. |
|
ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੭)
Gurmat and science in present scenario (Part-7)
ਅਕਾਲ ਪੁਰਖੁ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਸੰਭਾਲਣ
ਵਾਲਾ ਹੈ
Akal Purkh is the creater as well as the guardian of this
universe
ਇਹ ਸਾਰੀ ਸ੍ਰਿਸ਼ਟੀ ਕਿਸ
ਨੇ ਪੈਦਾ ਕੀਤੀ ਤੇ ਇਸ ਦੀ ਸੰਭਾਲ ਕੌਣ ਕਰ ਰਿਹਾ ਹੈ, ਇਸ ਦਾ ਉੱਤਰ ਅੱਜ ਦੀ ਸਾਇੰਸ ਨਹੀਂ ਦੇ
ਸਕਦੀ। ਸਾਇੰਸ ਸਿਰਫ ਬਿਗ ਬੈਂਗ ਥਿਉਰੀ (Big
Bang Theory), ਬਲੈਕ ਹੋਲ (Black
hole) ਤੋਂ ਬਣਨਾਂ ਆਦਿ ਦੇ ਅੰਦਾਜੇ ਲਗਾ ਰਹੀ
ਹੈ, ਪਰ ਨਿਸਚਿਤ ਤੌਰ ਤੇ ਉੱਤਰ ਕੋਈ ਨਹੀਂ। ਇਹ ਬਲੈਕ ਹੋਲ ਕਿਸ ਤਰ੍ਹਾਂ ਤੇ ਕਿਉਂ ਬਣਿਆ, ਉਸ ਤੋਂ
ਸਾਰੀ ਸ੍ਰਿਸ਼ਟੀ ਕਿਸ ਤਰ੍ਹਾਂ ਬਣ ਗਈ? ਕੀ ਅਸੀਂ ਇਸ ਦਾ ਕਾਰਨ ਜਾਣ ਸਕਦੇ ਹਾਂ? ਇਹ ਇੱਕ ਬਹੁਤ
ਮੁਸ਼ਕਲ ਸਵਾਲ ਹੈ, ਅਸੀਂ ਇਸ ਵਾਸਤੇ ਸਿਰਫ ਅੰਦਾਜ਼ੇ ਲਗਾ ਸਕਦੇ ਹਾਂ, ਤੇ ਸਾਇੰਸ ਵੀ ਕਈ ਤਰ੍ਹਾਂ ਦੇ
ਅੰਦਾਜ਼ੇ ਆਦਿ ਦੀਆਂ ਗੱਲਾਂ ਕਰ ਰਹੀ ਹੈ।
ਨਿਸ਼ਚਤ ਤੌਰ ਤੇ ਅਕਾਲ
ਪੁਰਖੁ ਦਾ ਕੋਈ ਨਿਯਮ ਸੀ, ਜਿਸ ਨੇ ਅਨੇਕਾਂ ਖੰਡ ਬ੍ਰਹਿਮੰਡ ਪੈਦਾ ਕਰ ਦਿਤੇ। ਗੁਰੂ ਨਾਨਕ ਸਾਹਿਬ
ਨੇ ਜਪੁਜੀ ਸਾਹਿਬ ਵਿੱਚ ਇਸ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਇਹੀ ਕਿਹਾ ਹੈ ਕਿ ਅਕਾਲ ਪੁਰਖ ਨੇ ਆਪਣੇ
ਇਕੋ ਹੁਕਮੁ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਦੇ ਹੁਕਮੁ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ
ਗਏ।
ਸਿੱਖ ਧਰਮ ਅਨੁਸਾਰ ਪੂਰੀ
ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ। ਇਸ ਜਗਤ ਦੀ ਰਚਨਾ ਤੋਂ ਪਹਿਲਾਂ
ਬੇਅੰਤ ਸਮਾਂ ਅਕਾਲ ਪੁਰਖੁ ਨੇ ਸ੍ਰਿਸ਼ਟੀ ਦੀ ਅਜਿਹੀ ਹਾਲਤ ਬਣਾਈ ਰੱਖੀ ਸੀ, ਜੋ ਕਿ ਮਨੁੱਖ ਦੀ ਸਮਝ
ਤੋਂ ਬਹੁਤ ਪਰੇ ਹੈ। ਉਹ ਹਾਲਤ ਕਿਸ ਤਰ੍ਹਾਂ ਦੀ ਸੀ, ਉਸ ਗੁਬਾਰ ਬਾਰੇ ਕੋਈ ਜੀਵ ਕੁੱਝ ਵੀ ਨਹੀਂ
ਕਹਿ ਸਕਦਾ, ਤੇ ਨਾ ਹੀ ਕੋਈ ਜੀਵ ਬਿਆਨ ਕਰ ਸਕਦਾ ਹੈ।
ਸਿਰਫ ਅਕਾਲ ਪੁਰਖੁ ਆਪ ਹੀ ਜਾਣਦਾ ਕਿ ਅਸਲੀਅਤ ਕੀ ਸੀ। ਅਕਾਲ ਪੁਰਖੁ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ
ਕੀਤੀ, ਤੇ ਇਹ ਜਗਤ ਦਾ ਸਾਰਾ ਖੇਲ ਤਮਾਸ਼ਾ ਆਪ ਹੀ ਰਚਿਆ ਹੈ, ਇਹ ਸੱਭ ਉਸ ਦੀ ਹੀ ਵਡਿਆਈ ਹੈ। ਵੱਖ
ਵੱਖ ਕਿਸਮ ਦੇ ਇਹ ਸਾਰੇ ਜੀਵਾਂ ਨੂੰ ਅਕਾਲ ਪੁਰਖੁ ਆਪ ਹੀ ਬਣਾਉਂਦਾ ਹੈ, ਤੇ ਆਪ ਹੀ ਨਾਸ ਕਰ ਕੇ,
ਫਿਰ ਹੋਰ ਆਪ ਹੀ ਪੈਦਾ ਕਰਦਾ ਹੈ। ਹਰੇਕ ਸਰੀਰ ਵਿੱਚ ਅਕਾਲ ਪੁਰਖੁ ਦਾ ਬਣਾਇਆ ਹੋਇਆ ਸੁਆਸ, ਪਉਣ
(ਹਵਾ, ਆਕਸੀਜਨ) ਦੀ ਸਹਾਇਤਾ ਨਾਲ ਚੱਲ ਰਿਹਾ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ
ਗਈ, ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਜਗਤ ਦੇ ਤਮਾਸ਼ੇ ਵਿੱਚ ਨਿਰਲੇਪ ਰਹਿੰਦਾ ਹੈ, ਤੇ
ਸਦਾ ਥਿਰ ਅਕਾਲ ਪੁਰਖੁ ਨਾਲ ਆਪਣਾ ਮਨ ਜੋੜੀ ਰੱਖਦਾ ਹੈ।
ਮਾਰੂ ਮਹਲਾ ੩॥
ਜੁਗ ਛਤੀਹ ਕੀਓ ਗੁਬਾਰਾ॥ ਤੂ ਆਪੇ
ਜਾਣਹਿ ਸਿਰਜਣਹਾਰਾ॥ ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ॥ ੧॥ ਓਅੰਕਾਰਿ ਸਭ
ਸ੍ਰਿਸਟਿ ਉਪਾਈ॥ ਸਭੁ ਖੇਲੁ ਤਮਾਸਾ ਤੇਰੀ ਵਡਿਆਈ॥ ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ॥
੨॥ (੧੦੬੧)
ਹੈਰਾਨ ਕਰਨ ਵਾਲੇ ਕੌਤਕ
ਕਰ ਕੇ ਅਕਾਲ ਪੁਰਖੁ ਨੇ ਆਪ ਇਹ ਜਗਤ ਪੈਦਾ ਕੀਤਾ। ਇਸ ਜਗਤ ਨੂੰ ਬਣਾਉਂਣ ਲਈ ਪੰਜ ਤੱਤ ਪਾ ਦਿੱਤੇ,
ਇਨ੍ਹਾਂ ਪੰਜ ਤੱਤਾਂ ਸਦਕਾ ਮਨੁੱਖਾ ਸਰੀਰ ਤਿਆਰ ਹੋਇਆ, ਉਸ ਸਰੀਰ ਦੇ ਅੰਦਰ ਮੋਹ, ਝੂਠ ਤੇ ਗੁਮਾਨ
ਆਦਿਕ ਵਿਕਾਰ ਵੀ ਹਨ, ਜੋ ਕਿ ਮਨੁੱਖ ਨੂੰ ਖੁਆਰ ਕਰਦੇ ਹਨ। ਅਗਿਆਨੀ ਤੇ ਮਨਮੁੱਖ ਇਨ੍ਹਾਂ ਵਿਕਾਰਾਂ
ਵਿੱਚ ਫਸ ਕੇ ਭਟਕਦੇ ਤੇ ਜੰਮਦੇ ਮਰਦੇ ਰਹਿੰਦੇ ਹਨ। ਕਈ ਅਜੇਹੇ ਜੀਵ ਵੀ ਹਨ, ਜਿਨ੍ਹਾਂ ਨੂੰ ਅਕਾਲ
ਪੁਰਖੁ ਨੇ ਗੁਰੂ ਦੇ ਸਨਮੁਖ ਕਰ ਕੇ, ਆਪਣਾ ਗਿਆਨ ਆਪ ਸਮਝਾਇਆ ਹੈ, ਤੇ ਅਜੇਹੇ ਗੁਰਮੁਖਾਂ ਨੂੰ ਆਪਣੀ
ਭਗਤੀ ਤੇ ਗੁਰਬਾਣੀ ਦਾ ਨਾਮੁ ਰੂਪੀ ਖ਼ਜ਼ਾਨਾ ਆਪ ਬਖਸ਼ਿਆ ਹੈ।
ਪਉੜੀ॥
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ
ਵਿਡਾਨੁ॥ ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ॥ ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ॥ ਇਕਨਾ
ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ॥ ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ॥
੪॥ (੭੮੬)
ਸਾਰੇ ਜੀਵ ਜੰਤੂ ਉਸ ਅਕਾਲ
ਪੁਰਖੁ ਦੇ ਹਨ, ਤੇ ਉਹ ਸਭ ਕੁੱਝ ਕਰਨ ਦੇ ਸਮਰੱਥ ਹੈ, ਇਸ ਲਈ ਉਸ ਅਕਾਲ ਪੁਰਖੁ ਅੱਗੇ ਸਦਾ ਸਿਰ
ਨਿਵਾਉਂਣਾਂ ਚਾਹੀਦਾ ਹੈ। ਦਿਨ ਰਾਤ ਅਕਾਲ ਪੁਰਖੁ ਦੇ ਗੁਣ ਗਾਓ, ਤੇ ਹਰ ਪਲ ਉਸ ਨੂੰ ਆਪਣੇ ਚਿਤ
ਵਿੱਚ ਰੱਖੋ। ਜਗਤ ਵਿੱਚ ਹਰੇਕ ਖੇਡ ਉਸ ਦੀ ਹੀ ਵਰਤਾਈ ਜਾ ਰਹੀ ਹੈ, ਅਕਾਲ ਪੁਰਖੁ ਜੀਵ ਨੂੰ ਜਿਸ
ਤਰ੍ਹਾਂ ਦਾ ਬਣਾਉਂਦਾ ਹੈ, ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ। ਇਹ ਜਗਤ ਰੂਪੀ ਖੇਡ ਉਸ ਅਕਾਲ
ਪੁਰਖੁ ਦੀ ਆਪਣੀ ਹੀ ਹੈ ਤੇ ਇਸ ਖੇਡ ਨੂੰ ਕਰਨ ਦੇ ਸਮਰਥ, ਉਹ ਆਪ ਹੀ ਹੈ, ਹੋਰ ਕੋਈ ਦੂਜਾ ਉਸ ਨੂੰ
ਸਲਾਹ ਨਹੀਂ ਦੇ ਸਕਦਾ ਹੈ। ਜਿਸ ਜੀਵ ਉਤੇ ਅਕਾਲ ਪੁਰਖੁ ਮਿਹਰ ਕਰਦਾ ਹੈ, ਉਸ ਨੂੰ ਆਪਣਾ ਨਾਮ ਬਖ਼ਸ਼ਦਾ
ਹੈ, ਤੇ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦਾ ਹੈ।
ਸਭੁ
ਕਛੁ ਵਰਤੈ ਤਿਸ ਕਾ ਕੀਆ॥ ਜੈਸਾ ਕਰੇ ਤੈਸਾ ਕੋ ਥੀਆ॥ ਅਪਨਾ ਖੇਲੁ ਆਪਿ ਕਰਨੈਹਾਰੁ॥ ਦੂਸਰ ਕਉਨੁ
ਕਹੈ ਬੀਚਾਰੁ॥ (੨੮੦,
੨੮੧)
ਜਦੋਂ ਅਜੇ ਇਹ ਸੰਸਾਰ
ਨਹੀਂ ਸੀ, ਇਹ ਜੀਵ ਵੀ ਨਹੀਂ ਸਨ, ਉਸ ਸਮੇਂ ਇਹ ਜੀਵ ਕੀ ਕਰਦਾ ਸੀ ?
