. |
|
ਬਿਪਰ ਸੰਸਕਾਰ ਦੇ ਖ਼ਾਲਸਾ ਪੰਥ ਉਤੇ ਹਮਲੇ (3)
ਖ਼ਾਲਸਾ ਪੰਥ ਦੀ ਅਜਿੱਤ ਅਤੇ ਜੁਗੋ ਜੁਗ ਅਟੱਲ ਮੌਲਿਕ ਸੁਹਿਰਦਤਾ ਆਪਣੀ ਆਮਦ
ਨਾਲ ਹੀ ਵਿਰੋਧੀ ਮੱਤਾਂ ਵਿਚੋਂ ਸਦੀਆਂ ਦੀ ਵਿੱਥ ਤੱਕ ਉਤਮ ਅਧਿਆਤਮਕ ਰਮਜ਼ਾਂ ਨੂੰ ਆਪਣੇ ਵਿੱਚ ਅਭੇਦ
ਕਰ ਲੈਂਦੀ ਹੈ, ਕਿਉਂਕਿ “ਇਹ ਮੌਲਿਕ ਸੁਹਿਰਦਤਾ ਕਾਲਾਂ ਦੇ ਪਾਰ ਤੱਕ, ਧਰਮ ਅਤੇ ਸਭਿਆਤਾਵਾਂ ਦੀਆਂ
ਡੂੰਘ-ਡੂੰਘਾਣਾਂ ਤੱਕ ਸਫਰ ਕਰਦੀ ਹੈ” (ਪ੍ਰੋ. ਹਰਿੰਦਰ ਸਿੰਘ ਮਹਿਬੂਬ 1988: 674)। ਪੌਰਾਣਿਕ
ਹਿੰਦੂ ਅਵਤਾਰਾਂ, ਦੇਵਤਿਆਂ ਦੀ ਲੋੜੀਂਦੀ ਹੋਂਦ ਨੂੰ, ਕਰਮਕਾਂਡ ਤੇ ਜੋਗ ਨੂੰ ਖ਼ਾਲਸਾ-ਧਿਆਨੀ
ਸੂਖਮਤਾ ਵਿੱਚ ਪਲਟ ਕੇ ਪੈਗ਼ੰਬਰੀ ਬਜ਼ੁਰਗੀ ਨੇ ਆਪਣੇ ਨਿਰਾਕਾਰ ਧਰਾਤਲ ਅਤੇ ਸੁਹਜ ਵਿੱਚ ਸ਼ਾਮਿਲ ਕਰ
ਲਿਆ ਸੀ ਪਰ ਬਿਪਰ ਸੰਸਕਾਰ ਨੇ ਗੁ. ਨਾਨਕ ਸਾਹਿਬ ਦੇ ਜ਼ੁਮਾਨੇ ਤੋਂ ਹੀ ਸਿੱਖ-ਧਰਮ ਨੂੰ ਨੁਕਸਾਨ
ਪੁਚਾਉਣ ਦੇ ਅਨੇਕਾਂ ਯਤਨ ਕੀਤੇ। ਸਮੇਂ ਦੇ ਬੀਤਣ ਨਾਲ ਇਹ ਈਰਖਾਲੂ ਯਤਨ (ਜਿਵੇਂ ਬੀਰਬੱਲ (ਮਹੇਸ਼
ਦਾਸ) ਬਿੱਪਰ ਦੁਆਰਾ ਗੁ. ਅਮਰਦਾਸ ਜੀ ਨੂੰ ਇਹ ਕਹਿ ਕੇ, ਅਕਬਰ ਵਲੋਂ ਅਫ਼ਗ਼ਾਨ ਬਗ਼ਾਵਤ ਦੀ ਮੁਹਿੰਮ ਤੇ
ਚੜ੍ਹਨਾ, ਕਿ ਵਾਪਸੀ ਤੇ ਜ਼ਬਰ ਜੋਰ ਨਾਲ ਗੁਰਾਂ ਕੋਲੋਂ ਕਰ ਉਗਰਾਵਾਂਗਾ) ਤੇਜ਼ ਅਤੇ ਚੁਸਤ-ਚਾਲਾਕ
ਸਾਜ਼ਿਸ਼ਾਂ ਦਾ ਰੂਪ (ਬਾਬਾ ਪ੍ਰਿਥੀ ਚੰਦ, ਧੀਰ ਮੱਲ, ਰਾਮਰਾਇ, ਤੇ ਬਾਬੇ ਬਕਾਲੇ ਬਾਈ (22) ਮੰਜੀਆਂ
ਲਾ ਬੈਠਣ ਵਾਲੇ) ਧਾਰ ਕੇ ਖ਼ਾਲਸੇ ਦੀ ਸੁਹਿਰਦਤਾ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ, ਖ਼ਾਲਸੇ ਉਤੇ
ਗੰਭੀਰ ਹਮਲਿਆਂ (ਸ੍ਰੀ ਅਨੰਦ ਪੁਰ ਦੀ ਅਖੀਰਲੀ ਜੰਗ ਤੋਂ ਲੈ ਕੇ ਜੂਨ 1984 ਵਾਲੀ ਸ੍ਰੀ ਅਕਾਲ ਤਖਤ
ਦੀ ਜੰਗ ਅਤੇ ਨਵੰਬਰ 1984 ਈ. ਦੀ ਆਮ ਸਿੱਖਾਂ ਦੀ ਕਤਲੋ-ਗ਼ਾਰਤ) ਵਿੱਚ ਵਟ ਗਏ। ਇਸ ਮਾਜਰੇ ਦਾ
ਪਿਛੋਕੜ ਜਾਂ ਇਸ ਦੀ ਜੜ੍ਹ ਕਿਥੇ ਹੈ? ਇਸ ਲੇਖ ਰਾਹੀਂ ਬਿੱਪਰ ਸੰਸਕਾਰੀ ਜ਼ਾਲਮ ਜਾਂ ਇਸ ਦੇ ਮੌਜੂਦਾ
ਯੰਤਰ (ਹਿੰਦੂ) ਤੇ ਮਜ਼ਲੂਮ (ਸਿੱਖ ਕੌਮ) ਦੋਵਾਂ ਦੇ ਸਦੀਆਂ ਦੇ ਟਕਰਾਅ ਵਿਚੋਂ ਢੂੰਡਣ ਦਾ ਯਤਨ ਕਰਦੇ
ਹਾਂ।
ਇਸਲਾਮ ਨੇ ਤਾਂ ਕੇਵਲ ਬਾਹਰੀ ਬੁੱਤ ਹੀ ਤੋੜੇ ਸਨ। ਪਰ ਖ਼ਾਲਸੇ ਨੇ ਆਪਣੇ
ਵਿਗਾਸ (ਖੇੜੇ) ਦੁਆਰਾ ਬਿਪਰ ਸੰਸਕਾਰ ਰਾਹੀਂ ਪ੍ਰਫੁੱਲਤ ਹੋਏ ਮਾਨਵ-ਚੇਤਨਾ ਦੇ ਬੁੱਤ ਬੜੀ ਸਫਲਤਾ
ਨਾਲ ਤੋੜੇ। ਆਪ ਨਿਰਲੇਪ ਰਹਿੰਦਿਆਂ, ਮੂਰਖ ਅੰਧ-ਘੋਰ ਅਸ਼ਲੀਲਤਾ ਤਿਆਗਦਿਆਂ, ਤੇ ਦੇਵਤਿਆਂ ਦੀ
ਚਮਤਕਾਰੀ ਵਡੱਤਣ ਤੋਂ ਬਿਪਰ ਸੰਸਕਾਰ ਨੂੰ ਮੁਕਤੀ ਪ੍ਰਦਾਨ ਕਰਾਉਂਦਿਆਂ ਖ਼ਾਲਸੇ ਨੇ ਆਪਣੀ ਵਿਲੱਖਣ
ਹਸਤੀ ਕਾਇਮ ਰੱਖੀ। ਖ਼ਾਲਸੇ ਦੀ ਇਸ ਦੈਵੀ ਮਹਾਨਤਾ ਨੂੰ ਵੇਖਣਾ ਬਿਪਰ ਸੰਸਕਾਰ ਲਈ ਅਸਹਿ ਹੈ। ਜਿਸ
ਕਰਕੇ ਇਹ ਈਰਖਾ ਤੇ ਭੈਅ ਵਿੱਚ ਸੁੰਗੜ ਕੇ ਉਦੋਂ ਵਿਰੋਧ ਕਰਨ ਦੇ ਰਾਹ ਪੈ ਜਾਂਦਾ ਹੈ, ਜਦੋਂ ਸਿਆਸੀ
ਮਾਹੌਲ ਇਸ ਦੇ ਅਨੁਕੂਲ ਹੁੰਦਾ ਹੈ। ਇਹ ਤੱਥ ਤਾਂ ਜ਼ਾਹਰ ਹੀ ਹੈ ਕਿ 1947 ਵਿੱਚ ਅਸੀਂ ਆਪ ਹੀ ਆਪਣੀ
ਰਾਜਨੀਤਕ ਸ਼ਾਹ ਰਗ ਬਿੱਪਰ ਕੋਲੋਂ ਵਢੁੱਆ ਲਈ ਸੀ, ਤਦੋਂ ਜਾਣਦਿਆਂ ਬੁੱਝਦਿਆਂ ਆਪਣਾ ਖ਼ੁਦਮੁਖਤਿਆਰ
ਖਿੱਤਾ ਨਾਹ ਸੀ ਲਿਆ ਜਦ ਭਾਰਤ ਭੂਮੀ ਦੀ ਵੰਡ ਹੋ ਰਹੀ ਸੀ ਤੇ ਭਾਵੇਂ ਉਸ ਵੰਡ ਚ ਅਸੀਂ ਬਰਾਬਰ ਦੇ
ਤੀਜੇ ਹਿੱਸੇਦਾਰ ਸਾਂ ( Betrayal of Sikh Nation by
Ram Singh 2009))। ਜਿਸ ਦਾ ਸਿੱਧਾ ਅਰਥ ਇਹ
ਨਿਕਲਦਾ ਹੈ ਕਿ ਅਸੀਂ ਬਿੱਪਰ ਦੀ ਗ਼ੁਲਾਮੀ ਦਾ ਪਟਾ ਆਪਣੇ ਗਲ਼ ਆਪ ਖੁਸ਼ੀ ਨਾਲ ਪੁਆ ਲਿਆ ਸੀ, ਭਾਵ
ਅਸੀਂ ਬਿੱਪਰ ਦੀ ਸਮਾਜਿਕ, ਰਾਜਨੀਤਕ, ਧਾਰਮਿਕ, ਵਿਦਿਅਕ, ਵਪਾਰਕ, ਪੁਲ਼ਸ ਦੀ, ਅਤੇ ਫੌਜੀ ਸਰਦਾਰੀ
ਦੇ ਝੰਡੇ ਹੇਠ ਆਪਣੇ ਆਪ ਨੂੰ ਖ਼ੁਦ ਆਪਣੀ ਹੱਥੀਂ ਦੇ ਦਿੱਤਾ ਸੀ। ਬਿੱਪਰ ਦੇ ਪੈਰ ਥੱਲੇ ਬਟੇਰਾ ਆ
ਗਿਆ, ਨਾਲ ਮੁਫਤ ਦੀ ਬਹਾਦਰ ਖ਼ਾਲਸਾ ਕੌਮ ਉਪਰ ਸਰਦਾਰੀ ਤੇ ਧੌਂਸ ਕਰਨੀ ਮਿਲ ਗਈ। ਅਜਿਹੀ ਸਰਦਾਰੀ
ਵੇਲੇ ਬਿੱਪਰ ਆਪਣੀ ਜੜ੍ਹ ਪੁਰਾਤਨ ਸ਼ਾਨ ਵਿੱਚ ਦੇਖਦਾ, ਤੰਦੂਏ ਦੀ ਤਰ੍ਹਾਂ ਵਧ ਖਲੋਂਦਾ ਹੈ। ਉਦੋਂ
ਇੱਕ ਜੇਤੂ ਅਭਿਮਾਨ ਬਿੱਪਰ ਦੇ ਸਿਰ ਚ ਗੂੰਜਦਾ ਹੈ, ਜਿਸ ਦੀ ਖੁਮਾਰੀ ਨਾਲ ਖ਼ਾਲਸਾ-ਵਿਰੋਧੀ ਅਮਲ
ਵਿੱਚ ਇਹ ਸਖਤੀ, ਅਨਿਆਂ ਤੇ ਆਪ-ਹੁਦਰਾਪਨ ਖੁਲ੍ਹਾ ਵਰਤਦਾ ਹੈ, ਜਿਵੇਂ ਇੱਕ ਵਾਰ, ਅਵੇਸਲੇ ਬੋਧੀਆਂ
ਉਤੇ ਦਸਵੀਂ ਸਦੀ ਵਿੱਚ ਅਤੇ ਫੇਰ ਹੁਣ, 1984 ਈ. ਵਿੱਚ ਸ੍ਰੀ ਅਕਾਲ ਤਖਤ ਉਤੇ ਹਮਲੇ ਵੇਲੇ ਪਰਤੱਖ
ਦੇਖਣ ਵਿੱਚ ਆਇਆ ਹੈ। (ਨੋਟ: ਮੈਂ ਜੂਨ ਅਤੇ ਨਵੰਬਰ 1984 ਦੇ ਘਲੂਘਾਰੇ ਨੂੰ ਇਕੋ ਹਮਲੇ ਦੇ ਦੋ
ਪੜਾਅ ਸਮਝਦਾ ਹਾਂ)। ਪੜ੍ਹੋ ਪ੍ਰੋ. ਮਹਿਬੂਬ ਦੇ ਆਪਣੇ ਲਫਜ਼, ਜਿਹੜੇ ਉਨ੍ਹਾਂ 4 ਸਤੰਬਰ, 1976
ਤੱਕ ‘ਬਿੱਪਰ ਸੰਸਕਾਰ’ ਵਾਲੀ ਪੁਸਤਕ ਰਚ ਕੇ ਸੰਪੂਰਣ ਕਰਨ ਉਪਰੰਤ ਕਦੇ ਲਿਖੇ ਸਨ: “ਪੰਜ ਸੌ ਸਾਲ
ਪਹਿਲਾਂ ਜਿਉਂ ਹੀ ਸਿੱਖ ਧਰਮ ਦੀ ਸ਼ਖਸੀਅਤ ਅਤਿ ਮੌਲਿਕ ਅਤੇ ਸੁਤੰਤਰ ਰੂਪ ਵਿੱਚ ਨਿਖਰਣੀ ਸ਼ੁਰੂ ਹੋਈ,
ਬਿੱਪਰ-ਸੰਸਕਾਰ ਇਸ ਨਾਲ ਮਾਨਸਿਕਤਾ ਅਤੇ ਅਮਲ ਦੇ ਕਈ ਧਰਾਤਲਾਂ ਉਤੇ ਟੱਕਰ ਲੈਣ ਲੱਗਾ, ਅਤੇ ਇਹ
ਅਨੇਕ-ਮੂੰਹਾਂ ਸੰਘਰਸ਼ ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਕਈ ਖੂਨੀ ਰੰਗ ਅਖਤਿਆਰ ਕਰ
ਗਿਆ ਹੈ” (1988: XI)।
ਚੇਤਾ ਰਹੇ, ਖ਼ਾਲਸਾ ਪੰਥ ਦੁਆਰਾ 1947 ਈ. ਵਿੱਚ ਆਪਣਾ ਖ਼ੁਦਮੁਖਤਿਆਰ ਖਿੱਤਾ ਨਾ ਲੈ ਕੇ, ਜਿਵੇਂ ਉਪਰ
ਕਿਹਾ ਹੈ, ਇੱਕ ਗ਼ੁਲਾਮੀ ਦੇ ਵੱਟੇ ਦੂਜੀ ਗ਼ੁਲਾਮੀ ਸਹੇੜ ਕੇ 10ਵੀਂ ਸਦੀ ਵਾਲ਼ੇ ਬੋਧੀਆਂ ਵਾਲ਼ੀ
ਕੰਮਜ਼ੋਰ ਦਸ਼ਾ, ਖ਼ਾਲਸਾ ਕੌਮ ਦੇ, ਬਹੁ ਗਿਣਤੀ ਹਿੰਦੂ ਕੌਮ ਦੇ ਰਾਜਨੀਤਕ ਤੇ ਫੌਜੀ (ਸਮੇਤ ਬਿੱਪਰ ਨੂੰ
