. |
|
ਤੀਜਾ ਨੇਤ੍ਰ
ਮਨੁੱਖ ਦੇ ਸਥੂਲ ਨੇਤ੍ਰ ਪਰਮਾਤਮਾ ਦੀ ਅਦਭੁਤ ਦਾਤ ਹਨ ਜਿਨ੍ਹਾ ਦੁਆਰਾ
ਮਨੁੱਖ ਦੀ ਸਾਂਝ ਸੰਸਾਰ ਨਾਲ ਪੈਂਦੀ ਹੈ। ਸਥੂਲ ਅੱਖਾਂ ਨਾਲ ਦੇਖੇ ਬਿਨਾ ਸੰਸਾਰ ਦੀ ਕਲਪਨਾ ਵੀ ਨਹੀ
ਕੀਤੀ ਜਾ ਸਕਦੀ। ਇਹ ਦੋ ਸਥੂਲ ਨੇਤ੍ਰ ਤਾਂ ਕੇਵਲ ਸਰੀਰ ਰੂਪੀ ਘਰ ਦੀਆਂ ਖਿੜਕੀਆਂ ਹੀ ਹਨ ਜਿਨ੍ਹਾ
ਵਿੱਚ ਦੀ ਅਸਲ ਵਿੱਚ ਵੇਖਣ ਵਾਲਾ ਤਾਂ ਇਕੋ ਮਨ ਹੀ ਹੈ, ਜੋ ਹੈ ਤਾਂ ਜੋਤ ਸਰੂਪ, ਪਰ ਜਦੋਂ ਇਸ ਨੂੰ
ਦੁਨਿਆਵੀ ਦੁਰਮਤ (ਅਗਿਆਨਤਾ) ਦੇ ਪੜਦੇ ਨਾਲ ਢਕ ਦਿੱਤਾ ਜਾਂਦਾ ਹੈ ਤਾਂ ਇਹ ਕੇਵਲ ਸੰਸਾਰੀ ਹੀ ਹੋ
ਜਾਂਦਾ ਹੈ। ਫਿਰ ਇਸ ਦਾ ਵੇਖਣਾ, ਸੁਣਨਾ ਤੇ ਮੰਨਣਾ ਸੰਸਾਰੀ ਹੋ ਜਾਂਦਾ ਹੈ, ਇਹ ਦ੍ਰਿਸ਼ਟਮਾਨ ਨੂੰ
ਸਚ ਮੰਨ ਕੇ ਸੰਸਾਰ ਨਾਲ ਜੁੜ ਜਾਂਦਾ ਹੈ ਪਰ ਮੁੜ ਜਦੋਂ ਇਸਨੂੰ ਗੁਰਗਿਆਨ, ਜਿਸ ਨੂੰ ਤੀਜਾ ਨੇਤ੍ਰ
ਜਾਂ ਗਿਆਨ ਨੇਤ੍ਰ ਵੀ ਕਿਹਾ ਜਾਂਦਾ ਹੈ, ਦੀ ਪ੍ਰਾਪਤੀ ਹੋ ਜਾਵੇ ਤਾਂ ਇਸ ਦੀ ਗੰਢ ਅਦ੍ਰਿਸ਼ਟ ਪ੍ਰਭੂ
(ਸਚ) ਨਾਲ ਪੈ ਜਾਂਦੀ ਹੈ ਜਿਸ ਦੁਆਰਾ ਇਸ ਦੇ ਵੇਖਣ, ਸੁਣਨ ਤੇ ਮੰਨਣ ਵਿੱਚ ਤਬਦੀਲੀ ਆ ਜਾਂਦੀ ਹੈ।
ਅਗਿਆਨਤਾ ਵਸ ਹੋਇਆ ਮਨ ਦ੍ਰਿਸ਼ਟਮਾਨ ਨੂੰ ਹੀ ਪੂਰਨ ਸਚ ਮੰਨ ਬੈਠਦਾ ਹੈ ਜਿਸ ਨੂੰ (ਕੇਵਲ ਸਮਝਣ ਲਈ)
ਸਥੂਲ ਅੱਖ ਕਿਹਾ ਜਾ ਸਕਦਾ ਹੈ ਪਰ ਗੁਰਗਿਆਨ (ਜਿਸ ਨੂੰ ਤੀਜਾ ਜਾਂ ਗਿਆਨ ਨੇਤ੍ਰ ਵੀ ਕਿਹਾ ਹੈ)
ਦੁਆਰਾ ਜਦੋਂ ਇਹ ਅਦ੍ਰਿਸ਼ਟ ਨੂੰ ਵੀ ਵੇਖਣ ਦੇ ਯੋਗ ਹੁੰਦਾ ਹੈ ਤਾਂ ਉਸ ਨੂੰ ਅਸਥੂਲ ਅੱਖ ਕਿਹਾ ਜਾ
ਸਕਦਾ ਹੈ। ਇਸ ਤਰਾਂ ਸਥੂਲ ਅੱਖ ਦੀ ਗੰਢ ਸੰਸਾਰ ਨਾਲ ਹੈ ਪਰ ਅਸਥੂਲ ਅੱਖ ਦੀ ਗੰਢ ਨਿਰੰਕਾਰ ਨਾਲ
ਹੈ। ਦੋਨਾ ਵਿੱਚ ਦੀ ਵੇਖਣ ਵਾਲਾ ਇਕੋ ਮਨ ਹੀ ਹੈ ਪਰ ਦੋਵਾਂ ਦੀ ਵੇਖਣੀ ਵਿੱਚ ਭੇਦ ਹੈ ਜਿਵੇਂ:
ਮਸਾਲ ਦੇ ਤੌਰ ਤੇ, ਲੱਕੜੀ ਵਿੱਚ ਛੁਪੀ ਅੱਗ, ਦੁੱਧ ਵਿੱਚ ਛੁਪਿਆ ਮੱਖਣ ਤੇ ਬੀਜ ਵਿੱਚ ਛੁਪੇ ਪੇੜ
ਨੂੰ ਸਥੂਲ ਨੇਤ੍ਰ ਨਹੀ ਵੇਖ ਸਕਦੇ ਪਰ ਤੀਜਾ (ਗਿਆਨ) ਨੇਤ੍ਰ ਵੇਖ ਲੈਂਦਾ ਹੈ।
ਕੇਵਲ ਉਦ੍ਹਾਰਨ ਵਜੋਂ, ਇੱਕ ਮਹਾ ਪੁਰਖ ਆਪਣੇ ਕੁੱਝ ਚੇਲਿਆਂ ਨਾਲ ਤੁਰੇ ਜਾ
ਰਹੇ ਸਨ ਕਿ ਅੱਗੋਂ ਦੀ ਇੱਕ ਮਨੁੱਖ ਗਾਂ ਦੇ ਗਲ ਵਿੱਚ ਰੱਸਾ ਪਾ ਕੇ ਲਈ ਜਾਂਦਾ ਵੇਖ ਕੇ ਮਹਾ
ਪੁਰਖਾਂ ਨੇ ਚੇਲਿਆਂ ਕੋਲੋਂ ਪੁੱਛ ਲਿਆ ਕਿ ਦੱਸੋ ਕਉਣ ਕਿਸ ਨਾਲ ਬੱਝਾ ਹੈ? ਚੇਲਿਆਂ ਦੀਆਂ ਸਥੂਲ
ਸੰਸਾਰੀ ਅੱਖਾਂ (ਮੋਹ ਮਾਇਆ ਦੇ ਪੜਦੇ ਨਾਲ ਢਕੇ ਗਿਆਨ ਨੇਤ੍ਰ) ਨੇ ਜੋ ਵੇਖਿਆ ਉਹ ਸਚ ਜਾਣ ਕੇ ਕਹਿ
ਦਿਤਾ ਕਿ ਰੱਸਾ ਗਾਂ ਦੇ ਗਲ ਵਿੱਚ ਹੈ ਤੇ ਮਨੁੱਖ ਦੇ ਹੱਥ ਵਿੱਚ ਹੈ ਇਸ ਲਈ ਸਪਸ਼ਟ ਹੈ ਕਿ ਗਾਂ
ਮਨੁੱਖ ਨਾਲ ਬੱਝੀ ਹੈ। ਮਹਾ ਪੁਰਖ ਨੇ ਆਖਿਆ ਕਿ ਜੇ ਰੱਸਾ ਛੁਟ ਜਾਵੇ ਤਾਂ ਕਉਣ ਕਿਸ ਦੇ ਮਗਰ
ਭੱਜੇਗਾ? ਅਸਥੂਲ ਅੱਖ (ਗਿਆਨ ਨੇਤ੍ਰ) ਦਾ ਵੇਖਣਾ ਹੈ ਕਿ ਰੱਸਾ ਛੁੱਟਣ ਤੇ ਗਾਂ (ਮਨੁੱਖ ਕੋਲੋਂ)
ਦੂਰ ਭੱਜਣ ਲਗੇਗੀ ਕਿਉਂਕਿ ਉਹ ਮਨੁੱਖ ਨਾਲ ਨਹੀ ਬੱਝੀ (ਭਾਵ ਕੋਈ ਲਗਾਉ ਨਹੀ) ਪਰ ਮਨੁੱਖ ਗਾਂ ਮਗਰ
ਇਸ ਲਈ ਭੱਜੇਗਾ ਕਿਉਂਕਿ ਉਹ ਗਾਂ ਨਾਲ ਬੱਝਾ ਹੈ (ਭਾਵ ਉਸ ਦਾ ਗਾਂ ਨਾਲ ਲਗਾਉ ਹੈ)। ਸਥੂਲ ਅੱਖਾਂ
ਨੇ ਕੇਵਲ ਦ੍ਰਿਸ਼ਟਮਾਨ ਰਸੇ ਦਾ ਬੰਧਨ ਹੀ ਵੇਖਿਆ ਪਰ ਅਸਥੂਲ ਅੱਖ ਨੇ ਅਦ੍ਰਿਸ਼ਟ ਮੋਹ, ਲਗਾਉ ਜਾਂ ਪਕੜ
ਦੇ ਬੰਧਨ ਨੂੰ ਵੇਖ ਲਿਆ, ਇਸ ਲਈ ਅਸਲੀਅਤ ਵਿੱਚ ਗਾਂ ਮਨੁੱਖ ਨਾਲ ਨਹੀ ਬੱਝੀ ਬਲਿਕੇ ਮਨੁੱਖ ਗਾਂ
ਨਾਲ ਬੱਝਾ ਹੈ ਪਰ ਇਹ ਕੇਵਲ ਅਸਥੂਲ (ਤੀਜਾ) ਗਿਆਨ ਨੇਤ੍ਰ ਹੀ ਵੇਖ ਸਕਿਆ ਜਿਸ ਬਾਰੇ ਗੁਰਬਾਣੀ ਦਾ
ਵੀ ਫੁਰਮਾਨ ਹੈ:
ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥
(577) । ਇਹ ਅਸਥੂਲ ਤੀਜਾ ਗਿਆਨ ਨੇਤ੍ਰ ਹੀ ਉਹ “ਬਿਅੰਨਿ ਅੱਖੜੀਆਂ” ਹਨ ਜਿਸ ਨਾਲ ਪਿਆਰੇ ਅਦ੍ਰਿਸ਼ਟ
ਪ੍ਰਭੂ (ਸਚ) ਨੂੰ ਵੇਖਿਆ ਜਾ ਸਕਦਾ ਹੈ, ਸਾਂਝ ਪਾਈ ਜਾ ਸਕਦੀ ਹੈ। ਸਥੂਲ ਸੰਸਾਰੀ ਅੱਖ ਕਦੇ ਵੀ
ਨਿਰੰਕਾਰ ਨੂੰ ਨਹੀ ਵੇਖ ਸਕਦੀ। ਦੁਨਿਆਵੀ ਤੌਰ ਤੇ (ਸਥੂਲ) ਨੇਤ੍ਰਹੀਨ ਪ੍ਰਾਣੀ ਨੂੰ ਅੰਧਾ ਕਿਹਾ
ਜਾਂਦਾ ਹੈ ਪਰ ਗੁਰਬਾਣੀ ਕਿਉਂਕਿ ਆਤਮਕ ਗਿਆਨ (ਤੀਜਾ ਨੇਤ੍ਰ) ਹੈ ਇਸ ਲਈ ਇਸ ਅਨੁਸਾਰ ਅੰਧਾ ਉਹ ਹੈ
ਜਿਸ ਦੇ ਮਨ ਦਾ ਤੀਜਾ ਨੇਤ੍ਰ ਨਹੀ ਖੁੱਲਾ, ਭਾਵ ਅਗਿਆਨੀ ਹੈ, ਜਾਂ ਤੀਜਾ ਨੇਤ੍ਰ ਮੋਹ ਮਾਇਆ ਜਾਂ
ਦੁਰਮਤ ਦੇ ਪੜਦੇ ਨਾਲ ਢਕਿਆ ਹੋਇਆ ਹੈ:
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ
ਕਹੀਐ ਸੋਇ ॥੩॥ {ਪੰਨਾ 954} ਅੰਨ੍ਹਾ ਉਸ ਨੂੰ ਨਾ
ਆਖੋ ਜੋ ਕੁਦਰਤੀਂ ਅੰਨ੍ਹਾ ਹੈ, ਜਿਸ ਕੋਲ ਇਹਨਾ ਸਥੂਲ ਅੱਖਾਂ ਦੀ ਰੌਸ਼ਨੀ ਨਹੀ। ਅੰਨ੍ਹਾ ਤਾਂ ਉਹ ਹੈ
ਜਿਸ ਕੋਲ ਗਿਆਨ (ਤੀਜੇ ਨੇਤ੍ਰ) ਦੀ ਰੌਸ਼ਨੀ ਨਹੀ। ਸਪਸ਼ਟ ਹੈ ਕਿ ਧਰਮ (ਜੋ ਮਨ ਦਾ ਵਿਸ਼ਾ ਹੈ) ਦੀ
ਦੁਨੀਆਂ ਵਿੱਚ ਅਸਥੂਲ ਅੱਖ (ਗਿਆਨ) ਦੀ ਮਹੱਤਾ ਹੈ ਜਿਸ ਤੋਂ ਬਿਨਾ ਮਨੁੱਖ ਨੂੰ ਅੰਨ੍ਹਾ ਕਿਹਾ ਗਿਆ
ਹੈ: ਅੰਧੇ ਏਹਿ ਨ ਆਖੀਅਨਿ
ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ {ਪੰਨਾ 954}
ਭਾਵ: ਉਹ ਅੰਨ੍ਹੇ ਨਹੀ ਜਿਨ੍ਹਾ ਦੇ ਮੂੰਹ ਤੇ ਅੱਖਾਂ ਨਹੀ, ਭਾਵ ਸਥੂਲ ਅੱਖਾਂ ਵਿੱਚ ਰੌਸ਼ਨੀ ਨਹੀ,
ਅਸਲ ਵਿੱਚ ਅੰਨ੍ਹੇ ਉਹ ਹਨ ਜੋ (ਅਗਿਆਨਤਾ ਕਾਰਨ, ਤੀਜੇ ਨੇਤ੍ਰ ਬਿਨਾ) ਪ੍ਰਭੂ ਤੋਂ ਖੁੰਝੇ ਜਾ ਰਹੇ
ਹਨ, ਜਿਨ੍ਹਾ ਕੋਲ ਅਸਥੂਲ ਅੱਖਾਂ ਦੀ ਰੌਸ਼ਨੀ ਨਹੀ ਕਿਉਂਕਿ:
ਬਾਝੁ ਗੁਰੂ ਹੈ ਅੰਧ ਗੁਬਾਰਾ ॥
ਅਗਿਆਨੀ ਅੰਧਾ ਅੰਧੁ ਅੰਧਾਰਾ ॥ (116)। ਭਾਵ:
ਗੁਰੂ (ਗਿਆਨ) ਤੋਂ ਬਿਨਾ (ਜਗਤ ਵਿੱਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ ਤੇ ਗੁਰਗਿਆਨ ਤੋਂ
ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ। ਸਥੂਲ (ਮਨਮੱਤ ਦੁਆਰਾ ਅੰਨ੍ਹੀਆਂ)
ਅੱਖਾਂ ਅਦ੍ਰਿਸ਼ਟ ਬੰਧਨਾਂ ਨੂੰ ਨਹੀ ਵੇਖ ਸਕਦੀਆਂ। ਇਸੇ ਕਾਰਨ ਕਬੀਰ ਜੀ ਨੇ ਕਿਹਾ ਹੈ ਕਿ:
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ
ਸਗਲੋ ਧੰਧਾ ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥ {ਪੰਨਾ 338}।
ਭਾਵ: ਕੋਈ ਗਿਆਨ ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾ ਨੂੰ ਉਪਦੇਸ਼ ਕਰ
ਰਿਹਾ ਹੈ, ਪਰ ਅਸਲ ਵਿਚ, ਇਹ ਸਾਰਾ ਜਗਤ (ਮੋਹ ਮਾਇਆ ਦੇ) ਅੰਧੇਰੇ ਵਿੱਚ ਹੀ ਗ੍ਰਸਿਆ ਪਿਆ ਹੈ।
ਪਰਮਾਤਮਾ ਦੇ ਨਾਮ ਸਿਮਰਨ (ਗੁਰਗਿਆਨ, ਤੀਜੇ ਨੇਤ੍ਰ) ਬਿਨਾ ਇਹ ਜਗਤ ਮਾਇਆ ਵਿੱਚ ਅੰਨ੍ਹਾ ਹੋਇਆ ਪਿਆ
ਹੈ। ਗੁਰੂ ਦੇ ਗਿਆਨ ਰਾਹੀਂ ਜੀਵਨ ਬਤੀਤ ਕਰਨਾ ਹੀ ਨਾਮ ਸਿਮਰਨ ਹੈ ਪਰ ਗਿਆਨ ਦੀ ਅੱਖ ਬਿਨਾ ਇਹ ਸਚ
ਨਹੀ ਦਿਸਦਾ ਤੇ ਮਨੁੱਖ ਅਗਿਆਨਤਾ ਕਾਰਨ ਰਸਮੀ ਗੁਰਮੰਤ੍ਰਾਂ, ਮੂਲਮੰਤ੍ਰਾਂ, ਮਹਾਂ ਮੰਤ੍ਰਾਂ ਤੇ ਹੋਰ
ਗੁਪਤ ਮੰਤ੍ਰਾਂ ਦੇ ਰੱਟਣ ਵਿੱਚ ਉਲਝ ਕੇ ਜੀਵਨ ਅਜਾਈਂ ਗਵਾ ਰਿਹਾ ਹੈ। ਧਰਮ ਕਿਉਂਕਿ ਅਦ੍ਰਿਸ਼ਟ ਮਨ
ਦੀ ਖੇਡ ਹੈ ਇਸ ਲਈ ਇਹ ਸਥੂਲ (ਮਨ ਮਤ ਨਾਲ ਢਕੀਆਂ) ਅੱਖਾਂ ਦਾ ਵਿਸ਼ਾ ਨਹੀ ਹੋ ਸਕਦਾ ਪਰ ਮੌਜੂਦਾ
ਧਰਮ ਅਧਾਰਿਤ ਹੀ ਬਾਹਰਲੀ ਦਿੱਖ ਤੇ ਹਨ। ਬਾਹਰੋਂ ਧਰਮੀ ਪਹਿਰਾਵੇ ਵਾਲੇ ਮਨੁੱਖ ਨੂੰ ਵੇਖ ਕੇ ਸਥੂਲ
(ਮਨਮਤੀ) ਅੱਖਾਂ ਝੱਟ ਇਹ ਮੰਨ ਲੈਂਦੀਆਂ ਹਨ ਕਿ ਇਹ ਸਚ ਮੁਚ ਧਰਮੀ ਪੁਰਖ ਹੈ, ਪਰ ਇਹ ਜ਼ਰੂਰੀ ਨਹੀ
ਕਿ ਬਾਹਰੋਂ ਧਰਮੀ ਦਿਸਣ ਵਾਲਾ ਅੰਦਰੋਂ (ਮਨ ਕਰਕੇ) ਵੀ ਧਰਮੀ ਹੋਵੇ। ਜੇ ਬਾਹਰੋਂ ਧਰਮੀ ਦਿਸਣ ਵਾਲੇ
ਧਰਮ ਆਗੂਆਂ, ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਨੂੰ ਸਿੱਖੀ ਵੇਸ ਵਿੱਚ ਵਿਚਰਨ ਵਾਲੇ ਬ੍ਰਾਹਮਣ
ਕਿਹਾ ਜਾ ਰਿਹਾ ਹੈ ਤਾਂ ਧਰਮੀ ਵੇਸ ਦੀ ਮਹੱਤਾ ਹੀ ਨਹੀ ਰਹਿ ਜਾਂਦੀ। ਸੱਜਣ ਠੱਗ ਵਰਗੇ (ਬਾਹਰੋਂ
ਧਰਮੀ ਦਿਸਣ ਵਾਲੇ) ਧਰਮ ਦੇ ਬਹਿਰੂਪੀਏ ਅੱਜ ਵੀ ਅਨੇਕਾਂ ਇਸੇ ਕਰਕੇ ਉੱਗ ਖਲੋਏ ਹਨ ਕਿਉਂਕਿ ਬਾਬੇ
ਨਾਨਕ ਦੇ ਬਖਸ਼ੇ ਤੀਜੇ ਗਿਆਨ ਨੇਤ੍ਰ ਨੂੰ ਮਨਮਤੀ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਪੜਦੇ ਨਾਲ
ਢਕਿਆ ਜਾ ਰਿਹਾ ਹੈ। ਇਹ ਬਹਿਰੂਪੀਏ (ਸੱਜਣ, ਜਾਂ ਬਨਾਰਸੀ) ਠੱਗ ਜਾਣਦੇ ਹਨ ਕਿ ਸੱਚ ਨੂੰ ਛੁਪਾਣ ਦਾ
ਇਕੋ ਇੱਕ ਤਰੀਕਾ ਇਹੀ ਹੈ ਕਿ ਉਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇ। ਬੱਸ, ਸਿੱਖ ਜਗਤ ਵਿੱਚ ਵੀ
ਅੱਜ ਇਹੀ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਛੁਪਾਣ ਲਈ ਅਗਿਆਨੀ ਧਾਰਮਕ ਆਗੂ ਉਸ ਦੀ
(ਰੀਤਾਂ, ਰਸਮਾਂ ਤੇ ਕਰਮ ਕਾਂਡਾਂ ਦੁਆਰਾ) ਪੂਜਾ ਵਿੱਚ ਜੁਟੇ ਪਏ ਹਨ। ਗੁਰਦੁਆਰਿਆਂ ਵਿੱਚ ਬਿਨਾ
ਸਮਝੇ, ਹਰ ਤਰਾਂ ਦੇ ਪਾਠਾਂ ਦੀਆਂ ਲੜੀਆਂ, ਤਰਾਂ ਤਰਾਂ ਦੇ ਜਾਪ, ਆਰਤੀਆਂ, ਨਗਰ ਕੀਰਤਨ, ਰੈਣ ਸਬਾਈ
ਕੀਰਤਨ, ਤੀਰਥ ਇਸ਼ਨਾਨ, ਤੇ ਮੇਲੇ ਇਸ ਗਲ ਦਾ ਪ੍ਰਤੱਖ ਪਰਮਾਣ ਹਨ ਜਿਸ ਤੋਂ ਮੁਨਕਰ ਨਹੀ ਹੋਇਆ ਜਾ
ਸਕਦਾ। ਗੁਰੂ ਤਾਂ ਬਾਰ ਬਾਰ ਪੁਕਾਰ ਕੇ ਸੂਚਤ ਕਰਦਾ ਹੈ ਕਿ:
ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥ ਮਨਹਠਿ ਕਰਮ ਫਿਰਿ ਜੋਨੀ ਪਾਏ ॥ ਬਿਖਿਆ
ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥
(1056)। ਭਾਵ: ਅਗਿਆਨਤਾ ਦੁਆਰਾ ਅੰਨ੍ਹਾ ਹੋਇਆ ਬੇਸਮਝ ਮਨੁੱਖ ਅਨੇਕਾਂ ਮਿਥੇ ਹੋਏ ਧਾਰਮਕ ਕਰਮਾ
ਉਤੇ ਜ਼ੋਰ ਦਿੰਦਾ ਹੈ ਪਰ ਜਿਹੜਾ ਮਨੁੱਖ ਮਨ ਹਠ ਨਾਲ ਅਜੇਹੇ ਕਰਮ ਕਰਦਾ ਰਹਿੰਦਾ ਹੈ ਉਹ ਮੁੜ ਮੁੜ
ਜੂਨੀਆਂ ਵਿੱਚ ਪੈਂਦਾ ਰਹਿੰਦਾ ਹੈ। ਜਿਹੜੇ ਮਨੁੱਖ ਮਾਇਆ ਕਮਾਉਣ ਦੀ ਖਾਤਰ ਲਬ ਲੋਭ ਵਾਲੇ ਕੰਮ ਕਰਦੇ
ਹਨ ਉਹਨਾ ਵਿੱਚ ਖੋਟੀ ਮਤ ਦਾ ਦੁਚਿੱਤਾ-ਪਨ ਆ ਜਾਂਦਾ ਹੈ। ਇਸ ਤੋਂ ਵੱਡ੍ਹੀ ਚਿਤਾਵਨੀ ਹੋਰ ਕਿਵੇਂ
ਦਿੱਤੀ ਜਾ ਸਕਦੀ ਹੈ? ਜੇ ਕਿਸੇ ਤਰਾਂ ਦਾ ਕੀਤਾ ਰਸਮੀ ਪਾਠ ਮਾਇਆ ਦੀ ਖਾਤਰ ਹੈ ਤਾਂ ਉਹ ਅਵੱਸ਼
ਗੁਰਮਤਿ ਵਿਰੋਧੀ ਹੈ। ਜ਼ੋਰ ਕਰਨਾ ਜ਼ੁਲਮ ਹੈ ਇਸ ਲਈ ਗੁਰੂ ਜ਼ੋਰ ਨਾਲ ਕਿਸੇ ਉਤੇ ਗਿਆਨ ਨਹੀ ਠੋਸਦਾ,
ਕੇਵਲ ਗਿਆਨ (ਤੀਜੇ ਨੇਤ੍ਰ) ਦਾ ਸੰਦੇਸ਼ (ਹੋਕਾ) ਦਿੰਦਾ ਹੈ ਜਿਸਨੂੰ ਕੋਈ ਵੀ ਇੱਛਕ ਆਪਣੀ ਮਰਜ਼ੀ ਨਾਲ
ਲੈ ਸਕਦਾ ਹੈ। ਇਸ ਗਿਆਨ (ਨੇਤ੍ਰ) ਦੀ ਹਨੇਰੀ ਨੂੰ ਥੰਮਣ ਲਈ ਹੀ ਇਹਨਾ ਅਖੌਤੀ ਸਾਧਾਂ, ਸੰਤਾਂ,
ਪੀਰਾਂ ਤੇ ਬਾਬਿਆਂ ਨੇ ਇਸ ਦੀ (ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ) ਪੂਜਾ ਸ਼ੁਰੂ ਕਰਵਾ ਕੇ
ਲੁਕਾਈ ਨੂੰ ਅਗਿਆਨਤਾ ਦੁਆਰਾ ਮੋਹ ਮਾਇਆ ਦੇ ਭਰਮ ਭੁਲੇਖਿਆਂ ਦੇ ਹਨੇਰੇ ਵਿੱਚ ਧਕੇਲ ਦਿੱਤਾ।
ਮਿਥਿਆਸ ਸੁਣਿਆ ਸੀ ਕਿ ਜਦੋਂ ਸ਼ਿਵ ਜੀ ਦਾ ਤੀਜਾ ਨੇਤ੍ਰ (ਜੋ ਅਸਲ ਵਿੱਚ ਗਿਆਨ ਨੇਤ੍ਰ ਹੀ ਸੀ)
ਖੁਲਦਾ ਹੈ ਤਾਂ ਪਰਲੋ (ਕਿਆਮਤ) ਆ ਜਾਂਦੀ ਹੈ ਪਰ ਮਨੁੱਖ ਨੇ ਇਸ ਪਰਲੋ ਨੂੰ ਥੰਮ੍ਹਣ ਲਈ ਸ਼ਿਵ ਦੀ
ਪੂਜਾ ਸ਼ੁਰੂ ਕਰਵਾ ਕੇ ਉਸ ਦੇ ਗਿਆਨ ਦੀ ਪਰਲੋ ਨੂੰ ਉਥੇ ਹੀ ਠੱਪ ਕਰ ਦਿੱਤਾ। ਬਾਬੇ ਨਾਨਕ ਦੇ ਤੀਜੇ
(ਗਿਆਨ) ਨੇਤ੍ਰ ਨੇ ਵੀ ਪਰਲੋ ਲੈ ਆਂਦੀ:
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ
ਮਾਇਆ ਬਾਂਧੀ ॥ (331)। ਭਾਵ: ਜਦੋਂ ਗਿਆਨ ਦੀ
ਹਨੇਰੀ ਆਉਂਦੀ ਹੈ ਤਾਂ ਭਰਮਾਂ ਵਹਿਮਾਂ ਦੇ ਸਾਰੇ ਛੱਪਰ ਉਡਾ ਕੇ ਲੈ ਜਾਂਦੀ ਹੈ। ਮਾਇਆ ਦੇ ਆਸਰੇ
ਖਲੋਤਾ ਹੋਇਆ ਇਹ ਭਰਮਾਂ ਤੇ ਵਹਿਮਾਂ ਦਾ ਛੱਪਰ ਗਿਆਨ ਦੀ ਹਨੇਰੀ ਅੱਗੇ ਟਿਕਿਆ ਨਹੀ ਰਹਿ ਸਕਦਾ। ਹੁਣ
ਜਦੋਂ ਬਾਬੇ ਨਾਨਕ ਦੇ ਗਿਆਨ ਨੇਤ੍ਰ ਨੇ ਅਖੌਤੀ ਧਰਮ ਆਗੂਆਂ, ਪੀਰਾਂ, ਪੰਡਤਾਂ, ਮੁਲਾਣਿਆਂ ਤੇ
ਜੋਗੀਆਂ … ਆਦਿ ਦੇ ਭਰਮਾਂ ਤੇ ਵਹਿਮਾਂ ਦਾ ਛੱਪਰ ਉਡਾਉਣਾ ਸ਼ੁਰੂ ਕੀਤਾ ਤਾਂ ਇਸ ਨੂੰ ਥੰਮ੍ਹਣ ਲਈ
ਉਹੀ ਪੁਰਾਣਾ ਤਰੀਕਾ ਵਰਤਿਆ ਜਾਣ ਲੱਗਾ। ਬਾਬੇ ਨਾਨਕ ਦੇ (ਤੀਜੇ ਨੇਤ੍ਰ) ਗਿਆਨ (ਗੁਰਬਾਣੀ) ਦੀ
ਪਰਲੋ (ਹਨੇਰੀ) ਨੂੰ ਥੰਮ੍ਹਣ ਲਈ ਇਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ। ਬਿਨਾ ਸਮਝੇ ਅਖੰਡ ਪਾਠ, ਤੋਤਾ
ਰੱਟਣ ਗੁਰ ਮੰਤ੍ਰਾਂ ਤੇ ਮੂਲ ਮੰਤ੍ਰਾਂ ਦੇ ਜਾਪ, ਸੁਖਮਣੀ ਪਾਠ, ਜਪੁਜੀ ਪਾਠ, ਚੌਪਈ ਪਾਠ, ਸੰਪਟ
ਪਾਠ, ਮਹਾ ਸੰਪਟ ਪਾਠ, ਮੋਨ ਪਾਠ …. ਰੈਣ ਸਬਾਈ ਕੀਰਤਨ, ਨਗਰ ਕੀਰਤਨ, ਆਰਤੀਆਂ ਤੇ ਮੇਲਿਆਂ ….
ਆਦਿਕ ਦੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਪੂਜਾ ਸ਼ੁਰੂ ਕਰਵਾ ਕੇ ਲੁਕਾਈ ਨੂੰ ਫਿਰ ਤੋਂ
ਭਰਮਾਂ ਤੇ ਵਹਿਮਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਮੌਜੂਦਾ ਸਾਇੰਸ ਦੀ ਤਰੱਕੀ ਅਗੇ ਇਹਨਾ ਦੀ
ਕੋਈ ਪੇਸ਼ ਨਹੀ ਚਲ ਰਹੀ ਕਿਉਂਕਿ ਇੰਟਰਨੈੱਟ ਦੁਆਰਾ ਗੁਰਗਿਆਨ ਉਪਲਬਧ ਹੋਣ ਕਰਕੇ ਲੋਕ ਜਾਗਰਤ ਹੋਣੇ
ਸ਼ੁਰੂ ਹੋ ਗਏ ਹਨ ਤੇ ਇਹਨਾ ਦਾ ਮੱਕੜ ਜਾਲ ਟੁੱਟਣਾ ਸ਼ੁਰੂ ਹੋ ਗਿਆ ਹੈ। ਗੁਰਬਾਣੀ ਨੂੰ ਪੜ੍ਹ, ਬੁੱਝ
ਕੇ ਮਨ ਵਸਾਉਣਾ ਤੀਜੇ ਨੇਤ੍ਰ ਨੂੰ ਖੋਲਣ ਦੀ ਪ੍ਰਕ੍ਰਿਆ ਹੈ ਜਿਸ ਤੋਂ ਇਹ ਧਰਮ ਦੇ ਆਗੂ ਤੇ ਪੁਜਾਰੀ
ਲੋਕ ਬਹੁਤ ਘਬਰਾਉਂਦੇ ਹਨ ਕਿਉਂਕਿ ਇਹਨਾ ਦਾ ਤੋਰੀ ਫੁਲਕਾ ਤੇ ਐਸ਼ੋ ਆਰਾਮ ਹੀ ਲੁਕਾਈ ਦੀ ਅਗਿਆਨਤਾ
ਤੇ ਨਿਰਭਰ ਹੈ। ਇਸ ਲਈ ਇਹਨਾ ਦੀ ਹਰ ਕੋਸ਼ਿਸ਼ ਪ੍ਰਾਣੀ ਨੂੰ ਗੁਰਬਾਣੀ ਦੀ ਸਮਝ ਤੋਂ ਦੂਰ ਰੱਖਣਾ ਹੈ
ਕਿਉਂਕਿ ਉਹ ਗਿਆਨ ਦੀ ਪਰਲੋ ਅਗਿਆਨਤਾ, ਵਹਿਮਾਂ ਤੇ ਭਰਮਾਂ ਦੇ ਛੱਪਰ ਉਡਾ ਲੈ ਜਾਏਗੀ। ਗੁਰੂ ਦਾ
ਹੋਕਾ ਹੈ:
ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ ਗੁਰਮਤੀ ਹਰਿ ਸਦਾ ਪਾਇਆ ਰਸਨਾ
ਹਰਿ ਰਸੁ ਸਮਾਇ ॥ (66)। ਭਾਵ: ਜਿਹੜਾ ਮਨੁੱਖ
ਧਾਰਮਕ ਪੁਸਤਕਾਂ ਨੂੰ ਬੁੱਝੇ ਬਿਨਾ ਉਹਨਾ ਦਾ ਨਿਰਾ ਰਸਮੀ ਪਾਠ ਹੀ ਕਰਦਾ ਰਹਿੰਦਾ ਹੈ ਉਹ ਨਿਰੇ
ਧਾਰਮਕ ਭੇਖਾਂ ਨਾਲ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਗੁਰੂ ਦੀ ਮੱਤ ਦੁਆਰਾ ਹੀ ਸਦਾ
ਪਰਮਾਤਮਾ ਮਿਲਦਾ ਹੈ ਤੇ ਮਨੁੱਖ ਦੀ ਜੀਭ ਵਿੱਚ (ਭਾਵ ਹਿਰਦੇ ਵਿਚ) ਨਾਮ (ਗੁਰਬਾਣੀ) ਦਾ ਰਸ ਟਿਕਿਆ
ਰਹਿੰਦਾ ਹੈ। ਗੁਰਬਾਣੀ ਨੂੰ ਬੁੱਝੇ ਬਿਨਾ ਨਾ ਤਾਂ ਤੀਜਾ ਨੇਤ੍ਰ ਖੁਲ ਸਕਦਾ ਹੈ ਤੇ ਨਾ ਹੀ ਪਰਮਾਤਮਾ
ਦਾ ਮਿਲਾਪ ਹੋ ਸਕਦਾ ਹੈ ਇਸੇ ਲਈ ਗੁਰੂ ਆਦੇਸ਼ ਹੈ ਕਿ:
ਭਾਈ ਰੇ ਗੁਰਮੁਖਿ ਬੂਝੈ ਕੋਇ ॥ ਬਿਨੁ
ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥ (33)।
ਭਾਵ: ਜੀਵਨ ਦੀ ਸਹੀ ਜੁਗਤ ਗੁਰੂ (ਗੁਰਬਾਣੀ) ਦੇ ਰਾਹੀਂ ਹੀ ਸਮਝ ਪੈਂਦੀ ਹੈ (ਭਾਵ ਤੀਜਾ ਨੇਤ੍ਰ
ਖੁਲਦਾ ਹੈ) ਤੇ ਇਸ ਸਮਝ ਤੋਂ ਬਿਨਾ, ਮਿਥੇ ਹੋਏ ਧਾਰਮਕ ਕਰਮ (ਕਾਂਡ) ਕਰਨ ਨਾਲ, ਮਨੁੱਖਾ ਜਨਮ
ਅਜਾਈਂ ਚਲਾ ਜਾਂਦਾ ਹੈ। ਅਗਰ ਗੁਰਬਾਣੀ ਧਾਰਮਕ ਗ੍ਰੰਥਾਂ ਦੇ ਨਿਰੇ ਪੜੀ ਜਾਣ ਦਾ ਖੰਡਣ ਕਰਦੀ ਹੈ ਪਰ
ਧਾਰਮਕ ਆਗੂ ਤੇ ਅਖੌਤੀ ਪੀਰ, ਸਾਧ, ਸੰਤ ਤੇ ਬਾਬੇ ਇਹਨਾ ਪਾਠਾ ਦੀਆਂ ਲੜੀਆਂ ਚਲਾ ਰਹੇ ਹਨ ਤਾਂ
ਸਪਸ਼ਟ ਹੈ ਕਿ ਉਹ ਗੁਰਮਤਿ ਦੇ ਵਿਰੋਧੀ ਹਨ ਤੇ ਲੁਕਾਈ ਨੂੰ ਭਰਮਾ ਤੇ ਵਹਿਮਾਂ ਦੇ ਅੰਧੇਰੇ ਵਿੱਚ
ਰੱਖਣਾ ਚਹੁੰਦੇ ਹਨ। ਪਰ ਸਥੂਲ ਅੱਖਾਂ ਨਾਲ ਵੇਖ ਕੇ ਮੰਨਣ ਵਾਲਿਆਂ ਨੂੰ ਇਹ ਨਜ਼ਰ ਨਹੀ ਆ ਸਕਦਾ ਤੇ
ਇਹੀ ਕਾਰਨ ਹੈ ਕਿ ਉਹ ਧੜਾ ਧੜ ਇਹਨਾ ਨਿਰਰਥਕ ਪਾਠਾਂ ਦੀ ਬੁਕਿੰਗ ਕਰਾਈ ਜਾ ਰਹੇ ਹਨ। ਧਰਮ ਦੀ
ਦੁਨੀਆ ਵਿੱਚ ਸਥੂਲ ਅੱਖਾਂ ਦੇ ਹੁੰਦੇ ਹੋਏ ਵੀ ਇਹ ਅੰਨ੍ਹੇ ਹੀ ਮੰਨੇ ਜਾਂਦੇ ਹਨ। ਗੁਰਬਾਣੀ ਦਾ
ਅਟੱਲ ਫੇਸਲਾ ਹੈ ਕਿ:
ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥ ਨਾਨਕ ਸਤਿਗੁਰੁ
ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥ {ਪੰਨਾ 603} ।
ਭਾਵ: ਇਹ ਜਗਤ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ ਤੇ ਸਦਾ ਅੰਨ੍ਹਿਆਂ ਵਾਲੇ ਹੀ ਕੰਮ ਕਰਦਾ
ਹੈ। ਗੁਰੂ ਦੀ ਸਰਨ ਪੈਣ (ਤੀਜੇ ਨੇਤ੍ਰ) ਤੋਂ ਬਿਨਾ (ਜੀਵਨ ਦਾ ਸਹੀ) ਰਾਹ ਨਹੀ ਲੱਭ ਸਕਦਾ। ਜੇ ਇਸ
ਨੂੰ ਗੁਰੂ ਮਿਲ ਪਏ ਤਾਂ ਆਪਣੇ ਹਿਰਦੇ ਘਰ ਵਿੱਚ ਹੀ ਸਦਾ ਕਾਇਮ ਰਹਿਣ ਵਾਲੇ (ਪਰਮਾਤਮਾ ਨੂੰ) ਅੱਖਾਂ
ਨਾਲ ਵੇਖ ਲੈਂਦਾ ਹੈ। ਗੁਰਬਾਣੀ (ਗਿਆਨ) ਹੀ ਤੀਜਾ ਨੇਤ੍ਰ ਜਾਂ ਉਹ ਅਸਥੂਲ (ਬਿਅੰਨ) ਅੱਖਾਂ ਹਨ
ਜਿਨ੍ਹਾ ਦੁਆਰਾ ਪ੍ਰਭੂ ਨਾਲ ਸਾਂਝ ਪਾਈ ਜਾ ਸਕਦੀ ਹੈ। ਸਦੀਆਂ ਪਹਿਲਾਂ ਪੁੱਛੇ ਇਹ ਸਵਾਲ ਅੱਜ ਵੀ
ਮਨੁੱਖ ਨੂੰ ਤੀਜਾ ਨੇਤ੍ਰ ਖੋਲਣ ਲਈ ਉਤਸ਼ਾਹਿਤ ਕਰਦੇ ਹਨ:
ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥੧॥ ਕਵਨ ਗੁਨੁ ਜੋ
ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ
ਬਿਧਿ ਜਿਤੁ ਭਵਜਲ ਤਰਉ ॥੨॥ ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥
ਭਾਵ: (ਹੇ ਪ੍ਰਭੂ, ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਵੀ ਖਾਸ ਰੂਪ ਨਹੀ। ਮੈ
ਨਹੀ ਜਾਣਦਾ ਕਿ) ਤੇਰਾ ਉਹ ਕਿਹੜਾ ਰੂਪ ਹੈ ਜਿਸ ਦਾ ਮੈ ਧਿਆਨ ਧਰਾਂ, ਜੋਗ ਦਾ ਉਹ ਕਿਹੜਾ ਸਾਧਨ ਹੈ
ਜਿਸ ਨਾਲ ਮੈ ਆਪਣੇ ਸਰੀਰ ਨੂੰ ਵਸ ਵਿੱਚ ਕਰਾਂ। (ਤੇਰੇ ਬਿਅੰਤ ਗੁਣਾਂ ਵਿਚੋਂ) ਕਿਹੜੇ ਗੁਣ ਨਾਲ
ਤੇਰੀ ਸਿਫਤ ਸਾਲਾਹ ਕਰਾਂ ਤੇ ਕਿਹੜੇ ਬੋਲ ਬੋਲ ਕੇ ਤੇਰੀ ਪ੍ਰਸੰਨਤਾ ਲਵਾਂ? ਤੇਰੀ ਪੂਜਾ ਕਿਹੜੀ ਤੇ
ਕਿਵੇਂ ਕਰਾਂ ਤੇ ਸੰਸਾਰ ਸਮੁੰਦ੍ਰ ਤੋਂ ਪਾਰ ਕਿਵੇਂ ਹੋਵਾਂ? ਕਿਹੜਾ ਤੱਪ ਕਰਨ ਨਾਲ ਮਹਾਨ (ਕਾਮਯਾਬ)
ਤਪੱਸਵੀ ਅਖਵਾਵਾਂ ਤੇ ਕਿਹੜੇ ਨਾਮ ਦੇ ਜੱਪ ਨਾਲ ਅੰਦਰੋਂ ਹਉਮੈ ਦੀ ਮੈਲ ਨੂੰ ਦੂਰ ਕਰ ਸਕਾਂ? ਅਗਰ
ਇਹਨਾ ਸਵਾਲਾਂ ਦੇ ਜਵਾਬ ਨੂੰ ਮਨੁੱਖ ਜਾਣ ਲੈਂਦਾ ਤਾਂ ਕਦੇ ਇਹਨਾ ਧਰਮੀ ਬਹਿਰੂਪੀਆਂ ਦੇ ਜਾਲ ਵਿੱਚ
ਨਾ ਫਸਦਾ। ਇਹਨਾ ਅੱਠਾਂ ਸਵਾਲਾਂ ਦਾ ਜਵਾਬ ਇਕੋ ਹੀ ਹੈ।
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ
॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥ {ਪੰਨਾ 187}
ਭਾਵ: ਜਿਸ ਮਨੁੱਖ ਨੂੰ ਗੁਰੂ ਦੀ ਕ੍ਰਿਪਾ ਦੁਆਰਾ ਉਸ ਦਾ ਮਿਲਾਪ ਹਾਸਲ ਹੁੰਦਾ ਹੈ ਉਸ ਦੀ ਸਾਰੀ
ਮਿਹਨਤ ਸ਼ੁਭ ਗੁਣਾ ਦੇ ਧਾਰਨੀ ਹੋਣ ਨੂੰ ਪੂਜਾ ਬਨਾਉਣ ਤੇ ਗਿਆਨ ਨੂੰ ਧਿਆਨ ਨਾਲ ਜੋੜਨ (ਭਾਵ ਧਿਆਨ
ਵਿੱਚ ਰੱਖਣ) ਲਈ ਹੀ ਹੁੰਦੀ ਹੈ। ਗੁਰਗਿਆਨ (ਤੀਜੇ) ਨੇਤ੍ਰ ਦੀ ਪ੍ਰਾਪਤੀ ਨਾਲ ਹੀ ਉਪਰੋਕਤ ਅੱਠਾਂ
ਕਰਮ ਕਾਂਡਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਸਕਦਾ ਹੈ ਤੇ ਅਸਥੂਲ ਨੇਤ੍ਰ ਦੁਆਰਾ ਅਦ੍ਰਿਸ਼ਟ ਪ੍ਰਭੂ
ਨਾਲ ਸਾਂਝ ਪੈ ਸਕਦੀ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |