ਮਨਮੁਖਾਂ ਨੋ ਫਿਰਿ ਜਨਮੁ ਹੈ
ਦੋ ਦੂਣੀ ਚਾਰ ਵਾਂਗ ਅਟੱਲ ਸਚਾਈ ਹੈ ਕਿ ਗੁਰਬਾਣੀ ਵਰਤਮਾਨ ਜੀਵਨ ਜਿਉਣ ਦੀ
ਰਾਹ ਨੁਮਾਈ ਕਰਦੀ ਹੈ। ਜ਼ਿੰਦਗੀ ਦੇ ਪਿੱਛਲਿਆ ਤਜ਼ਰਬਿਆਂ ਤੋਂ ਕੁੱਝ ਸਿੱਖਣ ਦਾ ਅਦੇਸ਼ ਦੇਂਦੀ ਹੈ ਤਾਂ
ਕਿ ਤੇਰਾ ਅਉਣ ਵਾਲਾ ਭਵਿੱਖ ਉੱਜਲ ਹੋਵੇ।
ਜੇ ਇੱਕ ਸਤਰ ਵਿੱਚ ਉੱਤਰ ਦੇਣਾ ਹੋਵੇ ਕਿ ਗੁਰਬਾਣੀ ਸਮੁੱਚੀ ਦੁਨੀਆਂ ਕੀ
ਉਪਦੇਸ਼ ਦੇਂਦੀ ਹੈ?
ਤਾਂ ਇਸ ਦਾ ਬੜੇ ਸਰਲ ਸ਼ਬਦਾਂ ਵਿੱਚ ਉੱਤਰ ਹੋਏਗਾ ਕਿ ਗੁਰਬਾਣੀ ਸਾਰੀ
ਮਨੁੱਖਤਾ ਨੂੰ ‘ਸਚਿਆਰ` ਬਣਨ ਦਾ ਉਪਦੇਸ਼ ਦੇਂਦੀ ਹੈ। ਜਪੁ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ
ਨੇ ਸਵਾਲ ਉਠਾਇਆ ਹੈ ਕਿ ਅਸੀਂ ਸਚਿਆਰ ਮਨੁੱਖ ਕਿਵੇਂ ਬਣਨਾ ਹੈ।
ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ।।
ਜਪੁ ਬਾਣੀ ਗੁਰੂ ਨਾਨਕ ਸਾਹਿਬ ਜੀ
ਇਸ ਤੁਕਾਂ ਵਿੱਚ ਸਵਾਲ ਉਠਾਇਆ ਹੈ ਕਿ ਅਸੀਂ ਕਿਸ ਤਰ੍ਹਾਂ ਸਚਿਆਰ ਬਣ ਸਕਦੇ
ਹਾਂ ਕਿ ਸਾਡੇ ਅੰਦਰੋਂ ਕੂੜ ਦੀ ਦੀਵਾਰ ਢਹਿ ਜਾਏ ਭਾਵ ਟੁੱਟ ਜਾਏ। ਕੂੜ ਦੀ ਦੀਵਾਰ ਢਹਿ ਜਾਣ ਨਾਲ
ਹੀ ਸਚਿਆਰ ਦਾ ਰਸਤਾ ਖੁਲ੍ਹਦਾ ਹੈ। ਦੂਸਰੀ ਤੁਕ ਵਿੱਚ ਗੁਰੂ ਸਾਹਿਬ ਜੀ ਨੇ ਸਪਸ਼ਟ ਸ਼ਬਦਾਂ ਨਾਲ
ਸਮਝਾਇਆ ਹੈ ਹੁਕਮ ਵਿੱਚ ਤੁਰਿਆ ਕੂੜ ਦੀ ਕੰਧ ਟੁੱਟ ਸਕਦੀ ਹੈ।
ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ।।
ਹੁਕਮ ਦਾ ਅਰਥ ਸਮਝ ਵਿੱਚ ਆਉਂਦਾ ਹੈ ਜੁਗਤ ਤਰੀਕੇ ਨਾਲ ਵਿਚਰਣਾ, ਨਿਯਮਾਂ
ਨੂੰ ਧਿਆਨ ਵਿੱਚ ਰੱਖ ਕੇ ਚੱਲਣਾ। ਅਨੁਸ਼ਾਸ਼ਨ ਦੀ ਹਰ ਵੇਲੇ ਪਾਲਣਾ ਕਰਦੇ ਰਹਿਣਾ। ਕਨੇਡਾ ਵਰਗੇ
ਵਿਕਸਤ ਮੁਲਕਾਂ ਨੂੰ ਦੇਖਿਆਂ ਪਤਾ ਲੱਗਦਾ ਹੈ ਕਿ ਸਾਰੀ ਜੰਤਾ ਸਰਕਾਰੀ ਹੁਕਮਾਂ ਨੂੰ ਖਿੜੇ ਮੱਥੇ
ਮੰਨਦੀ ਹੈ। ਸੜਕਾਂ ਦੇ ਨਿਯਮਾਂ ਦੀ ਹਰ ਇਨਸਾਨ ਪਾਲਣਾ ਕਰਨ ਵਿੱਚ ਆਪਣਾ ਪਰਮ ਧਰਮ ਸਮਝਦਾ ਹੈ। ਜਦੋਂ
ਬੰਦੇ ਵਿੱਚ ਹੰਕਾਰ ਹੁੰਦਾ ਹੈ ਤਾਂ ਇਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਕਨੂੰਨ ਕਾਇਦੇ ਤੋੜਦਾ
ਰਹਿੰਦਾ ਹੈ। ਕੂੜ ਦੀ ਕੰਧ ਟੁੱਟਣ ਦਾ ਅਰਥ ਹੈ ਆਪਣੇ ਮਨ ਦੇ ਅਧਾਰ `ਤੇ ਬਣਾਏ ਹੰਕਾਰੀ ਖ਼ਿਆਲਾਂ ਨੂੰ
ਤੋੜਨਾ। ਕੁਦਰਤੀ ਗੱਲ ਹੈ ਜਿਹੜਾ ਕਨੂੰਨ ਤੋੜਦਾ ਹੈ, ਉਸ ਨੂੰ ਟਿਕਟ ਵੀ ਮਿਲਦੀ ਹੈ। ਬਾਰ ਬਾਰ
ਕਨੂੰਨ ਤੋੜਨ ਵਾਲੇ ਨੂੰ ਬਾਰ ਬਾਰ ਟਿਕਟ ਮਿਲਦੀ ਹੈ।