ਸਾਡੀ ਦਿੱਤੀ ਖ਼ਾਲਸਾ ਸਿੱਖ ਫੌਜ) ਦਾਬੇ ਹੇਠ ਆਉਣ ਨਾਲ਼, ਆਪਣੇ ਉਪਰ ਵਾਰਦ ਕਰੁਆ ਲਈ ਹੈ, ਨਹੀਂ ਤਾਂ
ਆਪਣੀ ਰੱਖਿਆ ਆਪ ਕਰਨ ਦੇ ਸਮਰੱਥ ਹੈ ਇਹ ਬਹਾਦਰ ਖ਼ਾਲਸਾ ਕੌਮ। ਖ਼ਾਲਸਾ ਪੰਥ ਦੀ ਇਸ ਕੰਮਜ਼ੋਰੀ ਦਾ
ਨਾਜਾਇਜ਼ ਫਾਇਦਾ ਉਠਾ ਕੇ ਬਿੱਪਰ ਸੰਸਕਾਰ ਇਸ ਉਪਰ ਇੱਕ ਵਾਰ ਫਿਰ ਫੌਜਾਂ ਦੀ ਚੜ੍ਹਤਲ ਨਾਲ ਹਮਲਾਆਵਰ
ਹੋਇਆ ਹੈ, ਭਾਵੇਂ ਹਟਿਆ ਤਾਂ ਇਹ ਹਮਲੇ ਕਰਨੋਂ ਕਦੇ ਵੀ ਨਹੀਂ ਤੇ ਅਜੇ ਹੋਰ ਅਜੇਹੇ ਖੌਰੇ ਕਿੰਨੇ
ਹਮਲੇ ਇਸ ਨੇ ਕਰਨੇ ਹਨ? ਜਿਹੜੇ ਸੰਭਵ ਹੈ ਭਵਿਖ ਵਿੱਚ ਹੋਣ, ਜੇ ਸਿੱਖ ਕੌਮ ਨਾ ਸੰਭਲੀ। ਸਿੱਖਾਂ
ਨੂੰ ਖਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ, ਦਾਨੇ ਸਿੱਖ ਚੇਤਾਵਨੀ ਦਿੰਦੇ ਹਨ ਕਿ ਅਗਾਂਹ “ਆਉਣ ਵਾਲਾ
ਘੱਲੂਘਾਰਾ ਚੁਰਾਸੀ ਦੇ ਘੱਲੂਘਾਰੇ ਨਾਲੋਂ ਵੀ ਜ਼ਿਆਦਾ ਭਿਆਨਕ ਹੋਵੇਗਾ” (ਸਰੂਪ ਸਿੰਘ ਨਾਰੰਗ 2000:
292, ਸਿੱਖ ਨਸਲਕੁਸ਼ੀ ਤੇ ਚੁਰਾਸੀ ਦੇ ਘੱਲੂਘਾਰੇ)। ਇਹ ਹੈ ਖ਼ੁਲਾਸਾ, ਖ਼ਾਲਸਾ ਪੰਥ ਉਪਰ ਬਿਪਰ
ਸੰਸਕਾਰ ਦੇ ਹਮਲਿਆਂ ਦੀ ਪਿੱਠ-ਭੂੰਮੀ ਦਾ। ਹੁਣ ਮੁਢ ਤੋਂ ਇਨ੍ਹਾਂ ਹਮਲਿਆਂ ਦਾ ਵਿਸਥਾਰ ਕਰਦੇ ਹਾਂ।
ਬਿਪਰ ਸੰਸਕਾਰ ਨੇ ਪਹਿਲਾ ਹਮਲਾ ਗੁ. ਨਾਨਕ ਸਾਹਿਬ ਦੀ ਅਤਿ ਉਚੀ
ਪੈਗ਼ੰਬਰੀ ਬਜ਼ੁਰਗੀ ਉਤੇ ਤਿੰਨਾਂ ਧਰਾਤਲਾਂ ਤੋਂ ਕੀਤਾ (675)। ਦੂਜਾ ਹਮਲਾ ਸਿੱਖ ਚੇਤਨਾ
ਭਾਵ ਸਿੱਖਾਂ ਦੇ ਦਿਮਾਗ (ਜ਼ਿਹਨ) ਉਤੇ ਕੀਤਾ ਜਦ ਕਿ “ਵਿਖਾਵੇ ਭਰੀ ਹਲੀਮੀ ਅਤੇ ਸ਼ਰਾਰਤ-ਭਰੀ ਚੁਸਤੀ
ਵਿੱਚ ਲਿਪਟਿਆ” ਮੀਸਣਾ ਦੰਭ ਭਰਿਆ ਜ਼ਹਿਰੀਲਾ ਤੀਜਾ ਹਮਲਾ ਬਿੱਪਰ ਸੰਸਕਾਰ ਨੇ ਸਿਖਾਂ ਦੇ
ਧਾਰਮਿਕ ਗ੍ਰੰਥਾਂ ਅਤੇ ਇਤਿਹਾਸ ਵਿੱਚ ਅਨੇਕਾਂ ਰੂਪਾਂ ਦੀ ਮਿਲਾਵਟ ਕਰਕੇ ਕੀਤਾ “ਜਿਵੇਂ ‘ਦਸਮ
ਗ੍ਰੰਥ’ ਦੀ ਸੈਂਕੜੇ ਸਫਿਆਂ ਵਿੱਚ ਫੈਲੀ ਹੋਈ ਕਵਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਮੰਨੀ
ਜਾਂਦੀ ਹੈ। ਦੂਜਾ, ਗੁਰੂ ਸਾਹਿਬ ਦੇ ਨਾਵਾਂ ਹੇਠ ਪ੍ਰਚਲਿਤ ਹੁਕਮਨਾਮੇ (ਡਾ. ਗੰਡਾ ਸਿੰਘ
ਅਤੇ ਸ਼ਮਸ਼ੇਰ ਸਿੰਘ ‘ਅਸ਼ੋਕ’ ਦੂਆਰਾ ਆਪੋ ਆਪਣੀਆਂ ਕਿਤਾਬਾਂ ਵਿੱਚ ਸੰਗ੍ਰਹਿਤ) “ਸਰਾਸਰ ਜਾਅਲੀ
ਹਨ। ਗੁਰੂ ਸਾਹਿਬਾਨ ਨਾਲ ਉਹਨਾਂ ਦਾ ਦੂਰ-ਨੇੜੇ ਦਾ ਵੀ ਰਿਸ਼ਤਾ ਨਹੀਂ” (ਪ੍ਰੋ. ਮਹਿਬੂਬ, ਸਫਾ
ਓਹੀ)। ਇਵੇਂ ਹੀ, ‘ਗਿਆਨ ਰਤਨਾਵਲੀ’ ਅਤੇ ‘ਭਗਤ ਰਤਨਾਵਲੀ’ ਵੀ ਭਾਈ ਮਨੀ ਸਿੰਘ ਜੀ ਦੀਆਂ ਰਚਨਾਵਾਂ
ਸਿੱਧ ਨਹੀਂ ਹੁੰਦੀਆਂ। ਅਜੇਹੇ ਅਨੇਕਾਂ ਗ੍ਰੰਥ ਹੋਰ ਹੋਣਗੇ ਜਿਨ੍ਹਾਂ ਨੂੰ ਬਿੱਪਰ ਸੰਸਕਾਰ ਨੇ ਗੁਰੂ
ਜੀ ਦੇ ਪਾਵਨ ਨਾਮ ਦਾ ਭੁਲੇਖਾ ਪਾ ਕੇ ਆਪ ਲਿਖਿਆ। ਹੇਠਾਂ ਉਪਰੋਕਤ ਕ੍ਰਮ ਵਿੱਚ ਆਏ ਹਮਲਿਆਂ ਦੀ
ਵੀਚਾਰ ਪ੍ਰਸਤੁਤ ਹੋਈ ਹੈ।
