.

ਗੁਰਬਾਣੀ ਵਿੱਚ ਦੂਸਰੇ ਦਾ ਸੰਕਲਪ

ਸਤਿੰਦਰਜੀਤ ਸਿੰਘ

ਗੁਰੂ ਨਾਨਕ ਸਾਹਿਬ ਦੀ ਰਸਨਾ ਰਾਹੀਂ ਮਾਨਵਤਾ ਦੇ ਭਲੇ ਦੀ ਆਵਾਜ਼ ਅਤੇ ਸਮਝ ਤੋਂ ਸ਼ੁਰੂ ਹੁੰਦੀ ਹੈ ਜਿਸਦਾ ਮਾਤਲਬ ਹੈ ‘ਉਹ ਅਕਾਲ ਪੁਰਖ ਜੋ ਜ਼ਰੇ-ਜ਼ਰੇ ਵਿੱਚ ਇਕਸਾਰ ਸਮਾਇਆ ਹੋਇਆ ਹੈ’। ਪ੍ਰੋ.ਸਾਹਿਬ ਸਿੰਘ ਅਨੁਸਾਰ: “ੴ” ਦਾ ਉੱਚਾਰਨ ਹੈ- “ਇਕ (ਏਕ) ਓਅੰਕਾਰ” ਅਤੇ ਇਸਦਾ ਅਰਥ ਹੈ “ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ”। ੴ ਤੋਂ ਬਾਅਦ ਹੈ ‘ਸਤਿ ਨਾਮੁ’ ਜਿਸਦਾ ਮਤਲਬ ਹੈ ‘ਉਹ ਪ੍ਰਮਾਤਮਾ ਜਿਸ ਦਾ ਨਾਮ ਹੋਂਦ ਵਾਲਾ ਹੈ’ ਜੋ ਸੰਸਾਰ ਦਾ ‘ਕਰਤਾ ਪੁਰਖੁ’, ਗੁਰਬਾਣੀ ਵਿੱਚ ‘ਪੁਰਖੁ’ ਦਾ ਮਤਲਬ ਉਸ ‘ਓਅੰਕਾਰ’ ਤੋਂ ਹੈ ਜੋ ਸਾਰੇ ਸੰਸਾਰ ਵਿੱਚ ਵਿਆਪਕ ਹੈ. ਜਿਹੜਾ ‘ਨਿਰਭਉ’ ਹੋਣ ਦੇ ਨਾਲ-ਨਾਲ ‘ਨਿਰਵੈਰੁ’ ਵੀ ਹੈ ‘ਅਕਾਲ ਮੂਰਤਿ’ ਭਾਵ ਜੋ ਕਾਲ ਤੋਂ ਪਰੇ ਹੈ, ਜੋ ‘ਅਜੂਨੀ’ ਹੈ ਭਾਵ ਕਿ ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਜੰਮਦਾ ‘ਤੇ ਮਰਦਾ ਨਹੀਂ, ਜੋ ‘ਸੈਭੰ’ ਹੈ ਭਾਵ ‘ਜਿਸਦਾ ਪ੍ਰਕਾਸ਼ ਆਪਣੇ-ਆਪ ਤੋਂ ਹੀ ਹੈ’ ਅਤੇ ਉਸਨੂੰ ‘ਗੁਰ ਪ੍ਰਸਾਦਿ’ ਰਾਹੀਂ ਪਾਇਆ ਜਾ ਸਕਦਾ ਹੈ ਭਾਵ ਕਿ ਉਸਨੂੰ ‘ਗੁਰੂ ਦੀ ਕਿਰਪਾ ਨਾਲ ਪ੍ਰਾਪਤ’ ਕੀਤਾ ਜਾ ਸਕਦਾ ਹੈ। ਉਸ ਪ੍ਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ, ਉਹ ਆਪਣੇ-ਆਪ ਤੋਂ ਹੈ, ਉਹ ਕਿਸੇ ਵੀ ਮਨੁੱਖ ਦੇ ਬਣਾਉਣ ਨਾਲ ਨਹੀਂ ਬਣਦਾ। ਗੁਰਬਾਣੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ:

ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ {ਪੰਨਾ 2}

ਪ੍ਰਭੂ ਪ੍ਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਵੀ ਆਪਣੀ ਮਰਜ਼ੀ ਨਾਲ ਆਪ ਹੀ ਕੀਤੀ ਹੈ,ਕਿਸੇ ਹੋਰ ਦਾ ਇਸ ਵਿੱਚ ਕੋਈ ਹੱਥ ਨਹੀਂ। ਪ੍ਰਮਾਤਮਾ ਸਾਰੇ ਸੰਸਾਰ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ, ਜੋ ਉਸਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ। ਉਸ ਵਰਗੀ ਕੋਈ ਦੂਸਰੀ ਹਸਤੀ ਹੋਰ ਨਹੀਂ ਹੈ:

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥

ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥

{ਪੰਨਾ 11}

ਕਿਸੇ ਨੂੰ ਵੀ ਇਸ ਦਾ ਪਤਾ ਨਹੀਂ ਕਿ ਕਦੋਂ ਇਹ ਸਾਰਾ ਪਸਾਰਾ ਹੋਂਦ ਵਿੱਚ ਆਇਆ:

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

{ਪੰਨਾ 4}

ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਕੇਵਲ ‘ਤੇ ਕੇਵਲ ਪ੍ਰਮਾਤਮਾ ਹੀ ਵਿਸ਼ੇ-ਵਿਕਾਰਾਂ ਤੋਂ ਬਚਾ ਸਕਦਾ ਹੈ, ਉਹੀ ਸੱਚਾ ਮਿੱਤਰ,ਭਰਾ, ਮਾਂ-ਬਾਪ ਹੈ, ਘਰ ਦੇ ਅੰਦਰ ਬਾਹ, ਹਰ ਥਾਂ ਉਹ ਹੀ ਵਸਿਆ ਹੋਇਆ ਹੈ।। ਸਾਰੇ ਸੰਸਾਰ ਦਾ ਮਾਲਕ ਉਹ ਆਪ ਹੀ ਹੈ, ਉਸ ਵਰਗਾ ਕੋਈ ਦੂਸਰਾ ਨਹੀਂ:

ਸਿਰੀਰਾਗੁ ਮਹਲਾ ੫ ॥

ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥

ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥

ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥ {ਪੰਨਾ 45}

ਅਰਥ: (ਹੇ ਭਾਈ!) ਜਿੰਦ ਦਾ ਮਿੱਤਰ ਸਿਰਫ਼ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ (ਵਿਕਾਰ ਆਦਿਕਾਂ ਤੋਂ) ਬਚਾਣ ਵਾਲਾ ਹੈ, (ਇਸ ਵਾਸਤੇ) ਆਪਣੇ ਮਨ ਵਿਚ ਸਿਰਫ਼ ਪਰਮਾਤਮਾ ਦਾ ਆਸਰਾ ਰੱਖ, ਸਿਰਫ਼ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ । ਉਹ ਪਾਰਬ੍ਰਹਮ ਕਰਤਾਰ (ਹੀ ਸਹਾਰਾ ਹੈ) ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ ।1।

ਮਨ ਮੇਰੇ ਸਗਲ ਉਪਾਵ ਤਿਆਗੁ ॥

ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ {ਪੰਨਾ 45}

ਅਰਥ: ਹੇ ਮੇਰੇ ਮਨ! ਹੋਰ ਸਾਰੇ ਹੀਲੇ ਛੱਡ ਦੇ । ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ (ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ) ਇਕ ਪਰਮਾਤਮਾ (ਦੇ ਚਰਨਾਂ) ਦੀ ਲਗਨ (ਆਪਣੇ ਅੰਦਰ) ਲਾਈ ਰੱਖ ।1।ਰਹਾਉ।

ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥ ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥

ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥ {ਪੰਨਾ 45}

ਅਰਥ: (ਹੇ ਮਨ!) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ) । (ਮੈਨੂੰ ਤਾਂ) ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ । (ਮੇਰੀ ਸਦਾ ਇਹੀ ਅਰਦਾਸ ਹੈ ਕਿ) ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ ।2।

ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥

ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥

ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥ {ਪੰਨਾ 45}

ਅਰਥ: (ਹੇ ਭਾਈ! ਤੇਰੇ) ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ । (ਹੇ ਭਾਈ!) ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ । ਜੇ ਸਿਰਫ਼ ਪਰਮਾਤਮਾ ਦੇ (ਪਿਆਰ-ਰੰਗ) ਵਿਚ ਰੰਗੇ ਰਹੀਏ, ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪੋਂਹਦਾ ।3।

ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥ ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥

ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥ {ਪੰਨਾ 45}

ਅਰਥ: ਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ । (ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ ।

ਹੇ ਨਾਨਕ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ ।4।9।79।

ਗੁਰਬਾਣੀ ਵਿੱਚੋਂ ਹੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਸ ਕਿਸੇ ਨੇ ਵੀ ਉਸ ਪ੍ਰਮਾਤਮਾ ਨਾਲ ਆਪਣੀ ਸਾਂਝ ਬਣਾ ਲਈ, ਉਸਦਾ ਜੀਵਨ ਸਫਲ ਹੋ ਜਾਂਦਾ ਹੈ, ਉਹ ਸਾਰੇ ਗੁਣਾਂ ਦੇ ਮਾਲਕ ਹੋ ਜਾਂਦੇ ਹਨ ਪਰ ਇਹ ਸਭ ਕੁਝ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੁੰਦਾ ਹੈ:

ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥

ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥

ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥

{ਪੰਨਾ 45}

ਹੋਰ ਕੋਈ ਕਬਰ, ਜੰਡ, ਗੁੱਗਾ, ਪੀਰ, ਦੇਵੀ-ਦੇਵਤਾ ਕੋਈ ਕੁਝ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਲਾਲਾਂ ਵਾਲਾ ਜਾਂ ਅਖੌਤੀ ਸਾਧ ਕਿਸੇ ਦਾ ਕੁਝ ਸੰਵਾਰ ਜਾਂ ਵਿਗਾੜ ਸਕਦਾ ਹੈ, ਜੋ ਵੀ ਹੈ ਉਹ ਸਿਰਫ ਪ੍ਰਮਾਤਮਾ ਆਪ ਹੈ। ਉਹ ਪ੍ਰਮਾਤਮਾ ਸਿਰਫ ਇੱਕ ਹੀ ਹੈ, ਸਾਰੇ ਜੀਵਾਂ ਨੂੰ ਦਾਤਾਂ ਉਹ ਆਪ ਦਿੰਦਾ ਹੈ, ਉਸ ਵਰਗਾ ਕੋਈ ਹੋਰ ਨਹੀਂ, ਜੋ ਉਹ ਚਾਹੁੰਦਾ ਹੈ ਉਹੀ ਹੁੰਦਾ ਹੈ। ਉਸੇ ਦੀ ਸ਼ਰਨ ਵਿੱਚ ਆਉਣ ’ਤੇ ਵਿਕਾਰਾਂ ਤੋਂ ਬਚਾਅ ਹੁੰਦਾ ਹੈ :

ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥

ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥

ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥ {ਪੰਨਾ 45}

ਗੁਰ ਸਾਹਿਬ ਸਮਝਾਉਂਦੇ ਹਨ ਕਿ ਸਿਰਫ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਕੇ ਹੀ ਬਚਾਅ ਹੋਣਾ ਹੈ, ਪੱਥਰਾਂ ‘ਤੇ ਮੱਥੇ ਘਸਾਉਣ ਜਾਂ ਨੱਕ ਰਗੜਨ ਜਾਂ ਕਿਸੇ ਹੋਰ ਵਿਹਲੜ ਸਾਧ ਦੇ ਅੱਗੇ ਝੋਲੀ ਅੱਡਣ ਦਾ ਕੋਈ ਲਾਭ ਨਹੀਂ ਅਤੇ ਨਾ ਹੀ ਖਿਸੇ ਕਬਰ ਜਾਂ ਮੜ੍ਹੀ-ਮਸਾਣ ਤੋਂ ਕੁਝ ਮਿਲਣਾ ਹੈ, ਬੱਸ ਇੱਕੋ ਕਰਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦਾ ਹੀ ਫਾਇਦਾ ਹੈ, ਕਿਉਂਕਿ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ:

ਮੇਰੇ ਮਨ ਪ੍ਰਭ ਸਰਣਾਈ ਪਾਇ ॥

ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥

{ਪੰਨਾ 45}

ਗੁਰਬਾਣੀ ਵਿੱਚ ਇੱਕੋ-ਇੱਕ ਪ੍ਰਮਾਤਮਾ ਦੀ ਹੋਂਦ ਅਤੇ ਉਸ ਵਰਗੇ ਕਿਸੇ ਦੂਸਰੇ ਦੇ ਹੋਣ ਦੀ ਸ਼ੰਕਾ ਨੂੰ ਦੂਰ ਕਰਦੇ ਅਨੇਕਾਂ ਪ੍ਰਮਾਣ ਹਨ, ਦੇਖੋ:

ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥

ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥

ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥ {ਪੰਨਾ 45}

ਤੁਧੁ ਜੇਵਡੁ ਅਵਰੁ ਨ ਭਾਲਿਆ ॥ ਤੂੰ ਦੀਪ ਲੋਅ ਪਇਆਲਿਆ ॥

ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥

{ਪੰਨਾ 74}

ਪ੍ਰਭਾਤੀ ਮਹਲਾ ੩ ॥

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥

ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥

{ਪੰਨਾ 1333}

ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ ॥

ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥

{ਪੰਨਾ 130}

ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ {ਪੰਨਾ 1098}

ਗੁਰਬਾਣੀ, ਜੋ ਹਰ ਮਨੁੱਖ ਦੇ ਜੀਵਨ ਦਾ ਆਧਾਰ ਹੈ,ਜਿਸਦਾ ਉਪਦੇਸ਼ ਸਰਬ-ਵਿਆਪਕ ਹੈ, ਵਿੱਚੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਰੇ ਸੰਸਾਰ ਦਾ ਕਰਤਾ ਸਿਰਫ ਅਕਾਲ-ਪੁਰਖ ਪ੍ਰਮਾਤਮਾ ਹੈ ਪਰ ਬਾਵਜੂਦ ਇਸ ਦੇ ਅੱਜ ਗੁਰੂ ਨਾਨਕ ਦਾ ਸਿੱਖ ਹੀ ਕਬਰਾਂ, ਮੜ੍ਹੀਆਂ-ਮਸਾਣਾਂ, ਡੇਰਿਆਂ, ਪੀਰਾਂ, ਲਾਲਾਂ ਆਲਾ ਅਤੇ ਹੋਰ ਬਹੁਤ ਸਾਰੇ ਦੇਹਧਾਰੀ ਸਾਧਾਂ ਦੇ ਪਿੱਛੇ ਲੱਗਿਆ ਹੋਇਆ ਹੈ। ਸ਼ਨੀ ਗ੍ਰਹਿ ਨੂੰ ਤੇਲ ਅਤੇ ਪੈਸੇ ਪਾ ਸੁੱਖ ਲਈ ਲਿਲਕੜੀਆਂ ਕੱਢਦਾ ਹੈ। ਸਿੱਖਾਂ ਦੇ ਕਾਫਲੇ ਖਾਲਸੇ ਦੀ ਜਨਮ-ਭੂਮੀ ਆਨੰਦਪੁਰ’ ਸਾਹਿਬ ਤੋਂ ਲੰਘ ਪੱਥਰ ਪੂਜਾ ਲਈ ਅੱਗੇ ਵਧਦੇ ਹਨ। ਵਿਹਲੜ ਸਾਧਾਂ ਦੀਆਂ ਜੁੱਤੀਆਂ ‘ਤੇ ਮੱਥੇ ਰਗੜਦੇ ਹਨ। ਇਸ ਤਰ੍ਹਾਂ ਥਾਂ-ਥਾਂ, ਹਰ ਦਿਨ ਮਾਇਆ ਵਿੱਚ ਫਸ ਕੇ ਨਵੇਂ ਨੂੰ ਰੱਬ ਬਣਾ ਕੇ ਪੂਜਣ ਵਾਲਿਆਂ ਬਾਰੇ ਗੁਰਬਾਣੀ ਵਿੱਚ ਦਰਜ ਹੈ:

ਠਾਕਹੁ ਮਨੂਆ ਰਾਖਹੁ ਠਾਇ ॥ ਠਹਕਿ ਮੁਈ ਅਵਗੁਣਿ ਪਛੁਤਾਇ ॥

ਠਾਕੁਰੁ ਏਕੁ ਸਬਾਈ ਨਾਰਿ ॥ ਬਹੁਤੇ ਵੇਸ ਕਰੇ ਕੂੜਿਆਰਿ ॥

{ਪੰਨਾ 933}

ਇਸ ਤਰ੍ਹਾਂ ਪਰਾਏ ਘਰ ਜਾ ਕੇ ਖੁਆਰ ਹੋਣ ਵਾਲਿਆਂ ਨੂੰ ਸਿੱਧੇ ਰਾਹ ਪਾਉਣ ਵਾਲਾ ਸਿਰਫ ਉਹ ਪ੍ਰਮਾਤਮਾ ਹੀ ਹੈ ਕੋਈ ਦੂਸਰਾ ਨਹੀਂ, ਉਹ ਹੀ ਸਭ ਦੀ ਇੱਜ਼ਤ ਢੱਕਦਾ ਹੈ:

ਪਰ ਘਰਿ ਜਾਤੀ ਠਾਕਿ ਰਹਾਈ ॥ ਮਹਲਿ ਬੁਲਾਈ ਠਾਕ ਨ ਪਾਈ ॥

ਸਬਦਿ ਸਵਾਰੀ ਸਾਚਿ ਪਿਆਰੀ ॥ ਸਾਈ ਸਹਾਗਣਿ ਠਾਕੁਰਿ ਧਾਰੀ ॥੨੯॥

{ਪੰਨਾ 933}

ਇਸੇ ਤਰ੍ਹਾਂ ਸਿਰਫ ਬਾਹਰੀ ਭੇਖ ਬਣਾ ਕੇ, ਤੀਰਥਾਂ ‘ਤੇ ਇਸ਼ਨਾਨ ਕਰਕੇ ਜਾਂ ਹੋਰ ਦਿਖਾਵੇ ਦੇ ਉੱਦਮ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਸਮਝਾਉਂਦੇ ਹਨ ਕਿ:

ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥

ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥ ਨਾ ਤੂ ਆਵਹਿ ਵਸਿ ਧਰਤੀ ਧਾਈਐ ॥

ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥

ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥ ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥

{ ਪਉੜੀ ਪੰਨਾ 962}

ਗੁਰੂ ਸਾਹਿਬ ਸਮਝਾ ਰਹੇ ਹਨ ਕਿ ਉਸ ਪ੍ਰਮਾਤਮਾ ਨੂੰ ਪਾਉਣ ਲਈ ਉਸਦੇ ਭਉ ਵਿੱਚ ਰਹਿ ਕੇ ਜੀਵਨ ਨੂੰ ਵਿਕਾਰਾਂ ਤੋਂ ਮੁਕਤ ਕਰਨਾ ਪੈਣਾ ਹੈ। ਇਸ ਤਰ੍ਹਾਂ ਥਾਂ-ਥਾਂ ਭਟਕਣ ਨਾਲ ਕੁਝ ਸੰਵਰਨਾ ਨਹੀਂ ਸਗੋਂ ਕੱਪੜੇ ਅਤੇ ਸ਼ਿੰਗਾਰ ਪਾਟ ਜਾਣੇ ਹਨ:

ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥

ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥

ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥

ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥

ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥

ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥

ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥

ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥ {ਪੰਨਾ 933}

ਗੁਰਬਾਣੀ ਵਿੱਚੋਂ ਸਾਨੂੰ ਸੋਝੀ ਮਿਲਦੀ ਹੈ ਕਿ ਉਹ ਦਿਆਲੂ ਪ੍ਰਮਾਤਮਾ ਸਾਰੇ ਜੀਵਾਂ ‘ਤੇ ਬਖ਼ਸ਼ਿਸ਼ ਕਰ ਕੇ ਵੇਖ ਰਿਹਾ ਹੈ। ਜਿਸ ਉੱਤੇ ਉਹ ਮਿਹਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ, ਉਹ ਇੱਕ ਪਲ ਵਿੱਚ ਢਾਹ ਕੇ ਉਸਾਰਨ ਦੇ ਸਮਰੱਥ ਹੈ। ਉਹ ਪ੍ਰਮਾਤਮਾ ਹੀ ਸਭ ਜੀਵਾਂ ਦੀਆਂ ਜਾਨਣ ਵਾਲਾ ਹੈ ‘ਤੇ ਪਰਖਣ ਵਾਲਾ ਹੈ, ਉਹ ਦਾਨਿਆਂ ਦਾ ਦਾਨਾ ਹੈ, ਦਲਿੱਦ੍ਰ ‘ਤੇ ਦੁੱਖ ਨਾਸ ਕਰਨ ਵਾਲਾ ਹੈ:

ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥

ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥

ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥

ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥

{ਪੰਨਾ 934}

ਉਪਰੋਕਤ ਗੁਰਬਾਣੀ ਦੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਗੁਰਬਾਣੀ ਸਿਧਾਂਤ ਵਿੱਚ ਕਿਸੇ ‘ਦੂਸਰੇ ਪ੍ਰਮਾਤਮਾ’ ਜਾਂ ‘ਉਸ ਵਰਗੇ ਕਿਸੇ ਦੂਸਰੇ’ ਦੀ ਹੋਂਦ ਦੀ ਕੋਈ ਥਾਂ ਨਹੀਂ, ਸਾਰੀ ਸ਼੍ਰਿਸ਼ਟੀ ਦਾ ਕਰਤਾ ਉਹ ਪ੍ਰਮਾਤਮਾ ਆਪ ਹੈ, ਇਹ ਜੋ ਕੁਝ ਵੀ ਹੈ ਸਭ ਉਸਦੇ ਭਉ ਵਿੱਚ ਹੈ। ਕਿਸੇ ਅਖੌਤੀ ਸੰਤ-ਬਾਬੇ, ਕਬਰ, ਮੜ੍ਹੀ-ਮਸਾਣ, ਪੀਰ ਆਦਿ ਵਿੱਚ ਕਿਸੇ ਦਾ ਕੁਝ ਸੰਵਾਰਨ ਜਾਂ ਵਿਗਾੜਨ ਦੀ ਸਮਰੱਥਾ ਨਹੀਂ। ਕਿਸੇ ਵੀ ਮਨੁੱਖ ਨੂੰ ਇਹਨਾਂ ਅਨਮਤੀ ਥਾਵਾਂ ‘ਤੇ ਜਾਣ ਦੀ ਜ਼ਰੂਰਤ ਨਹੀਂ, ਜਿਹੜਾ ਵੀ ਪ੍ਰਮਾਤਮਾ ਨਾਲੋਂ ਟੁੱਟ ਕੇ ਲਾਲਸਾ ਵੱਸ ਕਿਸੇ ਅਜਿਹੀ ਥਾਂ ਗਿਆ, ਉਹ ਜ਼ਰੂਰ ਖੁਆਰ ਹੋਵੇਗਾ। ਅੱਜ ਦਾ ਸਿੱਖ ਜਿੰਨ੍ਹਾਂ ਪੜ੍ਹ ਲਿਖ ਗਿਆ ਹੈ, ਉਤਨਾ ਹੀ ਅੰਧਵਿਸ਼ਵਾਸ਼ੀ ਅਤੇ ਕਰਮਕਾਂਡੀ ਵੀ ਹੋ ਗਿਆ ਹੈ। ਹੱਥਾਂ ਵਿੱਚ ਨਗਾਂ ਜੜੀਆਂ ਮੁੰਦਰੀਆਂ ਦੀ ਭਰਮਾਰ ਹੈ, ਕਬਰਾਂ-ਸਮਾਧਾਂ ‘ਤੇ ਮੇਲੇ ਲੱਗਦੇ ਹੀ ਨਹੀਂ ਬਲਕਿ ਪੂਰੇ ਭਰਦੇ ਵੀ ਹਨ। ਸੱਜਰ ਦੁੱਧ ਦੀ ਖੀਰ ਸਭ ਤੋਂ ਪਹਿਲਾਂ ਕਬਰਾਂ ‘ਤੇ ਲਿਜਾਈ ਜਾਂਦੀ ਹੈ, ਵਿਹਲੜ ਸਾਧਾਂ ਦੇ ਪੈਰਾਂ ਵਿੱਚ ਸਿੱਖਾਂ ਦੀ ਭੀੜ ਲਿਟਦੀ ਫਿਰਦੀ ਹੈ, ਡੇਰਾਵਾਦ ਸਿੱਖੀ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕਾ ਹੈ....ਇਹ ਸਭ ਲਾਲਚੀ ਸਿੱਖ ‘ਪ੍ਰਮਾਤਮਾ’ ਦੇ ਨਾਮ ਹੇਠ ਕਰ ਰਿਹਾ ਹੈ ਜਦਕਿ ਗੁਰਬਾਣੀ ਇਹਨਾਂ ਗੱਲਾਂ ਨੂੰ ਕੱਟਦੀ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰਬਾਣੀ ਦੇ ਸਿਧਾਂਤ ਨੂੰ ਜੀਵਨ ਵਿੱਚ ਅਪਣਾਉਣ ਦਾ ਯਤਨ ਕਰੀਏ, ਬਾਕੀ ਸਾਰੀਆਂ ਲਾਲਸਾਵਾਂ ਤੋਂ ਛੁਟਕਾਰਾ ਆਪਣੇ-ਆਪ ਹੋ ਜਾਵੇਗਾ। ਜਿੰਨ੍ਹਾਂ ਦਾ ਧਰਮ ਇੱਕ ਤੋਂ ਵੱਧ ਨੂੰ ਮੰਨਣ ਦੀ ਖੁੱਲ੍ਹ ਦਿੰਦਾ ਹੈ ਉਹਨਾਂ ਨੂੰ ਮੁਬਾਰਕ ਪਰ ਸਿੱਖ ਧਰਮ ਵਿੱਚ, ਗੁਰੂ ਸਾਹਿਬਾਨ ਦੀ ਬਾਣੀ ਅਤੇ ਗੁਰਮਤਿ ਵਿੱਚ ਕਿਸੇ ‘ਦੂਸਰੇ’ ਦੀ ਕੋਈ ਥਾਂ ਨਹੀਂ। ਇਹਨਾਂ ਲੁੱਟ ਦੀ ਥਾਂ ਬਣੀਆਂ ਸਾਰੀਆਂ ਥਾਵਾਂ ਦਾ ਖਹਿੜਾ ਛੱਡ ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ਨੂੰ ਸਮਝੀਏ ਅਤੇ ਅਪਣਾਈਏ।




.