ਤੇ, ਕਿਹੜੇ ਕਰਮ ਕਰ ਕੇ ਇਹ ਹੋਂਦ ਵਿੱਚ ਆਇਆ? ਅਸਲੀਅਤ ਇਹ ਹੈ ਕਿ ਅਕਾਲ ਪੁਰਖੁ ਨੇ ਆਪ ਹੀ ਜਗਤ ਦੀ
ਰਚਨਾ ਕੀਤੀ ਹੈ, ਤੇ ਆਪ ਹੀ, ਆਪਣਾ ਇਹ ਖੇਲ ਜਗਤ ਰਚ ਕੇ, ਇਸ ਨੂੰ ਵੇਖ ਰਿਹਾ ਹੈ। ਗੁਰੂ ਸਾਹਿਬ
ਗੁਰਬਾਣੀ ਦੁਆਰਾ ਇਹੀ ਸਮਝਾਉਂਦੇ ਹਨ, ਕਿ ਹੇ ਅਕਾਲ ਪੁਰਖੁ ਮੈਂ ਤੇਰੀ ਸਹਾਇਤਾ ਤੋਂ ਬਿਨਾ ਕੋਈ ਕੰਮ
ਨਹੀਂ ਕਰ ਸਕਦਾ ਹਾਂ। ਉਹ ਅਕਾਲ ਪੁਰਖੁ ਹੀ ਸਾਰੇ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ, ਉਹ ਆਪ ਹੀ
ਜੀਵਾਂ ਵਿੱਚ ਬੈਠ ਕੇ ਸਭ ਕੁੱਝ ਕਰਦਾ ਹੈ, ਤੇ ਉਹ ਆਪ ਹੀ ਜੀਵਾਂ ਪਾਸੋਂ ਸਭ ਕੁੱਝ ਕਰਾਉਂਦਾ ਹੈ।
ਮੇਰੇ
ਰਾਮ ਰਾਇ ਮੁਝ ਤੇ ਕਛੂ ਨ ਹੋਈ॥ ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ॥ ੧॥ ਰਹਾਉ॥
(੭੪੮)
ਗੁਰਬਾਣੀ ਅਨੁਸਾਰ
ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਆਪ ਹੀ ਹੈ, ਤੇ ਉਸ ਨੇ ਬਿਨਾ ਕਿਸੇ ਉਚੇਚੇ ਜਤਨ ਦੇ,
ਆਪਣੇ ਹੁਕਮੁ ਰਾਹੀਂ ਇਹ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਇਸ ਜਗਤ ਨੂੰ ਪੈਦਾ ਕਰਕੇ, ਉਹ ਆਪਣੀ
ਵਡਿਆਈ ਆਪ ਹੀ ਵੇਖ ਰਿਹਾ ਹੈ। ਅਕਾਲ ਪੁਰਖੁ ਆਪ ਹੀ ਸਭ ਕੁੱਝ ਕਰ ਰਿਹਾ ਹੈ, ਤੇ ਜੀਵਾਂ ਪਾਸੋਂ ਆਪ
ਹੀ ਆਪਣੇ ਹੁਕਮੁ ਅਨੁਸਾਰ ਕਰਵਾ ਰਿਹਾ ਹੈ, ਤੇ ਉਹ ਆਪਣੀ ਰਜ਼ਾ ਅਨੁਸਾਰ ਸਾਰੀ ਸ੍ਰਿਸ਼ਟੀ ਵਿੱਚ ਆਪ ਹੀ
ਵਿਆਪਕ ਹੈ।
ਹੁਕਮੀ
ਸਹਜੇ ਸ੍ਰਿਸਟਿ ਉਪਾਈ॥ ਕਰਿ ਕਰਿ ਵੇਖੈ ਅਪਣੀ ਵਡਿਆਈ॥ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ॥
੧॥ (੧੦੪੩, ੧੦੪੪)
ਗੁਰੂ ਸਾਹਿਬ ਦਾ ਮੰਤਵ
ਕਿਸੇ ਤਰ੍ਹਾਂ ਦੀ ਭਵਿੱਖ ਬਾਣੀ ਕਰਨ ਦਾ ਨਹੀਂ ਸੀ, ਬਲਕਿ ਲੋਕਾਂ ਨੂੰ ਅਕਾਲ ਪੁਰਖੁ ਦਾ ਹੁਕਮੁ ਤੇ
ਸੱਚਾਈ ਨੂੰ ਸਮਝਾਉਣਾਂ ਸੀ, ਤੇ ਉਸ ਅਨੁਸਾਰ ਚਲਣ ਦਾ ਮਾਰਗ ਦੱਸਣਾ ਸੀ। ਆਪਣੀ ਬਾਣੀ ਵਿੱਚ ਬਾਬਰ ਦਾ
ਕਾਬਲ ਤੋਂ ਫ਼ੌਜ ਲੈ ਕੇ ਸ਼ਹਿਰ ਸ਼ੈਦਪੁਰ ਵਿੱਚ ਹੋਏ ਅੱਤਿਆਚਾਰਾ ਦਾ ਜਿਕਰ ਕਰਦੇ ਸਮਝਾਂਇਆ, ਕਿ ਇਸ
ਸੱਭ ਕੁੱਝ ਉਸ ਦੇ ਹੁਕਮੁ ਅਨੁਸਾਰ ਹੀ ਹੋਇਆ। ਜਿਸ ਅਕਾਲ ਪੁਰਖੁ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ,
ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਫਸਾਇਆ ਹੋਇਆ ਹੈ, ਪਰ ਉਹ ਆਪ ਨਿਰਲੇਪ ਰਹਿ ਕੇ ਉਨ੍ਹਾਂ
ਦੁਰਘਟਨਾਵਾਂ ਨੂੰ ਵੇਖ ਰਿਹਾ ਹੈ। ਅਕਾਲ ਪੁਰਖੁ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ ਹੁਣ ਤਕ
ਅਟੱਲ ਹੈ, ਉਹ ਅਗਾਂਹ ਨੂੰ ਵੀ ਅਟੱਲ ਨਿਯਮ ਵਰਤਾਇਗਾ, ਤੇ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ। ਉਸ
