.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਸਤਾਰ੍ਹਵੀਂ)

ਉਥੋਂ ਨਿਕਲ ਕੇ ਉਹ ਸਿੱਧੇ ਦੁਕਾਨ ਵੱਲ ਚੱਲ ਪਏ। ਵੈਸੇ ਤਾਂ ਬਜ਼ਾਰ ਮਾਈ ਸੇਵਾ ਤੋਂ ਰਸਤਾ ਬਹੁਤ ਛੋਟਾ ਪੈਂਦਾ ਸੀ ਪਰ ਉਧਰੋਂ ਫ਼ੌਜੀਆਂ ਨੇ ਬੰਦ ਕਰ ਰੱਖਿਆ ਸੀ, ਸੋ ਜਿਧਰੋਂ ਗਏ ਸੀ ਉਧਰੋਂ ਹੀ ਵਾਪਸ ਆਕੇ ਸੰਤੋਖਸਰ ਵਾਲੀ ਸੜਕ ਤੋਂ ਜਾਣਾ ਪਿਆ। ਰਸਤੇ ਵਿੱਚ ਬਲਦੇਵ ਸਿੰਘ ਨੇ ਪੁੱਛਿਆ, “ਵੀਰੇ ਚਾਚਾ ਜੀ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਨੇ?”
“ਨਹੀਂ ਭਰਾ ਜੀ! ਅਜੇ ਨਹੀਂ। ਇੱਕ ਤਾਂ ਇਨ੍ਹਾਂ ਦਰਸ਼ਨਾਂ ਲਈ ਖੋਲ੍ਹਿਆ ਹੀ ਅੱਜੇ ਚਾਰ ਪੰਜ ਦਿਨ ਪਹਿਲੇ ਹੈ। ਪਹਿਲੇ ਖੋਲ੍ਹਿਆ ਸਾਨੇ ਪਰ ਇਕੋ ਦਿਨ ਬਾਅਦ ਹੀ ਫੇਰ ਬੰਦ ਕਰ ਦਿੱਤਾ, ਫੇਰ ਪੰਜ ਛੇ ਦਿਨਾਂ ਬਾਅਦ ਦੁਬਾਰਾ ਖੋਲ੍ਹਿਆ … …. ।”
“ਪਰ ਇੱਕ ਵਾਰੀ ਖੋਲ੍ਹ ਕੇ ਫਿਰ ਕਿਉਂ ਬੰਦ ਕਰ ਦਿੱਤਾ?” ਅਜੇ ਗੁਰਸੇਵਕ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਬਲਦੇਵ ਸਿੰਘ ਨੇ ਵਿੱਚੋਂ ਹੀ ਪੁੱਛਿਆ।
“ਇਹ ਤਾਂ ਇਹੀ ਜਾਣਨ, ਪਰ ਮੇਰਾ ਖਿਆਲ ਹੈ ਜਿਸ ਤਰ੍ਹਾਂ ਦਰਬਾਰ ਸਾਹਿਬ ਦੀ ਹਾਲਤ ਵੇਖ ਕੇ ਉਸ ਦਿਨ ਦਰਸ਼ਨ ਕਰਨ ਵਾਲਿਆਂ ਦੀਆਂ ਭਾਵਨਾਵਾਂ ਭੜਕੀਆਂ ਸਨ, ਇਹ ਉਸ ਤੋਂ ਕੁੱਝ ਘਬਰਾ ਗਏ ਹੋਣਗੇ …. , ਵੈਸੇ ਉਸ ਦੌਰਾਨ ਵੀ ਇਹ ਕੁੱਝ ਲੋਕਾਂ ਨੂੰ ਵਿਸ਼ੇਸ਼ ਪਰਮਿਟ ਆਦਿ ਜਾਰੀ ਕਰ ਕੇ ਦਰਸ਼ਨਾਂ ਦੀ ਇਜਾਜ਼ਤ ਦੇਂਦੇ ਰਹੇ ਨੇ, ਕੁੱਝ ਆਪਣੇ ਉਨ੍ਹਾਂ ਚਹੇਤਿਆਂ ਨੂੰ ਆਪ ਲਿਆ ਕੇ ਦਰਸ਼ਨ ਕਰਾਉਂਦੇ ਰਹੇ ਨੇ, ਜਿਨ੍ਹਾਂ ਰਾਹੀਂ ਇਹ ਕੌਮ ਨੂੰ ਭਰਮਾਉਣਾ ਚਾਹੁੰਦੇ ਹਨ ਕਿ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ। … … ਨਾਲੇ ਜਦੋਂ ਦਾ ਐਕਸ਼ਨ ਖਤਮ ਹੋਇਐ ਇਹ ਅੰਦਰ ਲੀਪਾ-ਪੋਚੀ `ਤੇ ਲਗੇ ਹੋਏ ਨੇ। ਉਸ ਦਿਨ ਸੰਗਤਾਂ ਨੇ ਕੁੱਝ ਵੱਡੀਆਂ ਖਾਮੀਆਂ ਵੱਲ ਸੰਕੇਤ ਕੀਤਾ ਹੋਵੇਗਾ, …. ਉਸ ਦੀ ਮੁਰੰਮਤ ਵਿੱਚ ਲੱਗੇ ਹੋਣਗੇ। ਇਹ ਸਿਲਸਿਲਾ ਤਾਂ ਹੁਣ ਵੀ ਚੱਲ ਰਿਹੈ। ਤਾਹੀ ਤਾਂ ਸਿਰਫ ਦੋ ਘੰਟੇ ਸਵੇਰੇ ਤੇ ਦੋ ਘੰਟੇ ਸ਼ਾਮ ਦਰਸ਼ਨਾਂ ਲਈ ਖੋਲ੍ਹਦੇ ਨੇ, ਉਸ ਵਿੱਚ ਵੀ ਸੂਹੀਏ ਬਸ ਇਹੀ ਨੋਟ ਕਰਦੇ ਰਹਿੰਦੇ ਨੇ ਕਿ ਸੰਗਤ ਵਿੱਚੋਂ ਕਿਸ ਨੇ ਕਿਸ ਕਮੀਂ ਵੱਲ ਇਸ਼ਾਰਾ ਕੀਤੈ ਤੇ ਸੰਗਤ ਦੇ ਜਾਂਦਿਆਂ ਹੀ ਉਸ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਹੋ ਜਾਂਦੈ।”
“ਕੀ ਕੁੱਝ ਪੋਚਣਗੇ ਚਾਚਾ ਜੀ, ਸਾਰਾ ਦਰਬਾਰ ਸਾਹਿਬ ਸਮੂਹ ਤਾਂ ਕਿਤੇ ਗੋਲਿਆਂ ਤੇ ਗੋਲੀਆਂ ਨਾਲ ਵਿੰਨ੍ਹਿਆ ਪਿਐ, ਤੇ ਕਿਤੇ ਅੱਗ ਨਾਲ ਸਾੜਿਆ ਫੂਕਿਆ ਪਿਐ, ਹਰ ਪਾਸੇ ਤਾਂ ਬਰਬਾਦੀ ਦੇ ਅੰਬਾਰ ਲੱਗੇ ਪਏ ਨੇ। ਫੇਰ ਜਿਵੇਂ ਅਕਾਲ ਤਖਤ ਸਾਹਿਬ ਢਹਿ-ਢੇਰੀ ਹੋ ਗਿਐ, ਉਸ ਨੂੰ ਕਿਵੇਂ ਪੋਚ ਲੈਣਗੇ?” ਇਸ ਵਾਰ ਹਰਮੀਤ ਬੋਲਿਆ। ਉਸ ਦੇ ਬੋਲਾਂ `ਚ ਰੋਸ ਅਜੇ ਵੀ ਭਰਿਆ ਪਿਆ ਸੀ।
“ਬੇਟਾ ਇਹ ਤਾਂ ਆਪਣੀ ਕੋਸ਼ਿਸ਼ ਵਿੱਚ ਲੱਗੇ ਹੀ ਹੋਏ ਨੇ। ਇਹ ਤਾਂ ਅਕਾਲ ਤੱਖਤ ਸਾਹਿਬ ਦੀ ਮੁਰੰਮਤ ਕਰਾਉਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਕੇਂਦਰੀ ਮੰਤਰੀ ਬੂਟਾ ਸਿੰਘ ਰੋਜ਼ ਇਥੇ ਚੱਕਰ ਮਾਰਦਾ ਫਿਰਦੈ। ਉਹ ਕੁੱਝ ਕਾਰ ਸੇਵਾ ਵਾਲੇ ਬਾਬਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹੈ। ਪਹਿਲਾਂ ਉਹ ਬਾਬਾ ਖੜਕ ਸਿੰਘ ਜੀ `ਤੇ ਜ਼ੋਰ ਪਾ ਰਿਹਾ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਦੀ ਕਾਰ ਸੇਵਾ ਲੈ ਲੈਣ। ਬਾਬਾ ਜੀ ਨੇ ਸ਼ਰਤ ਲਾ ਦਿੱਤੀ ਕਿ ਪਹਿਲਾਂ ਸਰਕਾਰ ਫ਼ੌਜ ਨੂੰ ਦਰਬਾਰ ਸਹਿਬ ਸਮੂਹ `ਚੋਂ ਬਾਹਰ ਕੱਢੇ ਅਤੇ ਉਸ ਤੋਂ ਬਾਅਦ ਵੀ ਉਹ ਕਾਰ ਸੇਵਾ ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੀ ਸਲਾਹ ਅਤੇ ਬੇਨਤੀ ਉਤੇ ਹੀ ਕਰਨਗੇ। ਫੇਰ ਲਗਦੈ ਕਿ ਉਹ ਜਥੇਦਾਰਾਂ ਅਤੇ ਕੁੱਝ ਅਕਾਲੀ ਆਗੂਆਂ ਨੂੰ ਮਨਾਉਣ ਵਿੱਚ ਵੀ ਕਾਮਯਾਬ ਹੋ ਗਿਆ ਕਿ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਛੇਤੀ ਹੋਣੀ ਚਾਹੀਦੀ ਹੈ। ਉਨ੍ਹਾਂ ਇੱਕ ਮੀਟਿੰਗ ਕਰ ਕੇ ਸਰਬ ਸੰਮਤੀ ਨਾਲ ਇੱਕ ਮਤਾ ਵੀ ਪਾਸ ਕਰ ਦਿੱਤਾ ਸੀ ਕਿ ‘ਅਕਾਲ ਤਖਤ ਸਾਹਿਬ ਦੀ ਮੌਜੂਦਾ ਇਮਾਰਤ ਫ਼ੌਜੀ ਐਕਸ਼ਨ ਨਾਲ ਢਹਿ ਗਈ ਹੈ ਤੇ ਬਾਕੀ ਖਸਤਾ ਹੋ ਗਈ ਹੈ, ਇਸ ਲਈ ਇਸ ਨੂੰ ਨਵੇਂ ਸਿਰੇ ਤੋਂ ਉਸਾਰਿਆ ਜਾਵੇ। ਤਖਤ ਸਾਹਿਬ ਦਾ ਨਕਸ਼ਾ ਪਹਿਲੇ ਵਾਲਾ ਰੱਖਿਆ ਜਾਵੇ। ਅਕਾਲ ਤਖਤ ਸਾਹਿਬ ਦੀ ਨਵੀਂ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਤੇ ਬਾਬਾ ਕਰਨੈਲ ਸਿੰਘ ਜੀ ਨੂੰ ਸੌਂਪੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸੇਵਾ ਦੇ ਕਾਰਜ ਨੂੰ ਛੇਤੀ ਤੋਂ ਛੇਤੀ ਨੇਪਰੇ ਚਾੜ੍ਹਿਆ ਜਾਏ।’ ਅੱਗੋਂ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਨੇ ਇੱਕ ਤਾਂ ਇਹ ਕਹਿ ਦਿੱਤਾ ਕਿ ਉਹ ਸੇਵਾ ਬਾਬਾ ਖੜਕ ਸਿੰਘ ਜੀ ਦੇ ਨਾਲ ਰੱਲ ਕੇ ਹੀ ਕਰ ਸਕਣਗੇ, ਇਸ ਨਾਲ ਕੰਮ ਜਲਦੀ ਅਤੇ ਚੰਗਾ ਹੋਏਗਾ। ਦੂਜਾ ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਪਹਿਲਾਂ ਫ਼ੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਵਾਪਸ ਬੁਲਾਇਆ ਜਾਵੇ ਕਿਉਂਕਿ ਕਾਰ ਸੇਵਾ ਦਾ ਅਰੰਭ ਹੋਣਾ ਸੁਣ ਕੇ ਸੰਗਤਾਂ ਵਹੀਰਾਂ ਪਾਉਣਗੀਆਂ।
ਇਕ ਦੋ ਦਿਨਾਂ ਬਾਅਦ, ਬੂਟਾ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਲਈ ਹੈ ਅਤੇ ਸਿੰਘ ਸਹਿਬਾਨ ਦੀ ਇੱਛਾ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਛੇਤੀ ਹੀ ਫ਼ੌਜ ਵਾਪਿਸ ਬੁਲਾ ਲਈ ਜਾਵੇਗੀ। ਪਰ ਜਦੋਂ ਸ਼ਾਮ ਨੂੰ ਦਿੱਲੀ ਜਾਕੇ ਪ੍ਰਧਾਨ ਮੰਤਰੀ ਦੀ ਘੁਰਕੀ ਪਈ ਤਾਂ ਅਗੱਲੇ ਦਿਨ ਉਹ ਆਪਣੇ ਇਸ ਬਿਆਨ ਤੋਂ ਮੁਨਕਰ ਹੋ ਗਿਆ। ਉਧਰ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਅਕਾਲੀ ਲੀਡਰਾਂ ਨੂੰ ਜਦੋਂ ਇਸ ਮਤੇ ਦਾ ਪਤਾ ਲੱਗਾ ਤਾਂ ਉਨ੍ਹਾਂ ਬਾਬਾ ਹਰਬੰਸ ਸਿੰਘ ਜੀ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਚਿਰ ਕੰਪਲੈਕਸ ਵਿੱਚੋਂ ਫ਼ੌਜ ਵਾਪਸ ਨਹੀਂ ਬੁਲਾਈ ਜਾਂਦੀ ਅਤੇ ਸਾਰੇ ਅਕਾਲੀ ਲੀਡਰਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਤਨਾ ਚਿਰ ਕਾਰ ਸੇਵਾ ਸ਼ੁਰੂ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ 2-3 ਵਾਰ ਦਰਬਾਰ ਸਾਹਿਬ `ਤੇ ਹਮਲਾ ਕੀਤਾ ਸੀ ਤਾਂ ਪਿੱਛੋਂ ਉਸ ਨੇ ਵੀ ਫ਼ੌਜ ਦਰਬਾਰ ਸਾਹਿਬ ਅੰਦਰ ਨਹੀਂ ਸੀ ਰੱਖੀ, ਪਰ ਕਾਂਗਰਸ ਸਰਕਾਰ ਨੇ ਤਾਂ ਪੂਰੀ ਤਰ੍ਹਾਂ ਫ਼ੌਜ ਦਾ ਕਬਜ਼ਾ ਕੰਪਲੈਕਸ ਉਤੇ ਜਮਾ ਦਿੱਤਾ ਹੈ। ਬੂਟਾ ਸਿੰਘ ਤਾਂ ਅਜੇ ਵੀ ਆਪਣੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ, ਵੇਖੋ ਕੀ ਬਣਦਾ ਹੈ?” ਗੁਰਸੇਵਕ ਸਿੰਘ ਨੇ ਸਾਰੀ ਗੱਲ ਵਿਸਤਿਾਰ ਨਾਲ ਦੱਸੀ।
“ਵੀਰੇ! ਸ਼ਰਮ ਨਹੀਂ ਆਉਂਦੀ ਇਨ੍ਹਾਂ ਬੂਟਾ ਸਿੰਘ ਤੇ ਜ਼ੈਲ ਸਿੰਘ ਵਰਗਿਆਂ ਨੂੰ? ਕੌਮ ਨਾਲ ਇਤਨਾ ਕੁੱਝ ਹੋ ਗਿਆ, ਇਹ ਅਜੇ ਵੀ ਕਾਂਗਰਸ ਦੀ ਝੋਲੀ ਵਿੱਚ ਵੜੇ ਹੋਏ ਨੇ ਤੇ ਆਪਣੀ ਕੌਮ ਦੇ ਹਿੱਤਾਂ ਦੇ ਖਿੱਲਾਫ ਕੰਮ ਕਰ ਰਹੇ ਨੇ। ਉਂਝ ਵੀ ਦਰਬਾਰ ਸਾਹਿਬ `ਤੇ ਇਤਨਾ ਭਿਆਨਕ ਫ਼ੌਜੀ ਹਮਲਾ ਹੋ ਗਿਆ, ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਐ ਪਰ ਸਿਰਫ ਦੋ ਤਿੰਨ ਕਾਂਗਰਸੀ ਆਗੂਆਂ ਨੂੰ ਛੱਡ ਕੇ ਹੋਰ ਕਿਸੇ ਕਾਂਗਰਸ ਤੋਂ ਜਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਨਹੀਂ ਦਿੱਤਾ, ਕੀ ਇਨ੍ਹਾਂ ਨੂੰ ਧਰਮ ਨਾਲੋਂ ਪਾਰਟੀ ਜ਼ਿਆਦਾ ਪਿਆਰੀ ਹੋ ਗਈ ਏ?” ਬਲਦੇਵ ਸਿੰਘ ਨੇ ਕੁੱਝ ਗੁੱਸੇ ਨਾਲ ਕਿਹਾ।
“ਪਾਰਟੀ ਨਹੀਂ ਭਾਪਾ ਜੀ! ਵਜੀਰੀਆਂ … …. , ਕੁਰਸੀਆਂ ਦੀ ਪਕੜ ਧਰਮ ਤੋਂ ਉਪਰ ਲੰਘ ਗਈ ਏ, ਤਾਂ ਹੀ ਤਾਂ ਦੁਸ਼ਮਣ ਦਾ ਹੌਂਸਲਾ ਪੈ ਰਿਹੈ ਸਾਡੇ `ਤੇ ਐਸੇ ਹਮਲੇ ਕਰਨ ਦਾ”, ਜੁਆਬ ਗੁਰਸੇਵਕ ਦੀ ਬਜਾਏ ਹਰਮੀਤ ਨੇ ਦਿੱਤਾ। ਗੁਰਸੇਵਕ ਕੋਲੋਂ ਵੀ ਸ਼ਾਇਦ ਰਿਹਾ ਨਾ ਗਿਆ ਤੇ ਉਸ ਨੇ ਵੀ ਹੌਲੇ ਜਿਹੇ ਕਹਿ ਦਿੱਤਾ, “ਪਰ ਭਰਾ ਜੀ! ਤੁਹਾਡਾ ਤਾਂ ਆਪਣਾ ਝੁਕਾ ਵੀ ਕਾਂਗਰਸ ਵੱਲ ਹੀ ਹੈ?”
“ਹੈ ਨਹੀਂ ਵੀਰੇ! ਸੀ, ਕਿਉਂਕਿ ਮੈਂ ਸਮਝਦਾ ਸਾਂ ਕਾਂਗਰਸ ਨੇ ਦੇਸ਼ ਅਜ਼ਾਦ ਕਰਾਉਣ ਵਿੱਚ ਵੱਡਾ ਯੋਗਦਾਨ ਪਾਇਐ। ਮੈਂ ਆਪ ਤਾਂ ਬਹੁਤਾ ਨਹੀਂ ਵੇਖਿਆ ਪਰ ਦਾਰ ਜੀ ਅਕਸਰ ਦਸਦੇ ਹੁੰਦੇ ਸਨ। ਉਹ ਆਪ ਵੀ ਇਸ ਸੰਘਰਸ਼ ਵਿੱਚ ਨਾਲ ਸ਼ਾਮਲ ਰਹੇ ਹਨ ਤੇ ਕਾਫੀ ਜੇਲ੍ਹਾਂ ਵੀ ਕੱਟੀਆਂ ਤੇ ਹੋਰ ਕਸ਼ਟ ਵੀ ਸਹੇ ਹਨ, ਅਸੀਂ ਤਾਂ ਇਹੀ ਸਮਝਦੇ ਸਾਂ ਕਿ ਸਾਰੇ ਦੇਸ਼ ਦੇ ਨਾਲ ਸਾਡੀ ਕੌਮ ਵੀ ਅਜ਼ਾਦ ਹੋ ਗਈ ਏ ਪਰ ਜਿਸ ਵੇਲੇ ਸਾਡੇ ਸਿੱਖੀ ਦੇ ਕੇਂਦਰ ਅਤੇ ਹੋਰ ਗੁਰਧਾਮਾਂ `ਤੇ ਹੀ ਆਪਣੀ ਫ਼ੌਜ ਨੇ ਹਮਲਾ ਕਰ ਦਿੱਤਾ ਤਾਂ ਹੁਣ ਕਿਹੜਾ ਭਰਮ ਬਾਕੀ ਰਹਿ ਗਿਆ। ਮੈਂ ਕਾਂਗਰਸ ਪਾਰਟੀ ਦਾ ਰਸਮੀ ਮੈਂਬਰ ਨਹੀਂ ਹਾਂ, ਇਸ ਲਈ ਇਹ ਠੀਕ ਹੈ ਕਿ ਮੈਂ ਕੋਈ ਰਸਮੀ ਅਸਤੀਫਾ ਨਹੀਂ ਭੇਜਿਆ ਪਰ ਮੇਰਾ ਫੈਸਲਾ ਦ੍ਰਿੜ ਹੈ ਕਿ ਮੈਂ ਇਸ ਜੀਵਨ ਵਿੱਚ ਮੁੜ ਕਦੇ ਕਾਂਗਰਸ ਦੇ ਨੇੜੇ ਨਹੀਂ ਜਾਵਾਂਗਾ”, ਬਲਦੇਵ ਸਿੰਘ ਨੇ ਉਸ ਦੀ ਗੱਲ ਦਾ ਫੌਰੀ ਜੁਆਬ ਦੇਂਦੇ ਹੋਏ ਕਿਹਾ। ਉਸ ਦੇ ਹਰ ਲਫਜ਼ `ਚੋਂ ਦ੍ਰਿੜਤਾ ਝਲਕ ਰਹੀ ਸੀ। ਗੁਰਸੇਵਕ ਨੇ ਜੁਆਬ ਤਾਂ ਕੋਈ ਨਾ ਦਿੱਤਾ ਪਰ ਸੋਚਣ ਲੱਗ ਪਿਆ ਕਿ ਕਾਸ਼! ਹਰ ਸਿੱਖ ਦੀ ਕੌਮ ਨਾਲ ਇਤਨੀ ਦ੍ਰਿੜ ਵਚਨਬਧਤਾ ਹੋ ਜਾਵੇ। ਜਥੇਬੰਦੀਆਂ ਅਤੇ ਪਾਰਟੀਆਂ ਨਾਲੋਂ ਕੌਮ ਦੀ ਪਹਿਲ ਹੋ ਜਾਵੇ। ਗੱਲ ਕਰਦੇ ਕਰਦੇ ਉਹ ਦੁਕਾਨ ਅੱਗੇ ਪਹੁੰਚ ਗਏ ਸਨ। ਸ਼ਾਇਦ ਗੁਰਚਰਨ ਵੀ ਹੁਣੇ ਹੀ ਪਹੁੰਚਿਆ ਸੀ, ਉਹ ਬਾਹਰ ਹੀ ਖੜ੍ਹਾ ਸੀ ਤੇ ਦੁਕਾਨ ਦਾ ਮੁਲਾਜ਼ਮ ਅੰਦਰ ਸਫਾਈ ਕਰ ਰਿਹਾ ਸੀ। ਇਹ ਵੀ ਉਸ ਦੇ ਕੋਲ ਹੀ ਖੱਲੋ ਗਏ।
ਸ਼ਾਇਦ ਹਰਮੀਤ ਦੀ ਅਜੇ ਤਸੱਲੀ ਨਹੀਂ ਸੀ ਹੋਈ, ਉਸ ਨੇ ਗੱਲ ਜਾਰੀ ਰਖਦੇ ਹੋਏ ਕਿਹਾ, “ਮੈਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਸਾਡੇ ਆਪਣੇ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਦੀ ਇਤਨੀ ਕਾਹਲੀ ਕਿਉਂ ਹੈ? ਸਾਨੂੰ ਤਾਂ ਚਾਹੀਦੈ ਕਿ ਅਕਾਲ ਤਖਤ ਸਾਹਿਬ ਨੂੰ ਲੰਮਾ ਸਮਾਂ ਇੰਝ ਹੀ ਰਖੀਏ, ਸਾਰੀ ਕੌਮ ਵੇਖ ਲਵੇ ਕਿ ਸਾਡੇ ਨਾਲ ਕੀ ਜ਼ੁਲਮ ਹੋਇਐ। ਬਲਕਿ ਇਸ ਬਰਬਾਦ ਹੋਏ ਢਾਂਚੇ ਨੂੰ ਤਾਂ ਸਦਾ ਇੰਝ ਹੀ ਸੰਭਾਲ ਕੇ ਰਖਣਾ ਚਾਹੀਦੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦੁਖਾਂਤ ਨੂੰ ਵੇਖ ਅਤੇ ਇਸ ਦੀ ਸਚਾਈ ਨੂੰ ਜਾਣ ਸਕਣ। ਨਵੀਂ ਇਮਾਰਤ ਇਸ ਦੇ ਨਾਲ ਹੋਰ ਬਣਾਈ ਜਾ ਸਕਦੀ ਹੈ।”
“ਹਾਂ ਬਿਲਕੁਲ ਠੀਕ ਕਹਿ ਰਿਹੈਂ ਬੇਟਾ, ਅਸੀਂ ਤਾਂ ਆਪ ਇਸੇ ਸੋਚ ਦੇ ਹਾਂ, ਬਲਕਿ ਬਹੁਤੀ ਕੌਮ ਇਹੀ ਚਾਹੁੰਦੀ ਹੈ। ਇਥੇ ਅਕਸਰ ਹੋਰ ਗੁਰਸਿੱਖਾਂ ਨਾਲ ਵੀ ਇਸ ਬਾਰੇ ਗੱਲ ਹੁੰਦੀ ਰਹਿੰਦੀ ਹੈ। ਆਹ ਜਲ੍ਹਿਆਂ ਵਾਲੇ ਬਾਗ ਵਿੱਚ 1919 ਵਿੱਚ ਗੋਲੀ ਚਲੀ ਸੀ, ਉਸ ਨੂੰ ਵੀ ਤਾਂ ਭਾਰਤ ਸਰਕਾਰ ਨੇ ਸੰਭਾਲ ਕੇ ਰੱਖਿਆ ਹੋਇਐ, ਗੋਲੀਆਂ ਦੇ ਨਿਸ਼ਾਨ ਵੀ ਸਾਂਭ੍ਹੇ ਹੋਏ ਨੇ, ਤੇ ਉਸ ਨੂੰ ਕੌਮੀ ਯਾਦਗਾਰ ਵੀ ਬਣਾ ਦਿੱਤਾ ਗਿਐ। ਬਲਕਿ ਸਾਨੂੰ ਤਾਂ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਤਨੇ ਵੱਧ ਤੋਂ ਵੱਧ ਨਿਸ਼ਾਨ ਬਚਾਏ ਜਾ ਸਕਣ, ਬਚਾ ਅਤੇ ਸੰਭਾਲ ਲਏ ਜਾਣ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਵੱਡਾ ਸਾਧਨ ਬਣਨਗੇ”, ਹਰਮੀਤ ਦੀ ਗੱਲ ਮੁਕਦੇ ਹੀ ਗੁਰਸੇਵਕ ਸਿੰਘ ਬੋਲਿਆ। ਉਨ੍ਹਾਂ ਵੇਖਿਆ ਕਿ ਬਾਕੀ ਸਾਰੇ ਵੀ ਹਾਂ ਵਿੱਚ ਸਿਰ ਹਿਲਾ ਰਹੇ ਸਨ।
ਦੁਕਾਨ ਦੀ ਸਫਾਈ ਹੋ ਗਈ ਸੀ, ਅੰਦਰੋਂ ਬੰਦੇ ਨੇ ਇਸ਼ਾਰਾ ਕੀਤਾ ਤੇ ਸਾਰੇ ਅੰਦਰ ਚਲੇ ਗਏ। ਗੁਰਸੇਵਕ ਸਿੰਘ ਨੇ ਦੁਕਾਨ ਦੀ ਗੱਦੀ `ਤੇ ਬੈਠ ਕੇ ਛੋਟੀ ਜਿਹੀ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਮੁਲਾਜ਼ਮ ਵੱਲ ਮੂੰਹ ਕਰਕੇ ਕਿਹਾ, “ਭਿੰਦਰ! ਚਾਰ ਕੱਪ ਚਾਹ ਲੈ ਆ।”
ਮੁਲਾਜ਼ਮ ਦੇ ਬਾਹਰ ਜਾਂਦੇ ਹੀ, ਬਲਦੇਵ ਸਿੰਘ ਨੇ ਗੱਲ ਫੇਰ ਸ਼ੁਰੂ ਕਰ ਦਿੱਤੀ, “ਉਹ ਗੱਲ ਤਾਂ ਵਿੱਚੇ ਰਹਿ ਗਈ ਕਿ ਚਾਚਾ ਜੀ ਨੂੰ ਦਰਬਾਰ ਸਾਹਿਬ ਦਰਸ਼ਨ ਕਰਾਏ ਹਨ ਕਿ ਨਹੀਂ?”
“ਨਹੀਂ ਭਰਾ ਜੀ, ਤੁਹਾਨੂੰ ਦੱਸਿਆ ਹੀ ਹੈ ਕਿ ਇੱਕ ਤਾਂ ਇਨ੍ਹਾਂ ਦਰਸ਼ਨਾਂ ਦੀ ਆਗਿਆ ਹੀ ਚਾਰ–ਪੰਜ ਦਿਨ ਪਹਿਲੇ ਹੀ ਦਿੱਤੀ ਹੈ, ਅਸੀਂ ਸਾਰੇ ਤਾਂ ਵਾਰੀ ਵਾਰੀ ਦਰਸ਼ਨ ਕਰ ਆਏ ਹਾਂ, ਬਸ ਚਿੰਤਾ ਪਿਤਾ ਜੀ ਦੀ ਹੀ ਸੀ ਕਿਉਂਕਿ ਡਾਕਟਰ ਕਹਿੰਦਾ ਸੀ ਕਿ ਇਨ੍ਹਾਂ ਨੂੰ ਹੋਰ ਪਹਿਲੇ ਵਰਗਾ ਝਟਕਾ ਨਹੀਂ ਲਗਣਾ ਚਾਹੀਦਾ ਤੇ ਦਰਬਾਰ ਸਾਹਿਬ ਦੀ ਹਾਲਤ ਤਾਂ ਤੁਸੀਂ ਵੇਖ ਹੀ ਆਏ ਹੋ। ਇਹ ਸਭ ਵੇਖ ਕੇ ਪਿਤਾ ਜੀ ਦੀ ਕੀ ਹਾਲਤ ਹੋਵੇਗੀ, ਇਹੀ ਚਿੰਤਾ ਖਾਈ ਜਾਂਦੀ ਸੀ, ਇਸ ਲਈ ਉਨ੍ਹਾਂ ਨੂੰ ਦੋ ਕੁ ਦਿਨ ਪਹਿਲੇ ਹੀ ਦੱਸਿਆ ਹੈ। ਉਹ ਵੀ ਗੱਲ ਡਾਕਟਰ ਦੇ ਸਾਹਮਣੇ ਹੋਈ ਸੀ ਸੋ ਡਾਕਟਰ ਨੇ ਨਾਲ ਹੀ ਕਹਿ ਦਿੱਤਾ ਕਿ ਜਿਤਨੀ ਦੇਰ ਮੈਂ ਨਹੀਂ ਕਹਿੰਦਾ, ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਨਹੀਂ ਜਾਣਾ, ਦੂਸਰਾ ਅਸੀਂ ਤਾਂ ਸੋਚਿਆ ਸੀ ਪਿਤਾ ਜੀ ਸੁਣਦੇ ਹੀ ਦਰਸ਼ਨ ਕਰਨ ਜਾਣ ਲਈ ਜ਼ਿਦ ਕਰਨਗੇ ਪਰ ਪਿਤਾ ਜੀ ਨੇ ਸਗੋਂ ਇਹ ਕਹਿ ਦਿੱਤਾ ਕਿ ਜਿਨ੍ਹਾਂ ਚਿਰ ਉਹ ਦੁਸ਼ਟ ਫ਼ੌਜੀ ਉਥੋਂ ਨਹੀਂ ਨਿਕਲਦੇ ਮੈਂ ਉਥੇ ਨਹੀਂ ਜਾਣਾ, ਮੈਂ ਆਪਣੇ ਸਤਿਗੁਰੂ ਨੂੰ ਕਿਸੇ ਦੀ ਬੰਦੀ ਵਿੱਚ ਨਹੀਂ ਵੇਖ ਸਕਦਾ।”
“ਵਾਹ! ਚਾਚਾ ਜੀ ਦੀ ਸੋਚ ਸਾਡੇ ਸਾਰਿਆਂ ਨਾਲੋਂ ਕਿਤਨੀ ਨਿਵੇਕਲੀ ਹੈ। ਚਲੋ! ਵਾਹਿਗੁਰੂ ਨੇ ਆਪ ਮਿਹਰ ਕਰ ਦਿੱਤੀ ਹੈ। ਸਾਡੀ ਮੁਸ਼ਕੱਲ ਵੀ ਟੱਲ ਗਈ, ਨਹੀਂ ਤਾਂ ਇਹ ਵੀ ਵੱਡੀ ਚਿੰਤਾ ਵਾਲੀ ਹੀ ਗੱਲ ਸੀ”, ਬਲਦੇਵ ਸਿੰਘ ਨੇ ਗੁਰਸੇਵਕ ਦੀ ਗੱਲ `ਤੇ ਕੁੱਝ ਤਸੱਲੀ ਜਤਾਉਂਦੇ ਹੋਏ ਕਿਹਾ। ਦੁਕਾਨ ਦੇ ਹੋਰ ਦੋ ਮੁਲਾਜ਼ਮ ਵੀ ਆ ਗਏ ਸਨ ਤੇ ਭਿੰਦਰ ਵੀ ਚਾਹ ਲੈ ਕੇ ਆ ਗਿਆ। ਬਲਦੇਵ ਸਿੰਘ ਨੇ ਚਾਹ ਦਾ ਕੱਪ ਫੜ ਕੇ ਅੱਗੇ ਰੱਖਿਆ ਤੇ ਜੇਬ ਵਿੱਚੋਂ ਇੱਕ ਲਿਸਟ ਕੱਢ ਕੇ ਗੁਰਚਰਨ ਨੂੰ ਫੜਾਉਂਦੇ ਹੋਏ ਕਿਹਾ, “ਵੀਰੇ ਇਹ ਮਾਲ ਭਿਜਵਾਉਣਾ ਹੈ।” ਗੁਰਚਰਨ ਨੇ ਉਹ ਲਿਸਟ ਫੜ ਕੇ ਅਗੋਂ ਮੁਲਾਜ਼ਮ ਨੂੰ ਫੜਾ ਦਿੱਤੀ। ਬਲਦੇਵ ਸਿੰਘ ਚਾਹ ਪੀ ਕੇ ਉਠਿਆ ਤੇ ਦੁਕਾਨ ਦੇ ਅੰਦਰ ਵਾਲੇ ਪਾਸੇ ਜਾ ਕੇ ਗੱਲ ਪਾਏ ਕਪੜਿਆਂ ਦੇ ਅੰਦਰਲੇ ਪਾਸਿਉ ਕੁੱਝ ਪੈਸੇ ਕੱਢੇ ਤੇ ਉਹ ਨੋਟਾਂ ਦੀ ਗੱਠੀ ਗੁਰਸੇਵਕ ਸਿੰਘ ਨੂੰ ਫੜਾਉਂਦੇ ਹੋਏ ਬੋਲਿਆ, “ਵੀਰੇ ਇਹ ਜਮਾਂ ਕਰ ਲੈਣਾ।”
“ਪਰ ਤੁਹਾਡਾ ਪਿਛਲਾ ਖਾਤਾ ਤਾਂ ਪਹਿਲਾਂ ਹੀ ਸਾਰਾ ਸਾਫ ਹੈ ਅਤੇ ਹੁਣ ਦਾ ਮਾਲ ਤਾਂ ਅਜੇ ਜਾਣਾ ਹੈ?” ਗੁਰਸੇਵਕ ਨੇ ਨੋਟਾਂ ਦੀ ਗੱਠੀ ਉਂਝ ਹੀ ਫੜੇ ਹੋਏ, ਹੈਰਾਨ ਹੁੰਦੇ ਹੋਏ ਕਿਹਾ।
“ਕੋਈ ਨਹੀਂ ਵੀਰੇ ਮਾਲ ਤਾਂ ਜਾਂਦਾ ਹੀ ਰਹਿੰਦਾ ਹੈ” ਬਲਦੇਵ ਸਿੰਘ ਨੇ ਉਸਨੂੰ ਹੱਥ ਦੇ ਇਸ਼ਾਰੇ ਨਾਲ ਪੈਸੇ ਰਖਣ ਲਈ ਕਿਹਾ ਤੇ ਫੇਰ ਹਰਮੀਤ ਵੱਲ ਮੂੰਹ ਕਰਕੇ ਬੋਲਿਆ, “ਆ ਬੇਟਾ ਮਾਰਕੀਟ ਦਾ ਚੱਕਰ ਲਾ ਆਈਏ।” ਗੁਰਸੇਵਕ ਸਮਝ ਗਿਆ ਕਿ ਉਹ ਇਸੇ ਬਹਾਨੇ ਕੁੱਝ ਮੱਦਦ ਕਰਨਾ ਚਾਹੁੰਦਾ ਹੈ। ਉਹ ਦੋਵੇਂ ਉਠ ਕੇ ਬਾਹਰ ਨਿਕਲ ਰਹੇ ਸਨ ਤਾਂ ਗੁਰਸੇਵਕ ਨੇ ਕਿਹਾ, “ਭਰਾ ਜੀ! ਦੁਪਹਿਰ ਦੇ ਖਾਣੇ ਵੇਲੇ ਆ ਜਾਣਾ, ਤੁਹਾਨੂੰ ਪਤਾ ਹੀ ਹੈ ਘਰੋਂ ਟਿਫਨ ਆਉਂਦੈ।” ਬਲਦੇਵ ਸਿੰਘ ਮੂੰਹੋਂ ਤਾਂ ਕੁੱਝ ਨਾ ਬੋਲਿਆ ਪਰ ਉਸ ਨੇ ਮੁਸਕਰਾ ਕੇ ਹਾਮੀ ਭਰੀ ਤੇ ਦੋਵੇਂ ਅਗੇ ਵੱਧ ਗਏ।
ਟਿੱਫਨ ਤਾਂ ਆਪਣੇ ਸਮੇਂ `ਤੇ ਡੇਢ ਕੁ ਵਜੇ ਪਹੁੰਚ ਗਿਆ ਸੀ, ਗੁਰਸੇਵਕ ਸਿੰਘ ਹੋਰੀਂ ਵੀ ਇੰਤਜ਼ਾਰ ਕਰ ਰਹੇ ਸਨ ਪਰ ਬਲਦੇਵ ਸਿੰਘ ਹੋਰੀਂ ਸਾਢੇ ਤਿੰਨ-ਚਾਰ ਵਜੇ ਪਹੁੰਚੇ। ਇੱਕ ਵਾਰੀ ਤਾਂ ਗੁਰਚਰਨ ਨੇ ਕਿਹਾ ਵੀ ਕਿ ਕਿਤੇ ਕਿਧਰੇ ਹੋਰ ਹੀ ਨਾ ਖਾ ਲੈਣ, ਅਸੀਂ ਖਾ ਲਈਏ ਪਰ ਗੁਰਸੇਵਕ ਨੂੰ ਯਕੀਨ ਸੀ ਕਿ ਇੰਝ ਨਹੀਂ ਹੋ ਸਕਦਾ, ਬਲਦੇਵ ਸਿੰਘ ਨੇ ਆਪ ਜਾਂਦੇ ਹਾਮੀ ਭਰੀ ਸੀ। ਉਨ੍ਹਾਂ ਨੂੰ ਵੇਖਦੇ ਹੀ ਗੁਰਸੇਵਕ ਸਿੰਘ ਨੇ ਮੁਲਾਜ਼ਮ ਨੂੰ ਅਵਾਜ਼ ਮਾਰੀ, “ਭਿੰਦਰ! ਹੱਥ ਧੁਵਾ ਭਰਾ ਜੀ ਹੋਰਾਂ ਨੂੰ, ਤੇ ਅੰਦਰ ਸ਼ੀਟ ਵਿਛਾ ਦੇ।” ਉਸ ਦੇ ਬਾਅਦ ਬਲਦੇਵ ਸਿੰਘ ਵੱਲ ਮੁੜਦਾ ਹੋਇਆ ਬੋਲਿਆ, “ਲਗਦੈ ਮਾਰਕੀਟ ਦਾ ਸਾਰਾ ਕੰਮ ਮੁਕਾ ਕੇ ਹੀ ਮੁੜੇ ਓ?”
“ਹਾਂ ਵੀਰੇ ਕੰਮ ਵੀ ਤਕਰੀਬਨ ਮੁੱਕ ਹੀ ਗਿਐ ਪਰ ਬਹੁਤਾ ਸਮਾਂ ਤਾਂ ਦੁੱਖ-ਸੁੱਖ ਫਰੋਲਣ ਵਿੱਚ ਹੀ ਲੱਗ ਗਿਐ। ਜਿਸ ਕੋਲ ਜਾ ਬੈਠੋ ਭਰਿਆ ਪਿਐ। … … ਅਸਲ ਵਿੱਚ ਕੰਮ ਤਾਂ ਬਹੁਤਾ ਹੈ ਵੀ ਨਹੀਂ ਸੀ, ਮੈਨੂੰ ਤਾਂ ਚਾਚਾ ਜੀ ਨੂੰ ਵੇਖਣ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਬਹੁਤੀ ਤਾਂਘ ਸੀ, ਫੇਰ ਵਪਾਰੀ ਆਦਮੀ ਦਾ ਕੰਮ ਤਾਂ ਨਾਲ ਜੁੜ ਹੀ ਜਾਂਦੈ … …. .” ਬਲਦੇਵ ਸਿੰਘ ਨੇ ਅੰਦਰ ਵੜਦੇ ਅਤੇ ਰੁਮਾਲ ਨਾਲ ਹੱਥ ਪੂੰਝਦੇ ਹੋਏ ਕਿਹਾ। ਚਾਰੇ ਦੁਕਾਨ ਦੇ ਅੰਦਰਲੇ ਹਿੱਸੇ ਵੱਲ ਆ ਗਏ, ਜਿਥੇ ਭਿੰਦਰ ਨੇ ਪਹਿਲਾਂ ਹੀ ਇੱਕ ਚਾਦਰ ਵਿਛਾ ਦਿੱਤੀ ਸੀ, ਕੁੱਝ ਪਲੇਟਾਂ, ਗਲਾਸ, ਪਾਣੀ ਦਾ ਭਰਿਆ ਜੱਗ ਆਦਿ ਤੇ ਟਿੱਫਨ ਵੀ ਕੋਲ ਹੀ ਰੱਖ ਦਿੱਤਾ ਸੀ। ਗੁਰਚਰਨ ਨੇ ਪਲੇਟਾਂ ਸਭ ਦੇ ਅੱਗੇ ਰੱਖ ਦਿੱਤੀਆਂ ਤੇ ਗੁਰਸੇਵਕ ਨੇ ਟਿਫਨ ਖੋਲ੍ਹਿਆ ਤੇ ਉਸ ਦੇ ਡਿੱਬੇ ਵਿੱਚਕਾਰ ਰਖਦਾ ਹੋਇਆ ਕਹਿਣ ਲੱਗਾ ‘ਲਓ ਸ਼ੁਰੂ ਕਰੋ’।
“ਵੀਰੇ! ਇੱਕ ਗੱਲ ਦਾ ਬਹੁਤ ਦੁੱਖ ਲਗੈ ਕਿ ਹਿੰਦੂ ਸਿੱਖ ਦਾ ਆਪਸ ਵਿੱਚ ਬਹੁਤ ਪਾੜ ਪੈ ਗਿਆ ਮਹਿਸੂਸ ਹੁੰਦੈ” ਬਲਦੇਵ ਸਿੰਘ ਨੇ ਸਬਜ਼ੀ ਪਲੇਟ ਵਿੱਚ ਪਾਉਂਦੇ ਹੋਏ ਕਿਹਾ।
“ਪੈਣਾ ਹੀ ਸੀ ਜੀ, ਜਿਸ ਵੇਲੇ ਫ਼ੌਜ ਸਾਡੇ ਦਰਬਾਰ ਸਾਹਿਬ `ਤੇ ਗੋਲੇ ਵਰਸਾ ਰਹੀ ਸੀ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਸੀ, …. . ਇਹ ਖੁਸ਼ੀਆਂ ਮਨਾ ਰਹੇ ਸਨ, ਆਪਣੇ ਘਰਾਂ `ਤੇ ਦੀਪਮਾਲਾ ਕਰ ਰਹੇ ਸਨ। ਇਨ੍ਹਾਂ ਫ਼ੌਜ ਦਾ ਇਤਨਾ ਮਾਨ ਸਨਮਾਨ ਕੀਤੈ, ਉਨ੍ਹਾਂ ਨੂੰ ਮਠਿਆਈਆਂ ਖੁਆਈਆਂ ਨੇ, ਗਲਾਂ ਚ ਹਾਰ ਪਾਏ ਨੇ …. ਕੀ ਕੁੱਝ ਨਹੀਂ ਕੀਤਾ? …. . ਸਾਡੇ ਜ਼ਖਮਾਂ `ਤੇ ਨਮਕ ਛਿੜਕਣ ਲਈ, … …. ਜਿਵੇਂ ਉਹ ਬਾਹਰਲੇ ਕਿਸੇ ਮੁਲਕ ਉਤੇ ਜਿਤ ਪ੍ਰਾਪਤ ਕਰ ਕੇ ਆਏ ਹੋਣ …। ਇਨ੍ਹਾਂ ਲੋਕਾਂ ਦੇ ਮਨਾਂ ਵਿੱਚ ਤਾਂ ਪਹਿਲਾਂ ਹੀ ਫਰਕ ਸੀ, ਫਿਰ ਕੁਦਰਤੀ ਇਨ੍ਹਾਂ ਦੀਆਂ ਹਰਕਤਾਂ ਨਾਲ ਸਿੱਖਾਂ ਦੇ ਮਨ ਵਿੱਚ ਵੀ ਆ ਗਿਐ”, ਜੁਆਬ ਗੁਰਚਰਨ ਨੇ ਦਿੱਤਾ, ਜਾਪਦਾ ਸੀ ਉਹ ਬਹੁਤ ਭਰਿਆ ਪਿਐ।
“ਇਥੇ ਹੀ ਕਿਉਂ, ਉਥੇ ਨਹੀਂ ਪਿਆ ਭਾਪਾ ਜੀ? … … … ਉਥੇ ਵੀ ਤਾਂ ਇਹੀ ਕੁੱਝ ਕੀਤਾ ਗਿਐ, ਜਿਸ ਵੇਲੇ ਹਰ ਸਿੱਖ ਹਿਰਦਾ ਛਲਨੀ ਹੋਇਆ ਪਿਆ ਸੀ, ਅਸੀ ਦੁੱਖਾਂ ਦੀਆਂ ਨਦੀਆਂ ਵਿੱਚ ਗੋਤੇ ਖਾ ਰਹੇ ਸਾਂ, ਇਹ ਖੁਸ਼ੀਆਂ ਮਨਾ ਕੇ, ਦੀਪਮਾਲਾ ਕਰ ਕੇ, ਮਠਿਆਈਆਂ ਵੰਡ ਕੇ ਤੇ ਭੰਗੜੇ ਪਾ ਕੇ, ਸਿੱਖਾਂ ਦੇ ਤਪਦੇ ਹਿਰਦਿਆਂ `ਤੇ ਮੂੰਗ ਦੱਲ ਰਹੇ ਸਨ। … …. ਤੁਹਾਡਾ ਤੇ ਚੌਧਰੀ ਅੰਕਲ ਦਾ ਕਿਤਨਾ ਪਿਆਰ ਅਤੇ ਯਾਰਾਨਾ ਸੀ, ਰੋਜ਼ ਦਾ ਮੇਲ ਮਿਲਾਪ, ਹੁਣ ਕਿਤਨਾ ਚਿੱਰ ਹੋ ਗਿਐ ਕਦੇ ਟੈਲੀਫੋਨ ਵੀ ਨਹੀਂ ਆਇਆ, ਨਾਲੇ ਤੁਸੀਂ ਆਪ ਵੀ ਤਾਂ ਉਨ੍ਹਾਂ ਨੂੰ ਦੁਕਾਨ `ਤੇ ਆਇਆਂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਸਨ”, ਇਸ ਵਾਰੀ ਹਰਮੀਤ ਬੋਲਿਆ।
“ਇਹ ਸਾਰੀਆਂ ਗੱਲਾਂ ਠੀਕ ਨੇ ਪਰ ਮੈਂ ਸਮਝਦਾ ਹਾਂ ਕਿ ਇਸ ਵਿੱਚ ਉਨ੍ਹਾਂ ਦਾ ਬਹੁਤਾ ਕਸੂਰ ਨਹੀਂ, ਇਹ ਸਾਰੀ ਖੇਡ ਸਰਕਾਰ ਦੀ ਹੈ, ਸਰਕਾਰ ਨੇ ਮਹੌਲ ਹੀ ਐਸਾ ਪੈਦਾ ਕੀਤੈ ਕਿ ਸਾਰੇ ਦੇਸ਼ ਦੇ ਲੋਕ ਸਿੱਖਾਂ ਨੂੰ ਗੱਦਾਰ, ਬਾਗ਼ੀ ਤੇ ਕਾਤਲ ਸਮਝਣ ਲੱਗ ਪੈਣ, ਅਸੀਂ ਸਾਰੇ ਤਾਂ ਸਰਕਾਰ ਦੀ ਵਿਛਾਈ ਬਿਸਾਤ ਦੇ ਮੋਹਰੇ ਹੀ ਬਣੇ ਹਾਂ”, ਬਲਦੇਵ ਸਿੰਘ ਨੇ ਬੜੇ ਠਰ੍ਹਮੇਂ ਨਾਲ ਕਿਹਾ।
“ਤੁਹਾਡੇ ਉਥੇ ਦਾ ਤਾਂ ਪਤਾ ਨਹੀਂ ਭਰਾ ਜੀ ਪਰ ਇਥੇ ਪੰਜਾਬ ਦਾ ਹਿੰਦੂ ਭਾਈਚਾਰਾ ਤਾਂ ਪੂਰਾ ਕਸੂਰਵਾਰ ਹੈ। ਇਨ੍ਹਾਂ ਪੰਜਾਬ ਵਿੱਚ ਰਹਿ ਕੇ ਵੀ ਪੰਜਾਬ ਨੂੰ ਕਦੇ ਆਪਣਾ ਨਹੀਂ ਸਮਝਿਆ। ਮੁਤੱਸਬੀ-ਪੁਣਾ ਇਨ੍ਹਾਂ ਵਿੱਚ ਕੁੱਟ ਕੁੱਟ ਕੇ ਭਰਿਆ ਪਿਐ। ਇਹ ਰਹਿੰਦੇ ਪੰਜਾਬ ਵਿੱਚ ਨੇ, ਖਾਂਦੇ-ਕਮਾਂਦੇ ਪੰਜਾਬ ਦਾ ਨੇ ਪਰ ਇਨ੍ਹਾਂ ਦੇ ਹਿੱਤ ਪੰਜਾਬੋਂ ਬਾਹਰ ਜੁੜੇ ਹੋਏ ਨੇ, ਇਥੋਂ ਤੱਕ ਕੇ ਇਹ ਆਪਣੀ ਮਾਂ ਬੋਲੀ ਪੰਜਾਬੀ ਤੋਂ ਵੀ ਮੁਨਕਰ ਨੇ। ਅਸਲ ਵਿੱਚ ਸਾਰੀ ਮੁਸੀਬਤ ਸ਼ੁਰੂ ਹੀ ਇਥੋਂ ਹੋਈ ਹੈ, ਜਦੋਂ ਇਨ੍ਹਾਂ ਪੰਜਾਬ ਵਿੱਚ ਰਹਿੰਦੇ ਹੋਏ, ਪੰਜਾਬੀ ਵਿੱਚ ਬੋਲ ਕੇ, ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ, ਨਹੀਂ ਤਾਂ ਸ਼ਾਇਦ ਪੰਜਾਬੀ ਸੂਬੇ ਦੀ ਗੱਲ ਹੀ ਨਾ ਚਲਦੀ, ਨਾ ਸੂਬੇ ਦੀ ਵੰਡ ਹੁੰਦੀ ਤੇ ਨਾ ਚੰਡੀਗੜ੍ਹ ਆਦਿ ਦਾ ਮਸਲਾ ਖੜ੍ਹਾ ਹੁੰਦਾ। ਸੰਨ 1981 ਵਿੱਚ ਸਿੱਖਾਂ ਵਲੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ, ਬਸ ਏਨੀ ਮੰਗ ਮੰਗਣ ਦੀ ਦੇਰ ਸੀ ਕਿ ਫਿਰਕੂ ਮਾਨਸਿਕਤਾ ਨਾਲ ਲਬੋ-ਲਬ ਭਰੇ ਇਨ੍ਹਾਂ ਪੰਜਾਬੀ ਹਿੰਦੂਆਂ ਵਲੋਂ ਇਸ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਗਈ, ਇਨ੍ਹਾਂ ਫਿਰਕਾ-ਪ੍ਰਸਤਿ ਲੋਕਾਂ ਵੱਲੋਂ ਸਿਗਰਟਾਂ ਬੀੜੀਆਂ ਦੀਆਂ ਡੱਬੀਆਂ ਤ੍ਰਿਸ਼ੂਲਾਂ ਨਾਲ ਬੰਨ੍ਹ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਘੁਮਾਈਆਂ ਗਈਆਂ ਤੇ ਨਾਲ ਨਾਹਰੇ ਲਾਏ ਗਏ, ‘ਕੱਛਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਿਾਨ’ … …. .’ਬੀੜੀ ਸਿਗਰੇਟ ਪੀਏਂਗੇ, ਹਮ ਸ਼ਾਨ ਸੇ ਜੀਏਂਗੇ।’ ਅੰਮ੍ਰਿਤਸਰ ਤਾਂ ਕੱਟੜਵਾਦੀ ਹਿੰਦੂ ਜਥੇਬੰਦੀ ਜਨਸੰਘ ਦਾ ਗੜ੍ਹ ਹੈ। ਹੁਣ ਭਾਵੇਂ ਇਨ੍ਹਾਂ ਆਪਣਾ ਨਾਂ ਬਦਲ ਕੇ ਭਾਰਤੀ ਜਨਤਾ ਪਾਰਟੀ ਰੱਖ ਲਿਆ ਹੈ ਪਰ ਇਨ੍ਹਾਂ ਦੀ ਸੋਚ ਜ਼ਰਾ ਵੀ ਨਹੀਂ ਬਦਲੀ, ਇਹ ਅੱਜ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸੁਫਨੇ ਵੇਖ ਰਹੇ ਹਨ। … … ਮੈਨੂੰ ਇੱਕ ਗੱਲ ਦੱਸੋ! ਕਿ ਖਾਲਿਸਤਿਾਨ ਮੰਗਣ ਅਤੇ ਹਿੰਦੂ ਰਾਸ਼ਟਰ ਮੰਗਣ ਵਿੱਚ ਕੀ ਫਰਕ ਹੈ? ਖਾਲਿਸਤਿਾਨ ਦੀ ਗੱਲ ਕਰਨ ਵਾਲੇ ਤਾਂ ਦੇਸ਼ ਧਰੋਹੀ ਹੋ ਗਏ ਪਰ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਦੇਸ਼ ਭਗਤ ਨੇ। ਇਹ ਪੰਜਾਬੀ ਹਿੰਦੂ ਪੰਜਾਬ ਦਾ ਪਾਣੀ ਪੀਂਦੇ ਨੇ ਪਰ ਚਾਹੁੰਦੇ ਨੇ ਕਿ ਪੰਜਾਬ ਦੇ ਦਰਿਆਵਾਂ ਦਾ ਸਾਰਾ ਪਾਣੀ ਪੰਜਾਬ ਤੋਂ ਬਾਹਰਲੇ ਸੂਬਿਆਂ ਨੂੰ ਵੰਡ ਦਿੱਤਾ ਜਾਵੇ, ਪੰਜਾਬ ਦੀ ਧਰਤੀ ਭਾਵੇਂ ਬੰਜਰ ਬਣ ਜਾਵੇ, ਇਥੇ ਦਾ ਕਿਸਾਨ ਭਾਵੇਂ ਭੁੱਖਾ ਨੰਗਾ ਹੋ ਜਾਵੇ, ਇਹ ਤਾਂ ਉਹ ਲੋਕ ਨੇ ਜਿਹੜੇ ਜਿਹੜੀ ਥਾਲੀ ਵਿੱਚ ਖਾਂਦੇ ਨੇ ਉਸੇ ਵਿੱਚ ਛੇਕ ਕਰ ਰਹੇ ਨੇ, ਇਸ ਵਾਸਤੇ ਇਨ੍ਹਾਂ ਨੂੰ ਬੇਕਸੂਰ ਕਹਿਣਾ ਬਿਲਕੁਲ ਜਾਇਜ਼ ਨਹੀਂ। ਹੁਣ ਵੀ ਜਦੋਂ ਫ਼ੌਜ ਦਰਬਾਰ ਸਾਹਿਬ ਤੇ ਹਮਲਾ ਕਰਨ ਆਈ ਏ, ਇਹ ਅੱਗੋਂ ਤਖਤੀਆਂ ਤੇ ਲਿੱਖ ਕੇ ਖਲੋ ਗਏ ਸਨ,
Welcome to Indian army (ਭਾਵ, ਭਾਰਤੀ ਫ਼ੌਜ ਨੂੰ ਜੀ ਆਇਆਂ) “, ਗੁਰਚਰਨ ਦਾ ਉਬਾਲ ਫੇਰ ਨਿਕਲ ਕੇ ਬਾਹਰ ਆ ਗਿਆ ਸੀ।
ਗੱਲਾਂ ਗੱਲਾਂ ਵਿੱਚ ਸਾਰੇ ਪ੍ਰਸ਼ਾਦਾ ਛੱਕ ਬੈਠੇ ਸਨ। ਗੁਰਸੇਵਕ ਸਿੰਘ ਹੁਣ ਤੱਕ ਬੜੇ ਧਿਆਨ ਨਾਲ ਸਾਰੀਆਂ ਗੱਲਾਂ ਸੁਣ ਰਿਹਾ ਸੀ ਪਰ ਉਸ ਵਿੱਚੋਂ ਕੋਈ ਜੁਆਬ ਨਹੀਂ ਸੀ ਦਿੱਤਾ ਯਾ ਸ਼ਾਇਦ ਪ੍ਰਸ਼ਾਦਾ ਛਕਦੇ ਬੋਲਣਾ ਉਸ ਦੀ ਆਦਤ ਨਹੀਂ ਸੀ, ਬੜੇ ਸਹਿਜ ਨਾਲ ਬੋਲਿਆ, “ਗੱਲਾਂ ਤੁਹਾਡੀਆਂ ਸਾਰਿਆਂ ਦੀਆਂ ਠੀਕ ਨੇ, ਪਰ ਅਸਲ ਗੱਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਮਕਸਦ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੈ। ਉਹ ਇਹੀ ਚਾਹੁੰਦੀ ਸੀ ਕਿ ਸਿੱਖਾਂ ਦੀ ਕੀਮਤ `ਤੇ ਸਾਰੇ ਦੇਸ਼ ਦੇ ਹਿੰਦੂਆਂ ਨੂੰ ਆਪਣੇ ਮਗਰ ਲਾ ਲਵੇ ਤੇ ਸਾਰੇ ਦੇਸ਼ ਦੇ ਹਿੰਦੂ ਕਾਂਗਰਸ ਨੂੰ ਵੋਟ ਪਾਉਣ। ਜਾਪਦੈ ਉਹ ਆਪਣੇ ਮਕਸਦ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਈ ਏ, ਅੱਜ ਸਾਰੇ ਹਿੰਦੂ ਉਸ ਦੀ ਤਾਰੀਫ ਕਰ ਰਹੇ ਨੇ, ਹੋਰ ਤਾਂ ਹੋਰ ਉਸ ਦਾ ਸਭ ਤੋਂ ਵੱਡਾ ਵਿਰੋਧੀ ਅਡਵਾਨੀ ਵੀ ਉਸ ਨੂੰ ਦੁਰਗਾ ਦਾ ਅਵਤਾਰ ਦੱਸ ਰਿਹੈ। ਨਹੀਂ ਤਾਂ ਜਿਤਨਾ ਪੈਸਾ ਸਿੱਖਾਂ ਵਿਰੁਧ ਪ੍ਰਾਪੇਗੰਡੇ ਉਤੇ, ਪੰਜਾਬ ਵਿੱਚ ਫ਼ੌਜ ਅਤੇ ਨੀਮ ਫ਼ੌਜੀ ਫੋਰਸ ਰੱਖਣ `ਤੇ ਅਤੇ ਹੁਣ ਇਸ ਫ਼ੌਜੀ ਐਕਸ਼ਨ `ਤੇ ਖਰਚਿਆ ਗਿਐ, ਉਸ ਨਾਲ ਤਾਂ ਕਈ ਚੰਡੀਗੜ੍ਹ ਉਸਾਰੇ ਜਾ ਸਕਦੇ ਸਨ ਅਤੇ ਕਈ ਨਦੀਆਂ ਬਣਾਈਆਂ ਜਾ ਸਕਦੀਆਂ ਸਨ … …. ਜਿਸ ਨਾਲ ਹਰਿਆਣੇ ਅਤੇ ਰਾਜਸਤਿਾਨ ਵਾਸਤੇ ਪਾਣੀ ਦਾ ਹੋਰ ਪ੍ਰਬੰਧ ਕੀਤਾ ਜਾ ਸਕਦਾ ਸੀ।”
ਇਤਨੇ ਨੂੰ ਬਾਹਰੋਂ ਅਵਾਜ਼ ਆਈ, “ਸਤਿ ਸ੍ਰੀ ਅਕਾਲ, ਗੁਰਸੇਵਕ ਸਿੰਘ ਜੀ।”
“ਉਹ ਬੱਲੇ … … ਬੱਲੇ … …, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸ਼ੁਕਰ ਹੈ ਵਾਹਿਗੁਰੂ ਦਾ ਤੁਹਾਡੇ ਦਰਸ਼ਨ ਹੋਏ ਨੇ। ਸਾਨੂੰ ਤਾਂ ਤੁਹਾਡੀ ਬਹੁਤ ਚਿੰਤਾ ਲੱਗੀ ਹੋਈ ਸੀ”, ਕਹਿੰਦੇ ਹੋਏ ਗੁਰਸੇਵਕ ਸਿੰਘ ਉੱਠ ਕੇ ਖੱਲੋ ਗਿਆ।
“ਬੈਠੋ ਬੈਠੋ … ਤੁਸੀ ਪ੍ਰਸ਼ਾਦਾ ਛੱਕ ਲਓ” ਉਸ ਨਵੇਂ ਆਏ ਸਜਣ ਨੇ ਕਿਹਾ।
“ਪ੍ਰਸ਼ਾਦਾ ਤਾਂ ਛੱਕ ਬੈਠੇ ਸਾਂ ਵੀਰ ਜੀ, ਬਸ ਉਂਝ ਵੀ ਸਾਰੇ ਉਠ ਹੀ ਰਹੇ ਸਾਂ”, ਜੁਆਬ ਗੁਰਚਰਨ ਨੇ ਦਿੱਤਾ ਤੇ ਨਾਲ ਹੀ ਅੱਗੇ ਜਾਕੇ ਹੱਥ ਮਿਲਾਇਆ। ਸਾਰੇ ਹੀ ਬਾਹਰ ਗੱਦੀ ਕੋਲ ਆ ਗਏ ਸਨ ਤੇ ਉਸ ਨਾਲ ਹੱਥ ਮਿਲਾ ਕੇ ਬੈਠ ਗਏ ਤੇ ਨਾਲ ਹੀ ਗੁਰਸੇਵਕ ਨੇ ਉਸ ਨੁੰ ਵੀ ਬੈਠਣ ਲਈ ਕਿਹਾ। ਉਹ ਉਥੇ ਹੀ ਬਾਹਰ ਥੱਲੇ ਲੱਤਾਂ ਲਟਕਾ ਕੇ ਬੈਠ ਗਿਆ, “ਉਪਰ ਹੋ ਕੇ ਅਰਾਮ ਨਾਲ ਬੈਠ ਜਾਓ ਵੀਰ ਜੀ” ਗੁਰਸੇਵਕ ਨੇ ਫੇਰ ਆਖਿਆ ਤੇ ਬਲਦੇਵ ਨਾਲ ਮਿਲਾਉਂਦੇ ਹੋਏ ਕਿਹਾ, “ਇਹ ਸਾਡੇ ਭਰਾ ਜੀ ਨੇ, ਸ੍ਰ. ਬਲਦੇਵ ਸਿੰਘ ਤੇ ਇਹ ਇਨ੍ਹਾਂ ਦਾ ਸਪੁੱਤਰ ਹੈ ਹਰਮੀਤ ਸਿੰਘ, ਇਹ ਕਾਨਪੁਰ ਰਹਿੰਦੇ ਨੇ।” ਬਲਦੇਵ ਸਿੰਘ ਅਤੇ ਹਰਮੀਤ ਨੇ ਅੱਗੇ ਹੋਕੇ ਉਸ ਨੂੰ ਫੇਰ ਹੱਥ ਜੋੜ ਕੇ ‘ਫਤਹਿ’ ਬੁਲਾਈ। ਫੇਰ ਗੁਰਸੇਵਕ ਸਿੰਘ ਨੇ ਉਸ ਦੀ ਪਹਿਚਾਣ ਕਰਾਈ, “ਇਹ ਸ੍ਰ. ਗੁਰਮੀਤ ਸਿੰਘ ਚੀਮਾ ਜੀ ਨੇ, ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਇੰਚਾਰਜ, ਫ਼ੌਜੀ ਐਕਸ਼ਨ ਦੌਰਾਨ ਇਹ ਦਰਬਾਰ ਸਾਹਿਬ ਸਮੂਹ ਦੇ ਅੰਦਰ ਹੀ ਸਨ, ਫ਼ੌਜ ਨੇ ਇਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ, ਤੇ ਫੇਰ ਚੀਮਾ ਜੀ ਵੱਲ ਮੁੜ ਕੇ ਪੁੱਛਣ ਲੱਗੇ, “ਕਦੋਂ ਆਏ ਹੋ ਤੁਸੀਂ?”
