ ਹੈ ਤੇ ਜਦੋਂ ਸੋਚ (ਹੋਸ਼) ਗੁੰਮ ਹੋ
ਜਾਂਦੀ ਹੈ, ਉਦੋਂ ਬਾਹਰ ਆਉਂਦਾ ਹੈ। ਬਾਬਾ ਫਰੀਦ ਜੀ ਦਾ ਫੁਰਮਾਨ ਹੈ:
ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ
ਸਿ ਕਾਂਢੇ ਕਚਿਆ ॥ (488)। ਜਿਸ ਵਿਰਲੇ ਮਨ ਅੰਦਰ
ਪ੍ਰਭੂ ਪਿਆਰ ਉਪਜਦਾ ਹੈ ਉਹੀ ਆਸ਼ਕ ਸੱਚਾ ਹੈ ਕਿਉਂਕਿ ਉਸਦਾ ਮਨ ਪਵਿੱਤ੍ਰ ਹੋ ਜਾਂਦਾ ਹੈ ਤੇ
ਪਵਿੱਤ੍ਰ ਮਨ ਵਾਲਾ ਹੀ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ। ਪ੍ਰਭੂ ਪਿਆਰ ਬਿਨਾ ਮਨੁੱਖ ਦਾ ਮਨ ਮੈਲਾ
ਹੀ ਰਹਿੰਦਾ ਹੈ ਤੇ ਮੈਲੇ (ਕੱਚੇ) ਮਨ ਦਾ ਦਿਖਾਵਾ ਬਾਹਰ ਹੋਰ ਤੇ ਅੰਦਰੋਂ ਕੁਛ ਹੋਰ ਹੀ ਹੁੰਦਾ ਹੈ
ਤੇ ਇਹ ਅਸਲੀਅਤ ਉਦੋਂ ਹੀ ਬਾਹਰ ਆਉਂਦੀ ਹੈ ਜਦੋਂ ਸੋਚ (ਹੋਸ਼) ਤੇ ਢੱਕਣ ਦਿੱਤਾ ਜਾਂਦਾ ਹੈ। ਅਨੇਕ
ਤਰਾਂ ਦੇ ਨਸ਼ੇ ਇੱਕ ਦਰੱਖਤ ਦੇ ਪਤਿਆਂ ਵਾਂਗ ਹਨ ਜਿਨ੍ਹਾ ਨੂੰ ਇੱਕ ਇੱਕ ਕਰਕੇ ਖਤਮ ਕਰਨ ਨਾਲ ਇਹ
ਖਤਮ ਨਹੀ ਹੋ ਸਕਦੇ ਕਿਉਂਕਿ ਨਿੱਤ ਨਵੇਂ ਪੱਤੇ (ਨਸ਼ੇ) ਨਿਕਲਦੇ ਰਹਿੰਦੇ ਹਨ, ਇਸ ਲਈ ਇਹਨਾ ਦੀ ਜੜ੍ਹ
ਨੂੰ ਪੁੱਟਿਆਂ ਹੀ ਇਹ ਖਤਮ ਹੋ ਸਕਦੇ ਹਨ ਤੇ ਇਹਨਾ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਗੁਰਬਾਣੀ ਦਾ
ਫੁਰਮਾਨ ਹੈ:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਰਾਮ ਰਸਾਇਣਿ ਜੋ ਰਤੇ ਨਾਨਕ
ਸਚ ਅਮਲੀ ॥ {ਪੰਨਾ 399} । ਭਾਵ: ਖੋਟੀ ਮਤ
(ਮਾਨੋ) ਸ਼ਰਾਬ (ਨਸ਼ਾ) ਹੈ, ਜੋ ਮਨੁੱਖ ਇਹ ਸ਼ਰਾਬ ਪੀਣ ਲਗ ਜਾਂਦੇ ਹਨ (ਜੋ ਗੁਰੂ ਦੀ ਮਤ ਛੱਡ ਕੇ
ਖੋਟੀ ਮਤ ਦੇ ਪਿੱਛੇ ਤੁਰਨ ਲਗ ਜਾਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ, (ਵਿਕਾਰਾਂ ਵਿਚ) ਝੱਲੇ