ਅਟੱਲ ਨਿਯਮ ਅਨੁਸਾਰ ਹੀ, ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖਾ ਸਰੀਰ ਰੂਪੀ ਕੱਪੜੇ ਟੋਟੇ
ਟੋਟੇ ਹੋ ਰਹੇ ਹਨ, ਭਾਵ ਬਾਬਰ ਦੀ ਫੌਜ਼ ਅਨੇਕਾਂ ਹਿੰਦੋਸਤਾਨੀਆਂ ਦਾ ਕਤਲ ਕਰ ਰਹੀ ਹੈ। ਮੁਗ਼ਲ ਅੱਜ
ਸੰਮਤ ਅਠੱਤਰ ਵਿੱਚ ਆਏ ਹਨ (ਬਾਬਰ), ਇਹ ਸੰਮਤ ਸਤਾਨਵੇ ਵਿੱਚ ਚਲੇ ਜਾਣਗੇ, ਕੋਈ ਹੋਰ ਸੂਰਮਾ (ਸ਼ੇਰ
ਸ਼ਾਹ ਸੂਰੀ) ਵੀ ਉੱਠ ਖੜਾ ਹੋਵੇਗਾ। ਜੀਵ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਮਨੁੱਖਾ ਜੀਵਨ ਅਜਾਈਂ
ਗਵਾ ਰਹੇ ਹਨ, ਗੁਰੂ ਸਾਹਿਬ ਇਹੀ ਸਮਝਾਂਉਂਦੇ ਹਨ, ਕਿ ਮੈਂ ਇਸ ਵੇਲੇ ਵੀ ਸਦਾ ਕਾਇਮ ਰਹਿਣ ਵਾਲੇ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹਾਂ, ਤੇ ਸਾਰੀ ਉਮਰ ਸਿਫ਼ਤਿ ਸਾਲਾਹ ਕਰਦਾ ਰਹਾਂਗਾ, ਕਿਉਂਕਿ
ਇਹ ਮਨੁੱਖਾ ਜਨਮ ਦਾ ਸਮਾਂ ਸਿਫ਼ਤਿ ਸਾਲਾਹ ਕਰਨ ਵਾਸਤੇ ਹੀ ਮਿਲਿਆ ਹੈ।
ਜਿਨਿ
ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ
ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ
ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ
ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ ੨॥ ੩॥ ੫॥ (੭੨੨-੭੨੩)
ਇਹ ਸਬਦ ਸਾਨੂੰ ਸੁਚੇਤ
ਕਰਨ ਲਈ ਹੈ ਕਿ ਜੇ ਕਰ ਹੇਰਾ ਫੇਰੀ, ਧੋਖੇ ਬਾਜੀ, ਜ਼ੁਲਮ, ਅਸਮਾਨਤਾ, ਆਪਸੀ ਵੰਡ, ਰਿਸ਼ਵਤਖੋਰੀ ਤੇ
ਵਿਕਾਰੀਆਂ ਵਾਲਾ ਜੀਵਨ ਬਤੀਤ ਕਰਾਂਗੇ ਤਾਂ ਇਹੀ ਹਾਲ ਹੋ ਸਕਦਾ ਹੈ। ਜਿਥੇ ਅਕਾਲ ਪੁਰਖੁ ਇਤਨੀਆਂ
ਦਾਤਾਂ ਦਿੰਦਾ ਹੈ, ਉਥੇ ਸਿਧੇ ਰਸਤੇ ਪਾਉਂਣਾ ਵੀ ਜਾਣਦਾ ਹੈ। ਅਕਾਲ ਪੁਰਖੁ ਸਦਾ ਦਇਆ ਕਰਨ ਵਾਲਾ
ਹੈ, ਉਹ ਸਾਰੇ ਜੀਵਾਂ ਨੂੰ ਸੰਭਾਲਦਾ ਵੀ ਹੈ ਤੇ ਸਭ ਨੂੰ ਰਿਜਕ ਤੇ ਪਦਾਰਥ ਵੀ ਦਿੰਦਾ ਹੈ। ਜਿਸ
ਅਕਾਲ ਪੁਰਖੁ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ। ਹਰੇਕ ਸਰੀਰ ਵਿੱਚ ਵੱਸਣ
ਵਾਲਾ ਅਕਾਲ ਪੁਰਖੁ ਸਾਰੇ ਜੀਵਾਂ ਦੇ ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਤੇ, ਸਭ
ਦੀ ਪਾਲਣਾ ਕਰਨ ਵਾਲਾ ਹੈ। ਅਕਾਲ ਪੁਰਖੁ ਦੀ ਕੁਦਰਤ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ
ਵੱਡਾ ਹੈ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਮਨੁੱਖ ਦੀ
ਆਪਣੀਆਂ ਪੰਜ ਗਿਆਨ ਇੰਦ੍ਰਿਆਂ ਦੁਆਰਾ ਕਰਤੇ (ਅਕਾਲ ਪੁਰਖੁ) ਤਕ ਪਹੁੰਚ ਨਹੀਂ ਹੋ ਸਕਦੀ।
ਜਿਨਿ
ਉਪਾਈ ਮੇਦਨੀ ਸੋਈ ਕਰਦਾ ਸਾਰ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ॥
੨॥ (੭੨੪)
ਇਸ ਮਨੁੱਖਾ ਸਰੀਰ ਨੂੰ
