ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਮਲੇਸ਼ੀਆ `ਚ’ ਗੁਰਮਤਿ ਪ੍ਰਚਾਰ ਨੂੰ ਵਿਉਂਤ ਬੰਦੀ ਦੀ ਲੋੜ
ਪਿੱਛਲੇ ਦਿਨੀ ਸਤਿਕਾਰ ਯੋਗ ਗਿਆਨੀ
ਗੁਰਬਖਸ਼ ਸਿੰਘ ਜੀ ਗੁਲਸ਼ਨ ਯੂ. ਕੇ. ਵਾਲੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿੱਚ ਆਏ ਸਨ।
ਭਾਵੇਂ ਉਹਨਾਂ ਪਾਸ ਸਮਾਂ ਬਹੁਤ ਥੋੜਾ ਸੀ ਕਿਉਂ ਕਿ ਉਹਨਾਂ ਨੇ ਓਸੇ ਦਿਨ ਹੀ ਸ਼ਤਾਬਦੀ ਟ੍ਰੇਨ ਲੈ ਕੇ
ਦਿੱਲੀ ਨੂੰ ਜਾਣਾ ਸੀ। ਉਨ੍ਹਾ ਨੇ ਫਿਰ ਵੀ ਸਟਾਫ਼ ਨਾਲ ਕੁੱਝ ਪਲ ਸਾਂਝੇ ਕੀਤੇ। ਆਪਣੇ ਤਜਰਬਿਆਂ ਦੇ
ਭੰਡਾਰਿਆਂ ਵਿਚੋਂ ਇੱਕ ਗੱਲ ਬੜੀ ਪਿਆਰੀ ਕਹੀ ਕੇ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘਾਂ ਦਾ ਗੁਰਮਤਿ
ਸਿਧਾਂਤ ਤੋਂ ਜਾਣੂੰ ਹੋਣਾ ਬੜਾ ਜ਼ਰੂਰੀ ਹੈ। ਜੇ ਅਜੇਹਾ ਨਹੀਂ ਹੈ ਤਾਂ ਜਿੰਨਾ ਮਰਜ਼ੀ ਕੋਈ ਸਿਆਣਾ
ਪਰਚਾਰਕ ਹੋਵੇ ਉਹਦੀ ਗੁਰਮਤਿ ਸਿਧਾਂਤ ਦੀ ਕਹੀ ਹੋਈ ਗੱਲ ਨੂੰ ਤਾਬਿਆ ਬੈਠਾ ਗ੍ਰੰਥੀ ਸਿਰ ਹਿਲਾ ਕੇ
ਨਾਂਹ ਕਰ ਦੇਵੇ ਤਾਂ ਪ੍ਰਬੰਧਕ ਦੁਬਾਰਾ ਪਰਚਾਰਕ ਨੂੰ ਸਮਾਂ ਹੀ ਨਹੀਂ ਦੇਂਦੇ ਤੇ ਸੰਗਤ ਵੀ ਕਹੇਗੀ
ਕੇ ਸਾਡੇ ਬਾਬਾ ਜੀ ਕੋਈ ਝੂਠ ਥੋੜਾ ਹੀ ਬੋਲਦੇ ਨੇ। ਸਾਡੇ ਬਾਬਾ ਜੀ ਨੇ ਤਾਂ ਬਰੈਮ ਗਿਆਨੀਆਂ ਤੋਂ
ਪੜ੍ਹਾਈ ਪ੍ਰਾਪਤ ਕੀਤੀ ਹੋਈ ਐ। ਪਿੱਛਲੇ ਲੇਖ ਰਾਂਹੀ ਮਲੇਸ਼ੀਆ ਵਿੱਚ ਗ੍ਰੰਥੀ ਸਿੰਘਾਂ ਦੀ ਭੂਮਿਕਾ
ਸਬੰਧੀ ਸਮਝਣ ਦਾ ਯਤਨ ਕੀਤਾ ਸੀ। ਜੇ ਅਸੀਂ ਗੁਰਮਤਿ ਦਾ ਸਿਧਾਂਤਕ ਪਰਚਾਰ ਚਹੁੰਦੇ ਹਾਂ ਤਾਂ ਸਾਨੂੰ
ਗ੍ਰੰਥੀ ਸਿੰਘਾਂ ਦੀ ਤਿਆਰੀ ਵਲ ਤਵੱਜੋਂ ਜ਼ਰੂਰ ਦੇਣੀ ਚਾਹੀਦੀ ਹੈ।
ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੇ ਸਿੱਖ ਕੌਮ ਨੂੰ ਅਹਿਸਾਸ ਕਰਾਇਆ ਕਿ ਨਾ ਤਾਂ ਸਾਡੇ ਪਾਸ
