(ਨੋਟ:- ਗਿਆਨੀ ਸੰਤੋਖ
ਸਿੰਘ ਜੀ ਦੇ ਲੇਖ ਬਹੁਤੇ ਹੱਡ-ਬੀਤੀਆਂ ਦੇ ਅਧਾਰਤ ਹੁੰਦੇ ਹਨ ਅਤੇ ਕਈ ਵਾਰੀ ਵੱਖ-ਵੱਖ ਦੇਸ਼ਾਂ ਦੀ
ਭੂਗੋਲਿਕ ਅਤੇ ਇਤਿਹਾਸਕ ਜਾਣਕਾਰੀ ਵੀ ਪ੍ਰਦਾਨ ਕਰ ਦਿੰਦੇ ਹਨ। ਕਿਸੇ ਵੀ ਸਖਸ਼ੀਅਤ ਪ੍ਰਸਤੀ ਵਾਲੇ
ਲੇਖ ਨੂੰ ਅਸੀਂ ਪਉਣ ਤੋਂ ਸੰਕੋਚ ਕਰਦੇ ਹਾਂ। ਯੋਗੀ ਹਰਭਜਨ ਸਿੰਘ ਤੇ ਬਹੁਤ ਸਾਰੇ ਇਲਜ਼ਾਮ ਲਗਦੇ ਰਹੇ
ਹਨ। ਇਸ ਬਾਰੇ ਮਾਰਚ 2005 ਵਿੱਚ ਇੱਕ ਲੇਖ ‘ਸਿੱਖ ਮਾਰਗ’ ਤੇ ਵੀ ਛਪਿਆ ਸੀ। ਉਸ ਦਾ ਲਿੰਕ ਅਸੀਂ
ਹੇਠਾਂ ਦੇ ਰਹੇ ਹਾਂ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਵੀ ਜ਼ਰੂਰ ਪੜ੍ਹਨ-ਸੰਪਾਦਕ)
http://www.sikhmarg.com/2005/0327-yogi-asleat.html
ਸ੍ਰੀ ਸਿੰਘ
ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ
ਉਪ੍ਰੋਕਤ ਪੂਰਾ ਨਾਂ ਯੋਗੀ ਹਰਭਜਨ ਸਿੰਘ ਜੀ ਦਾ ਹੈ।
ਗਿ: ਸੰਤੋਖ ਸਿੰਘ
੧੯੭੦ ਦੀ ਗੱਲ ਹੈ ਕਿ ਮੇਰੇ ਛੋਟੇ
ਭਰਾ ਸ. ਹਰਜੀਤ ਸਿੰਘ ਨੇ ਇੱਕ ਦਿਨ ਆਖਿਆ, “ਉਹ ਜੇਹੜੀਆਂ ਮਹਾਰਾਜ ਨੇ ਅਨੰਦ ਸਾਹਿਬ ਵਿਚ,
“ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ॥” ਆਖਿਆ ਸੀ ਨਾ; ਉਹ
ਇਹੋ ਪਰੀਆਂ ਨੇ!”
ਲੱਗਦੀਆਂ ਵੀ ਉਹ ਬੀਬੀਆਂ ਉਚੀਆਂ ਲੰਮੀਆਂ ਖ਼ੂਬਸੂਰਤ ਚਿੱਟੇ ਸਿੱਖ ਪਹਿਰਾਵੇ ਵਿਚ, ਕਿਸੇ ਪਰੀ ਲੋਕ
ਤੋਂ ਆਈਆਂ ਹੀ ਨਹੀ ਬਲਕਿ ਉਤਰੀਆਂ ਹੋਈਆਂ ਭਾਸ ਰਹੀਆਂ ਸਨ।
ਗੱਲ ਇਹ ਇਉਂ ਹੋਈ ਕਿ ਓਹਨੀਂ ਦਿਨੀਂ ਅਮ੍ਰੀਕਾ ਤੋਂ ਯੋਗੀ ਹਰਭਜਨ ਸਿੰਘ ਜੀ ਦੇ ਨਾਲ਼ ਕੁੱਝ ਗੋਰੇ
ਅਮ੍ਰੀਕਨ ਨੌਜਵਾਨ ਬੱਚੇ ਬੱਚੀਆਂ, ਅੰਮ੍ਰਿਤਸਰ ਵਿੱਚ ਆਏ ਹੋਏ ਸਨ। ਉਹ ਸ੍ਰੀ ਦਰਬਾਰ ਕੰਪਲੈਕਸ ਦੇ
ਆਲ਼ੇ ਦੁਆਲ਼ੇ ਅਤੇ ਗੁਰੂ ਕੀ ਨਗਰੀ ਦੇ ਬਾਜ਼ਾਰਾਂ ਵਿੱਚ ਘੁੰਮਦੇ, ਖ਼ੂਬਸੂਰਤ ਉਚੇ ਲੰਮੇ ਚਿੱਟੇ
ਬਸਤਰਾਂ, ਖੁਲ੍ਹੇ ਕੁਰਤੇ, ਦਸਤਾਰਾਂ ਅਤੇ ਚੂੜੀਦਾਰ ਪਜਾਮਿਆਂ ਵਿੱਚ ਸਜੇ ਹੋਏ, ਅਲੋਕਿਕ ਦ੍ਰਿਸ਼ ਪੇਸ਼
ਕਰ ਰਹੇ ਸਨ। ਬੀਬੀਆਂ ਵੀ ਚਿੱਟੇ ਬਸਤਰਾਂ ਦੇ ਨਾਲ਼ ਸਿਰਾਂ ਉਪਰ ਪੂਰੀਆਂ ਦਸਤਾਰਾਂ ਅਤੇ ਉਹਨਾਂ
ਦਸਤਾਰਾਂ ਉਪਰ ਚਿੱਟੀਆਂ ਚੁੰਨੀਆਂ ਓਹੜ ਕੇ ਸੁੰਦਰਤਾ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਗੁਰੂ ਦਰਬਾਰ
ਵਿੱਚ ਏਧਰ ਓਧਰ ਵਿਚਰ ਰਹੇ ਇਹ ਨੌਜਵਾਨ ਪੰਜਾਬ ਦੇ ਲੋਕਾਂ ਲਈ ਅਦਭੁਤ ਨਜ਼ਾਰਾ ਹੀ ਭਾਸ ਰਹੇ ਸਨ।
ਗਲ ਇਹ ਸੀ ਕਿ ਇੱਕ ਕਸਟਮ ਅਫ਼ਸਰ ਸ. ਹਰਭਜਨ ਸਿੰਘ ਜੀ, ਦਿੱਲੀ ਤੋਂ ਕਿਸੇ ਅਮ੍ਰੀਕਨ ਦੇ ਸੱਦੇ ਉਪਰ
ਯੋਗ ਸਿਖਾਉਣ ਗਿਆ ਸੀ। ਉਸ ਤੋਂ ਯੋਗ ਦੀ ਸਿੱਖਿਆ ਲੈਣ ਵਾਲ਼ੇ ਵਾਹਵਾ ਗਿਣਤੀ ਵਿੱਚ ਕੁੱਝ ਨੌਜਵਾਨ
ਸਿੱਖੀ ਰਹਿਣੀ ਬਹਿਣੀ ਅਤੇ ਸਿੱਖਿਆ ਤੋਂ ਪ੍ਰਭਾਵਤ ਹੋ ਕੇ, ਸਿੱਖ ਬਾਣੇ ਵਿੱਚ ਸ੍ਰੀ ਅਕਾਲ ਤਖ਼ਤ
ਸਾਹਿਬ ਤੋਂ ਅੰਮ੍ਰਿਤ ਪਾਨ ਕਰਨ ਵਾਸਤੇ ਆਏ ਸਨ।
ਇਹ ਗੱਲ ਤਾਂ ਏਥੇ ਹੀ ਮੁੱਕ ਗਈ। ਜਦੋਂ ੧੯੭੭ ਦੇ ਮਈ ਮਹੀਨੇ ਵਿੱਚ ਮੈ ਅਫ਼੍ਰੀਕਾ ਤੇ ਯੂਰਪ ਦੇ ਕੁੱਝ
ਮੁਲਕਾਂ ਵਿਚਦੀ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿੱਚ ਪੁੰਚਿਆ ਤਾਂ ਓਥੇ ਇਹਨਾਂ ਸਿੱਖਾਂ ਵੱਲੋਂ ਚਲਾਏ
ਜਾ ਰਹੇ ਆਸ਼੍ਰਮ ਵਿੱਚ ਵੀ ਗਿਆ। ਓਥੇ ਜਾਣ ਦਾ ਸਬੱਬ ਤੇ ਵਿਸਥਾਰ ਮੈ ਇੱਕ ਹੋਰ ਲੇਖ ਵਿੱਚ ਪਾਠਕਾਂ
ਨੂੰ ਦੱਸ ਚੁੱਕਾ ਹਾਂ। ਇਸ ਦੇ ਵਿਸਥਾਰ ਵਿੱਚ ਜਾਣ ਦੀ ਏਥੇ ਲੋੜ ਨਹੀ। ਇਹ ਮੇਰਾ ਪਹਿਲਾ ਸਿਧਾ
ਸੰਪਰਕ ਇਹਨਾਂ ਲੋਕਾਂ ਨਾਲ਼ ਹੋਇਆ ਸੀ।
ਫਿਰ ਮੈ ਉਸ ਸਾਲ ਦੀਆਂ ਸਰਦੀਆਂ ਵਿੱਚ ਲੰਡਨ ਵਿੱਚ ਸਾਂ ਤੇ ਓਹਨੀਂ ਦਿਨੀਂ ਅੰਗ੍ਰੇਜ਼ੀ ਪ੍ਰੈਸ, ਖਾਸ
ਕਰਕੇ ਟਾਈਮ ਮੈਗ਼ਜ਼ੀਨ ਵਿੱਚ ਛਪੇ ਮੈਟਰ ਨੂੰ, ਮੱਖੀ ਤੇ ਮੱਖੀ ਮਾਰਨ ਵਾਂਗ, ਵਲੈਤ ਦੇ ਪੰਜਾਬੀ ਪ੍ਰੈਸ
ਨੇ ਵੀ ਮਸਾਲਾ ਲਾ ਲਾ ਕੇ, ਯੋਗੀ ਜੀ ਅਤੇ ਇਸ ਲਹਿਰ ਦੇ ਖ਼ਿਲਾਫ਼ ਵਾਹਵਾ ਕੁੱਝ ਲਿਖਿਆ। ਉਸ ਸਮੇ ਇੱਕ
ਪੰਜਾਬੀ ਅਖ਼ਬਾਰ ਦੇ ਮਾਲਕ ਨੂੰ ਮੈਂ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਸ ਨੇ ਆਖਿਆ ਕਿ ਅਖ਼ਬਾਰੀ
ਕਾਰੋਬਾਰ ਵਿੱਚ ਜੇ ਅਸੀਂ ਅਜਿਹਾ ਕੁੱਝ ਨਾ ਛਾਪੀਏ ਤਾਂ ਬਾਕੀਆਂ ਨਾਲ਼ੋਂ ਪਿੱਛੇ ਰਹਿ ਜਾਂਦੇ ਹਾਂ।
ਇਸ ਲਈ ਅਜਿਹਾ ਸਾਨੂੰ ਛਾਪਣਾ ਹੀ ਪੈਂਦਾ ਹੈ। ਅਖੀਰ ਵਿੱਚ ਉਹਨਾਂ ਨੇ ਆਖਿਆ ਕਿ ਮੈ ਇਸ ਦੇ ਉਲਟ ਲਿਖ
ਦੇਵਾਂ ਉਹ ਛਾਪ ਦੇਣਗੇ। ਜੋ ਮੇਰੀ ਉਸ ਸਮੇ ਸਮਝ ਵਿੱਚ ਆਇਆ ਮੈ ਲਿਖ ਦਿਤਾ। ਅਖਬਾਰ ਵਾਲ਼ੇ ਨੇ ਬਿਨਾ
ਪ੍ਰੋਫ਼ੈਸ਼ਨਲ ਸੋਧ ਸੁਧਾਈ ਦੇ ਉਹ ਲੇਖ, ਜਿਵੇਂ ਮੈ ਲਿਖਿਆ ਸੀ, ਵਿੰਗ ਤੜਿੰਗਾ ਜਿਹਾ ਹੀ ਛਾਪ ਦਿਤਾ।
ਅਗਲੀ ਸਵੇਰ ਤੋਂ ਪੰਜਾਬੀ ਸਿੱਖਾਂ ਵੱਲੋਂ ਮੇਰੇ ਤੇ ਰੋਹਬ ਪਾਉਣ ਵਾਲੇ ਫ਼ੋਨ ਆਉਣੇ ਸ਼ੁਰੂ ਹੋ ਗਏ।
ਅਖੀਰ ਵਿੱਚ ਮੈਨੂੰ ਆਖਣਾ ਪਿਆ ਕਿ ਜੋ ਕੁੱਝ ਮੈ ਠੀਕ ਸਮਝਦਾ ਹਾਂ ਉਹ ਲਿਖ ਦਿਤਾ ਹੈ ਤੇ ਅੱਗੇ ਤੋਂ
ਵੀ ਜੋ ਠੀਕ ਸਮਝਾਂਗਾ ਓਹੀ ਬੋਲਾਂਗਾ ਤੇ ਓਹੀ ਲਿਖਾਂਗਾ; ਤੁਸੀਂ ਜੋ ਕਰਨਾ ਹੈ ਕਰ ਲਵੋ। ਖੈਰ,
