ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਵੀਹਵੀਂ)
(ਸੂਝਵਾਨ ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਅਗਲੇ ਦਸ-ਪੰਦਰ੍ਹਾਂ ਦਿਨਾਂ ਤੱਕ ਛਪਾਈ
ਲਈ ਪ੍ਰੈਸ ਵਿੱਚ ਚਲਾ ਜਾਵੇਗਾ। ਜਿਨ੍ਹਾਂ ਸੂਝਵਾਨ ਪਾਠਕਾਂ ਨੇ ਕੋਈ ਸੁਝਾਅ ਦੇਣੇ ਹੋਣ, ਉਹ ਅਗਲੇ
ਹਫਤੇ ਦੇ ਅੰਦਰ ਭੇਜ ਦੇਣ। ਭਾਵੇਂ ਇਹ ਸਮਾਪਤੀ ਤੱਕ ਇੰਝ ਹੀ ਲੜੀਵਾਰ ਇਸ ਵੈਬ ਸਾਈਟ ਤੇ ਛਪਦਾ
ਰਹੇਗਾ, ਪਰ ਉਸ ਤੋਂ ਬਾਅਦ ਆਉਣ ਵਾਲੇ ਸੁਝਾਅ ਇਸ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕਣਗੇ। ਹਰ ਉਸਾਰੂ
ਸੁਝਾਅ ਨੂੰ ਦਾਸ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਬਲਦੇਵ ਸਿੰਘ ਦੇ ਪਰਿਵਾਰਕ ਜੀਵਨ ਵਿੱਚ ਇੱਕ ਹੋਰ ਤਬਦੀਲੀ ਵੀ ਆਈ ਸੀ, ਉਹ ਇਹ ਕਿ
ਚੌਧਰੀ ਹਰੀਸ਼ਰਨ ਨਾਲ ਸਬੰਧ ਫਿਰ ਸੁਖਾਵੇਂ ਹੋਣੇ ਸ਼ੁਰੂ ਹੋ ਗਏ ਸਨ। ਭਾਵੇਂ ਅਜੇ ਉਹ ਪੁਰਾਣੇ ਪੱਧਰ
`ਤੇ ਤਾਂ ਨਹੀਂ ਸਨ ਪਹੁੰਚੇ ਪਰ ਅਕਸਰ ਉਨ੍ਹਾਂ ਦੀ ਟੈਲੀਫੋਨ `ਤੇ ਗੱਲਬਾਤ ਹਰ ਦੂਜੇ ਚੌਥੇ ਦਿਨ ਹੋ
ਜਾਂਦੀ। ਅੱਜ ਵੀ ਅਜੇ ਉਹ ਦੁਕਾਨ `ਤੇ ਹੀ ਸੀ, ਚੌਧਰੀ ਹਰੀਸ਼ਰਨ ਦਾ ਟੈਲੀਫੋਨ ਆਇਆ, “ਸਸ ਸ੍ਰੀ ਕਾਲ,
ਬਲਦੇਵ ਸਿੰਘ ਜੀ! ਕੈਸੇ ਹੈਂ?”
“ਠੀਕ ਹਾਂ, ਚੌਧਰੀ ਸਾਬ੍ਹ, ਤੁਸੀਂ ਸੁਨਾਓ ਕੀ ਹਾਲ ਹੈ?” ਬਲਦੇਵ ਸਿੰਘ ਨੇ ਅਵਾਜ਼ ਪਹਿਚਾਣਦੇ ਹੋਏ
ਜੁਆਬ ਦਿੱਤਾ।
“ਹਮ ਭੀ ਮਜ਼ੇ ਮੇਂ ਹੈਂ, ਹਮ ਯੇਹ ਪੂਛ ਰਹੇ ਥੇ ਕਿ ਆਪ ਘਰ ਕਿਤਨੇ ਬਜੇ ਤੱਕ ਪਹੁੰਚੇਂਗੇ?”
“ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਦੁਕਾਨ ਬੰਦ ਕਰ ਕੇ, ਅਕਸਰ ਗੁਰਦੁਆਰੇ ਹੋ ਕੇ ਆਉਂਦਾ
ਹਾਂ, ਤਕਰੀਬਨ ਨੌਂ ਕੁ ਵੱਜ ਹੀ ਜਾਂਦੇ ਹਨ, ਪਰ ਤੁਸੀਂ ਕਿਉਂ ਪੁੱਛ ਰਹੇ ਹੋ?” ਬਲਦੇਵ ਸਿੰਘ ਨੇ
ਕੁੱਝ ਹੈਰਾਨਗੀ ਜਤਾਉਂਦੇ ਹੋਏ ਪੁੱਛਿਆ।
“ਹਮ ਜ਼ਰਾ ਆਪ ਕੀ ਭਾਬੀ ਕੇ ਸਾਥ, ਆਪ ਕੀ ਤਰਫ ਆਨੇ ਕਾ ਪ੍ਰੋਗਰਾਮ ਬਨਾ ਰਹੇ ਥੇ … …. ਪਰ ਸੋਚ ਰਹੇ
ਥੇ ਕਿ ਨੌਂ ਤੋ ਕੁਛ ਜ਼ਿਆਦਾ ਲੇਟ ਹੋ ਜਾਏਗਾ।” ਚੌਧਰੀ ਨੇ ਕੁੱਝ ਲਟਕਾ ਕੇ ਗੱਲ ਕੀਤੀ।
“ਅਰੇ ਕੋਈ ਗੱਲ ਨਹੀਂ ਚੌਧਰੀ ਸਾਬ੍ਹ, ਤੁਸੀ ਭਾਬੀ ਜੀ ਨਾਲ ਆ ਰਹੇ ਹੋ ਤਾਂ ਟਾਈਮ ਦੀ ਕੀ ਗੱਲ ਹੈ।
ਮੈਂ ਅੱਜ ਗੁਰਦੁਆਰੇ ਨਹੀਂ ਜਾਵਾਂਗਾ ਤੇ ਦੁਕਾਨ ਟਾਈਮ ਨਾਲ ਬੰਦ ਕਰਾ ਕੇ ਸਵਾ ਕੁ ਅੱਠ ਤੱਕ ਘਰ
ਪਹੁੰਚ ਜਾਵਾਂਗਾ। ਆ ਜਾਓ ਤੁਸੀਂ, ਨਾਲੇ ਰਾਤ ਦੀ ਰੋਟੀ ਇਕੱਠੇ ਖਾਵਾਂਗੇ।” ਬਲਦੇਵ ਸਿੰਘ ਨੇ ਕੁੱਝ
ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ।
“ਨਹੀਂ ਬਲਦੇਵ ਸਿੰਘ ਜੀ ਆਜ ਖਾਨਾ ਨਹੀਂ ਖਾਏਂਗੇ, … … ਅਜੀ ਚਾਏ ਵਾਏ ਪੀਏਂਗੇ ਨਾ ਆਪ ਕੇ ਸਾਥ। ਤੋ
ਆਤੇ ਹੈਂ ਹਮ, ਮਿਲਤੇ ਹੈ।” ਕਹਿਕੇ ਚੌਧਰੀ ਨੇ ਟੈਲੀਫੋਨ ਕੱਟ ਦਿੱਤਾ। ਉਸ ਦਾ ਟੈਲੀਫੋਨ ਕੱਟਿਆ ਤਾਂ
ਬਲਦੇਵ ਸਿੰਘ ਨੇ ਘਰ ਟੈਲੀਫੋਨ ਮਿਲਾ ਕੇ ਗੁਰਮੀਤ ਨੂੰ ਚੌਧਰੀ ਹੋਰਾਂ ਦੇ ਆਉਣ ਬਾਰੇ ਦੱਸਿਆ ਤੇ ਚਾਹ
ਪਾਣੀ ਦਾ ਪ੍ਰਬੰਧ ਕਰ ਕੇ ਰੱਖਣ ਵਾਸਤੇ ਆਖਿਆ।
ਬਲਦੇਵ ਸਿੰਘ ਦੁਕਾਨ ਤੋਂ ਆ ਕੇ ਅਜੇ ਬਾਥਰੂਮ ਵਿੱਚ ਮੂੰਹ ਹੱਥ ਧੋ ਰਿਹਾ ਸੀ ਕਿ ਗੁਰਮੀਤ ਕੌਰ ਨੇ ਆ
ਦੱਸਿਆ ਕਿ ਚੌਧਰੀ ਭਾਈ ਸਾਬ੍ਹ ਆ ਗਏ ਨੇ।
“ਹਾਂ ਮੀਤਾ! ਤੁਸੀ ਜ਼ਰਾ ਪਾਣੀ ਪਿਲਾਓ, ਮੈਂ ਦੋ ਮਿੰਟ ਵਿੱਚ ਆਇਆ।” ਬਲਦੇਵ ਸਿੰਘ ਨੇ ਅੰਦਰੋਂ ਹੀ
ਜੁਆਬ ਦਿੱਤਾ। ਮੀਤਾ ਬਿਨਾ ਕੁੱਝ ਜੁਆਬ ਦਿੱਤੇ ਚਲੀ ਗਈ। ਬਲਦੇਵ ਸਿੰਘ ਜਦੋਂ ਬਾਹਰ ਆਇਆ ਤਾਂ ਉਹ
ਪਾਣੀ ਦੇ ਖਾਲੀ ਗਲਾਸ ਲੈ ਕੇ ਰਸੋਈ ਵੱਲ ਜਾਣ ਲਗੀ ਸੀ। ਬਲਦੇਵ ਸਿੰਘ ਨੂੰ ਆਉਂਦਾ ਵੇਖ ਕੇ ਚੌਧਰੀ
ਉਠ ਕੇ ਉਸ ਦੇ ਗੱਲੇ ਲੱਗ ਕੇ ਮਿਲਿਆ ਤੇ ਨਾਲ ਹੀ ਗੁਰਮੀਤ ਕੌਰ ਵੱਲ ਮੁੜ ਕੇ ਬੋਲਿਆ, “ਭਾਬੀ ਜੀ!
ਆਪ ਭੀ ਬੈਠੀਏ ਜ਼ਰਾ, ਕੁਛ ਬਾਤ ਕਰਨੀ ਹੈ।”
“ਹੁਣੇ ਆਈ, ਭਾਈ ਸਾਬ੍ਹ।” ਕਹਿੰਦੀ ਹੋਈ ਉਹ ਰਸੋਈ ਵੱਲ ਲੰਘ ਗਈ।
“ਅੱਜ ਤਾਂ ਜਾਪਦੈ ਚੌਧਰੀ ਸਾਬ੍ਹ ਕੋਈ ਖਾਸ ਹੀ ਗੱਲ ਕਰਨ ਆਏ ਨੇ।” ਚੌਧਰੀ ਦੀ ਪਤਨੀ ਨੂੰ ਨਮਸਤੇ
ਬੁਲਾਉਣ ਤੋਂ ਬਾਅਦ ਕੁਰਸੀ `ਤੇ ਬੈਠਦੇ ਹੋਏ ਬਲਦੇਵ ਸਿੰਘ ਨੇ ਕਿਹਾ।
“ਹਾਂ ਜੀ! ਘਰ ਕੇ ਜ਼ਰੂਰੀ ਮਸ਼ਵਰੇ ਭਾਈਓਂ ਕੇ ਸਾਥ ਹੀ ਕਰਨੇ ਹੋਤੇ ਹੈਂ।” ਚੌਧਰੀ ਨੇ ਬੜੇ ਮਾਣ ਨਾਲ
ਕਿਹਾ।
“ਬੇਸ਼ਕ, ਬੇਸ਼ਕ।” ਬਲਦੇਵ ਸਿੰਘ ਨੇ ਕਿਹਾ। ਇਤਨੇ ਨੂੰ ਗੁਰਮੀਤ ਨੇ ਫਲਾਂ ਦੀਆਂ ਪਲੇਟਾਂ ਲਿਆ ਕੇ
ਉਨ੍ਹਾਂ ਅੱਗੇ ਰੱਖ ਦਿੱਤੀਆਂ ਤੇ ਆਪ ਵੀ ਕੁਰਸੀ `ਤੇ ਬੈਠ ਗਈ।
“ਬੱਚੇ ਨਜ਼ਰ ਨਹੀਂ ਆ ਰਹੇ?” ਚੌਧਰੀ ਦੀ ਬੀਵੀ ਮੀਨਾਕਸ਼ੀ ਨੇ ਗੁਰਮੀਤ ਵੱਲ ਮੂੰਹ ਕਰ ਕੇ ਪੁੱਛਿਆ।
“ਹਰਮੀਤ ਤਾਂ ਦਿੱਲੀ ਹੈ, ਤੁਹਾਨੂੰ ਪਤਾ ਹੀ ਹੈ, ਤੇ ਬੱਬਲ ਅੰਦਰ ਪੜ੍ਹ ਰਹੀ ਹੈ।” ਗੁਰਮੀਤ ਨੇ
ਜੁਆਬ ਦਿੱਤਾ ਤੇ ਨਾਲ ਫਰੂਟ ਛੋਟੀਆਂ ਪਲੇਟਾਂ ਵਿੱਚ ਪਾ ਕੇ ਉਨ੍ਹਾਂ ਦੇ ਹੱਥ ਫੜਾਉਣ ਲੱਗ ਪਈ। ਜਦੋਂ
ਕੋਈ ਮਹਿਮਾਨ ਆਵੇ, ਗੁਰਮੀਤ ਅਕਸਰ ਬੱਬਲ ਨੂੰ ਚਾਹ-ਪਾਣੀ ਪਿਆਉਣ ਵਿੱਚ ਮਦਦ ਕਰਨ ਲਈ ਬੁਲਾ ਲੈਂਦੀ
ਪਰ ਜਦੋਂ ਚੌਧਰੀ ਆਵੇ ਉਹ ਉਸ ਨੂੰ ਬੁਲਾਉਣ ਤੋਂ ਗੁਰੇਜ਼ ਹੀ ਕਰਦੀ। ਉਹ ਆਪ ਵੀ ਕੋਲ ਤਾਂ ਹੀ ਬੈਠਦੀ
ਜੇ ਮਿਨਾਕਸ਼ੀ ਨਾਲ ਆਈ ਹੋਵੇ।
“ਲਓ ਭਾਈ ਸਾਬ੍ਹ,” ਗੁਰਮੀਤ ਕੌਰ ਨੇ ਪਲੇਟ ਚੌਧਰੀ ਅੱਗੇ ਕਰਦੇ ਹੋਏ ਕਿਹਾ।
“ਅਰੇ ਆਪ ਤਕਲੀਫ ਮਤ ਕੀਜੀਏ, ਭਾਬੀ ਜੀ! ਹਮ ਖੁਦ ਹੀ ਲੇ ਲੇਂਗੇ। ਹਮ ਕੌਨ ਸੇ ਮਹਿਮਾਨ ਹੈਂ?”
ਕਹਿੰਦੇ ਹੋਏ ਚੌਧਰੀ ਨੇ ਪਲੇਟ ਫੜ੍ਹ ਲਈ ਤੇ ਫੇਰ ਬੋਲਿਆ, “ਆਜ ਤੋ ਹਮ ਆਪ ਸੇ ਏਕ ਖਾਸ ਮਸ਼ਵਰਾ ਕਰਨੇ
ਆਏ ਹੈਂ।”
“ਹਾਂ ਦਸੋ ਨਾ।” ਜੁਆਬ ਬਲਦੇਵ ਸਿੰਘ ਨੇ ਦਿੱਤਾ।
“ਹਮ ਰਿਤੇਸ਼ ਕੀ ਸ਼ਾਦੀ ਕਰਨੇ ਕਾ ਸੋਚ ਰਹੇ ਹੈਂ।” ਚੌਧਰੀ ਨੇ ਮੁਸਕੁਰਾਉਂਦੇ ਹੋਏ ਕਿਹਾ। ਰਿਤੇਸ਼
ਚੌਧਰੀ ਦਾ ਸਭ ਤੋਂ ਵੱਡਾ ਪੁੱਤਰ ਸੀ। ਉਂਝ ਉਸ ਦੇ ਤਿੰਨ ਪੁੱਤਰ ਤੇ ਇੱਕ ਧੀ ਸੀ। ਬੇਟੀ ਸਭ ਤੋਂ
ਛੋਟੀ ਸੀ।
“ਵਾਹ ਵਾਹ! ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ।” ਬਲਦੇਵ ਸਿੰਘ ਦਾ ਚਿਹਰਾ ਸੱਚਮੁੱਚ ਹੀ ਖੁਸ਼ੀ ਨਾਲ
ਚਮਕ ਉਠਿਆ।
“ਕਿਥੇ ਕੀਤਾ ਜੇ ਰਿਸ਼ਤਾ?” ਉਸ ਨੇ ਥੋੜਾ ਰੁੱਕ ਕੇ ਪੁੱਛਿਆ।
“ਅਜੀ ਹਮ ਨੇ ਕਹਾਂ ਕੀਆ ਹੈ? ਉਸ ਨੇ ਖੁਦ ਹੀ ਢੂੰਢ ਲੀ। ਹਮ ਕਰਤੇ ਤੋ ਚਾਚੇ ਕੀ ਸਲਾਹ ਕੇ ਬਗੈਰ
ਥੋੜਾ ਹੀ ਕਰ ਲੇਤੇ?” ਚੌਧਰੀ ਨੇ ਹਸਦੇ ਹੋਏ ਕਿਹਾ। ਬਲਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਪਿਛਲੇ
ਸਮੇਂ ਵਿੱਚ ਜੋ ਆਪਸੀ ਸਬੰਧਾਂ ਵਿੱਚ ਫਰਕ ਆ ਗਿਆ ਸੀ, ਸ਼ਾਇਦ ਉਸ ਨੂੰ ਮਿਟਾਉਣ ਲਈ ਚੌਧਰੀ ਉਸ ਨੂੰ
ਕੁੱਝ ਵਧੇਰੇ ਮਹੱਤਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
“ਪਰ ਤੁਸੀਂ ਵੇਖ ਲਈ ਏ ਲੜਕੀ, ਤੁਹਾਨੂੰ ਪਸੰਦ ਆ ਗਈ ਏ?” ਬਲਦੇਵ ਸਿੰਘ ਨੇ ਕੁੱਝ ਜਗਿਆਸਾ ਨਾਲ
ਪੁੱਛਿਆ।
“ਨਾ-ਪਸੰਦੀ ਕੀ ਤੋ ਉਸਨੇ ਗੁੰਜਾਇਸ਼ ਹੀ ਨਹੀਂ ਛੋੜੀ ਸਾਬ੍ਹ, …. ਹਮਾਰਾ ਬੇਟਾ ਹੈ, ਬੜਾ ਮੋਟਾ ਹਾਥ
ਮਾਰਾ ਹੈ ਉਸਨੇ …. . ।” ਚੌਧਰੀ ਬੜਾ ਬੇਸ਼ਰਮਾਂ ਵਾਲਾ ਹਾਸਾ ਹੱਸਦਾ, ਨਾਲ ਸਿਰ ਹਿਲਾਉਂਦਾ ਅਤੇ
ਅੱਖਾਂ ਮਟਕਾਉਂਦਾ ਹੋਇਆ ਬੋਲਿਆ। “ਕ੍ਰਿਪਾ ਸ਼ੰਕਰ ਕੀ ਬੇਟੀ ਹੈ …।”
ਕ੍ਰਿਪਾ ਸ਼ੰਕਰ ਸ਼ਹਿਰ ਦੇ ਹੀ ਨਹੀਂ ਬਲਕਿ ਸੂਬੇ ਦੇ ਚੁਨੀਦਾ ਅਮੀਰਾਂ ਵਿੱਚੋਂ ਸੀ। ਕਾਨਪੁਰ ਵਿੱਚ ਉਸ
ਦੀਆਂ ਚਮੜੇ ਦੇ ਕੰਮ ਦੀਆਂ ਦੋ ਬਹੁਤ ਵੱਡੀਆਂ ਫੈਕਟਰੀਆਂ ਸਨ, ਮਾਰਕੀਟ ਵਿੱਚ ਬਹੁਤ ਵੱਡਾ ਸ਼ੋਅ-ਰੂਮ
ਸੀ, ਦੂਸਰੇ ਸ਼ਹਿਰਾਂ ਵਿੱਚ ਵੀ ਵਪਾਰ ਸਨ, ਉਂਝ ਵੀ ਕਾਫੀ ਜ਼ਮੀਨ ਜਾਇਦਾਦ ਦਾ ਮਾਲਕ ਸੀ। ਬਲਦੇਵ ਸਿੰਘ
ਨੂੰ ਉਸ ਦਾ ਹਾਸਾ ਬੜਾ ਅਜੀਬ ਜਿਹਾ ਲੱਗਾ ਪਰ ਉਹ ਚੌਧਰੀ ਦੇ ਸੁਭਾ ਤੋਂ ਜਾਣੂ ਸੀ, ਇਸ ਲਈ ਚੁੱਪ
ਰਿਹਾ। ਥੋੜ੍ਹਾ ਜਿਹਾ ਰੁੱਕ ਕੇ ਚੌਧਰੀ ਫੇਰ ਬੋਲਿਆ,
“ਵੈਸੇ ਭੀ ਸਾਬ੍ਹ, ਲੜਕੇ ਨੇ ਲੜਕੀ ਪਸੰਦ ਕਰ ਲੀ ਤੋ ਹਮੇਂ ਕਿਆ ਦਿੱਕਤ ਹੈ। ਹਮੇਂ ਤੋ ਪਰਿਵਾਰ
ਦੇਖਨਾ ਥਾ ਕਿ ਕਮ ਸੇ ਕਮ ਹਮਾਰੀ ਬਰਾਬਰੀ ਕਾ ਹੋ, ਵੁਹ ਬੜੀਆ ਹੈ। … … ਫਿਰ ਉਸ ਕੀ ਭੀ ਏਕ ਹੀ
ਬੇਟੀ ਹੈ, ਇਸ ਲੀਏ ਦਾਜ ਦਹੇਜ ਕੀ ਬਾਤ ਕਰਨੇ ਕੀ ਤੋ ਕੋਈ ਜ਼ਰੂਰਤ ਹੀ ਨਹੀਂ ਹੈ … … …. ਯੂੰ ਭੀ
ਉਨ੍ਹੋਂ ਨੇ ਜੋ ਦੇਨਾ ਹੈ ਆਪਨੀ ਬੇਟੀ ਕੋ ਦੇਨਾ ਹੈ … …. ਫਿਰ ਕੋਈ ਕਸਰ ਹੂਈ ਤੋ ਬਾਅਦ ਮੇਂ ਦੇਖ
ਲੇਂਗੇ … ਕਹਾਂ ਭਾਗੇ ਜਾ ਰਹੇ ਹੈਂ …. ।” ਕਹਿ ਕੇ ਉਹ ਫੇਰ ਹੱਸ ਪਿਆ। ਚੌਧਰੀ ਦੀ ਗੱਲ ਸੁਣ ਕੇ
ਬਲਦੇਵ ਸਿੰਘ ਦੇ ਚਿਹਰੇ `ਤੇ ਕੁੱਝ ਮੁਸਕਰਾਹਟ ਜਿਹੀ ਆ ਗਈ, ਉਸ ਦਾ ਧਿਆਨ ਗੁਰਮੀਤ ਵੱਲ ਗਿਆ, ਉਸ
ਦੇ ਚਿਹਰੇ `ਤੇ ਜਿਵੇਂ ਕੁੱਝ ਨਫਰਤ ਝਲਕ ਰਹੀ ਸੀ। ਬਸ ਇਹੀ ਫਰਕ ਸੀ, ਬਲਦੇਵ ਸਿੰਘ ਨੇ ਆਪਣੇ ਮਨ
ਦੀਆਂ ਭਾਵਨਾਵਾਂ ਨੂੰ ਇੱਕ ਬਾਹਰੀ ਮੁਸਕਰਾਹਟ ਨਾਲ ਕੱਜ ਲਿਆ ਸੀ ਜਦਕਿ ਗੁਰਮੀਤ ਕੌਰ ਦੇ ਮਨ ਦੀ
ਅਵਸਥਾ ਉਸ ਦੇ ਚਿਹਰੇ ਤੋਂ ਝਲਕਣ ਲੱਗ ਪਈ ਸੀ। ਗੁਰਮੀਤ ਨੇ ਉਠ ਕੇ ਪਲੇਟਾਂ ਆਦਿ ਸਾਂਭ੍ਹਣੀਆਂ ਸ਼ੁਰੂ
ਕਰ ਦਿੱਤੀਆਂ, ਜਿਵੇਂ ਉਹ ਉਥੋਂ ਉਠਣ ਦਾ ਬਹਾਨਾ ਲੱਭ ਰਹੀ ਹੋਵੇ। ਗੁਰਮੀਤ ਨੂੰ ਉਥੋਂ ਜਾਂਦਾ ਵੇਖ
ਕੇ ਚੌਧਰੀ ਫੇਰ ਬੋਲਿਆ, “ਅਰੇ ਭਾਬੀ ਜੀ! ਆਪ ਫਿਰ ਚੱਲ ਦੀ, ਹਮਾਰੀ ਬਾਤ ਤੋ ਅਭੀ ਬੀਚ ਮੇਂ ਹੀ
ਹੈ।”
“ਬਸ ਇਹ ਬਰਤਨ ਰੱਖ ਕੇ ਆਈ, ਨਾਲੇ ਤੁਹਾਡੇ ਵਾਸਤੇ ਚਾਹ ਬਣਾ ਲਿਆਵਾਂ।” ਕਹਿੰਦੀ ਹੋਈ ਉਹ ਰਸੋਈ ਵੱਲ
ਤੁਰ ਪਈ।
“ਨਹੀਂ, ਚਾਏ ਰਹਿਨੇ ਦੀਜੀਏ, ਬਹੁਤ ਖਾ ਲੀਆ … ਬਸ ਆਪ ਆ ਜਾਈਏ।”
“ਹਾਂ ਭਾਬੀ ਜੀ, ਚਾਏ ਕੀ ਜ਼ਰੂਰਤ ਨਹੀਂ ਹੈ …. ਇਤਨੀ ਗਰਮੀਂ ਮੇਂ, ਪਲੀਜ਼. . ਮਤ ਲਾਈਏਗਾ।”
ਮੀਨਾਕਸ਼ੀ ਨੇ ਪਤੀ ਦੀ ਗੱਲ ਦੀ ਹਾਮੀ ਭਰੀ। ਗੁਰਮੀਤ ਉਸੇ ਵੇਲੇ ਹੀ ਇੱਕ ਮਿਠਾਈ ਦੀ ਅਤੇ ਇੱਕ ਨਮਕੀਨ
ਦੀ ਪਲੇਟ ਲੈਕੇ ਵਾਪਸ ਆ ਗਈ ਤੇ ਉਸ ਨੂੰ ਮੇਜ਼ `ਤੇ ਰਖਦੀ ਹੋਈ ਬੋਲੀ, “ਚਲੋ, ਇਹ ਤਾਂ ਲਓ।”
ਉਸ ਨੂੰ ਵਾਪਸ ਆਇਆ ਵੇਖ ਕੇ ਚੌਧਰੀ ਬੋਲਿਆ, “ਅਬ ਬਾਤ ਯੇਹ ਹੈ ਬਲਦੇਵ ਸਿੰਘ ਜੀ ਕਿ ਵੁਹ ਲੋਗ
ਚਾਹਤੇ ਹੈ ਕਿ ਸ਼ਾਦੀ ਜਲਦੀ ਹੋ ਜਾਏ। ਵੁਹ ਤੋ ਕਹਿਤੇ ਥੇ ਕਿ ਅਗਲੇ ਮਹੀਨੇ ਮੇਂ ਰੱਖ ਲੀਜੀਏ ਪਰ ਹਮ
ਨੇ ਸਾਫ ਬੋਲ ਦੀਆ ਕਿ ਇਤਨੀ ਜਲਦੀ ਤੋ ਮੁਮਕਿਨ ਨਹੀਂ ਹੈ, ਫਿਰ ਭੀ ਅਪਨੇ ਭਾਈ ਸਾਬ੍ਹ ਸੇ ਬਾਤ ਕਰਕੇ
ਬਤਾਏਂਗੇ ਕਿ ਕਬ ਤੱਕ ਕਰ ਸਕਤੇ ਹੈਂ …।”
“ਪਰ ਤੁਹਾਨੂੰ ਕੀ ਮੁਸ਼ਕਿਲ ਹੈ, ਅੱਜ ਕੱਲ ਤਾਂ ਸਭ ਕੁਛ ਦਿਨਾਂ `ਚ ਤਿਆਰ ਹੋ ਜਾਂਦਾ ਹੈ?” ਬਲਦੇਵ
ਸਿੰਘ ਨੇ ਗੱਲ ਵਿੱਚੋਂ ਹੀ ਕਟਦੇ ਹੋਏ ਕਿਹਾ।
“ਨਹੀ, ਉਸ ਮੁਸ਼ਕਿਲ ਕੀ ਬਾਤ ਨਹੀਂ ਹੈ, ਅਭੀ ਮਾਮਾ ਜੀ ਕਾ ਦੇਹਾਂਤ ਹੂਏ ਤੋ ਮਹੀਨਾ ਭੀ ਨਹੀਂ ਬੀਤਾ,
ਹਮ ਜਾਨਤੇ ਹੈਂ ਕਿ ਆਪ ਮਾਮਾ ਜੀ ਕੋ ਪਿਤਾ ਜੈਸਾ ਸਨਮਾਨ ਦੇਤੇ ਥੇ। ਯੇਹ ਕੈਸੇ ਹੋ ਸਕਤਾ ਹੈ ਕਿ ਏਕ
ਭਾਈ ਕੇ ਘਰ ਮੇਂ ਮਾਤਮ ਹੋ ਔਰ ਦੂਸਰੇ ਕੇ ਘਰ ਮੇਂ ਸ਼ਾਦੀ ਕੇ ਜਸ਼ਨ ਮਨਾਏ ਜਾਏ? ਫਿਰ ਆਪ ਕੇ ਆਏ ਬਗੈਰ
ਤੋ ਹਮ ਸ਼ਾਦੀ ਕਾ ਸੋਚ ਭੀ ਨਹੀਂ ਸਕਤੇ।” ਚੌਧਰੀ ਨੇ ਬੜਾ ਜਜ਼ਬਾਤੀ ਬਣਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ।
“ਨਹੀਂ ਚੌਧਰੀ ਸਾਬ੍ਹ! ਇਥੇ ਵੀ ਮਾਤਮ ਜੈਸੀ ਕੋਈ ਗੱਲ ਨਹੀਂ। ਇਹ ਠੀਕ ਹੈ ਅਸੀਂ ਮਾਮਾ ਜੀ ਦਾ
ਸਤਿਕਾਰ ਆਪਣੇ ਪਿਤਾ ਜੀ ਵਾਂਗ ਕਰਦੇ ਸਾਂ ਅਤੇ ਕਿਸੇ ਆਪਣੇ ਦੇ ਵਿਛੜਨ ਦਾ ਦੁੱਖ ਜ਼ਰੂਰ ਹੁੰਦਾ ਹੈ
ਪਰ ਸਾਡੇ ਸਤਿਗੁਰੂ ਨੇ ਭਾਣਾ ਮਿੱਠਾ ਕਰਕੇ ਮੰਨਣ ਦੀ ਜਾਚ ਸਿਖਾਈ ਹੈ। ਸੱਚਾਈ ਤਾਂ ਇਹ ਹੈ ਕਿ ਜੇ
ਮੇਰੇ ਆਪਣੇ ਪੁੱਤਰ ਦੇ ਵਿਆਹ ਦੀ ਗੱਲ ਹੁੰਦੀ ਤਾਂ ਮੈਂ ਉਹ ਵੀ ਨਾ ਰੋਕਦਾ। ਜਿਤਨੀ ਦੇਰ ਜ਼ਿੰਦਗੀ ਹੈ
… ਚਲਦੀ ਰਹਿਣੀ ਚਾਹੀਦੀ ਹੈ। ਫਿਰ ਮੇਰੇ ਵਾਸਤੇ ਤਾਂ ਰਿਤੇਸ਼ ਅਤੇ ਹਰਮੀਤ ਵਿੱਚ ਕੋਈ ਫਰਕ ਨਹੀਂ,
ਭਲਾ ਮੈਂ ਕਿਉਂ ਨਾ ਆਵਾਂਗਾ ਬਲਕਿ ਅਸੀਂ ਸਾਰੇ ਵੱਧ ਚੱੜ੍ਹ ਕੇ ਸ਼ਾਮਲ ਹੋਵਾਂਗੇ।” ਬਲਦੇਵ ਸਿੰਘ ਨੇ
ਵੀ ਉਤਨੇ ਹੀ ਜਜ਼ਬਾਤ ਨਾਲ ਜੁਆਬ ਦਿੱਤਾ।
“ਵਾਹ ਬਲਦੇਵ ਸਿੰਘ ਜੀ ਵਾਹ! ਆਪਨੇ ਤੋ ਖੁਸ਼ ਕਰ ਦੀਆ। ਆਪ ਕੀ ਇਸੀ ਸੋਚ ਕੇ ਤੋ ਹਮ ਕਾਯਲ ਹੈ।
ਕਿਤਨੇ ਊਂਚੇ ਵਿਚਾਰ ਹੈਂ ਆਪ ਕੇ।” ਚੌਧਰੀ ਨੇ ਖੁਸ਼ ਹੁੰਦੇ ਹੋਏ ਕਿਹਾ।
“ਇਹ ਤਾਂ ਮੇਰੇ ਸਤਿਗੁਰੂ ਦੀ ਬਖਸ਼ਿਸ਼ ਹੈ, ਜਿਸਨੇ ਇਹ ਸੋਝੀ ਬਖਸ਼ੀ ਹੈ।” ਬਲਦੇਵ ਸਿੰਘ ਨੇ ਸਿਰ
ਨੀਵਾਂ ਕਰਕੇ ਬੜੀ ਨਿਮਰਤਾ ਨਾਲ ਕਿਹਾ।
“ਤੋ ਫਿਰ ਠੀਕ ਹੈ ਹਮ ਉਨ ਕੋ ਅਗਲੇ ਮਹੀਨੇ ਕੇ ਲੀਏ ਹਾਂ ਕਰ ਦੇਤੇ ਹੈਂ, ਲੀਜੀਏ ਮਿਠਾਈ ਖਾਈਏ।” ਤੇ
ਚੌਧਰੀ ਨੇ ਸਾਹਮਣੇ ਪਈ ਮਿਠਾਈ ਦੀ ਪਲੇਟ `ਚੋਂ ਬਰਫੀ ਦੀ ਟੁਕੜੀ ਚੁੱਕ ਕੇ ਬਲਦੇਵ ਸਿੰਘ ਦੇ ਮੂੰਹ
ਵਿੱਚ ਪਾਉਂਦੇ ਹੋਏ ਕਿਹਾ। ਉਸ ਨੇ ਪਲੇਟ ਸਾਰਿਆਂ ਅੱਗੇ ਘੁਮਾਈ ਤੇ ਸਾਰਿਆਂ ਨੇ ਬਰਫੀ ਦੀ ਟੁਕੜੀ
ਟੁਕੜੀ ਖਾਧੀ ਤੇ ਚੌਧਰੀ ਤੇ ਮਿਨਾਕਸ਼ੀ ਜਾਣ ਲਈ ਉਠ ਖੜੋਤੇ।
“ਜੋ ਭੀ ਤਾਰੀਖ ਨੀਯਤ ਹੋਗੀ ਹਮ ਆਪ ਕੋ ਏਕ ਦੋ ਦਿਨ ਮੇਂ ਬਤਾ ਦੇਂਗੇ।” ਚੌਧਰੀ ਨੇ ਬਾਹਰ ਵੱਲ
ਜਾਂਦੇ ਜਾਂਦੇ ਕਿਹਾ। ਬਲਦੇਵ ਸਿੰਘ ਤੇ ਗੁਰਮੀਤ ਉਨ੍ਹਾਂ ਨੂੰ ਬਾਹਰ ਤੱਕ ਛਡਣ ਆਏ।
ਜਿਉਂ ਹੀ ਕਾਰ ਤੁਰੀ, ਚੌਧਰੀ ਨੇ ਮਿਨਾਕਸ਼ੀ ਨੂੰ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਅਬ ਲਗਤਾ ਹੈ ਸਾਲਾ
ਵਾਪਸ ਲਾਈਨ ਪੇ ਆ ਗਿਆ ਹੈ, ਪੀਛੇ ਤੋ ਬਹੁਤ ਬਿੱਟਰ ਗਿਆ ਥਾ।”
“ਪਰ ਆਪ ਉਸੇ ਇਤਨੀ ਅਹਿਮੀਯਤ ਕਿਉਂ ਦੇ ਰਹੇ ਹੈਂ? ਯੂੰ ਭੀ ਉਸ ਕੀ ਬੀਵੀ ਤੋ ਅਪਨੇ ਕੋ ਪਤਾ ਨਹੀਂ
ਕਿਆ ਸਮਝਤੀ ਹੈ, ਢੰਗ ਸੇ ਬਾਤ ਹੀ ਨਹੀਂ ਕਰਤੀ।” ਮੀਨਾਕਸ਼ੀ ਨੇ ਕੁੱਝ ਹੈਰਾਨਗੀ ਅਤੇ ਕੁੱਝ ਨਰਾਜ਼ਗੀ
ਜ਼ਾਹਰ ਕਰਦੇ ਹੋਏ ਕਿਹਾ।
“ਅਰੇ ਮਿਨਾਕਸ਼ੀ ਆਪ ਨਹੀਂ ਸਮਝਤੀ, ਸਿਆਸਤ ਮੇਂ ਹਮੇਂ ਉਸ ਕੀ ਬਹੁਤ ਜ਼ਰੂਰਤ ਹੈ, ਵਰਨਾ ਹਮ ਤੋ ਇਸ
ਜੈਸੋਂ ਕੋ ਘਾਸ ਭੀ ਨਹੀਂ ਡਾਲਤੇ। …. . ਉਸ ਕੇ ਬਗੈਰ ਇਲੈਕਸ਼ਨ ਮੇਂ ਹਮੇਂ ਮੁਸ਼ਕਿਲ ਹੋ ਜਾਏਗੀ। … …
…. . ਵੈਸੇ ਤੋ ਹਮ ਸ਼ਾਦੀ ਮੇਂ ਭੀ ਉਸ ਸੇ ਬਹੁਤ ਕਾਮ ਔਰ ਫਾਯਦਾ ਲੇਨੇ ਵਾਲੇ ਹੈਂ। ਬਾਕੀ ਜਹਾਂ ਤੱਕ
ਉਸ ਕੀ ਬੀਵੀ ਕਾ ਸੁਆਲ ਹੈ, ਹਮ ਸਮਝਤੇ ਹੈ ਵੁਹ ਬਾਤ ਹੀ ਕਮ ਕਰਤੀ ਹੈ।” ਚੌਧਰੀ ਨੇ ਮਿਨਾਕਸ਼ੀ ਨੂੰ
ਸਮਝਾਉਂਦੇ ਹੋਏ ਕਿਹਾ।
“ਅਜੀ ਛੋੜੀਏ, ਹਮ ਨੇ ਦੇਖਾ ਹੈ …. . ਦੂਸਰੋਂ ਕੇ ਸਾਮਨੇ ਤੋ ਵੁਹ ਬਹੁਤ ਚਹਿਕਤੀ ਹੈ, ਬਸ ਹਮਾਰੇ
ਸਾਹਮਨੇ ਹੀ ਖਾਮੋਸ਼ੀ ਧਾਰ ਲੇਤੀ ਹੈ।” ਮੀਨਾਕਸ਼ੀ ਨੇ ਗਿਲਾ ਜ਼ਾਹਰ ਕਰਦੇ ਹੋਏ ਕਿਹਾ। ਅਸਲ ਵਿੱਚ ਉਹ
ਜਦੋਂ ਵੀ ਮਿਲਦੇ ਚੌਧਰੀ ਨਾਲ ਹੁੰਦਾ ਸੀ ਜਿਸ ਕਰ ਕੇ ਗੁਰਮੀਤ ਕੌਰ ਜ਼ਾਬਤੇ ਵਿੱਚ ਹੀ ਰਹਿੰਦੀ ਤੇ
ਮੀਨਾਕਸ਼ੀ ਸਮਝਦੀ ਸੀ ਕਿ ਉਸ ਨਾਲ ਖੁੱਲ੍ਹ ਕੇ ਨਹੀਂ ਬੋਲਦੀ।
“ਅਜੀ! ਬਲਦੇਵ ਸਿੰਘ ਲਾਈਨ ਪੇ ਆ ਗਿਆ ਤੋ ਵੁਹ ਭੀ ਆ ਜਾਏਗੀ।” ਚੌਧਰੀ ਨੇ ਮਿਨਾਕਸ਼ੀ ਨੂੰ ਸ਼ਾਂਤ ਕਰਨ
ਦੇ ਲਹਿਜੇ ਵਿੱਚ ਕਿਹਾ ਤੇ ਨਾਲ ਹੀ ਮੂੰਹ ਵਿੱਚ ਬੁੜਬੁੜਾਇਆ, “ਉਸ ਕੋ ਤੋ ਯੂੰ ਭੀ ਦੇਖ ਲੂੰਗਾ ਮੈਂ
…. ।”
ਐਤਵਾਰ ਹੋਣ ਕਰਕੇ ਦੁਕਾਨ ਅੱਜ ਬੰਦ ਸੀ। ਗੁਰਦੁਆਰਿਓਂ ਆਕੇ, ਨਾਸ਼ਤਾ ਕਰਕੇ ਬਲਦੇਵ ਸਿੰਘ ਅਰਾਮ ਕਰਨ
ਲਈ ਲੇਟ ਗਿਆ। ਜ਼ਰਾ ਜਿਹੀ ਅੱਖ ਲਗਣ ਲੱਗੀ ਸੀ ਕਿ ਬੱਬਲ ਨੇ ਆ ਜਗਾਇਆ, “ਭਾਪਾ ਜੀ ਚੌਧਰੀ ਅੰਕਲ ਆਏ
ਨੇ।” ਬਲਦੇਵ ਸਿੰਘ ਹੜਬੜਾ ਕੇ ਉਠਿਆ ਤੇ ਸਿਰ ਦੀ ਦਸਤਾਰ ਠੀਕ ਕਰਦਾ ਹੋਇਆ ਆਪਣੇ ਆਪ ਵਿੱਚ
ਬੁੜਬੁੜਾਇਆ, “ਚੌਧਰੀ ਸਾਬ੍ਹ, ਬਗੈਰ ਦੱਸੇ ਹੀ?”
ਬਾਹਰ ਆਕੇ ਚੌਧਰੀ ਦੇ ਗਲੇ ਲੱਗ ਕੇ ਮਿਲਦਾ ਹੋਇਆ ਬੋਲਿਆ, “ਚੌਧਰੀ ਸਾਬ੍ਹ! ਤੁਸੀਂ ਬਗੈਰ ਦੱਸੇ?”
“ਕਿਉਂ ਹਮ ਬਗੈਰ ਬਤਾਏ ਨਹੀਂ ਆ ਸਕਤੇ?” ਚੌਧਰੀ ਨੇ ਹਸਦੇ ਹੋਏ ਕਿਹਾ।
“ਅਰੇ ਕੀ ਗੱਲਾਂ ਕਰ ਰਹੇ ਹੋ ਚੌਧਰੀ ਸਾਬ੍ਹ, ਤੁਹਾਡਾ ਆਪਣਾ ਘਰ ਹੈ, ਜਦੋਂ ਮਰਜ਼ੀ ਆਓ, ਬਲਦੇਵ ਸਿੰਘ
ਨੇ ਆਪਣਾ-ਪਨ ਜਤਾਉਂਦੇ ਹੋਏ ਕਿਹਾ, “ਮੇਰਾ ਸਿਰਫ ਇਹ ਮਤਲਬ ਸੀ ਕਿ ਤੁਸੀਂ ਅਕਸਰ ਟੈਲੀਫੋਨ ਕਰਕੇ
ਆਉਂਦੇ ਹੋ ਨਾ।”
“ਅਜੀ ਵੁਹ ਤੋ ਹਮ ਇਸ ਲੀਏ ਕਰ ਲੇਤੇ ਹੈਂ ਤਾਕਿ ਪਤਾ ਚਲ ਜਾਏ ਕਿ ਆਪ ਘਰ ਪਰ ਹੀ ਹੈਂ ਔਰ ਹਮੇਂ
ਖਾਲੀ ਚੱਕਰ ਨਾ ਪੜੇ, ਪਰ ਅਬ ਤੋਂ ਹਮ ਆਪ ਕੇ ਸਵਭਾਵ ਸੇ ਅੱਛੀ ਤਰ੍ਹਾਂ ਵਾਕਿਫ ਹੋ ਗਏ ਹੈਂ,
ਕਿਉਂਕਿ ਆਜ ਐਤਵਾਰ ਹੈ, ਹਮ ਜਾਨਤੇ ਥੇ ਕਿ ਇਸ ਸਮੇਂ ਆਪ ਆਰਾਮ ਕਰ ਰਹੇ ਹੋਂਗੇ ਔਰ ਵਹੀ ਹੂਆ”,
ਚੌਧਰੀ ਨੇ ਆਪਣੀ ਸਿਆਣਪ ਜਤਾਉਂਦੇ ਹੋਏ ਕਿਹਾ।
ਏਨੇ ਵਿੱਚ ਗੁਰਮੀਤ ਪਾਣੀ ਲੈਕੇ ਆ ਗਈ। ਚੌਧਰੀ ਨੂੰ ਉਹ ਪਹਿਲਾਂ ਹੀ ਮਿਲ ਗਈ ਸੀ ਕਿਉਂਕਿ ਘੰਟੀ ਵਜਣ
ਤੇ ਦਰਵਾਜ਼ਾ ਉਸੇ ਹੀ ਖੋਲਿਆ ਸੀ ਅਤੇ ਉਨ੍ਹਾਂ ਨੂੰ ਬੈਠਕ ਵਿੱਚ ਬਿਠਾ ਕੇ, ਫੇਰ ਬੱਬਲ ਨੂੰ ਪਿਤਾ
ਨੂੰ ਦਸਣ ਵਾਸਤੇ ਭੇਜਿਆ ਸੀ। ਪਾਣੀ ਦੇ ਗਲਾਸ ਮੇਜ਼ ਤੇ ਰੱਖਦੀ ਹੋਈ ਉਹ ਬੋਲੀ, “ਭਾਈ ਸਾਬ੍ਹ ਕੀ
ਲਓਗੇ, ਚਾਹ ਕਿ ਠੰਡਾ?”