ਦੂਸਰੇ ਪਾਸੇ ਕਨੂੰਨ ਦੀ ਪਾਲਣਾ ਕਰਨ ਵਾਲੇ ਨੂੰ ਕਦੇ ਕਿਸੇ ਨੇ ਟਿਕਟ ਨਹੀਂ
ਦਿੱਤੀ। ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਬਹੁਤ ਘੱਟ ਉਲਝਣਾਂ ਨਾਲ ਜੂਝਣਾ ਪੈਂਦਾ ਹੈ। ਸਾਡਿਆਂ
ਪਰਵਾਰਾਂ ਵਿੱਚ ਜਦੋਂ ਕੋਈ ਬੱਚਾ ਨੇਕ ਕਰਮ ਕਰਦਾ ਹੈ ਤਾਂ ਆਂਢੀ-ਗਵਾਂਢੀ ਵੀ ਸਿਫਤ ਕਰਨੋਂ ਨਹੀਂ
ਰਹਿ ਸਕਦੇ। ਗੁਰੂ ਅਰਜਨ ਪਾਤਸ਼ਾਹ ਜੀ ਦਾ ਫਰਮਾਣ ਹੈ ਕਿ ਨੇਕ ਰਾਹਾਂ ਦੇ ਪਾਂਧੀ ਦੀ ਸਾਰੇ ਸਿਫਤ
ਕਰਦੇ ਹਨ।
ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।
ਮਾਝ ਮਹਲਾ ੫ ਪੰਨਾ ੧੩੬
ਮੋਟੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਵਰਤਮਾਨ ਜੀਵਨ ਵਿੱਚ
ਵਿਚਰਨ ਦਾ ਉਪਦੇਸ਼ ਦੇਂਦਿਆਂ ਸਮਝਾ ਰਹੀ ਕਿ ਜੇ ਹੱਥਲੇ ਜੀਵਨ ਵਿੱਚ ਸਮੇਂ ਦੀ ਪਹਿਛਾਣ ਕਰਕੇ ਆਪਣੀ
ਜ਼ਿੰਮੇਵਾਰੀ ਦੀ ਸੰਭਾਲ਼ ਕਰੇਂਗਾ ਤਾਂ ਤੇਰਾ ਆਉਣ ਵਾਲਾ ਜੀਵਨ ਸੁੱਖਦਾਇਕ ਹੋਵੇਗਾ। ਜ਼ਿੰਦਗੀ ਵਿੱਚ
ਵਿਚਰਣ ਦਾ ਅਰਥ ਹੈ ਦੁੱਖ ਸੁੱਖ ਦੀ ਸਮਝ ਆ ਜਾਣੀ। ਦੁਨੀਆਂ ਵਿੱਚ ਜੋ ਲੋਕ ਭਵਿੱਖਤ ਦੀ ਰਣ ਨੀਤੀ
ਅਪਨਾ ਕੇ ਚੱਲਦੇ ਹਨ ਉਹ ਆਪਣੀ ਮੰਜ਼ਲ ਦਾ ਰਾਹ ਸੌਖਾ ਕਰ ਲੈਂਦੇ ਹਨ।
“ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ
ਸਜਾਇ”।। ਪਿਆਸ ਨੂੰ ਮਿਟਾਉਣ ਲਈ ਖੂਹ ਪਹਿਲਾਂ
ਪੁੱਟਣਾ ਪਏਗਾ। ਇਹ ਕਦੇ ਨਹੀਂ ਹੋਇਆ ਜਦੋਂ ਪਿਆਸ ਲੱਗੇਗੀ ਓਦੋਂ ਟੂਟੀਆਂ ਦਾ ਪ੍ਰਬੰਧ ਕਰ ਲਿਆ
ਜਾਏਗਾ। ਗੁਰੂ ਰਾਮਦਾਸ ਜੀ ਆਸਾ ਰਾਗ ਵਿੱਚ ਸਮੇਂ ਦੀ ਸੰਭਾਲ ਕਰਨ ਸਬੰਧੀ ਕਿੰਨੀ ਪਿਆਰੀ ਜਾਚ ਦੱਸ
ਰਹੇ ਹਨ---
ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ।।
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ।।
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ।।
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ।।
ਰਾਗ ਆਸਾ ਮਹਲਾ ੪ ਪੰਨਾ ੪੫੦
ਪਹਿਲੀ ਤੁਕ ਵਿੱਚ
“ਜਿਨੀ ਐਸਾ ਹਰਿ ਨਾਮੁ ਨ ਚੇਤਿਓ”
ਆਇਆ ਹੈ। ਨਾਮ ਦਾ ਅਰਥ ਹੈ ਕਿਸੇ ਵਸਤੂ ਦਾ ਬੋਧ
ਕਰਾਉਣ ਵਾਲਾ ਸ਼ਬਦ, ਨਾਮ ਦਾ ਅਰਥ ਅੰਗੀਕਾਰ ਵੀ ਹੈ, ਤੇ ਨਾਮ ਦਾ ਅਰਥ ਮਸ਼ਹੂਰੀ ਤੇ ਪ੍ਰਸਿੱਧੀ ਵੀ
