‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਦਿਨੀਂ ਸਮੂਹ ਸਿੱਖ ਜਗਤ
ਵੱਲੋਂ, ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ 15 ਭਾਦੋਂ/30 ਅਗਸਤ (ਨਾਨਕਸ਼ਾਹੀ ਕੈਲੰਡਰ) ਅਤੇ
ਗੁਰੂ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ 17 ਭਾਦੋਂ/1 ਸਤੰਬਰ (ਨਾਨਕਸ਼ਾਹੀ ਕੈਲੰਡਰ) ਬਹੁਤ ਹੀ
ਉਤਸ਼ਾਹ ਨਾਲ ਮਨਾਇਆ ਗਿਆ ਹੈ। ਇਤਿਹਾਸਕ ਘਟਨਾਵਾਂ ਨਾਲ ਸਬੰਧਿਤ ਦਿਹਾੜੇ ਮਨਾਉਣ ਦਾ ਸਾਡਾ ਮਕਸਦ ਇਹ
ਹੁੰਦਾ ਹੈ ਕਿ ਉਸ ਇਤਿਹਾਸ ਨੂੰ ਯਾਦ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਮੂਲ ਨਾਲ ਜੁੜੇ ਰਹਿ ਸਕੀਏ।
ਉਪ੍ਰੋਕਤ ਦੋਵਾਂ ਦਿਹਾੜਿਆਂ ਦਾ ਸਬੰਧ ਸ਼ਬਦ ਗੁਰੂ ‘ਗੁਰੂ ਗ੍ਰੰਥ ਸਾਹਿਬ ਜੀ’ ਨਾਲ ਹੈ। ਇਸ ਸਬੰਧੀ
ਕਈ ਵਿਦਵਾਨਾਂ ਵੱਲੋਂ ਲਿਖੇ ਗਏ ਲੇਖ ਵੱਖ-ਵੱਖ ਸੰਚਾਰ ਸਾਧਨਾ ਰਾਹੀ ਪੜ੍ਹਨ ਦਾ ਸੁਭਾਗ ਪ੍ਰਾਪਤ
ਹੋਇਆ। ਵਿਦਵਾਨ ਲਿਖਾਰੀਆਂ ਨੇ ਆਪਣੀਆਂ ਲਿਖਤਾਂ ਰਾਹੀ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਕੱਚੀ ਬਾਣੀ
ਲਿਖਣ, ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਵੱਲੋਂ, ਭਗਤਾ, ਭੱਟਾ ਅਤੇ ਹੋਰ ਗੁਰਸਿੱਖਾਂ ਦੀ
ਬਾਣੀ ਇਕੱਤਰ ਕਰਨ, ਰਾਮਸਰ ਸਰੋਵਰ ਦੇ ਕਿਨਾਰੇ ਇਕਾਂਤ ਜਗ੍ਹਾ ’ਤੇ ਤੰਬੂ ਲਗਾ ਕੇ ਭਾਈ ਗੁਰਦਾਸ ਜੀ
ਨੂੰ ਬਾਣੀ ਦੀ ਲਿਖਾਈ ਦੀ ਜਿੰਮੇਵਾਰੀ ਸੌਂਪਣੀ, ਸੂਰਦਾਸ ਜੀ ਵੱਲੋਂ ਲਿਖੀ ਸਿਰਫ ਇਕ ਪੰਗਤੀ ,
ਭਾਂਦੋ ਵਦੀ ਏਕਮ ਸੰਮਤ 1661 ਨੂੰ ਸੰਪੂਰਨ ਹੋਣ, ਭਾਈ ਬੰਨੋ ਜੀ ਨੂੰ ਬੀੜ ਦੀ ਜਿਲਦ ਬਨਾਉਣ ਲਈ
ਲਾਹੌਰ ਭੇਜਣ ਅਤੇ ਇਸੇ ਦੌਰਾਨ ਭਾਈ ਬੰਨੋ ਵੱਲੋਂ ਕੁਝ ਵਾਧੂ ਰਚਨਾਵਾਂ ਦਰਜ ਕਰਵਾਉਣ ਦਾ ਜਿਕਰ, ਆਦਿ
ਗ੍ਰੰਥ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ 1 ਸੰਮਤ 1661 ਨੂੰ ਦਰਬਾਰ ਸਾਹਿਬ ਵਿਖੇ ਕਰਨ, ਬਾਬਾ
ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਣ ਅਤੇ ਪਹਿਲੇ ਪ੍ਰਕਾਸ਼ ਕਰਨ ਸਮੇਂ ਆਏ ਪਹਿਲੇ ਮੁੱਖ ਵਾਕ
“ਸੰਤਾਂ ਕੇ ਕਾਰਜ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ” (ਪੰਨਾ 783)। ਇਹ ਬੀੜ ਅੱਜ
ਕਰਤਾਰਪੁਰ ਵਿਖੇ ਮੌਜੂਦ ਹੋਣ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ
ਕਰਕੇ ਬੀੜ ਨੂੰ 9 ਮਹੀਨੇ 9 ਦਿਨਾਂ `ਚ ਸੰਪੂਰਨ ਕਰਨ ਅਤੇ 6 ਕੱਤਕ/20ਅਕਤੂਬਰ (ਨਾਨਕਸ਼ਾਹੀ) ਨੂੰ
ਗੁਰੂ ਗੱਦੀ ਦੇਣ ਤੱਕ ਦਾ ਜਿਕਰ ਬਹੁਤ ਹੀ ਵਿਸਥਾਰ ਨਾਲ ਕੀਤਾ ਹੈ।
ਵਿਦਵਾਨ ਲਿਖਾਰੀਆਂ ਵੱਲੋਂ ਪੇਸ਼ ਕੀਤੇ ਗਏ ਉਪ੍ਰੋਕਤ ਰਵਾਇਤੀ ਇਤਿਹਾਸਕ ਪੱਖਾਂ ਨੂੰ ਸਨਮੁਖ ਰੱਖਦੇ
ਹੋਏ ਮੈਂ ਦੋ ਨੁਕਤੇ ਸਾਂਝੇ ਕਰਨੇ ਚਾਹੁੰਦਾ ਹਾਂ ਤਾਂ ਜੋ ਇਨ੍ਹਾਂ ਤੇ ਹੋਰ ਵਿਚਾਰ ਕੀਤੀ ਜਾ ਸਕੇ।
ਉਹ ਹਨ ਭਾਈ ਬੰਨੋ ਜੀ ਵੱਲੋਂ ਵਾਧੂ ਬਾਣੀਆਂ ਦਰਜ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ
ਸਾਰੰਗ ਰਾਗ `ਚ ਭਗਤ ਸੂਰਦਾਸ ਜੀ ਦੀ ਇਕ ਪੰਗਤੀ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” । ਅਕਸਰ
ਵਿਦਵਾਨਾਂ ਵੱਲੋਂ ਆਪਣੀਆਂ ਲਿਖਤਾਂ `ਚ ਇਨ੍ਹਾਂ ਦੋਵਾਂ ਨੁਕਤਿਆਂ ਦਾ ਜਿਕਰ ਤਾ ਕੀਤਾ ਜਾਂਦਾ ਹੈ।
ਭਾਈ ਬੰਨੋ:- ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਪੋਥੀ ਸਾਹਿਬ ਦਾ ਪਹਿਲਾ
ਪ੍ਰਕਾਸ਼ ਦਿਵਸ 17 ਭਾਦੋਂ/1 ਸਤੰਬਰ (ਨਾਨਕਸ਼ਾਹੀ ਕੈਲੰਡਰ) ਮਨਾਇਆ ਗਿਆ ਹੈ। ਜਦੋਂ ਪੋਥੀ ਦਾ ਪਹਿਲਾਂ
ਪ੍ਰਕਾਸ਼ ਕੀਤਾ ਗਿਆ ਸੀ, ਉਸ ਵੇਲੇ ਦੇ ਪ੍ਰਚੱਲਤ ਕੈਲੰਡਰ `ਚ ਇਹ ਤਾਰੀਖ ਭਾਦੋਂ ਸੁਦੀ ਏਕਮ, 17
ਭਾਦੋਂ ਬਿਕ੍ਰਮੀ ਸੰਮਤ 1661,ਦਿਨ ਵੀਰਵਾਰ ਮੁਤਾਬਕ 16 ਅਗਸਤ 1604 (ਯੂਲੀਅਨ) ਸੀ।
“To consolidate and extend Sikhism, Guru
Arjan Sahib done a great and monumental work. After collecting the hymns of
first four Guru Sahibs and several other Hindu and Muslim Saints, and compiled
Guru Granth Sahib (written by Bhai Gurdas Ji). Guru Sahib himself contributed
about 2000 verses for it, installed it at Sri Harmandir Sahib on Bhadon Sudi 1st
Samvat 1661 (August/September 1604), and made Baba Budha Ji as the first
Granthi”. (http://sgpc.net)
ਪੋਥੀ ਸਾਹਿਬ ਦੇ ਲਿਖੇ ਜਾਣ ਸਬੰਧੀ, ਭਾਈ ਕਾਹਨ ਸਿੰਘ ਨਾਭਾ ਜੀ ਆਪਣੇ ਪੱਤਰ (23 ਜਨਵਰੀ 1918) `ਚ
ਲਿਖਦੇ ਹਨ, “ ਇਸ ਨਿਯਮ ਅਨੁਸਾਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਅੰਤ ਇਹ ਲਿਖਿਆ ਗਿਆ
ਹੈ- ਸੰਮਤ 1661 ਮਿਤੀ ਭਾਦੋਂ ਵਦੀ ੧ ਪੋਥੀ ਲਿਖਿ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ ੯੭੪”।
(ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ ਅ)
ਭਾਈ ਜੋਧ ਸਿੰਘ ਜੀ ਵੀ ਇਸੇ ਤਾਰੀਖ ਦੀ ਤਸਦੀਕ ਕਰਦੇ ਹਨ, “ ਸੰਮਤ 1661 ਮਿਤੀ ਭਾਦੋੳ ਵਦੀ ੧ ਪੋਥੀ
ਲਿਖਿ ਪਹੁਚੇ” (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ ੪)
“ਗੁਰੂ ਸਾਹਿਬ ਅਤੇ ਭਾਈ ਗੁਰਦਾਸ ਨੇ ਇਹ ਗ੍ਰੰਥ 31 ਜੁਲਾਈ 1604 ਦੇ ਮੁਕੰਮਲ ਕਰ ਲਿਆ ਅਤੇ ਇਸ ਦਾ
ਪਹਿਲਾ ਪ੍ਰਕਾਸ਼ 16 ਅਗਸਤ 1604 ਦੇ ਦਿਨ ਦਰਬਾਰ ਸਾਹਿਬ ਵਿੱਚ ਕਿਤਾ” (ਡਾ ਹਰਜਿੰਦਰ ਸਿੰਘ ਦਿਲਗੀਰ,
ਸਿੱਖ ਤਵਾਰੀਖ਼, ਪੰਨਾ 216 )
“ਇਹ ਕਾਰਜ ਭਾਈ ਗੁਰਦਾਸ ਜੀ ਦੀ ਘਾਲਣਾ ਦੁਆਰਾ, ਭਾਦੋਂ ਵਦੀ ਏਕਮ ਸੰਮਤ 1661 ਨੂੰ ਸੰਪੂਰਨ ਹੋਕੇ,
ਭਾਦੋਂ ਸੁਦੀ ਏਕਮ ਸੰਮਤ 1661 (1604 ਈਸਵੀ) ਨੂੰ ਸ੍ਰੀ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ
ਸੀ” । (ਗੁਰਬਾਣੀ ਸੰਪਾਦਨ ਨਿਰਣੈ, ਪੰਨਾ 81)
ਉਪ੍ਰੋਕਤ ਹਵਾਲਿਆ ਤੋਂ ਸਪੱਸ਼ਟ ਹੈ ਕਿ ਬੀੜ ਦੀ ਲਿਖਾਈ ਦਾ ਕਾਰਜ ਭਾਦੋਂ ਵਦੀ ਏਕਮ, ਇਕ ਭਾਦੋਂ ਸੰਮਤ
1661 ਬਿਕ੍ਰਮੀ ਦਿਨ ਮੰਗਲਵਾਰ, 31 ਜੁਲਾਈ 1604 (ਯੂਲੀਅਨ) ਨੂੰ ਸੰਪੂਰਨ ਹੋਇਆ ਸੀ ਅਤੇ ਦਰਬਾਰ
ਸਾਹਿਬ ਵਿਚ ਬੀੜ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ, 17 ਭਾਦੋਂ ਸੰਮਤ 1661 ਬਿਕ੍ਰਮੀ ਦਿਨ
ਵੀਰਵਾਰ, 16 ਅਗਸਤ 1604 (ਯੂਲੀਅਨ) ਨੂੰ ਕੀਤਾ ਗਿਆ ਸੀ। ਇਸ ਮੁਤਾਬਕ ਬੀੜ ਦੀ ਲਿਖਾਈ ਤੋਂ
ਪ੍ਰਕਾਸ਼ ਹੋਣ ਦੇ ਦਰਮਿਆਨ ਸਿਰਫ 16 ਦਿਨ ਬਣਦੇ ਹਨ। ਪੋ: ਸਾਹਿਬ ਸਿੰਘ ਜੀ ਮੁਤਾਬਕ ਤਾਂ ਤਤਕਰਾ ਵੀ
ਇਨ੍ਹਾਂ ਦਿਨਾਂ `ਚ ਹੀ ਲਿਖਿਆ ਗਿਆ ਸੀ। ਇਨ੍ਹਾਂ ਦਿਨਾਂ `ਚ ਹੀ ਬੀੜ ਦੀ ਜਿਲਦ ਬੰਨ੍ਹਾਈ ਗਈ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ ਕੀ ਇਨ੍ਹਾਂ ਦਿਨਾਂ ਵਿਚ ਹੀ ਭਾਈ ਬੰਨੋ ਜੀ ਬੀੜ ਦਾ ਉਤਾਰਾ ਕਰਵਾ ਸਕਦੇ
ਸਨ?
“ਛਾਡਿ ਮਨ ਹਰਿ ਬਿਮੁਖਨ ਕੋ ਸੰਗੁ”:- ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1251 ਤੇ “ਰਾਗ ਸਾਰੰਗ
ਬਾਣੀ ਭਗਤਾ ਕੀ” ਦਰਜ ਹੈ। ਸਭ ਤੋਂ ਪਹਿਲਾ ਭਗਤ ਕਬੀਰ ਜੀ ਦੇ ਦੋ ਸ਼ਬਦ ਦਰਜ ਹਨ, “ ਕਹਾ ਨਰ ਗਰਬਸਿ
ਥੋਰੀ ਬਾਤ ॥... ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ” ॥੪॥੧॥, “ਰਾਜਾਸ੍ਰਮ ਮਿਤਿ ਨਹੀ
ਜਾਨੀ ਤੇਰੀ ॥ ... ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ” ॥੪॥੨॥ (ਪੰਨਾ 1252)
॥੪॥ ਦਾ ਭਾਵ ਹੈ ਕਿ ਇਨ੍ਹਾਂ ਸ਼ਬਦਾਂ ਦੀਆ ਚਾਰ-ਚਾਰ ਪੰਗਤੀਆਂ ਹਨ ਅਤੇ ॥੨॥ ਦਾ ਭਾਵ ਹੈ ਕਬੀਰ ਜੀ
ਦੇ ਕੁਲ ਦੋ ਸ਼ਬਦ। ਇਸ ਤੋਂ ਅੱਗੇ ਭਗਤ ਨਾਮ ਦੇਵ ਜੀ ਦੇ ਤਿੰਨ ਸ਼ਬਦ, “ਕਾਏਂ ਰੇ ਮਨ ਬਿਖਿਆ ਬਨ ਜਾਇ
॥... ਨਿਰਭੈ ਹੋਇ ਭਜੀਐ ਭਗਵਾਨ” ॥੪॥੧॥, “ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥... ਕਹਤ ਨਾਮਦੇਉ ਤੂੰ
ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥ ਅਤੇ “ਦਾਸ ਅਨਿੰਨ ਮੇਰੋ ਨਿਜ ਰੂਪ॥...ਨਾਮਦੇਵ ਜਾ ਕੇ
ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥ (ਪੰਨਾ 1252) ਦਰਜ ਹਨ। ਭਗਤ ਨਾਮਦੇਵ ਜੀ ਦੇ ਇਕ
ਸ਼ਬਦ ਦਿਆ ੪ ਅਤੇ ਦੋ ਸ਼ਬਦਾਂ ਦੀਆ ੨-੨ ਪੰਗਤੀਆਂ ਹਨ ਅਤੇ ਕੁਲ ਤਿੰਨ ਸ਼ਬਦ ਹਨ। ਇਸ ਤੋਂ ਅੱਗੇ ਭਗਤ
ਪਰਮਾਨੰਦ ਜੀ ਦਾ ਇਕ ਸ਼ਬਦ ਹੈ। “ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥...ਪਰਮਾਨੰਦ ਸਾਧਸੰਗਤਿ ਮਿਲਿ
ਕਥਾ ਪੁਨੀਤ ਨ ਚਾਲੀ ॥੩॥੧॥੬॥ (ਪੰਨਾ 1253) ਇਸ ਸ਼ਬਦ ਦੇ ਅਖੀਰ ॥੬॥ ਦਾ ਭਾਵ ਹੈ ਭਗਤ ਕਬੀਰ ਜੀ ਦੇ
੨, ਭਗਤ ਨਾਮਦੇਵ ਦੇਵ ਜੀ ਦੇ ੩ ਅਤੇ ਭਗਤ ਪਰਮਾਨੰਦ ਜੀ ਦਾ ੧ ਸ਼ਬਦ ਭਾਵ ਸਾਰੰਗ ਰਾਗ `ਚ ਕੁਲ ੬ ਸ਼ਬਦ
ਦਰਜ ਹੋਏ ਹਨ। ਇਸ ਤੋਂ ਅੱਗੇ ਦਰਜ ਹੈ, ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ॥ (ਪੰਨਾ 1253) ਇਸ
ਪੰਗਤੀ ਦੇ ਅਖੀਰ ਤੇ ਕੋਈ ਅੰਕ ਨਹੀ ਹੈ। ਸਿਰਫ ਏਨੀ ਪੰਗਤੀ ਤੋਂ ਇਹ ਜਾਣਕਾਰੀ ਵੀ ਨਹੀ ਮਿਲਦੀ ਕਿ
ਇਹ ਪੰਗਤੀ ਕਿਸ ਮਹਾਂਪੁਰਖ ਵੱਲੋਂ ਉਚਾਰੀ ਗਈ ਹੈ। ਇਸ ਤੋਂ ਅੱਗੇ ਦਰਜ ਹੈ, “ਸਾਰੰਗ ਮਹਲਾ ੫
ਸੂਰਦਾਸ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਕੇ ਸੰਗ ਬਸੇ ਹਰਿ ਲੋਕ॥...ਸੂਰਦਾਸ ਮਨੁ ਪ੍ਰਭਿ ਹਥਿ ਲੀਨੋ
ਦੀਨੋ ਇਹੁ ਪਰਲੋਕ ॥੨॥੧॥੮॥ (ਪੰਨਾ 1253) ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ
ਹੈ। ਇਸ ਸ਼ਬਦ ਦੇ ਅਖੀਰ ਤੇ ਆਏ ਅੰਕ ॥੮॥ ਦਾ ਭਾਵ ਹੈ ਹੁਣ ਤਾਈ ਸਾਰੰਗ ਰਾਗ ਦੇ ਕੁਲ ੮ ਸ਼ਬਦ ਦਰਜ
ਹੋਏ ਹਨ। ਸਾਰੰਗ ਰਾਗ ਦਾ ਆਖਰੀ ਸ਼ਬਦ ਹੈ ਕਬੀਰ ਜੀ ਦਾ। “ਹਰਿ ਬਿਨੁ ਕਉਨੁ ਸਹਾਈ ਮਨ ਕਾ ॥ ...ਕਹੈ
ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥ (ਪੰਨਾ 1253) ਇਸ ਸ਼ਬਦ ਦੇ ਅਖੀਰ
ਤੇ ਆਏ ਅੰਕ ॥੯॥ ਦਾ ਭਾਵ ਹੈ ਹੁਣ ਤਾਈ ਸਾਰੰਗ ਰਾਗ ਦੇ ਕੁਲ ੯ ਸ਼ਬਦ ਦਰਜ ਹੋਏ ਹਨ। ਹੁਣ ਸਵਾਲ
ਪੈਦਾ ਹੁੰਦਾ ਹੈ ਕਿ ਅੰਕ ੬ ਤੋਂ ਪਿਛੋਂ ੮ ਕਿਵੇਂ ਆ ਗਿਆ? ਕੀ ਅੰਕ ੭ ‘ਛਾਡਿ ਮਨ ਹਰਿ ਬਿਮੁਖਨ ਕੋ
ਸੰਗੁ’ ਸ਼ਬਦ ਦਾ ਤਾਂ ਨਹੀ? ਬਾਣੀ ਲਿਖਣ ਵੇਲੇ ਵਰਤੇ ਗਏ ਨਿਯਮ ਮੁਤਾਬਕ ਤਾਂ ਸੰਪੂਰਨ ਸ਼ਬਦ ਤੋਂ
ਪਿਛੋਂ ਅੰਕ ੭ ਆਉਣਾ ਚਾਹੀਦਾ ਸੀ। ਵਿਦਵਾਨ ਆਪਣੀਆਂ ਲਿਖਤਾਂ `ਚ ਅਕਸਰ ਹੀ ਇਸ ਅੰਕ ਦੀ ਗੈਰ ਹਾਜ਼ਰੀ
ਨੂੰ ਅਣਦੇਖਿਆ ਕਰ ਜਾਂਦੇ ਹਨ।
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ਇਸ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਣ ਸਬੰਧੀ ਆਓ
ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਵੀ ਜਾਣ ਲਈਏ। ਇਸ ਸ਼ਬਦ ਸਬੰਧੀ ਸ਼ਾਇਦ ਸਭ ਤੋਂ ਜਾਣਕਾਰੀ 1718 `ਚ
ਲਿਖੀ ਗਈ ‘ਗੁਰਬਿਲਾਸ ਪਾਤਸ਼ਾਹੀ ੬’ ਵਿਚ ਵੀ ਮਿਲਦੀ ਹੈ ਜੋ ਇਓ ਹੈ;
ਛਾਡਿ ਮਨ ਹਰਿ ਬਿਮੁਖਨ ਕੋ ਸੰਗ ਸ਼ਬਦੁ ਲਿਖ ਲੀਨੁ।
ਮੀਰਾਂ ਬਾਈ ਸਬਦੁ ਪੁਨਿ ਔਰ ਲਿਖ੍ਯੋ ਚਿਤਿ ਚੀਨ॥੬੭੭॥
ਮਨ ਹਮਾਰੋ ਬਾਧਿਓ ਗੁਨ ਮਾਰੂ ਸ਼ਬਦ ਲਿਕਾਇ।
ਜਿਤੁ ਦਰ ਲਖ ਮਹੰਮਦਾ ਸਲੋਕ ਤੀਨਿ ਲਿਖਿ ਲੀਨ॥੬੭੮॥
ਬਾਇ ਆਤਸ ਸੋਲਾਂ ਸਲੋਕ। ਰਤਨ ਮਾਲ ਲਿਖ ਲਈ ਅਲੋਕ।
ਰਾਹ ਮੁਕਾਮ ਕੀ ਸਾਖ ਲਿਖਾਈ। ਰਾਗਮਾਲਾ ਪਾਛੇ ਲਿਖ ਪਾਈ ॥੬੭੯॥ (ਪੰਨਾ ੧੧੭)
ਇਸ ਪੰਗਤੀ ਸਬੰਧੀ ਪੋ: ਸਾਹਿਬ ਸਿੰਘ ਜੀ ਲਿਖਦੇ ਹਨ, “ਸ੍ਰੀ ਗ੍ਰੰਥ ਸਾਹਿਬ ਵਿਚ ਜਿਸ ਭੀ ਭਗਤ ਦੀ
ਬਾਣੀ ਦਰਜ ਹੋਈ ਹੈ, ਆਮ ਤੌਰ ਤੇ ਉਸ ਦਾ ਨਾਮ ਉਸ ਦੀ ਬਾਣੀ ਲਿਖਣ ਤੋਂ ਪਹਿਲਾਂ ਲਿਖ ਦਿੱਤਾ ਗਿਆ
ਹੈ। ਪਰ ਇਹ ਕਿਸੇ ਸ਼ਬਦ ਦੀ ਇਕੋ ਹੀ ਤੁਕ ਹੈ, ਇਸ ਦੇ ਸ਼ੁਰੂ ਵਿਚ ਇਸ ਦੇ ਉੱਚਾਰਨ ਵਾਲੇ ਭਗਤ ਦਾ ਨਾਮ
ਭੀ ਨਹੀਂ ਦਿੱਤਾ ਗਿਆ, ਤੇ ਨਾਂਹ ਹੀ ਸਾਰਾ ਸ਼ਬਦ ਹੈ ਜਿਥੋਂ ਉਸ ਦਾ ਨਾਮ ਪਤਾ ਲੱਗ ਸਕੇ। ਜੇ ਗੁਰੂ
ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੋਰ ਕੋਈ ਗਵਾਹੀ ਨਾ ਲਈ ਜਾਏ ਤਾਂ ਇਹ ਕਿਸ ਦੀ ਉਚਾਰੀ ਹੋਈ ਤੁਕ
ਸਮਝੀ ਜਾਏ?
ਇਸ ਦਾ ਉੱਤਰ ਅਗਲੇ ਸ਼ਬਦ ਦੇ ਸ਼ੁਰੂ ਵਿਚ ਲਿਖੇ ਸਿਰ-ਲੇਖ ਤੋਂ ਮਿਲਦਾ ਹੈ; ਭਾਵ, ਇਹ ਇਕ ਤੁਕ
‘ਸੂਰਦਾਸ’ ਜੀ ਦੀ ਹੈ । ਪਰ ਇਹ ਅਗਲਾ ਸਿਰ-ਲੇਖ ਭੀ ਰਤਾ ਗਹੁ ਨਾਲ ਵੇਖਣ ਵਾਲਾ ਹੈ; ਸਿਰ-ਲੇਖ ਇਉਂ
ਹੈ: ‘ਸਾਰੰਗ ਮਹਲਾ ੫ ਸੂਰਦਾਸ’। ਜੇ ਅਗਲਾ ਸ਼ਬਦ ਭਗਤ ਸੂਰਦਾਸ ਜੀ ਦਾ ਹੁੰਦਾ, ਤਾਂ ਲਫ਼ਜ਼ ‘ਮਹਲਾ
5’ ਇਸ ਸਿਰ-ਲੇਖ ਦੇ ਨਾਲ ਨਾਂਹ ਹੁੰਦੇ । ਲਫ਼ਜ਼ ‘ਮਹਲਾ ੫’ ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ
ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ । ਇਥੇ ਕਿਸ ਸੰਬੰਧ ਵਿਚ ਇਸ ਸ਼ਬਦ ਦੀ ਲੋੜ ਪਈ?
ਉੱਪਰ-ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ ਤੋਂ ਬੇ-ਮੁੱਖਾਂ ਦਾ ਸੰਗ ਕਿਵੇਂ ਛੱਡਣਾ
ਹੈ”।
ਫਰੀਦਕੋਟੀ ਟੀਕੇ `ਚ ਇਸ ਪੰਗਤੀ ਬਾਰੇ ਇਓ ਦਰਜ ਹੈ, “ਇਹੁ ਸਬਦ ਸਾਰਾ ਕਿਉਂ ਨਾ ਉਚਾਰਾ? ਇਸ ਵਿਕਲਪ
ਦਾ ਉਤ੍ਰ ਇਹੁ ਹੈ। ਪ੍ਰੇਮ ਕਰ ਤੁਕ ਉਚਾਰੀ॥ ਪੁਨਾ ਵਹੁ ਸੂਰਦਾਸ ਪ੍ਰੇਮੀ ਸਮਾਧੀ ਇਸਥਿਤ ਹੋ ਗਾ।
ਪੁਨਾ ਗੁਰੂ ਜੀ ਨੇ ਆਪ ਸਬਦ ਉਚਾਰ ਕਰ ਅੰਕ ਕੋ ਸੂਰਦਾਸ ਦਾ ਨਾਮੁ ਲਿਖ ਕਰ ਸਮਾਪਤ ਕਰ ਤਿਸ ਕੋ
ਸਿਰੇਪਾਉ ਦੀਆ ਹੈ॥ ਸੋ ਤੁਕ ਕਹਿਤੇ ਹੈਂ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਹੇ ਮਨ ਜੋ ਹਰਿ ਸੇ
ਬੇਮੁਖ ਹੈਂ ਤਿਨਕਾ ਸੰਗ ਤਾਗ ਦੇ॥ ਤੌ ਇਹ ਸੂਰਦਾਸ ਜੀ ਕਾ ਸਾਰਾ ਸਬਦ ਭਾਈ ਬੰਨੋ ਦੀ ਬੀੜ
ਮੈਂ ਹੈ”॥
“ਇਹ ਸ਼ਬਦ ਬਾਈ ਬੰਨੋ ਦੀ ਬੀੜ ਵਿਚ ਸਾਰੇ ਦਾ ਸਾਰਾ ਦਿੱਤਾ ਹੈ। ਪਰ ਸ੍ਰੀ ਕਰਤਾਰਪੁਰੀ ਵਾਲੀ ਬੀੜ