ਸਹੀ ਦਿਸ਼ਾ ਵੱਲ ਤੋਰਨ ਦੇ ਨਾਲ ਨਾਲ, ਗੁਰੂ ਸਾਹਿਬ ਨੇ ਮਨੁੱਖਾ ਜੀਵਨ ਦਾ ਭੇਦ ਵੀ ਸਮਝਾ ਦਿੱਤਾ।
ਜੀਵ ਦੁਨੀਆਂ ਦੇ ਪਦਾਰਥਾਂ ਵਿਚੋਂ ਆਨੰਦ ਢੂੰਡਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਅਕਾਲ ਪੁਰਖੁ ਆਪ
ਹੈ, ਜੋ ਕਿ ਉਸ ਦੇ ਅੰਦਰ ਵੱਸਦਾ ਹੈ। ਜਦੋਂ ਅਕਾਲ ਪੁਰਖੁ ਨੇ ਆਪਣੀ ਜੋਤਿ ਜੀਵ ਦੇ ਅੰਦਰ ਰੱਖ
ਦਿੱਤੀ, ਤਾਂ ਉਹ ਇਸ ਜਗਤ ਵਿੱਚ ਆਇਆ। ਇਹ ਯਕੀਨ ਜਾਣ ਕਿ ਜਦੋਂ ਅਕਾਲ ਪੁਰਖੁ ਨੇ ਤੇਰੇ ਅੰਦਰ ਆਪਣੀ
ਜੋਤਿ ਰੱਖੀ, ਤਦੋਂ ਤੂੰ ਜਗਤ ਵਿੱਚ ਜੰਮਿਆ। ਅਕਾਲ ਪੁਰਖੁ ਜੀਵ ਪੈਦਾ ਕਰਕੇ, ਜਗਤ ਵਿੱਚ ਭੇਜਦਾ ਹੈ,
ਉਹ ਆਪ ਹੀ ਉਸ ਦੀ ਮਾਂ ਹੈ, ਆਪ ਹੀ ਉਸ ਦਾ ਪਿਤਾ ਹੈ, ਅਕਾਲ ਪੁਰਖੁ ਆਪ ਹੀ ਮਾਪਿਆਂ ਵਾਂਗ ਜੀਵ ਨੂੰ
ਹਰ ਤਰ੍ਹਾਂ ਦਾ ਸੁਖ ਦਿੰਦਾ ਹੈ, ਅਕਾਲ ਪੁਰਖੁ ਆਪ ਹੀ ਸੁਖ ਆਨੰਦ ਦਾ ਦਾਤਾ ਹੈ। ਪਰ ਜੀਵ ਜਗਤ ਵਿੱਚ
ਆ ਕੇ ਅਕਾਲ ਪੁਰਖੁ ਦੀ ਬਜਾਏ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ। ਜਦੋਂ ਗੁਰੂ ਦੀ ਮਿਹਰ ਨਾਲ
ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇੱਕ ਖੇਡ ਹੈ, ਇੱਕ ਦਿਨ
ਸਭ ਨੇ ਚਲੇ ਜਾਣਾ ਹੈ, ਫਿਰ ਜੀਵ ਨੂੰ ਇਹ ਜਗਤ ਮਦਾਰੀ ਦਾ ਇੱਕ ਤਮਾਸ਼ਾ ਦਿੱਸਦਾ ਹੈ, ਸਦਾ ਥਿਰ ਰਹਿਣ
ਵਾਲਾ ਆਤਮਕ ਆਨੰਦ ਇਸ ਮਾਇਆ ਵਿੱਚ ਨਹੀਂ ਹੋ ਸਕਦਾ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਜਦੋਂ ਅਕਾਲ
ਪੁਰਖੁ ਨੇ ਜਗਤ ਦੀ ਰਚਨਾ ਦਾ ਮੁੱਢ ਰਚਿਆ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਾਂ ਹੀ ਤੂੰ ਇਸ ਜਗਤ
ਵਿੱਚ ਜਨਮ ਲਿਆ।
ਏ
ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ
ਜਗ ਮਹਿ ਆਇਆ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥ ਕਹੈ
ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥ ੩੩॥ (੯੨੧)
ਮਨੁੱਖ ਦੇ ਦੁਖਾਂ ਦਾ
ਕਾਰਨ ਮਾਇਆ ਦੀ ਤ੍ਰਿਸ਼ਨਾਂ ਹੈ। ਇਹ ਦੁੱਖ ਅਕਾਲ ਪੁਰਖੁ ਨੂੰ ਚਿਤ ਵਿੱਚ ਰੱਖਿਆਂ ਹੀ ਦੂਰ ਹੋ ਸਕਦਾ
ਹੈ। ਅਕਾਲ ਪੁਰਖੁ ਦਾ ਇਨਸਾਫ ਸੱਚ ਦੇ ਆਧਾਰ ਤੇ ਹੈ, ਤੇ ਉਸ ਦੇ ਸੱਚੇ ਹੁਕਮੁ ਦੀ ਸਮਝ ਗੁਰੂ ਦੀ
ਕਿਰਪਾ ਨਾਲ ਹੀ ਹੋ ਸਕਦੀ ਹੈ।
ਜਦੋਂ ਮਨੁੱਖ ਨੂੰ ਇਹ
ਨਿਸਚਾ ਹੋ ਜਾਵੇ ਕਿ ਸਭ ਸੁਖਾਂ ਦਾ ਮਾਲਕ ਅਕਾਲ ਪੁਰਖੁ, ਮੇਰਾ ਰਾਖਾ ਹੈ, ਤਾਂ ਉਹ ਨਿਸਚਿੰਤ ਹੋ
ਜਾਂਦਾ ਹੈ, ਤੇ ਸੁਖੀ ਜੀਵਨ ਬਿਤੀਤ ਕਰਦਾ ਹੈ। ਗੁਰੂ ਦੀ ਸਰਨ ਪਿਆਂ ਅਕਾਲ ਪੁਰਖੁ, ਉਸ ਨੂੰ ਮਨ
ਵਿੱਚ ਤੇ ਹਿਰਦੇ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ। ਅਕਾਲ ਪੁਰਖੁ ਇਸ ਲੋਕ ਵਿੱਚ ਤੇ ਪਰਲੋਕ ਵਿੱਚ