ਹੈ। ਮੰਨ ਲਓ ਇੱਕ ਬੱਚਾ ਮਿਸ਼ਨਰੀ ਕਾਲਜ ਵਿੱਚ ਕਥਾਵਾਚਕ ਬਣਨ ਲਈ ਦਾਖਲਾ ਲੈਂਦਾ ਹੈ ਤੇ ਦੋ ਸਾਲ
ਵਿੱਚ ਕਥਾ ਨਹੀਂ ਸਿੱਖ ਸਕਿਆ, ਪਾਠ ਕਰਨਾ ਨਹੀਂ ਸਿਖ ਸਕਿਆ, ਅਰਦਾਸ ਕਰਨੀ ਉਹ ਨਹੀਂ ਸਿਖ ਸਕਿਆ
ਹੁਕਮ ਨਾਮਾ ਲੈਣਾ ਉਸ ਨੂੰ ਨਾ ਆਇਆ। ਕੀ ਉਹਦਾ ਕਾਲਜ ਵਿੱਚ ਆਉਣਾ ਕੋਈ ਲਾਭਦਾਇਕ ਹੈ? ਸਭ ਦਾ ਉੱਤਰ
ਹੋਏਗਾ ਇਨ੍ਹੇ ਸਮਾਂ ਹੀ ਬਰਬਾਦ ਕੀਤਾ ਹੈ। ਕਈ ਦਫ਼ਾ ਤਾਂ ਮਾਪੇ ਏਨੇ ਦੁਖੀ ਹੁੰਦੇ ਹਨ ਕਿ ਉਹ ਸਾਡੇ
ਸਾਹਮਣੇ ਹੀ ਕਹਿ ਦੇਂਦੇ ਹਨ ਕਿ ਜੇ ਤੂੰ ਏੱਥੇ ਆ ਕੇ ਵੀ ਮਿਹਨਤ ਨਹੀਂ ਕੀਤੀ ਤਾਂ ਤੂੰ ਜੰਮਦਾ ਹੀ
ਮਰ ਜਾਂਦਾ ਤਾਂ ਚੰਗਾ ਸੀ ਤੇਰੇ ਸੰਸਾਰ ਵਿੱਚ ਆਉਣ ਦਾ ਕੀ ਲਾਭ ਹੈ। ਤੂੰ ਜੰਮ ਕੇ ਕੀ ਕੀਤਾ ਈ? ਜਿਸ
ਸੁਸਾਇਟੀ ਵਿਚੋਂ ਆਇਆ ਸੀ ਉਹ ਫਿਰ ਓਸੇ ਸੁਸਾਇਟੀ ਵਿੱਚ ਹੀ ਚਲਿਆ ਗਿਆ। ਕੰਮਚੋਰਾਂ ਦੀਆਂ ਦੁਨੀਆਂ
ਵਿਚੋਂ ਆਇਆ ਸੀ, ਕੰਮਚੋਰਾਂ ਦੀ ਦੁਨੀਆਂ ਵਿੱਚ ਹੀ ਚਲਾ ਗਿਆ।
“ਜਿਨੀ ਐਸਾ ਹਰਿ ਨਾਮੁ ਨ ਚੇਤਿਓ”
ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ
ਸਮਝਿਆ, ਨਾ ਹੀ ਸੰਭਾਲ਼ਿਆ ਹੈ ਫਿਰ ਦੱਸ ਤੈਨੂੰ ਸੰਸਾਰ ਵਿੱਚ ਆਉਣ ਦਾ ਕੀ ਲਾਭ ਹੋਇਆ ਹੈ। ‘ਹਰਿ
ਨਾਮ` ਰੱਬੀ ਗੁਣ ਭਾਵ ਰੱਬ ਜੀ ਦੇ ਗੁਣਾਂ ਨੂੰ ਆਪਣੇ ਚੇਤੇ ਵਿੱਚ ਲਿਆਂਦਾ ਹੀ ਨਹੀਂ ਹੈ। ਹਰਿ ਨਾਮ
ਚੇਤੇ ਵਿੱਚ ਕਰਨ ਦਾ ਭਾਵ ਅਰਥ ਹੈ ਮਨ ਲਾ ਕੇ ਇਮਾਨਦਾਰੀ ਨਾਲ ਕੰਮ ਕਰਨਾ
“ਕਾਹੇ ਜਗਿ ਆਏ ਰਾਮ ਰਾਜੇ”
ਜੇ ਕਥਾ ਸਿੱਖਣ ਦੀ ਭਾਵਨਾ ਨਾਲ ਤੂੰ ਦਾਖਲ ਹੋਇਆ
ਸੀ, ਪਰ ਤੂੰ ਤਾਂ ਸਾਰਾ ਸਾਲ ਆਪਣੇ ਕੰਮ ਵਲੋਂ ਕੰਨੀ ਹੀ ਕਤਰਾਉਂਦਾ ਰਿਹਾ ਏਂ। ਤੂੰ ਆਪ ਹੀ ਧਿਆਨ
ਨਾਲ ਦੇਖ ਕੇ ਤੇਰੇ ਕਾਲਜ ਵਿੱਚ ਆਉਣ ਦਾ ਨਾ ਤਾਂ ਤੇਰੇ ਮਾਪਿਆ ਨੂੰ ਲਾਭ ਹੋਇਆ ਹੈ ਤੇ ਨਾ ਹੀ ਕਾਲਜ
ਵਾਲਿਆਂ ਨੂੰ ਇੱਕ ਚੰਗਾ ਵਿਦਿਆਰਥੀ ਮਿਲ ਸਕਿਆ। ਇਹਦਾ ਭਾਵ ਹੈ ਤੂੰ ਧਰਤੀ ਤੇ ਤੁਰਿਆ ਫਿਰਦਾ ਇੱਕ
ਬੋਝ ਹੀ ਏਂ। ਇੱਕ ਵਿਦਿਆਰਥੀ ਐਸਾ ਵੀ ਆਇਆ ਜਿਸ ਦੀ ਪੜ੍ਹਨ ਵਿੱਚ ਰੁੱਚੀ ਨਾ ਮਾਤਰ ਸੀ ਪਰ ਕੀਰਤਨ
ਦਰਬਾਰਾਂ ਦੀ ਹਾਜ਼ਰੀ ਪੂਰੀ ਤਰ੍ਹਾਂ ਭਰਦਾ ਸੀ। ਰਾਤਾਂ ਨੂੰ ਕਈ ਵਾਰੀ ਚੋਰੀ ਕਾਲਜ ਤੋਂ ਭੱਜ ਜਾਣਾ
ਉਹਦਾ ਮੰਨ ਭਾਉਂਦਾ ਸ਼ੌਂਕ ਸੀ। ਉਹਨੂੰ ਸਮਝ ਹੋਣ ਦੇ ਬਾਵਜੂਦ, ਤੇ ਆਪਣੀ ਗਲਤੀ ਦੇ ਅਹਿਸਾਸ ਹੋ ਜਾਣ
`ਤੇ ਵੀ ਉਹ ਸੁਧਰਨ ਦਾ ਨਾਂ ਨਹੀਂ ਲੈਂਦਾ ਸੀ। ਅਖੀਰ ਉਹਦੇ ਪਿਤਾ ਜੀ ਨੇ ਆਪ ਕਿਹਾ ਕੇ ਮੇਰੇ ਬੱਚੇ
ਤੈਨੂੰ ਕਾਲਜ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ। ਅਖੀਰ ਉਹਨੂੰ ਕਾਲਜ ਛੱਡਣਾ ਪਿਆਂ। ਏਦ੍ਹਾਂ ਦਾ
ਹੀ ਉਹ ਇਨਸਾਨ ਹੈ ਜਿਸ ਨੇ ਸਾਰੀ ਜ਼ਿੰਦਗੀ ਸਮੇਂ ਦੀ ਸੰਭਾਲ ਨਹੀਂ ਕੀਤੀ। ਅਜੇਹੇ ਮਨੁੱਖ ਨੇ ਸਮਾਜ
ਤੇ ਬੋਝ ਹੀ ਪਾਇਆ ਹੋਇਆ ਹੈ। ਜੇ ਬੱਚਿਆ ਤੂੰ ਕਾਲਜ ਵਿੱਚ ਆ ਕੇ ਮਿਹਨਤ ਨਹੀਂ ਕਰਨੀ ਸੀ ਤਾਂ ਤੈਨੂੰ
ਇੱਕ ਸੀਟ ਖਰਾਬ ਕਰਨ ਦਾ ਵੀ ਕੋਈ ਹੋਕ ਨਹੀਂ ਸੀ।
ਮਨੁੱਖਾ ਜਨਮ ਨੂੰ ਕੀਮਤੀ ਕਿਹਾ ਹੈ
“ਇਹੁ ਮਾਣਸ ਜਨਮੁ ਦੁਲੰਭੁ ਹੈ”
ਅਰਥ--ਜਿਸ ਦਾ ਪ੍ਰਾਪਤ ਕਰਨਾ ਅਸਾਨ ਨਾ ਹੋਵੇ।
ਮੈਂ ਇੱਕ ਵਾਰ ਅਮਰੀਕਾ ਆਉਣਾ ਸੀ ਮੇਰੇ ਇੱਕ ਵਾਕਫ਼ਕਾਰ ਪਰਵਾਰ ਨੇ ਕਿਹਾ ਕਿ “ਭਾਈ ਸਾਹਿਬ ਜੀ ਤੁਸੀਂ
ਅਮਰੀਕਾ ਚੱਲੇ ਜੇ, ਆ ਸਾਡੇ ਬਾਲੂ ਦਾ ਟੈਲੀਫੂਨ ਨੰਬਰ ਜੇ, ਜੇ ਉਹ ਤੂਹਾਨੂੰ ਕਿਤੇ ਮਿਲੇ ਤਾਂ
ਉਹਨੂੰ ਕਹਿਣਾ ਹੁਣ ਤੇਰੀਆਂ ਬੇਟੀਆਂ ਵਿਆਹੁਣ ਯੋਗ ਹੋ ਗਈਆਂ ਨੇ, ਕੁੱਝ ਪੈਸੇ ਘਰ ਭੇਜਦੇ ਤਾਂ ਕਿ
ਅਸੀਂ ਹੀ ਉਹਦੇ ਸਿਰ ਦਾ ਕੁੱਝ ਭਾਰ ਹੌਲ਼ਾ ਕਰ ਸਕੀਏ”।
ਕੁਦਰਤੀ ਬਾਲੂ ਜੀ ਨੂੰ ਮੇਰਾ ਟੈਲੀਫੁਨ ਮਿਲ ਗਿਆ। ਮੈਂ ਬਾਲੂ ਜੀ ਨੂੰ
ਪੁੱਛਿਆ ਕਿ “ਕਿੰਨੀ ਕੁ ਆਮਦਨ ਹੋ ਜਾਂਦੀ ਹੈ” ਤਾਂ ਅੱਗੋਂ ਬਾਲੂ ਜੀ ਬਣਾ ਸਵਾਰ ਕੇ ਕਹਿੰਦੇ ਕਿ
“ਮੈਨੂੰ ਇੱਕ ਮਹੀਨੇ ਵਿੱਚ ਭਾਰਤ ਦਾ ਦੋ ਕੁ ਲੱਖ ਬਣ ਜਾਂਦਾ ਹੈ, ਪਰ ਮੇਰਾ ਪੂਰਾ ਨਹੀਂ ਫਟਦਾ”।
ਪਤਾ ਲੱਗਿਆ ਕਿ ਬਾਲੂ ਜੀ ਨੂੰ ਕਈ ਪ੍ਰਕਾਰ ਦੇ ਐਬ ਲੱਗੇ ਹੋਏ ਸਨ। ਕਈ ਵਾਰੀ ਇਕੋ ਰਾਤ ਵਿੱਚ ਹੀ ਦੋ
ਹਜ਼ਾਰ ਡਾਲਰ ਫੂਕ ਆਉਂਦਾ ਸੀ। ਵਾਕਿਆ ਹੀ ਵਿਚਾਰੇ ਦਾ ਕੁੱਝ ਵੀ ਨਹੀਂ ਬਣਦਾ ਹੋਣਾ। ਉਹਨੂੰ ਸਮਝਾਉਣ
ਦਾ ਯਤਨ ਕੀਤਾ ਕਿ ਭਾਈ ਜੀਵਨ ਬੜਾ ਕੀਮਤੀ ਹੈ, ਤੇਰੇ ਪਰਵਾਰ ਵਾਲਿਆਂ ਨੇ ਦਸ ਲੱਖ ਦਾ ਓੜ-ਪੋੜ ਕਰਕੇ
ਤੈਨੂੰ ਬਾਹਰ ਭੇਜਿਆ ਸੀ ਕਿ ਤੂੰ ਗਰੀਬੀ ਦੀ ਲੀਰਾਂ ਤੋਂ ਛੁੱਟਕਾਰਾ ਦਿਵਾਏਂਗਾ ਪਰ ਤੂੰ ਆਪ ਹੀ
ਐਬਾਂ ਨਾਲ ਭਰਿਆ ਪਿਆ ਏਂ। ਵਾਕਿਆ ਹੀ ਮਨੁੱਖਾ ਜੀਵਨ ਕੀਮਤੀ ਹੈ ਕਿਉਂਕਿ ਏਦ੍ਹੀਆਂ ਕੁੱਝ
ਜ਼ਿੰਮੇਵਾਰੀਆਂ ਹਨ ਆਪਣੇ ਫ਼ਰਜ਼ ਦੀ ਪਹਿਛਾਣ ਕਰਨ ਦਾ ਯਤਨ ਕਰਨਾ ਹੈ। ਦੇਖ ਮਨੁੱਖਾ ਜੀਵਨ ਬੜਾ ਕੀਮਤੀ
ਹੈ ਇਸ ਨੂੰ ਅਜਾਂਈ ਨਾ ਗਵਾ।
“ਨਾਮ ਬਿਨਾ ਬਿਰਥਾ ਸਭੁ ਜਾਏ”
ਵਿਅਰਥ ਵਿੱਚ ਜੀਵਨ ਗਵਾਉਣਾ। ਨਸ਼ਿਆਂ ਦਾ ਆਦੀ