ਹੋ ਜਾਂਦੇ ਹਨ। ਪਰ ਹੇ ਨਾਨਕ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ (ਗਿਆਨ) ਦੇ ਸ੍ਰੇਸ਼ਟ ਰਸ (ਨਸ਼ੇ)
ਵਿੱਚ ਮਸਤ ਰਹਿੰਦੇ ਹਨ ਉਹਨਾ ਨੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ (ਨਸ਼ਾ) ਲਗ
ਜਾਂਦਾ ਹੈ। ਸਪਸ਼ਟ ਹੈ ਕਿ (ਅਗਿਆਨਤਾ ਕਾਰਨ) ਵਿਕਾਰ ਹੀ ਸਾਰੇ ਨਸ਼ਿਆਂ ਤੇ ਦੁਰਾਚਾਰੀ ਦੀ ਜੜ੍ਹ ਹੈ
ਤੇ ਬਾਕੀ ਸਾਰੇ ਨਸ਼ੇ ਇਸ ਜੜ੍ਹ ਤੋਂ ਹੀ ਪੁੰਗਰਦੇ ਹਨ। ਪਦਾਰਥਾਂ ਤੋਂ ਬਣੇ ਨਸ਼ਿਆਂ ਦਾ ਅਸਰ ਤਾਂ
ਵਕਤੀ ਹੀ ਹੈ ਜਿਸ ਦਾ ਪਰਹੇਜ਼ ਗੁਰਬਾਣੀ ਵਿੱਚ ਬੜਾ ਸਪਸ਼ਟ ਤੇ ਸਰਲ ਹੈ:
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ
ਖਸਮਹੁ ਧਕੇ ਖਾਇ ॥ (554)। ਅਤੇ
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥
ਜਿਨ੍ਹਾਂ ਪਦਾਰਥਾਂ ਦੇ ਖਾਧੇ ਪੀਤਿਆਂ ਹੋਸ਼ ਉੱਡ ਜਾਵੇ, ਆਪਣੇ ਪਰਾਏ ਦੀ ਪਛਾਣ ਨਾ ਰਹੇ ਜਾਂ ਧੁੰਧਲੀ
ਪੈ ਜਾਏ, ਤੇ ਤਨ ਪੀੜਤ ਹੋ ਜਾਵੇ, ਉਹਨਾ ਦਾ ਸੇਵਨ ਨਹੀ ਕਰਨਾ ਚਾਹੀਦਾ। ਇਸ ਸਾਦੀ ਜਿਹੀ ਗਲ ਨੂੰ
ਤਾਂ ਇੱਕ ਛੋਟਾ ਜਿਹਾ ਬੱਚਾ ਵੀ ਸਮਝ ਸਕਦਾ ਹੈ ਪਰ ਜੋ ਇਹ ਸਭ ਜਾਣ ਬੁੱਝ ਕੇ ਆਪਣੀ ਹੋਸ਼ ਗਵਾਉਣਾ
ਚਹੁੰਦਾ ਹੋਵੇ, ਨਸ਼ੇ ਦਾ ਕਰਮ ਆਪ ਹੀ ਕਰਦਾ ਹੋਵੇ ਤਾਂ ਉਸ ਦਾ ਇਲਾਜ ਕਿਵੇਂ ਹੋ ਸਕਦਾ ਹੈ? ਗੁਰਬਾਣੀ
ਵਿਕਾਰਾਂ ਤੋਂ ਮੁਕਤੀ ਤੇ ਬਹੁਤਾ ਜ਼ੋਰ ਇਸ ਲਈ ਦਿੰਦੀ ਹੈ ਕਿਉਂਕਿ ਇਹ ਵਿਕਾਰ ਹੀ ਸਾਰੇ ਨਸ਼ਿਆਂ ਦੀ
ਜੜ੍ਹ ਹਨ ਜਿਵੇਂ, ਕਿਸੇ ਨੂੰ ਖਾਣ ਦਾ ਨਸ਼ਾ, ਕਿਸੇ ਨੂੰ ਪੀਣ ਦਾ ਨਸ਼ਾ, ਕਿਸੇ ਨੂੰ ਪਹਿਨਣ ਦਾ ਨਸ਼ਾ,
ਕਿਸੇ ਨੂੰ ਸੰਪਤੀ ਦਾ ਨਸ਼ਾ, ਕਿਸੇ ਨੂੰ ਸੰਗੀਤ ਦਾ ਨਸ਼ਾ, ਕਿਸੇ ਨੂੰ ਨਾਚ ਦਾ ਨਸ਼ਾ, ਕਿਸੇ ਨੂੰ ਦੌਲਤ