ਉਹਨਾਂ ਸੱਜਣਾਂ ਵਿਚੋਂ ਇੱਕ ਬਹੁਤ ਵਿਦਵਾਨ ਸੱਜਣ ਨੇ ਸਾਂਝੇ ਮਿੱਤਰ ਗਿ. ਅਜਮੇਰ ਸਿੰਘ, ਸਕੱਤਰ
ਸ਼੍ਰੋਮਣੀ ਅਕਾਲੀ ਦਲ ਕੋਲ਼ ਮੇਰੀ ਸ਼ਿਕਾਇਤ ਵੀ ਲਾਈ ਪਰ ਗਿਅਨੀ ਜੀ ਨੇ ਸਿਅਣਪ ਨਾਲ਼ ਮਸਲਾ ਨਜਿਠ ਦਿਤਾ।
ਇਹਨੀਂ ਦਿਨੀਂ ਹੀ ਯੋਗੀ ਜੀ ਵੀ ਲੰਡਨ ਵਿੱਚ ਪਧਾਰੇ। ਉਹਨਾਂ ਨੂੰ ਕਿਸੇ ਤੋਂ ਪਤਾ ਲਗਾ ਕਿ ਇਸ ‘ਰਾਮ
ਰੌਲ਼ੇ ‘ਵਿਚ ਸਿਰਫ਼ ਮੈ ਹੀ ਉਹ ਕੁੱਝ ਲਿਖਿਆ ਹੈ ਜੋ ਉਹਨਾਂ ਦੇ ਖ਼ਿਲਾਫ਼ ਪ੍ਰਚਾਰੇ ਜਾ ਰਹੇ ਵਿਰੋਧ ਦੇ
ਵਿਰੁਧ ਹੈ। ਉਹਨਾਂ ਦੇ ਹੱਕ ਵਿੱਚ ਸਾਊਥਾਲ ਵਿੱਚ ਇੱਕ ਜਲਸਾ ਵੀ ਕੀਤਾ ਗਿਆ। ਉਸ ਜਲਸੇ ਵਿੱਚ ਵੀ ਮੈ
ਨਿਰਭੈਤਾ ਨਾਲ਼ ਜੋ ਮੈਨੂੰ ਠੀਕ ਲੱਗੀ ਉਹ ਗੱਲ ਕੀਤੀ।
ਉਹਨੀਂ ਦਿਨੀਂ ਹੀ ਯੋਗੀ ਜੀ ਦੀ ਲੰਡਨ ਯਾਤਰਾ ਦੌਰਾਨ, ਉਹਨਾਂ ਦੇ ਸੱਦੇ ਤੇ ਮੈ ਚੌਵੀ ਘੰਟੇ ਉਹਨਾਂ
ਨਾਲ਼ ਬਿਤਾਏ। ਪਤਾ ਨਹੀ ਲੱਗਾ ਕਿ ਉਹ ਕੇਹੜੇ ਵੇਲ਼ੇ ਸੁਤੇ। ਤਿੰਨ ਚਾਰ ਵਜੇ ਦਾ ਸਮਾ ਹੋਵੇਗਾ ਜਦੋਂ
ਉਹ ਕੁੱਝ ਸਮੇ ਲਈ ਉਪਰਲੀ ਛੱਤ ਉਪਰ ਗਏ ਤੇ ਛੇਤੀ ਹੀ ਵਾਪਸ ਆ ਕੇ ਫਿਰ ਸਾਡੇ ਵਿੱਚ ਬੈਠ ਗਏ। ਸਾਰੇ
ਸਮੇ ਦੌਰਾਨ ਮੈ ਉਹਨਾਂ ਨੂੰ ਬੋਲਦਿਆਂ, ਦੂਜਿਆਂ ਨੂੰ ਝਾੜਦਿਆਂ ਤੇ ਉਹਨਾਂ ਦੀ ਖੁੰਬ ਠੱਪਦਿਆਂ ਹੀ
ਵੇਖਿਆ। ਕਿਸੇ ਦਾ ਵੀ ਉਹ ਲਿਹਾਜ਼ ਨਹੀ ਸਨ ਕਰ ਰਹੇ। ਆਪਣੇ ਨੌਜਵਾਨ ਗੋਰੇ ਸ਼ਰਧਾਲੂਆਂ ਨੂੰ ਤਾਂ
ਗਾਹਲਾਂ ਦਾ ਵੀ ਖੁਲ੍ਹਾ ਗੱਫਾ ਵਰਤਾ ਰਹੇ ਸਨ। ਕਿਸੇ ਗੱਲ ਤੋਂ ਮੈਨੂੰ ਵੀ ਉਹਨਾਂ ਨੇ ਝਿੜਕ ਜਿਹੀ
ਵਾਂਗ ਸੰਬੋਧਨ ਕੀਤਾ ਪਰ ਮੈ ਤਾਂ ਛੇਤੀ ਹੀ ਸਾਵਧਾਨ ਹੋ ਗਿਆ ਤੇ ਲਾਸ ਏਂਜਨਲਜ਼ ਦੀ, ਉਹਨਾਂ ਦੇ ਹੈਡ
ਕੁਆਰਟਰ ਦੀ ਯਾਤਰਾ ਸਮੇ, ਮੈ ਇਸ ਗੱਲ ਦਾ ਖਾਸ ਧਿਅਨ ਰੱਖਿਆ ਕਿ ਉਹਨਾਂ ਨੂੰ ਫਿਰ ਅਜਿਹਾ ਮੌਕਾ ਨਹੀ
ਦੇਣਾ ਕਿ ਉਹ ਦੂਜੇ ਲੋਕਾਂ ਵਾਂਗ ਮੈਨੂੰ ਵੀ ਝਿੜਕ ਮਾਰ ਸੱਕਣ। ਪ੍ਰਸਿਧ ਸਿੱਖ ਵਿਦਵਾਨ ਡਾ. ਗੋਬਿੰਦ
ਸਿੰਘ ਮਨਸੁਖਾਨੀ ਦੀ ਵੀ ਉਹਨਾਂ ਨੇ ਚੰਗੀ ਖੁੰਬ ਠੱਪ ਦਿਤੀ ਸੀ।
ਇਹ ਗੱਲ ਆਈ ਗਈ ਹੋ ਗਈ।
ਮੈ ਦੇਸੋਂ ਵਲੈਤ ਗਏ ਪੰਥਕ ਅਗੂਆਂ ਨਾਲ਼ ਵਾਪਸ ਅੰਮ੍ਰਿਤਸਰ ਆ ਗਿਆ। ਜਿਸ ਕਾਰਜ ਲਈ ਟੌਹੜਾ ਸਾਹਿਬ
ਮੈਨੂੰ ਲੈ ਕੇ ਆਏ ਸਨ ਉਹ ਕਾਰਜ ਉਹ ਸਿਰੇ ਨਾ ਚੜ੍ਹਾ ਸਕੇ ਤੇ ਮੈਨੂੰ ਹੋਰ ਪੇਸ਼ਕਸ਼ ਕੀਤੀ ਜੋ ਮੈ ਉਸ
ਸਮੇ ਨਿਭਾਉਣ ਤੋਂ ਸੰਕੋਚ ਕਰ ਲਿਆ। ਚਿਰ ਤੋਂ ਖਾਹਸ਼ ਸੀ ਕਿ ਅਮ੍ਰੀਕਾ, ਕੈਨੇਡਾ ਰਾਹੀਂ ਫਿਜੀ, ਨਿਊ
ਜ਼ੀਲੈਂਡ, ਆਸਟ੍ਰੇਲੀਆ, ਸਿੰਘਾਪੁਰ, ਮਲੇਸ਼ੀਆ, ਥਾਈਲੈਂਡ ਆਦਿ ਦੇਸਾਂ ਵਿੱਚ ਦੀ ਵਿਚਰਦਾ ਹੋਇਆ ਦੁਨੀਆ
ਦੇ ਦੁਆਲੇ ਇੱਕ ਭੁਆਟਣੀ ਲਾਵਾਂ। ਮਲਾਵੀ ਤੋਂ ਤੁਰਨ ਸਮੇ ਇਸ ਤਰ੍ਹਾਂ ਦੀ ਇੱਕ ਟਿਕਟ ਵੀ ਜੇਬ ਵਿੱਚ
ਪਾ ਕੇ ਤੁਰਿਆ ਸਾਂ। ਉਸ ਕਾਰਜ ਨੂੰ ਪੂਰਾ ਕਰਨ ਲਈ ਮੈ ਫਿਰ ਵਾਪਸ ਲੰਡਨ ਨੂੰ ਚਾਲੇ ਪਾਉਣ ਦਾ ਵਿਚਾਰ
ਬਣਾ ਲਿਆ। ਮਲਾਵੀ ਤੋਂ ਅਮ੍ਰੀਕਾ ਦੇ ਪਰਾਪਤ ਕੀਤੇ ਗਏ ਮਲਟੀਪਲ ਵੀਜ਼ੇ ਦੀ ਮਿਅਦ ਤਾਂ ਭਾਵੇ ਮੁੱਕ
ਚੁੱਕੀ ਸੀ ਪਰ ਲੰਡਨ ਤੋਂ ਫਿਰ ਲੈ ਲੈਣ ਦੀ ਆਸ ਸੀ, ਤੇ ਉਹ ਪੂਰੀ ਵੀ ਹੋ ਗਈ ਅਰਥਾਤ ਵੀਜ਼ਾ ਫਿਰ ਮਿਲ਼
ਗਿਆ।
ਮਹੀਨਾ ਕੁ ਅੰਮ੍ਰਿਤਸਰ ਰਹਿ ਕੇ ਵਾਪਸ ਲੰਡਨ ਨੂੰ ਮੁੜ ਗਿਆ ਤੇ ਓਥੋਂ ਮਹੀਨੇ ਕੁ ਪਿੱਛੋਂ, ਵੀਜ਼ਾ
ਲੈਣ ਉਪ੍ਰੰਤ, ਇੱਕ ਪਾਸੜ ੬੪ ਪੌਂਡ ਦੀ ਸਟੈਂਡਬਾਈ ਟਿਕਟ ਲੈ ਕੇ, ੧੨ ਅਪ੍ਰੈਲ਼ ੧੯੭੮ ਵਾਲ਼ੀ ਰਾਤ
ਨੂੰ, ਲੰਡਨੋਂ ਏਅਰ ਇੰਡੀਆ ਦੇ ਜਹਾਜ ‘ਸ਼ਾਹ ਜਹਾਨ’ ਵਿੱਚ ਬੈਠ ਕੇ ਅਗਲੇ ਦਿਨ, ੧੩ ਅਪ੍ਰੈਲ ਨੂੰ ਨਿਊ
ਯਾਰਕ ਜਾ ਉਤਰਿਆ। ਜਦੋਂ ਹਵਾਈ ਅੱਡੇ ਤੋਂ ਗਿ. ਗੁਰਦੀਪ ਸਿੰਘ ਜੀ, ਹੈਡ ਗ੍ਰੰਥੀ ਗੁਰਦੁਅਰਾ ਰਿਚਮੰਡ
ਹਿੱਲ ਨੂੰ ਰਿੰਗਿਆ ਤਾਂ ਉਹਨਾਂ ਨੂੰ ਇਤਬਾਰ ਨਾ ਆਇਆ। ਤਸੱਲੀ ਲਈ ਉਹਨਾਂ ਨੇ ਪੁੱਛਿਆ, “ਨਿਊ ਯਾਰਕ
ਦੇ ਹਵਾਈ ਅੱਡੇ ਤੋਂ ਬੋਲਦਾ ਏਂ ਜਾਂ ਕਿ ਲੰਡਨ ਦੇ ਹਵਾਈ ਅੱਡੇ ਤੋਂ ਬੋਲ ਰਿਹਾ ਏਂ?” ਮੇਰੇ ਦੁਬਾਰਾ
ਦੱਸਣ ਤੇ ਉਹਨਾਂ ਨੇ ਆਖਿਆ, “ਚੰਗਾ ਫਿਰ ਇਉਂ ਕਰ, ਬੱਸ ਰਾਹੀਂ ਏਥੇ ਪੁੱਜ ਜਾਹ”। ਤੇ ਮੈ ਓਵੇਂ ਹੀ
ਡਾਂਡੇ ਮੀਂਡੇ ਗੁਰਦੁਆਰੇ ਅੱਪੜ ਕੇ ਜਾ ਫ਼ਤਿਹ ਬੁਲਾਈ। ਓਥੇ ਹੀ ਸ. ਪਰਗਟ ਸਿੰਘ ਜੀ ਵੀ ਮਿਲ਼ ਗਏ।
ਮਿਲ਼ ਕੇ ਪਰਸਪਰ ਪ੍ਰਸੰਨਤਾ ਪਰਾਪਤ ਹੋਈ।
੧੯੭੮ ਦੀ ਵੈਸਾਖੀ ਦੇ ਸਮਾਗਮ ਵਿੱਚ ਏਥੇ ਹੀ ਭਾਗ ਲਿਆ। ਅੰਮ੍ਰਿਤ ਸੰਚਾਰ ਵਿੱਚ ਵੀ ਸ਼ਮਲ ਹੋਇਆ।
ਮੈਨੂੰ ਇਸ ਲਈ ਅੰਮ੍ਰਿਤ ਸੰਚਾਰ ਵਿੱਚ ਸ਼ਾਮਲ ਕਰਦੇ ਹਨ ਕਿ ਜਾਪੁ ਸਾਹਿਬ ਨਾਮੀ ਬਾਣੀ ਆਮ ਤੌਰ ਤੇ
ਸਿੰਘਾਂ ਨੂੰ ਕੰਠ ਨਹੀ ਹੁੰਦੀ ਪਰ ਮੈਨੂੰ ਬਚਪਨ ਵਿੱਚ ਹੀ ਭਾਈਆ ਜੀ ਨੇ ਬਾਕੀ ਬਾਣੀਆਂ ਦੇ ਨਾਲ਼ ਹੀ
ਕੰਠ ਕਰਵਾ ਦਿਤੀ ਹੋਈ ਸੀ।
ਏਥੇ ਪੁੱਜਦਿਆਂ ਹੀ, ੧੩ ਅਪ੍ਰੈਲ ੧੯੭੮ ਨੂੰ ਅੰਮ੍ਰਿਤਸਰ ਵਿੱਚ ਵਾਪਰਨ ਵਾਲ਼ੇ ਦੁਖਾਂਤ ਦੀ ਮਾੜੀ ਖ਼ਬਰ
ਮਿਲੀ। ਇਸ ਦੁਰਘਟਨਾ ਦੇ ਦੋਸ਼ੀਆਂ ਨੂੰ ਸਰਕਾਰ ਵੱਲੋਂ ਸਜਾ ਨਾ ਦਿਵਾਈ ਜਾ ਸੱਕਣ ਕਾਰਨ ਹੀ ਏਨਾ
