ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਅਠਾਰ੍ਹਵੀਂ)
ਬਲਦੇਵ ਸਿੰਘ ਕਾਨਪੁਰ ਪਹੁੰਚਿਆ
ਤਾਂ ਅਜੇ ਮੂੰਹ ਹਨੇਰਾ ਸੀ। ਉਸ ਨੇ ਘਰ ਅੰਦਰ ਵੜਦੇ ਹੀ ਗੁਰਮੀਤ ਕੌਰ ਨੂੰ ਮਾਮਾ ਜੀ ਦੀ ਸਿਹਤ ਬਾਰੇ
ਪੁੱਛਿਆ। “ਮੈਂ ਗਈ ਤਾਂ ਨਹੀਂ, ਟੈਲੀਫੋਨ ਕਰ ਕੇ ਪਤਾ ਕੀਤਾ ਸੀ, ਮਾਮੀ ਜੀ ਕਹਿ ਰਹੇ ਸਨ, ਕਿ ਉਂਝ
ਤਾਂ ਹੁਣ ਕਾਫੀ ਠੀਕ ਨੇ ਪਰ ਬੁਖਾਰ ਅਜੇ ਪੂਰੀ ਤਰ੍ਹਾਂ ਨਹੀਂ ਉਤਰਿਆ”, ਗੁਰਮੀਤ ਨੇ ਦਰਵਾਜ਼ੇ ਤੋਂ
ਹੀ ਪਤੀ ਦੇ ਹੱਥ ਵਾਲਾ ਕੁੱਝ ਸਮਾਨ ਨਾਲ ਫੜ੍ਹ ਲਿਆ ਸੀ, ਉਸਨੂੰ ਕਮਰੇ ਵਿੱਚ ਰਖਦੀ ਹੋਈ ਬੋਲੀ ਤੇ
ਫੇਰ ਪਾਣੀ ਲੈਣ ਚਲੀ ਗਈ। ਵਾਪਸ ਆਈ ਤਾਂ ਬਲਦੇਵ ਸਿੰਘ ਨੇ ਪਾਣੀ ਫੜ੍ਹਦੇ ਹੋਏ ਕਿਹਾ, “ਠੀਕ ਫਿਰ
ਕਾਹਦੇ ਹੋਏ?” ਪਾਣੀ ਪੀਕੇ ਗੱਲਾਸ ਵਾਪਸ ਕਰਦੇ ਹੋਏ ਬੋਲਿਆ, “ਵੈਸੇ ਤਾਂ ਹੁਣ ਅੰਮ੍ਰਿਤ ਵੇਲਾ ਹੋ
ਗਿਐ ਪਰ ਮੈਂ ਬਹੁਤ ਥੱਕ ਗਿਆਂ, ਸਫਰ ਬਹੁਤ ਬੇਅਰਾਮੀ ਦਾ ਬੀਤਿਐ, ਹੁਣ ਤਾਂ ਮੈਂ ਅਰਾਮ ਕਰਾਂਗਾ
ਥੋੜ੍ਹੀ ਦੇਰ, ਦਿਹਾੜੀ ਦੁਕਾਨ ਤੋਂ ਸਮਾਂ ਕੱਢ ਕੇ ਜਾਵਾਂਗਾ।”
“ਮੈਂ ਵੀ ਜਾਣਾ ਸੀ ਨਾਲ?”
“ਚਲੋ! ਮੈਂ ਉਠਦਾ ਹਾਂ ਅਰਾਮ ਕਰ ਕੇ, ਤੇ ਫੇਰ ਪ੍ਰੋਗਰਾਮ ਬਣਾਵਾਂਗੇ”, ਬਲਦੇਵ ਸਿੰਘ ਨੇ ਲੇਟਦੇ
ਹੋਏ ਕਿਹਾ।
“ਕੀ ਹਾਲ ਸੀ ਚਾਚਾ ਜੀ ਹੋਰਾਂ ਦਾ? ਨਾਲੇ ਕਰ ਆਏ ਹੋ ਦਰਬਾਰ ਸਾਹਿਬ ਦੇ ਦਰਸ਼ਨ?” ਗੁਰਮੀਤ ਕੌਰ ਨੂੰ
ਅੰਮ੍ਰਿਤਸਰ ਦੇ ਹਾਲਾਤ ਜਾਨਣ ਦੀ ਜਿਗਿਆਸਾ ਲੱਗੀ ਹੋਈ ਸੀ।
“ਮੀਤਾ! ਚਾਚਾ ਜੀ ਹੋਰੀ ਠੀਕ ਨੇ ਤੇ ਦਰਸ਼ਨ ਵੀ ਕਰ ਆਇਆਂ ਪਰ ਇਹ ਲੰਮੀ ਵਿਥਿਆ ਹੈ, ਬਾਅਦ ਵਿੱਚ ਗੱਲ
ਕਰਾਂਗੇ, ਇਸ ਵੇਲੇ ਅਰਾਮ ਦੀ ਬੜੀ ਲੋੜ ਹੈ।”
“ਤੇ ਚਾਹ ਨਹੀਂ ਸੀ ਪੀਣੀ?” ਗੁਰਮੀਤ ਕੌਰ ਨੇ ਫੇਰ ਪੁੱਛਿਆ।
“ਨਹੀਂ ਮੀਤਾ! ਇਸ ਵੇਲੇ ਤਾਂ ਬਸ ਅਰਾਮ ਚਾਹੀਦੈ।” ਅਗੋਂ ਗੁਰਮੀਤ ਕੁੱਝ ਨਾ ਬੋਲੀ, ਉਹ ਸਮਝ ਗਈ ਕਿ
ਬਲਦੇਵ ਸਿੰਘ ਕੁੱਝ ਜ਼ਿਆਦਾ ਹੀ ਥਕਿਆ ਹੋਇਆ ਹੈ, ਨਹੀਂ ਤਾਂ ਬਲਦੇਵ ਸਿੰਘ ਕੀ ਤੇ ਅੰਮ੍ਰਿਤ ਵੇਲੇ
ਸਉਣਾ ਕੀ? ਉਸ ਨੇ ਲਾਈਟ ਬੰਦ ਕੀਤੀ ਤੇ ਰਸੋਈ ਵੱਲ ਲੰਘ ਗਈ।
ਗੁਰਮੀਤ ਕੌਰ ਗੁਰਦੁਆਰਿਓ ਵਾਪਸ ਆਈ ਤਾਂ ਬਲਦੇਵ ਸਿੰਘ ਇਸ਼ਨਾਨ ਕਰਨ ਗਿਆ ਹੋਇਆ ਸੀ ਤੇ ਬੱਬਲ ਕਾਲਜ
ਵਾਸਤੇ ਤਿਆਰ ਹੋ ਰਹੀ ਸੀ। ਛੁਟੀਆਂ ਤੋਂ ਬਾਅਦ ਅੱਜ ਉਸ ਦੇ ਕਾਲਜ ਦਾ ਪਹਿਲਾ ਦਿਨ ਸੀ।
“ਬੱਬਲ ਰੋਟੀ ਨਾਲ ਲਿਜਾਣੀ ਹੈ?” ਗੁਰਮੀਤ ਕੌਰ ਨੇ ਅੰਦਰ ਵੜਦੇ ਹੀ ਕਿਹਾ।
“ਨਹੀਂ ਮਾਮਾ! ਬਸ ਫਟਾ ਫਟ ਨਾਸ਼ਤਾ ਦੇ ਦਿਓ, ਦੇਰ ਹੋ ਗਈ ਹੈ।”
ਬੱਬਲ ਨੂੰ ਤੋਰ ਕੇ ਦਰਵਾਜ਼ਾ ਬੰਦ ਕਰ ਕੇ ਵਾਪਸ ਆਈ ਤਾਂ ਕਮਰੇ `ਚੋਂ ਆ ਰਹੀ ਅਵਾਜ਼ ਤੋਂ ਉਸ ਨੇ
ਅੰਦਾਜ਼ਾ ਲਾ ਲਿਆ ਕਿ ਬਲਦੇਵ ਸਿੰਘ ਨਹਾ ਕੇ ਆ ਗਿਆ ਹੈ। ਉਹ ਕਮਰੇ ਵੱਲ ਹੀ ਲੰਘ ਗਈ ਤੇ ਪੁੱਛਿਆ,
“ਚਾਹ ਲਿਆਵਾਂ ਜੇ?” ਬਲਦੇਵ ਸਿੰਘ ਬੋਲਿਆ ਤਾਂ ਕੁੱਝ ਨਾ ਪਰ ਉਸ ਵੱਲ ਮੂੰਹ ਕਰ ਕੇ ਇਸ਼ਾਰੇ ਨਾਲ
ਕਿਹਾ ਕਿ ਨਹੀਂ ਮੈਂ ਪਹਿਲਾਂ ਗੁਰੂ ਸਾਹਿਬ ਦੇ ਕਮਰੇ ਵਿੱਚ ਜਾਣਾ ਹੈ। ਉਹ ਸਮਝ ਗਈ ਕਿ ਪਾਠ ਕਰ
ਰਿਹੈ। ਸ਼ਾਇਦ ਅੱਜ ਲੇਟ ਹੋ ਜਾਣ ਕਰਕੇ ਉਸ ਨੇ ਇਸ਼ਨਾਨ ਕਰ ਕੇ ਨਾਲ ਹੀ ਪਾਠ ਸ਼ੁਰੂ ਕਰ ਲਿਆ ਸੀ।
ਗੁਰਮੀਤ ਕੌਰ ਰਸੋਈ ਵਿੱਚ ਸੀ ਕਿ ਬਲਦੇਵ ਸਿੰਘ ਦੀ ਅਵਾਜ਼ ਆਈ, “ਮੀਤਾ ਛੇਤੀ ਨਾਸ਼ਤਾ ਤਿਆਰ ਕਰ ਦਿਓ”
ਤੇ ਆਪ ਜਾ ਕੇ ਪੱਗ ਬਣਨੀ ਸ਼ੁਰੂ ਕਰ ਦਿੱਤੀ, ਥੋੜ੍ਹੀ ਦੇਰ ਬਾਅਦ ਟੈਲੀਫੋਨ ਦੀ ਘੰਟੀ ਵੱਜੀ। ਗੁਰਮੀਤ
ਕੌਰ ਨੇ ਜਾ ਕੇ ਟੈਲੀਫੋਨ ਚੁੱਕਿਆ ਤਾਂ ਦੂਸਰੇ ਪਾਸਿਉ ਦੁਕਾਨ ਦਾ ਮੁਨੀਮ ਬੋਲ ਰਿਹਾ ਸੀ। ‘ਹੈਲੋ’
ਦੀ ਅਵਾਜ਼ ਸੁਣਦੇ ਹੀ ਉਹ ਸਮਝ ਗਈ ਤੇ ਕਿਹਾ, “ਮੁਨੀਮ ਜੀ! ਸਰਦਾਰ ਜੀ ਆ ਗਏ ਨੇ, ਤੁਹਾਨੂੰ ਚਾਬੀ
ਲੈਣ ਲਈ ਆਉਣ ਦੀ ਲੋੜ ਨਹੀਂ।” ਮੁਨੀਮ ਨੇ ਵੀ ਸਿਰਫ ‘ਜੀ’ ਕਹਿ ਕੇ ਟੈਲੀਫੋਨ ਬੰਦ ਕਰ ਦਿੱਤਾ।
ਬਲਦੇਵ ਸਿੰਘ ਕਮਰੇ `ਚੋਂ ਬਾਹਰ ਨਿਕਲ ਰਿਹਾ ਸੀ, ਉਸ ਨੇ ਭਾਵੇਂ ਟੈਲੀਫੋਨ ਦੀ ਗੱਲ ਥੋੜ੍ਹੀ ਹੀ
ਸੁਣੀ ਸੀ ਪਰ ਸਮਝ ਗਿਆ ਸੀ। ਪਤੀ ਨੂੰ ਬਾਹਰ ਆਉਂਦਾ ਵੇਖ ਕੇ ਉਹ ਰਸੋਈ `ਚੋਂ ਨਾਸ਼ਤਾ ਚੁੱਕ ਲਿਆਈ ਤੇ
ਪਤੀ ਦੇ ਕੋਲ ਹੀ ਬੈਠਦੀ ਹੋਈ ਬੋਲੀ, “ਕੀ ਗੱਲ ਗੱਡੀ ਵਿੱਚ ਬਰਥ ਨਹੀਂ ਸੀ ਮਿਲੀ?”
“ਬਰਥ ਤਾਂ ਮਿਲ ਗਈ ਸੀ ਮੀਤਾ, ਪਰ ਇੱਕ ਤਾਂ ਸ਼ਨੀਵਾਰ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤਾਂ ਸਾਰੀ ਰਾਤ
ਨੀਂਦ ਨਹੀਂ ਆਈ ਤੇ ਉਹੀ ਸੀਨ ਘੁੰਮ ਘੁੰਮ ਕੇ ਅੱਖਾਂ ਸਾਹਮਣੇ ਆਉਂਦੇ ਰਹੇ ਤੇ ਹੁਣ ਕੱਲ ਸਵੇਰ ਦੇ
ਅੰਮ੍ਰਿਤਸਰੋਂ ਚਲੇ ਸਾਂ, ਪਹਿਲਾਂ ਹਰਮੀਤ ਨੂੰ ਦਿੱਲੀ ਛੱਡਿਆ ਫੇਰ ਸਾਰੀ ਰਾਤ ਵੀ ਇੱਕ ਮਿੰਟ ਨੀਂਦ
ਨਹੀਂ ਆਈ, ਬੱਸ ਅੰਮ੍ਰਿਤਸਰ ਦੇ ਖਿਆਲ ਹੀ ਆਉਂਦੇ ਰਹੇ, ਸਵੇਰੇ ਇਥੇ ਪਹੁੰਚਿਆ ਤਾਂ ਇਹ ਹਾਲਤ ਸੀ ਕਿ
ਸਿਰ ਘੁੰਮ ਰਿਹਾ ਸੀ ਤੇ ਬਦਨ ਟੁੱਟ ਰਿਹਾ ਸੀ।”
“ਜੇ ਤਬੀਅਤ ਖਰਾਬ ਹੈ ਤਾਂ ਥੋੜ੍ਹਾ ਹੋਰ ਅਰਾਮ ਕਰ ਲਓ, ਮੁਨੀਮ ਜੀ ਨੂੰ ਕਹਿ ਦੇਂਦੇ ਹਾਂ ਚਾਬੀ ਲੈ
ਜਾਣ, ਤੁਸੀਂ ਅਰਾਮ ਨਾਲ ਚਲੇ ਜਾਣਾ”, ਗੁਰਮੀਤ ਨੇ ਆਪਣੀ ਚਿੰਤਾ ਜਤਾਈ।
“ਨਹੀਂ ਹੁਣ ਕਾਫੀ ਠੀਕ ਹੈ ਅਰਾਮ ਕਰਨ ਨਾਲ ਬਹੁਤ ਫਰਕ ਪੈ ਗਿਐ।”
“ਕੁਝ ਦਰਬਾਰ ਸਾਹਿਬ ਦੇ ਹਾਲਾਤ ਤਾਂ ਦਸਦੇ?” ਗੁਰਮੀਤ ਕੌਰ ਨੇ ਫੇਰ ਆਪਣੀ ਜਿਗਿਆਸਾ ਪ੍ਰਗਟ ਕੀਤੀ।
“ਹੁਣ ਨਹੀਂ ਮੀਤਾ, ਇਹ ਅਰਾਮ ਨਾਲ ਬੈਠ ਕੇ ਕਰਨ ਵਾਲੀਆਂ ਗੱਲਾਂ ਨੇ”, ਬਲਦੇਵ ਸਿੰਘ ਨੇ ਇੱਕ ਠੰਡਾ
ਹਉਕਾ ਲੈ ਕੇ ਕਿਹਾ ਤੇ ਨਾਸ਼ਤੇ ਵਾਲੀ ਖਾਲੀ ਪਲੇਟ ਪਾਸੇ ਕਰ ਕੇ ਦੁੱਧ ਦਾ ਗਲਾਸ ਚੁੱਕ ਲਿਆ। ਗੁਰਮੀਤ
ਕੌਰ ਜੂਠੇ ਬਰਤਨ ਚੁੱਕ ਕੇ ਰਸੋਈ ਵੱਲ ਚਲੀ ਗਈ ਫੇਰ ਜਿਵੇਂ ਕਿਸੇ ਖਾਸ ਗੱਲ ਦਾ ਖਿਆਲ ਆਇਆ ਹੋਵੇ,
ਵਾਪਸ ਆਉਂਦੀ ਹੋਈ ਬੋਲੀ, “ਤੇ ਮਾਮਾ ਜੀ ਵੱਲ ਜਾਣ ਦਾ ਕੀ ਪ੍ਰੋਗਰਾਮ ਬਣਾਇਆ ਜੇ?”
“ਹਾਂ! ਬੱਬਲ ਕਹਿ ਰਹੀ ਸੀ, ਉਸ ਨੇ ਬਜ਼ਾਰੋਂ ਕੁੱਝ ਸਮਾਨ ਖਰੀਦਣਾ ਹੈ, ਤੁਸੀ ਸ਼ਾਮ ਨੂੰ ਇਕਠੇ ਬਜ਼ਾਰ
ਆ ਜਾਣਾ, ਪਹਿਲਾਂ ਆਪਣੀ ਖਰੀਦੋ ਫਰੋਖਤ ਕਰ ਲੈਣਾ, ਫੇਰ ਦੁਕਾਨ ਬੰਦ ਕਰ ਕੇ ਮਾਮਾ ਜੀ ਵੱਲ ਚਲੇ
ਜਾਵਾਂਗੇ।”
“ਮਿੱਲ ਗਈ ਏ ਤੁਹਾਨੂੰ ਬੱਬਲ?”
“ਹਾਂ, ਉਸੇ ਤਾਂ ਜਗਾਇਐ, ਨਹੀਂ ਤਾਂ ਪਤਾ ਨਹੀਂ ਅਜੇ ਹੋਰ ਕਿਤਨੀ ਦੇਰ ਸੁੱਤਾ ਰਹਿੰਦਾ”, ਬਲਦੇਵ
ਸਿੰਘ ਨੇ ਦੁਕਾਨ ਦੀਆਂ ਚਾਬੀਆਂ ਅਤੇ ਬੈਗ ਚੁਕਦੇ ਹੋਏ ਕਿਹਾ ਤੇ ਬਾਹਰ ਨਿਕਲ ਗਿਆ।
ਬਲਦੇਵ ਸਿੰਘ ਹੋਰੀ ਗੁਲਾਬ ਸਿੰਘ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਖੋਲ੍ਹਦੇ ਹੀ ਬਲਬੀਰ ਕੌਰ ਨੇ ਕਿਹਾ,
“ਆਓ, ਪੁੱਤਰ ਆਓ, ਤੁਹਾਨੂੰ ਹੀ ਉਡੀਕਦੇ ਪਏ ਸਾਂ, ਤੁਹਾਡੇ ਮਾਮਾ ਜੀ ਦੋ ਤਿੰਨ ਵਾਰੀ ਪੁਛ ਚੁੱਕੇ
ਨੇ।” ਉਹ ਵਾਰੀ ਵਾਰੀ ਮਾਮੀ ਨੂੰ ਮਿਲੇ ਤੇ ਫੇਰ ਅੰਦਰ ਆਕੇ ਮਾਮੇ ਨੂੰ ਫਤਹਿ ਬੁਲਾ ਕੇ ਮਿਲਦੇ ਹੋਏ
ਬਲਦੇਵ ਸਿੰਘ ਨੇ ਕਿਹਾ, “ਪਰ ਤੁਹਾਨੂੰ ਕਿਵੇਂ ਪਤਾ ਸੀ ਕਿ ਅਸੀਂ ਆਉਣੈ? ਗੁਲਾਬ ਸਿੰਘ ਜਿਵੇਂ
ਪਹਿਲਾਂ ਉਠ ਕੇ ਮਿਲਣ ਦੀ ਕੋਸ਼ਿਸ਼ ਕਰਦਾ ਸੀ, ਅੱਜ ਵੀ ਕੀਤੀ ਪਰ ਉਠ ਨਹੀਂ ਸਕਿਆ। ਬਲਦੇਵ ਸਿੰਘ ਨੇ
ਉਸ ਨੂੰ ਲੇਟੇ ਰਹਿਣ ਲਈ ਕਿਹਾ ਤੇ ਉਹ ਮਾਮੇ ਦੇ ਕੋਲ ਹੀ ਬੈਠ ਗਿਆ। ਉਸ ਨੇ ਮਹਿਸੂਸ ਕੀਤਾ ਕਿ ਉਹ
ਕਾਫੀ ਕਮਜ਼ੋਰ ਹੋ ਗਿਆ ਸੀ। ਬੱਬਲ ਤੇ ਗੁਰਮੀਤ ਸਾਹਮਣੇ ਕੁਰਸੀਆਂ `ਤੇ ਬੈਠ ਗਈਆਂ। ਬਲਬੀਰ ਕੌਰ ਪਾਣੀ
ਲੈ ਕੇ ਆ ਗਈ ਤੇ ਸਾਰਿਆਂ ਨੂੰ ਪਾਣੀ ਫੜ੍ਹਾ ਕੇ ਕੋਲ ਹੀ ਬੈਠਦੀ ਹੋਈ ਬੋਲੀ, “ਪਤਾ ਕਿਵੇਂ ਨਹੀਂ
ਸੀ, ਬੱਲੂ ਨੂੰ ਪਤਾ ਹੋਵੇ ਕਿ ਮਾਮਾ ਬਿਮਾਰ ਹੈ ਤੇ ਉਹ ਬਾਹਰੋਂ ਆ ਕੇ ਮਿਲਣ ਨਾ ਆਵੇ?” ਬਲਬੀਰ ਕੌਰ
ਦੇ ਲਫਜ਼ਾਂ ਵਿੱਚੋਂ ਇੱਕ ਅਟੱਲ ਵਿਸ਼ਵਾਸ ਦੀ ਝਲਕ ਪੈਂਦੀ ਸੀ।
“ਮੇਰਾ ਪ੍ਰੋਗਰਾਮ ਤਾਂ ਦੁਪਹਿਰੇ ਹੀ ਆੳਣ ਦਾ ਸੀ ਪਰ ਇੱਕ ਤਾਂ ਇਨ੍ਹਾਂ ਵੀ ਨਾਲ ਆਉਣਾ ਸੀ, ਦੂਸਰਾ
ਮੈਂ ਸੋਚਿਆ ਕਿ ਕਾਹਲੀ ਕਾਹਲੀ ਵਿੱਚ ਸੁਆਦ ਨਹੀਂ ਆਉਣਾ।” ਬਲਦੇਵ ਸਿੰਘ ਦੀ ਗੱਲ ਮੁਕੀ ਹੀ ਸੀ ਕਿ
ਗੁਲਾਬ ਸਿੰਘ ਬੋਲਿਆ, “ਚੰਗਾ ਕੀਤਾ ਈ ਕਾਕਾ … …।” ਤੇ ਥੋੜ੍ਹਾ ਜਿਹਾ ਰੁੱਕ ਕੇ ਫੇਰ ਬੋਲਿਆ, “ਕਰ
ਆਇਐਂ, ਦਰਬਾਰ ਸਾਹਿਬ ਦੇ ਦਰਸ਼ਨ?”
“ਜੀ ਹਾਂ”, ਕਹਿੰਦਾ ਹੋਇਆ ਬਲਦੇਵ ਸਿੰਘ ਸੋਚੀਂ ਪੈ ਗਿਆ ਕਿ ਉਹ ਮਾਮੇ ਨੂੰ ਸਾਰੇ ਅਸਲੀ ਹਾਲਾਤ ਦਸੇ
ਕਿ ਕੁੱਝ ਲੁਕਾਵੇ?
“ਬੇਟਾ! ਸੁਣਾ ਮੈਨੂੰ ਵੀ ਗੁਰੂ ਦਰਬਾਰ ਦੇ ਹਾਲਾਤ”, ਗੁਲਾਬ ਸਿੰਘ ਨੂੰ ਜਿਵੇਂ ਇਹ ਹਾਲਾਤ ਸੁਣਨ ਦੀ
ਕਾਹਲ ਸੀ।
“ਜੀ ਉਹ ਵੀ ਸੁਣਾਉਂਦਾ ਹਾਂ ਪਹਿਲਾਂ ਤੁਸੀਂ ਆਪਣੀ ਸਿਹਤ ਦਾ ਸੁਣਾਓ?”
“ਬਸ ਠੀਕ ਏ ਮੇਰੀ ਸਿਹਤ, … … ਪਰ ਇੱਕ ਤਾਂ ਬੁਖਾਰ ਅਜੇ ਪੂਰਾ ਨਹੀਂ ਉਤਰਿਆ, … …. ਵਿੱਚੋਂ
ਵਿੱਚੋਂ ਫੇਰ ਹੋ ਜਾਂਦੈ, ਨਾਲੇ ਪਤਾ ਨਹੀਂ ਕੀ ਗੱਲ ਏ ਕਮਜ਼ੋਰੀ ਬੜੀ ਹੋ ਗਈ ਏ, ਉਠਣ ਵਿੱਚ ਵੀ ਬੜੀ
ਤਕੱਲੀਫ ਹੁੰਦੀ ਹੈ। ਪਰ ਛੱਡ ਤੂੰ ਮੇਰੀ ਗੱਲ, ਕੁੱਝ ਨਹੀਂ ਹੁੰਦਾ ਮੈਨੂੰ, ਤੂੰ ਮੈਨੂੰ ਦਰਬਾਰ
ਸਾਹਿਬ ਦਾ ਸੁਣਾ, ਕੀ ਹਾਲਾਤ ਨੇ ਉਥੇ?” ਬਲਦੇਵ ਸਿੰਘ ਹੈਰਾਨ ਰਹਿ ਗਿਆ ਇਤਨੀ ਮਾੜੀ ਹਾਲਤ ਵਿੱਚ ਵੀ
ਮਾਮੇ ਦਾ ਬਹੁਤਾ ਧਿਆਨ ਦਰਬਾਰ ਸਾਹਿਬ ਦੇ ਹਾਲਾਤ ਜਾਨਣ ਵੱਲ ਹੀ ਲੱਗਾ ਹੋਇਆ ਸੀ, ਇਤਨੇ ਨੂੰ ਉਹ ਵੀ
ਸੋਚ ਚੁੱਕਾ ਸੀ ਕਿ ਮਾਮਾ ਜੀ ਕੋਲੋਂ ਕੁੱਝ ਲੁਕਾਉਣਾ ਠੀਕ ਨਹੀਂ ਹੋਵੇਗਾ।
ਉਸ ਨੇ ਆਪਣੀ ਗੱਲ ਸ਼ੁਰੂ ਕੀਤੀ, “ਮਾਮਾ ਜੀ ਸੱਚ ਕਹਿੰਦੇ ਨੇ ਕਿ ਅੱਖੀਂ ਵੇਖਣ ਅਤੇ ਕੰਨੀਂ ਸੁਣਨ
ਵਿੱਚ ਬਹੁਤ ਵੱਡਾ ਫਰਕ ਹੁੰਦੈ, ਇਹ ਗੱਲ ਮੈਂ ਉਥੇ ਵੇਖ ਕੇ ਹੀ ਮਹਿਸੂਸ ਕੀਤੀ ਏ। ਸੱਚਮੁੱਚ ਹੀ ਜੋ
ਜ਼ੁਲਮ ਦਰਬਾਰ ਸਾਹਿਬ ਅੰਦਰ ਢਾਹਿਆ ਗਿਐ, ਉਹ ਲਫਜ਼ਾਂ ਵਿੱਚ ਬਿਆਨ ਕਰਨਾ ਨਾਮੁੰਮਕਿਨ ਹੈ … … “, ਤੇ
ਫੇਰ ਦਰਬਾਰ ਸਾਹਿਬ ਫੇਰੀ ਤੋਂ ਲੈਕੇ, ਗੁਰਮੀਤ ਸਿੰਘ ਚੀਮਾ ਕੋਲੋਂ ਸੁਣੀ ਵਿਥਿਆ ਸਮੇਤ ਸਭ ਕੁੱਝ
ਵਿਰਤਾਂਤ ਨਾਲ ਸੁਣਾਇਆ। ਨਾਲ ਚੇਤ ਸਿਘ ਹੋਰਾਂ ਦੇ ਪਰਿਵਾਰ ਨਾਲ ਹੋਏ ਦੁਖਾਂਤ ਬਾਰੇ ਵੀ ਦੱਸਿਆ।
ਸਾਰੇ ਸੁੰਨ ਹੋ ਕੇ ਸੁਣਦੇ ਰਹੇ, ਇਤਨੀ ਖਮੋਸ਼ੀ ਛਾ ਗਈ ਸੀ ਕਿ ਜਿਸ ਵੇਲੇ ਕਿਤੇ ਬਲਦੇਵ ਸਿੰਘ
ਵਿੱਚੋਂ ਸਾਹ ਲੈਣ ਲਈ ਰੁਕਦਾ ਤਾਂ ਬਾਕੀ ਸਾਰਿਆਂ ਦੇ ਸਾਹਾਂ ਦੀ ਅਵਾਜ਼ ਅਲੱਗ ਅਲੱਗ ਸੁਣੀ ਜਾ ਸਕਦੀ
ਸੀ, ਬਸ ਵਿੱਚੋਂ ਅਗਰ ਕੋਈ ਹੋਰ ਅਵਾਜ਼ ਸੁਣਾਈ ਦੇਂਦੀ ਸੀ ਤਾਂ ਕੇਵਲ ਕੁੱਝ ਸਿਸਕੀਆਂ ਤੇ ਹਟਕੋਰਿਆਂ
ਦੀ। ਸਭ ਦੇ ਮਨ ਦੁੱਖ ਨਾਲ ਭਰ ਗਏ ਸਨ, ਸਭ ਦੀਆਂ ਅੱਖਾਂ ਸੇਜਲ ਸਨ, ਇਥੋਂ ਤੱਕ ਕਿ ਬਲਦੇਵ ਸਿੰਘ ਜੋ
ਪਹਿਲਾਂ ਦਰਬਾਰ ਸਾਹਿਬ ਅੰਦਰ ਅਤੇ ਫੇਰ ਗੁਰਮੀਤ ਸਿੰਘ ਚੀਮਾ ਦੀ ਗੱਲ ਸੁਣਦਿਆਂ, ਪਤਾ ਨਹੀਂ ਕਿਤਨੀ
ਕੁ ਵਾਰੂ ਹੰਝੂ ਕੇਰ ਬੈਠਾ ਸੀ, ਉਹ ਸਾਰੀ ਵਿਥਿਆ ਸੁਣਾਉਦਿਆਂ ਪਤਾ ਨਹੀਂ ਕਿਤਨੀ ਵਾਰੀ ਫੇਰ ਭਾਵੁਕ
ਹੋਇਆ ਤੇ ਕਿਤਨੀ ਕੁ ਵਾਰੀ ਉਸ ਦੀਆਂ ਅੱਖਾਂ ਛਲਕੀਆਂ।
ਬਲਦੇਵ ਸਿੰਘ ਸਾਰੀ ਵਿਥਿਆ ਸੁਣਾ ਚੁੱਕਾ ਸੀ ਪਰ ਕੁੱਝ ਦੇਰ ਮਹੌਲ ਉਂਝ ਦਾ ਉਂਝ ਬਣਿਆ ਰਿਹਾ ਅਤੇ
ਉਂਝੇ ਚੁੱਪ ਛਾਈ ਰਹੀ ਜਿਸਨੂੰ ਗੁਲਾਬ ਸਿੰਘ ਦੀ ਕੁਰਲਾਉਂਦੀ ਅਵਾਜ਼ ਨੇ ਤੋੜਿਆ, “ਉਫ! …. ਜੇ …
ਵਿਥਿਆ …. . ਇਤਨੀ …. . ਦੁੱਖਦਾਈ …. ਹੈ …. . ਤਾਂ. . ਜੋ …. ਸੱਚਮੁੱਚ … ਵਾਪਰਿਐ …. ਉਹ
ਕਿਤਨਾ …. . ਭਿਆਨਕ ਹੋਵੇਗਾ … … “, ਉਸ ਨੇ ਰੁੱਕ ਕੇ ਆਪਣਾ ਚਿਹਰਾ ਰੁਮਾਲ ਨਾਲ ਸਾਫ ਕੀਤਾ ਤੇ
ਫੇਰ ਬੋਲਿਆ, “ਉਹ ਸਭ ਵੀ … …. ਗੁਰੂ ਦਰਬਾਰ `ਤੇ … …, ਲਗਦੈ, …. . ਮਨੁੱਖਤਾ ਅਤੇ ਧਰਮ …. . ਇਸ
ਧਰਤੀ ਤੋਂ …. . ਪੰਖ ਲਾ ਕੇ ਉਡ ਗਏ ਨੇ …. . ਮੇਰੇ ਸਤਿਗੁਰੂ … …. ਤੂੰ ਆਪਣੀ ਕੌਮ ਦੇ …. . ਹੋਰ
ਕਿਤਨੇ ਕੁ … …. ਇਮਤਿਹਾਨ ਲਵੇਂਗਾ?” ਉਹ ਰੁੱਕ ਰੁੱਕ ਕੇ ਬੋਲ ਰਿਹਾ ਸੀ ਜਿਵੇਂ ਬੋਲਣ ਵਿੱਚ ਔਖਿਆਈ
ਹੋ ਰਹੀ ਹੋਵੇ।
“ਇਥੇ ਮਨੁੱਖਤਾ ਤੇ ਧਰਮ ਹੈ ਹੀ ਕਿਥੇ ਸਨ ਮਾਮਾ ਜੀ, ਜਿਹੜੇ ਉਡ ਗਏ ਨੇ? ਇਹ ਲੋਕ ਤਾਂ ਸਦੀਆਂ ਤੋਂ
ਪੱਥਰ ਪੂਜ ਪੂਜ ਕੇ ਪੱਥਰ ਹੋ ਚੁੱਕੇ ਨੇ, …. ਤੇ ਪੱਥਰਾਂ ਕੋਲੋਂ ਧਰਮ ਜਾਂ ਮਨੁੱਖਤਾ ਦੀ ਆਸ ਰਖਣੀ
ਆਪਣੇ ਆਪ ਨੂੰ ਧੋਖਾ ਦੇਣਾ ਹੈ”, ਕੋਲੋਂ ਬੱਬਲ ਬੋਲੀ। ਉਸਦੀ ਅਵਾਜ਼ ਇੰਝ ਸੀ ਜਿਵੇਂ ਕਿਸੇ ਬਿਫਰੀ
ਹੋਈ ਸ਼ੇਰਨੀ ਦੀ ਹੋਵੇ। ਸਾਰਿਆਂ ਨੇ ਹੈਰਾਨ ਹੋਕੇ ਉਸ ਵੱਲ ਵੇਖਿਆ। ਆਮ ਤੌਰ `ਤੇ ਐਸੀਆਂ ਗੱਲਾਂ
ਵਿੱਚ ਉਸ ਦਾ ਪ੍ਰਭਾਵ, ਉਸ ਦੇ ਚਿਹਰੇ ਤੋਂ ਹੀ ਝਲਕਦਾ ਸੀ, ਉਹ ਬੋਲਦੀ ਘੱਟ ਹੀ ਸੀ।
ਗੁਲਾਬ ਸਿੰਘ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਫਿਰ ਪੁੱਛਿਆ, “ਪਰ ਕਾਕਾ! ਹੁਣ ਫ਼ੌਜ ਦਰਬਾਰ ਸਾਹਿਬ
ਵਿੱਚੋਂ ਨਿਕਲ ਗਈ ਏ?”
“ਨਹੀਂ ਮਾਮਾ ਜੀ! ਕਿਥੇ ਨਿਕਲ ਗਈ ਏ, ਅਜੇ ਤਾਂ ਉਥੇ ਹੀ ਡੇਰਾ ਜਮਾਇਆ ਹੋਇਆ ਸੁ। ਦੱਸਿਐ ਨਾ,
ਦਰਬਾਰ ਸਾਹਿਬ ਦਰਸ਼ਨ ਕਰਨ ਜਾਣ ਵਾਲਿਆਂ ਨੂੰ ਵੀ ਅਤਿ ਜ਼ਲੀਲ ਕੀਤਾ ਜਾਂਦੈ।” ਬਲਦੇਵ ਸਿੰਘ ਵਿੱਚੋਂ
ਹੀ ਬੋਲਿਆ।
“ਮੈਂ ਆਖਿਆ ਸੀ ਨਾ ਇਹ ਪਾਪ ਦੀ ਜੰਞ ਹੈ, ਪਾਪ ਦੀਆਂ ਜੰਞਾਂ ਆਪੇ ਨਹੀਂ ਜਾਇਆ ਕਰਦੀਆਂ। ਇਨ੍ਹਾਂ
ਨੂੰ ਤਾਕਤ ਨਾਲ ਕਢਣਾ ਪੈਂਦੈ। ਬਾਬਰ ਦੀ ‘ਪਾਪ ਦੀ ਜੰਞ’ ਵੀ ਭਾਰਤ `ਤੇ ਆਪਣਾ ਕਬਜ਼ਾ ਜਮਾਂ ਕੇ ਬੈਠ
ਗਈ ਸੀ, ਉਸ ਦੇ ਪਾਪ ਦੇ ਰਾਜ ਨੂੰ ਖਤਮ ਕਰਨ ਵਾਸਤੇ ਖ਼ਾਲਸੇ ਨੂੰ ਵੱਡਾ ਸੰਘਰਸ਼ ਕਰਨਾ ਪਿਆ ਸੀ,
ਜਾਪਦੈ ਮੁੜ ਖ਼ਾਲਸੇ ਸਾਹਮਣੇ ਉਹੋ ਜਿਹੀ ਚੁਣੌਤੀ ਆ ਗਈ ਹੈ।” ਗੁਲਾਬ ਸਿੰਘ ਨੇ ਕਿਸੇ ਗਿਹਰੀ ਸੋਚ
ਵਿੱਚੋਂ ਕਿਹਾ। ਉਸ ਦੇ ਹਰ ਬੋਲ `ਚੋਂ ਦੁਖ ਝਲਕ ਰਿਹਾ ਸੀ।
“ਤੁਸੀਂ ਠੀਕ ਕਿਹੈ ਮਾਮਾ ਜੀ! ਪਰ ਇਨ੍ਹਾਂ ਸਾਰੇ ਸਥਾਪਤ ਆਗੂ ਜੇਲ੍ਹਾਂ ਵਿੱਚ ਸੁੱਟ ਦਿੱਤੇ ਨੇ ਤੇ
ਜੋ ਨਵੇਂ ਉਭਰ ਰਹੇ ਸਨ, ਉਹ ਮਾਰ ਮੁਕਾਏ ਨੇ। ਆਖਿਰ ਯੋਗ ਅਗਵਾਈ ਤਾਂ ਚਾਹੀਦੀ ਹੈ ਨਾ, ਤਾਂ ਹੀ ਕੋਈ
ਕੌਮੀ ਪ੍ਰੋਗਰਾਮ ਉਲੀਕੇ ਜਾ ਸਕਦੇ ਨੇ।”
ਗੁਲਾਬ ਸਿੰਘ ਨੇ ਫੇਰ ਕੁੱਝ ਕਹਿਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਉਸਨੂੰ ਜ਼ੋਰ ਦੀ ਖਾਂਸੀ ਛਿੜ ਪਈ।
ਇਤਨੀ ਜ਼ੋਰ ਦੀ ਖਾਂਸੀ ਛਿੜੀ ਕਿ ਜਿਵੇਂ ਸਾਹ ਵਿੱਚੇ ਹੀ ਰੁਕ ਗਿਆ ਹੋਵੇ। ਸਾਰਿਆਂ ਨੂੰ ਹੱਥਾ ਪੈਰਾਂ
ਦੀ ਪੈ ਗਈ। ਬਲਦੇਵ ਸਿੰਘ ਕੋਲ ਹੀ ਬੈਠਾ ਸੀ ਉਸਨੇ ਉਸ ਦੀ ਛਾਤੀ ਮਲਣੀ ਸ਼ੁਰੂ ਕਰ ਦਿੱਤੀ, ਬੱਬਲ
ਅੰਦਰ ਪਾਣੀ ਲੈਣ ਲਈ ਦੌੜ ਗਈ, ਬਲਬੀਰ ਕੌਰ ਤੇ ਗੁਰਮੀਤ ਮੰਜੇ ਦੋ ਦੋਵੇਂ ਪਾਸੇ ਬੈਠ ਗਈਆਂ ਤੇ ਉਸ
ਨੂੰ ਪਿੱਠ ਵੱਲੋਂ ਸਹਾਰਾ ਦੇ ਕੇ ਕੁੱਝ ਉੱਚਾ ਕੀਤਾ ਤੇ ਪਿੱਠ ਮਲਣੀ ਸ਼ੁਰੂ ਕਰ ਦਿੱਤੀ, ਬਲਬੀਰ ਕੌਰ
ਨਾਲ ਬੋਲੀ ਜਾ ਰਹੀ ਸੀ, “ਤੁਸੀਂ ਵਾਹਿਗੁਰੂ ਆਖੋ, … … … ਇਹ ਅਕਾਲ ਪੁਰਖ ਦਾ ਭਾਣੈ, …. . ਇਸ
ਵਿੱਚ ਕਿਸ ਦਾ ਜ਼ੋਰ ਏ … …. ਪਤਾ ਨਹੀਂ ਇਸ ਵਿੱਚ ਹੀ ਕੋਈ ਭਲਾਈ ਹੋਵੇ, … …. . ਆਪਣੀ ਕੌਮ ਵਿੱਚ
ਘੱਟ ਗਿਰਾਵਟ ਆਈ ਏ? … … ਹੋ ਸਕਦੈ … ਇਸ ਨਾਲ ਹੀ ਕੋਈ ਚੇਤਨਤਾ ਆ ਜਾਵੇ, ਤੇ ਸੁਤੀ ਕੌਮ ਜਾਗ
ਪਵੇ।” ਬਲਦੇਵ ਸਿੰਘ ਨੇ ਉਸ ਦੇ ਬੋਲਾਂ ਵਿੱਚ ਛੁੱਪੇ ਸੱਚ ਨੂੰ ਮਹਿਸੂਸ ਕੀਤਾ ਪਰ ਉਹ ਸਮਝਦਾ ਸੀ ਕਿ
ਪਹਿਲਾਂ ਮਾਮਾ ਜੀ ਨੂੰ ਸੰਭਾਲਣਾ ਜ਼ਰੂਰੀ ਹੈ, ਕਿਤੇ ਇਨ੍ਹਾਂ ਗੱਲਾਂ ਨਾਲ ਉਸ ਦੀ ਹਾਲਤ ਹੋਰ ਨਾ
ਵਿਗੜ ਜਾਵੇ, ਸੋ ਉਸ ਨੇ ਮਾਮੀ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ।
ਖਾਂਸੀ ਕੁੱਝ ਰੁਕੀ ਤਾਂ ਬੱਬਲ ਨੇ ਅਗੇ ਹੋ ਕੇ ਉਸ ਨੂੰ ਪਾਣੀ ਪਿਲਾਇਆ, “ਬਸ ਬਹੁਤਾ ਨਾ ਪਿਲਾ”,
ਕੋਲੋਂ ਗੁਰਮੀਤ ਨੇ ਆਖਿਆ ਤੇ ਫੇਰ ਗੁਲਾਬ ਸਿੰਘ ਨੂੰ ਪੁੱਛਣ ਲਗੀ, “ਮਾਮਾ ਜੀ ਬੈਠੋਗੇ ਕਿ
ਲੇਟੋਗੇ?” ਗੁਲਾਬ ਸਿੰਘ ਨੇ ਹੱਥ ਨਾਲ ਬੈਠਣ ਵਾਸਤੇ ਇਸ਼ਾਰਾ ਕੀਤਾ। ਗੁਰਮੀਤ ਨੇ ਪਿੱਛੇ ਸਿਰਹਾਣਿਆਂ
ਦੀ ਟੇਕ ਦੇਕੇ ਉਸ ਦੇ ਬੈਠਣ ਦਾ ਪ੍ਰਬੰਧ ਕੀਤਾ। ਕੁੱਝ ਪੱਲ ਫੇਰ ਚੁੱਪ ਛਾ ਗਈ ਜਿਸ ਨੂੰ ਬਲਬੀਰ ਕੌਰ
ਨੇ ਤੋੜਿਆ, “ਸ਼ੁਕਰ ਹੈ ਵਾਹਿਗੁਰੂ ਦਾ ਹੁਣ ਕਾਫੀ ਸੰਭਲ ਗਏ ਨੇ। …. ਬੱਬਲ ਜਾਹ ਬੇਟਾ ਫੁਲਕੇ ਲਾਹ
ਲੈ, ਖਾ ਲਈਏ, ਗੱਲਾਂ ਵਿੱਚ ਸਮੇਂ ਦਾ ਪਤਾ ਨਹੀਂ ਲੱਗਾ ਤੇ ਕਾਫੀ ਚਿਰਕਾ ਹੋ ਗਿਐ।”
“ਨਹੀਂ ਮਾਮੀ ਜੀ ਰੋਟੀ ਘਰ ਜਾ ਕੇ ਖਾਵਾਂਗੇ, ਮੈ ਸਬਜ਼ੀ ਬਣਾ ਕੇ ਆਈ ਹਾਂ”, ਕੋਲੋਂ ਗੁਰਮੀਤ ਨੇ
ਆਖਿਆ।
“ਚੁੱਪ ਕਰ ਜਾ ਕੁੜੀਏ, ਇਹ ਕਿਹੜਾ ਵੇਲਾ ਹੈ ਇੰਝ ਜਾਣ ਦਾ, ਨਾਲੇ ਮੈਨੂੰ ਤੁਹਾਡਾ ਇੰਤਜ਼ਾਰ ਹੀ ਸੀ,
ਦਾਲ ਸਬਜ਼ੀ ਮੈਂ ਬਣਾ ਕੇ ਰੱਖੀ ਏ” ਬਲਬੀਰ ਨੇ ਉਸ ਨੂੰ ਮਾੜਾ ਜਿਹਾ ਝਾੜਨ ਦੇ ਲਹਿਜੇ ਵਿੱਚ ਕਿਹਾ ਤੇ
ਫੇਰ ਬੱਬਲ ਵੱਲ ਮੁੜ ਕੇ ਬੋਲੀ, “ਜਾਹ ਬੇਟਾ ਬਣਾ ਲੈ ਫੁਲਕੇ।” ਬੱਬਲ ਨੇ ਮਾਂ ਵੱਲ ਵੇਖਿਆ, ਉਹ ਚੱਪ
ਕਰਕੇ ਬੈਠੀ ਸੀ। ਬੱਬਲ ਰਸੋਈ ਵੱਲ ਚਲੀ ਗਈ।
“ਮਾਮਾ ਜੀ ਤੁਸੀ ਕੀ ਲਓਗੇ?” ਬਲਦੇਵ ਸਿੰਘ ਨੇ ਗੁਲਾਬ ਸਿੰਘ ਨੂੰ ਪੁੱਛਿਆ। ਉਹ ਬੋਲਿਆ ਤਾਂ ਕੁੱਝ
ਨਾ ਪਰ ਹੱਥ ਨਾਲ ਇਸ਼ਾਰਾ ਕੀਤਾ ਕਿ ਮੈਂ ਕੁੱਝ ਨਹੀਂ ਖਾਣਾ। ਕੋਲੋਂ ਬਲਬੀਰ ਬੋਲੀ, “ਤੁਹਾਡੇ ਆਉਣ
ਤੋਂ ਪਹਿਲਾਂ ਮੈਂ ਪਤਲੀ ਜਿਹੀ ਦਾਲ ਦਿੱਤੀ ਸੀ, ਆਖਿਆ ਸੀ ਨਾਲ ਫੁਲਕਾ ਵੀ ਲੈ ਲਓ ਪਰ ਲਿਆ ਨਹੀਂ
ਨੇ। ਦਾਲ ਵੀ ਬਸ ਥੋੜ੍ਹੀ ਜਿਹੀ ਹੀ ਲਈ ਨੇ, … ਵੈਸੇ …. . ਉਸ ਨੂੰ ਵੀ ਹੁਣ ਕਾਫੀ ਦੇਰ ਹੋ ਗਈ ਏ।”
“ਮਾਮਾ ਜੀ ਥੋੜ੍ਹਾ ਜਿਹਾ ਫਰੂਟ ਲੈ ਲਓ” ਬਲਦੇਵ ਸਿਘ ਨੇ ਕਿਹਾ ਤੇ ਫੇਰ ਗੁਰਮੀਤ ਵੱਲ ਤੱਕ ਕੇ
ਬੋਲਿਆ, “ਮੀਤਾ ਜਾਅ ਥੋੜ੍ਹੇ ਅੰਗੂਰ ਅਤੇ ਸੰਤਰਾ ਲੈ ਆ।” ਗੁਰਮੀਤ ਉਠੀ ਅਤੇ ਆਪਣੇ ਹੀ ਲਿਆਂਦੇ
ਲਿਫਾਫੇ `ਚੋਂ ਅੰਗੂਰਾਂ ਦਾ ਗੁੱਛਾ ਅਤੇ ਦੋ ਸੰਤਰੇ ਧੋ ਕੇ ਪਲੇਟਾਂ ਵਿੱਚ ਰੱਖ ਕੇ ਲੈ ਆਈ। ਬਲਦੇਵ
ਸਿੰਘ ਨੇ ਅੰਗੂਰਾਂ ਵਾਲੀ ਪਲੇਟ ਫੜ ਲਈ ਤੇ ਆਪਣੇ ਹੱਥੀਂ ਇਕ-ਇਕ ਦਾਣਾਂ ਗੁਲਾਬ ਸਿੰਘ ਦੇ ਮੂੰਹ
ਵਿੱਚ ਪਾਉਣ ਲੱਗ ਪਿਆ। ਗੁਰਮੀਤ ਕੋਲ ਬੈਠ ਕੇ ਸੰਤਰੇ ਛਿਲਣ ਲੱਗ ਪਈ। ਗੁਲਾਬ ਸਿੰਘ ਨੇ ਪੰਜ ਚਾਰ
ਦਾਣੇ ਹੀ ਖਾ ਕੇ ਹੱਥ ਦੇ ਇਸ਼ਾਰੇ ਨਾਲ ਹੋਰ ਖਾਣ ਤੋਂ ਨਾਂਹ ਕਰ ਦਿੱਤੀ, “ਖਾ ਲਓ ਥੋੜ੍ਹਾ ਜਿਹਾ, ਜੇ
ਕੁੱਝ ਖਾਓਗੇ ਨਹੀਂ ਤਾਂ ਸਰੀਰ ਵਿੱਚ ਤਾਕਤ ਕਿਵੇਂ ਆਵੇਗੀ?” ਬਲਦੇਵ ਸਿੰਘ ਨੇ ਇੱਕ ਦਾਣਾ ਹੋਰ ਮੂੰਹ
ਵਿੱਚ ਪਾਉਂਦੇ ਹੋਏ ਕਿਹਾ। ਗੁਲਾਬ ਸਿੰਘ ਨੇ ਉਹ ਤਾਂ ਮੂੰਹ ਵਿੱਚ ਪਾ ਲਿਆ ਪਰ ਅੱਗੋਂ ਹੋਰ ਵਾਸਤੇ