ਦਾ ਨਸ਼ਾ, ਕਿਸੇ ਨੁੰ ਲੜਾਈ ਦਾ ਨਸ਼ਾ, ਕਿਸੇ ਨੂੰ ਪੜ੍ਹਾਈ ਦਾ ਨਸ਼ਾ, ਕਿਸੇ ਨੂੰ ਆਪਣੀ ਪ੍ਰਤਿੱਸ਼ਟਾ ਦਾ
ਨਸ਼ਾ ਤੇ ਗੁਸਤਾਖੀ ਮੁਆਫ ਕਿਸੇ ਨੂੰ ਧਰਮੀ ਦਿਸਣ ਦਾ ਨਸ਼ਾ …. ਇਤ ਆਦਿਕ। ਮਨ ਦੇ ਵਿਕਾਰ (ਕਾਮ,
ਕ੍ਰੋਧ, ਲੋਭ, ਮੋਹ, ਅਹੰਕਾਰ) ਹੀ ਸਾਰੇ ਨਸ਼ਿਆਂ ਦੀ ਜੜ੍ਹ ਹਨ ਜਿਨਾ ਤੋਂ ਮਨੁੱਖ ਸਾਰੀ ਉਮਰ ਮੁਕਤ
ਨਹੀ ਹੋ ਪਾਉਂਦਾ ਤੇ ਦੁੱਖ ਭੋਗਦਾ ਹੈ। ਗੁਰਬਾਣੀ ਦਾ ਕਥਨ ਹੈ:
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ
ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
(553)। ਭਾਵ: ਕਲਜੁਗੀ ਸੁਭਾਉ (ਮਾਨੋ) ਨਸ਼ੇ ਦੀ ਮਟੀ ਹੈ,
ਕਾਮ (ਮਾਨੋ) ਨਸ਼ਾ ਹੈ, ਤੇ ਇਸ ਨੂੰ ਪੀਣ ਵਾਲਾ ਮਨ ਹੈ, ਮੋਹ ਨਾਲ ਭਰੀ ਹੋਈ (ਮਾਨੋ) ਕ੍ਰੋਧ ਦੀ
ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ, ਕੂੜੇ ਲਭ ਦੀ (ਮਾਨੋ) ਮਜਲਸ ਹੈ ਜਿਸ (ਵਿਚ ਬਹਿ
ਕੇ) ਮਨ (ਨਸ਼ਾ) ਪੀ ਪੀ ਕੇ ਖੁਆਰ ਹੁੰਦਾ ਹੈ। ਇਥੇ ਮਨ ਦੇ ਵਿਕਾਰੀ ਨਸ਼ਿਆਂ ਦੀ ਤਸਵੀਰ ਖਿੱਚੀ ਗਈ ਹੈ
ਜਿਨ੍ਹਾ ਦਾ ਨਸ਼ਾ ਸਾਰੀ ਉਮਰ ਦੁੱਖਦਾਈ ਰੋਗ ਬਣ ਕੇ ਚੰਬੜਿਆ ਰਹਿੰਦਾ ਹੈ ਤੇ ਮਨੁੱਖ ਇਸ ਤੋਂ ਅਚੇਤ
ਹੀ ਰਹਿੰਦਾ ਹੈ। ਕੋਈ ਵੀ ਆਦਤ ਜਦੋਂ ਮੋਹ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਉਹ ਮਨੁੱਖ ਦਾ ਨਸ਼ਾ
(ਰਸ, ਪਕੜ) ਬਣ ਜਾਂਦੀ ਹੈ ਜਿਸ ਤੋਂ ਫਿਰ ਪੱਲਾ ਛਡਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ
ਗੁਰਬਾਣੀ ਇਹਨਾ ਰਸਾਂ, ਚਸਕਿਆਂ (ਨਸ਼ਿਆਂ) ਤੋਂ ਸੂਚਤ ਕਰਦੀ ਹੈ:
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ
ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥ (15)।
ਸੋਨਾ ਚਾਂਦੀ (ਇਕੱਠਾ
ਕਰਨ
ਦਾ) ਦਾ ਚਸਕਾ (ਨਸ਼ਾ), ਇਸਤ੍ਰੀ (ਭਾਵ ਕਾਮ) ਦਾ
ਚਸਕਾ, ਸੁਗੰਧੀਆਂ ਦਾ ਚਸਕਾ, (ਘੋੜ) ਸਵਾਰੀ ਦਾ ਚਸਕਾ, ਸੋਹਣੀ ਸੇਜਾ ਤੇ ਮਹਿਲ ਮਾੜੀਆਂ ਦਾ ਚਸਕਾ,
ਸੁਆਦਲੇ ਮਿੱਠੇ ਪਦਾਰਥਾਂ ਤੇ ਮਾਸ ਖਾਣ ਦਾ ਚਸਕਾ, ਜੇ ਮਨੁੱਖੀ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਣ
(ਭਾਵ ਇਤਨੇ ਪਦਾਰਥਾਂ ਦੀ ਮਦਹੋਸ਼ੀ, ਨਸ਼ਾ, ਮੋਹ ਜਾਂ ਪਕੜ ਹੋਵੇ) ਉਥੇ ਪਰਮਾਤਮਾ ਦਾ ਨਾਮ (ਹੁਕਮ)
ਕਿਵੇਂ ਵਸ ਸਕਦਾ ਹੈ। ਨਾਮ ਦੀ ਪ੍ਰਾਪਤੀ ਲਈ ਮਦਹੋਸ਼ੀ ਤੋਂ ਜਾਗਣਾ ਪਵੇਗਾ।
ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ
ਤਾਪ ॥ ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ (297)।
ਭਾਵ: ਦੁਨੀਆਂ ਦੇ ਰਸਾਂ (ਚਸਕਿਆਂ) ਦੇ ਕਾਰਨ ਮਨ ਅਤੇ ਤਨ
ਦੇ ਰੋਗ ਤੇ ਹੋਰ ਝਗੜੇ ਝੰਬੇਲੇ ਚੰਬੜੇ ਹੀ
ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ ਕਲੇਸ਼
ਮਿਟਦਾ ਨਹੀ ਹੈ ਤੇ (ਇਹਨਾ ਰਸਾਂ ਚਸਕਿਆਂ, ਮੋਹ ਵਿੱਚ ਫਸਿਆ ਮਨੁੱਖ) ਪੂਰਨ ਪ੍ਰਭੂ ਦੇ ਪ੍ਰਤਾਪ ਨੂੰ
ਨਹੀ ਸਮਝਦਾ। ਇਸ ਲਈ ਪ੍ਰਭੂ ਪ੍ਰਤਾਪ ਨੂੰ ਸਮਝਣ ਲਈ ਨਸ਼ਿਆਂ (ਮਦਹੋਸ਼ੀ) ਤੋਂ ਹੋਸ਼ ਵਿੱਚ ਆਉਣ ਦੀ
ਜ਼ਰੂਰਤ ਹੈ ਜੋ ਕੇਵਲ ਗੁਰਮਤਿ (ਗਿਆਨ) ਦੁਆਰਾ ਹੀ ਸੰਭਵ ਹੈ। ਨਸ਼ਿਆਂ ਦਾ ਪ੍ਰਯੋਗ ਇਤਨਾ ਵਧ ਚੁਕਾ ਹੈ
ਕਿ ਇਸ ਤੋਂ ਬਿਨਾ ਆਉਭਗਤ ਤੇ ਰਸਮੀ ਕਾਰਜ ਅਧੂਰੇ ਹੀ ਮੰਨੇ ਜਾਂਦੇ ਹਨ ਤੇ ਇਸ ਦਾ ਕਾਰਨ ਇਹੀ ਹੈ ਕਿ
ਗੁਰਦੁਆਰਿਆਂ ਵਿਚੋਂ ਗੁਰਮਤ ਪ੍ਰਚਾਰ ਦੀ ਜਗਾ ਵਿਅਰਥ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੇ ਮਲ ਲਈ
