ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸਿੱਖੀ ਦੀ ਲਹਿਰ ਚਲਾਉਣ ਦੀ ਲੋੜ
ਸਿੱਖੀ ਪਰਚਾਰ ਲਈ ਠੰਢਿਆਂ ਕਮਰਿਆਂ
ਵਿੱਚ ਬੈਠ ਕੇ ਵਿਚਾਰਾਂ ਕਰ ਲੈਣੀਆਂ ਬਹੁਤ ਸੌਖੀਆਂ ਹਨ। ਧਾਰਮਕ ਸਟੇਜਾਂ ਸਜਾਅ ਕੇ ਲੱਛੇਦਾਰ ਭਾਸ਼ਨ
ਕਰਨੇ ਬਹੁਤ ਸੌਖੇ ਹਨ। ਅਖਬਾਰਾਂ ਵਿੱਚ ਬਿਆਨ ਦਾਗ ਕੇ ਆਪਣੇ ਆਪ ਨੂੰ ਸਿੱਖੀ ਦੇ ਵੱਡੇ ਸਮਰੱਥਕ
ਦੱਸਣਾ ਆਪਣੇ ਆਪ ਨੂੰ ਬਹੁਤ ਚੰਗਾ ਲੱਗਦਾ ਹੈ। ਜੇ ਕਿਸੇ ਪ੍ਰੋਗਰਾਮ ਨੂੰ ਅਮਲੀ ਜਾਮਾ ਨਹੀਂ
ਪਹਿਨਾਇਆ ਗਿਆ ਤਾਂ ਨਿਰੀ ਲਿਫਾਫੇਬਾਜ਼ੀ ਹੈ। ਕਈਆਂ ਦੀ ਇਹ ਵੀ ਧਾਰਨਾ ਹੈ ਕਿ ਜੀ ਸਿੱਖੀ ਦਾ ਪਰਚਾਰ
ਨਹੀਂ ਹੋ ਰਿਹਾ। ਜੇ ਕਿਹਾ ਜਾਏ ਕਿ ਭਾਈ ਆਓ ਰਲ਼ ਮਿਲ ਕੇ ਸਿੱਖੀ ਪਰਚਾਰ ਲਈ ਕੁੱਝ ਕਰੀਏ ਤਾਂ ਅੱਗੋਂ
ਘੜਿਆ ਘੜਾਇਆ ਉੱਤਰ ਹੋਏਗਾ ਹੀਂ ਹੀਂ ਹੀਂ ਜੀ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈ। ਨਾਲੇ ਜੀ ਇਹ
ਕੰਮ ਤਾਂ ਸ਼੍ਰਮੋਣੀ ਕਮੇਟੀ ਦਾ ਹੈ ਆਪਾਂ ਕੀ ਲੈਣਾ ਦੇਣਾ ਏਦ੍ਹੇ ਵਿਚੋਂ ਹੈ ਸਾਡੇ ਤਾਂ ਹੋਰ ਹੀ
ਜੰਝਟ ਨਹੀਂ ਮੁਕਦੇ।
ਫਿਰ ਜਿੱਥੇ ਵੀ ਚਾਰ ਪੰਜ ਵਿਚਾਰਵਾਨ ਬੈਠੇ ਹੋਣਗੇ ਉੱਥੇ ਅਕਸਰ ਏਹੋ ਹੀ ਵਿਚਾਰ ਚੱਲਦੀ ਰਹਿੰਦੀ ਹੈ
ਕਿ ਜੀ ਸਿੱਖ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਤੇ ਪਤਿਤਣੇ ਦਾ ਬਹੁਤ ਜ਼ੋਰ ਹੈ। ਕਈ ਵਾਰੀ
ਗੱਲ ਨੂੰ ਬਹੁਤ ਵਧਾਅ ਚੜਾਅ ਕੇ ਵੀ ਪੇਸ਼ ਕੀਤਾ ਜਾਂਦਾ ਹੈ। ਪਰ ਕੁੱਝ ਤੱਥ ਝੂਠ ਵੀ ਨਹੀਂ ਬੋਲਦੇ।
ਇਸ ਵਿੱਚ ਕੋਈ ਦੋ ਰਾਇਆਂ ਨਹੀਂ ਹਨ ਕਿ ਸਿੱਖ ਸਮਾਜ ਵਿੱਚ ਨਸ਼ਿਆਂ ਦਾ ਕੋਹੜ ਤੇ ਪਤਿਤਪੁਣੇ ਦੀਆਂ
ਬੀਮਾਰੀਆਂ ਨੇ ਬਹੁਤ ਘਰ ਖਾ ਲਏ ਹਨ।
ਨਿਰਾ ਏਹੀ ਰੋਗ ਕੌਮ ਨੂੰ ਨਹੀਂ ਚਿੰਬੜਿਆ ਸਗੋਂ ਕਈ ਹੋਰ ਵੀ ਨਾ ਮੁਰਾਦ ਬਿਮਾਰੀਆਂ ਚਿੰਬੜੀਆਂ
ਹੋਈਆਂ ਹਨ। ਡੇਰਾਵਾਦ, ਸਾਧ ਲਾਣਾ ਇਹ ਪ੍ਰਮੁੱਖ ਬਿਮਾਰੀਆਂ ਵਿੱਚ ਆਉਂਦਾ ਹੈ। ਧਰਮ ਦੇ ਨਾਂ `ਤੇ
ਕੀਤੇ ਜਾ ਰਹੇ ਕਰਮ-ਕਾਂਡਾਂ ਦੀ ਮੂੰਹ ਬੋਲਦੀ ਤਸਵੀਰ ਸਭ ਦੇ ਸਾਹਮਣੇ ਮੂੰਹ ਚਿੜਾ ਰਹੀ ਹੈ। ਏੱਥੇ
ਹੀ ਬਸ ਨਹੀਂ ਸਿੱਖ ਧਰਮ ਦੀਆਂ ਸ਼ਾਨਾਮਤੀ ਰਵਾਇਤਾਂ ਨੂੰ ਅਨਮਤਾਂ ਨਾਲ ਰਲਾ ਕੇ ਪੇਸ਼ ਕਰਨ ਨੂੰ ਪਰਮ
ਧਰਮ ਸਮਝਿਆ ਜਾ ਰਿਹਾ ਹੈ। ਅੱਜ ਸਭ ਤੋਂ ਵੱਡਾ ਦੁਖਾਂਤ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ
ਨੂੰ ਛੱਡਦੀ ਹੀ ਨਹੀਂ ਜਾ ਰਹੀ ਹੈ ਸਗੋਂ ਭੁੱਲਦੀ ਵੀ ਜਾ ਰਹੀ ਹੈ। ਪਾਖੰਡ ਦਾ ਏਨਾ ਬੋਲਬਾਲਾ ਹੈ ਕਿ
ਹਰ ਦੂਜੇ ਨੌਜਵਾਨ ਦੇ ਹੱਥਾਂ ਨਾਲ ਲਾਲ ਧਾਗੇ ਬੰਨੇ ਹੋਏ ਹਨ, ਜੋਤਸ਼ੀਆਂ ਨੂੰ ਪੁੱਛ ਕੇ ਉਂਗਲ਼ਾਂ
ਵਿੱਚ ਨਗ ਪਾਏ ਹੋਏ ਹਨ।
ਇਹ ਵੀ ਠੀਕ ਹੈ ਵਿਚਾਰਾਂ ਬਹੁਤ ਹੋ ਰਹੀਆਂ ਹਨ, ਪਰ ਜ਼ਮੀਨੀ ਦੇ ਤਲ਼ `ਤੇ ਕੰਮ ਕਰਨ ਲਈ ਕੋਈ ਤਿਆਰ
ਨਹੀਂ ਹੈ। ਸਟੇਜੀ ਐਲਾਨ ਤੇ ਅਖਬਾਰੀ ਬਿਆਨ ਬਾਜ਼ੀਆਂ ਬਹੁਤ ਹਨ, ਪਰ ਨੌਜਵਾਨ ਪੀੜ੍ਹੀ ਤੀਕ ਅਪੜਨ ਦਾ
ਕੋਈ ਸਾਰਥਕ ਯਤਨ ਨਹੀਂ ਕੀਤਾ ਜਾ ਰਿਹਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਸਮੁੱਚੀ ਟੀਮ,
ਜਦੋਂ ਦਾ ਕਾਲਜ ਬਣਿਆ ਹੈ, ਓਦੋਂ ਤੋਂ ਹੀ ਯਤਨ ਸ਼ੀਲ ਰਹੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਸੰਭਾਲ਼ਿਆ
ਜਾਏ। ਪਿੱਛਲਿਆਂ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 1 ਮਈ, 2012 ਤੋਂ 3 ਜੁਲਾਈ, 2012 ਤੀਕ ਪੰਜਾਬ
ਦੇ ਵੱਖ-ਵੱਖ ਪਿੰਡਾਂ ਵਿੱਚ ਗੁਰਮਤਿ ਪਰਚਾਰ ਦੇ ਕੈਂਪ ਲਗਾਏ ਗਏ। ਕੁੱਝ ਕੈਂਪ ਪੰਜਾਬ ਤੋਂ ਬਾਹਰ ਵੀ
ਲਗਾਏ ਗਏ। ਕਾਲਜ ਵਿੱਚ ਪੜ੍ਹ ਰਹੇ ਨੌਜਵਾਨ ਵਿਦਿਆਰਥੀਆਂ ਅਤੇ ਅਧਿਆਪਕ ਵੀਰਾਂ ਦੀਆਂ ਕਦੇ ਚਾਰ ਕਦੇ
ਪੰਜ ਟੀਮਾਂ ਬਣਾ ਕੇ 4-5 ਦਿਨਾਂ ਦਾ ਕੈਂਪ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਉਣ ਦਾ ਯਤਨ ਕੀਤਾ ਗਿਆ
ਹੈ।
ਮਈ ਤੇ ਜੂਨ ਦੇ ਮਹਨਿਆਂ ਵਿੱਚ ਗਰਮੀ ਬਹੁਤ ਹੁੰਦੀ ਹੈ, ਪਰ ਬੱਚਿਆਂ ਪਾਸ ਪੜ੍ਹਾਈ ਤੋਂ ਥੋੜਾ ਵਿਹਲ
ਵੀ ਇਹਨਾਂ ਦਿਨਾਂ ਵਿੱਚ ਹੀ ਹੁੰਦਾ ਹੈ। ਗਰਮੀ ਦੀ ਪ੍ਰਵਾਹ ਨਾ ਕਰਦਿਆਂ ਬੱਚਿਆਂ ਨੇ ਬਹੁਤ ਵੱਡੀ
ਪੱਧਰ `ਤੇ ਇਹਨਾਂ ਗੁਰਮਤਿ ਕੈਂਪਾਂ ਵਿੱਚ ਭਾਗ ਲਿਆ। ਇਹਨਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਗੁਰਬਾਣੀ
ਦੇ ਸ਼ਬਦਾਂ ਦੀ ਵੀਚਾਰ, ਸਿੱਖੀ ਦੇ ਮੁੱਢਲੇ ਸਿਧਾਂਤ, ਗੁਰ-ਇਤਿਹਾਸ ਤੇ ਰਹਿਤ ਮਰਯਾਦਾ ਦੀ ਜਾਣਕਾਰੀ
ਦਿੱਤੀ ਗਈ। ਬੱਚਿਆਂ ਵਲੋਂ ਗੁਰਮਤਿ ਦੇ ਪੁੱਛੇ ਜਾਂਦੇ ਸਵਾਲਾਂ ਦੇ ਜੁਆਬ ਵੀ ਦਿੱਤੇ ਜਾਂਦੇ ਰਹੇ।
ਇਹ ਉਪਰਾਲੇ ਬਹੁਤ ਵੱਡੀ ਪੱਧਰ `ਤੇ ਹੋਣੇ ਚਾਹੀਦੇ ਹਨ। ਨਸ਼ਿਆਂ ਦੇ ਆਦੀ ਨੂੰ ਨਸ਼ਿਆਂ ਦੀ ਦਲਦਲ
ਵਿਚੋਂ ਬਾਹਰ ਕੱਢਣਾ ਤੇ ਡੇਰੇ ਨਾਲੋਂ ਤੋੜਨਾ ਭਾਵੇਂ ਬਹੁਤ ਔਖਾ ਕੰਮ ਹੈ, ਪਰ ਜਿਹੜਾ ਬੱਚਾ ਇੱਕ
ਵਾਰੀ ਕੈਂਪ ਵਿੱਚ ਭਾਗ ਲੈ ਗਿਆ ਉਹ ਨਸ਼ਿਆਂ ਦੀ ਝੁੱਲੀ ਹਨੇਰੀ ਅੱਗੇ ਅੜ ਖਲਾਉਣ ਦੀ ਜੁਅਰਤ ਜ਼ਰੂਰ
ਰੱਖਣ ਲੱਗ ਜਾਂਦਾ ਹੈ। ਇੱਕ ਦੋ ਥਾਂਵਾਂ ਨੂੰ ਛੱਡ ਕੇ ਬਾਕੀ ਸਾਨੂੰ ਹਰ ਵਰਗ ਦੇ ਵੀਰਾਂ ਭੈਣਾਂ,
ਪਿੰਡ ਵਾਲਿਆਂ, ਸਕੂਲਾਂ ਕਾਲਜਾਂ ਦੇ ਸਟਾਫ਼, ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵਲੋਂ ਭਰਪੂਰ ਸਹਿਯੋਗ
ਮਿਲਿਆ ਹੈ।
ਜਿੱਥੇ ਹਰ ਸਾਲ ਕੈਂਪ ਲਗਾਏ ਜਾਂਦੇ ਹਨ ਓੱਥੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ
ਸਮੁੱਚੀ ਟੀਮ ਵਲੋਂ ਇੱਕ ਹੋਰ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿੱਚ ਗੁਰਮਤਿ ਕੈਂਪਾਂ ਦੇ ਨਾਲ-ਨਾਲ
ਸੀਨੀਅਰ ਅਧਿਆਪਕ ਵੀਰਾਂ ਵਲੋਂ ਇਕੱਠਿਆਂ ਹੋ ਕੇ ਸਿੱਖੀ ਲਹਿਰ ਚਲਾਈ ਜਾਏ। ਇਸ ਸਿੱਖੀ ਲਹਿਰ ਦਾ
ਉਦੇਸ਼ ਕੀ ਸੀ—ਆਓ ਸਿੱਖੀ ਲਹਿਰ ਚਲਾਈਏ, ਡੇਰੇ, ਨਸ਼ੇ ਅਤੇ ਪਖੰਡ ਭਜਾਈਏ। ਕਾਲਜ ਦੇ ਸੀਨੀਅਰ ਵੀਰਾਂ
ਨੇ ਆਪਣੇ ਸਾਰੇ ਨਿਜੀ ਰੁਝਵੇਂ, ਸਾਰੇ ਨਿੱਜੀ ਪ੍ਰੋਗਰਾਮ ਦੋ ਮਹੀਨੇ ਲਈ ਬੰਦ ਕਰਕੇ ਸਾਂਝੇ ਤੌਰ `ਤੇ
ਪਿੰਡਾਂ ਵਿੱਚ ਵਿਚਰਨ ਦਾ ਯਤਨ ਕੀਤਾ। ਪਹਿਲਾਂ ਪ੍ਰਚਾਰਕ ਵੀਰਾਂ ਵਲੋਂ ਸਵੇਰ ਦੇ ਸਮੇਂ ਤੋਂ ਲੈ ਕੇ
ਦੁਪਹਿਰ ਤੀਕ ਗੁਰ-ਸ਼ਬਦ, ਗੁਰ-ਇਤਿਹਾਸ ਤੇ ਰਹਿਤ ਮਰਯਾਦਾ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਰਹੀਆਂ।
ਫਿਰ ਸੰਗਤਾਂ ਵਲੋਂ ਆਏ ਸਵਾਲਾਂ ਦੇ ਜੁਆਬ ਸਮੁੱਚੀ ਟੀਮ ਵਲੋਂ ਦਿੱਤੇ ਜਾਂਦੇ ਰਹੇ। ਇਸ ਦਰਮਿਆਨ ਕਈ
ਸਕੂਲਾਂ ਵਿੱਚ ਵੀ ਜਾਣ ਦਾ ਸਬੱਬ ਬਣਿਆ।
ਦੁਪਹਿਰ ਦਾ ਲੰਗਰ ਛੱਕ ਕੇ ਬਹੁਤੀਆਂ ਥਾਂਵਾਂ `ਤੇ ਨੌਜਵਾਨ ਵੀਰਾਂ ਨਾਲ ਗੁਰਮਤਿ ਦੀਆਂ ਖੁਲ੍ਹੀਆਂ
ਵੀਚਾਰਾਂ ਵੀ ਹੁੰਦੀਆਂ ਰਹੀਆਂ। ਸ਼ਾਮਾਂ ਦਿਆਂ ਦੀਵਾਨਾਂ ਵਿੱਚ ਸੰਗਤਾਂ ਦੀ ਆਸ ਨਾਲੋਂ ਵੀ ਵੱਧ
ਹਾਜ਼ਰੀ ਹੁੰਦੀ ਰਹੀ। ਦੀਵਾਨ ਸਜਾਏ ਗਏ ਸੰਗਤਾਂ ਬਹੁਤ ਲਾਭ ਪ੍ਰਾਪਤ ਕਰਦੀਆਂ ਰਹੀਆਂ। ਰਾਤ ਦੇ
ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰਮਤਿ ਨਾਲ ਸਬੰਧਤ ਜਾਂ ਸਮਾਜਕ ਬੁਰਾਈਆਂ ਦੀ ਜਾਣਕਾਰੀ ਦੇਣ ਵਾਲੀਆਂ
ਫਿਲਮਾਂ ਵੀ ਦਿਖਾਈਆਂ ਜਾਂਦੀਆਂ ਰਹੀਆਂ। ਸਿੱਖੀ ਲਹਿਰ ਦੀ ਸਮੁੱਚੀ ਟੀਮ ਨੇ ਪੰਜਾਬ ਨੂੰ ਮਾਲਵਾ,
ਮਾਝਾ ਤੇ ਦੁਆਬਾ ਨੂੰ ਤਿੰਨਾਂ ਜੋਨਾਂ ਵਿੱਚ ਵੰਡ ਕੇ ਇਹ ਲਹਿਰ ਚਲਾਈ ਗਈ। ਪੰਜਾਬ ਤੋਂ ਬਾਹਰ
ਰਾਏਪੁਰ, ਨਾਗਪੁਰ ਤੇ ਜੰਮੂ ਦੀਆਂ ਸੰਗਤਾਂ, ਪ੍ਰਬੰਧਕਾਂ ਤੇ ਨੌਜਵਾਨ ਉਤਸ਼ਾਹੀ ਵੀਰਾਂ ਵਲੋਂ ਬਹੁਤ
ਹੀ ਜੋਸ਼ ਨਾਲ ਪ੍ਰੋਗਰਾਮ ਕਰਾਏ ਗਏ। 10 ਮਈ, 2012 ਤੋਂ ਚਲਾਈ ਸਿੱਖੀ ਲਹਿਰ ਪੜਾਅ-ਦਰ-ਪੜਾਅ ਪੈਂਡਾ
ਕਰਦੀ ਹੋਈ 29 ਜੁਲਾਈ, 2012 ਨੂੰ ਸਮਾਪਤ ਹੋਈ।
ਗੁਰਮਤਿ ਕੈਂਪਾਂ ਦੇ ਨਾਲ ਨਾਲ ਸੀਨੀਅਰ ਅਧਿਆਪਕ ਵੀਰਾਂ ਵਲੋਂ ਸਿੱਖੀ ਲਹਿਰ ਚਲਾ ਕੇ ਇੱਕ ਨਵੇਂ
ਇਤਿਹਾਸ ਦੀ ਅਰੰਭਤਾ ਕੀਤੀ ਹੈ। ਇਹ ਸਿੱਖੀ ਲਹਿਰ ਦੀ ਸਮੁੱਚੀ ਟੀਮ ਦੀ ਕੋਸ਼ਿਸ਼ ਹੋਏਗੀ ਕਿ ਸਦਾ ਚਲਦੀ
ਰਹੇ। ਗੁਰਮਤਿ ਕੈਂਪ ਜਾਂ ਸਿੱਖੀ ਲਹਿਰ ਵਰਗੇ ਪ੍ਰੋਜੈਕਟ ਦੇਖਣ ਨੂੰ ਬਹਤ ਅਸਾਨ ਨਜ਼ਰ ਆਉਂਦੇ ਹਨ, ਪਰ
ਇਹ ਪੈਂਡਾ ਬਹੁਤ ਬਿਖਮ ਤੇ ਬਿਖੜਾ ਹੈ। ਸਾਡਾ ਇੱਕ ਹਮੇਸ਼ਾਂ ਯਤਨ ਰਹੇਗਾ ਕਿ ਨਿਰਮਲ ਪੰਥ ਦੀ
ਵਿਚਾਰਧਾਰ ਘਰ ਘਰ ਪਹੁੰਚਾਈ ਜਾਵੇ। ਸਿੱਖੀ ਲਹਿਰ ਦੇ ਪ੍ਰੋਗਰਾਮਾਂ ਦੀ ਮੰਗ ਏੰਨੀ ਆ ਰਹੀ ਸੀ ਜੋ
ਪੂਰੀ ਨਹੀਂ ਕਰ ਸਕੇ, ਸਿਰਫ ਮਿੱਥੇ ਹੋਏ ਪ੍ਰੋਗਰਾਮ ਹੀ ਨਿਭਾਏ ਗਏ ਹਨ। ਜਿੱਥੇ ਅਸੀਂ ਨਹੀਂ ਜਾ ਸਕੇ
ਉਹਨਾਂ ਪਾਸੋਂ ਖਿਮਾਂ ਮੰਗਦੇ ਹਾਂ।
ਕੰਮ ਕਰਨ ਵੇਲੇ ਕਈ ਤਰੁੱਟੀਆਂ ਵੀ ਰਹਿ ਜਾਂਦੀਆਂ ਹਨ। ਆਉਣ ਵਾਲੇ ਸਮੇਂ ਵਿੱਚ ਉਹਨਾਂ ਤਰੁੱਟੀਆਂ
ਨੂੰ ਸਾਧਾਰਨ ਦੇ ਯਾਤਨਸ਼ੀਲ ਵੀ ਰਹਾਂਗੇ। ਅਸੀਂ ਸਮੁੱਚੇ ਤੌਰ `ਤੇ ਸਾਰੀ ਸੰਗਤ, ਨਗਰ ਨਿਵਾਸੀ,
ਪੰਚਾਇਤਾਂ, ਪ੍ਰਬੰਧਕ, ਉਤਸ਼ਾਹੀ ਨੌਜਵਾਨ ਵੀਰਾਂ ਦੇ ਅਭਾਰੀ ਹਾਂ ਕਿ ਸਾਨੂੰ ਆਸ ਨਾਲੋਂ ਵੱਧ ਸਹਿਯੋਗ
ਮਿਲਿਆ।
ਸੰਵਰਨਾ ਹੈ ਅਗਰ ਤੁਮਨੇ ਗੁਲਸ਼ਨਿ ਹਸਤੀ,
ਤੋ ਪਹਿਲੇ ਕਾਂਟੋ ਮੇਂ ਉਲਝਾਓ ਜ਼ਿੰਦਗੀ ਕੋ।