ਵਿੱਚ ਪਹਿਲੀ ਤੁਕ ਹੀ ਦਿੱਤੀ ਹੈ। ਬਾਕੀਆਂ ਵਿੱਚ ਬੇਮੁਖ ਨੂੰ ਸੱਪ, ਹਾਥੀ, ਕਾਂ, ਗਦੋਂ, ਪੱਥਰ,
ਕਾਲੀ ਕਮਲੀ ਨਾਲ ਤਸ਼ਬੀਹ ਦੇ ਕੇ ਸਦਾ ਲਈ ਅਮੋੜ ਤੇ ਅਭਿੱਗ ਸਾਬਤ ਕੀਤਾ ਹੋਇਆ ਹੈ, ਅਤੇ ਸੁਧਾਰ ਦੀ
ਕੋਈ ਆਸ ਨਹੀਂ ਦੱਸੀ ਹੋਈ, ਇਸ ਲਈ ਗੁਰੂ ਜੀ ਨੇ ਸੂਚਨਾ ਮਾਤਰ ਇਕ ਤੁਕ ਦੇ ਕੇ ਬਾਕੀ ਦੀਆਂ ਤੁਕਾਂ
ਛੱਡ ਦਿੱਤਿਆਂ ਮਲੂਮ ਹੁੰਦੀਆਂ ਹਨ’। (ਸ਼ਬਦਾਰਥ, ਪੰਨਾ 1253)
ਕਰਤਾਰਪੁਰੀ ਬੀੜ ਦੇ ਦਰਸ਼ਨ ਕਰਕੇ ਭਾਈ ਜੋਧ ਸਿੰਘ ਵੱਲੋਂ ਤਿਆਰ ਕੀਤੀ ਰਿਪੋਰਟ ਮੁਤਾਬਕ ੮੮੪/੧ ਪਤਰੇ
ਦੀ ਸਮਾਪਤੀ “ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ” ਹੁੰਦੀ ਹੈ। ੮੮੨/੨ ਖਾਲੀ
ਹੈ। ੮੮੫/੧ ਪੱਤਰੇ ਤੇ, “ਰਾਗ ਸਾਰੰਗ ਬਾਣੀ ਭਗਤਾ ਕੀ॥ ਕਬਿਰ ਜੀ॥ ੴ ਸਤਿਗੁਰ ਪ੍ਰਸਾਦਿ ॥ ਕਹਾ ਨਰ
ਗਰਬਸਿ ਥੋਰੀ ਬਾਤ ॥... ਤਾ ਕੈ ਪ੍ਰੇਮ ਪ੍ਰਗਾਸ ॥੨॥੩॥ (੨੫ ਪਾਲਾਂ ਲਿਖੀਆਂ ਹਨ) ੮੮੫/੨ ਪਤਰੇ ਤੇ,
[ਇਸ ਪੰਨੇ ਤੇ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਇਕੋ ਤੁਕ ਵੱਖਰੀ ਸਤਰ ਲਿਖੀ ਹੋਈ ਹੈ। ਅੱਗੇ ਚਾਰ
ਸਤਰਾਂ ਦੀ ਥਾਂ ਖਾਲੀ ਹੈ। ਹੜਤਾਲ ਨਹੀ ਫੇਰੀ ਹੋਈ । ਉਸ ਤੋਂ ਪਿਛੋਂ “ਸਾਰੰਗ ਮਹਲਾ ੫ ਸੂਰਦਾਸ”
ਸ਼ੁਰੂ ਹੁੰਦਾ ਹੈ]
ਸਾਰੰਗ॥ ਤੈ ਨਰ ਕਿਆ ਪੁਰਾਨ ਸੁਨਿ ਕੀਨਾ॥...ਉਡਨ ਪਮਖੇਰੂ ਬਨ ਕਾ॥੨॥
[ਜੁਮਲਾ ਕਬੀਰ ਜੀ ਦੇ ਸ਼ਬਦਾਂ ਦਾ ਨਹੀਂ ਦਿਤਾ, ਥਾਂ ਨਾ ਹੋਣ ਦੇ ਕਾਰਨ ਸ਼ਬਦ ਕਬੀਰ ਜੀ ਦੇ ਅੱਗੇ
ਪਿਛੇ ਲਿਖੇ ਹਨ] (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 113)
ਯਾਦ ਰਹੇ, ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸ਼ਬਦਾਂ ਮੁਤਾਬਕ ਤਾਂ “ਸਾਰੰਗ॥ ੴ ਸਤਿਗੁਰ ਪ੍ਰਸਾਦ॥
ਤੈ ਨਰ ਕਿਆ ਪੁਰਾਨ ਸੁਨਿ ਕੀਨਾ” ਭਗਤ ਪਰਮਾਨੰਦ ਜੀ ਦਾ ਸ਼ਬਦ ਸੂਰ ਦਾਸ ਜੀ ਦੀ ਪੰਗਤੀ ਤੋਂ ਪਹਿਲਾ
ਹੈ ਪਰ ਕਰਤਾਰਪੁਰੀ ਬੀੜ ਵਿਚ ਸੂਰਦਾਸ ਜੀ ਦੀ ਪੰਗਤੀ ਤੋਂ ਪਿਛੋਂ”।
ਮੈਂ ਇਕ ਹੱਥ ਲਿਖਤ ਦੇ ਦਰਸ਼ਨ ਕੀਤੇ ਹਨ ਜਿਸ ਮੁਤਾਬਕ ਭਗਤ ਪਰਮਾਨੰਦ ਜੀ ਦਾ ਸ਼ਬਦ ਸੁਰ ਦਾਸ ਜੀ ਦੇ
ਸ਼ਬਦ ਤੋਂ ਪਹਿਲਾ ਦਰਜ ਹੈ। ਇਸ ਹੱਥ ਲਿਖਤ ਵਿਚ ਸੂਰਦਾਸ ਜੀ ਦਾ ਪੂਰਾ ਸ਼ਬਦ ਦਰਜ ਹੈ ਅਤੇ ਸੂਰਦਾਸ ਜੀ
ਦੇ ਸ਼ਬਦ ਤੋਂ ਅੱਗੇ ਮਹਲਾ ੫ ਨਹੀ ਹੈ ਸਗੋਂ ਸਿਰਫ ‘ਸਾਰੰਗ’ ਹੀ ਦਰਜ ਹੈ ਅਤੇ ਅੱਗੇ ਸ਼ਬਦ “ਹਰਿ ਕੇ
ਸੰਗ ਬਸੇ ਹਰਿ ਲੋਕ ॥ ...ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ॥ ਸ਼ਬਦ ਦਰਜ ਹੈ।
ਸੂਰਦਾਸ ਜੀ ਦੇ ਸ਼ਬਦ ਸਬੰਧੀ ਜੀ ਬੀ ਸਿੰਘ ਜੀ ਲਿਖਦੇ ਹਨ, “ਇਹ ਗੱਲ ਆਮ ਪ੍ਰਸਿੱਧ ਤੇ ਸਾਰੇ ਸਿਖਾਂ
ਦੀ ਮੰਨੀ ਹੋਈ ਹੈ ਕਿ ਏਸ ਬੀੜ ਵਿਚ ਇਕ ਵਾਧੂ ਸ਼ਬਦ ਸੂਰਦਾਸ ਦਾ, ਅਤੇ ਇਕ ਸ਼ਬਦ ਮੀਰਾਂਬਾਈ ਦਾ ਪਾਏ
ਗਏ ਹਨ, ਜੋ ‘ਆਦਿ ਬੀੜ’ ਵਿਚ ਨਹੀਂ ਸਨ। ਬਾਈ ਬੰਨੋ ਜੀ ਦੀ ਆਗਿਆ ਨਾਲ ਲਿਖਾਰੀ ਨੇ ਪਾਏ ਹਨ, ਜਾਂ
ਆਪਣੀ ਮਨ ਮਰਜ਼ੀ ਕੀਤੀ, ਨਹੀਂ ਕਿਹਾ ਜਾ ਸਕਦਾ। ਆਖਿਰ ਇਨ੍ਹਾਂ ਸ਼ਬਦਾਂ ਵਿਚ ਕੁਝ ਭੀ ਸਿੱਖੀ ਦੇ
ਬਰਖ਼ਿਲਾਫ਼ ਜਾਂ ਇਤਰਾਜ਼ ਯੋਗ ਨਹੀਂ ਸੀ, ਦੋਵੇਂ ਸ਼ਬਦ ਗੁਰੂ ਆਸ਼ੇ ਦੇ ਅਨੁਸਾਰ ਹਨ। ਸੂਰਦਾਸ ਦਾ ਜੋ ਸ਼ਬਦ
ਵਧਾਇਆ ਗਿਆ ਹੈ ,ਉਹ ਇਹ ਹੈ:-
ਛਾਡ ਮਨ ਹਰ ਬੇਮੁਖਨ ਕੋ ਸੰਗ। ਕਾਹ ਭਯੋ ਪੈ ਪਾਨ ਪਿਆਇ, ਬਿਖ ਨਹੀਂ ਤਜਤ ਭੁਅੰਗ ॥੧॥ ਰਹਾਉ॥
ਕਾਗਾਂ ਕਾਪੂਰ ਚੁ ਗਾਏ, ਸ੍ਵਾਨ ਨ੍ਵਾਇ ਗੰਗ। ਖਰ ਕੋ ਕਹਾ ਅਗਰ ਕੋ ਲੇਪਨ। ਮਰਕਟ ਭੂਖਨ ਅੰਗ। ਪਾਹਨ
ਪਤਿਤ ਬਾਨ ਬੇਧੇ, ਰੀਤੇ ਹੋਏ ਨਿਖੰਗ। ਸੂਰਦਾਸ ਕੀ ਕਾਲੀ ਕਮਰੀ, ਚੜ੍ਹਤ ਨ ਦੂਜਾ ਰੰਗ॥
ਸਗੋਂ ਜੇਹੜਾ ਸ਼ਬਦ ਸੂਰਦਾਸ ਦਾ ਸਭ ਬੀੜਾਂ ਵਿਚ ਹੈ, ਉਸ ਦੀ ਏਸ ਤੁਕ ਤੇ ਕੁਝ ਇਤਰਾਜ਼ ਹੋ ਸਕਦਾ ਹੈ:-
ਸਿਆਮ ਸੁੰਦਰ ਤਜਿ ਆਨ ਜੋ ਚਾਹਤ, ਜਿਉਂ ਕੁਸ਼ਟੀ ਤਨ ਜੋਕ॥ ਕਿਉਂਕਿ ਇਸ ਵਿਚ ਕ੍ਰਿਸ਼ਨ ਦੀ ਪੂਜਾ
ਦ੍ਰਿੜਾਈ ਹੈ ਅਤੇ ਹੋਰ ਕਿਸੇ ਪੂਜਾ ਦੀ ਨਿਖੇਧੀ ਹੈ। ਇਹ ਦੂਜਾ ਸ਼ਬਦ ਆਦਿ ਬੀੜ ਵਿਚ ਜਰੂਰ ਸੀ” ।
(ਪ੍ਰਾਚੀਨ ਬੀੜਾਂ ਪੰਨਾ ੧੨੬)
ਜੀ ਬੀ ਸਿੰਘ ਜੀ ਦੀ ਲਿਖਤ ਮੁਤਾਬਕ ਤਾਂ ਦੁਜਾ ਸ਼ਬਦ ਵੀ ਸੂਰਦਾਸ ਜੀ ਦਾ ਹੈ ਜੋ ਮੌਜੂਦਾ ਬੀੜਾਂ ਵਿਚ
“ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਕੇ ਸੰਗ ਬਸੇ ਹਰਿ ਲੋਕ ॥ ...ਸੂਰਦਾਸ ਮਨੁ
ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ” ਮਹਲਾ ੫ ਸਿਰਲੇਖ ਨਾਲ ਦਰਜ ਹੈ। ਉਪ੍ਰੋਕਤ ਹੱਥ ਲਿਖਤ ਤੋਂ ਵੀ
ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਪਾਠਕ ਧਿਆਨ ਦੇਣ ਭਗਤ ਕਬੀਰ ਜੀ ਦੇ ਦੋਵਾਂ ਸ਼ਬਦਾਂ ਦੇ ਅਖੀਰ `ਚ
‘ਕਹਤ ਕਬੀਰ’ ਅਤੇ ‘ਕਹੁ ਕਬੀਰ’ ਆਉਂਦਾ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਸ਼ਬਦ ਕਬੀਰ ਜੀ ਦੇ
ਹਨ। ਤੀਜੇ ਅਤੇ ਚੌਥੇ ਸ਼ਬਦ ਦੇ ਅਖੀਰ ਵਿਚ ‘ਕਹਤ ਨਾਮਦੇਓ’, ਪੰਜਵੇਂ ਸ਼ਬਦ ਦੇ ਅਖੀਰ ਵਿਚ ‘ਨਾਮਦੇਵ’,
ਛੇਵੇਂ ਸ਼ਬਦ ਦੇ ਅਖੀਰ ਵਿਚ ‘ਪਰਮਾਨੰਦ’ ਆਉਂਦਾ ਹੈ ਜਿਸ ਤੋਂ ਇਹ ਸਬੂਤ ਮਿਲਦਾ ਹੈ ਕਿ ਇਹ ਸ਼ਬਦ ਭਗਤ
ਪਰਮਾਨੰਦ ਜੀ ਦਾ ਹੈ। ਨੌਵੇਂ ਸ਼ਬਦ ਦੇ ਅਖੀਰ ਵਿਚ ‘ਕਹੇ ਕਬੀਰ’ ਆਉਂਦਾ ਹੈ। ਜਿਸ ਤੋਂ ਅਸੀਂ ਇਹ
ਮੰਨਦੇ ਹਾਂ ਕਿ ਇਹ ਕਬੀਰ ਜੀ ਦਾ ਸ਼ਬਦ ਹੈ। ਸਤਵਾਂ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ਜੋ
ਅਧੁਰਾ ਹੈ, ਇਹ ਕਿਸ ਮਹਾਂਪੁਰਖ ਦਾ ਹੈ? ਇਸ ਦੀ ਜਾਣਕਾਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ
ਨਹੀ ਮਿਲਦੀ। ਇਹ ਜਾਣਕਾਰੀ ਸਾਨੂੰ ਉਨ੍ਹਾਂ ਹੱਥ ਲਿਖਤਾਂ ਤੋਂ ਮਿਲਦੀ ਹੈ ਜਿਨ੍ਹਾਂ ਵਿਚ ਇਹ ਸ਼ਬਦ
ਪੂਰਾ ਦਰਜ ਹੈ। ਉਥੇ ਇਸ ਸ਼ਬਦ ਦੇ ਅਖੀਰ ਵਿਚ ਵੀ ਸੂਰਦਾਸ ਦਾ ਨਾਮ ਦਰਜ ਹੈ ਅੱਠਵੇਂ ਸ਼ਬਦ ਦੀ ਆਖਰੀ
ਪੰਗਤੀ, “ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ” ਵਿਚ ਵੀ ਸੂਰਦਾਸ ਜੀ ਦਾ ਨਾਮ ਦਰਜ
ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਵੇਖਦੇ ਹਾਂ ਤਾਂ ਹੋਰ ਵਿ ਹੈਰਾਨੀ ਜਨਕ
ਜਾਣਕਾਰੀ ਸਾਹਮਣੇ ਆਉਂਦੀ ਹੈ ਤਤਕਰੇ ਦੇ ਅਨੁਸਾਰ ਵੀ ਇਹ ਸ਼ਬਦ, “ਹਰਿ ਕੇ ਸੰਗ ਬਸੇ ਹਰਿ ਲੋਕ ॥
...ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ” ਭਗਤ ਸੂਰਦਾਸ ਜੀ ਦਾ ਹੀ ਹੈ ਪਰ “ਛਾਡਿ ਮਨ
ਹਰਿ ਬਿਮੁਖਨ ਕੋ ਸੰਗੁ” ਪੰਗਤੀ ਭਗਤ ਪਰਮਾਨੰਦ ਜੀ ਦੀ।
ਪਰਮਾਨੰਦ ਜੀ:-
ਤੈ ਨਰ ਕਿਆ ਪੁਰਾਨੁ……………………..੧੨੫੩
ਛਾਡਿ ਮਨੁ ਹਰਿ ਬਿਮੁਖਨ………………….੧੨੫੩
ਸੂਰਦਾਸ ਜੀ:-
ਹਰਿ ਕੇ ਸੰਗ ਬਸੇ…………………………੧੨੫੩
“ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ਇਸ ਪੰਗਤੀ ਬਾਰੇ ਸਭ ਤੋਂ ਮਹੱਤਵਪੂਰਣ ਜਾਣਕਾਰੀ ਜੋ ਸਾਨੂੰ
‘ਪਾਠ ਭੇਦਾਂ ਦੀ ਸੂਚੀ’ ਤੋਂ ਮਿਲਦੀ ਹੈ। ਇਹ ਖੋਜ ਕਾਰਜ ਸ਼੍ਰੋਮਣੀ ਕਮੇਟੀ ਨੇ ਆਪਣੇ ਵਿਦਵਾਨਾਂ ਸ.
ਰਣਧੀਰ ਸਿੰਘ, ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਨਿਹੰਗ ਤੋਂ ਕਰਵਾਇਆ ਸੀ। 1977 ਵਿਚ
ਗੁਰਦਵਾਰਾ ਪ੍ਰਿੰਟਿਂਗ ਪ੍ਰੈਸ ਰਾਮਸਰ ਰੋਡ, ਅੰਮ੍ਰਿਤਸਰ ਵਿਖੇ ਛਪੀ ਇਸ ਕਿਤਾਬ ਦਾ ਮੁਖਬੰਧ ਜਥੇਦਾਰ
ਕਿਰਪਾਲ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ। ‘ਪਾਠ ਭੇਦਾਂ ਦੀ ਸੂਚੀ’ `ਚ ਇਸ ਪੰਗਤੀ ਸਬੰਧੀ ਦਰਜ ਹੈ;
“ਨੋਟ:- (੧) ਇਹ ਬੇ ਸਿਰ-ਪੈਰ ਤੁਕ, ਅਨੇਕਾਂ ਪੁਰਾਤਨ ਲਿਖਤੀ ਗ੍ਰੰਥਾਂ ਵਿੱਚ ਹੈ ਹੀ ਨਹੀਂ।
ਕਿਸੇ ੨ ਵਿੱਚ ਮਗਰੋਂ ਪਰੇਮੀਆਂ ਪੂਰਾ ਸ਼ਬਦ ਖਾਲੀ ਥਾਂ ਯਾ ਹਾਸ਼ੀਏ `ਤੇ ਲਿਖ ਦਿੱਤਾ ਹੈ। ਐਪਰ ਅਗਾੜੀ
ਦੱਸੇ ਗ੍ਰੰਥਾਂ ਵਿੱਚ ਮੁਖ ਲਿਖਾਰੀਆਂ ਦੇ ਹੱਥੀਂ ਹੀ ਲਿਖਿਆਂ ਮਿਲਦਾ ਹੈ। ਪੂਰਾ ਪਾਠ ਇਉਂ ਦਿੱਤਾ
ਹੈ:-
ਸਾਰੰਗ॥ ਛਾਡਿ ਮਨ ਹਰ ਬਿਮੁਖਨ ਕੋ ਸੰਗ। ਜਾਕੇ ਮਿਲੇ ਕਬੁਧਿ ਉਪਜਤ ਪਰਤ ਭਜਨ ਮੋ ਭੰਗੁ ॥੧॥ ਰਹਾਉ॥
ਕਾਗਾਂ ਕਹਾ ਕਪੂਰ ਚਰਾਵਤ ਸੁਆਨ ਨਵਾਏ ਗੰਗ। ਖਰ ਕੋ ਕਹਾ ਅਗੁਰਜਾ ਲੇਪਨ ਮਰਕਟ ਭੂਖਨ ਅੰਗ ॥੧॥ ਪਤਤ
ਪਖਾਨ ਬਾਨ ਨਹੀ ਬੇਧੇ ਰੀਤੇ ਭਏ ਨਿਖੰਗ। ਸੂਰਦਾਸ ਕਾਰੀ ਕਮਰੀਆਂ ਚਰਤ ਨ ਦੂਸਰ ਰੰਗ॥੨॥੨॥ (ਬੀੜ
ਨੰਬਰ ੩੬/੧੧੭ ਵਿੱਚ ਰਾਗ ਦੇ ਅੰਤਿ)
(੨) ਇਸ ਸ਼ਬਦ ਵਿਚ ਅਨੇਕਾਂ ਪਾਠ-ਭੇਦ ਤੇ ਵੱਧ ਘੱਟ ਤੁਕਾਂ ਭੀ ਹਨ। ਪੂਰਾ ਤੇ ਸ਼ੁਧ ਪਾਠ ਹਾਲਾ ਤੱਕ
ਕਿਸੇ ਇਕ ਬੀੜ ਵਿਚ ਨਹੀ। ਬੀੜ ਨੰ; ੭, ੮/੮, ੨੬/੫੫, ੩੫/੧੧੬, ੩੯/੧੮੨’ ੪੦/੨੩੬’ ਤੋਂ ੫੪ ਵਿਚ,
ਰਹਾਉ ਦੀ ਦੁਜੀ ਤੁੱਕ- ‘ਕਹਾ ਭਏ ਪੈ ਪੀ ਪਿਆਏ ਬਿਖ ਨ ਤਜੇ ਭੁਇਅੰਗੁ’॥– ਹੈ। ਪਰ ਇਸ ਵਿਚ ਕਈ ਪਾਠ
ਫਰਕ ਨਾਲ ਲਿਖੇ ਹਨ॥ ਜਿਵੇਂ ਕਿ ‘ਪੈ ਪੀ’ ਦੀ ਥਾਂ ‘ਪੀ ਪਾਨ’ ਤੇ ਪੀ ਪਾਇ ਆਦਿ॥
ਸੋ; ਇਹ ਇਕੱਲੀ ਤੁਕ ਰਖਣੀ ਠੀਕ ਨਹੀ! ਮਿਲੇ ਤਾਂ ਸੁੱਧ ਪਾਠ ਵਾਲਾ ਸਾਰਾ ਸ਼ਬਦ ਸ਼ਾਮਿਲ ਕਰ ਲੈਣਾ
ਚਾਹੀਦਾ ਹੈ।
ਇਹ ਸ਼ਬਦ ਦਸਵੇਂ ਪਾਤਿਸ਼ਾਹ ਦੇ ਦਰਬਾਰੀ ਲਿਖਾਰੀ ਭਾਈ ਫਤਹ ਚੰਦ ‘ਬਾਲ ਗੋਬਿੰਦ’ ਦੇ ਲਿਖੇ ‘ਸੁਰ
ਸਾਗਰ’ ਵਿਚ ਹੈਗਾਇ, ਜਿਸ ਦਾ ਪਾਠ ਇਉਂ ਹੈ:-
ਸਾਰੰਗ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗ। ਕਹਾ ਭਇਓ ਪੈ ਪਾਨ ਕਰਾਏ ਬਿਖ ਨਹੀ ਤਜਤ ਭੁਅੰਗ ॥੧॥
ਰਹਾਉ॥ ਖਰ ਕਉ ਕਹਾ ਅਗਰਜਾ ਲੇਪਨ ਸੁਆਨ ਨ੍ਹਾ ਗੰਗ॥ ਕਾਗੇ ਕਹਾ ਕਪੂਰ ਚੁਗਾਏ ਮਰਕਟ ਭੂਖਨ ਅੰਗ ॥੨॥
ਜਿਉ ਪਖਾਣ ਬਾਣ ਨਹੀ ਭੇਦਤ ਰੀਤੋ ਤ ਹੋਇ ਨਿਖੰਗ॥ ਸੂਰਦਾਸ ਜੋ ਕਾਰੀ ਕਾਂਮਰਿ ਚੜ੍ਹੈ ਨ ਦੂਜੋ ਰੰਗ
॥੩॥੭੦੭॥ (ਸੂਰ ਸਾਗਰ- ਪਤਿ ੭੪੨/੨ ,ਸਤ੍ਰ ੨੭ ਤੋਂ ੨੯ ਤੱਕ)”। (‘ਪਾਠ ਭੇਦਾਂ ਦੀ ਸੂਚੀ’ ਪਹਿਲੀ
ਐਡੀਸ਼ਨ, ਜਨਵਰੀ ੧੯੭੭, ਪੰਨਾ ੬੬੨ )
‘ਪਾਠ ਭੇਦਾਂ ਦੀ ਸੂਚੀ’ ਦੇ ਮੁਖਬੰਧ `ਚ ਲਿਖੇ ਜਥੇਦਾਰ ਕਿਰਪਾਲ ਸਿੰਘ
ਜੀ ਦੇ ਬਹੁਤ ਹੀ ਮਹੱਤਵ ਪੂਰਨ ਸ਼ਬਦ, “ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਬਾਕੀ ਧਰਮ ਗ੍ਰੰਥਾਂ
ਤੋਂ ਵਿਲੱਖਣ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਗੁਰੂ’ ਹਨ ਅਤੇ ਹਜ਼ੂਰ ਦੀ ਗੁਰਤਾ ਜੁਗੋਂ-ਜੁਗ ਅਟੱਲ
ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ
ਅਣਗਹਿਲੀ ਕਾਰਨ ਆ ਗਈਆਂ ਹਨ ਦੀ ਪਰਖ- ਪੜਤਾਲ ਕੀਤੀ ਜਾਣੀ ਅਤਿ ਜਰੂਰੀ ਭਾਸਦੀ ਹੈ। ਗੁਰੂ ਕਰਤਾਰ
ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਇਆਂ
ਜਰੂਰ ਰਹੀਆਂ ਹਨ ਤੇ ਸੋਧ- ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੋੜਦੀ ਹੈ”। (ਪਾਠ ਭੇਦਾਂ ਦੀ ਸੂਚੀ,
ਪੰਨਾ ਸ)
“ਪਾਠ ਭੇਦਾਂ ਦੀ ਸੂਚੀ” ਪੁਸਤਕ ਤਿਆਰ ਕਰਨ ਲਈ ਵਿਦਵਾਨਾਂ ਨੇ ਅਤੇ ਖੋਜ ਕਰਵਾਉਣ ਲਈ
ਸ਼ਰੋਮਣੀ ਕਮੇਟੀ ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਜਥੇਦਾਰ ਕਿਰਪਾਲ ਸਿੰਘ ਜੀ ਦੇ ਲਿਖਣ
ਮੁਤਾਬਕ, ਗੁਰਬਾਣੀ ਵਿਚ ਲਿਖਾਰੀਆਂ ਵੱਲੋਂ ਕੀਤੀਆਂ ਅਸ਼ੁੱਧੀਆਂ ਨੂੰ ਸੋਧਣਾ ਅਤਿ ਜ਼ਰੂਰੀ ਹੈ।
ਕਿਉਂਕਿ ਉਤਾਰਾ ਕਰਨ ਵਾਲਿਆਂ ਵੱਲੋਂ ਕੀਤੀਆਂ ਗਲਤੀਆਂ ਗੁਰੂ ਸਾਹਿਬਾਨ
ਦੇ ਨਾਵ ਨਾਲ ਜੁੜ ਜਾਂਦੀਆਂ ਹਨ, ਜੋ ਉਹਨਾਂ ਦੀ ਸ਼ਾਨ ਦੇ ਵਿਰੁਧ ਹੈ। ਹੁਣ ਜਦੋਂ ਸਿੱਖ ਧਰਮ
ਵਿਸ਼ਵ ਵਿਚ ਆਪਣੀ ਮਹੱਤਵਪੂਰਨ ਸਥਾਨ ਬਣਾ ਚੁੱਕਾ ਹੈ ਤਾ ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ
ਕੀਤੀਆਂ ਗਈਆਂ ਉਕਾਇਆ ਵਿਸ਼ਵ ਦੇ ਵਿਦਵਾਨਾਂ ਨੂੰ ਦੁਬਿਧਾ ਵਿਚ ਪਾਉਣ ਦਾ ਕਾਰਨ ਬਣ ਰਹੀਆਂ ਹਨ।
ਇੰਟਰਨੈਟ ਦੁਆਰਾ ਅਧਿਆਤਮਿਕ ਗਿਆਨ ਦਾ ਸੋਮਾ ਹਰ ਥਾਂ, ਧਾਰਮਕ ਰੁਚੀ ਵਾਲੇ ਵਿਦਵਾਨਾਂ ਅਤੇ
ਸ਼ਰਧਾਲੂਆਂ ਨੂੰ ਉਪਲੱਬਧ ਹੈ। ਇਸ ਲਈ ਗ੍ਰੰਥ ਸਾਹਿਬ ਜੀ ਵਿਚ ਕਾਤਬਾਂ ਵੱਲੋਂ ਕੀਤੀਆਂ ਭੁੱਲਾਂ ਅਤੇ
ਅਸ਼ੁੱਧੀਆਂ ਦਾ ਹੋਣਾ ਚਿੰਤਾਜਨਕ ਹੈ ਜੋ ਕਿ ਇਸ ਵਿਲੱਖਣ ਅਤੇ ਵਡਮੁੱਲੇ ਗੁਰੂ ਗ੍ਰੰਥ ਸਾਹਿਬ ਜੀ
ਪ੍ਰਤੀ ਸਾਡੇ ਦਾਵੇ ਨੂੰ, ਕਿ ਦੁਨੀਆਂ ਦਾ ਇਕੋ ਇਕ ਅਜੇਹਾ ਧਾਰਮਿਕ ਗ੍ਰੰਥ ਹੈ ਜੋ ਗੁਰੂ ਸਾਹਿਬ ਜੀ
ਆਪਣੀ ਹੱਥੀ ਲਿਖ ਕੇ ਗਏ ਹਨ, ਸੰਸਾਰ ਦੇ ਕਿਸੇ ਵੀ ਵਿਦਵਾਨ ਨੂੰ ਸ਼ੰਕੇ ਵਿਚ ਪਾ ਸਕਦਾ ਹੈ।
ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ ਇਤਿਹਾਸਿਕ ਦਿਹਾੜਿਆਂ ਤੇ ਰਵਾਇਤੀ ਅਤੇ ਕੰਮ ਚਲਾਊ
ਲੇਖ ਲਿਖ ਕੇ ਅਨਪੜ੍ਹ ਪ੍ਰਚਾਰਕਾਂ ਦੀ ਭੀੜ `ਚ ਸ਼ਾਮਲ ਹੋਣ ਦੀ ਬਜਾਏ ਆਪਣੀ ਕਲਮ ਅਤੇ ਕਾਬਲੀਅਤ ਦੀ
ਵਰਤੋਂ, ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ `ਚ ਕੀਤੀਆਂ ਗਈਆਂ ਉਕਾਈਆਂ ਨੂੰ ਦਰੁਸਤ ਕਰਨ ਲਈ
ਕਰੋ ਤਾਂ ਜੋ ਇਨ੍ਹਾਂ ਸਮੱਸਿਆਵਾਂ ਦਾ ਸਦੀਵੀ ਹਲ ਕਰਕੇ ‘ਅੰਮ੍ਰਿਤ ਮਈ ਬਾਣੀ’ ਦੀ ਸ਼ੁਧਤਾ ਨੂੰ ਕਾਇਮ
ਰੱਖਿਆ ਜਾ ਸਕੇ।