ਹੈ। ਜਿਸ ਗੁਰੂ ਕੋਲੋਂ ਵਿਕਾਰਾਂ ਦੇ ਨਸ਼ਿਆਂ ਤੋਂ ਬਚਣ ਲਈ ਗਿਆਨ ਹਾਸਲ ਕਰਨਾ ਸੀ, ਗੁਰਮਤ ਲੈਣੀ ਸੀ,
ਉਸ ਦਾ ਤਾਂ ਗੁਰਦੁਅਰਿਆਂ ਵਿੱਚ ਕੇਵਲ ਮੱਥਾ ਟਿਕਾਉਣ ਤੇ ਮਾਇਆ ਇਕੱਠੀ ਕਰਨ ਲਈ ਹੀ ਪ੍ਰਕਾਸ਼ ਕੀਤਾ
ਜਾਂਦਾ ਹੈ। ਸੱਦੇ ਆਏ ਕੀਰਤਨੀਏ, ਪ੍ਰਚਾਰਕ ਤੇ ਕਥਾਕਾਰ ਕੇਵਲ ਉਹੀ ਕੁੱਛ ਬੋਲ ਤੇ ਗਾ ਸਕਦੇ ਹਨ ਜੋ
ਉਹਨਾ ਨੁੰ ਪ੍ਰਬੰਧਕ ਕਹਿਣ। ਨਸ਼ਿਆਂ ਦੇ ਵਧ ਜਾਣ ਦਾ ਸੱਭ ਤੋਂ ਵੱਡ੍ਹਾ ਕਾਰਨ ਗੁਰਦੁਆਰਿਆਂ ਵਿਚੋਂ
ਗੁਰਮਤ ਦਾ ਅਲੋਪ ਹੋ ਜਾਣਾ ਹੈ ਤੇ ਇਹਨਾ ਵਧ ਰਹੇ ਨਸ਼ਿਆਂ ਦਾ ਸਿਹਰਾ ਪ੍ਰਬੰਧਕਾਂ ਦੇ ਹੀ ਸਿਰ ਜਾਂਦਾ
ਹੈ। ਗੁਰਦੁਅਰਿਆਂ ਦਾ ਪ੍ਰਬੰਧਕੀ ਢਾਂਚਾ ਬਿਲਕੁਲ ਵਿਗੜ ਚੁੱਕਾ ਹੈ, ਉਹ ਵਾਪਾਰੀ ਅੱਡਿਆਂ ਦਾ ਰੂਪ
ਧਾਰਨ ਕਰ ਚੁੱਕਾ ਹੈ ਤੇ ਸੁਧਾਰ ਦੇ ਕੋਈ ਆਸਾਰ ਨਜ਼ਰ ਨਹੀ ਆਉਂਦੇ। ਜਦੋਂ ਗਿਆਨ ਦਾ ਚਾਨਣ ਘਟ ਜਾਏ
ਤਾਂ ਅਗਿਆਨਤਾ ਦਾ ਅੰਧੇਰਾ (ਧੁੰਧ) ਤਾਂ ਫੈਲੇਗਾ ਹੀ। ਇਹ ਇੱਕ ਕੌੜੀ ਹਕੀਕਤ ਹੈ ਕਿ ਜਦ ਤਕ
ਗੁਰਦੁਆਰਿਆਂ ਵਿੱਚ ਗੁਰਮਤ (ਗਿਆਨ) ਦਾ ਪ੍ਰਚਾਰ ਫਿਰ ਤੋਂ ਆਰੰਭ ਨਹੀ ਹੁੰਦਾ ਤਦ ਤਕ ਨਸ਼ਿਆਂ ਦੇ ਰੋਕ
ਲਈ ਕੀਤੇ ਸਾਰੇ ਯਤਨ ਨਿਸਫਲ ਹੀ ਹੁੰਦੇ ਰਹਿਣਗੇ। ਇਹਨਾ ਜਾਨ ਲੇਵਾ ਪਦਾਰਥੀ ਨਸ਼ਿਆਂ (ਵਿਕਾਰਾਂ) ਨੂੰ
ਰੋਕਣ ਲਈ ਜੀਵਨ ਪਰਦਾਨ ਕਰਨ ਵਾਲੇ
ਆਤਮਕ
ਨਸ਼ਿਆਂ (ਗੁਰਮਤ, ਗਿਆਨ) ਦੇ ਉਪਦੇਸ਼ ਦੀ ਜ਼ਰੂਰਤ ਹੈ ਜਿਵੇਂ ਕਬੀਰ ਜੀ ਦਾ ਆਦੇਸ਼ ਹੈ:
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥ ਦਾਸੁ ਕਬੀਰੁ
ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥ {ਪੰਨਾ 969} ।
ਭਾਵ: ਗਿਆਨ ਦੀ ਬਰਕਤ ਨਾਲ ਮੇਰੇ ਅੰਦਰ (ਨਾਮ ਦਾ) ਪ੍ਰਕਾਸ਼ ਹੋ ਗਿਆ ਹੈ, ਗੁਰੂ ਤੋਂ ਮੈਨੂੰ ਉੱਚੀ