“ਆਇਆਂ ਤਾਂ 8-9 ਦਿਨ ਹੋ ਗਏ ਹਨ” ਉਸ ਨੇ ਛੋਟਾ ਜਿਹਾ ਜੁਆਬ ਦਿੱਤਾ ਤੇ ਉਪਰ ਹੋ ਕੇ ਚੌਂਕੜੀ ਮਾਰ ਕੇ ਬੈਠ ਗਿਆ।
“ਸ਼ੁਕਰ ਹੈ ਵਾਹਿਗੁਰੂ ਦਾ …. , ਸਾਨੂੰ ਤਾਂ ਜਦੋਂ ਦਾ ਪਤਾ ਲੱਗਾ ਕਿ ਤੁਸੀਂ ਉਨ੍ਹਾਂ ਦੁਸ਼ਟਾਂ ਦੀ ਕੈਦ ਵਿੱਚ ਹੋ, ਬੜੀ ਚਿੰਤਾ ਲੱਗੀ ਹੋਈ ਸੀ”, ਗੁਰਸੇਵਕ ਸਿੰਘ ਨੇ ਕਿਹਾ।
“ਬਸ ਵੀਰ ਜੀ! ਅਕਾਲ-ਪੁਰਖ ਨੇ ਕੁੱਝ ਸੁਆਸ ਹੋਰ ਬਖਸ਼ੇ ਹੋਏ ਸਨ, ਬਸ ਇਹ ਸਮਝੋ ਕਿ ਦੂਸਰਾ ਜਨਮ ਹੀ ਹੋਇਆ ਹੈ”, ਚੀਮਾ ਜੀ ਨੇ ਠੰਡਾ ਹਉਕਾ ਲੈ ਕੇ ਕਿਹਾ। ਫੇਰ ਜਿਵੇਂ ਕਿਸੇ ਗੱਲ ਦਾ ਧਿਆਨ ਆਇਆ ਹੋਵੇ, ਬੋਲਿਆ, “ਪਰ ਵੱਡੇ ਭਾਪਾ ਜੀ ਕਿਥੇ ਨੇ, ਉਹ ਨਜ਼ਰ ਨਹੀਂ ਆ ਰਹੇ?” ਗੁਰਸੇਵਕ ਸਿੰਘ ਨੇ ਉਸ ਨੂੰ ਆਪਣੇ ਪਰਿਵਾਰਕ ਸੰਤਾਪ ਬਾਰੇ ਅਤੇ ਪਿਤਾ ਜੀ ਬਾਰੇ ਸਾਰਾ ਵੇਰਵਾ ਦੱਸਿਆ, ਸੁਣ ਕੇ ਦੁਖੀ ਹੁੰਦਾ ਹੋਇਆ ਬੋਲਿਆ, “ਮੈਨੂੰ ਬਹੁਤਾ ਅੰਦਾਜ਼ਾ ਤਾਂ ਹੈ ਸੀ ਕਿਉਂਕਿ ਤੁਹਾਡੇ ਘਰ ਵਾਲਾ ਇਲਾਕਾ ਤਾਂ ਸਾਰਾ ਢਹਿ ਢੇਰੀ ਹੋਇਆ ਪਿਐ, ਫਿਰ ਤੁਹਾਡਾ ਘਰ ਕਿਵੇਂ ਬਚਣਾ ਸੀ, ਇਹ ਵੱਡੇ ਭਾਪਾ ਜੀ ਬਾਰੇ ਹੁਣ ਪਤਾ ਲੱਗੈ … ….” ਫਿਰ ਜਿਵੇਂ ਆਪੇ ਕੁੱਝ ਸੋਚ ਕੇ ਬੁੜਬੁੜਾਇਆ, “ਭਾਪਾ ਜੀ ਵਰਗੇ ਗੁਰਸਿੱਖ, ਜਿਨ੍ਹਾਂ ਸਾਰੀ ਜ਼ਿੰਦਗੀ ਦਰਬਾਰ ਸਾਹਿਬ ਦਾ ਨੇਮ ਇੱਕ ਦਿਨ ਵੀ ਨਹੀਂ ਖੁਸਾਇਆ, ਉਨ੍ਹਾਂ ਵਾਸਤੇ ਇਸ ਤੋਂ ਵੱਡਾ ਸੰਤਾਪ ਹੋਰ ਕੀ ਹੋ ਸਕਦੈ … … ਚਲੋ, ਜ਼ਰਾ ਆਪਣੇ ਨਵੇਂ ਘਰ ਦਾ ਪਤਾ ਲਿਖ ਦਿਓ, ਮੈਂ ਕਿਸੇ ਵੇਲੇ ਉਨ੍ਹਾਂ ਨੂੰ ਵੇਖਣ ਆਵਾਂਗਾ।”
“ਜੀ ਆਇਆਂ ਨੂੰ, ਜਦੋਂ ਮਰਜ਼ੀ ਆਓ। ਤੁਹਾਨੂੰ ਮਿਲ ਕੇ ਪਿਤਾ ਜੀ ਬਹੁਤ ਖੁਸ਼ ਹੋਣਗੇ”, ਗੁਰਸੇਵਕ ਨੇ ਇੱਕ ਕਾਗਜ਼ `ਤੇ ਪਤਾ ਲਿੱਖ ਕੇ ਉਸ ਦੇ ਹੱਥ ਫੜਾਉਂਦੇ ਹੋਏ ਕਿਹਾ। ਪਤਾ ਫੜ ਕੇ ਉਹ ਉਠਣ ਹੀ ਲੱਗਾ ਸੀ ਕਿ ਕੋਲੋਂ ਬਲਦੇਵ ਸਿੰਘ ਬੋਲ ਪਿਆ,
“ਵੀਰ ਜੀ! ਸਾਨੂੰ ਤਾਂ ਉਹੀ ਕੁੱਝ ਪਤੈ ਜੋ ਰੇਡਿਓ, ਟੀ ਵੀ ਜਾਂ ਅਖ਼ਬਾਰਾਂ ਰਾਹੀ ਪੜ੍ਹਿਆ, ਸੁਣਿਐ, ਦਸ ਰਹੇ ਨੇ ਕਿ ਤੁਸੀਂ ਅੰਦਰ ਸਾਓ, ਜ਼ਰਾ ਅੰਦਰ ਦੇ ਅਸਲੀ ਹਾਲਾਤ ਦਸੋ? ਸੱਚ ਜਾਣਨ ਲਈ ਮਨ ਬਹੁਤ ਤਰਸ ਰਿਹੈ।”
“ਬੜੀ ਦੁੱਖ ਭਰੀ ਦਾਸਤਾਨ ਹੈ ਸ੍ਰ. ਬਲਦੇਵ ਸਿੰਘ ਜੀ ਤੇ ਨਾਲੇ ਲੰਮੀ ਵੀ। ਕਿਸੇ ਵੇਲੇ ਸਮਾਂ ਮਿਲਿਆ ਤਾਂ ਬੈਠਾਂਗੇ, ਜ਼ਰੂਰ ਸੁਣਾਵਾਂਗਾ”, ਗੁਰਮੀਤ ਸਿੰਘ ਚੀਮਾ ਨੇ ਰੁੱਕ ਕੇ ਕਿਹਾ।
“ਪਰ ਅਸੀਂ ਤਾਂ ਕੱਲ ਵਾਪਸ ਕਾਨਪੁਰ ਚਲੇ ਜਾਣੈ, …. ਬੇਨਤੀ ਹੈ. . ਜੇ ਪਰਵਾਨ ਕਰ ਲਓ”, ਬਲਦੇਵ ਸਿੰਘ ਨੇ ਉਸ ਨੂੰ ਤਰਲਾ ਮਾਰਿਆ।
“ਕੱਲ ਕਿਸ ਵੇਲੇ ਜਾਣਾ ਹੈ ਤੁਸੀਂ?”
“ਜੀ ਦੁਪਹਿਰ ਤੋਂ ਪਹਿਲੇ ਹੀ ਨਿਕਲਨਾ ਹੈ”, ਬਲਦੇਵ ਸਿੰਘ ਦੇ ਚਿਹਰੇ `ਤੇ ਕੁੱਝ ਖੁਸ਼ੀ ਜਿਹੀ ਆ ਗਈ, ਉਸ ਨੂੰ ਮਹਿਸੂਸ ਹੋਇਆ ਕਿ ਚੀਮਾ ਜੀ ਨੇ ਉਸ ਦੀ ਗੱਲ ਮੰਨ ਲਈ ਸੀ।
“ਚਲੋ ਠੀਕ ਹੈ, ਕੱਲ ਐਤਵਾਰ ਹੈ, ਮੈਂ ਵੱਡੇ ਭਾਪਾ ਜੀ ਨੂੰ ਵੇਖਣ ਆਉਣਾ ਹੀ ਸੀ, ਸਵੇਰੇ ਹੀ ਆ ਜਾਵਾਂਗਾ, ਨਾਲੇ ਤੁਹਾਨੂੰ ਸਾਰੀ ਆਪ ਬੀਤੀ ਵੀ ਸੁਣਾ ਦੇਵਾਂਗਾ”, ਕਹਿਕੇ ਉਹ ਹੱਥ ਮਿਲਾ ਕੇ ਚਲਾ ਗਿਆ।
ਉਸ ਦੇ ਜਾਣ ਤੋਂ ਬਾਅਦ ਗੁਰਚਰਨ ਨੇ ਉਹ ਮਾਲ ਦੀ ਲਿਸਟ ਜੋ ਸਵੇਰੇ ਬਲਦੇਵ ਸਿੰਘ ਨੇ ਦਿੱਤੀ ਸੀ ਵਾਪਸ ਫੜਾਉਂਦੇ ਹੋਏ ਕਿਹਾ, “ਭਰਾ ਜੀ! ਬਾਕੀ ਮਾਲ ਤਾਂ ਤੁਹਾਡਾ ਜਾ ਰਿਹੈ, ਇਹ ਤਿੰਨ ਮਾਲ ਅਜੇ ਹੈ ਨਹੀਂ, ਤੁਹਾਨੂੰ ਪਤਾ ਹੀ ਹੈ ਗੁਦਾਮ ਤਾਂ ਸਾਰੇ ਲੁੱਟੇ ਗਏ ਨੇ, ਹੁਣ ਨਵਾਂ ਮਾਲ ਪਾ ਰਹੇ ਹਾਂ, ਅਜੇ ਮਿਲ `ਚੋਂ ਵੀ ਪੂਰਾ ਮਾਲ ਨਹੀਂ ਮਿਲ ਰਿਹਾ।”
ਕੋਲੋਂ ਗੁਰਸੇਵਕ ਬੋਲ ਪਿਆ, “ਆਪਣਾ ਮਾਲ ਆਉਂਦੇ ਅਜੇ ਤਿੰਨ ਚਾਰ ਦਿਨ ਲੱਗ ਜਾਣੇ ਨੇ, ਵੇਖ ਲਓ ਜੇ ਜਲਦੀ ਹੈ ਤਾਂ ਮਾਰਕੀਟ `ਚੋਂ ਦੇਖ ਲਓ, ਜੇ ਪੈਸੇ ਚਾਹੀਦੇ ਹਨ ਤਾਂ ਲੈ ਜਾਓ?”
“ਨਹੀਂ ਵੀਰੇ! ਕੋਈ ਜਲਦੀ ਨਹੀਂ, ਜਿਹੜਾ ਮਾਲ ਤੁਹਾਡੇ ਕੋਲੋਂ ਜਾਂਦੈ, ਇਥੋਂ ਹੀ ਜਾਵੇਗਾ, ਨੋਟ ਕਰ ਲਓ, ਜਦੋਂ ਆਵੇ ਭੇਜ ਦੇਣਾ। ਵੈਸੇ ਅਸੀਂ ਅਜੇ ਮਾਰਕੀਟ ਦਾ ਚੱਕਰ ਲਾਣ ਤਾਂ ਹੋਰ ਜਾਣਾ ਹੈ”, ਕਹਿੰਦੇ ਹੋਏ ਬਲਦੇਵ ਸਿੰਘ ਨੇ ਹਰਮੀਤ ਨੂੰ ਇਸ਼ਾਰਾ ਕੀਤਾ ਤੇ ਫੇਰ ਦੋਵੇਂ ਮਾਰਕੀਟ ਵਿੱਚ ਨਿਕਲ ਗਏ।
ਅਜੇ ਸੁਵੱਖਤਾ ਹੀ ਸੀ, ਸ੍ਰ. ਗੁਰਮੀਤ ਸਿੰਘ ਚੀਮਾ ਨੇ ਆ ਦਰਵਾਜ਼ਾ ਖੜਕਾਇਆ। ਬਲਦੇਵ ਸਿੰਘ ਤੇ ਗੁਰਚਰਨ ਬੈਠਕ ਵਿੱਚ ਹੀ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਗੁਰਚਰਨ ਨੇ ਉਠ ਕੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਜੀ ਆਇਆਂ ਕਹਿੰਦਾ ਹੋਇਆ ਫਤਹਿ ਬੁਲਾ ਕੇ ਅੰਦਰ ਲੈ ਆਇਆ। ਦਰਵਾਜ਼ਾ ਖੜਕਣ ਦੀ ਅਵਾਜ਼ ਸੁਣ ਕੇ ਗੁਰਸੇਵਕ ਵੀ ਬਾਹਰ ਆ ਗਿਆ ਸੀ ਤੇ ਸਾਰੇ ਬੈਠਕ ਵਿੱਚ ਬੈਠ ਗਏ। ਦੁਨੀਆਂਦਾਰੀ ਦੀਆਂ ਕੁੱਝ ਰਸਮੀ ਗੱਲਾਂ ਕਰਕੇ ਚੀਮਾ ਜੀ ਕਹਿਣ ਲੱਗੇ, “ਪਹਿਲਾਂ ਵੱਡੇ ਭਾਪਾ ਜੀ ਨੂੰ ਮਿਲਾ ਦਿਓ।”
“ਹਾਂ ਜੀ, ਆਓ! ਪਰ ਜ਼ਰਾ ਇਸ ਗੱਲ ਦਾ ਖਿਆਲ ਰੱਖਿਆ ਜੇ ਕਿ ਉਨ੍ਹਾਂ ਨਾਲ ਬਹੁਤੀਆਂ ਗੱਲਾਂ ਕਰਨ ਨੂੰ ਡਾਕਟਰ ਨੇ ਮਨ੍ਹਾ ਕੀਤੈ, ਨਾਲੇ ਗੱਲ ਵੀ ਜ਼ਰਾ ਸੰਭਾਲ ਕੇ ਹੀ ਕਰਨੀ ਪਵੇਗੀ … ….”, ਗੁਰਸੇਵਕ ਸਿੰਘ ਨੇ ਉਠਦੇ ਹੋਏ ਥੋੜਾ ਸੁਚੇਤ ਕੀਤਾ।
“ਤੁਸੀਂ ਫਿਕਰ ਨਾ ਕਰੋ ਵੀਰ ਜੀ, ਮੈਂ ਜਾਣਦਾ ਹਾਂ ਕਿ ਦਿਲ ਦੀ ਤਕੱਲੀਫ ਵਾਲੇ ਮਰੀਜ਼ ਨਾਲ ਕਿਵੇਂ ਗੱਲ ਕਰਨੀ ਹੈ।” ਤੇ ਗੁਰਮੀਤ ਸਿੰਘ ਚੀਮਾ ਨੇ ਕਰ ਵੀ ਕਮਾਲ ਦਿੱਤੀ। ਉਸ ਨੂੰ ਵੇਖ ਕੇ ਭਾਵੇਂ ਸ੍ਰ. ਚੇਤ ਸਿੰਘ ਨੇ ਦਿਲ ਭਰ ਲਿਆ ਪਰ ਉਸ ਨੇ ਇਕੋ ਗੱਲ ਵਿੱਚ ਸਾਰੀ ਗੱਲ ਮੁਕਾ ਦਿੱਤੀ ਕਿ ਸਭ ਅਕਾਲ ਪੁਰਖ ਦੇ ਹੁਕਮ ਤੇ ਰਜ਼ਾ ਵਿੱਚ ਹੈ ਤੇ ਗੁਰਬਾਣੀ ਦਾ ਉਪਦੇਸ਼ ਹੈ, ‘ਜੋ ਤੁਧੁ ਭਾਵੈ ਸਾਈ ਭਲੀ ਕਾਰ॥’ ਬਸ ਸਿੱਖ ਦਾ ਤਾਂ ਕੰਮ ਹੈ ਹਰ ਹਾਲਾਤ ਵਿੱਚ ਚੜ੍ਹਦੀਆਂ-ਕਲਾ ਵਿੱਚ ਰਹਿਣਾ, ਤੇ ਪੰਜ ਸੱਤ ਮਿੰਟ ਵਿੱਚ ਹੀ ਸਾਰੇ ਬੈਠਕ ਵਿੱਚ ਵਾਪਸ ਆ ਬੈਠੇ। ਹਰਮੀਤ ਅੰਦਰ ਬੱਚਿਆਂ ਨਾਲ ਬੈਠਾ ਸੀ ਬਲਦੇਵ ਸਿੰਘ ਨੇ ਉਸ ਨੂੰ ਵੀ ਬੁਲਾ ਲਿਆ ਤੇ ਫੇਰ ਚੀਮਾ ਜੀ ਨੂੰ ਆਪਣੀ ਹੱਡਬੀਤੀ ਸੁਨਾਉਣ ਲਈ ਬੇਨਤੀ ਕੀਤੀ।
“ਹਾਂ ਜ਼ਰੂਰ ਵੀਰੇ, ਇਸੇ ਵਾਸਤੇ ਤਾਂ ਮੈਂ ਅੱਜ ਇਤਨੇ ਸਵੇਰੇ ਆਇਆ ਹਾਂ।” ਗੁਰਮੀਤ ਸਿੰਘ ਚੀਮਾ ਗੱਲ ਸ਼ੁਰੂ ਕਰਨ ਹੀ ਲੱਗਾ ਸੀ ਕਿ ਉਥੇ ਹੀ ਨਾਸ਼ਤਾ ਆ ਗਿਆ ਤੇ ਗੁਰਸੇਵਕ ਕਹਿਣ ਲੱਗਾ, ਲਓ ਨਾਲੇ ਨਾਸ਼ਤਾ ਕਰੋ ਤੇ ਨਾਲ ਗੱਲ ਸੁਣਾਓ।” ਸਾਰਿਆਂ ਨੇ ਨਾਸ਼ਤਾ ਆਪਣੀਆਂ ਪਲੇਟਾਂ ਵਿੱਚ ਪਾਇਆ ਤੇ ਚੀਮਾ ਜੀ ਨੇ ਆਪਣੀ ਹੱਡਬੀਤੀ ਸੁਨਾਉਣੀ ਸ਼ੁਰੂ ਕੀਤੀ,
“ਮੈਂ ਤਿੰਨ ਜੂਨ ਤੋਂ ਹੀ ਸਮੁੰਦਰੀ ਹਾਲ ਵਿੱਚ (ਸੰਤ) ਹਰਚੰਦ ਸਿੰਘ ਲੌਂਗੋਵਾਲ ਜੀ ਦੇ ਨਾਲ ਸਾਂ। 3 ਜੂਨ ਤੱਕ ਸੀ. ਆਰ. ਪੀ. ਅਤੇ ਖਾੜਕੂਆਂ ਵਿੱਚਕਾਰ ਲਗਾਤਾਰ ਫਾਇਰਿੰਗ ਹੁੰਦੀ ਰਹੀ, ਜਿਸ ਨਾਲ ਕੁੱਝ ਸਿੰਘ ਸ਼ਹੀਦ ਹੋ ਗਏ ਅਤੇ ਦਰਬਾਰ ਸਾਹਿਬ ਉਤੇ ਵੀ ਗੋਲੀਆਂ ਲੱਗੀਆਂ।
ਇਸ ਦੌਰਾਨ (ਸੰਤ) ਜੀ ਨੇ ਰਾਸ਼ਟਰਪਤੀ ਅਤੇ ਗਵਰਨਰ ਨਾਲ ਟੈਲੀਫੋਨ `ਤੇ ਸੰਪਰਕ ਕਾਇਮ ਕਰਕੇ, ਉਨ੍ਹਾਂ ਨੂੰ ਦਰਬਾਰ ਸਾਹਿਬ ਉਤੇ ਹੋ ਰਹੀ ਫਾਇਰਿੰਗ ਤੁਰੰਤ ਬੰਦ ਕਰਨ ਲਈ ਕਿਹਾ। ਰਾਸ਼ਟਰਪਤੀ (ਸੰਤ) ਜੀ ਨਾਲ ਗੱਲ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰਦੇ ਰਹੇ ਪਰ ਗਵਰਨਰ ਨੇ ਸਪੱਸ਼ਟ ਕਹਿ ਦਿੱਤਾ ਕਿ ਉਸ ਦੇ ਵੱਸ ਦੀ ਕੋਈ ਗੱਲ ਨਹੀਂ, ਸਭ ਕੁੱਝ ਦਿੱਲੀ ਦੇ ਹੁਕਮ ਨਾਲ ਹੋ ਰਿਹਾ ਹੈ।
ਅਚਾਨਕ ਤਿੰਨ ਜੂਨ ਨੂੰ ਸਾਰਾ ਪੰਜਾਬ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ ਤੇ ਕਰਫਿਊ ਲਾ ਕੇ ਮੁਕੰਮਲ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਗਈ। ਸਰਕਾਰ ਨੇ ਨਿਹੱਥੇ ਲੋਕਾਂ ਨੂੰ ਬਾਹਰ ਨਿਕਲਣ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਦੌਰਾਨ ਜਥੇਦਾਰ ਟੌਹੜਾ (ਸੰਤ) ਭਿੰਡਰਾਂਵਾਲੇ ਨੂੰ ਮਿਲੇ ਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਾ ਹੋਏ। ਟੌਹੜਾ ਸਾਹਿਬ ਨੇ ਸਭ ਕੁੱਝ ਬਾਬਾ ਲੌਂਗੋਵਾਲ ਨੂੰ ਦੱਸਿਆ। ਹਾਲਾਤ ਬੜੇ ਹੀ ਨਾਜ਼ਕ ਸਨ ਤੇ ਹਜ਼ਾਰਾਂ ਬੇਗੁਨਾਹ ਸਿੱਖ ਮੌਤ ਦੇ ਮੂੰਹ ਵਿੱਚ ਫਸੇ ਹੋਏ ਸਨ।
ਗੋਲੀਆਂ ਲਗਾਤਾਰ ਬਰਸ ਰਹੀਆਂ ਸਨ ਤੇ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਮੁੰਦਰੀ ਹਾਲ ਵਿੱਚ ਲਗੀਆਂ ਜਿਥੇਂ (ਸੰਤ) ਲੌਂਗੋਵਾਲ ਨਿਵਾਸ ਕਰਦੇ ਸਨ। ਟੈਲੀਫੋਨ ਡੈਡ ਹੋ ਚੁਕੇ ਸਨ ਤੇ ਸਾਡਾ ਬਾਕੀ ਦੁਨੀਆਂ ਨਾਲੋਂ ਸੰਪਰਕ ਟੁੱਟ ਗਿਆ ਸੀ। ਅਜੇਹੀ ਹਾਲਤ ਵਿੱਚ ਲੌਂਗੋਵਾਲ ਜੀ ਤੇ ਜਥੇਦਾਰ ਟੌਹੜਾ ਆਪਸੀ ਵਿਚਾਰਾਂ ਲਈ ਇਕੋ ਜਗ੍ਹਾ ਇਕੱਠੇ ਹੋ ਗਏ। ਪੰਜ ਜੂਨ ਨੂੰ ਬੀਬੀ ਅਮਰਜੀਤ ਕੌਰ (ਸੁਪਤਨੀ ਸ਼ਹੀਦ ਫ਼ੌਜਾ ਸਿੰਘ) ਵੀ ਇਥੇ ਹੀ ਆ ਗਏ।
ਚਾਰ ਜੂਨ ਨੂੰ ਲੰਗਰ ਬਿਲਕੁਲ ਪੱਕ ਨਹੀਂ ਸੀ ਸਕਿਆ। ਸ਼ਾਮ ਨੂੰ ਪਿਛਲੀ ਗਲੀ ਦੇ ਲੋਕਾਂ ਨੇ ਕੁੱਝ ਲੰਗਰ ਤਿਆਰ ਕਰ ਕੇ ਭਾਰੀ ਖਤਰਿਆਂ ਦੇ ਬਾਵਜੂਦ ਅੰਦਰ ਭੇਜਿਆ, ਜਿਸ ਨੂੰ ਅਸੀਂ ਤੇ ਬੱਬਰ ਖਾਲਸਾ ਵਾਲਿਆਂ ਨੇ ਰੱਲ ਕੇ ਛਕਿਆ।
ਜਥੇਦਾਰ ਨਛੱਤਰ ਸਿੰਘ ਭਲਵਾਨ, ਪ੍ਰਧਾਨ ਜ਼ਿਲਾ ਅਕਾਲੀ ਜਥਾ, ਸੰਗਰੂਰ, ਤੇ ਉਨ੍ਹਾਂ ਦੀ ਮਾਤਾ ਜੀ ਛੇ ਸੌ ਤੋਂ ਵਧ ਬੀਬੀਆਂ ਅਤੇ ਸਿੰਘਾਂ ਦਾ ਜਥਾ ਲੈ ਕੇ ਪੁੱਜ ਗਏ ਸਨ, ਜਿਸ ਨੇ ਕਿ ਧਰਮ ਯੁਧ ਮੋਰਚੇ ਦੀ ਗ੍ਰਿਫਤਾਰੀ ਦੇਣੀ ਸੀ। ਇਹ ਜਥਾ ਵੀ ਸਮੁੰਦਰੀ ਹਾਲ ਵਿੱਚ ਹੀ ਠਹਿਰਿਆ ਹੋਇਆ ਸੀ। ਫ਼ੌਜ ਨੇ ਸੀ. ਆਰ. ਪੀ. ਦੇ ਟਿਕਾਣੇ ਮੱਲ ਕੇ ਦਰਬਾਰ ਸਾਹਿਬ `ਤੇ ਗੋਲੀ ਬਾਰੀ ਸ਼ੁਰੂ ਕਰ ਦਿੱਤੀ।
ਫ਼ੌਜ ਪਲੋ ਪਲੀ ਕੰਪਲੈਕਸ ਦਾ ਘੇਰਾ ਤੰਗ ਕਰੀ ਜਾ ਰਹੀ ਸੀ। ਅੰਤ ਪੰਜ ਜੂਨ ਰਾਤ ਦਸ ਵਜੇ ਫ਼ੌਜ ਨੇ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ, ਖੁਲ੍ਹਾ ਕਤਲੇਆਮ ਸ਼ੁਰੂ ਕਰ ਦਿੱਤਾ। ਉਸ ਲਈ ਹਰ ਸਿੱਖ ਅੱਤਵਾਦੀ ਸੀ। ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਾਰੇ ਫ਼ੌਜੀ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਸਨ।
ਕੰਪਲੈਕਸ ਵਿੱਚ ਗਹਿ ਗੱਚ ਲੜਾਈ ਹੋ ਰਹੀ ਸੀ। ਇਸ ਦੌਰਾਨ ਲੌਂਗੋਵਾਲ ਜੀ ਤੇ ਟੋਹੜਾ ਸਾਹਿਬ, ਪ੍ਰਧਾਨ ਜੀ ਦੇ ਰਿਹਾਇਸ਼ੀ ਕਮਰੇ ਵਿੱਚ ਸਨ ਤੇ ਮੇਰੇ ਨਾਲ ਸ੍ਰ. ਭਾਨ ਸਿੰਘ, ਅਬਿਨਾਸ਼ੀ ਸਿੰਘ, ਦਰਸ਼ਨ ਸਿੰਘ ਈਸਾਪੁਰ ਅਤੇ ਰਾਮੂਵਾਲੀਆ ਜੀ ਆਦਿ ਸਮੁੰਦਰੀ ਹਾਲ ਦੇ ਦਫਤਰ ਵਿੱਚ ਸਾਂ। ਸਮੁੰਦਰੀ ਹਾਲ ਤੇ ਉਸ ਦੇ ਬਰਾਂਡੇ ਜਥੇ ਦੇ ਮੈਂਬਰਾਂ ਨਾਲ ਠੁੱਸ ਸਨ। ਅਚਾਨਕ ਸਵਾ ਚਾਰ ਵਜੇ ਫ਼ੌਜ ਦੀ ਟੁਕੜੀ ਨੇ ਸਮੁੰਦਰੀ ਹਾਲ ਘੇਰ ਲਿਆ ਤੇ ਦਹਿਸ਼ਤ ਫੈਲਾਉਣ ਲਈ ਅੰਧਾ ਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਉਂ ਹੀ ਫ਼ੌਜੀਆਂ ਨੂੰ ਪਤਾ ਲੱਗਾ ਕਿ ਇਥੇ (ਸੰਤ) ਲੌਗੋਵਾਲ ਅਤੇ ਟੌਹੜਾ ਸਾਹਿਬ ਹਨ ਤਾਂ ਉਨ੍ਹਾਂ ਉੱਚੀ ਅਵਾਜ਼ ਵਿੱਚ ਆਪਣੇ ਕਿਸੇ ਅਫਸਰ ਨੂੰ ਦੱਸਿਆ, ‘ਸਾਬ੍ਹ ਲੌਂਗੋਵਾਲ ਯਹਾਂ ਹੈ’। ਅਵਾਜ਼ ਸੁਣਦੇ ਹੀ ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਬਾਹਰ ਆ ਗਏ ਤੇ ਉਨ੍ਹਾਂ ਉੱਚੀ ਅਵਾਜ਼ ਵਿੱਚ ਕਿਹਾ ਕਿ ਭਾਰਤੀ ਫ਼ੌਜ ਨੇ ਸਾਡੇ ਉਤੇ ਇਉਂ ਹਮਲਾ ਕੀਤਾ ਹੈ ਜਿਵੇਂ ਅਸੀਂ ਵਿਦੇਸ਼ੀ ਹੋਈਏ, ਕਿਸੇ ਅਜ਼ਾਦ ਦੇਸ਼ ਦੀ ਫ਼ੌਜ ਨੂੰ ਇਸ ਤਰ੍ਹਾਂ ਬੇਗੁਨਾਹ ਲੋਕਾਂ ਦਾ ਖੂਨ ਕਰਨ ਤੇ ਇੱਕ ਅਹਿਮ ਘੱਟ ਗਿਣਤੀ ਦੇ ਧਾਰਮਿਕ ਕੇਂਦਰ ਨੂੰ ਤਬਾਹ ਕਰਨ ਦਾ ਕੋਈ ਹੱਕ ਨਹੀਂ, ਪਰ ਅਫਸਰ ਨੇ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਸਪੱਸ਼ਟ ਕਿਹਾ ਕਿ ‘ਆਪ ਹਮੇਂ ਕੁਛ ਕਹਿਨੇ ਕੀ ਬਜਾਏ ਜਰਨੈਲ ਸਿੰਘ ਕੋ ਫਾਇਰਿੰਗ ਬੰਦ ਕਰਨੇ ਕੇ ਲੀਏ ਕਿਉਂ ਨਹੀਂ ਕਹਿਤੇ’। ਅਫਸਰ ਨੇ ਇਹ ਵੀ ਕਿਹਾ ਕਿ ‘ਜ਼ਿਆਦਾ ਬੋਲਨੇ ਕੀ ਜ਼ਰੂਰਤ ਨਹੀਂ ਹੈ, ਆਪ ਫ਼ੌਜ ਕੀ ਕੈਦ ਮੇਂ ਹੋ ਔਰ ਚੁੱਪ-ਚਾਪ ਹਮਾਰੇ ਸਾਥ ਚੱਲ ਦੋ’। ਇਸ ਤੋਂ ਬਾਅਦ ਇੱਕ ਅਫਸਰ ਨੇ ਲੌਂਗੋਵਾਲ ਜੀ ਅਤੇ ਟੌਹੜਾ ਸਾਹਿਬ ਨੂੰ ਜ਼ਬਰਦਸਤੀ ਬਾਂਹ ਤੋਂ ਫੜ ਕੇ ਪੁਰਾਣੀ ਐਗਜ਼ੈਕਟਿਵ ਦੇ ਕਮਰਾ ਨੰ: ਤਿੰਨ ਵਿੱਚ ਜਾਣ ਲਈ ਕਿਹਾ। ਪੂਰੀ ਫ਼ੌਜੀ ਟੁਕੜੀ ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਦੁਆਲੇ ਸਟੇਨਗੰਨਾਂ ਤਾਣੀ ਖੜ੍ਹੀ ਸੀ।”
ਸਾਰਿਆਂ ਦਾ ਧਿਆਨ ਪੂਰੀ ਤਰ੍ਹਾਂ ਗੁਰਮੀਤ ਸਿੰਘ ਚੀਮਾ ਦੀਆਂ ਗੱਲਾਂ ਵਿੱਚ ਟਿੱਕ ਗਿਆ ਸੀ, ਕਿਸੇ ਦੇ ਸਾਹ ਦੀ ਅਵਾਜ਼ ਵੀ ਨਹੀਂ ਆ ਰਹੀ ਸੀ। ਵਿੱਚੋਂ ਗੁਰਸੇਵਕ ਸਿੰਘ ਬੋਲ ਪਿਆ, “ਵੀਰੇ ਨਾਲ ਕੁੱਝ ਛਕੀ ਵੀ ਜਾਓ, ਸਭ ਠੰਡਾ ਹੋ ਰਿਹੈ।” ਬਾਕੀ ਸਾਰਿਆਂ ਨੇ ਕੁੱਝ ਥੋੜ੍ਹਾ ਬਹੁਤ ਆਪਣੀਆਂ ਪਲੇਟਾਂ ਵਿੱਚ ਪਾ ਲਿਆ ਪਰ ਗੁਰਮੀਤ ਸਿੰਘ ਚੀਮਾ ਨੇ ਹੱਥ ਦੇ ਇਸ਼ਾਰੇ ਨਾਲ ਨਾਂਹ ਕਰਦੇ ਹੋਏ, ਇੱਕ ਠੰਡਾ ਹਉਕਾ ਲਿਆ ਤੇ ਅਪਣੀ ਦਾਸਤਾਨ ਫੇਰ ਸ਼ੁਰੂ ਕਰ ਦਿੱਤੀ, “ਫਿਰ ਤਸ਼ੱਦਦ ਅਤੇ ਸਹਿਮ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਸਾਡੀਆਂ ਸਾਰਿਆਂ ਦੀਆਂ ਕ੍ਰਿਪਾਨਾਂ ਤੇ ਦਸਤਾਰਾਂ ਜ਼ਬਰਦਸਤੀ ਉਤਾਰ ਲਈਆਂ ਗਈਆਂ, ਜੇਬਾਂ ਫਰੋਲ ਲਈਆਂ ਗਈਆਂ। ਇਸ ਤੋਂ ਬਾਅਦ ਸਾਨੂੰ ਗੁਰੂ ਰਾਮਦਾਸ ਸਰਾਂ ਦੇ ਵਿਹੜੇ ਵਿੱਚ ਲਾਈਨਾਂ ਵਿੱਚ ਬੈਠਣ ਲਈ ਕਿਹਾ ਗਿਆ। ਸਮੁੰਦਰੀ ਹਾਲ ਵਾਲਾ ਜਥਾ ਵੀ ਸਰਾਂ ਵਿੱਚ ਪਹੁੰਚ ਚੁੱਕਾ ਸੀ। ਇੱਕ ਹਜ਼ਾਰ ਦੇ ਕਰੀਬ ਬੇਗੁਨਾਹ ਅਤੇ ਨਿਹੱਥੇ ਲੋਕ ਸਰਾਂ ਵਿੱਚ ਜਮਾਂ ਹੋ ਗਏ। ਕੋਈ ਸਾਢੇ ਚਾਰ ਦਾ ਵਕਤ ਹੋਵੇਗਾ, ਅਜੇ ਅਸੀਂ ਪੰਜ ਛੇ ਲਾਈਨਾਂ ਹੀ ਬਣਾਈਆਂ ਸਨ ਕਿ ਸਰਾਂ ਦੀ ਉਪਰਲੀ ਮੰਜ਼ਲ ਤੋਂ ਦੋ ਗਰਨੇਡ ਸਾਡੇ ਉਤੇ ਸੁੱਟੇ, ਜੋ ਸਾਡੇ ਵਿੱਚ ਆ ਕੇ ਫੱਟੇ। ਗਰਨੇਡਾਂ ਤੋਂ ਬਚਣ ਲਈ ਜਦੋਂ ਲੋਕ ਆਪ ਮੁਹਾਰੇ ਉਠ ਕੇ ਭੱਜੇ ਤਾਂ ਫ਼ੌਜ ਨੇ ਅੰਨੇਵਾਹ ਗੋਲੀ ਚਲਾ ਕੇ ਦਾਣਿਆਂ ਵਾਂਗੂੰ ਭੁੰਨ ਸੁੱਟੇ। ਇਨ੍ਹਾਂ ਵਿੱਚ ਜਥੇ ਵਿੱਚ ਸ਼ਾਮਲ ਜ਼ਿਲਾ ਸੰਗਰੂਰ ਦੀਆਂ ਬੀਬੀਆਂ ਤੇ ਮਾਸੂਮ ਬੱਚਿਆਂ ਤੋਂ ਇਲਾਵਾ ਅਕਾਲੀ ਦੱਲ ਦੇ ਸਕੱਤਰ ਗੁਰਚਰਨ ਸਿੰਘ, ਜ਼ਿਲ੍ਹਾ ਸੰਗਰੂਰ ਦੇ ਜਥੇਦਾਰ ਨਛੱਤਰ ਸਿੰਘ ਵੀ ਸ਼ਹੀਦ ਹੋ ਗਏ।
ਇਸ ਤੋਂ ਬਾਅਦ ਸਾਨੂੰ ਸਰਾਂ ਦੇ ਕਮਰਿਆਂ ਤੇ ਬਰਾਂਡਿਆਂ ਵਿੱਚ ਬਿਠਾ ਕੇ ਸਖਤ ਪਹਿਰਾ ਲਾ ਦਿੱਤਾ ਗਿਆ। ਅਸੀਂ ਤੜਪਦੇ ਜ਼ਖਮੀਆਂ ਤੇ ਚਾਰ ਚੁਫੇਰੇ ਖਿਲਰੀਆਂ ਮਨੁੱਖੀ ਲਾਸ਼ਾਂ `ਚ ਬੈਠੇ ਸਾਂ। ਫ਼ੌਜ ਬੜੀ ਬੇਦਰਦੀ ਨਾਲ ਬੇਗੁਨਾਹਾਂ ਦੇ ਖੂਨ ਦੀ ਹੋਲੀ ਖੇਡ ਰਹੀ ਸੀ।
ਦੁਸ਼ਮਣ ਦੇਸ਼ ਨਾਲ ਜੰਗ ਸਮੇਂ ਵੀ ‘ਕੈਪਚਰ’ ਕੀਤੇ ਅਤੇ ਆਤਮ ਸਮਰਪਣ ਕਰਨ ਵਾਲਿਆਂ ਨਾਲ ਮਨੁੱਖਾਂ ਵਾਲਾ ਸਲੂਕ ਕੀਤਾ ਜਾਂਦਾ ਹੈ, ਪਰ ਇਥੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਅਤੇ ਧਰਮ-ਯੁਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਆਏ ਅਕਾਲੀ ਵਰਕਰਾਂ, ਜਿਨ੍ਹਾਂ ਵਿੱਚ ਬੀਬੀਆਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ, ਨੂੰ ਸਾਡੇ ਅੱਖਾਂ ਦੇ ਸਾਹਮਣੇ ਹੱਥ ਖੜ੍ਹੇ ਕਰਵਾ ਕੇ ਭਜਾਇਆ ਤੇ ਪਿੱਛੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਕੋਈ ਕਮਰਾ ਅਜਿਹਾ ਨਹੀਂ ਸੀ ਜਿਥੇ ਲਾਸ਼ਾਂ ਨਹੀਂ ਸਨ। ਫ਼ੌਜ ਜਿਸ `ਤੇ ਹਰ ਦੇਸ਼ ਵਾਸੀ ਮਾਣ ਕਰਦਾ ਹੈ, ਦਾ ਇੱਕ ਨਵਾਂ ਫਿਰਕੂ ਰੂਪ ਵੇਖਣ ਨੂੰ ਮਿਲਿਆ। ਕਮਰੇ ਵਿੱਚ ਪਹਿਲਾਂ ਅੱਗ ਲਾਉਣ ਵਾਲਾ ਬੰਬ ਖਿੜਕੀ ਰਾਹੀਂ ਸੁਟਿਆ ਜਾਂਦਾ, ਫਿਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ। ਸਿਰਫ ਸਰਾਂ ਵਿੱਚ ਹੀ ਅੱਠ ਸੌ ਤੋਂ ਵੱਧ ਲੋਕ ਮਾਰੇ ਗਏ। ਲੋਕਾਂ ਨੂੰ ਚਾਰ ਜੂਨ ਤੋਂ ਬਾਅਦ ਪਾਣੀ ਨਹੀਂ ਸੀ ਮਿਲਿਆ, ਜਿਸ ਸਦਕਾ ਪੰਜ ਨੰਬਰ ਹਾਲ ਵਿੱਚ 35 ਆਦਮੀ ਸਨ ਜਿਨ੍ਹਾਂ ਚੋਂ 31 ਪਿਆਸ ਨਾਲ ਤੜਪ ਕੇ ਮਰ ਗਏ। ਇਉਂ ਲੱਗਦਾ ਸੀ ਜਿਵੇਂ ਫ਼ੌਜੀਆਂ ਨੂੰ ਸਿੱਖਾਂ ਦੇ ਖਿੱਲਾਫ ਭੜਕਾਇਆ ਗਿਆ ਹੋਵੇ, ਉਹ ਸਿੱਖ ਧਰਮ ਤੇ ਦਰਬਾਰ ਸਾਹਿਬ ਬਾਰੇ ਬੜੀਆਂ ਵਾਹਿਯਾਤ ਅਤੇ ਦਿਲ ਸਾੜਵੀਆਂ ਗੱਲਾਂ ਕਰ ਰਹੇ ਸਨ। ਪਾਣੀ ਦੀ ਟੈਂਕੀ ਤਬਾਹ ਹੋ ਚੁੱਕੀ ਸੀ, ਹੈਂਡ ਪੰਪ ਹੈ ਨਹੀਂ ਸੀ। ਲੋਕ ਪਾਣੀ ਤੋਂ ਪਿਆਸੇ ਮਰ ਰਹੇ ਸਨ। ਅਜੇਹੀ ਹਾਲਤ ਵਿੱਚ ਪਾਣੀ ਦੀਆਂ ਟੂਟੀਆਂ, ਜਿਥੇ ਲੋਕ ਇਸ਼ਨਾਨ ਕਰਦੇ ਸਨ ਤੇ ਕੁੱਝ ਲੋਕ ਪੇਸ਼ਾਬ ਵੀ ਕਰਦੇ ਸਨ, ਦਾ ਪਾਣੀ ਗੰਦੀ ਨਾਲੀ ਤੋਂ ਉਛਲ ਕੇ ਇੱਕ ਛੋਟੀ ਛੱਪੜੀ ਦਾ ਰੂਪ ਧਾਰ ਚੁੱਕਾ ਸੀ, ਇਸ ਪਾਣੀ ਤੇ ਪੇਸ਼ਾਬ ਦੀ ਛੱਪੜੀ ਵਿੱਚ ਹੁਣ ਮਨੁੱਖੀ ਲਾਸ਼ਾਂ ਵੀ ਪਈਆਂ ਸਨ, ਜਿਨ੍ਹਾਂ ਦਾ ਲਹੂ ਵੀ ਇਸ ਵਿੱਚ ਮਿਲ ਚੁੱਕਾ ਸੀ, ਸੱਚ ਜਾਣਿਓ ਇਹ ਲਹੂ ਅਤੇ ਪਿਸ਼ਾਬ ਮਿਲਿਆ ਪਾਣੀ ਹੀ ਅਸੀਂ ਸਵੇਰੇ ਚਾਰ ਵਜੇ ਤੋਂ ਲੈਕੇ ਦੁਪਹਿਰ ਡੇਢ ਵਜੇ ਦੁਪਹਿਰ ਤੱਕ ਫ਼ੌਜੀਆਂ ਦੇ ਤਰਲੇ ਲੈ ਕੇ ਪੀਂਦੇ ਰਹੇ ਸੀ।
ਇਕ 65 ਕੁ ਸਾਲਾਂ ਦਾ ਸਿੱਖ ਬਜ਼ੁਰਗ ਪਾਣੀ ਲਈ ਤੜਫ ਰਿਹਾ ਸੀ, ਉਸ ਨੇ ਇੱਕ ਫ਼ੌਜੀ ਨੂੰ ਕਿਹਾ ਕਿ ‘ਸਾਹਿਬ ਏਕ ਘੁੱਟ ਪਾਣੀ ਲੇ ਲੂਂ’ ਉਹ ਫ਼ੌਜੀ ਬਹੁਤ ਬੁਰੀ ਤਰ੍ਹਾਂ ਬੋਲਿਆ ਕਿ ‘ਪਾਣੀ ਨਹੀਂ ਮਿਲੇਗਾ। ਸਾਲਾ ਪਾਣੀ ਮਾਂਗਤਾ ਹੈ, ਪਹਿਲੇ ਕਹਿਤੇ ਥੇ ਹਰਿਆਣੇ ਕੋ ਪਾਣੀ ਨਹੀਂ ਦੇਣਾ, ਰਾਜਸਥਾਨ ਕੋ ਪਾਣੀ ਨਹੀਂ ਦੇਣਾ। ਅਬ ਤੁਮ ਕੋ ਹਰਾਮਜ਼ਾਦੇ ਪੀਣੇ ਕੇ ਲੀਏ ਭੀ ਪਾਣੀ ਨਹੀਂ ਮਿਲੇਗਾ। ਇਸੇ ਤਰ੍ਹਾਂ ਜਥੇਦਾਰ ਨਛੱਤਰ ਸਿੰਘ ਭਲਵਾਨ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਕੇ ਆਖਰੀ ਸਾਹਾਂ ਉਤੇ ਸਨ ਤੇ ਬਜ਼ੁਰਗ ਮਾਂ, ਉਨ੍ਹਾਂ ਦੇ ਮੂੰਹ ਵਿੱਚ ਪਾਣੀ ਪਾਉਣ ਲੱਗੀ ਤਾਂ ਇੱਕ ਫ਼ੌਜੀ ਨੇ ਮਾਤਾ ਨੂੰ ਬੱਟ ਮਾਰ ਕੇ ਕਿਹਾ, ‘ਹਟ ਬੁੜੀਆ, ਮੱਤ ਪਿਲਾ ਇਸ ਕੋ ਪਾਣੀ, ਮਰਨੇ ਦੇ ਸਾਲੇ ਕੋ’।
ਇਕ ਨੌਜੁਆਨ ਔਰਤ ਜਿਸ ਦਾ ਪਤੀ ਸਰਾਂ ਦੀਆਂ ਟੂਟੀਆਂ ਕੋਲ ਸ਼ਹੀਦ ਹੋਇਆ ਪਿਆ ਸੀ, ਨੇ ਆਪਣੇ ਮਰ ਚੁੱਕੇ ਦੋ ਸਾਲਾਂ ਦੇ ਬੱਚੇ ਨੂੰ ਆਪਣੇ ਪਤੀ ਦੀ ਹਿੱਕ `ਤੇ ਲਿਟਾਇਆ ਤੇ ਡਲ੍ਹਕਦੀਆਂ ਅੱਖਾਂ ਨਾਲ ‘ਵਾਹਿਗੁਰੂ ਵਾਹਿਗੁਰੂ’ ਕਰਦੀ ਬਰਾਂਡੇ ਵਿੱਚ ਆ ਕੇ ਬੈਠ ਗਈ। ਇੱਕ ਹੋਰ ਘਟਨਾ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਸਰਾਂ ਵਿੱਚ ਵਾਪਰੀ ਉਸ ਨੇ ਮੈਨੂੰ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ। 6 ਜੂਨ ਸਵੇਰੇ 6 ਵਜੇ ਦਾ ਵਕਤ ਹੋਵੇਗਾ। ਇੱਕ ਨੌਜੁਆਨ ਔਰਤ ਫ਼ੌਜ ਦੇ ਵਹਿਸ਼ੀਪਨ ਦਾ ਸ਼ਿਕਾਰ ਹੋ ਚੁੱਕੀ ਸੀ ਤੇ ਉਸ ਦਾ ਡੇਢ ਕੁ ਸਾਲ ਦਾ ਬੱਚਾ ਉਸ ਦੀ ਛਾਤੀ `ਤੇ ਪਿਆ ਸੀ। ਸ਼ਾਇਦ ਬੱਚਾ ਵੀ ਗੰਭੀਰ ਰੂਪ ਵਿੱਚ ਜ਼ਖਮੀਂ ਸੀ। ਫ਼ੌਜੀ ਲੰਘਣ ਲਈ ਰਸਤਾ ਬਣਾ ਰਹੇ ਸਨ ਤੇ ਲਾਸ਼ਾਂ ਇੱਕ ਪਾਸੇ ਇਕੱਠੀਆਂ ਕਰ ਰਹੇ ਸਨ। ਉਸ ਨੌਜੁਆਨ ਮੁਟਿਆਰ ਦੀ ਲਾਸ਼ ਜਦੋਂ ਇੱਕ ਫ਼ੌਜੀ ਨੇ ਲੱਤੋਂ ਫੜ ਕੇ ਘਸੀਟੀ ਤਾਂ ਬੱਚਾ ਇੱਕ ਪਾਸੇ ਲੁੜਕ ਗਿਆ, ਇੱਕ ਹੋਰ ਫ਼ੌਜੀ ਆਇਆ ਤੇ ਉਸ ਨੇ ਬੱਚੇ ਨੂੰ ਲੱਤੋਂ ਫੜ ਕੇ, ਜਿਵੇਂ ਬੱਚੇ ਮਰਿਆ ਚੂਹਾ ਫੜਦੇ ਹਨ, ਲਾਸ਼ਾਂ ਦੇ ਢੇਰ ਉਤੇ ਸੁੱਟ ਦਿੱਤਾ।
ਇਕ ਸਮਾਂ ਤਾਂ ਐਸਾ ਆਇਆ ਕਿ ਜਦੋਂ ਕਿਸੇ ਨੇ ਅਫਵਾਹ ਉਡਾ ਦਿੱਤੀ ਕਿ (ਸੰਤ) ਲੌਗੋਵਾਲ ਤੇ ਜਥੇਦਾਰ ਟੌਹੜਾ ਨੂੰ ਗੋਲੀ ਮਾਰ ਦਿੱਤੀ ਗਈ ਹੈ, ਸੱਚੀ ਗੱਲ ਹੈ ਅਸੀਂ ਵੀ ਮਹਿਸੂਸ ਕਰ ਲਿਆ ਕਿ ਅਸੀਂ ਵੀ ਮੌਤ ਦੇ ਬਹੁਤ ਨਜ਼ਦੀਕ ਪਹੁੰਚ ਚੁੱਕੇ ਹਾਂ ਤੇ ਹੁਣ ਫ਼ੌਜੀ ਸਾਨੂੰ ਲਾਈਨਾਂ ਵਿੱਚ ਖੜ੍ਹੇ ਕਰਨਗੇ ਤੇ ਗੋਲੀ ਮਾਰ ਦੇਣਗੇ। ਪਰ ਗੁਰੂ ਕਿਰਪਾ ਨਾਲ ਐਸਾ ਵਕਤ ਨਾ ਆਇਆ ਤੇ ਅਸੀਂ ਇੱਕ ਵਜੇ ਦੁਪਹਿਰ ਤੱਕ ਜ਼ਿੰਦਗੀ ਤੇ ਮੌਤ ਦੇ ਵਿੱਚਕਾਰ ਲਟਕਦੇ ਰਹੇ।
ਅਚਾਨਕ ਉਧਰ ਇੱਕ ਕਰਨਲ ਆਇਆ ਤੇ ਮੈਂ ਸ੍ਰ. ਰਾਮੂਵਾਲੀਏ ਨੂੰ ਕਿਹਾ ਕਿ ਆਪਣੀ ਜਾਣ ਪਹਿਚਾਣ ਕਰਵਾ ਕੇ ਇਸ ਕੋਲੋਂ ਲੌਂਗੋਵਾਲ ਜੀ ਬਾਰੇ ਪੁੱਛਿਆ ਜਾਵੇ। ਸ੍ਰ. ਰਾਮੂਵਾਲੀਏ ਨੇ ਜਦੋਂ ਆਪਣੀ ਪਹਿਚਾਣ ਕਰਵਾ ਕੇ ਲੌਂਗੋਵਾਲ ਜੀ ਅਤੇ ਟੌਹੜਾ ਸਾਹਿਬ ਬਾਰੇ ਉਡੀ ਅਫਵਾਹ ਬਾਰੇ ਪੁੱਛਿਆ ਤਾਂ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਝੂਠ ਹੈ। ਸਾਨੂੰ ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਕੋਲ ਲੈ ਗਿਆ। ਉਨ੍ਹਾਂ ਨੂੰ ਸਹੀ ਸਲਾਮਤ ਵੇਖ ਕੇ ਸਾਡੇ ਸਾਹ ਵਿੱਚ ਸਾਹ ਆਇਆ।
ਹੁਣ ਛੇ ਜੂਨ ਦੀ ਸਿਖਰ ਦੁਪਹਿਰ ਹੋ ਚੁੱਕੀ ਸੀ। ਟੌਹੜਾ ਸਾਹਿਬ ਨੇ ਕਰਨਲ ਨੂੰ ਕਿਹਾ ਕਿ ਜੇ ਸਾਨੂੰ ਮਾਰਨਾ ਹੀ ਹੈ ਤਾਂ ਬੇਸ਼ਕ ਗੋਲੀ ਮਾਰ ਦਿਓ ਪਰ ਬੇਕਸੂਰ ਤੇ ਮਾਸੂਮ ਲੋਕਾਂ ਨੂੰ ਪਾਣੀ ਤੋਂ ਨਾ ਤੜਫਾਉ। ਕਰਨਲ ਪਾਣੀ ਦਾ ਇੰਤਜ਼ਾਮ ਕਰਨ ਦਾ ਵਿਸ਼ਵਾਸ ਦੇ ਕੇ ਚਲਾ ਗਿਆ। ਹੁਣ ਅਸੀਂ ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਪਾਸ ਖੁਲ੍ਹੇ ਆ ਜਾ ਸਕਦੇ ਸਾਂ। ਦਹਿਸ਼ਤ ਬਹੁਤ ਸੀ। ਬਾਹਰ ਅਜੇ ਵੀ ਗੋਲੀ ਚੱਲ ਰਹੀ ਸੀ। ਡੇਢ ਵਜੇ ਪੰਜਾਬ ਪੁਲੀਸ ਦੇ ਜਵਾਨ ਪਾਣੀ ਦੇ ਟੱਬ ਭਰ ਕੇ ਲਿਆਏ, ਜਿਸ ਨਾਲ ਸੈਂਕੜੇ ਲੋਕਾਂ ਨੂੰ ਨਵਾਂ ਜੀਵਨ ਮਿਲਿਆ। ਪੁਲਿਸ ਦੇ ਜਵਾਨ ਡਲ੍ਹਕਦੀਆਂ ਅੱਖਾਂ ਨਾਲ ਆਪਣੇ ਭਰਾਵਾਂ ਤੇ ਭੈਣਾਂ ਨੂੰ ਪਾਣੀ ਪਿਲਾ ਰਹੇ ਸਨ। ਮੈਨੂੰ ਪਹਿਲੀ ਵਾਰ ਗ਼ੁਲਾਮੀ ਦਾ ਅਹਿਸਾਸ ਹੋਇਆ।
ਇਸ ਸਮੇਂ ਹੀ ਇੱਕ ਹੋਰ ਬੜੀ ਸ਼ਰਮਨਾਕ ਘਟਨਾ ਵਾਪਰੀ। ਅਸੀਂ ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਕੋਲ ਬੈਠੇ ਸੀ। ਬਾਹਰ ਇੱਕ ਫ਼ੌਜੀ ਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਟੌਹੜਾ ਸਾਹਿਬ ਨੇ ਉਸ ਨੂੰ ਸਿਗਰਟ ਬੰਦ ਕਰਨ ਲਈ ਕਿਹਾ ਤਾਂ ਉਹ ਬੜੀ ਬਦਤਮੀਜ਼ੀ ਨਾਲ ਬੋਲਿਆ, ‘ਹਟ ਬੁੱਢੇ, ਬੱਕ ਬੱਕ ਮਤ ਕਰ, ਮੈਂ ਗੋਲੀ ਮਾਰ ਦੂੰਗਾ। ਟੌਹੜਾ ਸਾਹਿਬ ਤੇ (ਸੰਤ) ਜੀ ਨੇ ਕਿਹਾ ਕਿ ‘ਮਾਰ ਗੋਲੀ, ਅਸੀਂ ਮਰਨ ਲਈ ਤਿਆਰ ਹਾਂ। ਅੱਗੇ ਕਿਹੜੀ ਘੱਟ ਕੀਤੀ ਹੈ’। ਤਦ ਉਸ ਦੇ ਇੰਚਾਰਜ ਨੇ ਉਸ ਫ਼ੌਜੀ ਨੂੰ ਉਥੋਂ ਹਟਾ ਦਿੱਤਾ। ਵੈਸੇ ਫ਼ੌਜੀ ਜਾਣ ਬੁਝ ਕੇ ਸਿਗਰਟਾਂ ਪੀ ਰਹੇ ਸਨ।
ਜਦੋਂ ਸਾਨੂੰ ਅਕਾਲ ਤਖਤ ਸਾਹਿਬ ਦੇ ਤਬਾਹ ਹੋਣ ਬਾਰੇ ਪਤਾ ਲੱਗਾ ਤਾਂ ਸਾਡੇ ਵਿੱਚ ਖਾਮੋਸ਼ੀ ਛਾ ਗਈ। ਕੁੱਝ ਸਮੇਂ ਤੱਕ ਤਾਂ ਕੋਈ ਵੀ ਕੁੱਝ ਨਾ ਬੋਲਿਆ। ਸਾਡੀਆਂ ਸਭ ਦੀਆਂ ਅੱਖਾਂ ਗਿੱਲੀਆਂ ਸਨ। ਅਚਾਨਕ ਬੀਬੀ ਅਮਰਜੀਤ ਕੌਰ ਬੜੇ ਜਜ਼ਬਾਤ ਵਿੱਚ ਆ ਕੇ ਕਹਿਣ ਲੱਗੀ ਕਿ `ਚੰਗਾ ਹੁੰਦਾ (ਸੰਤ) ਜਰਨੈਲ ਸਿੰਘ ਆਪਣੇ ਆਪ ਨੂੰ ਫ਼ੌਜ ਦੇ ਹਵਾਲੇ ਕਰ ਦਿੰਦਾ ਤਾਂਕਿ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਇਹ ਹਾਲਤ ਨਾ ਹੁੰਦੀ। ਜੇ ਮੈਂ (ਸੰਤ) ਜਰਨੈਲ ਸਿੰਘ ਦੀ ਜਗ੍ਹਾ ਹੁੰਦੀ ਤਾਂ ਸਾਫ ਕਹਿ ਦੇਂਦੀ, ਮੇਰੇ ਗੁਰੂ `ਤੇ ਗੋਲੀ ਨਾ ਚਲਾਇਓ, ਮੈਨੂੰ ਭਾਵੇਂ ਟੁਕੜੇ ਟੁਕੜੇ ਕਰ ਦਿਓ। ਗੁਰੂ ਨੂੰ ਢਾਲ ਵਾਂਗ ਵਰਤਣਾ ਠੀਕ ਨਹੀਂ ਸੀ’। ਪਰ ਬੀਬੀ ਦਾ ਕਿਸੇ ਨੇ ਵੀ ਹੁੰਗਾਰਾ ਨਾ ਭਰਿਆ। ਚਾਰੇ ਪਾਸੇ ਦੁੱਖ-ਭਰੀ ਚੁੱਪ ਵਰਤੀ ਹੋਈ ਸੀ। ਭਾਣਾ ਵਰਤ ਚੁੱਕਾ ਸੀ। ਪੂਰੇ ਬਾਰ੍ਹਾਂ ਘੰਟੇ ਭੁੱਖੇ ਭਾਣੇ ਰਖਣ ਤੋਂ ਬਾਅਦ ਕੁੱਝ ਫ਼ੌਜੀ ਅਫਸਰ ਪੰਜਾਬ ਪੁਲਿਸ ਦੇ ਅਫਸਰਾਂ ਨਾਲ ਆਏ ਤੇ ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਨੂੰ ਲੈ ਗਏ।
ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਦੇ ਜਾਣ ਤੋਂ ਕੁੱਝ ਸਮਾਂ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ, ਭਾਈ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਵੀ ਉਥੇ ਆ ਗਏ। ਉਹ ਸਿਰੋਂ ਨੰਗੇ ਸਨ ਤੇ ਕ੍ਰਿਪਾਨਾਂ ਉਤਰੀਆਂ ਹੋਈਆਂ ਸਨ। ਉਨ੍ਹਾਂ ਟੌਹੜਾ ਸਾਹਿਬ ਤੇ ਲੌਂਗੋਵਾਲ ਜੀ ਨੂੰ ਕਿਹਾ ਕਿ ਉਹ ਫ਼ੌਜੀ ਅਫਸਰਾਂ ਨੂੰ ਕਹਿਣ ਕਿ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਨੇ ਫ਼ੌਜੀ ਅਫਸਰਾਂ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਨਾ ਮਾਰਨ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਉਸ ਤੋਂ ਬਾਅਦ ਉਹ ਸਾਡੇ ਨਾਲ ਹੀ ਰਹੇ।
ਲੌਂਗੋਵਾਲ ਜੀ ਤੇ ਟੌਹੜਾ ਸਾਹਿਬ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿੱਚ ਖਿੱਲਰੀਆਂ ਲਾਸ਼ਾਂ ਦੇ ਵਿੱਚੋਂ ਲੈ ਜਾਇਆ ਗਿਆ। ਚਾਰੇ ਪਾਸੇ ਲਹੂ ਹੀ ਲਹੂ ਸੀ, ਜ਼ਖਮੀਂ ਕਰਾਹ ਰਹੇ ਸਨ। ਲੌਂਗੋਵਾਲ ਜੀ ਦੇ ਜਾਣ ਤੋਂ ਬਾਅਦ, ਸਰਾਂ ਦੇ ਵਿਹੜੇ `ਚ ਪਈਆਂ ਲਾਸ਼ਾਂ ਲੈ ਜਾਈਆਂ ਗਈਆਂ। ਕਮਰਿਆਂ ਦੀਆਂ ਲਾਸ਼ਾਂ ਅਜੇ ਉਸੇ ਤਰ੍ਹਾਂ ਹੀ ਪਈਆਂ ਸਨ। ਸਵੇਰੇ ਚਾਰ ਵਜੇ ਦੇ ਜ਼ਖਮੀ ਹੋਏ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਵਾਸਤੇ ਸ਼ਾਮ ਨੂੰ ਛੇ ਵਜੇ ਹਸਪਤਾਲ ਲਿਜਾਇਆ ਗਿਆ। ਹੁਣ ਸਾਡੇ ਵਰਗੇ ਜੰਗੀ ਕੈਦੀਆਂ ਦੀ ਵਾਰੀ ਸੀ। ਅਸੀਂ ਜਦੋਂ ਇੱਕ ਛੋਟੇ ਅਫਸਰ ਨੂੰ ਪੁੱਛਿਆ ਕਿ ਸਾਡੇ `ਤੇ ਕੀ ਦੋਸ਼ ਹੈ ਤਾਂ ਉਸ ਨੇ ਕਿਹਾ ਕਿ ਤੁਸੀਂ ਜੰਗੀ ਕੈਦੀ ਹੋ।
ਮੇਰੇ ਵਰਗਾ ਰਾਜਨੀਤਕ ਵਿਚਾਰਾਂ ਵਾਲਾ ਵਿਅਕਤੀ, ਜਿਸ ਨੇ ਕਦੀਂ ਸਟੇਨਗੰਨ ਨੂੰ ਹੱਥ ਲਾ ਕੇ ਵੀ ਨਹੀਂ ਸੀ ਵੇਖਿਆ ਆਪਣੇ ਆਪ ਨੂੰ ‘ਜੰਗੀ ਕੈਦੀ’ ਦੇ ਰੂਪ `ਚ ਪਾ ਕੇ ਬੜਾ ਅਜੀਬ ਮਹਿਸੂਸ ਕਰ ਰਿਹਾ ਸੀ। ਸਾਡੇ ਸਾਹਮਣੇ ਸਰਾਂ ਦੇ ਦੋ ਕਮਰੇ ਬੁਰੀ ਤਰ੍ਹਾਂ ਸੜ ਰਹੇ ਸਨ। ਸ਼ਾਂਤ-ਮਈ ਸਤਿਆਗ੍ਰਹਿ ਲਈ ਆਈਆਂ ਜੰਗੀ ਕੈਦੀ ਔਰਤਾਂ ਨੂੰ ਸਟੇਨਾਂ ਦੀ ਛਾਂ ਹੇਠ, ਫ਼ੌਜੀ ਕੈਂਪਾਂ `ਚ ਪਹੁੰਚਾਇਆ ਗਿਆ। ਸਾਡੀ ਵਾਰੀ ਰਾਤ ਦੇ ਬਾਰ੍ਹਾਂ ਵਜੇ ਆਈ। ਸਾਨੂੰ ਬੜੀ ਸਖਤੀ ਨਾਲ ਬੱਸ ਚ ਬੈਠਾਇਆ ਗਿਆ। ਇਤਫਾਕ ਨਾਲ ਮੈਂ ਤੇ ਹਰਿਮੰਦਰ ਸਿੰਘ ਸੰਧੂ ਇਕੋ ਸੀਟ `ਤੇ ਬੈਠ ਕੇ ਫ਼ੌਜੀ ਕੈਂਪ ਪੁੱਜੇ। ਅਸੀਂ ਚਾਰ ਤਰੀਕ ਸ਼ਾਮ ਦੀ ਰੋਟੀ ਖਾਧੀ ਸੀ, ਪਰ ਜਦੋਂ ਅਸੀਂ ਫ਼ੌਜੀ ਕੈਂਪ `ਚ ਪੁੱਜੇ ਸਵੇਰ ਦੇ ਦੋ ਵੱਜ ਚੁੱਕੇ ਸਨ। ਸਾਨੂੰ ਹਰ ਕਮਰੇ ਵਿੱਚ 60-60 ਬੰਦਿਆਂ ਨੂੰ ਭੁੱਖੇ ਭਾਣੇ, ਭੇਡਾਂ ਬੱਕਰੀਆਂ ਵਾਂਗ ਤਾੜ ਦਿੱਤਾ ਗਿਆ। ਉਥੇ ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਸਿੰਘਾਂ ਨੂੰ ਅੱਖਾਂ `ਤੇ ਪੱਟੀ ਬੰਨ੍ਹ ਕੇ ਤੇ ਉਨ੍ਹਾਂ ਦੀ ਪੱਗ ਨਾਲ ਹੀ ਉਨ੍ਹਾਂ ਦੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਲਿਆਂਦਾ ਗਿਆ ਸੀ।
ਮੈਂ ਇਸ ਕੈਂਪ ਵਿੱਚ 7 ਜੂਨ ਤੋਂ 22 ਜੂਨ ਤੱਕ ਰਿਹਾ। ਕੈਂਪ ਵਿੱਚ ਸਾਡੇ ਨਾਲ ਫ਼ੌਜੀਆਂ ਦਾ ਵਿਹਾਰ ਏਨਾ ਘਟੀਆ ਤੇ ਤ੍ਰਿਸਕਾਰ ਭਰਿਆ ਸੀ ਕਿ ਸ਼ਾਇਦ ਹਿਟਲਰ ਦੇ ਨਾਜ਼ੀ ਫ਼ੌਜੀ ਵੀ ਯਹੂਦੀਆਂ ਨਾਲ ਇੰਨਾ ਘਟੀਆ ਵਿਹਾਰ ਨਾ ਕਰਦੇ ਹੋਣ।
ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਇਸ ਫ਼ੌਜੀ ਕੈਂਪ ਵਿੱਚ ਸਾਡੇ ਕੋਲੋਂ ਕੋਈ ਸਖਤ ਲੇਬਰ ਨਹੀਂ ਸੀ ਕਰਾਈ ਜਾਂਦੀ, ਪਰ ਅੱਠੇ ਪਹਿਰ ਜੋ ਸਿੱਖਾਂ ਅਤੇ ਗੁਰਦੁਆਰਿਆਂ ਬਾਰੇ ਸ਼ਬਦ ਕਹੇ ਜਾਂਦੇ ਸਨ, ਉਹ ਸੁਣ ਕੇ ਹਿਰਦਾ ਛਲਣੀ ਹੋ ਜਾਂਦਾ ਸੀ। ਖੁਰਾਕ ਦਾ ਪ੍ਰਬੰਧ ਇਤਨਾ ਮਾੜਾ ਤੇ ਗੰਦਾ ਸੀ ਕਿ ਮੈਂ ਸਮਝਦਾ ਹਾਂ ਪਸ਼ੂਆਂ ਦੀ ਖੁਰਾਕ ਵੀ ਇਸ ਤੋਂ ਚੰਗੀ ਹੁੰਦੀ ਹੈ। ਆਟੇ ਵਿੱਚ ਸੁਸਰੀ ਤੇ ਚੌਲਾਂ ਵਿੱਚ ਸੂੰਡੀਆਂ ਸਾਫ ਦਿੱਸਦੀਆਂ। ਚਾਹ ਦੀ ਥਾਂ ਕੱਚਾ ਮਿੱਠਾ ਪਾਣੀ ਪਿਆਇਆ ਜਾਂਦਾ ਸੀ, ਉਹ ਵੀ ਦੋ ਘੁੱਟ। ਪਰ ਸਭ ਤੋਂ ਬੁਰੀ ਗੱਲ ਸੀ ਰੋਟੀ ਖੁਆਉਣ ਵੇਲੇ ਫ਼ੌਜੀਆਂ ਦਾ ਵਿਹਾਰ। ਇਸ ਤਰ੍ਹਾਂ ਰੋਟੀਆਂ ਦੇਂਦੇ ਸਨ ਜਿਵੇਂ ਉਨ੍ਹਾਂ ਸਾਹਮਣੇ ਇਨਸਾਨ ਨਹੀਂ ਸਗੋਂ ‘ਕੁੱਤੇ’ ਬੈਠੇ ਹੋਣ। ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਣੀਆਂ ਇੱਕ ਆਮ ਜਿਹੀ ਗੱਲ ਸੀ। ਇਹੋ ਜਿਹਾ ਖਾਣਾ ਖਾ ਕੇ ਕਈਆਂ ਦੇ ਪੇਟ ਖਰਾਬ ਹੋ ਗਏ, ਦੋ ਨੂੰ ਟੱਟੀਆਂ ਲੱਗ ਗਈਆਂ ਸਨ, ਉਹ ਖਿੜਕੀ ਰਾਹੀਂ ਬਾਹਰ ਆਏ। ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਕਿਹਾ ਗਿਆ ਕਿ ਉਹ ਨੱਸਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਤਰ੍ਹਾਂ ਕੈਂਟ ਵਿੱਚ ਹੋਰ ਵੀ ਅਨੇਕਾਂ ਸਿੰਘਾਂ ਨੂੰ ਗੋਲੀ ਮਾਰ ਦੇਣ ਬਾਰੇ ਵੀ ਪਤਾ ਲੱਗਾ। ਉਥੇ ਨਾ ਤਾਂ ਜ਼ਖਮੀਆਂ ਦੇ ਇਲਾਜ ਦਾ ਕੋਈ ਪ੍ਰਬੰਧ ਸੀ ਤੇ ਨਾ ਹੋਰ ਬਿਮਾਰਾਂ ਦਾ।
ਰਹਿਣ ਦੀ ਹਾਲਤ ਵੀ ਬੜੀ ਅਜੀਬ ਸੀ। ਗਰਮੀਂ ਆਪਣੇ ਪੂਰੇ ਜੋਬਨ `ਤੇ ਸੀ ਤੇ 69 ਜੀਆਂ ਵਾਲੇ ਕਮਰੇ ਵਿੱਚ ਕੋਈ ਪੱਖਾ ਨਹੀਂ ਸੀ। ਕੈਂਪ ਵਿੱਚ ਨਹਾਉਣ ਵਾਲੀਆਂ ਟੂਟੀਆਂ ਦੀ ਇਤਨੀ ਘਾਟ ਸੀ ਕਿ ਪਹਿਲੇ ਕੁੱਝ ਦਿਨ ਅਸੀਂ ਪਿਸ਼ਾਬ ਕਰਨ ਵਾਲੀ ਜਗ੍ਹਾ ਦੇ ਉਤੇ ਜੋ ਪਾਣੀ ਵਾਲੀ ਟੂਟੀ ਹੈ, ਉਸੇ ਨੂੰ ਖੋਲ੍ਹ ਕੇ ਉਸ ਨਾਲ ਮੂੰਹ ਧੋਂਦੇ ਰਹੇ ਅਤੇ ਇਹੀ ਪਾਣੀ ਪੀਂਦੇ ਰਹੇ।
ਇਸ ਕੈਂਪ ਵਿੱਚ ਰਹਿਣ ਦੌਰਾਨ ਸੀ. ਬੀ. ਆਈ. ਨੇ ਸਾਡੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ। ਹਰ ਵਿਅਕਤੀ ਨੂੰ ਇੱਕ ਅਜਿਹੇ ਕਮਰੇ ਦੇ ਸਾਹਮਣੇ ਲਿਜਾਇਆ ਜਾਂਦਾ, ਜਿਸ ਦੇ ਸ਼ੀਸ਼ੇ ਪੂਰੀ ਤਰ੍ਹਾਂ ਅਖ਼ਬਾਰਾਂ ਨਾਲ ਢੱਕੇ ਹੋਏ ਸਨ। ਸਿਰਫ ਦੋ ਸੁਰਾਖ ਸਨ, ਜਿਨ੍ਹਾਂ ਵਿੱਚੋਂ ਦੋ ਅੱਖਾਂ ਵੇਖ ਕੇ ਦਸਦੀਆਂ ਕਿ ਕੌਣ ਖਾੜਕੂ ਹੈ ਅਤੇ ਕੌਣ ਨਿਰਦੋਸ਼। ਇਹ ਮੁਖ਼ਬਰ ਕੌਣ ਵਿਅਕਤੀ ਸੀ, ਇਸ ਬਾਰੇ ਸਾਨੂੰ ਕੁੱਝ ਪਤਾ ਨਹੀਂ। ਪਰ ਇਹ ਜੋ ਵੀ ਸੀ ਉਹ ਦਰਬਾਰ ਸਾਹਿਬ ਕੰਪਲੈਕਸ ਅਤੇ ਕਥਿਤ ਆਤੰਕਵਾਦੀਆਂ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ। ਉਸ ਨੇ ਮੱਖਣ `ਚੋਂ ਵਾਲ ਵਾਂਗ ਸਾਰੇ ਨਿਖੇੜ ਕੇ ਰੱਖ ਦਿੱਤੇ, ਜਿੰਨੇ ਵੀ ਸ਼ੱਕੀ ਵਿਅਕਤੀ ਸਨ, ਇਤਫਾਕ ਨਾਲ ਇਹ ਕਮਰੇ ਸਾਡੇ 37-38-39 ਕਮਰਿਆਂ ਦੇ ਐਨ ਸਾਹਮਣੇ ਸਨ।”
ਗੁਰਮੀਤ ਸਿੰਘ ਚੀਮਾ ਨੇ ਇੱਕ ਲੰਮਾ ਜਿਹਾ ਸਾਹ ਲਿਆ ਤੇ ਥੋੜ੍ਹਾ ਜਿਹਾ ਰੁੱਕ ਕੇ ਫੇਰ ਬੋਲਿਆ, “ਅਸੀਂ ਕੁੱਝ ਨੌਜੁਆਨਾਂ ਨੂੰ ਅੱਖਾਂ `ਤੇ ਪੱਟੀ ਬੰਨ੍ਹ ਕੇ ਕਿਤੇ ਬਾਹਰ ਲੈ ਜਾਂਦੇ ਵੀ ਵੇਖਿਆ। ਸਾਨੂੰ ਕੈਂਪ ਵਿੱਚੋਂ ਜੇਲ੍ਹਾਂ ਵਿੱਚ ਭੇਜਣ ਤੋਂ ਪਹਿਲਾਂ ਪੰਜ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤਕ ਦੇ, ਪੁਲਿਸ ਨੇ ‘ਫਿੰਗਰ ਪ੍ਰਿੰਟਸ ਲਏ ਤੇ ਛਾਤੀ `ਤੇ ਸਲੇਟਾਂ ਰੱਖਕੇ, ਉਨ੍ਹਾਂ ਉਤੇ ਨਾਂ ਅਤੇ ਪਤਾ ਲਿਖ ਕੇ ਫੋਟੋ ਲਈਆਂ ਗਈਆਂ। ਸਾਡੇ ਨਾਲ ਬਿਲਕੁਲ ਦਸ ਨੰਬਰੀਆਂ ਵਾਲਾ ਸਲੂਕ ਕੀਤਾ ਗਿਆ। ਕਈ ਲੋਕਾਂ ਨੇ ਮੈਨੂੰ ਦੱਸਿਆ ਕਿ ਸੀ. ਬੀ. ਆਈ. ਦੀ ਜਾਂਚ ਪੜਤਾਲ ਦੌਰਾਨ ਉਨ੍ਹਾਂ ਨੂੰ ਕੁੱਝ ਟਾਰਚਰ ਕੀਤਾ ਗਿਆ ਸੀ ਜਾਂ ਮੰਦਭਾਸ਼ਾ ਬੋਲੀ ਗਈ ਸੀ।”
ਵਿੱਚੋਂ ਹੀ ਗੁਰਸੇਵਕ ਸਿੰਘ ਬੋਲਿਆ, “ਤੇ ਵੀਰੇ ਤੁਹਾਨੂੰ ਕੁੱਝ ਨਹੀਂ ਪੁੱਛਿਆ?”
“ਮੇਰੇ ਕੋਲੋਂ ਬਾਰ ਬਾਰ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ, ਦਲ ਦੇ ਖਾੜਕੂਆਂ ਨਾਲ ਸਬੰਧ, ਮੇਰੇ ਨਿੱਜੀ ਪਹਿਲੇ ਅਤੇ ਹੁਣ ਦੇ, ਰਾਜਸੀ ਵਿਚਾਰਾਂ ਤੇ ਉਨ੍ਹਾਂ ਵਿੱਚ ਆਈ ਤਬਦੀਲੀ ਅਤੇ ਸਭ ਤੋਂ ਵੱਧ (ਸੰਤ) ਲਂੌਗੋਵਾਲ ਤੇ (ਸੰਤ) ਭਿੰਡਰਾਂਵਾਲਿਆਂ ਵਿੱਚ ਮੱਤਭੇਦਾਂ ਬਾਰੇ ਪੁੱਛਿਆ ਗਿਆ। ਉਪਰੋਕਤ ਸਾਰੇ ਸੁਆਲਾਂ ਦੇ ਜੁਆਬ ਮੈਂ ਆਪਣੀ ਰਾਜਸੀ ਅਤੇ ਸਮਾਜੀ ਸੂਝ-ਬੂਝ ਅਨੁਸਾਰ ਦਿੱਤੇ ਤੇ ਉਨ੍ਹਾਂ ਨੂੰ ਕਾਫੀ ਹੱਦ ਤਕ ਸੰਤੁਸ਼ਟ ਕਰ ਲਿਆ”, ਗੁਰਮੀਤ ਸਿੰਘ ਚੀਮਾ ਨੇ ਜੁਆਬ ਦਿੱਤਾ।
“ਉਫ! ਇਹ ਤਾਂ ਸਿਖਰ ਹੋ ਗਈ ਜ਼ੁਲਮ ਦੀ। ਇਤਿਹਾਸ ਵਿੱਚ ਨਾਜ਼ੀਆਂ ਦੇ ਜ਼ੁਲਮ ਬਾਰੇ ਜਾਂ ਸਿੱਖਾਂ ਉਤੇ ਮੁਗ਼ਲਾਂ ਦੇ ਜ਼ੁਲਮ ਬਾਰੇ ਪੜ੍ਹਦੇ-ਸੁਣਦੇ ਸਾਂ ਪਰ ਇਨ੍ਹਾਂ ਸਭ ਤੋਂ ਵੱਡਾ ਜ਼ੁਲਮ ਆਪਣੇ ਜੀਵਨ ਕਾਲ ਵਿੱਚ ਵਾਪਰਦੇ ਵੇਖ ਲਿਐ। …. . ਇਹ ਗੁਰੂਆਂ ਦੀ ਧਰਤੀ ਇਤਨੇ ਜ਼ੁਲਮ ਦਾ ਭਾਰ ਕਿਵੇਂ ਸਹੇਗੀ?” ਬਲਦੇਵ ਸਿੰਘ ਦੇ ਸ਼ਬਦ ਬੜੇ ਭਾਵੁਕ ਸਨ।
“ਵਾਕਿਆ ਹੀ, ਨਹੀਂ ਸਹਿ ਸਕਦੀ ਇਤਨੇ ਜ਼ੁਲਮ ਦਾ ਅਤੇ ਇਤਨੇ ਅਕ੍ਰਿਤਘਣਾ ਦਾ ਭਾਰ ਇਹ ਗੁਰੂਆਂ ਦੀ ਧਰਤੀ। ਇਸ ਜ਼ੁਲਮ ਨੂੰ ਮਿਟਾਉਣ ਲਈ ਇਸ ਧਰਤੀ ਵਿੱਚੋਂ ਅਜੇ ਬਥੇਰੇ ਯੋਧੇ ਪੈਦਾ ਹੋਣਗੇ, ਬਥੇਰੇ ਲਾਂਬੂ ਨਿਕਲਣਗੇ”, ਬੜੇ ਜੋਸ਼ ਭਰੇ ਲਫਜ਼ਾਂ ਵਿੱਚ ਹਰਮੀਤ ਬੋਲਿਆ, ਸਾਰਿਆਂ ਨੇ ਉਸ ਵੱਲ ਵੇਖਿਆ, ਉਸ ਦਾ ਚਿਹਰਾ ਜਿਵੇਂ ਤੱਪ ਰਿਹਾ ਸੀ।
ਹਰਮੀਤ ਦੀ ਗੱਲ ਦਾ ਕਿਸੇ ਕੋਈ ਜੁਆਬ ਨਾ ਦਿੱਤਾ, ਥੋੜ੍ਹਾ ਰੁੱਕ ਕੇ ਉਸ ਨੇ ਪੁੱਛਿਆ, “ਚਾਚਾ ਜੀ! ਕੋਈ ਇਹ ਵੀ ਪਤਾ ਹੈ ਕਿ ਫ਼ੌਜੀ ਕਿਤਨੇ ਕੁ ਮਾਰੇ ਗਏ ਨੇ?”
“ਬੇਟਾ! ਇਹ ਕੋਈ ਬਰਾਬਰੀ ਦਾ ਜੰਗ ਥੋੜ੍ਹਾ ਸੀ। ਜੇ ਖਾੜਕੂਆਂ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਡੇਢ-ਦੋ ਸੌ ਹੋਣਗੇ, ਬਾਕੀ ਸਭ ਤਾਂ ਨਿਹੱਥੇ ਸ਼ਰਧਾਲੂ ਜਾਂ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਆਦਿ ਸਨ। ਦੂਜੇ ਪਾਸੇ ਫ਼ੌਜ ਦੀਆਂ ਚਾਰ ਬ੍ਰਿਗੇਡਾਂ ਤੇ ਨੀਮ ਫ਼ੌਜੀ ਦਸਤੇ ਅਲੱਗ। ਫਿਰ ਉਨ੍ਹਾਂ ਖਾੜਕੂਆਂ ਦੇ ਹਥਿਆਰ ਇਤਨੇ ਵੱਡੇ ਮੁਲਕ ਦੀ ਬਕਾਇਦਾ ਫ਼ੌਜ ਦੇ ਹਥਿਆਰਾਂ ਦੇ ਮੁਕਾਬਲੇ ਕੀ ਅਹਿਮੀਅਤ ਰਖਦੇ ਹਨ? ਇੱਕ ਪਾਸੇ ਵੱਧ ਤੋਂ ਵੱਧ ਐਲ. ਐਮ. ਜੀ. ਤੇ ਦੂਸਰੇ ਪਾਸੇ ਟੈਂਕ, ਤੋਪਾਂ, ਬੇਇੰਤਹਾ ਤਾਕਤਵਰ ਗੋਲਾ-ਬਰੂਦ, ਬਖਤਰਬੰਦ ਗੱਡੀਆਂ ਤੇ ਹਵਾਈ ਤਾਕਤ। ਪਰ ਫੇਰ ਵੀ ਫ਼ੌਜ ਖਾੜਕੂਆਂ ਦੀ ਬਹਾਦਰੀ ਦੀ ਆਪ ਤਾਰੀਫ ਕਰਦੀ ਏ, ਸਾਨੂੰ ਆਪਣੇ ਇੱਕ ਭਰੋਸੇ ਦੇ ਬੰਦੇ ਨੇ ਦੱਸਿਐ ਕਿ ਜਨਰਲ ਬਰਾੜ ਨੇ ਕਿਸੇ ਹੋਰ ਫ਼ੌਜੀ ਅਫਸਰ ਨੂੰ ਕਿਹਾ ਹੈ ਕਿ ‘ਜੇ ਸਾਡੇ ਪਾਸ ਭਿੰਡਰਾਂਵਾਲਿਆਂ ਦੇ ਸਿੰਘਾਂ ਵਰਗੇ ਕਮਿਟਡ (ਵਚਨਬੱਧ) ਫ਼ੌਜੀ ਹੋਣ ਭਾਵੇਂ 10 ਹਜ਼ਾਰ ਹੀ ਹੋਣ, ਅਸੀਂ ਦੋ ਦਿਨਾਂ ਵਿੱਚ ਪਾਕਿਸਤਾਨ ਨੂੰ ਸਾਫ ਕਰ ਦੇਈਏ’, ਗੱਲ ਬੜੀ ਸਪੱਸ਼ਟ ਹੈ ਕਿ ਉਂਝ ਭਾਵੇਂ ਜਨਰਲ ਬਰਾੜ ਜਿਨੇਂ ਮਰਜ਼ੀ ਦਮਗਜੇ ਛੱਡੀ ਜਾਵੇ ਪਰ ਉਹ ਸਿੱਖਾਂ ਦੀ ਬਹਾਦਰੀ ਦਾ ਲੋਹਾ ਮੰਨ ਗਿਐ। ਮੇਰੇ ਇੱਕ ਪੱਤਰਕਾਰ ਮਿੱਤਰ ਨੇ ਦੱਸਿਐ ਕਿ ਕੈਂਟ ਦੇ ਇੱਕ ਕਮਰੇ ਵਿੱਚ ਬੈਠੇ ਕੁੱਝ ਫ਼ੌਜੀ ਅਫਸਰ ਸਿੰਘਾਂ ਦੀ ਸੂਰਬੀਰਤਾ ਦੀਆਂ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ ਕਿ ‘ਇਹ ਅਤਵਾਦੀ ਆਪਣੇ ਅਖੀਰਲੇ ਦਮ ਤੱਕ ਬਹਾਦਰੀ ਨਾਲ ਲੜੇ ਹਨ।’ ਇੱਕ ਹੋਰ ਨੇ ਕਿਹਾ ਕਿ ‘ਸਰਕਾਰ ਨੇ ਗਲਤੀ ਕੀਤੀ, ਇਨ੍ਹਾਂ ਸਾਰੇ ਅਤਿਵਾਦੀਆਂ ਨੂੰ ਫ਼ੌਜ ਵਿੱਚ ਭਰਤੀ ਕਰਕੇ ਚੀਨ ਤੋਂ ਉਹ ਭਾਰਤੀ ਇਲਾਕਾ ਛਡਾਉਣਾ ਚਾਹੀਦਾ ਸੀ, ਜੋ 1962 ਤੋਂ ਉਸ ਦੇ ਕਬਜ਼ੇ ਵਿੱਚ ਹੈ।’ ਇੱਕ ਕ੍ਰਿਸਚੀਅਨ ਅਫਸਰ ਨੇ ਕਿਹਾ ਕਿ ‘ਸਰਕਾਰ ਨੂੰ ਧਾਰਮਿਕ ਅਸਥਾਨ ਵਿੱਚ ਫ਼ੌਜ ਨਹੀਂ ਭੇਜਣੀ ਚਾਹੀਦੀ ਸੀ,
sentiments are more powerful than bullets (ਜਜ਼ਬਾਤ ਗੋਲੀਆਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹਨ) ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਸੀ … … “ਇਸ ਵਾਰ ਜੁਆਬ ਗੁਰਸੇਵਕ ਸਿੰਘ ਨੇ ਦਿੱਤਾ।
“ਨਹੀਂ, ਚਾਚਾ ਜੀ! ਮੇਰਾ ਇਹ ਮਤਲਬ ਨਹੀਂ। ਮੈਂ ਤਾਂ ਕੇਵਲ ਆਪਣੀ ਜਾਣਕਾਰੀ ਵਾਸਤੇ ਪੁੱਛ ਰਿਹਾਂ”, ਹਰਮੀਤ ਨੇ ਗੁਰਸੇਵਕ ਸਿੰਘ ਦੀ ਗੱਲ ਵਿੱਚੋਂ ਹੀ ਕਟਦੇ ਹੋਏ ਕਿਹਾ।
“ਕਾਕਾ, ਪਿੱਛੇ ਜਿਹੇ ਇੱਕ ਫ਼ੌਜੀ ਜਰਨੈਲ ਆਰ ਕੇ ਗੌੜ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਫ਼ੌਜੀ ਕਾਰਵਾਈ ਸਮੇਂ 4 ਅਫਸਰ ਅਤੇ 4 ਜੇ ਸੀ ਓ ਸਮੇਤ 92 ਫ਼ੌਜੀ ਮਾਰੇ ਗਏ ਹਨ ਤੇ 287 ਜ਼ਖਮੀਂ ਹੋਏ ਨੇ। ਪਰ ਇਹ ਬਿਲਕੁਲ ਝੂਠ ਹੈ, ਇਹ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਜੋ ਸਭ ਤੋਂ ਪਹਿਲਾਂ 60 ਕਮਾਂਡੋ ਇਨ੍ਹਾਂ ਅੰਦਰ ਭੇਜੇ ਸਨ ਉਨ੍ਹਾਂ ਵਿੱਚੋਂ ਕੇਵਲ ਇੱਕ ਬਚਿਆ ਸੀ ਬਾਕੀ ਸਾਰੇ ਸਿੰਘਾਂ ਨੇ ਪਹਿਲੇ ਝਟਕੇ ਹੀ ਪਾਰ ਬੁਲਾ ਦਿੱਤੇ ਸਨ, ਉਸ ਤੋਂ ਬਾਅਦ ਵੀ ਬੜਾ ਘਮਸਾਨ ਦਾ ਜੰਗ ਹੋਇਐ। ਹੁਣ ਕੁੱਝ ਦਿਨ ਪਹਿਲਾਂ ਰਾਜੀਵ ਗਾਂਧੀ ਨੇ ਨਾਗਪੁਰ ਵਿੱਚ ਕਾਂਗਰਸ ਦੇ ਇੱਕ ਸਮਾਗਮ ਵਿੱਚ ਕਿਹਾ ਹੈ ਕਿ ਇਸ ਕਾਰਵਾਈ ਵਿੱਚ 700 ਫ਼ੌਜੀ ਮਾਰੇ ਗਏ ਹਨ, ਹਾਲਾਂਕਿ ਜਾਪਦਾ ਹੈ ਕਿ ਅਸਲੀ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੈ। ਕਿਤੇ ਫ਼ੌਜ ਦਾ ਅਤੇ ਦੇਸ਼ ਵਾਸੀਆਂ ਦਾ ਮਨੋਬਲ ਨਾ ਗਿਰ ਜਾਵੇ, ਇਸ ਵਾਸਤੇ ਇਹ ਸੱਚ ਜਗਜ਼ਾਹਰ ਨਹੀਂ ਕਰ ਰਹੇ”, ਜੁਆਬ ਫੇਰ ਗੁਰਸੇਵਕ ਸਿੰਘ ਨੇ ਦਿੱਤਾ।
“ਚਾਚਾ ਜੀ ਇੱਕ ਗੱਲ ਹੋਰ ਨਹੀਂ ਸਮਝ ਲੱਗ ਰਹੀ ਕਿ ਜੇ ਖਾੜਕੂ ਸਿਰਫ ਡੇਢ ਦੋ ਸੌ ਹੀ ਸਨ ਤਾਂ ਫਿਰ ਸਾਡੇ ਹਜ਼ਾਰਾਂ ਸਿੰਘ ਕਿਉਂ ਅਤੇ ਕਿਵੇਂ ਸ਼ਹੀਦ ਹੋ ਗਏ ਹਨ?” ਹਰਮੀਤ ਦੀ ਸ਼ੰਕਾ ਅਜੇ ਬਾਕੀ ਸੀ।
“ਬੇਟਾ ਇਸ ਦੇ ਦੋ ਕਾਰਨ ਹਨ, ਪਹਿਲਾ ਤਾਂ ਇਹ ਕਿ ਫ਼ੌਜ ਨੂੰ ਆਸ ਸੀ ਕਿ ਉਨ੍ਹਾਂ ਸੌਖਾ ਹੀ ਦਰਬਾਰ ਸਾਹਿਬ ਤੇ ਕਬਜ਼ਾ ਕਰ ਲੈਣੈ ਅਤੇ ਉਨ੍ਹਾਂ ਦਾ ਕੋਈ ਖਾਸ ਨੁਕਸਾਨ ਨਹੀਂ ਹੋਣਾ। ਉਨ੍ਹਾਂ ਤਾਂ ਖ਼ਾਬ ਵਿੱਚ ਵੀ ਨਹੀਂ ਸੀ ਸੋਚਿਆ ਕਿ ਥੋੜ੍ਹੇ ਜਿਹੇ ਖਾੜਕੂ ਉਨ੍ਹਾਂ ਦਾ ਇਸ ਤਰ੍ਹਾਂ ਮੁਕਾਬਲਾ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਇਤਨੇ ਫ਼ੌਜੀਆਂ ਨੂੰ ਮਾਰ ਸਕਦੇ ਹਨ। ਇਸੇ ਕਰ ਕੇ ਉਨ੍ਹਾਂ ਚਿੜ੍ਹ ਕੇ ਬਦਲਾ ਲੈਣ ਦੀ ਭਾਵਨਾ ਨਾਲ ਜੋ ਸ਼ਰਧਾਲੂ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਾਬੂ ਆਏ, ਨਿਹੱਥਿਆਂ ਨੂੰ ਹੱਥ ਬੰਨ੍ਹ ਕੇ ਗੋਲੀ ਮਾਰ ਦਿੱਤੀ ਤੇ ਦੂਸਰਾ ਸਰਕਾਰ ਨੂੰ ਵੀ ਇਹ ਕਹਿ ਦਿੱਤਾ ਕਿ ਅੰਦਰ ਇਤਨੇ ਖਾੜਕੂ ਸਨ” ਗੁਰਸੇਵਕ ਸਿੰਘ ਨੇ ਫੇਰ ਬੜੇ ਠਰ੍ਹਮੇਂ ਨਾਲ ਦੱਸਿਆ।
ਬਲਦੇਵ ਸਿੰਘ ਬਾਰ ਬਾਰ ਘੜੀ ਵੱਲ ਵੇਖ ਰਿਹਾ ਸੀ, ਗੁਰਸੇਵਕ ਦੀ ਗੱਲ ਖਤਮ ਹੁੰਦੇ ਹੀ ਉਹ ਬੋਲਿਆ, “ਤੁਹਾਡਾ ਬਹੁਤ ਧੰਨਵਾਦ ਵੀਰ ਗੁਰਮੀਤ ਸਿੰਘ ਜੀ, ਗੱਲਾਂ ਵਿੱਚ ਸਮੇਂ ਦਾ ਪਤਾ ਹੀ ਨਹੀਂ ਲੱਗਾ ਤੇ ਸਾਡੇ ਜਾਣ ਦਾ ਟਾਈਮ ਵੀ ਹੋ ਗਿਆ ਹੈ। ਤੁਹਾਡੇ ਨਾਲ ਮੇਲ ਨਾ ਹੁੰਦਾ ਤਾਂ ਜੋ ਕੁੱਝ ਤੁਸੀਂ ਦੱਸਿਆ ਹੈ, ਕੌਮ ਨਾਲ ਵਾਪਰੇ ਇਸ ਵੱਡੇ ਦੁਖਾਂਤ ਦਾ ਇਹ ਸੱਚਾ ਵੇਰਵਾ ਸ਼ਾਇਦ ਜੀਵਨ ਵਿੱਚ ਕਦੇ ਪਤਾ ਨਾ ਲਗਦਾ”, ਕਹਿੰਦੇ ਹੋਏ ਬਲਦੇਵ ਸਿੰਘ ਨੇ ਉਠ ਕੇ ਗੁਰਮੀਤ ਸਿੰਘ ਨਾਲ ਹੱਥ ਮਿਲਾਇਆ ਤੇ ਫੇਰ ਹਰਮੀਤ ਵੱਲ ਮੂੰਹ ਕਰਕੇ ਬੋਲਿਆ, “ਉਠ ਬੇਟਾ, ਫਟਾ ਫਟ ਤਿਆਰ ਹੋ ਜਾ।”
ਹਰਮੀਤ ਤਾਂ ਉਠ ਹੀ ਗਿਆ, ਪਰ ਨਾਲ ਹੀ ਗੁਰਮੀਤ ਸਿੰਘ ਚੀਮਾ ਵੀ ਉਠ ਖੜੋਤਾ ਤੇ ਕਹਿਣ ਲੱਗਾ, “ਹੁਣ ਮੈਨੂੰ ਵੀ ਆਗਿਆ ਦਿਓ, ਮੈਂ ਵੀ ਚਲਾਂਗਾ।” ਕੋਲੋਂ ਗੁਰਸੇਵਕ ਸਿੰਘ ਉਸ ਦਾ ਹੱਥ ਫੜ ਕੇ ਉਸ ਨੂੰ ਜ਼ਬਰਦਸਤੀ ਰੋਕਦਾ ਹੋਇਆ ਬੋਲਿਆ, “ਬੈਠੋ ਵੀਰ ਜੀ, ਇਨ੍ਹਾਂ ਤਾਂ ਕਾਨਪੁਰ ਜਾਣਾ ਹੈ ਪਰ ਤੁਹਾਨੂੰ ਕਾਹਦੀ ਕਾਹਲੀ ਹੈ, ਨਾਲੇ ਤੁਸੀਂ ਤਾਂ ਗੱਲ ਸੁਨਾਉਣ ਵਿੱਚ ਹੀ ਇਤਨੇ ਗੁਆਚ ਗਏ ਸਾਓ ਕਿ ਨਾਸ਼ਤਾ ਵਗੈਰਾ ਬਿਲਕੁਲ ਨਹੀਂ ਲਿਆ।” ਤੇ ਫਿਰ ਉਸ ਨੇ ਆਪਣੀ ਪਤਨੀ ਸੁਰਜੀਤ ਕੌਰ ਨੂੰ ਅਵਾਜ਼ ਮਾਰ ਕੇ ਗਰਮ ਨਾਸ਼ਤਾ ਲਿਆਉਣ ਵਾਸਤੇ ਆਖਿਆ।
(ਸੋਲ੍ਹਵੀਂ ਕਿਸ਼ਤ ਵਿੱਚ ਗੁਰਦਿਆਲ ਚੰਦ (ਭਗਤ ਜੀ) ਅਤੇ ਮਨੋਹਰ ਸਿੰਘ ਅਸਲੀ ਕਿਰਦਾਰ ਸਨ, ਇਸੇ ਤਰ੍ਹਾਂ ਇਸ ਕਿਸ਼ਤ ਵਿੱਚ ਗੁਰਮੀਤ ਸਿੰਘ ਚੀਮਾ ਵੀ ਅਸਲੀ ਕਿਰਦਾਰ ਹੈ)
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726




.