. |
|
ਸੰਕਟ ਅਤੇ
ਸ਼ਲਾਘਾ
ਅਵਤਾਰ ਸਿੰਘ ਮਿਸ਼ਨਰੀ (510-432-5827)
ਐਸ ਵੇਲੇ ਸਿੱਖ ਸਮਾਜ ਬੜੇ
ਸੰਕਟਮਈ
ਦੌਰ ਵਿੱਚ ਹੈ। ਇਹ ਸੰਕਟ
ਜਿੱਥੇ ਸਮਾਜਿਕ, ਆਰਥਿਕ ਅਤੇ ਰਾਜਨੀਤੀ ਵਿੱਚ ਫੈਲਿਆ ਹੋਇਆ ਹੈ ਓਥੇ ਧਾਰਮਿਕ ਤੌਰ ਤੇ ਵੀ
ਗੁਰਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਅਤੇ ਲੀਡਰਾਂ ਤੇ ਭਾਰੂ ਹੈ। ਬਾਕੀ ਸਾਰੇ ਸੰਕਟ ਸਮੇਂ ਨਾਲ ਟਲ
ਜਾਂਦੇ ਹਨ ਪਰ ਧਾਰਮਿਕ ਕਟੜਵਾਦ ਅਤੇ ਧੜੇਬੰਦੀ, ਚੌਧਰ ਅਤੇ ਆਗੂਪੁਣੇ ਦਾ ਸੰਕਟ ਪੀੜੀਆਂ ਦਰ ਪੀੜੀਆਂ
ਚਲਦਾ ਰਹਿੰਦਾ ਹੈ। ਗਰ ਸੰਗਤ ਜੀਓ! ਹਰੇਕ ਸੰਕਟ ਦਾ ਹੱਲ ਹੋ ਸਕਦਾ ਹੈ ਜੇ ਹਾਉਂਮੇ, ਹੰਕਾਰ ਅਤੇ
ਪਾਰਟੀਬਾਜੀ ਤੋਂ ਉਪਰ ਉਠ ਕੇ, ਸੁਹਿਰਦਤਾ ਨਾਲ ਯਤਨ ਕੀਤੇ ਜਾਣ। ਐਸ ਵੇਲੇ ਸਭ ਤੋਂ ਵੱਡਾ ਸੰਕਟ
ਡੇਰਾਵਾਦ, ਬਾਬਾਵਾਦ, ਨਸ਼ੇ, ਵੋਟਾਂ ਅਤੇ ਬੇਰੁਜਗਾਰੀ ਹੈ।
ਗੁਰੂ ਪੰਥ ਤੋਂ ਬੇਮੁਖ ਹੋ ਡੇਰੇ, ਸੰਪ੍ਰਦਾਵਾਂ ਅਤੇ ਟਕਸਾਲਾਂ ਮਾਰੋ ਮਾਰ
ਕਰ ਰਹੀਆਂ ਹਨ। ਗੁਰੂ ਬਾਬਾ ਨਾਨਕ ਸਾਹਿਬ ਦਾ ਚਲਾਇਆ ਨਿਰਮਲ ਪੰਥ- ਮਾਰਿਆ
ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ॥(ਭਾ.ਗੁ)
ਜਿਸ ਨੂੰ ਦਸਵੇਂ ਪਾਤਸ਼ਾਹ ਨੇ
“ਖਾਲਸਾ ਪੰਥ”
ਦਾ ਲਕਬ ਦਿੱਤਾ। ਇਸ ਖਾਲਸਾ ਪੰਥ ਨੂੰ ਮਿਲਗੋਭਾ ਕੀਤਾ ਜਾ ਰਿਹਾ ਹੈ। ਬ੍ਰਾਹਮਣੀ ਵਿਚਾਰਧਾਰਾ ਵਾਲੇ