ਹੋਣਾ। ਜ਼ਿੰਦਗੀ ਦੀ ਅਸਲੀਆਤ ਛੱਡ ਜਾਣੀ। ਬਾਲੂ ਨਾਲ ਪਰਵਾਰਕ ਮਸਲੇ `ਤੇ ਲੰਮੇਰੀ ਗਲਬਾਤ ਹੋਈ।
ਉਹਨੂੰ ਕਿਹਾ ਕਿ ਤੂੰ ਅਮਰੀਕਾ ਆਉਣ ਦਾ ਕੋਈ ਲਾਭ ਲੈਣ ਦਾ ਯਤਨ ਕਰ ਤੂੰ ਤੇ ਆਪ ਹੀ ਰੁੜਿਆ ਫਿਰਦਾ
ਏਂ। ਜਵਾਨ ਦੂੰਹ ਧੀਆਂ ਦਾ ਮੈਂ ਉਹਨੂੰ ਵਾਸਤਾ ਪਾਇਆ ਤਾਂ ਉਹਨੇ ਆਪਣੇ ਘਰ ਵਲ ਦੇਖਣ ਦਾ ਯਤਨ ਕੀਤਾ।
ਪਰਵਾਰ ਨੇ ਦੱਸਿਆ ਸੀ ਕਿ ਹੁਣ ਉਹ ਪੈਸੇ ਭੇਜਦਾ ਹੈ। ਅਮਰੀਕਾ ਵਿੱਚ ਆ ਕੇ ਪੈਸੇ ਕਮਾ ਕੇ ਵੀ ਆਪਣੇ
ਫ਼ਰਜ਼ ਦੀ ਪਹਿਛਾਣ ਭੁੱਲ ਗਿਆ ਸੀ। ਮਨੁੱਖਾ ਜੀਵਨ ਬਹੁਤ ਕੀਮਤੀ ਹੈ। ਲਾਲ ਦੀ ਓਹੀ ਕਦਰ ਕਰ ਸਕਦਾ ਹੈ
ਜਿਸ ਨੂੰ ਪਹਿਛਾਣ ਹੈ, ਦੂਜੇ ਲਈ ਤਾਂ ਪੱਥਰ ਹੀ ਹੈ। ਗੁਰਬਾਣੀ ਦੀਆਂ ਇਹ ਕੀਮਤੀ ਤੁਕਾਂ ਹਰ ਇਨਸਾਨ
ਦੇ ਵਰਤਮਾਨ ਜੀਵਨ `ਤੇ ਢੁੱਕਦੀਆਂ ਹਨ। ਮਨੁੱਖਾ ਜ਼ਿੰਦਗੀ ਬਹੁਤ ਕੀਮਤੀ ਹੈ। ਦੂਜੇ ਪਾਸੇ ਸ਼ਹਾਦਤਾਂ
ਦੇਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਵੀ ਲੱਗੀਆਂ ਹੋਈਆਂ ਹਨ।
“ਨਾਮ ਬਿਨਾ ਬਿਰਥਾ ਸਭੁ ਜਾਏ”
ਉਹਨਾਂ ਨੂੰ ਪਤਾ ਹੈ ਕਿ ਇੱਕ ਪਾਸੇ ਜ਼ਿੰਦਗੀ ਜਿਉਣ
ਦਾ ਸੁਖਾਲ਼ਾ ਰਸਤਾ ਹੈ ਜੇ ਹਕੂਮਤ ਨਾਲ ਸਮਝਾਉਤਾ ਹੋ ਜਾਏ ਤਾਂ ਸਾਰੇ ਸੁੱਖ ਅਰਾਮ ਮਿਲ ਸਕਦੇ ਹਨ। ਪਰ
ਸਿਧਾਂਤ ਤੋਂ ਬਿਨਾ ਸਾਰਾ ਕੁੱਝ ਵਿਅਰਥ ਵਿੱਚ ਹੀ ਗਵਾਚ ਜਾਂਦਾ ਹੈ। ਸ਼ਹੀਦ ਦੇ ਸਾਹਮਣੇ ਸੱਚਾ ਅਦਰਸ਼
ਮੁੱਖ ਹੁੰਦਾ ਹੈ ਨਾ ਕਿ ਜੀਵਨ ਜਿਉਣਾ। ਮਨੁੱਖਾ ਜੀਵਨ ਬਹੁਤ ਕੀਮਤੀ ਹੈ ਪਰ ਅਣਖ ਗ਼ੈਰਤ ਤੋਂ ਬਿਨ ਸਭ
ਵਿਅਰਥ ਹੀ ਹੈ।
ਸਰਕਾਰਾਂ ਫਸਲਾਂ ਦੀਆਂ ਕੀਮਤ ਤਹਿ ਕਰਦੀਆਂ ਹਨ। ਚੰਗੀ ਫਸਲ ਦੀ ਚੰਗੀ ਕੀਮਤ
ਹੁੰਦੀ ਹੈ ਪਰ ਮਾੜੀ ਫਸਲ ਦਾ ਕੋਈ ਗਾਹਕ ਹੀ ਨਹੀਂ ਹੁੰਦਾ। ਇੱਕ ਹੋਰ ਮਿਸਾਲ ਸਮਝੀਏ ਮੰਨ ਲਓ ਕੋਈ
ਮਾਮਾ ਆਪਣੀ ਭਾਣਵੀਂ ਦੇ ਵਿਆਹ `ਤੇ ਜਾਂਦਾ ਹੈ। ਉੱਥੇ ਜਾ ਕੇ ਮਾਮੇ ਨੇ ਆਪਣੇ ਭਹਿਨੋਈ ਨਾਲ ਕਈ ਕੰਮ
ਕਰਾਉਣੇ ਸੀ ਪਰ ਮਾਮਾ ਗਲਾਸੀਆਂ ਚਾੜ੍ਹ ਕੇ ਟੁੰਨ ਹੋਇਆ ਫਿਰੇ ਤਾਂ ਸਕੀ ਭੈਣ ਹੀ ਕਹੀ ਜਾਏਗੀ “ਇਹ
ਲੈਣ ਕੀ ਆਇਆ ਸੀ ਏੱਥੇ? ਭਾਵੇਂ ਮੇਰਾ ਵੀਰ ਹੀ ਹੈ ਪਰ ਕੁੜਮਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ
ਚਲਿਆ ਹੀ ਜਾਏ ਤਾਂ ਚੰਗਾ ਹੈ”। ਭਾਂਵੇ ਮਾਮਾ ਜੀ ਕੀਮਤੀ ਹਨ ਪਰ ਮਾਮੇ ਵਾਲੀ ਗੁਣਵੱਤਾ ਕੋਈ ਨਹੀਂ
ਹੈ। ਮਾਮੇ ਨੇ ਆਪਣੇ ਤੇ ਭੈਣ ਦੇ ਸਾਰੇ ਪਰਵਾਰ ਦੀ ਕਿਰਕਰੀ ਕੀਤੀ ਹੋਈ ਹੈ।
ਇਸ ਵਾਕ ਦੀ ਤੀਸਰੀ ਤੁਕ ਵਿੱਚ ਗੁਰੂ ਸਾਹਿਬ ਜੀ ਨੇ ਵੱਤਰ ਸੰਭਾਲਣ ਦੀ ਗੱਲ
ਕਹੀ ਹੈ। ਜਿੰਨ੍ਹਾ ਨੇ ਕਿਰਸਾਨੀ ਕੀਤੀ ਹੈ ਉਹਨਾਂ ਨੂੰ ਪਤਾ ਹੈ ਜੇ ਕਿਸੇ ਵੀ ਫਸਲ ਦੀ ਬਿਜਾਈ ਕਰਨੀ
ਹੈ ਤਾਂ ਓਦ੍ਹੇ ਲਈ ਜ਼ਮੀਨ ਵਿੱਚ ਨਮੀ ਦੀ ਮਿਕਦਾਰ ਜ਼ਰੂਰ ਹੋਣੀ ਚਾਹੀਦੀ ਹੈ। ਜੇ ਕਣਕ ਬੀਜਣੀ ਹੈ ਤਾਂ
ਜ਼ਮੀਨ ਵਿੱਚ ਨਿਰਧਾਰਤ ਸਿਲ੍ਹ ਚਾਹੀਦੀ ਹੈ। ਜੇ ਨਿਰਧਾਰਤ ਸਿਲ੍ਹ ਨਹੀਂ ਹੈ ਤਾਂ ਬੀਜਿਆ ਹੋਇਆ ਬੀਜ
ਬਹੁਤ ਥੋੜਾ ਜਨਮ ਲੈਂਦਾ ਹੈ। ਸਰੀਰ ਨਾਲ ਪੂਰੀ ਮਸ਼ੱਕਤ ਕਰਦਿਆਂ, ਨਹਿਰੀ ਪਾਣੀ ਨਾਲ ਪੂਰੀ ਤਰ੍ਹਾਂ
ਘੁਲ਼ਦਿਆਂ ਬੰਬੀ ਦਾ ਬਿਲ ਦੇਂਦਿਆਂ ਕਿਰਸਾਨ ਆਪਣੀ ਭੋਂਇ ਨੂੰ ਪਾਣੀ ਦੇਂਦਾ ਹੈ। ਫਿਰ ਇਸ ਉਡੀਕ ਵਿੱਚ
ਬੈਠਦਾ ਹੈ ਕਿ ਕਦੋਂ ਮੇਰੀ ਪੈਲੀ ਵੱਤਰ ਵਿੱਚ ਆਉਂਦੀ ਹੈ ਤੇ ਮੈਂ ਆਪਣੀ ਪੈਲ਼ੀ ਨੂੰ ਤਿਆਰ ਕਰਕੇ ਕਣਕ
ਦੀ ਫਸਲ ਬੀਜਾਂ। ਪੰਜਾਂ ਸੱਤਾਂ ਦਿਨਾਂ ਉਪਰੰਤ ਪੈਲੀ ਵੱਤਰ ਵਿੱਚ ਆ ਜਾਂਦੀ ਹੈ। ਜਦੋਂ ਜ਼ਮੀਨ ਵੱਤਰ
ਵਿੱਚ ਆ ਜਾਏ ਤੇ ਕਿਰਸਾਨ ਆਖੇ ਮੈਂ ਵਾਂਢਿਓਂ ਹੋ ਆਂਵਾਂ। ਅਜੇਹੀ ਅਵਸਥਾ ਦਾ ਨਤੀਜਾ ਸਭ ਦੇ ਸਾਹਮਣੇ
ਹੈ। ਕਿਰਸਾਨ ਦੇ ਵਾਂਢਿਓਂ ਆਉਂਦਿਆਂ ਨੂੰ ਵੱਤਰ ਲੰਘ ਜਾਏ ਤਾਂ ਕਿਰਸਾਨ ਭੁੱਖਾ ਹੀ ਮਰੇਗਾ।
“ਹੁਣਿ ਵਤੈ ਹਰਿ ਨਾਮੁ ਨ ਬੀਜਿਓ”
ਸਮੇਂ ਦੀ ਸਹੀ ਸੰਭਾਲ਼ ਹੈ। ਹਰ ਕੰਮ ਨੂੰ ਸਮਾਂ
ਬੱਧ ਕਰਨ ਦਾ ਭਰਵਾਂ ਪੈਗ਼ਾਮ ਹੈ। ਜਿਹੜਾ ਵਿਦਿਆਰਥੀ ਰੋਜ਼ ਆਪਣਾ ਸਕੂਲ ਦਾ ਕੰਮ ਨਹੀਂ ਕਰਦਾ ਤੇ ਆਸ
ਰੱਖ ਕੇ ਬੈਠਾ ਰਹੇ ਕੇ ਮੈਂ ਇਮਤਿਹਾਨਾਂ ਦੇ ਨੇੜੇ ਜਾ ਕੇ ਮਿਹਨਤ ਕਰ ਲਵਾਂਗਾ, ਉਹ ਅਵੱਸ਼ ਫੇਲ੍ਹ
ਹੋਏਗਾ ਹੀ ਹੋਏਗਾ। “ਅਗੈ
ਭੁਖਾ ਕਿਆ ਖਾਏ”
ਜ਼ਿੰਦਗੀ ਦੀ ਵਡੇਰੀ ਅਸਫਲਤਾ ਹੈ। ਆਮ ਧਾਰਨਾ ਏਹੀ ਰਹੀ ਹੈ
ਕਿ ਜਿਨ੍ਹਾਂ ਨੇ ਰੱਬ ਦਾ ਨਾਮ ਨਹੀਂ ਜੱਪਿਆ ਉਹ ਪ੍ਰਲੋਕ ਵਿੱਚ ਜਾ ਕੇ ਭੁੱਖੇ ਮਰਨਗੇ। ਸਾਰੇ
ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕੀਤਾ ਜਾਂਦਾ ਹੈ। ਫਿਰ ਅਗਾਂਹ
ਕਿਹੜੇ ਸਰੀਰ ਨੇ ਰਾਸ਼ਣ ਛੱਕਣਾ ਹੈ? ਇਸ ਤੁਕ ਵਿੱਚ ਗੁਰੂ ਸਾਹਿਬ ਜੀ ਨੇ ਸਮੇਂ ਦੀ ਪਾਬੰਦੀ ਦ੍ਰਿੜ
ਕਰਾਈ ਹੈ। ਕਿਸੇ ਦੀ ਮੁਥਾਜ਼ਗੀ ਤੋਂ ਮੁਕਤੀ ਦਿਵਾਈ ਹੈ। ਆਪਣੀ ਮਿਹਨਤ ਕਰਕੇ ਰੋਟੀ ਖਾਣ ਦੀ ਆਦਤ
ਪੱਕੀ ਕਰਾਈ ਹੈ।
ਜਿਸ ਤਰ੍ਹਾਂ ਗੱਲ ਨੂੰ ਸਮਝਾਉਣ ਲਈ ਇੱਕ ਕਿਰਸਾਨ ਦੀ ਉਦਾਹਰਣ ਦਿੱਤੀ ਸੀ ਕਿ