ਪਹਿਲੇ ਹਮਲੇ ਦੇ ਤਿੰਨ ਧਰਾਤਲ ਹਨ। ਇਕ, ਗੁਰੂ ਜੀ ਦੀ ਪੈਗ਼ੰਬਰੀ ਬਜ਼ੁਰਗੀ
ਉਪਰ ਤੇ ਦੂਜਾ, ਗੁਰਗੱਦੀ (ਪੈਗ਼ੰਬਰੀ ਬਜ਼ੁਰਗੀ) ਨੂੰ ਦੁਨਿਆਵੀ ਤਰਕ ਅਧੀਨ ਲਿਆਉਣਾ, ਅਤੇ ਤੀਜਾ
ਧਰਾਤਲ ਉਹ ਹੈ, ਜਿਹੜਾ ਬਿੱਪਰ ਸੰਸਕਾਰ ਦੀ ਅਤਿ ਘਿਣਾਉਣੀ ਤੇ ਸਭ ਤੋਂ ਕੁਰੱਖਤ ਨਿਸ਼ੇਧ-ਗਤੀ ਦੀ ‘ਇਕ
ਵੱਖਰੀ ਸ਼ਕਤੀ ਜੋ ਡਰ, ਈਰਖਾ ਤੇ ਹਉਮੈ ਦੀਆਂ ਵਿਗੜੀਆਂ ਸ਼ਕਲਾਂ ਦੇ ਕਿਸੇ ਅਜੀਬ ਕੁਸੈਲੇਪਨ ਚੋਂ ਪੈਦਾ
ਹੁੰਦਾ ਹੈ।
ਪਹਿਲੇ ਹਮਲੇ ਦਾ ਪਹਿਲਾ ਧਰਾਤਲ:-
ਪੈਗ਼ੰਬਰੀ ਬਜ਼ੁਰਗੀ ਉਪਰ ਪਹਿਲਾਂ, ਖੁਣਸੀ ਜੋਗੀਆਂ ਨੇ ਹਮਲਾ ਨਿਰਾਕਾਰਤਾ
ਵਾਲੇ ਪਾਸਿਓਂ ਸ਼ੁਰੂ ਕਰਕੇ ਅਗਾਧ ਸਮੁੰਦਰ, ਗੁ. ਨਾਨਕ ਦੀਆਂ ਗਹਿਰਾਈਆਂ ਦੀ, ਆਪਣੇ ਮਨ ਤੇ
ਦਿਲੋ-ਦਿਮਾਗ਼ ਦੀਆਂ ਅਕਲੀ ਚਤੁਰਾਈਆਂ ਦੁਆਰਾ ਹਾਥ ਲੈਣ ਦੀ ਕੋਸ਼ਿਸ਼ ਕੀਤੀ। ਗੁਰਾਂ ਨੇ ਇਨ੍ਹਾਂ ਦੇ
ਤਰਕ ਨੂੰ ਗਹਿਰ ਗੰਭੀਰ ਤੇ ਸੰਤੁਲਿਤ ਜਾਣ ਕੇ ਸਤਿਕਾਰ ਕੀਤਾ (ਸਿਧ ਗੋਸਟਿ) ਤੇ ਪੂਰੀ ਆਓ ਭਗਤ ਵੀ
ਕੀਤੀ। ਪਰ ਅੰਤਿਮ ਤੌਰ ਤੇ ਇਨ੍ਹਾਂ ਬਿੱਪਰਾਂ ਦੀ ਦਾਰਸ਼ਨਿਕ ਤਰਕ ਨੂੰ ਸਹੀ ਨਹੀਂ ਸੀ ਮੰਨਿਆ। ਤੇ
ਆਪਣੇ ਨਿਰਾਲੇ ਦੈਵੀ ਰਾਹ, ਗੁਰਮਤਿ, ਦੀ ਦੱਸ ਪਾਈ। ਗੱਲ ਬਾਤ ਦੇ ਦੌਰਾਨ ਗੁਰੂ ਜੀ ਵਲੋਂ ਯੋਗ ਦਰਸ਼ਨ
ਦੀ ਅਸਲ ਸਥਿਤੀ ਦਾ ਕੀਤਾ ਵਿਸ਼ਲੇਸ਼ਣ, ਬਤੌਰ ਜੋਗ ਦੀਆਂ ਪ੍ਰਾਪਤੀਆਂ, ਇਉਂ ਵਿਸਥਾਰਿਆ ਹੈ: ਯੋਗ ਮਨ
ਦੀਆਂ ਗਹਿਰਾਈਆਂ, ਇਕਾਗਰਤਾ, ਭਿੰਨ ਭਿੰਨ ਤੈਹਾਂ, ਸ਼ਕਤੀਆਂ (ਸਰੀਰਕ ਤੋਂ ਚੱਲ ਕੇ ਮਾਨਸਿਕ)
ਸਿਖਾਉਂਦਾ ਹੈ। ਅਜੋਕੀ ਬੋਲੀ ਵਿੱਚ ਇਸ ਨੂੰ ਮਨੋਵਿਗਿਆਨਕ ਬਾਰੀਕੀਆਂ ਕਹਿੰਦੇ ਹਨ। ਇਨ੍ਹਾਂ ਤੇ ਕੋਈ
ਕਿੰਤੂ ਨਹੀਂ, ਪਰ ਜਦ ਇਹ ਮਨ ਦੀ ਸੂਖਮ ਵਿਦਿਆ ਤੇ ਆਤਮਿਕ ਤ੍ਰਿਖਾ ਦਾ ਥਾਂ ਲੈਂਦੀਆਂ ਹਨ ਤਾਂ
ਇਨ੍ਹਾਂ ਦੀ ਸਥਿਤੀ ਤੇ ਕਿੰਤੂ ਕਰਨਾ ਬਣਦਾ ਹੈ। ਭਾਵ, ਮਨ ਜਿੰਨਾ ਮਰਜ਼ੀ ਬਾਰੀਕ ਹੋ ਜਾਵੇ (ਰੱਬੀ
ਜ਼ੀਨਤ Godly grace))
ਰੱਬੀ ਕਿਰਪਾ ਦੀ ਥਾਂ ਨਹੀਂ ਲੈ ਸਕਦਾ। ਦੂਜਾ, “ਯੋਗ-ਮੱਤ ਮਨ ਦੀ ਸ਼ਕਤੀ ਰਾਹੀਂ ਉਪਰ-ਪ੍ਰਤਿਕ (supernatural)
ਧਰਾਤਲ ਉਤੇ ਵਿਚਰਣਾ ਅਰੰਭ ਕਰ ਦਿੰਦਾ ਹੈ। ਤੇ ਚਮਤਕਾਰ ਵਾਪਰਣੇ ਅਰੰਭ ਹੋ ਜਾਂਦੇ ਹਨ। ਇਹ ਚਮਤਕਾਰ
ਆਪਣੇ ਸੁਤੰਤਰ ਰੂਪ ਵਿੱਚ ਕੋਈ ਮਾੜੀ ਚੀਜ਼ ਨਹੀਂ, ਪਰ ਯੋਗ-ਮੱਤ ਵਿੱਚ ਚਮਤਕਾਰ ਜ਼ਿੰਦਗੀ ਦੇ ਬਾਹਰੀ
ਰੂਪ ਨੂੰ ਭੈਅ-ਭੀਤ, ਹੈਰਾਨ ਅਤੇ ਬਹੁਤੀ ਵਾਰੀ ਵੱਸ ਵਿੱਚ ਕਰਨ ਲਈ ਵਰਤਿਆ ਜਾਂਦਾ ਹੈ”। ਫੇਰ, ਇਸ
ਨੂੰ ਐਨੀ ਮਾਣਤਾ ਦਿੱਤੀ ਜਾਂਦੀ ਹੈ, ਕਿ ਇੱਕ ਪਾਸੇ ਤਾਂ ਇਹ ਰੱਬੀ ਹੁਕਮ ਨੁੰ ਪ੍ਰਤੀਤ ਕਰਨ ਵਿੱਚ
ਰੁਕਾਵਟ ਬਣਦਾ ਹੈ, ਨਾਲ ਮਾਨਵ-ਹਉਮੈ ਨੂੰ ਬਲਵਾਨ ਬਣਾਉਂਦਾ ਹੈ। ਦੂਜੇ ਪਾਸੇ, ਇਨ੍ਹਾਂ ਦਾ
ਕਰਮ-ਖੇਤਰ ਮਨੁਖ ਦੀਆਂ ਈਰਖਾਵਾਂ, ਬਦਲੇ ਦੀ ਭਾਵਨਾ, ਭੈਅ ਦੇਣ ਅਤੇ ਹੁਕਮ ਚਲਾਉਣ ਤੱਕ ਸੀਮਤ ਹੋ