ਵਿਖਾਦ ਵਧ ਗਿਆ ਕਿ ਉਸ ਵਿਖਾਦ ਕਾਰਨ ਹੀ, ਡੇਢ ਕੁ ਦਹਾਕਾ ਸਿੱਖ ਕੌਮ ਨੇ ਭਿਆਨਕ ਸੰਤਾਪ ਹੰਡਾਇਆ ਤੇ
ਇਸ ਦੇ ਨਾਲ਼ ਹੀ ਬਾਕੀ ਪੰਜਾਬੀਆਂ ਦੀ ਜਾਨ ਵੀ ਮੁੱਠੀ ਵਿੱਚ ਆਈ ਰਹੀ।
ਅਮ੍ਰੀਕਾ ਤੇ ਕੈਨੇਡਾ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ, ਵੱਖ ਵੱਖ ਸ਼ਹਿਰਾਂ ਵਿੱਚ ਦੀ,
ਬੱਸਾਂ ਤੇ ਕਾਰਾਂ ਰਾਹੀਂ ਘੁੰਮਦਾ ਹੋਇਆ, ਅਖੀਰ ਜਨਵਰੀ ੧੯੭੯ ਵਿੱਚ ਮੈ ਯੋਗੀ ਜੀ ਦੇ ਹੈਡ ਕੁਅਰਟਰ
ਵਾਲ਼ੇ ਸ਼ਹਿਰ ਲਾਸ ਏਂਜਲਜ਼ ਵਿੱਚ ਪੁੱਜ ਗਿਆ।
ਜਾਣਾ ਤੇ ਮੈ ਚਾਹੁੰਦਾ ਸੀ ਸਿਧਾ ਯੋਗੀ ਜੀ ਦੇ ਆਸ਼੍ਰਮ ਵਿੱਚ ਹੀ ਪਰ ਬੱਸ ਅੱਡੇ ਤੋਂ ਫ਼ੋਨ ਰਾਹੀਂ
ਉਹਨਾਂ ਨਾਲ ਸਿਧਾ ਸੰਪਰਕ ਨਾ ਹੋਣ ਕਾਰਨ ਮੈ ਫਿਰ ਗੁਰਦੁਆਰਾ ਸਾਹਿਬ ਵਿੱਚ ਹੀ ਚਲਿਆ ਗਿਆ। ਇਸ
ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਵੀ ਬਹੁਤੇ ਸਥਾਨਾਂ ਦੇ ਪ੍ਰਬੰਧਕਾਂ ਵਾਂਗ ਯੋਗੀ ਦੇ ਅਸ਼ੁਭਚਿੰਤਕ
ਹੀ ਸਨ। ਰਾਤ ਸਮੇ ਰਹਿਣ ਲਈ ਗ੍ਰੰਥੀ ਜੀ ਨੇ ਮੈਨੂੰ ਕਮਰਾ ਬਖ਼ਸ਼ ਦਿਤਾ। ਇਹ ਗਿਆਨੀ ਜੀ, ਸਮੇਤ ਪਰਵਾਰ
ਗੁਰਦੁਅਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਪਰ ਪਰਵਾਰਕ ਉਪਜੀਵਕਾ ਚਲਾਉਣ ਲਈ ਬਾਹਰ ਅਖ਼ਬਾਰਾਂ ਆਦਿ
ਵੇਚਣ ਦੀ ਕਿਰਤ ਕਰਿਆ ਕਰਦੇ ਸਨ। ਵਿਚਾਰੇ ਇਮੀਗ੍ਰੇਸ਼ਨ ਦੀ ਆਸ ਤੇ ਇਹ ਸੇਵਾ ਨਿਭਾ ਰਹੇ ਸਨ। ਇਸ
ਦੌਰਾਨ ਉਹਨਾਂ ਦੇ ਪਰਵਾਰ ਵਿੱਚ ਇੱਕ ਅਣਸੁਖਾਵੀਂ ਘਟਨਾ ਵੀ ਵਾਪਰ ਗਈ ਜਿਸ ਦਾ ਅਸਰ ਗਿਅਨੀ ਜੀ ਦੇ
ਚੇਹਰੇ ਅਤੇ ਬੋਲ ਬਾਣੀ ਤੋਂ ਪਰਗਟ ਹੁੰਦਾ ਸੀ। ਸੱਤਰਵਿਆਂ ਵਾਲ਼ੇ ਦਹਾਕੇ ਦੌਰਾਨ ਪਰਦੇਸਾਂ ਵਿੱਚ
ਵੇਖਿਆ ਕਿ ਜਿਸ ਗੁਰਦੁਅਰੇ ਦੇ ਪ੍ਰਬੰਧਕ ਧਨੀ, ਵੱਡੇ ਪ੍ਰੋਫ਼ੈਸ਼ਨਲ ਵਿਅਕਤੀ ਅਤੇ ਸੰਗਤ ਹੁੰਦੀ ਸੀ
ਓਥੋਂ ਦੇ ਗ੍ਰੰਥੀ ਸਿੰਘ ਜੀ ਨੂੰ ਪਰਵਾਰ ਦੇ ਗੁਜ਼ਾਰੇ ਲਈ ਬਾਹਰ ਹੀ ਮਜ਼ਦੂਰੀ ਵਗੈਰਾ ਕਰਨੀ ਪੈਂਦੀ ਸੀ
ਪਰ ਜਿਥੇ ਮਜ਼ਦੂਰਾਂ, ਕਿਸਾਨਾਂ ਦੀ ਸੰਗਤ ਹੁੰਦੀ ਸੀ ਓਥੇ ਹਰ ਪੱਖੋਂ ਲਹਿਰਾਂ ਬਹਿਰਾਂ ਹੁੰਦੀਆਂ ਸਨ।
ਇਹੋ ਹਾਲਤ ਏਥੇ ਆਸਟ੍ਰੇਲੀਆ ਵਿੱਚ ਵੀ ੧੯੯੦ ਤੱਕ ਰਹੀ।
ਇਸ ਸਮੇ ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੇ ਭਾਈਚਾਰਕ ਹਾਲਾਤ, ਬੀਬੀ ਇੰਦਰਾ ਦੀ ‘ਕਿਰਪਾ’
ਸਦਕਾ, ੧੯੮੪ ਤੋਂ ਪਿੱਛੋਂ ਬਦਲ ਗਏ ਹੋਏ ਹਨ।
ਕਿਉਂਕਿ ਮੇਰੇ ਲਾਸ ਏਂਜਲਜ਼ ਵਿੱਚ ਪਹੁੰਚਣ ਦਾ ਪਤਾ ਯੋਗੀ ਜੀ ਨੂੰ ਲੱਗ ਚੁੱਕਾ ਸੀ। ਇਸ ਲਈ ਸਵੇਰ
ਹੁੰਦਿਆਂ ਹੀ ਉਹਨਾਂ ਦਾ ਚੀਫ਼ ਪ੍ਰੋਟੋਕੋਲ ਅਧਿਕਾਰੀ ਅਤੇ ਇੱਕ ਦੋ ਹੋਰ ਸੱਜਣ ਮੈਨੂੰ ਲੈਣ ਲਈ ਆ ਗਏ।
ਮੇਰੇ ਉਹਨਾਂ ਨਾਲ਼ ਤੁਰਨ ਸਮੇ ਗਿਅਨੀ ਜੀ ਉਪਰੋਂ ਆਪਣੇ ਕਮਰੇ ਵਿਚੋਂ ਵੇਖ ਰਹੇ ਸਨ ਤੇ ਆਪਣੀ ਡਿਊਟੀ
ਸਮਝ ਕੇ, ਇਹ ਖ਼ਬਰ ਉਹਨਾਂ ਨੇ ਪ੍ਰਬੰਧਕਾਂ ਤੱਕ ਵੀ ਪੁਚਾ ਦਿਤੀ। ਮੈ ਕੋਈ ਕਿਸੇ ਤੋਂ ਲੁਕ ਕੇ ਤਾਂ
ਜਾ ਨਹੀ ਸੀ ਰਿਹਾ। ਮੇਰਾ ਤੇ ਜੋ ਵੀ ਕਾਰਜ ਹੁੰਦਾ ਹੈ, ਪਰਗਟ ਹੀ ਹੁੰਦਾ ਹੈ। ਲੁਕਾ ਰੱਖ ਸੱਕਣ ਦੀ
ਰੱਬ ਨੇ ਅਕਲ ਹੀ ਨਹੀ ਦਿਤੀ।
ਖ਼ੈਰ ਉਸ ਦਿਨ ਬੁਧਵਾਰ ਸੀ ਤੇ ਬੁਧਵਾਰ ਯੋਗੀ ਜੀ ਦਾ ਛੁੱਟੀ ਦਾ ਦਿਨ ਹੁੰਦਾ ਹੈ। ਬਾਕੀ ਦੇ ਛੇ ਦਿਨ
ਉਹ ਕਾਰਜ ਵਿੱਚ ਲੱਗੇ ਰਹਿੰਦੇ ਹਨ ਤੇ ਇਸ ਲਈ ਉਹ ਰਾਤ ਹੋਵੇ ਜਾਂ ਦਿਨ ਕੋਈ ਸਮਾ ਨਹੀ ਸਨ ਵਿਚਾਰਿਆ
ਕਰਦੇ। ਕੇਵਲ ਬੁਧਵਾਰ ਦੇ ਦਿਨ ਹੀ ਮੁਕੰਮਲ ਛੁੱਟੀ ਮਨਾਇਆ ਕਰਦੇ ਸਨ।
ਮੈ ਜਦੋਂ ਉਹਨਾਂ ਦੇ ਕਮਰੇ ਵਿੱਚ ਪਰਵੇਸ਼ ਕੀਤਾ ਤਾਂ ਉਸ ਸਮੇ ਉਹ ਚਿੱਟੇ ਰੰਗ ਦੇ ਕਛਹਿਰੇ ਅਤੇ
ਚਿੱਟੀ ਹੀ ਬੁਨੈਣ ਵਿੱਚ ਇੱਕ ਵਿਸ਼ਾਲ ਕੁਰਸੀ ਉਪਰ ਸੁਸ਼ੋਭਤ ਸਨ। ਕਛਹਿਰਾ ਉਹਨਾਂ ਦਾ ਗੋਡਿਆਂ ਤੱਕ,
ਨਿਹੰਗ ਸਿੰਘਾਂ ਦੇ ਕਛਹਿਰਿਆਂ ਵਾਂਗ, ਬੜਾ ਪ੍ਰਭਾਵਸ਼ਾਲੀ ਲੱਗ ਰਿਹਾ ਸੀ। ਇੱਕ ਬੀਬੀ ਉਹਨਾਂ ਦੀ
ਸੱਜੀ ਲੱਤ ਦੀ ਮਾਲਸ਼ ਕਰ ਰਹੀ ਸੀ ਤੇ ਇੱਕ ਖੱਬੀ ਲੱਤ ਦੀ। ਇੱਕ ਉਹਨਾਂ ਦੇ ਸਿਰ ਦੀ ਮਾਲਸ਼ ਕਰ ਰਹੀ
ਸੀ। ਮੈਨੂੰ ਵੇਖ ਕੇ ਨਾ ਤਾਂ ਉਹ ਉਠੇ ਤੇ ਨਾ ਹੀ ਚੱਲ ਰਹੀ ‘ਕਾਰ ਸੇਵਾ’ ਵਿੱਚ ਕੋਈ ਵਿਘਨ ਪਿਆ।
ਵੈਸੇ ਉਸ ਵਰਗੀ ਮਹਾਨ ਸ਼ਖ਼ਸੀਅਤ ਦਾ ਮੇਰੇ ਵਰਗੇ ਦੀ ਆਮਦ ਤੇ ਉਠਣਾ ਯੋਗ ਵੀ ਨਹੀ ਸੀ। ਬੈਠਿਆਂ
ਬੈਠਿਆਂ ਹੀ ਉਹਨਾਂ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ, ਬੜੇ ਖੁਲਾਸੇ ਬਚਨਾਂ ਵਿੱਚ ਆਖਿਆ, “ਆ ਓਇ ਸੰਤੋਖ
ਸਿੰਹਾਂ’ ਕਦੋਂ ਦੇ ਅਸੀਂ ਤੈਨੂੰ ਉਡੀਕ ਰਹੇ ਸੀ। “ਹੋਰ ਵੀ ਕਈ ਖੁਲ੍ਹੇ ਬਚਨਾਂ ਦਾ ਪਰਸਪਰ ਵਟਾਂਦਰਾ
ਹੋਇਆ। ਉਪ੍ਰੰਤ ਉਹਨਾਂ ਨੇ ਕੁੱਝ ਛਕਣ ਛਕਾਉਣ ਦੀ ਗੱਲ ਕੀਤੀ। ਇਸ ਦੇ ਜਵਾਬ ਵਿੱਚ ਮੈ ਕਿਹਾ ਕਿ ਛਾਹ
ਵੇਲਾ ਤਾਂ ਮੈ ਕਰ ਚੁਕਿਆ ਹਾਂ ਤੇ ਦੁਪਹਿਰ ਸਮੇ ਦੋ ਫੁਲਕੇ ਛਕਣ ਦੀ ਲੋੜ ਦੱਸ ਦਿਤੀ। ਇਸ ਦੇ ਉਤਰ
ਵਿੱਚ ਉਹਨਾਂ ਨੇ ਆਖਿਆ, “ਓਇ ਤੂੰ ਗੁਰੂ ਰਾਮਦਾਸ ਜੀ ਦੇ ਘਰ ਆਇਆ ਏਂ; ਤੈਨੂੰ ਏਥੋਂ ਦੋ ਰੋਟੀਆਂ ਨਾ
ਮਿਲਣਗੀਆਂ?”