ਉਸ ਨੇ ਵੱਤਰ ਦੀ ਸੰਭਾਲ ਨਹੀਂ ਕੀਤੀ ਤੇ ਫਸਲ ਬੀਜਣ ਤੋਂ ਖਾਲੀ ਰਹਿ ਗਿਆ। ਜ਼ਮੀਨ ਦਾ ਵੱਤਰ ਲੰਘ
ਗਿਆ। ਜ਼ਮੀਨ ਫਿਰ ਆਕੜ ਗਈ। ਹੁਣ ਫਿਰ ਦੁਬਾਰਾ ਉਸ ਨੂ ਵੱਤਰ ਸੰਭਾਲਣ ਲਈ ਓਸੇ ਤਰ੍ਹਾਂ ਹੀ ਮਿਹਨਤ
ਕਰਨੀ ਪਏਗੀ। ਬੰਬੀ ਦਾ ਪਾਣੀ ਦੇਣਾ ਪਏਗਾ ਜਾਂ ਨਹਿਰੀ ਪਾਣੀ ਦਾ ਫਿਰ ਪ੍ਰਬੰਧ ਕਰਨਾ ਪਏਗਾ। ਜਿਸ
ਤਰ੍ਹਾਂ ਉਸ ਨੇ ਪਹਿਲਾਂ ਪਾਣੀ ਦਿੱਤਾ ਸੀ, ਕਿਰਸਾਨ ਨੂੰ ਫਿਰ ਓਸੇ ਤਰ੍ਹਾਂ ਹੀ ਜ਼ਿੰਦਗੀ ਜਿਉਣੀ ਪਈ।
ਜਿਹੜੇ ਕਿਰਸਾਨਾਂ ਨੇ ਵੱਤਰ ਸੰਭਾਲ਼ ਲਿਆ ਉਹ ਬੜੇ ਅਰਾਮ ਨਾਲ ਬੈਠੇ ਹਨ ਜਿਸ ਨੇ ਵੱਤਰ ਨਹੀਂ
ਸੰਭਾਲਿਆ ਉਹ ਫਿਰ ਖਲਜੱਗਣ ਵਿੱਚ ਫਸੇ ਹੋਏ ਹਨ। ਕਈ ਬੰਦੇ ਟਾਂਚ ਵੀ ਕਰਦੇ ਦੇਖੇ ਗਏ, ਜਦੋਂ ਬੰਦਾ
ਕਹੀ ਫੜ ਕੇ ਮੁੜ ਪਾਣੀ ਲਾਉਣ ਜਾਂਦਾ ਹੈ ਤਾਂ ਅੱਗੇ ਤਾਇਆ ਬਿਸ਼ਨ ਸਿੰਘ ਕਹਿੰਦਾ, “ਕਿਉਂ ਭਈ ਕਣਕ
ਅਜੇ ਬੀਜੀ ਨਹੀਂ ਜੇ”? ਅੱਗੋਂ ਸੜਿਆ ਬਲ਼ਿਆ ਨਿਹਾਲਾ ਕਹਿੰਦਾ, “ਤਾਇਆ ਕਾਹਨੂੰ ਜ਼ਖਮਾਂ `ਤੇ ਲੂਣ
ਭੁਕਦੈਂ, ਤੈਨੂੰ ਪਤਾ ਈ ਕੇ ਵੱਤਰ ਲੰਘ ਗਿਆ ਹੈ। ਹੁਣ ਨਵੇਂ ਸਿਰੇ ਪੈਲੀ ਭਰਨ ਚੱਲਿਆਂ ਹਾਂ”। ਬੱਚਾ
ਸਤਵੀਂ ਜਮਾਤ ਵਿਚੋਂ ਫੇਲ੍ਹ ਹੋ ਜਾਂਦਾ ਹੈ। ਅਸੂਲ ਦੇ ਅਨੁਸਾਰ ਉਸ ਨੂੰ ਫਿਰ ਸਤਵੀਂ ਵਿੱਚ ਹੀ
ਦਾਖਲਾ ਲੈਣਾ ਪਏਗਾ। ਮੇਰੇ ਇੱਕ ਦੋਸਤ ਦੇ ਬੇਟੇ ਨੇ ਸਿਵਲ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਿਆ। ਉਸ
ਵਿਚਾਰੇ ਦੀਆਂ ਹਰ ਛਿਆਂ ਮਹੀਨਿਆਂ ਉਪਰੰਤ ਦੋ ਦੋ ਸਬਜੈਕਟ ਵਿਚੋਂ ਕੰਪਾਰਟਮੈਂਟਜ਼ ਹੀ ਆਉਂਦੀਆਂ
ਗਈਆਂ। ਨਤੀਜਾ ਇਹ ਨਿਕਲਿਆ ਕਿ ਉਦ੍ਹੇ ਸਾਥੀ ਚੰਗੀਆਂ ਚੰਗੀਆਂ ਪੋਸਟਾਂ `ਤੇ ਬਰਾਜਮਾਨ ਹੋ ਗਏ ਉਹ
ਵਿਚਾਰਾ ਫਿਰ ਅਜੇ ਕਾਲਜ ਦੇ ਗੇੜੇ ਹੀ ਕੱਢੀ ਜਾ ਰਿਹਾ ਹੈ।
“ਮਨਮੁਖਾ ਨੋ ਫਿਰਿ ਜਨਮੁ ਹੈ”
ਕੰਮਚੋਰਾਂ ਲਈ ਫਿਰ ਉਹ ਹੀ ਗਧੀ-ਗੇੜਾ ਹੈ। ਮਨਮੁਖ
ਦਾ ਅਰਥ ਹੈ ਆਪਣੀ ਮਤ ਵਾਲੀ ਮਰਜ਼ੀ ਨਾਲ ਚੱਲਣਾ। ਹੰਕਾਰੀ ਬਿਰਤੀ ਦਾ ਪਰਪੱਕ ਹੋਣਾ। ਮਨਮੁਖ ਦੇ ਅਰਥ
ਹਨ ਵਿਮੁਖ, ਜਿਸ ਨੇ ਆਪਣੇ ਮਨ ਦੇ ਸੰਕਲਪ ਨੂੰ ਹੀ ਮੁੱਖ ਜਾਣਿਆਂ ਹੈ, ਅਥਵਾ ਮਨਮਤ ਧਾਰਨ ਵਾਲਾ।
ਜਿਹੜਿਆਂ ਲੋਕਾਂ ਨੂੰ ਹਰਿਦੁਆਰ ਦੇ ਇਸ਼ਨਾਨ ਦੀ ਸਮਝ ਲਗ ਗਈ ਉਹ ਮੁੜ
ਹਰਿਦੁਆਰ ਨਹੀਂ ਗਏ ਵਰਨਾ ਅੱਜ ਵੀ ਲੋਕ ਉਹ ਹੀ ਕਰਮ ਕਾਂਡ ਨਿਭਾਅ ਰਹੇ ਦਿਸਦੇ ਹਨ। ਅਗਿਆਨਤਾ ਵਿੱਚ
