.

ਨਵਾਂ ਸ਼ੋਸ਼ਾ! ਅਖੇ ਗੁਰਬਾਣੀ-ਗਿਆਨ ਦਾ ਸੋਮਾ ਵੇਦ ਸ਼ਾਸਤ੍ਰ ਸਿਮ੍ਰਿਤੀਅ, ਬ੍ਰਾਹਮਣੀ ਗ੍ਰੰਥ …?

ਸਤਿਗੁਰੂ ਜੀ ਨੂੰ, ਕੰਧਾਂ ਕੋਠਿਆਂ ਦੀਆਂ ਪਰਿਕ੍ਰਮਾ ਕਰਦੇ ਨਿਰੰਤਰ ਦਰਸਾਈ ਜਾਣ ਵਾਲੇ ਲਿਖਾਰੀ ਨੇ ਏਥੇ ਹੁਣ, ਪਹਿਲਾਂ ਇਹ ਲਿਖ ਲਿਆ ਕਿ, ਸ੍ਰੀ ਗੁਰੂ ਜੀ ਦੀ ਕ੍ਰਿਪਾ ਨਾਲ ਅਪਾਰ ਕਥਾ ਵਰਣਨ ਕਰ ਰਿਹਾਂ ਹਾਂ ਜੇ ਕੋਈ ਭੁੱਲ ਕਰ ਬੈਠਾਂ ਤਾਂ ਤੁਸੀਂ ਆਪੇ ਸੁਧਾਰ ਲਇਉ। ਤੇ ਅਗਲੀਆਂ ਪੰਗਤੀਆਂ:-

ਏਕ ਸਮੇ ਮਨ ਮੈ ਧਰਯੋ ਗੁਰ ਅਰਜਨ ਵੀਚਾਰਿ। ਬਿਪੁ ਗਾਥ ਚਿਤਵਨ ਕਰੀ ਭਾਖਾ ਬਾਕ4 ਉਚਾਰਿ॥ 2॥

ਸੰਪਾਦਕ ਵਿਦਵਾਨਾਂ ਦੇ ਲਿਖੇ ਹੋਏ, ਟੂਕ ਵਿਚਲੇ ਅਰਥ:-ਬ੍ਰਾਹਮਣ ਨਾਲ ਹੋਈ ਗੱਲ-ਬਾਤ ਨੂੰ ਯਾਦ ਕਰਕੇ ਨਿਰਣੈ ਕੀਤਾ। 4ਬਾਕ=ਉਹ ਬੋਲੀ ਜੋ ਦੇਸ਼ ਵਿੱਚ ਵਰਤੀ ਜਾਏ, ਭਾਵ, ਦੇਸ਼ ਦੀ ਭਾਸ਼ਾ ਵਿੱਚ ਬਾਣੀ ਦੀ ਰਚਨਾ ਕਰੀਏ।

ਸਤਿਗੁਰੂ ਜੀ ਦੇ ਪਾਵਨ ਨਾਮਣੇ ਦੇ ਨਾਲ ਜੋੜੇ ਹੋਏ, ਏਨੇ ਹੀ ਬਚਨ ਤੋਂ ਉਪਜੇ ਗੰਭੀਰ ਸ਼ੰਕਿਆਂ ਦਾ ਵੇਰਵਾ:--

(1) ਕੀ, ਪਹਿਲਾਂ ਸਾਰੀ ਬਾਣੀ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਸੀ? ,

(2) ਕਿ ਜਾਂ, ਗੁਰੂਬਾਣੀ ਅਜੇਹੀ ਭਾਸ਼ਾ (ਸੰਸਕ੍ਰਿਤ ਆਦਿ) ਵਿੱਚ ਲਿਖੀ ਹੋਈ ਸੀ ਜੋ ਦੇਸ਼ ਵਿੱਚ ਪਰਚਲਤ ਨਹੀਂ ਸੀ? (3) ਪਹਿਲੇ ਚਾਰ ਸਤਿਗੁਰੂ ਸਾਹਿਬਾਨ ਜੀ ਨੇ, ਕੀ, ਪੰਜਾਬੀ ਬੋਲੀ ਵਿੱਚ ਗੁਰੂ ਬਾਣੀ ਨਹੀਂ ਸੀ ਲਿਖੀ?

(4) ਇਹ ਯਾਦ ਆਉਂਦਿਆਂ ਹੈਰਾਨੀ ਹੋਰ ਵੀ ਵਧਦੀ ਹੈ ਕਿ, ਰਾਗ ਗਉੜੀ ਪੂਰਬੀ ਬਾਵਨ ਅਖਰੀ ਵਿੱਚ ਕਕਾ, ਖਖਾ, ਗਗਾ, ਘਘਾ, ਙੰਙਾ ਆਦਿ ਗੁਰਮੁਖੀ ਲਿਪੀ ਦੀ ਪੈਂਤੀ ਕੀ. ਕਬੀਰ ਸਾਹਿਬ ਜੀ ਨੇ ਆਪ ਨਹੀਂ ਸੀ ਲਿਖੀ? ਕੀ, ਪੰਚਮ ਪਾਤਸ਼ਾਹ ਜੀ ਤੋਂ ਪਹਿਲਾਂ ਵਾਲੀ ਸਾਰੀ ਬਾਣੀ ਦਾ ਮੁਢਲਾ ਰੂਪ ਕੋਈ ਹੋਰ ਸੀ?

(5) ਉਪਰੋਕਤ ਅਰਥ ਲਿਖਣ ਵਾਲੀਆਂ ਮਹਾਨ ਸਖ਼ਸ਼ੀਅਤਾਂ ਨੇ, ਪੈਦਾ ਹੋਣ ਵਾਲੇ ਅਜੇਹੇ ਸ਼ੰਕਿਆਂ ਵਲ, ਕਿਸ ਕਾਰਨ ਧਿਆਨ ਨਾ ਦਿੱਤਾ? ਕੀ, ਕਿਤੇ (ਜਿਵੇ ਗੁਰਬਾਣੀ ਤੱਕ ਪਹੁੰਚ ਹੋ ਸਕਣ ਦੀ ਸੰਭਾਵਣਾ ਨੂੰ ਸਿੰਘ ਸਾਹਿਬ ਗਿ: ਕੇਵਲ ਸਿੰਘ ਜੀ ਨੇ ਰਦ ਕੀਤਾ ਹੋਇਆ ਹੈ, ਏਵੇਂ ਹੀ ਸੰਪਾਦਕ ਮਹਾਂਪੁਰਖਾਂ ਨੂੰ ਵੀ ਇਹੀ ਯਕੀਨ ਤਾਂ ਨਹੀਂ ਸੀ, ਕਿ, ਉਨ੍ਹਾਂ ਦੇ ਕਰ-ਕੰਵਾਲਾਂ ਤੋਂ ਲਿਖਿਆ ਸਭ ਕੁੱਝ ਆਪ ਹੀ, ਪਾਠਕਾਂ ਲਈ ਗੁਰਮਤਿ ਬਣ ਜਾਂਣਾ ਹੈ?

ਮਸਲਾ ਹੋਰ ਵੀ ਗੰਭੀਰ ਸ਼ਕਲ ਫੜ ਗਿਆ? --

ਅੱਗੇ ਅਜੇਹਾ ਚੰਦ ਚੜ੍ਹਿਆ ਹੋਇਆ ਹੈ ਜੋ ਗਿਆਨ ਦੀ ਰੌਸ਼ਨੀ ਦੇ ਥਾਂ, ਅਗਿਆਨਤਾ ਦਾ ਘੁੱਪ ਹਨੇਰਾ ਫੈਲਾਉਣ ਦਾ ਸੂਚਕ ਬਣਿਆ ਹੋਇਆ ਹੈ:-

ਚੌਪਈ॥ ਗੁਰ ਅਰਜਨ ਮਨਿ ਐਸ ਧਾਰਯੋ। ਕਰੋਂ ਜਤਨ ਜਿਹ ਜਗ ਨਿਸਤਾਰਯੋ। >>

ਬਾਣੀ ਗੁਰੂ ਗੁਰੂ ਹੈ ਬਾਣੀ। ਬੇਦਨ ਤਤੁ ਮਥਿ ਬੁਧਿ ਮਧਾਣੀ॥ 3॥

ਸਤਿਗੁਰੂ ਨਾਨਕ ਸਾਹਿਬ ਜੀ ਨੇ ਜਦੋ ਹੀਂ ਜਨੇਉ ਪਾਉਣ ਲੱਗੇ ਬ੍ਰਾਹਮਣ-ਗੁਰੁ ਕੋਲੋਂ, ਸਦਾ ਨਾਲ ਨਿਭਨ ਵਾਲੇ ਜਨੇਊ ਦੀ ਮੰਗ ਕਰ ਲਈ, ਉਨ੍ਹਾਂ ਪਲਾਂ ਤੋਂ ਹੀ, ਭਾਰਤ ਦੇ ਸਮ੍ਹਹੁ ਬ੍ਰਾਹਮਣੀ ਸਮਾਜ ਨੇ, ਸਤਿਗੂਰੂ ਨਾਨਕ ਸਾਹਿਬ ਜੀ ਦੀ ਸਿੱਖੀ ਵਿਰੁੱਧ ਕੁਟਲਤਾ ਭਰਪੂਰ, ਬਹੁ-ਪੱਖੀ ਯਤਨ ਅਰੰਭ ਕਰ ਦਿੱਤੇ ਸਨ। ਜ਼ਰਾ ਗਹੁ ਨਾ ਵਿਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ, ਮਹਾਂ ਕੁਟਲ ਲਿਖਾਰੀ ਨੇ, ਇਸ ਚੌਪਈ ਵਿਚ, ਗੁਰੂ ਬਾਣੀ ਦੇ ਗਿਆਨ ਤੋਂ (ਲੱਗ-ਪੱਗ) ਕੋਰੇ ਗੁਰਸਿੱਖਾਂ ਨੂੰ, ਗੁਰਮਤਿ-ਘਾਤਕ ਭਰਮ ਪਾਉਣ ਦਾ ਗੰਭੀਰ ਯਤਨ ਕੀਤਾ ਹੈ। ਪਹਿਲੀ ਪੰਗਤੀ (- “ਗੁਰ ਅਰਜਨ ਮਨਿ ਐਸ ਧਾਰਯੋ। ਕਰੋਂ ਜਤਨ ਜਿਹ ਜਗ ਨਿਸਤਾਰਯੌ) “ਤੋਂ ਇਹ ਭਰਮ ਬਣਾ ਲਿਆ ਕਿ, ਸਤਿਗੁਰੂ ਅਰਜੁਨ ਸਾਹਿਬ ਜੀ ਸੰਸਾਰ ਦੇ ਪਾਰ ਉਤਾਰੇ ਦਾ ਸਾਧਨ ਬਣਾ ਰਹੇ ਹਨ। ਪਰ ਅਗਲੀ ਹੀ ਪੰਗਤੀ- “ਬਾਣੀ ਗੁਰੂ ਗੁਰੂ ਹੈ ਬਾਣੀ”। ਬੇਦਨ ਤਤੁ ਮਥਿ ਬੁਧਿ ਮਧਾਣੀ॥ 3॥ ਵਿੱਚ ਗੁਰੂਬਾਰੀ ਦੀ ਭਰਪੂਰ ਹੇਠੀ?

ਪੰਗਤੀ ਦਾ ਪਹਿਲਾ ਭਾਗ, ਲਿਖਾਰੀ ਨੇ ਗੁਰਬਾਣੀ ਦੀ ਇਸ ਤੁਕ “ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ 5॥”{982} ਵਿਚੋਂ ਵਰਤਿਆ ਹੈ। ਪੰਗਤੀ ਦੇ ਇਸ ਜ਼ਰੂਰੀ ਭਾਗ ‘ਬਾਣੀ ਗੁਰੂ ਗੁਰੂ ਹੈ ਬਾਣੀ’ ‘ਨੂੰ ਸੰਪਾਦਕ ਸਾਹਿਬਾਨ ਨੇ ਅਣਗੌਲਿਆ ਕਰਕੇ ਰਹਿੰਦੇ ਭਾਗ (ਬੇਦਨ ਤਤੁ ਮਥਿ ਬੁਧਿ ਮਧਾਣੀ॥ 3॥) ਦੇ ਅਰਥ, ਇਸ ਪ੍ਰਕਾਰ ਲਿਖੇ ਹਨ:- “ਵੇਦਾਂ ਦੇ ਤੱਤ-ਸਾਰ ਨੂੰ ਬੁੱਧੀ ਰੂਪੀ ਮਧਾਣੀ ਨਾਲ ਰਿੜਕ ਕੇ ਕਢਿਆਂ ਹੈ”। ਪਰ, ਸਨਮਾਨ ਜੋਗ ਸੰਪਾਦਕ ਵਿਦਵਾਨਾ ਨੇ ਏਥੇ ਜਾਣ ਬੁੱਝ ਕੇ ਲਿਖਾਰੀ ਦੀ ਕੁਟਲਤਾ ਦਾ ਇਹ ਪੱਖ ਸੱਪਸ਼ਟ ਨਹੀਂ ਕੀਤਾ ਕਿ ਉਸ ਨੇ ਵੇਦਾਂ ਦਾ ਤੱਤ-ਸਾਰ, ਜੇ ਗੁਰਬਾਣੀ ਨੂੰ ਨਹੀਂ ਆਖਿਆ ਤਾਂ ਹੋਰ (ਵੇਦਾਂ ਦ ਤੱਤ ਸਾਰ) ਕਿਸ ਨੂੰ ਆਖਿਆ ਹੈ?

ਇਸ ਪੰਗਤੀ ਤੋਂ ਦਾਸ ਦੇ ਮਨ ਦਿਆਂ ਕੰਨਾ ਨੇ ਲਿਖਾਰੀ ਨੂੰ ਇਉਂ ਲਲਕਾਰਦਾ ਸੁਣਿਆ ਹੈ-ਪਰਮਾਤਮਾ ਦੀ ਉਚੇਚੀ ਮੌਜ ਨਾਲ ਪ੍ਰਗਟ ਹੋਏ, ਹੇ ਸਿੰਘ ਸਾਹਿਬ ਜੀਓ! ਆਪਣੇ ਆਪ ਨੂੰ ਗੁਰਿਆਈ ਦੇ ਭਾਈਵਾਲ ਮੰਨ ਰਹੇ ਵਡੇ ਸੂਰਬੀਰ ਤੇ ਅਣਖੀ -ਹੇ ਉੱਚ ਦੁਮਾਲੀਏ ਖ਼ਾਲਸਾ ਸਾਹਿਬ ਜੀਉ! ਜਿਸ ‘ਸ਼ਬਦ’ ਨੂੰ ਆਪਣਾ ਗੁਰੂ ਮੰਨਦੇ ਹੋ, ਜਿਹੜੀ ਗੁਰੂ ਬਾਣੀ ਨੂੰ ਤੁਸੀਂ ਧੁਰੋਂ ਆਈ ਮੰਨਦੇ ਹੋ, ਉਹ ਬਾਣੀ ਤਹਾਂਡੇ ਸਤਿਗੁਰਾਂ ਨੇ ਅਸਲ ਵਿਚ, ਸਾਡੇ ਪ੍ਰੋਹਿਤਾਂ ਦੇ ਲਿਖੇ ਹੋਏ ਵੇਦਾਂ ਸ਼ਿਾਸਤ੍ਰਾਂ, ਪੁਰਾਣਾਂ ਆਦਿ ਵਚੋਂ ਹੀ ਪ੍ਰਾਪਤ ਕੀਤੀ ਹੋਈ ਹੈ।”

ਕੁਟਲ ਲਿਖਾਰੀ ਦੀ ਪਿੱਠ ਪੂਰ ਰਹੇ ਹੇ ਸੰਪਾਦਕ ਸਾਹਿਬਾਨ ਜੀਓ! ਉਪਰੋਕਤ ਚੌਪਈ ਦੇ ਇਹ ਬਚਨ- ਬੇਦਨ ਤਤੁ ਮਥਿ ਬੁਧਿ ਮਧਾਣੀ” ਅਤੇ ਤੁਹਡੇ ਲਿਖੇ ਇਹ ਅਰਥ- “ਵੇਦਾਂ ਦੇ ਤੱਤ-ਸਾਰ ਨੂੰ ਬੁੱਧੀ ਰੂਪੀ ਮਧਾਣੀ ਨਾਲ ਰਿੜਕ ਕੇ ਕਢਿਆਂ ਹੈ” ਭੁਲੇਖੇ ਖੜਾ ਕਰ ਰਿਹਾ ਨਿਰੋਲ ਝੂਠ ਹੈ। ਏਧਰ ਸਤਿਗਰੂ ਗ੍ਰੰਥ ਸਾਹਿਬ ਜੀ ਦੇ ਬਚਨਾ ਨੂੰ ਧਿਆਨ ਨਾਲ ਸੁਣਨ ਦੀ ਖੇਚਲ ਕਰਕੇ ਸੰਪੂਰਨ ਸਚੁ ਦੇ ਦਰਸ਼ਨ ਕਰੋ ਕਿ, ਤੱਤ-ਗਿਆਨ ਪ੍ਰਾਪਤ ਕਰਨ ਲਈ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਸ ਪ੍ਰਕਾਰ ਦਾ ਰੇੜਕਾ ਪਾ ਕੇ ਕਿਹੋ ਜਿਹਾਂ ਤੱਥ ਕਢਿਆ ਸੀ? :--

1- ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥ ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ॥ ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ॥ ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ॥ {967} -4

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ “ਦੀ ਸਤਵੀਂ ਪੋਥੀ ਦੇ 236-37 ਸਫ਼ੇ ਤੇ ਇਸ ਪਉੜੀ ਦੇ ਅਰਥ ਇਸ ਪ੍ਰਕਾਰ ਹਨ:--

“ਦੁਨੀਆ ਆਖਦੀ ਹੈ ਜਗਤ ਦੇ ਨਾਥ ਗੁਰੂ ਨਾਨਕ (ਸਾਹਿਬ ਜੀ) ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ, ਉਸ ਨੇ ਤਾਂ ਹੋਰ ਪਾਸੇ ਵਲੋਂ ਹੀ ਗੰਗਾ ਵਗਾ ਦਿੱਤੀ। ਇਹ ਉਸ ਨੇ ਕੀਹ (ਅਸਚਰਜ ਕੌਤਕ) ਕੀਤਾ ਹੈ? ਉਸ (ਗੁਰੂ ਨਾਨਕ ਸਾਹਿਬ ਜੀ) ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿੱਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) “ਸ਼ਬਦ ਵਿੱਚ ਰੇੜਕਾ ਪਾਇਆ (ਭਾਵ, ਧੁਰੋਂ ਆ ਰਹੇ ਅਗੰਮੀ ਸ਼ਬਦ ਨੂੰ ਵਿਚਾਰਿਆ, ਇਸ ਤਰ੍ਹਾਂ) ਉਸ (ਗੁਰੂ ਨਾਨਕ ਜੀ) ਨੇ (ਇਸ ਸ਼ਬਦ-ਸਮੁੰਦਰ ਵਿਚੋਂ ਰੱਬੀ ਗੁਣ-ਰੂਪੀ) ਚੌਦਾਂ ਰਤਨ (ਜਿਵੇਂ ਕਥਿਤ ਤੌਰ ਤੇ) ਸਮੂੰਦਰ ਵਿਚੋਂ ਦੇਵਤਿਆਂ ਨੇ 14 ਰਤਨ ਕੱਢੇ ਸਨ), ਕਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਹੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਹਿਬ ਜੀਓ! ਕੀ ਲਿਖਾਰੀ ਦਾ ਕਹਿਆ ਸਤਿਗੁਰੂ ਗ੍ਰੰਥ ਸਾਹਿਬ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਕਿ, ਜਾਂ ਕੋਈ ਕਸਰ ਰਹਿ ਗਈ ਹੈ ਜੀ?

ਚੌਪਈ ਨੰਬਰ 3 ਵਾਲੇ ਉਪਰੋਕਤ ਬਚਨਾਂ ਨੂੰ ਭਾਵੇਂ ਗੁਰੁ ਬਾਣੀ ਨੇ ਮੁਢੋਂ ਹੀ ਰੱਦ ਕਰ ਦਿੱਤਾ ਹੈ, ਪਰ ਅਜੇ ਲਿਖਾਰੀ ਬਸ ਨਹੀਂ ਕਰ ਬੈਠਾ, ਉਹ ਅੱਗੇ ਇਉਂ ਲਿਖਦਾ ਹੈ:--

(ੳ) ਚਹੁ ਖਟ ਨੌ ਕਾ ਸਾਰ ਨਿਕਾਰਾ। ਗੁਰ ਨਾਨਕ ਬਾਣੀ ਵਿਸਥਾਰਾ।

(ਅ) ਦਸ ਮਹਲਾਂ ਤਕ ਰੂਪ ਹਮਾਰੇ। ਆਗੇ ਪੂਜਾ ਕਿਹ ਨਿਸਤਾਰੇ॥ 4॥

ਕਵੀ ਦੇ ਲਿਖੇ ਅਨੁਸਾਰ ਚੌਪਈ ਦੇ ਠੀਕ ਅਰਥ:- ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸਾਰਾ ਹੀ ਵਿਸਥਾਰ, ਚਾਰਿ ਵੇਦ ਛੇ ਸ਼ਾਸਤ੍ਰ, ਨੌਂ ਵਿਆਕਰਣਾ ਤੋਂ ਕਢਿਆ ਹੋਇਆ ਤੱਤ (ਨਿਚੋੜ) ਹੀ ਹੈ। ਦਸਾ ਮਹਿਲਾਂ ਤੱਕ ਤਾਂ ਸਾਡੇ ਰੂਪ ਹੀ ਹਨ ਪਰ ਸਾਡੇ ਜੋਤੀ ਜੋਤਿ ਸਮਾਉਣ ਮਗਰੋਂਜੀਵਾਂ ਦੀ ਕਲਿਆਣ ਕਿਸ ਦੀ ਪੂਜਾ ਤੋਂ ਹੋਇਆ ਕਰੇਗੀ?

ਉਪਰੋਕਤ ਤੀਜੀ ਚੌਪਈ ਵਿੱਚ ਬੜੀ ਚਤੁਰਈ ਨਾਲ ਪਾਏ ਇਸ ਭਰਮ ਦੀ ਕਿ, ਪਾਵਨ ਗੁਰੂ ਬਾਣੀ ਵੇਦਾਂ ਸ਼ਾਸਤ੍ਰਾਂ, ਵਿਅਕਾਰਨ ਆਦਿ ਦਾ ਹੀ ਤੱਤ ਅਥਵਾ ਨਿਚੋੜ ਹੈ, ਦੀ ਖੰਡਨਾ ਗੁਰੂ ਸ਼ਬਦਾਂ ਦੇ ਅਧਾਰ ਤੇ ਕੀਤੀ ਜਾ ਚੁੱਕੀ ਹੇ। ਹੁਣ ਇਸ ਚੌਥੀ ਚੌਪਈ ਵਿੱਚ ਸੰਪਾਦਕ ਸਾਹਿਬਾਨ ਨੇ ਕੁਟਲ ਲਿਖਾਰੀ ਦਾ ਸਾਥ ਨਿਭਾਉਂਦਿਆਂ ਟੂਕ ਵਿੱਚ ਬੜੇ ਭੁਲੇਖਾ ਪਾਊ ਸ਼ਬਦਾਵਲੀ ਵਿੱਚ ਆਪਣੀ ਹੀ ਵਿਉਂਤ ਦੇ ਅਰਥ, ਇਉਂ ਲਿਖੇ ਹਨ-- “ਚਾਰਿ ਵੇਦ ਛੇ ਸ਼ਾਸਤ੍ਰ, ਨੌਂ ਵਿਆਕਰਣਾ ਦਾ ਸਿਧਾਂਤ ਕੱਢ ਕੇ ਤੱਤ ਇਹ ਕਢਿਆ ਕਿ ਗੁਰਬਾਣੀ ਹੀ ਸਭਨਾ ਤੋਂ ਸਿਰਮੌਰ ਹੈ।” ਲਿਖਾਰੀ ਦੀ ਗੰਭੀਰ ਸ਼ਰਾਰਤ ਤੇ ਸੰਪਾਦਕ ਜੀ ਨੇ ਝੂਠ-ਅਰਥਾਂ ਦੁਆਰਾ ਪਰਦਾ ਪਾ ਦਿੱਤਾ? ਇਸ ਤੋਂ ਆਮ ਪਾਠਕ ਦੇ ਮਨ ਵਿੱਚ ਯਕੀਨ ਬਣ ਜਾਂਦਾ ਹੈ ਕਿ ਲਿਖਾਰੀ ਸੁਹਿਰਦ ਗੁਰਮੁਖ ਹੀ ਹੈ ਜੋ ਗੁਰੂ ਬਾਣੀ ਨੂੰ ਸਾਰੇ ਹਿੰਦੂ ਗ੍ਰੰਥਾਂ ਤੋਂ ਵਡਾ ਲਿਖ ਰਿਹਾ ਹੈ। ਅਤੇ ਇਹ ਭਰਮ ਵੀ ਪੱਕਾ ਹੋ ਰਿਹਾ ਹੈ, ਦੇਵ ਮੂਰਤੀਆਂ ਵਾਂਗ ਹੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਕੇਵਲ ਪੂਜਾ ਮਾਤਰ ਤੋਂ ਹੀ ਲੋਕਾਂ ਦੀ ਕਲਿਆਣ ਹੋ ਜਾਂਦੀ ਹੈ।

ਲਿਖਾਰੀ ਨੇ ਅੱਗੇ ਜਾ ਕੇ ਪਾਵਨ ਗੁਰਬਾਣੀ ਦਾ ਜਿਵੇਂ ਵਧ ਤੋਂ ਵੱਧ ਤ੍ਰਿਸਕਾਰ ਕਰਨਾ ਹੈ ਉਸ ਤੇ ਪਰਦਾ ਪਾਉਣ ਲਈ ਸੰਪਾਦਕ ਸਾਹਿਬਾਨ ਨਾਲੋ ਨਾਲ ਰਾਹ ਸਾਫ਼ ਕਰੀ ਜਾ ਰਹੇ ਹਨ। ਉਪਰੋਕਤ ਚੌਪਈਆਂ ਤੋਂ ਇਹ ਭਰਮ ਪੱਕਾ ਕਰ ਦਿੱਤਾ ਕਿ. ਗੁਰਬਾਣੀ ਵੇਦਾਂ ਦਾ ਹੀ ਸਾਰਅੰਸ ਹੈ, ਅਥਾ ਕੇਵਲ ਪੂਜਾ-ਮਾਤ੍ਰ ਤੋਂ ਹੀ ਚੌਰਾਸੀ ਕੱਟੀ ਜਾਣ ਦੇ ਬਣ ਰਹੇ ਭਰਮ ਦੀ ਸੰਭਾਵਨਾ ਨੂੰ ਰੱਦ ਕਰ ਰਹੀ ਪਾਵਨ ਗੁਰਬਾਣੀ ਦਾ ਪੱਖ ਨਿਵੇਕਲਾ ਕਰਕੇ ਲਿਖਣਾ, ਸੰਪਾਦਕ ਸਾਹਿਬਾਨ ਦਾ ਧਾਰਮਿਕ ਫ਼ਰਜ਼ ਬਣਦਾ ਸੀ। ਪਰ ਸਗੋਂ ਭਰਮ ਪੱਕਾ ਕਰਨ ਲਈ ਕੋਲੋਂ ਹੀ ਬਣਾ ਕੇ ਗ਼ਲਤ ਅਰਥ ਲ਼ਿਖ ਦੇਣ ਨਾਲ ਲਿਖਾਰੀ ਦੀ ਕੁਟਲਤਾ ਤੇ ਪਰਦਾ ਪਾ ਦਿੱਤਾ। “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਪੁਸਤਕ ਦੇ ਪਹਿਲੇ ਦੂਜੇ ਭਾਗਾਂ ਵਿਚ- (ੳ) -ਵੇਦ, ਸ਼ਾਸਤ੍ਰ, ਸਿਮ੍ਰਿਤੀਆਂ, ਆਦਿਕ, ਹਿੰਦੂ ਧਰਮ-ਗ੍ਰੰਥ ਅਤੇ ਗੁਰੂਬਾਣੀ, (ਅ) - ਪੂਜਾ ਭੇਟਾ, ਗੁਰਮਤਿ ਦੇ ਇਹ ਦੋਵੇਂ ਸਿਧਾਂਤ ਬੜੇ ਵਿਸਥਾਰ ਨਾਲ ਸਪੱਸ਼ਟ ਕੀਤੇ ਜਾ ਚੁੱਕੇ ਹਨ ਸੋ ਹੁਣ ਏਥਅੇ ਉਹੀ ਕੁੱਝ ਲਿਖਣਾ ਸਮੇ ਦਾ ਨਸ਼ਟ ਹੈ ਫਰਿ ਵੀ ਕੇਵਲ ਯਾਦ-ਦਹਾਨੀ ਲਈ ਟੂਕ ਕਰਮ ਵਾਰ ਗੁਰਮਤਿ ਵਿਚਾਰਾਂ ਕਰ ਲਈਏ:-

(ੳ) ਵੇਦ ਪੁਰਾਣ ਸਿਮ੍ਰਿਤੀਆਂ ਅਦਿ ਧਰਮ ਗ੍ਰੰਥ ਅਤੇ ਗੁਰਬਾਣਂੀ

ਬ੍ਰਾਹਮਣ ਦਾ ਕਥਨ ਹੈ ਕਿ ਵੇਦ ਕਿਸੇ ਸੰਸਾਰੀ ਵਿਦਵਾਨ ਦੀ ਲਿਖਤ ਨਹੀਂ ਹਨ। ਬ੍ਰਾਹਮਣ ਜੀ ਨੇ, ਵੇਦ ਸ਼ਾਸਤ੍ਰ ਆਦਿ ਧਰਮ ਗ੍ਰੰਥ, ਕੁਦਰਤੀ ਨਿਯਮਾਂ ਦੇ ਵਿਰੁੱਧ ਕਰਾਮਾਤੀ ਵਿਧੀਆਂ ਦੁਆਰਾ ਪ੍ਰਗਟ ਹੋਏ ਦਰਸਾਏ ਹੋਏ ਹਨ। ਜਿਨ੍ਹਾਂ ਧਰਮ ਗ੍ਰੰਥਾਂ ਦੀ ਤਿਆਰੀ ਬਾਰੇ ਹੀ ਅਜੇਹਾ ਝੂਠ ਜੁੜਿਆ ਹੋਇਆ ਹੈ, ਉਨ੍ਹਾਂ ਦੀ ਬਾਣਂੀ ਤੇ ਸ਼ਰਧਾ ਰੱਖਣ ਵਾਲੇ ਕਿੱਡੇ ਕੁ ਭਰੋਸੇ ਜੋਗ ਹੋ ਸਕਦੇ ਹਨ? ਅਨਹੋਣੀਆਂ ਅਤੇ ਮਨੋਕਲਪਤ ਕਥਾ ਕਹਾਣੀਆਂ ਦੁਆਰਾ ਮਿਲਦੇ ਵੇਦ-ਗਿਅਨ ਨੂੰ, ਬ੍ਰਾਹਮਣ, ਸਰਬ ਸ੍ਰੇਸ਼ਟ ਅਥਵਾ ਈਸ਼ਵਰੀ ਹੁਕਮ ਦੱਸਦਾ ਹੈ। ਇਸ ਵਿਚਾਰ ਨੂੰ ਦਾਸ ਨੇ ਪੁਸਤਕ “ਬਿੱਪਰਨ ਕੀ ਰੀਤ ਤੋਂ ਸਚੁ ਦਾ ਮਾਰਗ” ਦੇ ਦੂਜੇ ਭਾਗ ਦੇ ਪੰਜਵੇਂ ਕਾਂਡ ਵਿੱਚ ਜਿਸ ਵਿਸਥਾਰ ਨਾਲ ਲਿਖਿਆ ਹੋਇਆ ਹੈ ਉਸ ਦਾ ਸੰਖੇਪ ਵੇਰਵਾ ਇਸ ਪ੍ਰਕ੍ਰ੍ਰਾ ਹੈ।

(1) ਵੇਦ ਸ਼ਾਸਤ੍ਰ ਆਦਿ ਹਿੰਦੂ-ਧਰਮ ਗ੍ਰੰਥ (2) ਹਿੰਦੂ-ਧਰਮ ਗ੍ਰੰਥਾਂ ਦਾ ਵੇਰਵਾ (3) -ਵੇਦ, ਪੁਰਾਣ, ਸਿਮਰਤੀਆਂ ਆਦਿ ਧਰਮ ਗ੍ਰੰਥ ਅਤੇ ਗੁਰਬਾਣੀ- (ਇਸ ਵਿੱਚ ਉਨ੍ਹਾਂ 12 ਗੁਰਸ਼ਬਦਾਂ ਦਾ ਅਰਥਾਂ ਸਮੇਤ ਹਵਾਲਾ ਹੈ ਜਿਨ੍ਹਾਂ ਦੁਆਰਾ ਸਿੱਧ ਹੈ ਕਿ, ਵੇਦ ਬਾਣੀ ਨੂੰ ਸਤਿਗੁਰਾਂ ਨੇ, ਮਨੁੱਖਤਾ ਲਈ ਹਾਨੀ ਕਾਰਕ ਮੰਨਿਆ ਹੈ। ਅਤੇ ਅਜੇਹੇ 97 ਹੋਰ ਗੁਰੂ ਸ਼ਬਦਾਂ ਦੀ ਸੂਚੀ ਦਿੱਤੀ ਹੋਈ ਹੈ। (4) ਹਿੰਦੂ ਧਰਮ ਗ੍ਰੰਥਾਂ ਦਾ ਨਿਆਰਾ ਲਿਖਣ-ਢੰਗ। ਇਸ ਲੇਖ ਵਿੱਚ ਵੇਦਾਂ, ਸ਼ਾਸਤਰਾਂ, ਪੁਰਾਣਾਂ ਆਦਿ ਦੀ ਵਿਲੱਖਣ ਲਿਖਣ-ਵਿਧੀ ਨੂੰ ਉਜਾਗਰ ਕੀਤਾ ਹੋਇਆਂ ਹੈ। ਜਿਵੇਂ ਇੱਕ ਖ਼ਾਸ ਵਿਲੱਖਣਤਾ ਇਹ ਹੈ ਕਿ, ਵੇਦਾਂ ਸਮੇਤ, ਹਿੰਦੂ ਦੇ ਕਿਸੇ ਵੀ ਧਰਮ-ਗ੍ਰੰਥ ਵਿਚੋਂ ਉਸ ਦੇ ਲਿਖਾਰੀ ਦੀ ਕੋਈ ਟੋਹ ਨਹੀਂ ਮਿਲਦੀ। ਲਗ-ਪੱਗ ਸਾਰੇ ਗ੍ਰੰਥ ਅਸਾਮਨੀ ਝੂਠ-ਸ਼ਕਤੀਆਂ ਦਾ ਸੰਬਾਦ ਭਾਵ, -ਆਪਸੀ ਗੱਲ ਬਾਤ ਹੋਈ ਹੀ ਦਰਸਾਈ ਹੋਈ ਹੈ, ਜਿਸ ਤੋਂ ਕੁਫ਼ਰ-ਤੁਫ਼ਾਨ ਦੀ ਜ਼ਿੰਮੇਵਾਰੀ, ਸੁਤੇ ਹੀ, ਗਲ ਬਾਤ ਕਰ ਰਹੇ ਪਾਤਰਾਂ ਦੇ ਸਿਰ ਪੈ ਰਹੀ ਹੁੰਦੀ ਹੈ। ਏਹੀ ਭਾਣਾ ਇਸ ‘ਬਿਲਾਸ’ ਵਿੱਚ ਵਰਤਿਆ ਹੋਇਆ ਹੈ। ਇਸ ਤਰ੍ਹਾਂ ਉਪਰੋਕਤ ਵਰਣਨ ਪੁਸਤਕ ਦੇ, ਸਮੁੱਚੇ ਪੰਜਵੇ ਕਾਂਡ ਵਿੱਚ ਹਿੰਦੂਆਂ ਦੇ ਇਨ੍ਹਾਂ ਧਰਮ ਗ੍ਰੰਥ ਬਾਰੇ ਗੁਰਮਤਿ ਦਾ ਪੱਖ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। 1995 ਤੋ ਇਸ ਪੁਸਤਕ ਦਾ ਦੂਜਾ ਐਡੀਸ਼ਨ ਵੀ ਸਮਾਪਤ ਹੋ ਗਿਆ ਹੈ ਪਰ ਕਿਸੇ ਬ੍ਰਾਹਮਣ ਅਥਵਾ ਹਿੰਦੂ ਨੇ ਉਸ ਲਿਖੇ ਬਾਰੇ ਕਦੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਪਾਠਕਾਂ ਦੀ ਸਹੂਲਤ ਲਈ ਏਥੇ ਵੀ ਵਣਗੀ ਮਾਤਰ ਗੁਰੂ ਸ਼ਬਦ:--

2- ਤ੍ਰੈ ਗੁਣ ਬਾਣੀ ਬੇਦ ਬੀਚਾਰੁ॥ ਬਿਖਿਆ ਮੈਲੁ ਬਿਖਿਆ ਵਾਪਾਰੁ॥ ਮਰਿ ਜਨਮਹਿ ਫਿਰਿ ਹੋਹਿ ਖੁਆਰੁ॥ ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ॥ 4॥ ਗੁਰੁ ਮਾਨੈ ਮਾਨੈ ਸਭੁ ਕੋਇ॥ ਗੁਰ ਬਚਨੀ ਮਨੁ ਸੀਤਲੁ ਹੋਇ॥

ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ॥ ਨਾਨਕ ਗੁਰਮੁਖਿ ਵਿਰਲਾ ਕੋਇ॥ 5॥ 4॥ 13॥ 9॥ 13॥ 22॥ {1262}

ਅਰਥ:- (ਜਿਹੜੇ ਪੰਡਿਤ) ਆਦਿਕ ਲੋਕ ਮਾਇਆ ਦੇ) ਤਿੰਨਾਂ ਗੁਂਣਾ ਵਿੱਚ ਰਖਣ ਵਾਲੀ ਵੇਦਾਂ ਦੀ ਬਾਣਂੀ ਦੀ ਵਿਚਾਰ ਕਰਦੇ ਰਹਿੰਦੇ ਹਨ (ਉਨ੍ਹਾਂ ਦੇ ਮਨ ਨੂੰ) ਮਾਇਆ ਦੇ ਮੋਹ ਦੀ ਮੈਲ (ਸਦਾ ਚੰਬੜੀ ਰਹਿੰਦੀ ਹੈ)। (ਉਨ੍ਹਾਂ ਦੇ ਇਸ ਵਿਚਾਰ ਤੋਂ ਮਨ) ਮਾਇਆ ਕਮਾਉਣ ਦਾ ਹੀ ਵਪਾਰੀ ਬਣਦਾ ਹੈ। (ਅਜੇਹੇ ਮਨੁੱਖ) ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ, ਅਤੇ ਖ਼ੁਆਰ ਹੁੰਦੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿੱਚ ਹਰਿ-ਨਾਮ ਦਾ ਸਹਾਰਾ ਹੁੰਦਾ ਹੈ, ਉਹ ਉਸ ਗੁਣ ਤੋਂ ਉਸ ਅਵਸਥਾ ਨੂੰ ਹਾਸਲ ਕਰ ਲੈਂ’ ਦਾ ਹੈ ਜਿਹੜੀ ਮਾਇਆ ਦੇ ਤਿੰਨਾ ਗੁਣਾ ਤੋਂ ਉਤਾਂਹ ਹੁੰਦੀ ਹੈ।

3- ਵੇਦੁ ਪੁਕਾਰੈ ਤ੍ਰਿਬਿਧਿ ਮਾਇਆ॥ ਮਨਮੁਖ ਨ ਬੂਝਹਿ ਦੂਜੈ ਭਾਇਆ॥ ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ॥ 7॥ {128} -30-31

ਅਰਥ:- (ਪੰਡਿਤ ਵੇਦ ਆਦਿ ਧਰਮ ਪੁਸਤਕਾਂ) ਨੂੰ ਉੱਚੀ ਉੱਚੀ ਪੜ੍ਹਦਾ ਹੈ, (ਉਸ ਦੇ ਅੰਦਰ) ਤ੍ਰਿੈਗੁਣੀ ਮਾਇਆ (ਦਾ ਪ੍ਰਭਾਵ ਬਣਦਾ ਰਹਿੰਦਾ ਹੈ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁੱਖ (ਮਨੁੱਖ) ਆਤਮਕ ਜੀਵਨ (ਦੀ ਵਡਿਆਈ) ਨੂੰ ਨਹੀਂ ਸਮਝਦੇ ਤੇ (ਉਨ੍ਹਾਂ ਦਾ ਮਨ) ਮਾਇਆਂ ਦੇ ਹੀ ਪਿਆਰ ਵਿਡ ਟਿਕਿਆ ਰਹਿੰਦਾ ਹੈ। ਉਹ ਇਨ੍ਹਾਂ ਧਰਮ ਪੁਸਤਕਾਂ (ਨੂੰ ਤ੍ਰੈਗੁਣੀ ਮਾਇਆ ਕਮਾਉਣ ਦੀ ਖ਼ਾਤਰ ਹੀ ਪੜ੍ਹਦੇ ਹਨ, ਇੱਕ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦੇ (ਇਸੇ ਕਾਰਨ ਧਰਮ ਪੁਸਤਕਾਂ ਪੜ੍ਹਦੇ ਹੋਏ ਵੀ ਇਸ ਭੇਤ ਨੂੰ) ਨਹੀਂ ਸ਼ੰਜਦੇ ਅਤੇ ਸਦਾ ਦੁੱਖ ਹੀ ਪਾਉਂਦੇ ਹਨ।

ਉਪਰੋਕਿਤ ਗੁਰੂ ਸ਼ਬਦਾਂ ਵਿੱਚ ਸਤਿਗੁਰਾਂ ਨੇ ਸਪੱਸ਼ਟ ਕਰਕੇ ਸਮਝਾਇਆ ਹੈ ਕਿ ਵੇਦਾਂ ਦੀ ਬਾਣੀ ਲੋਕਾਂ ਨੂੰ ਪ੍ਰਭੂ ਦੀ ਯਾਦ ਨਾਲ ਜੋੜ ਕੇ ਉੱਚੇ ਜੀਵਨ ਵਾਲਾ ਬਣਾਉਣ ਦੀ ਥਾਂ, ਮਾਇਆ ਦੇ ਮੋਹ ਵਿੱਚ ਫਸਾ ਰਹੀ ਹੈ, ਸਿੱਟੇ ਵਜੋਂ ਲੋਕ ਵਿਕਾਰੀ ਬਣ ਰਹੇ ਹਨ। ਹੇਠਲੇ ਗੁਰੂ ਸ਼ਬਦ ਵਿੱਚ ਗੁਰਦੇਵ ਜੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਬ੍ਰਾਹਮਣੀ ਕਲਪਣਾ ਦੀ ਉਪਜ ਇਹ ਵੇਦ ਸ਼ਾਸਤ੍ਰ, ਸਿਮਿਰਤੀਆਂ, ਪੁਰਾਣ ਆਦ, ਮਨੁੱਖ ਨੂੰ ਕਰਮਕਾਂਡੀ ਬੰਧਨ-ਰੂਪ ਅਜੇਹੇ ਕੈਦ ਵਿੱਚ ਜਕੜ ਰਹੇ ਹਨ ਜਿਨ੍ਹਾਂ ਦੀ ਸਹਾਇਅਤਾ ਨਾਲ ਇਹ ਲੋਕ ਲੋਕਾਂ ਦੇ ਲਹੂਪਸੀਨੇ ਦੀ ਕਮਾਈ ਲੁੱਟ ਰਿਹਾ ਹੈ:--

4- ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥ ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥ 104॥ {1369}

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਪੋਥੀ ਨੰਬਰ 10 ਦੇ ਦਰਪਣ ਦੇ 205ਵੇਂ ਸਫ਼ੇ ਤੋਂ ਲਿਖੇ:--

ਅਰਥ:- (ਇਹ ਪੰਡਿਤ ਮੈਨੂੰ ਨਾਮ ਵਚ ਜੁੜਨ ਤੋਂ ਹੋੜਦਾ ਹੈ, ਤੇ ਆਪਣੇ ਵੇਦ ਆਦਿਕ ਧਰਮ ਪੁਸਤਕਾਂ ਦੇ, ਕਰਮਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ. ਆਪ ਬਣਨਾ ਚਹੁੰਦਾ ਹੈ। ਪਰ ਹੇ ਕਬੀਰ! ਅਜੇਹੇ ਗੁਰੂ ਦੀ ਤਾਂ ਸਗੋਂ ਮਾਂ ਦਾ ਸਿਰ ਮੰਨਣਾ ਚਾਹਦਿਾ ਹੈ (ਭਾਵ, ਅਜੇਹੇ ਕੁਟਲ ਬ੍ਰਾਹਮਣ ਨੂੰ ਜਨਮ ਦੇਣ ਵਾਲੀ ਮਾਂ ਧਿਰਕਾਰਯੋਗ ਹੈ) ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ ਭਟਕਣਾ ਦੂਰ ਨਹੀਂ ਹੋ ਸਕਦੀ) ਇਹ ਲੋਕ ਆਪ ਵੀ ਚਹੁਆਂ ਵੇਦਾ (ਤੋਂ ਉਪਜੇ ਕਰਮਕਾਂਡੀ ਸੰਗਲਾਂ ਵਿੱਚ ਨੂੜੇ ਹੋਏ)?) ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ ਭਟਕਣਾ ਦੂਰ ਨਹੀਂ ਹੋ ਸਕਦੀ ਇਹ ਲੋਕ ਆਪ ਵੀ ਚਹੁਆਂ ਵੇਦਾਂ (ਦੇ ਕਰਮ-ਕਾਂਡ) ਵਿੱਚ ਪੈ ਕੇ (ਦੇਹ ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ। ਜੋ ਜੋ ਬੰਦੇ ਇਨ੍ਹਾਂ ਦੇ ਪਿੱਛੇ ਲੱਗਦੇ ਹਨ ਉਨ੍ਹਾਂ ਨੂੰ ਵੀ ਇਨ੍ਹਾਂ ਉਸ ਮੋਹ ਵਿੱਚ ਰੋੜ੍ਹ ਦਿੱਤਾ ਹੈ। {1੦4} ਜੇ ਪਾਠਕ ਦੇ ਮਨ ਵਿੱਚ ਸ਼ੰਕਾ ਰਹੇ ਤਾਂ ਉਹ ਉਪਰੋਕਤ ਪੁਸਤਕ ਦਾ ਪੰਜਵਾਂ ਕਾਂਡ ਪੜ੍ਹਨ ਦੀ ਖੇਚਲ ਕਰ ਲੈਣ।

4- (ਅ) ਪੂਜਾ ਅਰਚਾ ਅਤੇ ਗੁਰੂ ਬਾਣੀ

(ਅ) ਦਸ ਮਹਲਾਂ ਤਕ ਰੂਪ ਹਮਾਰੇ। ਆਗੇ ਪੂਜਾ ਕਿਹ ਨਿਸਤਾਰੇ॥ 4॥)

ਵਿਚਾਰ ਅਧੀਨ ਪੁਸਤਕ ਦੇ ਇਸ ਚੌਥੇ ਅਧਿਆਇ ਦੀ ਚੌਥੀ ਚੌਪਈ ਦੀ ਦੁਜੀ ਪੰਗਤੀ ਦੇ ਇਹ ਬਚਨ- ‘ਦਸ ਮਹਲਾਂ ਤਕ ਰੂਪ ਹਮਾਰੇ। ਆਗੇ ਪੂਜਾ ਕਿਹ ਨਿਸਤਾਰੇ॥”ਅਤੇ- ਪੰਜਵੀਂ ਚੌਪਈ ਦੀ ਪਹਿਲੀ ਪੰਗੱਤੀ- “ਤਾ ਤੇ ਸਭ ਬਾਣੀ ਇਕਠੱਯੋ। ਪੂਜਨੀਵ ਗੁਰ ਗ੍ਰਿੰਥ ਬਨੱਯੋ। “1ਪੂਜਨੀਵ=ਪੂਜਣਯੋਗ) ਭਾਵ, ਸਾਰੀ ਬਾਣੀ ਇੱਕ ਥਾਂ ਇੱਕਤ੍ਰ ਕਰਕੇ ਪੂਜਨੀਕ ਗੁਰੂ ਗ੍ਰੰਥ ਬਣਾ ਦੇਣਾ ਚਾਹੀਦਾ ਹੈ। ਕੁਟਲਤਾ ਵਿੱਚ ਨਿਪੁੰਨ ਲਿਖਾਰੀ ਨੇ, ਪੰਚਮ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਹੀ ਇਹ ਕੁੱਝ ਬੋਲਿਆਂ ਦਰਸਾ ਲਿਆ ਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ (ਅਰਚਾ ਵੰਦਨਾਂ) ਹੀ ਪ੍ਰਾਣੀਆਂ ਲਈ ਮੁਕਤੀ ਦਾ ਸਾਧਨ ਬਣ ਜਾਣੀ ਹੈ। ਗੁਰਮਤਿ ਗਿਆਨ ਸਮਝਣ ਦੀ ਅਤੇ ਉਸ ਅਨੁਸਾਰ ਜੀਵਨ ਢਾਲ ਕੇ ਨਿਆਰਾ ਆਚਰਨ ਬਣਾਉਣ ਦੀ ਸੰਭਾਵਣਾ ਤੇ ਪੱਕੀ ਲਕੀਰ? ਸਤਿਗੁਰੂ ਨਾਨਕ ਸਾਹਿਬ ਜੀ ਦੇ ਜਿਸ ਗੁਰਮਤਿ ਗਿਆਨ ਤੋਂ ਪ੍ਰੋਹਿਤ ਜੀ ਘਾਬਰਹਟ ਵਿੱਚ ਆਏ ਸਨ, ਉਹ ਤੌਖ਼ਲਾ (ਸ਼ਾਇਦ ਸਦਾ ਲਈ?) ਜਾਂਦਾ ਰਿਹਾ? ਕੇਵਲ ਪੂਜਾ ਹੀ ਬਣ ਗਈ ਸਭ ਕੁੱਝ ਦੀ ਦਾਤੀ?

“ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਪੁਸਤਕ ਦੇ ਪਹਿਲੇ ਭਾਗ ਦੇ ਤੀਜੇ ਕਾਂਡ ਵਿੱਚ “ਪੂਜਾ” ਦੇ ਇਸ ਵਿਸ਼ੇ ਤੇ ਜਿਨ੍ਹਾਂ ਸਿਰਲੇਖਾਂ ਹੇਠ ਬੜੇ ਵਿਸਥਾਰ ਨਾਲ ਰੌਸ਼ਨੀ ਪਾਈ ਹੋਈ ਹੈ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

(1) ‘ਪੂਜਾ’ ਤੇ ‘ਅਰਚਾ’ - ਇਨ੍ਹਾਂ ਦੋਹਾਂ ਸ਼ਬਦਾਂ ਦੇ ਅੱਖਰੀ ਅਰਥ, ਅਤੇ ਗੁਰਮਤਿ ਵਿਰੋਧੀ ਅਜੇਹਾ ਵਿਅਰਥ ਦਾ ਭਰਮਾਊ ਰਿਵਾਜ ਪੈਣ ਦਾ ਪਿਛੋਕੜ (ਸਫ਼ਾ 102) -

(2) ਦੇਵੀ ਦੇਵਤਿਆਂ ਦੀ ਪੂਜਾ ਅਤੇ ਗੁਰਮਤਿ”- ਦਾਨ ਪੁੰਨ ਨਾਲ ਜੁੜੀ ਹਰ ਕਿਸਮ ਦੀ ਪੂਜਾ ਅਰਚਾ ਵੰਦਨਾ, ਹਵਨ, ਯੱਗ ਅਦਿ, ਸਾਰਾ ਅਡੰਬਰ ਕੁਟਲ ਧਰਮ-ਆਗੂਆਂ ਦੀ ਲੁਟ ਨੀਤੀ ਦੀ ਉਪਜ ਹੈ। ਪੂਜਾ ਅਰਚਾ ਆਰਤੀ ਆਦਿ ਵਾਸਤਵ ਵਿੱਚ ਦਾਨ ਪ੍ਰਥਾ ਦਾ ਹੀ ਵਟਾਇਆ ਹੋਇਆ ਰੂਪ ਹੈ। ਅਗਿਆਨੀ ਅਤੇ ਭੋਲੀ ਜੰਨਤਾ ਨੂੰ ਠੱਗ ਖਾਣ ਲਈ ਅਥਵਾ ਕਿਰਤੀਆਂ ਦਾ ਲਹੂ ਪੀਣ ਲਈ ਬਣਾਈ ਦਾਨ-ਪੁੰਨ ਵਾਲੀ ਉਹੀ ਦੁਖਦਾਈ ਮਰਯਾਦਾ ਹੈ, ਜੋ ਸੰਸਾਰ ਵਿੱਚ ਸਭ ਤੋਂ ਪਹਿਲਾਂ ਬ੍ਰਾਹਮਣ ਨੇ ਹੀ ਚਾਲੂ ਕੀਤੀ ਸੀ। “ਗੁਰਬਿਲਾਸ ਪਾਤਸ਼ਾਹੀ 6” ਪੁਸਤਕ ਦਾ ਲਿਖਾਰੀ ਵੀ ਅਸਲ ਵਿੱਚ ਉਸੇ ਹੀ ਬਿੱਪ੍ਰ ਦਾ ਵੰਸ਼ਕ ਹੈ। ਗੁਰਮਤਿ ਦੇ ਇਸ ਪੱਖ ਨੂੰ (ਉਪਰੋਕਤ ਵਰਣਨ ਪੁਸਤਕ ਦੇ 103 ਤੋਂ 105 ਸਫ਼ੇ ਤੱਕ) ਅਰਥਾਂ ਸਮੇਤ ਗੁਰੂ ਸ਼ਬਦਾਂ ਦੇ ਹਵਾਲੇ ਨਾਲ, ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਵਣਗੀ ਮਾਤਰ ਕੇਵਲ ਇੱਕ ਗੁਰਬਾਣੀ ਸ਼ਬਦ:--ਰਾਗੁ ਗੂਜਰੀ ਮਹਲਾ 1 ਚਉਪਦੇ ਘਰੁ 1॥

5- ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ॥ 1 ॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥ 1 ॥ ਰਹਾਉ॥ ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ॥ 2 ॥ ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥ 3 ॥ ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾੑਲੇ॥ ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ॥ 4 ॥ 1 {489}

ਅਰਥ:- (ਹੇ ਪ੍ਰਭੂ!) ਜੇ ਮੈਂ ਤੇਰੇ ਨਾਮ ਦੀ ਯਾਦ) ਨੂੰ ਚੰਦਨ ਦੀ ਲੱਕੜ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਉਣ ਵਾਸਤੇ) ਸਿਲ ਬਣ ਜਾਵੇ, ਜੇ ਮੇਰਾ ਉੱਚਾ ਆਚਰਨ (ਇਨ੍ਹਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਅੰਦਰ ਹੀ (ਆਪਣੇ ਆਪ) ਪਈ ਹੋਵੇਗੀ। 1.

(ਹੇ ਭਾਈ!) ਪਰਮਾਤਮਾ- ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਹੈ ਉਸ ਪ੍ਰਭੂ ਦੀ ਪੂਜਾ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਹੋ ਕੋਈ ਪੂਜਾ ਐਸੀ ਨਹੀਂ (ਜੋ ਉਚੇਚੇ ਤੌਰ ਤੇ ਪਰਵਾਨ ਹੋ ਜਾਂਦੀ ਹੋਵੇ)। 1. ਰਹਾਉ।

ਜਿਵੇਂ ਬਾਹਰੋਂ ਦੇਵ ਮੂਰਤੀ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਹੀ ਕੋਈ ਮਨੁੱਖ ਆਪਣੇ ਮਨ ਨੂੰ (ਨਾਮ ਸਿਮਰਨ ਨਾ ਧੋਵ, ਤਾਂ ਉਸ ਦੇ ਮਨ ਤੋ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸ਼ੁੱਧ ਪਵਿੱਤ੍ਰ ਹੋ ਜਾਂਦੀ ਹੈ। 2.

(ਇਸ ਧਰਤੀ ਉੱਤੇ ਮਨੁੱਖ ਨੂੰ ਪਸ਼ੂ ਪੰਖੀਆਂ ਆਦਿਕ ਦਾ ਸਿਰਦਾਰ ਮੰਨਿਆ ਜਾਂਦਾ ਹੈ ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀ ਹੈ, ਕਿਉਂਕਿ ਉਹ ਘਾ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦਿੰਦੇ ਹਨ। ਭਾਵ ਪਸ਼ ਤਾਂ ਮਨੁੱਖ ਦੀ ਦਿੱਤੀ ਸੁੱਕੀ ਸੜੀ ਤੂੜੀ ਖਾ ਕੇ ਦੁੱਧ ਦੇਂਦੇ ਹਨ, ਪਰ ਪ੍ਰਭੂ ਦੀਆਂ ਬੇਅੰਤ ਦਾਤਾਂ ਦੇ ਵੱਟੇ ਮਨੁੱਖ ਉਸ ਦਾ ਦਿਲੋਂ ਧਨਵਾਦ ਕਰਨ ਦੀ ਬਜਾਏ ਸਗੋਂ ਠੱਗੀਆਂ ਮਾਰਨ ਵਾਲੀ ਰੁਚੀ ਅਧੀਨ ਉਸ ਦੇ ਬੁੱਤ ਬਣਾ ਕੇ ਵਿਖਾਵੇ ਵਾਲੇ ਕਰਮ ਕਾਂਡ ਰਾਹੀ ਲੋਕਾਂ ਨੂੰ ਭਰਮ ਵਿੱਚ ਪਾ (ਕੇ ਲੁੱਟ ਰਿਹਾ) ਹੈ, ਸੋ ਅਜੇਹੇ) ਨਾਮ ਤੋਂ ਸੱਖਣੇ ਮਨੁੱਖਾਂ ਸਦ ਜੀਵਨ ਫਿਟਕਾਰ ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਠੱਗੀਆਂ ਮਾਰਨ ਕਵਾਲੇ ਕੰਮ ਕਰ ਰਹੇ ਹਨ। 3. ਗੁਰਦੇਵ ਜੀ ਫ਼ੁਰਮਾਨ ਕਰਦੇ ਹਨ ਕਿ, ਸਾਡੀ ਤੇ ਪ੍ਰਭੂ ਦਈ ਬੜੀ ਨੇੜੇ ਦੀ ਸਾਂਝ ਹੈ (ਇਤਨੀ ਨੇੜੇ ਦੀ ਕਿ) ਜੋ ਕੁੱਝ ਉਹ ਸਾਨੂੰ ਦਿੰਦਾ ਹੈ ਉਹੀ ਖਾਂਦੇ ਹਾਂ, ਜੀਵਨ ਨਿਰਬਾਹ ਕਰਦੇ ਹਾਂ) ਉਹ ਦਾਤਾ ਹੈ ਵੀ ਸਦਾ (ਸਾਡੇ ਸਿਰ ਉਤੇ) ਕਾਇਮ। ਉਸ ਨੂੰ ਆਪਣੇ ਤੋਂ ਦੂਰ ਨਾ ਸਮਝੋ, ਉਹ ਸਾਡੀ ਸਾਰ ਲੈਂਦਾ ਹੈ (ਮੂਰਤੀਆਂ ਦੀ ਅਜੇਹੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ-ਹਜ਼ੂਰ ਪ੍ਰਭੂ ਦੇ ਨਿਰਮਲ-ਭੈ ਵਿੱਚ ਜੀਵਨ ਬਤੀਤ ਕਰੇ ਤਾਂ ਜੋਵਿਕਾਰਾਂ ਤੋਂ ਬਚੇ ਰਹਿ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਉ। 4.

ਕਿਸੇ ਖ਼ਾਸ ਸਮੱਗਰੀ ਨਾਲ, ਕਿਸੇ ਖ਼ਾਸ ਥਾਂ ਅਤੇ ਕਿਸੇ ਉਚੇਚੀ ਕਰਮਕਾਂਡੀ ਵਿਧੀ ਨਾਲ ਦੇਵੀ ਦੇਵਤੇ ਦੀ, ਪਰਮਾਤਮਾ ਦੀ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਪੂਜ ਕਰਨੀ ਆਰਤੀ ਕਰਨੀ, ਕਿਸੇ ਰੂਪ ਵਿੱਚ ਮਾਯਿਆ ਦੀ ਭੇਟਾ ਕਰਨ ਨੂੰ ਪੂਜਾ ਦਾ ਅੰਗ ਸਮਝਣਾ, ਅਥਵਾ ਗੁਰੂ ਜੀ ਅੱਗੇ ਕਿਸੇ ਪ੍ਰਕਾਰ ਦੇ ਪਦਾਰਥਾਂ ਦੀ ਭੇਟਾ (ਅਰਪਨ) ਕਰਨ ਵਿਚ, ਪਰਮਾਤਮਾ ਸਮੇਤ (ਇਸ਼ਟ, ਭਗਵਨ, ਦੇਵੀ ਦੇਵਤੇ ਰਿਸੀ ਆਦਿ) ਕਿਸੇ ਵੀ ਦੈਵੀ ਸ਼ਕਤੀ ਦੀ ਪ੍ਰਸੰਨਤਨਾ ਮੰਨ ਬਹਿਣੀ, ਗੁਰਮਤਿ ਵਿਰੋਧੀ ਫੋਕਟ ਭਰਮ ਹੈ। ਆਪਣੀ ਕਮਾਈ, (ਵਿਹਲ਼ੜ ਅਥਵਾ ਠੱਗ ਧਰਮ-ਅਗੂਆਂ (ਪੁਜਾਰੀ, ਪਾਦਰੀ, ਗ੍ਰੰਥੀ, ਡੇਰੇ ਦਾਰ ਅਖੌਤੀ ਮਹਾਂਪੁਰਖਾਂ ਆਦਿ ਚਿਟਕਪੜੀਏ ਲੁਟੇਰਿਆਂ ਤੋਂ ਵਿਅਰਥ) ਲੁੱਟਾਈ ਜਾਣ ਵਾਲੀ ਦੁਖਦਾਈ ਅਗਿਆਨਤਾ ਹੀ ਹੈ।

(3) - “ਪੂਜਾ ਭੇਟਾ ਦਾ ਜ਼ੁਲਮੀ ਅਤੇ ਨਿਸਫਲ ਪੱਖ।” -ਇਸ ਸਚਾਈ ਨੂੰ ਮਨ ਵਿੱਚ ਪੱਕੀ ਤਰ੍ਹਾਂ ਬਿਠਾ ਲੈਣ ਦੀ ਲੋੜ ਹੈ ਕਿ, ਲਗ-ਪਗ ਸਾਰੇ ਧਾਰਮਿਕ ਆਗੂ, ਸਿਰਜਨਹਾਰ ਦਾ ਭੈ ਭੁਲਾ ਕੇ ਲੋਕਾਂ ਦੀ ਕਮਾਈ ਤੇ ਅੱਖ ਲਾਈ ਬੈਠੇ ਹੁੰਦੇ ਹਨ। ਮਾਇਆ ਦੇ ਮੋਹ ਵਿੱਚ ਫਸਿਆ ਪੁਜਾਰੀ ਆਪਣੀ ਲੰਪਟੀ ਤ੍ਰਿਸ਼ਨਾ ਦੀ ਪੂਰਤੀ ਲਈ ਦੇਵੀ ਦੇਵਤਿਆਂ ਦੀ ਪੂਜਾ ਦੇ ਬਹਾਨੇ ਗ਼ਰੀਬ ਕਿਰਤੀਆਂ ਨੂੰ ਲੁੱਟਦਾ ਹੈ। ਦਵਤੇ ਦੀ ਖ਼ੁਸ਼ੀ ਪ੍ਰਾਪਤ ਕਰਨ ਲਈ ਪੂਜਾ ਭੇਟਾ ਦੇ ਹੀ ਭਰਮ ਗ੍ਰਸਿਆਂ ਭੋਲਿਆਂ ਲੋਕਾਂ ਨੇ ਆਪਣੀਆਂ ਮਾਸੂਮ ਬਚੀਆਂ ਦੀਆਂ ਸ਼ਾਦੀਆਂ, ਪੱਥਰ ਦੇ ਭਗਵਾਨ ਨਾਲ ਕੀਤੀਆਂ। ਭਗਵਾਨ ਦੀ ਇਸ ਅਨੋਖੀ ਸੇਵਾਭਗਤੀ ਅਥਵਾ ਪੂਜਾ ਅਰਚਾ ਵਂਦਨਾ ਤੋਂ ਮੁਕਤੀ ਦੀ ਅਥਵਾ ਬੈਕੇੰਠ ਦੀ ਪਰਾਪਤੀ ਦੇ ਫੋਕਟ ਭਰਮ ਤੋਂ ਹਜ਼ਾਰਾਂ ਮਾਸੂਮ ਬੱਚੀਆਂ ਪੁਜਾਰੀਆਂ ਦੀ ਹਵਸ ਦਾ ਸ਼ਿਕਾਰ ਬਣੀਆਂ। ਅਜੇਹੇ ਜ਼ੁਲਮੀ ਕਾਰਿਆ ਤੋਂ ਪੱਥਰ ਦਿਲ ਹੋਇਆ ਪੁਜਾਰੀ ਏਨਾ ਨਿਰਦਈ ਬਣ ਗਿਆ ਕਿ, ਉਸ ਨੇ ਮਰੇ ਪਤੀ ਦੀ ਲਾਸ਼ ਨਾਲ ਉਹ ਬੱਚੀਆਂ ਵੀ ਸਾੜ ਕੇ ਸੁਆਹ ਕਰ ਦਿੱਤੀ ਜਿਨ੍ਹਾਂ ਦੀ ਸ਼ਾਦੀ ਬਚਪੁਣੇ ਵਿੱਚ ਅਜੇ ਹੁਣੇ ਹੀ ਕੀਤੀ ਸੀ। ਜਿਸ ਮਿਰਤਕ ਲੋਥ ਬਾਰੇ ਸਤਿਗੁਰਾਂ ਦਾ ਫ਼ੁਰਮਾਨ ਇਸ ਪਰਕਾਰ ਹੈ- “ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥” {1161} ਇਸ ਸਤੀ ਹੋਣ ਦੀ ਰਸਮ ਨੇ ਬੇਅੰਤ ਮਾਸੂਮ ਬਚੀਆਂ ਜੀਊਂਦੀਆਂ ਅਜਾਈ ਸਾੜ ਕੇ ਕਬਾਬ ਬਣਾ ਦਿੱਤੀਆਂ ਗਈਆਂ। ਲਾਲਚ ਗ੍ਰਸੇ ਪੁਜਾਰੀ ਨੇ ਮਾਨੋ ਜ਼ੁਲਮ ਦੀ ਛੁਰੀ ਫੜੀ ਹੋਈ ਸੀ। ਵਿਖਾਵਾ ਦਰਮ ਦਾ ਪਰ ਅੰਦਰੋਂ ਪਾਪ ਦੀ ਰੁਚੀ--

6- ਮਃ 1॥ ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥ ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥ 2 {471} -16

ਅਰਥ:- (ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਮਾਣਸ ਖਾਣੇ= (ਵੱਢੀ-ਖ਼ੋਰੇ), ਪਰ ਪੜ੍ਹਦੇ ਹਨ ਨਮਾਜ਼ਾਂ। (ਇਨ੍ਹਾਂ ਹਾਕਮਾ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾ ਰਹੇ ਹਨ (ਭਾਵ ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਨ੍ਹਾਂ ਦੇ ਗਲ ਵੀ ਜਨੇਊ ਹਨ। ਇਨ੍ਹਾਂ ਜ਼ਾਲਮ ਖੱਤ੍ਰੀਅਸ਼ਾਂ ਦੇ ਘਰ ਬ੍ਰਾਹਮਣ ਜਾ ਕੇ ਸੰਖ ਵਜਾਉਂਦੇ ਹਨ, ਤਾਂ ਤੇ ਉਨਹਾਂ ਬ੍ਰਾਹਮਣਾ ਨੂੰਨ ਵੀ ਉਨ੍ਹਾਂ ਨਹੀਨ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਵੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ)। ਇਨ੍ਹਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਅਤੇ ਝੂਠਾ ਹੀ ਇਨ੍ਹਾਂ ਦਾ ਇਹ ਵਿਉਪਾਰ ਹੈ। ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਉਂਦੇ ਹਨ। ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ)। ਹੇ ਨਾਨਕ! ਸਭ ਥਾਈਂ ਝੂਠ ਹੀ ਪ੍ਰਧਾਨ ਹੈ।

(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਉਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ। (ਵੱਸ ਲੱਗਦਿਆ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ। ਨੀਲੇ ਰੰਗ਼ ਦੇ ਕੱਪੜੇ ਪਾ ਕੇ (ਤੁਰਕ ਹਾਕਮਾ ਦੇ ਪਾਸ ਜਾਂਦੇ ਹਨ, ਤਾਂ ਹੀ) ਉਨ੍ਹਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ। (ਜਿੰਨ੍ਹਾਂ ਨੂੰ) ਮਲੇਛ (ਆਖਦੇ ਹਨ, ਉਨ੍ਹਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ (ਫੇਰ ਵੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਵੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣਾ ਅਨੁਸਾਰ ਤੁਰ ਰਹੇ ਹਾਂ)। (ਇਥੇ ਹੀ ਬੱਸ ਨਹੀਂ) ਖ਼ੁਰਾਕ ਇਨ੍ਹਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨਾ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ, ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਨਾ ਆ ਚੜ੍ਹੇ। ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ, (ਪਰ ਇਸ) ਚੌਕੇ ਵਿੱਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ। (ਹੋਰਨਾਂ ਨੂੰ ਆਖਦੇ--ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾ ਜਾਏ, (ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਝੂਠੇ ਮਨ ਨਾਲ ਹੀ, (ਭਾਵ ਮਨ ਤਾਂ ਅੰਦਰੋਂ ਮਲੀਨ ਹੈ, ਵਿਖਾਵੇ ਨੂੰ) ਚੁਲੀਆਂ ਭਰਦੇ ਕਰਦੇ ਹਨ। ਹੇ ਨਾਨਕ! ਆਖ ਪ੍ਰਭੂ ਨੂੰ ਦਿਆਉਣਾ ਚਾਹਦਿਾ ਹੈ। ਤਾਂ ਚੀ ਸੁਲ਼ਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ। 2.

ਸਤਿਗੁਰੂ ਜੀ ਦੀ ਸਿੱਖਿਆ ਅਨੁਸਾਰ ਜੀਵਨ ਢਾਲ ਲੈਣਾ ਹੀ ਸਤਿਗੁਰੂ ਜੀ ਦੀ ਅਸਲੀ ਪੂਜਾ ਹੈ। ਏਵੇਂ, ਹਿਰਦੇ ਵਿੱਚ ਪ੍ਰਭੂ ਦੀ ਸਦੀਵੀ ਯਾਦ ਟਿਕਾਈ ਰੱਖਣੀ, ਪਰਮਾਤਮਾ ਦੀ ਪੂਜਾ ਹੈ। ਸਾਨੂੰ ਗੁਰਮਤਿ ਗਿਆਨ ਤੋਂ ਦੂਰ ਰੱਖਣ ਲਈ, ਪੂਜਾ-ਅਰਚਾ ਵਾਲੀ ਕਮਕਾਂਡੀ ਸ਼ਰਧਾ ਦੇ ਧਾਰਨੀ ਬਣਾਉਣਾ ਹੀ, ਇਸ ਲਿਖਾਰੀ ਵਲੋਂ ਵਰਤੇ ਪੂਜਾ ਸ਼ਬਦ ਦਾ ਅੰਤ੍ਰੀਵ ਭਾਵ ਹੈ। ਗੁਰਮਤਿ ਵਿੱਚ ਵਿਖਾਵੇ ਵਾਲੀ ਪੂਜਾ ਭੇਟਾ ਦਾ ਕੋਈ ਥਾਂ ਨਹੀਂ ਹੈ। ਅਸਲੀਅਤ ਇਹ ਹੈ ਕਿ, ਵੇਦਾਂਤੀ-ਰੂਪ ਅਜੋਕੇ ਧਾਰਮਿਕ ਆਗੂਆਂ ਦੇ ਵਡੱਕਿਆਂ ਨੇ ਹੀ ਇਸ ਕੋਝੇ ਰਿਵਾਜ ਨੂੰ ਸਿੱਖੀ ਵਿਚ, ਅਥਵਾ ਗੁਰਮਤਿ ਮਰਯਾਦਾ ਵਿੱਚ ਵਾੜਿਆ ਸੀ। ਏਹੀ ਕਾਰਨ ਹੈ ਕਿ ਇਹ ਲੋਕ ਗੁਰਮਤਿ ਦੇ ਅਨਕੂਲ ਪੁਸਤਕਾਂ ਦੀ ਵਿਰੋਧਤਾ ਕਰਦੇ ਹਨ, ਪਰ ਗੁਰਮਤਿ ਵਿਰੋਧੀ ਪੁਸਤਕਾਂ ਦੀ ਸਰਪਰੱਸਤੀ ਕਰ ਰਹੇ ਹਨ।

ਕੁਟਲਤਾ ਵਿੱਚ ਨਿਪੁੰਨ, ਹੁਸ਼ਿਆਰ ਲਿਖਾਰੀ ਕਿੱਡੀ ਸਫ਼ਾਈ ਨਾਲ ਗੁਰਮਤਿ ਵਿਰੋਧੀ ਇਹ ਬਚਨ, ਸਤਿਗਰੂ ਜੀ ਦੇ ਹੀ ਮੂਹੋਂ ਅਖਵਾ ਰਿਹਾ ਹੈ ਕਿ, ਉਹ ਸ੍ਰੀ ਗੁਰੂ ਦੀ ਸੰਪਾਦਨਾ ਕੇਵਲ ਇਸ ਕਰਕੇ ਕਰ ਰਹੇ ਹਨ ਕਿ ਲੋਕ ਦੇਵੀ ਦੇਵਤਿਆਂ ਦੀ ਪੂਜਾ ਵਾਂਗ ਹੀ ਗੁਰਬਾਣੀ ਦੀ ਪੂਜਾ ਕਰਦੇ ਰਹਿ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਈ ਜਾਣਗੇ?

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.