.

ਧਾਰਮਿਕ ਆਗੂ ਅਤੇ ਧਰਮੀ ਮਹਾਂਪੁਰਖ

ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ਵਿੱਚ ਕਈ ਥਾਈ ਸਪੱਸ਼ਟ ਕੀਤਾ ਜਾਂਦਾ ਰਿਹਾ ਹੈ। ਏਥੇ ਵੀ ਕਿਉਂਕਿ ‘ਧਾਰਮਿਕ ਆਗੂ’ ਦਾ ਜ਼ਿਕਰ ਨਿਰੰਤਰ ਆਉਂਦਾ ਆ ਰਿਹਾ ਹੈ, ਇਸ ਡਰੋਂ ਕਿ, ਕੁਟਲ ਬੁੱਧੀ ਸ਼ਰਾਰਤੀ ਮਨਮੁਖ, ਕਿਤੇ ਸੁਹਿਰਦ ਪਾਠਕਾਂ ਦੇ ਮਨ ਵਿੱਚ ਕੋਈ ਦੁਖਦਾਈ ਫੋਕਟ ਭਰਮ ਨਾ ਬਣਾ ਦੇਵੇ, ਇਸ ਲਈ ਅਗਲੀ ਵਿਚਾਰ ਲਿਖਣ ਤੋਂ ਪਹਿਲਾਂ “ਧਰਮੀ ਮਹਾਂਪੁਰਖ” ਅਤੇ “ਧਾਰਮਿਕ ਆਗੂ” ਦੇ ਅਰਥ ਸਪੱਸ਼ਟ ਕਰ ਦੇਣੇ ਜ਼ਰੂਰੀ ਹਨ।

ਧਾਰਮਿਕ ਮਹਾਂਪੁਰਖ ਅਕਾਲ ਪੁਰਖ ਦੀ ਮਿਹਰ ਨਾਲ ਕਿਸੇ ਦੇਸ਼ ਵਿੱਚ ਆਉਂਦੇ ਹਨ। ਉਸ ਦੇਸ਼ ਦੇ ਲੋਕਾਂ ਦੀ ਵਿਗੜੀ ਬਣਾਉਣ ਲਈ ਧਰਮੀ ਮਹਾਂਪੁਰਖ ਉਚੇਚੇ ਅਸੂਲਾਂ ਵਾਲਾ ਕਿਸੇ ਖ਼ਾਸ ਨਾਮ ਥਲੇ ਕੋਈ ਧਰਮ ਚਲਾਉਂਦੇ ਹਨ, ਅਤੇ ਆਪਣੇ ਸਮੇ ਨਾਲ ਉਹ ਵਾਪਸ ਪਰਤ ਜਾਂਦੇ ਹਨ- “ਗੁਰਮੁਖਿ ਆਵੈ ਜਾਇ ਨਿਸੰਗੁ”। ਉਸ ਦੇ ਮਗਰੋਂ ਉਸ ਧਰਮ ਨੂੰ ਜਾਰੀ ਰੱਖਣ ਵਾਲੇ, ਧਾਰਮਿਕ ਆਗੂ ਮੰਨੇ ਜਾਂਦੇ ਹਨ। ਅਜੇਹੇ ਧਾਰਮਿਕ ਆਗ਼ੂ, ਧਰਮੀ ਮਹਾਂਪੁਰਖਾਂ ਦੇ ਧਰਮ ਨੂੰ ਆਪਣੀ ਆਪਣੀ ਸਮਝ ਅਤੇ ਵਿਉਂਤ ਨਾਲ ਚਲਾਉਂਦੇ ਰਹਿੰਦੇ ਹਨ। ਜਿਸ ਤੋਂ ਸਮੇ ਨਾਲ ਹੌਲੀ ਹੌਲੀ ਅਰੰਭਕ ਧਰਮ ਦੀ ਰੂਪ ਰੇਖਾ ਵਿਗੜਦੀ ਰਹਿੰਦੀ ਹੈ। ਕਈ ਵਾਰੀ ਉਸ ਧਰਮ ਦ ਹਾਲਤ ਇਸ ਹੱਦ ਤੱਕ ਵਿਗੜ ਜਾਂਦੀ ਹੈ ਕਿ ਉਹ ਆਪਣੀ ਅਸਲ ਨੁਹਾਰ, ਬਿਲਕੁਲ ਗੁਆ ਹੀ ਬੈਠਦਾ ਹੈ। ਪਰ, ਸਿਰਜਣਹਾਰ ਜੀ ਦੀ ਬੜੀ ਉਚੇਚੀ ਕਿਰਪਾਲਤਾ ਦਾ ਸਦਕਾ ਹੀ ਕਦੇ ਵਿਰਲੇ ਵਾਂਜੇ, “ਧਾਰਮਿਕ ਪਰਮ ਪੁਰਖ ਸਾਹਿਬ ਜੀ” ਸੰਸਾਰ ਤੇ ਪ੍ਰਗਟ ਹੁੰਦੇ ਹਨ। ਅਜੇਹੇ ਪਰਮ ਪੁਰਖ ਜੀ, ਸਾਰੇ ਸੰਸਾਰ ਨੂੰ ਉਸ ਇੱਕ 1 ਦੀ ਕਿਰਤ ਮੰਨ ਕੇ ਸਾਰੇ ਮਨੁੱਖ ਮਾਤ੍ਰ ਨੂੰ ਇੱਕ ਪਰਵਾਰ ਤਰ੍ਹਾਂ ਵਿਚਰਨ ਦਾ ਉਪਦੇਸ਼ ਦਿੰਦੇ ਹਨ। ਪ੍ਰਾਣੀ-ਮਾਤ੍ਰ ਦਾ ਜੀਵਨ ਮਰਨ, ਦੁਖ ਕਲੇਸ਼ਾਂ ਤੋਂ ਰਹਿਤ ਕਰਨ ਜੋਗ ਬਨਾਉਣ ਵਾਲੀ ਅਥਵਾ ਸੰਸਾਰ ਵਿੱਚ ਸੰਤ ਸੂਰਮਿਆਂ ਵਾਂਗ ਜੀਵਨ ਜੀਊਣ ਜੋਗ ਬਨਾਉਣ ਵਾਲੀ, ਜੀਵਨ ਮਰਯਾਦਾ ਦਾ ਗਿਆਨ ਪਰਦਾਨ ਕਰਦੇ ਹਨ। ਸੰਸਾਰ ਵਿੱਚ ਆਉਣ ਵਾਲਿਆਂ ਅਜੇਹੇ ਪਰਮ ਮਨੁਖਾਂ ਵਿਚੋਂ ਪਹਿਲੇ (ਅਤੇ ਸ਼ਾਇਦ ਆਖ਼ਰੀ) ਨਿਆਰੇ ਮਨੁੱਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਹਨ। ਅਸਲ ਵਿੱਚ ਉਹ ਇਸ ਕਰਕੇ ਪਰਮ-ਪੁਰਖ ਮੰਨੇ ਜਾਣੇ ਚਾਹੀਦੇ ਹਨ ਕਿਉਂ! ਕਿ ਉਨ੍ਹਾਂ ਦੇ ਹਿਰਦੇ ਵਿੱਚ ਕਾਦਰ ਦੀ ਸਮੂਹ ਕਿਰਤ ਨਾਲ ਸਾਵਾਂ ਪਿਅਰਾ ਅਤੇ ਦੂੰਘਾ ਸਨੇਹ ਹੋਣ ਦਾ ਕਾਰਨ ਉਨ੍ਹਾ ਨੇ ਲਗ ਪੱਗ ਅੱਧਾ ਸੰਸਾਰ ਪੈਦਲ ਫਿਰਿਆ ਅਤੇ ਮਨੁੱਖ ਮਾਤ੍ਰ ਲਈ- “ਏਕੁ ਪਿਤਾ ਏਕਸ ਕੇ ਹਮ ਬਾਰਿਕ” - ਸਾਰਾ ਸੰਸਾਰ ਇੱਕ ਪਿਤਾ ਦੀ ਔਲਾਦ ਹੋਣ ਦੇ ਕਾਰਨ ਸਾਰੇ ਜਗਤ ਦਾ ਮਨੁੱਖ ਇੱਕ ਪਰਵਾਰ ਵਾਂਗ ਰਹਿਣਾ ਚਾਹੀਦਾ ਹੈ ਅਥਵਾ - “ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ॥ ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ॥  2 ॥ {599} -ਜਦ ਉਸ ਤੋਂ ਬਿਨਾ ਕੋਈ ਹੈ ਹੀ ਨਹੀ ਤਾਂ-- “ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥” - {1238} “ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥” {1381॥ - ਅਥਵਾ- “ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥” -- ਜਦ ਸਾਰਿਆਂ ਵਿੱਚ ਉਹ ਆਪਿ ਹੀ ਆਪਿ ਹੈ, ਫਿਰ ਕਿਸੇ ਨੂੰ ਮੰਦਾ ਕਹਿਣਾ ਉਸ ਕਰਤੇ ਨੂੰ ਹੀ ਬੁਰਾ ਕਹਿਣ ਦਾ ਪਾਪ ਹੈ। ਇਸ ਲਈ ਸਤਿਗੁਰਾਂ ਨੇ ਫੁਰਮਾਇਆ ਕਿ ਸਦਾ ਏਹੀ ਸਮਝੋ ਕਿ ਜੇ ਕੋਈ ਮੰਦਾ ਹੈ ਤਾਂ ਕੇਵਲ ਤੇਰੀ ਆਪਣੀ ਹਉਮੈ ਤੋਂ ਬਣੀ ਤੇਰੀ ਅੱਡਰੀ ਹੋਂਦ ਵਾਲੀ ਮਤਿ। ਇਸ ਲਈ- “ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥  4 ॥ {991}  ਜਦ ਸਾਰਾ ਸੰਸਾਰ ਹੀ ਮੇਰਾ ਆਪਣਾ ਪ੍ਰਵਾਰ ਹੈ ਤਾਂ- “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥” {1299} - ਗੁਰਮਤਿ ਦੀ ਦੱਸੀ ‘ਜੀਵਨ ਜੁਗਤਿ’ ਹੀ, ਗੁਰਦੇਵ ਜੀ ਵਲੋਂ ਬਖ਼ਸ਼ਸ਼ ਹੋਇਆ ਅਸਲੀ ਨਿਅਰਾ ਧਰਮ ਹੈ। ਸੋ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਉਹ ਹੈ ਜੋ ਸਤਿਗੁਰਾਂ ਦੇ ਸ਼ਬਦ ਗਿਆਨ ਅਨੁਸਾਰ ਜੀਵਨ ਬਤੀਤ ਕਰਦਾ ਹੈ।

ਸਭ ਤੋ ਪਹਿਲੇ ਉਸ ਨਿਆਰੇ ਪਰਮ ਮਨੁੱਖ ਦੀ, ਸਭ ਤੋ ਪਹਿਲੀ ਅਨੂਪਮ ਮਰਿਯਾਦਾ-ਰੂਪ ਕਰਾਮਾਤ ਜੋ ਸੰਸਾਰ ਨੇ ਵੇਖੀ, ਉਹ ਸੀ, ਉਸ ਇੱਕ ਨੇ, ਨੌ ਹੋਰ ਮਨੁੱਖੀ ਸਰੀਰਾਂ ਵਿੱਚ ਵਿਚਰ ਕੇ ਸੰਸਾਰ ਵਿੱਚ ਹਲੇਮੀ ਰਾਜ ਸਥਾਪਤ ਕਰਨ ਵਾਲਾ ਸੰਤ ਸੂਰਮਾਂ ਸਿਰਜਿਆ। 1708 ਨੂੰ ਸਤਿਗੁਰੂ ਜੀ ਨੂੰ ਜਦ, ਵਾਪਸ ਨਿੱਜ-ਧਾਮ ਨੂੰ ਪਰਤ ਆਉਣ ਦਾ ਸੰਕੇਤ ਪ੍ਰਾਪਤ ਹੋਇਆ ਤਾਂ, ਉਨ੍ਹਾਂ ਨੇ ਅਗੇ ਤੋਂ ਮਨੁੱਖਾ ਸਰੀਰ ਵਿੱਚ ਵਿਚਰਦਿਆ ਸਿਖਲਾਈ ਅਰੰਭ ਰੱਖਣ ਦੀ ਲੋੜ ਨਾ ਮੰਨ ਕੇ, ਸਾਡੀ ਸਦੀਵੀ ਅਗਵਾਈ ਲਈ ਆਪਣੀ ਗੁਰਿਆਈ ਦੀ ਸਦੀਵੀ ਮਾਲਕੀ ਸਤਿਗੁਰੂ ਗ੍ਰੰਥ ਸਾਹਿਬ ਜੀ-ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਸੌਂਪ ਕੇ ਸਾਨੂੰ ਉਨ੍ਹਾਂ ਦੇ ਲੜ ਲਾਇਆ। ਸੰਸਾਰ ਵਿੱਚ ਠੰਢ ਵਰਤਾਉਣ ਵਾਲੀ ਇਸ ਅਨੂਪਮ ਅਤੇ ਸਰਬ-ਉੱਤਮ ਜੀਵਨ ਜੁਗਤ ਦੇ ਸਿੱਧਾਂਤ ਦਾ ਪਰਚਾਰ ਕਰਨ ਦੀ ਜ਼ਿਮੇਵਾਰੀ ਜਿਨ੍ਹਾਂ ਗੁਰਮੁਖਾਂ ਦੇ ਮੋਢਿਆਂ ਤੇ ਆ ਪਈ ਸੀ ਉਹ, ਗੁਰਉਪਦੇਸ਼ ਨੂੰ ਅੱਗੇ ਤੋਂ ਅੱਗੇ ਚਲਾਉਣ ਵਾਲੇ ਬਣ ਜਾਣ ਕਾਰਨ ਸਤਿਗੁਰਾਂ ਜੀ ਦਾ ਹੀ ਰੂਪ ਬਣ ਚੁੱਕੇ ਸਨ, “ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥” ਗੁਰੂ ਰੂਪ ਉਹ ਖ਼ਾਲਸਾ, ਮੁਗ਼ਲੀਆਂ ਜਾਬਰ ਸ਼ਾਹੀ ਦੇ ਕਹਿਰ ਸਮੇ ਜੀਵਨ ਦੀ ਰਖਿਆ ਲਈ ਅਤੇ ਜ਼ੁਲਮੀ ਰਾਜ ਪ੍ਰਬੰਧ ਤੋਂ ਦੁਖੀ, ਪਰਜਾ ਲਈ ਨੇਕੀ ਦਾ ਰਾਜ ਸਥਾਪਤ ਕਰਨ ਹਿਤ, ਜੂਝਦੇ ਰਹਿਣ ਲਈ, ਉਸ ਸੰਤ ਸੂਰਮੇ ਨੂੰ ਜੰਗਲਾਂ ਦਾ ਵਾਸੀ ਬਣਨਾ ਪਿਆ। ਸਾਡੇ ਘਰ-ਘਾਟ ਅਤੇ ਧਰਮ ਅਸਥਾਨ ਵਿਹਲੇ ਪਏ ਵੇਖਕੇ ਸਾਡਾ ਮੁੱਢਲਾ ਵੈਰੀ, ਉਦਾਸੀ, ਨਿਰਮਲਾ, ਮਹੰਤ-ਰੂਪ ਬਿੱਪ੍ਰ, ਭਾਵ ਸਿੱਖੀ ਦਾ ਸਭ ਤੋਂ ਵੱਧ ਖ਼ਤਰਨਾਕ ਵੈਰੀ, ਹੀ ਸਾਡਾ ਧਾਰਮਿਕ ਆਗੂ ਆ ਬਣਿਆ। 1720 ਤੋਂ 1921 ਤੱਕ ਪੂਰੇ 200 ਸਾਲ ਵਿੱਚ ਸਤਿਗੁਰੂ ਜੀ ਦੀ ਸਾਰੀ ਮ੍ਰਯਾਦਾ ਦੇ ਥਾਂ ਬ੍ਰਾਹਮਣੀ ਮਰਯਾਦਾ ਸਾਡੇ ਲਈ ਗੁਰਮਤਿ ਬਣਾ ਦਿੱਤੀ। ਸਾਰਾ ਗੁਰ-ਇਤਿਹਾਸ ਅਥਵਾ ਸਿੱਖ ਇਤਿਹਾਸ ਵਿਗਾੜ ਕੇ ਉਨ੍ਹਾਂ ਵੈਰੀਆਂ ਨੇ ਅਜੇਹੀ ਸ਼ਬਦਾਵਲੀ ਵਿੱਚ ਲਿਖਿਆ ਕਿ, ਅੱਖਰ ਬੋਧ ਤੋਂ ਲਗ-ਪਗ ਕੋਰਾ ਗੁਰਸਿੱਖ ਚਕਰੀ ਖਾ ਗਿਆ ਅਤੇ ਇਸ ਗੁਰਬਿਲਾਸ ਵਿਚਲੇ ‘ਕੂੜ ਕਬਾੜ’ ਨੂੰ ਗੁਰਮਤਿ ਮੰਨੀ ਤੁਰਿਆ ਗਿਆ।

ਅੱਜ (ਅਪਰੈਲ 2002 ਵਿਚ) ਵੀ ਸਾਡੇ ਧਰਮ ਦੀ ਬਾਗ ਡੋਰ ਅਸਲ ਵਿੱਚ ਉਨ੍ਹਾਂ ਹੀ ਵੈਰੀ ਧਾਰਮਿਕ ਆਗੂਆਂ ਦੇ ਹੱਥ ਵਿੱਚ ਹੀ ਹੈ। (ਉਦਾਸੀ ਦੇ ਥਾਂ ਵੇਦਾਂਤੀ? ਤੇ ਨਿਰਮਲੇ ਮਹੰਤਾ ਦਾ ਦੁਜਾ ਰੂਪ ਟਕਸਾਲੀਏ, ਰੰਗਾ ਰੰਗ ਰੂਪਾਂ ਵਾਲੇ ਡੇਰੇਦਾਰ ਬਹੁਰੂਪੀਏ?) ਅੱਡ ਅੱਡ ਰੂਪਾਂ ਵਾਲੇ ਸਾਰੇ ਦੇ ਸਾਰੇ ਉਹੀ ਤਾਂ ਹਨ-ਸਾਡੇ ਸਨਮਾਨ ਜੋਗ ਬਿੱਪ੍ਰ ਜੀ”। ਸੋ ਜਦੋਂ ਦਾਸ ‘ਧਾਰਮਿਕ ਆਗੂ’ ਲਿਖਦਾ ਹੈ ਉਸ ਦਾ ਅਰਥ ਅਜੋਕੇ ਜਥੇਦਾਰ ਸਾਹਿਬਾਨ, ਗ੍ਰੰਥੀ ਸਾਹਿਬਾਨ, ਪਰਚਾਰਕ ਅਤੇ ਕੀਰਤਨੀਏ ਅਥੜਾ ਡੇਰੇਦਾਰ ਸਾਹਿਬਾਨ ਹੀ ਹੋਇਆ ਕਰਦਾ ਹੈ।

ਅੱਜ ਸਾਡੇ “ਧਰਮੀ-ਪਹਾਂਪੁਰਖ” ਅਥਵਾ “ਪਰਮਪੁਰਖ” ਸਤਿਗੁਰੂ ਗ੍ਰੰਥ ਸਾਹਿਬ ਜੀ ਹਨ। ਪਰ ਬਦਕਿਸਮਤੀ ਦੀ ਹਾਲਤ ਇਹ ਹੈ ਕਿ, ਉਨ੍ਹਾਂ ਦੇ ਬਚਨਾ ਅਨੁਸਾਰ ਜੀਵਨ ਬਣਾਉਣ ਦੀ ਗੱਲ ਤਾਂ ਦੂਰ ਰਹੀ ਉਨ੍ਹਾਂ ਦੇ ਬਚ ਸੁਣਨੇ ਵੀ ਸਾਡੇ ਲਈ ਭਾਰੂ ਬਣ ਰਹੇ ਹਨ। ਜਿਸ ਪਾਸਿਉਂ ਸਾਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ 15ਵੀਂ ਸਦੀ ਵਿੱਚ ਹੀ ਬੜੇ ਅਸਰ ਦਾਰ ਢੰਗ ਨਾਲ ਰੋਕ ਲਿਆ ਸੀ, ਅੱਜ ਅਸੀਂ ਉਸੇ ਹੀ ਸ਼ਖ਼ਸ਼ੀ (ਮਨੁੱਖ ਦੀ) ਪੂਜਾ ਵਲ ਨੂੰ ਦੋੜੇ ਜਾ ਰਹੇ ਹਾਂ? ਕਿਸੇ ਜਥੇਦਾਰ ਨੂੰ ਸਰਬ ਉੱਚ ਪਦਵੀ ਦਾ ਮਾਲਕ ਮੰਨ ਲੈਣਾ, ਸਤਿਗੁਰਾਂ ਦੀ ਸਰਬ ਉੱਚਤਾ ਖ਼ਤਮ ਕਰਨ ਦਾ ਰਾਹ ਖੋਹਲਣ ਦੀ ਭੁੱਲ ਹੈ। ਸਰਬ ਉੱਚ ਪਦਵੀ ਦੇ ਮਾਲਕ ਕੇਵਲ ਅਤੇ ਕੇਵਲ ਸਤਿਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਇਹ ਜਥੇਦਾਰ ਸਾਹਿਬਾਨ ਵੀ ਉਸੇ ਦੇ ਹੀ, ਟਹਿਲੂਏ, ਬਰਦੇ ਅਥਵਾ ਉਨ੍ਹਾਂ ਦੀ ਮਰਿਯਾਦਾ ਦੇ ਪਹਿਰੂਏ ਹੀ ਮੰਨੇ ਜਾਣੇ ਚਾਹੀਦੇ ਹਨ। ਪਹਿਰੇਦਾਰ-ਟਹਿਲੂਆ ਹੀ ਜਦ ਮਾਲਕ ਤੋਂ ਅੱਗੇ ਲੰਘ ਤੁਰੇ, ਅਤੇ ਨਿਰਮਾਣ ਸੇਵਕ ਤੋਂ ਆਪ-ਹੁਦਰਾ “ਅਭਿਮਾਨੀ ਸਿੰਘ ਸਾਹਿਬ ਜਥੇਦਾਰ” ਬਣ ਬੈਠੇ, ਅਤੇ ਗੁਰਮਤਿ ਦੀ ਪਰਵਾਹ ਕਰਨੀ ਭੁੱਲ ਕੇ ਕੇਵਲ ਬਾਣੀ ਬਾਣੇ ਦੇ ਵਿਖਾਵੇ ਤੋਂ ਹੰਕਾਰੀ ਬਣ ਬੈਠੇ ਤਾਂ, ਉਹ ਸਮਾਂ ਕੌਮੀ ਬਦਕਿਸਮਤੀ ਦਾ ਸੂਚਕ ਹੋ ਨਿਬੜਦਾ ਹੇ।

ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ॥

ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ॥  7 ॥ । 836}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.