ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਜੱਗੋਂ
ਤੇਰ੍ਹਵੀਆਂ
ਅਰਦਾਸ ਵਿੱਚ
ਮਨ ਮਰਜ਼ੀ
ਭਾਗ ਨੌਵਾਂ
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ
ਸ਼ਹਾਦਤ ਉਪਰੰਤ ਸਿੱਖ ਕੌਮ ਇੱਕ ਪ੍ਰੀਖਿਆ ਦੇ ਦੌਰ ਵਿੱਚ ਗੁਜ਼ਰੀ। ਕਿਤੇ ਰੰਬੀਆਂ ਨਾਲ ਖੋਪਰੀਆਂ
ਉਤਾਰੀਆਂ ਗਈਆਂ, ਕਿਤੇ ਬੰਦ ਬੰਦ ਕੱਟਿਆ ਗਿਆ ਤੇ ਚਰਖੜੀਆਂ `ਤੇ ਚੜ੍ਹ ਕੇ ਸਰਕਾਰੀ ਤਸ਼ੱਦਤ ਨੂੰ
ਸਹਾਰਿਆ ਗਿਆ। ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਲਈ ਧਰਮ ਦੇ ਨਾਂ `ਤੇ ਤੁਅਸਬੀ ਕਾਜ਼ੀ ਦੇ ਫਤਵੇ ਤੇ
ਅੰਦਰ ਖਾਤੇ ਕਰਮ-ਕਾਂਡੀ ਬ੍ਰਾਹਮਣੀ ਜਮਾਤ ਦੀ ਈਰਖਾ ਤੇ ਸਰਕਾਰੀ ਜ਼ੁਲਮ ਦੀ ਦਾਸਤਾਂ ਇਤਿਹਾਸ ਦੇ
ਪੰਨਿਆਂ `ਤੇ ਉੱਕਰੀ ਪਈ ਹੈ। ਅਜੇਹੇ ਬਿਖਮ ਦੌਰ ਵਿੱਚ ਦੀ ਗ਼ੁਜ਼ਰਦਿਆਂ ਸਿੱਖਾਂ ਦੇ ਬੋਲੇ ਸਨ ਕਿ
ਮੇਰਾ ਸਿਰ ਜਾਂਦਾ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ। ਦੋਹਾਂ ਧਰਮਾਂ ਦੇ ਪੁਜਾਰੀ ਸਰਕਾਰ
ਨਾਲ ਰਲ਼ ਕੇ ਮਨੁੱਖੀ ਅਜ਼ਾਦੀ ਦਾ ਘਾਣ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਦਾ ਅਦਰਸ਼ ਹੈ ਕਿ ਹਰ
ਮਨੁੱਖ ਨੇ ਸਚਿਆਰ ਬਣਨਾ ਹੈ ਓਥੇ ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਪੂਰਾ ਪੂਰਾ ਅਧਿਕਾਰ ਵੀ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਹਲੇਮੀ ਰਾਜ ਦੀ ਸਥਾਪਨ ਕੀਤੀ ਸੀ ਜੋ ਬੱਤੀਆਂ ਬੰਦ ਕਰਨ, ਅਖੰਡ ਪਾਠਾਂ
ਦੀਆਂ ਲੜੀਆਂ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ ਤੇ ਸੰਪਟ ਪਾਠਾਂ ਵਿੱਚ ਗਵਾਚਦੀ ਜਾ ਰਹੀ ਹੈ। ਇੰਜ
ਲੱਗ ਰਿਹਾ ਹੈ ਕਿ ਨਾਨਕਈ ਫ਼ਲਸਫ਼ੇ ਨੂੰ ਅਸੀਂ ਵੀ ਕਰਮ-ਕਾਂਡ ਵਿੱਚ ਹੀ ਲਪੇਟ ਕੇ ਪੇਸ਼ ਕਰਨ ਨੂੰ ਆਪਣਾ
ਪਰਮ ਧਰਮ ਸਮਝੀ ਬੈਠੇ ਹਾਂ।
ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ, ਜੰਗਲ਼ਾਂ ਬੇਲਿਆਂ ਤੇ ਘਰੋਂ ਬੇ ਘਰ ਹੋ ਕੇ ਵੀ ਰਹਿਣਾ ਪਿਆ।
ਇਸ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਸਿੱਖੀ ਭੇਸ ਵਿੱਚ ਨਿਰਮਲੇ, ਉਦਾਸੀਏ ਤੇ ਪਿਤਾ ਪੁਰਖੀ ਲੋਕਾਂ
ਦੇ ਹੱਥਾਂ ਵਿੱਚ ਚਲਾ ਗਿਆ। ਕਈ ਮਹੰਤਾਂ ਨੇ ਆਪਣੇ ਆਪ ਨੂੰ ਗੁਰੂ ਨਾਨਾਕ ਸਾਹਿਬ ਜੀ ਦੇ ਵਾਰਸ ਤੇ
ਕਈਆਂ ਨੇ ਸੋਢੀ ਕੁੱਲ ਵਿਚੋਂ ਹੋਣ ਦਾ ਦਆਵਾ ਕਰਕੇ ਅੰਦਰ ਖਾਤੇ ਗੁਰੂਆਂ ਵਾਲਾ ਢੌਂਗ ਰਚ ਲਿਆ। ਅੱਜ
ਵੀ ਸੰਤ ਗੀਰੀ ਦੇ ਨਾਂ `ਤੇ ਅੰਦਰ ਖਾਤੇ ਗੁਰੂ ਹੋਣ ਦਾ ਹੀ ਭਰਮ ਪਾਲ਼ਿਆ ਜਾ ਰਿਹਾ ਹੈ।
ਉਂਜ ਤਾਂ ਲਗ ਪਗ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਮਹੰਤ ਆਪਣੀਆਂ ਮਨ ਮਾਨੀਆਂ ਕਰ ਰਹੇ ਸਨ ਪਰ
ਨਨਕਾਣਾ ਸਾਹਿਬ ਦੇ ਮਹੰਤ ਦੀਆਂ ਕਾਲ਼ੀਆਂ ਕਰਤੂਤਾਂ ਦਾ ਚਿੱਠਾ ਜੱਗ ਜ਼ਾਹਰ ਹੋਇਆ ਜਦੋਂ ਸਿੰਧੀ ਪਰਵਾਰ
ਦੀ ਦੁਰਗਤੀ ਕਰਦਿਆਂ ਭੋਰਾ ਸ਼ਰਮ ਮਹਿਸੂਸ ਨਾ ਕੀਤੀ। ਸੂਝਵਾਨ ਪੁਰਖਿਆਂ ਨੇ ਇਹ ਪੱਕਾ ਮਨ ਬਣਾ ਲਿਆ
ਕਿ ਇਹਨਾਂ ਕਾਲ਼ੀਆਂ ਕਰਤੂਤਾਂ ਵਾਲੇ ਮਹੰਤਾ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਛੁਡਾ ਕੇ ਸੰਗਤਾਂ ਦੇ
ਹਵਾਲੇ ਕੀਤਾ ਜਾਏ। ਸਿੰਘਾਂ ਨੂੰ ਇਹਨਾਂ ਮਹੰਤਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਪਿਆ। ਇਹਨਾਂ ਮਹੰਤਾਂ
ਨੂੰ ਅੰਦਰ ਖਾਤੇ ਸਰਕਾਰੀ ਹਮਾਇਤ ਸੀ। ਲੰਬਾ ਸਮਾਂ ਗੁਰਦੁਆਰਿਆਂ ਵਿੱਚ ਰਹਿਣ ਕਰਕੇ ਇਹ ਪੁਜਾਰੀ
ਜਮਾਤ ਆਪਣੀਆਂ ਡੂੰਘੀਆਂ ਜੜ੍ਹਾਂ ਲਗਾ ਚੁੱਕੀ ਸੀ। ਜੰਡਾਂ ਨਾਲ ਬੰਨ੍ਹ ਕੇ ਸੜਨ ਤੋਂ ਬਿਨਾ ਇਹਨਾਂ
ਨੇ ਗੁਰਦੁਆਰਿਆਂ ਵਿਚੋਂ ਬਾਹਰ ਨਹੀਂ ਜਾਣਾ ਸੀ।
ਜੱਗੋਂ ਤਰ੍ਹਵੀਂ ਕਰਦਿਆਂ ਇਹਨਾਂ ਮਹੰਤਾਂ ਨੇ ਗੁਰਦੁਆਰਿਆਂ ਦੀ ਮਰਯਾਦਾ ਨੂੰ ਪੁੱਠਾ ਗੇੜਾ ਦੇਂਦਿਆਂ
ਅੰਦਰਲੀ ਤੇ ਬਾਹਰਲੀ ਮਰਯਾਦਾ ਨੂੰ ਹਿੰਦੂ ਮੰਦਰਾਂ ਦੀ ਤਰਜ਼ ਤੇ ਬਣਾ ਦਿੱਤਾ। ਗੁਰਦੁਆਰਿਆਂ ਵਿਚੋਂ
ਗੁਰਬਾਣੀ ਵਿਚਾਰ ਖਤਮ ਕਰਦਿਆਂ ਮਨਘੜਤ ਇਤਿਹਾਸ ਤੇ ਭਗਤ ਮਾਲਾ ਵਰਗੀਆਂ ਪੁਸਤਕਾਂ ਦੀ ਕਥਾ ਅਰੰਭ ਕਰਾ
ਕੇ ਸਿੱਖ ਸਿਧਾਂਤ ਨਾਲ ਦਿਨ ਦੀਵੀਂ ਧ੍ਰੋਅ ਕਮਾਇਆ। ਨਨਕਾਣਾ ਸਾਹਿਬ ਦੇ ਸਾਕੇ ਨੇ ਸਾਰੀ ਕੌਮ ਨੂੰ
ਇੱਕ ਵਾਰ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਕੀਤਾ, ਕਿ ਕਿਉਂ ਨਾ ਆਪਣੀ ਕੌਮ ਨੂੰ ਏਕੇ ਵਿੱਚ ਪਰੋਇਆ
ਜਾਏ। ਇਸ ਦੀ ਅੰਦਰਲੀ ਤੇ ਬਾਹਰਲੀ ਰਹਿਤ ਇੱਕ ਹੋਵੇ। ਦੂਸਰਾ ਸਾਰਿਆਂ ਗੁਰਦੁਆਰਿਆਂ ਨੂੰ ਏਕੇ ਵਿੱਚ
ਪਰੋਣ ਲਈ ਇੱਕ ਸਾਂਝੀ ਮਰਯਾਦਾ ਬਣਾਈ ਜਾਏ। ਅਨੰਦ ਕਾਰਜ ਦੀ ਮਰਯਾਦਾ ਇੱਕ ਹੋਵੇ। ਖੰਡੇ ਦੀ ਪਹੁਲ ਦਾ
ਵਿਧੀ ਵਿਧਾਨ ਇੱਕ ਹੋਵੇ। ਮਿਰਤਕ ਸੰਸਕਾਰ ਇੱਕ ਹੋਵੇ। ਸਾਡੀ ਅਰਦਾਸ ਦੀ ਰੂਪ ਰੇਖਾ ਇੱਕ ਹੋਵੇ।
ਭਾਂਵੇ ਰਹਿਤ ਮਰਯਾਦਾ ਪੁਨਰ ਵਿਚਾਰ ਦੀ ਲੋੜ ਮਹਿਸੂਸ ਕਰਦੀ ਹੈ ਪਰ ਜਿੰਨਾਂ ਚਿਰ ਵਿਧੀ-ਵਿਧਾਨ
ਅਨੁਸਾਰ ਇਸ `ਤੇ ਪੁਨਰ ਵਿਚਾਰ ਨਹੀਂ ਕੀਤੀ ਜਾਂਦੀ ਓਨਾਂ ਚਿਰ ਅਸੀਂ ਇਸ ਨੂੰ ਮੰਨਣ ਦੇ ਪਾਬੰਦ ਹਾਂ।
ਨਿੱਜੀ ਤੌਰ `ਤੇ ਇਸ ਵਿੱਚ ਕੋਈ ਇਕੱਲਾ ਬਦਲਾ ਨਹੀਂ ਕਰ ਸਕਦਾ। ਰਹਿਤ ਮਰਯਾਦਾ ਤਾਂ ਬਣ ਗਈ ਪਰ
ਬ੍ਰਹਾਮਣੀ ਸੋਚ ਵਾਲੀ ਬਿਰਤੀ ਨੇ ਅੱਜ ਵੀ ਉਸ ਰਹਿਤ ਮਰਯਾਦਾ ਨੂੰ ਆਪਣੇ ਰਸੂਖ ਵਾਲੇ ਗੁਰਦੁਆਰਿਆਂ
ਵਿੱਚ ਲਾਗੂ ਨਹੀਂ ਹੋਣ ਦਿੱਤਾ। ਸਿੱਖ ਕੌਮ ਦਾ ਦੁਖਾਂਤ ਹੀ ਮੰਨਿਆ ਜਾਏਗਾ ਕਿ ਕੁੱਝ ਇਤਿਹਾਸਕ
ਗੁਰਦੁਆਰਿਆਂ ਤੇ ਬਹੁਤ ਸਾਰੇ ਸਥਾਨਕ ਸੰਗਤ ਵਲੋਂ ਬਣਾਏ ਗੁਰਦੁਆਰਿਆਂ ਵਿੱਚ ਬ੍ਰਹਾਮਣੀ ਸੋਚ ਵਾਲੇ
ਗ੍ਰੰਥੀਆਂ ਤੇ ਪ੍ਰਬੰਧਕਾਂ ਨੇ ਮੁਕੰਮਲ ਤੌਰ `ਤੇ ਰਹਿਤ ਮਰਯਾਦਾ ਲਾਗੂ ਨਹੀਂ ਕੀਤੀ।
ਅਰਦਾਸ ਨੂੰ ਡੇਰਾਵਾਦ ਬਿਰਤੀ ਨੇ ਲਗ-ਪਗ ਆਪਣੇ ਅਨੁਸਾਰ ਬਣਾ ਲਿਆ ਹੈ। ਹਰ ਡੇਰੇ ਦੀ ਆਪਣੀ ਅਰਦਾਸ
ਹੈ, ਜੋ ਉਹਨਾਂ ਦੇ ਗੁਟਕਿਆਂ ਵਿੱਚ ਆਮ ਦੇਖੀ ਜਾ ਸਕਦੀ ਹੈ। ਜਿੰਨੇ ਕੁ ਵਿਸ਼ੇਸ਼ਣ ਅਰਦਾਸ ਵਿੱਚ
ਚਾਹੀਦੇ ਹਨ, ਓਨੇ ਕੁ ਪੰਥ ਰਹਿਤ ਮਰਯਾਦਾ ਵਿੱਚ ਸਤਿਕਾਰ ਲਈ ਹਰ ਥਾਂ `ਤੇ ਲੱਗੇ ਹੋਏ ਹਨ। ਰਹਿਤ
ਮਰਯਾਦਾ ਦੀਆਂ ਸਤਰਾਂ ਜਾਂ ਪਹਿਰਿਆਂ ਵਿੱਚ ਵਾਧਾ ਘਾਟਾ ਕਰਨ ਦੀ ਜ਼ਰੂਰਤ ਨਹੀਂ ਹੈ। ਡੇਰਾਵਾਦ ਬਿਰਤੀ
ਦੀ ਅਰਦਾਸ ਵਿੱਚ ਪੰਜਾਂ ਪਿਆਰਿਆਂ ਵਾਲੇ ਬੰਦ ਵਿੱਚ ਆਪਣੇ ਵਲੋਂ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੇ
ਅੱਗੇ ਕਲਜੁਗ ਵਿੱਚ ਤੱਪ ਕਰਨ ਵਾਲੇ, ਨਾਮ ਅਭਿਆਸ ਕਰਨ ਵਾਲੇ, ਕਰਨੀ ਵਾਲੇ ਮਹਾਂ ਪੁਰਸ਼ਾਂ ਬ੍ਰਹਮ
ਗਿਆਨੀਆਂ ਦੀ ਕਮਾਈ ਵਾਲੇ ਇਹਨਾਂ ਮਹਾਂ ਪੁਰਸ਼ਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਸਦਾ ਬਹਾਰ ਸ਼ਬਦ ਹੈ। ਇਹ ਸ਼ਬਦ ਆਪਣੇ ਆਪ
ਵਿੱਚ ਇੱਕ ਮੁਕੰਮਲ ਇਤਿਹਾਸ ਹੈ ਕਿਉਂ ਕਿ ਸ਼ਹੀਦੀਆਂ ਤਾਂ ਹੁੰਦੀਆਂ ਹੀ ਰਹਿਣੀਆਂ ਹਨ। ‘ਜਿਨ੍ਹਾਂ’
ਸ਼ਬਦ ਹਰ ਸਮੇਂ ਲਈ ਢੁੱਕਦਾ ਹੈ ਜੋ ਸਮੇਂ ਦੀ ਪਬੰਦੀ ਤੋਂ ਉੱਪਰ ਹੈ। ਪਰ ਕੁੱਝ ਵੀਰਾਂ ਨੇ ਆਪਣੇ
ਵਲੋਂ ਨਵੀਨ ਤੇ ਪਰਾਚੀਨ ਸ਼ਹੀਦ ਸ਼ਬਦ ਜੋੜ ਕੇ ਸ਼ਹੀਦਾਂ ਨੂੰ ਵੰਡਣ ਦਾ ਯਤਨ ਕੀਤਾ ਹੈ।
ਇਕ ਡੇਰਾਵਾਦੀ ਗ੍ਰੰਥੀ ਦੀ ਬਿਮਾਰ ਮਾਨਸਕਤਾ ਨੇ ਤਾਂ ਜੱਗੋਂ ਤਰ੍ਹਵੀਂ ਕਰਦਿਆਂ ਪੰਜਾਂ ਤੱਖਤਾਂ
ਸਰਬੱਤ ਗੁਰਦੁਆਰਿਆਂ ਦੇ ਨਾਲ ਸਮੂੰਹ ਤਪ ਅਸਥਾਨਾਂ, ਭੋਰਿਆਂ ਤੇ ਮਹਾਂ ਪੁਰਸ਼ਾਂ ਦੇ ਡੇਰਿਆਂ ਕਮਾਈ
ਵਾਲੇ ਠਾਠਾਂ ਦਾ ਧਿਆਨ ਧਰ ਕੇ ਬੋਲੋ ਜੀ ਕਹਿੰਦਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕੀਤੀ। ਜਨੀ ਕਿ ਮਰ
ਚੁੱਕੇ ਬੂਬਨੇ ਸਾਧਾਂ ਨੂੰ ਗੁਰੂਆਂ ਦੇ ਬਰਾਬਰ ਖੜਾ ਹੀ ਨਹੀਂ ਕੀਤਾ ਸਗੋਂ ਉਹਨਾਂ ਦੇ ਪਿੰਡਾਂ
ਵਾਲੀਆਂ ਥਾਵਾਂ ਨੂੰ ਵੀ ਤੱਖਤਾਂ ਗੁਰਦੁਆਰਿਆਂ ਦੇ ਬਰਾਬਰ ਲਿਆ ਖੜਾ ਕੀਤਾ ਹੈ। ਸੋਚਣ ਵਾਲੀ ਗੱਲ ਹੈ
ਕਿ ਅੱਜ ਰਾਜਨੀਤਿਕ ਨੇਤਾ ਜਨ ਧਾਰਮਕ ਆਗੂ ਅਜੇਹੇ ਅਸਥਾਨਾਂ `ਤੇ ਜਾਂਦੇ ਹਨ ਪਰ ਉਥੇ ਜਾ ਕੇ ਕਦੇ
ਸਿੱਖ ਸਿਧਾਂਤ ਦੀ ਗੱਲ ਨਹੀਂ ਕਰਨਗੇ। ਸਿੱਖ ਸਿਧਾਂਤ ਦੀ ਪਟੜੀ ਤੋਂ ਲੱਥੇ ਡੇਰਿਆਂ `ਤੇ ਜਾਣਾ
ਉਹਨਾਂ ਨੂੰ ਮਾਨਤਾ ਦੇਣ ਦੇ ਬਰਾਬਰ ਹੈ।
ਇਹ ਵਿਸਥਾਰ ਤਾਂ ਬਹੁਤ ਲੰਬਾ ਹੈ ਪਰ ਏੱਥੇ ਸਿਰਫ ਧਿਆਨ ਹੀ ਦਿਵਾਉਣ ਦਾ ਯਤਨ ਹੀ ਕੀਤਾ ਗਿਆ
ਹੈ। ਅਰਦਾਸ ਦੇ ਅਖੀਰਲੇ ਬੰਦ ਵਿੱਚ ਤਾਂ ਲਗ ਪਗ ਸੂਝਵਾਨ ਗ੍ਰੰਥੀਆਂ ਨੇ ਵੀ ਖੁਲ੍ਹ ਲੈ ਲਈ ਜਾਪਦੀ
ਹੈ। ਜਿਸ ਤਰ੍ਹਾਂ ਅਰਦਾਸ ਦੇ ਅਖੀਰ ਵਿੱਚ ਆਉਂਦਾ ਹੈ, ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ
ਨਿਓਟਿਆਂ ਦੀ ਓਟ ਸਚੇ ਪਿਤਾ ਵਹਿਗੁਰੂ ਜੀ ਦੀ ਥਾਂ `ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਂ ਲਿਆ
ਜਾ ਰਿਹਾ ਹੈ। ਜਗੋਂ ਤੇਰ੍ਹਵੀਂ ਕਰਦਿਆਂ ਅਰਦਾਸ ਦਾ ਇੱਕ ਰੂਪ ਨਾ ਰਹਿਣ ਦੇਂਦਿਆਂ ਗੁਰੂਆਂ ਦੀ ਵੀ
ਗੁੱਟ ਬੰਦੀ ਕਰ ਲਈ ਹੈ। ਵੱਖ ਵੱਖ ਇਤਿਹਾਸਕ ਅਸਥਾਨ ਤੇ ਵਹਿਗੁਰੂ ਜੀ ਸ਼ਬਦ ਦੀ ਥਾਂ `ਤੇ ਜਿਸ ਗੁਰੂ
ਜੀ ਨਾਲ ਅਸਥਾਨ ਸਬੰਧਿਤ ਹੁੰਦਾ ਹੈ, ਓਥੇ ਉਸ ਗੁਰੂ ਸਾਹਿਬ ਜੀ ਦਾ ਹੀ ਨਾਂ ਲਿਆ ਜਾ ਰਿਹਾ ਹਨ। ਕਈ
ਗੁਰਦੁਆਰਿਆਂ ਵਿੱਚ ਕੇਵਲ ਸ਼ਹੀਦ ਸਿੰਘ ਦਾ ਨਾਂ ਲੈ ਕੇ ਹੀ ਅਰਦਾਸ ਕੀਤੀ ਜਾ ਰਹੀ ਹੈ ਜੋ ਕੇ
ਨਿਰਧਾਰਤ ਪੰਥ ਪਰਵਾਨਤ ਰਹਿਤ ਮਰਯਾਦਾ ਦੀ ਉਲੰਘਣਾ ਹੈ।
ਜੱਗੋਂ ਤੇਰ੍ਹਵੀਂ ਕਰਦਿਆਂ ਡੇਰਵਾਦੀ ਬਿਰਤੀ ਹੁਣ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ
ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਸ਼ਬਦ ਦੀ ਥਾਂ `ਤੇ ਮਰ ਚੁੱਕੇ ਸਾਧ ਦਾ ਨਾਂ ਲਿਆ ਜਾ
ਰਿਹਾ ਹੈ। ਕੀ ਮਰ ਚੁੱਕਾ ਬਾਬਾ ਸਰਬ ਵਿਆਪਕ ਵਹਿਗੁਰੂ ਹੈ?
ਅਰਦਾਸ ਵਿੱਚ ਕੜਾਹ ਪ੍ਰਸਾਦ ਸਬੰਧੀ ਵੀ ਆਪੇ ਬਣੇ ਗ੍ਰੰਥੀ ਕਹਿਣਗੇ ਹੇ ਗੁਰੂ ਗ੍ਰੰਥ ਸਾਹਿਬ ਜੀਓ ਆਪ
ਜੀ ਨੂੰ ਭੋਗ ਲੱਗੇ ਤੇ ਭਾਵ ਆਪ ਜੀ ਪਹਿਲਾਂ ਛੱਕੋ ਤੇ ਫਿਰ ਸੰਗਤ ਛਕੇਗੀ। ਜਦ ਕੇ ਸਾਰਾ ਪੰਥ
ਦਰਪ੍ਰਵਾਨ ਸ਼ਬਦ ਦੀ ਵਰਤੋਂ ਕਰਦਾ ਹੈ।
ਸ਼ਾਮ ਦੇ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ਼ ਕਰਦਿਆਂ ਅਰਦਾਸ ਵਿੱਚ
ਕਿਹਾ ਜਾ ਰਿਹਾ ਹੈ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਤੁਸੀ ਸੱਚ ਖੰਡ ਵਿੱਚ ਬਰਾਜਮਾਨ ਹੋਵੇ ਜੀ।
ਸਵਾਲ ਪੈਦਾ ਹੁੰਦਾ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਫਿਰ ਉਹ ਅਸਥਾਨ
ਕਿਹੜਾ ਹੋਇਆ?
ਪੰਥਕ ਪੁਨਰ ਵਿਚਾਰ ਤੋਂ ਬਿਨਾ ਅਰਦਾਸ ਦੀ ਸ਼ਬਦਾਵਲੀ ਵਿੱਚ ਵਾਧਾ ਘਾਟਾ ਕਰਨਾ, ਅਰਦਾਸ ਦੀ ਰੂਪ ਰੇਖਾ
ਵਿਗਾੜਨੀ, ਕੋਈ ਚੰਗਾ ਰੁਝਾਨ ਨਹੀਂ ਹੈ।