ਸਿਖਾਂਦਰੂ ਗ੍ਰੰਥੀ ਹਨ ਤੇ ਨਾ ਸਾਡੇ ਪਾਸ ਇਸਾਈ ਮਿਸ਼ਨਰੀਆਂ ਵਾਂਗ ਗਿਆਨ ਦੇ ਅਧਾਰਤ ਗੱਲ ਕਰਨ ਵਾਲੇ
ਸਿੱਖ ਮਿਸ਼ਨਰੀ ਹਨ। ਇਸ ਘਾਟ ਨੂੰ ਮਹਿਸੂਸ ਕਰਦਿਆਂ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਵਿਚੋਂ 1927
ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਪੈਦਾ ਹੋਇਆ। ਇਸ ਕਾਲਜ ਨੇ ਬਹੁਤ ਵੱਡੇ ਵੱਡੇ ਵਿਦਾਵਾਨ
ਪੈਦਾ ਕੀਤੇ ਹਨ। ਇੰਜ ਮਹਿਸੂਸ ਹੁੰਦਾ ਹੈ ਕਿ ਇੱਕੀ ਫਰਵਰੀ 1921 ਤੀਕ ਸਿੱਖ ਇਤਿਹਾਸ ਦੇ ਪੰਨਿਆਂ
ਵਿੱਚ ਕਿਸੇ ਵਿਸਥਾਰਕ ਡੇਰੇ ਦਾ ਨਾਮੋ ਨਿਸ਼ਾਨ ਨਹੀਂ ਸੀ। ਸਿੱਖੀ ਦੇ ਪਹਿਰਾਵੇ ਵਿੱਚ ਇਹ ਡੇਰੇ ਬਹੁਤ
ਸਮੇਂ ਬਆਦ ਵਿੱਚ ਜਾ ਕੇ ਜੰਮੇ ਹਨ।
ਸਿੱਖ ਸਿਧਾਂਤ ਨੂੰ ਖੋਰਾ ਲਉਣ ਲਈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਜੀ ਦੀ ਵਿਚਾਰ ਧਾਰਾ ਤੋਂ ਵਿਰੋਧ
ਵਿੱਚ ਜਾ ਕੇ ਵਿਰੋਧੀਆਂ ਨੇ ਗਰੰਥ ਲਿਖੇ। ਇਹਨਾਂ ਗ੍ਰੰਥਾਂ ਦੀ ਲੰਬਾ ਸਮਾਂ ਗੁਰਦੁਆਰਿਆਂ ਵਿੱਚ ਕਥਾ
ਹੁੰਦੀ ਆਈ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਅਸੀਂ ਬ੍ਰਹਾਮਣੀ ਤਰਜ਼ ਤੇ ਤਿਆਰ ਕੀਤੇ
ਗ੍ਰੰਥਾਂ ਨੂੰ ਹੀ ਸੁਣਨਾ ਪਸੰਦ ਕਰਦੇ ਹਾਂ। ਇਹਨਾਂ ਗ੍ਰੰਥਾਂ ਨੂੰ ਹੁਣ ਪਰੇ ਸੁੱਟਿਆ ਤਾਂ ਨਹੀਂ ਜਾ
ਸਕਦਾ ਪਰ ਇਹਨਾਂ ਗ੍ਰੰਥਾਂ ਵਿਚੋਂ ਨਾਮ ਤੇ ਅਸਥਾਨ ਵਾਲੀਆਂ ਘਟਨਾਵਾਂ ਨੂੰ ਲੈ ਕੇ, ਸਿੱਖ ਸਿਧਾਂਤ
ਵਾਲੀ ਅਸਲੀਅਤ ਤਾਂ ਲੱਭੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਵੇਂ ਸਾਖੀ ਲਿਖੀ ਹੈ ਅਸਾਂ ਓਸੇ
ਤਰ੍ਹਾਂ ਹੀ ਸਣਾਉਣੀ ਜਾਂ ਮੰਨਣੀ ਹੈ। ਮੰਨ ਲਓ ਕਿਸੇ ਗ੍ਰੰਥ ਵਿੱਚ ਵਲੀ ਕੰਧਾਰੀ ਤੇ ਗੁਰੂ ਨਾਨਕ
ਸਾਹਿਬ ਜੀ ਦਾ ਮਿਲਾਪ ਅਸਥਾਨ ਲਿਖਿਆ ਹੋਇਆ ਮਿਲਦਾ ਹੈ। ਉਸ ਮਿਲਾਪ ਨਾਮ ਅਸਥਾਨ ਨੂੰ ਰੱਖ ਲਈਏ ਪਰ
ਮਿਲਾਪ ਦੌਰਾਨ ਜੋ ਵਾਰਤਾਲਾਪ ਹੋਈ ਹੈ ਉਸ ਨੂੰ ਗੁਰਬਾਣੀ ਅਨਸਾਰ ਕਰਨ ਵਿੱਚ ਕੀ ਹਰਜ ਹੈ? ਦੁਖਾਂਤ
ਇਹ ਹੈ ਇਤਿਹਾਸ ਦੇ ਇਤਿਹਾਸਕ ਮਿਲਾਪਾਂ ਨੂੰ ਅਸਾਂ ਬ੍ਰਹਮਣੀ ਰੰਗਤ ਦਿੱਤੀ ਹੈ ਜਿਸ ਕਰਕੇ ਸਿਧਾਂਤ
ਅਲੋਪ ਹੋ ਗਿਆ ਹੈ।
ਅੱਜ ਤੋਂ ਕੋਈ ਚੌਵੀ ਕੁ ਸਾਲ ਪਹਿਲੇ ਦਾਸ ਜਦੋਂ ਮਲੇਸ਼ੀਆ ਵਿੱਚ ਪਹਿਲੀ ਦਫ਼ਾ ਗਿਆ ਸੀ ਤਾਂ ਓਦੋਂ ਇੱਕ
ਸੰਤ ਨੁਮਾ ਬਾਬਾ ਜੀ ਗੁਰ ਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ। ਉਹਨਾਂ ਦਾ ਗੁਰ ਪ੍ਰਤਾਪ ਸੂਰਜ ਦੇ
ਗ੍ਰੰਥ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਆਉਣ ਦਾ ਨਿਰਾਲਾ ਤਰੀਕਾ ਸੀ। ਇੱਕ ਵਿਆਕਤੀ ਨੇ ਗੁਰਪ੍ਰਤਾਪ
ਗ੍ਰੰਥ ਨੂੰ ਆਪਣੇ ਸਿਰ ਤੇ ਚੁੱਕਿਆ ਹੁੰਦਾ ਸੀ। ਕੁੱਝ ਵੀਰ ਭੈਣਾਂ ਸਮੇਤ ਸੰਤਾਂ ਦੇ ਉਹਦੇ ਪਿੱਛੇ
ਪਿੱਛੇ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਆਉਂਦੇ ਸੀ। ਮੇਰੇ ਮਨ ਵਿੱਚ ਇੱਕ ਤੌਖ਼ਲਾ ਪੈਦਾ ਹੋਇਆ ਸੀ
ਕਿ ਜਿਸ ਤਰ੍ਹਾਂ ਇਸ ਗੁਰਪ੍ਰਤਾਪ ਸੂਰਜ ਨੂੰ ਗੁਰੂ ਗ੍ਰੰਥ ਸਾਹਿਬ ਵਾਂਗ ਮਾਨਤਾ ਦਿੱਤੀ ਜਾ ਰਹੀ ਹੈ
ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਨੇ ਏਸੇ ਗ੍ਰੰਥ ਨੂੰ ਹੀ ਸਭ ਕੁੱਝ ਸਮਝ ਲੈਣਾ ਹੈ। ਉਸ ਕਰਮ
ਨੂੰ ਹੁਣ ਫਲ ਲੱਗਿਆ ਹੋਇਆ ਦੇਖਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਛੱਡ
ਕੇ ਨਿਰੀਆਂ ਸਾਖੀਆਂ ਸੁਣਨ ਨਾਲ ਅਸੀਂ ਸਿੱਖੀ ਸਿਧਾਂਤ ਤੋਂ ਬਹੁਤ ਦੂਰ ਚਲੇ ਜਾਂਵਾਂਗੇ ਤੇ ਸਾਡੇ
ਜੀਵਨ ਵਿੱਚ ਕਰਮ-ਕਾਂਡ ਤੇ ਕਰਾਮਾਤੀ ਗਪੌੜੇ ਹੀ ਰਹਿ ਜਾਣਗੇ। ਮਲੇਸ਼ੀਆ ਦੀ ਇਸ ਪ੍ਰਚਾਰ ਫੇਰੀ
ਦਰਮਿਆਨ ਇਹ ਸਾਰਾ ਕੁੱਝ ਪ੍ਰਤੱਖ ਦੇਖਣ ਸੁਣਨ ਨੂੰ ਮਿਲਿਆ।
ਕਿਸੇ ਇੱਕ ਉਂਗਲ਼ ਨੂੰ ਅਸੀਂ ਹੱਥ ਨਹੀਂ ਕਹਿ ਸਕਦੇ ਤੇ ਹੱਥ ਨੂੰ ਅਸੀਂ ਮਕੰਮਲ ਬਾਂਹ ਨਹੀਂ ਕਹਿ
ਸਕਦੇ। ਬਾਂਹ ਨੂੰ ਕਦੇ ਵੀ ਪੂਰਾ ਸਰੀਰ ਨਹੀਂ ਕਿਹਾ ਜਾ ਸਕਦੇ। ਸਰੀਰ ਦੇ ਸਾਰੇ ਅੰਗ ਆਪਣੇ ਆਪਣੇ
ਥਾਂਈ ਕੰਮ ਕਰਦੇ ਹੋਣ ਤਾਂ ਅਸੀਂ ਕਹਿ ਸਕਦੇ ਕਹਿ ਸਕਦੇ ਹਾਂ ਇਹ ਤੰਦਰੁਸਤ ਸਰੀਰ ਹੈ। ਏਸੇ ਤਰ੍ਹਾਂ
ਹੀ ਕੀਰਤਨ, ਕਥਾ, ਧਰਮ ਦੀਆਂ ਹੋਰ ਸੇਵਾਂਵਾਂ ਸਾਰੀਆਂ ਹੀ ਸਾਡੇ ਜੀਵਨ ਵਿੱਚ ਹੋਣ ਤਾਂ ਅਸੀਂ ਕਹਿ
ਸਕਦੇ ਹਾਂ ਸਾਨੂੰ ਸਿੱਖ ਧਰਮ ਦੇ ਸਿਧਾਂਤ ਦੀ ਸਮਝ ਆ ਗਈ ਹੈ। ਜੱਗੋਂ ਤਰ੍ਹਵੀਂ ਇਹ ਹੋਈ ਕਿ ਅਸੀਂ
ਧਰਮ ਦੇ ਇੱਕ ਇੱਕ ਅੰਗ ਨੂੰ ਹੀ ਸਿੱਖੀ ਸਮਝ ਬੈਠੇ ਹਾਂ। ਕੋਈ ਕੇਵਲ ਕੀਰਤਨ ਸੁਣਨ ਨੂੰ ਹੀ ਤਰਜੀਹ
ਦੇ ਰਿਹਾ ਹੈ ਤੇ ਕੋਈ ਕੇਵਲ ਸਿਮਰਣ ਦੀਆਂ ਵਿਧੀਆ ਨੂੰ ਹੀ ਧਰਮ ਸਮਝੀ ਬੈਠਾ ਹੈ। ਕੋਈ ਅਖੰਡ ਪਾਠਾਂ
ਦੁਆਰਾ ਹੀ ਸਾਰੇ ਘਰ ਦੇ ਝਗੜੇ ਨਿਬੇੜਨੇ ਚਾਹੁੰਦਾ ਹੈ।
ਦੂਸਰਾ ਜੇ ਗੁਰਦੁਆਰੇ ਜਾਂ ਕਿਸੇ ਸੰਸਥਾ ਦਾ ਪ੍ਰਧਾਨ ਕੇਵਲ ਕੀਰਤਨ ਸੁਣਨਾ ਹੀ ਪਸੰਦ ਕਰਦਾ ਹੈ ਤਾਂ
ਉਹ ਕੇਵਲ ਕੀਰਤਨ ਨੂੰ ਹੀ ਪਹਿਲ ਦੇਵੇਗਾ। ਉਹ ਕਦੇ ਵੀ ਸ਼ਬਦ ਦੀ ਵਿਚਾਰ ਨੂੰ ਨਹੀਂ ਸੁਣੇਗਾ ਤੇ ਨਾਲ
ਹੀ ਕਹੀ ਜਾਏਗਾ ਜੀ ਸ਼ਬਦ ਦੀ ਵਿਚਾਰ ਤਾਂ ਕੋਈ ਵੀ ਨਹੀਂ ਕਰ ਸਕਦਾ ਜੇ ਕਥਾ ਦੀ ਲੋੜ ਹੁੰਦੀ ਤਾਂ
ਗੁਰੂ ਜੀ ਆਪ ਹੀ ਕਰ ਜਾਂਦੇ। ਜੇ ਪ੍ਰਧਾਨ ਕਿਸੇ ਡੇਰੇ ਨਾਲ ਸਬੰਧ ਰੱਖਦਾ ਹੇ ਤਾਂ ਉਹ ਚੌਵੀ ਘੰਟੇ
ਕੇਵਲ ਸੁਖਮਨੀ ਸਾਹਿਬ ਦੇ ਪਾਠ ਵਾਲੀਆਂ ਕੈਸਟਾਂ ਲਗਾਈ ਰੱਖਣ ਨੂੰ ਕਹੇਗਾ। ਜਨੀ ਕੇ ਆਗੂ `ਤੇ ਇਹ
ਗੱਲ ਨਿਰਬਰ ਕਰਦੀ ਹੈ ਕਿ ਉਹ ਕੀ ਸੁਣਨਾ ਪਸੰਦ ਕਰਦਾ ਹੈ।
ਸਾਡੇ ਬਾਰੇ ਸਾਡੇ ਆਪਣੇ ਹੀ ਇਹ ਰਾਏ ਰੱਖਦੇ ਹਨ ਕਿ ਕਿਤੇ ਵੀ ਚਾਰ ਜਣੇ ਇਕੱਠੇ ਨਹੀਂ ਬੈਠ ਸਕਦੇ
ਕਿਉਂ ਕਿ ਸਾਰੇ ਹੀ ਹਉਮੇ ਦੇ ਪੱਥੇ ਪਏ ਹਨ। ਕਿਸੇ ਦੀ ਕੋਈ ਚੰਗੀ ਰਾਏ ਨਹੀਂ ਲੈਣਗੇ। ਇੱਕ ਹੋਰ
ਵੱਡੀ ਘਾਟ ਜੋ ਮਹਿਸੂਸ ਕੀਤੀ ਜਾ ਰਹੀ ਹੈ ਕਿ ਸਾਡੇ ਆਗੂਆਂ ਨੂੰ ਫੂਕ ਛੱਕਣ ਦੀ ਬਹੁਤ ਵੱਡੀ ਆਦਤ
ਹੈ। ਜਿਨ੍ਹੇ ਵਧੀਆ ਫੂਕ ਛਕਾ ਦਿੱਤੀ ਉਹ ਜੋ ਮਰਜ਼ੀ ਹੈ ਸੁਣਾ ਕੇ ਤੁਰ ਜਾਂਦਾ ਹੈ। ਆਗੂ ਜੀ ਕਹਿਣਗੇ
ਵਾਹ ਕਿਆ ਮਜ਼ਾ ਆਇਆ ਭਾਈ ਸਾਹਿਬ ਜੀ ਤੁਹਾਡੇ ਕੀਰਤਨ ਦਾ। ਫੂਕ ਛੱਕਣ ਵਾਲੇ ਆਗੂ ਸਾਰਿਆਂ ਨੂੰ ਲਕੜ
ਦੇ ਮੁੰਡੇ ਦਈ ਜਾਣ ਨੂੰ ਹੀ ਧਰਮ ਦਾ ਪਰਚਾਰ ਸਮਝੀ ਬੈਠੇ ਹਨ।
ਮਲੇਸ਼ੀਆ ਵਿੱਚ ਇਹ ਤੇ ਕਿਹਾ ਨਹੀਂ ਜਾ ਸਕਦਾ ਕੇ ਏੱਥੇ ਪਰਚਾਰਕ ਨਹੀਂ ਆਏ ਜਾਂ ਕੀਰਤਨੀਏ ਨਹੀਂ ਆਏ
ਜਾਂ ਗੁਰਦੁਆਰਿਆਂ ਵਿੱਚ ਗ੍ਰੰਥੀ ਨਹੀਂ ਹਨ ਜਾਂ ਸਿੱਖੀ ਦੇ ਪਰਚਾਰ ਲਈ ਉਪਰਾਲੇ ਨਹੀਂ ਹੋਏ। ਇਹ
ਸਾਰਾ ਕੁੱਝ ਹੋਇਆ ਹੈ ਪਰ ਫਿਰ ਵੀ ਪਰਚਾਰ ਨੂੰ ਨਵੇਂ ਸਿਰੇ ਤੋਂ ਵਿਉਂਤਬੰਦੀ ਦੀ ਜ਼ਰੂਰਤ ਹੈ।
ਪੁਰਾਣੇ ਸਿਸਟਮ ਵਿੱਚ ਸਿਰ ਹਿਲਾਈ ਜਾਣ ਨਾਲ ਕਦੇ ਵੀ ਤਰੱਕੀ ਨਹੀਂ ਹੋ ਸਕਦੀ।
ਈਪੋ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨੇ ਬੜੇ ਹੀ ਪਿਆਰ ਨਾਲ ਆਪਣੇ ਦਫ਼ਤਰ ਵਿੱਚ ਮੀਟਿੰਗ
ਰੱਖੀ। ਲਗ-ਪਗ ਸਾਰੇ ਸੀਨੀਅਰ ਵੀਰਾਂ ਨੇ ਹਿੱਸਾ ਲਿਆ। ਉਹਨਾਂ ਨੇ ਵਿਸਥਾਰ ਸਹਿਤ ਦੱਸਿਆ ਕਿ ਕਿਵੇਂ
ਪੰਜਾਬੀ ਪੜ੍ਹਾਈ ਵਾਲੇ ਸਕੂਲ ਬੰਦ ਹੋਏ ਤੇ ਕਿਵੇਂ ਫਿਰ ਉਪਰਾਲਾ ਕਰਕੇ ਨਵੇਂ ਸਿਰੇ ਤੋਂ ਪੰਜਾਬੀ
ਸਕੂਲ ਖੋਲ੍ਹੇ ਗਏ ਹਨ। ਉਹਨਾਂ ਨੇ ਦੱਸਿਆ ਕਿ ਹੁਣ ਸਾਡੇ ਪਾਸ ਚਾਲੀ ਪੰਜਾਬੀ ਦੇ ਸਕੂਲ ਹਨ ਤੇ
ਉਹਨਾਂ ਵਿੱਚ ਕੋਈ ਚਾਰ ਕੁ ਹਜ਼ਾਰ ਦੇ ਕਰੀਬ ਬੱਚੇ ਪੰਜਾਬੀ ਪੜ੍ਹ ਰਹੇ ਹਨ। ਇੱਕ ਖੁਸ਼ੀ ਦੀ ਗੱਲ ਹੈ
ਕਿ ਖਾਲਸਾ ਦੀਵਾਨ ਸੁਸਾਇਟੀ ਨੇ 2003 ਤਿੰਨ ਵਿੱਚ ਇੱਕ ਸਦੀ ਦਾ ਸਮਾਂ ਪੂਰਾ ਕੀਤਾ ਹੁਣ ਮਲੇਸ਼ੀਆ ਦੀ
ਸਰਕਾਰ ਇਸ ਸੁਸਾਇਟੀ ਨੂੰ ਸਰਕਾਰੀ ਗਰਾਂਟ ਵੀ ਦੇ ਰਹੀ ਹੈ। ਜ਼ਮੀਨੀ ਤਲ਼ `ਤੇ ਇਸ ਸੁਸਾੲਟਿੀ ਵਲੋਂ
ਇੱਕ ਵਿਉਂਤ ਬੰਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਸ਼ਲਾਘਾ ਜੋਗ ਕਦਮ ਹੈ।
ਆ ਰਹੇ ਵਿਸਾਖੀ ਪੁਰਬ ਲਈ ਜਦੋਂ ਮੈਂ ਗੁਰਦੁਆਰਿਆਂ ਵਿਚੋਂ ਇਸ਼ਤਿਹਾਰ ਪੜ੍ਹਿਆ ਤਾਂ ਹੈਰਾਨਗੀ ਵਾਲੀ
ਗੱਲ ਨਜ਼ਰ ਆਈ। ਉਸ ਇਸ਼ਤਿਹਾਰ ਵਿੱਚ ਬਹੁਤੇ ਰਾਗੀਆਂ ਦੇ ਨਾਮ ਹੀ ਮਿਲਦੇ ਸਨ ਜਦੋਂ ਕਿ ਇੱਕ ਕਿਸੇ ਕਥਾ
ਵਾਚਕ ਦਾ ਨਾਮ ਵੀ ਸੀ। ਸਵਾਲ ਪੈਦਾ ਹੁੰਦਾ ਹੈ ਕਿ ਏਨ੍ਹੇ ਰਾਗੀਆਂ ਦੀਆਂ ਟਿਕਟਾਂ ਖਰਚ ਕੇ ਬੱਚਿਆਂ
ਨੂੰ ਸਿੱਖ ਸਿਧਾਂਤ ਦੀ ਸਮਝ ਆ ਜਾਏਗੀ? ਕੀ ਸਿੱਖੀ ਦਾ ਪਰਚਾਰ ਕੇਵਲ ਰੰਗ-ਬਰੰਗੇ ਕੀਰਤਨ ਤੀਕ ਹੀ
ਸੀਮਤ ਹੈ।
ਜੇ ਕੁੱਝ ਰਾਗੀਆਂ ਵਲੋਂ ਕੀਤੇ ਕੀਰਤਨ ਦੀਆਂ ਕੈਸਟਾਂ ਸੁਣੀਆਂ ਜਾਣ ਤਾਂ ਤੂਹਾਨੂੰ ਉਹਨਾਂ ਵਿਚੋਂ
ਕੀਰਤਨ ਦਾ ਰੂਪ ਹੀ ਗਾਇਬ ਮਿਲੇਗਾ। ਮਲੇਸ਼ੀਆ ਵਿੱਚ ਜ਼ਿਆਦਾਤਰ ਇੱਕ ਤੁਕ ਵਿਚੋਂ ਦੋ ਸ਼ਬਦਾਂ ਵਾਲਾ
ਕੀਰਤਨ ਹੀ ਜ਼ਿਆਦਾ ਸੁਣਨ ਨੂੰ ਲਿਆ ਹੈ। ਜਿਸ ਤਰ੍ਹਾਂ ‘ਹਰਿ ਰੰਗ’ ਵਾਹਿਗੁਰੂ ‘ਹਰ ਰੰਗ’ ਵਾਹਿਗੁਰੂ
ਹੀ ਘੰਟਾ ਘੰਟਾ ਸੁਣਨ ਨੂੰ ਮਿਲਿਆ ਹੈ। ਜੇ ਏਨ੍ਹੇ ਪੈਸੇ ਖਰਚ ਕਰਕੇ ਇਹੋ ਕੁੱਝ ਸੁਣਨਾ ਹੈ ਤਾਂ ਫਿਰ
ਸੀਡੀਜ਼ ਹੀ ਲਗਾ ਲੈਣੀ ਚਾਹੀਦੀ ਹੈ। ਦੂਸਰਾ ਉਹ ਕੀਰਤਨ ਸੁਣਨ ਨੂੰ ਮਿਲਿਆ ਜਿਸ ਵਿੱਚ ਕਰਾਮਾਤੀ
ਗਪੌੜਿਆਂ ਦੀ ਭਰਮਾਰ ਸੀ। ਕਹੀ ਤਾਂ ਸਾਰੇ ਹੀ ਜਾਂਦੇ ਹਨ ਕਿ ਅਸੀਂ ਪੰਥ ਪ੍ਰਵਾਨਤ ਰਹਿਤ ਮਰਯਾਦਾ
ਅਨੁਸਾਰ ਚਲਦੇ ਹਾਂ ਪਰ ਮਰਜ਼ੀ ਸਾਰੇ ਆਪਣੀ ਆਪਣੀ ਹੀ ਕਰ ਰਹੇ ਹਨ। ਚਾਹੀਦਾ ਤਾਂ ਇਹ ਸੀ ਜਿਸ ਤਰ੍ਹਾਂ
ਵਿਸਾਖੀ ਪੁਰਬ `ਤੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ, ਉਸ ਇਕੱਠ ਵਿੱਚ ਸਿੱਖ ਰਹਿਤ ਮਰਯਾਦਾ ਜਾਂ
ਕੀਰਤਨ ਦੀ ਰੂਪ ਰੇਖਾ ਆਪਸੀ ਰਿਸ਼ਤੇ, ਬੱਚਿਆ ਦੀ ਉੱਨਤੀ ਲਈ ਸਾਰਥਿਕ ਪ੍ਰੋਗਰਾਮ, ਗੁਰਦੁਆਰਿਆਂ ਵਿੱਚ
ਪੰਥ ਪ੍ਰਵਾਨਤ ਰਹਿਤ ਮਰਯਾਦਾ ਲਾਗੂ ਕਰਾਉਣੀ ਆਦਿ ਦੀ ਖੁਲ੍ਹ ਕੇ ਵਿਚਾਰ ਹੁੰਦੀ। ਇਹਨਾਂ ਇਕੱਠਾਂ
ਨੂੰ ਸਿੱਖੀ ਦੇ ਪਰਚਾਰ ਲਈ ਵਰਤਿਆ ਜਾਂਦਾ।
ਦਾਸ ਦੇ ਬਣੇ ਪ੍ਰੋਗਰਾਮ ਵਿੱਚ ਮਲੇਸ਼ੀਆ ਦੀ ਨੌਜਵਾਨ ਸੁਸਾਇਟੀ ਵਿੱਚ ਇੱਕ ਸੈਮੀਨਾਰ ਰੱਖਿਆ ਹੋਇਆ
ਸੀ। ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਉਸ ਸੈਮੀਨਾਰ ਵਿੱਚ ਕੇਵਲ ਪ੍ਰਧਾਨ ਜੀ ਤੇ ਚਾਰ ਕੁ ਵੀਰ ਤੇ
ਦੋ ਭੈਣਾਂ ਹੀ ਆਈਆਂ ਸਨ। ਬਾਕੀ ਤੁਰਨੇ ਸੇਤੀ ਕੋਈ ਵੀ ਆਗੂ ਸ਼ਾਮਲ ਨਹੀਂ ਹੋਇਆ।
ਹਰ ਮੁਲਕ ਵਿੱਚ ਰਹਿ ਰਹੇ ਸਿੱਖਾਂ ਦੀਆਂ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਹਨ ਤੇ ਉਹਨਾਂ ਦਾ ਸਮਾਧਾਨ
ਵੀ ਵੱਖਰਾ ਵੱਖਰਾ ਹੈ ਪਰ ਕੁੱਝ ਸਮੱਸਿਆਵਾਂ ਸਾਂਝੀਆਂ ਵੀ ਹਨ। ਕੋਈ ਸਮਾਂ ਸੀ ਜਦੋਂ ਮਲੇਸ਼ੀਆ ਮੁਲਕ
ਵਿੱਚ ਦਸਵੀਂ, ਵਿਦਵਾਨੀ ਤੇ ਗਿਆਨੀ ਦੇ ਇਮਤਿਹਾਨ ਹੋਇਆ ਕਰਦੇ ਸਨ। ਅੱਜ ਵੀ ਅਜੇਹੇ ਉਪਰਾਲਿਆਂ ਦੀ
ਲੋੜ ਹੈ।
ਕੁਝ ਨੌਜਵਾਨਾਂ ਨੇ ਸਿੱਖੀ ਸਿਰਫ ਬਾਹਰਲੀ ਦਿੱਖ ਤੀਕ ਹੀ ਸੀਮਤ ਕਰ ਲਈ ਹੈ। ਇਹ ਬੱਚੇ ਬ੍ਰਹਾਮਣੀ
ਕਰਮ-ਕਾਂਡ ਤੇ ਸਿੱਖੀ ਦੇ ਨਿਆਰੇ ਪਨ ਵਿੱਚ ਕੋਈ ਅੰਤਰ ਨਹੀਂ ਸਮਝ ਰਹੇ। ਜੇ ਕਰ ਵੱਡਿਆਂ ਇੱਕਠਾਂ
ਵਿੱਚ ਜਾਂ ਜ਼ਮੀਨੀ ਤਲ਼ `ਤੇ ਸੈਮੀਨਾਰ ਲਗਾ ਕਿ ਗੁਰਬਾਣੀ ਸਿਧਾਂਤ ਦੀ ਵਿਆਖਿਆ ਕੀਤੀ ਗਈ ਹੁੰਦੀ ਤਾਂ
ਅਵੱਸ਼ ਸਿੱਖੀ ਦਾ ਸਿਧਾਂਤਕ ਨਿਆਰਾਪਨ ਕਾਇਮ ਰਹਿਣਾ ਚਾਹੀਦਾ ਸੀ। ਕੁੱਝ ਬੱਚੇ ਸੀਮਤ ਲਿਬਾਸ ਤੀਕ
ਸੀਮਤ ਹੋ ਕੇ ਰਹਿ ਗਏ ਹਨ ਤੇ ਸਿੱਖੀ ਵਾਲੀ ਗੁਣ ਵੱਤਾ ਕਿਤੇ ਦਿਖਾਈ ਨਹੀਂ ਦੇਂਦੀ।
ਗੁਰਪੁਰਬਾਂ ਤੇ ਰਾਗੀ ਜੱਥਿਆਂ ਦੀ ਗਿਣਤੀ ਨੂੰ ਘਟਾ ਕਿ ਪ੍ਰਚਾਰਕਾਂ ਦੀ ਗਿਣਤੀ ਵਧਾਈ ਜਾਏ।
ਮਲੇਸ਼ੀਆ ਵਿੱਚ ਹੀ ਰਹਿ ਰਹੇ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਲਈਆਂ ਜਾਣ।
ਸਿੱਖ ਰਹਿਤ ਮਰਯਾਦਾ ਸਬੰਧੀ ਜਾਣਕਾਰੀ ਦੇਣ ਦਾ ਯੋਗ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਰਾਗੀ ਜੱਥਿਆਂ ਪਾਸੋਂ ਕੇਵਲ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਕੀਰਤਨ ਕਰਾਉਣ ਦਾ ਯਤਨ ਕੀਤਾ
ਜਾਣਾ ਚਾਹੀਦਾ ਹੈ।
ਸਾਰੇ ਮਲੇਸ਼ੀਆ ਦੇ ਜੋਨ ਬਣਾ ਕੇ ਬੱਚਿਆਂ ਦੇ ਕੀਰਤਨੀ ਜੱਥਿਆਂ ਦੀ ਚੋਣ ਕਰਕੇ ਗੁਰਪੁਰਬਾਂ ਤੇ ਉਹਨਾਂ
ਬੱਚਿਆਂ ਨੂੰ ਸਮਾਂ ਦਿੱਤਾ ਜਾਏ।
ਗੈਰ ਕੁਦਰਤੀ ਕਥਾ ਕਹਾਣੀਆਂ ਸਣਾਉਣ ਵਾਲਿਆਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਪ੍ਰੋਗਰਾਮ ਬੰਦ ਕੀਤੇ
ਜਾਣੇ ਚਾਹੀਦੇ ਹਨ।
ਗ੍ਰੰਥੀ ਸਿੰਘਾਂ ਦੇ ਸੈਮੀਨਾਰ ਰੱਖਣੇ ਚਾਹੀਦੇ ਹਨ।
ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਦੇ ਉਲਟ ਹੋ ਰਹੇ ਕੰਮਾਂ ਪ੍ਰਤੀ ਪ੍ਰਬੰਧਕਾਂ ਨੂੰ ਪ੍ਰੇਮ
ਨਾਲ ਸਮਝਾਇਆ ਜਾਏ।
ਇਹ ਠੀਕ ਹੈ ਮਲੇਸ਼ੀਆ ਵਿੱਚ ਨੌਜਵਾਨ ਸਿੱਖੀ ਦੇ ਪਰਚਾਰ ਪਸਾਰ ਲਈ ਬਹੁਤ ਉਦਮ ਕਰ ਰਹੇ ਹਨ ਪਰ ਫਿਰ
ਨਵੇਂ ਸਿਰੇ ਤੋਂ ਵਿਉਂਤ ਬੰਦੀ ਦੀ ਜ਼ਰੂਰਤ ਹੈ।
ਮਲੇਸ਼ੀਆ ਦੀਆਂ ਸਾਰੀਆਂ ਕਮੇਟੀਆਂ ਧਾਰਮਕ ਪੁਸਤਕਾਂ ਦੀ ਲਿਸਟ ਬਣਾ ਕੇ ਆਪਣੇ ਗੁਰਦੁਆਰਿਆਂ ਵਿੱਚ
ਚੰਗੀ ਲਾਇਬ੍ਰੇਰੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਗੁਰਬਾਣੀ ਸੰਥਿਆ ਦੇ ਨਾਂ `ਤੇ ਕਿਤੇਬ ਬ੍ਰਾਹਮਣੀ ਵਿਚਾਰਧਾਰਾ ਤਾਂ ਨਹੀਂ ਘਸੋੜੀ ਜਾ ਰਹੀ?