ਉਸ ਤੋਂ ਬਾਅਦ ਬਹੁਤ ਸਾਰੇ ਖੁਲ੍ਹੇ ਬਚਨ ਦੁਪਹਿਰ ਤੱਕ ਹੁੰਦੇ ਰਹੇ; ਜਿਨ੍ਹਾਂ ਵਿਚੋਂ ਇੱਕ ਇਹ ਵੀ
ਸੀ ਕਿ ਉਹਨਾਂ ਪਾਸ ਮੇਰੀ ਸਾਰੀ ਰੀਪੋਰਟ ਸੀ। ੧੩ ਅਪ੍ਰੈਲ ਤੋਂ ਲੈ ਕੇ ਕਿਥੇ ਗਿਆ ਤੇ ਕੀ ਕੀ ਕੀਤਾ।
“ਹਾਊ ਡਿਡ ਯੂ ਸਰਵਾਈਵ?” ਮੈ ਆਖਿਆ ਕਿ ਅਰਾਊਂਡ ਦਾ ਵਰਲਡ ਟਿਕਟ ਜੇਬ ਵਿੱਚ ਪਾ ਕੇ, ਪਰਵਾਰ ਨੂੰ
ਇੱਕ ਸਾਲ ਦਾ ਖ਼ਰਚ ਦੇ ਕੇ ਅੰਮ੍ਰਿਤਸਰ ਭੇਜ ਦਿਤਾ ਸੀ। ਮੈਨੂੰ ਕਿਸੇ ਦੀ ਪਰਵਾਹ ਨਹੀ। ਦਾਤੇ ਦੀ
ਸਾਜੀ ਹੋਈ ਰੰਗ ਬਰੰਗੀ ਦੁਨੀਆ ਦੇ ਦਰਸ਼ਨ ਕਰਦਾ ਫਿਰਦਾ ਹਾਂ। ਇਹ ਵੀ ਮਾਣ ਹੈ ਕਿ ਜਿਨ੍ਹਾਂ ਦੇਸਾਂ
ਦਾ ਹਿੰਦੁਸਤਾਨੀਆਂ ਨੂੰ ਵੀਜ਼ਾ ਨਹੀ ਮਿਲ਼ਦਾ ਉਹਨਾਂ ਵਿੱਚ ਮੈ ਸੈਰਾਂ ਕਰਦਾ ਫਿਰਦਾ ਹਾਂ। ਜੇ ਕਿਸੇ
ਸੰਸਥਾ ਦੇ ਪ੍ਰਬੰਧਕਾਂ ਦੇ ਮਨ ਮੇਹਰ ਪੈ ਜਾਵੇ ਤੇ ਆਪਣੀ ਜਥੇਬੰਦੀ ਦੇ ਇਕਠ ਨੂੰ ਸੰਬੋਧਨ ਕਰਨ ਦਾ
ਸ਼ੁਭ ਅਵਸਰ ਪਰਾਪਤ ਕਰਾ ਦੇਣ ਤਾਂ ਉਸ ਨਿਰੰਕਾਰ ਦਾ ਸ਼ੁਕਰ ਹੋ ਜਾਂਦਾ ਹੈ ਤੇ ਲੋਕਾਂ ਨਾਲ਼ ਵਾਕਫ਼ੀਅਤ
ਵਿੱਚ ਵਾਧਾ ਮੁਫ਼ਤ ਵਿਚ।
ਇਕ ਗੱਲ ਦੱਸਣ ਵਾਲ਼ੀ ਰਹਿ ਗਈ। ਇਸ ਵਾਰੀਂ ਜਦੋਂ ਮੈ ਅੰਮ੍ਰਿਤਸਰੋਂ ਤੁਰਨਾ ਸੀ ਤਾਂ ਐਵੇਂ ਵਿਚਾਰ
ਜਿਹਾ ਆ ਗਿਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿ. ਸਾਧੂ ਸਿੰਘ ਭੌਰਾ ਜੀ ਨੂੰ ਮਿਲ਼ਦੇ ਜਾਈਏ।
ਭੌਰਾ ਜੀ ਯੋਗੀ ਜੀ ਨਾਲ਼ ਖ਼ੁਸ਼ ਨਹੀ ਸਨ। ਕਾਰਨਾਂ ਵਿਚੋਂ ਇੱਕ ਕਾਰਨ ਇਹ ਵੀ ਸੀ ਕਿ ਯੋਗੀ ਜੀ ਖ਼ੁਦ
ਨੂੰ ‘ਸ੍ਰੀ ਸਿੰਘ ਸਾਹਿਬ’ ਅਖਵਾਉਂਦੇ ਤੇ ਇਹ ਪਦਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਰਾਪਤ ਹੋਈ ਜ਼ਾਹਰ
ਕਰਦੇ ਸਨ, ਜਦੋਂ ਕਿ ਪਦਵੀ ਦੇਣ ਵਾਲਾ ਸਿਰਫ਼ ‘ਸਿੰਘ ਸਾਹਿਬ ‘ਹੀ ਆਖਿਆ ਜਾਂਦਾ ਹੈ। ਇਸ ਯਾਤਰਾ
ਦੌਰਾਨ ਮੈ ਪ੍ਰੈਸ, ਜਥੇਦਾਰ ਭੌਰਾ ਜੀ ਅਤੇ ਕੁੱਝ ਆਪਣੇ ਵੱਲੋਂ ਪੈਦਾ ਹੋਏ ਸ਼ੰਕੇ ਵੀ, ਯੋਗੀ ਜੀ ਦੇ
ਰੂਬਰੂ ਹੋ ਕੇ ਦੂਰ ਕਰਨੇ ਚਾਹੁੰਦਾ ਸਾਂ।
ਦੁਪਹਿਰ ਸਮੇ ਅਸੀਂ ਸਾਰੇ ਰੋਟਰੀ ਕਲੱਬ ਨੂੰ ਚੱਲ ਪਏ। ਯੋਗੀ ਜੀ ਸਿਰ ਤੇ ਵਲ੍ਹੇਟੀ ਹੋਈ ਚਿੱਟੀ
ਦਸਤਾਰ, ਜੋ ਉਹਨਾਂ ਦੇ ਤਾਲ਼ੂ ਦੇ ਵਿਚਕਾਰ ਭਰਵੇਂ ਜੂੜੇ ਕਰਕੇ ਸੋਹਣੀ ਸਜ ਰਹੀ ਸੀ ਤੇ ਉਹਨਾਂ ਨੂੰ
ਉਹਨਾਂ ਦੇ ਅਸਲੀ ਕੱਦ ਨਾਲ਼ੋਂ ਉਚੇਰਾ ਦਰਸਾ ਰਹੀ ਸੀ। ਭਾਵੇਂ ਕਿ ਅਸਲੀ ਕੱਦ ਵੀ ਉਹਨਾਂ ਦਾ ਆਮ ਬੰਦੇ
ਨਾਲ਼ੋਂ ਕੁੱਝ ਉਚੇਰਾ ਹੀ ਸੀ। ਗਲ਼ ਤੋਂ ਲੈ ਕੇ ਗਿੱਟਿਆਂ ਤੱਕ ਚਿੱਟਾ ਚੋਲ਼ਾ ਤੇ ਹੱਥ ਵਿੱਚ ਵੱਡੀ
ਸ੍ਰੀ ਸਾਹਿਬ ਸੋਭ ਰਹੀ ਸੀ। ਮਗਰੇ ਉਹਨਾਂ ਦਾ ਚੀਫ਼ ਪ੍ਰੋਟੋਕੋਲ ਅਧਿਕਾਰੀ, ਉਹਨਾਂ ਦੀ ਸੈਕ੍ਰੇਟਰੀ,
ਇੱਕ ਦੋ ਹੋਰ ਸੱਜਣ ਤੇ ਵਿਚੇ ਹੀ ਮੈ ਵੀ ਉਹਨਾਂ ਦੀ ਕਾਨਵਾਈ ਵਿੱਚ ਸ਼ਾਮਲ ਸਾਂ। ਬਾਕੀ ਸਾਰੇ ਸੱਜਣ
ਨਿਰੋਲ਼ ਦੁਧ ਰੰਗੀਆਂ ਚਿੱਟੀਆਂ ਪੁਸ਼ਾਕਾਂ ਵਿੱਚ ਤੇ ਸਿਰਫ਼ ਮੈ ਹੀ ਨੀਲੀ ਪੱਗ ਤੇ ਨੀਲੇ ਓਵਰ ਕੋਟ
ਵਾਲ਼ਾ ਸਾਂ ਪਰ ਚੂੜੀਦਾਰ ਪਜਾਮਾ ਮੇਰਾ ਵੀ ਚਿੱਟਾ ਸੀ ਤੇ ਕੋਟ ਦੇ ਥੱਲੇ ਗੋਡਿਆਂ ਤੱਕ ਲੰਮਾ ਝੱਗਾ
ਵੀ ਚਿੱਟਾ ਹੀ ਸੀ ਪਰ ਉਹ ਲੰਮੇ ਕੋਟ ਦੇ ਥੱਲੇ ਲੁਕਿਆ ਹੋਇਆ ਸੀ। ਹਾਲ ਸਾਰਾ ਭਰਿਆ ਹੋਇਆ ਸੀ ਅਤੇ
ਹਰ ਕੋਈ ਆਪੋ ਅਪਣੇ ਟੇਬਲ ਉਪਰ ਸਜਿਆ ਹੋਇਆ ਤੇ ਰੁਝਾ ਹੋਇਆ ਦਿਸ ਰਿਹਾ ਸੀ। ਜਦੋਂ ਯੋਗੀ ਜੀ ਦੀ
ਅਗਵਾਈ ਹੇਠ ਅਸੀਂ ਹਾਲ ਦੇ ਅੰਦਰ ਦਾਖ਼ਲ ਹੋਏ ਤਾਂ ਜ਼ਾਹਰਾ ਤੌਰ ਤੇ ਇਉਂ ਲੱਗਾ ਜਿਵੇਂ ਸਾਡੇ ਵੱਲ
ਕਿਸੇ ਨੇ ਧਿਅਨ ਨਾ ਦਿਤਾ ਹੋਵੇ। ਪੱਛਮੀ ਦੇਸਾਂ ਦੇ ਵਸਿੰਦਿਆਂ ਦੀ ਇੱਕ ਇਹ ਵੀ ਖ਼ੂਬੀ ਹੈ ਕਿ ਉਹ
ਅਣਜਾਣੇ ਬੰਦਿਆਂ ਵੱਲ, ਸਾਡੇ ਵਾਂਗ ਡੇਲੇ ਪਾੜ ਪਾੜ ਕੇ ਨਹੀ ਵੇਖਦੇ। ਚੁੱਪ ਚੁਪੀਤੇ ਭਾਵੇਂ ਇੱਕ
ਨਜ਼ਰ ਉਹ ਵੇਖ ਲੈਣ ਪਰ ਜ਼ਾਹਰਾ ਤੌਰ ਤੇ ਇਉਂ ਹੀ ਅਹਿਸਾਸ ਕਰਵਾਉਣਗੇ ਜਿਵੇਂ ਉਹਨਾਂ ਨੇ ਤੁਹਾਡੇ ਵੱਲ
ਬਾਕੀਆਂ ਨਾਲ਼ੋਂ ਕੋਈ ਉਚੇਚ ਨਹੀ ਵਿਖਾਈ।
ਸਪੈਸ਼ਲ ਇੱਕ ਵੱਡਾ ਟੇਬਲ ਉਹਨਾਂ ਵਾਸਤੇ ਸ਼ਾਕਾਹਾਰੀ ਭੋਜਨ ਵਾਸਤੇ ਸਜਾਇਆ ਹੋਇਆ ਸੀ। ਅਸੀਂ ਸਾਰੇ ਜਾ
ਕੇ ਨਿਸਚਿਤ ਟੇਬਲ ਉਪਰ ਸਜ ਗਏ। ਬਾਕੀ ਸਾਰੇ ਟੇਬਲਾਂ ਵਾਲ਼ੇ ਚੁੱਪ ਚਾਪ ਆਪਣੇ ਆਪਣੇ ਭੋਜਨ ਵਿੱਚ
ਰੁਝੇ ਹੋਏ ਸਨ। ਇਸ ਸਮੇ ਦੀ ਚੁੱਪ ਨੂੰ ਯੋਗੀ ਜੀ ਨੇ ਅਚਾਨਕ ਆਪਣੀ ਬੁਲੰਦ ਅਵਾਜ਼ ਨਾਲ਼ ਇਉਂ ਤੋੜਿਆ:
ਇਫ਼ ਹਿੰਦੂਜ਼ ਈਟ ਬੀਫ਼ ਦੇ ਗੋ ਟੂ ਹੈਲ। ਇਫ਼ ਮੁਸਲਿਮਜ਼ ਈਟ ਪੋਰਕ, ਦੇ ਗੋ ਟੂ ਹੈਲ।
ਕ੍ਰਿਸਚੀਅਨਜ਼ ਈਟ ਬੋਥ, ਦੇ ਗੋ ਟੂ ਹੈਵਨ।
ਜੇ ਹਿੰਦੂ ਗਾਂ ਖਾਣ ਤਾਂ ਉਹ ਨਰਕ ਵਿੱਚ ਜਾਂਦੇ ਨੇ। ਜੇ ਮੁਸਲਮਾਨ ਸੂਰ ਖਾਣ ਤਾਂ ਉਹ ਵੀ ਨਰਕ ਵਿੱਚ
ਜਾਂਦੇ ਨੇ ਪਰ ਈਸਾਈ ਦੋਵੇਂ ਖਾ ਜਾਂਦੇ ਨੇ ਤੇ ਉਹ ਸਵੱਰਗ ਵਿੱਚ ਜਾਂਦੇ ਨੇ।
ਇਹ ਸੁਣ ਕੇ ਸਾਰੇ ਹਾਲ ਵਿੱਚ ਹਾਸੇ ਦੀ ਲਹਿਰ ਇਉਂ ਪੈਦਾ ਹੋਈ ਜਿਵੇਂ ਝੀਲ਼ ਦੇ ਸ਼ਾਂਤ ਪਾਣੀਆਂ ਵਿੱਚ
ਕੁੱਝ ਸੁੱਟਣ ਨਾਲ਼ ਪਲ ਭਰ ਲਈ ਲਹਿਰਾਂ ਪੈਦਾ ਹੋ ਜਾਂਦੀਆਂ ਨੇ; ਤੇ ਫਿਰ ਇਉਂ ਚੁੱਪ ਚਾਂਦ ਹੋ ਗਈ
ਜਿਵੇਂ ਮੁੜ ਪਾਣੀ ਆਪਣੀ ਪਹਿਲੀ ਟਿਕਾ ਵਾਲ਼ੀ ਅਵਸਥਾ ਵਿੱਚ ਹੀ ਆ ਜਾਂਦਾ ਹੈ। ਨਾ ਕਿਸੇ ਨੇ ਕੋਈ ਗੱਲ
ਤੇ ਨਾ ਹੀ ਖ਼ੁਸਰ ਫ਼ੁਸਰ ਕੀਤੀ। ਸਾਰੇ ਆਪੋ ਆਪਣੇ ਕਾਰਜਾਂ ਵਿੱਚ ਮਸਤ।
ਖੈਰ, ਖਾਣਾ ਖਾ ਕੇ ਅਸੀਂ ਵਾਪਸ ਆ ਗਏ। ਉਸ ਦਿਨ ਤਾਂ ਮੈ ਵਾਪਸ ਗੁਰਦੁਆਰਾ ਸਾਹਿਬ ਵਿਖੇ ਚਲਿਆ ਗਿਆ
