.

ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਵਿਆਕਰਣਿਕ ਸੇਧਾਂ ਦੀ ਸਾਰਥਕਤਾ ਤੇ ਮਹੱਤਵ

ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਇਸ ਅਟੱਲ ਸਚਾਈ ਨੂੰ ਪ੍ਰਵਾਨ ਕੀਤਾ ਗਿਆ ਹੈ ਕਿ ਮਹਾਂਪੁਰਖ ਪਰਮਾਤਮਾ ਦੀ ਅੰਮ੍ਰਿਤ ਬਾਣੀ ਨੂੰ ਵਿਚਾਰਨ ਵਾਲੇ ਮਨੁਖ ਵਿਰਲੇ ਹੀ ਮਿਲਦੇ ਹਨ। ਪਰ, ਇਹ ਵੀ ਇੱਕ ਅਟਲ ਸਚਾਈ ਹੈ ਕਿ ਜਿਹੜੇ ਕੋਈ ਵਿਚਾਰਦੇ ਹਨ, ਉਹ ਗਿਆਨਵਾਨ ਗੁਰਮੁਖ ਬਣ ਕੇ ਸ੍ਵ-ਸਰੂਪ ਵਿੱਚ ਟਿਕ ਜਾਂਦੇ ਹਨ। ਭਾਵ, ਹੁਕਮੀ ਬੰਦੇ ਬਣ ਕੇ ਅਕਾਲ ਪੁਰਖੁ ਵਿੱਚ ਲੀਨ ਹੋ ਜਾਂਦੇ ਹਨ। ਕਿਉਂਕਿ, ਗੁਰਬਾਣੀ ਵੀਚਾਰ ਦੁਆਰਾ ਉਹ ਰੱਬੀ ਹੁਕਮ ਨੂੰ ਬੁੱਝ ਕੇ ਆਪਣੇ ਅੰਦਰੋਂ ਵਿੱਥ ਪਾਊ ਹਉਮੈ ਨੂੰ ਮਿਟਾ ਲੈਂਦੇ ਹਨ। ਗੁਰਵਾਕ ਹੈ:

ਬਾਣੀ ਬਿਰਲਉ ਬੀਚਾਰਸੀ; ਜੇ ਕੋ, ਗੁਰਮੁਖਿ ਹੋਇ॥

ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ॥ {ਅੰਗ 935}

ਸਪਸ਼ਟ ਹੈ ਕਿ ਸਚਿਆਰ ਗੁਰਮੁਖ ਮਨੁੱਖ ਬਣ ਕੇ ਜਿਊਣ ਲਈ ਗੁਰਬਾਣੀ ਨੂੰ ਵਿਚਾਰਨਾ ਬਹੁਤ ਅਵਸ਼ਕ ਹੈ। ਪਰ, ਇਹ ਵੀ ਇੱਕ ਅਟੱਲ ਸਚਾਈ ਹੈ ਕਿ ਗੁਰਬਾਣੀ ਦੀ ਵਿਚਾਰ ਕਰਦਿਆਂ ਗੁਰਮਤੀ ਜੀਵਨ ਦੀ ਸਹੀ ਸੇਧ ਤਦੋਂ ਹੀ ਮਿਲ ਸਕਦੀ ਹੈ, ਜੇ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੀ ਵਿਆਕਰਣਿਕ ਤੇ ਸਿਧਾਂਤਕ ਰੌਸ਼ਨੀ ਵਿੱਚ ਉਚਾਰੀਏ ਤੇ ਵੀਚਾਰੀਏ। ਕਿਉਂਕਿ, ਜੇ ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ ਤੇ ਵਾਕ ਵੰਡ ਦੀ ਵਿਸਰਾਮਿਕ ਜਾਣਕਾਰੀ ਨਾ ਹੋਵੇ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ; ਜੋ ਸਾਨੂੰ ਗੁਰਮਤੀ ਸੇਧ ਬਖਸ਼ਣ ਦੀ ਥਾਂ ਭਟਕਾਉਣ ਦਾ ਕਾਰਨ ਬਣ ਸਕਦੇ ਹਨ। ਇਹੀ ਕਾਰਣ ਸੀ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਭਾਈ ਗੋਪਾਲਾ ਜੀ ਨੂੰ ਜਪੁਜੀ ਸਾਹਿਬ ਦੇ ਸ਼ੁਧ ਪਾਠ ਕਰਨ ਬਦਲੇ ਘੋੜੇ ਦੀ ਬਖ਼ਸ਼ਿਸ਼ ਕੀਤੀ ਸੀ। ਅਤੇ “ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰੁ ਸੂਰਾ॥” ਤੁਕ ਵਿੱਚ ‘ਕੈ’ ਦੀ ਥਾਂ ‘ਕੇ’ ਦਾ ਅਸ਼ੁਧ ਉਚਾਰਨ ਕਰਨ ਵਜੋਂ ਸਿੱਖ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰੜੀ ਤਾੜਨਾ ਕੀਤੀ ਸੀ। ਕਿਉਂਕਿ, ‘ਕੈ’ ਦਾ ਅਰਥ ਹੈ: ਜਾਂ ਅਤੇ ‘ਕੇ’ ਦਾ ਅਰਥ ਹੈ: ਕੀ?

ਗਿਆਨੀ ਚੰਦਾ ਸਿੰਘ ਜੀ ਦੇ ਸ਼ਗਿਰਦ ਪੰਡਤ ਗਿਆਨੀ ਹਜ਼ਾਰਾ ਸਿੰਘ ਜੀ (ਭਾਈ ਵੀਰ ਸਿੰਘ ਜੀ ਦੇ ਨਾਨਾ), ਜੋ ਆਪਣੇ ਆਪ ਨੂੰ ਭਾਈ ਮਨੀ ਸਿੰਘ ਜੀ ਦੀ ਸੰਪ੍ਰਦਾਇ ਨਾਲ ਸੰਬੰਧਿਤ ਦੱਸਦੇ ਸਨ, ਨੇ ਸੰਨ 1897-98 ਨੂੰ ਜੈਤਸਰੀ ਦੀ ਵਾਰ ਦੇ ਟੀਕੇ ਦੀ ਭੂਮਿਕਾ ਦੇ ਅੰਤ ਵਿੱਚ ਗੁਰਬਾਣੀ ਵਿਆਕਰਣ ਦੀ ਲੋੜ ਬਾਰੇ ਕੁੱਝ ਸ਼ਬਦ ਇਸ ਤਰ੍ਹਾਂ ਅੰਕਿਤ ਕੀਤੇ ਹਨ:

“ਇਹ ਗੱਲ ਪੱਕੀ ਹੈ ਕਿ ਵਯਾਕਰਣ ਅਰਥ ਕਰਨੇ ਵਿੱਚ ਬਹੁਤ ਕੰਮ ਦਿੰਦਾ ਹੈ ਅਰ ਮਨਘੜਤ ਅਰਥ ਤੇ ਅਨੇਕਾਂ ਤਰ੍ਹਾਂ ਦੀਆਂ ਖਿੱਚਾਂ ਨੂੰ ਜੋ ਲੋਕੀਂ ਆਪੋ ਆਪਣੇ ਮਤਲਬ ਲਈ ਮਾਰਦੇ ਹਨ, ਰੋਕ ਪਾ ਦਿੰਦਾ ਹੈ ਅਰ ਅਰਥ ਦੇ ਅਨਰਥ ਨਹੀਂ ਹੋਣ ਦਿੰਦਾ। ਭਾਵੇਂ ਪੰਜਾਬੀ ਬੋਲੀ ਯਾ ਸੰਸਕ੍ਰਿਤ ਦੇ ਵਯਾਕਰਣ ਦੇ ਸੂਤ੍ਰ ਹਰ ਥਾਂ ਨਹੀਂ ਵਰਤੇ ਜਾ ਸਕਦੇ, ਪਰ ਜੇ ਗੁਣੀ ਜਨ ਮਿਹਨਤ ਕਰਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਖਰਾ ਵਯਾਕਰਨ ਬਣ ਸਕਦਾ ਹੈ, ਕਿਉਂਕਿ ਮਹਾਰਾਜ ਦੀ ਬਾਣੀ ਅਕਾਸ਼ ਦੇ ਤਾਰਿਆਂ ਵਾਙੂੰ ਠੀਕ ਅਰ ਦ੍ਰਿੜ੍ਹ ਨਿਯਮ ਵਿੱਚ ਚਲਦੀ ਹੈ, ਭਾਵੇਂ ਇੱਕ ਅਣਜਾਣ ਪੁਰਖ ਨੂੰ ਅਕਾਸ਼ ਤਾਰੇ ਖਿਲਰੀ ਹੋਈ ਰੇਤ ਤੋਂ ਕੁੱਝ ਵਧੀਕ ਨਹੀਂ ਭਾਸਦੇ।”

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਨ 1954 ਵਿੱਚ ਛਪੀ ਪੁਸਤਕ ‘ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ’ ਦੀ ਭੂਮਿਕਾ ਵਿੱਚ ਉਨ੍ਹਾਂ ਦੁਆਰਾ ਲਿਖੇ ਸ਼ਬਦ ਵੀ ਗੁਰਬਾਣੀ ਵਿਆਕਰਣ ਤੇ ਨਿਯਮਾਵਲੀ ਦੀ ਲੋੜ ਬਾਰੇ ਸਾਖ ਭਰਦੇ ਹਨ। “ਗੁਰਬਾਣੀ ਅੰਦਰ ਆਈਆਂ ਲਗਾਂ-ਮਾਤ੍ਰਾਂ ਸਤਿਗੁਰੂ ਦੀ ਅਗਾਧ ਨੇਤ ਅਨੁਸਾਰ ਅਜਿਹੇ ਗੁਰਮਤਿ ਅਸੂਲਾਂ ਬੱਧੇ (ਸੈੱਟ) ਨਿਯਮਾਂ ਅੰਦਰ ਅਜਿਹੇ ਸੋਭਨੀਕ, ਮੋਤੀਆਂ ਵਾਂਙੂੰ ਜੜੀਆਂ ਹੋਈਆਂ ਹਨ ਕਿ ਇਨ੍ਹਾਂ ਤੋਂ ਬਿਨਾਂ ਕਿਸੇ ਵੀ ਗੁਰਵਾਕ ਪੰਕਤੀ ਦਾ ਭਾਵ ਬਣਦਾ ਹੀ ਨਹੀਂ, ਅਧੂਰਾ ਹੀ ਰਹਿੰਦਾ ਹੈ, ਪੂਰਾ ਹੁੰਦਾ ਹੀ ਨਹੀਂ। ਗੁਰਬਾਣੀ ਦਾ ਤੱਤ ਆਸ਼ਾਵੀ ਭਾਵ ਇਨ੍ਹਾਂ ਲਗਾਂ-ਮਾਤ੍ਰਾਂ ਅੰਦਰ ਹੀ ਗੁਪਤ ਹੈ ਅਤੇ ਅਜਿਹੀ ਤੱਤ ਮਰਯਾਦਾ ਅੰਦਰ ਗੁੰਫਤ ਹੈ ਕਿ ਸਮਗ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਰਸ ਨਿਯਮ ਪਰੋਤਾ ਪੂਰਤ ਸੰਧੂਰਤ ਹੈ। ਵਿਲੱਖਣਤਾਮਈ ਵਾਧਾ ਇਹ ਹੈ ਕਿ ਇਨ੍ਹਾਂ ਲਗਾਂ-ਮਾਤ੍ਰਾਂ ਅੰਦਰ ਨਿਯਮਤ ਹੋਏ ਗੁਰਬਾਣੀ ਦੇ ਭਾਵ ਇੱਕ ਤੋਂ ਅਨੇਕ ਨਹੀਂ ਹੋ ਸਕਦੇ। ਇੱਕ ਗੁਰ-ਵਾਕ ਪੰਕਤੀ ਦਾ ਭਾਵ ਇੱਕੋ ਹੀ ਰਹਿੰਦਾ ਹੈ।”

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਜੀ, ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਹੋਣ ਵਾਲੇ ਜੁਲਾਈ 2012 ਦੇ ਗੁਰਮਤਿ ਪ੍ਰਕਾਸ਼ ਵਿੱਚ ‘ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ: ਖੋਜ ਤੇ ਸੰਭਾਵਨਾ’ ਦੇ ਸਿਰਲੇਖ ਹੇਠ ‘ਖਾਲਸਾ’ ਜੀ ਦੇ ਵਿਚਾਰਾਂ ਨੂੰ ਇਉਂ ਪ੍ਰਗਟ ਕੀਤਾ ਹੈ। ਪੰਨਾ 189 ਦੇ ਸ਼ਬਦ “ਕਰ ਕਰਿ ਟਹਲ; ਰਸਨਾ ਗੁਣ ਗਾਵਉ॥ … 4॥ 51॥ 120॥” ਦੀ ਵਿਆਖਿਆ ਕਰਦੇ ਸਮੇਂ ਇਹ ਕਹ ਰਹੇ ਹਨ ਕਿ “‘ਕਰ’ ਸ਼ਬਦ ਮੁਕਤੇ ਨਾਲ, ਹੱਥਾਂ ਦਾ ਵਾਚਕ ਹੈ, ‘ਰ’ ਨੂੰ ਸਿਹਾਰੀ ਨਾਲ ਕਿਰਿਆ ਦਾ ਵਾਚਕ ਹੈ, ‘ਕਰ ਕਰਿ’ ਵਿਆਕਰਣ ਵੀ ਵਿਚੇ ਰਖਿਆ ਪਿਆ ਹੈ।”

ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਦੇ ਵਿਸ਼ੇ ਤੇ ਕੁੱਝ ਹੇਠ ਲਿਖੀਆਂ ਪੁਸਤਕਾਂ ਵਰਨਣ ਯੋਗ ਹਨ। ਜਿਵੇਂ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਪ੍ਰਿੰ. ਤੇਜਾ ਸਿੰਘ ਜੀ, ‘ਗੁਰਬਾਣੀ ਵਿਆਕਰਣ’ ਪ੍ਰੋ. ਸਾਹਿਬ ਸਿੰਘ ਜੀ, ‘ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ’ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ‘ਨਵੀਨ ਗੁਰਬਾਣੀ ਵਿਆਕਰਣ’ ਗਿ. ਹਰਬੰਸ ਸਿੰਘ ਜੀ ਅਤੇ ‘ਗੁਰਬਾਣੀ ਦਾ ਸਰਲ ਵਿਆਕਰਣ-ਬੋਧ’ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਆਦਿਕ।

ਪ੍ਰੋਫੈਸਰ ਸਾਹਿਬ ਸਿੰਘ ਜੀ ਹੁਰਾਂ ਲਿਖਿਆ ਹੈ ਕਿ ਦਸੰਬਰ 1920 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਖ਼ਾਲਸਾ ਸਕੂਲ ਗੁਜਰਾਂਵਾਲੇ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਕਰਦਿਆਂ ਦੋ ਤਿੰਨ ਤੁਕਾਂ ਦੀ ਵਿੱਥ `ਤੇ ਹੀ ਲਫ਼ਜ਼ ‘ਸਬਦ’ ਤਿੰਨ ਰੂਪਾਂ ਵਿੱਚ ਆ ਗਿਆ – ‘ਸਬਦੁ’ ‘ਸਬਦਿ’ ‘ਸਬਦ’। ਸੁਤੇ ਹੀ ਇਹ ਖ਼ਿਆਲ ਮੇਰੇ ਮਨ ਵਿੱਚ ਪੈਦਾ ਹੋਇਆ ਕਿ ਇੱਕੋ ਹੀ ਲਫ਼ਜ਼ ਦੇ ਇਹ ਤ੍ਰੈ ਵੱਖਰੇ ਵੱਖਰੇ ਰੂਪ ਹਨ। ਐਸਾ ਕਿਉਂ? ਗੁਰੂ ਨੇ ਮਿਹਰ ਕੀਤੀ ਤੇ ਕੁੱਝ ਸੂਝ ਪੈ ਗਈ। ਉਹੀ ਲਗਾਂ-ਮਾਤ੍ਰਾਂ ਜਿਨ੍ਹਾਂ ਵਲ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ, ਹੁਣ ਖ਼ਾਸ ਲੋੜੀਂਦੀਆਂ ਜਾਪਣ ਲੱਗੀਆਂ। ਬਸ, ਇਥੋਂ ਹੀ ‘ਗੁਰਬਾਣੀ ਵਿਅਕਰਣ’ ਪੁਸਤਕ ਦਾ ਮੁੱਢ ਬੱਝਾ।

ਉਪਰੋਕਤ ਸਾਰੀ ਵੀਚਾਰ ਦਾ ਸਾਰੰਸ਼ ਇਹ ਹੈ ਕਿ ਜਿਵੇਂ ਸਾਇੰਸਦਾਨ ਵਿਗਿਆਨੀਆਂ ਨੇ ਤਰਲ ਜਾਂ ਠੋਸ ਵਸਤੂਆਂ ਨੂੰ ਬਨਾਉਣ ਦੇ ਨਿਯਮ ਆਪਣੇ ਕੋਲੋਂ ਨਹੀਂ ਘੜੇ, ਕੁਦਰਤ ਦੇ ਸਰਬ-ਵਿਆਪਕ ਵਰਤਾਰੇ ਵਿੱਚੋਂ ਲੱਭੇ ਹਨ। ਤਿਵੇਂ ਹੀ ਗੁਰਬਾਣੀ ਵਿਆਕਰਣ ਦੀਆਂ ਪੁਸਤਕਾਂ ਲਿਖਣ ਦਾ ਉਪਕਾਰ ਕਰਨ ਵਾਲੇ ਵਿਦਵਾਨ ਸੱਜਣਾਂ ਨੇ ਵਿਆਕਰਣਿਕ ਨਿਯਮ ਆਪ ਨਹੀਂ ਘੜੇ। ਸਗੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਅੰਮ੍ਰਿਤ ਬਾਣੀ ਨੂੰ ਖੋਜ ਖੋਜ ਕੇ ਲੱਭੇ ਹਨ। ਕਿਉਂਕਿ, ਗੁਰਬਾਣੀ ਨੂੰ ਸ਼ਰਧਾ ਸਹਿਤ ਵਿਚਾਰਦਿਆਂ ਉਹ ਇਸ ਨਤੀਜੇ `ਤੇ ਪਹੁੰਚ ਗਏ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁੱਢਲੇ ਸਰੂਪ ‘ਪੋਥੀ ਸਾਹਿਬ’ ਦੀ ਸੰਪਾਦਨਾਂ ਵੇਲੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਗੁਰਬਾਣੀ ਨੂੰ ਕੁੱਝ ਵਿਸ਼ੇਸ਼ ਵਿਆਕਰਣਿਕ ਨਿਯਮਾ ਅਨੁਸਾਰ ਲਿਖਵਾਇਆ ਹੈ। ਗੁਰਬਾਣੀ ਸਬੰਧੀ ਭੁਲੇਖਿਆਂ ਤੋਂ ਬਚਾਉਣ ਲਈ ਜਿਥੇ ਕੁੱਝ ਵਿਸ਼ੇਸ਼ ਸੂਚਨਾਵਾਂ ਦਰਜ ਕਰਵਾਈਆਂ ਹਨ। ਉਥੇ, ਅੰਕਾਂ ਅਤੇ ਲਫ਼ਜ਼ਾਂ ਦੇ ਸ਼ੁੱਧ ਉਚਾਰਨ ਲਈ ਵਿਸ਼ੇਸ਼ ਵਿਆਕਰਣਿਕ ਸੇਧਾਂ ਵੀ ਬਖਸ਼ੀਆਂ ਹਨ। ਲੋੜ ਤਾਂ ਉਨ੍ਹਾਂ ਨਿਯਮਾਂ ਨੂੰ ਲੱਭਣ ਤੇ ਸਮਝਣ ਦੀ ਹੈ, ਤਾਂ ਜੋ ਉਨ੍ਹਾਂ ਮੁਤਾਬਿਕ ਗੁਰਬਾਣੀ ਦਾ ਉਚਾਰਨ ਸ਼ੁੱਧ ਹੋ ਸਕੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਿਚਾਰਪੂਰਵਕ ਪਾਠ ਕਰਦੇ ਹੋਏ ਅਸੀਂ ਦਰਸ਼ਨ ਕਰਦੇ ਹਾਂ ਕਿ ਜਿਵੇਂ ਰਾਗਬੱਧ ਬਾਣੀਆਂ ਦੇ ਸਿਰਲੇਖਾਂ ਵਿੱਚ ‘ਮਹਲਾ’ ਅਤੇ ‘ਘਰੁ’ ਲਫ਼ਜ਼ਾਂ ਨਾਲ ਹਿੰਦਸਿਆਂ ਵਿੱਚ ਲਿਖੇ ਅੰਕਾਂ ਦੇ ਸ਼ੁੱਧ ਉਚਾਰਨ ਲਈ, ਅਖਰਾਂ ਵਿੱਚ ‘ਪਹਿਲਾ’, ‘ਦੂਜਾ’ ਤੇ ‘ਤੀਜਾ’ ਲਿਖ ਕੇ ਸੇਧ ਬਖਸ਼ੀ ਗਈ ਹੈ ਕਿ ਇਨ੍ਹਾਂ ਅੰਕਾਂ ਨੂੰ ਇੱਕ, ਦੋ ਜਾਂ ਤਿੰਨ ਨਹੀਂ ਬੋਲਣਾ। ਪਹਿਲਾ, ਦੂਜਾ ਤੇ ਤੀਜਾ ਬੋਲਣਾ ਹੈ। ਕਿਉਂਕਿ, ਇਹ ਕਰਮਵਾਚਕ ਸੰਖਿਅਕ ਵਿਸ਼ੇਸ਼ਣ ਹਨ। ਤਿਵੇਂ ਹੀ ਗੁਰਬਾਣੀ ਦੀ ਲਿਖਾਈ ਅੰਦਰ ਕਈ ਲਫ਼ਜ਼ਾਂ ਨੂੰ ਇੱਕ ਥਾਂ `ਤੇ ਬਿੰਦੀ ਜਾਂ ਟਿੱਪੀ ਤੋਂ ਬਿਨਾਂ ਲਿਖਿਆ ਹੋਇਆ ਹੈ ਤੇ ਦੂਜੀ ਥਾਂ ਉਨ੍ਹਾਂ ਹੀ ਲਫ਼ਜ਼ਾਂ ਨੂੰ ਬਿੰਦੀ ਤੇ ਟਿੱਪੀ ਸਹਿਤ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਕਈ ਲਫ਼ਜ਼ ਪੈਰਾਂ ਵਿੱਚ ਲਿਖੇ ‘ਹ’ ਤੋਂ ਬਿਨਾਂ ਹਨ ਅਤੇ ਕਈ ਥਾਈਂ ਉਨ੍ਹਾਂ ਹੀ ਲਫ਼ਜ਼ਾਂ ਦੇ ਪੈਰਾਂ ਵਿੱਚ ‘ਹ’ ਅੰਕਿਤ ਕੀਤਾ ਹੋਇਆ ਹੈ। ਗੁਰਬਾਣੀ ਦੀ ਵਿਆਕਰਣਿਕ ਸੋਝੀ ਰੱਖਣ ਵਾਲੇ ਵਿਦਵਾਨਾਂ ਦਾ ਕਥਨ ਹੈ ਕਿ ਗੁਰੂ ਸਾਹਿਬਾਨ ਨੇ ਐਸੀ ਅਗਵਾਈ ਗੁਰਬਾਣੀ ਦੇ ਸ਼ੁਧ ਉਚਾਰਨ ਲਈ ਬਖਸ਼ੀ। ਉਨ੍ਹਾਂ ਦੀ ਇੱਛਾ ਸੀ ਕਿ ਲਫ਼ਜ਼ਾਂ ਨੂੰ ਅਰਥਾਂ ਮੁਤਾਬਿਕ ਸ਼ੁੱਧ ਉਚਾਰਨ ਲਈ ਬਿੰਦੀ, ਟਿੱਪੀ, ਅਧਕ ਤੇ ਪੈਰ ਵਿੱਚ ‘ਹ’ ਆਦਿਕ ਲੋੜ ਅਨੁਸਾਰ ਲਗਾ ਲਿਆ ਜਾਵੇ।

ਜਿਵੇਂ ਸਿਰਲੇਖਾਂ ਵਿੱਚਲੇ ਮਹਲਾ ਲਫ਼ਜ਼ ਤੋਂ ਸੇਧ ਲੈ ਕੇ ‘ਸਲੋਕ ਮਃ 1’ {ਅੰਗ 83}, ‘ਮਃ 2’ {ਅੰਗ 83}, ‘ਮਃ 3’ {ਅੰਗ 84} ਵਰਗੇ ਸੰਕੇਤਕ ਸਿਰਲੇਖਾਂ ਵਿੱਚ ਵੀ ਹਰ ਥਾਂ ‘ਮਹਲਾ’ ਉਚਾਰਨ ਕੀਤਾ ਜਾਂਦਾ ਹੈ ਅਤੇ ‘ਮਹਲਾ’ ਜਾਂ ‘ਮਃ’ ਲਫ਼ਜ਼ਾਂ ਨਾਲ ਹਿੰਦਸਿਆਂ ਵਿੱਚ ਲਿਖੇ ਕਰਮਵਾਚਕ ਸੰਖਿਅਕ ਵਿਸ਼ੇਸ਼ਣ ਅੰਕਾਂ ਪ੍ਰਤੀ ਬਖਸ਼ੀਆਂ ਕੁੱਝ ਕੁ ਸੇਧਾਂ ਤੋਂ ਰੌਸ਼ਨੀ ਲੈ ਕੇ ਹਰ ਥਾਂ ਮਹਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ ਬੋਲਿਆ ਜਾਂਦਾ ਹੈ। ਤਿਵੇਂ ਹੀ ਥਾਂ ਪਰਥਾਂਅ ਲਫ਼ਜ਼ਾਂ ਨੂੰ ਲੱਗੀਆਂ ਬਿੰਦੀਆਂ, ਟਿੱਪੀਆਂ ਤੇ ਪੈਰੀਂ ਅਖਰਾਂ ਤੋਂ ਸੇਧ ਲੈ ਕੇ, ਉਸ ਸ਼੍ਰੇਣੀ ਦੇ ਬਾਕੀ ਲਫ਼ਜ਼ਾਂ ਨੂੰ ਵੀ ਹੋਰਨੀ ਥਾਈਂ ਉਸੇ ਰੂਪ ਵਿੱਚ ਉਚਾਰਿਆ ਜਾਏ। ਜਿਵੇਂ:

1 - ਜੋ ਤੁਧੁ ਭਾਵੈ, ਸਾਈ ਭਲੀ ਕਾਰ॥ {ਜਪੁਜੀ ਅੰਗ 3}

2 - ਸਾਈ ਨਾਮੁ ਅਮੋਲੁ, ਕੀਮ ਨ ਕੋਈ ਜਾਣਦੋ॥ {ਅੰਗ 81}

3 - ਹਭਿ ਕੂੜਾਵੇ ਕੰਮ, ਇਕਸੁ ਸਾਈ ਬਾਹਰੇ॥ {ਅੰਗ 709}

ਤੁਕ ਨੰਬਰ (1) ਵਿੱਚ ‘ਸਾਈ’ ਲਫ਼ਜ਼ ਦਾ ਅਰਥ ਹੈ: ਉਹ ਅਥਵਾ ਉਹੀ, ਤੇ ਉਚਾਰਨ ਹੈ ਬਿੰਦੀ ਰਹਿਤ ‘ਸਾਈ’। ਪਰ, ਤੁਕ ਨੰਬਰ (2) ਅਤੇ (3) ਵਿੱਚ ‘ਸਾਈ’ ਲਫ਼ਜ਼ ਦਾ ਅਰਥ ਹੈ: ਮਾਲਕ ਅਕਾਲਪੁਰਖੁ, ਤੇ ਉਚਾਰਨ ਹੈ ‘ਸਾਈਂ’। ਅਜਿਹੀ ਸੇਧ ਸਾਨੂੰ ਗੁਰਬਾਣੀ ਵਿਚੋਂ ਹੀ ਮਿਲਦੀ ਹੈ, ਜਦੋਂ ਭਗਤ ਫਰੀਦ ਸਾਹਿਬ ਦੇ ਸਲੋਕ ਪੜ੍ਹਦੇ ਹੋਏ “ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ॥” {ਅੰਗ 1378} ਦੀ ਤੁਕ ਪੜ੍ਹਦੇ ਹਾਂ, ਜਿਸ ਵਿੱਚ ‘ਸਾਂਈਂ’ ਲਫ਼ਜ਼ ਬਿੰਦੀ ਸਹਿਤ ਅੰਕਿਤ ਹੈ।

‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਦੀ ਅਠਵੀਂ ਐਡੀਸ਼ਨ ਦੇ ਪੰਨਾ 412 `ਤੇ ਗਿਆਨੀ ਗੁਰਬਚਨ ਸਿੰਘ ‘ਖ਼ਾਲਸਾ’ ਭਿੰਡਰਾਂ ਵਾਲਿਆਂ ਨੇ ਤੁਕ ਨੰਬਰ (3) ਦੇ ਇਉਂ ਦਰਸ਼ਨ ਕਰਵਾਏ ਹਨ:

ਹਭਿ ਕੂੜਾਵੇ ਕੰਮ; ਇਕਸੁ ‘ਸਾਈ’ ਬਾਹਰੇ॥ (ਸਾਈਂ ਬੋਲੋ)

ਗੁਰਬਾਣੀ ਅੰਦਰ ਨਾਂਵ (Noun) ਲਫ਼ਜ਼ ਨੂੰ ਬਹੁਵਚਨ ਬਨਾਉਣ ਲਈ ਉਸ ਦੇ ਅੰਤ ਵਿੱਚ ਆਮ ਤੌਰ ਤੇ ਬਿੰਦੀ ਸਹਿਤ ਕੰਨਾ ਲਗਾਇਆ ਜਾਂਦਾ ਹੈ। ਜਿਵੇਂ:

1- ਚਰਨ ਕਮਲ, ਭਗਤਾਂ ਮਨਿ ਵੁਠੇ॥ {ਅੰਗ 109}

2- ਸੋਈ ਧਿਆਈਐ ਜੀਅੜੇ, ਸਿਰਿ ਸਾਹਾਂ ਪਾਤਿਸਾਹੁ॥ {ਅੰਗ 44}

3-ਕੀਤਾ ਜਿਸੋ ਹੋਵੈ, ਪਾਪਾਂ ਮਲੋ ਧੋਵੈ; ਸੋ ਸਿਮਰਹੁ ਪਰਧਾਨੁ ਹੇ॥ {ਅੰਗ 1008}

ਪਰ, ਇਹੀ ਲ਼ਫ਼ਜ਼ ਹੋਰਨੀ ਕਈ ਥਾਈਂ ਬਿੰਦੀ ਰਹਿਤ ਮਿਲਦੇ ਹਨ। ਜਿਵੇਂ:

(ੳ) - ਨਾਨਕ ਭਗਤਾ ਸਦਾ ਵਿਗਾਸੁ॥ {ਜਪੁਜੀ ਅੰਗ 2}

(ਅ) - ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥ {ਜਪੁਜੀ ਅੰਗ 6}

(ੲ) - ਭਰੀਐ ਮਤਿ ਪਾਪਾ ਕੈ ਸੰਗਿ॥ {ਜਪੁਜੀ ਅੰਗ 4}

ਸਪਸ਼ਟ ਹੈ ਕਿ ਉਪਰਲੀਆਂ (1), (2) ਤੇ (3) ਨੰਬਰ ਵਰਗੀਆਂ ਤੁਕਾਂ ਵਿੱਚਲੇ ਲਫ਼ਜ਼ ਸਤਿਗੁਰੂ ਜੀ ਨੇ ਅਗਵਾਈ ਲਈ ਉਦਾਹਰਣ ਵਜੋਂ ਵਰਤੇ ਹਨ, ਤਾਂ ਕਿ ਉਨ੍ਹਾਂ ਤੋਂ ਸੇਧ ਲੈ ਕੇ ਇਸ ਸ਼੍ਰੇਣੀ ਦੇ (ੳ), (ਅ) ਤੇ (ੲ) ਵਰਗੀਆਂ ਤੁਕਾਂ ਵਿੱਚਲੇ ਬਾਕੀ ਸਾਰੇ ਬਹੁਵਚਨੀ ਨਾਂਵ ਰੂਪ ਲਫ਼ਜ਼ਾਂ ਨੂੰ ਬਿੰਦੀਆਂ ਸਹਿਤ ਉਚਾਰਨ ਕੀਤਾ ਜਾਵੇ। ਜਿਵੇਂ ਗੁਰਸਿੱਖਾ, ਸਰਾ, ਬਗਾ, ਭਾਈਆ, ਚੋਟਾ, ਵਡਿਆਈਆ, ਚੰਗਿਆਈਆ, ਬਰਿਆਈਆ, ਕੀਟਾ, ਅਖਰਾ, ਕਾਦੀਆ, ਰਾਗਾ ਆਦਿ। ਕਿਉਂਕਿ, ਇਹ ਸਾਰੇ ਬਹੁਵਚਨ ਹਨ।

ਇਹੀ ਕਾਰਣ ਹੈ ਕਿ ਜਥੇਦਾਰ ਗਿਆਨੀ ਜੁਗਿੰਦਰ ਸਿੰਘ ‘ਵੇਦਾਂਤੀ’ ਜੀ ਨੂੰ ਗੁਰਬਾਣੀ ਵਿਆਕਰਣ ਦਾ ਮਹੱਤਵ ਪਰਗਟ ਕਰਨ ਲਈ ਲਿਖਣਾ ਪਿਆ ਕਿ “ਅੱਜ ਦੀਆਂ ਕਈ ਸਤਿਕਾਰਤ ਸੰਪ੍ਰਦਾਵਾਂ ਤੇ ਕੁੱਝ ਵਿਦਵਾਨ ਗੁਰਬਾਣੀ ਦੀ ਨਿਯਮਾਵਲੀ ਮੰਨਣ ਤੋਂ ਇਨਕਾਰੀ ਹੀ ਨਹੀਂ ਸਗੋਂ ਗਾਹੇ-ਬਗਾਹੇ ਬੇਲੋੜਾ ਵਿਵਾਦ ਵੀ ਖੜ੍ਹਾ ਕਰਦੇ ਹਨ। ਕੁੱਝ ਕੁ ਸ਼ਰਧਾਲੂ ਵੀਰਾਂ ਦਾ ਵਿਚਾਰ ਹੈ ਕਿ ਗੁਰਬਾਣੀ ਦੀ ਲਿਖਾਈ ਸੁਤੰਤਰ ਹੈ ਅਤੇ ਕਿਸੇ ਨਿਯਮ ਦੇ ਅਧੀਨ ਨਹੀਂ। ਉਨ੍ਹਾਂ ਦਾ ਗੁਰਬਾਣੀ ਪ੍ਰਤੀ ਸਤਿਕਾਰ ਤੇ ਸ਼ਰਧਾ ਮੁਬਾਰਿਕ ਹੈ, ਪਰ ਗੁਰਬਾਣੀ ਦੀ ਲਿਖਾਈ ਦਾ ਨਿਯਮ-ਪੂਰਵਕ ਹੋਣਾ ਗੁਰਬਾਣੀ ਦੀ ਗੌਰਵਤਾ ਨੂੰ ਘਟਾਉਂਦਾ ਹਰਗਿਜ਼ ਨਹੀਂ, ਸਗੋਂ ਵਧਾਉਂਦਾ ਹੈ।

ਗੁਰਬਾਣੀ ਦੇ ਦੋ ਰੂਪ ਹਨ—ਭਾਵਾਤਮਿਕ ਅਤੇ ਵਰਣਾਤਮਿਕ। ਗੁਰਬਾਣੀ ਦਾ ਭਾਵਾਤਮਿਕ ਰੂਪ ਗੁਪਤ ਹੈ, ਜੋ ਬਿਲਕੁਲ ਮੌਲਿਕ ਅਤੇ ਸੁਤੰਤਰ ਹੈ। ਗੁਰਬਾਣੀ ਦਾ ਵਰਣਾਤਮਿਕ ਰੂਪ ਪ੍ਰਗਟ ਹੈ ਤੇ ਇਸ ਦਾ ਸੰਬੰਧ ਗੁਰਬਾਣੀ ਦੀ ਲਿਖਣ-ਤਕਨੀਕ ਨਾਲ ਹੈ। ਇਹ ਤਕਨੀਕ ਬੱਝਵੇਂ ਨੇਮਾਂ ਅਨੁਸਾਰ ਹੈ ਤੇ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਹ ‘ਬੱਝਵੇਂ’ ਨੇਮ ਕਿਸੇ ਹੋਰ ਬੋਲੀ ਜਾਂ ਮਨੁੱਖ ਦੇ ਬਣਾਏ ਵਿਆਕਰਣ ਦੇ ਅਧੀਨ ਨਹੀਂ, ਸਗੋਂ ਸੁਤੰਤਰ ਹਨ। ਇਹ ਨੇਮ ਆਪਣੇ ਆਪ ਵਿੱਚ ਵਿਲੱਖਣ ਹਨ ਤੇ ਇਨ੍ਹਾਂ ਦੇ ਨਿਰਮਾਤਾ ਗੁਰੂ ਸਾਹਿਬਾਨ ਆਪ ਹੀ ਹਨ। ਰੱਬੀ ਗਿਆਨ ਨੂੰ ਸਧਾਰਨ ਜਗਿਆਸੂਆਂ ਉੱਤੇ ਆਸ਼ਕਾਰਾ (ਪ੍ਰਗਟ) ਕਰਨ ਲਈ ਇਹ ਸੁਜਾਨ ਸਤਿਗੁਰਾਂ ਦੀ ਮਹਾਨ ਦੇਣ ਹਨ। ਇਨ੍ਹਾਂ ਦੀ ਹੋਂਦ ਤੋਂ ਇਨਕਾਰ ਕਰਨਾ ਸੱਚ ਅੱਗੇ ਅੱਖਾਂ ਮੀਟਣ ਦੇ ਤੁਲ ਹੈ। ਲੋੜ ਹੈ ਇਨ੍ਹਾਂ ਨਿਯਮਾਂ ਨੂੰ ਸਮਝਣ ਦੀ ਅਤੇ ਸਮਝ ਕੇ ਸਿੱਖ ਸੰਗਤਾਂ ਵਿੱਚ ਪ੍ਰਚਾਰਨ ਦੀ, ਤਾਂ ਜੋ ਗੁਰਬਾਣੀ ਦੇ ਗੁਹਜ ਅਤੇ ਅਮੁੱਲੇ ਭਾਵ ਸਹੀ ਰੂਪ ਵਿੱਚ ਸਮਝੇ ਜਾ ਸਕਣ।” (ਦੇਖੋ: ਗੁਰਮਤਿ ਪ੍ਰਕਾਸ਼, ਜੁਲਾਈ 2012)

ਧੰਨਵਾਦੀ ਹਾਂ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ’ ਦੇ, ਜੋ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਜੀ ਦੇ ਜਥੇਦਾਰ ਅਤੇ ਦੇਸ਼ ਵਿਦੇਸ਼ ਦੀਆਂ ਸੂਝਵਾਨ ਸਿੱਖ ਸੰਗਤਾਂ ਦੀ ਹਾਰਦਿਕ ਇੱਛਾ ਪੂਰਤੀ ਲਈ, ਗੁਰਬਾਣੀ ਸਬੰਧੀ ਉਪਰੋਕਤ ਕਿਸਮ ਦੀ ਸਾਰੀ ਸਮਗਰੀ ਰੀਕਾਰਡ ਕਰਵਾ ਕੇ ਅਤੇ ਵਖ ਵਖ ਭਾਸ਼ਾਵਾਂ ਰਾਹੀਂ ਕਿਤਾਬੀ ਰੂਪ ਵਿੱਚ ਛਪਵਾ ਕੇ, ਘਰ ਘਰ ਤਕ ਪਹੁੰਚਾਣ ਲਈ ਯਤਨਸ਼ੀਲ ਹੈ। ਪੂਰਨ ਆਸ ਹੈ ਕਿ ਗੁਰਬਾਣੀ ਪ੍ਰੇਮੀ ਗੁਰਸਿੱਖ, ਅਜਿਹੇ ਮਾਨਵ ਹਿਤਕਾਰੀ ਕਾਰਜ ਵਿੱਚ ਸਹਿਯੋਗੀ ਬਣ ਕੇ ਇੰਸਟੀਚਿਊਟ ਦੇ ਸੇਵਕਾਂ ਦੀ ਜਰੂਰ ਹੌਸਲਾ- ਅਫ਼ਜ਼ਾਈ ਕਰਨਗੇ। ਭੁੱਲ-ਚੁੱਕ ਮੁਆਫ਼।

ਗੁਣਵੰਤਿਆਂ ਪਾਛਾਰ: ਜਗਤਾਰ ਸਿੰਘ ਜਾਚਕ, ਮਿਤੀ 21 ਅਕਤੂਬਰ 2012, ਲੁਧਿਆਣਾ (ਇੰਡੀਆ) ਮੁਬਾਈਲ: 09855205089




.