.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਵਿਚਾਰ

“ਤਬ ਲੋ ਏਕੁ ਸਿੱਖ ਤਹ ਆਯੋ। ਗੁਰ ਅਰਜਨ ਕੋ ਸੀਸੁ ਨਿਵਾਯੋ॥ 5॥ ਤਦੋਂ ਤਈਂ ਇੱਕ ਸਿੱਖ ਨੇ ਸਤਿਗੁਰੂ ਜੀ ਨੂੰ ਸੀਸ ਆ ਨਿਵਾਇਆ ਅਤੇ ਇਹ ਗਿਲਾ ਕੀਤਾ, ਕਿ, ਉਹ ਭਾਈ ਗੁਰਦਾਸ ਜੀ ਦੀ ਬਾਣੀ ਬੜੇ ਪਿਆਰ ਨਾਲ ਪੜ੍ਹਦਾ ਹੈ ਪਰ, ਗੁਰੂ ਬਿਨਾ ਕਿਸੇ ਕੱਚੀ ਬਣੀ ਵਿੱਚ ਮਨ ਨਹੀਂ ਲੱਗਦਾ। ਤੇ ਸਤਿਗੁਰੂ ਜੀ ਕੋਲ ਬੇਨਤੀ ਕੀਤੀ ਕਿ, ਉਹ ਉਸ ਨੂੰ ਠੀਕ ਗੁਰਬਾਣੀ ਬਾਰੇ ਸਮਝਾਉਣ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਬੁਲਾ ਕੇ, ਉਸ ਸਿੱਖ ਵਲੋਂ ਕੀਤੀ ਫ਼ਰਿਆਦ ਕਹਿ ਸੁਣਾਈ। (ਚੌਪਈ 8)।

ਕਬਿੱਤ॥ ਸ੍ਰੀ ਗੁਰ ਕ੍ਰਿਪਾ ਪਾਇ ਸਿੱਖ ਸੁੱਧ ਬੁਧਿ ਕਾਇ, ਸ੍ਰੀ ਗੁਰਬਾਣੀ ਸਿੱਖ ਅਬ ਤੋ ਪਛਾਣ ਹੈਂ।

ਆਗੇ ਕਲੂ ਬਲ ਪਾਵੈ ਸੁੱਧ ਬੁਧਿ ਨ ਰਹਾਵੈ, ਨਿਜ ਗੁਰਬਾਣੀ ਸਿੱਖ ਕੈਸਕ ਸਯਾਨ ਹੈਂ।

ਤਾ ਤੇ ਗੁਰਬਾਣੀ ਸਭ ਕੀਝਯੈ ਇਕਤ੍ਰ ਅਬ, ਸੋਧ ਗੁਰਬਾਣੀ ਤਾਹਿ ਗ੍ਰੰਥ ਕੋ ਰਚਾਨ ਹੈ।

ਪੂਜਨੀਵ ਜਗਿ ਹੋਇ ਗੁਰੂ ਸਮ ਗ੍ਰਿੰਥ ਸੋਇ, ਜੋਊ ਪੂਜ ਕਰੈਂ ਮੁਕਤਿ ਰੂਪ ਸੁ ਜਹਾਨ ਹੈ॥ 9॥

ਅਤੇ ਆਖਿਆ ਕਿ ਅਜੇ ਤਾਂ ਅਜੇਹੀ ਸੁਧਿ ਬੁਧ ਵਾਲੇ ਕਈ ਸਿੱਖ ਮੌਜੂਦ ਹਨ ਜੋ ਕੱਚੀ ਬਾਣੀ ਦੀ ਪਛਾਣ ਕਰ ਸਕਦੇ ਹਨ ਪਰ ਅਗਾਂਹ ਨੂੰ ਕਲਜੁਗ ਨੇ ਅਜੇਹਾ ਬਲ ਪਾ ਲੈਣਾ ਹੈ ਕਿ ਸੁਧ ਬੁੱਧ ਨਹੀ ਰਹਿਣੀ ਸੋ ਉੱਦਮ ਕਰਕੇ ਸਾਰੀ ਗੁਰਬਾਣੀ ਇਕੱਤਰ ਕਰਕੇ ਪੂਰੀ ਤਰ੍ਹਾਂ ਸੋਧ ਕੇ ਇੱਕ ਅਜੇਹਾ ਗ੍ਰੰਥ ਰਚ ਲਈਏ ਜੋ ਅਜੇਹਾ ਪੂਜਨੀਕ ਹੋਵੇ ਕਿ ਲੋਕਾਂ ਦੀ ਮੁਕਤੀ ਦਾ ਸਾਧਨ ਬਣ ਜਾਵੇ।

ਅੱਜ ਪਤਾ ਲੱਗਾ ਹੈ ਕਿ, ਮਹਾਂ ਕੁਟਲ ਬਰਾਹਮਣ ਨੇ, ਪੱਥਰ ਦੀਆਂ ਦੇਵੀ ਦੇਵਤਿਆਂ ਅਥਵਾ ਰੰਗਾ ਰੰਗ ਭਗਵਾਨਾਂ ਵਾਂਗ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਕੇਵਲ ਪੂਜਾ ਤੋਂ ਚਾਰ ਪਦਾਰਥਾਂ ਦੀ ਬਖ਼ਸ਼ਸ਼ ਕਰਨ ਵਾਲਾ ਵਰ-ਦਾਤਾ ਬਣਾ ਲੈਣ ਦਾ ਸ਼੍ਰੀ ਗਣੇਸ਼ ਸੰਨ 1718 ਵਿੱਚ ਹੀ, ਭਾਈ ਮਨੀ ਸਿੰਘ ਜੀ ਦੀ ਰਾਹੀਂ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਦੀ ਜ਼ਬਾਨੀ ਹੀ ਕਰਵਾ ਲਿਆ ਸੀ।”

ਏਨੇ ਲਿਖੇ ਬਾਰੇ ਗੁਰਮਤਿ ਵਿਚਾਰਾਂ:--

(1) ਗੁਰਬਾਣੀ ਵਿੱਚ ਕੱਚੀ ਬਾਣੀ ਦੇ ਰਲੇ ਦਾ ਚੇਤਾ, ਜੇ ਕੋਈ ਸੂਝਵਾਨ ਸਿੱਖ ਨਾ ਕਰਾਉਂਦਾ ਤਾਂ ਕੀ, ਪੰਚਮ ਪਾਤਸ਼ਾਹ ਜੀ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਰਚਨਾ ਨਹੀਂ ਸੀ ਕਰਨੀ? ਸਤਿਗੁਰਾਂ ਨਾਲੋਂ ਕਦੇ, ਬਾਬਾ ਬੁੱਢਾ ਜੀ ਨੂੰ ਸਿਆਣਾ, ਕਦੇ ਪਿਸਤੇ ਕੁੱਤੇ ਨੂੰ ਅਤੇ ਹੁਣ ਬਿੱਪ੍ਰ ਲਿਖਾਰੀ ਕਿਸੇ ਅਜੇਹੇ ਸਿੱਖ ਨੂੰ ਸਿਆਣਾ ਦਰਸਾ ਰਿਹਾ ਹੈ ਜਿਸ ਦੇ ਨਾਮ ਤੱਕ ਦਾ ਪਤਾ ਲਿਖਾਰੀ ਨੂੰ ਵੀ ਨਾ ਮਿਲ ਸਕਿਆ?

ਮਿੱਟੀ, ਲੱਕੜ, ਪੱਥਰ ਅਥਵਾ ਧਾਤ, ਅਦਿ ਦੀਆਂ ਨਿਰਜਿੰਦ ਮੂਰਤੀਆਂ ਵਿੱਚ ਰੱਬੀ ਸ਼ਕਤੀਆਂ ਦਰਸਾ ਕੇ ਉਨ੍ਹਾਂ ਨੂੰ ਪੂਜਨੀਕ ਇਸ਼ਟ ਬਣਾ ਲੈਣਾ, ਧਰਮ-ਆਗੂ ਬ੍ਰਾਹਮਣ ਦੀ ਲੁੱਟ-ਨੀਤੀ ਦਾ ਬੜਾ ਜ਼ਰੂਰੀ ਅੰਗ ਸੀ। ਜੇ ਮੂਰਤੀਆਂ ਵਿੱਚ ਦੈਵੀ ਸ਼ਕਤੀਆਂ ਹੋਣ ਦਾ ਭਰਮ ਬਣਾ ਕੇ, ਲੋਕਾਂ ਦੀ ਕਲਿਆਣ ਦਾ ਸਾਧਨ ਦੇ ਰੂਪ ਵਿਚ, ਅਦਭੁਤ ਮੰਦਰਾਂ ਵਿੱਚ ਸਥਾਪਤ ਨਾ ਕੀਤੀਆਂ ਜਾਂਦੀਆਂ ਤਾਂ, ਜਨਤਾ ਦੀ ਕਮਾਈ ਵਿਚੋਂ ਅਪਾਰ ਧਨ-ਦੌਲਤ ਵਿਹਲੜ ਪੁਜਾਰੀਆਂ ਦੀ ਐਸ਼-ਇਸ਼ਰਤ ਦਾ ਸਦੀਵੀ-ਸਾਧਨ ਕਿਵੇਂ ਬਣਦਾ? ਧਰਮੀ ਅਤੇ ਲੋਕਾਂ ਦੇ ਸੱਚੇ ਹਮਦਰਦ ਮਹਾਂਪੁਰਖ-ਧਰਮੀਆਂ ਦੀਆਂ ਲਿਖੀਆਂ ਪੁਸਤਕਾਂ ਅਥਵਾ, ਪਰਮ ਮਨੁੱਖਾਂ ਦੇ ਲਿਖੇ ਗ੍ਰੰਥਾਂ ਦਾ ਬਹੁਪੱਖੀ ਗਿਆਨ ਦਾ ਅਨਮੋਲ ਸਾਧਨ ਹਨ। ਜੇ ਉਨ੍ਹਾਂ ਤੋਂ ਗਿਆਨ ਪ੍ਰਾਪਤ ਕਰ ਕੇ ਉਸ ਅਨੁਸਾਰ ਜੀਵਨ ਜੁਗਤ ਨਾ ਢਾਲੀ ਜਾਂਦੀ ਤਾਂ ਲੋਕਾਂ ਦੇ ਆਚਰਨ ਵਿੱਚ ਸੁਖਾਵੀਆਂ ਬਰਕਤਾ ਵਾਲੇ ਗੁਣ ਕਦੇ ਨਜ਼ਰੀਂ ਨਾ ਆਉਂਦੇ। ਗਿਆਨ ਵਗਿਆਨ ਵਿੱਚ ਨਿਪੰਨ ਵਿਦਵਾਨਾਂ ਦੀਆਂ ਲਿਖੀਆਂ ਪੁਸਤਕਾਂ ਨੂੰ ਵੀ ਆਲੀਸ਼ਾਨ ਮਹਿਲ-ਮੰਦਰਾਂ ਵਿੱਚ ਟਿਕਾ ਕੇ, ਉਨ੍ਹਾਂ ਦੀ ਕੇਵਲ ਪੂਜਾ ਹੀ ਕੀਤੀ ਜਾਂਦੀ, ਤਾਂ ਸੰਸਾਰ ਵਿੱਚ ਆਈਆ ਅਜੋਕੀਆਂ ਇਨਕਲਾਬੀ ਰੋਣਕਾਂ ਨਾ ਹੁੰਦੀਆਂ, ਨਵੀਆਂ ਨਵੀਆਂ ਕਾਢਾਂ ਨਹੀਂ ਸੀ ਕੀਤੀਆਂ ਜਾ ਸਕਦੀਆਂ ਅਥਵਾ ਅਜੋਕੀਆਂ ਮਸ਼ੀਨੀ ਸੁਹੂਲਤਾਂ ਕਿਵੇਂ ਪ੍ਰਾਪਤ ਹੁੰਦੀਆਂ? ਏਵੇਂ ਹੀ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਨ੍ਹਾਂ ਦੇ ਉਪਦੇਸ਼ ਅਨੁਸਾਰ ਜੀਵਨ ਨਾ ਢਾਲਿਆ ਜਾਣ ਦੇ ਕਾਰਨ, ਦੁੱਖ ਕਲੇਸ਼ਾਂ ਭਰਪੂਰ, ਭਰਮਾਂ ਗ੍ਰਸੀ ਵਿਕਾਰੀ ਜ਼ਿੰਦਗੀ ਦੀ ਭਰਮਾਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ, ਪ੍ਰਾਣੀ ਨੂੰ ਲੋਕ ਪਰਲੋਕ ਵਿੱਚ ਮਾਣ ਸਤਿਕਾਰ ਵਾਲੀ ਜੀਵਨ-ਜੁਗਤ ਪ੍ਰਾਪਤ ਕਰਨ ਜੋਗ ਬਣਾ ਰਹੇ ਅਨਮੋਲ ਗਿਆਨ ਦਾ ਅਮੁੱਕ ਖ਼ਜ਼ਾਨਾ ਹਨ। ਇਨ੍ਹਾਂ ਦੀ ਕੇਵਲ ਪੂਜਾ ਤੋਂ ਹੀ, ਮੁਕਤੀ ਦਾ ਸਾਧਨ ਮਨ ਬਹਿਣ ਦੀ ਸਿਖਿਆ ਲਿਖਣੀ, ਲਿਖਾਰੀ ਦੀ ਬੜੀ ਖ਼ਤਰਨਾਕ ਵੈਰੀ-ਚਾਲ ਹੈ। ਕਿੱਡੀ ਮੰਦਭਾਗੀ ਸਥਿਤੀ ਬਣ ਰਹੀ ਹੈ ਕਿ, ਲਿਖਾਰੀ ਦੀ ਇਸ ਗੁਰਮਤਿ ਵਿਰੋਧੀ ਖ਼ਤਰਨਾਕ ਕਰਤੂਤ ਨੂੰ ਪੰਥ ਦੇ ਧਰਮ ਆਗੂ ਨੇ, ਸਿੱਖ ਜਗਤ ਲਈ ਅਨਮੋਲ ਸੁਗ਼ਾਤ ਮੰਨ ਲਿਆ?

ਕਥਾ ਕਹਾਣੀ ਬੇਦੀ ਆਣੀ {=The Vedas bring forth stories and legends)

{ਏਸੇ ਚੌਥੇ ਅਧਿਆਇ ਦੇ, 11 ਨੰਬਰ ਤੇ ਲਿਖੇ ਗੁਰੂ ਸ਼ਬਦ ਦੀ ਪਹਿਲੀ ਪੰਗਤੀ}

ਬ੍ਰਾਹਮਣੀ ਸੋਚ ਜਿਵੇਂ ਸਿੱਖੀ ਸਿਧਾਂਤ ਨੂੰ ਖ਼ਤਮ ਕਰਕੇ ਖ਼ਾਲਸਾ ਜੀ ਨੂੰ ਮੰਦਰਾਂ ਵਿੱਚ ਲੈ ਜਾਣ ਲਈ ਬੇਚੈਨ ਹੋ ਰਹੀ ਹੈ, ਉਸ ਦਾ ਵੇਰਵਾ ਦਾਸ ਨੇ 1995 ਤੋਂ ਛਪੀ ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਵਿੱਚ ਬੜਾ ਵਿਸਥਾਰ ਨਾਲ ਲਿਖਿਆ ਹੈ। ਉਪ੍ਰੰਤ ਉਸੇ ਪੁਸਤਕ ਦੇ ਹੁਣ ਤੱਕ ਛਪ ਚੁੱਕੇ ਛਿਆਂ ਹੀ ਭਾਗਾਂ ਵਿੱਚ ਬ੍ਰਾਹਮਣੀ ਕੁਟਲਤਾ ਦਾ ਉਹ ਵੇਰਵਾ ਨਿਰੰਤਰ ਲਿਖਿਆਂ ਹੋਇਆ ਹੈ। ਗੁਰਸਿੱਖ ਨੂੰ ਗੁਰੂਬਾਣੀ ਦੇ ਗਿਆਨ ਤੋਂ ਤੋਂੜਨ ਲਈ, ਇਸ ਪੁਸਤਕ ਦਾ ਲਿਖਾਰੀ, ਗੁਰੂ ਇਤਿਹਾਸ ਦੀ ਰੂਪ-ਰੇਖਾ ਵਿਗਾੜ ਕੇ ਬ੍ਰਾਹਣੀ ਕਥਾ- ਕਹਾਣੀਆਂ ਦੀ ਰੰਗਤ ਵਿੱਚ ਪੇਸ਼ ਕਰ ਰਿਹਾ ਹੈ। ਉਸੇ ਹੀ ਯੋਜਨਾ ਦੇ ਅਧੀਨ, ਸਤਿਗੁਰੂ ਨਾਨਕ ਸਾਹਿਬ ਜੀ ਦੇ ਉਪ੍ਰੋਕਿਤ ਫ਼ੁਰਮਾਨ ਤੋਂ ਚਿੜ ਕੇ, ਗੁਰਬਾਣੀ ਨੂੰ ਵੀ ਕਥਾ ਕਹਾਣੀਆਂ ਦੇ ਹੀ ਅਧਾਰ ਤੇ ਲਿਖੀ ਹੋਈ ਸਿੱਧ ਕਰਨ ਲਈ, ਗੁਰ ਬਾਣੀ ਵਿਚੋਂ ਆਪਣੀ ਵਿਉਂਤ ਅਨੁਸਾਰ ਗੁਰੂ-ਸ਼ਬਦ ਚੁਣ ਕੇ ਉਨ੍ਹਾਂ ਨੂੰ ਉਨ੍ਹਾਂ ਹੀ ਕਹਾਣੀਆਂ ਪ੍ਰਥਾਇ ਉਚਾਰੇ ਦਰਸਾ ਰਿਹਾ ਹੈ, ਜਿਹੜੀਆਂ ਪੁਰਾਣਕ ਝੂਠ-ਕਹਾਣੀਆਂ ਬ੍ਰਾਹਮਣ ਨੇ ਆਪ ਹੀ ਘੜੀਆਂ ਹੋਈਆਂ ਸਨ। ਗੁਰੂ ਇਤਿਹਾਸ (ਗੁਰਪ੍ਰਤਾਪ ਸੂਰਜ, ਸੂਰਜ ਪ੍ਰਕਾਸ਼, ਜਨਮਸਾਖੀਆਂ, ਬਿਲਾਸ ਆਦਿ) ਨੂੰ ਵੀ ਉਨ੍ਹਾਂ ਦੇ ਹੀ ਰੁਪ ਵਿੱਚ ਪੇਸ਼ ਕੀਤਾ ਹੈਾ। ਏਹੀ ਭਾਣਾ ਇਸ ਹਥ ਵਿਚਲੇ ਗ੍ਰੰਥ ਦੇ ਲਿਖਾਰੀ (ਪ੍ਰੋਹਿਤ) ਨੇ ਵਰਤਾਇਆ ਹੋਈਆ ਹੈ।

ਗੁਰੂ ਅਮਰਦਾਸ ਸਾਹਿਬ ਜੀ ਦੇ ਵਡੇ ਸਾਹਿਬਜ਼ਾਦਾ ਜੀ ਦਾ ਨਾਮ ‘ਬਾਬਾ ਮੋਹਨ ਜੀ’ ਸੀ। ਝੂਠ-ਕਹਾਣੀਆਂ ਘੜ ਕੇ ਜਨਤਾ ਦੀ ਸੋਚਣੀ ਨੂੰ ਆਪਣੀ ਮਰਜ਼ੀ ਅਨੁਸਾਰ ਮੋੜਾ ਦੇ ਲੈਣ ਵਿੱਚ ਨਿਪੁੰਨ ਹੋ ਚੁੱਕੇ, ਗੁਰਮਤਿ ਦੇ ਵੈਰੀ ਇਸ ਲਿਖਾਰੀ ਨੇ, ਗੁਰਬਾਣੀ ਵਿਚੋਂ ਪੰਚਮ ਪਾਤਸ਼ਾਹ ਜੀ ਦਿਆਂ ਗੁਰੂ ਸ਼ਬਦਾਂ ਵਿਚੋਂ ਉਹ ਪਾਵਨ ‘ਛੰਦ `ਚੁਣ ਲਿਆ ਜਿਸ ਵਿੱਚ ‘ਮੋਹਨ’ ਪਦ ਦੀ ਵਰਤੋਂ ਇੱਕ ਤੋਂ ਵੱਧ (ਛੇ) ਵਾਰੀ ਹੋਣ ਦੇ ਨਾਲ, ਮਹਿਲਾਂ, ਮੰਦਰਾਂ, ਦੁਆਰਿਆਂ ਆਦਿ ਦਾ ਜ਼ਿਕਰ ਵੀ ਹੈ। ਉਸ ਸਮੇਂ ਦੀ ਸਥਿਤੀ ਵਿੱਚ ਵਿਚਰਦਿਆਂ ਸਰੋਤਿਆਂ ਨੂੰ ‘ਆਦਿ-ਸਚੁ” ਦੇ ਅਥਵਾ “ਸੁੰਦਰ ਸਰੂਪ” ਕੇਵਲ ਮਾਤ੍ਰ ਉਸ “ਬ੍ਰਹਮ” ਦੇ ਸਰਗਣ ਸਰੂਪ ਦੇ ਦਰਸ਼ਨ ਕਰਾ ਕੇ ਸਤਿਗੁਰੂ ਜੀ ਨੇ ਉਸੇ ਨਾਲ ਹੀ ਜੋੜਨ ਦਾ ਊਪਰਾਲਾ ਕੀਤਾ ਹੋਇਆ ਹੈ। ਪਰ ਬਿੱਪ੍ਰ ਨੇ ਉਸ ਗੁਰੂ ਸ਼ਬਦ ਨੂੰ ਆਪਣੀ ਮਤਿ ਅਨੁਸਰ ਵਿਗਾੜ ਕੇ ਲਿਖੇ ਅਰਥਾਂ ਤੋਂ, ਗੁਰਮਤਿ ਵਿਰੋਧੀ ਕਹਾਣੀ ਘੜ ਲਈ, ਕਿ, ਸਿੱਖੀ ਸਿਧਾਂਤ ਦੇ ਜਨਮ ਦਾਤਾ, ਸਤਿਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਈ ਮਰਯਾਦਾ ਦੇ ਉਲਟ, ਗੁਰੂ ਅਮਰਦਾਸ ਜੀ ਨੇ ਗੁਰੂਬਾਣੀ ਦੀਆਂ ਪੋਥੀਆਂ, ਉਸ ਸ੍ਰੀ ਜੇਠਾ ਜੀ ਨੂੰ ਨਾ ਸੌਂਪੀਆਂ, ਜਿਹੜੇ (ੳ) ਕਈ ਸਾਲਾਂ ਤੋਂ ਗ੍ਰਿਹਸਤੀ ਜੀਵਨ ਦੀਆਂ ਜ਼ਿਮੇਵਾਰੀ ਨਿਭਾਉਂਦੇ ਰਹਿਣ ਦੇ ਨਾਲ, ਗੁਰੂ ਦਰਬਾਰ ਦੀਆਂ ਸਾਰੀਆਂ ਜ਼ਿਮੇਵਾਰੀਆਂ ਵੀ ਬੜੀ ਯੋਗਤਾ ਨਾਲ ਨਿਭਾ ਰਹੇ ਸਨ (ਅ) ਸਤਿਗੁਰੂ ਜੀ ਦੀ ਹਰ ਆਗਿਆ ਦੀ ਪਾਲਣਾ ਖਿੜੇ ਮੱਥੇ ਕਰਨ ਲਈ, ਗੁਰੂ ਅਮਰਦਾਸ ਜੀ ਨੂੰ ਸਦਾ ਕਮਰ-ਬਸਤਾ ਤਿਆਰ-ਬਰ-ਤਿਆਰ ਮਿਲਦੇ ਰਹੇ ਜਿਹੜੇ ਸਾਰੀਆਂ ਪ੍ਰੀਖਿਅਵਾਂ ਵਿੱਚ ਪੂਰੇ ਉੱਤਰਦੇ ਰਹੇ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤ ਦਾ ਮਾਲਕ ਬਣਾਏ ਜਾ ਰਹੇ ਸਨ। ਸਗੋਂ ਗ੍ਰਿਹਸਤ ਦੀਆਂ ਜ਼ਿਮੇਵਾਰੀਆਂ ਨਿਭਾਉਣ ਦੇ ਅਸਮਰਥ, ਬਚਪਨ ਤੋਂ ਅਲੱਗ ਥਲੱਗ ਪਿਤਾ-ਗੁਰਦੇਵ ਤੋਂ ਬਾਗ਼ੀ, ਉਹ ਪਾਵਨ ਪੋਥੀਆਂ ਵਿਹਲੜ ਬਾਬਾ ਮੋਹਨ ਜੀ ਦੇ ਹਵਾਲੇ ਕਰ ਦਿਤੀਆਂ? ਅਜੇਹੀ ਬੇਦਲੀਲੀ ਅਤੇ ਗੁਰਮਤਿ ਵਿਰੋਧੀ ਗਾਥਾ ਨੂੰ ਅਸਾਂ ਗੁਰੂ ਇਤਿਹਾਸ ਮੰਨ ਲਿਆ? (ਨੋਟ ਭੂਮਕਾ ਵਿੱਚ ਵੇਦਾਂਤੀ ਸਾਹਿਬ ਨੇ ਵੀ ਮੰਨਿਆ ਹੈ ਕਿ ਪੋਥੀਆਂ ਵਾਲੀ ਇਹ ਗਾਥਾ ਝੂਠੀ ਹੈ)

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.