ਕਿਉਂਕਿ ਐਤਵਾਰ ਦੇ ਦੀਵਾਨ ਵਿੱਚ ਓਥੇ ਮੇਰਾ ਵਿਖਿਆਨ ਸੀ ਤੇ ਮੇਰਾ ‘ਟਿੰਡ ਫਹੁੜੀ’ ਵੀ ਓਥੇ ਹੀ ਸੀ।
ਮੇਰੇ ਵਾਪਸ ਮੁੜਨ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮੇਰੀ ਜਵਾਬ ਤਲਬੀ ਕੀਤੀ। ਪੁਛਿਆ, “ਯੋਗੀ ਜੀ
ਨਾਲ਼ ਮੇਰੇ ਕੀ ਸਬੰਧ ਹਨ!” ਮੈ ਕਿਹਾ, “ਬਹੁਤ ਚੰਗੇ ਹਨ। ਪੰਥ ਉਹਨਾਂ ਨੂੰ ਮਾਨਤਾ ਦਿੰਦਾ ਹੈ ਤੇ ਮੈ
ਵੀ ਉਹਨਾਂ ਦਾ ਪ੍ਰਸੰਸਕ ਹਾਂ”। ਮੇਰਾ ਇਹ ਜਵਾਬ ਉਹਨਾਂ ਨੂੰ ਚੰਗਾ ਨਾ ਲੱਗਾ ਤੇ ਉਹ ਯੋਗੀ ਜੀ ਦੇ
ਖ਼ਿਲਾਫ਼ ਵਾਹਵਾ ਗੱਲਾਂ ਕਰਨ ਲੱਗ ਪਏ ਪਰ ਉਹਨਾਂ ਨੇ ਐਤਵਾਰੀ ਦੀਵਾਨ ਵਿੱਚ ਮੈਨੂੰ ਅੱਧਾ ਘੰਟਾ
ਵਿਖਿਅਨ ਵਾਸਤੇ ਦੇ ਦਿਤਾ। ਨਾ ਚੰਗਾ ਆਖਿਆ ਨਾ ਮਾੜਾ। ੫੧ ਡਾਲਰਾਂ ਸਮੇਤ ਗੁਰਦੁਆਰਾ ਸਾਹਿਬ ਵੱਲੋਂ
ਸਿਰੋਪਾ ਵੀ ਬਖ਼ਸ਼ ਦਿਤਾ। ਇੱਕ ਨੌਜਵਾਨ ਡਾਕਟਰ ਸੱਜਣ ਦੀਵਾਨ ਉਪ੍ਰੰਤ ਮਿਲ਼ੇ ਜਿਹਨਾਂ ਨੂੰ ਪਤਾ ਨਹੀ
ਸੀ ਕਿ ਪ੍ਰਬੰਧਕ ਮੇਰੇ ਤੇ ਖ਼ੁਸ਼ ਨਹੀ ਹਨ। ਉਹਨਾਂ ਨੇ ਅਗਲੀ ਵਾਰ ਆਪਣੇ ਨਾਲ ਇੱਕ ਰਾਗੀ ਜਥਾ ਲਿਆਉਣ
ਦਾ ਵੀ ਸੁਝਾ ਦਿਤਾ ਤੇ ਇਸ ਬਾਰੇ ਆਪਣੇ ਵੱਲੋਂ ਸਹਾਇਤਾ ਕਰਨ ਦਾ ਬਚਨ ਵੀ ਦਿਤਾ। ਮੈ ਆਪਣਾ ‘ਲਟਾ
ਪਟਾ’ ਚੁੱਕਿਆ ਅਤੇ ਯੋਗੀ ਜੀ ਵੱਲੋਂ ਭੇਜੀ ਗਈ ਕਾਰ ਉਪਰ ਸਵਾਰ ਹੋ ਕੇ, ਉਹਨਾਂ ਵੱਲੋਂ ਆਪਣੇ ਆਸ਼੍ਰਮ
ਵਿੱਚ ਮੇਰੇ ਵਾਸਤੇ ਖਾਲੀ ਕੀਤੇ ਗਏ ਕਮਰੇ ਵਿੱਚ ਜਾ ਝੰਡਾ ਗੱਡਿਆ। ਉਹਨਾਂ ਨੇ ਜੁੰਮੇਵਾਰ ਸੱਜਣਾਂ
ਨੂੰ ਮੇਰੇ ਪ੍ਰਸ਼ਾਦੇ ਪਾਣੀ ਦਾ ਧਿਆਨ ਰੱਖਣ ਲਈ ਆਖ ਦਿਤਾ।
ਕੁਝ ਸ਼ੰਕੇ ਜੋ ਪ੍ਰੈਸ ਵਿੱਚ ਅਤੇ ਗਿ. ਸਾਧੂ ਸਿੰਘ ਜੀ ਹੋਰਾਂ ਵੱਲੋਂ ਪਰਗਟ ਕੀਤੇ ਗਏ ਸਨ ਉਹਨਾਂ
ਬਾਰੇ ਮੈ ਸਾਹਮਣੇ ਬੈਠ ਕੇ ਯੋਗੀ ਜੀ ਦੀ ਆਪਣੀ ਰਸਨਾ ਦੁਆਰਾ ਜਵਾਬ ਲੈਣੇ ਚਾਹੁੰਦਾ ਸਾਂ। ਸਾਡੀਆਂ
ਖੁਲ੍ਹੀਆਂ ਵਿਚਾਰਾਂ ਕੁੱਝ ਦਿਨ ਹੁੰਦੀਆਂ ਰਹੀਆਂ। ਜਥੇਦਾਰ ਭੌਰਾ ਜੀ ਨੇ, ਜਿਵੇਂ ਕਿ ਕਿਸੇ ਦੀ ਮੈ
ਜਾਸੂਸੀ ਕਰਨ ਦੇ ਕਾਬਲ ਹੋਵਾਂ, ਮੈਨੂੰ ਕੁੱਝ ਖਾਸ ਗੱਲਾਂ ਦਾ ਪਤਾ ਕਰਨ ਲਈ ਆਖਿਆ। ਮੈ ਕਿਹਾ ਕਿ
ਮੈਨੂੰ ਤਾਂ ਉਹਨਾਂ ਦੇ ਕਾਰ ਵਿਹਾਰ ਵਿੱਚ ਕੋਈ ਕਮੀ ਨਜ਼ਰ ਨਹੀ ਆਈ; ਤਾਂ ਭੌਰਾ ਜੀ ਖਾਸੇ ਜੋਸ਼ ਵਿੱਚ
ਆ ਕੇ ਬੋਲੇ:
ਇਹੀ ਤਾਂ ਤੇਰੇ ਵਿੱਚ ਨੁਕਸ ਆ ਸੰਤੋਖ ਸਿਹਾਂ। ਤੂੰ ਕਿਸੇ ਨੂੰ ਗ਼ਲਤ ਪਾਸਿਉਂ ਵੇਖਦਾ ਈ ਨਹੀ। ਜੇ
ਨੁਕਸ ਲਭਣ ਦੀ ਰੁਚੀ ਨਾਲ਼ ਵੇਖੋ ਤਾਂ ਹਰੇਕ ਵਿਚੋਂ ਨੁਕਸ ਲਭ ਪੈਂਦੇ ਹਨ।
ਖੈਰ, ਮੈ ਤਾਂ ਗਿਅਨੀ ਜੀ ਦਾ ਵਿਦਵਾਨ ਅਤੇ ਮਨਮੋਹਕ ਸਖ਼ਸੀਅਤ ਦੇ ਮਾਲਕ ਹੋਣ ਕਰਕੇ ਸਤਿਕਾਰ ਕਰਦਾ
ਸਾਂ ਤੇ ਹਾਂ ਵੀ। ਮੈ ਕੁੱਝ ਨਾ ਬੋਲਿਆ ਪਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਜਰੂਰ ਰੱਖਿਆ। ਇਸ ਲਈ
ਮੈ ਯੋਗੀ ਜੀ ਪਾਸੋਂ ਤਸੱਲੀ ਵਾਸਤੇ ਕੁੱਝ ਸਵਾਲ ਆਹਮੋ ਸਾਹਮਣੇ ਬੈਠ ਕੇ ਪੁੱਛੇ। ਉਹਨਾਂ ਵਿਚੋਂ
ਕੁੱਝ ਹੁਣ ਵੀ ਯਾਦ ਹਨ:
ਅੰਮ੍ਰਿਤ ਕਦੋਂ ਤੇ ਕਿਥੋਂ ਛਕਿਆ?
ਅੱਠ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁੱਜਰਾਂਵਾਲ਼ਾ ਤੋਂ।
ਯੋਗ ਦੀ ਸਿੱਖਿਆ ਕਿਸ ਤੋਂ ਲਈ?
ਸੰਤ ਹਜ਼ਾਰਾ ਸਿੰਘ ਜੀ ਤੋਂ
ਆਪਣੇ ਪੈਰੋਕਾਰਾਂ ਦੀ ਗਿਣਤੀ ਵਧਾ ਕੇ ਦੱਸਦੇ ਹੋ?
ਇਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਆਖਿਆ ਕਿ ਸਾਡੇ ਵੱਖ ਵੱਖ ਆਸ਼੍ਰਮਾਂ ਵਿੱਚ
ਜੇਹੜੇ ਲੋਕ ਫੀਸ ਭਰ ਕੇ ਯੋਗ ਸਿੱਖਣ ਲਈ ਦਾਖ਼ਲਾ ਲੈਂਦੇ ਹਨ ਉਹਨਾਂ ਦੀ ਗਿਣਤੀ ਰਜਿਸਟਰ ਅਨੁਸਾਰ ਕੋਈ
ਢਾਈ ਲੱਖ ਦੇ ਕਰੀਬ ਹੈ। ਸਾਰੇ ਤਾਂ ਸਿੱਖ ਨਹੀ ਬਣ ਗਏ। ਉਹਨਾਂ ਵਿਚੋਂ ਕਈ ਵਿਚੇ ਛੱਡ ਜਾਂਦੇ ਹਨ,
ਕਈ ਯੋਗ ਸਿੱਖ ਕੇ ਆਪਣੇ ਰਾਹ ਲੱਗਦੇ ਹਨ। ਜੇਹੜੇ ਆਪਣੀ ਖ਼ੁਸ਼ੀ ਨਾਲ਼ ਸਿੱਖ ਸਜਣਾ ਚਾਹੁਣ ਉਹਨਾਂ ਨੂੰ
ਮੈ ਸ੍ਰੀ ਅਕਾਲ ਤਖ਼ਤ ਸਾਹਿਬ ਭੇਜ ਕੇ ਅੰਮ੍ਰਿਤ ਛਕਣ ਲਈ ਆਖਦਾ ਹਾਂ। ਜੇ ਏਥੇ ਪ੍ਰਬੰਧ ਹੋ ਜਾਵੇ ਤਾਂ
ਏਥੇ ਵੀ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮੈ ਕਿਸੇ ਨੂੰ ਵੀ ਸਿੱਖ ਬਣਨ ਲਈ ਨਹੀ
ਆਖਦਾ। ਜੇ ਕੋਈ ਸਾਡੀ ਰਹਿਤ ਬਹਿਤ, ਵਰਤੋਂ ਵਿਹਾਰ ਤੋਂ ਪ੍ਰਭਾਵਤ ਹੋ ਕੇ ਸਿੱਖ ਸਜਣਾ ਚਾਹੇ ਤਾਂ
ਅਸੀਂ ਕਿਸੇ ਨੂੰ ਰੋਕਦੇ ਨਹੀ ਸਗੋਂ ਸਵਾਗਤ ਕਰਦੇ ਹਾਂ। ਇਸ ਸਮੇ, ਸਾਰੇ ਸਮੇ ਵਾਸਤੇ ਸਾਡੀ ਜਥੇਬੰਦੀ
ਦੇ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਨ ਵਾਲ਼ੇ ਤਿਆਰ ਬਰ ਤਿਆਰ ਸਿੰਘ ਸਿੰਘਣੀਆਂ ਕੁੱਲ ੯੨੦ ਹਨ ਜੋ
ਵੱਖ ਵਖ ਕਾਰਜ ਕਰਨ ਦੇ ਮਾਹਰ ਹਨ। ਕੁੱਝ ਯੋਗ ਕਲਾਸਾਂ ਚਲਾਉਂਦੇ ਹਨ, ਕੁੱਝ ਰੈਸਟੋਰੈਂਟ ਤੇ ਕੁੱਝ
ਹੋਰ ਬਿਜ਼ਨਿਸ।
ਹੁਣ ਪਤਾ ਲੱਗਾ ਹੈ ਕਿ ‘ਅਕਾਲ ਸੈਕਿਉਰਟੀ ਸਰਵਿਸ’ ਨਾਂ ਦੀ ਸੈਕਿਉਰਟੀ ਫ਼ਰਮ ਵੀ ਇਹੀ ਚਲਾਉਂਦੇ ਹਨ
ਜੋ ਕਿ ਬਹੁਤ ਇਤਬਾਰ ਯੋਗ ਸਮਝੀ ਜਾਂਦੀ ਹੈ।
ਸਿੱਖ ਬਣਾਉਣ ਲਈ ਕੀ ਤਰੀਕਾ ਵਰਤਦੇ ਹੋ?
ਕੋਈ ਤਰੀਕਾ ਨਹੀ। ਯੋਗ ਸਿੱਖਣ ਆਇਆ ਕੋਈ ਵਿਅਕਤੀ ਸਿੱਖ ਧਰਮ ਤੋਂ ਪ੍ਰਭਾਵਤ ਹੋ ਕੇ ਸਿੱਖ ਬਣਨਾ
ਚਾਹੇ ਤਾਂ ਉਸ ਨੂੰ ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਛਕਾ ਦਿਤਾ ਜਾਂਦਾ ਹੈ।
‘ਸ੍ਰੀ ਸਿੰਘ ਸਾਹਿਬ’ ਦਾ ਖ਼ਿਤਾਬ ਕਿਸ ਨੇ ਤੇ ਕਦੋਂ ਦਿਤਾ?
ਇਸ ਬਾਰੇ ਯੋਗੀ ਜੀ ਨੇ ਬਹੁਤ ਲੰਮਾ ਅਤੇ ਜਜ਼ਬਾਤੀ ਜਿਹਾ ਭਾਸਨ ਦੇ ਦਿਤਾ ਜਿਸ ਦੇ ਵਿਸਥਾਰ ਵਿੱਚ ਜਾਣ
ਦੀ ਹੁਣ ਸਮਰਥਾ ਨਹੀ। ਇਹ ਤਾਂ ਮੈਨੂੰ ਪਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੂੰ, ਕੌਮੀ
ਅਤੇ ਧਾਰਮਿਕ ਸੇਵਾਵਾਂ ਕਰਕੇ, ‘ਭਾਈ ਸਾਹਿਬ’ ਦਾ ਖ਼ਿਤਾਬ ਅਤੇ ਸ੍ਰੀ ਸਾਹਿਬ ਦੀ ਬਖ਼ਸ਼ਿਸ ਹੋਈ ਸੀ।
ਯੋਗੀ ਜੀ ਨਾਲ਼ ਬਹੁਤ ਖੁਲ੍ਹੀਆਂ ਵਿਚਾਰਾਂ ਦੌਰਾਨ ਮੇਰੇ ਉਪਰ ਯੋਗੀ ਜੀ ਨੇ ਆਪਣਾ ਰੋਹਬ ਪਾਉਣ ਲਈ ਵੀ
ਕਦੀ ਕਦੀ ਯਤਨ ਕਰਨਾ ਪਰ ਇਹਨੀਂ ਦਿਨੀਂ ਮੇਰੇ ਮੂੰਹ ਅਤੇ ਦਾਹੜੀ ਦਾ ਇਕੋ ਰੰਗ ਹੋਣ ਕਰਕੇ, ਮੈ ਹੁਣ
ਨਾਲ਼ੋਂ ਵਧ ਦਲੇਰ ਆਖ ਲਵੋ ਜਾਂ ਮੂਰਖ ਵਧ ਹੀ ਸਾਂ, ਇਸ ਲਈ ਉਹਨਾਂ ਦੇ ‘ਬਚਨਾਂ’ ਦੀ ਮਾਰ ਹੇਠ ਨਾ
ਆਇਆ। ਫਿਰ ਓਹਨੀਂ ਦਿਨੀਂ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਅਤੇ ਕੇਂਦਰ ਵਿੱਚ ਅਕਾਲੀ ਭਾਈਵਾਲ਼ ਹੋਣ
ਕਰਕੇ, ਅਤੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਦੋਵੇਂ ਕੇਂਦਰ ਦੇ ਮੰਤਰੀਆਂ, ਸਰਦਾਰ
ਸੁਰਜੀਤ ਸਿੰਘ ਬਰਨਾਲਾ ਅਤੇ ਸਰਦਾਰ ਧੰਨਾ ਸਿੰਘ ਗੁਲਸ਼ਨ, ਨਾਲ਼ ਮੇਰੀ ਸਿਧੀ ਵਾਕਫ਼ੀ ਹੋਣ ਦਾ ਵੀ ਮੇਰੀ
ਦਲੇਰੀ ਉਪਰ ਅਸਰ ਸੀ। ਮੇਰੇ ਉਹਨਾਂ ਦੇ ਪ੍ਰਭਾਵ ਥੱਲੇ ਨਾ ਆ ਸਕਣ ਤੇ ਇੱਕ ਦਿਨ ਆਪਣੇ ਸਾਥੀ ਵੱਲ
ਇਸ਼ਾਰਾ ਕਰਕੇ ਅੰਗ੍ਰੇਜ਼ੀ ਵਿੱਚ ਬੋਲੇ, “ਇਹ ਵੀ ਕੁੱਝ ਹੈ ਈ!”
ਮੇਰੇ ਵੱਲੋਂ ਸ. ਪ੍ਰੀਤਮ ਸਿੰਘ ਅਤੇ ਸ. ਰੈਲਫ਼ ਸਿੰਘ ਦੇ ਯੋਗੀ ਜੀ ਤੋਂ ਬਾਗ਼ੀ ਹੋ ਕੇ, ਉਹਨਾਂ ਦੇ
ਖ਼ਿਲਾਫ਼ ਪ੍ਰਚਾਰ ਦਾ ਕਾਰਨ ਪੁੱਛਣ ਤੇ ਵੀ ਯੋਗੀ ਜੀ ਨੇ ਆਪਣਾ ਪੱਖ ਦੱਸਿਆ।
ਇਸ ਕਿਆਮ ਦੌਰਾਨ ਹੋਰ ਵੀ ਬਹੁਤ ਸਾਰੇ ਖੁਲ੍ਹੇ ਵਿਚਾਰ ਵਟਾਂਦਰੇ ਹੁੰਦੇ ਰਹੇ।
ਇਸ ਸਮੇ ਕੁੱਝ ਖਾਸ ਘਟਨਾਵਾਂ ਵੀ ਘਟੀਆਂ। ਇੱਕ ਦਿਨ ਉਹਨਾਂ ਦਾ ਸਾਹਿਬਜ਼ਾਦਾ ਵੀ ਓਥੇ ਹੀ ਸੀ। ਦਾਹੜਾ
ਤਾਂ ਭਾਵੇਂ ਉਸ ਦਾ ਪੂਰਾ ਤੇ ਪ੍ਰਕਾਸ਼ਤ ਰੂਪ ਵਿੱਚ ਸੀ ਪਰ ਅਮ੍ਰੀਕਨ ਸਿੱਖਾਂ ਵਰਗਾ ਉਸ ਨੇ ਲਿਬਾਸ
ਨਹੀ ਸੀ ਪਾਇਆ ਹੋਇਆ। ਆਮ ਸਾਧਾਰਨ ਕਮੀਜ਼ ਤੇ ਨੀਲੇ ਰੰਗ ਦੀ ਜੀਨ, ਜੋ ਕਿ ਉਸ ਸਮੇ ਦੌਰਾਨ ਨੌਜਵਾਨਾਂ
ਦਾ ਬੜਾ ਮਨ ਭਾਉਂਦਾ ਪਹਿਰਾਵਾ ਹੁੰਦਾ ਸੀ, ਪਾਈ ਹੋਈ ਸੀ ਤੇ ਯੋਗੀ ਜੀ ਉਸ ਨਾਲ਼ ਬਹੁਤ ਗੱਲਾਂ ਕਰ
ਰਹੇ ਸਨ। ਉਹ ਇਉਂ ਪ੍ਰਭਾਵ ਦੇ ਰਿਹਾ ਸੀ ਜਿਵੇਂ ਬਹੁਤ ਹੀ ਭੋਲ਼ਾ ਜਿਹਾ ਨੌਜਵਾਨ ਹੁੰਦਾ ਹੈ ਤੇ ਬੋਹੜ
ਰੂਪੀ ਪਿਤਾ ਦੀ ਛਾਂ ਹੇਠ ਆਜ਼ਾਦ ਮਾਹੌਲ ਵਿੱਚ ਮੌਲ ਨਹੀ ਰਿਹਾ।
ਏਸੇ ਸਮੇ ਇੱਕ ਨੌਜਵਾਨ ਆਇਆ। ਉਹ ਸਿੱਖੀ ਸਰੂਪ ਵਿੱਚ ਸੀ ਪਰ ਯੋਗੀ ਜੀ ਦੀ ਜਥੇਬੰਦੀ ਛੱਡ ਕੇ ਜਾਣਾ
ਚਾਹੁੰਦਾ ਸੀ। ਯੋਗੀ ਜੀ ਨੇ ਉਸ ਨੂੰ ਐਸੀ ਚੜ੍ਹਦੀਕਲਾ ਵਾਲ਼ੇ ਬਚਨਾਂ ਨਾਲ ਘੇਰਾ ਪਾਇਆ ਕਿ ਉਸ ਦਾ
ਵਿਚਾਰ ਬਦਲ ਗਿਆ। ਉਸ ਨੂੰ ਆਖੇ ਗਏ ਬਚਨਾਂ ਵਿਚੋਂ ਮੈਨੂੰ ਇੱਕ ਗੱਲ ਹੁਣ ਵੀ ਯਾਦ ਹੈ। ਯੋਗੀ ਜੀ ਨੇ
ਉਸ ਨੂੰ ਆਖਿਆ, “ਖ਼ਾਲਸੇ ਦਾ ਰਾਜ ਆਉਣ ਵਾਲ਼ਾ ਹੈ ਤੇ ਅਸੀਂ ਨਹੀ ਚਾਹੁੰਦੇ ਕਿ ਤੇਰੇ ਵਰਗਾ ਸਿੰਘ ਉਸ
ਸਮੇ ਸਾਡੇ ਨਾਲ਼ ਨਾ ਹੋਵੇ”। ਉਹ ਛੁੱਟੀ ਮੰਗਣ ਆਇਆ ਨੌਜਵਾਨ ਆਪਣਾ ਇਰਾਦਾ ਤਰਕ ਕਰਕੇ ਤੇ ਸੰਸਥਾ ਦੇ
ਨਾਲ਼ ਰਹਿਣ ਦਾ ਵਿਚਾਰ ਬਣਾ ਕੇ ਗਿਆ।
ਇਕ ਦਿਨ ਯੋਗੀ ਜੀ ਦੇ ਬਚਨਾਂ ਦਾ ਹੋਰ ਚਮਤਕਾਰ ਵੇਖਣ ਦਾ ਮੌਕਾ ਮਿਲ਼ਿਆ। ਫ਼ੋਨ ਰਾਹੀਂ ਇੱਕ ਸਿੱਖ
ਯੋਗੀ ਜੀ ਕੋਲ਼ ਆਪਣੇ ਪਰ ਇਸਤਰੀ ਸੰਗ ਦੇ ਗੁਨਾਹ ਦਾ ਇਕਬਾਲ ਕਰ ਰਿਹਾ ਸੀ। ਯੋਗੀ ਜੀ ਤੋਂ ਪ੍ਰਭਾਵਤ
ਹੋ ਕੇ ਬਣੇ ਸਿੱਖਾਂ ਦਾ ਪਿਛੋਕੜ ਈਸਾਈ ਹੋਣ ਕਰਕੇ ਉਹ ਵੀ ਜਿਵੇਂ ਆਪਣੇ ਪ੍ਰੀਸਟ ਕੋਲ਼ ਜਾ ਕੇ ਗੁਨਾਹ
ਦਾ ਇਕਬਾਲ ਕਰਕੇ, ਪ੍ਰੀਸਟ ਵੱਲੋਂ ਦੱਸਿਆ ਡੰਨ ਭਰ ਕੇ, ਮੁਆਫ਼ ਹੋਇਆ ਸਮਝਦੇ ਹਨ; ਏਸੇ ਤਰ੍ਹਾਂ ਇਹ
ਸਿੱਖ ਵੀ ਆਪਣੇ ਗੁਨਾਹ ਦਾ ਇਕਬਾਲ ਕਰ ਰਿਹਾ ਸੀ। ਯੋਗੀ ਜੀ ਦੇ ਸਾਹਮਣੇ ਵਾਲ਼ੀ ਕੁਰਸੀ ਤੇ ਬੈਠਾ ਹੋਣ
ਕਰਕੇ, ਉਸ ਦੇ ਬੋਲ ਤਾਂ ਮੈਨੂੰ ਸੁਣਾਈ ਨਹੀ ਸਨ ਦਿੰਦੇ ਪਰ ਯੋਗੀ ਜੀ ਉਸ ਨੂੰ ਅੰਗ੍ਰੇਜ਼ੀ ਵਿੱਚ ਜੋ
ਉਤਰ ਦੇ ਰਹੇ ਸਨ, ਉਹ ਮੈ ਸੁਣ ਰਿਹਾ ਸਾਂ। ਅਖੀਰ ਤੇ ਯੋਗੀ ਜੀ ਨੇ ਜੋ ਆਪਣੀ ਬੁਲੰਦ ਆਵਾਜ਼ ਵਿੱਚ
ਆਖਿਆ ਉਸ ਦਾ ਭਾਵ ਪੰਜਾਬੀ ਵਿੱਚ ਕੁੱਝ ਇਸ ਤਰ੍ਹਾਂ ਦਾ ਬਣਦਾ ਹੈ:
ਓਇ ਮਰਦਾ ਕਿਉਂ ਜਾਨਾਂ? ਗੁਨਾਹ ਤਾਂ ਤੂੰ ਛੇ ਇੰਚ ਦੇ ਸੰਦ ਨਾਲ਼ ਕੀਤਾ; ਬਾਕੀ ਪੰਜ ਫੁੱਟ ਸਾਢੇ ਸੱਤ
ਇੰਚ ਤਾਂ ਤੂੰ ਗੁਰੂ ਦਾ ਸਿੱਖ ਹੀ ਹੈਂ! ਹੌਸਲਾ ਕਰ ਤੇ ਅੱਗੇ ਤੋਂ ਬਚ ਕੇ ਰਹੀਂ। ਹੁਣ ਐਵੇਂ ਨਾ
ਝੂਰੀ ਜਾਹ!
ਕੁਝ ਦਿਨ ਏਧਰ ਓਧਰ ਮੈਨੂੰ ਉਹਨਾਂ ਦੇ ਸਿੰਘਾਂ ਵੱਲੋਂ ਘੁਮਾਇਆ ਗਿਆ। ਇੱਕ ਦਿਨ ਇੱਕ ਸਿੰਘ ਮੈਨੂੰ
ਯੂਨੀਵਰਸਲ ਸਟੁਡੀਉ ਵਿੱਚ ਲੈ ਗਿਆ। ਓਥੇ ਭਾਂਤ ਭਾਂਤ ਦੇ ਅਦਭੁਤ ਦ੍ਰਿਸ਼ ਵੇਖੇ। ਸਪੇਸ ਯਾਤਰਾ ਨੂੰ
ਲੈ ਕੇ ਜਾਣ ਵਾਲ਼ੀ ਗੱਡੀ ਵਿੱਚ ਬੈਠ ਕੇ ਜਦੋਂ ਅੰਦਰ ਨੂੰ ਜਾਣ ਲੱਗੇ ਤਾਂ ਨਾਲ਼ ਵਾਲਾ ਸਿੰਘ ਸਪੇਸ
ਯਾਤਰਾ ਬਾਰੇ ਮੁੜ ਮੁੜ ਡਰਾਉਣੀਆਂ ਗੱਲਾਂ ਆਖੀ ਜਾਵੇ। ਹਾਰ ਕੇ ਮੈ ਆਖਿਆ ਕਿ ਤੂੰ ਇਹ ਕੁੱਝ ਵੇਖਿਆ
ਹੈ? ਉਸ ਦੇ ਹਾਂ ਆਖਣ ਤੇ ਮੈ ਆਖਿਆ ਕਿ ਜੇ ਤੂੰ ਇਹ ਕੁੱਝ ਵੇਖ ਕੇ ਜੀਂਦਾ ਵਾਪਸ ਆ ਗਿਆ ਸੀ ਤਾਂ
ਫਿਕਰ ਨਾ ਕਰ ਮੈ ਵੀ ਮੁੜ ਹੀ ਆਵਾਂਗਾ। ਇਸ ਤੋਂ ਬਾਅਦ ਉਸ ਨੇ ਏਨਾ ਹੀ ਆਖਿਆ, “ਆਪਣੀ ਕੁਰਸੀ ਨੂੰ
ਘੁੱਟ ਕੇ ਫੜੀ ਰੱਖੀਂ; ਕਿਤੇ ਡਰ ਕੇ ਉਠ ਨਾ ਭੱਜੀਂ। ਅੰਦਰ ਸਪੇਸ ਯਾਤਰਾ ਸਮੇ ਜੋ ਕੁੱਝ ਮੇਰੇ
ਹਿਰਦੇ ਨਾਲ਼ ਵਾਪਰਿਆ ਉਸ ਨੇ ਇੱਕ ਵਾਰੀਂ ਤਾਂ ਮੈਨੂੰ ਪੈਰਾਂ ਤੋਂ ਕਢ ਦਿਤਾ। ਮੈ ਸੋਚਿਆ ਵੀ ਕਿ ਇਹ
ਕੁੱਝ ਵੇਖਣ ਨਹੀ ਸੀ ਆਉਣਾ ਚਾਹੀਦਾ।
ਬਾਹਰ ਆ ਕੇ ਉਸ ਸਿੰਘ ਨੇ ਦੱਸਿਆ, “ਮੈ ਮੁੜ ਮੁੜ ਡਰਾਉਣੀਆਂ ਗੱਲਾਂ ਕਰਕੇ ਤੇਰਾ ਦਿਲ ਕਾਇਮ ਕਰਨਾ
ਚਾਹੁੰਦਾ ਸੀ ਤਾਂ ਕਿ ਅੰਦਰ ਤੂੰ ਘਬਰਾ ਨਾ ਜਾਵੇਂ। “ਵੈਸੇ ਵੀ ਉਸ ਸਥਾਨ ਦੇ ਬੂਹੇ ਉਪਰ ਲਿਖਿਆ
ਹੋਇਆ ਸੀ ਕਿ ਜੇ ਤੁਸੀਂ ਦਿਲ ਦੇ ਕਮਜੋਰ ਹੋ ਤਾਂ ਹੁਣੇ ਏਥੋਂ ਹੀ ਵਾਪਸ ਮੁੜ ਜਾਵੋ।
ਏਥੇ ਹੀ ਅਮ੍ਰੀਕਨ ਇੰਡੀਅਨ ਪਿੰਡ ਦੀ ਇੱਕ ਝਾਕੀ ਵਿਖਾਈ ਗਈ। ਇਉਂ ਲੱਗਾ ਜਿਵੇਂ ਸਾਉਣ ਦੇ ਮਹੀਨੇ
ਵਿੱਚ ਆਪਣੇ ਪਿੰਡ ਸੂਰੋਪੱਡੇ ਦਾ ਦ੍ਰਿਸ਼ ਹੀ ਹੋਵੇ। ਜੋਰਦਾਰ ਮੀਂਹ ਤੇ ਝੱਖੜ ਝੁੱਲਿਆ। ਸਾਰੇ ਜਲ ਥਲ
ਹੋ ਗਿਆ। ਦਰੱਖਤ ਵੀ ਡਿਗ ਪਏ। ਕੁੱਝ ਹੀ ਸਮੇ ਪਿਛੱੋਂ ਸਭ ਪਾਸੇ ਚੁੱਪ ਚਾਂ ਹੋ ਗਈ ਤੇ ਇਉਂ ਲੱਗਾ
ਜਿਵੇ ਮੀਂਹ ਤੋਂ ਪਿਛੋਂ ਚੁਲ੍ਹਿਆਂ ਵਿੱਚ ਅੱਗ ਬਲ ਪਈ ਹੋਵੇ ਤੇ ਧੂਆਂ ਨਿਕਲ਼ ਆਇਆ। ਕੁੱਝ ਪਲਾਂ
ਪਿੱਛੋਂ ਹੀ ਸਭ ਕੁੱਝ ਜਿਉਂ ਦਾ ਤਿਉਂ ਹੋ ਗਿਆ। ਦਰੱਖਤ ਵੀ ਮੁੜ ਖੜ੍ਹੇ ਹੋ ਗਏ ਤੇ ਇਉਂ ਲੱਗੇ
ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ।
ਉਸ ਸਟੁਡੀਉ ਵਿੱਚ ਹੋਰ ਵੀ ਬੜਾ ਕੁੱਝ ਵੇਖਿਆ।
ਖੁਲ੍ਹੀਆਂ ਵਿਚਾਰਾਂ ਦੌਰਾਨ ਇੱਕ ਦਿਨ ਯੋਗੀ ਜੀ ਆਖਣ ਲੱਗੇ, “ਇਹ ਪੰਜਾਬੀ ਸਿੱਖਾਂ ਦੇ ਚੌਧਰੀ ਮੇਰੇ
ਖ਼ਿਲਾਫ਼ ਕਿਉਂ ਹਨ?” ਮੈ ਆਪਣੀ ਸਮਝ ਅਨੁਸਰ ਦੱਸਣ ਦਾ ਯਤਨ ਕੀਤਾ ਕਿ ਉਹ ਤਾਂ ਅਮ੍ਰੀਕਨਾਂ ਵਰਗੇ ਲੱਗਣ
ਦੇ ਸਾਰੇ ਯਤਨ ਕਰ ਰਹੇ ਹਨ ਪਰ ਤੁਸੀਂ ਅਮ੍ਰੀਕਨਾਂ ਨੂੰ ਸਿੰਘ ਸਜਾ ਰਹੇ ਹੋ। ਇਸ ਲਈ ਉਹ ਤੁਹਾਡੇ
ਨਾਲ਼ ਈਰਖਾ ਕਰਦੇ ਹਨ। ਫਿਰ ਤੁਸੀਂ ਕਿਸੇ ਦਾ ਲਿਹਾਜ ਨਹੀ ਕਰਦੇ; ਹਰੇਕ ਨੂੰ ਝਾੜ ਕੇ ਬੈਠਾ ਦਿੰਦੇ
ਹੋ। ਗੁਰਦੁਆਰਿਆਂ ਦੇ ਦੀਵਾਨਾਂ ਵਿੱਚ ਜਾ ਕੇ ਵੀ ਪ੍ਰਬੰਧਕਾਂ ਦੀ ਯਹੀ ਤਹੀ ਫੇਰ ਦਿੰਦੇ ਹੋ। ਭਾਵੇਂ
ਕਿ ਉਹ ਨਹੀ ਚਾਹੁੰਦੇ ਕਿ ਤੁਸੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਬੋਲੋ ਪਰ ਉਹ ਤੁਹਾਨੂੰ ਰੋਕ ਨਹੀ
ਸਕਦੇ ਤੇ ਤੁਸੀਂ ਉਹਨਾਂ ਦੇ ਮੂੰਹ ਤੇ ਹੀ ਆਪਣੇ ਲੈਕਚਰਾਂ ਰਾਹੀਂ, ਉਹਨਾਂ ਦੀ ਚੌਧਰ ਦੇ ਪਰਖਚੇ ਉਡਾ
ਦਿੰਦੇ ਹੋ।
ਇਸ ਤੋਂ ਉਹਨਾਂ ਨੂੰ ਆਪਣੇ ਏਥੇ ਆਉਣ ਦੀ ਗੱਲ ਚੇਤੇ ਆ ਗਈ ਜੋ ਉਹਨਾਂ ਨੇ ਮੈਨੂੰ ਇਉਂ ਸੁਣਾਈ:
ਜਦੋਂ ਮੈ ਜਿਸ ਸੱਜਣ ਦੇ ਸੱਦੇ ਉਤੇ ਆਇਆ ਸਾਂ, ਏਥੇ ਉਤਰਿਆ ਤਾਂ ਪਤਾ ਲੱਗਾ ਕਿ ਉਹ ਚਲਾਣਾ ਕਰ ਗਿਆ
ਹੈ। ਮੈ ਫਿਰ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰ ਕੋਲ਼ ਚਲਿਆ ਗਿਆ। ਉਸ ਨੇ ਮੇਰਾ ਮੰਜਾ ਆਪਣੇ ਮਕਾਨ
ਦੇ ਬੇਸਮੈਂਟ ਵਿੱਚ ਡਾਹ ਦਿਤਾ ਜੋ ਕਿ ਮੈਨੂੰ ਆਪਣੀ ਹੱਤਕ ਮਹਿਸੂਸ ਹੋਈ। ਨਾਲ਼ੇ ਇਹ ਵੀ ਆਖ ਦਿਤਾ ਕਿ
ਸਿਰ ਮੂੰਹ ਮੁੰਨ ਕੇ ਹੀ ਬਾਹਰ ਨਿਕਲਣਾ ਨਹੀ ਤਾਂ ਲੋਕ ਢੀਮਾਂ ਮਾਰਨਗੇ। ਮੈ ਆਖਿਆ ਕੋਈ ਗੱਲ ਨਹੀ ਮੈ
ਇਹਨਾਂ ਨੂੰ ਵੀ ਆਪਣੇ ਵਰਗੇ ਬਣਾਵਾਂਗਾ।
ਕੁਝ ਦਿਨਾਂ ਪਿੱਛੋਂ ਮੈ ਫਿਰ ਡਾ. ਅਮਰਜੀਤ ਸਿੰਘ ਮਰਵਾਹਾ ਨੂੰ ਫ਼ੋਨ ਕਰਕੇ ਲਾਸ ਏਂਜਲਜ਼ ਆ ਗਿਆ ਤੇ
ਏਥੇ ਉਹਨਾਂ ਦੇ ਗੈਰਜ ਵਿੱਚ ਯੋਗਾ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿਤੀਆਂ। ਫਿਰ ਹੌਲ਼ੀ ਹੌਲ਼ੀ
ਕੰਮ ਵਧਦਾ ਗਿਆ। ਹੁਣ ਭਾਵੇਂ ਡਾਕਟਰ ਸਾਹਿਬ ਮੇਰੇ ਨਾਲ਼ ਨਾਰਾਜ਼ ਹੀ ਹਨ ਪਰ ਮੈ ਉਹਨਾਂ ਦੇ ਵਿਰੁਧ
ਕੋਈ ਗੱਲ ਨਹੀ ਕਰਨੀ। ਉਹਨਾਂ ਵੱਲੋਂ ਸ਼ੁਰੂ ਵਿੱਚ ਦਿਤੇ ਗਏ ਸਹਿਯੋਗ ਅਤੇ ਭਰਜਾਈ ਦੇ ਖਵਾਏ ਜਵੈਣ
ਵਾਲ਼ੇ ਪਰਾਉਂਠੇ ਮੈ ਨਹੀ ਭੁਲਾ ਸਕਦਾ।
ਵੈਸੇ ਮੈ ਉਹਨਾਂ ਦੇ ਕੈਨੇਡਾ ਵਾਲ਼ੇ ਰਿਸ਼ਤੇਦਾਰ ਨੂੰ ਵੀ ਆਪਣੀ ਕੈਨੇਡਾ ਦੇ ਉਸ ਸ਼ਹਿਰ ਦੀ ਯਾਤਰਾ ਸਮੇ
ਮਿਲ਼ਿਆ ਸਾਂ।
ਇਕ ਦਿਨ ਮੈਨੂੰ ਪੁੱਛਣ ਲੱਗੇ, “ਦੇਸੋਂ ਆਉਣ ਵਾਲ਼ੇ ਸੰਤ, ਸਾਧ, ਗਿਆਨੀ, ਧਿਆਨੀ ਮੇਰੇ ਖ਼ਿਲਾਫ਼ ਕਿਉਂ
ਹੁੰਦੇ ਹਨ?” ਮੈ ਆਖਿਆ, ਕਿਉਂਕਿ ਸਿੱਖ ਸੰਸਥਾਵਾਂ ਦੇ ਪ੍ਰਬੰਧਕ ਤੁਹਾਡੇ ਖ਼ਿਲਾਫ਼ ਹਨ ਤੇ ਦੇਸੋਂ ਆਉਣ
ਵਾਲੇ ਸਾਰੇ ਸੱਜਣਾਂ ਨੂੰ ਉਹਨਾਂ ਦੀ ਲੋੜ ਹੁੰਦੀ ਹੈ। ਹਰੇਕ ਬੰਦਾ ਸਵਾਰਥੀ ਹੈ। ਜੇਹੜਾ ਤੁਹਾਡੇ
ਹੱਕ ਵਿੱਚ ਬੋਲੇ ਉਸ ਤੋਂ ਉਹ ਕੰਨੀ ਕਤਰਾਉਂਦੇ ਹਨ ਤੇ ਜੇਹੜਾ ਉਹਨਾਂ ਦੀ ਮਰਜੀ ਅਨੁਸਾਰ ਤੁਹਾਡੇ
ਖ਼ਿਲਾਫ਼ ਬੋਲੇ ਉਸ ਦਾ ਪੂਰਾ ਆਦਰ ਕਰਦੇ ਹਨ। ਮੈ ਫਿਰ ਆਪਣੀ ਮਿਸਾਲ ਦੇ ਕੇ ਦੱਸਣ ਦਾ ਇਉਂ ਯਤਨ ਕੀਤਾ:
ਇਸ ਤੁਹਾਡੇ ਸ਼ਹਿਰ ਦੇ ਗੁਰਦੁਆਰੇ ਵਾਲ਼ਿਆਂ ਨੂੰ ਜਦੋਂ ਮੇਰਾ ਤੁਹਾਡੇ ਨਾਲ਼ ਮੇਲ ਹੋਣ ਦਾ ਪਤਾ ਲੱਗਾ
ਤਾਂ ਮੇਰੀ ਪੁੱਛ ਪੜਤਾਲ ਵੀ ਕੀਤੀ ਤੇ ਇੱਕ ਦਿਨ ਵਿਖਿਆਨ ਦਾ ਸਮਾ ਦੇ ਕੇ ਤੇ ੫੧ ਡਾਲਰ ਦਾ ਸਿਰੋਪਾ
ਦੇ ਕੇ ਤੋਰ ਦਿਤਾ। ਮੇਰੇ ਤੋਂ ਪਹਿਲਾਂ ਇੱਕ ਹੋਰ ਗਿਆਨੀ ਜੀ ਆਏ ਉਹਨਾਂ ਦਾ ਪੂਰਾ ਆਦਰ ਕੀਤਾ ਤੇ
ਉਹਨਾਂ ਨੂੰ ਗ੍ਰੰਥੀ ਰੱਖਣ ਦੀ ਵੀ ਤੇ ਫਿਰ ਆਉਣ ਲਈ, ਹਰ ਪ੍ਰਕਾਰ ਦੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ
ਗਈ; ਇਸ ਲਈ ਕਿ ਉਹ ਤੁਹਾਡੇ ਵਿਰੁਧ ਵਿਚਾਰ ਰੱਖਦਾ ਸੀ। ਇਹ ਫਰਕ ਹੈ ਤੁਹਾਡੇ ਹਿਮਾਇਤੀਆਂ ਤੇ
ਵਿਰੋਧੀਆਂ ਬਾਰੇ ਇਹਨਾਂ ਚੌਧਰੀਆਂ ਦੇ ਰਵੱਈਏ ਵਿਚ।
ਫਿਰ ਮੈ ਇੱਕ ਦਿਨ ਪੁੱਛਿਆ ਕਿ ਹਿੰਦੁਸਤਾਨ ਦਾ ਇੱਕ ਸਰਕਾਰੇ ਦਰਬਾਰੇ ਵੱਡੀ ਪਹੁੰਚ ਰਖਣ ਵਾਲ਼ਾ
ਧਾਰਮਿਕ ਵਿਅਕਤੀ ਤੁਹਾਡੇ ਏਨਾ ਖ਼ਿਲਾਫ਼ ਕਿਉਂ ਹੈ! ਤੁਹਾਡੇ ਸਿੰਘਾਂ ਦੇ ਦੱਸਣ ਮੁਤਾਬਿਕ ਉਸ ਨੇ
ਤੁਹਾਡੇ ਤੇ ਜਾਨ ਲੇਵਾ ਹਮਲੇ ਵੀ ਇੱਕ ਤੋਂ ਵਧ ਕਰਵਾਏ ਹਨ। ਉਸ ਦੇ ਚੇਲੇ ਇਹ ਵੀ ਦੱਸਦੇ ਹਨ ਕਿ
ਤੁਹਾਨੂੰ ਉਸ ਨੇ ਏਥੇ ਭੇਜਿਆ ਸੀ ਉਸ ਅਨੁਸਾਰ ਪ੍ਰਚਾਰ ਕਰਨ ਲਈ ਪਰ ਤੁਸੀਂ ਆਪਣਾ ਵੱਖਰਾ ਹੀ ਡਗ ਡਗਾ
ਵਜਾ ਲਿਆ। ਇਸ ਦੇ ਉਤਰ ਵਿੱਚ ਯੋਗੀ ਨੇ ਆਖਿਆ ਕਿ ਦੇਸ ਵਿੱਚ ਰਹਿੰਦੇ ਸਮੇ ਉਸ ਸੱਜਣ ਨਾਲ਼ ਚੰਗਾ ਮੇਲ਼
ਜੋਲ ਸੀ ਪਰ ਉਸ ਦਾ ਭੇਜਿਆ ਹੋਇਆ ਮੈ ਏਥੇ ਨਹੀ ਆਇਆ। ਉਹ ਚਾਹੁੰਦਾ ਸੀ ਕਿ ਮੈ ਪੱਛਮੀ ਲੋਕਾਂ ਦੇ
ਸਾਹਮਣੇ ਉਸ ਨੂੰ ਅਵਤਾਰ ਬਣਾ ਕੇ ਪੇਸ਼ ਕਰਾਂ ਪਰ ਉਹ ਮੈ ਕੀਤਾ ਨਹੀ ਤੇ ਨਾ ਹੀ ਕਰਾਂਗਾ। ਇਸ ਲਈ ਉਹ
ਮੇਰਾ ਏਨਾ ਕੱਟੜ ਵਿਰੋਧੀ ਬਣ ਗਿਆ ਹੈ।
ਇਕ ਦਿਨ ਬੜੇ ਜੋਸ਼ ਜਿਹੇ ਵਿੱਚ ਬੋਲੇ, “ਇਹ ਸਾਧ ਮੈਨੂੰ ਕਹਿੰਦੇ ਨੇ ਮੈ ਬੀਬੀਆਂ ਕਿਉਂ ਨਾਲ਼ ਰੱਖਦਾ
ਹਾਂ। ਇਹ ਤਾਂ ਪੱਛਮ ਦਾ ਵਿਹਾਰ ਹੀ ਹੈ ਕਿ ਸੈਕ੍ਰੇਟਰੀ, ਨਿਜੀ ਸੇਵਾਦਾਰ, ਪੀ. ਏ. ਆਦਿ ਦਾ ਕੰਮ
ਬੀਬੀਆਂ ਹੀ ਕਰਦੀਆਂ ਹਨ। ਇਹਨਾਂ ਨੂੰ ਕੋਈ ਪੁੱਛੇ ਕਿ ਇਹ ਆਪਣੀ ਅਰਦਲ ਵਿੱਚ ਮੁੰਡੇ ਕਿਉਂ ਨਾਲ਼
ਰੱਖਦੇ ਨੇ! ਇਹ ਤਾਂ ਪੱਛਮ ਵਾਲਿਆਂ ਦੇ ਵਿਚਾਰ ਅਨੁਸਾਰ ਬਿਲਕੁਲ ਹੀ ਗ਼ਲਤ ਗੱਲ ਹੈ!”