ਉਦਾਸੀ, ਨਿਰਮਲੇ ਅਤੇ ਅਜੋਕੇ ਡੇਰੇਦਾਰ ਸੰਤ ਬਾਬੇ ਇਸ ਨੂੰ ਬਰਦਾਸ਼ਤ ਨਹੀਂ ਕਰ ਰਹੇ ਸਗੋਂ ਵੱਖ ਵੱਖ
ਮਰਯਾਦਾ, ਗ੍ਰੰਥਾਂ ਅਤੇ ਮਨੋਕਲਪਿਤ ਮਨੌਤਾਂ-ਰੀਤਾਂ ਪੈਦਾ ਕਰਕੇ, ਆਏ ਦਿਨ
“ਇਸ”
ਵਿੱਚ ਨਵੇਂ ਤੋਂ ਨਵਾਂ
ਸੰਕਟ ਪੈਦਾ ਕਰ ਰਹੇ ਹਨ।
ਹੁਣ ਇੱਕ ਹੋਰ ਵੱਡਾ ਸੰਕਟ ਮਿਸ਼ਨਰੀ ਸੰਸਥਾਵਾਂ ਅਤੇ ਹੋਰ ਹਮਖਿਆਲੀ
ਜਥੇਬੰਦੀਆਂ ਵਿੱਚ ਜੋਰ ਫੜਦਾ ਜਾ ਰਿਹਾ ਹੈ ਉਹ ਹੈ ਹਉਂਮੇ ਅਤੇ ਆਪੋ ਆਪਣੀ ਵਿਦਿਅਕ ਵਿਚਾਰਧਾਰਾ
ਵਿੱਚ ਸਿਰਫ ਉਨੀਂ- ਇੱਕੀ ਦਾ ਫਰਕ ਬਰਦਾਸ਼ਤ ਨਾਂ ਕਰਨਾ। ਇਸ ਸਬੰਧ ਵਿੱਚ ਕੁਝ ਦਿਨ ਪਹਿਲਾਂ ਪੰਥਕ
ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਜੀ ਨੇ ਵੀ ਇੱਕ ਚਿੱਠੀ ਪ੍ਰੈਸ ਵਿੱਚ ਜਾਰੀ ਕਰਕੇ
“ਗੁਣਾਂ ਦੀ ਸਾਂਝ”
ਦਾ ਵਾਸਤਾ ਪਾਉਂਦੇ ਕਿਹਾ ਸੀ ਕਿ ਜਿਹੜੀਆਂ ਜਥੇਬੰਦੀਆਂ ਘਟੋ-ਘਟ ਗੁਰੂ ਗ੍ਰੰਥ ਸਾਹਿਬ, ਸਿਖ ਰਹਿਤ
ਮਰਯਾਦਾ, ਨਿਸ਼ਾਨ, ਵਿਧਾਂਨ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਣਤਾ ਦਿੰਦੀਆਂ ਹਨ, ਛੋਟੇ-ਮੋਟੇ
ਵਿਚਾਰਧਾਕ ਵਖਰੇਵੇਂ ਛੱਡ ਕੇ, ਗੁਣਾਂ ਦੀ ਸਾਂਝ ਪਾ ਕੇ ਵਿਚਰਨ ਤਾਂ ਪੰਥਕ ਏਕਤਾ ਨੂੰ ਬਲ ਮਿਲਦਾ
ਅਤੇ ਵੱਖਵਾਦੀ-ਡੇਰਾਵਾਦੀਆਂ ਦੇ ਹੌਂਸਲੇ ਪਸ਼ਤ ਹੁੰਦੇ ਹਨ। ਗਿਆਨੀ ਜਾਚਕ ਜੀ ਅਤੇ ਹੋਰ ਪੰਥ ਦਰਦੀਆਂ
ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।
ਜਰਾ ਧਿਆਨ ਨਾਲ ਸੋਚੋ! ਕੌਮ ਦਾ ਸੰਕਟ ਤੋਤਾ ਰਟਨੀ ਗਿਣਤੀ-ਮਿਣਤੀ ਕੋਤਰੀਆਂ
ਵਾਲੇ, ਮਹਿੰਗੇ ਮਹਿੰਗੇ ਭਾੜੇ ਦੇ ਪਾਠਾਂ, ਡੇਰਾਵਾਦੀ ਸਾਧਾਂ ਦੇ ਬਣਾਏ ਸੰਕਟ ਮੋਚਨ ਗੁਟਕਿਆਂ,
ਖਰਚੀਲੇ ਨਗਰ ਕੀਰਤਨਾਂ, ਵੰਨ ਸੁਵੰਨੇ ਲੰਗਰਾਂ, ਧੜੇਬੰਦੀਆਂ, ਮਿਥਿਹਾਸਕ ਅਤੇ ਬ੍ਰਾਹਮਣੀ ਗ੍ਰੰਥਾਂ
ਚੋਂ ਮਨਘੜਤ ਸਾਖੀਆਂ ਸੁਨਾਉਣ ਵਾਲੇ ਸੰਤਾਂ ਜਾਂ ਕਥਾਵਾਚਕਾਂ, ਕੱਚੀ ਬਾਣੀ ਦਾ ਕੀਰਤਨ ਕਰਨ ਵਾਲੇ
ਸੰਤਾਂ, ਸ਼ਬਦ ਤੋਂ ਬਾਹਰ ਜਾ ਕੇ ਮਨਘੜਤ ਸਾਧਾਂ ਦੀ ਉਸਤਤਿ ਕਰਨ ਵਾਲੀਆਂ ਸਾਖੀਆਂ ਸੁਨਾਉਣ ਵਾਲੇ
ਕਮਰਸ਼ੀਅਲ ਰਾਗੀਆਂ, ਚੰਗੇ ਮੰਦੇ ਦਿਨ ਪੁਨਿਆਂ-ਮਸਿਆਂ ਆਦਿਕ ਨੂੰ ਮਾਣਤਾ ਦੇਣ ਵਾਲੇ ਗ੍ਰੰਥੀਆਂ,
ਕਾਰਸੇਵਾ ਦੇ ਨਾਂ ਤੇ ਇਤਹਾਸਕ ਵਿਰਾਸਤੀ ਗੁਰਦੁਆਰੇ-ਬਲਡਿੰਗਾਂ ਢੌਣ ਅਤੇ ਗਰੀਬ ਕਿਸਾਨਾਂ ਕੋਲੋਂ
ਜਬਰੀ ਅਨਾਜ ਦੀਆਂ ਬੋਰੀਆਂ ਭਰਨ ਵਾਲੇ ਬਾਬਿਆਂ, ਗਰੀਬਾਂ ਦੀਆਂ ਫਸਲਾਂ ਉਜਾੜਨ ਵਾਲੇ ਨਿਹੰਗਾਂ,
ਥੜੇਬੰਦੀ ਅਤੇ ਚੌਧਰ ਦੀ ਖਾਤਰ ਲੜਨ ਵਾਲੇ ਪ੍ਰਬੰਧਕਾਂ, ਮੀਡੀਏ ਰਾਹੀਂ ਘਰੇਲੂ ਕਿੜਾਂ ਕੱਢਣ ਤੇ
ਪ੍ਰਵਾਰਕ ਚਿਕੜ ਉਛਾਲਣ ਵਾਲੇ ਲੇਖਕਾਂ, ਵਾਲ ਦੀ ਖੱਲ੍ਹ ਲੌਹਣ ਵਾਲੇ ਗੁਰਮਤਿ ਵਿਹੂਣੇ ਵਿਦਵਾਨਾਂ
ਅਤੇ ਸਿਧਾਂਤਕ ਏਕਤਾ ਤੋਂ ਮੂੰਹ ਮੋੜਨ ਵਾਲੇ ਸਿੱਖ ਲੀਡਰਾਂ ਆਦਿਕ ਨੇ ਦੂਰ ਨਹੀਂ ਕਰਨਾ।
ਇਹ ਸੰਕਟ ਕਿਰਤ ਕਰਨ, ਵੰਡ ਛੱਕਣ, ਨਾਮ ਜਪਣ ਅਤੇ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਦੇ ਸਿਧਾਂਤਾਂ ਤੇ ਪੂਰਨ ਭਰੋਸਾ ਕਰਕੇ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਾਉਟੀ ਲਾ ਕੇ,
ਰਹਿਤ, ਇਤਿਹਾਸ ਅਤੇ ਹੋਰ ਗ੍ਰੰਥਾਂ ਨੂੰ ਵਾਚ ਕੇ ਹੰਸ ਬਿਰਤੀ ਵਾਂਗ ਦੁੱਧ ਚੋਂ ਪਾਣੀ ਵੱਖ ਕਰਨ ਦੀ
ਸਮਰੱਥਾ ਰੱਖਣ ਵਾਲੇ ਗੁਰਮੁਖ ਗੁਰਸਿੱਖਾਂ-ਸਿੰਘਾਂ ਅਤੇ ਸੇਵਕਾਂ ਨੇ ਛੋਟੇ ਮੋਟੇ ਮਤਭੇਦ ਭੁਲਾ ਕੇ,
ਰਲ ਮਿਲ ਬੈਠ ਕੇ, ਕੌਮੀ ਉਸਾਰੂ ਕੰਮ ਅਤੇ ਪ੍ਰਜੈਕਟ ਚਲਾ ਕੇ ਕਰਨਾ ਹੈ। ਇਸ ਕਰਕੇ ਗਿ. ਜਾਚਿਕ ਜੀ
ਵਾਂਗ ਦਾਸ ਵੀ ਕੌਮੀ ਵਾਸਤਾ ਪਾ ਕੇ, ਦੁਇ ਕਰ ਜੋੜ ਬੇਨਤੀ ਕਰਦਾ ਹੈ ਕਿ- ਹੋਇ
ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (1185)
ਗੁਰਸਿਖ ਪਿਆਰਿਓ! ਹੁਣ ਤਾਂ ਸਦੀਆਂ ਬੀਤ ਗਈਆਂ ਹਨ
ਫਿਰ ਵੀ ਇਹ ਥੋਥੇ ਕਰਮਕਾਂਡਾਂ ਬ੍ਰਾਹਮਣੀ ਰੀਤਾਂ ਅਤੇ ਵੱਖ ਵੱਖ ਭੇਖਾਂ ਦੇ ਸੰਕਟ-ਸੰਗਲ ਸਾਨੂੰ
ਜਕੜੀ ਬੈਠੇ ਹਨ। ਇਨ੍ਹਾਂ ਬ੍ਰਾਹਮਣੀ ਸੰਗਲੀਆਂ ਨੂੰ ਤੋੜ ਕੇ ਬਾਹਰ ਨਿਕਣ ਦਾ ਰਾਹ ਕੇਵਲ ਤੇ ਕੇਵਲ
“ਗੁਰੂ ਗ੍ਰੰਥ ਸਾਹਿਬ”
ਦੀ ਬਾਣੀ ਨੂੰ ਬਾਰ ਬਾਰ ਵਿਚਾਰ ਸਮਝ ਅਤੇ
ਜੀਵਨ ਵਿੱਚ ਢਾਲ ਕੇ ਚਲਣਾ ਹੈ ਨਾਂ ਕਿ ਡੇਰਾਵਾਦੀ ਅਤੇ ਸੰਪ੍ਰਦਾਈ ਸਾਧਾਂ ਦੀਆਂ ਸਾਖੀਆਂ ਅਤੇ
ਮਰਯਾਦਾਵਾਂ ਧਾਰਨ ਕਰਕੇ ਆਪਸ ਵਿੱਚ ਝਗੜੀ ਜਾਣਾ ਹੈ। ਅਜਿਹੇ ਉਪਰਾਲੇ ਅਤੇ ਉਦਮ ਕਰਨ ਵਾਲੇ
ਗੁਰਸਿਖਾਂ ਦੀ ਸਦਾ ਸ਼ਲਾਘਾ ਹੀ ਕਰਣੀ ਬਣਦੀ ਹੈ।
|
. |