ਨਾਂਹ ਕਰ ਦਿੱਤੀ, ਕੋਲੋਂ ਗੁਰਮੀਤ ਬੋਲੀ, “ਅੱਛਾ ਇਹ ਸੰਤਰੇ ਦੀ ਫਾੜੀ ਲੈ ਲਓ।” ਗੁਲਾਬ ਸਿੰਘ ਨੇ
ਇਸ਼ਾਰੇ ਨਾਲ ਨਾਂਹ ਕੀਤੀ ਤਾਂ ਉਹ ਜ਼ਬਰਦਸਤੀ ਫਾੜੀ ਉਸਦੇ ਮੂੰਹ ਵਿੱਚ ਪਾਉਂਦੀ ਹੋਈ ਬੜੇ ਲਾਡ ਨਾਲ
ਬੋਲੀ, “ਮਾਮਾ ਜੀ! ਮੇਰੇ ਕੋਲੋਂ ਤਾਂ ਤੁਸੀ ਖਾਧੀ ਨਹੀਂ।” ਗੁਲਾਬ ਸਿੰਘ ਨੇ ਫਾੜੀ ਮੂੰਹ ਵਿੱਚ ਪਾ
ਲਈ ਤੇ ਬੜੇ ਪਿਆਰ ਨਾਲ ਉਸ ਦੇ ਸਿਰ `ਤੇ ਹੱਥ ਰੱਖਿਆ। ਗੁਰਮੀਤ ਦੇ ਵੀ ਪਤਾ ਨਹੀਂ ਕੀ ਮਨ ਵਿੱਚ ਆਈ
ਕਿ ਉਸ ਮਾਮਾ ਜੀ ਦੀ ਛਾਤੀ `ਤੇ ਸਿਰ ਰੱਖ ਦਿੱਤਾ, ਗੁਲਾਬ ਸਿੰਘ ਨੇ ਉਸ ਨੂੰ ਗੱਲਵੱਕੜੀ ਵਿੱਚ ਲੈ
ਲਿਆ, ਉਸਦੀ ਪਿੱਠ ਅਤੇ ਸਿਰ `ਤੇ ਪਿਆਰ ਦਿੱਤਾ ਤੇ ਉਸ ਦਾ ਮੱਥਾ ਚੁੰਮਿਆ। ਭਾਵੇਂ ਉਸਦੀ ਜ਼ੁਬਾਨ ਤਾਂ
ਨਹੀਂ ਬੋਲ ਰਹੀ ਸੀ ਪਰ ਗੁਰਮੀਤ ਨੂੰ ਜਾਪਿਆ ਕਿ ਮਾਮਾ ਜੀ ਉਸ ਨੂੰ ਬਹੁਤ ਅਸੀਸਾਂ ਦੇ ਰਹੇ ਸਨ।
ਗੁਰਮੀਤ ਕੌਰ ਦੇ ਪਿਤਾ ਜੀ ਉਸ ਦੀ ਬੜੀ ਛੋਟੀ ਉਮਰ ਵਿੱਚ ਹੀ ਅਕਾਲ ਪਾਇਆਣਾ ਕਰ ਗਏ ਸਨ, ਉਸ ਨੂੰ
ਇੰਝ ਜਾਪਿਆ ਜਿਵੇਂ ਅੱਜ ਉਸ ਦੇ ਪਿਤਾ, ਮਾਮਾ ਜੀ ਦੇ ਰੂਪ ਵਿੱਚ ਉਸ ਨੂੰ ਪਿਤਾ ਦੇ ਪਿਆਰ ਦਾ ਨਿੱਘ
ਦੇਣ ਆਏ ਹੋਣ। ਗੁਲਾਬ ਸਿੰਘ ਹੁਣ ਲੇਟਣਾ ਚਾਹੁੰਦਾ ਸੀ, ਉਨ੍ਹਾਂ ਪਿਛੋਂ ਸਿਰਹਾਣਿਆਂ ਦੀ ਟੇਕ ਹਟਾ
ਦਿੱਤੀ ਤੇ ਲਿਟਾ ਦਿੱਤਾ।
ਬੱਬਲ ਰੋਟੀ ਲੈਕੇ ਆ ਗਈ ਤੇ ਪੁੱਛਣ ਲਗੀ, ਕਿ ਕਿਥੇ ਲਗਾਵਾਂ। “ਇਥੇ ਹੀ ਲੈ ਆ, ਮਾਮਾ ਜੀ ਦੇ ਕੋਲ
ਹੀ ਬੈਠ ਕੇ ਖਾਂਦੇ ਹਾਂ” ਗੁਰਮੀਤ ਨੇ ਕਿਹਾ ਤੇ ਛੋਟਾ ਮੇਜ਼ ਲਿਆ ਕੇ ਵਿੱਚ ਰੱਖ ਦਿੱਤਾ। ਜਿਸ ਵੇਲੇ
ਰੋਟੀ ਖਾ ਕੇ ਵਿਹਲੇ ਹੋਏ ਤਾਂ ਬਲਦੇਵ ਸਿੰਘ ਕਹਿਣ ਲੱਗਾ, “ਚਲੋ ਤੁਹਾਨੂੰ ਛੱਡ ਆਵਾਂ, ਮੈਂ ਅੱਜ
ਮਾਮਾ ਜੀ ਕੋਲ ਹੀ ਰੁਕਾਂਗਾ।” ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਮਾਮਾ ਜੀ ਦੀ ਹਾਲਤ ਠੀਕ ਨਹੀਂ,
ਇਸ ਲਈ ਉਹ ਕੋਲ ਹੀ ਰੁਕਣਾ ਚਾਹੁੰਦਾ ਸੀ। “ਜੀ ਸਵੇਰੇ ਬੱਬਲ ਦੇ ਕਾਲਜ ਜਾਣ ਦੈ, ਨਹੀਂ ਤਾਂ ਮੈਂ ਵੀ
ਰੁੱਕ ਜਾਂਦੀ”, ਗੁਰਮੀਤ ਬੋਲੀ।
“ਨਹੀਂ ਮੇਰੇ ਬੱਚੇ! ਜਾਓ ਤੁਸੀਂ ਅਰਾਮ ਕਰੋ, ਠੀਕ ਨੇ ਹੁਣ ਇਹ, ਨਾਲੇ ਤੂੰ ਤਾਂ ਹੁਣ ਦੋ-ਤਿੰਨ ਦਿਨ
ਦਾ ਸਫਰ ਕਰ ਕੇ ਆਇਐਂ, ਅਜੇ ਤਾਂ ਉਹ ਥਕਾਵਟ ਹੀ ਨਹੀਂ ਉਤਰੀ ਹੋਣੀ। ਅਰਾਮ ਨਾਲ ਸੌਵੋਂ ਘਰ ਜਾ ਕੇ।
ਮੈਂ ਹੈਗੀਆਂ ਨਾ, ਜੇ ਕੋਈ ਲੋੜ ਪਈ ਉਸੇ ਵੇਲੇ ਤੁਹਾਨੂੰ ਟੈਲੀਫੋਨ ਕਰ ਦਿਆਂਗੀ।”
ਬਲਦੇਵ ਸਿੰਘ ਨੇ ਥੋੜ੍ਹੀ ਜ਼ਿਦ ਕੀਤੀ ਤਾਂ ਬਲਬੀਰ ਨੇ ਵੀ ਦ੍ਰਿੜਤਾ ਨਾਲ ਕਹਿ ਦਿੱਤਾ, “ਕਿਹੈ ਨਾ
ਫਿਕਰ ਨਾ ਕਰੋ, ਕੋਈ ਲੋੜ ਪਈ ਤਾਂ ਮੈਂ ਉਸੇ ਵੇਲੇ ਟੈਲੀਫੋਨ ਕਰ ਦੇਵਾਂਗੀ।” ਬਲਦੇਵ ਸਿੰਘ ਨਾ
ਚਾਹੁੰਦੇ ਹੋਏ ਵੀ ਵਾਪਸ ਜਾਣ ਲਈ ਉਠ ਖੜੋਤਾ ਤੇ ਮਾਮੇ ਦੇ ਪੈਰੀਂ ਹੱਥ ਲਾ ਕੇ ਫਤਹਿ ਬੁਲਾਈ, ਅੱਗੋਂ
ਗੁਲਾਬ ਸਿੰਘ ਨੇ ਬਾਹਾਂ ਖੋਲ੍ਹ ਦਿੱਤੀਆਂ ਤੇ ਉਸ ਦਾ ਸਿਰ ਵੀ ਆਪਣੀ ਛਾਤੀ `ਤੇ ਲੈ ਕੇ ਪਿਆਰ
ਦਿੱਤਾ। ਬਲਦੇਵ ਸਿੰਘ ਪਰ੍ਹੇ ਹੋਇਆ ਤਾਂ ਬੱਬਲ ਮਿਲਣ ਲਈ ਅੱਗੇ ਹੋਈ। ਅਜ ਗੁਲਾਬ ਸਿੰਘ ਨੂੰ ਪਤਾ
ਨਹੀਂ ਕਿਥੋਂ ਦਾ ਵੈਰਾਗ ਚੜ੍ਹਿਆ ਸੀ, ਉਸ ਬੱਬਲ ਨੂੰ ਵੀ ਗੱਲਵੱਕੜੀ ਵਿੱਚ ਲੈ ਲਿਆ ਤੇ ਉਸ ਦੀ ਪਿੱਠ
ਤੇ ਸਿਰ `ਤੇ, ਤੇ ਮੱਥਾ ਚੁੰਮ ਕੇ ਪਿਆਰ ਦਿੱਤਾ। ਬੱਬਲ ਨੇ ਸੁਣਿਆ, ਨਾਲ ਉਹ ਹੌਲੀ ਹੌਲੀ ਬੋਲ ਕੇ
ਅਸੀਸਾਂ ਦੇ ਰਿਹਾ ਸੀ, ‘ਸੁਖੀ ਰਹੋ ਮੇਰੇ ਬੱਚੇ, ਜਿਉਂਦੇ ਰਹੋ, ਵਾਹਿਗੁਰੂ ਸਦਾ ਅੰਗ ਸੰਗ ਰਹੇ,
ਵਾਹਿਗੁਰੂ ਸੁਮਤਿ ਬਖਸ਼ੀ ਰੱਖੇ’। ਬੱਬਲ ਨੂੰ ਬੜਾ ਹੀ ਚੰਗਾ ਲੱਗਾ, ਉਸ ਨੇ ਵੀ ਉਪਰ ਉਠਣ ਤੋਂ
ਪਹਿਲਾਂ ਮਾਮਾ ਜੀ ਨੂੰ ਘੁੱਟ ਕੇ ਗੱਲਵੱਕੜੀ ਪਾ ਲਈ। ਜਾਂਦਾ ਜਾਂਦਾ ਬਲਦੇਵ ਸਿੰਘ ਕਹਿਣ ਲੱਗਾ,
“ਮੈਂ ਸਵੇਰੇ ਹੀ ਆਉਂਦਾ ਹਾਂ, ਆਪਣੇ ਸਾਹਮਣੇ ਡਾਕਟਰ ਕੋਲੋਂ ਚੈਕ ਕਰਾਵਾਂਗਾ, ਅੱਜ ਤਾਂ ਮਾਮਾ ਜੀ
ਬਹੁਤ ਕਮਜ਼ੋਰ ਲੱਗ ਰਹੇ ਨੇ।”
ਉਨ੍ਹਾਂ ਦੇ ਜਾਣ ਤੋਂ ਬਾਅਦ ਕੁੱਝ ਦੇਰ ਤਾਂ ਗੁਲਾਬ ਸਿੰਘ ਉਂਝ ਹੀ ਪਿਆ ਰਿਹਾ, ਬਲਬੀਰ ਰਸੋਈ ਸਾਂਭਣ
ਵਿੱਚ ਰੁਝ ਗਈ। ਹਾਲਾਂਕਿ ਸਾਂਭ ਸੰਭਾਈ ਦਾ ਬਹੁਤਾ ਕੰਮ ਤਾਂ ਬੱਬਲ ਨਿਬੇੜ ਗਈ ਸੀ ਪਰ ਫਿਰ ਵੀ
ਨਿੱਕੇ ਨਿੱਕੇ ਕੰਮ ਹੀ ਬਹੁਤ ਹੁੰਦੇ ਨੇ, ਜਿਹੜੇ ਘਰ ਦੀ ਮਾਲਕਣ ਨੂੰ ਹੀ ਕਰਨੇ ਪੈਂਦੇ ਨੇ। ਉੱਥੇ
ਹੀ ਉਸ ਨੂੰ ਗੁਲਾਬ ਸਿੰਘ ਦੀ ਅਵਾਜ਼ ਸੁਣਾਈ ਦਿੱਤੀ, ਉਹ ਬਾਹਰ ਵੱਲ ਭੱਜੀ ਗਈ। “ਜ਼ਰਾ ਉਠਾ ਮੈਨੂੰ,
ਬਾਥਰੂਮ ਜਾਣੈ।” ਬਲਬੀਰ ਨੇ ਸਹਾਰਾ ਦੇ ਕੇ ਉਠਾਇਆ ਤੇ ਨਾਲ ਫੜ ਕੇ ਬਾਥਰੂਮ ਵੱਲ ਲੈ ਗਈ। ਵਾਪਸ ਆਏ
ਤਾਂ ਗੁਲਾਬ ਸਿੰਘ ਕਹਿਣ ਲੱਗਾ, “ਪਿੱਛੇ ਢੋਅ ਬਣਾ ਦੇ, ਥੋੜ੍ਹੀ ਦੇਰ ਬੈਠਣ `ਤੇ ਦਿਲ ਕਰਦੈ।”
ਬਲਬੀਰ ਨੇ ਪਿੱਛੇ ਸਿਰਹਾਣੇ ਰੱਖ ਦਿੱਤੇ। ਬਲਬੀਰ ਨੇ ਸ਼ੁਕਰ ਕੀਤਾ ਕਿ ਹੁਣ ਉਸ ਦੀ ਤਬੀਅਤ ਕਾਫੀ
ਸੰਭਲ ਗਈ ਸੀ, ਜਿਸ ਵੇਲੇ ਖਾਂਸੀ ਛਿੜੀ ਸੀ, ਇੱਕ ਵਾਰੀ ਤਾਂ ਉਹ ਘਬਰਾ ਗਈ ਸੀ। ਉਹ ਵਾਪਸ ਜਾਣ ਲਈ
ਮੁੜੀ ਤਾਂ ਗੁਲਾਬ ਸਿੰਘ ਨੇ ਪਲੰਗ `ਤੇ ਨਾਲ ਬੈਠਣ ਲਈ ਇਸ਼ਾਰਾ ਕਰਦੇ ਹੋਏ ਕਿਹਾ, “ਆ ਬੈਠ ਜਾ
ਥੋੜ੍ਹੀ ਦੇਰ।”
“ਬਸ ਮੁੱਕ ਗਿਐ ਮੇਰਾ ਕੰਮ, ਦੋ ਮਿੰਟਾਂ ਵਿੱਚ ਆਈ” ਕਹਿਕੇ ਉਹ ਰਸੋਈ ਵੱਲ ਚਲੀ ਗਈ ਅਤੇ ਸੱਚਮੁੱਚ
ਹੀ ਦੋ ਮਿੰਟਾਂ ਵਿੱਚ ਮੁੜ ਆਈ ਤੇ ਕੋਲ ਬੈਠਦੀ ਹੋਈ ਬੋਲੀ “ਦੱਸੋ।”
“ਨਹੀਂ ਕੋਈ ਖਾਸ ਨਹੀਂ, ਐਵੇਂ ਖਿਆਲ ਆ ਰਿਹਾ ਸੀ ਕਿ ਸਾਡੇ ਵਿਆਹ ਨੂੰ 54 ਸਾਲ ਹੋ ਗਏ ਨੇ।”
“ਹਾਂ! ਪਰ ਅੱਜ ਇਹ ਖਿਆਲ ਕਿਵੇਂ ਆ ਗਿਐ?” ਬਲਬੀਰ ਕੌਰ ਨੇ ਕੁੱਝ ਹੈਰਾਨ ਹੁੰਦੇ ਅਤੇ ਮੁਸਕੁਰਾਉਂਦੇ
ਹੋਏ ਕਿਹਾ।
“ਬੱਸ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਸਾਂ, ਬੜਾ ਵਧੀਆ ਸਾਥ ਨਿਭਾਇਐ ਤੂੰ, ਹਰ ਔਖੇ ਸੌਖੇ
ਵਿੱਚ।”
“ਮੈਂ ਵਧੀਆ ਨਿਭਾਇਐ ਤੇ ਤੁਸੀਂ ਘੱਟ ਨਿਭਾਇਐ? ਤੁਸੀਂ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਪੂਰੇ ਕੀਤੇ
ਨੇ ਤੇ ਮੈਂ ਆਪਣੇ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹਾਂ।”
“ਹਾਂ ਬਲਬੀਰ! ਹੋਰ ਜ਼ਿੰਦਗੀ ਹੈ ਕੀ? ਆਪਸੀ ਪਿਆਰ ਤੇ ਸਮਝੌਤਾ ਹੀ ਤਾਂ ਹੈ। ਯਾਦ ਈ, ਵਿਆਹ ਤੋਂ
ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਾਂ ਤੇ …. .” ਤੇ ਗੁਲਾਬ ਸਿੰਘ ਜਿਉਂ ਸ਼ੁਰੂ ਹੋਇਆ ਤੇ
ਫੇਰ ਪਤਾ ਨਹੀਂ ਕਿਥੇ ਅਤੀਤ ਵਿੱਚ ਗੁਆਚ ਗਿਆ। ਬਲਬੀਰ ਹੈਰਾਨ ਹੋ ਰਹੀ ਸੀ ਕਿ ਅੱਜ ਕਿਥੋਂ ਇਤਨੀਆਂ
ਪੁਰਾਣੀਆਂ ਯਾਦਾਂ ਆ ਗਈਆਂ ਨੇ, ਉਹ ਵਿੱਚੋਂ ਹੁੰਗਾਰਾ ਭਰਦੀ ਰਹੀ। ਅੱਜ ਉਸ ਦੀਆਂ ਬਹੁਤੀਆਂ ਯਾਦਾਂ
ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੁੜੀਆਂ ਸਨ ਉਹ ਸਮਝ ਗਈ ਕਿ ਉਸ ਨੇ ਜੋ ਅੱਜ ਦੁੱਖਦਾਈ ਵਿਥਿਆ ਸੁਣੀ
ਹੈ ਉਸ ਦਾ ਭਾਰ ਉਸ ਦੇ ਮਨ `ਤੇ ਹੈ। ਵਿੱਚੋਂ, ਬਹਾਨੇ ਬਹਾਨੇ ਹਰਭਜਨ ਦੀ ਕੋਈ ਗੱਲ ਤੋਰ ਲੈਂਦਾ,
ਬਲਬੀਰ ਨੇ ਆਖਿਆ ਕਿ ਅੱਜ ਕੀ ਹੋ ਗਿਐ ਤੁਹਾਨੂੰ, ਸਾਰੀ ਜ਼ਿੰਦਗੀ ਤਾਂ ਉਸ ਦਾ ਨਾਂ ਨਹੀਂ ਲਿਆ ਤੇ
ਹੁਣ ਕਿਉਂ ਡੋਲ ਰਹੇ ਹੋ? ਅੱਗੋਂ ਕਹਿਣ ਲੱਗਾ ਕਿ ਡੋਲ ਨਹੀਂ ਰਿਹਾ ਪਰ ਆਪਸ ਵਿੱਚ ਦੁੱਖ ਤਾਂ ਸਾਂਝਾ
ਕਰ ਹੀ ਸਕਦੇ ਹਾਂ। ਬੜੀ ਦੇਰ ਗੱਲਾਂ ਕਰਦੇ ਰਹੇ, ਕਹਿੰਦੇ ਕਿ ਵੇਖ ਅਕਾਲ-ਪੁਰਖ ਦੇ ਰੰਗ, ਆਪਣਾ
ਹੁੰਦਿਆਂ ਹੋਇਆਂ ਵੀ ਨਾ ਹੋਇਆਂ ਵਰਗੈ ਤੇ ਬੱਲੂ ਕੋਲੋਂ ਪੁੱਤਰਾਂ ਵਾਲਾ ਪਿਆਰ ਸਤਿਕਾਰ ਤੇ ਸੇਵਾ ਸਭ
ਕੁੱਝ ਮਿਲ ਗਿਆ ਏ। ਨਾ ਪੁੱਤਰ ਦੀ ਕਮੀ ਮਹਿਸੂਸ ਹੋਣ ਦਿੱਤੀ ਏ ਤੇ ਨਾ ਪੋਤਰੇ ਪੋਤਰੀ ਦੀ। ਹੋਰ
ਬੜੀਆਂ ਗੱਲਾਂ ਕਰਦੇ ਰਹੇ, ਬਲਬੀਰ ਕਹਿਣ ਲੱਗੀ, ਤਬੀਅਤ ਪਹਿਲਾਂ ਹੀ ਬਹੁਤ ਖਰਾਬ ਜੇ, ਹੁਣ ਅਰਾਮ ਕਰ
ਲਓ, ਕਿਤੇ ਹੋਰ ਨਾ ਵਿਗੜ ਜਾਵੇ। ਉਹ ਸਮਝ ਰਹੀ ਸੀ ਕਿ ਦਰਬਾਰ ਸਾਹਿਬ ਦੀ ਦੁਖਦ ਘਟਨਾ ਨੇ ਉਸ ਨੂੰ
ਹਰਭਜਨ ਵਾਲਾ ਜੀਵਨ ਦਾ ਦੂਸਰਾ ਵੱਡਾ ਦੁੱਖ ਵੀ ਤਾਜ਼ਾ ਕਰਾ ਦਿੱਤੈ। ਅੱਧੀ ਰਾਤ ਤੋਂ ਬਾਅਦ ਸੁੱਤੇ ਤੇ
ਜਿਸ ਵੇਲੇ ਅੰਮ੍ਰਿਤ ਵੇਲੇ ਬਲਬੀਰ ਜਾਗੀ, ਉਸ ਵੇਖਿਆ ਕਿ ਗੁਲਾਬ ਸਿੰਘ ਬਿਲਕੁਲ ਸਿੱਧਾ ਪਿਆ ਸੀ ਤੇ
ਉਸ ਅੰਦਰ ਕੋਈ ਹਿਲ-ਜੁਲ ਮਹਿਸੂਸ ਨਹੀਂ ਹੋਈ। ਉਹ ਘਬਰਾ ਗਈ ਤੇ ਗੁਲਾਬ ਸਿੰਘ ਨੂੰ ਹਿਲਾਇਆ, ਹੱਥ
ਲਾਇਆ ਤਾਂ ਵੇਖਿਆ ਸੁਆਸ ਬੰਦ ਹੋਏ ਪਏ ਸਨ। ਉਸ ਦੀ ਭੁੱਬ ਨਿਕਲ ਗਈ ਤੇ ਅਥਰੂ ਵਗਣ ਲੱਗੇ। ਉਹ ਛੇਤੀ
ਛੇਤੀ ਟੈਲੀਫੋਨ ਵੱਲ ਭੱਜੀ।
ਅੰਮ੍ਰਿਤਵੇਲਾ ਹੀ ਸੀ, ਸਵਾ ਪੰਜ-ਸਾਢੇ ਪੰਜ ਦਾ ਟਾਈਮ ਹੋਵੇਗਾ, ਬਲਦੇਵ ਸਿੰਘ ਅਜੇ ਬਾਥਰੂਮ ਵਿੱਚ
ਸੀ ਕਿ ਟੈਲੀਫੋਨ ਦੀ ਘੰਟੀ ਵੱਜੀ, ਗੁਰਮੀਤ ਬਾਬਾ ਜੀ ਦੇ ਕਮਰੇ ਵਿੱਚ ਸੀ। ਆਮ ਤੌਰ `ਤੇ ਬਲਦੇਵ
ਸਿੰਘ ਪਹਿਲਾਂ ਇਸ਼ਨਾਨ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਅਤੇ ਗੁਰਬਾਣੀ ਪੜ੍ਹਨ ਚਲਾ
ਜਾਂਦਾ, ਇਤਨੇ ਵਿੱਚ ਗੁਰਮੀਤ ਰਸੋਈ ਦੀ ਕੁੱਝ ਸਾਂਭ ਸੰਭਾਲ ਕਰ ਲੈਂਦੀ। ਘਰ ਦੀਆਂ ਸਫਾਈਆਂ ਤੇ ਬਰਤਨ
ਆਦਿ ਸਾਫ ਕਰਨ ਵਾਲੀ ਮਾਈ ਵੀ ਉਸੇ ਕੁ ਵੇਲੇ ਆਉਂਦੀ ਸੀ, ਅੱਜ ਵੀ ਉਹ ਹੁਣੇ ਹੀ ਆਈ ਸੀ। ਅੱਜ ਬਲਦੇਵ
ਸਿੰਘ ਕੁੱਝ ਦੇਰ ਨਾਲ ਉਠਿਆ ਸੀ, ਸ਼ਾਇਦ ਕੱਲ ਦੀ ਥਕਾਵਟ ਦਾ ਅਸਰ ਸੀ, ਇਸ ਵਾਸਤੇ ਗੁਰਮੀਤ ਨੇ
ਪਹਿਲਾਂ ਇਸ਼ਨਾਨ ਕਰ ਲਿਆ ਸੀ। ਉਹ ਟੈਲੀਫੋਨ ਦੀ ਅਵਾਜ਼ ਸੁਣ ਕੇ ਭੱਜੀ ਆਈ। ਟੈਲੀਫੋਨ ਚੁੱਕ ਕੇ
‘ਹੈਲੋ’ ਬੋਲੀ ਤੇ ਦੂਸਰੇ ਪਾਸਿਓ ਬਲਬੀਰ ਕੌਰ ਦੀ ਅਵਾਜ਼ ਸੁਣਾਈ ਦਿੱਤੀ, “ਆ ਜਾਓ ਬੇਟਾ! ਤੁਹਾਡੇ
ਮਾਮਾ ਜੀ ਚੜ੍ਹਾਈ ਕਰ ਗਏ ਜੇ”, ਤੇ ਨਾਲ ਹੀ ਉਸ ਦਾ ਹਉਕਾ ਨਿਕਲ ਗਿਆ। ਗੁਰਮੀਤ ਕੌਰ ਹੱਕੀ ਬੱਕੀ
ਰਹਿ ਗਈ ਤੇ ਉਸ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ, ‘ਵਾਹਿਗੁਰੂ, ਵਾਹਿਗੁਰੂ’ ਤੇ ਫਿਰ ਬੋਲੀ, ਮਾਮੀ
ਜੀ! ਹੌਂਸਲਾ ਕਰੋ, ਇਹ ਬਾਥਰੂਮ ਵਿੱਚ ਨੇ ਇਸ਼ਨਾਨ ਕਰ ਰਹੇ ਨੇ, ਬੱਸ ਆਉਂਦੇ ਨੇ ਤੇ ਅਸੀਂ ਹੁਣੇ
ਪਹੁੰਚੇ।” ਉਸ ਦਾ ਮਨ ਤਾਂ ਟੈਲੀਫੋਨ ਦੀ ਘੰਟੀ ਸੁਣ ਕੇ ਹੀ ਧੜਕ ਗਿਆ ਸੀ, ਨਾ ਚਾਹੁੰਦੇ ਹੋਏ ਵੀ
ਅਥਰੂ ਉਸ ਦੀਆਂ ਅੱਖਾਂ `ਚੋਂ ਆਪ ਮੁਹਾਰੇ ਵਗਣ ਲਗ ਪਏ। ਟੈਲੀਫੋਨ ਰੱਖ ਕੇ ਉਸ ਨੇ ਉੱਚੀ ਸਾਰੀ ਅਵਾਜ਼
ਦੇ ਕੇ ਕਿਹਾ, “ਸਰਦਾਰ ਜੀ! ਜ਼ਰਾ ਜਲਦੀ ਕਰ ਲਓ, ਮਾਮਾ ਜੀ ਗੁਜ਼ਰ ਗਏ ਜੇ।” ਬਲਦੇਵ ਸਿੰਘ ਦਾ ਮਨ ਵੀ
ਟੈਲੀਫੋਨ ਦੀ ਘੰਟੀ ਵਜਦੇ ਹੀ ਸਮਝ ਗਿਆ ਸੀ। “ਬਸ ਆਇਆ ਮੀਤਾ, ਤੂੰ ਜ਼ਰਾ ਹਰਮੀਤ ਦੇ ਹੋਸਟਲ ਵਾਸਤੇ
ਅਰਜੈਂਟ ਪੀ ਪੀ ਕਾਲ ਬੁੱਕ ਕਰਾ ਦੇ।” ਗੁਰਮੀਤ ਨੇ ਛੇਤੀ ਨਾਲ ਕਾਲ ਬੁੱਕ ਕਰਵਾਈ ਤੇ ਫੇਰ ਬੱਬਲ ਦੇ
ਕਮਰੇ ਵਿੱਚ ਜਾ ਕੇ ਉਸ ਨੂੰ ਉਠਾਇਆ ਤੇ ਖ਼ਬਰ ਸੁਣਾਉਂਦੇ ਹੋਏ ਉਸ ਨੂੰ ਛੇਤੀ ਨਾਲ ਬਾਥਰੂਮ ਵਗੈਰਾ
ਤੋਂ ਵਿਹਲੇ ਹੋਣ ਲਈ ਆਖਿਆ। ਉਸ ਤੋਂ ਬਾਅਦ ਉਹ ਰਸੋਈ ਵੱਲ ਗਈ ਤੇ ਭਾਂਡੇ ਮਾਂਜ ਰਹੀ ਕੰਮ ਵਾਲੀ,
ਜਿਸ ਨੂੰ ਸਾਰੇ ਅੰਮਾਂ ਬੁਲਾਉਂਦੇ ਸਨ ਨੂੰ ਸਾਰੀ ਗੱਲ ਦਸ ਕੇ ਕਿਹਾ ਕਿ ਉਹ ਛੇਤੀ ਭਾਂਡੇ ਨਿਬੇੜ
ਲਵੇ ਕਿਉਂ ਕਿ ਉਨ੍ਹਾਂ ਹੁਣੇ ਨਿਕਲਨਾ ਹੈ। ਬਲਦੇਵ ਸਿੰਘ ਬਾਹਰ ਆ ਗਿਆ ਸੀ ਤੇ ਪੱਗ ਬੰਨ੍ਹਣ ਲਗਾ
ਸੀ, ਗੁਰਮੀਤ ਨੂੰ ਪੁੱਛਣ ਲੱਗਾ, “ਸਤਿਗੁਰੂ ਜੀ ਦਾ ਪ੍ਰਕਾਸ਼ ਕਰ ਦਿੱਤਾ ਸੀ?”
“ਹਾਂ ਜੀ”, ਗੁਰਮੀਤ ਨੇ ਛੋਟਾ ਜਿਹਾ ਜੁਆਬ ਦਿੱਤਾ। “ਤਾਂ ਫਿਰ ਸੁਖ ਆਸਨ ਕਰ ਆਓ, ਪਤਾ ਨਹੀਂ ਫਿਰ
ਕਿਸ ਵੇਲੇ ਘਰ ਗੇੜਾ ਵੱਜੇ।” ਗੁਰਮੀਤ ਬਗੈਰ ਕੁੱਝ ਬੋਲੇ ਗੁਰੂ ਸਾਹਿਬ ਦੇ ਕਮਰੇ ਵੱਲ ਚਲੀ ਗਈ।
ਵਾਪਸ ਆਈ ਤਾਂ ਬਲਦੇਵ ਸਿੰਘ ਟੈਲੀਫੋਨ ਅਪਰੇਟਰ ਨੂੰ ਬੇਨਤੀ ਕਰ ਰਿਹਾ ਸੀ ਕਿ ਮ੍ਰਿਤਕ ਦੀ ਗੱਲ ਹੈ,
ਇਸ ਵਾਸਤੇ ਜ਼ਰਾ ਛੇਤੀ ਟੈਲੀਫੋਨ ਲਗਵਾ ਦਿਓ, ਆਪਰੇਟਰ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਦਾ ਹਾਂ। ਅਜੇ ਉਸ
ਟੈਲੀਫੋਨ ਰੱਖਿਆ ਹੀ ਸੀ ਕਿ ਟੈਲੀਫੋਨ ਦੀ ਘੰਟੀ ਵੱਜ ਪਈ, ਕਾਲ ਲੱਗ ਗਈ ਸੀ ਪਰ ਪੀ ਪੀ ਨੂੰ ਬੁਲਾਉਣ
ਗਏ ਸਨ। ਬਲਦੇਵ ਸਿੰਘ ਨੇ ਥੋੜ੍ਹੀ ਇੰਤਜ਼ਾਰ ਕੀਤੀ ਤੇ ਫਿਰ ਸੋਚਿਆ ਜੋ ਟੈਲੀਫੋਨ ਸੁਣ ਰਿਹਾ ਹੈ ਉਸੇ
ਨੂੰ ਕਹਾਂ ਕਿ ਹਰਮੀਤ ਨੂੰ ਸੁਨੇਹਾ ਦੇ ਦੇਵੇ ਤੇ ‘ਹੈਲੌ, ਹੈਲੌ,’ ਬੋਲਿਆ ਪਰ ਅਗੋਂ ਕੋਈ ਅਵਾਜ਼ ਨਾ
ਆਈ, ਸ਼ਾਇਦ ਟੈਲੀਫੋਨ ਸੁਣਨ ਵਾਲਾ ਆਪ ਹੀ ਹਰਮੀਤ ਨੂੰ ਬੁਲਾਉਣ ਲਈ ਗਿਆ ਸੀ, ਥੋੜ੍ਹੀ ਦੇਰ ਬਾਅਦ ਹੀ
ਉਸ ਦੀ ਅਵਾਜ਼ ਸੁਣਾਈ ਦਿੱਤੀ “ਲੋ, ਹਰਮੀਤ ਆ ਗਿਆ ਸਰ” ਬਲਦੇਵ ਸਿੰਘ ਨੇ ਥੋੜ੍ਹੇ ਜਿਹੇ ਲਫਜ਼ਾਂ ਵਿੱਚ
ਹਰਮੀਤ ਨੂੰ ਕਿਹਾ, “ਬੇਟਾ! ਮਾਮਾ ਜੀ ਗੁਜ਼ਰ ਗਏ ਨੇ, ਪਤਾ ਕਰ ਲਓ ਜੇ ਕੋਈ ਗੱਡੀ ਆਦਿ ਮਿਲਦੀ ਹੋਵੇ
ਤਾਂ ਨਿਕਲ ਆਓ।” ਅੱਗੋਂ ਹਰਮੀਤ ਨੇ ਵੀ ਬਿਲਕੁਲ ਛੋਟਾ ਜਿਹਾ ਜੁਆਬ ਹੀ ਦਿੱਤਾ, “ਜੀ ਭਾਪਾ ਜੀ” ਅਤੇ
ਬਲਦੇਵ ਸਿੰਘ ਨੇ ਟੈਲੀਫੋਨ ਰੱਖ ਦਿੱਤਾ।
ਪੰਦਰ੍ਹਾਂ-ਵੀਹ ਮਿੰਟਾਂ ਵਿੱਚ ਹੀ ਉਹ ਘਰੋਂ ਨਿਕਲ ਪਏ। ਗੁਰਮੀਤ ਘਰ ਨੂੰ ਤਾਲਾ ਲਾ ਰਹੀ ਸੀ ਤਾਂ
ਬਲਦੇਵ ਸਿੰਘ ਨੂੰ ਅਚਾਨਕ ਕੁੱਝ ਖਿਆਲ ਆਇਆ ਤੇ ਬੋਲਿਆ, “ਮੀਤਾ! ਇੱਕ ਮਿੰਟ ਰੁਕੀਂ ਜਰਾ” ਵਾਪਸ
ਅੰਦਰ ਗਿਆ ਤੇ ਟੈਲੀਫੋਨ ਵਾਲੀ ਡਾਇਰੀ ਚੁੱਕ ਲਿਆਇਆ। ਕਾਰ ਦੇ ਵਿੱਚ ਬੈਠਦੇ ਹੋਏ ਬੋਲਿਆ, “ਰਾਤ ਜਿਸ
ਵੇਲੇ ਖਾਂਸੀ ਛਿੜੀ ਸੀ, ਮੈਂ ਤਾਂ ਉਸੇ ਵੇਲੇ ਡਰ ਗਿਆ ਸੀ, ਇਸੇ ਵਾਸਤੇ ਮੈਂ ਰਾਤੀ ਉਥੇ ਰੁਕਣਾ
ਚਾਹੁੰਦਾ ਸੀ, ਪਰ ਮਾਮੀ ਜੀ ਦੀ ਜ਼ਿਦ …. ।”
“ਸਰਦਾਰ ਜੀ! ਮੈਨੂੰ ਤਾਂ ਲਗਦੈ ਮਾਮਾ ਜੀ ਆਪ ਪਹਿਲਾਂ ਹੀ ਬੁਝ ਗਏ ਸਨ, ਤਾਹੀਓਂ ਵੇਖਿਆ ਨਹੀਂ ਜੇ,
ਰਾਤੀ ਕਿਤਨਾ ਪਿਆਰ ਕੀਤਾ ਨੇ ਆਉਣ ਲੱਗਿਆਂ …. . ।” ਗੁਰਮੀਤ ਦੀ ਗੱਲ ਦੇ ਵਿੱਚੋਂ ਹੀ ਬੱਬਲ ਬੋਲ
ਪਈ, “ਸੱਚ ਮਾਮਾ! ਵੈਸੇ ਤਾਂ ਮੈਨੂੰ ਸਦਾ ਹੀ ਬੜਾ ਪਿਆਰ ਕਰਦੇ ਸਨ ਪਰ ਰਾਤ ਦੇ ਪਿਆਰ ਵਿੱਚ ਤਾਂ
ਕਮਾਲ ਦਾ ਨਿੱਘ ਸੀ”, ਤੇ ਨਾਲ ਹੀ ਉਸ ਦੇ ਅਥਰੂ ਵੱਗ ਤੁਰੇ ਤੇ ਅਵਾਜ਼ ਵੀ ਭਾਰੀ ਹੋ ਗਈ। ਬਲਦੇਵ
ਸਿੰਘ ਨੇ ਪੁਚਕਾਰ ਕੇ ਕਿਹਾ, “ਬਸ ਬੇਟਾ ਹੌਂਸਲਾ ਕਰ, ਇਹ ਅਕਾਲ ਪੁਰਖ ਦਾ ਭਾਣਾ ਹੈ, ਉਸ `ਤੇ ਕਿਸ
ਦਾ ਜ਼ੋਰ ਏ? ਜਿਨੇਂ ਸੁਆਸ ਉਸ ਨੇ ਬਖਸ਼ੇ ਨੇ, ਉਤਨੇ ਹੀ ਲੈਣੇ ਨੇ।” ਉਸ ਨੇ ਵੇਖਿਆ ਗੁਰਮੀਤ ਕੌਰ ਨੇ
ਵੀ ਮਨ ਭਰ ਲਿਆ ਸੀ ਤੇ ਉਸ ਦੇ ਵੀ ਅਥਰੂ ਵੱਗ ਰਹੇ ਸਨ। ਥੋੜ੍ਹਾ ਰੁੱਕ ਕੇ ਉਹ ਫੇਰ ਬੋਲਿਆ, “ਮਾਮਾ
ਜੀ ਦੇ ਬੈਠਿਆਂ, ਦਾਰ ਜੀ ਦੀ ਕਮੀ ਕਦੇ ਨਹੀਂ ਸੀ ਮਹਿਸੂਸ ਹੋਈ, ਉਹੋ ਜਿਹਾ ਹੀ ਪਿਆਰ ਮਿਲਦਾ ਸੀ ਤੇ
ਉਹੋ ਜਿਹੀ ਹੀ ਸਲਾਹ ਤੇ ਅਗਵਾਈ, ਮੈਨੂੰ ਤਾਂ ਅੱਜ ਇੰਝ ਮਹਿਸੂਸ ਹੋ ਰਿਹੈ ਜਿਵੇਂ ਮੈਂ ਦੁਬਾਰਾ
ਅਨਾਥ ਹੋ ਗਿਆਂ”, ਤੇ ਬੋਲਦੇ ਬੋਲਦੇ ਉਸ ਦਾ ਮਨ ਵੀ ਭਰ ਆਇਆ।
ਮਾਮਾ ਜੀ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਖੁੱਲ੍ਹਾ ਹੀ ਸੀ। ਅੰਦਰ ਵੜੇ ਤਾਂ ਮਾਮਾ ਜੀ ਦੀ ਦੇਹ ਉਸੇ
ਮੰਜੇ `ਤੇ ਪਈ ਸੀ ਜਿਸ `ਤੇ ਰਾਤ ਸੁੱਤੇ ਪਏ ਸਨ, ਉਸ ਨੂੰ ਚਾਦਰ ਨਾਲ ਕੱਜਿਆ ਹੋਇਆ ਸੀ, ਗੁਰਮੀਤ
ਛੇਤੀ ਨਾਲ ਮਾਮੀ ਦੇ ਗੱਲੇ ਲੱਗ ਗਈ ਤੇ ਦੋਹਾਂ ਦੀਆਂ ਅੱਖਾਂ `ਚੋਂ ਹੰਝੂਆਂ ਦੀਆਂ ਧਾਰਾਂ ਵੱਗ
ਤੁਰੀਆਂ ਤੇ ਨਾਲ ਬਲਬੀਰ ਕੌਰ ਦੀ ਸਿਸਕੀਆਂ ਭਰੀ ਅਵਾਜ਼ ਨਿਕਲੀ, “ਲਓ ਵੇ ਬੱਚਿਓ, ਤੁਰ ਗਏ ਜੇ
ਤੁਹਾਡੇ ਮਾਮਾ ਜੀ ਮੈਂਨੂੰ ਇਕੱਲੀ ਛੱਡ ਕੇ …. . ਤੇ ਫੇਰ ਸਿਰਫ ਸਿਸਕੀਆਂ ਰਹਿ ਗਈਆਂ। ਕੋਲ ਖੜ੍ਹੀ
ਬੱਬਲ ਵੀ ਰੋ ਰਹੀ ਸੀ। ਥੋੜ੍ਹਾ ਜਿਹਾ ਰੁੱਕ ਕੇ ਬਲਦੇਵ ਸਿੰਘ ਬੋਲਿਆ, “ਬੱਸ ਮਾਮੀ ਜੀ, ਵਾਹਿਗੁਰੂ
ਆਖੋ, ਹੌਂਸਲਾ ਕਰੋ। ਜਿਨਾ ਸਾਥ ਵਾਹਿਗੁਰੂ ਨੇ ਲਿਖਿਆ ਸੀ ਉਤਨਾ ਹੀ ਨਿਭਣਾ ਸੀ” ਤੇ ਫੇਰ ਗੁਰਮੀਤ
ਨੂੰ ਕਹਿਣ ਲੱਗਾ, “ਬੱਸ ਗੁਰਮੀਤ ਹੌਂਸਲਾ ਕਰੋ” ਗੁਰਮੀਤ ਅਲੱਗ ਹੋਈ ਤਾਂ ਉਹ ਆਪ ਮਾਮੀ ਦੇ ਗੱਲੇ
ਲੱਗ ਗਿਆ ਤੇ ਉਸ ਦੇ ਆਪਣੇ ਅਥਰੂ ਉਸ ਦੇ ਵੱਸ ਤੋਂ ਬਾਹਰ ਹੋ ਗਏ। ਹੁਣ ਬਲਬੀਰ ਕੌਰ ਨੇ ਪਿੱਠ `ਤੇ
ਪਿਆਰ ਦੇਂਦੇ ਹੋਏ ਆਖਿਆ, “ਬਸ ਕਾਕਾ ਹੌਂਸਲਾ ਕਰ, ਦੂਸਰਿਆਂ ਨੂੰ ਹੌਂਸਲਾ ਦੇਨੈ ਤੇ ਰੋਣ ਤੋਂ
ਮਨ੍ਹਾਂ ਕਰਨੈ ਤੇ ਆਪ ਹੌਂਸਲਾ ਛੱਡ ਗਿਐਂ।”
ਬਲਦੇਵ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਮਾਮੇ ਦੇ ਮੂੰਹ ਤੋਂ ਚਾਦਰ ਚੁੱਕੀ, ਇੰਝ ਸੀ ਜਿਵੇਂ
ਗੁਲਾਬ ਸਿੰਘ ਸੁੱਤਾ ਪਿਆ ਹੋਵੇ, ਇੱਕ ਵਾਰੀ ਫੇਰ ਸਾਰਿਆਂ ਦਾ ਦਿੱਲ ਭਰ ਆਇਆ। ਉਹ ਚਾਦਰ ਵਾਪਸ
ਪਾਉਂਦਾ ਹੋਇਆ ਬੋਲਿਆ, “ਕਿਸ ਵੇਲੇ ਗੁਜ਼ਰੇ ਨੇ ਮਾਮਾ ਜੀ?”
ਬਲਬੀਰ ਕੌਰ ਨੇ ਰਾਤ ਉਨ੍ਹਾਂ ਦੇ ਜਾਣ ਤੋਂ ਬਾਅਦ ਦੀ ਸਾਰੀ ਗੱਲ ਦੱਸੀ। ਇਤਨੇ ਨੂੰ ਨਾਲ ਦੇ ਦੋ
ਗੁਆਂਢੀ ਆ ਗਏ, ਬਲਬੀਰ ਕੌਰ ਨੇ ਹੁਣੇ ਹੀ ਉਨ੍ਹਾਂ ਨੂੰ ਵੀ ਦੱਸਿਆ ਸੀ, ਗੁਆਂਢਣ ਬਲਬੀਰ ਕੌਰ ਦੇ
ਗੱਲ ਲੱਗ ਕੇ ਰੋਣ ਲੱਗੀ ਤਾਂ ਬਲਦੇਵ ਸਿੰਘ ਨੇ ਉਸ ਨੂੰ ਵੀ ਮਨ੍ਹਾ ਕਰ ਦਿੱਤਾ ਕਿ ਇਹ ਰੋਣ ਧੋਣ
ਵਾਲਾ ਕੰਮ ਨਹੀਂ ਕਰਨਾ, ਬਸ ਵਾਹਿਗੁਰੂ ਆਖੋ। ਸਾਹਮਣੇ ਹੀ ਟੇਪ ਰਿਕਾਰਡਰ ਪਿਆ ਸੀ, ਬਲਦੇਵ ਸਿੰਘ ਨੇ
ਇੱਕ ਸ਼ਬਦਾਂ ਦੀ ਕੈਸਟ ਚੁੱਕੀ ਤੇ ਚਾਲੂ ਕਰ ਦਿੱਤੀ ਤਾਂ ਕਿ ਰੋਣ ਵਾਲਾ ਕੰਮ ਸ਼ੁਰੂ ਹੀ ਨਾ ਹੋਵੇ।
ਸ਼ਾਇਦ ਉਹ ਗੁਆਂਢੀ ਬਾਕੀ ਮੁਹੱਲੇ ਵਾਲਿਆਂ ਨੂੰ ਵੀ ਦਸ ਆਏ ਸਨ, ਹੋਰ ਵੀ ਕਈ ਆਉਣੇ ਸ਼ੁਰੂ ਹੋ ਗਏ।
ਗਰਮੀਆਂ ਦਾ ਮੌਸਮ ਹੋਣ ਕਰ ਕੇ ਦਿਨ ਚੜ੍ਹ ਆਇਆ ਸੀ। ਗੁਰਮੀਤ ਪੁੱਛਣ ਲੱਗੀ, “ਬਰਾਦਰੀ ਦੇ ਬੈਠਣ ਦਾ
ਕੀ ਕਰਨੈ?”
“ਜਿਨੀਆਂ ਕੁ ਕੁਰਸੀਆਂ ਇਥੇ ਆਉਂਦੀਆਂ ਨੇ, ਰੱਖ ਦਿਓ ਤੇ ਬਾਕੀਆਂ ਨੂੰ ਬੈਠਕ ਵਿੱਚ ਬਿਠਾਈ ਜਾਓ। ਜੇ
ਸੋਫੇ ਕੁਰਸੀਆਂ `ਤੇ ਜਗ੍ਹਾ ਘੱਟ ਗਈ ਤਾਂ ਮੰਜੀਆਂ ਜਾਂ ਥੱਲੇ ਚਾਦਰਾਂ ਵਿੱਚਾ ਲਵਾਂਗੇ”, ਬਲਦੇਵ
ਸਿੰਘ ਨੇ ਕਿਹਾ ਤੇ ਫੇਰ ਮਾਮੀ ਨੂੰ ਬਾਹਰ ਆਉਣ ਲਈ ਇਸ਼ਾਰਾ ਕੀਤਾ। ਨਾਲ ਦੇ ਕਮਰੇ ਵਿੱਚ ਜਾਕੇ ਕਹਿਣ
ਲਗਾ, “ਮਾਮੀ ਜੀ, ਸਸਕਾਰ ਦਾ ਪ੍ਰੋਗਰਾਮ ਵੀ ਬਣਾ ਲੈਣਾ ਚਾਹੀਦੈ, ਫਿਰ ਬਾਹਰ ਵਾਲੀ ਬਰਾਦਰੀ ਨੂੰ
ਟੈਲੀਫੋਨ ਕਰੀਏ।”
“ਤੂੰ ਆਪੇ ਵੇਖ ਲੈ ਕਾਕਾ ਤੂੰ ਆਪ ਸਿਆਣੈ, ਕਿਸ ਕੁ ਵੇਲੇ ਬਰਾਦਰੀ ਅਪੱੜ ਸਕੇਗੀ?”
“ਦੁਪਹਿਰੋਂ ਬਾਅਦ ਦਾ ਹੀ ਰਖਣਾ ਪਵੇਗਾ, ਅਜੇ ਵੇਖੋ ਟੈਲੀਫੋਨ ਕਿਸ ਵੇਲੇ ਮਿਲਦੇ ਨੇ, ਨਾਲੇ ਬਹੁਤੇ
ਦੂਰ ਵਾਲੇ ਤਾਂ ਸ਼ਾਇਦ ਸਸਕਾਰ `ਤੇ ਪਹੁੰਚ ਵੀ ਨਾ ਸਕਣ।” ਬਲਦੇਵ ਸਿੰਘ ਦਾ ਦਿਲ ਕੀਤਾ, ਮਾਮੀ ਨੂੰ
ਪੁੱਛੇ ਕਿ ਕੀ ਹਰਭਜਨ ਨੂੰ ਟੈਲੀਫੋਨ ਕਰਨੈ? ਪਰ ਉਸ ਦਾ ਹੌਂਸਲਾ ਨਾ ਪਿਆ।
“ਕਾਕਾ ਤੂੰ ਆਪ ਸੋਚ ਲੈ ਤੇ ਟੈਲੀਫੋਨ ਕਰ ਦੇ” ਕਹਿ ਕੇ ਬਲਬੀਰ ਕੌਰ ਵਾਪਸ ਜਾਣ ਲਈ ਮੁੜੀ ਤਾਂ
ਜਿਵੇਂ ਅਚਾਨਕ ਕੋਈ ਖਿਆਲ ਆਇਆ ਹੋਵੇ, ਵਾਪਸ ਘੁੰਮ ਕੇ ਬੋਲੀ, “ਸੱਚ ਕਾਕਾ, ਥੋੜ੍ਹੇ ਦਿਨ ਪਹਿਲਾਂ
ਤੇਰੇ ਮਾਮਾ ਜੀ ਨੇ ਕਿਹਾ ਸੀ ਕਿ ਮੈਂ ਆਪਣੇ ਮਰਨ ਬਾਰੇ ਲਿਖ ਕੇ ਦਰਾਜ ਵਿੱਚ ਰੱਖ ਦਿੱਤੈ, ਮੈਨੂੰ
ਕੁੱਝ ਹੋ ਜਾਵੇ ਤਾਂ ਪੜ੍ਹ ਲੈਣਾ। ਮੈਂ ਤਾਂ ਉਸ ਵੇਲੇ ਹਾਸੇ ਵਿੱਚ ਗੱਲ ਗੁਆ ਦਿੱਤੀ ਸੀ, ਪਰ ਹੁਣ
ਖਿਆਲ ਆਇਐ, ਪਹਿਲਾਂ ਤੂੰ ਉਹ ਪੜ੍ਹ ਲੈ।”
ਦੋਵੇਂ ਵਾਪਸ ਉਸੇ ਕਮਰੇ ਵਿੱਚ ਆ ਗਏ। ਬਲਬੀਰ ਕੌਰ ਦਰਾਜ ਖੋਲ੍ਹ ਕੇ ਫਰੋਲਣ ਲੱਗ ਪਈ ਤੇ ਇੱਕ ਬੰਦ
ਲਿਫਾਫਾ ਕੱਢਕੇ ਬਲਦੇਵ ਸਿੰਘ ਨੂੰ ਫੜਾਉਂਦੀ ਹੋਈ ਬੋਲੀ, “ਵੇਖ ਇਹ ਤਾਂ ਨਹੀ?” ਬਲਦੇਵ ਸਿੰਘ ਨੇ
ਲਿਫਾਫਾ ਖੋਲ੍ਹਿਆ ਤੇ ਉਸ ਵਿੱਚਲਾ ਕਾਗਜ਼ ਕੱਢ ਕੇ ਵੇਖਦਾ ਹੋਇਆ ਬੋਲਿਆ, “ਇਹੀ ਹੈ ਮਾਮੀ ਜੀ।” ਤੇ
ਨਾਲ ਹੀ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ। ਕਾਗਜ਼ `ਤੇ ਲਿਖਿਆ ਸੀ:
ੴਸਤਿਗੁਰਪ੍ਰਸਾਦਿ॥
‘ਮੇਰੀ ਅੰਤਮ ਇੱਛਾ ਹੈ ਕਿ ਮੇਰੀ ਮੌਤ ਹੋ ਜਾਣ `ਤੇ ਕੋਈ ਰੋਵੇ ਨਾ। ਸਸਕਾਰ ਵਾਸਤੇ
ਕਿਸੇ ਦੀ ਇੰਤਜ਼ਾਰ ਨਾ ਕੀਤੀ ਜਾਵੇ। ਜਿਹੜੇ ਕਪੜੇ ਪਾ ਕੇ ਮੇਰੀ ਮੌਤ ਹੋਵੇ, ਉਨ੍ਹਾਂ ਨਾਲ ਹੀ ਮੇਰਾ
ਸਸਕਾਰ ਕੀਤਾ ਜਾਵੇ। ਮੇਰੇ ਵਾਸਤੇ ਪੁੱਤਰ ਧੀ ਵਿੱਚ ਕੋਈ ਫਰਕ ਨਹੀਂ, ਇਸ ਵਾਸਤੇ ਮੇਰੇ ਅੰਗੀਠੇ ਨੂੰ
ਅੱਗ, ਮੇਰੀ ਬੇਟੀ ਕਮਲਪ੍ਰੀਤ ਕੌਰ ਲਗਾਵੇ ਜੇ ਉਹ ਨਾ ਪਹੁੰਚ ਸਕੇ ਤਾਂ ਬਲਦੇਵ ਸਿੰਘ ਲਗਾਵੇ, ਅਸਲ
ਵਿੱਚ ਮੇਰੇ ਜੀਵਨ ਕਾਲ ਵਿੱਚ, ਪੁੱਤਰ ਦੇ ਸਾਰੇ ਫਰਜ਼ ਤਾਂ ਉਸੇ ਨੇ ਨਿਭਾਏ ਹਨ। ਹਰਭਜਨ ਨੂੰ ਮੇਰੀ
ਮੌਤ ਦੀ ਖ਼ਬਰ ਨਾ ਦਿੱਤੀ ਜਾਵੇ, ਅਸੀਂ ਇੱਕ ਦੂਸਰੇ ਵਾਸਤੇ ਪਹਿਲਾਂ ਹੀ ਮਰ ਚੁੱਕੇ ਹਾਂ। ਮੇਰਾ
ਅੰਗੀਠਾ ਇਕੱਠਾ ਸਮੇਟਣ ਤੋਂ ਬਾਅਦ ਨੇੜੇ ਵਗਦੇ ਜਲ ਵਿੱਚ ਪ੍ਰਵਾਹ ਕਰ ਦਿੱਤਾ ਜਾਵੇ ਤੇ ਉਸੇ ਦਿਨ ਹੀ
ਅੰਤਮ ਅਰਦਾਸ ਕਰ ਦਿੱਤੀ ਜਾਵੇ। ਪੈਸੇ ਖਰਚ ਕੇ ਗੁਰਬਾਣੀ ਦੇ ਪਾਠ ਨਾ ਕਰਾਏ ਜਾਣ ਤੇ ਨਾ ਹੀ ਮੰਤਰ
ਵਾਂਗੂ ਕੋਈ ਬਾਣੀ ਪੜ੍ਹੀ ਜਾਂ ਪੜ੍ਹਾਈ ਜਾਵੇ। ਮੇਰੇ ਨਾਂ `ਤੇ ਕੋਈ ਵਿਖਾਵੇ ਦੇ ਪੁੰਨ-ਦਾਨ ਨਾ
ਕੀਤੇ ਜਾਣ। ਮੈਂ ਪਿਛਲੇ ਕੁੱਝ ਸਮੇਂ ਤੋਂ ਦੋ ਲੋੜਵੰਦ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਜ਼ਿਮੇਵਾਰੀ ਲਈ
ਸੀ, ਉਨ੍ਹਾਂ ਵਿੱਚੋਂ ਇੱਕ ਦੇ ਅਜੇ ਤਿੰਨ ਸਾਲ ਬਾਕੀ ਹਨ ਅਤੇ ਇੱਕ ਦਾ ਇੱਕ ਸਾਲ। ਜੇ ਹੋ ਸਕੇ ਤਾਂ
ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਤੱਕ ਇਹ ਖਰਚਾ ਭੇਜਣਾ ਜਾਰੀ ਰੱਖਿਆ ਜਾਵੇ। ਉਨ੍ਹਾਂ ਦੇ ਨਾਂ ਪਤੇ
ਮੇਰੀ ਡਾਇਰੀ ਵਿੱਚ ਹਨ। ਅੰਤਿਮ ਅਰਦਾਸ ਮੌਕੇ ਨਾ ਕੋਈ ਸ਼ਰਧਾਂਜਲੀਆਂ ਦਿੱਤੀਆਂ ਜਾਣ ਤੇ ਨਾ ਹੀ ਮੇਰੀ
ਕੋਈ ਵਡਿਆਈ ਕੀਤੀ ਜਾਵੇ, ਅਤੇ ਉਸ ਮੌਕੇ ਨੂੰ ਨਿਰੋਲ ਗੁਰਮਤਿ ਦੇ ਪ੍ਰਚਾਰ ਵਾਸਤੇ ਵਰਤਿਆ ਜਾਵੇ।
ਮੇਰੀ ਅੰਤਿਮ ਅਰਦਾਸ ਮੇਰੇ ਪਰਿਵਾਰ ਦਾ ਕੋਈ ਮੈਂਬਰ, ਪਤਨੀ ਬਲਬੀਰ ਕੌਰ, ਭਾਣਜਾ ਬਲਦੇਵ ਸਿੰਘ,
ਬੇਟੀ ਕਮਲਪ੍ਰੀਤ ਕੌਰ ਜਾਂ ਜੁਆਈ ਤੇਜਿੰਦਰ ਸਿੰਘ ਵਿੱਚੋਂ ਕੋਈ ਕਰੇ ਅਤੇ ਅੰਤਿਮ ਅਰਦਾਸ ਵਿੱਚ ਮੇਰੀ
ਆਤਮਕ ਸ਼ਾਂਤੀ ਨਾ ਮੰਗੀ ਜਾਵੇ ਕਿਉਂਕਿ ਮੈਂ ਜਾਣਦਾ ਹਾਂ ਕਿ ਗੁਰਬਾਣੀ ਦਾ ਨਿਰਣਾ ਅਟੱਲ ਹੈ ਅਤੇ
ਮੈਨੂੰ ਆਪਣੇ ਕਰਮ ਭੋਗਣੇ ਹੀ ਪੈਣੇ ਹਨ। ਜੀਵਨ ਕਾਲ ਵਿੱਚ ਮੇਰੇ ਕੋਲੋਂ ਜਾਣੇ ਅਨਜਾਣੇ ਹੋਈਆਂ
ਭੁੱਲਾਂ ਵਾਸਤੇ ਖਿਮਾਂ ਮੰਗੀ ਜਾਵੇ। ਅੰਤਿਮ ਅਰਦਾਸ ਤੋਂ ਬਾਅਦ ਫੇਰ ਕਦੇ ਮੇਰੀ ਕੋਈ ਯਾਦ ਆਦਿ ਨਾ
ਮਨਾਈ ਜਾਵੇ। ਜਿਸ ਮਸਲੇ ਬਾਰੇ ਲਿਖਣ ਤੋਂ ਮੇਰੇ ਪਾਸੋਂ ਉਕਾਈ ਹੋ ਗਈ ਹੋਵੇ, ਉਸ ਬਾਰੇ ਫੈਸਲਾ
ਬਲਬੀਰ ਕੌਰ ਤੇ ਬਲਦੇਵ ਸਿੰਘ ਰੱਲ ਕੇ ਲੈ ਲੈਣ। ਜੀਵਨ ਕਾਲ ਵਿੱਚ ਮੇਰੇ ਕੋਲੋਂ ਕਿਸੇ ਪ੍ਰਤੀ ਕੌੜੇ
ਜਾਂ ਅਪਸ਼ਬਦ ਬੋਲੇ ਗਏ ਹੋਣ ਤਾਂ ਮੈਂ ਉਸ ਪਾਸੋਂ ਦੋ ਹੱਥ ਜੋੜ ਕੇ ਖਿਮਾਂ ਮੰਗਦਾ ਹਾਂ। - ਗੁਲਾਬ
ਸਿੰਘ’
ਬਲਦੇਵ ਸਿੰਘ ਨੇ ਉਹ ਚਿੱਠੀ ਪੜ੍ਹ ਕੇ ਬਲਬੀਰ ਕੌਰ ਵੱਲ ਕਰ ਦਿੱਤੀ। ਪਰ ਬਲਬੀਰ ਕੌਰ ਨੇ ਫੜ੍ਹਨ ਦੀ
ਬਜਾਏ, ਕਿਹਾ, “ਤੂੰ ਹੀ ਪੜ੍ਹ ਕੇ ਸੁਣਾ ਦੇ ਕਾਕਾ, ਬਾਕੀ ਵੀ ਸੁਣ ਲੈਣਗੇ।” ਬਲਦੇਵ ਸਿੰਘ ਨੇ
ਚਿੱਠੀ ਪੜ੍ਹਕੇ ਸੁਣਾ ਦਿੱਤੀ ਤੇ ਫੇਰ ਜੇਬ ਵਿੱਚ ਪਾ ਲਈ। ਚਿੱਠੀ ਸੁਣ ਕੇ ਆਈ ਬਰਾਦਰੀ `ਚੋਂ ਕਈ
ਆਪਸ ਵਿੱਚ ਖੁਸਰ-ਪੁਸਰ ਕਰਨ ਲੱਗੇ। ਇਤਨੇ ਨੂੰ ਟੈਲੀਫੋਨ ਦੀ ਘੰਟੀ ਵੱਜੀ, ਬਲਬੀਰ ਕੌਰ ਨੇ ਕਿਹਾ,
“ਸੁਣੀ ਕਾਕਾ! ਦਿੱਲੀ ਕਮਲਪ੍ਰੀਤ ਵਾਸਤੇ ਕਾਲ ਬੁੱਕ ਕਰਾਈ ਸੀ ਸ਼ਾਇਦ ਉਹ ਲੱਗੀ ਹੋਵੇ।” ਬਲਦੇਵ ਸਿੰਘ
ਨੇ ਟੈਲੀਫੋਨ ਚੁੱਕਿਆ ਤਾਂ ਉਹੀ ਕਾਲ ਸੀ। ਅਗੋਂ ਕਮਲਪ੍ਰੀਤ ਦਾ ਕੋਈ ਦੇਵਰ ਬੋਲ ਰਿਹਾ ਸੀ, ਉਸ
ਦੱਸਿਆ ਕਿ ਉਹ ਤਾਂ ਹੁਣੇ ਆਪਣੀ ਕਾਰ ਵਿੱਚ ਕਾਨਪੁਰ ਵਾਸਤੇ ਨਿਕਲ ਚੁੱਕੇ ਸਨ। ਅਸਲ ਵਿੱਚ ਹਰਮੀਤ ਨੇ
ਪਿਤਾ ਦਾ ਟੈਲੀਫੋਨ ਸੁਣਨ ਤੋਂ ਬਾਅਦ ਭੂਆ ਕਮਲਪ੍ਰੀਤ ਨੂੰ ਟੈਲੀਫੋਨ ਕੀਤਾ ਸੀ ਤੇ ੳਨ੍ਹਾਂ ਨੂੰ
ਅਕਾਲ ਪੁਰਖ ਦੇ ਵਰਤੇ ਇਸ ਭਾਣੇ ਬਾਰੇ ਦੱਸਿਆ ਸੀ ਤੇ ਥੋੜ੍ਹੀ ਦੇਰ ਵਿੱਚ ਹੀ ਉਹ ਇਕੱਠੇ ਕਮਲਪ੍ਰੀਤ
ਹੋਰਾਂ ਦੀ ਗੱਡੀ ਵਿੱਚ ਕਾਨਪੁਰ ਲਈ ਚੱਲ ਪਏ ਸਨ। ਟੈਲੀਫੋਨ ਬੰਦ ਕਰ ਕੇ ਬਲਦੇਵ ਸਿੰਘ ਨੇ ਅੰਦਾਜ਼ਾ
ਲਗਾਇਆ ਕਿ ਉਹ ਤਕਰੀਬਨ ਦੁਪਹਿਰੇ ਇੱਕ ਵਜੇ ਤੱਕ ਪਹੁੰਚਣਗੇ। ਫਿਰ ਜਾਕੇ ਮਾਮੀ ਨੂੰ ਪੁੱਛਣ ਲੱਗਾ ਕਿ
ਕੀ ਡੇਢ ਵਜੇ ਦਾ ਸਸਕਾਰ ਦਾ ਸਮਾਂ ਰੱਖ ਲਿਆ ਜਾਵੇ? ਉਸ ਦੇ ਹਾਮੀ ਭਰਨ `ਤੇ ਉਹ ਟੈਲੀਫੋਨ ਦੇ ਕੋਲ
ਜਾ ਬੈਠਾ ਤੇ ਡਾਇਰੀ ਖੋਲ੍ਹ ਕੇ ਪਹਿਲਾਂ ਬਾਹਰਲੇ ਰਿਸਤੇਦਾਰਾਂ ਵਾਸਤੇ ਟੈਲੀਫੋਨ ਬੁੱਕ ਕਰਵਾਏ ਤੇ
ਫੇਰ ਪੰਨੇਵਾਰ ਡਾਇਰੀ ਫਰੋਲ ਕੇ ਟੈਲੀਫੋਨ ਘੁਮਾਉਣਾ ਸ਼ੁਰੂ ਕਰ ਦਿੱਤਾ। ਵਿੱਚੋਂ ਉਸ ਨੇ ਮੁਨੀਮ ਦੇ
ਘਰ ਵੀ ਟੈਲੀਫੋਨ ਕੀਤਾ ਤੇ ਉਸ ਦਿਨ ਦੁਕਾਨ ਬੰਦ ਰਖਣ ਦੀ ਹਿਦਾਇਤ ਦੇ ਨਾਲ ਹੀ ਬਜ਼ਾਰ ਵਿੱਚਲੇ
ਜਾਣਕਾਰਾਂ ਨੂੰ ਖ਼ਬਰ ਕਰਨ ਬਾਰੇ ਵੀ ਆਖਿਆ। ਡਾਇਰੀ ਦੇ ਪੰਨੇ ਪਲਟਦਿਆਂ ਚੌਧਰੀ ਹਰੀਸ਼ਰਨ ਦਾ ਨੰਬਰ
ਸਾਹਮਣੇ ਆ ਗਿਆ, ਉਸ ਪੱਲ ਲਈ ਸੋਚਿਆ ਤੇ ਮਨ ਹੀ ਮਨ ਵਿੱਚ ਆਪਣੇ ਆਪ ਨੂੰ ਆਖਿਆ ‘ਅੰਤਿਮ ਅਰਦਾਸ
ਵੇਲੇ ਸੋਚਾਂਗੇ’।
ਜਿਉਂ ਜਿਉਂ ਖ਼ਬਰ ਫੈਲੀ ਜਾ ਰਹੀ ਸੀ ਬਰਾਦਰੀ ਦਾ ਇਕੱਠ ਵਧੀ ਜਾ ਰਿਹਾ ਸੀ। ਹਰ ਕੋਈ ਆ ਕੇ ਬੈਠਣ ਲਈ
ਦਰੀ ਲਭਦਾ ਪਰ ਜਿਸ ਵੇਲੇ ਬਲਬੀਰ ਕੌਰ ਤੇ ਬਾਕੀਆਂ ਨੂੰ ਕੁਰਸੀਆਂ `ਤੇ ਬੈਠੇ ਵੇਖਦਾ ਤਾਂ ਉਹ ਵੀ
ਖਾਲੀ ਜਗ੍ਹਾ ਲੱਭ ਕੇ ਬੈਠ ਜਾਂਦਾ। ਜਿਹੜਾ ਵੀ ਆਕੇ ਰੋਣ ਲਗਦਾ, ਬਲਬੀਰ ਕੌਰ ਫੌਰਨ ਮਨ੍ਹਾ ਕਰ
ਦੇਂਦੀ ‘ਨਾ ਜੀ, ਸਰਦਾਰ ਜੀ ਰੋਣ ਤੋਂ ਬਿਲਕੁਲ ਮਨ੍ਹਾਂ ਕਰ ਕੇ ਗਏ ਨੇ, ਬਸ ਕੀਰਤਨ ਸੁਣੋ’ ਹਾਲਾਂਕਿ
ਕਈ ਵਾਰੀ ਉਸ ਦਾ ਮਨ ਵੀ ਭਰ ਆਉਂਦਾ ਪਰ ਉਹ ਫੌਰਨ ਆਪਣੇ `ਤੇ ਕਾਬੂ ਪਾ ਲੈਂਦੀ।
ਦਿਨ ਪੂਰਾ ਚੜ੍ਹ ਆਇਆ ਸੀ, ਬਾਹਰ ਦੋਧੀ ਜੋ ਰੋਜ਼ ਦੁੱਧ ਦੇਣ ਵਾਸਤੇ ਆਉਂਦਾ ਸੀ ਨੇ ਸਾਈਕੱਲ ਦੀ ਘੰਟੀ
ਵਜਾਈ, ਪਰ ਅੰਦਰ ਨਜ਼ਰ ਪੈਣ `ਤੇ ਘਰ ਦਾ ਮਾਹੌਲ ਵੇਖ ਕੇ ਕੁੱਝ ਹੈਰਾਨ ਰਹਿ ਗਿਆ। ਦਰਵਾਜ਼ੇ ਕੋਲ
ਖੜ੍ਹੇ ਕਿਸੇ ਸਜਣ ਨੇ ਉਸ ਨੂੰ ਕੰਨ ਵਿੱਚ ਕੁੱਝ ਦੱਸਿਆ `ਤੇ ਉਹ ਤੁਰਨ ਲੱਗਾ ਤਾਂ ਬਲਬੀਰ ਕੌਰ ਨੇ
ਇਸ਼ਾਰਾ ਕਰ ਕੇ ਉਸ ਨੂੰ ਰੋਕ ਲਿਆ ਤੇ ਬੱਬਲ ਨੂੰ ਬੁਲਾ ਕੇ ਆਖਿਆ, “ਜਾ ਬੇਟਾ ਦੁੱਧ ਪੁਆ ਲੈ, ਦੋ
ਗੜਵੀਆਂ ਵਾਧੂ ਪੁਆ ਲਈ।” ਬੱਬਲ ਦੁੱਧ ਰਸੋਈ ਵਿੱਚ ਰੱਖ ਕੇ ਮੁੜੀ ਤਾਂ ਬਲਬੀਰ ਨੇ ਫੇਰ ਸੱਦ ਕੇ
ਆਖਿਆ, “ਜਰਾ ਦੁੱਧ ਉਬਾਲ ਲੈ ਤੇ ਬਰਾਦਰੀ ਵਾਸਤੇ ਚਾਹ ਬਣਾ ਲੈ।” ਕੋਲ ਹੀ ਬੈਠੀ ਇੱਕ ਗੁਆਂਢਣ ਕਹਿਣ
ਲੱਗੀ, “ਭੈਣ ਜੀ ਵੈਸੇ ਤਾਂ ਲੋੜ ਕੋਈ ਨਹੀਂ ਪਰ ਜੇ ਚਾਹ ਬਨਾਉਣੀ ਹੀ ਹੈ ਤਾਂ ਮੈਂ ਆਪਣੇ ਘਰੋਂ ਬਣਾ
ਲਿਆਉਂਦੀ ਹਾਂ, ਤੁਸੀਂ ਘਟੋ ਘੱਟ ਅੱਜ ਤਾਂ ਚੁਲ੍ਹੇ ਅੱਗ ਨਾ ਬਾਲੋ।”
“ਨਹੀਂ ਭੈਣ ਜੀ! ਇਥੇ ਹੀ ਬਣ ਜਾਵੇਗੀ, ਸਤਿਗੁਰੂ ਨੇ ਸਾਨੂੰ ਐਸੇ ਸਭ ਵਹਿਮਾਂ-ਭਰਮਾਂ ਤੋਂ ਮੁਕਤ
ਕੀਤਾ ਹੈ”, ਕਹਿੰਦੇ ਹੋਏ ਬੱਬਲ ਨੂੰ ਚਾਹ ਬਣਾ ਲਿਆਉਣ ਦਾ ਇਸ਼ਾਰਾ ਕੀਤਾ। ਥੋੜ੍ਹੀ ਦੇਰ ਬਾਅਦ ਹੀ
ਚੌਧਰੀ ਹਰੀਸ਼ਰਨ ਆਪਣੀ ਪਤਨੀ ਸਮੇਤ ਉਥੇ ਪਹੁੰਚ ਗਿਆ, ਬਲਦੇਵ ਸਿੰਘ ਨੂੰ ਹੈਰਾਨਗੀ ਤਾਂ ਹੋਈ ਪਰ ਉਹ
ਸਮਝ ਗਿਆ ਕਿ ਬਰਾਦਰੀ ਵਿੱਚੋਂ ਕਿਸੇ ਨੇ ਖ਼ਬਰ ਕਰ ਦਿੱਤੀ ਹੋਵੇਗੀ। ਉਹ ਜਾਣਦਾ ਸੀ ਕਿ ਬਲਦੇਵ ਸਿੰਘ
ਮਾਮੇ ਨੂੰ ਪਿਤਾ ਵਾਲਾ ਪਿਆਰ ਅਤੇ ਸਤਿਕਾਰ ਦੇਂਦਾ ਹੈ। ਉਸ ਨੇ ਆਉਂਦੇ ਹੀ ਬਲਦੇਵ ਸਿੰਘ ਨੂੰ ਜੱਫੀ
ਪਾਉਣ ਤੋਂ ਬਾਅਦ ਕਿਹਾ, “ਬਲਦੇਵ ਸਿੰਘ ਜੀ, ਬਹੁਤ ਦੁੱਖ ਲਗਾ ਮਾਮਾ ਜੀ ਕੇ ਜਾਨੇ ਕਾ, ਹਮਾਰੇ ਲਾਇਕ
ਜੋ ਸੇਵਾ ਹੋ ਬਤਾਈਏ?”
ਦੁਪਹਿਰ ਹੋ ਗਈ ਸੀ ਬਹੁਤ ਬਰਾਦਰੀ ਇਕੱਠੀ ਹੋ ਗਈ ਸੀ, ਵਿੱਚੋਂ ਕਈ ਨਜ਼ਦੀਕੀ ਸਬੰਧੀ ਤਿਆਰੀ ਕਰਨ ਦੀ
ਸਲਾਹ ਦੇ ਰਹੇ ਸਨ, ਕੋਈ ਕਹਿੰਦਾ ਸਮੱਗਰੀ ਆਦਿ ਮੰਗਾ ਲੈਣੀ ਚਾਹੀਦੀ ਹੈ ਅਤੇ ਕੋਈ ਕਹਿੰਦਾ ਕਪੜੇ
ਆਦਿ ਤਿਆਰ ਕਰਾ ਲੈਣੇ ਚਾਹੀਦੇ ਹਨ। ਬਲਬੀਰ ਕੌਰ ਨੇ ਬਲਦੇਵ ਸਿੰਘ ਨੂੰ ਕਿਹਾ, “ਕਾਕਾ! ਬਰਾਦਰੀ ਨੂੰ
ਆਪਣੇ ਮਾਮਾ ਜੀ ਦੀ ਅੰਤਮ ਇੱਛਾ ਵਾਲੀ ਚਿੱਠੀ ਸੁਣਾ ਦੇ।” ਬਲਦੇਵ ਸਿੰਘ ਉਠ ਕੇ ਖੜ੍ਹਾ ਹੋ ਗਿਆ ਤੇ
ਉਹ ਚਿੱਠੀ ਫੇਰ ਉਚੀ ਪੜ੍ਹ ਕੇ ਸੁਣਾ ਦਿੱਤੀ ਅਤੇ ਨਾਲ ਹੀ ਕਹਿ ਦਿੱਤਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ
ਮਾਮਾ ਜੀ ਦੀ ਇੱਛਾ `ਤੇ ਇੰਨ ਬਿੰਨ ਪਹਿਰਾ ਦਿੱਤਾ ਜਾਵੇ। ਬਹੁਤੀਆਂ ਗੱਲਾਂ ਤਾਂ ਚਿੱਠੀ ਪੜ੍ਹਨ ਨਾਲ
ਹੀ ਮੁੱਕ ਗਈਆਂ ਸਨ ਪਰ ਫੇਰ ਵੀ ਇੱਕ ਰਿਸਤੇਸਾਰ ਨੇ ਕਹਿ ਦਿੱਤਾ, “ਫੇਰ ਵੀ ਸਮੱਗਰੀ ਆਦਿ ਤਾਂ ਮੰਗਾ
ਲਓ, ਉਹ ਤਾਂ ਲੋੜ ਪੈਣੀ ਹੀ ਹੈ।”
“ਸਿਰਫ ਘਿਉ ਦੀ ਲੋੜ ਹੈ ਕਿਉਂਕਿ ਉਸ ਨਾਲ ਅੱਗ ਸਹਿਜੇ ਫੜ ਜਾਂਦੀ ਹੈ ਤੇ ਉਸ ਦੀ ਬੋ ਵੀ ਮਾੜੀ ਨਹੀਂ
ਹੁੰਦੀ, ਉਹ ਸਾਡੇ ਕੋਲ ਘਰ ਹੈ, ਹੋਰ ਕਿਸੇ ਸਮੱਗਰੀ ਦੀ ਕੋਈ ਲੋੜ ਨਹੀਂ”, ਬਲਦੇਵ ਸਿੰਘ ਨੇ ਸਹਜ
ਨਾਲ ਕਿਹਾ।
ਸਭ ਤਿਆਰੀ ਹੋ ਗਈ, ਬਾਹਰ ਸ਼ਮਸ਼ਾਨ ਘਾਟ ਤੱਕ ਲੈ ਜਾਣ ਵਾਲੀ ਗੱਡੀ ਵੀ ਆਈ ਖੜੀ ਸੀ ਪਰ ਬਲਦੇਵ ਸਿੰਘ
ਦੀਆਂ ਅੱਖਾਂ ਬਾਹਰ ਸੜਕ ਵੱਲ ਲਗੀਆਂ ਸਨ, ਅਖੀਰ ਬਲਬੀਰ ਕੌਰ ਬੋਲੀ, “ਚਲੋ ਕਾਕਾ! ਕਿਸ ਦੀ ਇੰਤਜ਼ਾਰ
ਕਰ ਰਹੇ ਹੋ?”
ਬਲਦੇਵ ਸਿੰਘ ਨੇ ਮਾਮੀ ਦੇ ਕੰਨ ਕੋਲ ਮੂੰਹ ਕਰ ਕੇ ਕਿਹਾ ਕਿ ਕਮਲਪ੍ਰੀਤ ਹੋਰੀ ਪਹੁੰਚਣ ਵਾਲੇ ਹੋਣਗੇ
ਤਾਂ ਬਲਬੀਰ ਕੌਰ ਨੇ ਨਾਲ ਹੀ ਕਹਿ ਦਿੱਤਾ ਕਿ ਹੁਣੇ ਤਾਂ ਤੂੰ ਕਹਿ ਰਿਹਾ ਸੈਂ, ਮਾਮਾ ਜੀ ਦੀ ਅੰਤਮ
ਇੱਛਾ `ਤੇ ਇੰਨ ਬਿੰਨ ਪਹਿਰਾ ਦਿਆਂਗੇ। ਬਲਦੇਵ ਸਿੰਘ ਬੋਲਿਆ ਤਾਂ ਕੁੱਝ ਨਾ, ਉਸ ਟੇਪ ਰਿਕਾਰਡਰ ਬੰਦ
ਕਰ ਦਿੱਤਾ ਤੇ ਨਾਲ ਹੀ ਜ਼ਬਾਨੀ ਸ਼ਬਦ ਗਾਇਨ ਸ਼ੁਰੂ ਹੋ ਗਿਆ ਤੇ ਗੁਲਾਬ ਸਿੰਘ ਦੀ ਮ੍ਰਿਤਕ ਦੇਹ ਦੀ
ਅੰਤਿਮ ਯਾਤਰਾ ਸ਼ੁਰੂ ਹੋ ਗਈ।
ਚਿੱਖਾ ਚਿੰਨਣੀ ਸ਼ੁਰੂ ਹੋ ਗਈ, ਨਾਲ ਸ਼ਬਦ ਗਾਇਨ ਹੋ ਰਹੇ ਸਨ ਪਰ ਬਲਦੇਵ ਸਿੰਘ ਦਾ ਧਿਆਨ ਅਜੇ ਵੀ ਆਉਣ
ਵਾਲੇ ਰਸਤੇ ਵੱਲ ਹੀ ਲੱਗਾ ਹੋਇਆ ਸੀ, ਉਹ ਦਿੱਲੋਂ ਚਾਹੁੰਦਾ ਸੀ ਕਿ ਮਾਮਾ ਜੀ ਦੀ ਇੱਛਾ ਮੁਤਾਬਕ
ਚਿੱਖਾ ਨੂੰ ਅੱਗ ਕਮਲਪ੍ਰੀਤ ਲਗਾਵੇ। ਇੰਨੇ ਨੂੰ ਸਾਹਮਣੇ ਇੱਕ ਕਾਰ ਆਕੇ ਰੁਕੀ ਤੇ ਉਸ ਵਿੱਚੋਂ
ਕਮਲਪ੍ਰੀਤ, ਉਸ ਦਾ ਪਤੀ ਤੇਜਿੰਦਰ ਸਿੰਘ, ਉਨ੍ਹਾਂ ਦੇ ਬੱਚੇ ਤੇ ਹਰਮੀਤ ਉਤਰੇ। ਕਮਲਪ੍ਰੀਤ ਆਕੇ ਮਾਂ
ਦੇ ਗੱਲੇ ਲੱਗ ਗਈ। ਭਾਵੇਂ ਉਸ ਦੀਆਂ ਆਪਣੀਆਂ ਅੱਖਾਂ ਵਿੱਚੋਂ ਵੀ ਕੁੱਝ ਹੰਝੂ ਵੱਗ ਤੁਰੇ ਸਨ ਪਰ
ਆਪਣੇ ਆਪ ਨੂੰ ਸੰਭਾਲਦੇ ਹੋਏ ਬਲਬੀਰ ਕੌਰ ਨੇ ਕਹਿ ਦਿੱਤਾ, “ਬੱਸ ਮੇਰਾ ਪੁਤ ਰੋਣਾ ਨਹੀਂ ਬਿਲਕੁਲ,
ਤੇਰੇ ਪਿਤਾ ਜੀ ਬਿਲਕੁਲ ਮਨ੍ਹਾਂ ਕਰ ਗਏ ਨੇ।” ਕਮਲਪ੍ਰੀਤ ਭਾਵੇਂ ਥੋੜ੍ਹੀ ਦੇਰ ਮਾਂ ਦੇ ਗੱਲੇ ਤੋਂ
ਅਲੱਗ ਤਾਂ ਨਾ ਹੋਈ ਪਰ ਆਪਣੇ ਹੰਝੂਆਂ ਨੂੰ ਸੰਭਾਲਣ ਵਿੱਚ ਲੱਗ ਗਈ।
ਬਲਦੇਵ ਸਿੰਘ ਨੇ ਅਰਦਾਸ ਕੀਤੀ, ਕਮਲਪ੍ਰੀਤ ਨੇ ਚਿੱਖਾ ਨੂੰ ਅੱਗ ਲਗਾਈ ਤੇ ‘ਪਵਨੈ ਮਹਿ ਪਵਨੁ
ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥’ ਦਾ ਕਾਰਜ ਸੰਪੂਰਣ ਹੋ ਗਿਆ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ
ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੀਆਂ ਜਾ
ਰਹੀਆਂ ਘਟਨਾਵਾਂ ਅਤੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ
ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ
ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ
ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726