ਸਭ ਜੀਵਾਂ ਦੀ ਰੱਖਿਆ ਕਰਦਾ ਹੈ। ਮਾਂ ਦੇ ਪੇਟ ਵਿੱਚ ਵੀ ਉਹੀ ਅਕਾਲ ਪੁਰਖੁ ਜੀਵਾਂ ਦੀ ਪਾਲਣਾ ਕਰਦਾ
ਹੈ। ਉਨ੍ਹਾਂ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਪੋਹ ਨਹੀਂ ਸਕਦੀ, ਜਿਹੜੇ ਅਕਾਲ ਪੁਰਖੁ ਦੇ
ਪ੍ਰੇਮ ਵਿੱਚ ਰੰਗੇ ਹੋਏ ਹਨ, ਤੇ ਉਸ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ।
ਐਥੈ
ਓਥੈ ਤੂੰਹੈ ਰਖਵਾਲਾ॥ ਮਾਤ ਗਰਭ ਮਹਿ ਤੁਮ ਹੀ ਪਾਲਾ॥
ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ॥ ੫॥ (੧੩੨)
ਗੁਰੂ ਸਾਹਿਬ ਸਮਝਾਂਉਦੇ
ਹਨ ਕਿ ਜਿਸ ਅਕਾਲ ਪੁਰਖੁ ਨੇ ਤੈਨੂੰ ਮਾਂ ਦੇ ਪੇਟ ਵਿੱਚ ਆਪਣਾ ਹੱਥ ਦੇ ਕੇ ਬਚਾਇਆ ਸੀ, ਉਸ ਦੇ
ਨਾਮੁ ਦੇ ਰਸ ਦਾ ਆਨੰਦ ਭੁਲਾ ਕੇ ਤੂੰ ਮਾਇਆ ਦਾ ਜਹਿਰ ਵਾਲਾ ਫਲ ਚੱਖ ਰਿਹਾ ਹੈਂ। ਜਿਸ ਵੇਲੇ ਜਮਦੂਤ
ਆ ਕੇ ਮਾਰੂ ਹਮਲਾ ਕਰਦਾ ਹੈ, ਤਾਂ ਉਸ ਵੇਲੇ ਇਹ ਸਰੀਰ ਦੁੱਖ ਸਹਾਰ ਕੇ ਨਾਸ ਹੋ ਜਾਂਦਾ ਹੈ। ਇਸ ਲਈ
ਮਾਇਆ ਤੇ ਮੋਹ ਦੇ ਜਾਲ ਵਿਚੋਂ ਬਾਹਰ ਨਿਕਲ, ਤੇ ਸਾਰੇ ਝਮੇਲਿਆਂ ਨੂੰ ਛੱਡ ਕੇ, ਗੁਰਬਾਣੀ ਦੁਆਰਾ
ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ।
ਮਾਤ
ਗਰਭ ਮਹਿ ਹਾਥ ਦੇ ਰਾਖਿਆ॥ ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ
(੮੦੫)
ਅਕਾਲ ਪੁਰਖੁ ਆਪ ਹੀ ਮਾਤਾ
ਦੇ ਗਰਬ ਵਿੱਚ ਪਾਲਨਾ ਕਰਨ ਵਾਲਾ ਹੈ, ਤੇ ਆਪ ਹੀ ਰੱਖਿਆ ਕਰਨ ਵਾਲਾ ਹੈ। ਇਸ ਸਬੰਧੀ ਹੋਰ ਬਹੁਤ
ਸਾਰੇ ਸਬਦ ਹਨ, ਜੋ ਕਿ ਹੇਠਾਂ ਸਾਂਝੇ ਕੀਤੇ ਗਏ ਹਨ।
ਰਾਮਕਲੀ ਮਹਲਾ ੫॥
ਇਸੁ ਪਾਨੀ ਤੇ ਜਿਨਿ ਤੂ ਘਰਿਆ॥ ਮਾਟੀ
ਕਾ ਲੇ ਦੇਹੁਰਾ ਕਰਿਆ॥ ਉਕਤਿ ਜੋਤਿ ਲੈ ਸੁਰਤਿ ਪਰੀਖਿਆ॥ ਮਾਤ ਗਰਭ ਮਹਿ ਜਿਨਿ ਤੂ ਰਾਖਿਆ॥
੧॥ ਰਾਖਨਹਾਰੁ ਸਮ੍ਹਾਰਿ ਜਨਾ॥
ਸਗਲੇ ਛੋਡਿ ਬੀਚਾਰ ਮਨਾ॥ ੧॥ ਰਹਾਉ॥ (੯੧੩)
ਮਾਤ
ਗਰਭ ਮਹਿ ਜਿਨਿ ਪ੍ਰਤਿਪਾਲਿਆ॥ ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ॥ ਸਦਾ ਸਦਾ ਜਪੀਐ ਸੋ ਪ੍ਰੀਤਮੁ
ਵਡੀ ਜਿਸੁ ਵਡਿਆਈ ਹੇ॥ ੩॥ (੧੦੭੧)
ਜੀਉ
ਪ੍ਰਾਣ ਤਨੁ ਧਨੁ ਜਿਨਿ ਸਾਜਿਆ॥ ਮਾਤ ਗਰਭ ਮਹਿ ਰਾਖਿ ਨਿਵਾਜਿਆ॥ ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ
ਕਾਹੂ ਸਿਰੈ ਨ ਲਾਵਣਾ॥ ੮॥ (੧੦੮੬)
ਗੁਰੂ ਸਾਹਿਬ ਬਾਰ ਬਾਰ
ਇਹੀ ਸਮਝਾਂਉਦੇ ਹਨ ਕਿ ਜਿਸ ਅਕਾਲ ਪੁਰਖੁ ਨੇ ਤੈਨੂੰ ਮਾਂ ਦੇ ਪੇਟ ਵਿੱਚ ਆਪਣਾ ਹੱਥ ਦੇ ਕੇ ਬਚਾਇਆ,
ਤੇਰੀ ਰੱਖਿਆ ਕੀਤੀ, ਤੈਨੂੰ ਸੰਭਾਲਿਆ, ਉਸ ਅਕਾਲ ਪੁਰਖੁ ਨੂੰ ਚੇਤੇ ਕਰਿਆ ਕਰ, ਉਸ ਦੀ ਵਡਿਆਈ ਕਰਿਆ
ਕਰ, ਉਸ ਨਾਲ ਸਦੀਵੀ ਪ੍ਰੇਮ ਕਾਇਮ ਕਰ। ਇਸ ਲਈ ਹਰ ਸਮੇਂ ਗੁਰਬਾਣੀ ਦੁਆਰਾ, ਉਸ ਅਕਾਲ ਪੁਰਖੁ ਨਾਲ
ਪ੍ਰੇਮ ਪਾ ਤੇ ਉਸ ਦਾ ਨਾਮੁ ਹਮੇਸ਼ਾਂ ਯਾਦ ਕਰਿਆ ਕਰ। ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰੂ ਦੇ ਸ਼ਬਦ
ਦੁਆਰਾ ਆਪਣਾ ਭੋਜਨ ਬਣਾਓ, ਭਾਵ, ਜੀਵਨ ਦਾ ਸਹਾਰਾ ਬਣਾਓ, ਇਹ ਭੋਜਨ ਖਾਧਿਆਂ ਮਨ ਵਿੱਚ ਸਦਾ ਸੰਤੋਖ
ਰਹਿੰਦਾ ਹੈ। ਅਕਾਲ ਪੁਰਖੁ ਦੀ ਵਡਿਆਈਆਂ ਨੂੰ ਆਪਣੀ ਪੁਸ਼ਾਕ ਬਣਾਓ, ਕਿਉਕਿ ਅਜੇਹੀ ਪੁਸ਼ਾਕ ਸਦਾ ਸਾਫ਼
ਰਹਿੰਦੀ ਹੈ ਤੇ ਮਨ ਨੂੰ ਕਦੀ ਮੈਲਾ ਨਹੀਂ ਹੋਣ ਦਿੰਦੀ। ਮਨੁੱਖਾ ਸਰੀਰ ਲਈ ਗੁਰੂ ਦਾ ਸ਼ਬਦ ਇੱਕ ਗਹਣਾ
ਹੈ, ਜਿਸ ਦੀ ਬਰਕਤਿ ਨਾਲ ਸਦਾ ਸੁਖ ਮਿਲਦਾ ਹੈ। ਪਰੰਤੂ ਜਿਸ ਮਨੁੱਖ ਨੂੰ ਅਕਾਲ ਪੁਰਖੁ ਆਪ ਸੋਝੀ
ਦਿੰਦਾ ਹੈ, ਉਹ ਗੁਰੂ ਦੀ ਬਾਣੀ ਦੁਆਰਾ ਜੀਵਨ ਦਾ ਇਹ ਭੇਤ ਸਮਝ ਲੈਂਦਾ ਹੈ।
ਮਃ ੩॥
ਜਿਨਿ ਉਪਾਈ ਮੇਦਨੀ ਸੋਈ ਕਾਰ ਕਰੇਇ॥
ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ॥
(੧੦੯੨)
ਜਿਸ ਅਕਾਲ ਪੁਰਖੁ ਨੇ ਜੀਵ
ਪੈਦਾ ਕੀਤੇ ਹਨ, ਉਹ ਇਸ ਆਤਮਕ ਮੌਤ ਤੋਂ ਬਚਾਣ ਦਾ ਢੰਗ ਵੀ ਜਾਣਦਾ ਹੈ। ਅਕਾਲ ਪੁਰਖੁ ਗੁਰੂ ਦੀ ਸਰਨ
ਪਾ ਕੇ, ਜਿਸ ਮਨੁੱਖ ਨੂੰ ਇਹ ਸੂਝ ਦਿੰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ।
ਅਜੇਹਾ ਮਨੁੱਖ ਗੁਰਬਾਣੀ ਦੁਆਰਾ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ
ਜੋੜੀ ਰੱਖਦਾ ਹੈ।
ਜਿਨਿ
ਉਪਾਏ ਸੋ ਬਿਧਿ ਜਾਣੈ॥ ਗੁਰਮੁਖਿ ਦੇਵੈ ਸਬਦੁ ਪਛਾਣੈ॥ ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ
ਲਾਇਦਾ॥ ੧੬॥ ੨॥ ੧੬॥ (੧੦੬੦)
ਜੇ ਕਰ ਉਪਰ ਲਿਖੀਆਂ,
ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸਮਝ ਸਕਦੇ ਹਾਂ, ਕਿ ਸ੍ਰਿਸ਼ਟੀ ਨੂੰ ਪੈਦਾ
ਕਰਨ ਵਾਲਾ ਅਕਾਲ ਪੁਰਖੁ ਆਪ ਹੀ ਹੈ। ਇਸ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਸ੍ਰਿਸ਼ਟੀ ਦੀ
ਹਾਲਤ ਕਿਸ ਤਰ੍ਹਾਂ ਦੀ ਸੀ, ਉਹ ਸਿਰਫ ਅਕਾਲ ਪੁਰਖੁ ਆਪ ਹੀ ਜਾਣਦਾ ਹੈ। ਵੱਖ ਵੱਖ ਕਿਸਮ ਦੇ ਇਹ
ਸਾਰੇ ਜੀਵ ਅਕਾਲ ਪੁਰਖੁ ਆਪ ਹੀ ਬਣਾਉਂਦਾ ਹੈ, ਤੇ ਆਪ ਹੀ ਨਾਸ ਕਰ ਕੇ, ਫਿਰ ਹੋਰ ਆਪ ਹੀ ਪੈਦਾ
ਕਰਦਾ ਹੈ। ਹਰੇਕ ਸਰੀਰ ਵਿੱਚ ਉਸ ਅਕਾਲ ਪੁਰਖੁ ਦਾ ਪਾਇਆ ਹੋਇਆ ਸੁਆਸ ਚੱਲ ਰਿਹਾ ਹੈ। ਜਿਸ ਮਨੁੱਖ
ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ, ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਜਗਤ ਦੇ
ਤਮਾਸ਼ੇ ਵਿੱਚ ਨਿਰਲੇਪ ਰਹਿੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਨਾਲ ਆਪਣਾ ਮਨ ਜੋੜੀ ਰੱਖਦਾ ਹੈ। ਇਸ
ਜਗਤ ਨੂੰ ਬਣਾਉਂਣ ਲਈ ਅਕਾਲ ਪੁਰਖੁ ਨੇ ਪੰਜ ਤੱਤ ਪਾ ਦਿੱਤੇ, ਇਨ੍ਹਾਂ ਪੰਜ ਤੱਤਾਂ ਸਦਕਾ ਮਨੁੱਖਾ
ਸਰੀਰ ਤਿਆਰ ਹੋਇਆ ਹੈ, ਉਸ ਸਰੀਰ ਦੇ ਅੰਦਰ ਝੂਠ, ਮੋਹ ਤੇ ਗੁਮਾਨ ਆਦਿਕ ਵਿਕਾਰ ਵੀ ਹਨ, ਜੋ ਕਿ
ਮਨੁੱਖ ਨੂੰ ਖੁਆਰ ਕਰਦੇ ਹਨ। ਅਗਿਆਨੀ ਤੇ ਮਨਮੁੱਖ ਇਨ੍ਹਾਂ ਵਿਕਾਰਾਂ ਵਿੱਚ ਫਸ ਕੇ ਭਟਕਦਾ ਹੈ, ਤੇ
ਜੰਮਦਾ ਮਰਦਾ ਰਹਿੰਦਾ ਹੈ। ਜਿਸ ਜੀਵ ਉਤੇ ਅਕਾਲ ਪੁਰਖੁ ਮਿਹਰ ਕਰਦਾ ਹੈ, ਉਸ ਨੂੰ ਆਪਣਾ ਨਾਮੁ
ਬਖ਼ਸ਼ਦਾ ਹੈ, ਤੇ ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਸ੍ਰਿਸ਼ਟੀ ਨੂੰ
ਪੈਦਾ ਕਰਨ ਵਾਲਾ ਅਕਾਲ ਪੁਰਖ ਆਪ ਹੀ ਹੈ ਤੇ ਉਸ ਨੇ ਆਪਣੇ ਹੁਕਮੁ ਰਾਹੀਂ ਇਹ ਸਾਰੀ ਸ੍ਰਿਸ਼ਟੀ ਪੈਦਾ
ਕਰ ਦਿੱਤੀ ਹੈ। ਇਸ ਸ੍ਰਿਸ਼ਟੀ ਤੇ ਸੱਭ ਕੁੱਝ ਉਸ ਦੇ ਹੁਕਮੁ ਅਨੁਸਾਰ ਹੀ ਹੋ ਰਿਹਾ ਹੈ। ਅਕਾਲ ਪੁਰਖੁ
ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ ਹੁਣ ਤਕ ਅਟੱਲ ਹੈ, ਉਹ ਅਗਾਂਹ ਨੂੰ ਵੀ ਉਹੀ ਨਿਆਉਂ
ਕਰੇਗਾ, ਜੋ ਅਟੱਲ ਹੈ। ਅਕਾਲ ਪੁਰਖੁ ਸਦਾ ਦਇਆ ਕਰਨ ਵਾਲਾ ਹੈ, ਉਹ ਸਾਰੇ ਜੀਵਾਂ ਨੂੰ ਸੰਭਾਲਦਾ ਹੈ
ਤੇ ਸਭ ਨੂੰ ਰਿਜਕ ਤੇ ਪਦਾਰਥਾਂ ਦਾ ਦਾਨ ਵੀ ਦਿੰਦਾ ਹੈ। ਜੀਵ ਦੁਨੀਆ ਦੇ ਪਦਾਰਥਾਂ ਵਿਚੋਂ ਆਨੰਦ
ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਅਕਾਲ ਪੁਰਖੁ ਆਪ ਹੈ, ਜੋ ਕਿ ਉਸ ਦੇ ਅੰਦਰ ਵੱਸਦਾ ਹੈ।
ਗੁਰੂ ਸਾਹਿਬਾਂ ਨੇ ਮਨੁੱਖ ਨੂੰ ਸਮਝਾਇਆ ਹੈ ਕਿ, ਜਦੋਂ ਹਰੀ ਨੇ ਆਪਣੀ ਜੋਤਿ ਜੀਵ ਦੇ ਅੰਦਰ ਰੱਖ
ਦਿੱਤੀ, ਤਾਂ ਉਹ ਇਸ ਜਗਤ ਵਿੱਚ ਆਇਆ, ਅਕਾਲ ਪੁਰਖੁ ਜੀਵ ਨੂੰ ਪੈਦਾ ਕਰਕੇ ਜਗਤ ਵਿੱਚ ਭੇਜਦਾ ਹੈ,
ਉਹ ਆਪ ਹੀ ਉਸ ਦੀ ਮਾਂ ਹੈ, ਆਪ ਹੀ ਉਸ ਦਾ ਪਿਤਾ ਹੈ, ਅਕਾਲ ਪੁਰਖੁ ਆਪ ਹੀ ਮਾਪਿਆਂ ਵਾਂਗ ਜੀਵ ਨੂੰ
ਹਰ ਤਰ੍ਹਾਂ ਦਾ ਸੁਖ ਦਿੰਦਾ ਹੈ। ਅਕਾਲ ਪੁਰਖੁ ਆਪ ਹੀ ਮਾਤਾ ਦੇ ਗਰਬ ਵਿੱਚ ਪਾਲਨਾ ਕਰਨ ਵਾਲਾ ਹੈ,
ਤੇ ਆਪ ਹੀ ਰੱਖਿਆ ਕਰਨ ਵਾਲਾ ਹੈ। ਇਸ ਲਈ ਮਾਇਆ ਤੇ ਮੋਹ ਦੇ ਜਾਲ ਵਿਚੋਂ ਬਾਹਰ ਨਿਕਲੋ, ਤੇ ਸਾਰੇ
ਝਮੇਲਿਆਂ ਨੂੰ ਛੱਡ ਕੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਨੂੰ ਚੇਤੇ ਕਰਿਆ ਕਰੋ, ਉਸ ਦੀ ਵਡਿਆਈ ਕਰਿਆ
ਕਰੋ ਤਾਂ ਜੋ ਉਸ ਨਾਲ ਸਦੀਵੀ ਪ੍ਰੇਮ ਕਾਇਮ ਹੋ ਸਕੇ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
(ਡਾ: ਸਰਬਜੀਤ ਸਿੰਘ)
ਆਰ ਐਚ ੧/ਈ - ੮, ਸੈਕਟਰ - ੮,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
http://sarbjitsingh.bravehost.com,
http://www.sikhmarg.com/article-dr-sarbjit.html
|
. |