.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਪੰਦਰ੍ਹਵੀਂ)

ਅਕਾਲ–ਪੁਰਖ ਦਾ ਰਚਿਆ ਖੇਲ ਬੜਾ ਕਮਾਲ ਦਾ ਹੈ। ਭਾਵੇਂ ਕਿਤਨਾ ਵੱਡਾ ਦੁੱਖ ਜਾਂ ਸੰਤਾਪ ਹੰਡਾਇਆ ਹੋਵੇ, ਮਨੁੱਖ ਦਿਨਾਂ ਵਿੱਚ ਹੀ ਭੁੱਲਣ ਲੱਗ ਪੈਂਦੈ, ਜਾਂ ਇੰਝ ਕਹਿ ਲਈਏ ਭਾਵੇਂ ਪੂਰੀ ਤਰ੍ਹਾਂ ਭੁੱਲੇ ਕਦੇ ਨਾ ਪਰ ਉਸ ਨਾਲ ਜੀਣਾ ਸਿੱਖ ਲੈਂਦਾ ਹੈ। ਇਹ ਮਨੁੱਖੀ ਜੀਵਨ ਵਿੱਚ ਕਮਾਲ ਦਾ ਗੁਣ ਹੈ, ਸ਼ਾਇਦ ਇਸੇ ਨਾਲ ਜ਼ਿੰਦਗੀ ਚਲਦੀ ਰਹਿੰਦੀ ਹੈ, ਨਹੀਂ ਤਾਂ ਇਨਸਾਨ ਪੁਰਾਣੇ ਦੁੱਖਾਂ ਸੁੱਖਾਂ ਬਾਰੇ ਸੋਚ ਕੇ ਹੀ ਦੁਖੀ ਹੁੰਦਾ ਰਹੇ ਤੇ ਜੀਣਾ ਮੁਸ਼ਕਿਲ ਹੋ ਜਾਵੇ। ਭਾਵੇਂ ਸਿੱਖ ਕੌਮ ਨੇ ਵੀ ਕਦੇ ਨਾ ਵਿਸਾਰੇ ਜਾਣ ਵਾਲਾ ਸੰਤਾਪ ਭੋਗਿਆ ਸੀ ਪਰ ਹੁਣ ਜ਼ਿੰਦਗੀ ਫੇਰ ਲੀਹਾਂ `ਤੇ ਆਉਣੀ ਸ਼ੁਰੂ ਹੋ ਗਈ ਸੀ, ਜੀਵਨ ਆਮ ਵਰਗਾ ਹੋਣ ਲੱਗ ਪਿਆ ਸੀ।
ਜਦੋਂ ਕੋਈ ਖਾਸ ਖ਼ਬਰ ਆਉਂਦੀ, ਬਲਦੇਵ ਸਿੰਘ ਦੇ ਪਰਿਵਾਰ ਵਿੱਚ ਵੀ ਕੁੱਝ ਚਰਚਾ ਹੁੰਦੀ ਤੇ ਫੇਰ ਆਮ ਵਰਗਾ ਨੇਮ ਸ਼ੁਰੂ ਹੋ ਜਾਂਦਾ। ਬਲਦੇਵ ਸਿੰਘ ਦੁਕਾਨ `ਤੇ ਬੈਠਾ ਸੀ, ਬਲਬੀਰ ਕੌਰ ਦਾ ਟੈਲੀਫੋਨ ਆਇਆ, “ਬੱਲੂ ਬੇਟਾ! ਤੇਰੇ ਮਾਮਾ ਜੀ ਕੁੱਝ ਦਿਨਾਂ ਤੋਂ ਢਿੱਲੇ ਮੱਠੇ ਰਹਿੰਦੇ ਨੇ, ਨਾਲੇ ਤੈਨੂੰ ਯਾਦ ਵੀ ਕਰਦੇ ਪਏ ਨੇ, ਹੋ ਸਕੇ ਤਾਂ ਸ਼ਾਮਾਂ ਨੂੰ ਮਿਲੀ ਜਾਵੀਂ।” ਬਲਬੀਰ ਕੌਰ ਤੇ ਗੁਲਾਬ ਸਿੰਘ ਅਜੇ ਵੀ ਅਕਸਰ ਉਸ ਨੂੰ ਬਚਪਨ ਦੇ ਨਾਂ ਨਾਲ ਬੁਲਾਉਂਦੇ ਸਨ।
“ਕੁੱਝ ਦਿਨਾਂ ਤੋਂ ਢਿੱਲੇ ਨੇ, ਫੇਰ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਹੁਣੇ ਆਉਂਦਾ ਹਾਂ।” ਬਲਦੇਵ ਸਿੰਘ ਮਾਮੀ ਦਾ ਟੈਲੀਫੋਨ ਸੁਣ ਕੇ ਕੁੱਝ ਪ੍ਰੇਸ਼ਾਨ ਹੋ ਗਿਆ।
“ਨਹੀਂ ਬੇਟਾ! ਐਸੀ ਖਾਸ ਗੱਲ ਨਹੀਂ, …. ਬੁੱਢਾ ਸ਼ਰੀਰ ਜੋ ਹੋਇਆ, ਮਾੜਾ ਮੋਟਾ ਤਾਂ ਲੱਗਾ ਰਹਿੰਦੈ, ਕੰਮ ਛੱਡ ਕੇ ਆਉਣ ਦੀ ਲੋੜ ਨਹੀਂ, ਦੁਕਾਨ ਤੋਂ ਜਾਂਦਾ ਗੇੜਾ ਮਾਰ ਜਾਵੀਂ”, ਬਲਬੀਰ ਕੌਰ ਨੇ ਸਮਝਾਇਆ।
ਦੁਕਾਨ ਬੰਦ ਕਰ ਕੇ ਬਲਦੇਵ ਸਿੰਘ ਨੇ ਗੱਡੀ ਸਿੱਧੀ ਮਾਮੇ ਦੇ ਘਰ ਗੋਬਿੰਦ ਨਗਰ ਵੱਲ ਮੋੜ ਲਈ। ਰਸਤੇ `ਚੋਂ ਕੁੱਝ ਫੱਲ ਫਰੂਟ ਖਰੀਦਿਆ ਤੇ ਮਾਮੇ ਦੇ ਘਰ ਪਹੁੰਚ ਗਿਆ। ਉਹ ਤਾਂ ਉਡੀਕਦੇ ਹੀ ਪਏ ਸਨ। ਮਾਮੀ ਦੇ ਪੈਰੀਂ ਹੱਥ ਲਾਕੇ, ਮਾਮੇ ਦੇ ਪੈਰੀਂ ਹੱਥ ਲਾਉਂਦਿਆਂ, ਉਸ ਨਾਲ ਫਤਹਿ ਬੁਲਾਈ ਤੇ ਮਾਮੇ ਦੇ ਚਿਹਰੇ ਵੱਲ ਵੇਖਿਆ, ਉਹ ਕਾਫੀ ਕਮਜ਼ੋਰ ਲੱਗ ਰਿਹਾ ਸੀ। ਨਾਲ ਹੀ ਮੰਜੇ ਦੀ ਬਾਹੀਂ `ਤੇ ਬੈਠਦਾ ਹੋਇਆ ਬੋਲਿਆ, “ਕੀ ਗੱਲ ਮਾਮਾ ਜੀ ਤੁਸੀ ਕਿਉਂ ਢਿੱਲੇ ਹੋ ਗਏ ਓ?”
“ਬਸ ਕਾਕਾ! ਮਨੁੱਖਾ ਸ਼ਰੀਰ ਜੋ ਹੋਇਆ, ਠੰਡਾ ਤੱਤਾ ਹੁੰਦਾ ਹੀ ਰਹਿੰਦੈ”, ਕਹਿੰਦੇ ਹੋਏ ਗੁਲਾਬ ਸਿੰਘ ਨੇ ਉਠਣ ਦੀ ਕੋਸ਼ਿਸ਼ ਕੀਤੀ।
“ਲੇਟੇ ਰਹੋ, ਲੇਟੇ ਰਹੋ।” ਕਹਿੰਦੇ ਹੋਏ ਬਲਦੇਵ ਸਿੰਘ ਨੇ ਉਸ ਨੂੰ ਮੋਢੇ ਤੋਂ ਫੜ ਕੇ ਉਠਣੋ ਰੋਕਿਆ।
ਬਲਬੀਰ ਕੌਰ ਨੇ ਨੇੜੇ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਕਾਕਾ ਇਧਰ ਅਰਾਮ ਨਾਲ ਬੈਠ ਜਾ।”
“ਨਹੀਂ ਮਾਮੀ ਜੀ! ਮਾਮਾ ਜੀ ਦੇ ਕੋਲ ਬੈਠਣਾ ਬਹੁਤ ਚੰਗਾ ਲਗਦੈ”, ਕਹਿੰਦੇ ਹੋਏ ਬਲਦੇਵ ਸਿੰਘ ਨੇ ਗੁਲਾਬ ਸਿੰਘ ਦੀਆਂ ਲੱਤਾਂ ਘੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਪੁੱਛਿਆ, “ਪਰ, ਹੋਇਆ ਕੀ ਹੈ, ਮਾਮਾ ਜੀ?”
“ਚਾਰ ਪੰਜ ਦਿਨਾਂ ਤੋਂ ਵਿੱਚੋਂ ਬੁਖਾਰ ਹੋ ਜਾਂਦਾ ਨੇ, ਨਾਲੇ ਕਹਿੰਦੇ ਨੇ ਪਿੰਡਾ ਬਹੁਤ ਭਜਦੈ”, ਜੁਆਬ ਗੁਲਾਬ ਸਿੰਘ ਦੀ ਬਜਾਏ ਬਲਬੀਰ ਕੌਰ ਨੇ ਦਿੱਤਾ।
“ਅੱਛਾ! ਡਾਕਟਰ ਨੂੰ ਦਿਖਾਣਾ ਸੀ, … … ਚਲੋ ਹੁਣੇ ਚਲਦੇ ਹਾਂ।”
“ਵਿਖਾਇਆ ਸੀ ਕਾਕਾ! ਕਹਿੰਦੈ, ਐਵੇਂ ਮੌਸਮੀ ਬੁਖਾਰ ਏ, ਦੁਆਈ ਦਿੱਤੀ ਸੁ, ਇੱਕ ਟੀਕਾ ਵੀ ਲਾਇਆ ਸੁ, …. . ਹੁਣ ਕਾਫੀ ਫਰਕ ਏ …. . ਅਸਲ ਵਿੱਚ ਤਾਂ ਮੇਰਾ ਤੈਨੂੰ ਮਿਲਣ `ਤੇ ਦਿਲ ਕਰਦਾ ਪਿਆ ਸੀ ਤਾਂ ਮੈਂ ਤੇਰੀ ਮਾਮੀ ਨੂੰ ਕਿਹਾ, ਕਰ ਟੈਲੀਫੋਨ”, ਕਹਿੰਦੇ ਹੋਏ ਗੁਲਾਬ ਸਿੰਘ ਨੇ ਬਲਦੇਵ ਸਿੰਘ ਦੀ ਪਿੱਠ `ਤੇ ਦੋ ਤਿੰਨ ਵਾਰੀ ਹੱਥ ਫੇਰਿਆ। ਬਲਦੇਵ ਸਿੰਘ ਨੂੰ ਬੜਾ ਹੀ ਨਿੱਘ ਮਹਿਸੂਸ ਹੋਇਆ।
“ਕਾਕਾ! ਹੁਣ ਅੰਮ੍ਰਿਤਸਰ ਦੀ ਕੀ ਖ਼ਬਰ ਏ?” ਗੁਲਾਬ ਸਿੰਘ ਨੇ ਥੋੜ੍ਹਾ ਉੱਚੇ ਹੁੰਦੇ ਹੋਏ ਕਿਹਾ।
ਬਲਦੇਵ ਸਿੰਘ ਨੇ ਛੇਤੀ ਨਾਲ ਨੇੜੇ ਪਿਆ ਸਿਰਹਾਣਾ ਉਸ ਦੀ ਪਿਠ ਪਿੱਛੇ ਦਿੱਤਾ ਤੇ ਆਪ ਸਾਹਮਣੀ ਕੁਰਸੀ ਤੇ ਬੈਠਦਾ ਹੋਇਆ ਬੋਲਿਆ, “ਮਾਮਾ ਜੀ ਹੋਰ ਹੁਣ ਕੀ ਹੋਣੈ?” ਤੇ ਪਿਛਲੇ ਕੁੱਝ ਦਿਨਾਂ ਦੀਆਂ ਸਾਰੀਆਂ ਗੱਲਾਂ ਮਾਮੇ ਨਾਲ ਸਾਂਝੀਆਂ ਕੀਤੀਆਂ। ਗੁਲਾਬ ਸਿੰਘ ਬਾਰ ਬਾਰ ਦਿਲ ਭਰ ਲੈਂਦਾ। ਬਲਬੀਰ ਲਿਆ ਕੇ ਚਾਹ ਦੇ ਪਿਆਲੇ ਦੋਹਾਂ ਨੂੰ ਫੜਾ ਗਈ ਸੀ।
“ਫ਼ੌਜ ਹੁਣ ਦਰਬਾਰ ਸਾਹਿਬ `ਚੋਂ ਨਿਕਲ ਗਈ ਏ?” ਗੁਲਾਬ ਸਿੰਘ ਨੇ ਚਾਹ ਦਾ ਖਾਲੀ ਪਿਆਲਾ ਬਲਬੀਰ ਕੌਰ ਵੱਲ ਕਰਦੇ ਹੋਏ ਕਿਹਾ। ਬਲਦੇਵ ਸਿੰਘ ਨੇ ਛੇਤੀ ਨਾਲ ਆਪ ਉਠ ਕੇ ਪਿਆਲਾ ਲੈ ਲਿਆ ਤੇ ਮਾਮੀ ਨੂੰ ਫੜ੍ਹਾਉਂਦੇ ਹੋਏ ਬੋਲਿਆ, “ਨਹੀਂ ਮਾਮਾ ਜੀ! ਅਜੇ ਤਾਂ ਉਥੇ ਹੀ ਡੇਰੇ ਲਾਏ ਹੋਏ ਸੁ।”
“ਹੱਦ ਹੋ ਗਈ, ਕਹਿੰਦੇ ਸੀ ਖਾੜਕੂਆਂ ਨੂੰ ਕੱਢਣੈ … ਹੁਣ ਉਥੇ ਕਿਹੜੇ ਖਾੜਕੂ ਬੈਠੇ ਨੇ, ਖੂਨ ਦੀਆਂ ਨਦੀਆਂ ਵਗਾ ਕੇ ਵੀ ਅਜੇ ਇਨ੍ਹਾਂ ਦੀ ਤਸੱਲੀ ਨਹੀਂ ਹੋਈ? ਕਾਕਾ ਪਤਾ ਨਹੀਂ ਤੈਨੂੰ ਯਾਦ ਹੈ ਕਿ ਨਹੀਂ, 1965 ਵਿੱਚ ਜਦੋਂ ਪਾਕਿਸਤਾਨ ਨਾਲ ਜੰਗ ਹੋਈ ਸੀ ਤਾਂ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਬਹੁਤ ਸਾਰੇ ਹਿੱਸੇ `ਤੇ ਕਬਜ਼ਾ ਕਰ ਲਿਆ ਸੀ ਪਰ ਜੰਗ ਖਤਮ ਹੋਣ ਤੋਂ ਬਾਅਦ ਤਿੰਨ ਚਾਰ ਹਫਤਿਆਂ ਵਿੱਚ ਹੀ ਸਾਰਾ ਕਾਬੂ ਕੀਤਾ ਇਲਾਕਾ ਖਾਲੀ ਕਰਕੇ ਪਾਕਿਸਤਾਨ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ। ਇਥੇ ਤਾਂ ਦੁਸ਼ਮਣ ਦੇਸ਼ ਨਾਲੋਂ ਵਧੇਰੇ ਸਮਾਂ ਹੋ ਗਿਐ।” ਗੁਲਾਬ ਸਿੰਘ ਕੁੱਝ ਤੈਸ਼ ਵਿੱਚ ਆ ਗਿਆ।
“ਇਥੋਂ ਹੀ ਤਾਂ ਇਨ੍ਹਾਂ ਦੀ ਅਸਲ ਨੀਅਤ ਦਾ ਪਤਾ ਲਗਦੈ … … ਖਾੜਕੂਆਂ ਦਾ ਤਾਂ ਬਹਾਨਾ ਸੀ ਅਸਲ ਵਿੱਚ ਤਾਂ ਇਹ ਸਿੱਖ ਕੌਮ ਨੂੰ ਜ਼ਲੀਲ ਕਰਨਾ ਚਾਹੁੰਦੇ ਨੇ, ਗ਼ੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਨੇ”, ਬਲਦੇਵ ਸਿੰਘ ਵੀ ਗੱਲ ਕਰਦਾ ਕੁੱਝ ਭਾਵੁਕ ਹੋ ਗਿਆ।
“ਜਿਨ੍ਹਾਂ ਦੇਸ਼ ਅਜ਼ਾਦ ਕਰਾਉਣ `ਚ ਸਭ ਤੋਂ ਵੱਧ ਹਿੱਸਾ ਪਾਇਆ, ਜਿਨ੍ਹਾਂ ਦੀ ਬਦੌਲਤ ਅੱਜ ਇਹ ਅਜ਼ਾਦੀ ਦਾ ਅਨੰਦ ਮਾਣ ਰਹੇ ਨੇ, ਉਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਨੇ … … …. , ਹੱਦ ਹੋ ਗਈ … … ਇਹ ਤਾਂ ਅਬਦਾਲੀ ਤੋਂ ਵੀ ਅੱਗੇ ਨਿਕਲ ਗਏ ਨੇ, ਅਬਦਾਲੀ ਨੇ ਵੀ ਜੋ ਢਾਹ ਢੁਆਈ ਕਰਨੀ ਸੀ, ਕਰ ਕੇ ਆਪਣੀ ਫ਼ੌਜ ਦਰਬਾਰ ਸਾਹਿਬ `ਚੋਂ ਲੈ ਗਿਆ ਸੀ … …।” ਗੁਲਾਬ ਸਿੰਘ ਦਾ ਅੰਦਰ ਜਿਵੇਂ ਇਸ ਦੁੱਖ ਨਾਲ ਉੱਬਲ ਰਿਹਾ ਸੀ, ਕਿਸੇ ਕਿਸੇ ਵੇਲੇ ਇਹ ਦੁੱਖ ਉਸ ਦੀਆਂ ਅੱਖਾਂ `ਚੋਂ ਫੁੱਟ ਪੈਂਦਾ। ਬਲਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਉਸ ਦਾ ਮਾਮਾ ਇਸ ਦੁਖਾਂਤ ਦੇ ਪ੍ਰਭਾਵ `ਚੋਂ ਅਜੇ ਨਿਕਲ ਨਹੀਂ ਸਕਿਆ, ਉਸ ਦੀ ਅਸਲੀ ਤਕਲੀਫ ਤਾਂ ਇਹ ਸੀ, ਜਿਸ ਨੇ ਉਸ ਦੇ ਬੁੱਢੇ ਸ਼ਰੀਰ `ਤੇ ਕਾਫੀ ਮਾਰੂ ਅਸਰ ਕੀਤਾ ਸੀ। ਜੋ ਗੁਲਾਬ ਸਿੰਘ ਨੇ ਕਿਹਾ ਸੀ ਉਸ ਦਾ ਜੁਆਬ ਤਾਂ ਕਿਸੇ ਕੋਲ ਕੋਈ ਨਹੀਂ ਸੀ, ਥੋੜ੍ਹੀ ਦੇਰ ਚੁੱਪ ਛਾ ਗਈ ਜਿਸ ਨੂੰ ਬਲਬੀਰ ਕੌਰ ਨੇ ਤੋੜਿਆ, “ਕਾਕਾ ਰੋਟੀ ਲਗਾਵਾਂ?”
“ਨਹੀਂ ਮਾਮੀ ਜੀ! ਘਰ ਤਾਂ ਪਤਾ ਹੀ ਨਹੀਂ ਕਿ ਮੈਂ ਇਧਰ ਆਇਆਂ … ਨਾਲੇ ਅਜੇ ਮੈਂ ਘਰ ਜਾ ਕੇ ਬਾਥਰੂਮ ਵਗੈਰਾ ਜਾਣੈ।” ਬਲਦੇਵ ਸਿੰਘ ਨੇ ਉਠਦੇ ਹੋਏ ਕਿਹਾ।
“ਤੇ ਕਾਕਾ, ਇਥੇ ਹੀ ਜਾ ਆ। ਰੋਟੀ ਤਾਂ ਤਿਆਰ ਏ।”
“ਨਹੀਂ ਮਾਮੀ ਜੀ! ਅੱਜ ਨਹੀਂ।” ਕਹਿੰਦੇ ਹੋਏ ਉਸ ਮਾਮੇ ਦੇ ਪੈਰੀਂ ਹੱਥ ਲਾ ਕੇ ਫਤਹਿ ਬੁਲਾਈ ਤੇ ਬਾਹਰ ਵੱਲ ਤੁਰ ਪਿਆ। ਬਲਬੀਰ ਕੌਰ ਉਸ ਦੇ ਨਾਲ ਦਰਵਾਜ਼ੇ ਤੱਕ ਆਈ ਤੇ ਹੋਲੇ ਜਿਹੇ ਕਹਿਣ ਲਗੀ, “ਕਾਕਾ! ਪਤਾ ਨਹੀਂ ਕੀ ਗੱਲ ਏ, ਕੁੱਝ ਦਿਨਾਂ ਦੇ ਹਰਭਜਨ ਨੂੰ ਯਾਦ ਪਏ ਕਰਦੇ ਨੇ। ਇਤਨੇ ਸਾਲ ਹੋ ਗਏ ਕਦੇ ਉਸ ਦਾ ਨਾਂ ਵੀ ਨਹੀਂ ਲਿਆ, ਬਲਕਿ ਜੇ ਕੋਈ ਉਸ ਬਾਰੇ ਗੱਲ ਕਰੇ ਤਾਂ ਉਸ ਨੂੰ ਵੀ ਰੋਕ ਦੇਂਦੇ ਸਨ, ਪਰ ਹੁਣ ਕੁੱਝ ਦਿਨਾਂ ਤੋਂ ਬਹਾਨੇ ਬਹਾਨੇ ਉਸ ਦੀ ਗੱਲ ਕਰਦੇ ਨੇ, ਭਾਵੇਂ ਗੁੱਸਾ ਹੀ ਕੱਢਣ।”
“ਇਹ ਸੁਭਾਵਕ ਹੈ ਮਾਮੀ ਜੀ, ਆਪਣੀ ਔਲਾਦ ਕਦੇ ਭੁਲਦੀ ਥੋੜ੍ਹਾ ਹੀ ਹੈ? ਇਹ ਤਾਂ ਤੁਹਾਡੀ ਦੋਹਾਂ ਦੀ ਹਿੰਮਤ ਹੈ ਜੋ ਇਤਨੀ ਦ੍ਰਿੜਤਾ ਵਿਖਾਈ ਜੇ। …. . ਦੁੱਖ ਵੇਲੇ ਆਪਣੇ ਵਧੇਰੇ ਯਾਦ ਆਉਂਦੇ ਨੇ”, ਕਹਿੰਦੇ ਹੋਏ ਉਸ ਨੇ ਮਾਮੀ ਦੇ ਚਿਹਰੇ ਵੱਲ ਵੇਖਿਆ, ਬਲਬੀਰ ਕੌਰ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ। ਉਸ ਨੇ ਮਾਮੀ ਨੂੰ ਗਲਵੱਕੜੀ ਵਿੱਚ ਲੈਂਦੇ ਹੋਏ ਕਿਹਾ, “ਵਾਹਿਗੁਰੂ `ਤੇ ਭਰੋਸਾ ਰਖੋ, ਦਾਤਾ ਮਿਹਰ ਕਰੇ, ਹੁਣ ਹੀ ਉਸ ਨੂੰ ਸੁਮਤਿ ਬਖਸ਼ ਦੇਵੇ”, ਤੇ ਨਾਲ ਹੀ ਨਿਊਂ ਕੇ ਮਾਮੀ ਦੇ ਗੋਡੀਂ ਹੱਥ ਲਾਇਆ।
“ਸ਼ੁਕਰ ਏ ਕਾਕਾ! ਵਾਹਿਗੁਰੂ ਜਿਵੇਂ ਰਖੇ”, ਕਹਿੰਦੇ ਹੋਏ ਬਲਬੀਰ ਕੌਰ ਨੇ ਬਲਦੇਵ ਸਿੰਘ ਦੀ ਪਿੱਠ `ਤੇ ਹੱਥ ਫੇਰ ਕੇ ਉਸ ਨੂੰ ਵਿਦਾਈ ਦਿੱਤੀ।
ਸਾਰਾ ਰਸਤਾ ਬਲਦੇਵ ਸਿੰਘ ਇਹੀ ਸੋਚਦਾ ਰਿਹਾ ਕਿ ਕਿਤਨੀ ਸਿਧਾਂਤਕ ਦ੍ਰਿੜਤਾ ਅਤੇ ਕੌਮੀ ਜਜ਼ਬਾ ਹੈ ਉਸ ਦੇ ਮਾਮਾ ਮਾਮੀ ਵਿੱਚ। ਉਸ ਨੇ ਮਨ ਵਿੱਚ ਕਈ ਵਾਰੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਸ ਨੂੰ ਆਪਣੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਵੀ ਐਸੇ ਬਜ਼ੁਰਗਾਂ ਦੀ ਛਤਰ ਛਾਇਆ ਹਾਸਲ ਹੈ।
ਘਰ ਖਾਣੇ ਵਾਸਤੇ ਇਕੱਠੇ ਹੋਏ ਤਾਂ ਉਸ ਨੇ ਮਾਮੇ ਦੀ ਬਿਮਾਰੀ ਬਾਰੇ ਅਤੇ ਆਪਣੇ ਉਥੇ ਹੋ ਕੇ ਆਉਣ ਬਾਰੇ ਦੱਸਿਆ ਅਤੇ ਨਾਲ ਹੀ ਕਿਹਾ, “ਅੱਜ ਅੰਮ੍ਰਿਤਸਰ ਚੇਤ ਸਿੰਘ ਚਾਚਾ ਜੀ ਹੋਰਾਂ ਦੀ ਦੁਕਾਨ `ਤੇ ਗੱਲ ਹੋਈ ਸੀ, ਉਨ੍ਹਾਂ ਕਿਰਾਏ `ਤੇ ਮਕਾਨ ਲੈ ਲਿਐ ਤੇ ਉਥੇ ਚਲੇ ਗਏ ਨੇ। ਮੈਂ ਸੋਚ ਰਿਹਾ ਸੀ ਕਿ ਪਰਸੋਂ ਸ਼ੁਕਰਵਾਰ ਸ਼ਾਮ ਦੀ ਗੱਡੀ ਨਿਕਲ ਜਾਵਾਂ, ਨਾਲੇ ਸ਼ਨੀਵਾਰ ਮਾਰਕੀਟ ਦਾ ਚੱਕਰ ਲਾ ਲਵਾਂਗਾ, ਨਾਲੇ ਚਾਚਾ ਜੀ ਨੂੰ ਦੇਖ ਆਵਾਂਗਾ, ਨਾਲੇ …. . ਸੁਣਿਐਂ, ਹੁਣ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੈ, ਦਰਸ਼ਨ ਕਰ ਆਵਾਂ, ਬੜਾ ਮਨ ਤੜਫ ਰਿਹੈ ਦਰਸ਼ਨ ਕਰਨ ਵਾਸਤੇ … … …।”
ਉਸ ਦੀ ਗੱਲ ਅਜੇ ਪਤਾ ਨਹੀਂ ਮੁੱਕੀ ਵੀ ਸੀ ਕਿ ਨਹੀਂ, ਕੋਲੋਂ ਹਰਮੀਤ ਫਟਾ ਫਟ ਬੋਲ ਪਿਆ, “ਬਿਲਕੁਲ ਠੀਕ ਹੈ ਭਾਪਾ ਜੀ, ਬਣਾ ਲਓ ਪ੍ਰੋਗਰਾਮ, ਮੇਰਾ ਤਾਂ ਆਪਣਾ ਬਹੁਤ ਮਨ ਹੈ ਦਰਬਾਰ ਸਾਹਿਬ ਦਰਸ਼ਨ ਕਰਨ ਜਾਣ ਦਾ, ਮੈਂ ਐਤਵਾਰ ਦਿੱਲੀ ਕਾਲਜ ਵਾਪਸ ਜਾਣਾ ਹੀ ਸੀ, ਮੈਂ ਤੁਹਾਡੇ ਨਾਲ ਹੀ ਚਲਦਾ ਹਾਂ, ਉਥੋਂ ਵਾਪਸ ਦਿੱਲੀ ਆ ਜਾਵਾਂਗਾ।”
“ਉਹ ਤਾਂ ਠੀਕ ਏ ਬੇਟਾ! ਪਰ ਪਹਿਲਾਂ ਮਾਮਾ ਜੀ ਦੀ ਸਿਹਤ ਬਾਰੇ ਵੇਖਣਾ ਪਵੇਗਾ, ਉਨ੍ਹਾਂ ਨੂੰ ਇੰਝ ਬਿਮਾਰ ਛੱਡ ਕੇ ਤਾਂ ਨਹੀਂ ਨਾ ਜਾਇਆ ਜਾ ਸਕਦਾ।”
“ਕੀ ਇਤਨੇ ਜ਼ਿਆਦਾ ਬਿਮਾਰ ਨੇ?” ਪਤੀ ਦੀ ਗੱਲ ਸੁਣ ਕੇ ਗੁਰਮੀਤ ਕੌਰ ਬੋਲੀ।
“ਮੀਤਾ ਇੰਝ ਤਾਂ ਕਹਿੰਦੇ ਸਨ ਕਿ ਡਾਕਟਰ ਨੇ ਕਿਹੈ ਮੌਸਮੀ ਬੁਖਾਰ ਏ, ਵੈਸੇ ਵੀ ਉਨ੍ਹਾਂ ਦਾ ਸੁਭਾ ਏ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ, ਪਰ ਮੈਨੂੰ ਅੱਜ ਬੜੇ ਕਮਜ਼ੋਰ ਜਾਪੇ ਨੇ। ਵੇਖੋ! ਕੱਲ ਦਿਨੇ ਜਾਵਾਂਗਾ, ਆਪ ਡਾਕਟਰ ਨਾਲ ਗੱਲ ਕਰਾਂਗਾ, ਉਸ ਦੇ ਬਾਅਦ ਹੀ ਕੋਈ ਪ੍ਰੋਗਰਾਮ ਬਣਾਵਾਂਗਾ।”
“ਕਿਸ ਵੇਲੇ ਜਾਣਾ ਜੇ? ਮੈਨੂੰ ਵੀ ਨਾਲ ਹੀ ਲਈ ਜਾਣਾ।” ਗੁਰਮੀਤ ਕੌਰ ਭਲਾ ਮਾਮਾ ਜੀ ਦੀ ਬਿਮਾਰੀ ਬਾਰੇ ਸੁਣ ਕੇ ਕਿਵੇਂ ਰਹਿ ਸਕਦੀ ਸੀ। ਕੋਲੋਂ ਹੀ ਹਰਮੀਤ ਵੀ ਬੋਲ ਪਿਆ, “ਭਾਪਾ ਜੀ! ਮੈਂ ਵੀ ਦਿੱਲੀ ਜਾਣ ਤੋਂ ਪਹਿਲਾਂ ਮਿਲਣ ਜਾਣਾ ਸੀ ਮਾਮਾ ਜੀ ਹੋਰਾਂ ਨੂੰ, ਕੱਲ ਤੁਹਾਡੇ ਨਾਲ ਹੀ ਚੱਲਾਂਗਾ।” ਗੱਲਾਂ ਗੱਲਾਂ ਵਿੱਚ ਨਾਲ ਖਾਣਾ ਵੀ ਮੁੱਕ ਗਿਆ ਸੀ, “ਠੀਕ ਹੈ, ਸਵੇਰੇ ਪ੍ਰੋਗਰਾਮ ਬਣਾ ਲਵਾਂਗੇ”, ਕਹਿੰਦੇ ਹੋਏ ਬਲਦੇਵ ਸਿੰਘ ਨੇ ਉਠ ਕੇ ਮੀਤਾ ਨੂੰ ਇਸ਼ਾਰਾ ਕੀਤਾ ਕਿ ਚੱਲ ਚੱਕਰ ਲਾਉਣ ਚਲੀਏ, ਉਹ ਬਾਹਰ ਨਿਕਲ ਗਏ, ਹਰਮੀਤ ਆਪਣੇ ਕਮਰੇ ਵੱਲ ਚਲਾ ਗਿਆ ਤੇ ਬੱਬਲ ਰਸੋਈ ਸਾਂਭਣ ਦੇ ਆਹਰ ਲੱਗ ਗਈ।
ਸਵੇਰੇ ਦੁਕਾਨ ਵਾਸਤੇ ਨਿਕਲਣ ਲਗਿਆਂ ਬਲਦੇਵ ਸਿੰਘ ਨੇ ਹਰਮੀਤ ਨੂੰ ਕਿਹਾ, “ਮੈਂ ਦੁਕਾਨ `ਤੇ ਜਾ ਕੇ ਬੈਂਕ ਦਾ ਕੰਮ ਭੁਗਤਾ ਲਵਾਂ, ਤੂੰ ਦੋ ਕੁ ਘੰਟੇ ਤੱਕ ਮੰਮੀ ਨੂੰ ਲੈ ਕੇ ਦੁਕਾਨ `ਤੇ ਆ ਜਾਵੀਂ, ਉਥੋਂ ਹੀ ਨਿਕਲ ਚਲਾਂਗੇ ਮਾਮਾ ਜੀ ਵੱਲ।” ਹਰਮੀਤ ਨੇ ਅੱਗੋਂ ਹਾਂ ਵਿੱਚ ਸਿਰ ਹਿਲਾ ਦਿੱਤਾ।
ਬਲਬੀਰ ਕੌਰ ਨੇ ਘੰਟੀ ਸੁਣ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਪਰਿਵਾਰ ਨੂੰ ਇਕੱਠਾ ਵੇਖ ਕੇ ਬਾਗੋ ਬਾਗ ਹੁੰਦੀ ਹੋਈ ਬੋਲੀ, “ਧੰਨ ਭਾਗ, ਧੰਨ ਭਾਗ ਜੋ ਅੱਜ ਸਾਰੇ ਇਕੱਠੇ ਆਏ ਹੋ, ਚਲੋ ਮਾਮੇ ਦੀ ਬਿਮਾਰੀ ਦੇ ਬਹਾਨੇ ਹੀ ਸਹੀ।” ਹਰਮੀਤ ਤੇ ਬੱਬਲ ਮਾਮੀ ਦੇ ਗੱਲ ਲੱਗ ਗਏ ਤੇ ਉਹ ਘੁੱਟ ਘੁੱਟ ਉਨ੍ਹਾਂ ਨੂੰ ਪਿਆਰ ਕਰਨ ਲੱਗ ਪਈ ਤੇ ਅਸੀਸਾਂ ਦੇਣ ਲੱਗ ਪਈ। ਅਸਲ ਵਿੱਚ ਉਹ ਘਰੋਂ ਆਉਣ ਲਗੇ ਤਾਂ ਬੱਬਲ ਨੇ ਕਿਹਾ ਕਿ ਮੈਂ ਵੀ ਚਲਣਾ ਹੈ, ਸੋ ਸਾਰੇ ਇਕੱਠੇ ਹੀ ਆ ਗਏ ਸਨ। ਮਾਮੀ ਨੂੰ ਮਿਲ ਕੇ ਸਾਰੇ ਅੰਦਰ ਆ ਕੇ ਮਾਮੇ ਨੂੰ ਮਿਲੇ, ਸਾਰਿਆਂ ਨੂੰ ਵੇਖ ਕੇ ਗੁਲਾਬ ਸਿੰਘ ਨੂੰ ਵੀ ਜਿਵੇਂ ਚਾਅ ਚੜ੍ਹ ਗਿਆ। ਹਰਮੀਤ ਤੇ ਬੱਬਲ ਅੱਗੇ ਹੋ ਕੇ ਨਿਊਣ ਲੱਗੇ ਤੇ ਉਸ ਨੇ ਦੋਹਾਂ ਨੂੰ ਗਲਵੱਕੜੀ ਵਿੱਚ ਘੁੱਟ ਲਿਆ। ਉਸ ਤੋਂ ਬਾਅਦ ਗੁਰਮੀਤ ਤੇ ਬਲਦੇਵ ਸਿੰਘ ਦੀ ਵਾਰੀ ਆਈ। ਮਾਮੇ ਦੇ ਕੋਲ ਬੈਠਦੇ ਹੋਏ ਬਲਦੇਵ ਸਿੰਘ ਨੇ ਪੁੱਛਿਆ, “ਕੀ ਹਾਲ ਹੈ ਹੁਣ ਮਾਮਾ ਜੀ?”
“ਠੀਕ ਹੈ ਹੁਣ ਕਾਕਾ, ਤੈਨੂੰ ਤਾਂ ਰਾਤੀ ਹੀ ਦੱਸਿਆ ਸੀ, ਤੂੰ ਐਵੇਂ ਛੇਤੀ ਘਬਰਾ ਜਾਂਦੈਂ … … ਪਰ ਚਲੋ ਇਸੇ ਬਹਾਨੇ ਸਾਰੇ ਮਿਲ ਚਲੇ ਓ ….”, ਉਸ ਖੁਸ਼ ਹੁੰਦੇ ਹੋਏ ਕਿਹਾ।
“ਨਹੀਂ ਮਾਮਾ ਜੀ! ਚਲੋ ਮੈਂ ਨਾਲ ਚਲਦਾ ਹਾਂ, ਇੱਕ ਵਾਰੀ ਫੇਰ ਡਾਕਟਰ ਨੂੰ ਵਿਖਾ ਆਈਏ, ਜ਼ਰਾ ਤਸੱਲੀ ਹੋ ਜਾਵੇਗੀ”, ਬਲਦੇਵ ਸਿੰਘ ਨੇ ਮਾਮੇ ਦੀ ਗੱਲ ਵਿੱਚੋਂ ਕਟਦੇ ਹੋਏ ਕਿਹਾ।
“ਕਾਕਾ! ਡਾਕਟਰ ਤਾਂ ਸਵੇਰੇ ਘਰੋਂ ਹੋ ਕੇ ਗਿਆ ਈ, ਤੈਨੂੰ ਪਤਾ ਹੀ ਹੈ ਡਾਕਟਰ ਛਾਬੜਾ … ਕਿਤਨਾ ਪਿਆਰ ਰਖਦੈ ਤੇਰੇ ਮਾਮਾ ਜੀ ਨਾਲ, ਇਨ੍ਹਾਂ ਨੂੰ ਪਿਓਵਾਂ ਵਾਲਾ ਸਤਿਕਾਰ ਦੇਂਦੈ, ਦੁਆਈ ਦੇ ਪੈਸੇ ਵੀ ਮਸਾਂ ਦੇਈਦੇ ਨੇ … …, ਜਿਸ ਦਿਨ ਬਿਮਾਰ ਹੋਏ ਨੇ ਉਸੇ ਨੂੰ ਵਿਖਾਇਆ ਸੀ, ਅੱਜ ਸਵੇਰੇ ਆਪੇ ਚੱਕਰ ਮਾਰ ਗਿਐ”, ਗੁਲਾਬ ਸਿੰਘ ਤੋਂ ਵੀ ਪਹਿਲਾਂ ਬਲਬੀਰ ਕੌਰ ਬੋਲ ਪਈ ਤੇ ਨਾਲ ਹੀ ਉਹ ਡਾਕਟਰ ਦੇ ਗੁਣ ਗਾਉਣ ਲੱਗ ਪਈ।
“ਪਰ ਕੀ ਦੱਸਿਆ ਸੁ, ਮਾਮਾ ਜੀ ਦੀ ਸਿਹਤ ਬਾਰੇ?” ਬਲਦੇਵ ਸਿੰਘ ਨੂੰ ਵਧੇਰੇ ਕਾਹਲ ਮਾਮੇ ਦੀ ਸਿਹਤ ਬਾਰੇ ਜਾਨਣ ਦੀ ਸੀ
“ਕਹਿੰਦਾ ਸੀ ਪਹਿਲਾਂ ਨਾਲੋਂ ਤਾਂ ਕਾਫੀ ਠੀਕ ਨੇ ਪਰ ਅਜੇ ਤਿੰਨ ਚਾਰ ਦਿਨ ਹੋਰ ਦੁਆਈ ਖਾਣੀ ਪਵੇਗੀ, ਚਾਰ ਦਿਨ ਦੀ ਦੁਆਈ ਹੋਰ ਭੇਜੀ ਸੁ”, ਜੁਆਬ ਬਲਬੀਰ ਕੌਰ ਹੀ ਦੇ ਰਹੀ ਸੀ।
“ਅੱਛਾ, ਚਲੋ ਫੇਰ ਜਾਣ ਦਾ ਅਗਲੇ ਹਫਤੇ ਹੀ ਸੋਚਾਂਗੇ”, ਬਲਦੇਵ ਸਿੰਘ ਨੇ ਹਰਮੀਤ ਅਤੇ ਗੁਰਮੀਤ ਕੌਰ ਵੱਲ ਵੇਖ ਕੇ ਕਿਹਾ।
“ਕਿਥੇ ਜਾਣਾ ਜੇ ਕਾਕਾ?” ਬਲਦੇਵ ਸਿੰਘ ਦੇ ਚੁੱਪ ਹੁੰਦੇ ਹੀ ਗੁਲਾਬ ਸਿੰਘ ਨੇ ਪੁੱਛਿਆ।
“ਕਿਤੇ ਖਾਸ ਨਹੀਂ ਮਾਮਾ ਜੀ।” ਬਲਦੇਵ ਸਿੰਘ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ।
“ਪਰ ਪਤਾ ਤਾਂ ਲੱਗੇ?” ਗੁਲਾਬ ਸਿੰਘ ਦੀ ਤਸੱਲੀ ਹੋਈ ਨਹੀਂ ਸੀ ਲਗਦੀ, ਉਸ ਗੁਰਮੀਤ ਵੱਲ ਵੇਖਦੇ ਹੋਏ ਕਿਹਾ।
“ਇਨ੍ਹਾਂ ਤਾਂ ਕਿਤੇ ਨਹੀਂ ਜਾਣਾ ਮਾਮਾ ਜੀ, ਮੈਂ ਦੋ ਕੁ ਦਿਨ ਵਾਸਤੇ ਅੰਮ੍ਰਿਤਸਰ ਜਾਣੈ, ਹਰਮੀਤ ਵੀ ਨਾਲ ਤਿਆਰ ਸੀ ਇਸ ਨੇ ਉਥੋਂ ਦਿੱਲੀ ਕਾਲਜ ਚਲੇ ਜਾਣੈ। … …. . ਦੁਕਾਨ ਵਾਸਤੇ ਕੁੱਝ ਮਾਲ ਵੀ ਲਿਆਉਣਾ ਸੀ, ਨਾਲੇ ਪਤਾ ਲਗੈ ਦਰਬਾਰ ਸਾਹਿਬ ਸੰਗਤਾਂ ਵਾਸਤੇ ਖੋਲ੍ਹ ਦਿੱਤਾ ਨੇ, ਬੜਾ ਮਨ ਤਰਸ ਰਿਹੈ ਦਰਸ਼ਨ ਕਰਨ ਲਈ, ਆਪਣੀ ਅੱਖੀ ਵੇਖੀਏ ਤਾਂ ਸਹੀ ਜ਼ਾਲਮਾਂ ਨੇ ਕੀ ਜ਼ੁਲਮ ਢਾਇਐ, ਸਤਿਗੁਰੂ ਦੇ ਦਰਬਾਰ `ਤੇ?” ਬਲਦੇਵ ਸਿੰਘ ਕੁੱਝ ਉਦਾਸ ਹੁੰਦਾ ਹੋਇਆ ਬੋਲਿਆ, “ਪਰ ਕੋਈ ਗੱਲ ਨਹੀਂ ਅਗਲੇ ਹਫਤੇ ਚਲਾ ਜਾਵਾਂਗਾ ਪਹਿਲਾਂ ਤੁਸੀਂ ਠੀਕ ਹੋ ਜਾਓ।” ਉਹ ਜ਼ਰਾ ਜਿਹਾ ਰੁੱਕ ਕੇ ਫੇਰ ਬੋਲਿਆ।
“ਨਾ ਪੁੱਤਰ! ਆਪਣਾ ਪ੍ਰੋਗਰਾਮ ਨਾ ਬਦਲ। ਆਖਿਐ ਨਾ ਮੈਂ ਬਿਲਕੁਲ ਠੀਕ ਹਾਂ ਹੁਣ। ਤੂੰ ਜ਼ਰੂਰ ਜਾਹ, ਬਲਕਿ ਮੈਨੂੰ ਵੀ ਲੈ ਜਾ, ਮੇਰਾ ਮਨ ਵੀ ਬੜਾ ਤੜਫ ਰਿਹਾ ਈ ਸਤਿਗੁਰੂ ਦੇ ਦਰਬਾਰ ਦੇ ਦਰਸ਼ਨਾਂ ਵਾਸਤੇ”, ਕਹਿੰਦਿਆਂ ਗੁਲਾਬ ਸਿੰਘ ਦਾ ਮਨ ਭਰ ਆਇਆ ਤੇ ਅਵਾਜ਼ ਵੀ ਭਾਰੀ ਹੋ ਗਈ।
“ਲਓ ਸੁਣ ਲਓ, ਇਤਨੀ ਕਮਜ਼ੋਰੀ ਹੋਈ ਪਈ ਏ ਕਿ ਬਾਥਰੂਮ ਤਾਂ ਫੜ ਕੇ ਲਿਜਾਣਾ ਪੈਂਦੈ ਤੇ ਅੰਮ੍ਰਿਤਸਰ ਜਾਣ ਲਈ ਤਿਆਰ ਬੈਠੇ ਨੇ”, ਬਲਬੀਰ ਕੌਰ ਨੇ ਤਾਨ੍ਹਾ ਮਾਰਨ ਦੇ ਅੰਦਾਜ਼ ਵਿੱਚ ਕਿਹਾ ਤੇ ਫੇਰ ਬਲਦੇਵ ਸਿੰਘ ਵੱਲ ਮੂੰਹ ਕਰ ਕੇ ਬੋਲੀ, “ਤੂੰ ਜਾਹ ਕਾਕਾ! ਆਪਣਾ ਪ੍ਰੋਗਰਾਮ ਨਾ ਤਬਦੀਲ ਕਰ। ਇਨ੍ਹਾਂ ਨੂੰ ਤਾਂ ਪਿਆਂ ਨੂੰ ਦਵਾਈ ਹੀ ਦੇਣੀ ਹੁੰਦੀ ਏ, ਸੋ ਮੈਂ ਦੇਈ ਜਾਨੀ ਆਂ। ਤੂੰ ਫਿਕਰ ਨਾ ਕਰ ਤੇ ਜਾ ਆ।”
“ਪਰ ਮੈਨੂੰ ਐਸੀ ਕਿਹੜੀ ਕਾਹਲੀ ਏ? ਚਲਾ ਜਾਵਾਂਗਾ ਅਗਲੇ ਹਫਤੇ, ਪਹਿਲਾਂ ਮਾਮਾ ਜੀ ਪੂਰੇ ਠੀਕ ਹੋ ਜਾਣ”, ਬਲਦੇਵ ਸਿੰਘ ਨੇ ਫੇਰ ਉਹੀ ਦ੍ਰਿੜਤਾ ਦਿਖਾਈ।
“ਕਾਕਾ ਆਖਿਐ ਨਾ ਮੈਂ ਠੀਕ ਹਾਂ, ਤੂੰ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਿਲਕੁਲ ਤਬਦੀਲ ਨਾ ਕਰ। ਸਗੋਂ ਜਾ ਕੇ ਆਵੇਂਗਾ ਮੈਨੂੰ ਵੀ ਉਥੇ ਦੇ ਕੋਈ ਅਸਲੀ ਹਾਲਾਤ ਦਸੇਂਗਾ, ਬੜਾ ਤਰਸ ਰਿਹੈ ਮਨ, ਸੱਚ ਜਾਨਣ ਵਾਸਤੇ”, ਗੁਲਾਬ ਸਿੰਘ ਨੇ ਬੜਾ ਜ਼ੋਰ ਪਾਉਂਦੇ ਹੋਏ ਕਿਹਾ ਤੇ ਉਸ ਤੋਂ ਹਾਂ ਕਰਾ ਕੇ ਹੀ ਛੱਡੀ।
“ਗੱਲਾਂ ਗੱਲਾਂ ਵਿੱਚ ਮੈਂ ਤਾਂ ਤੁਹਾਨੂੰ ਪਾਣੀ ਪੁੱਛਣੋ ਵੀ ਰਹਿ ਗਈ?” ਬਲਬੀਰ ਕੌਰ ਨੇ ਗੋਡਿਆਂ `ਤੇ ਹੱਥ ਰੱਖ ਕੇ ਉਠਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ। “ਬੈਠੇ ਰਹੋ ਮਾਮੀ ਜੀ, ਬੱਬਲ ਲੈ ਆਉਂਦੀ ਏ।” ਗੁਰਮੀਤ ਨੇ ਮਾਮੀ ਨੂੰ ਉਠਣੋ ਰੋਕਦੇ ਹੋਏ ਕਿਹਾ ਤੇ ਬੱਬਲ ਵੱਲ ਵੇਖਿਆ। ਬੱਬਲ ਉਸੇ ਵੇਲੇ ਉਠ ਕੇ ਰਸੋਈ ਵੱਲ ਚਲੀ ਗਈ ਤੇ ਪਿਛੋਂ ਬਲਬੀਰ ਕੌਰ ਨੇ ਅਵਾਜ਼ ਦਿੱਤੀ, “ਬੇਟਾ! ਪਾਣੀ ਪਿਆ ਕੇ ਚਾਹ ਵੀ ਆਪੇ ਬਣਾ ਲਵੀਂ ਤੇ ਨਾਲ ਉਥੇ ਡੱਬੇ ਚ ਬਿਸਕੁਟ ਪਏ ਨੀ ਉਹ ਵੀ ਫੜੀ ਲਿਆਵੀਂ।”
ਦੁਕਾਨ `ਤੇ ਵਾਪਸ ਆ ਕੇ ਬਲਦੇਵ ਸਿੰਘ ਨੇ ਸਭ ਤੋਂ ਪਹਿਲਾਂ ਮੁਨੀਮ ਨੂੰ ਸ਼ੁਕਰਵਾਰ ਸ਼ਾਮ ਦੀ ਗੱਡੀ ਦੀਆਂ ਦੋ ਟਿਕਟਾਂ ਬੁੱਕ ਕਰਾਉਣ ਵਾਸਤੇ ਆਖਿਆ ਤੇ ਆਪ ਅੰਮ੍ਰਿਤਸਰ ਦੀ ਕਾਲ ਬੁੱਕ ਕਰਵਾਉਣ ਲੱਗ ਪਿਆ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726




.