“ਅਜੀ ਚਾਯ-ਠੰਡਾ ਭੀ ਹੋ ਜਾਏਗਾ, ਪਹਿਲੇ ਆਪ ਬੈਠੀਏ ਤੋ ਹਮਾਰੇ ਪਾਸ, ਹਮ ਆਪ ਕੇ ਲੀਏ ਖੁਸ਼ਖ਼ਬਰੀ ਲਾਏ
ਹੈਂ”, ਚੌਧਰੀ ਨੇ ਬੜੇ ਚਹਿਕਦੇ ਹੋਏ ਜੁਆਬ ਦਿੱਤਾ।
“ਜੀ! ਹੁਣੇ ਆਈ”, ਕਹਿਕੇ ਉਹ ਖਾਲੀ ਗਲਾਸ ਟਰੇ ਵਿੱਚ ਰੱਖ ਕੇ ਤੁਰ ਗਈ।
ਉਸ ਦੇ ਜਾਂਦੇ ਹੀ ਬਲਦੇਵ ਸਿੰਘ ਮੁਸਕੁਰਾਉਂਦਾ ਹੋਇਆ ਬੋਲਿਆ, “ਕੀ ਤਾਰੀਖ ਨੀਯਤ ਕੀਤੀ ਹੈ ਚੌਧਰੀ
ਸਾਬ੍ਹ, ਰਿਤੇਸ਼ ਦੀ ਸ਼ਾਦੀ ਦੀ।”
“ਅਰੇ ਬਲਦੇਵ ਸਿੰਘ ਜੀ ਆਪ ਤੋ ਅੰਤਰਯਾਮੀ ਹੈਂ। ਆਪ ਕੋ ਕੈਸੇ ਪਤਾ ਚਲਾ ਕਿ ਹਮ ਯਹੀ ਖੁਸ਼ਖ਼ਬਰੀ ਲੇ
ਕਰ ਆਏ ਹੈਂ?” ਚੌਧਰੀ ਨੇ ਹਸਦੇ ਹੋਏ ਤੇ ਕੁੱਝ ਹੈਰਾਨਗੀ ਵਿਖਾਉਂਦੇ ਹੋਏ ਕਿਹਾ।
“ਇਸ ਵਿੱਚ ਕਿਹੜੀ ਅੰਤਰਯਾਮੀ ਵਾਲੀ ਗੱਲ ਹੈ, ਤੁਸੀ ਆਪ ਹੀ ਤਾਂ ਪਰਸੋਂ ਕਹਿ ਕੇ ਗਏ ਸੀ ਕਿ ਇੱਕ ਦੋ
ਦਿਨਾਂ ਵਿੱਚ ਹੀ ਤਾਰੀਖ ਨੀਯਤ ਕਰ ਕੇ ਦਸੋਗੇ”, ਬਲਦੇਵ ਸਿੰਘ ਨੇ ਸਿੱਧਾ ਜਿਹਾ ਜੁਆਬ ਦਿੱਤਾ।
“ਹਾਂ ਵੁਹ ਤੋ ਹੈ, ਚਲੋ, ਆਪ ਕੋ ਧਿਆਨ ਤੋ ਹੈ”, ਚੌਧਰੀ ਫੇਰ ਮੁਸਕੁਰਾਉਂਦਾ ਹੋਇਆ ਬੋਲਿਆ।
ਇਤਨੇ ਨੂੰ ਗੁਰਮੀਤ ਕੁੱਝ ਫਲ ਆਦਿ ਕੱਟ ਕੇ ਲੈ ਕੇ ਆ ਗਈ। ਉਹ ਟਰੇ ਅਤੇ ਪਲੇਟਾਂ ਰੱਖ ਕੇ ਮੁੜਨ
ਲੱਗੀ ਤਾਂ ਚੌਧਰੀ ਛੇਤੀ ਨਾਲ ਬੋਲਿਆ, “ਅਰੇ ਭਾਬੀ ਜੀ! ਆਪ ਫਿਰ ਕਹਾਂ ਚੱਲ ਦੀ? ਹਮ ਤੋ ਆਪ ਕਾ
ਇੰਤਜ਼ਾਰ ਕਰ ਰਹੇ ਹੈਂ।”
“ਮੈਂ ਤੁਹਾਡੇ ਪੀਣ ਵਾਸਤੇ ਕੁੱਝ ਲੈ ਆਵਾਂ”, ਗੁਰਮੀਤ ਜਿਵੇਂ ਉਥੋਂ ਜਾਣ ਦਾ ਬਹਾਨਾ ਲੱਭ ਰਹੀ ਸੀ।
“ਨਹੀਂ ਭਾਬੀ ਜੀ! ਆਪ ਪਹਿਲੇ ਹੀ ਬਹੁਤ ਕੁੱਛ ਲੇ ਆਈ ਹੈਂ, ਔਰ ਕੁਛ ਨਹੀਂ ਚਾਹੀਏ। ਆਪ ਪਲੀਜ਼
ਬੈਠੀਏ।” ਚੌਧਰੀ ਨੇ ਉਸ ਨੂੰ ਬੈਠਣ ਲਈ ਮਜ਼ਬੂਰ ਕੀਤਾ। ਗੁਰਮੀਤ ਚਿਹਰੇ ਤੇ ਜ਼ਬਰਦਸਤੀ ਮੁਸਕਰਾਹਟ
ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਬੈਠ ਗਈ।
“ਆਪ ਕੋ ਬਹੁਤ ਬਹੁਤ ਬਧਾਈ ਹੋ, ਹਮਨੇ ਆਪ ਕੇ ਭਤੀਜੇ ਕੀ ਪਹਿਲੀ ਸਤੰਬਰ ਕੀ ਸ਼ਾਦੀ ਕੀ ਤਾਰੀਖ ਪੱਕੀ
ਕਰ ਦੀ ਹੈ। ਵੁਹ ਤੋ ਔਰ ਜਲਦੀ ਕੇ ਲੀਏ ਬੋਲ ਰਹੇ ਥੇ ਪਰ ਏਕ ਤੋ ਅਭੀ ਗਰਮੀ ਬਹੁਤ ਹੈ, ਦੂਸਰਾ
ਬਰਸਾਤੇ ਭੀ ਸ਼ੁਰੂ ਹੋ ਗਈ ਹੈਂ, ਪਤਾ ਨਹੀਂ ਕੱਬ ਤੱਕ ਚਲੇਂ, ਹਮ ਨੇ ਸੋਚਾ ਤਬ ਤੱਕ ਮੌਸਮ ਕੁਛ ਠੀਕ
ਹੋ ਜਾਏਗਾ। ਫਿਰ ਸਭ ਸੇ ਬੜੀ ਬਾਤ, ਉਨ ਕੇ ਪੰਡਿਤ ਨੇ ਭੀ ਯੇਹ ਮਹੂਰਤ ਸ਼ੁਭ ਬਤਾਇਆ ਹੈ”, ਗੁਰਮੀਤ
ਕੌਰ ਦੇ ਬੈਠਦੇ ਹੀ, ਚੌਧਰੀ ਨੇ ਦੋਹਾਂ ਵੱਲ ਵੇਖਦੇ ਹੋਏ ਕਿਹਾ।
“ਚਲੋ, ਇਹ ਤਾਂ ਬਹੁਤ ਚੰਗਾ ਹੋ ਗਿਆ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਨਾਲੇ ਅੱਜ ਬਾਈ ਤਾਰੀਖ
ਹੈ ਤਿਆਰੀ ਵਾਸਤੇ ਵੀ ਤਕਰੀਬਨ ਸਵਾ ਕੁ ਮਹੀਨੇ ਦਾ ਸਮਾਂ ਮਿਲ ਗਿਐ”, ਬਲਦੇਵ ਸਿੰਘ ਨੇ ਬੜੀ ਖੁਸ਼ੀ
ਨਾਲ, ਉਸ ਨਾਲ ਫੇਰ ਹੱਥ ਮਿਲਾਉਂਦੇ ਹੋਏ ਕਿਹਾ। ਗੁਰਮੀਤ ਕੌਰ ਨੇ ਵੀ ਮੁਸਕਰਾ ਕੇ ਉਸ ਦੀ ਗੱਲ ਵਿੱਚ
ਨਾਲ ਸਾਥ ਦਿੱਤਾ।
“ਅਜੀ, ਸ਼ਾਦੀ ਜੈਸੇ ਬੜੇ ਕਾਮ ਕੇ ਲੀਏ ਸਵਾ ਮਹੀਨਾ ਕਿਆ ਸਮਯ ਹੋਤਾ ਹੈ? ਹਮ ਨੇ ਤੋ ਬਸ ਆਪ ਕੀ ਉਮੀਦ
ਪੇ ਤਯ ਕਰ ਲੀਆ, ਕਿ ਆਪ ਸਭ ਸੰਭਾਲ ਲੇਂਗੇ”, ਚੌਧਰੀ ਨੇ ਸਾਰੀ ਜਿਮੇਂਵਾਰੀ ਬਲਦੇਵ ਸਿੰਘ ਤੇ ਸੁਟਦੇ
ਹੋਏ ਕਿਹਾ।
“ਤੁਹਾਡੇ ਵਾਸਤੇ ਕੀ ਮੁਸ਼ਕਿਲ ਹੈ ਚੌਧਰੀ ਸਾਬ੍ਹ! ਤੁਸੀਂ ਤਾਂ ਬਸ ਹੁਕਮ ਕਰਨਾ ਹੈ, ਤੁਹਾਡੀ ਗੱਲ
ਕੌਣ ਮੋੜ ਸਕਦਾ ਹੈ? ਤੁਹਾਡਾ ਹਰ ਕੰਮ ਤਾਂ ਤੁਹਾਡੀ ਅੱਖ ਦੇ ਇਸ਼ਾਰੇ ਤੇ ਹੋ ਜਾਣਾ ਹੈ, ਫਿਰ ਅਸੀਂ
ਤਾਂ ਘਰ ਦੇ ਬੰਦੇ ਹਾਂ, ਤੁਸੀਂ ਸਾਡੀ ਜੋ ਡਿਊਟੀ ਲਾਓਗੇ ਅਸੀਂ ਤਿਆਰ ਹਾਂ”, ਬਲਦੇਵ ਸਿੰਘ ਨੇ ਵੀ
ਉਤਨਾ ਹੀ ਮਾਣ ਦੇਂਦੇ ਹੋਏ ਕਿਹਾ।
“ਡਿਊਟੀ ਨਹੀਂ ਬਲਦੇਵ ਸਿੰਘ ਜੀ, ਸਭ ਆਪਨੇ ਔਰ ਭਾਬੀ ਜੀ ਨੇ ਹੀ ਸੰਭਾਲਨਾ ਹੈ। ਸਭ ਸੇ ਪਹਿਲੇ ਤੋ
ਆਪ ਸ਼ਾਦੀ ਕਾ ਪ੍ਰੋਗਰਾਮ ਬਣਾਈਏ, ਤਾਕਿ ਕਾਰਡ ਛਪਵਾਏ ਜਾ ਸਕੇਂ।” ਚੌਧਰੀ ਨੇ ਫਿਰ ਉਸੇ ਗੱਲ ਤੇ ਜ਼ੋਰ
ਪਾਇਆ, ਉਹ ਪਤਾ ਨਹੀਂ ਕੀ ਚਾਹੁੰਦਾ ਸੀ?
“ਸ਼ਾਦੀ ਦਾ ਪ੍ਰੋਗਰਾਮ ਤਾਂ ਤੁਹਾਨੂੰ ਹੀ ਤਯ ਕਰਨਾ ਪੈਣਾ ਹੈ, ਕਿਉਂਕਿ ਤੁਹਾਡੇ ਰਸਮੋਂ-ਰਿਵਾਜ਼ ਦਾ
ਤਾਂ ਤੁਹਾਨੂੰ ਹੀ ਪਤਾ ਹੈ”, ਬਲਦੇਵ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ।
“ਬਲਦੇਵ ਸਿੰਘ ਜੀ ਹਮਾਰੇ ਔਰ ਆਪਕੇ ਰਸਮੋ-ਰਿਵਾਜ਼ ਮੇਂ ਕੌਨ ਸਾ ਫਰਕ ਹੈ, ਏਕ ਹੀ ਤੋ ਹੈਂ, ਆਪ ਯੇਹ
ਸਮਝ ਲੀਜੀਏ ਕਿ ਆਪ ਨੇ ਅਪਨੇ ਹਰਮੀਤ ਕੀ ਸ਼ਾਦੀ ਕਰਨੀ ਹੈ, ਬਸ ਉਸੀ ਧੂੰਮ ਧਾਂਮ ਸੇ ਹੋਨੀ ਚਾਹੀਏ”,
ਚੌਧਰੀ ਆਪਣੀ ਗੱਲ ਤੇ ਹੀ ਅੜਿਆ ਹੋਇਆ ਸੀ।
“ਚੌਧਰੀ ਸਾਬ੍ਹ, ਇਹ ਗੱਲ ਨਹੀਂ, ਰਸਮੋ-ਰਿਵਾਜ ਵਿੱਚ ਬਹੁਤ ਫਰਕ ਹੈ। ਸਾਡਾ ਤਾਂ ਬਹੁਤ ਸਧਾਰਨ ਕੰਮ
ਹੈ ਬਸ ਰਿਸ਼ਤਾ ਪੱਕਾ ਕਰਨ ਲਈ ਅਰਦਾਸ ਕੀਤੀ ਤੇ ਫਿਰ ਦਿਨ ਨੀਯਤ ਕਰਕੇ ਦੋਹਾਂ ਪਰਿਵਾਰਾਂ ਦੇ ਨੇੜੇ
ਦੇ ਰਿਸ਼ਤੇਦਾਰ ਗੁਰਦੁਆਰੇ ਇਕੱਠੇ ਹੋਏ ਤੇ ਅਨੰਦ ਕਾਰਜ ਕਰ ਲਿਆ … …. ।”
“ਕਿਆ ਬਾਤ ਕਰਤੇ ਹੈਂ ਬਲਦੇਵ ਸਿੰਘ ਜੀ, ਆਪ ਕੇ ਸਰਦਾਰ ਲੋਗ ਤੋ ਹਮ ਸੇ ਭੀ ਜ਼ਿਆਦਾ ਧੂਮ-ਧਾਮ ਸੇ
ਕਰਤੇ ਹੈਂ, ਬਲਕਿ ਹਮ ਤੋ ਸਮਝਤੇ ਹੈਂ ਕਿ ਆਪ ਕੀ ਰਸਮੇ ਤੋ ਹਮ ਸੇ ਭੀ ਜ਼ਿਆਦਾ ਹੋਤੀ ਹੈ। ਹਮ ਰੋਜ਼
ਦੇਖਤੇ ਨਹੀਂ, ਆਪ ਕੇ ਤੋ ਸ਼ਗਨ ਸੇ ਪਹਿਲੇ ਹੀ ਕਈ ਰਸਮੇਂ ਹੋ ਜਾਤੀ ਹੈ, ਫਿਰ ਸ਼ਾਦੀ ਕੀ ਰਸਮੇਂ ਭੀ
ਕਈ ਦਿਨ ਤੱਕ ਚਲਤੀ ਹੈ। ਜਿਤਨੇ ਢੋਲ-ਨਤਾਸ਼ੇ ਆਪ ਕੀ ਸ਼ਾਦੀਓਂ ਮੇ ਬਜਤੇ ਹੈਂ, ਹਮ ਨੇ ਤੋ ਕਿਸੀ ਔਰ
ਕੇ ਦੇਖੇ ਨਹੀਂ। ਆਪ ਕੇ ਜੋ ਨਿਮੰਤਰਣ ਪਤ੍ਰ ਆਤੇ ਹੈਂ, ਵੁਹ ਭੀ ਏਕ ਲਿਫਾਫੇ ਮੇਂ ਸਾਤ ਆਠ ਹੋਤੇ
ਹੈਂ, ਅਲੱਗ ਅਲੱਗ ਰਸਮੋਂ ਕੇ ਲੀਏ ….”, ਚੌਧਰੀ ਨੇ ਬਲਦੇਵ ਸਿੰਘ ਦੀ ਗੱਲ ਵਿੱਚੋਂ ਕੱਟ ਕੇ ਕਿਹਾ।
“ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਸੱਚ ਜਾਣੋ ਇਹ ਸਭ ਕੁੱਝ ਗੁਰਮਤਿ ਨੂੰ ਸਮਝੇ ਬਗੈਰ ਅਣਭੋਲ
ਹੀ ਹੋ ਰਿਹੈ, ਜਾਂ ਇੰਝ ਕਹਿ ਲਓ, ਜਿਨ੍ਹਾਂ ਕੋਲ ਚਾਰ ਪੈਸੇ ਵਾਧੂ ਆ ਗਏ ਹਨ, ਉਹ ਸਮਝਣਾ ਹੀ ਨਹੀਂ
ਚਾਹੁੰਦੇ, ਲੇਕਿਨ ਇਹ ਗਲਤ ਹੈ। ਸਾਡੇ ਸਤਿਗੁਰੂ ਨੇ ਤਾਂ ਸਾਨੂੰ ਬਹੁਤ ਸਿਧੀ-ਸਾਦੀ, ਸੌਖੀ ਤੇ
ਸਧਾਰਨ ਜੀਵਨ ਜੁਗਤਿ ਬਖਸ਼ੀ ਹੈ, ਜਿਸ ਨਾਲ ਕਿਸੇ ਗਰੀਬ ਤੋਂ ਗਰੀਬ ਨੂੰ ਵੀ ਧੀ ਦਾ ਵਿਆਹ ਬੋਝ ਨਾ
ਜਾਪੇ ਪਰ ਗੱਲ ਤਾਂ ਸਮਝ ਦੀ ਹੈ। ਮੈਂ ਦੂਸਰਿਆਂ ਦੀ ਕੀ ਗੱਲ ਕਰਾਂ, ਮੇਰੇ ਆਪਣੇ ਵਿਆਹ ਵਿੱਚ ਬਥੇਰਾ
ਧੂੰਮ-ਧੜਾਕਾ ਹੋਇਆ ਸੀ ਪਰ ਸੱਚਾਈ ਇਹ ਹੈ ਕਿ ਉਸ ਵੇਲੇ ਤੱਕ ਆਪ ਵੀ ਗੁਰਮਤਿ ਦੀ ਪੂਰੀ ਸੋਝੀ ਨਹੀਂ
ਸੀ, ਸੋ ਭੁਲ ਹੋ ਗਈ, ਪਰ ਹੁਣ ਵੇਖਣਾ … … ਵਾਹਿਗੁਰੂ ਮਿਹਰ ਰਖੇ, ਹਰਮੀਤ ਦਾ ਆਨੰਦ ਕਾਰਜ ਬਿਲਕੁਲ
ਸਾਦਾ ਹੋਵੇਗਾ। ਨਾ ਕੋਈ ਬੈਂਡ-ਵਾਜੇ ਵਜਣਗੇ, ਨਾ ਕੋਈ ਘੋੜੀ ਆਵੇਗੀ ਤੇ ਨਾ ਕੋਈ ਸਿਹਰਾ ਬਝੇਗਾ। ਨਾ
ਹੀ ਨਾਚ ਭੰਗੜੇ ਪੈਣਗੇ ਤੇ ਨਾ ਕੋਈ ਦਾਜ ਦਹੇਜ ਦਾ ਲੈਣ-ਦੇਣ ਹੋਵੇਗਾ। ਦੋਵੇਂ ਪਰਿਵਾਰ
ਅੰਮ੍ਰਿਤਵੇਲੇ ਗੁਰਦੁਆਰੇ ਇਕੱਤ੍ਰ ਹੋਵਾਂਗੇ ਤੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ, ਵਿਆਹ ਸਬੰਧੀ
ਗੁਰਮਤਿ ਵਿਚਾਰਾਂ ਹੋਕੇ, ਆਨੰਦ ਕਾਰਜ ਤੇ ਬਸ ਡੋਲੀ ਲੈ ਕੇ ਘਰ ਵਾਪਸੀ। ਲੋਕੀ ਤਾਂ ਦਸ ਵਜੇ ਤੱਕ
ਬਰਾਤ ਲੈਕੇ ਨਹੀਂ ਪੁੱਜਦੇ, ਸਤਿਗੁਰੂ ਦੀ ਬਖਸ਼ਿਸ਼ ਬਣੀ ਰਹੇ, ਜੇ ਮੈਂ ਜੀਉਂਦਾ ਰਿਹਾ ਤਾਂ ਅਸੀਂ ਦਸ
ਤੋਂ ਪਹਿਲਾਂ ਡੋਲੀ ਲੈਕੇ ਘਰ ਵਾਪਸ ਪੁੱਜ ਜਾਵਾਂਗੇ”, ਬਲਦੇਵ ਸਿੰਘ ਜਿਵੇਂ ਗੱਲ ਕਰਦਾ ਕਰਦਾ ਹਰਮੀਤ
ਦੇ ਵਿਆਹ ਦੇ ਖਿਆਲਾਂ ਵਿੱਚ ਗੁਆਚ ਗਿਆ ਸੀ।
“ਅਜੀ ਕਿਆ ਬਾਤ ਕਰਤੇ ਹੈਂ, ਹਮੇਂ ਤੋ ਹਰਮੀਤ ਕੀ ਸ਼ਾਦੀ ਕਾ ਬਹੁਤ ਚਾਵ ਹੈ, ਔਰ ਹਮਨੇ ਅਪਨੇ ਸਾਰੇ
ਚਾਵ ਪੂਰੇ ਕਰਨੇ ਹੈਂ, … … ਉਸ ਕੀ ਸ਼ਾਦੀ ਤੋ ਹਮ ਪੂਰੇ ਧੂੰਮ-ਧਾਮ ਸੇ ਕਰੇਂਗੇ, ਅਪਨੇ ਰਿਤੇਸ਼ ਸੇ
ਭੀ ਬੜ ਕਰ। ਬਲਕਿ ਉਸ ਕੀ ਸ਼ਾਦੀ ਪੇ ਤੋ ਹਮ ਆਪ ਕੇ ਸਾਥ ਭੰਗੜਾ ਭੀ ਡਾਲੇਂਗੇ ਔਰ ਪੀਏਂਗੇ ਭੀ ਜ਼ਰੂਰ
….”, ਚੌਧਰੀ ਨੇ ਵੀ ਪੂਰਾ ਆਪਣਾ-ਪਨ ਵਿਖਾਉਂਦੇ ਹੋਏ ਕਿਹਾ।
“ਚਾਅ ਮੈਨੂੰ ਵੀ ਬਹੁਤ ਹੈ ਚੌਧਰੀ ਸਾਬ੍ਹ, ਪਰ ਮੈਨੂੰ ਚਾਅ ਹੈ ਕਿ ਮੈਂ ਆਪਣੇ ਦੋਹਾਂ ਬੱਚਿਆਂ ਦੇ
ਆਨੰਦ-ਕਾਰਜ ਪੂਰਨ ਗੁਰਮਤਿ ਅਨੁਸਾਰ ਕਰਾਂ। ਸੋ ਮੈਂ ਖਿਮਾਂ ਮੰਗਦਾ ਹਾਂ ਉਥੇ ਐਸਾ ਕੁੱਝ ਨਹੀਂ
ਹੋਵੇਗਾ ਜੋ ਗੁਰਮਤਿ ਤੋਂ ਉਲਟ ਹੋਵੇ, ਫਿਰ ਸ਼ਰਾਬ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ, ਜੇ ਮੇਰੇ
ਸਤਿਗੁਰੂ ਨੇ ਸਾਨੂੰ ਸ਼ਰਾਬ ਪੀਣ ਦੀ ਮਨਾਹੀ ਕੀਤੀ ਹੈ ਤਾਂ ਸਾਡੇ ਘਰ ਵਿੱਚ ਸ਼ਰਾਬ ਦੇ ਆਉਣ ਦਾ ਸੁਆਲ
