.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਇਕੀਵੀਂ)

ਰਾਤ ਤਾਂ ਵਿਆਹ ਵਿੱਚ ਲੰਘੀ ਹੀ ਸੀ, ਬਲਦੇਵ ਸਿੰਘ ਦਾ ਸਾਰਾ ਦਿਨ ਵੀ ਵਿਆਹ ਦੇ ਖਲੇਰੇ ਸੰਭਾਲਣ ਵਿੱਚ ਹੀ ਲੰਘ ਗਿਆ, ਦੋ ਘੜੀ ਅਰਾਮ ਕਰਨ ਦਾ ਸਮਾਂ ਵੀ ਨਾ ਨਿਕਲ ਸਕਿਆ। ਸਵੇਰੇ-ਸਵੇਰੇ ਜਦੋਂ ਉਹ ਗੁਰਮੀਤ ਤੇ ਬੱਬਲ ਨੂੰ ਘਰ ਛੱਡਣ ਆਇਆ ਸੀ, ਉਸ ਵੇਲੇ ਐਵੇਂ ਜਰਾ ਲੱਕ ਹੀ ਸਿੱਧਾ ਕੀਤਾ ਸੀ ਤੇ ਫੇਰ ਇਸ਼ਨਾਨ ਕਰ ਕੇ, ਗੁਰਬਾਣੀ ਪੜ੍ਹ ਕੇ ਉਹ ਵਾਪਸ ਚੌਧਰੀ ਦੇ ਘਰ ਚਲਾ ਗਿਆ ਸੀ। ਪਰ ਕੰਮ ਦੇ ਇਸ ਰੁਝੇਵੇਂ ਵਿੱਚ ਵੀ ਉਸ ਦਾ ਧਿਆਨ ਬਾਰ ਬਾਰ ਅੰਮ੍ਰਿਤਸਰ ਵੱਲ ਚਲਾ ਜਾਂਦਾ, ਕਿ ਉਥੇ ਕੀ ਹੋ ਰਿਹਾ ਹੋਵੇਗਾ, ਕੀ ਹਾਲਾਤ ਹੋਣਗੇ, ਹਰਮੀਤ ਕੀ ਕਰ ਰਿਹਾ ਹੋਵੇਗਾ? ਕਿਸੇ ਕਿਸੇ ਵੇਲੇ ਤਾਂ ਉਸ ਨੂੰ ਇਹ ਭਰਮ ਵੀ ਆਉਂਦਾ ਕਿ ਹਰਮੀਤ ਨੂੰ ਉਥੇ ਭੇਜ ਕੇ ਉਹ ਕੋਈ ਗਲਤੀ ਤਾਂ ਨਹੀਂ ਸੀ ਕਰ ਬੈਠਾ? ਫਿਰ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਹੁੰਦੀ ਕਿ ਉਹ ਕੈਸੀ ਬੁਜ਼ਦਿਲਾਂ ਵਾਲੀ ਸੋਚ ਪਾਲ ਰਿਹਾ ਹੈ ਤੇ ਉਸ ਦਾ ਮਨ ਅਕਾਲ-ਪੁਰਖ ਅਗੇ ਜੋਦੜੀ ਕਰਨ ਲੱਗ ਪੈਂਦਾ ਕਿ ਸਤਿਗੁਰੂ ਆਪਣੇ ਪੰਥ ਦੇ ਅੰਗ ਸੰਗ ਸਹਾਈ ਰਹਿਣਾ, ਪੰਥ ਦੀ ਫਤਹਿ ਕਰਨੀ।
ਸ਼ਾਮ ਨੂੰ ਘਰ ਪਹੁੰਚਿਆ ਤਾਂ ਅੰਦਰ ਵੜਦਿਆਂ ਹੀ ਉਸ ਨੇ ਗੁਰਮੀਤ ਨੂੰ ਪੁੱਛਿਆ, “ਮੀਤਾ! ਹਰਮੀਤ ਦਾ ਕੋਈ ਟੈਲੀਫੋਨ ਆਇਐ?”
“ਜੀ ਅਜੇ ਤੱਕ ਤਾਂ ਕੋਈ ਨਹੀਂ ਆਇਆ, ਮੇਰਾ ਤਾਂ ਆਪਣਾ ਧਿਆਨ ਉਧਰ ਹੀ ਲੱਗਾ ਹੋਇਐ”, ਗੁਰਮੀਤ ਕੌਰ ਦੇ ਬੋਲਣ ਦੇ ਲਹਿਜੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਵੀ ਫਿਕਰਮੰਦ ਹੈ। ਪਾਣੀ ਪੀ ਕੇ ਉਹ ਆਪਣੇ ਕਮਰੇ ਵਿੱਚ ਆ ਕੇ ਪਲੰਘ ਤੇ ਲੇਟ ਗਿਆ ਕਿ ਜ਼ਰਾ ਲੱਕ ਸਿੱਧਾ ਕਰ ਲਵੇ। ਫੇਰ ਪਤਾ ਨਹੀਂ ਕੀ ਖਿਆਲ ਆਇਆ ਕਿ ਵਾਪਸ ਬੈਠਕ ਵਿੱਚ ਆ ਕੇ ਟੈਲੀਵਿਜ਼ਨ ਲਾ ਲਿਆ, ਖਬਰਾਂ ਦਾ ਸਮਾਂ ਸੀ। ਸਾਰੀਆਂ ਖਬਰਾਂ ਵਿੱਚ ਅੰਮ੍ਰਿਤਸਰ ਦੀ ਕੋਈ ਖਬਰ ਨਹੀਂ ਸੁਣਾਈ ਗਈ। ਉਸ ਟੈਲੀਵਿਜ਼ਨ ਬੰਦ ਕੀਤਾ ਤੇ ਕੋਲ ਬੈਠੀ ਗੁਰਮੀਤ ਨੂੰ ਕਹਿਣ ਲੱਗਾ, “ਮੀਤਾ ਇੱਕ ਗੱਲ ਤਾਂ ਹੈ ਕਿ ਉਥੇ ਸਭ ਸੁੱਖ-ਸਾਂਦ ਹੈ। ਜੇ ਕੋਈ ਮੰਦਭਾਗੀ ਘਟਨਾ ਵਾਪਰਦੀ ਤਾਂ ਉਸ ਦੀ ਖਬਰ ਜ਼ਰੂਰ ਆਉਂਦੀ।”
“ਗੱਲ ਤਾਂ ਤੁਹਾਡੀ ਠੀਕ ਜਾਪਦੀ ਏ, ਪਰ ਜਿਹੜਾ ਫ਼ੌਜ ਨੂੰ ਦਰਬਾਰ ਸਾਹਿਬ `ਚੋਂ ਕਢਣ ਦਾ ਮੁੱਦਾ ਸੀ ਉਸ ਬਾਰੇ ਵੀ ਤਾਂ ਕੁੱਝ ਨਹੀਂ ਨੇ ਨਾ ਦੱਸਿਆ, ਪੂਰੀ ਤਸੱਲੀ ਤਾਂ ਉਦੋਂ ਹੀ ਹੋਵੇਗੀ ਜਦੋਂ ਹਰਮੀਤ ਨਾਲ ਗੱਲ ਹੋਵੇਗੀ” ਗੁਰਮੀਤ ਕੌਰ ਨੇ ਹਾਮੀ ਭਰਦੇ ਹੋਏ ਨਾਲ ਜਗਿਆਸਾ ਵੀ ਜ਼ਾਹਰ ਕੀਤੀ, ਤੇ ਫੇਰ ਜ਼ਰਾ ਰੁੱਕ ਕੇ ਪੁੱਛਿਆ, “ਰੋਟੀ ਲਗਾਵਾਂ ਜੇ, ਟਾਈਮ ਨਾਲ ਖਾ ਕੇ ਅਰਾਮ ਕਰੋ, ਸਾਰੀ ਦਿਹਾੜੀ ਦੇ ਥਕੇ ਆਏ ਹੋ, ਨਾਲੇ ਆ ਕੇ ਕੋਈ ਚਾਹ ਨਾਸ਼ਤਾ ਵੀ ਨਹੀਂ ਜੇ ਲਿਆ?”
“ਨਹੀਂ ਮੀਤਾ! ਪਿਛਲੇ ਦੋ ਦਿਨਾਂ ਤੋਂ ਬੜਾ ਭਾਰੀ ਖਾਣਾ ਖਾਧੈ, ਮਨ ਬਿਲਕੁਲ ਭਰਿਆ ਪਿਐ, ਕੁੱਝ ਵੀ ਖਾਣ ਤੇ ਮਨ ਨਹੀਂ”, ਬਲਦੇਵ ਸਿੰਘ ਨੇ ਨਾਂਹ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ।
“ਫਿਰ ਤਾਂ ਥੋੜ੍ਹੀ ਚਾਹ ਲੈ ਲੈਂਦੇ ਤਾਂ ਚੰਗਾ ਸੀ, ਤੁਸੀਂ ਉਹ ਵੀ ਨਾਂਹ ਕਰ ਦਿੱਤੀ ਏ, ਚਲੋ ਥੋੜ੍ਹਾ ਜਿਹਾ ਫਲ-ਫਰੂਟ ਲੈ ਲਓ, ਰਸ ਦਾਰ ਫਲਾਂ ਨਾਲ ਹਾਂਅ ਹੌਲਾ ਹੋ ਜਾਵੇਗਾ”, ਗੁਰਮੀਤ ਨੇ ਕੁੱਝ ਸੋਚਦੇ ਹੋਏ ਕਿਹਾ।
ਬਲਦੇਵ ਸਿੰਘ ਨੇ ਬੋਲ ਕੇ ਤਾਂ ਕੋਈ ਜੁਆਬ ਨਾ ਦਿੱਤਾ ਪਰ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਗੁਰਮੀਤ ਉਸੇ ਵੇਲੇ ਉਠ ਕੇ ਰਸੋਈ ਵੱਲ ਲੰਘ ਗਈ। ਬਲਦੇਵ ਸਿੰਘ ਨੂੰ ਬੈਠੇ-ਬੈਠੇ ਕੁੱਝ ਖਿਆਲ ਆਇਆ, ਉਹ ਉਠਿਆ ਤੇ ਅੰਮ੍ਰਿਤਸਰ ਚੇਤ ਸਿੰਘ ਹੋਰਾਂ ਦੇ ਘਰ ਦੇ ਨੰਬਰ ਤੇ ਅਰਜੈਂਟ ਕਾਲ ਬੁੱਕ ਕਰਵਾ ਦਿੱਤੀ। ਫਰੂਟ ਕੱਟਦੇ ਹੋਏ ਗੁਰਮੀਤ ਨੇ ਬੱਬਲ ਨੂੰ ਕਿਹਾ, “ਬੱਬਲ! ਮੇਰੀ ਤੇ ਆਪਣੀ ਰੋਟੀ ਪਲੇਟਾਂ ਵਿੱਚ ਪਾ ਲਿਆ, ਇਥੇ ਤੇਰੇ ਭਾਪਾ ਜੀ ਕੋਲ ਬੈਠ ਕੇ ਹੀ ਖਾ ਲੈਂਦੇ ਹਾਂ।
ਰੋਜ਼ ਦੇ ਨੇਮ ਵਾਂਗੂੰ, ਖਾਣਾ ਖਾ ਕੇ ਅੱਜ ਬਲਦੇਵ ਸਿੰਘ ਨੇ ਗੁਰਮੀਤ ਨੂੰ ਚੱਕਰ ਲਾਉਣ ਲਈ ਚੱਲਣ ਲਈ ਨਹੀਂ ਆਖਿਆ ਤੇ ਉਠ ਕੇ ਆਪਣੇ ਕਮਰੇ ਵੱਲ ਤੁਰ ਗਿਆ। ਲੇਟਣ ਨਾਲ ਭਾਵੇਂ ਸ਼ਰੀਰ ਨੂੰ ਕਾਫੀ ਅਰਾਮ ਮਿਲਿਆ ਪਰ ਨੀਂਦ ਨਹੀਂ ਸੀ ਆ ਰਹੀ, ਕੁੱਝ ਤਾਂ ਉਹ ਇਹ ਸੋਚ ਰਿਹਾ ਸੀ ਕਿ ਵਿਆਹ ਦੇ ਹੋਰ ਕਿਹੜੇ-ਕਿਹੜੇ ਕੰਮ ਸਮੇਟਣ ਵਾਲੇ ਰਹਿ ਗਏ ਨੇ, ਨਾਲੇ ਧਿਆਨ ਬਾਰ-ਬਾਰ ਹਰਮੀਤ ਵੱਲ ਜਾਂਦਾ। ਗੁਰਮੀਤ ਵੀ ਰਸੋਈ ਦਾ ਕੰਮ ਸਮੇਟ ਕੇ ਕਮਰੇ ਵਿੱਚ ਆ ਗਈ। ਪਤੀ ਨੂੰ ਜਾਗਦਾ ਵੇਖ ਕੇ ਪੁਛਣ ਲੱਗੀ, “ਜੇ ਥਕਾਵਟ ਕਰ ਕੇ ਨੀਂਦ ਨਹੀਂ ਆ ਰਹੀ ਤੇ ਥੋੜ੍ਹਾ ਘੁੱਟ ਦਿਆਂ, ਨੀਂਦ ਆ ਜਾਵੇਗੀ?”
“ਨਹੀਂ ਮੀਤਾ, ਅੰਮ੍ਰਿਤਸਰ ਵਾਸਤੇ ਟੈਲੀਫੋਨ ਬੁੱਕ ਕਰਾਇਆ ਸੀ, ਸੋਚਦਾ ਹਾਂ ਗੱਲ ਹੋ ਜਾਂਦੀ ਤੇ ਫੇਰ ਹੀ ਸੌਂਦਾ … … “, ਲਫਜ਼ ਅਜੇ ਬਲਦੇਵ ਸਿੰਘ ਦੇ ਮੂੰਹ ਵਿੱਚ ਹੀ ਸਨ ਕਿ ਟੈਲੀਫੋਨ ਦੀ ਘੰਟੀ ਵੱਜੀ, ਉਸ ਨੇ ਛੇਤੀ ਨਾਲ ਉਠ ਕੇ ਟੈਲੀਫੋਨ ਚੁੱਕਿਆ ਤਾਂ ਅੱਗੋਂ ਗੁਰਚਰਨ ਸਿੰਘ ਦੀ ਅਵਾਜ਼ ਸੁਣਾਈ ਦਿੱਤੀ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਭਰਾ ਜੀ।”
ਬਲਦੇਵ ਸਿੰਘ ਨੇ ਨਾਲ ਹੀ ਫਤਹਿ ਸਾਂਝੀ ਕਰਦੇ ਹੋਏ ਪੁੱਛਿਆ, “ਕੀ ਹਾਲ ਹੈ ਗੁਰਚਰਨ ਵੀਰੇ?”
“ਚੜ੍ਹਦੀਆਂ ਕਲਾ ਨੇ ਭਰਾ ਜੀ, ਤੁਸੀਂ ਸੁਣਾਓ, ਉਥੇ ਪਰਿਵਾਰ ਦਾ ਕੀ ਹਾਲ ਹੈ?” ਗੁਰਚਰਨ ਸਿੰਘ ਨੇ ਜੁਆਬ ਦੇ ਨਾਲ ਹੀ ਸੁਆਲ ਕਰ ਦਿੱਤਾ। ਇੱਕ ਦੂਜੇ ਦਾ ਪਰਿਵਾਰਕ ਹਾਲ ਪੁੱਛਣ ਦੀਆਂ ਰਸਮੀ ਗੱਲਾਂ ਕਰਕੇ ਬਲਦੇਵ ਸਿੰਘ ਅਸਲ ਮੁੱਦੇ ਦੀ ਗੱਲ ਤੇ ਆਇਆ, “ਵੀਰੇ ਹਰਮੀਤ ਤਾਂ ਨਹੀਂ ਆਇਆ ਇਥੇ ਘਰ?”
“ਆਇਆ ਨਹੀਂ ਭਰਾ ਜੀ, ਫੜ੍ਹ ਕੇ ਲਿਆਂਦਾ ਸੀ। ਵੱਡੇ ਵੀਰ ਜੀ ਵੀ ਅੱਜ ਵਿਸ਼ਵ ਸਿੱਖ ਸੰਮੇਲਨ ਵਿੱਚ ਗਏ ਹੋਏ ਸਨ। ਵੈਸੇ ਤਾਂ ਉਥੇ ਬਹੁਤ ਭਾਰੀ ਇਕੱਠ ਸੀ ਪਰ ਹਰਮੀਤ ਤੇ ਉਸ ਦੇ ਕੁੱਝ ਨੌਜੁਆਨ ਸਾਥੀ ਕੁੱਝ ਗੁੱਸੇ ਨਾਲ ਬੋਲ ਰਹੇ ਸਨ ਜਿਸ ਨਾਲ ਵੀਰ ਜੀ ਦਾ ਧਿਆਨ ਵੀ ਉਧਰ ਖਿੱਚਿਆ ਗਿਆ ਤੇ ਨਜ਼ਰ ਹਰਮੀਤ ਤੇ ਪੈ ਗਈ ਤੇ ਉਹ ਉਸ ਨੂੰ ਨਾਲ ਲੈ ਆਏ। ਸਗੋਂ ਪਿਤਾ ਜੀ ਵੀ ਬਹੁਤ ਨਰਾਜ਼ਗੀ ਕਰ ਰਹੇ ਸਨ ਕਿ ਉਸ ਨੂੰ ਪਹਿਲਾਂ ਸਵੇਰੇ ਘਰ ਆਉਣਾ ਚਾਹੀਦਾ ਸੀ। ਨਹਾ-ਧੋ ਕੇ ਅਰਾਮ ਨਾਲ ਤਿਆਰ ਹੋ ਕੇ, ਨਾਸ਼ਤਾ ਕਰ ਕੇ, ਉਥੇ ਜਾਂਦਾ। …. ਥੋੜ੍ਹੀ ਦੇਰ ਪਹਿਲੇ ਹੀ ਸਟੇਸ਼ਨ ਤੇ ਗਿਐ, ਰਾਤ ਦੀ ਗੱਡੀ ਫੜ੍ਹਨ। ਕਹਿੰਦਾ ਸੀ ਸਵੇਰੇ ਕਾਲਜ ਪਹੁੰਚਣੈ, ਬਲਕਿ ਵੀਰ ਜੀ ਉਸ ਨੂੰ ਗੱਡੀ ਚੜ੍ਹਾਣ ਹੀ ਗਏ ਹੋਏ ਨੇ, ਅਜੇ ਵਾਪਸ ਨਹੀਂ ਮੁੜੇ”, ਗੁਰਚਰਨ ਸਿੰਘ ਨੇ ਸਾਰੀ ਗੱਲ ਇਕੋ ਵਾਰੀ ਵਿੱਚ ਦੱਸ ਦਿੱਤੀ।
ਹਰਮੀਤ ਦੀ ਰਾਜ਼ੀ-ਖੁਸ਼ੀ ਦਾ ਪਤਾ ਲੱਗਣ ਤੇ ਬਲਦੇਵ ਸਿੰਘ ਨੂੰ ਸੁੱਖ ਦਾ ਸਾਹ ਆਇਆ ਪਰ ਅਜੇ ਉਸ ਦੀ ਉਥੇ ਜੋ ਫੈਸਲੇ ਹੋਏ ਸਨ, ਉਹ ਜਾਨਣ ਦੀ ਜਗਿਆਸਾ ਬਾਕੀ ਸੀ। “ਪਰ ਅੱਜ ਉਥੇ ਬਣਿਆ ਕੀ ਏ?” ਉਸ ਨੇ ਅੱਗੋਂ ਸੁਆਲ ਕੀਤਾ।
“ਭਰਾ ਜੀ ਮੈਨੂੰ ਪੂਰਾ ਪਤਾ ਤਾਂ ਨਹੀਂ, ਅਜੇ ਵੀਰ ਜੀ ਨਾਲ ਬੈਠ ਕੇ ਵੇਰਵਾ ਪੁੱਛਣ ਦਾ ਸਮਾਂ ਨਹੀਂ ਮਿਲਿਆ ਪਰ ਦੱਸ ਰਹੇ ਸਨ ਕਿ ਬੂਟਾ ਸਿੰਘ ਤੇ ਜ਼ੈਲ ਸਿੰਘ ਨੂੰ ਪੰਥ `ਚੋਂ ਛੇਕ ਦਿੱਤੈ”, ਗੁਰਚਰਨ ਸਿੰਘ ਨੂੰ ਜਿਤਨੀ ਕੁ ਜਾਣਕਾਰੀ ਸੀ ਉਸ ਨੇ ਦੱਸੀ।
“ਵਾਹ! ਇਹ ਤਾਂ ਬਹੁਤ ਚੰਗਾ ਕੀਤੈ ਪਰ ਫ਼ੌਜ ਕੋਲੋਂ ਦਰਬਾਰ ਸਾਹਿਬ ਸਮੂਹ ਖਾਲੀ ਕਰਵਾਉਣ ਦਾ ਕੀ ਬਣਿਆ?” ਬਲਦੇਵ ਸਿੰਘ ਦਾ ਅਸਲੀ ਧਿਆਨ ਤਾਂ ਇਸ ਗੱਲ ਤੇ ਟਿਕਿਆ ਹੋਇਆ ਸੀ।
“ਭਰਾ ਜੀ ਦੱਸਿਐ ਨਾ, ਮੈਨੂੰ ਅਜੇ ਪੂਰਾ ਪਤਾ ਤਾਂ ਨਹੀਂ ਪਰ ਵੀਰ ਜੀ ਨੂੰ ਕਹਿੰਦੇ ਸੁਣਿਆ ਸੀ ਕਿ ਉਸ ਦੇ ਵਾਸਤੇ ਅੱਗੋਂ ਕੋਈ ਤਾਰੀਖ ਪਾ ਦਿੱਤੀ ਏ”, ਸੁਣ ਕੇ ਬਲਦੇਵ ਸਿੰਘ ਨੂੰ ਬਹੁਤ ਨਿਰਾਸਤਾ ਹੋਈ ਪਰ ਉਸ ਨੇ ਇਹ ਸੋਚ ਕੇ ਮਨ ਨੂੰ ਦਿਲਾਸਾ ਦੇ ਲਿਆ ਕਿ ਅਜੇ ਪੂਰੀ ਗੱਲ ਪਤਾ ਲਗੇਗੀ। ਉਸ ਤੋਂ ਬਾਅਦ ਕੁੱਝ ਦੁਨਿਆਵੀ ਅਤੇ ਕੁੱਝ ਕਾਰੋਬਾਰੀ ਗੱਲਾਂ ਕਰ ਕੇ ਟੈਲੀਫੋਨ ਬੰਦ ਹੋ ਗਿਆ। ਗੁਰਚਰਨ ਨੇ ਦੱਸਿਆ ਸੀ ਕਿ ਪਿਤਾ ਜੀ ਤਾਂ ਸੌਣ ਲਈ ਚਲੇ ਗਏ ਨੇ, ਇਸ ਵਾਸਤੇ ਉਸ ਦੀ ਸ੍ਰ ਚੇਤ ਸਿੰਘ ਨਾਲ ਕੋਈ ਗੱਲ ਨਾ ਹੋ ਸਕੀ। ਬਲਦੇਵ ਸਿੰਘ ਨੇ ਸਾਰੀ ਗੱਲ ਗੁਰਮੀਤ ਕੌਰ ਨੂੰ ਦੱਸੀ ਤੇ ਦੋਵੇਂ ਸ਼ਾਂਤੀ ਨਾਲ ਸੌਂ ਗਏ।
ਦੋ ਕੁ ਦਿਨਾਂ ਵਿੱਚ ਦੁਕਾਨ ਤੇ ਆਣ-ਜਾਣ ਦਾ ਨੇਮ ਫਿਰ ਉਂਝੇ ਹੀ ਚਾਲੂ ਹੋ ਗਿਆ। ਬਲਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਦੁਕਾਨ ਤੇ ਵਿਆਹ ਸ਼ਾਦੀਆਂ ਦੇ ਮਤਲਬ ਦਾ ਫੈਂਸੀ ਮਾਲ ਕਾਫੀ ਘਟਿਆ ਪਿਆ ਸੀ। ਉਤੋਂ ਵਿਆਹਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਸੀ। ਉਸ ਨੇ ਮੁਨੀਮ ਨੂੰ ਸ਼ੁਕਰਵਾਰ ਰਾਤ ਦੀ ਦਿੱਲੀ ਦੀ ਟਿਕਟ ਅਤੇ ਐਤਵਾਰ ਦੁਪਹਿਰ ਬਾਅਦ ਦੀ ਵਾਪਸੀ ਦੀ ਟਿਕਟ ਬੁੱਕ ਕਰਾਉਣ ਵਾਸਤੇ ਆਖਿਆ ਤੇ ਦੁਕਾਨ ਵਿੱਚ ਮਾਲ ਵੇਚਣ ਵਾਲੇ ਮੁਲਾਜ਼ਮਾਂ ਨਾਲ ਸਲਾਹ ਸ਼ੁਰੂ ਕਰ ਦਿੱਤੀ ਕਿ ਕਿਹੜਾ-ਕਿਹੜਾ ਮਾਲ ਕਿਤਨਾ-ਕਿਤਨਾ ਲਿਆਉਣ ਦੀ ਜ਼ਰੂਰਤ ਹੈ। ਸਾਰੀ ਲਿਸਟ ਬਣਾ ਕੇ ਉਸ ਕੋਲ ਸੰਭਾਲ ਲਈ। ਵੈਸੇ ਲੋੜ ਤਾਂ ਫੌਰੀ ਜਾਣ ਦੀ ਸੀ ਪਰ ਇੱਕ ਤਾਂ ਬਹੁਤ ਥਕਿਆ ਹੋਇਆ ਸੀ, ਦੋ ਕੁ ਦਿਨ ਅਰਾਮ ਕਰਨਾ ਚਾਹੁੰਦਾ ਸੀ, ਦੂਸਰਾ, ਉਸ ਸੋਚਿਆ ਸ਼ਨੀਵਾਰ ਕੰਮ ਕਰਕੇ ਰਾਤ ਉਥੇ ਬਿਤਾ ਲਵੇਗਾ। ਕਮਲਪ੍ਰੀਤ ਹੋਰਾਂ ਦੇ ਪਰਿਵਾਰ ਨਾਲ ਮਾਮੀ ਜੀ ਨੂੰ ਵੀ ਮਿਲ ਲਵੇਗਾ ਅਤੇ ਹਰਮੀਤ ਨਾਲ ਵੀ ਅਰਾਮ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਜਾਵੇਗਾ। ਭਾਵੇਂ ਉਸ ਪਿਛਲੇ ਐਤਵਾਰ ਹੋਏ ਵਿਸ਼ਵ ਸਿੱਖ ਸੰਮੇਲਨ ਬਾਰੇ ਖ਼ਬਰਾਂ ਤਾਂ ਪੜ੍ਹ ਲਈਆਂ ਸਨ ਪਰ ਪੂਰੀ ਤਸੱਲੀ ਨਹੀਂ ਸੀ ਹੋਈ। ਉਹ ਚਾਹੁੰਦਾ ਸੀ ਤਸੱਲੀ ਨਾਲ ਹਰਮੀਤ ਕੋਲੋਂ ਸਾਰੀ ਗੱਲ ਸੁਣੇ। ਕੱਲ ਹਰਮੀਤ ਦਾ ਟੈਲੀਫੋਨ ਵੀ ਆਇਆ ਸੀ ਪਰ ਕੁਦਰਤੀ ਉਹ ਗੁਰਦੁਆਰੇ ਕਿਸੇ ਕੰਮ ਕਰਕੇ ਦੇਰ ਤੱਕ ਰੁਕਿਆ ਹੋਇਆ ਸੀ, ਸੋ ਆਪ ਗੱਲ ਨਾ ਹੋ ਸਕੀ। ਬਸ ਸੁੱਖ ਸੁਨੇਹਾ ਹੀ ਮਿਲਿਆ। ਉਂਝ ਵੀ ਟੈਲੀਫੋਨ ਤੇ ਗੱਲ ਕਰਨ ਅਤੇ ਸਾਹਮਣੇ ਬੈਠ ਕੇ ਗੱਲ ਕਰਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦੈ।
ਘਰ ਆਕੇ ਉਸ ਨੇ ਹਰਮੀਤ ਦੇ ਹੋਸਟਲ ਟੈਲੀਫੋਨ ਕਰ ਕੇ ਉਸ ਨੂੰ ਆਪਣਾ ਪ੍ਰੋਗਰਾਮ ਵੀ ਦੱਸ ਦਿੱਤਾ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਉਹ ਸ਼ਨੀਵਾਰ ਰਾਤ ਆਪਣੀ ਭੂਆ ਕਮਲਪ੍ਰੀਤ ਦੇ ਘਰ ਰੁਕਣ ਦਾ ਹੀ ਪ੍ਰੋਗਰਾਮ ਬਣਾ ਲਵੇ।
ਬਲਦੇਵ ਸਿੰਘ ਦਿੱਲੀ ਸਟੇਸ਼ਨ ਤੇ ਉਤਰ ਕੇ ਸਿੱਧਾ ਕਮਲਪ੍ਰੀਤ ਦੇ ਘਰ ਹੀ ਗਿਆ। ਹਰਮੀਤ ਨੇ ਭੂਆ ਨੂੰ ਟੈਲੀਫੋਨ ਕਰਕੇ ਪਿਤਾ ਜੀ ਦੇ ਆਉਣ ਬਾਰੇ ਦੱਸਿਆ ਹੋਇਆ ਸੀ, ਇਸ ਲਈ ਉਹ ਸਾਰੇ ਇੰਤਜ਼ਾਰ ਹੀ ਕਰ ਰਹੇ ਸਨ। ਵੀਰ ਨੂੰ ਵੇਖਕੇ ਕਮਲਪ੍ਰੀਤ ਨੂੰ ਜੋ ਖੁਸ਼ੀ ਹੋਈ ਸੋ ਤਾਂ ਹੋਈ, ਬਲਬੀਰ ਕੌਰ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ। ਜਦੋਂ ਦੀ ਉਹ ਕਾਨਪੁਰ ਤੋਂ ਦਿੱਲੀ ਆਈ ਸੀ, ਬਲਦੇਵ ਸਿੰਘ ਅੱਜ ਹੀ ਮਿਲਿਆ ਸੀ। ਫਤਹਿ ਬੁਲਾਉਂਦਾ ਹੋਇਆ, ਉਹ ਨਿਉਂ ਕੇ ਮਾਮੀ ਦੇ ਪੈਰੀਂ ਹੱਥ ਲਾਉਣ ਲੱਗਾ ਤਾਂ ਬਲਬੀਰ ਕੌਰ ਨੇ ਪਹਿਲਾਂ ਹੀ ਫੜ੍ਹ ਕੇ ਸੀਨੇ ਨਾਲ ਘੁੱਟ ਲਿਆ, ਤੇ ਅਸੀਸਾਂ ਦੀ ਬਾਰਿਸ਼ ਕਰ ਦਿੱਤੀ। ਮਾਮੀ ਦੇ ਸੀਨੇ ਲੱਗ ਕੇ ਉਸ ਨੂੰ ਇੱਕ ਵਾਰੀ ਫੇਰ ਮਾਂ ਦੇ ਪਿਆਰ ਦਾ ਅਹਿਸਾਸ ਹੋਇਆ। ਕਮਲਪ੍ਰੀਤ ਦਾ ਪਤੀ ਤੇਜਿੰਦਰ ਸਿੰਘ ਵੀ ਬਹੁਤ ਪਿਆਰ ਨਾਲ ਮਿਲਿਆ, ਉਹ ਵੈਸੇ ਵੀ ਬਲਦੇਵ ਸਿੰਘ ਦਾ ਬਹੁਤ ਸਤਿਕਾਰ ਕਰਦਾ ਸੀ, ਇਸ ਲਈ ਉਸ ਦੇ ਆਉਣ ਨਾਲ ਉਸ ਨੂੰ ਬਹੁਤ ਖੁਸ਼ੀ ਹੁੰਦੀ। ਹੋਰ ਵੀ ਕਈ ਰਿਸਤੇਦਾਰ ਆਉਂਦੇ ਪਰ ਕਿਸੇ ਨੂੰ ਦੁਨੀਆਵੀ ਗੱਲਾਂ `ਚੋਂ ਹੀ ਵਿਹਲ ਨਾ ਮਿਲਦਾ, ਐਵੇਂ ਫਾਲਤੂ ਦੀਆਂ ਵਿਹਲੀਆਂ ਗੱਲਾਂ ਪਰ ਬਲਦੇਵ ਸਿੰਘ ਦੀਆਂ ਬਹੁਤੀਆਂ ਗੱਲਾਂ ਗੁਰਮਤਿ ਬਾਰੇ ਹੁੰਦੀਆਂ ਬਲਕਿ ਉਸ ਦੀ ਹਰ ਗੱਲ `ਚੋਂ ਗੁਰਮਤਿ ਝਲਕਦੀ। ਉਸ ਦੀਆਂ ਗੱਲਾਂ ਦਾ ਬੱਚਿਆਂ ਤੇ ਵੀ ਬਹੁਤ ਚੰਗਾ ਪ੍ਰਭਾਵ ਪੈਂਦਾ। ਭਾਵੇਂ ਅਜੇ ਸੁਵੱਖਤਾ ਹੀ ਸੀ ਪਰ ਬੱਚਿਆਂ ਨੇ ਸਕੂਲ ਵੀ ਸੁਵੱਖਤੇ ਹੀ ਜਾਣਾ ਹੁੰਦੈ ਇਸ ਲਈ ਸਾਰੇ ਆਪਣੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ, ਉਨ੍ਹਾਂ ਨੇ ਮਾਮੇ ਦੀ ਅਵਾਜ਼ ਸੁਣ ਲਈ ਤੇ ਸਾਰੇ ਨੱਸੇ ਆਏ ਤੇ ਵਾਰੀ-ਵਾਰੀ ਮਾਮੇ ਨੂੰ ਘੁੱਟ-ਘੁੱਟ ਕੇ ਮਿਲੇ। ਚਾਹ ਪੀਂਦਿਆਂ ਉਸ ਨੇ ਸਭ ਨਾਲ ਦੁੱਖ ਸੁੱਖ-ਸਾਂਝਾ ਕੀਤਾ ਤੇ ਕੁੱਝ ਰਸਮੀਂ ਗੱਲਾਂ ਤੋਂ ਬਾਅਦ ਉਠ ਕੇ ਇਸ਼ਨਾਨ ਕਰਨ ਚੱਲਾ ਗਿਆ।
ਨਾਸ਼ਤਾ ਕਰਕੇ ਉਹ ਮਾਰਕੀਟ ਵਾਸਤੇ ਨਿਕਲ ਗਿਆ। ਜਾਂਦੀ ਵਾਰੀ ਕਮਲਪ੍ਰੀਤ ਨੇ ਆਖਿਆ ਕਿ ਵੀਰ ਜੀ ਦੁਪਹਿਰ ਦੇ ਖਾਣੇ ਤੇ ਤੁਹਾਡਾ ਇੰਤਜ਼ਾਰ ਕਰਾਂਗੇ ਤਾਂ ਉਸ ਨੇ ਉਸੇ ਵੇਲੇ ਦੱਸ ਦਿੱਤਾ ਕਿ ਦੁਪਹਿਰੇ ਮਾਰਕੀਟ `ਚੋਂ ਨਿਕਲ ਕੇ ਆਉਣਾ ਸੰਭਵ ਨਹੀਂ ਹੋਵੇਗਾ, ਕਿਉਂਕਿ ਇੱਕ ਤਾਂ ਕੰਮ ਵੀ ਕਾਫੀ ਸੀ ਉਤੋਂ ਦਿੱਲੀ ਦੇ ਫਾਸਲੇ ਕਿਹੜੇ ਥੋੜ੍ਹੇ ਨੇ। ਕਮਲਪ੍ਰੀਤ ਹੋਰੀਂ ਪੰਜਾਬੀ ਬਾਗ ਰਹਿੰਦੇ ਸਨ ਤਾਂ ਕਪੜੇ ਦੀ ਮਾਰਕੀਟ ਚਾਂਦਨੀ ਚੌਂਕ ਦੇ ਇਲਾਕੇ ਵਿੱਚ ਸੀ। ਸਾਰੀ ਦਿਹਾੜੀ ਕੰਮ ਦੀ ਨੱਠ-ਭੱਜ ਤੇ ਮਾਲ ਦੀ ਛਾਂਟ-ਛਟਾਈ ਵਿੱਚ ਟਾਈਮ ਦਾ ਪਤਾ ਹੀ ਨਹੀਂ ਲੱਗਾ ਕਿ ਦਿਹਾੜੀ ਕਿਥੇ ਗਈ। ਮਾਰਕੀਟ ਤੋਂ ਵਿਹਲਾ ਹੋ ਕੇ ਉਹ ਸੀਸ ਗੰਜ ਗੁਰਦੁਆਰੇ ਚਲਾ ਗਿਆ, ਥੋੜ੍ਹੀ ਦੇਰ ਬੈਠ ਕੇ ਕੀਰਤਨ ਸੁਣਿਆ ਤੇ ਫੇਰ ਘਰ ਵਾਸਤੇ ਨਿਕਲਿਆ।
ਘਰ ਪਹੁੰਚਿਆ ਤਾਂ ਸਾਰੇ ਇੰਤਜ਼ਾਰ ਕਰ ਰਹੇ ਸਨ। ਹਰਮੀਤ ਵੀ ਆਇਆ ਬੈਠਾ ਸੀ ਅਸਲ ਵਿੱਚ ਉਹ ਤਾਂ ਕਲਾਸ ਤੋਂ ਵਿਹਲਾ ਹੋਣ ਤੋਂ ਬਾਅਦ ਸ਼ਾਮ ਨੂੰ ਹੀ ਆ ਗਿਆ ਸੀ, ਪਿਤਾ ਨੂੰ ਵੇਖ ਕੇ ਉਸ ਨੂੰ ਫਤਹਿ ਬੁਲਾ ਕੇ ਛੇਤੀ ਨਾਲ ਉਸ ਨੂੰ ਮਿਲਣ ਲਈ ਉਠਿਆ। ਬਲਦੇਵ ਸਿੰਘ ਨੂੰ ਵੇਖਦੇ ਹੀ ਤੇਜਿੰਦਰ ਸਿੰਘ ਬੋਲਿਆ, “ਲਓ ਆ ਗਏ ਜੇ ਵੀਰ ਜੀ, ਕਰੋ ਰੋਟੀ ਦੀ ਤਿਆਰੀ।”
“ਹਾਂ ਰੋਟੀ ਤਾਂ ਤਿਆਰ ਹੀ ਹੈ, ਵੀਰ ਜੀ ਸਾਹ ਤਾਂ ਲੈ ਲੈਣ”, ਕਮਲ ਨੇ ਪਾਣੀ ਦਾ ਗਲਾਸ ਬਲਦੇਵ ਸਿੰਘ ਅੱਗੇ ਕਰਦੇ ਹੋਏ ਆਖਿਆ।
“ਜਾਪਦੈ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਰੋਟੀ ਤੋਂ ਲੇਟ ਕਰ ਦਿੱਤੈ?” ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਫੜ੍ਹਦੇ ਹੋਏ ਕਿਹਾ।
“ਨਹੀਂ ਵੀਰ ਜੀ, ਐਸੀ ਕੋਈ ਗੱਲ ਨਹੀਂ, ਕਦੀਂ ਕਦੀਂ ਹੋ ਹੀ ਜਾਂਦੈ”, ਤੇਜਿੰਦਰ ਸਿੰਘ ਨੇ ਸਹਿਜੇ ਜਿਹੇ ਜੁਆਬ ਦਿੱਤਾ।
“ਉਂਝ ਅਸੀਂ ਨੇਮ ਇਹੀ ਰੱਖਿਆ ਹੋਇਐ ਕਿ ਸਮੇਂ ਸਿਰ ਰੋਟੀ ਖਾ ਲਈ ਦੀ ਹੈ ਤੇ ਸਮੇਂ ਸਿਰ ਹੀ ਸੌਂ ਜਾਈਦੈ”, ਕੋਲ ਬੈਠਦੀ ਹੋਈ ਕਮਲਪ੍ਰੀਤ ਬੋਲੀ।
“ਕਾਕਾ! ਮੈਨੂੰ ਇਨ੍ਹਾਂ ਦੀ ਇਹ ਗੱਲ ਬੜੀ ਚੰਗੀ ਲੱਗੀ ਏ, ਸਮੇਂ ਨਾਲ ਸੌਂਦੇ ਨੇ ਤੇ ਸਮੇਂ ਨਾਲ ਜਾਗਦੇ ਨੇ। ਨਹੀਂ ਤਾਂ ਦਿੱਲੀ ਵਿੱਚ ਤਾਂ ਮਾਰ ਵੱਜੀ ਹੋਈ ਏ, ਅੱਧੀ ਅੱਧੀ ਰਾਤ ਤੱਕ ਸੌਣਾ ਨਹੀਂ ਤੇ ਫੇਰ ਸਵੇਰੇ ਕਿਥੋਂ ਸਮੇਂ ਨਾਲ ਉਠਣਾ ਹੋਇਆ? ਫੇਰ ਨੱਠ-ਭੱਜ ਵਿੱਚ ਤਿਆਰ ਹੋਣਾ। ਨਾ ਗੁਰਬਾਣੀ ਪੜ੍ਹਨੀ ਨਾ ਵਾਹਿਗੁਰੂ ਦਾ ਨਾਂ ਲੈਣਾ। … … … ਮੇਰੇ ਸੀਨੇ ਵਿੱਚ ਬੜੀ ਠੰਡ ਪੈਂਦੀ ਏ, ਤੁਹਾਡੇ ਵਾਂਗੂੰ, ਸਾਰੇ ਬੱਚੇ ਸਵੇਰੇ ਗੁਰਬਾਣੀ ਪੜ੍ਹ ਕੇ ਹੀ ਸਕੂਲ ਜਾਂਦੇ ਨੇ। ਕਾਕਾ ਤੇਜਿੰਦਰ ਸਿੰਘ ਨੇ ਘਰ ਦਾ ਮਹੌਲ ਬੜਾ ਹੀ ਵਧੀਆ ਬਣਾਇਆ ਹੋਇਐ”, ਹੋਰ ਕਿਸੇ ਦੇ ਬੋਲਣ ਤੋਂ ਪਹਿਲਾਂ ਬਲਬੀਰ ਕੌਰ ਬੋਲ ਪਈ। ਉਸ ਦੇ ਹਰ ਬੋਲ ਤੋਂ ਸਾਫ ਪਤਾ ਲਗਦਾ ਸੀ ਕਿ ਉਹ ਘਰ ਦੇ ਮਹੌਲ ਤੋਂ ਬਹੁਤ ਸੰਤੁਸ਼ਟ ਹੈ।
“ਇਹ ਮਹੌਲ ਤਾਂ ਤੁਹਾਡੀ ਧੀ ਨੇ ਬਣਾਇਐ, ਮੈਂ ਤਾਂ ਸਗੋਂ ਇਸ ਦੇ ਕੋਲੋਂ ਸਿੱਖਿਐ”, ਤੇਜਿੰਦਰ ਸਿੰਘ ਨੇ ਕੋਲੋਂ ਮੁਸਕੁਰਾਉਂਦੇ ਹੋਏ ਕਿਹਾ।
“ਬੇਟਾ ਇਸ ਨੇ ਤੁਹਾਡੇ ਕੋਲੋਂ ਬਹੁਤ ਕੁੱਝ ਸਿੱਖਿਐ, ਜ਼ਿੰਦਗੀ ਦਾ ਸਿਲਸਿਲਾ ਤਾਂ ਇੰਝ ਹੀ ਚਲਦੈ, ਇਨਸਾਨ ਸਾਰੀ ਜ਼ਿੰਦਗੀ ਇੱਕ ਦੂਜੇ ਕੋਲੋਂ ਕੁੱਝ ਸਿਖਦਾ ਰਹਿੰਦੈ। ਬੱਸ ਇੱਕ ਦੂਜੇ ਦੇ ਚੰਗੇ ਗੁਣ ਲੈ ਲੈਣੇ ਚਾਹੀਦੇ ਹਨ …. . ਤੇ ਔਗੁਣਾਂ ਤੋਂ ਆਪ ਵੀ ਸੁਚੇਤ ਰਹਿਣਾ ਚਾਹੀਦੈ ਤੇ ਅਗਲੇ ਨੂੰ ਵੀ ਚੇਤੰਨ ਕਰ ਦੇਣਾ ਚਾਹੀਦੈ”, ਬਲਬੀਰ ਕੌਰ ਨੇ ਕੋਲ ਬੈਠੇ ਤੇਜਿੰਦਰ ਦੀ ਪਿੱਠ ਤੇ ਹੱਥ ਫੇਰਦੇ ਹੋਏ ਕਿਹਾ।
“ਵਾਹ ਕਿਆ ਕਮਾਲ ਦੀ ਗੱਲ ਕਹੀ ਹੈ ਮਾਮੀ ਜੀ ਨੇ …. ਸਤਿਗੁਰੂ ਵੀ ਸਾਨੂੰ ਇਹੀ ਸਮਝਾਉਂਦੇ ਹਨ, ‘ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ॥’, ਬਲਦੇਵ ਸਿੰਘ ਨੇ ਉਠਦੇ ਹੋਏ ਕਿਹਾ ਤੇ ਜ਼ਰਾ ਕੁ ਰੁੱਕ ਕੇ ਬੋਲਿਆ “ਮੈਂ ਜ਼ਰਾ ਬਾਥਰੂਮ ਜਾ ਕੇ ਤਾਜ਼ਾ ਹੋ ਆਵਾਂ, ਤੁਹਾਨੂੰ ਖਾਣੇ ਤੋਂ ਹੋਰ ਲੇਟ ਨਾ ਕਰਾਂ” ਕਹਿੰਦਾ ਹੋਇਆ ਉਹ ਕਮਰੇ ਵੱਲ ਲੰਘ ਗਿਆ।
ਉਹ ਵਾਪਸ ਮੁੜਿਆ ਤਾਂ ਸਾਰੇ ਖਾਣੇ ਵਾਲੇ ਮੇਜ਼ ਦੇ ਦੁਆਲੇ ਬੈਠੇ ਸਨ। “ਫਿਰ ਹਰਭਜਨ ਵੀਰੇ ਦਾ ਕੋਈ ਟੈਲੀਫੋਨ ਆਇਆ ਹੈ?”, ਉਸ ਨੇ ਕੁਰਸੀ ਤੇ ਬੈਠਦੇ ਹੋਏ ਪੁਛਿਆ।
“ਹਾਂ ਕਾਕਾ! ਪਹਿਲਾਂ ਤਾਂ ਵਾਪਸ ਪਹੁੰਚ ਕੇ ਕੀਤਾ ਸਾਸੂ, ਉਸ ਦੇ ਬਾਅਦ ਵੀ ਦੋ ਵਾਰੀ ਆ ਚੁੱਕੈ। … … ਬੜੀ ਚੰਗੀ ਖ਼ਬਰ ਹੈ, ਉਸ ਦੇ ਬੱਚੇ ਖੁਸ਼ੀ ਨਾਲ ਸਾਬਤ-ਸੂਰਤ ਹੋਣਾ ਮੰਨ ਗਏ ਨੇ, ਕਹਿੰਦਾ ਸੀ, ਉਹ ਇਸੇ ਗੱਲ ਤੋਂ ਬੜੇ ਖੁਸ਼ ਹੋ ਗਏ ਕਿ ਉਨ੍ਹਾਂ ਦੀ ਦਾਦੀ ਮਾਂ ਉਨ੍ਹਾਂ ਕੋਲ ਰਹੇਗੀ। ਹੁਣ ਉਹ ਮੇਰੇ ਜਾਣ ਵਾਸਤੇ ਕਾਗਜ਼-ਪੱਤਰ ਤਿਆਰ ਕਰਵਾਉਣ ਵਿੱਚ ਲੱਗਾ ਹੋਇਐ ਪਰ ਅਜੇ ਮਹੀਨਾ ਕੁ ਤਾਂ ਲੱਗ ਹੀ ਜਾਵੇਗਾ”, ਦੱਸਦਿਆਂ ਬਲਬੀਰ ਕੌਰ ਦੇ ਚਿਹਰੇ ਤੇ ਇੱਕ ਖੁਸ਼ੀ ਦਾ ਨਿਖਾਰ ਆ ਗਿਆ।
“ਇਸ ਫ਼ੌਜੀ ਕਾਰਵਾਈ ਨਾਲ ਕੌਮ ਨੇ ਤਾਂ ਬਹੁਤ ਕੁੱਝ ਗੁਆਇਐ, ਬੜਾ ਸੰਤਾਪ ਭੋਗਿਐ, ਪਰ ਚਲੋ, ਇਹ ਵੀ ਵਾਹਿਗੁਰੂ ਦੀ ਮਿਹਰ ਸਮਝੋ ਕਿ ਸਾਡੀ ਕੌਮ ਦੇ ਕੁੱਝ ਭੁੱਲੜ ਬੱਚੇ ਘਰ ਵਾਪਸ ਆ ਰਹੇ ਨੇ … …. . ਸਾਡੇ ਤੇ ਤਾਂ ਵਹਿਗੁਰੂ ਨੇ ਇਹ ਬਹੁਤ ਬਖਸ਼ਿਸ਼ ਕੀਤੀ ਹੈ …. . ।” ਅਜੇ ਬਲਦੇਵ ਸਿੰਘ ਦੀ ਗੱਲ ਵਿੱਚੇ ਹੀ ਸੀ ਕਿ ਬਲਬੀਰ ਕੌਰ ਬੋਲ ਪਈ,
“ਸਤਿਗੁਰੂ ਦੀ ਬੜੀ ਮਿਹਰ ਹੋਈ ਆ ਕਾਕਾ! ਪਰ ਥੋੜ੍ਹੀ ਦੇਰ ਹੋ ਗਈ …. ਜੇ ਕਿਤੇ ਦੋ-ਚਾਰ ਦਿਨ ਪਹਿਲੇ ਆ ਜਾਂਦਾ ਜਾਂ ਖ਼ਬਰ ਹੀ ਆ ਜਾਂਦੀ, ਤੇਰੇ ਮਾਮਾ ਜੀ ਚੈਨ ਨਾਲ ਸੁਆਸ ਤਿਆਗਦੇ, … …. ਆਖਰੀ ਦਿਨਾਂ ਵਿੱਚ ਤਾਂ ਉਸ ਨੂੰ ਬਹੁਤ ਯਾਦ ਕਰਦੇ ਰਹੇ ਸਨ, ਆਖਰੀ ਪਲਾਂ ਤੱਕ ਧਿਆਨ ਉਸੇ ਵਿੱਚ ਸਾਨੇ”, ਬੋਲਦਿਆਂ ਉਸ ਦਾ ਗਲਾ ਭਰ ਆਇਆ।
ਚਿਰਾਂ ਬਾਅਦ ਮਿਲੋ ਤਾਂ ਘਰਾਂ ਦੀਆਂ ਗੱਲਾਂ ਵੈਸੇ ਹੀ ਨਹੀਂ ਮੁਕਦੀਆਂ। ਹੁਣ ਗੁਲਾਬ ਸਿੰਘ ਦੀ ਗੱਲ ਚੱਲ ਪਈ ਤਾਂ ਕਿਤਨੀ ਦੇਰ ਉਸੇ ਦੀਆਂ ਗੱਲਾਂ ਚਲਦੀਆਂ ਰਹੀਆਂ। ਰੋਟੀ ਕਦੋਂ ਦੀ ਮੁੱਕ ਚੁੱਕੀ ਸੀ ਪਰ ਗੱਲਾਂ ਚੱਲੀ ਜਾ ਰਹੀਆਂ ਸਨ। ਬੱਚੇ ਉਬਾਸੀਆਂ ਲੈਣ ਲੱਗ ਪਏ। ਘੜੀ ਵੱਲ ਵੇਖਦੇ ਹੋਏ ਤੇਜਿੰਦਰ ਸਿੰਘ ਬੋਲਿਆ, “ਟਾਈਮ ਬਹੁਤ ਹੋ ਗਿਐ, ਵੀਰ ਜੀ ਕੱਲ ਰਾਤ ਵੀ ਸਫਰ ਕਰ ਕੇ ਆਏ ਨੇ, ਹੁਣ ਉਨ੍ਹਾਂ ਨੂੰ ਆਰਾਮ ਕਰਨ ਦਿਓ, ਬਾਕੀ ਗੱਲਾਂ ਸਵੇਰੇ ਕਰ ਲੈਣਾ।” ਕਹਿੰਦਾ ਹੋਇਆ ਉਹ ਆਪ ਉੱਠ ਕੇ ਖੜਾ ਹੋ ਗਿਆ ਤੇ ਬੱਚਿਆਂ ਨੂੰ ਆਪਣੇ ਕਮਰੇ ਵਿੱਚ ਜਾਣ ਲਈ ਕਿਹਾ। ਵੱਡੇ ਬੱਚੇ ਤਾਂ ਤੁਰ ਪਏ ਪਰ ਸਭ ਤੋਂ ਛੋਟੀ ਬੇਟੀ ਪਰਮ ਬਿੱਟਰ ਪਈ, “ਮੈਂ ਤਾਂ ਮਾਮਾ ਜੀ ਦੇ ਨਾਲ ਹੀ ਸੌਣੈ, ਨਾਲੇ ਸਾਖੀ ਵੀ ਸੁਣਨੀ ਹੈ।” ਉਸ ਨੇ ਮਾਮੇ ਨਾਲ ਲਿਪਟਦੇ ਹੋਏ ਕਿਹਾ।
“ਨਹੀਂ ਬੇਟਾ, ਮਾਮਾ ਜੀ ਥੱਕੇ ਹੋਏ ਨੇ, ਨਾਲੇ ਤੇਰੇ ਵੀਰ ਜੀ ਨੇ ਸੌਣੈ ਤੇਰੇ ਮਾਮਾ ਜੀ ਨਾਲ। ਤੂੰ ਪ੍ਰੇਸ਼ਾਨ ਕਰੇਂਗੀ”, ਕੋਲੋਂ ਕਮਲ ਉਸ ਨੂੰ ਬਲਦੇਵ ਸਿੰਘ ਨਾਲੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦੀ ਹੋਈ ਬੋਲੀ।
ਬਲਦੇਵ ਸਿੰਘ ਨੇ ਉਸ ਨੂੰ ਨਾਲ ਘੁੱਟ ਲਿਆ ਤੇ ਪਿਆਰ ਕਰਦੇ ਹੋਏ ਕਿਹਾ, “ਨਹੀਂ! ਇਹ ਤਾਂ ਮੇਰੀ ਬੜੀ ਪਿਆਰੀ ਬੇਟੀ ਏ, ਬਿਲਕੁਲ ਤੰਗ ਨਹੀਂ ਕਰਦੀ”, ਫੇਰ ਪਰਮ ਵੱਲ ਮੁੜਦੇ ਹੋਏ ਕਿਹਾ, “ਪਰ ਅੱਜ ਵੀਰ ਜੀ ਨੇ ਨਾਲ ਸੌਣੈ ਨਾ, ਕੱਲ ਸਵੇਰੇ ਸੁਣਾਵਾਂਗਾ ਸਾਖੀ, ਹੁਣ ਤੁਸੀਂ ਸੌਂ ਜਾਓ।”
“ਮਾਮਾ ਜੀ! ਕੱਲ ਮੈਂ ਵੀ ਇੱਕ ਸ਼ਬਦ ਦੇ ਅਰਥ ਸਮਝਣੇ ਨੇ”, ਵੱਡੀ ਬੇਟੀ ਜਸਮੀਤ ਨੇ ਜਾਂਦੇ-ਜਾਂਦੇ ਰੁੱਕ ਕੇ ਕਿਹਾ। ਉਹ ਹੁਣ ਜਵਾਨੀ ਦੀਆਂ ਬਰੂਹਾਂ ਤੇ ਸੀ ਤੇ ਸਕੂਲ ਵਿੱਚ ਗਿਆਰਵ੍ਹੀਂ ਕਲਾਸ ਵਿੱਚ ਪੜ੍ਹਦੀ ਸੀ। ਭਾਵੇਂ ਸੁਭਾਅ ਤੋਂ ਬਹੁਤ ਸ਼ਰਮੀਲੀ ਸੀ ਪਰ ਮਾਮੇ ਦੇ ਆਉਣ ਤੇ ਉਸ ਨੂੰ ਬੜੀ ਖੁਸ਼ੀ ਹੁੰਦੀ। ਇੱਕ ਤਾਂ ਬਲਦੇਵ ਸਿੰਘ ਪਿਆਰ ਬਹੁਤ ਕਰਦਾ ਸੀ, ਦੂਸਰਾ, ਭਾਵੇਂ ਉਹ ਅਕਸਰ ਮੰਮੀ-ਪਾਪਾ ਨਾਲ ਵੀ ਸ਼ਬਦ ਵਿਚਾਰ ਲੈਂਦੀ ਪਰ ਜਿਸ ਤਰ੍ਹਾਂ ਬਲਦੇਵ ਸਿੰਘ ਸਮਝਾਉਂਦਾ ਸੀ ਉਹ ਉਸ ਨੂੰ ਬਹੁਤ ਚੰਗਾ ਲਗਦਾ। ਅਸਲ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਸਮਝਣ ਦਾ ਸ਼ੌਂਕ ਵੀ ਉਸ ਨੂੰ ਬਲਦੇਵ ਸਿੰਘ ਨੇ ਹੀ ਪਾਇਆ ਸੀ।
ਬਲਦੇਵ ਸਿੰਘ ਉਸ ਦੇ ਸਿਰ ਤੇ ਬੜੇ ਪਿਆਰ ਨਾਲ ਹੱਥ ਰਖਦੇ ਹੋਏ ਬੋਲਿਆ, “ਜ਼ਰੂਰ ਬੇਟਾ, ਮੈਂ ਦੁਪਹਿਰੇ ਵਾਪਸ ਜਾਣੈ, ਆਪਾਂ ਕੱਲ ਸਵੇਰੇ ਵਿਚਾਰਾਂਗੇ।”
“ਮੈਂ ਵੀ ਮਾਮਾ ਜੀ”, ਕੋਲੋਂ ਕਮਲਪ੍ਰੀਤ ਦੇ ਬੇਟੇ ਇਸ਼ਟਪ੍ਰੀਤ ਨੇ ਬੜੇ ਲਾਡ ਨਾਲ ਕਿਹਾ। ਸ਼ਾਇਦ ਉਸ ਨੂੰ ਜਾਪਿਆ ਕਿ ਉਹ ਇਕੱਲਾ ਹੀ ਪਿੱਛੇ ਰਹਿ ਗਿਆ ਹੈ। ਬਲਦੇਵ ਸਿੰਘ ਨੇ ਉਸ ਦੇ ਸਿਰ ਤੇ ਵੀ ਬੜੇ ਪਿਆਰ ਨਾਲ ਹੱਥ ਰਖਦੇ ਹੋਏ ਕਿਹਾ, “ਹਾਂ ਬੇਟਾ ਮੈਂ ਸਾਖੀ ਵੀ ਤੁਹਾਨੂੰ ਇਕੱਠੇ ਸੁਣਾਵਾਂਗਾ ਤੇ ਸ਼ਬਦ ਵੀ ਆਪਾਂ ਇਕੱਠੇ ਬੈਠ ਕੇ ਵਿਚਾਰਾਂਗੇ।” ਲਗਦਾ ਸੀ ਬੱਚਿਆਂ ਦੀ ਸੰਤੁਸ਼ਟੀ ਹੋ ਗਈ ਸੀ, ਉਹ ਆਪਣੇ ਕਮਰੇ ਵੱਲ ਤੁੱਰ ਗਏ ਤੇ ਬਾਕੀ ਆਪਣਿਆਂ ਕਮਰਿਆਂ ਵੱਲ।
“ਹਰਮੀਤ! ਕੈਸਾ ਰਿਹਾ, ਅੰਮ੍ਰਿਤਸਰ ਦਾ ਵਿਸ਼ਵ ਸਿੱਖ ਸੰਮੇਲਨ?” ਕਮਰੇ ਵਿੱਚ ਪਹੁੰਚ ਕੇ ਕਪੜੇ ਬਦਲਦੇ ਹੋਏ ਬਲਦੇਵ ਸਿੰਘ ਨੇ ਬਾਥਰੂਮ `ਚੋਂ ਬਾਹਰ ਆਉਂਦੇ ਹੋਏ ਹਰਮੀਤ ਨੂੰ ਪੁੱਛਿਆ। ਸਮਾਂ ਮਿਲਦੇ ਹੀ ਉਸ ਦੀ ਜਗਿਆਸਾ ਜਾਗ ਉਠੀ ਸੀ।
“ਬਸ, ਠੀਕ ਸੀ ਭਾਪਾ ਜੀ, ਕੈਸਾ ਰਹਿਣਾ ਸੀ ….”, ਹਰਮੀਤ ਨੇ ਨਿਰਾਸਤਾ ਵਿੱਚ ਮੂੰਹ ਲਟਕਾਉਂਦੇ ਹੋਏ ਕਿਹਾ ਤੇ ਨਾਲ ਹੀ ਉਹ ਪਲੰਘ ਤੇ ਬੈਠ ਗਿਆ।
“ਫੇਰ ਵੀ, ਉੱਥੇ ਦੀ ਗੱਲ ਬਾਤ ਤਾਂ ਸੁਣਾ … “, ਬਲਦੇਵ ਸਿੰਘ ਨੇ ਵੀ ਕੋਲ ਬੈਠਦੇ ਹੋਏ ਕਿਹਾ।
ਇਨ੍ਹੇਂ ਨੂੰ ਤੇਜਿੰਦਰ ਸਿੰਘ ਕਮਰੇ ਵਿੱਚ ਦਾਖਲ ਹੋਇਆ, ਬਲਦੇਵ ਸਿੰਘ ਨੇ ਵੇਖਦੇ ਹੀ ਕਿਹਾ, “ਆਓ! ਤੇਜਿੰਦਰ ਜੀ, ਆ ਜਾਓ।” ਵਿਆਹ ਤੋਂ ਬਾਅਦ ਪਹਿਲਾਂ ਤਾਂ ਬਲਦੇਵ ਸਿੰਘ ਉਸ ਨੂੰ ਜੀਜਾ ਜੀ ਕਹਿ ਕੇ ਬੁਲਾਉਂਦਾ ਸੀ ਪਰ ਅਸਲ ਵਿੱਚ ਤੇਜਿੰਦਰ ਉਮਰ ਵਿੱਚ ਉਸ ਤੋਂ ਕੁੱਝ ਛੋਟਾ ਹੀ ਸੀ ਅਤੇ ਉਸ ਨੇ ਜ਼ੋਰ ਪਾਕੇ ਬਲਦੇਵ ਸਿੰਘ ਨੂੰ ਮਨਾ ਲਿਆ ਸੀ ਕਿ ਉਹ ਉਸ ਨੂੰ ਨਾਂ ਲੈ ਕੇ ਹੀ ਬੁਲਾਇਆ ਕਰੇ, ਹਾਲਾਂਕਿ ਉਹ ਆਪ ਉਸ ਨੂੰ ਵੀਰ ਜੀ ਕਹਿ ਕੇ ਬੁਲਾਉਂਦਾ ਸੀ।
“ਬਸ ਵੀਰ ਜੀ, ਮੈਂ ਤਾਂ ਇਹ ਪੁੱਛਣ ਆਇਆ ਸੀ ਕਿ ਹੋਰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ?” ਤੇਜਿੰਦਰ ਸਿੰਘ ਨੇ ਉਥੇ ਹੀ ਖੜ੍ਹੇ-ਖੜ੍ਹੇ ਕਿਹਾ।
“ਨਹੀਂ, ਸਾਨੂੰ ਤਾਂ ਹੋਰ ਕੁੱਝ ਨਹੀਂ ਚਾਹੀਦਾ, … … ਬੱਸ, ਮੈਂ ਜ਼ਰਾ ਹਰਮੀਤ ਕੋਲੋਂ ਪਿਛਲੇ ਐਤਵਾਰ, ਅੰਮ੍ਰਿਤਸਰ ਵਿੱਚ ਹੋਏ ਵਿਸ਼ਵ ਸਿੱਖ ਸੰਮੇਲਨ ਬਾਰੇ ਪੁੱਛ ਰਿਹਾ ਸੀ”, ਬਲਦੇਵ ਸਿੰਘ ਨੇ ਉਥੇ ਬੈਠੇ ਬੈਠੇ ਕਿਹਾ।
“ਅੱਛਾ! ਇਹ ਤਾਂ ਮੈਂ ਵੀ ਸੁਣਨਾ ਚਾਹਾਂਗਾ। ਅਸਲ ਵਿੱਚ ਮੈਂ ਵੀ ਉਥੇ ਜਾਣਾ ਤਾਂ ਚਾਹੁੰਦਾ ਸਾਂ ਪਰ ਕਿਸੇ ਮਜ਼ਬੂਰੀ ਕਾਰਨ ਜਾ ਨਹੀਂ ਸਕਿਆ”, ਉਹ ਵੀ ਕੋਲ ਬੈਠਦਾ ਹੋਇਆ ਬੋਲਿਆ,
ਬਲਦੇਵ ਸਿੰਘ ਨੇ ਫੇਰ ਹਰਮੀਤ ਵੱਲ ਮੂੰਹ ਘੁੰਮਾਇਆ ਤੇ ਬੋਲਿਆ, “ਹਾਂ ਹਰਮੀਤ ਸੁਣਾ ਜ਼ਰਾ ਫੇਰ ਉਥੇ ਦੀ ਗੱਲਬਾਤ?”
“ਕੀ ਸੁਣਾਵਾਂ ਭਾਪਾ ਜੀ? ਉਹੀ ਕਹਾਣੀ ਹੈ ਜੋ ਬਾਰ-ਬਾਰ ਦੁਹਰਾਈ ਜਾ ਰਹੀ ਹੈ। ਕੌਮ ਕੁਰਬਾਨੀਆਂ ਕਰਨ ਵਾਲੀ ਹੱਦ ਕਰ ਦੇਂਦੀ ਹੈ ਪਰ ਆਗੂ ਕਦੇ ਕੌਮ ਦੀਆਂ ਭਾਵਨਾਵਾਂ ਤੇ ਖਰੇ ਨਹੀਂ ਉਤਰਦੇ” ਹਰਮੀਤ ਨੇ ਸਿਰ ਨੀਵਾਂ ਕਰ ਕੇ ਨਿਰਾਸ਼ਾ ਵਾਲੀ ਭਾਵਨਾ ਨਾਲ ਬੋਲਣਾ ਸ਼ੁਰੂ ਕੀਤਾ ਤੇ ਫੇਰ ਥੋੜ੍ਹਾ ਰੁੱਕ ਕੇ ਇੱਕ ਠੰਡਾ ਸਾਹ ਲਿਆ ਤੇ ਸਿਰ ਉਪਰ ਚੁੱਕ ਕੇ ਦੁਬਾਰਾ ਗੱਲ ਜਾਰੀ ਕੀਤੀ, “ਭਾਪਾ ਜੀ ਹੁਣ ਫੇਰ ਬਿਲਕੁਲ ਉਹੀ ਕੁੱਝ ਹੋਇਐ। ਇਤਨੀ ਸਖਤੀ ਸੀ ਕਿ ਤੁਹਾਨੂੰ ਕੀ ਦੱਸਾਂ, ਫ਼ੌਜੀ ਅਤੇ ਨੀਮ ਫ਼ੌਜੀ ਦਸਤਿਆਂ ਨੇ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਪੂਰੀ ਤਰ੍ਹਾਂ ਘੇਰਾ ਪਾਇਆ ਹੋਇਆ ਸੀ, ਪੰਜਾਬ ਪੁਲੀਸ ਵੀ ਉਨ੍ਹਾਂ ਦੇ ਨਾਲ ਸੀ। ਇਕੱਠ ਵਾਲੇ ਸਥਾਨ ਦੇ ਨੇੜੇ ਤੇ ਇੰਝ ਸੀ ਜਿਵੇਂ ਸੁਰਖਿਆ ਫ਼ੌਜਾਂ ਦੀ ਛਾਵਨੀ ਬਣੀ ਹੋਵੇ। ਹਾਲਾਂਕਿ ਅਨਗਿਣਤ ਸੰਗਤਾਂ ਨੂੰ ਸੁਰੱਖਿਆ ਫ਼ੌਜਾਂ ਨੇ ਰਾਹ ਵਿੱਚ ਹੀ ਰੋਕ ਲਿਆ, ਉਸ ਦੇ ਬਾਵਜੂਦ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਪੁੱਜੀਆਂ ਸਨ। ਦੇਸ਼ ਦਾ ਕਿਹੜਾ ਹਿੱਸਾ ਹੋਵੇਗਾ ਜਿਥੋਂ ਕੌਮੀ ਪਰਵਾਨੇਂ ਨਾ ਪਹੁੰਚੇ ਹੋਣ? ਇਤਨਾ ਹੀ ਨਹੀਂ ਉਥੇ ਪਹੁੰਚਿਆ ਹਰ ਸਿੱਖ ਜਾਨ ਤਲੀ ਤੇ ਧਰ ਕੇ ਆਇਆ ਸੀ, ਬਸ ਇਕੋ ਚਾਅ ਸੀ ਕਿ ਅੱਜ ਦਰਬਾਰ ਸਾਹਿਬ ਨੂੰ ਹਰ ਸੂਰਤ ਫ਼ੌਜ ਕੋਲੋਂ ਖਾਲੀ ਕਰਵਾਉਣਾ ਹੈ, ਭਾਵੇਂ ਜਿਤਨੀਆਂ ਮਰਜ਼ੀ ਸ਼ਹਾਦਤਾਂ ਦੇਣੀਆਂ ਪੈਣ। ਅੰਮ੍ਰਿਤਸਰ ਵਾਸੀ ਸਿੱਖਾਂ ਨੇ ਵੀ ਕਮਾਲ ਕਰ ਦਿੱਤੀ ਹੈ, ਜਿਥੇ ਉਹ ਵੀ ਹੁੰਮ-ਹੁੰਮਾ ਕੇ ਇਕੱਠ ਵਿੱਚ ਪਹੁੰਚੇ ਸਨ, ਸਭ ਤੋਂ ਵੱਧ ਉਨ੍ਹਾਂ ਨੇ ਸੰਗਤਾਂ ਨੂੰ ਪੰਥਕ ਇਕੱਠ ਵਾਲੀ ਜਗ੍ਹਾ, ਬਾਬਾ ਦੀਪ ਸਿੱਘ ਸ਼ਹੀਦ ਦੇ ਗੁਰਦੁਆਰੇ ਪਹੁੰਚਣ ਵਿੱਚ ਜੋ ਸਹਿਯੋਗ ਦਿੱਤੈ, ਉਹ ਤਾਂ ਲਾਮਿਸਾਲ ਸੀ। ਕਿਉਂ ਕਿ ਸਾਰੇ ਰਸਤਿਆਂ ਤੇ ਨਾਕਾ ਬੰਦੀ ਹੋਈ ਹੋਈ ਸੀ, ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਨੇ ਆਪਣੇ ਘਰਾਂ ਦੀਆਂ ਦੀਵਾਰਾਂ ਤੋੜ ਕੇ ਉਨ੍ਹਾਂ ਦੇ ਉਥੇ ਪੁਜਣ ਵਾਸਤੇ ਰਾਹ ਬਣਾਏ। ਕਿਸੇ ਪਰਵਾਹ ਨਹੀਂ ਕੀਤੀ ਕਿ ਘਰ ਦੀ ਖੁਬਸੂਰਤੀ ਖਰਾਬ ਹੋ ਰਹੀ ਹੈ ਕਿ ਕਿਤਨਾ ਮਾਲੀ ਨੁਕਸਾਨ ਹੋ ਰਿਹੈ। ਉਸ ਦਿਨ ਤਾਂ ਉਥੇ ਦੇ ਹਰ ਸਿੱਖ ਦਾ ਘਰ ਗੁਰੂ ਕਾ ਲੰਗਰ ਸੀ ਅਤੇ ਹਰ ਸਿੱਖ ਸ਼ਹੀਦ ਹੋਣ ਵਾਲਿਆਂ ਦੀ ਕਤਾਰ ਵਿੱਚ ਸੀ। ਇਕੱਠ ਵਿੱਚ ਜੇ ਨੌਜੁਆਨ ਜੋਸ਼ ਵਿੱਚ ਸਨ ਤਾਂ ਬਜ਼ੁਰਗ ਅਤੇ ਬੀਬੀਆਂ ਉਨ੍ਹਾਂ ਤੋਂ ਅੱਗੇ ਸਨ। ਹੋਰ ਤਾਂ ਹੋਰ ਨੌਜੁਆਨੀ ਦੀ ਉਮਰ ਤੋਂ ਹੇਠਾਂ ਵਾਲੇ ਬੱਚਿਆਂ ਦੀ ਵੀ ਕਮੀ ਨਹੀਂ ਸੀ, ਹਰ ਸਿੱਖ ਦਾ ਜੋਸ਼ ਅਤੇ ਜਜ਼ਬਾ ਉਨ੍ਹਾਂ ਦੇ ਚਿਹਰਿਆਂ ਤੋਂ ਠਾਠਾਂ ਮਾਰਦਾ ਸੀ …. ।”
“ਵਾਹ! ਬਲਿਹਾਰ ਜਾਵਾਂ ਸਤਿਗੁਰੂ ਦੇ ਖਾਲਸਾ ਪੰਥ ਤੋਂ। ਧੰਨ ਨੇ ਉਹ ਗੁਰਸਿੱਖ ਜੋ ਇਤਨੀ ਸਖਤੀ ਦੇ ਬਾਵਜੂਦ ਇਤਨੀ-ਇਤਨੀ ਦੂਰੋਂ ਵਹੀਰਾਂ ਪਾ ਕੇ ਉਥੇ ਪੁੱਜੇ ਤੇ ਧੰਨ ਨੇ ਉਹ ਮਾਤਾ-ਪਿਤਾ, ਜਿਨ੍ਹਾਂ ਆਪਣੇ ਬੱਚਿਆਂ ਨੂੰ ਉਥੇ ਆਉਣ ਦੀ ਆਗਿਆ ਦਿੱਤੀ”, ਬਲਦੇਵ ਸਿੰਘ ਦੇ ਮੂੰਹੋਂ ਅਨਭੋਲ ਹੀ ਨਿਕਲਿਆ ਅਤੇ ਦੋ ਅਥਰੂ ਲੁੜਕ ਕੇ ਉਸ ਦੀਆਂ ਗੱਲ੍ਹਾਂ ਤੇ ਆ ਗਏ। ਹਰਮੀਤ ਸਮਝ ਨਹੀਂ ਸਕਿਆ ਕਿ ਉਸ ਦੇ ਪਿਤਾ ਦੀਆਂ ਅੱਖਾਂ `ਚੋਂ ਇਹ ਅਥਰੂ ਜੋਸ਼ ਕਾਰਨ ਲੁੜਕੇ ਸਨ ਜਾਂ ਉਨ੍ਹਾਂ ਜੋਧਿਆਂ ਦੇ ਸਤਿਕਾਰ ਵਿੱਚ?
“ਉਹ ਤਾਂ ਠੀਕ ਹੈ ਭਾਪਾ ਜੀ! ਪਰ ਇਹ ਸਭ ਕੁੱਝ ਕਿਸ ਅਰਥ ਲੱਗਾ, …. . ਕੀ ਪਰਾਪਤ ਹੋਇਆ?” ਗੱਲ ਕਰਦਿਆਂ ਹਰਮੀਤ ਦੇ ਚਿਹਰੇ ਤੇ ਰੋਹ ਜਾਗ ਪਿਆ, “ਉਹੀ ਆਗੂਆਂ ਦੀਆਂ ਗਲੇਫੀਆਂ ਹੋਈਆਂ ਗੱਲਾਂ! ਬੋਲਣ ਵਿੱਚ ਜੋਸ਼, ਸੰਗਤਾਂ ਨੂੰ ਭਰਮਾਉਣ ਵਾਲੇ ਗੋਲਮੋਲ ਲਫਜ਼ ਤੇ ਨਤੀਜਾ ਲਿੱਦ”, ਬੋਲਦਿਆਂ ਹਰਮੀਤ ਦੀ ਜ਼ੁਬਾਨ ਬੰਦ ਹੋ ਗਈ ਜਿਵੇਂ ਕਈ ਵਾਰੀ ਜੋਸ਼ ਵਿੱਚ ਲਫਜ਼ ਗੁਆਚ ਜਾਂਦੇ ਨੇ ਤੇ ਉਸ ਦੀਆਂ ਅੱਖਾਂ ਭਰ ਆਈਆਂ। ਸਾਫ ਪਤਾ ਲੱਗ ਰਿਹਾ ਸੀ ਕਿ ਅੱਖਾਂ ਵਿੱਚ ਇਹ ਪਾਣੀ ਜੋਸ਼ ਅਤੇ ਰੋਸ ਕਾਰਨ ਉਤਰ ਆਇਆ ਹੈ।
“ਪਰ ਹਰਮੀਤ ਜਦ ਸੰਗਤਾਂ ਇਤਨੇ ਜੋਸ਼ ਵਿੱਚ ਸਨ ਤਾਂ ਉਨ੍ਹਾਂ ਆਗੂਆਂ ਨੂੰ ਮਜਬੂਰ ਨਹੀਂ ਕੀਤਾ ਕਿ ਅਸੀਂ ਜਿਸ ਕੰਮ ਆਏ ਹਾਂ ਉਹ ਕਰਕੇ ਜਾਣਾ ਹੈ?” ਬਲਦੇਵ ਸਿੰਘ ਨੇ ਹੈਰਾਨ ਹੁੰਦੇ ਹੋਏ ਕਿਹਾ।
“ਸੰਗਤਾਂ ਦੀ ਕੌਣ ਸੁਣਦਾ ਹੈ ਭਾਪਾ ਜੀ, ਇਨ੍ਹਾਂ ਤਾਂ ਫੈਸਲੇ ਪਹਿਲਾਂ ਹੀ ਕੀਤੇ ਹੁੰਦੇ ਨੇ, ਬਸ ਉਨ੍ਹਾਂ ਨੂੰ ਸੰਗਤਾਂ ਉਤੇ ਥੋਪ ਦੇਂਦੇ ਨੇ। …. . ਪਹਿਲਾਂ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਜੋਸ਼ ਭਰੇ ਕੀਰਤਨ ਨਾਲ ਕਾਫੀ ਆਸ ਬੱਝੀ ਸੀ ਪਰ ਬੱਸ ਉਸ ਦੇ ਬਾਅਦ ਸੰਗਤਾਂ ਦਾ ਜੋਸ਼ ਠੰਡਾ ਕਰਨ ਵਾਲੀਆਂ ਗਲੇਫੀਆਂ ਹੋਈਆਂ ਗੱਲਾਂ ਸ਼ੁਰੂ ਹੋ ਗਈਆਂ। ਭਾਵੇਂ ਗਿਆਨੀ ਸੰਤ ਸਿੰਘ ਮਸਕੀਨ ਜੀ ਵਿਖਾਵੇ ਦੇ ਤੌਰ ਤੇ ਤਾਂ ਜੋਸ਼ ਵਿਖਾ ਰਹੇ ਸਨ ਪਰ ਮੈਂ ਉਨ੍ਹਾਂ ਦੀਆਂ ਗੋਲਮੋਲ ਗੱਲਾਂ ਤੋਂ ਹੀ ਸਮਝ ਗਿਆ ਸਾਂ ਕਿ ਇਹ ਅੰਦਰੋਂ ਸੰਗਤਾਂ ਦੇ ਜੋਸ਼ ਨੂੰ ਠੰਡਾ ਕਰਨ ਵਾਲੀ ਖੇਡ ਖੇਡ ਰਹੇ ਹਨ।”
“ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਦਾ ਇਹ ਮੰਦਭਾਗਾ ਸਾਕਾ ਵਾਪਰਿਐ, ਪ੍ਰੋ. ਦਰਸ਼ਨ ਸਿੰਘ ਜੀ ਨੇ ਤਾਂ ਸੰਗਤਾਂ ਨੂੰ ਜਾਗਰੂਕ ਕਰਨ ਲਈ ਜੋਸ਼ੀਲੇ ਕੀਰਤਨਾਂ ਦੀ ਝੜੀ ਲਾ ਦਿੱਤੀ ਏ। ਨਿਰੋਲ ਗੁਰਬਾਣੀ ਤੇ ਅਧਾਰਤ ਦਲੀਲ ਨਾਲ ਗੱਲ ਸਮਝਾਉਂਦੇ ਨੇ। ਉਨ੍ਹਾਂ ਦੇ ਬੋਲ ਤਾਂ ਹਿਰਦੇ ਨੂੰ ਛੂਹ ਜਾਂਦੇ ਨੇ, ਸਾਫ ਪਤਾ ਲੱਗਦੈ ਕਿ ਸੱਚੀ ਭਾਵਨਾ `ਚੋਂ ਨਿਕਲੇ ਨੇ। ਇਸ ਵੇਲੇ ਤਾਂ ਉਨ੍ਹਾਂ ਕਮਾਲ ਦੀ ਜੁਰਅਤ ਵਿਖਾਈ ਏ, ਅਸਲ ਵਿੱਚ ਤਾਂ ਉਨ੍ਹਾਂ ਸਾਹਸੱਤ-ਹੀਣ ਹੋਈ ਕੌਮ ਅੰਦਰ ਇੱਕ ਨਵੀਂ ਜ਼ਿੰਦਗੀ ਫੂਕ ਦਿੱਤੀ ਏ, ਪਰ …. ਸੰਤ ਸਿੰਘ ਮਸਕੀਨ ਜੀ ਕੋਲੋਂ ਵੀ ਸਾਨੂੰ ਤਾਂ ਬੜੀਆਂ ਆਸਾਂ ਸਨ, … … ਉਨ੍ਹਾਂ ਵੀ … … “, ਬਲਦੇਵ ਸਿੰਘ ਨੇ ਹਰਮੀਤ ਨੂੰ ਕੁੱਝ ਰੁਕਦਾ ਵੇਖਿਆ ਤਾਂ ਉਹ ਵਿੱਚੋਂ ਹੀ ਬੋਲਿਆ ਪਰ ਕੋਲੋਂ ਹੀ ਤੇਜਿੰਦਰ ਸਿੰਘ ਜੋ ਪੂਰੀ ਉਤਸੁਕਤਾ ਨਾਲ ਸਾਰੀ ਗੱਲਬਾਤ ਸੁਣ ਰਿਹਾ ਸੀ, ਉਸ ਦੀ ਗੱਲ ਕੱਟ ਕੇ ਬੋਲਿਆ, “ਵੀਰ ਜੀ, ਪਤਾ ਨਹੀਂ ਤੁਸੀਂ ਕਿਵੇਂ ਆਸ ਲਾਈ ਬੈਠੇ ਸਾਓ, ਇਹ ਠੀਕ ਹੈ ਕਿ ਉਹ ਚੰਗੇ ਵਿਦਵਾਨ ਨੇ ਪਰ ਪੰਥਕ ਮੁੱਦਿਆ ਤੇ ਤਾਂ ਮੈਂ ਉਨ੍ਹਾਂ ਨੂੰ ਸਦਾ ਅਕਾਲੀ ਆਗੂਆਂ ਦਾ ਪੱਖ ਪੂਰਦੇ ਹੀ ਵੇਖਿਐ।”
“ਤੁਹਾਡੀ ਗੱਲ ਤਾਂ ਠੀਕ ਹੈ ਤੇਜਿੰਦਰ ਜੀ, ਪਰ ਵਿਦਵਾਨਾਂ ਕੋਲੋਂ ਆਸਾਂ ਤਾਂ ਹੁੰਦੀਆਂ ਹੀ ਨੇ ਕਿ ਭੀੜ ਦੇ ਸਮੇਂ ਕੌਮ ਨੂੰ ਸੁਚੱਜੀ ਅਗਵਾਈ ਦੇਣਗੇ”, ਬਲਦੇਵ ਸਿੰਘ ਨੇ ਤੇਜਿੰਦਰ ਸਿੰਘ ਦੀ ਗੱਲ ਦਾ ਜੁਆਬ ਦੇ ਕੇ ਰੁੱਖ ਫੇਰ ਹਰਮੀਤ ਵੱਲ ਮੋੜਿਆ, “… … ਪਰ ਹਰਮੀਤ! ਅਸਲ ਵਿੱਚ ਨੌਜੁਆਨਾਂ ਨੂੰ ਆਪ ਸਟੇਜ ਤੇ ਆਉਣਾ ਚਾਹੀਦਾ ਸੀ ਤੇ ਇਨ੍ਹਾਂ ਜਥੇਦਾਰਾਂ ਤੇ ਜੋਰ ਪਾਉਣਾ ਚਾਹੀਦਾ ਸੀ। ਇਸ ਸਾਰੇ ਵਰਤਾਰੇ ਵਿੱਚ ਅਸੀਂ ਵੇਖ ਤਾਂ ਬੈਠੇ ਹਾਂ ਕਿ ਇਹ ਮਿੱਟੀ ਦੇ ਮਾਧੋ ਨੇ। ਇਨ੍ਹਾਂ ਕੋਲੋਂ ਕੌਮ ਕੀ ਆਸਾਂ ਲਾਈ ਬੈਠੀ ਏ?”
“ਭਾਪਾ ਜੀ, ਸਟੇਜ ਤੇ ਸਾਰਾ ਕਬਜ਼ਾ ਜਥੇਦਾਰਾਂ ਦੇ ਖੁਸ਼ਾਮਦਗਾਰਾਂ ਦਾ ਸੀ। ਨੌਜੁਆਨਾਂ ਨੂੰ ਤਾਂ ਉਹ ਨੇੜੇ ਵੀ ਨਹੀਂ ਸਨ ਫੜਕਣ ਦੇਣਾ ਚਾਹੁੰਦੇ। ਇਹ ਤਾਂ ਨੌਜੁਆਨਾਂ ਨੇ ਬੜਾ ਰੌਲਾ ਪਾਇਆ ਤਾਂ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਆਗੂ ਨੂੰ ਬੋਲਣ ਦੇਣ ਲਈ ਰਾਜੀ ਹੋਏ। ਮੈਂ ਤਾਂ ਸਮਝਦਾਂ, ਉਸ ਦੀਆਂ ਜੋਸ਼ੀਲੀਆਂ ਗੱਲਾਂ ਨੂੰ ਸੰਗਤ ਦਾ ਜੋ ਹੁੰਗਾਰਾ ਮਿਲਿਆ, ਉਸ ਕਾਰਨ ਹੀ ਇਨ੍ਹਾਂ ਨੂੰ ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਤੇ ਅਕਾਲ ਤਖਤ ਸਾਹਿਬ ਦੀ ਸਰਕਾਰੀ ਸੇਵਾ ਵਿੱਚ ਸੰਤਾ ਸਿੰਘ ਦੇ ਸਾਥੀ ਬਣੇ ਅਖੌਤੀ ਸੰਤ ਨਰੈਣ ਸਿੰਘ ਕਲੇਰਾਂ ਵਾਲੇ ਨੂੰ ਪੰਥ `ਚੋਂ ਛੇਕਣ ਦਾ ਫੈਸਲਾ ਲੈਣਾ ਪਿਆ ਤੇ ਨਾਲੇ ਸੰਤਾ ਸਿੰਘ ਨੂੰ ਪੰਥ `ਚੋਂ ਛੇਕਣ ਦੇ ਫੈਸਲੇ ਤੇ ਵੀ ਸੰਗਤੀ ਮੋਹਰ ਲੱਗ ਗਈ”, ਹਰਮੀਤ ਨੇ ਬੜੇ ਸਹਿਜ ਵਿੱਚ ਸਾਰੀ ਗੱਲ ਦੱਸੀ।
“ਚਲੋ ਖੈਰ, ਇਹ ਤਾਂ ਅੱਛਾ ਹੀ ਹੋਇਆ। ਇਹ ਫੈਸਲੇ ਤਾਂ ਹੋਣੇ ਵੀ ਕੌਮੀ ਪੱਧਰ ਤੇ ਹੀ ਚਾਹੀਦੇ ਹਨ, ਸਿਧਾਂਤਕ ਤੌਰ ਤੇ ਸਿੱਖ ਕੌਮ ਵਿੱਚ ਐਸਾ ਕੋਈ ਵਿਧਾਨ ਨਹੀਂ ਕਿ ਕੋਈ ਪੰਜ ਜਾਂ ਛੇ ਵਿਅਕਤੀ ਆਪਣੇ ਆਪ ਨੂੰ ਜਥੇਦਾਰ ਕਹਿਕੇ ਕਿਸੇ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕਰ ਦੇਣ। …. . ਨਾਲੇ ਉਹੀ ਗੱਲ ਹੋਈ ਨਾ ਜੇ ਸੰਗਤਾਂ ਨੇ ਕੁੱਝ ਜੋਸ਼ ਤੇ ਰੋਸ ਵਿਖਾਇਆ ਤਾਂ ਕੁੱਝ ਤਾਂ ਪ੍ਰਾਪਤੀ ਹੋ ਗਈ, ਖੈਰ ਫੇਰ … “, ਬਲਦੇਵ ਸਿੰਘ ਅੰਦਰ ਪੂਰੀ ਗੱਲ ਸੁਣਨ ਦੀ ਜਗਿਆਸਾ ਸੀ।
“ਫੇਰ ਕੀ ਹੋਣਾ ਸੀ ਭਾਪਾ ਜੀ, ਦੋ ਤਿੰਨ ਆਗੂਆ ਦੇ ਭਾਸ਼ਨ ਤੇ ਫੇਰ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਨੇ ਉੱਠ ਕੇ ਇਨ੍ਹਾਂ ਨੂੰ ਪੰਥ ਚੋਂ ਛੇਕਣ ਦਾ ਪੰਥਕ ਫੈਸਲਾ ਸੁਣਾ ਦਿੱਤਾ ਤੇ ਨਾਲ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਕਿ ਜੇ ਉਨ੍ਹਾਂ 30 ਸਤੰਬਰ ਤੱਕ ਫ਼ੌਜ ਨੂੰ ਦਰਬਾਰ ਸਾਹਿਬ `ਚੋਂ ਨਾ ਕੱਢਿਆ ਤਾਂ ਲੱਖਾਂ ਸਿੱਖ ਪਹਿਲੀ ਅਕਤੂਬਰ ਨੂੰ ਦਰਬਾਰ ਸਾਹਿਬ ਨੂੰ ਫ਼ੌਜਾਂ ਤੋਂ ਮੁਕਤ ਕਰਾਉਣ ਲਈ ਮਾਰਚ ਕਰਨਗੇ ਅਤੇ ਉਹ ਜਥੇਦਾਰ ਆਪ ਅੱਗੇ ਹੋ ਕੇ ਉਨ੍ਹਾਂ ਦੀ ਅਗਵਾਈ ਕਰਨਗੇ …. ।”
“ਕਮਾਲ ਹੋ ਗਈ …! ਜਦ ਲੱਖਾਂ ਸਿੱਖ ਉਸ ਦਿਨ ਉਥੇ ਇਕੱਤਰ ਹੋਏ ਹੀ ਹੋਏ ਸਨ ਤਾਂ ਫਿਰ ਨਵੀਂ ਤਾਰੀਖ ਪਾਉਣ ਦਾ ਕੀ ਮਤਲਬ ਹੋਇਆ? ਉਸੇ ਦਿਨ ਇਹ ਅੱਗੇ ਲੱਗ ਕੇ ਅਗਵਾਈ ਕਰਦੇ। ਤਿੰਨ ਮਹੀਨੇ ਤਾਂ ਪਹਿਲੇ ਹੀ ਹੋ ਗਏ ਨੇ ਫ਼ੌਜ ਨੂੰ ਉਥੇ ਕਾਬਜ਼ ਹੋਇਆਂ, ਇਹ ਕੌਮ ਦੇ ਸਬਰ ਦਾ ਹੋਰ ਕਿਤਨਾ ਕੁ ਇਮਤਿਹਾਨ ਲੈਣਾ ਚਾਹੁੰਦੇ ਨੇ?” ਬਲਦੇਵ ਸਿੰਘ ਹਰਮੀਤ ਦੀ ਗੱਲ ਵਿੱਚੋਂ ਹੀ ਕੱਟ ਕੇ ਕੁੱਝ ਗੁੱਸੇ ਨਾਲ ਬੋਲਿਆ, ਉਸ ਦੇ ਮਨ ਦਾ ਰੋਸ ਨਿਕਲ ਕੇ ਉਸ ਦੀ ਜ਼ਬਾਨ ਅਤੇ ਚਿਹਰੇ ਤੇ ਵੀ ਛੱਲਕ ਆਇਆ ਸੀ।
“ਭਾਪਾ ਜੀ! ਮੈਂ ਤਾਂ ਉਥੇ ਗੁਰਸਿੱਖਾਂ ਨੂੰ ਰੋਂਦੇ ਤੇ ਕੁਰਲਾਉਂਦੇ ਹੋਏ ਵੇਖਿਐ, ਉਹ ਵੀ ਇਹੀ ਗੱਲ ਪੁੱਛ ਰਹੇ ਸਨ ਕਿ ਅਸੀਂ ਹੋਰ ਕਿਤਨੀ ਦੇਰ ਆਪਣੇ ਦਰਬਾਰ ਸਾਹਿਬ ਉਤੇ ਫ਼ੌਜ ਦਾ ਕਬਜ਼ਾ ਬਰਦਾਸ਼ਤ ਕਰਾਂਗੇ ਨਾਲੇ ਦੂਰੋਂ ਆਏ ਹੋਏ ਗੁਰਸਿੱਖ ਪੁੱਛ ਰਹੇ ਸਨ ਕਿ ਉਨ੍ਹਾਂ ਨੂੰ ਕਿਤਨੀ ਕੁ ਵਾਰੀ ਇਤਨੀ ਦੂਰੋਂ ਇਸੇ ਵਾਸਤੇ ਆਉਣਾ ਪਵੇਗਾ?” ਹਰਮੀਤ ਨੇ ਉਥੇ ਆਈਆਂ ਸੰਗਤਾਂ ਦੀ ਮਾਨਸਿਕਤਾ ਦੱਸੀ।
“ਅਸਲ ਵਿੱਚ ਕੌਮ ਨੂੰ ਇਸ ਵੇਲੇ ਕਿਸੇ ਬੜੇ ਸੁਲਝੇ ਹੋਏ ਅਤੇ ਇਮਾਨਦਾਰ ਆਗੂ ਦੀ ਲੋੜ ਸੀ … “, ਬਲਦੇਵ ਸਿੰਘ ਨੇ ਬੜੀ ਗਹਿਰਾਈ ਨਾਲ ਸੋਚਦੇ ਹੋਏ ਕਿਹਾ।
“ਪਰ ਵੀਰ ਜੀ, ਇਸ ਵੇਲੇ ਕੋਈ ਆਗੂ ਹੋਰ ਕਰ ਵੀ ਕੀ ਲਵੇਗਾ? ਸਰਕਾਰ ਕੋਲ ਬੜੀ ਤਾਕਤ ਹੈ, ਤੁਸੀਂ ਆਪ ਵੇਖ ਤਾਂ ਲਿਐ, ਕੀ ਹਸ਼ਰ ਹੋਇਐ”, ਤੇਜਿੰਦਰ ਸਿੰਘ ਵੀ ਸੋਚਦਾ ਹੋਇਆ ਬੋਲਿਆ, ਉਸ ਦੇ ਚਿਹਰੇ ਤੇ ਕੁੱਝ ਨਿਰਾਸ਼ਾ ਦੀ ਭਾਵਨਾ ਸੀ।
“ਨਹੀਂ ਤੇਜਿੰਦਰ ਜੀ, ਇਹ ਗੱਲ ਨਹੀਂ, ਜਿਸ ਵੇਲੇ ਕੌਮ ਦੇ ਜ਼ਖਮੀਂ ਜਜ਼ਬਾਤ ਭੜਕੇ ਹੋਣ ਤਾਂ ਬਹੁਤ ਕੁੱਝ ਹੋ ਸਕਦੈ ਜੇ ਕੋਈ ਸਮਝਦਾਰ ਅਤੇ ਇਮਾਨਦਾਰ ਆਗੂ ਉਨ੍ਹਾਂ ਨੂੰ ਸਹੀ ਅਗਵਾਈ ਦੇ ਦੇਵੇ। ਇਤਿਹਾਸ ਵਿੱਚ ਝਾਤੀ ਮਾਰੋ ਨਾ …, ਕੀ ਮੁਗਲ ਸਰਕਾਰ ਘੱਟ ਤਾਕਤਵਰ ਸੀ? ਪਰ ਜੇ ਬਾਬਾ ਬੰਦਾ ਸਿੰਘ ਬਹਾਦਰ ਅੰਦਰ ਸੂਝ, ਬਹਾਦਰੀ ਅਤੇ ਕੌਮ ਪ੍ਰਤੀ ਇਮਾਨਦਾਰੀ ਦਾ ਸੁਮੇਲ ਸੀ ਤਾਂ ਉਸ ਨੇ ਚੰਦ ਸਿੱਖਾਂ ਨੂੰ ਨਾਲ ਲੈ ਕੇ ਮੁਗਲ ਸਰਕਾਰ ਦੀਆਂ ਨੀਹਾਂ ਨੂੰ ਖੋਖਲਾ ਕਰ ਕੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ। ਉਸੇ ਮੁਗਲ ਸਰਕਾਰ ਦੀ ਕਬਰ ਖੋਦ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਤਨਾ ਵਿਸ਼ਾਲ ਖਾਲਸਾ ਰਾਜ ਕਾਇਮ ਕੀਤਾ। …. ਆਹ ਪਠਾਣਾਂ ਕੋਲੋਂ … ਤਾਂ ਦੁਨੀਆਂ ਡਰਦੀ ਸੀ, ਇਹ ਮਹਾਨ ਸੂਰਮੇ ਹਰੀ ਸਿੰਘ ਨਲੂਆ ਦੀ ਸੁਚੱਜੀ ਅਗਵਾਈ ਅਤੇ ਕੌਮ ਪ੍ਰਸਤੀ ਹੀ ਸੀ ਜਿਸ ਨੇ ਦਰ੍ਹਾ ਖ਼ੈਬਰ ਵਰਗੀ ਔਖੀ ਮੁਹਿੰਮ ਨੂੰ ਫਤਹਿ ਕਰ ਕੇ ਉਨ੍ਹਾਂ ਪਠਾਣਾਂ ਨੂੰ ਵੀ ਖਾਲਸਾ ਰਾਜ ਅਗੇ ਸਿਰ ਨਿਵਾਉਣ ਲਈ ਮਜਬੂਰ ਕਰ ਦਿੱਤਾ ਸੀ”, ਬਲਦੇਵ ਸਿੰਘ ਦੇ ਲਫਜ਼ਾਂ ਵਿੱਚ ਇੱਕ ਵਿਸ਼ਵਾਸ ਝਲਕਦਾ ਸੀ। ਬੋਲਦਿਆਂ ਉਸ ਦੇ ਚਿਹਰੇ ਤੇ ਇੱਕ ਜਲੌ ਆ ਗਿਆ।
“ਤੁਹਾਡੀ ਇਸ ਗੱਲ ਨਾਲ ਤਾਂ ਮੈਂ ਸਹਿਮਤ ਹਾਂ ਵੀਰ ਜੀ! ਸਾਡੀ ਅੱਜ ਦੀ ਲੀਡਰਸ਼ਿਪ ਵਿੱਚ ਕੌਮ ਪ੍ਰਸਤੀ ਅਤੇ ਇਮਾਨਦਾਰੀ ਦੀ ਬਹੁਤ ਘਾਟ ਹੈ। ਇਨ੍ਹਾਂ ਦੀ ਸਾਰੀ ਸੋਚ ਤਾਂ ਆਪਣੀਆਂ ਕੁਰਸੀਆਂ ਤੱਕ ਹੀ ਸੀਮਿਤ ਹੈ …. . ਵੇਖ ਲੈਣਾ ਕੌਮ ਦੁਆਰਾ ਭੋਗੇ ਐਡੇ ਵੱਡੇ ਸੰਤਾਪ ਦੀ ਵੀ ਇਨ੍ਹਾਂ ਕੁਰਸੀਆਂ ਨਾਲ ਹੀ ਕੀਮਤ ਵੱਟ ਲੈਣੀ ਹੈ”, ਕਹਿੰਦਾ ਹੋਇਆ ਤੇਜਿੰਦਰ ਸਿੰਘ ਉਠ ਖੱਲੋਤਾ, ਉਸ ਦੇ ਲਫਜ਼ਾਂ `ਚੋਂ ਬਹੁਤ ਦੁੱਖ ਝਲਕ ਰਿਹਾ ਸੀ। ਉਸ ਘੜੀ ਵੱਲ ਨਜ਼ਰ ਮਾਰੀ ਤੇ ਬੋਲਿਆ, “ਟਾਈਮ ਬਹੁਤ ਜ਼ਿਆਦਾ ਹੋ ਗਿਐ, ਤੁਸੀਂ ਵੀ ਅਰਾਮ ਕਰੋ, ਮੈਂ ਵੀ ਚਲਦਾ ਹਾਂ”, ਕਹਿਕੇ ਉਹ ਆਪਣੇ ਕਮਰੇ ਵੱਲ ਚਲਾ ਗਿਆ। ਬਲਦੇਵ ਸਿੰਘ ਵੀ ਉਠਿਆ ਤੇ ਬਾਥਰੂਮ ਚਲਾ ਗਿਆ। ਬਾਹਰ ਆਕੇ ਲਾਈਟ ਬੰਦ ਕੀਤੀ ਤੇ ਪਲੰਘ `ਤੇ ਆਕੇ ਸੌਂ ਗਿਆ।
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726




.