ਇਕ ਦਿਨ ਮੈ ਪੱੁਿਛਆ ਕਿ ਕੁੱਝ ਲੋਕ ਸ਼ੰਕਾ ਕਰਦੇ ਹਨ ਕਿ ਤੁਹਾਡਾ ਅਮ੍ਰੀਕਨ ਸਰਕਾਰ ਨਾਲ਼ ਸਬੰਧ ਹੈ।
ਇਸ ਦੇ ਉਤਰ ਵਿੱਚ ਉਹਨਾਂ ਨੇ ਆਖਿਆ ਕਿ ਇਕੱਲੀ ਅਮ੍ਰੀਕਨ ਸਰਕਾਰ ਹੀ ਨਹੀ ਸਾਡੇ ਹਿੰਦੁਸਤਾਨ ਦੀ
ਸਰਕਾਰ ਨਾਲ਼ ਵੀ ਸਬੰਧ ਮਾੜੇ ਨਹੀ। ਮੇਰੇ ਕਿਉਂ ਪੁਛਣ ਤੇ ਉਹਨਾਂ ਨੇ ਜੋ ਅਮ੍ਰੀਕਨ ਸਰਕਾਰ ਦੀ ਖ਼ੁਸ਼ੀ
ਦਾ ਕਾਰਨ ਦੱਸਿਆ, ਉਹ ਕੁੱਝ ਇਉਂ ਸੀ:
ਜਿਸ ਦੇਸ ਦੇ ਚਿੱਕੜ ਵਿੱਚ ਰੁਲ਼ ਰਹੇ ਹੀਰਿਆਂ ਨੂੰ ਅਸੀਂ ਧੋ ਮਾਂਜ ਕੇ ਲਿਸ਼ਕਾ ਦਿਤਾ ਹੈ। ਹਰ ਸਮੇ
ਨਸ਼ਿਆਂ ਤੇ ਵਿਸ਼ਿਆਂ ਵਿੱਚ ਡੁੱਬੇ ਰਹਿਣ ਵਾਲ਼ੇ ਅਤੇ ਜੁਰਮਾਂ ਦੇ ਸੰਸਾਰ ਵਿੱਚ ਹੀ ਵਿਚਰਨ ਵਾਲ਼ੇ
ਨੌਜਵਾਨ ਕੁੜੀਆਂ ਮੁੰਡਿਆਂ ਨੂੰ ਅਸੀਂ ਸ਼ੁਧ ਕਰਕੇ, ਅਠਾਰਾਂ ਅਠਾਰਾਂ ਘੰਟੇ ਕੰਮ ਕਰਨ ਦੀ ਯੋਗਤਾ
ਵਾਲ਼ੇ ਬਣਾ ਦਿਤਾ ਹੈ, ਨਾਸਤਕਾਂ ਨੂੰ ਯੋਗਾ ਰਾਹੀਂ ਸਿੱਖੀ ਦੇ ਲੜ ਲਾ ਕੇ, ਧਰਮੀ ਜੀਵੜੇ ਬਣਾ ਦਿਤਾ
ਹੈ; ਉਸ ਦੇਸ਼ ਦੀ ਸਰਕਾਰ ਸਾਡੇ ਤੇ ਖ਼ੁਸ਼ ਨਾ ਹੋਵੇ ਤਾਂ ਉਹ ਬੜੀ ਮੂਰਖਾਂ ਦੀ ਸਰਕਾਰ ਹੋਵੇਗੀ!
ਮੇਰਾ ਵਿਚਾਰ ਹੈ, ਤੇ ਇਹ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਿੱਖਿਆ ਦੀ ਰੋਸ਼ਨੀ ਵਿੱਚ ਬਣਿਆ ਹੈ ਕਿ
ਸਿੱਖੀ ਵਿੱਚ ਸ਼ਕਤੀ ਵਰਤ ਕੇ ਕੀਤੀ ਗਈ ਕਨਵਰਸ਼ਨ ਦਾ ਕੋਈ ਸਥਾਨ ਨਹੀ ਹੈ। ਕਿਸੇ ਨੂੰ ਭੁਚਲਾ ਕੇ, ਡਰਾ
ਕੇ, ਉਸ ਦੀ ਮਜਬੂਰੀ ਦਾ ਲਾਭ ਉਠਾ ਕੇ ਜਾਂ ਲਾਲਚ ਦੇ ਕੇ ਸਿੱਖ ਬਣਾਉਣਾ ਗੁਰਮਤਿ ਦੇ ਉਲ਼ਟ ਹੈ ਪਰ
ਜੇਕਰ ਕੋਈ ਸਿੱਖੀ ਨੂੰ ਕਲਿਆਣਕਾਰੀ ਧਰਮ ਸਮਝ ਕੇ, ਇਸ ਨੂੰ ਆਪਣੀ ਖ਼ੁਸ਼ੀ ਨਾਲ਼ ਅਪਨਾਉਣਾ ਚਾਹੇ ਤਾਂ
ਉਸ ਦਾ ਹਮੇਸ਼ਾ ਹੀ ਸਵਾਗਤ ਹੈ। ਗੁਰੂ ਸਾਹਿਬਾਨ ਦੇ ਸਮੇ ਜਿੰਨੇ ਵੀ ਸਿੱਖ ਬਣੇ ਉਹ ਸਿੱਖੀ ਦੀਆਂ
ਵਿਸ਼ੇਸ਼ਤਾਈਆਂ ਤੋਂ ਪ੍ਰਭਾਵਤ ਹੋ ਕੇ ਹੀ ਬਣੇ ਸਨ। ਇਸ ਲਈ ਕਿਸੇ ਸਿੱਖੀ ਵਿਰੋਧੀ ਨਾਸਤਕ ਵਿਦਵਾਨ
ਵੱਲੋਂ ਅਜਿਹੀ ਢੁਚਰ ਡਾਹੁਣੀ, ਜਾਣ ਬੁਝ ਕੇ ਗ਼ਲਤ ਬਿਆਨੀ ਕਰਨ ਵਾਲ਼ੀ ਗੱਲ ਹੈ। ਯੋਗੀ ਜੀ ਨੇ ਮੈਨੂੰ
ਖ਼ੁਦ ਦੱਸਿਆ ਕਿ ਉਹ ਤਾਂ ਫ਼ੀਸ ਲੈਂਦੇ ਹਨ ਤੇ ਯੋਗਾ ਸਿਖਾਉਂਦੇ ਹਨ। ਇਹ ਉਹਨਾਂ ਦਾ ਪ੍ਰੋਫ਼ੈਸ਼ਨ ਹੈ
ਜਿਵੇਂ ਦੁਨੀਆ ਤੇ ਹੋਰ ਅਨੇਕ ਤਰ੍ਹਾਂ ਦੇ ਪ੍ਰੋਫ਼ੈਸ਼ਨ ਹਨ। ਫਿਰ ਜੇਕਰ ਕੋਈ ਸਿੱਖੀ ਦੇ ਗੁਣਾਂ ਤੋਂ
ਪ੍ਰੇਰਤ ਹੋ ਕੇ ਸਿੱਖ ਬਣਨਾ ਚਾਹੇ ਤਾਂ ਮੈ ਉਸ ਦੇ ਰਾਹ ਵਿੱਚ ਕਿਵੇਂ ਰੁਕਾਵਟ ਪਾ ਸਕਦਾ ਹਾਂ! ਸਗੋਂ
ਉਸ ਦੀ ਹਰ ਸੰਭਵ ਸਹਾਇਤਾ ਹੀ ਕਰਾਂਗਾ!
ਹਰੇਕ ਵਿਅਕਤੀ ਦਾ ਇਸ ਸੰਸਾਰ ਵਿੱਚ ਵਿਰੋਧ ਵੀ ਹੁੰਦਾ ਹੈ ਤੇ ਯੋਗੀ ਜੀ ਵੀ ਇਸ ਤੋਂ ਬਚੇ ਹੋਏ ਨਹੀ
ਸਨ। ਇਸ ਪ੍ਰਥਾਇ ਗੁਰਬਾਣੀ ਦਾ ਵੀ ਸਪਸ਼ਟ ਫੁਰਮਾਨ ਹੈ:
ਬਿਨੁ ਬਾਦ ਵਿਰੋਧਹਿ ਕੋਈ ਨਾਹੀ॥ ਮੈ ਦੇਖਾਲਿਹੁ ਤਿਸੁ ਸਾਲਾਹੀ॥ (ਮਾਰੂ
ਮਹਲਾ ੧, ੧੦੨੫)
ਅਰਥ: ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਕੋਈ ਵੀ ਵਿਅਕਤੀ ਝਗੜਿਆਂ ਤੇ ਵਿਰੋਧਾਂ ਤੋਂ
ਰਹਿਤ ਨਹੀਂ ਹੈ। ਮੈਨੂੰ ਕੋਈ ਐਸਾ ਵਿਖਾਓ ਜਿਸ ਦਾ ਵਿਰੋਧ ਨਾ ਹੋਵੇ, ਮੈਂ ਉਸ ਦਾ ਸਤਿਕਾਰ ਕਰਦਾ
ਹਾਂ।
ਜਾਣਾਂ ਤਾਂ ਮੈ ਅੱਗੇ ਨੂੰ ਸੀ ਅਰਥਾਤ ਨਿਊ ਜ਼ੀਲੈਂਡ, ਆਸਟ੍ਰੇਲੀਆ, ਸਿੰਘਾਪੁਰ ਆਦਿ ਦੇਸਾਂ ਰਾਹੀ
ਅੰਮ੍ਰਿਤਸਰ ਪੁੱਜਣ ਦਾ ਮੇਰਾ ਪ੍ਰੋਗਰਾਮ ਸੀ ਪਰ ਯੋਗੀ ਜੀ ਦੀ ਪ੍ਰੇਰਨਾ ਦੇ ਅਸਰ ਹੇਠ, ਇਹ ਕਾਰਜ
ਅੱਗੇ ਤੇ ਪਾ ਕੇ, ਓਥੋਂ ਵਾਪਸੀ ਚਾਲੇ ਪਾ ਦਿਤੇ ਅਤੇ ੨੫ ਜਨਵਰੀ ੧੯੭੯ ਨੂੰ, ਮੈ ਇੱਕ ਪਾਸੜ ੧੨੫
ਡਾਲਰ ਦੀ ਹਵਾਈ ਟਿਕਟ ਖ਼ਰੀਦ ਕੇ, ਲਾਸ ਏਂਜਲਸ ਤੋਂ ਲੰਡਨ ਆ ਗਿਆ। ਕੁੱਝ ਦਿਨ ਵਲੈਤ ਵਿੱਚ ਰੁਕ ਕੇ,
ਲੰਡਨੋਂ ੮੦ ਪੌਂਡ ਦੀ ਇੱਕ ਪਾਸੜ ਟਿਕਟ ਲੈ ਕੇ, ਫਰਵਰੀ ਵਿੱਚ ਅੰਮ੍ਰਿਤਸਰ ਆ ਉਤਰਿਆ।
Mobile +61 0435 060 970