.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੱਗੋਂ ਤੇਰ੍ਹਵੀਆਂ

ਗੁਰਦੁਆਰਿਆਂ ਵਿੱਚ ਘੜਮੱਸ ਚੌਦੇਂ
ਭਾਗ ਅਠਵਾਂ

ਮਹਿਮੇ ਚੱਕ ਤੋਂ ਪਰਲੇ ਪਾਸੇ ਵਾਲੀ, ਮਹਿਮੇ ਚੱਕ ਤੋਂ ਉਰਲੇ ਪਾਸੇ ਤੇ ਮਲਕਵਾਲ ਵਾਲੀਆਂ ਨਹਿਰਾਂ ਮੇਰੀ ਸੰਭਾਲ਼ ਵਿੱਚ ਨਿਕਲੀਆਂ ਸਨ। ਇਨ੍ਹਾਂ ਤਿੰਨ ਨਹਿਰਾਂ ਨੂੰ ਮੈਂ ਬਣਦਿਆਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਇਹਨਾਂ ਨਹਿਰਾਂ ਦਾ ਪਾਣੀ ਸਾਡਿਆਂ ਘਰਾਂ ਤੀਕ ਆਉਂਦਾ ਸੀ। ਮੁਫਤ ਦੀ ਬਿਜਲੀ ਨਾਲ ਅਸਾਂ ਨਹਿਰਾਂ ਵਾਲੇ ਪਾਣੀ ਨੂੰ ਬੰਦ ਕਰਾ ਲਿਆ ਤੇ ਜ਼ਮੀਨ ਵਾਲਾ ਪਾਣੀ ਨੀਵਾਂ ਕਰ ਦਿੱਤਾ। ਨਹਿਰਾਂ ਦੇ ਪਾਣੀ ਦੀ ਵਾਰੀ ਲਈ ਪਿੰਡ ਵਿੱਚ ਕੇਵਲ ਇੱਕ ਟਾਈਮ ਪੀਸ ਹੁੰਦਾ ਸੀ। ਚਿੱਟੇ ਚਾਦਰੇ ਕੁੜਤੇ ਤੇ ਪੱਗ ਨਾਲ ਤਾਇਆ ਤਾਰਾ ਸਿੰਘ ਹਮੇਸ਼ਾਂ ਆਪਣੀ ਦੁਕਾਨ ਵਿੱਚ ਸੱਜਿਆ ਰਹਿੰਦਾ ਸੀ। ਪਿੰਡ ਵਾਲੇ ਕਿਲਿਆਂ ਦੇ ਹਿਸਾਬ ਨਾਲ ਛਈਂ ਛਮਾਈ ਤਾਏ ਨੂੰ ਦਾਣੇ ਦੇਂਦੇ ਸਨ। ਪੈਲ਼ੀਆਂ ਦੀ ਦੂਰੀ ਦੇ ਹਿਸਾਬ ਨਾਲ ਟਾਈਮ ਪੀਸ ਤੋਂ ਸਮਾਂ ਦੇਖ ਤਾਏ ਦੀ ਹਰੀ ਹਰੀ ਝੰਡੀ ਲੈ ਕੇ ਤੁਰਦੇ ਸਨ। ਤਾਏ ਵਲੋਂ ਤੋਰੇ ਬੰਦੇ ਦੀ ਕਦੇ ਕਿਸੇ ਨੇ ਉਜਰਦਾਰੀ ਨਹੀਂ ਕੀਤੀ ਸੀ। ਤਾਏ `ਤੇ ਨਗਰ ਨਿਵਾਸੀਆਂ ਪੂਰਾ ਭਰੋਸਾ ਸੀ।
ਇਸ ਤੋਂ ਹੋਰ ਪਿੱਛੇ ਚਲੇ ਜਾਈਏ ਤਾਂ ਪੁਰਾਣਿਆਂ ਸਮਿਆਂ ਵਿੱਚ ਕਾਲੀਆਂ `ਤੇ ਚਿੱਟੀਆਂ ਰਾਤਾਂ ਭਾਵ ਮੱਸਿਆ ਤੇ ਪੁੰਨਿਆਂ ਨੂੰ ਮੁੱਖ ਰੱਖ ਕੇ ਲੋਕ ਆਪਣੇ ਕਾਰਜ ਕਰਦੇ ਸਨ। ਪੁੰਨਿਆ ਮੱਸਿਆ ਦੇ ਹਿਸਾਬ ਨਾਲ ਆਪਣਿਆਂ ਘਰਾਂ ਦੇ ਦਿਨ ਦਿਉਹਾਰ ਮਿੱਥੇ ਜਾਂਦੇ ਸਨ। ਬਹੁਤੀ ਦਫ਼ਾ ਪਿੰਡ ਦੇ ਪੰਡਤ ਜੀ ਨੂੰ ਪੁੱਛ ਲੈਣਾ ਕੇ ਪੰਡਤ ਜੀ ਮੱਸਿਆ ਕਦੋਂ ਆ ਰਹੀ ਹੈ ਤਾਂ ਪੰਡਤ ਜੀ ਦੀ ਆਪਣੀ ਕਮਿਸਟ੍ਰੀ ਹੁੰਦੀ ਸੀ ਉਸ ਅਨੁਸਾਰ ਕਹਿਣਾ ਕਿ ਭਈ ਅੱਜ ਮੱਸਿਆ ਜੇ। ਅਸਲ ਵਿੱਚ ਗਿਣਤੀ ਪੰਡਤ ਜੀ ਨੂੰ ਵੀ ਨਹੀਂ ਆਉਂਦੀ ਸੀ। ਉਸ ਵਿਚਾਰੇ ਨੇ ਬੱਕਰੀ ਰੱਖੀ ਹੋਈ ਸੀ। ਜਿਸ ਦਿਨ ਪੁੰਨਿਆ ਹੁੰਦੀ ਸੀ ਤਾਂ ਉਹ ਇੱਕ ਇੱਕ ਮੇਂਗਣ ਘੜੇ ਵਿੱਚ ਪਾਈ ਜਾਂਦਾ ਸੀ। ਜਦੋਂ ਚੌਦਾਂ ਹੋ ਜਾਂਦੀਆਂ ਸਨ ਤਾਂ ਉਹ ਕਹਿ ਦੇਂਦਾ ਸੀ ਭਈ ਅੱਜ ਚੌਦੈਂ ਹੈ ਤੇ ਕਲ੍ਹ ਨੂੰ ਮੱਸਿਆ ਹੈ। ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਕਿਤੇ ਬੱਕਰੀ ਦਾ ਰੱਸਾ ਖੁਲ੍ਹ ਗਿਆ। ਬੱਕਰੀ ਮੂੰਹ ਮਾਰਦੀ ਮਾਰਦੀ ਘੜੇ ਦੇ ਕੋਲ ਆ ਗਈ। ਵਿਚਾਰੀ ਬੱਕਰੀ ਨੇ ਘੜੇ ਵਿੱਚ ਮੇਂਗਣਾ ਕਰ ਦਿੱਤੀਆਂ। ਚੌਂਹ ਕੁ ਦਿਨਾਂ ਬਆਦ ਪਿੰਡੋਂ ਕੁੱਝ ਬੀਬੀਆਂ ਕੁਦਰਤੀ ਪੰਡਤ ਜੀ ਨੂੰ ਮੱਸਿਆ ਪੁੱਛਣ ਆ ਗਈਆਂ। ਪੰਡਤ ਜੀ ਅੰਦਰ ਮੇਂਗਣਾਂ ਗਿਣਨ ਗਏ ਤਾਂ ਹੈਰਾਨ ਰਹਿ ਗਏ ਕਿ ਘੜੇ ਵਿੱਚ ਏੰਨੀਆਂ ਮੇਂਗਣਾਂ ਕਿੱਥੋਂ ਆ ਗਈਆਂ। ਹੁਣ ਪੰਡਤ ਜੀ ਦੇ ਭਾਅ ਦੀ ਬਣ ਗਈ। ਗਿਣਤੀ ਪੰਡਤ ਜੀ ਨੂੰ ਵੀ ਚੌਦ੍ਹਾਂ ਤੀਕ ਹੀ ਅਉਂਦੀ ਸੀ। ਪੰਡਤ ਜੀ ਦੇ ਪਸੀਨੇ ਛੁੱਟ ਗਏ ਮੈਂ ਹੁਣ ਕੀ ਦੱਸਾਂ ਦੂਜਾ ਮੇਰੀ ਵਿਦਿਆ ਵੀ ਖੂਹ ਖਾਤੇ ਪਏਗੀ ਅਗਾਂਹ ਮੈਨੂੰ ਦਾਣੇ ਵੀ ਕਿਸੇ ਨੇ ਨਹੀਂ ਦੇਣੇ। ਪੰਡਤ ਜੀ ਨੂੰ ਜੁਆਬ ਸੁਝਿਆ ਤੇ ਬਾਹਰ ਆ ਕੇ ਬੀਬੀਆਂ ਨੂੰ ਕਹਿਣ ਲੱਗਾ ਕਿ ਬੀਬੀਓ ਅੱਜ ਘੜਮੱਸ ਚੌਦ੍ਹੇ ਹੈ। ਉਹ ਵਿਚਾਰੀਆਂ ਧੰਨ ਪੰਡਤ ਧੰਨ ਪੰਡਤ ਜੀ ਕਰਦੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ।
ਅੱਜ ਜਦੋਂ ਗੁਰਦੁਆਰਿਆਂ ਵਲ ਨਿਗ੍ਹਾ ਮਾਰਦੇ ਹਾਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਏੱਥੇ ਘੜਮੱਸ ਚੌਦ੍ਹੇਂ ਹੀ ਦਾ ਹੀ ਵਰਤਾਵਾ ਹੋਵੇ। ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਗੁਰਦੁਆਰਿਆਂ ਵਿੱਚ ਗੁਰਬਾਣੀ ਪੜ੍ਹਨੀ, ਗੁਰਬਾਣੀ ਕੀਰਤਨ, ਸ਼ਬਦ ਵਿਚਾਰ ਦਾ ਸੰਕਲਪ ਹੈ। ਦੂਜੇ ਸ਼ਬਦਾਂ ਵਿੱਚ ਗੁਰਦੁਆਰਿਆਂ ਵਿੱਚ ਗੁਰਮਤਿ ਦ੍ਰਿੜ ਕਰਾਈ ਜਾਂਦੀ ਹੈ। ਸਿੱਖ ਫਲਸਫਾ, ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਂਦੀ ਹੈ। ਆਮ ਦੇਖਿਆ ਜਾਂਦਾ ਹੈ ਕਿ ਜਦੋਂ ਪੰਥ ਪ੍ਰਵਾਨਤ ਰਹਿਤ ਮਰਯਾਦਾ ਵਾਲੇ ਪ੍ਰੋਗਰਾਮ ਚੱਲਦੇ ਹਨ ਤਾਂ ਓਦੋਂ ਗੁਰਦੁਆਰਿਆਂ ਵਿੱਚ ਬਹੁਤ ਘੱਟ ਰੌਣਕ ਹੁੰਦੀ ਹੈ ਪਰ ਜਦੋਂ ਪੰਥ ਮਰਯਾਦਾ ਤੋਂ ਬਾਹਰ ਜਾ ਕੇ ਸਾਧਨਾ ਸਿਮਰਣ, ਜਪ-ਤਪ ਦੁਪਹਿਰੇ, ਚੋਪਹਿਰੇ ਵਾਲੇ ਪ੍ਰੋਗਰਾਮ ਹੋਣ ਤਾਂ ਓਦੋਂ ਘੜਮੱਸ ਚੌਦੇਂ ਵਾਂਗ ਇਕੱਠ ਹੁੰਦਾ ਹੈ। ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਕੇਵਲ ਆਪਣੇ ਆਪਣੇ ਸਟਾਈਲ ਅਨੁਸਾਰ ਨਾਮ ਹੀ ਜਪਾਇਆ ਜਾ ਰਿਹਾ ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੀ ਸਾਧਨਾ ਸਿਮਰਣ, ਜਪ-ਤਪ, ਦੁਪਹਿਰੇ ਚੁਪਹਿਰੇ ਬੱਤੀਆਂ ਬੰਦ ਕਰਨੀਆਂ ਆਦਿ ਨਾਲ ਸਿੱਖੀ ਦਾ ਪਰਚਾਰ ਹੋ ਰਿਹਾ ਹੈ ਜਾਂ ਅਸੀਂ ਆਪਣੀ ਮਰਜ਼ੀ ਨਾਲ ਪੰਥ ਪਰਵਾਨਤ ਰਹਿਤ ਮਰਯਾਦਾ ਨੂੰ ਬਦਲ ਰਹੇ ਹਾਂ। ਇੰਜ ਲੱਗਣ ਲੱਗ ਪਿਆ ਹੈ ਜਦੋਂ ਕਦੇ ਪੰਥ ਮਰਯਾਦਾ ਦੇ ਵਿਰੋਧ ਵਿੱਚ ਗੱਲ ਕੀਤੀ ਜਾਂਦੀ ਹੈ ਤਾਂ ਉਦ੍ਹੋਂ ਸੰਗਤਾਂ ਦਾ ਇਕੱਠ ਏੰਨਾ ਹੁੰਦਾ ਹੈ ਕਿ ਤਿਲ਼ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਬਚਦੀ। ਪਰ ਜਦੋਂ ਗੁਰਮਤ ਅਨੁਸਾਰ ਕਥਾਂ ਕੀਰਤਨ ਹੁੰਦਾ ਹੋਵੇ ਉਦੋਂ ਦਰੀਆਂ ਖਾਲੀ ਹੁੰਦੀਆਂ ਹਨ। ਦੁਨੀਆਂ ਦੇ ਕਈ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਸਮੇਂ ਕੋਈ ਸਤ ਸੰਗੀ ਨਾ ਬੈਠਾ ਹੋਵੇ ਤਾਂ ਏਹੀ ਕਹਿਣਾ ਪੈਂਦਾ ਹੈ ਬਿਜਲੀ ਦੇ ਪੱਖਿਓ, ਬਲਬੋ, ਗੁਲਦੱਸਤਿਓ, ਸਪੀਕਰ ਜੀ ਮੈਂ ਕਥਾ ਸ਼ੁਰੂ ਕਰਨ ਲੱਗਾਂ ਲਓ ਧਿਆਨ ਨਾਲ ਸੋਣੋ।
ਅਸਲ ਵਿੱਚ ਏੱਥੇ ਪ੍ਰਬੰਧਕੀ ਢਾਂਚਾ ਇਮਾਨਦਾਰ ਨਹੀਂ ਹੈ ਉਹਨਾਂ ਨੂੰ ਸਿੱਖ ਸਿਧਾਂਤ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਉਹਨਾਂ ਨੂੰ `ਤੇ ਏਹੀ ਹੈ ਕਿ ਅਸੀਂ ਆਪਣੀ ਟਰਮ ਵਿੱਚ ਗੋਲਕ ਕਿੰਨੀ ਵਧਾਈ ਹੈ। ਗੋਲਕ ਤਾਂ ਹੀ ਵੱਧੇਗੀ ਜੇ ਏਦ੍ਹਾਂ ਦੇ ਟੇਡੇ ਮੇਡੇ ਗੁਰਮਤ ਦੇ ਨਾਂ `ਤੇ ਸਮਾਗਮ ਰੱਖੇ ਜਾਣ।
ਪ੍ਰਬੰਧਕੀ ਢਾਂਚੇ ਨੇ ਜੱਗੋਂ ਤਰ੍ਹਵੀਂ ਕਰਦਿਆਂ ਅੱਜ ਗੁਰਦੁਆਰਿਆਂ ਵਿੱਚ ਜੋਗ ਸਾਧਨਾ ਜਨੀ ਕਿ ਜੋਗਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਹਰ ਨਵੀਂ ਪਿਰਤ ਤੋਰਨ ਲਈ ਕੁੱਝ ਨਵਾਂ ਹੀ ਕਰਨਾ ਪੈਂਦਾ ਹੈ। ਸੇਵਾਦਾਰਾਂ ਨੂੰ ਫਿਕਰ ਪਿਆ ਸੀ ਕਿ ਪ੍ਰਧਾਨ ਦੇ ਆਉਣ ਦਾ ਸਮਾਂ ਹੋ ਗਿਆ ਹੈ ਜਲਦੀ ਕਰੋ ਚਿੱਟੀਆਂ ਚਾਦਰਾਂ ਵਿਛਾਉਣੀਆਂ ਸ਼ੁਰੂ ਕਰੋ। ਨਹੀਂ ਤਾਂ ਸਾਡੀ ਖੈਰ ਨਹੀਂ ਜੇ। ਛਿੰਦੇ ਨੂੰ ਪਤਾ ਲੱਗਿਆ ਕਿ ਅੱਜ ਕਲ੍ਹ ਗੁਰਦੁਆਰੇ ਵਿੱਚ ਦੋ ਦੀਵਾਨ ਸਪੈਸ਼ਲ ਲੱਗਦੇ ਹਨ। ਉਸ ਸੋਚਿਆ ਚਲੋ ਮੈਂ ਵੀ ਹਾਜ਼ਰੀ ਭਰ ਆਵਾਂ ਖਬਰੇ ਮੈਨੂੰ ਸਵਰਗ ਦੀ ਟਿਕਟ ਮਿਲ ਹੀ ਜਾਏ। ਛਿੰਦੇ ਨੇ ਸਾਹ ਚੜ੍ਹੀ ਸਿਮਰਣ ਸਾਧਨਾ ਵਾਲੀ ਹੇਠਲੀ ਉਪਰਲੀ ਹੁੰਦੀ ਕਈ ਦਫ਼ਾ ਦੇਖੀ ਸੀ ਪਰ ਆ ਨਵੀਂ ਘੜੁੱਤ ਜੋਗਾ ਅਭਿਆਸ ਵਾਲੀ ਉਸ ਨੇ ਪਹਿਲੀ ਵਾਰ ਦੇਖੀ ਸੀ। ਛਿੰਦੇ ਨੇ ਦੇਖਿਆ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਸਮੇਤ ਸਾਰੀ ਵਿਛਾਈ ਚਿੱਟੇ ਰੰਗ ਦੀ ਕੀਤੀ ਹੋਈ ਸੀ। ਅੱਗੇ ਸੰਗਤ ਦੇ ਬੈਠਣ ਲਈ ਵੀ ਸਪੈਸ਼ਲ ਨਵੀਆਂ ਨਿਕੋਰ ਦੁੱਧ ਵਰਗੀਆਂ ਚਿੱਟੀਆਂ ਚਾਦਰਾਂ ਵਿਛਾਈਆਂ ਹੋਈਆਂ ਸਨ। ਹੁਣ ਗੁਰਦੁਆਰਿਆਂ ਵਿੱਚ ਸਿਮਰਣ ਸਾਧਨਾਂ ਵੇਲੇ ਤੇ ਜੋਗਾ ਕਰਨ ਸਮੇਂ ਚਿੱਟੀਆਂ ਚਾਦਰਾਂ ਦੀ ਵਿਛਾਈ ਕੀਤੀ ਜਾਂਦੀ ਹੈ।
ਛਿੰਦਾ ਦੇਖ ਕੇ ਹੈਰਾਨ ਰਹਿ ਗਿਆ ਕਿ ਸਿਆਣਾ ਬਿਆਣਾ ਅੰਮ੍ਰਿਤਧਾਰੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਈ ਤਰ੍ਹਾਂ ਦੇ ਆਸਣ ਲਗਾ ਰਿਹਾ ਸੀ ਅਖੇ ਇਹ ਆਸਣ ਕਰਨ ਨਾਲ ਸਰੀਰ ਦੀਆਂ ਅੰਦਰਲੀਆਂ ਤੇ ਬਾਹਰਲੀਆਂ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਛਿੰਦੇ ਨੇ ਜੱਗੋਂ ਤੇਰ੍ਹਵੀੰ ਦੇਖੀ ਕੇ ਜੋਗਾ ਕਰਾਉਣ ਵਾਲਾ ਹੁਣ ਧਿਆਨ ਲਗਵਾ ਰਿਹਾ ਸੀ। ਅਖੇ ਨੱਕ ਦੇ ਊਪਰ ਧਿਆਨ ਕਰਦਿਆਂ ਅੰਦਰਲੀ ਕੁੰਡਲ਼ੀ ਖੁਲ੍ਹ ਜਾਏਗੀ। ਦੂਜਾ ਦਸਵਾਂ ਦੁਆਰ ਤੁਹਾਡਾ ਖੁਲ੍ਹ ਜਾਏਗਾ। ਆਪਣਿਆ ਸਵਾਸਾਂ ਨੂੰ ਘਮਾਓ ਤਾਂ ਕੇ ਸਾਰੇ ਸਰੀਰ ਵਿੱਚ ਘਮਾਉਂਦੇ ਹੋਏ, ਸੱਪ ਵਰਗੀ ਨਾੜ ਰਾਂਹੀ ਇਸ ਦਾ ਪੈਡਾ ਕਰਾਓ ਤਾਂ ਕੇ ਦਸਮ ਦੁਆਰ ਤੀਕ ਤੁਸੀਂ ਪਹੁੰਚ ਸਕੋ।
ਛਿੰਦਾ ਮਨ ਵਿੱਚ ਸੋਚ ਰਿਹਾ ਸੀ ਜਿਸ ਜੋਗ ਮਤ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਡਾ ਖਹਿੜਾ ਛੁਡਾਇਆ ਸੀ ਅੱਜ ਉਹੀ ਜੋਗਾ ਅਭਿਆਸ ਕੌਮ ਦੇ ਫਿਰ ਪੱਲੇ ਪੈ ਰਿਹਾ ਹੈ। ਅੱਜੇ ਤਾਂ ਥੋੜੇ ਗੁਰਦੁਆਰਿਆ ਵਿੱਚ ਸ਼ੁਰੂ ਹੋਇਆ ਹੈ ਆਉਣ ਵਾਲੇ ਸਮੇਂ ਵਿੱਚ ਇਸ ਦੀਆਂ ਬੇਅੰਤ ਸ਼ਾਖਾਂ ਖੁਲ੍ਹ ਜਾਣਗੀਆਂ। ਛਿੰਦਾ ਆਪਣੇ ਆਂਢ-ਗਆਂਢ ਨਿਗ੍ਹਾ ਮਾਰਕੇ ਦੇਖਦਾ ਹੈ ਕਿ ਤਾਈ ਨਿਹਾਲੀ ਤੇ ਚਾਚੀ ਬਿਸ਼ਨੀ ਵੀ ਜੋਗਾ ਅਭਿਆਸ ਕਰਕੇ ਬਾਹਰ ਆ ਰਹੀਆਂ ਸਨ। ਇਹ ਦੋਵੇਂ ਮਾਈਆਂ ਦੇਖ ਕੇ ਛਿੰਦੇ ਦਾ ਹਾਸਾ ਨਿਕਲ ਗਿਆ। ਤਾਈ ਨਿਹਾਲੀ ਪੂਰੇ ਤਾਅ ਵਿੱਚ ਆ ਕੇ ਬੋਲੀ, “ਮਰ ਜਾਣਿਆ ਗੁਰਦੁਆਰੇ ਆ ਕੇ ਤਾਂ ਚੁੱਪ ਰਿਹਾ ਕਰ”। ਛਿੰਦਾ ਕਹਿੰਦਾ, “ਤਾਈ ਤੂੰ ਤੇ ਕਹਿੰਦੀ ਸੀ ਮੇਰਾ ਭਾਰ ਘੱਟ ਗਿਆ ਮੈਨੂੰ ਲੱਗਦਾ ਤੇਰਾ ਭਾਰ ਅੱਗੇ ਨਾਲੋਂ ਵੀ ਵੱਧ ਗਿਆ ਹੈ”। ਤਾਈ, “ਸੱਚੀਂ ਮਾੜਾ ਮੋਟਾ ਘਰ ਦਾ ਕੰਮ ਕਰ ਲਿਆ ਕਰੇਂ ਤਾਂ ਤੈਨੂੰ ਜੋਗਾ ਕਰਨ ਦੀ ਲੋੜ ਈ ਨਹੀਂ ਆਂ”। ਛਿੰਦੇ ਦੀ ਸਿੱਧ ਪੱਧਰੀ ਗੱਲ ਸੁਣ ਕੇ ਚਾਚੀ ਬਿਸ਼ਨੀ ਬੋਲੀ, “ਛਿੰਦਿਆ ਚਲ ਊਂ ਤਾਂ ਕੋਈ ਨਹੀਂ ਆ ਜਿਹੜਾ ਉਹ ਧਿਆਨ ਲਵਾਉਂਦਾ ਈ ਕਹਿੰਦਾ ਸੀ ਅਖੇ ਦਸਮ ਦੁਆਰਾ ਆਉਣਾ ਵਾਂ, ਉਹ ਕਿੱਥੇ ਕੁ ਹੁੰਦਾ ਆ”। ਛਿੰਦਾ ਕਹਿਦਾ, “ਚਾਚੀ ਤੂੰ ਦਸਮ ਦੁਆਰ ਤੋਂ ਕੀ ਕਰਾਉਣਾ ਹੈ”। ਚਾਚੀ ਕਹਿੰਦੀ, “ਔਂਤਰਿਆ ਮਰ ਜਾਣਿਆ ਮੈਂ ਕਿਤੇ ਇਸ ਘੜਮੱਸ ਚੌਦ੍ਹੇਂ ਵਿੱਚ ਅਗਾਂਹ ਹੀ ਨਾ ਲੰਘ ਜਾਵਾਂ ਮੁੜ ਕੇ ਤੇਰਾ ਚਾਚਾ ਮੈਨੂੰ ਲਭਦਾ ਫਿਰੇ”। ਛਿੰਦਾ ਮਨ ਵਿੱਚ ਸੋਚ ਰਿਹਾ ਸੀ ਵਾਕਿਆ ਹੀ ਅੱਜ ਗੁਰਦੁਆਰਿਆਂ ਵਿੱਚ ਘੜਮੱਸ ਚੌਦੇਂ ਮੱਚੀ ਪਈ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਛੱਡ ਕੇ ਅੱਜ ਗੁਰਮਤ ਸਿਧਾਂਤ ਤੋਂ ਕਿਨਾਰਾ ਕਰਦਿਆਂ ਕੁੱਝ ਵੀਰ ਜੱਗੋਂ ਤਰ੍ਹਵੀਆਂ ਕਰ ਰਹੇ ਹਨ।




.