ਮਤ ਪ੍ਰਾਪਤ ਹੋ ਗਈ ਹੈ। ਪ੍ਰਭੂ ਦਾ ਦਾਸ ਕਬੀਰ ਹੁਣ ਉਸ ਨਸ਼ੇ ਵਿੱਚ ਮਸਤ ਹੈ ਜਿਸ ਦੀ ਮਸਤੀ ਕਦੇ
ਮੁਕਣ ਵਾਲੀ ਨਹੀ ਹੈ। ਕਬੀਰ ਵਾਲਾ ਇਹੀ ਗਿਆਨ ਦਾ ਨਸ਼ਾ ਹੈ ਜਿਸ ਦਾ ਪ੍ਰਚਾਰ ਜਾਨ ਲੇਵਾ ਨਸ਼ਿਆਂ ਨੂੰ
ਠੱਲ ਪਾ ਸਕਦਾ ਹੈ। ਕਬੀਰ ਜੀ ਨੇ ਆਪ ਇਸ ਫਾਰਮੂਲੇ (ਸੂਤਰ) ਤੇ ਮੋਹਰ ਲਾਈ ਹੈ:
ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥ ਕਹਿ ਕਬੀਰ ਸਗਲੇ ਮਦ
ਛੂਛੇ ਇਹੈ ਮਹਾ ਰਸੁ ਸਾਚੋ ਰੇ ॥ {ਪੰਨਾ 968-969} ।
ਭਾਵ: (ਹੁਣ ਮੇਰੇ ਅੰਦਰ ਨਾਮ ਦੇ) ਚਸ਼ਮੇ ਦੀ ਬੜੀ ਸਾਫ ਧਾਰ ਪੈ ਰਹੀ ਹੈ, ਮੇਰਾ ਮਨ ਇਸ ਦੇ ਨਸ਼ੇ
ਵਿੱਚ ਰੱਤਾ ਹੋਇਆ ਹੈ। ਕਬੀਰ ਆਖਦਾ ਹੈ, ਹੋਰ ਸਾਰੇ ਨਸ਼ੇ ਫੋਕੇ ਹਨ, ਇੱਕ ਇਹੀ ਸਭ ਤੋਂ ਸ੍ਰੇਸ਼ਟ ਨਸ਼ਾ
ਸਦਾ ਕਾਇਮ ਰਹਿਣ ਵਾਲਾ ਹੈ। ਸਪਸ਼ਟ ਹੈ ਕਿ ਜਦ ਤਕ ਗੁਰਮਤ ਗਿਆਨ ਦੇ ਸਦਾ ਕਾਇਮ ਰਹਿਣ ਵਾਲੇ ਸ੍ਰੇਸ਼ਟ
ਨਸ਼ੇ ਦਾ ਰਸ ਨਹੀ ਚੱਖਿਆ ਜਾਂਦਾ, ਤਦ ਤਕ ਇਹਨਾ ਜਾਨ ਲੇਵੀ ਨਸ਼ਿਆਂ ਦਾ ਬਿਸਤਰਾ ਗੋਲ ਨਹੀ ਹੋ ਸਕਦਾ।
ਮਾਇਆ ਮਦਿ ਮਾਤੇ ਤ੍ਰਿਪਤਿ ਨ
ਆਵੈ ॥ ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥
(832)। ਭਾਵ: ਮਾਇਆ (ਵਿਕਾਰਾਂ) ਦੇ ਨਸ਼ੇ ਤੋਂ ਮਨੁੱਖ ਕਦੇ ਨਹੀ ਰੱਜਦਾ। ਇਸ ਨਸ਼ੇ ਤੋਂ ਰੱਜ ਤੇ
ਮੁਕਤੀ ਉਦੋਂ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਮਨ ਨੂੰ ਪ੍ਰਭੂ ਭਾ ਜਾਵੇ ਤੇ ਇਹ ਗੁਰਮਤ (ਗਿਆਨ)
ਬਿਨਾ ਸੰਭਵ ਨਹੀ। ਨਾਮ (ਗਿਆਨ, ਗੁਰਬਾਣੀ) ਦੇ ਨਸ਼ੇ ਦੁਆਰਾ ਹੀ ਮਾਇਆ (ਵਿਕਾਰਾਂ) ਦੇ ਨਸ਼ਿਆਂ ਨੂੰ
ਜੜ੍ਹੋਂ ਪੁਟਿਆ ਜਾ ਸਕਦਾ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |