.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੱਗੋਂ ਤੇਰ੍ਹਵੀਆਂ

ਧਰਮੀ ਯੋਧੇ
ਭਾਗ ਦਸਵਾਂ

ਸਿੱਖ ਰਾਜਨੀਤੀ ਵਿੱਚ ਵੋਟਾਂ ਦੀ ਬਹੁਤ ਵੱਡੀ ਭੁੱਖ ਦੇਖਣ ਵਿੱਚ ਮਿਲੀ ਹੈ। ਇਸ ਭੁੱਖ ਨੇ ਸਿੱਖ ਸਿਧਾਂਤ ਦੇ ਬੁਨਿਆਦੀ ਨੁਕਤਿਆਂ ਨੂੰ ਇੱਕ ਪਾਸੇ ਰੱਖ ਕੇ ਜ਼ਿਆਦਾਤਰ ਪਰਵਾਰਕ ਰੋਟੀਆਂ ਸੇਕਣ ਦੀ ਝਲਕ ਝਲਕਾਂ ਮਾਰਦੀ ਦਿਸ ਰਹੀ ਹੈ। ਮਹਾਂਰਾਜਾ ਰਣਜੀਤ ਸਿੰਘ ਦਾ ਵੱਡ ਅਕਾਰੀ ਪੰਜਾਬ ਲਿਖਤਾਂ ਵਿਚੋਂ ਹੀ ਮਿਲੇਗਾ। ਪੰਜਾਬ ਦੀ ਭੂਗੋਲਿਕ ਤੌਰ `ਤੇ ਦੇਖਿਆ ਜਾਏ ਤਾਂ ਗ਼ੈਰ ਕੁਦਰਤੀ ਵੰਡ ਹੋਈ ਹੈ। ਸਿੱਖਾਂ ਨੇ ਉਸ ਵੰਡ ਨੂੰ ਦੁੱਖੀ ਮਨ ਨਾਲ ਲਗ ਪਗ ਪਰਵਾਨ ਕਰ ਲਿਆ ਹੈ। ਬਾਰ ਵਿਚੋਂ ਆਏ ਬਜ਼ੁਰਗਾਂ ਦੇ ਹੌਕੇ ਸੁਣੇ ਨਹੀਂ ਜਾਂਦੇ। ਮੇਰੇ ਮਾਤਾ ਜੀ ਨੂੰ ਪੁਰਾਣੇ ਪੰਜਾਬ ਦੀ ਸਾਰੀ ਹਾਲਤ ਦਾ ਪਤਾ ਹੈ। ਉਹ ਜਦੋਂ ਵੀ ਕਦੇ ਆਪਣੇ ਪੁਰਾਣੇ ਘਰ ਜੋ ਸਿਆਲ ਕੋਟ ਜ਼ਿਲ੍ਹਾ ਤੇ ਨਾਰੋਵਾਲ ਤਹਿਸੀਲ ਵਿੱਚ ਦੀ ਗੱਲ ਕਰਦੇ ਨੇ ਤਾਂ ੳਹਨਾਂ ਦੇ ਥੰਮ੍ਹਿਆਂ ਹੋਇਆਂ ਅਥਰੂਆਂ ਨੂੰ ਕੋਈ ਵੀ ਨਹੀਂ ਰੋਕ ਸਕਦਾ।
ਇਤਿਹਾਸ ਦੇ ਪੰਨਿਆਂ ਵਲ ਨਿਗਾਹ ਮਾਰਦੇ ਹਾਂ ਤਾਂ ਸਾਡੇ ਲੀਡਰਾਂ ਪਾਸੋਂ ਕਈ ਗਲਤੀਆਂ ਨਹੀਂ ਬਲ ਕੇ ਕਈ ਵੱਡੇ ਗਲਤੇ ਹੋਏ ਲਗਦੇ ਨੇ। ਸ੍ਰ. ਜਸਵੰਤ ਸਿੰਘ ਕੰਵਲ ਹੁਰਾਂ ਨੇ ਪਾਣੀਆਂ ਦੀ ਵੰਡ ਸਬੰਧੀ “ਖੂਨ ਕੇ ਸੋਹਿਲੇ ਗਾਵੀਅਹਿ” ਪੁਸਤਕ ਵਿੱਚ ਨੇਤਾਵਾਂ ਵਲੋਂ ਕੀਤੀਆਂ ਗਲਤੀਆਂ ਨੂੰ ਚਿਤਰਨ ਦਾ ਯਤਨ ਕੀਤਾ ਹੈ। ਸਿੱਖ ਮਸਲਿਆਂ ਤੇ ਸਾਡੇ ਕੌਮੀ ਸਿੱਖ ਲੀਡਰਾਂ ਨੇ ਸਮੇਂ ਸਮੇਂ ਕੁੱਝ ਨਾ ਕਝ ਆਵਾਜ਼ਾ ਜ਼ਰੂਰ ਉਠਾਈਆਂ ਪਰ ਹੁਣ ਉਹ ਵੀ ਅਵਾਜ਼ਾਂ ਵੋਟਾਂ ਦੀ ਰਾਜਨੀਤੀ ਵਿੱਚ ਦੱਬ ਕੇ ਹੀ ਰਹਿ ਗਈਆਂ ਲਗਦੀਆਂ ਹਨ। ਸਿੱਖ ਲੀਡਰਾਂ, ਸਿੱਖ ਬੁੱਧੀਜੀਵੀ ਵਰਗ, ਧਾਰਮਕ ਆਗੂਆਂ ਨੇ ਸਿੱਖ ਸਿਧਾਂਤ ਦੀ ਖੁਲ੍ਹ ਕੇ ਵਿਚਾਰ ਕਰਨ ਦਾ ਖ਼ਿਆਲ ਛੱਡ ਦਿੱਤਾ ਲਗਦਾ ਹੈ। ਐਸੇ ਖਲਾਅ ਵਿੱਚ ਡੇਰਵਾਦ ਬਿਰਤੀ ਨੇ ਖੂਬ ਲਾਭ ਉਠਾਇਆ ਹੈ। ਜਦੋਂ ਮਰਜ਼ੀ ਹੈ ਦਾਬਾ ਮਾਰ ਦੇਂਦੇ ਹਨ ਕਿ ਤੂਹਾਨੂੰ ਪਤਾ ਹੈ ਨਾ ਮੇਰੇ ਪਾਸ ਕਿੰਨੀਆਂ ਵੋਟਾਂ ਹਨ? ਵਿਚਾਰੇ ਲੀਡਰ ਤਾਂ ਓੱਥੇ ਹੀ ਦੜ ਵੱਟ ਜਾਂਦੇ ਹਨ। ਬਹੁਤੇ ਸਿੱਖ ਲੀਡਰ ਤਾਂ ਸਾਫ਼ ਹੀ ਪੱਲਾ ਝਾੜ ਦੇਂਦੇ ਹਨ ਕਿ ਜੀ ਅਸੀਂ ਤਾਂ ਰਾਜਨੀਤਿਕ ਬੰਦੇ ਹਾਂ ਸਾਨੂੰ ਬਹੁਤਾ ਧਰਮ ਧੁਰਮ ਬਾਰੇ ਗਿਆਨ ਨਹੀਂ ਹੈ। ਜਿਵੇਂ ਚੱਲੀ ਜਾਂਦਾ ਹੈ ਚਲੀ ਜਾਣ ਦਿਓ, ਤੁਸਾਂ ਸਿਧਾਂਤ ਤੋਂ ਕੀ ਕਰਾਉਣਾ ਹੈ।
ਅੱਜ ਹਰ ਡੇਰੇ ਦੀ ਆਪਣੀ ਆਪਣੀ ਰਹਿਤ ਮਰਯਾਦਾ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਕੋਈ ਵੀ ਮੰਨਣ ਲਈ ਤਿਆਰ ਨਹੀਂ ਹੈ। ਇਹ ਡੇਰਾਵਾਦੀ ਬਿਰਤੀ ਦਾ ਇੱਕ ਹੀ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਡੇਰਿਆਂ ਦੀ ਰਹਿਤ ਮਰਯਾਦਾ ਲਾਗੂ ਹੋ ਜਾਏ। ਸ੍ਰ. ਕੁਲਬੀਰ ਸਿੰਘ ਕੋੜਾ ਦੀ ਪੁਸਤਕ `ਤੇ ਸਿੱਖ ਵੀ ਨਿਗਲ਼ਿਆ ਗਿਆ ਅਨੁਸਾਰ ਅਸੀਂ ਦੇਖਣ ਨੂੰ ਸਿੱਖ ਜ਼ਰੂਰ ਲੱਗਦੇ ਹਾਂ ਪਰ ਸਾਡੇ ਰੀਤੀ ਰਿਵਾਜ਼ ਜਾਂ ਧਾਰਮਕ ਕੰਮ ਸਾਰੇ ਬ੍ਰਹਾਮਣੀ ਕਰਮ ਕਾਂਡ ਵਿੱਚ ਲਿਬੜ ਗਏ ਲਗਦੇ ਹਨ।
ਪਿੱਛਲੇ ਕੁੱਝ ਸਮੇਂ ਤੋਂ ਰਾਜਨੀਤਿਕ ਲੋਕਾਂ ਦੀ ਛੱਤਰ ਛਾਇਆ ਹੇਠ ਪਲ਼ੇ ਡੇਰਾਵਾਦ ਨੇ ਆਪਣੀਆਂ ਜੜ੍ਹਾਂ ਬਹੁਤ ਡੂੰਘੀਆਂ ਕਰ ਲਈਆਂ ਹਨ। ਬਾਹਰਲੇ ਮੁਲਕਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਇਹਨਾਂ ਨੇ ਆਪਣੇ ਪੱਕੇ ਡੇਰੇ ਜਮਾ ਲਏ ਹਨ। ਕੀ ਮਜਾਲ ਹੈ ਕੇ ਕੋਈ ਬੰਦਾ ਗੁਰਬਾਣੀ ਵਿਚਾਰ ਕਰ ਸਕੇ ਜਦੋਂ ਵੀ ਕਦੇ ਸਿਧਾਂਤਕ ਗੱਲ ਕੀਤੀ ਜਾਦੀ ਹੈ ਤਾਂ ਫੱਟ ਡੇਰਵਾਦੀ ਬਿਰਤੀ ਨੂੰ ਇਕੱਠਿਆਂ ਕਰਕੇ ਗਾਲੀ ਗਲੋਚ ਤੇ ਦਸਤਾਰ ਉਤਾਰਨ ਤੀਕ ਚਲੇ ਜਾਂਦੇ ਹਨ।
ਏਦਾਂ ਹੀ ਇੱਕ ਲੱਠਮਾਰ ਗ੍ਰੰਥੀ ਨੇ ਤੀਹ ਪੈਂਤੀ ਨੌਜਵਾਨ ਬੱਚਿਆਂ ਨੂੰ ਇਕੱਠਿਆਂ ਕਰਕੇ ਲਿਆਂਦਾ ਕਿ ਬਾਬਾ ਜੀ ਸਾਡੇ ਸਵਾਲਾਂ ਦੇ ਉੱਤਰ ਦੇਣ। ਕੁਦਰਤੀ ਨੌਜਵਾਨ ਕਥਾ ਅਰੰਭ ਹੋਣ `ਤੇ ਹੀ ਬੈਠ ਗਏ। ਉਹਨਾਂ ਨੇ ਸ਼ਬਦ ਦੀ ਵਿਚਾਰ ਬਹੁਤ ਹੀ ਧਿਆਨ ਨਾਲ ਸੁਣੀ। ਸ਼ਬਦ ਦੀ ਵਿਚਾਰ ਖਤਮ ਹੰਦਿਆਂ ਹੀ ਲੱਠਮਾਰ ਗ੍ਰੰਥ ਵੀ ਆਣ ਪਹੁੰਚਿਆ। ਦੀਵਾਨ ਦੀ ਸਮਾਪਤੀ ਉਪਰੰਤ ਡੇਦਾਵਾਦੀ ਗ੍ਰੰਥੀ ਜੀ ਨੇ ਰਾਹ ਰੋਕਦਿਆਂ ਬਹੁਤ ਹੀ ਤੱਤੇ ਹੁੰਦਿਆਂ ਠਾਣੇਦਾਰੀ ਲਹਿਜੇ ਵਿੱਚ ਕਿਹਾ, ਕਿ “ਸਾਡੇ ਸਵਾਲਾਂ ਦੇ ਉੱਤਰ ਦਿਓ”। ਮੈਂ ਕਿਹਾ, ਕਿ “ਲੰਗਰ ਦਾ ਸਮਾਂ ਹੋ ਗਿਆ ਹੈ ਆਪਾਂ ਪਹਿਲਾਂ ਲੰਗਰ ਛੱਕ ਲਈਏ ਫਿਰ ਬੈਠ ਕੇ ਵਿਚਾਰਾਂ ਕੀਤੀਆਂ ਜਾਣਗੀਆਂ”। ਗ੍ਰੰਥੀ ਸਿੰਘ ਦੇ ਮਿੱਠੇ ਬਚਨਾਂ ਵਿਚੋਂ ਕੁੜਤਨ ਡਿੱਗਦੀ ਹੋਈ ਬੋਲੀ, “ਤੈਨੂੰ ਲੰਗਰ ਦੀ ਬਹੁਤ ਕਾਹਲ ਹੈ, ਲੰਗਰ ਬਆਦ ਵਿੱਚ ਵੀ ਛੱਕਿਆ ਜਾ ਸਕਦਾ ਹੈ” ਮੈਂ ਸੋਚਿਆ ਜੇ ਮੈਂ ਚਲਾ ਗਿਆ ਤਾਂ ਇਹਨਾਂ ਨੇ ਕਹਿਣਾ ਬਾਬਾ ਡਰਦਾ ਮਾਰਾ ਭੱਜ ਗਿਆ। ਦੂਸਰਾ ਨਾਲ ਆਏ ਬੱਚੇ ਬਹੁਤ ਭੋਲੇ ਹਨ ਇਹਨਾਂ ਨੂੰ ਗੁਰਬਾਣੀ ਸਬੰਧੀ ਹੋ ਸਕਦਾ ਜ਼ਿਆਦਾ ਜਾਣਕਾਰੀ ਨਾ ਹੋਵੇ ਕਿਉਂ ਕਿ ਉਹਨਾਂ ਦੀ ਔਸਤਨ ਉਮਰ ਵੀਹ ਕੁ ਸਾਲ ਦੀ ਬਣਦੀ ਸੀ। ਮੋਟੇ ਭਾਰੇ ਤਾਅ ਵਿੱਚ ਆਏ ਗ੍ਰੰਥੀ ਜੀ ਆਪਣੇ ਨਾਲ ਦੇਸੋਂ ਕੁੱਝ ਨਾਮ ਧਰੀਕ ਪਰਚਾਰਕ ਵੀ ਲਿਆਂਦੇ ਹੋਏ ਸਨ ਜੋ ਉਹਦੀ ਬੋਲੀ ਵਿੱਚ ਹਾਂ ਨਾਲ ਹਾਂ ਮਿਲਾਉਂਦੇ ਸਨ।
ਬੈਠਦਿਆਂ ਸਾਰ ਮਲੇਸ਼ੀਅਨ ਨੌਜਵਾਨ ਬੱਚੇ ਕਹਿਣ ਲੱਗੇ ਕਿ ਬਾਬਾ ਜੀ ਤੁਸਾਂ ਨੇ ਜੋ ਸ਼ਬਦ ਦੀ ਵਿਚਾਰ ਕੀਤੀ ਹੈ ਸੱਚੀ ਸਾਨੂੰ ਬਹੁਤ ਸਮਝ ਲੱਗੀ ਹੈ ਤੁਸੀਂ ਇਸ ਤਰ੍ਹਾਂ ਦੀ ਹੀ ਕਥਾ ਕਰਿਆ ਕਰੋ। ਮੈਂ ਹੈਰਾਨ ਸਾਂ ਕਿ ਗ੍ਰੰਥੀ ਜੀ ਨੇ ਆਪਣੀ ਸਹਾਇਤਾ ਲਈ ਬੱਚਿਆਂ ਨੂੰ ਲਿਆਂਦਾ ਹੈ ਪਰ ਇਹ ਸਹੀ ਗੱਲ ਕਰ ਰਹੇ ਹਨ। ਦਰਅਸਲ ਬਾਹਰਲੇ ਮੁਲਕਾਂ ਵਿੱਚ ਰਹਿਣ ਵਾਲੇ ਬੱਚੇ ਝੂਠ ਨਹੀਂ ਬੋਲਦੇ ਇਹ ਮੇਰਾ ਨਿੱਜੀ ਤਜੁਰਬਾ ਹੈ। ਇਹ ਗੱਲ ਮੈਂ ਕਈਆਂ ਕਥਾਵਾਂ ਵਿੱਚ ਦੁਹਰਾਈ ਵੀ ਹੈ।
ਖ਼ੈਰ ਇੱਕ ਦੂਜੇ ਵਲ ਦੇਖਦਿਆਂ ਇੱਕ ਦੂਜੇ ਨੂੰ ਕਹੀ ਜਾਣ ਫਲਾਣਿਆਂ ਤੂੰ ਸਵਾਲ ਕਰ, ਫਲਾਣਿਆਂ ਤੂੰ ਸਵਾਲ ਕਰ। ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਜੀ ਨੇ ਪਹਿਲ ਕਰਦਿਆਂ ਕਿ ਕਿਹਾ, “ਤੁਸੀਂ ਬੰਗਲਾ ਸਾਹਿਬ ਗੁਰਦੁਆਰੇ ਤੋਂ ਸੰਤਾਂ ਦੀ ਨਿੰਦਿਆ ਕਰਦੇ ਹੋ”। ਮੈਂ ਕਿਹਾ, “ਤੁਸੀਂ ਠੀਕ ਕਹਿ ਰਹੇ ਹੋ ਅਸੀਂ ਸੰਤਾਂ ਦੀ ਨਿੰਦਿਆ ਨਹੀਂ ਕਰਦੇ ਬਲ ਕੇ ਸੰਤਾਂ ਬਾਰੇ ਸਹੀ ਜਾਣਕਾਰੀ ਦੇਣ ਦਾ ਯਤਨ ਕਰ ਰਹੇ ਹਾਂ। ਇਸ ਸਹੀ ਜਾਣਕਾਰੀ ਨੂੰ ਨਿੰਦਿਆ ਨਹੀਂ ਕਿਹਾ ਜਾ ਸਕਦਾ। ਮੈਂ ਕਿਹਾ ਜਿਹੜੇ ਸੰਤਾਂ `ਤੇ ਵਿਭਚਾਰੀ ਦੇ ਕੇਸ ਬਣੇ, ਜੇਲ੍ਹਾਂ ਕੱਟ ਕੇ ਬਾਹਰ ਆਏ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ” ? ਹਾਂ ਜੀ ਸਾਰੇ ਸੰਤ ਠੀਕ ਵੀ ਨਹੀਂ ਹਨ। ਚੰਗੇ ਮਨੁੱਖਾਂ ਦੀ ਗੁਰਬਾਣੀ ਤਾਂ ਸਿਫਤ ਕਰਦੀ ਹੈ। ਦੂਜਾ ਸਵਾਲ ਤੁਸੀਂ ਨੰਗੀਆਂ ਲੱਤਾ ਵਾਲਿਆਂ ਨੂੰ ਬੁਰਾ ਭਲਾ ਕਿਉਂ ਕਹਿੰਦੇ ਹੋ। ਮੈਂ ਕਿਹਾ ਗੁਰਬਾਣੀ ਦਾ ਫੈਸਲਾ ਹੈ ਕਿ ਨੰਗਿਆਂ ਰਿਹਾਂ ਤੇ ਚੋਲੇ ਪਾਇਆਂ ਰੱਬ ਦੀ ਪ੍ਰਾਪਤੀ ਨਹੀਂ ਹੈ ਕਬੀਰ ਸਾਹਿਬ ਜੀ ਦਾ ਸ਼ਬਦ ਸੁਣਾਇਆ ਗਿਆ ਨਗਨ ਫਿਰਤ ਜੋ ਪਾਈਐ ਜੋਗ। ਫਿਰ ਭਾਈ ਜੀ ਬੋਲੇ, “ਤੁਸੀਂ ਮਿਸ਼ਨਰੀ ਕੁੰਭ ਬਾਰੇ ਬੜਾ ਗਲਤ ਪਰਚਾਰ ਕਰ ਰਹੇ ਹੋ”। ਦੇਸੋਂ ਆਇਆ ਬਹੁਤੇ ਹੀ ਕਾਹਲੇ ਸੁਭਾਅ ਵਾਲਾ ਬਾਈ ਸਾਲ ਦਾ ਨੌਜਵਾਨ ਪਰਚਾਰਕ ਕਹਿੰਦਾ ਮੈਂ ਮਿਸ਼ਨਰੀ ਕਾਲਜ ਦਾ ਹੀ ਪੜ੍ਹਿਆਂ ਹੋਇਆ ਹਾਂ ਮੈਂ ਤੂਹਾਨੂੰ ਦਸ ਸਕਦਾ ਹਾਂ ਕਿ ਕੁੰਭ ਕਿੰਨਾ ਜ਼ਰੂਰੀ ਹੈ। ਇਹ ਧਰਮੀ ਯੋਧਾ ਕਹਿੰਦਾ ਮੈਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਏ ਤੋਂ ਲੈ ਕੇ ਜ਼ੈਡ ਤੀਕ ਜਾਣਦਾ ਹਾਂ। ਮੈਂ ਕਿਹਾ ਕੀ ਤੂੰ ਦਸੇਂਗਾ ਕਿ ਓੱਥੇ ਕੀ ਗਲਤ ਪੜ੍ਹਾਇਆ ਜਾ ਰਿਹਾ ਹੈ? ਮੈਂ ਕਿਹਾ ਤੇਰੇ ਗੱਲ ਕਰਨ ਦਾ ਅੰਦਾਜ਼ ਹੈ ਜਿਵੇਂ ਓੱਥੇ ਕੋਈ ਭੁੱਕੀ ਵਿਕਦੀ ਹੋਵੇ। ਮੈਂ ਕਿਹਾ ਅਸੀਂ ਪਿੰਡਾਂ ਵਿੱਚ ਜਾ ਕੇ ਕੈਂਪ ਲਗਾ ਰਹੇ ਹਾਂ ਨਸ਼ਿਆਂ ਦੇ ਕੋਹੜ ਬਾਰੇ ਦਸ ਰਹੇ ਹਾਂ, ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਦਸ ਰਹੇ ਹਾਂ ਇਹ ਸਾਰਾ ਕੁੱਝ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਵੈਬਸਾਈਟ `ਤੇ ਪਿਆ ਹੋਇਆ ਹੈ ਤੇ ੲੱਥੋਂ ਗੁਰਮਤਿ ਕੈਂਪਾਂ ਦੀ ਸਾਰੀ ਜਾਣਕਾਰੀ ਮਿਲ ਜਾਏਗੀ। ਕਿਹਾ ਜੇ ਵਾਕਿਆ ਹੀ ਤੈਨੂੰ ਧਰਮ ਪ੍ਰਚਾਰ ਦਾ ਸ਼ੌਕ ਹੈ ਤਾਂ ਆ ਚਲ ਮੇਰੇ ਨਾਲ ਪਿੰਡਾਂ ਵਿੱਚ ਜਾ ਕੇ ਪਰਚਾਰ ਕਰੀਏ ਤੂੰ ਏੱਥੇ ਕੀ ਕਰਦਾ ਏਂ? ਕੋਈ ਜੁਆਬ ਨਹੀਂ ਸੀ।
ਮੈਂ ਕਿਹਾ ਅਸੀਂ ਕੌਣ ਹੁੰਦੇ ਆਂ ਤੁਹਾਡੇ ਕੁੰਭ ਨੂੰ ਹਟਾਉਣ ਵਾਲੇ, ਇਹ ਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਕੁੰਭ ਨਹੀਂ ਰੱਖਣਾ, ਤੇ ਮਰਯਾਦਾ ਵਿੱਚ ਜੋ ਲਿਖਿਆ ਹੈ ਉਹ ਦੱਸਿਆ ਜਾ ਰਿਹਾ ਹੈ। ਏਨੇ ਚਿਰ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਆ ਗਏ, ਮੈਨੂੰ ਉਹਨਾਂ ਬਾਰੇ ਪਤਾ ਨਹੀਂ ਸੀ। ਉਹਨਾਂ ਆਉਂਦਿਆਂ ਹੀ ਕਿਹਾ ਕੋਣ ਕਹਿੰਦਾ ਕੁੰਭ ਰੱਖਣਾ ਜ਼ਰੂਰੀ ਹੈ? ਇਸ ਸਬੰਧੀ ਮੇਰੇ ਨਾਲ ਗੱਲ ਕਰੋ। ਇਹਨਾਂ ਨਾਲ ਕੋਈ ਵੀ ਗੱਲ ਨਹੀਂ ਕਰਨੀ। ਇਹ ਸਾਡੇ ਸੱਦੇ ਪੱਤਰ `ਤੇ ਆਏ ਹਨ। ਮਲੇਸ਼ੀਅਨ ਨੌਜਵਾਨ ਬੱਚੇ ਫਿਰ ਕਹਿੰਦੇ ਕਿ ਪ੍ਰਿੰਸੀਪਲ ਜੀ ਤੁਸੀਂ ਅੱਜ ਕਥਾ ਬਹੁਤ ਵਧੀਆ ਕੀਤੀ ਹੈ ਇਸ ਤਰ੍ਹਾਂ ਦੀ ਹੀ ਕਰਿਆ ਕਰੋ। ਸਾਨੂੰ ਸ਼ਬਦ ਦੀ ਸਮਝ ਆਈ ਹੈ। ਮੈਂ ਕਿਹਾ ਬੱਚਿਓ ਤੁਹਾਡਾ ਧੰਨਵਾਦ ਹੈ।
ਮਲੇਸ਼ੀਅਨ ਬੱਚਿਆਂ ਵੀ ਇੱਕ ਦੋ ਸਵਾਲ ਕੀਤੇ ਪਰ ਉਨ੍ਹਾਂ ਨੂੰ ਆਪਣੇ ਸਵਾਲਾਂ ਸਬੰਧੀ ਵੀ ਪੂਰਾ ਪਤਾ ਨਹੀਂ ਸੀ, ਕਿਉਂਕਿ ਉਹਨਾਂ ਨੂੰ ਕੁੱਝ ਸਵਾਲ ਕਰਨ ਲਈ ਲਿਆਂਦਾ ਗਿਆ ਜਾਪਦਾ ਸੀ। ਦੇਸੋਂ ਆਏ ਪਰਚਾਰਕ ਨੇ ਇੱਕ ਹੋਰ ਘੜੁੱਤ ਛੱਡੀ ਅਖੇ ਤੁਸੀਂ ਜੁਗਾਂ ਨੂੰ ਨਹੀਂ ਮੰਨਦੇ, ਮੈਂ ਕਿਹਾ ਭਲਿਆ ਮੈਂ ਗੁਰਬਾਣੀ ਨੂੰ ਮੰਨਦਾ ਹਾਂ।
ਅਜੇਹੇ ਸਵਾਲ ਕਰਨ ਵਾਲੇ ਧਰਮੀ ਯੋਧੇ ਪਤਾ ਨਹੀਂ ਹੋਰ ਕਿੰਨਾ ਚਿਰ ਬਿਨਾ ਸਿਰੋਂ ਪੈਰੋਂ ਵਾਲੇ ਸਵਾਲ ਕਰਦੇ ਰਹਿੰਦੇ ਜੇ ਪਰਧਾਨ ਜੀ ਨਾ ਆਉਂਦੇ। ਸਿਖਾਂਦਰੂ ਪਰਚਾਰਕ, ਗ੍ਰੰਥੀਆਂ, ਰਾਗੀਆਂ ਢਾਡੀਆਂ ਦੀ ਵੱਡੀ ਘਾਟ ਕਰਕੇ ਗੁਰਮਤਿ ਸਿਧਾਂਤ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। ਅਣਸਿਖਾਂਦਰੂ ਅਜੇਹੇ ਧਰਮੀ ਯੋਧੇ ਗ੍ਰੰਥੀਆਂ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਵਿੱਚ ਬ੍ਰਾਹਮਣੀ ਮੱਤ ਘਸੋੜਿਆ ਜਾ ਰਿਹਾ ਹੈ। ਰੱਬਾ ਖ਼ੈਰ ਕਰੀਂ--




.