ਹੀ ਪੈਦਾ ਨਹੀਂ ਹੁੰਦਾ, ਨਾਲੇ! ਉਹ ਜ਼ਹਿਰ ਜੋ ਮੈਂ ਆਪ ਨਹੀਂ ਪੀਂਦਾ ਕਿਸੇ ਸੱਜਣ ਨੂੰ ਕਿਉਂ
ਪਿਲਾਵਾਂ? ਇਨ੍ਹਾਂ ਸਭ ਤੋਂ ਉਪਰ, ਆਨੰਦ ਕਾਰਜ ਵਰਗਾ ਪਵਿੱਤਰ ਸਮਾਗਮ ਜਿਥੇ ਸਮਾਜ ਦੀ ਇੱਕ ਨਵੀਂ
ਇਕਾਈ ਦੀ ਸ਼ੁਰੂਆਤ ਹੋਣੀ ਹੈ ਅਤੇ ਬੱਚਿਆਂ ਦੇ ਆਉਣ ਵਾਲੇ ਸੁਖਮਈ ਜੀਵਨ ਵਾਸਤੇ ਪ੍ਰਮਾਤਮਾਂ ਕੋਲੋਂ
ਬਖਸ਼ਿਸ਼ ਮੰਗਣੀ ਹੈ, ਉਸ ਨੂੰ ਐਸੇ ਗੰਦੇ ਕਰਮਾਂ ਨਾਲ ਅਪਵਿੱਤਰ ਕਰ ਕੇ ਅਸੀਂ ਪਰਮਾਤਮਾ ਦੀ ਬਖਸ਼ਿਸ਼ ਦੀ
ਆਸ ਕਿਵੇਂ ਕਰ ਸਕਦੇ ਹਾਂ?” ਫਿਰ ਜਿਵੇਂ ਕਿਸੇ ਖਿਆਲਾਂ ਦੀ ਦੁਨੀਆਂ `ਚੋਂ ਵਾਪਸ ਪਰਤਿਆ ਹੋਵੇ,
ਬਲਦੇਵ ਸਿੰਘ ਨੇ ਸਿਰ ਨੂੰ ਇੱਕ ਝਟਕਾ ਦਿੱਤਾ ਤੇ ਬੋਲਿਆ, “ਮੈਂ ਵੀ ਕਿਸ ਵਹਿਣ ਦੇ ਵਿੱਚ ਵਗ
ਤੁਰਿਆ, ਛਡੋ ਇਸ ਗੱਲ ਨੂੰ, ਜਦੋਂ ਵਾਹਿਗੁਰੂ ਸਮਾਂ ਲਿਆਵੇਗਾ ਤਾਂ ਵੇਖਿਆ ਜਾਵੇਗਾ, ਆਪਾਂ ਰਿਤੇਸ਼
ਦੀ ਸ਼ਾਦੀ ਦੀ ਗੱਲ ਤੇ ਵਾਪਸ ਆਈਏ।”
ਬਲਦੇਵ ਸਿੰਘ ਦੀਆਂ ਗੱਲਾਂ ਨੇ ਚੌਧਰੀ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ ਕਿ ਕਿਤੇ ਉਹ ਉਨ੍ਹਾਂ
ਕੋਲੋਂ ਵੀ ਐਸੀ ਆਸ ਹੀ ਨਾ ਕਰਦਾ ਹੋਵੇ। ਉਸ ਦੇ ਰਿਤੇਸ਼ ਦੀ ਸ਼ਾਦੀ ਦੀ ਗੱਲ ਤੇ ਵਾਪਸ ਆਉਣ ਦੇ ਲਫਜ਼ਾਂ
ਨੇ ਉਸ ਨੂੰ ਸੁੱਖ ਦਾ ਸਾਹ ਦਿੱਤਾ ਤੇ ਉਹ ਛੇਤੀ ਨਾਲ ਬੋਲਿਆ, “ਆਪ ਕੀ ਬਾਤੇਂ ਤੋ ਬਹੁਤ ਬੜੀਆ ਹੈਂ,
ਅਸਲ ਮੇਂ ਤੋ ਸਾਰੇ ਸਮਾਜ ਕੋ ਇਨ ਪਰ ਅਮਲ ਕਰਨਾ ਚਾਹੀਏ, ਇਸ ਸੇ ਸਾਰੇ ਸਮਾਜ ਕਾ ਭਲਾ ਹੋ ਜਾਏਗਾ।
…. . ਹਾਂ! ਆਪ ਕੋ ਤੋ ਮਾਲੂਮ ਹੀ ਹੈ ਕਿ ਹਮਾਰੇ ਤੋ ਰਾਤ ਕੀ ਸ਼ਾਦੀ ਹੋਤੀ ਹੈ ਔਰ ਵੈਸੇ ਭੀ ਆਪ
ਜਾਨਤੇ ਹੋ ਕਿ ਹਮਾਰਾ ਸਮਾਜਿਕ ਜੀਵਨ ਹੈ, ਹਰ ਤਰ੍ਹਾਂ ਕੇ ਲੋਗ ਰਿਤੇਸ਼ ਕੀ ਸ਼ਾਦੀ ਮੇਂ ਆਏਂਗੇ ਤੋ
ਹਮੇਂ ਤੋ ਕੁਛ ਸਮਝੌਤੇ ਕਰਨੇ ਹੀ ਪੜਤੇ ਹੈਂ।” ਉਸ ਨੇ ਪਹਿਲਾਂ ਤਾਂ ਬਲਦੇਵ ਸਿੰਘ ਦੀਆਂ ਗੱਲਾਂ ਦੀ
ਪ੍ਰੋੜਤਾ ਕੀਤੀ ਤੇ ਫੇਰ ਨਾਲ ਹੀ ਆਪਣੀ ਮਜਬੂਰੀ ਵੀ ਦੱਸ ਦਿੱਤੀ।
ਉਸ ਦੀ ਗੱਲ ਸੁਣ ਕੇ ਬਲਦੇਵ ਸਿੰਘ ਮੁਸਕੁਰਾਇਆ ਤੇ ਬੋਲਿਆ, “ਤਾਂ ਹੀ ਤਾਂ ਮੈਂ ਤੁਹਾਨੂੰ ਆਖਿਐ ਕਿ
ਤੁਸੀਂ ਘਰ ਆਪਣਾ ਪ੍ਰੋਗਰਾਮ ਬਣਾ ਲਓ ਤੇ ਕਾਰਡ ਛਪਾ ਲਓ, ਅਗੋਂ ਜੋ ਸੇਵਾ ਹੋਏਗੀ ਅਸੀਂ ਹਾਜ਼ਰ ਬੈਠੇ
ਹਾਂ।”
“ਆਪ ਕੀ ਬਾਤੋਂ ਸੇ ਮੁਝੇ ਲਗਤਾ ਹੈ ਕਿ ਯਹੀ ਠੀਕ ਰਹੇਗਾ, ਐਸਾ ਹੀ ਕਰਤੇ ਹੈਂ, ਪਰ ਅਬ ਆਪ ਤਿਆਰ
ਰਹੀਏ, ਬਾਕੀ ਸਭ ਆਪ ਕੋ ਹੀ ਸੰਭਾਲਨਾ ਹੈ”, ਕਹਿੰਦਾ ਹੋਇਆ ਉਹ ਉਠ ਕੇ ਖੜਾ ਹੋ ਗਿਆ।
ਚੌਧਰੀ ਦੇ ਜਾਣ ਤੋਂ ਬਾਅਦ ਬਲਦੇਵ ਸਿੰਘ ਕਾਫੀ ਦੇਰ ਬੈਠਾ ਇਹ ਹੀ ਸੋਚਦਾ ਰਿਹਾ ਕਿ ਚੌਧਰੀ ਉਸ
ਕੋਲੋਂ ਕੈਸੀ ਮੱਦਦ ਦੀ ਆਸ ਕਰਦਾ ਹੈ, ਅਖੀਰ ਉਹ ਇਸੇ ਨਤੀਜੇ ਤੇ ਪਹੁੰਚਿਆ ਕਿ ਉਹ ਪਿਛਲੇ ਸਮੇਂ ਦੀ
ਕੜਵਾਹਟ ਨੂੰ ਦੂਰ ਕਰਨ ਵਾਸਤੇ, ਉਸ ਨੂੰ ਵਧੇਰੇ ਮਾਣ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਸ …। ਫੇਰ
ਖਿਆਲ ਆਇਆ ਕਿ ਉਸ ਦਾ ਸੁਭਾ ਤਾਂ ਐਸਾ ਹੈ ਨਹੀਂ। ਇਸੇ ਦੁਬਿਧਾ ਵਿੱਚ ਸੀ ਕਿ ਗੁਰਮੀਤ ਆ ਗਈ ਤੇ ਕੋਲ
ਬੈਠਦੀ ਹੋਈ ਕਹਿਣ ਲੱਗੀ, “ਅੱਜ ਤੁਸੀਂ ਚੌਧਰੀ ਭਾਈ ਸਾਬ੍ਹ ਨਾਲ ਕਿਸ ਚਰਚਾ ਵਿੱਚ ਪੈ ਗਏ, ਉਨ੍ਹਾਂ
ਦੀ ਸੋਚ ਕੈਸੀ ਹੈ, ਇਹ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੈ, ਫੇਰ ਅਜੇ ਤਾਂ ਪਰਸੋਂ ਉਹ ਜਿਹੜੀਆਂ
ਗੱਲਾਂ ਕਰ ਕੇ ਗਏ ਨੇ, ਉਸ ਤੋਂ ਬਾਅਦ ਤਾਂ ਕੋਈ ਸ਼ੰਕਾ ਹੀ ਨਹੀਂ ਰਹਿ ਜਾਂਦੀ ਕਿ ਉਹ ਰਿਤੇਸ਼ ਦੀ
ਸ਼ਾਦੀ ਕੈਸੀ ਕਰਨੀ ਚਾਹੁੰਦੇ ਨੇ, ਫਿਰ ਤੁਸੀਂ ਉਨ੍ਹਾਂ ਕੋਲੋਂ ਕੀ ਆਸ ਰੱਖ ਰਹੇ ਹੋ?”
“ਨਹੀਂ ਮੀਤਾ! ਮੈਂ ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖ ਰਿਹਾ, ਪਰ ਮੈਂ ਸੋਚਿਆ ਗੱਲ ਛੇੜਣ ਵਿੱਚ ਕੀ
ਹਰਜ ਹੈ ਕਿਉਂਕਿ ਇਹ ਤਾਂ ਸੱਚਾਈ ਹੈ ਕਿ ਜੇ ਦੇਸ਼ ਦੇ ਆਗੂ ਐਸੇ ਕਾਰਜ ਸਧਾਰਨ ਤਰੀਕੇ ਨਾਲ ਕਰਨ ਤਾਂ
ਉਸ ਦਾ ਸਮਾਜ ਤੇ ਬੜਾ ਚੰਗਾ ਪ੍ਰਭਾਵ ਪਵੇਗਾ, … …. ਪਰ ਜਦੋਂ ਸਾਡੇ ਰੋਜ਼ ਗੁਰਬਾਣੀ ਪੜ੍ਹਨ ਵਾਲੇ
ਗੁਰਸਿੱਖ ਅਤੇ ਸਿੱਖ ਆਗੂ ਹੀ ਉਹੀ ਕਰਮ ਕਰ ਰਹੇ ਹਨ ਤਾਂ ਉਨ੍ਹਾਂ ਤੇ ਕੀ ਗਿਲਾ ਹੈ?”
“ਤੁਸੀਂ ਵੇਖਦੇ ਤਾਂ ਪਏ ਹੋ, ਸਾਡੇ ਆਪਣੇ ਸਿੱਖਾਂ ਦੇ ਘਰਾਂ ਵਿੱਚ ਹੀ ਆਨੰਦ ਕਾਰਜਾਂ ਅਤੇ ਹੋਰ
ਸਮਾਜਿਕ ਸਮਾਗਮਾਂ ਤੇ ਸ਼ਰਾਬਾਂ ਚੱਲ ਰਹੀਆਂ ਨੇ, ਉਨ੍ਹਾਂ ਵੱਲੋਂ ਦਾਜ ਦਿੱਤੇ ਅਤੇ ਲਿੱਤੇ ਜਾ ਰਹੇ
ਨੇ ਤਾਂ ਦੂਸਰੇ ਨੂੰ ਕਹਿਣ ਦਾ ਅਸੀਂ ਕੀ ਹੱਕ ਰੱਖਦੇ ਹਾਂ?” ਗੁਰਮੀਤ ਕੌਰ ਨੇ ਉਸ ਦੀ ਗੱਲ ਦੀ
ਪ੍ਰੋੜਤਾ ਕਰਦੇ ਹੋਏ, ਨਾਲ ਸੁਆਲ ਕਰ ਦਿੱਤਾ।
“ਨਹੀਂ ਮੀਤਾ! ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ। ਇਹ ਠੀਕ ਹੈ ਕਿ ਜੇ ਸਿੱਖ ਆਪਣੇ
ਸਾਰੇ ਕਾਰਜ ਗੁਰਮਤਿ ਅਨੁਸਾਰ ਕਰ ਰਹੇ ਹੁੰਦੇ ਤਾਂ ਕਿਸੇ ਨੂੰ ਕੁੱਝ ਕਹਿਣ ਦੀ ਲੋੜ ਹੀ ਨਹੀਂ ਸੀ,
ਬਲਕਿ ਲਾਸਾਨੀ ਗੁਰਸਿੱਖ ਜੀਵਨ ਦਾ ਬਹੁਤਾ ਸੁਣੇਹਾ ਤਾਂ ਸਾਡੇ ਕਰਮਾਂ ਨਾਲ ਹੀ ਪੂਰੇ ਸਮਾਜ ਵਿੱਚ
ਪਹੁੰਚ ਜਾਣਾ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਜੇ ਬਹੁਤੇ ਸਿੱਖ ਗਲਤ ਕਰਮਾਂ ਵਿੱਚ ਪੈ ਗਏ ਹਨ ਤਾਂ
ਸਾਨੂੰ ਸੱਚਾਈ ਦਸਣੀ ਹੀ ਨਹੀਂ ਚਾਹੀਦੀ, ਬਲਕਿ ਸਹੀ ਤਰੀਕੇ ਨਾਲ ਦਸਣਾ ਚਾਹੀਦਾ ਹੈ ਕਿ ਇਹ ਜੋ ਕੁੱਝ
ਹੋ ਰਿਹੈ ਭਾਵੇਂ ਸਿੱਖ ਹੀ ਕਰਿ ਰਹੇ ਹਨ, ਉਹ ਗਲਤ ਹੋ ਰਿਹੈ ਤੇ ਅਸਲੀ ਗੁਰਮਤਿ ਸਿਧਾਂਤ ਕੀ ਹਨ।
ਕਿਤੇ ਸੱਚ ਤੇ ਇਤਨੀ ਧੂੜ ਨਾ ਜੰਮ ਜਾਵੇ ਕਿ ਕੂੜ ਹੀ ਸੱਚ ਜਾਪਣ ਲੱਗ ਪਵੇ।” ਬਲਦੇਵ ਸਿੰਘ ਨੇ ਕੁੱਝ
ਭਾਵੁਕ ਹੋ ਕੇ ਕਿਹਾ।
“ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਮੈਨੂੰ ਇਹ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ
ਅਨੰਦ-ਕਾਰਜ ਬਿਲਕੁਲ ਗੁਰਮਤਿ ਅਨੁਸਾਰ ਕਰਨ ਦਾ ਮਨ ਬਣਾਈ ਬੈਠੇ ਹੋ, ਮੈਂ ਆਪ ਤੁਹਾਨੂੰ ਇਹ ਕਹਿਣਾ
ਚਾਹੂੰਦੀ ਸੀ, ਗੁਰਮਤਿ ਸਿਧਾਂਤਾਂ ਦਾ ਅਸਲ ਪ੍ਰਚਾਰ ਤਾਂ ਇਹੀ ਹੈ”, ਗੁਰਮੀਤ ਕੌਰ ਨੇ ਪਤੀ ਦੇ
ਫੈਸਲੇ ਤੇ ਖੁਸ਼ੀ ਜ਼ਾਹਰ ਕੀਤੀ, ਇਤਨੇ ਨੂੰ ਰਸੋਈ ਚੋਂ ਬੱਬਲ ਦੀ ਅਵਾਜ਼ ਆਈ, “ਮਾਮਾ! ਰੋਟੀ ਤਿਆਰ ਹੈ,
ਲਗਾਵਾਂ?”
ਗੁਰਮੀਤ ਤੋਂ ਵੀ ਪਹਿਲਾਂ ਬਲਦੇਵ ਸਿੰਘ ਨੇ ਜੁਆਬ ਦਿੱਤਾ, “ਹਾਂ ਬੇਟਾ ਲਗਾ ਲੈ, ਮੈਂ ਪ੍ਰਸ਼ਾਦਾ ਛੱਕ
ਕੇ ਜ਼ਰਾ ਫੇਰ ਅਰਾਮ ਕਰਨ ਲਈ ਲੇਟਣਾ ਹੈ।”
ਸ਼ਾਮ ਨੂੰ ਬਲਦੇਵ ਸਿੰਘ ਗੁਰਦੁਆਰੇ ਜਾਣ ਲਈ ਤਿਆਰ ਹੋ ਰਿਹਾ ਸੀ ਕਿ ਟੈਲੀਫੋਨ ਦੀ ਘੰਟੀ ਵਜੀ। ਬੱਬਲ
ਜਿਹੜੀ ਨਾਲ ਜਾਣ ਲਈ ਤਿਆਰ ਹੋ ਕੇ ਕੋਲ ਹੀ ਖੜੀ ਸੀ ਨੇ ਟੈਲੀਫੋਨ ਚੁੱਕਿਆ ਤੇ ਦੂਜੇ ਪਾਸੇ ਦੀ ਅਵਾਜ਼
ਸੁਣ ਕੇ ਇੱਕ ਦਮ ਖੁਸ਼ੀ ਨਾਲ ਚਹਿਕ ਪਈ, “ਵੀਰ ਜੀ।” ਬਲਦੇਵ ਸਿੰਘ ਨੂੰ ਸਮਝਦੇ ਦੇਰ ਨਾ ਲੱਗੀ ਕਿ
ਹਰਮੀਤ ਦਾ ਟੈਲੀਫੋਨ ਹੈ। ਬੱਬਲ ਨੇ ਗੱਲ ਕਰਦੇ-ਕਰਦੇ ਨਾਲ ਮਾਂ ਨੂੰ ਵੀ ਅਵਾਜ਼ ਮਾਰ ਕੇ ਦੱਸ ਦਿੱਤਾ
ਕਿ ਹਰਮੀਤ ਦਾ ਟੈਲੀਫੋਨ ਹੈ। ਅੱਜ ਹਰਮੀਤ ਦਾ ਟੈਲੀਫੋਨ ਕਈ ਦਿਨਾਂ ਬਾਅਦ ਆਇਆ ਸੀ ਇਸ ਲਈ ਗੁਰਮੀਤ
ਕੌਰ ਨੂੰ ਵੀ ਚਾਅ ਚੱੜ੍ਹ ਗਿਆ ਤੇ ਉਹ ਤਿਅਰ ਹੁੰਦੇ-ਹੁੰਦੇ ਵਿੱਚੋਂ ਹੀ ਗੱਲ ਕਰਨ ਲਈ ਨੱਸੀ ਆਈ।
ਬਲਦੇਵ ਸਿੰਘ ਦੀ ਵਾਰੀ ਸਭ ਤੋਂ ਅਖੀਰ ਤੇ ਆਈ। ਫਤਹਿ ਬੁਲਾ ਕੇ ਹਾਲ-ਚਾਲ ਆਦਿ ਪੁੱਛਣ ਤੋਂ ਬਾਅਦ
ਹਰਮੀਤ ਕਹਿਣ ਲੱਗਾ, “ਭਾਪਾ ਜੀ ਇੱਕ ਬੜੀ ਖੁਸ਼ੀ ਦੀ ਖ਼ਬਰ ਹੈ ਕਿ ਬਾਬਾ ਸੰਤਾ ਸਿੰਘ ਨਿਹੰਗ ਜਿਹੜਾ
ਸਰਕਾਰ ਦਾ ਪਿੱਠੂ ਬਣ ਕੇ ਅਕਾਲ ਤਖਤ ਸਾਹਿਬ ਦੀ ਸਰਕਾਰੀ ਸੇਵਾ ਕਰਾ ਰਿਹਾ ਸੀ, ਉਸ ਨੂੰ ਪੰਥ ਚੋਂ
ਛੇਕ ਦਿੱਤਾ ਗਿਐ।”
ਹਰਮੀਤ ਦੀ ਗੱਲ ਸੁਣ ਕੇ ਬਲਦੇਵ ਸਿੰਘ ਦੇ ਚਿਹਰੇ ਤੇ ਵੀ ਕੁੱਝ ਖੁਸ਼ੀ ਦੀ ਲਹਰ ਆਈ, ਪਰ ਕੁੱਝ ਸੋਚਦੇ
ਹੋਏ ਉਸ ਨੇ ਕਿਹਾ, “ਹਰਮੀਤ ਇਹ ਖ਼ਬਰ ਖੁਸ਼ੀ ਦੀ ਤਾਂ ਨਹੀਂ, ਦੁਖਦਾਈ ਹੈ ਕਿ ਸਾਨੂੰ ਆਪਣੀ ਕੌਮ ਦੀ
ਹੀ ਇੱਕ ਸੰਸਥਾ ਦੇ ਮੁੱਖੀ ਬੰਦੇ ਖਿਲਾਫ ਐਸਾ ਕਰੜਾ ਫੈਸਲਾ ਲੈਣਾ ਪਿਐ। ਕਿਸੇ ਸਿੱਖ ਨੂੰ ਪੰਥ ਚੋਂ
ਛੇਕਣ ਦਾ ਫੈਸਲਾ ਕਦੇ ਸੁਖਾਵਾਂ ਨਹੀਂ ਹੋ ਸਕਦਾ। ਪਰ ਕੌਮ ਦੇ ਐਸੇ ਔਖੇ ਸਮੇਂ ਵਿੱਚ ਸੰਤਾ ਸਿੰਘ
ਵਰਗੇ ਕੁੱਝ ਸਿੱਖ ਅਖਵਾਉਣ ਵਾਲਿਆਂ ਨੇ ਜੋ ਕਰਤੂਤਾਂ ਕੀਤੀਆਂ ਨੇ, ਜਿਵੇਂ ਇਤਨਾ ਕੁੱਝ ਵਾਪਰਨ ਦੇ
ਬਾਵਜੂਦ ਵੀ ਇਨ੍ਹਾਂ ਨੂੰ ਸਮਝ ਨਹੀਂ ਆਈ ਤੇ ਕੌਮ ਨੂੰ ਪਿੱਠ ਦੇ ਕੇ ਅਜੇ ਵੀ ਸਰਕਾਰ ਦੀ ਝੋਲੀ ਵਿੱਚ
ਵੜੇ ਹੋਏ ਨੇ ਬੇਸ਼ਕ ਕੌਮ ਨੂੰ ਕੁੱਝ ਕਰੜੇ ਫੈਸਲੇ ਲੈਣੇ ਹੀ ਪੈਣੇ ਸਨ। … … ਪਰ ਤੈਨੂੰ ਕਿਸ
ਦੱਸਿਐ?”
“ਭਾਪਾ ਜੀ! ਮੇਰਾ ਇੱਕ ਦੋਸਤ ਜੋ ਇਥੇ ਮੇਰੇ ਨਾਲ ਹੀ ਪੜ੍ਹਦੈ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ
ਕੱਲ ਦਾ ਉਥੇ ਹੀ ਗਿਆ ਹੋਇਆ ਸੀ। ਉਸੇ ਦਾ ਹੁਣੇ ਟੈਲੀਫੋਨ ਆਇਆ ਸੀ, ਉਸੇ ਦੱਸਿਐ, ਇਹ ਫੈਸਲਾ ਅੱਜ
ਹੀ ਹੋਇਐ”, ਹਰਮੀਤ ਨੇ ਗੱਲ ਸਪੱਸ਼ਟ ਕੀਤੀ।
“ਮੈਂ ਤਾਂ ਸਮਝਦਾ ਹਾਂ ਬੂਟਾ ਸਿੰਘ ਅਤੇ ਜ਼ੈਲ ਸਿੰਘ ਵਰਗੇ, ਜਿਨ੍ਹਾਂ ਇਸ ਵੇਲੇ ਕੌਮ ਦੀ ਪਿੱਠ ਵਿੱਚ
ਛੁਰਾ ਮਾਰਿਐ, ਖਿਲਾਫ ਵੀ ਕੁੱਝ ਜੁਰਅਤ ਵਾਲੇ ਫੈਸਲੇ ਲੈਣੇ ਚਾਹੀਦੇ ਹਨ”, ਬਲਦੇਵ ਸਿੰਘ ਨੇ ਆਪਣਾ
ਵਿਚਾਰ ਦੱਸਿਆ ਤੇ ਫੇਰ ਜ਼ਰਾ ਕੁ ਰੁੱਕ ਕੇ ਬੋਲਿਆ, “ਹੁਣ ਤੇਰਾ ਕਦੋਂ ਆਉਣ ਦਾ ਪ੍ਰੋਗਰਾਮ ਹੈ?”
“ਅਜੇ ਕੋਈ ਬਣਿਆ ਨਹੀਂ, ਵੇਖੋ! ਇਸ ਹਫਤੇ ਤਾਂ ਨਹੀਂ ਲਗਦਾ”, ਹਰਮੀਤ ਨੇ ਜੁਆਬ ਦਿੱਤਾ।
“ਚਲੋ! ਇੱਕ ਗੱਲ ਦਾ ਖਿਆਲ ਰੱਖੀਂ, ਚੌਧਰੀ ਸਾਬ੍ਹ ਨੇ ਰਿਤੇਸ਼ ਦਾ ਵਿਆਹ ਪਹਿਲੀ ਸਤੰਬਰ ਦਾ ਪੱਕਾ
ਕੀਤਾ ਹੈ, ਉਦੋਂ ਤਾਂ ਜ਼ਰੂਰ ਆਉਣਾ ਪਵੇਗਾ। …. . ਵੈਸੇ …. ਅਜੇ ਤਾਂ ਕਾਫੀ ਸਮਾਂ ਹੈ ਵਿੱਚੋਂ ਇੱਕ
ਚੱਕਰ ਲਗਾ ਜਾ।”
“ਅੱਛਾ! …. . ਚੌਧਰੀ ਅੰਕਲ ਨੇ ਰਿਤੇਸ਼ ਦਾ ਵਿਆਹ ਪੱਕਾ ਕਰ ਦਿੱਤੈ, …. ਕਦੋਂ ਹੋਇਐ ਰਿਸ਼ਤਾ?”
ਹਰਮੀਤ ਨੇ ਕੁੱਝ ਹੈਰਾਨਗੀ ਜਤਾਈ।
“ਅੱਜ ਸਵੇਰੇ ਹੀ ਦੱਸ ਕੇ ਗਏ ਨੇ, ਦੋ ਚਾਰ ਦਿਨ ਪਹਿਲੇ ਹੀ ਰਿਸ਼ਤਾ ਹੋਇਐ …. . ਤੂੰ ਆਵੇਂਗਾ ਤੇ
ਫੇਰ ਸਾਰੀ ਗੱਲ ਕਰਾਂਗੇ”, ਬਲਦੇਵ ਸਿੰਘ ਨੇ ਗੱਲ ਨਿਬੇੜਨ ਵਾਲੀ ਗੱਲ ਕੀਤੀ ਤੇ ਫੇਰ ਦੋਹਾਂ ਨੇ
ਫਤਹਿ ਬੁਲਾ ਕੇ ਟੈਲੀਫੋਨ ਬੰਦ ਕਰ ਦਿੱਤਾ।
ਅਗਲੇ ਦਿਨ ਦੁਪਹਿਰੇ ਹੀ ਚੌਧਰੀ ਸਾਬ੍ਹ ਸਾਰੇ ਪਰਿਵਾਰ ਨੂੰ ਲੈਕੇ ਬਲਦੇਵ ਸਿੰਘ ਦੀ ਦੁਕਾਨ ਤੇ
ਪਹੁੰਚ ਗਏ। ਬਲਦੇਵ ਸਿੰਘ ਨੇ ਸਾਰੇ ਪਰਿਵਾਰ ਨੂੰ ਵੇਖਿਆ ਤਾਂ ਉਠ ਕੇ, ਜੀ ਆਇਆਂ ਕਹਿੰਦੇ ਹੋਏ
ਚੌਧਰੀ ਨਾਲ ਜੱਫੀ ਪਾਕੇ ਮਿਲਿਆ ਤੇ ਫੇਰ ਮਿਨਾਕਸ਼ੀ ਨੂੰ ਨਮਸਤੇ ਬੁਲਾਕੇ ਬੱਚਿਆਂ ਨੂੰ ਪਿਆਰ ਦਿੱਤਾ
ਤੇ ਬੈਠਣ ਵਾਸਤੇ ਇਸ਼ਾਰਾ ਕੀਤਾ।
“ਹਮ ਨੇ ਸੋਚਾ ਸਭ ਸੇ ਪਹਿਲੇ ਸ਼ੁਰੂਆਤ ਆਪ ਸੇ ਹੀ ਕਰੇਂ, ਏਕ ਤੋ ਆਪ ਹਮਾਰੇ ਲੀਏ ਬਹੁਤ ਸ਼ੁਭ ਹੈ,
ਦੂਸਰਾ ਮਿਨਾਕਸ਼ੀ ਕਹਿਨੇ ਲਗੀਂ ਕਿ ਕਪੜੇ ਸਿਲਨੇ ਮੇਂ ਬਹੁਤ ਸਮਯ ਲੱਗ ਜਾਤਾ ਹੈ ਇਸ ਲੀਏ ਪਹਿਲੇ
ਕਪੜੋਂ ਸੇ ਹੀ ਸ਼ੁਰੂਆਤ ਕਰਨੀ ਚਾਹੀਏ। ਯੂੰ ਭੀ ਸ਼ਾਮ ਕੋ ਗ੍ਰਾਹਕੋ ਕੀ ਭੀੜ ਜ਼ਿਆਦਾ ਹੋ ਜਾਤੀ ਹੈ ਸੋ
ਹਮ ਨੇ ਸੋਚਾ ਦੁਪਹਿਰ ਮੇਂ ਹੀ ਚਲਤੇ ਹੈਂ”, ਚੌਧਰੀ ਨੇ ਬੈਠਦੇ ਹੋਏ ਕਿਹਾ।
“ਚੌਧਰੀ ਸਾਬ੍ਹ! ਪ੍ਰਮਾਤਮਾਂ ਦੀ ਬਣਾਈ ਹਰ ਚੀਜ਼, ਹਰ ਮਨੁੱਖ ਸ਼ੁਭ ਹੈ, ਐਸਾ ਕੋਈ ਭਰਮ ਨਹੀਂ ਹੋਣਾ
ਚਾਹੀਦਾ ਪਰ ਤੁਹਾਨੂੰ ਭਾਬੀ ਜੀ ਨੇ ਸਲਾਹ ਬਿਲਕੁਲ ਠੀਕ ਦਿੱਤੀ ਹੈ”, ਕਹਿਕੇ ਬਲਦੇਵ ਸਿੰਘ ਨੇ
ਦੁਕਾਨ ਦੇ ਇੱਕ ਨੌਕਰ ਨੂੰ ਸਾਰਿਆਂ ਨੂੰ ਪਾਣੀ ਪਿਲਾਣ ਵਾਸਤੇ ਤੇ ਦੂਸਰੇ ਨੂੰ ਕੋਕਾ ਕੋਲਾ ਲੈ ਕੇ
ਆਉਣ ਵਾਸਤੇ ਆਖਿਆ। ਉਸ ਤੋਂ ਬਾਅਦ ਜਿਉਂ ਕਪੜਿਆਂ ਦੀ ਪਸੰਦ ਦਾ ਕੰਮ ਸ਼ੁਰੂ ਹੋਇਆ ਤਾਂ ਸਮੇਂ ਦਾ ਪਤਾ
ਹੀ ਨਹੀਂ ਲੱਗਾ ਤੇ ਕਈ ਲਿਫਾਫੇ ਭਰ ਗਏ ਤੇ ਨਾਲ ਸ਼ਾਮ ਵੀ ਪੈ ਗਈ, ਪਰ ਜਾਪਦਾ ਸੀ ਮਿਨਾਕਸ਼ੀ ਅਤੇ
ਬੱਚਿਆਂ ਦੀ ਅਜੇ ਵੀ ਤਸੱਲੀ ਨਹੀਂ ਹੋਈ। ਅਖੀਰ ਬਲਦੇਵ ਸਿੰਘ ਨੇ ਕਿਹਾ, “ਦੋ ਦਿਨ ਹੋਰ ਠਹਿਰ ਜਾਓ,
ਕਾਫੀ ਨਵਾਂ ਮਾਲ ਆਉਣ ਵਾਲਾ ਹੈ, ਨਾਲੇ ਕੁੱਝ ਹੋਰ ਮਾਰਕੀਟ ਵਿੱਚੋਂ ਵੀ ਵੇਖ ਲਵਾਂਗੇ, ਮੈਂ ਆਪ
ਤੁਹਾਡੇ ਨਾਲ ਚਲਾਂਗਾ।”
“ਅਜੀ ਨਹੀਂ, ਹਮ ਨੇ ਤੋ ਕਪੜੇ ਬਸ ਆਪ ਸੇ ਹੀ ਲੇਨੇ ਹੈਂ, ਲੋਗ ਕਿਆ ਕਹੇਂਗੇ, ਕਿ ਆਪਨੀ ਘਰ ਕੀ
ਦੁਕਾਨ ਛੋੜ ਕਰ ਬਾਹਰ ਘੂੰਮ ਰਹੇ ਹੈਂ। …. . ਹਾਂ ਨਯਾ ਮਾਲ ਆ ਜਾਏ, ਦੋ ਦਿਨ ਤੱਕ ਹਮ ਫਿਰ ਆ
ਜਾਏਂਗੇ”, ਕਹਿਕੇ ਚੌਧਰੀ ਉਠ ਖੜ੍ਹੋਤਾ ਤੇ ਨਾਲ ਹੀ ਬਾਕੀ ਪਰਿਵਾਰ ਵੀ। ਬਲਦੇਵ ਸਿੰਘ ਨੇ ਦੁਕਾਨ ਦੇ
ਨੌਕਰਾਂ ਨੂੰ ਪਸੰਦ ਕੀਤੇ ਕਪੜਿਆਂ ਦੇ ਲਿਫਾਫੇ ਗੱਡੀ ਵਿੱਚ ਰੱਖਣ ਵਾਸਤੇ ਕਿਹਾ ਤੇ ਆਪ ਚੌਧਰੀ ਨਾਲ
ਬਾਹਰ ਤੱਕ ਛੱਡਣ ਆਇਆ। ਚੌਧਰੀ ਨੇ ਬਲਦੇਵ ਸਿੰਘ ਦੇ ਨੇੜੇ ਜਿਹੇ ਹੋ ਕੇ ਕੰਨ ਵਿੱਚ ਫੁਸਫੁਸਾਉਣ
ਵਾਲੇ ਲਹਿਜੇ ਵਿੱਚ ਕਿਹਾ, “ਪਹਿਲੇ ਬਾਹਰ ਕੀ ਖਰੀਦੋ-ਫਰੋਖਤ ਪੂਰੀ ਕਰ ਲੇਂ, ਫਿਰ ਆਪ ਸੇ ਹਿਸਾਬ
ਬਾਅਦ ਮੇਂ ਕਰਤੇ ਹੈਂ। ਅਸਲ ਮੇਂ ਹਮ ਤੋ ਅਭੀ ਤਿਆਰ ਨਹੀਂ ਥੇ, ਸ਼ਾਦੀ ਕਾ ਪ੍ਰੋਗਰਾਮ ਏਕ ਦਮ ਹੀ ਬਨ
ਗਿਆ ਨਾ …. ।”
“ਕਿਉਂ ਸ਼ਰਮਿੰਦਾ ਕਰਦੇ ਹੋ ਚੌਧਰੀ ਸਾਬ੍ਹ, ਤੁਹਾਨੂੰ ਇਹ ਕਹਿਣ ਦੀ ਲੋੜ ਹੀ ਕਿਉਂ ਪਈ? ਇਹ ਤਾਂ
ਤੁਹਾਡੀ ਆਪਣੀ ਦੁਕਾਨ ਹੈ”, ਬਲਦੇਵ ਸਿੰਘ ਨੇ ਚੌਧਰੀ ਨੂੰ ਬੜਾ ਮਾਣ ਦੇਂਦੇ ਹੋਏ ਕਿਹਾ ਤੇ ਦੋਹਾਂ
ਨੇ ਜੱਫੀ ਪਾ ਲਈ। ਉਂਝ ਉਹ ਜਾਣਦਾ ਸੀ ਕਿ ਸਭ ਕੁੱਝ ਹੁੰਦੇ-ਸੁੰਦੇ ਵੀ ਇਹ ਚੌਧਰੀ ਦੀ ਆਦਤ ਹੈ।
ਬਸ! ਉਸ ਤੋਂ ਬਾਅਦ ਤਾਂ ਜਿਵੇਂ ਨੇਮ ਬਣ ਗਿਆ, ਕਦੇ ਚੌਧਰੀ ਆਪ ਆ ਕੇ ਬਲਦੇਵ ਸਿੰਘ ਨੂੰ ਨਾਲ ਲੈ
ਜਾਂਦਾ ਤੇ ਕਦੀ ਟੈਲੀਫੋਨ ਕਰ ਕੇ ਬੁਲਾ ਲੈਂਦਾ। ਹਰ ਚੀਜ਼ ਦੀ ਖਰੀਦ ਸਮੇਂ ਬਲਦੇਵ ਸਿੰਘ ਨਾਲ ਹੁੰਦਾ।
ਚੌਧਰੀ ਤਾਂ ਕੋਸ਼ਿਸ਼ ਕਰਦਾ ਕਿ ਗੁਰਮੀਤ ਕੌਰ ਵੀ ਨਾਲ ਆਵੇ ਪਰ ਉਹ ਅਕਸਰ ਕੋਈ ਬਹਾਨਾ ਬਣਾ ਕੇ ਟਾਲ
ਜਾਂਦੀ। ਕਦੇ ਮਜ਼ਬੂਰੀ ਵਿੱਚ ਆਉਣਾ ਪੈਂਦਾ ਜਾਂ ਜਦੋਂ ਕਿਤੇ ਇਕੱਲੇ ਔਰਤਾਂ ਨੇ ਜਾਣਾ ਹੋਵੇ ਉਹ ਖੁਸ਼ੀ
ਨਾਲ ਆ ਜਾਂਦੀ। ਵੈਸੇ ਉਸ ਦੀ ਕੋਸ਼ਿਸ਼ ਹੁੰਦੀ ਕਿ ਜੁਆਨ ਧੀ ਨੂੰ ਘਰ ਇਕੱਲੇ ਘੱਟ ਹੀ ਛੱਡਿਆ ਜਾਵੇ।
ਇੰਤਜ਼ਾਮ ਦੇ ਸਾਰੇ ਕੰਮ ਤਾਂ ਚੌਧਰੀ ਨੇ ਤਕਰੀਬਨ ਬਲਦੇਵ ਸਿੰਘ ਤੇ ਹੀ ਪਾ ਦਿੱਤੇ ਸਨ, ਭਾਵੇਂ ਘਰ
ਹੋਣ ਵਾਲੀਆਂ ਪਾਰਟੀਆਂ ਦੇ ਪ੍ਰਬੰਧ ਦਾ ਹੋਵੇ ਤੇ ਭਾਵੇਂ ਘੋੜੀ ਤੋਂ ਲੈਕੇ ਬੈਂਡ-ਵਾਜੇ ਤੇ ਤੰਬੂ
ਕਨਾਤਾਂ ਦਾ।
ਬਲਦੇਵ ਸਿੰਘ ਅਜੇ ਦੁਕਾਨ ਤੇ ਆਕੇ ਬੈਠਾ ਹੀ ਸੀ ਕਿ ਚੌਧਰੀ ਦਾ ਟੈਲੀਫੋਨ ਆ ਗਿਆ, “ਸਸ ਸ੍ਰੀ ਕਾਲ,
ਬਲਦੇਵ ਸਿੰਘ ਜੀ, ਪਹੁੰਚ ਗਏ ਦੁਕਾਨ ਪੇ?”
“ਹਾਂ ਚੌਧਰੀ ਸਾਬ੍ਹ! ਪਹੁੰਚ ਗਿਆਂ, ਸੇਵਾ ਦਸੋ?” ਬਲਦੇਵ ਸਿੰਘ ਨੇ ਜੁਆਬ ਦਿੱਤਾ, ਉਸ ਸੋਚਿਆ ਰੋਜ਼
ਦੀ ਤਰ੍ਹਾਂ ਸ਼ਾਇਦ ਉਹ ਕਿਧਰੇ ਪਹੁੰਚਣ ਲਈ ਆਖੇ।
“ਬਸ ਹਮ ਆਪ ਕੀ ਤਰਫ ਹੀ ਆ ਰਹੇ ਹੈਂ”, ਕਹਿ ਕੇ ਚੌਧਰੀ ਨੇ ਟੈਲੀਫੋਨ ਬੰਦ ਕਰ ਦਿੱਤਾ ਤੇ ਬਲਦੇਵ
ਸਿੰਘ ਮੁਨੀਮ ਨੂੰ ਕਹਿਣ ਲੱਗਾ, “ਮੁਨੀਮ ਜੀ! ਤੁਸੀਂ ਬੈਂਕ ਦਾ ਕੰਮ ਭੁਗਤਾ ਆਓ, ਮੈਨੂੰ ਸ਼ਾਇਦ ਛੇਤੀ
ਕੁੱਝ ਕੰਮ ਜਾਣਾ ਪਵੇ।”
ਮੁਨੀਮ ਪਹਿਲਾਂ ਹੀ ਬੈਂਕ ਦੇ ਕਾਗਜ਼-ਪੱਤਰ ਤਿਆਰ ਕਰ ਰਿਹਾ ਸੀ, “ਜੀ ਅੱਛਾ” ਕਹਿ ਕੇ ਮੁਨੀਮ ਬੈਂਕ
ਦੇ ਕਾਗਜ਼ ਪੱਤਰ ਤੇ ਨਕਦੀ ਲੈ ਕੇ ਬੈਂਕ ਵੱਲ ਨਿਕਲ ਗਿਆ।
ਅਜੇ ਅੱਧਾ ਘੰਟਾ ਵੀ ਨਹੀਂ ਸੀ ਬੀਤਿਆ ਕਿ ਚੌਧਰੀ ਦੁਕਾਨ ਤੇ ਪਹੁੰਚ ਗਿਆ।
“ਕਿਧਰ ਦਾ ਪ੍ਰੋਗਰਾਮ ਹੈ ਅੱਜ? … …. ਮੁਨੀਮ ਜ਼ਰਾ ਬੈਂਕ ਗਿਆ ਹੋਇਐ, ਆ ਜਾਵੇ ਤਾਂ ਚਲਦੇ ਹਾਂ”,
ਬਲਦੇਵ ਸਿੰਘ ਨੇ ਮਿਲਣ ਤੋਂ ਬਾਅਦ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ।
“ਵੁਹ ਤੋ ਦੁਪਹਿਰ ਕੇ ਬਾਅਦ ਹੀ ਚਲੇਂਗੇ, ਸਾਥ ਮੇਂ ਮਿਨਾਕਸ਼ੀ ਕੋ ਭੀ ਲੇ ਆਏਂਗੇ, ਆਜ ਫਿਰ ਜੌਹਰੀ
ਕੇ ਯਹਾਂ ਜਾਨਾ ਹੈ, … … ਵੈਸੇ ਇਸ ਸਮੇਂ ਤੋਂ ਹਮ ਆਪ ਕੇ ਪਾਸ ਔਰ ਬਾਤ ਕਰਨੇ ਆਏ ਹੈਂ”, ਚੌਧਰੀ ਨੇ
ਸਾਰਾ ਪ੍ਰੋਗਰਾਮ ਵਿਸਤਾਰ ਵਿੱਚ ਦਸਦੇ ਹੋਏ ਕਿਹਾ।
“ਹਾਂ ਦਸੋ ਨਾ?
“ਹਮ ਯੇਹ ਪੂਛ ਰਹੇ ਥੇ ਕਿ ਕਿਆ ਆਪ ਕਾ ਅੰਮ੍ਰਿਤਸਰ ਜਾਨੇ ਕਾ ਪ੍ਰੋਗਰਾਮ ਨਹੀਂ ਹੈ?” ਚੌਧਰੀ ਨੇ
ਬਲਦੇਵ ਸਿੰਘ ਦੇ ਚਿਹਰੇ ਵੱਲ ਧਿਆਨ ਨਾਲ ਵੇਖਦੇ ਹੋਏ ਕਿਹਾ।
“ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਡੇ ਵਿਆਹ ਤੱਕ ਕਿਤੇ ਨਹੀਂ ਜਾਂਦਾ। ਤੁਸੀਂ ਮੇਰੇ ਤੇ ਜੋ
ਜ਼ਿਮੇਂਵਾਰੀਆਂ ਪਾਈਆਂ ਨੇ, ਪੂਰੀਆਂ ਕਰ ਕੇ ਹੀ ਮੈਂ ਕਿਧਰੇ ਨਿਕਲਾਂਗਾ”, ਬਲਦੇਵ ਸਿੰਘ ਨੇ ਬੜਾ
ਸਹਿਜ ਜਿਹਾ ਜੁਆਬ ਦਿੱਤਾ।
“ਪਰ ਵਹਾਂ ਤੋ ਆਪਕਾ ਬਹੁਤ ਬੜਾ ਧਾਰਮਿਕ ਇਕੱਠ ਹੋ ਰਹਾ ਹੈ ਨਾ …. ਕਿਆ ਬੋਲਤੇ ਹੈਂ ਉਸ ਕੋ …. .
ਸਰਬੱਤ ਖਾਲਸਾ, ਚਾਰ ਦਿਨ ਬਾਅਦ, ਗਿਆਰ੍ਹਾਂ ਅਗਸਤ ਕੋ”, ਚੌਧਰੀ ਨੇ ਬਲਦੇਵ ਸਿੰਘ ਨੂੰ ਟੋਹਣ ਦੇ
ਹਿਸਾਬ ਨਾਲ ਕਿਹਾ।
ਅਸਲ ਵਿੱਚ ਸੰਤਾ ਸਿੰਘ ਨਿਹੰਗ ਦੇ ਪੰਥ `ਚੋਂ ਛੇਕੇ ਜਾਣ ਤੋਂ ਬਾਅਦ ਬੂਟਾ ਸਿੰਘ ਨੇ ਉਸ ਨੂੰ ਅਤੇ
ਉਸ ਦੇ ਨਾਂ ਤੇ ਸਰਕਾਰ ਵਲੋਂ ਕਰਾਈ ਜਾ ਰਹੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਨੂੰ ਕਾਰ ਸੇਵਾ ਵਜੋਂ
ਮਾਨਤਾ ਦਿਵਾਉਣ ਲਈ ਸਰਬੱਤ ਖਾਲਸਾ ਦਾ ਇਹ ਪਰਪੰਚ ਰਚਿਆ ਸੀ। ਉਸ ਨੇ ਆਪਣੇ ਸਰਕਾਰੀ ਪ੍ਰਭਾਵ ਅਤੇ
ਪੈਸੇ ਦੀ ਤਾਕਤ ਨਾਲ ਤਖ਼ਤ ਪਟਨਾ ਸਾਹਿਬ ਦੇ ਅਖੌਤੀ ਜਥੇਦਾਰ ਮਾਨ ਸਿੰਘ ਨੂੰ ਕਾਬੂ ਕਰ ਲਿਆ ਸੀ ਤੇ
ਉਸੇ ਦਾ ਨਾਂ ਵਰਤਿਆ ਜਾ ਰਿਹਾ ਸੀ। ਸਿੱਖ ਕੌਮ ਅੰਦਰ ਇਸ ਨਾਲ ਸਗੋਂ ਹੋਰ ਰੋਸ ਜਾਗ ਪਿਆ।
“ਛੱਡੋ ਚੌਧਰੀ ਸਾਬ੍ਹ! ਇਹ ਸਾਡਾ ਧਾਰਮਿਕ ਇਕੱਠ ਨਹੀਂ ਹੋ ਰਿਹਾ, ਸਗੋਂ ਬੂਟਾ ਸਿੰਘ ਵੱਲੋ ਪਖੰਡ
ਕੀਤਾ ਜਾ ਰਿਹੈ। ਇਸ ਵਿੱਚ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ”, ਬਲਦੇਵ ਸਿੰਘ ਨੇ ਚੌਧਰੀ
ਦੀ ਗੱਲ ਤੇ ਹੈਰਾਨ ਹੁੰਦੇ ਹੋਏ ਗੱਲ ਸਪੱਸ਼ਟ ਕੀਤੀ।
ਚੌਧਰੀ ਨੂੰ ਬਲਦੇਵ ਸਿੰਘ ਦੇ ਜੁਆਬ ਤੋਂ ਕੁੱਝ ਨਿਰਾਸ਼ਾ ਹੋਈ ਪਰ ਉਹ ਗੱਲ ਨੂੰ ਜਾਰੀ ਰਖਦੇ ਹੋਏ
ਬੋਲਿਆ, “ਦੇਖੀਏ! ਹਮ ਜਾਨਤੇ ਹੈ ਕਿ ਹਮੇਂ ਤੋ ਕੁੱਛ ਮੁਸ਼ਕਿਲ ਹੋਗੀ, ਪਰ ਪਾਰਟੀ ਚਾਹਤੀ ਹੈ ਕਿ ਇਸ
ਪ੍ਰੋਗਰਾਮ ਕੋ ਕਾਮਯਾਬ ਕੀਆ ਜਾਏ, ਹਮੇਂ ਭੀ ਕਾਨਪੁਰ ਸੇ ਆਪਨੀ ਪਾਰਟੀ ਕੇ ਕੁਛ ਸਿੱਖ ਭਾਈਓਂ ਕੋ
ਭੇਜਨੇ ਕੇ ਲੀਏ ਕਹਾ ਗਿਆ ਹੈ। ਆਪ ਕੇ ਆਰਾਮ ਸੇ ਆਨੇ-ਜਾਨੇ ਕਾ ਹਮ ਇੰਤਜ਼ਾਮ ਕਰ ਦੇਂਗੇ। ਜਿਤਨੇ ਕੁ
ਸਿੱਖ ਭਾਈ ਜਾਏਂਗੇ, ਠੀਕ ਹੈ, ਬਾਕੀ ਬੱਸ ਤੋ ਹਮ ਭਰ ਹੀ ਦੇਂਗੇ ….”, ਚੌਧਰੀ ਅਸਲ ਮੁੱਦੇ ਤੇ ਆ
ਗਿਆ।
ਚੌਧਰੀ ਦੀ ਗੱਲ ਸੁਣ ਕੇ ਬਲਦੇਵ ਸਿੰਘ ਦਾ ਮੱਥਾ ਕੁੱਝ ਠਣਕਿਆ ਤੇ ਉਸ ਦੇ ਚਿਹਰੇ ਤੇ ਇੱਕ ਦੱਮ ਰੋਹ
ਭਰ ਆਇਆ। “ਚੌਧਰੀ ਸਾਬ੍ਹ! ਮੇਰਾ ਸ਼ਕ ਠੀਕ ਹੀ ਨਿਕਲਿਆ ਨਾ, … … ਇਹ ਨਾਟਕ ਕੇਵਲ ਬੂਟਾ ਸਿੰਘ ਵਲੋਂ
ਨਹੀਂ ਕੀਤਾ ਜਾ ਰਿਹਾ ਬਲਕਿ ਪੂਰੀ ਕੇਂਦਰ ਸਰਕਾਰ ਇਸ ਵਿੱਚ ਸ਼ਾਮਲ ਹੈ …. ਸਰਕਾਰ ਨੇ ਸਿੱਖਾਂ ਉਤੇ
ਜੋ ਜ਼ੁਲਮ ਢਾਹ ਲਿਐ, ਉਸ ਨਾਲ ਸਬਰ ਨਹੀਂ ਹੋਇਆ, ਜੋ ਸਾਡੇ ਜ਼ਖਮਾਂ ਤੇ ਹੋਰ ਨਮਕ ਛਿੜਕਿਆ ਜਾ ਰਿਹੈ?
ਉਸ ਦੇ ਬਦਲੇ ਤੇਵਰ ਵੇਖ ਕੇ ਇੱਕ ਵਾਰੀ ਤਾਂ ਚੌਧਰੀ ਘਬਰਾ ਗਿਆ ਤੇ ਵਿੱਚੋਂ ਹੀ ਗੱਲ ਕੱਟ ਕੇ
ਬੋਲਿਆ, “ਅਰੇ! ਬਲਦੇਵ ਸਿੰਘ ਜੀ, ਆਪ ਉਲਟਾ ਮਤਲਬ ਕਿਉਂ ਲੇ ਰਹੇ ਹੈਂ? ਸਰਕਾਰ ਨਮਕ ਨਹੀਂ ਛਿੜਕ
ਰਹੀ ਬਲਕਿ ਮਰਹਮ ਲਗਾਨੇ ਕੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਤੋ ਚਾਹਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ
ਸਮੇਤ ਜੋ ਜੋ ਨੁਕਸਾਨ ਦਰਬਾਰ ਸਾਹਿਬ ਮੇਂ ਹੂਆ ਹੈ, ਉਸ ਕੀ ਜਲਦ ਸੇ ਜਲਦ ਮੁਰੰਮਤ ਕਰਵਾ ਕਰ ਪਹਿਲੇ
ਜੈਸਾ ਬਨਾ ਦੀਆ ਜਾਏ ਤਾਕਿ ਸਿੱਖ ਭਾਈਓਂ ਕੇ ਮਨੋ ਕੋ ਔਰ ਠੇਸ ਨਾ ਪਹੁੰਚੇ। ਯੇਹ ਸਰਬੱਤ ਖ਼ਾਲਸਾ ਤੋ
ਸਿੱਖ ਭਾਈਚਾਰੇ ਕੋ ਉਸ ਮੇਂ ਸ਼ਾਮਿਲ ਕਰਨੇ ਕੇ ਲੀਏ ਕੀਆ ਜਾ ਰਹਾ ਹੈ ਔਰ ਯੇਹ ਸਰਕਾਰ ਨਹੀਂ ਕਰਵਾ
ਰਹੀ ਬਲਕਿ ਆਪ ਕੇ ਪਟਨੇ ਕੇ ਬੜੇ ਤਖ਼ਤ ਕੇ ਜਥੇਦਾਰ ਸਾਬ੍ਹ ਕਰਵਾ ਰਹੇ ਹੈਂ।” ਗੁੱਸਾ ਤਾਂ ਚੌਧਰੀ
ਨੂੰ ਵੀ ਬਹੁਤ ਆਇਆ ਕਿ ਇਹ ਮੇਰੇ ਨਾਲ ਕਿਵੇਂ ਗੱਲ ਕਰ ਰਿਹਾ ਹੈ ਪਰ ਫੇਰ ਸੋਚਿਆ ਕਿ ਵਿਆਹ ਦਾ ਮੌਕਾ
ਹੈ, ਜੇ ਇਹ ਗੱਲ ਵਧੇਰੇ ਵੱਧ ਗਈ ਤਾਂ ਬਹੁਤ ਮੁਸ਼ਕਿਲ ਹੋਵੇਗੀ ਸੋ ਉਸ ਨੇ ਆਪਣੇ ਤੇ ਸੰਜਮ ਰਖਿਆ
ਹੋਇਆ ਸੀ ਅਤੇ ਬੜੇ ਸਮਝਾਉਣ ਵਾਲੇ ਤਰੀਕੇ ਨਾਲ ਗੱਲ ਕਰ ਰਿਹਾ ਸੀ।
“ਚੌਧਰੀ ਸਾਬ੍ਹ! ਤੁਸੀਂ ਕੀ ਸਮਝਦੇ ਹੋ ਕਿ ਸਰਬੱਤ ਖਾਲਸਾ ਕੋਈ ਮਜ਼ਾਕ ਹੈ, ਜੋ ਜਿਹੜਾ ਮਰਜ਼ੀ ਕਰ
ਲਵੇ? ਇਹ ਸਾਡੀ ਕੌਮ ਦੀ ਇੱਕ ਪ੍ਰਮੁੱਖ ਸੰਸਥਾ ਹੈ ਜਿਸ ਵਿੱਚ ਸਾਰੀ ਕੌਮ ਦੇ ਨੁਮਾਂਇੰਦੇ ਸ਼ਾਮਲ
ਹੁੰਦੇ ਹਨ ਅਤੇ ਇਸ ਨੂੰ ਕੌਮੀ ਨੁਮਾਂਇੰਦਿਆਂ ਦੇ ਸਮੂਹਿਕ ਫੈਸਲੇ ਨਾਲ ਹੀ ਸੱਦਿਆ ਜਾ ਸਕਦਾ ਹੈ।
ਤੁਹਾਡੀ ਸਰਕਾਰ ਨੂੰ ਜਾਂ ਕਿਸੇ ਹੋਰ ਨੂੰ ਸਾਡੀ ਇਸ ਪ੍ਰਮੁੱਖ ਸੰਸਥਾ ਨਾਲ ਖਿਲਵਾੜ ਕਰਨ ਦਾ ਕੋਈ
ਹੱਕ ਨਹੀਂ। ਇਹ ਮਰਹਮ ਨਹੀਂ ਲਗਾਈ ਜਾ ਰਹੀ ਬਲਕਿ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਕੇ ਸਾਡੇ
ਜ਼ਖਮਾਂ ਨੂੰ ਹੋਰ ਕੁਰੇਦਿਆ ਜਾ ਰਿਹਾ ਹੈ, … …. . ਉਤੋਂ ਤੁਸੀਂ ਮੈਨੂੰ ਆਪਣੀ ਕੌਮ ਦੇ ਹਿੱਤਾਂ ਦੇ
ਵਿਰੋਧ ਵਿੱਚ ਜਾ ਕੇ ਇਸ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਹੋ? …. ਤੁਸੀਂ ਇਹ ਸਮਝ ਲਓ ਕੇ ਦੋ ਚਾਰ
ਟੋਟਕੂਆਂ ਨੂੰ ਖਰੀਦ ਕੇ ਸਾਰੀ ਕੌਮ ਨਹੀਂ ਖਰੀਦੀ ਜਾ ਸਕਦੀ ਅਤੇ ਨਾ ਹੀ ਸਾਰੀ ਕੌਮ ਨੂੰ ਇੰਝ ਮੂਰਖ
ਬਣਾਇਆ ਜਾ ਸਕਦਾ ਹੈ … ….”, ਬਲਦੇਵ ਸਿੰਘ ਪੂਰੇ ਤੈਸ਼ ਵਿੱਚ ਆ ਗਿਆ ਸੀ।
“ਬਲਦੇਵ ਸਿੰਘ ਜੀ … ਬਲਦੇਵ ਸਿੰਘ ਜੀ ਜ਼ਰਾ ਸ਼ਾਂਤ ਹੋ ਜਾਈਏ, … ਅਗਰ ਸਰਕਾਰ ਯਾ ਪਾਰਟੀ ਕੁਛ ਗਲਤ ਕਰ
ਰਹੀ ਹੈ ਤੋ ਉਸ ਮੇਂ ਹਮਾਰਾ ਤੋ ਕੋਈ ਹਾਥ ਨਹੀਂ ਹੈ, …. ਦੇਖੀਏ ਹਮ ਪਾਰਟੀ ਕੇ ਸਾਥ ਜੁੜੇ ਹੈਂ ਤੋ
ਹਮੇਂ ਪਾਰਟੀ ਕੇ ਜੈਸੇ ਭੀ ਪ੍ਰੋਗਰਾਮ ਹੋਂ ਉਨ ਮੇਂ ਕੁਛ ਤੋ ਸਹਿਯੋਗ ਦੇਨਾ ਹੀ ਪੜਤਾ ਹੈ … … ਫਿਰ
ਹਮ ਕੌਨ ਸਾ ਆਪ ਕੋ ਜ਼ਬਰਦਸਤੀ ਭੇਜ ਰਹੇ ਹੈਂ? ਹਮ ਤੋਂ ਸੋਚ ਰਹੇ ਥੇ ਕਿ ਆਪ ਕਾ ਧਾਰਮਿਕ ਪ੍ਰੋਗਰਾਮ
ਹੈ, ਹਮਾਰੀ ਵਜਹ ਸੇ ਨਾ ਰਹਿ ਜਾਏ … ਆਪ ਨਹੀਂ ਜਾਨਾ ਚਾਹਤੇ ਮੱਤ ਜਾਈਏ, ਆਪ ਤੋ ਹਮ ਸੇ ਹੀ ਨਾਰਾਜ਼
ਹੋ ਗਏ”, ਚੌਧਰੀ ਨੇ ਇੱਕ ਦੱਮ ਪਲਟੀ ਮਾਰੀ ਤੇ ਲਫਜ਼ਾਂ ਦਾ ਜਾਲ ਵਿਛਾ ਕੇ ਗੱਲ ਨੂੰ ਸੰਭਾਲਣ ਦੀ
ਕੋਸ਼ਿਸ਼ ਕੀਤੀ।
ਜਾਪਦੈ ਚੌਧਰੀ ਦੇ ਲਫਜ਼ਾਂ ਅਤੇ ਨਿਮਰਤਾ ਦੇ ਵਿਖਾਵੇ ਦਾ ਜਾਦੂ ਚੱਲ ਗਿਆ ਸੀ, ਬਲਦੇਵ ਸਿੰਘ ਨੇ
ਮਹਿਸੂਸ ਕੀਤਾ ਕਿ ਉਹ ਵਾਕਿਆ ਹੀ ਚੌਧਰੀ ਨਾਲ ਕੁੱਝ ਨਾਜਾਇਜ਼ ਗੁੱਸੇ ਨਾਲ ਬੋਲ ਗਿਆ ਸੀ, ਇਹ ਸੱਚ ਹੀ
ਸੀ ਕਿ ਇਸ ਪ੍ਰੋਗਰਾਮ ਨੂੰ ਉਲੀਕਣ ਵਿੱਚ ਉਸ ਦਾ ਤਾਂ ਕੋਈ ਹੱਥ ਨਹੀਂ ਸੀ। ਆਪਣੇ ਆਪ ਨੂੰ ਕੁੱਝ
ਸੰਭਾਲਦੇ ਹੋਏ ਉਹ ਬੋਲਿਆ, “ਮੈਂ ਖਿਮਾਂ ਮੰਗਦਾ ਹਾਂ ਚੌਧਰੀ ਸਾਬ੍ਹ! ਅਸਲ ਵਿੱਚ ਮੇਰਾ ਗੁੱਸਾ ਵੀ
ਤੁਹਾਡੇ ਨਾਲ ਨਹੀਂ, ਸਰਕਾਰ ਨਾਲ ਹੈ, ਬਸ ਇਹ ਤਾਂ ਕਿਉਂ ਕਿ ਤੁਸੀਂ ਸਾਹਮਣੇ ਸੀ …. . ਖੈਰ ਛੱਡੋ …
ਇਸ ਵੇਲੇ ਮੁੰਡੇ ਦੇ ਵਿਆਹ ਦਾ ਮੌਕਾ ਹੈ …. . ਅਸੀਂ ਆਪਣਾ ਧਿਆਨ ਹੋਰ ਪਾਸੇ ਨਾ ਮੋੜੀਏ …. ਸਮਾਂ
ਤਾਂ ਵਾਕਿਆ ਹੀ ਦੌੜੀ ਜਾ ਰਿਹਾ ਹੈ।”
ਬਲਦੇਵ ਸਿੰਘ ਦੀ ਗੱਲ ਸੁਣ ਕੇ ਚੌਧਰੀ ਨੂੰ ਸੁੱਖ ਦਾ ਸਾਹ ਆਇਆ। ਉਸ ਨੂੰ ਆਸ ਨਹੀਂ ਸੀ ਕਿ ਬਲਦੇਵ
ਸਿੰਘ ਇਤਨਾ ਸੌਖਾ ਸ਼ਾਂਤ ਹੋ ਜਾਵੇਗਾ। ਉਹ ਉਠਦਾ ਹੋਇਆ ਬੋਲਿਆ, “ਬਿਲਕੁਲ ਠੀਕ ਕਹਾ ਆਪਨੇ, ਸਮਾਂ ਤੋ
ਵਾਕਿਆ ਹੀ ਬਹੁਤ ਕੰਮ ਰਹਿ ਗਿਆ ਹੈ। ਦੁਪਹਿਰ ਕੇ ਬਾਅਦ ਮਿਲਤੇ ਹੈਂ ਜੌਹਰੀ ਕੇ ਯਹਾਂ, ਜਬ ਹਮ ਘਰ
ਸੇ ਨਿਕਲੇਂਗੇ ਆਪ ਕੋ ਟੈਲੀਫੋਨ ਕਰ ਦੇਂਗੇ …. ਹਮੇਂ ਇਸ ਬਾਤ ਕੀ ਬਹੁਤ ਖੁਸ਼ੀ ਹੁਈ ਕਿ ਚਾਚੇ ਕੋ
ਭਤੀਜੇ ਕੀ ਸ਼ਾਦੀ ਕੀ ਚਿੰਤਾ ਹਮ ਸੇ ਜ਼ਿਆਦਾ ਹੈ।” ਉਸ ਨੇ ਜਾਂਦੇ ਜਾਂਦੇ ਬਲਦੇਵ ਸਿੰਘ ਦੀ ਹੋਰ
ਤਾਰੀਫ ਕਰ ਦਿੱਤੀ।
ਫਿਰ ਤੋਂ ਉਹੀ ਨੇਮ ਸ਼ੁਰੂ ਹੋ ਗਿਆ। ਚੌਧਰੀ ਨੇ ਖਿਲਾਰਾ ਇਤਨਾ ਵੱਡਾ ਪਾਇਆ ਸੀ ਕਿ ਕੰਮ ਮੁਕਣ ਦਾ
ਨਾਂ ਹੀ ਨਹੀਂ ਸੀ ਲੈ ਰਿਹਾ। ਉਂਝ ਵੀ ਉਹ ਚਾਹੁੰਦਾ ਸੀ ਕਿ ਆਪਣੇ ਲੀਡਰ ਹੋਣ ਦਾ ਫਾਇਦਾ ਚੁੱਕ ਕੇ,
ਇਸ ਵਿਆਹ ਦੇ ਬਹਾਨੇ ਜਿਸ ਕੋਲੋਂ ਜਿਨਾਂ ਕਢਵਾ ਸਕਦਾ ਹੈ ਕਢਵਾ ਲਵੇ। ਕੰਮ ਅਜੇ ਕਈ ਪਏ ਸਨ ਤੇ ਵਿਆਹ
ਨੂੰ ਸਿਰਫ ਹਫਤਾ ਹੀ ਬਾਕੀ ਰਹਿ ਗਿਆ ਸੀ।
ਬਲਦੇਵ ਸਿੰਘ ਦੁਕਾਨ ਤੋਂ ਘਰ ਪਹੁੰਚਿਆ ਤਾਂ ਵੇਖ ਕੇ ਬਹੁਤ ਖੁਸ਼ ਹੋਇਆ ਕਿ ਅੱਗੋਂ ਹਰਮੀਤ ਆਇਆ ਬੈਠਾ
ਸੀ। ਕਾਲਜ ਖੁਲ੍ਹਣ ਦੇ ਪਹਿਲੇ ਇਕ-ਦੋ ਮਹੀਨੇ ਤਾਂ ਉਹ ਤਿੰਨ-ਚਾਰ ਹਫਤਿਆਂ ਬਾਅਦ ਘਰ ਚੱਕਰ ਲਾ
ਜਾਂਦਾ ਸੀ, ਅਗੋਂ ਜਿਵੇਂ ਜਿਵੇਂ ਪੜ੍ਹਾਈ ਦਾ ਜ਼ੋਰ ਵਧਦਾ ਜਾਂਦਾ, ਦੋ ਤਿੰਨ ਮਹੀਨੇ ਵੀ ਬੀਤ ਜਾਂਦੇ।
ਉਨ੍ਹਾਂ ਦਿਨਾਂ ਵਿੱਚ ਕਈ ਵਾਰੀ ਬਲਦੇਵ ਸਿੰਘ ਆਪ ਉਸ ਨੂੰ ਮਿਲ ਆਉਂਦਾ। ਅਸਲ ਵਿੱਚ ਉਹ ਦੁਕਾਨ
ਵਾਸਤੇ ਕੁੱਝ ਮਾਲ ਦਿੱਲੀਓ ਵੀ ਖਰੀਦਦਾ ਸੀ, ਸੋ ਦੋਵੇਂ ਕੰਮ ਹੋ ਜਾਂਦੇ। ਗੁਲਾਬ ਸਿੰਘ ਦੀ ਅੰਤਿਮ
ਅਰਦਾਸ ਤੋਂ ਬਾਅਦ ਉਹ ਪਹਿਲੀ ਵਾਰ ਘਰ ਆਇਆ ਸੀ। ਪਿਤਾ ਨੂੰ ਵੇਖ ਕੇ ਛੇਤੀ ਨਾਲ ਉਠ ਕੇ ਪਿਤਾ ਨੂੰ
ਮਿਲਿਆ ਤੇ ਫਤਹਿ ਬੁਲਾਈ।
“ਵਾਹ! ਮੈਂ ਤਾਂ ਸੋਚਿਆ ਸੀ ਤੂੰ ਹੁਣ ਰਿਤੇਸ਼ ਦੇ ਵਿਆਹ ਤੇ ਹੀ ਆਵੇਂਗਾ?” ਬਲਦੇਵ ਸਿੰਘ ਨੇ ਫਤਹਿ
ਦਾ ਜੁਆਬ ਦੇਂਦੇ ਹੋਏ ਨਾਲ ਉਸ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ਖੁਸ਼ੀ ਦੇ ਨਾਲ ਕੁੱਝ ਹੈਰਾਨੀ ਵੀ
ਜਤਾਉਂਦੇ ਹੋਏ ਕਿਹਾ।
“ਪਹਿਲਾਂ ਪ੍ਰੋਗਰਾਮ ਤਾਂ ਇਹੀ ਸੀ ਪਰ ਅਚਾਨਕ ਹੀ ਤਬਦੀਲ ਕਰਨਾ ਪਿਆ ਨਾਲੇ ਅੱਜ ਛੁੱਟੀ ਸੀ ਮੈਂ
ਸੋਚਿਆ ਕੱਲ ਐਤਵਾਰ ਹੈ, ਦੋ ਛੁੱਟੀਆਂ ਬਣ ਗਈਆਂ ਹਨ, ਘਰ ਚੱਕਰ ਲਾ ਹੀ ਆਵਾਂ”, ਹਰਮੀਤ ਨੇ ਜੁਆਬ
ਦਿੱਤਾ ਤੇ ਗੱਲ ਕਰਦੇ ਕਰਦੇ ਦੋਵੇਂ ਉਥੇ ਬੈਠਕ ਵਿੱਚ ਹੀ ਬੈਠ ਗਏ। ਇਤਨੇ ਨੂੰ ਗੁਰਮੀਤ ਕੌਰ ਪਤੀ
ਵਾਸਤੇ ਪਾਣੀ ਲੈਕੇ ਆ ਗਈ ਤੇ ਕਹਿਣ ਲੱਗੀ, “ਵੇਖ ਕੇ ਮੈਂ ਵੀ ਹੈਰਾਨ ਰਹਿ ਗਈ ਸਾਂ, ਐਤਕੀਂ
ਟੈਲੀਫੋਨ ਵੀ ਨਹੀਂ ਸੂ ਨਾ ਕੀਤਾ।” ਹਰਮੀਤ ਦੇ ਕੁੱਝ ਬੋਲਣ ਤੋਂ ਪਹਿਲਾਂ ਬਲਦੇਵ ਸਿੰਘ ਬੋਲ ਪਿਆ,
“ਅੱਜ ਕਾਹਦੀ ਛੁੱਟੀ ਸੀ?”
“ਇਸ ਸਾਲ ਪਾਸ ਹੋਏ ਵਿਦਆਰਥੀਆਂ ਨੂੰ ਡਿਗਰੀਆਂ ਵੰਡਣੀਆਂ ਸਨ”, ਹਰਮੀਤ ਨੇ ਛੋਟਾ ਜਿਹਾ ਜੁਆਬ
ਦਿੱਤਾ।
“ਤੇ ਤੂੰ ਕਹਿ ਰਿਹਾ ਸੈਂ, ਇੱਕ ਦਮ ਪ੍ਰੋਗਰਾਮ ਬਦਲਣਾ ਪਿਆ, ਉਹ ਕਿਉਂ?” ਬਲਦੇਵ ਸਿੰਘ ਨੇ ਕੁੱਝ
ਯਾਦ ਕਰਦੇ ਹੋਏ ਕਿਹਾ।
“ਕੁਝ ਖਾਸ ਨਹੀਂ …. ਕਰਾਂਗੇ ਹੁਣੇ ਗੱਲ”, ਹਰਮੀਤ ਨੇ ਗੱਲ ਨੂੰ ਟਾਲਦੇ ਹੋਏ ਕਿਹਾ।
“ਅੱਛਾ ਤੂੰ ਬੈਠ ਮੈਂ ਜ਼ਰਾ ਤਾਜ਼ਾ ਹੋ ਆਵਾਂ ਫੇਰ ਪ੍ਰਸ਼ਾਦਾ ਛਕਦੇ ਗੱਲ ਕਰਾਂਗੇ”, ਕਹਿ ਕੇ ਬਲਦੇਵ
ਸਿੰਘ ਉਠਿਆ ਤੇ ਆਪਣੇ ਕਮਰੇ ਵੱਲ ਤੁਰ ਗਿਆ।
ਖਾਣਾ ਖਾਣ ਲਈ ਬੈਠੇ ਤਾਂ ਹਰਮੀਤ ਨੇ ਆਪ ਹੀ ਗੱਲ ਸ਼ੁਰੂ ਕਰ ਦਿੱਤੀ, “ਭਾਪਾ ਜੀ ਤੁਸੀਂ ਖਬਰ ਪੜ੍ਹ
ਹੀ ਲਈ ਹੋਣੀ ਹੈ, ਪਿਛੇ 11 ਅਗਸਤ ਨੂੰ ਸਰਕਾਰ ਨੇ ਸਰਬੱਤ ਖ਼ਾਲਸਾ ਕਰਾਉਣ ਦਾ ਪਰਪੰਚ ਰਚਿਆ ਸੀ?”
“ਹਾਂ ਹਰਮੀਤ ਮੈਨੂੰ ਸਾਰਾ ਪਤੈ”, ਬਲਦੇਵ ਸਿੰਘ ਨੇ ਹਾਮੀ ਭਰੀ ਤੇ ਨਾਲ ਹੀ ਚੌਧਰੀ ਨਾਲ ਹੋਈ ਸਾਰੀ
ਗੱਲ ਦੱਸੀ।
“ਬਸ ਭਾਪਾ ਜੀ, ਉਥੇ ਗਿਣਤੀ ਦੇ ਹੀ ਸਿੱਖ ਸਨ, ਉਨ੍ਹਾਂ ਵਿੱਚੋਂ ਵੀ ਮੁੱਖ ਤੌਰ ਤੇ ਸੰਤਾ ਸਿੰਘ ਦੇ
ਨਿਹੰਗ ਸਾਥੀ ਹੀ ਸਨ ਜਾਂ ਫੇਰ ਕਾਂਗਰਸ ਦੇ ਕੁੱਝ ਖਾਸ ਝੋਲੀ ਚੁੱਕ, ਬਾਕੀ ਸਾਰੇ ਤਾਂ ਸਾਡੇ ਯੂ ਪੀ
ਤੇ ਬਿਹਾਰ ਦੇ ਭਈਏ ਇਕੱਠੇ ਕਰ ਕੇ ਲਿਆਂਦੇ ਹੋਏ ਸਨ, ਜੋ ਉਥੇ ਸਰੇ ਆਮ ਬੀੜੀਆਂ ਸਿਗਰਟਾਂ ਪੀ ਰਹੇ
ਸਨ ਤੇ ਜਰਦੇ ਖਾ ਰਹੇ ਸਨ। ਸਾਰਾ ਪਖੰਡ ਬੂਟਾ ਸਿੰਘ ਹੀ ਚਲਾ ਰਿਹਾ ਸੀ। ਹਾਂ! ਪਟਨਾ ਸਾਹਿਬ ਦੇ
ਮੁੱਖ ਗ੍ਰੰਥੀ ਮਾਨ ਸਿੰਘ ਨੂੰ ਭਾਰੀ ਸੁਰੱਖਿਆਂ ਹੇਠ ਹਵਾਈ ਜਹਾਜ਼ ਵਿੱਚ ਲਿਆਂਦਾ ਹੋਇਆ ਸੀ ਪਰ ਉਹ
ਵੀ ਬੋਲਿਆ ਕੁੱਝ ਨਹੀਂ। ਇਹ ਕੀਤਾ ਵੀ ਅਕਾਲੀ ਫੂਲਾ ਸਿੰਘ ਦਾ ਬੁਰਜ ਨਾਮਕ ਗੁਰਦੁਆਰੇ ਵਿੱਚ ਸੀ, ਜੋ
ਸੰਤਾ ਸਿੰਘ ਨਿਹੰਗ ਦੇ ਕਬਜ਼ੇ ਵਿੱਚ ਹੈ”, ਹਰਮੀਤ ਨੇ ਸਾਰੀ ਗੱਲ ਵਿਸਤਾਰ ਵਿੱਚ ਦੱਸੀ।
“ਮੈਨੂੰ ਸਾਰਾ ਪਤਾ ਲੱਗ ਚੁਕੈ ਬੇਟਾ, ਮੈਂ ਆਪ ਬਹੁਤ ਪ੍ਰੇਸ਼ਾਨ ਹਾਂ ਕਿ ਇੱਕ ਤਾਂ ਸਾਡੇ ਆਪਣੇ
ਸਿੱਖੀ ਸਰੂਪ ਵਾਲੇ ਹੀ ਦੁਸ਼ਮਣਾਂ ਦੇ ਕੁਹਾੜਿਆਂ ਦੇ ਦਸਤੇ ਬਣ ਰਹੇ ਨੇ, ਦੂਸਰਾ, ਸਰਕਾਰ ਦੀ ਸਾਡੇ
ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਵਧਦੀ ਹੀ ਜਾ ਰਹੀ ਏ, ਤੇ ਸਾਡੇ ਵਲੋਂ ਕੋਈ ਢੁਕਵਾਂ ਜੁਆਬ
ਨਹੀਂ ਦਿੱਤਾ ਜਾ ਰਿਹਾ”, ਬਲਦੇਵ ਸਿੰਘ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ।
“ਭਾਪਾ ਜੀ! ਵੈਸੇ ਤਾਂ ਇਨ੍ਹਾਂ ਦਾ ਸਿੱਖੀ ਸਰੂਪ ਵੇਖ ਕੇ ਇਨ੍ਹਾਂ ਨੂੰ ਆਪਣਾ ਕਹਿਣਾ ਵੀ ਗਲਤ ਹੀ
ਹੈ, ਅਸਲ ਵਿੱਚ ਪੰਜਾਬ ਤੋਂ ਬਾਹਰਲੇ ਦੋਵੇਂ ਤਖਤ ਤਾਂ ਪੰਥ ਦੋਖੀ ਤਾਕਤਾਂ ਦੇ ਹੱਥ ਵਿੱਚ ਹੀ ਨੇ।
ਨਾ ਇਹ ਲੋਕ ਪੰਥ ਦੀ ਮਰਿਯਾਦਾ ਮੰਨਦੇ ਨੇ, ਨਾ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਂਦੇ ਨੇ, ਬਸ ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਦੇ ਇਤਿਹਾਸਕ ਗੁਰਦੁਆਰਿਆਂ ਤੇ ਕਬਜ਼ਾ ਕਰ ਕੇ, ਉਥੇ ਸਾਰੇ ਬ੍ਰਾਹਮਣੀ ਕਰਮ
ਕਰਦੇ ਹੋਏ, ਆਪਣੀਆਂ ਹੱਟੀਆਂ ਚਲਾ ਰਹੇ ਨੇ”, ਹਰਮੀਤ ਨੂੰ ਸ਼ਾਇਦ ਪਿਤਾ ਦਾ ਉਨ੍ਹਾਂ ਨੂੰ ਆਪਣਾ
ਕਹਿਣਾ ਵੀ ਚੰਗਾ ਨਹੀਂ ਸੀ ਲੱਗਾ।
“ਤੇਰੀ ਗੱਲ ਬਿਲਕੁਲ ਠੀਕ ਹੈ ਹਰਮੀਤ, ਪਰ ਸਿੱਖ ਸੰਗਤ ਵੀ ਤਾਂ ਨਹੀਂ ਨਾ ਸਮਝਦੀ। ਜੇ ਉਥੇ ਹੋ ਰਹੇ
ਕਰਮਕਾਂਡਾਂ ਦੇ ਰੋਸ ਵਿੱਚ ਉਥੇ ਜਾਣਾ ਬੰਦ ਕਰ ਦੇਵੇ ਤਾਂ ਆਪੇ ਚਾਰ ਦਿਨਾਂ ਵਿੱਚ ਇਨ੍ਹਾਂ ਦੀ ਅਕਲ
ਟਿਕਾਣੇ ਆ ਜਾਵੇ। ਸਿੱਖ ਸੰਗਤ ਜਿਹੜੀ ਇਨ੍ਹਾਂ ਨੂੰ ਮਾਨਤਾ ਦੇ ਰਹੀ ਹੈ, ਉਸੇ ਦਾ ਫਾਇਦਾ ਹੁਣ
ਸਰਕਾਰ ਨੇ ਚੁੱਕਿਐ”, ਬਲਦੇਵ ਸਿੰਘ ਨੇ ਸਾਰੀ ਗੱਲ ਸਪੱਸ਼ਟ ਕੀਤੀ।
“ਬਿਲਕੁਲ ਠੀਕ ਹੈ ਭਾਪਾ ਜੀ, ਪਤਾ ਨਹੀਂ ਸਿੱਖ ਸੰਗਤ ਕਦੋਂ ਜਾਗੇਗੀ? ਜੇ ਜਾਗ ਪਵੇ ਤਾਂ ਸਾਡੀ ਕੌਮ
ਦੇ ਬਹੁਤੇ ਮਸਲੇ ਆਪੇ ਹੱਲ ਹੋ ਜਾਣ … …. . , ਚਲੋ ਖੈਰ, … …. ਹੁਣ ਸਾਡੇ ਆਗੂਆਂ ਨੇ ਦੋ ਸਤੰਬਰ
ਨੂੰ ਵਿਸ਼ਵ ਸਿੱਖ ਸੰਮੇਲਨ ਸਦਿਐ, ਅੰਮ੍ਰਿਤਸਰ ਹੀ, ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦੁਆਰੇ, ਅਤੇ
ਮੁੱਦਾ ਵੀ ਬਹੁਤ ਮਹੱਤਵਪੂਰਨ ਹੈ, ਫ਼ੌਜ ਕੋਲੋਂ ਦਰਬਾਰ ਸਾਹਿਬ ਸਮੂਹ ਨੂੰ ਮੁਕਤ ਕਰਵਾਉਣ ਦਾ। ਮੈਂ
ਸਮਝਦਾਂ, ਉਥੇ ਵੱਧ ਤੋਂ ਵੱਧ ਸਿੱਖਾਂ ਨੂੰ ਜਾਣਾ ਚਾਹੀਦੈ, ਸਾਨੂੰ ਵੀ ਜਾਣਾ ਚਾਹੀਦੈ”, ਹਰਮੀਤ ਨੇ
ਆਪਣੇ ਮਨ ਦੀ ਗੱਲ ਆਖੀ।
“ਹਾਂ ਹਰਮੀਤ! ਮੈਨੂੰ ਵੀ ਅੱਜ ਹੀ ਪਤਾ ਲਗੈ, ਮੈਂ ਸਗੋਂ ਉਦੋਂ ਦਾ ਬਹੁਤ ਸੋਚ ਵਿੱਚ ਪਿਆ ਹਾਂ ਕਿ
ਇਧਰ ਰਿਤੇਸ਼ ਦਾ ਵਿਆਹ ਪਹਿਲੀ ਤਾਰੀਖ ਰਾਤ ਦਾ ਹੈ, ਕਿਸੇ ਤਰ੍ਹਾਂ ਵੀ ਦੋਵੇਂ ਪਾਸੇ ਨਹੀਂ ਭੁਗਤਾਏ
ਜਾ ਸਕਦੇ”, ਬਲਦੇਵ ਸਿੰਘ ਨੇ ਆਪਣੀ ਚਿੰਤਾ ਜ਼ਾਹਰ ਕੀਤੀ।
“ਪਰ ਭਾਪਾ ਜੀ! ਸਾਡੇ ਵਾਸਤੇ ਤਾਂ ਸਾਡਾ ਕੌਮੀ ਫਰਜ਼ ਪਹਿਲਾਂ ਹੈ”, ਹਰਮੀਤ ਨੇ ਜਿਵੇਂ ਪਿਤਾ ਨੂੰ
ਚੇਤੰਨ ਕੀਤਾ।
“ਬੇਸ਼ਕ ਪਹਿਲਾਂ ਹੈ ਹਰਮੀਤ! ਪਰ ਮੈਂ ਚੌਧਰੀ ਸਾਬ੍ਹ ਨਾਲ ਬਚਨ ਕੀਤਾ ਸੀ ਕਿ ਰਿਤੇਸ਼ ਦੇ ਵਿਆਹ ਤੱਕ
ਮੈਂ ਕਿਧਰੇ ਨਹੀਂ ਜਾਵਾਂਗਾ ਤੇ ਆਪਣੇ ਬਚਨਾਂ ਤੋਂ ਪਿੱਛੇ ਹਟ ਜਾਣਾ ਵੀ ਕਿਸੇ ਤਰ੍ਹਾਂ ਯੋਗ ਨਹੀਂ
ਜਾਪਦਾ। ਵੈਸੇ ਵੀ ਉਨ੍ਹਾਂ ਨੇ ਮੇਰੇ ਤੇ ਭਰੋਸਾ ਕਰ ਕੇ ਮੇਰੇ ਤੇ ਜ਼ਿੰਮੇਵਾਰੀਆਂ ਵੀ ਇਤਨੀਆਂ ਪਾਈਆਂ
ਹੋਈਆਂ ਹਨ ਕਿ ਬਹੁਤ ਮੁਸ਼ਕਿਲ ਬਣ ਜਾਵੇਗੀ। ਮੈਂ ਤਾਂ ਸਗੋਂ ਅਜੀਬ ਦੁਬਿਧਾ ਵਿੱਚ ਫਸ ਗਿਆ ਹਾਂ”,
ਗੱਲ ਕਰਦਿਆਂ, ਬਲਦੇਵ ਸਿੰਘ ਦੇ ਬੋਲਾਂ ਅਤੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਕਾਫੀ
ਪ੍ਰੇਸ਼ਾਨ ਹੈ।
“ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਦੋ ਦਿਨ ਪਹਿਲਾਂ ਹੀ ਪੂਰੀਆਂ ਕਰ ਲਓ, ਤੇ ਫੇਰ ਆਪਾਂ ਅੰਮ੍ਰਿਤਸਰ
ਚਲੇ ਜਾਵਾਂਗੇ। ਸਾਡੇ ਵਲੋਂ ਮੰਮੀ ਤੇ ਬੱਬਲ ਵਿਆਹ ਤੇ ਚਲੇ ਜਾਣਗੇ”, ਹਰਮੀਤ ਨੇ ਆਪਣੇ ਵੱਲੋਂ ਸੁਝਾ
ਦਿੱਤਾ।
ਬਲਦੇਵ ਸਿੰਘ ਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਗੁਰਮੀਤ ਕੌਰ ਬੋਲ ਪਈ, “ਬਿਲਕੁਲ ਨਹੀਂ! ਤੇਰੇ ਭਾਪਾ
ਜੀ ਤੋਂ ਬਗੈਰ ਨਾ ਮੈਂ ਉਥੇ ਜਾਣੈ ਤੇ ਨਾ ਬੱਬਲ ਨੇ”, ਫਿਰ ਇੱਕ ਦਮ ਖਿਆਲ ਆਇਆ ਕਿ ਉਸ ਦੀ ਗੱਲ ਦਾ
ਪਤਾ ਨਹੀਂ ਉਹ ਕੀ ਮਤਲਬ ਲੈਣ? ਉਹ ਛੇਤੀ ਨਾਲ ਗੱਲ ਨੂੰ ਸੰਭਾਲਦੀ ਹੋਈ ਬੋਲੀ, “ਅਗੇ ਕਦੇ ਅਸੀਂ
ਤੁਹਾਡੇ ਬਗੈਰ ਕਿਧਰੇ ਗਏ ਹਾਂ?”
“ਨਹੀਂ ਹਰਮੀਤ, ਮੇਰੀਆਂ ਜ਼ਿੰਮੇਵਾਰੀਆਂ ਵੀ ਇੰਝ ਮੁਕਣ ਵਾਲੀਆਂ ਨਹੀਂ, ਇਹ ਵਿਆਹ ਵਾਲੇ ਦਿਨ ਤਾਂ ਸਭ
ਤੋਂ ਵਧੇਰੇ ਨੇ ਬਲਕਿ ਵਿਆਹ ਤੋਂ ਬਾਅਦ ਵੀ ਕੰਮ ਸਮੇਟਦੇ ਦੋ ਚਾਰ ਦਿਨ ਲੱਗ ਜਾਣਗੇ। ਹਾਲਾਂਕਿ
ਚੌਧਰੀ ਸਾਬ੍ਹ ਤਾਂ ਇਸ ਗੱਲ ਤੇ ਵੀ ਨਰਾਜ਼ ਹੋਣਗੇ ਪਰ ਮੈਨੂੰ ਇਕੋ ਗੱਲ ਸਮਝ ਆਉਂਦੀ ਹੈ ਕਿ
ਅੰਮ੍ਰਿਤਸਰ ਵਿਸ਼ਵ ਸਿੱਖ ਸੰਮੇਲਨ ਤੇ ਤੂੰ ਚਲਾ ਜਾ। ਘੱਟੋ ਘੱਟੋ ਸਾਡੇ ਪਰਿਵਾਰ ਦੀ ਹਾਜ਼ਰੀ ਤਾਂ ਉਥੇ
ਲੱਗ ਹੀ ਜਾਵੇਗੀ, ਆਪਣੇ ਮਨ ਤੇ ਇਹ ਬੋਝ ਤਾਂ ਨਹੀਂ ਰਹੇਗਾ ਕਿ ਇਤਨੇ ਮਹੱਤਵਪੂਰਨ ਕੌਮੀ ਪ੍ਰੋਗਰਾਮ
ਵਿੱਚ ਸਾਡੇ ਪਰਿਵਾਰ ਵਲੋਂ ਕੋਈ ਸ਼ਾਮਲ ਨਹੀਂ ਹੋਇਆ”, ਬਲਦੇਵ ਸਿੰਘ ਨੇ ਬੜਾ ਸੋਚ ਕੇ ਜੁਆਬ ਦਿੱਤਾ।
ਬਲਦੇਵ ਸਿੰਘ ਦੇ ਇਹ ਕਹਿਣ ਨਾਲ ਹਰਮੀਤ ਦੇ ਚਿਹਰੇ ਤੇ ਇੱਕ ਨਿਖਾਰ ਆ ਗਿਆ ਤੇ ਉਹ ਛੇਤੀ ਨਾਲ
ਬੋਲਿਆ, “ਬਿਲਕੁਲ ਠੀਕ ਹੈ ਭਾਪਾ ਜੀ! ਮੇਰਾ ਤਾਂ ਆਪਣਾ ਜਾਣ ਦਾ ਬਹੁਤ ਮਨ ਹੈ, ਤੁਸੀਂ ਜਾਣਾ ਵੀ
ਹੁੰਦਾ, ਮੈਂ ਤਾਂ ਵੀ ਨਾਲ ਜਾਣਾ ਚਾਹੁੰਦਾ ਸੀ, ਅਸਲ ਵਿੱਚ ਮੈਂ ਅੱਜ ਆਇਆ ਵੀ ਖਾਸ ਤੌਰ ਤੇ ਇਸੇ
ਵਾਸਤੇ ਸੀ …. .”
“ਸਰਦਾਰ ਜੀ ਕੀ ਪਏ ਕਰਦੇ ਓ, ਮੈਂ ਨਹੀਂ ਜਾਣ ਦੇਣਾ ਹਰਮੀਤ ਨੂੰ ਉਥੇ ਇਕੱਲੇ। ਕੀ ਪਤਾ ਉਥੇ ਕੀ
ਹਾਲਾਤ ਬਣ ਜਾਣ? ਕਹਿੰਦੇ ਨੇ ਅਜੇ ਤੱਕ ਸਾਰਾ ਅੰਮ੍ਰਿਤਸਰ ਫ਼ੌਜ ਦੀ ਛਾਉਣੀ ਬਣਿਆ ਹੋਇਐ ਤੇ ਸਰਕਾਰ
ਦੀ ਬਹੁਤ ਸਖਤੀ ਚੱਲ ਰਹੀ ਏ”, ਹਰਮੀਤ ਦੀ ਗੱਲ ਵਿੱਚੋਂ ਹੀ ਕੱਟ ਕੇ ਗੁਰਮੀਤ ਕੌਰ ਬੋਲੀ। ਉਸ ਦੀ
ਚਿੰਤਾ ਉਸ ਦੇ ਚਿਹਰੇ ਤੇ ਸਾਫ ਉਭਰ ਆਈ ਸੀ।
“ਮੀਤਾ! ਇੰਝ ਕਿਉਂ ਘਬਰਾ ਗਏ ਓ, ਹਰਮੀਤ ਨੇ ਕਿਹੜਾ ਉਥੇ ਇਕੱਲੇ ਜਾਣੈ? ਉਥੇ ਲੱਖਾਂ ਸਿੱਖ ਸੰਗਤਾਂ
ਪੁਜਣਗੀਆਂ। ਮੇਰੀ ਮਜ਼ਬੂਰੀ ਬਣ ਗਈ ਏ ਪਰ ਮੈਨੂੰ ਪੂਰੀ ਆਸ ਹੈ ਕਿ ਕਾਨਪੁਰ ਵਿੱਚੋਂ ਵੀ ਕਈ ਗੁਰਸਿੱਖ
ਜਾਣਗੇ”, ਬਲਦੇਵ ਸਿੰਘ ਨੇ ਗੁਰਮੀਤ ਕੌਰ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।
“ਪਏ ਜਾਣ …. ਪਰ ਮੈਂ ਹਰਮੀਤ ਨੂੰ ਨਹੀਂ ਜਾਣ ਦੇਣਾ। ਜਿਥੇ ਲੱਖਾਂ ਜਾਣਗੇ ਉਥੇ ਇੱਕ ਹਰਮੀਤ ਦੇ ਜਾਏ
ਬਗੈਰ ਕੁੱਝ ਨਹੀਂ ਘੱਟ ਜਾਣਾ। ਤੁਹਾਨੂੰ ਪਤੈ, ਜੁਆਨ ਬੱਚੈ, ਗਰਮ ਖੂਨ ਏ, ਮਿੰਟਾਂ ਚ ਉਬਾਲਾ ਖਾ
ਜਾਂਦੈ”, ਗੁਰਮੀਤ ਨੇ ਆਪਣੀ ਚਿੰਤਾ ਦਾ ਕਾਰਨ ਸਪੱਸ਼ਟ ਕੀਤਾ।
ਬਲਦੇਵ ਸਿੰਘ ਕੁੱਝ ਬੋਲਣ ਹੀ ਲੱਗਾ ਸੀ ਕਿ ਪਹਿਲਾਂ ਹਰਮੀਤ ਬੋਲ ਪਿਆ, “ਮੰਮੀ ਤੁਸੀਂ ਮੈਨੂੰ ਇਤਨਾ
ਗੈਰ ਜ਼ਿੰਮੇਵਾਰ ਕਿਉਂ ਸਮਝਦੇ ਹੋ? ਠੀਕ ਹੈ ਮੇਰੇ ਅੰਦਰ ਜੋਸ਼ ਹੈ ਪਰ ਮੈਂ ਆਪਣੀ ਹੋਸ਼ ਵੀ ਕਦੇ ਨਹੀਂ
ਗੁਆਈ, ਇਸੇ ਲਈ ਮੈਂ ਅੱਜ ਤੱਕ ਕੋਈ ਕੌਮੀ ਡਿਸਿਪਲਨ ਕਦੇ ਨਹੀਂ ਤੋੜਿਆ। ਪਰ ਜੇ ਉਥੇ ਹਾਲਾਤ ਐਸੇ ਬਣ
ਹੀ ਜਾਣ ਕਿ ਕੌਮ ਨੂੰ ਕੁਰਬਾਨੀਆਂ ਦੀ ਲੋੜ ਹੋਵੇ ਤਾਂ ਪਿੱਛੇ ਹਟਣਾ ਤਾਂ ਸਿੱਖੀ ਨਹੀਂ। ਤੁਸੀਂ
ਸਗੋਂ ਮੈਨੂੰ ਹੌਂਸਲਾ ਦਿਓ … ਕਮਜ਼ੋਰ ਬਨਾਉਣ ਦੀ ਕੋਸ਼ਿਸ਼ ਨਾ ਕਰੋ।” ਹਰਮੀਤ ਦੇ ਬੋਲਾਂ `ਚ ਬਹੁਤ
ਦ੍ਰਿੜਤਾ ਸੀ।
ਗੁਰਮੀਤ ਕੌਰ ਦੇ ਕੁੱਝ ਜੁਆਬ ਦੇਣ ਤੋਂ ਪਹਿਲਾਂ ਬਲਦੇਵ ਸਿੰਘ ਬੋਲ ਪਿਆ, “ਇਹ ਅੱਜ ਕੀ ਗੱਲਾਂ ਕਰਨ
ਲੱਗ ਪਏ ਓ ਮੀਤਾ! ਤੁਸੀਂ ਆਪ ਹੀ ਤਾਂ ਬੱਚਿਆਂ ਅੰਦਰ ਇਹ ਕੌਮੀ ਜਜ਼ਬਾ ਭਰਿਐ, ਆਪ ਹੀ ਤਾਂ ਇਨ੍ਹਾਂ
ਨੂੰ ਸਾਹਿਬਜ਼ਾਦਿਆਂ ਅਤੇ ਹੋਰ ਗੁਰਸਿੱਖਾਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾਉਂਦੇ ਰਹੇ ਹੋ, ਤੇ
ਅੱਜ ਇਹ ਕਮਜ਼ੋਰੀ ਕਿਵੇਂ ਆ ਗਈ?”
“ਹਾਂ ਭਰਿਐ ਮੈਂ ਜਜ਼ਬਾ ਤੇ ਮੈਂ ਬਿਲਕੁਲ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਕਦੇ ਧਰਮ ਤੋਂ ਡੋਲਣ ਪਰ
ਆਪਣੇ ਹੱਥੀਂ ਐਡੇ ਝੱਖੜ ਵਿੱਚ ਕਿਵੇਂ ਭੇਜ ਦਿਆਂ?” ਬੋਲਦਿਆਂ ਗੁਰਮੀਤ ਕੌਰ ਦੀਆਂ ਅੱਖਾਂ ਭਰ ਆਈਆਂ।
“ਜੇ ਜਜ਼ਬਾ ਭਰਿਆ ਜੇ ਤਾਂ ਉਸ ਜਜ਼ਬੇ ਦੇ ਇਮਤਿਹਾਨ ਦੀ ਘੜੀ ਤਾਂ ਇਹੀ ਹੈ। ਕੌਮੀ ਔਕੜ ਦੇ ਸਮੇਂ
ਮੈਦਾਨ `ਚੋਂ ਪਿੱਛੇ ਹੱਟ ਜਾਣਾ ਵੀ ਧਰਮ ਤੋਂ ਡੋਲਣਾ ਹੀ ਹੈ। ਅਸੀਂ ਸਾਰੇ ਇਹ ਤਾਂ ਚਾਹੁੰਦੇ ਹਾਂ
ਕਿ ਕੌਮ ਦੀ ਅਣਖ ਵਾਸਤੇ ਸ਼ਹਾਦਤਾਂ ਹੁੰਦੀਆਂ ਰਹਿਣ, ਕੌਮ ਵਿੱਚ ਸ਼ਹੀਦ ਪੈਦਾ ਹੁੰਦੇ ਰਹਿਣ, ਪਰ
ਚਾਹੁੰਦੇ ਹਾਂ ਕਿ ਉਹ ਗੁਆਂਢੀ ਦੇ ਘਰ ਜੰਮਣ, ਸਾਨੂੰ ਕੋਈ ਸੇਕ ਨਾ ਲੱਗੇ। ਇਹ ਕਿਹੋ ਜਿਹਾ ਕੌਮੀ
ਜਜ਼ਬਾ ਹੋਇਆ? ਮੈਂ ਆਪਣੇ ਅੰਦਰ ਐਸਾ ਸੁਆਰਥ ਨਹੀਂ ਆਉਣ ਦੇਣਾ ਚਾਹੁੰਦਾ ਅਤੇ ਨਾ ਹੀ ਤੁਹਡੇ ਕੋਲੋਂ
ਇਹ ਆਸ ਰਖਦਾ ਹਾਂ ਬਲਕਿ ਮੈਨੂੰ ਤਾਂ ਸਦਾ ਤੁਹਾਡੇ ਕੋਲੋਂ ਕੁੱਝ ਪ੍ਰੇਰਨਾ ਹੀ ਮਿਲੀ ਹੈ”, ਬਲਦੇਵ
ਸਿੰਘ ਨੇ ਗੁਰਮੀਤ ਕੌਰ ਨੂੰ ਥੋੜ੍ਹਾ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ।
ਗੁਰਮੀਤ ਸਿਰ ਨੀਵਾਂ ਕਰ ਕੇ ਸਭ ਸੁਣ ਰਹੀ ਸੀ। ਉਸ ਨੇ ਸਿਰ ਉਪਰ ਚੁੱਕਿਆ ਤੇ ਅੱਖਾਂ ਵਿੱਚੋਂ ਦੋ
ਅਥਰੂ ਲੁੜਕ ਕੇ ਗੱਲਾਂ ਤੇ ਆ ਗਏ। ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ, “ਸੱਚਮੁੱਚ ਸਰਦਾਰ ਜੀ, ਅੱਜ
ਪਤਾ ਨਹੀਂ ਮੇਰੇ ਅੰਦਰੋਂ ਕਿਵੇਂ ਪੁੱਤਰ ਮੋਹ ਵਿੱਚ ਗਲਤਾਨ ਹੋਈ ਇੱਕ ਕਮਜ਼ੋਰ ਮਾਂ ਉਠ ਖੜੋਤੀ ਸੀ,
ਚੰਗਾ ਕੀਤਾ ਜੇ ਜੋ ਸੁਚੇਤ ਕਰ ਕੇ ਸਿੰਘਣੀ ਮਾਂ ਨੂੰ ਫੇਰ ਜਗਾ ਦਿੱਤਾ ਜੇ” ਤੇ ਫੇਰ ਹਰਮੀਤ ਵੱਲ
ਮੂੰਹ ਕਰ ਕੇ ਬੋਲੀ, “ਜਾਹ ਬੇਟਾ! ਜ਼ਰੂਰ ਜਾ, ਪਰ ਇੱਕ ਗੱਲ ਦਾ ਖਿਆਲ ਰੱਖੀਂ ਕਿ ਭਾਵੁਕ ਹੋ ਕੇ
ਅਜਾਈਂ ਜਾਨ ਗੁਆ ਦੇਣਾ ਨਾ ਸ਼ਹਾਦਤ ਹੈ ਤੇ ਨਾ ਸਿਆਣਪ, ਪਰ ਜੇ ਪੰਥ ਨੂੰ ਲੋੜ ਪੈ ਗਈ ਤਾਂ ਮੇਰੇ
ਦੁੱਧ ਨੂੰ ਲਾਜ ਲੁਆ ਕੇ ਨਾ ਆਵੀਂ … “, ਕਹਿੰਦਿਆਂ ਹੋਇਆਂ ਉਹ ਉਠ ਕੇ ਖੜੀ ਹੋ ਗਈ। ਉਸ ਦੇ ਚਿਹਰੇ
ਤੇ ਇੱਕ ਅਜੀਬ ਜਿਹਾ ਰੋਹ ਚੜ੍ਹ ਆਇਆ ਸੀ ਤੇ ਉਸ ਦੀਆਂ ਅੱਖਾਂ ਵਿੱਚੋਂ ਕੁੱਝ ਹੋਰ ਅਥਰੂ ਵੱਗ ਤੁਰੇ।
ਹਰਮੀਤ ਵੀ ਕੁੱਝ ਭਾਵੁਕ ਹੋ ਗਿਆ ਤੇ ਉਸ ਦੀਆਂ ਅੱਖਾਂ ਵੀ ਭਰ ਆਈਆਂ, ਉਸ ਨੇ ਉਠ ਕੇ ਮਾਂ ਨੂੰ ਘੁੱਟ
ਕੇ ਗਲਵੱਕੜੀ ਪਾ ਲਈ ਤੇ ਗੁਰਮੀਤ ਨੇ ਵੀ ਪੁੱਤਰ ਨੂੰ ਸੀਨੇ ਨਾਲ ਘੁੱਟ ਲਿਆ। ਉਨ੍ਹਾਂ ਦੇ ਇਸ ਭਾਵ
ਪੂਰਨ ਮਿਲਾਪ ਨੂੰ ਵੇਖ ਕੇ ਬਲਦੇਵ ਸਿੰਘ ਤੇ ਬੱਬਲ ਦੀਆਂ ਅੱਖਾਂ ਚੋਂ ਵੀ ਕੁੱਝ ਅਥਰੂ ਵੱਗ ਤੁਰੇ।
ਹਰਮੀਤ ਮਾਂ ਦੀਆਂ ਬਾਹਾਂ ਚੋਂ ਅਲੱਗ ਹੋਇਆ ਤੇ ਉਸ ਨੈ ਭੈਣ ਨੂੰ ਗਲਵੱਕੜੀ ਵਿੱਚ ਲੈ ਲਿਆ। ਸਾਰਿਆਂ
ਦੀਆਂ ਅੱਖਾਂ `ਚੋਂ ਅਥਰੂ ਵੱਗ ਰਹੇ ਸਨ ਪਰ ਇਸ ਵੇਲੇ ਉਨ੍ਹਾਂ ਦੇ ਅਥਰੂਆਂ ਦੀ ਭਾਸ਼ਾ ਸਮਝਣਾ ਸ਼ਾਇਦ
ਕਿਸੇ ਦੇ ਵੱਸ ਵਿੱਚ ਨਹੀਂ ਸੀ।
ਚੌਧਰੀ ਹਰੀਸ਼ਰਨ ਦੇ ਪੁੱਤਰ ਰਿਤੇਸ਼ ਦੀ ਸ਼ਾਦੀ ਖੂਬ ਧੂੰਮ ਧੜਕੇ ਨਾਲ ਹੋ ਗਈ। ਹਾਲਾਂਕਿ ਬਲਦੇਵ ਸਿੰਘ
ਤਾਂ ਜ਼ਿਮੇਂਵਾਰੀਆਂ ਦੇ ਬੋਝ ਥੱਲੇ ਹੀ ਦਬਿਆ ਰਿਹਾ ਪਰ ਉਸਨੂੰ ਇਹੀ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਉਸ
ਦੇ ਜ਼ਿਮੇਂ ਲਾਏ ਸਾਰੇ ਫਰਜ਼ ਬਹੁਤ ਚੰਗੀ ਤਰ੍ਹਾਂ ਨਿਭ ਗਏ ਸਨ। ਚੌਧਰੀ ਹਰੀਸ਼ਰਨ ਨੇ ਭਾਵੇਂ ਪਹਿਲਾਂ
ਕੁੱਝ ਨਰਾਜ਼ਗੀ ਦਾ ਵਿਖਾਵਾ ਕੀਤਾ ਕਿ ਬਲਦੇਵ ਸਿੰਘ ਨੇ ਵਿਆਹ ਮੌਕੇ ਹਰਮੀਤ ਨੂੰ ਅੰਮ੍ਰਿਤਸਰ ਕਿਉਂ
ਭੇਜ ਦਿੱਤੈ ਪਰ ਫੇਰ ਵਿਆਹ ਦੇ ਰੁਝੇਵੇਂ ਵਿੱਚ ਜਿਵੇਂ ਸਭ ਕੁੱਝ ਭੁੱਲ ਗਿਆ। ਉਸ ਨਾਲੋਂ ਵੀ ਵੱਧ
ਖੁਸ਼ ਗੁਰਮੀਤ ਕੌਰ ਤੇ ਬੱਬਲ ਸਨ, ਉਹ ਇਸ ਲਈ ਕਿ ਬਲਦੇਵ ਸਿੰਘ ਸੁਰਖਰੂ ਹੋ ਗਿਆ ਸੀ। ਪਿੱਛਲੇ ਸਵਾ
ਮਹੀਨੇ ਤੋਂ ਜਿੱਥੇ ਉਹ ਕਾਰੋਬਾਰ ਵੱਲ ਪੂਰਾ ਧਿਆਨ ਨਹੀਂ ਸੀ ਦੇ ਸਕਿਆ, ਉਸ ਨੇ ਘਰ ਤਾਂ ਤਕਰੀਬਨ
ਵਿਸਾਰਿਆ ਪਿਆ ਸੀ, ਬਸ ਰਾਤ ਦੇ ਮਹਿਮਾਨ ਵਾਂਗ ਹੀ ਥੱਕਿਆ-ਟੁੱਟਾ ਘਰ ਆਉਂਦਾ। ਉਂਝ ਵੀ ਵਿਆਹ ਦੇ ਉਸ
ਭੀੜ-ਭੜੱਕੇ ਅਤੇ ਵਾਧੂ ਵਿਖਾਵੇ ਵਾਲੇ ਮਾਹੌਲ ਵਿੱਚ ਉਨ੍ਹਾਂ ਦੋਹਾਂ ਦਾ ਸਾਹ ਘੁੱਟਦਾ, ਉਤੋਂ ਜੱਗ
ਵਿਖਾਵੇ ਲਈ ਆਪਣੇ ਆਪ ਨੂੰ ਖੁਸ਼ ਦਰਸਾਉਣਾ ਪੈਂਦਾ ਜੋ ਉਨ੍ਹਾਂ ਦੇ ਸੁਭਾਅ ਦੇ ਬਿਲਕੁਲ ਉਲਟ ਸੀ।
ਚੌਧਰੀ ਹਰੀਸ਼ਰਨ ਦੇ ਘਰ ਵਿੱਚ ਤਾਂ ਸਾਰੇ ਖੁਸ਼ ਸਨ, ਘਰ ਵਿੱਚ ਜਿਥੇ ਨਵੀਂ ਦੁਲਹਨ ਆਈ ਸੀ, ਉਥੇ ਨਾਲ
ਸਾਰਿਆਂ ਵਾਸਤੇ ਕੀਮਤੀ ਤੋਹਫੇ ਵੀ ਲਿਆਈ ਸੀ। ਪਰ ਸਾਰਿਆਂ ਨਾਲੋ ਵਧੇਰੇ ਖੁਸ਼ ਚੌਧਰੀ ਹਰੀਸ਼ਰਨ ਆਪ
ਸੀ, ਵਿਆਹ ਬੜੀ ਸ਼ਾਨੋ-ਸ਼ੌਕਤ ਨਾਲ ਹੋ ਗਿਆ ਉਤੋਂ ਨੂੰਹ ਦਾਜ ਦਹੇਜ ਇਤਨਾ ਲਿਆਈ ਕਿ ਘਰ ਵਿੱਚ ਰਖਣ ਦੀ
ਜਗ੍ਹਾ ਥੁੜ੍ਹ ਗਈ ਸੀ। ਹਾਲਾਂਕਿ ਉਹ ਬਰਾਤ ਬਹੁਤ ਵੱਡੀ ਗਿਣਤੀ ਵਿੱਚ ਲੈਕੇ ਗਿਆ ਸੀ ਪਰ ਕੁੜਮਾਂ ਨੇ
ਵੀ ਸੇਵਾ ਕਰਨ ਵਾਲੀ ਹੱਦ ਕਰ ਦਿੱਤੀ, ਹਰ ਕੋਈ ਵਾਹ ਵਾਹ ਕਰ ਰਿਹਾ ਸੀ। ਉਸ ਨੂੰ ਕੁੜਮਾਂ ਦੇ ਖਰਚੇ
ਤੇ ਸੈਂਕੜੇ ਸੰਗੀ-ਸਾਥੀਆਂ ਨੂੰ ਖੁਸ਼ ਕਰਨ ਦਾ ਵਧੀਆ ਮੌਕਾ ਮਿਲ ਗਿਆ ਸੀ। ਉਹ ਬਲਦੇਵ ਸਿੰਘ ਵਲੋਂ
ਸੱਚਮੁੱਚ ਬਹੁਤ ਖੁਸ਼ ਸੀ ਕਿ ਉਸਨੇ ਆਪਣੇ ਕਾਰੋਬਾਰ ਦੀ ਪ੍ਰਵਾਹ ਨਾ ਕਰਦੇ ਹੋਏ ਜਿਸ ਤਰ੍ਹਾਂ ਸਾਥ
ਨਿਭਾਇਆ ਸੀ ਉਹ ਸਕੇ ਭਰਾਵਾਂ ਨਾਲੋਂ ਵੀ ਵੱਧ ਕੇ ਸੀ। ਇਸ ਤੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ
ਬਲਦੇਵ ਸਿੰਘ ਨਾਲ ਉਸ ਦੇ ਸਬੰਧ ਪਹਿਲੇ ਨਾਲੋਂ ਵੀ ਵਧੀਆ ਹੋ ਗਏ ਸਨ, ਪਿਛੇ ਉਸ ਦੇ ਨਾਰਾਜ਼ ਹੋ ਜਾਣ
ਨਾਲ ਉਸ ਨੂੰ ਕੁੱਝ ਚਿੰਤਾ ਲੱਗ ਗਈ ਸੀ ਕਿਉਂਕਿ ਬਲਦੇਵ ਸਿੰਘ ਸਿੱਖ ਵੋਟਰਾਂ ਤੇ ਕਾਫੀ ਪ੍ਰਭਾਵ
ਰਖਦਾ ਸੀ ਅਤੇ ਅਗਲੇ ਸਾਲ ਹੀ ਚੋਣਾਂ ਆ ਰਹੀਆਂ ਸਨ।
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726