ਮੁੜ ਮੁੜ ਗੇੜੇ ਕੱਢਣ ਵਾਲਾ, ਮੁੜ ਮੁੜ ਓੱਥੇ ਹੀ ਜਨਮ ਲੈ ਰਿਹਾ ਹੈ। ਜੋ ਆਪਣੇ ਆਪ ਨੂੰ ਬਦਲਣ ਲਈ
ਤਿਆਰ ਨਹੀਂ ਹੈ। ਉਹ ਪੁਰਾਣੀਆਂ ਰਜ਼ਾਈਆਂ ਵਿੱਚ ਉਂਗਲਾਈ ਜਾਂਦਾ ਹੈ। ਉਹ ਕਦੇ ਵੀ ਤਰੱਕੀ ਦੀਆਂ
ਬਰੂਵਾਂ `ਤੇ ਦਸਤਕ ਨਹੀਂ ਦਵੇਗਾ। ਰੱਬ ਜੀ ਦੀ ਸਦੀਵ ਕਾਲ ਨਿਯਮਾਵਲੀ ਹੈ ਕਿ ਜੇਹੋ ਜੇਹਾ ਕੋਈ ਕਰਮ
ਕਰੇਗਾ ਉਹੋ ਜੇਹਾ ਹੀ ਉਸ ਨੂੰ ਫਲ਼ ਪ੍ਰਾਪਤ ਹੋਏਗਾ
“ਨਾਨਕ ਹਰਿ ਭਾਏ”
ਪ੍ਰਮਾਤਮਾ ਨੂੰ ਏਹੀ ਚੰਗਾ ਲੱਗਦਾ ਹੈ ਕਿ ਜਿਸ
ਤਰ੍ਹਾਂ ਦੇ ਤੁਸੀਂ ਬੀਜੋਗੇ ਓਸੇ ਤਰ੍ਹਾਂ ਦਾ ਹੀ ਤੁਸੀਂ ਵੱਢੋਗੇ। ਰੱਬ ਜੀ ਨੇ ਸਾਨੂੰ ਦੋ ਅੱਖਾਂ
ਦਿੱਤੀਆਂ ਹੋਈਆਂ ਹਨ ਇਹ ਹੁਣ ਸਾਡੀ ਮਰਜ਼ੀ ਹੈ ਕਿ ਅਸੀਂ ਅੱਖਾਂ ਮੀਟ ਕੇ ਤੁਰਨਾ ਹੈ ਜਾਂ ਅੱਖਾਂ
ਖੋਹਲ ਕੇ ਤੁਰਨਾ ਹੈ। ਰੱਬ ਜੀ ਦੇ ਹੁਕਮ ਵਿੱਚ ਅੱਖਾਂ ਮੀਟ ਕੇ ਚੱਲਾਂਗੇ ਤਾਂ ਅਵੱਸ਼ ਹਸਪਤਾਲ ਦਾ
ਮੰਜਾ ਉਡੀਕੇਗਾ। ਅੱਖਾਂ ਖੋਹਲ ਕੇ ਚੱਲਾਂਗੇ ਤਾਂ ਸੁੱਖ ਸ਼ਾਂਤੀ ਨਾਲ ਆਪਣੇ ਘਰ ਵਿੱਚ ਆ ਜਾਂਵਾਂਗੇ।
ਗੁਰੂ ਰਾਮਦਾਸ ਜੀ ਦੇ ਇਸ ਵਾਕ ਤੋਂ ਸਮੇਂ ਦੀ ਸੰਭਾਲ਼ ਕਰਨੀ, ਕਦਰ ਕਰਨੀ ਭਾਵ
ਵਕਤ ਨੂੰ ਸੰਭਾਲਣ ਦੀ ਅੰਤਰੀਵ ਪ੍ਰੇਰਨਾ ਮਿਲਦੀ ਹੈ। ਜਿਹੜਿਆਂ ਮਨੁੱਖਾਂ ਨੇ ਸਮੇਂ ਦੀ ਕਦਰ ਨਹੀਂ
ਕੀਤੀ ਸਮਾਂ ਉਹਨਾਂ ਦੀ ਕਦਰ ਨਹੀਂ ਕਰਦਾ।
ਕਿਸੇ ਆਦਮੀ ਨੇ ਏਰਿਆ ਪੋਰਟ `ਤੇ ਆਉਣ ਲੱਗਿਆਂ ਦੇਰ ਕਰ ਦਿੱਤੀ ਅੱਗੋਂ ਜਹਾਜ਼
ਨਿਕਲ ਗਿਆ, ਯਾਤਰੂ ਨੂੰ ਮੁੜ ਫਿਰ ਉਹੀ ਟਿਕਟ ਦਾ ਝੰਜਟ ਕਰਨਾ ਪੈਂਦਾ ਹੈ। ਅਜੇਹੇ ਕਸੈਲੇ ਤਜ਼ਰੁਬੇ
ਤੋਂ ਅੱਕ ਕੇ ਕਹੇਗਾ ਮੈਂ ਤਾਂ ਯਾਰ ਚੌਰਾਸੀ ਦੇ ਗੇੜ ਵਿੱਚ ਪਿਆ ਹੋਇਆ ਹਾਂ।
ਵਰਤਮਾਨ ਨੂੰ ਸੰਭਾਲਣ ਵਾਲੇ ਭਵਿੱਖਤ ਦੇ ਮਾਲਕ ਹੁੰਦੇ ਹਨ।
ਆਪਣੇ ਆਪ ਨੂੰ ਨਾ ਬਦਲਣ ਵਾਲੇ ਓਸੇ ਚੱਕਰ ਵਿੱਚ ਪਏ ਰਹਿੰਦੇ ਹਨ।
ਪੰਜਵੇਂ ਗੁਰੂ ਸਾਹਿਬ ਜੀ ਦਾ ਅਗੰਮੀ ਵਾਕ ਹੈ—
ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ।।
ਰਾਗ ਮਾਰੂ ਡਖਣੇ ਮ: ੫ ਪੰਨਾ ੧੦੯੬
ਅਰਥ---ਅਗਾਂਹ ਦੀ ਤਾਂਘ ਰੱਖ ਅੱਗੇ ਵੱਧਣ ਦੀ ਹਮੇਸ਼ਾਂ ਸੋਚ ਰੱਖ, ਐਸਾ ਨਾ
ਹੋਵੇ ਤੂੰ ਮੁੜ ਕੇ ਓੱਥੇ ਹੀ ਖਲੋਤਾ ਰਹੇਂ।
ਵਡਭਾਗੀ ਹਰਿ ਸੰਤੁ ਮਿਲਾਇਆ।।
ਗੁਰਿ ਪੂਰੈ ਹਰਿਰਸੁ ਮੁਖਿ ਪਾਇਆ।।
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ।।
ਮਾਝ ਮਹਲਾ ੪ ਪੰਨਾ