ਜਾਂਦਾ ਹੈ। ਅੱਠਾਂ ਸਿੱਧੀਆਂ ਦਾ ਅਧਿਐਨ ਦਸਦਾ ਹੈ ਕਿ ਇਹ ਕੇਵਲ ਜ਼ਿੰਦਗੀ ਦੇ ਸਤਹੀ ਤੇ ਬਾਹਰੀ
ਰੂਪਾਂ ਨੂੰ ਹੀ ਆਪਣੀ ਪਕੜ ਵਿੱਚ ਲੈਣ ਲਈ ਅਵਤਾਰ ਧਾਰਦੀਆਂ ਹਨ। ਤੀਜਾ, ਯੋਗੀ ਜ਼ਿੰਦਗੀ ਦੀ
ਸਾਧਾਰਣਤਾ ਨਾਲੋਂ ਇੱਕ ਵਿਲੱਖਣ ਤੇ ਨਿਆਰੀ ਹੋਂਦ ਸਥਾਪਤ ਕਰਨ ਵਿੱਚ ਸਫਲ ਹੋ ਜਾਂਦਾ ਹੈ, ਪਰ ਇਸ
ਪ੍ਰਾਪਤੀ ਵਿੱਚ ਵੀ ਦੈਵੀ ਖ਼ਿਆਲ ਦੀ ਸਿਰਜਣਾ ਨੂੰ ਕੋਈ ਥਾਂ ਨਹੀਂ। ਭਾਵ ਯੋਗੀ ਬਲਵਾਨ ਤੇ ਨਿਆਰਾ ਹੈ
ਪਰ ਉਸ ਦੇ ਇਹ ਗੁਣ ਉਸ ਨੂੰ ਜੀਵਨ ਵਿੱਚ ਦੈਵੀ ਕੀਮਤਾਂ ਸਿਰਜਣ ਵਾਲੇ ਨਾਇਕ ਦਾ ਦਰਜਾ ਨਹੀਂ ਦਿੰਦੇ।
ਮੁਕਦੀ ਗੱਲ, ਯੋਗੀ ਇਕੱਲਤਾ ਵਿੱਚ ਜੀਉਣ ਦੀ, ਸਰੀਰ ਅਤੇ ਪ੍ਰਾਣ ਨੂੰ ਸਿਰਫ ਵਕਤੀ ਤੌਰ ਉਤੇ ਇੱਕ
ਨਵੀਨ ਧਰਾਤਲ ਦੇਣ ਦੀ ਤੇ ਅਮਰਤਾ (ਜਿਵੇਂ ਕਾਇਆਂ ਕਲਪ ਕਰਕੇ ਉਮਰ ਵਧਾਉਣਾਂ ਆਦਿ) ਦਾ ਇੱਕ ਭੁਲੇਖਾ
ਖਾਣ ਅਤੇ ਪਾਉਣ ਦੀ ਸ਼ਕਤੀ ਰਖਦਾ ਹੈ ਪਰ ਇਹ ਚੀਜ਼ਾਂ ਦੈਵੀ ਖ਼ਿਆਲ ਦੇ ਵਿਕਾਸ ਵਿੱਚ ਕੋਈ ਹਿੱਸਾ ਨਹੀਂ
ਪਾਉਂਦੀਆਂ। ਯੋਗੀ ਦੀ ਤ੍ਰਾਸਦੀ ਇਹ ਹੈ ਕਿ ਉਹ ਇਸ ਮਨ ਤੇ ਸਰੀਰ ਦੀ ਹੈਰਾਨਕੁਨ ਵਿਦਿਆ ਨੂੰ ਆਤਮਕ
ਭਾਲ ਦੀ ਸੰਤੋਖਜਨਕ ਪ੍ਰਾਪਤੀ ਮੰਨਦਾ ਹੈ, ਪਰ ਉਹ ਇਸ ਸਚਾਈ ਤੋਂ ਅਣਜਾਣ ਹੈ ਕਿ ਅਜਿਹੀ ਪ੍ਰਾਪਤੀ
ਰਾਹੀਂ ਉਹ ਖੂਹ ਦੇ ਡੱਡੂ ਵਾਂਗ ਛੋਟੇ ਕਾਲ ਤੇ ਛੋਟੇ ਸਥਾਨ ਨੂੰ ਹੀ ਜਿੱਤਦਾ ਹੈ। ਭਾਵ ਸਪਸ਼ਟ ਹੈ ਕਿ
ਉਹ ਸਮੁੰਦਰ ਰੂਪੀ ਸਰਬੱਗ ਕਾਲ ਤੇ ਸਰਬੱਗ ਸਥਾਨ (ਦੇਸ਼) ਦਾ ਵਾਸੀ ਨਹੀਂ ਬਣਦਾ। ਇਉਂ, ਉਸ ਦਾ ਸਫਰ
ਕਿਸੇ ਰੱਬੀ ਜ਼ੀਨਤ (ਸੁੰਦਰਤਾ) ਵਾਲੇ ਪਾਸੇ ਨਹੀਂ ਜਾਂਦਾ। ਉਸ ਕੋਲ ਮਨ ਦੀਆਂ ਬਾਰੀਕ ਦਿਸ਼ਾਵਾਂ ਦੀ
ਜਾਣਕਾਰੀ ਤੇ ਉਸ ਜਾਣਕਾਰੀ ਰਾਹੀਂ ਕੁਦਰਤ ਦੇ ਕੁੱਝ ਦਿਸਦੇ ਕਾਨੂੰਨ ਤੋੜ ਸਕਣ ਦੀ ਸ਼ਕਤੀ ਦੀ ਮਾਲਕੀ
ਦਾ ਨਸ਼ਾ ਹੈ, ਜਿਸ ਨੂੰ ਜੇ ਰੱਬੀ ਜ਼ੀਨਤ ਦਾ ਬਦਲ
(substitute) ਮੰਨ ਲਿਆ ਜਾਵੇ, ਤਾਂ ਉਸ ਦੀ
ਹੋਂਦ ਕੇਵਲ ਇੱਕ ਬੁੱਤ ਹੀ ਰਹਿ ਜਾਂਦੀ ਹੈ। ‘ਸਿੱਧ ਗੋਸਟਿ’ ਯੋਗੀ ਦੀਆਂ ਉਪਰੋਕਤ ਤਿੰਨਾਂ
ਪ੍ਰਾਪਤੀਆਂ ਨੂੰ ਅਸਲ ਵਲ ਮੋੜਨਾ ਚਾਹੁੰਦੀ ਹੈ: ਮਨ ਦੀ ਬਾਰੀਕੀ ਤੇ ਸਰੀਰਕ ਮੁਦ੍ਰਾਵਾਂ ਨੂੰ
ਚਮਤਕਾਰਾਂ ਦੀ ਮਾਲਕੀ ਦਾ ਨਸ਼ਾ ਛੱਡ ਕੇ ਦੈਵੀ ਵਿਸਮਾਦ ਨਾਲ ਜੋੜਣ ਲਈ ਪ੍ਰੇਰਿਆ ਗਿਆ ਹੈ। ਗੱਲ ਕੀ
ਖ਼ਿਆਲ ਦੀਆਂ ਕੁੱਲ ਸਰੀਰਕ ਦਿਸ਼ਾਵਾਂ ਦਾ ਕੋਣ ਰੱਬੀ ਕਰਮ ਤੇ ਰੱਬੀ ਹੁਕਮ ਵਲ ਕਰ ਦਿੱਤਾ ਗਿਆ ਹੈ। ਇਹ
ਸੀ ਵਿਸ਼ਲੇਸ਼ਣ ਯੋਗ-ਮੱਤ ਵਿੱਚ ਰੁੱਝੇ ਬਿੱਪਰ ਦਾ, ਜਿਸ ਦੀ ਰੋਸ਼ਨੀ ਵਿੱਚ ਗੁਰਾਂ ਨੇ, ਬਿੱਪਰ ਸੰਸਕਾਰ
ਦੀ ਕਲਾ ਤੇ ਸੂਖਮ ਤਰਕ ਦੇ ਮੁਖ ਪ੍ਰਤੀਨਿਧ ਯੋਗੀਆਂ ਦਾ ਮੁਕਾਬਲਾ ਕਰਦਿਆਂ ਸਹਿਜ-ਭਰਪੂਰ ਮਿਠਾਸ
ਵਿਖਾਈ, ਪਰ ਨਾ ਉਹ ਭਿੱਜੇ ਤੇ ਨਾ ਹੀ ਪਤੀਜੇ ਨਮਰੂਦ ਦੀ ਕਬਰ ਵਾਂਗ ‘ਨਾ ਸਉਣ ਹਰੇ ਨਾ ਜੇਠ ਸੁੱਕੇ’
ਹੀ ਰਹੇ।
ਰੂਹਾਨੀਅਤ ਦੀ ਯੋਗੀਆਂ ਵਿਚਲੀ ਉਪਰੋਕਤ ਘਾਟ ਗੁਰੂ ਨਾਨਕ ਸਾਹਿਬ ਨੂੰ ਜ਼ਾਹਰਾ
ਦਿਸਦੀ ਸੀ ਪਰ ਯੋਗੀਆਂ ਕੋਲ ਦ੍ਰਿਸ਼ਟਾ ਪਦ (a high
degree spiritual attainment to reflect on their weaknesses)
ਦੀ ਵਡੱਤਣ ਗ਼ੈਰ-ਹਾਜ਼ਰ ਸੀ ਸਦਕਾ ਜਿਸਦਾ ਉਹ ਆਪਣੀਆਂ ਪ੍ਰਾਪਤੀਆਂ ਨੂੰ ਮਯਾਰ ਬਣਾ ਕੇ ਗੁਰੂ ਨਾਨਕ
ਸਾਹਿਬ ਦੀ ਵਡੱਤਣ ਨੂੰ ਜਾਨਣ ਦਾ ਯਤਨ ਕਰਦੇ ਸਨ। ਇਵੇਂ ਹੀ, ਯੋਗੀਆਂ ਨੇ ਗੁਰੂ ਅੰਗਦ ਸਾਹਿਬ ਤੇ
ਗੁਰੂ ਰਾਮਦਾਸ ਸਾਹਿਬ ਸਮੇਂ ਉਨ੍ਹਾਂ ਦੇ ਦਰਬਾਰ ਵਿੱਚ ਗੁਰਾਂ ਦੀ ਪਰਖ ਕਰਨ ਹਿੱਤ ਫੇਰੀਆਂ ਪਾਈਆਂ।
ਪਰ ਉਨ੍ਹਾਂ ਦੀ ਪੈਗ਼ੰਬਰੀ ਬਜ਼ੁਰਗੀ ਵਿੱਚ ਡੁੱਬਣ ਲਈ ਤਿਆਰ ਨਾਂਹ ਹੋਏ। ਯੋਗੀਆਂ ਦੀ ਸੂਖਮ ਸੁਰਤਿ ਨੇ
ਗੁਰੂ ਸਾਹਿਬਾਨ ਤੋਂ ਹਾਰਾਂ ਖਾਧੀਆਂ, ਪਰ ਉਨ੍ਹਾਂ ਦੀ ਹਉਮੈ ਨੇ ਇਨ੍ਹਾਂ ਹਾਰਾਂ ਨੂੰ ਵਕਤੀ ਤੌਰ ਤੇ
ਹੀ ਮੰਨਿਆਂ। ਉਨ੍ਹਾਂ ਨੇ ਆਪਣੀਆਂ ਹਾਰਾਂ ਨੂੰ ਗੁਰੂ ਸਾਹਿਬਾਨ ਦੀ ਰੱਬੀ ਜ਼ੀਨਤ ਵਿੱਚ ਲੀਨ ਨਾਂਹ
ਕੀਤਾ। ਭਾਵ, ਉਨ੍ਹਾਂ ਦੀ ਸੁਰਤਿ ਦੇ ਬੁੱਤ ਟੁੱਟੇ ਜ਼ਰੂਰ ਪਰ ਉਨ੍ਹਾਂ ਦੀ ਹਉਮੈ ਨੇ ਟੁੱਟੇ ਹੋਏ
ਬੁੱਤਾਂ ਦੀ ਵਧੀ ਗਿਣਤੀ ਉਤੇ ਖੁਸ਼ੀ ਕੀਤੀ। ਸਰਬ ਕਲਾ ਸਮਰੱਥ ਗੁਰੂ ਨਾਨਕ ਕੋਲੋਂ ਮਿਲਦੀ ਦਾਤ ਨਾ ਲਈ
ਜਿਸ ਕਰਕੇ ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਤੱਕ ਯੋਗੀਆਂ ਕੋਲੋਂ ਸੂਖਮ ਸੁਰਤਿ
ਦੀ ਦਾਤ ਖੁੱਸ ਗਈ। ਤੇ ਗੱਲ ਬਾਤ ਵਿਚੋਂ ਬਾਰੀਕ ਤਰਕ ਵੀ ਮੁੱਕ ਗਿਆ। ਉਨ੍ਹਾਂ ਦੇ ਅੰਦਰਲੇ ਕਰੋਪ ਤੇ
ਈਰਖਾ (ਖਾਧੀ ਖੁਣਸ ਜੋਗੀਸਰਾਂ – ਭਾ. ਗੁ.) ਦੇ ਤੱਤਾਂ ਨੇ ਆਮ ਵਿਅਕਤੀ ਵਾਲਾ ਦਰਜਾ ਅਖਤਿਆਰ ਕਰ
ਲਿਆ। ਫਲਸਰੂਪ, ਉਨ੍ਹਾਂ ਨਾਨਕ ਮਤੇ, ਗੁਰੂ ਨਾਨਕ ਸਾਹਿਬ ਦੀ ਇਕੋ ਇੱਕ ਮਿੱਠੀ ਯਾਦ, ਹਰੇ ਪਿੱਪਲ
ਨੂੰ ਅੱਗ ਲਾਈ, ਜਿਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਮੁੜ ਹਰਾ ਕੀਤਾ। ਭਾਵ ਇੱਕ ਵਾਰ ਫਿਰ ਸਪਸ਼ਟ
ਹੈ ਕਿ ਗੁਰੂ ਨਾਨਕ-ਸੱਚ ਸਲਾਮਤ ਹੈ ਜਦ ਕਿ ਬਿੱਪਰ ਸੰਸਕਾਰ ਆਪਣੀ ਸੂਖਮ ਅਵੱਸਥਾ ਸਮੇਂ ਪਰਾਪਤ ਕੀਤਾ
ਮਾਣ-ਸਤਿਕਾਰ ਨੀਵੀਆ ਬਿਰਤੀਆਂ ਦਾ ਸ਼ਿਕਾਰ ਹੋਣ ਪਿਛੋਂ ਗੁਆ ਬੈਠਾ ਹੈ। ਇੰਞ, ਯੋਗੀਆਂ ਨੇ ਛੇਵੇਂ
ਪਾਤਸ਼ਾਹ ਵੇਲੇ ਨੈਤਿਕ ਉੱਚਤਾ ਦਾ ਦਾਮਨ ਛੱਡ ਦਿੱਤਾ। ਦਸਵੇਂ ਪਾਤਸ਼ਾਹ ਤੱਕ ਆਪਣੇ ਉਪ-ਰੂਪਾਂ ਰਾਹੀਂ
ਇਨ੍ਹਾਂ ਆਪਣੀ ਵਿਰੋਧਤਾ ਜਾਰੀ ਰੱਖੀ, ਭਾਵੇਂ ਅਸਲ ਰੂਪ ਵਿੱਚ ਸਾਹਮਣੇ ਨਹੀਂ ਆਏ।
ਯੋਗੀਆਂ ਵਾਂਗ ਪੰਡਤ ਨੇ ਵੀ ਆਪਣੇ ਤਰਕ ਰਾਹੀਂ ਗੁਰੂ ਜੀ ਦੀ
ਪੈਗ਼ੰਬਰੀ ਬਜ਼ੁਰਗੀ ਉਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ। ਪੰਡਤ ਦਾ ਗੁਰਬਾਣੀ ਵਿੱਚ ਜੋ ਚਿੱਤਰ ਪੇਸ਼
ਹੋਇਆ ਹੈ, ਉਸ ਤੋਂ ਸਾਬਿਤ ਹੈ ਕਿ ਪੰਡਤ ਜੋਗੀ ਵਾਂਗ ਗਹਿਰ ਗੰਭੀਰ ਨਹੀਂ ਸੀ। ਯੋਗੀ ਮਨ ਦੀ ਸ਼ਕਤੀ
ਸੰਪੰਨ ਤੇ ਅੰਤਰਮੁਖ ਸੀ ਜਦ ਕਿ ਪੰਡਤ ਬਾਹਰਮੁਖੀ ਸੀ। ਨਾਂਹ ਉਸ ਕੋਲ ਮਨ ਦੀ ਉਪਰ-ਪ੍ਰਕ੍ਰਿਤਕ ਸ਼ਕਤੀ
ਸੀ ਨਾਂਹ ਗਿਆਨ। ਉਸ ਦੀ ਬੁੱਧੀ ਕਿਤਾਬੀ ਗਿਆਨ ਉਤੇ ਜਿਉਂਦੀ ਸੀ, ਉਸ ਨੂੰ ਦਾਰਸ਼ਨਿਕ ਗੁੰਝਲਾਂ ਪਾਉਣ
ਦੀ ਜਾਚ ਸੀ। ਇਹੋ ਕਾਰਨ ਹੈ, ਕਿ ਪੰਡਤ ਸਤਹੀ ਤਰਕ ਦਾ ਮਾਲਕ ਸੀ। ਕੁੱਝ ਮਿਸਾਲਾਂ ਉਪਲਭਦ ਹਨ:
ਜਿਵੇਂ ਗੁਰੂ ਅਮਰਦਾਸ ਜੀ ਨਾਲ ਬਹਿਸਣ ਵਾਲਾ ਪੰਡਤ ਬੇਣੀ, ਗੁਰੂ ਹਰਿਗੋਬਿੰਦ ਜੀ ਨਾਲ ਕਿੰਤੂ ਕਰਨ
ਵਾਲਾ ਨਿਤਾਨੰਦ ਆਦਿ ਅਜਿਹੇ ਤਰਕਵਾਦੀ ਸਨ, ਜਿਹੜੇ ਸ਼ੁਰੂ ਸ਼ੁਰੂ ਵਿੱਚ ਗੁਰੂ ਜੀ ਦੀ ਰਮਜ਼ ਨੂੰ ਧਿਆਨ
ਨਾਲ ਵਾਚਦੇ ਸਨ, ਪਰ ਹਾਰ ਖਾਣ ਪਿਛੋਂ ਈਰਖਾ ਵਿੱਚ ਆ ਜਾਂਦੇ ਸਨ। ਤਰਕਵਾਦੀ ਪੰਡਤ ਖੁਣਸੀ ਪੰਡਤ
ਨਾਲੋਂ ਇਸ ਗੱਲ ਚ ਭਿੰਨ ਸੀ ਕਿ ਉਹ ਗੁਰੂ ਸਾਹਿਬਾਨ ਵਿਰੁੱਧ ਕੋਈ ਨੀਵੀਂ ਸਾਜਿਸ਼ ਨਹੀਂ ਸੀ ਕਰਦਾ।
ਪਰ ਹਿੰਦੂ-ਤਰਕ ਜਿੰਨਾ ਚਿਰ ਬਿੱਪਰ ਸੰਸਕਾਰ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੁੰਦਾ, ਉਨਾ ਚਿਰ ਗੁਰੂ
ਸਾਹਿਬਾਨ ਦੀ ਪੈਗ਼ੰਬਰੀ ਬਜ਼ੁਰਗੀ ਤੋਂ ਅਭਿੱਜ ਰਹਿੰਦਾ ਹੈ। ਹਾਰ ਖਾਣ ਪਿਛੋਂ ਵੀ ਉਸ ਦਾ ਹਉਮੈਵਾਦੀ
ਹਠ ਆਪਣੇ ਦੁਨਿਆਵੀ ਖ਼ਿਆਲਾਂ ਦੀ ਮਾਲਕੀ ਨੂੰ ਹੀ ਪਹਿਲ ਦਿੰਦਾ ਹੈ। ਦਸਮ ਪਾਤਸ਼ਾਹ ਦੇ ਕਿੰਨੇ ਹੀ
ਦਰਬਾਰੀ ਕਵੀ ਤਰਕਵਾਦੀ ਪੰਡਤ ਨਾਲੋਂ ਬਹੁਤੇ ਭਿੰਨ ਨਹੀਂ, ਭਾਵੇਂ ਕਲਾਮਈ ਰਸਕਿਤਾ (ਕਾਵਿਕ) ਕਰਕੇ
ਵਕਤੀ ਤੌਰ ਤੇ ਉਹ ਸੁਲਹ-ਸਫਾਈ ਦੇ ਰੌਂਅ ਵਿੱਚ ਵਿਚਰਦੇ ਸਨ।
ਪਹਿਲੇ ਹਮਲੇ ਦਾ ਦੂਜਾ
ਧਰਾਤਲ:-
ਪੈਗ਼ੰਬਰੀ ਬਜ਼ੁਰਗੀ ਉਤੇ ਹਮਲੇ ਦੇ ਦੂਜੇ ਧਰਾਤਲ ਭਾਵ ਗੁਰਿਆਈ ਨੂੰ
ਦੁਨਿਆਵੀ ਤਰਕ ਅਧੀਨ ਲਿਆਉਣ ਦੇ ਪੱਖ ਤੋਂ ਇਸ ਹਮਲੇ ਦਾ ਵਿਸ਼ਲੇਸ਼ਣ ਇਉਂ ਕੀਤਾ ਮਿਲਦਾ ਹੈ। ਇਸ ਵਾਰ
ਦਾ ਮੰਤਵ ਨਾ ਤਾਂ ਬੌਧਿਕ ਤੀਖਣਤਾ ਤੇ ਨਾ ਨਿਸੰਗਤਾ ਭਰਪੂਰ ਹੈ। ਨਾ ਇਸ ਵਾਰ ਵਿੱਚ ਪਹਿਲੇ ਧਰਾਤਲ
ਵਾਲੇ ਵਾਰ ਵਰਗੀ ਨਿਆਂ ਕਰਨ ਦੀ ਭਾਵਨਾ ਹੈ ਤੇ ਨਾ ਨਿਰਪੱਖ ਰਹਿਣ ਦੀ ਕੋਸ਼ਿਸ਼ ਵੇਖਣ ਵਿੱਚ ਆਉਂਦੀ
ਹੈ। ਇਸ ਹਮਲੇ ਦਾ ਜਨਮ ਅਧਿਆਤਮਕ ਰਹੱਸਾਂ ਪ੍ਰਤੀ ਅਗਿਆਨ, ਈਰਖਾ ਤੇ ਬਦਲਾ ਲੈਣ ਦੀ ਭਾਵਨਾ ਚੋਂ
ਹੋਇਆ। ਬਿੱਪਰ ਸੰਸਕਾਰ ਨੇ ਇਸ ਹਮਲੇ ਵਿੱਚ ਕਾਮਯਾਬ ਹੋਣ ਲਈ ਬੁੱਧੀ ਦੀ ਸਾਧਾਰਣਤਾ ਦੇ ਔਸਤਨ
ਮਿਆਰਾਂ ਉਤੇ ਨਿਰਭਰ ਦੁਨਿਆਵੀ ਚਾਲਾਕੀ ਅਤੇ ਚੁਸਤ ਸ਼ੈਤਾਨੀਅਤ ਵਿਚੋਂ ਸਾਂਝੇ ਤੌਰ ਤੇ ਪੁੰਗਰੇ
ਮਨੁਖੀ ਵਤੀਰੇ ਦੀ ਮਦਦ ਲਈ।
ਗੁਰਗੱਦੀ ਨੂੰ ਦੁਨਿਆਵੀ ਤਰਕ ਅਧੀਨ ਲਿਆਉਣ ਲਈ ਕਈ ਕਿਸਮ ਦੇ ਰਵੱਈਏ
(Attitudes)
ਹੋਂਦ ਵਿੱਚ ਆਏ ਜਿਨ੍ਹਾਂ ਚੋਂ ਹੇਠ ਵਰਣਿਤ ਪੰਜ ਪ੍ਰਮੁਖ ਹਨ: ਗੁਰਗੱਦੀ ਨੂੰ ਖਾਨਦਾਨੀ ਵਿਰਾਸਤ ਬਣਾ
ਕੇ ਪੇਸ਼ ਕਰਨਾ; ਗੁਰਗੱਦੀ ਦੀ ਬਖ਼ਸ਼ਿਸ਼ ਹੋਣ ਦਾ ਆਧਾਰ ਸਾਧਾਰਣ ਨੈਤਿਕ ਅਤੇ ਸਦਾਚਾਰਕ ਗੁਣਾਂ ਨੂੰ
ਮਿਥਣਾਂ; ਵਿਸ਼ੇਸ਼ ਵਿਅਕਤੀਆਂ ਦੀਆਂ ਕੁੱਝ ਗ਼ਲਤੀਆਂ ਕਾਰਨ ਉਨ੍ਹਾਂ ਨੂੰ ਗੁਰਗੱਦੀ ਨਾਂਹ ਮਿਲ ਸਕਣ ਦਾ
ਖ਼ਿਆਲ; ਖ਼ਾਲਸਾ ਦੇ ਸੰਕਲਪ ਦਾ ਅਧਿਆਤਮਕ ਰਹੱਸ ਨਾ ਬੁਝ ਸਕਣਾ; ਗੁਰੂ ਦੇ ਰਾਹ, ਅਮਲ ਅਤੇ ਸਿਖਿਆ ਨੂੰ
ਔਸਤਨ ਅਕਲ ਦੇ ਧਰਾਤਲ ਉਤੇ ਲਿਆਉਣਾ।
ਪ੍ਰੋ. ਮਹਿਬੂਬ ਦਾ ਖ਼ਿਆਲ ਪ੍ਰਮਾਣਯੁਕਤ ਅਤੇ ਸੱਚਾ ਹੈ, ਤਰਕਸ਼ੀਲ ਅਤੇ
ਨਿਰਸੰਦੇਹ ਹੈ ਕਿ ਭਾਵੇਂ ਉਪਰੋਕਤ ਰਵੱਈਏ ਸਿੱਖ-ਕੌਮ ਵਿੱਚ ਪੈਦਾ ਹੋਏ, ਭਾਵੇਂ ਹਿੰਦੂ ਕੌਮ ਵਿਚ,
ਅਤੇ ਭਾਵੇਂ ਕਿਸੇ ਹੋਰ ਮਜ਼ਹਬ ਵਿਚ, ਇਹਨਾਂ ਦੀ ਜਨਮ ਭੂਮੀ ਬਿੱਪਰ-ਸੰਸਕਾਰ ਹੀ ਮੰਨਣੀ ਪਵੇਗੀ, (ਇਸ
ਲੇਖ ਲੜੀ ਦੇ ਪਹਿਲੇ ਭਾਗ ਵਿੱਚ ਵਿਚਾਰਾਧੀਨ ਕਰ ਚੁਕੇ ਹਾਂ)। ਏਸੇ ਨੁਕਤੇ ਦੀ ਸਪਸ਼ਟਤਾ ਲਈ ਹੇਠਾਂ
ਇਨ੍ਹਾਂ ਰਵੱਈਆਂ ਦੀ ਪ੍ਰੋ. ਮਹਿਬੂਬ ਜੀ ਵਲੋਂ ਵਿਆਖਿਆ ਐਉਂ ਪ੍ਰਸਤੁਤ ਹੋਈ ਹੈ:
(1) ਗੁਰਗੱਦੀ ਨੂੰ ਖਾਨਦਾਨੀ ਵਿਰਾਸਤ ਬਣਾ ਕੇ ਪੇਸ਼ ਕਰਨਾ:- ਗੁਰੂ
ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਤੱਕ ਗੁਰਗੱਦੀ ਲਈ ਜੋ ਝਗੜੇ
ਛਿੜੇ, ਜੋ ਕਮੀਨੀਆਂ ਗੋਂਦਾਂ ਗੁੰਦੀਆਂ ਗਈਆਂ, ਅਤੇ ਜੋ ਉਦਾਸ ਘਟਨਾਵਾਂ ਵਾਪਰੀਆਂ, ਭਾ. ਗੁਰਦਾਸ ਨੇ
ਉਨ੍ਹਾਂ ਦਾ ਸੰਕੇਤਕ ਵਰਨਣ ਇਸ ਪਰਕਾਰ ਕੀਤਾ ਹੈ:
ਬਾਲ ਜਤੀ ਹੈ ਸਿਰੀ ਚੰਦ ਬਾਬਾਣਾ ਦੇਹੁਰਾ ਬਣਾਯਾ॥
ਮੰਜੀ ਦਾਸ ਬਹਾਲਿਆ ਦਾਤੂ ਸਿਧਾਸਣ ਸਿਖ ਆਇਆ॥
ਲਖਮੀ ਦਾਸਹੁੰ ਧਰਮ ਚੰਦ ਪੋਤਾ ਹੋਇ ਆਪ ਗਣਾਯਾ॥
ਮੋਹਣ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਯਾ॥
ਮੀਣਾ ਹੋਆ ਪਿਰਥੀਆ ਕਰ ਕਰ ਤੋਢਕ ਬਰਲ ਚਲਾਇਆ॥
ਮਹਾਂ ਦੇਉ ਅਹੰਮੇਵ ਕਰ ਕਰ ਬੇਮੁਖ ਪੁਤਾ ਭਉਕਾਯਾ॥
ਚੰਦਨ ਵਾਸ ਨ ਵਾਂਸ ਬੋਹਾਯਾ॥ (26/33)
ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇਣ ਦਾ ਸੰਕਲਪ
ਕੀਤਾ, ਤਾਂ ਉਨ੍ਹਾਂ ਦੇ ਪੁੱਤਰਾਂ ਅਤੇ ਸਨਬੰਧੀਆਂ ਨੇ ਇਸ ਗੱਲ ਦਾ ਸਖਤ ਵਿਰੋਧ ਕੀਤਾ। ਗੁਰੂ ਅੰਗਦ
ਸਹਿਬ ਜੀ ਦੇ ਪੁਤਰਾਂ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਨਾ ਕੀਤਾ। ਗੁਰੂ ਅਮਰਦਾਸ ਜੀ ਦੇ ਸਪੁੱਤਰ
ਭਾਈ ਜੇਠਾ ਜੀ ਨੂੰ ਗੁਰਗੱਦੀ ਮਿਲਣ ਉੱਤੇ ਖੁਸ਼ ਨਹੀਂ ਸਨ। ਗੁਰੂ ਅਰਜਨ ਸਾਹਿਬ ਨਾਲ ਉਨ੍ਹਾਂ ਦੇ
ਵੱਡੇ ਵੀਰ ਪ੍ਰਿਥੀ ਚੰਦ ਨੇ ਅਤਿ ਦਾ ਵੈਰ ਕਮਾਇਆ। ਇਵੇਂ ਹੀ ਰਾਮਰਾਇ ਨੇ ਕਰਾਮਾਤਾਂ ਨਾਲ ਔਰੰਗਜ਼ੇਬ
ਦਾ ਮਨ ਜਿੱਤ ਕੇ ਆਪਣੇ ਛੋਟੇ ਵੀਰ ਗੁਰੂ ਹਰਿਕ੍ਰਿਸ਼ਨ ਵਿਰੁੱਧ ਸ਼ਿਕਾਇਤ ਕੀਤੀ ਕਿ ਵੱਡਾ ਹੋਣ ਤੇ
ਗੁਰਗੱਦੀ ਤੇ ਉਸ ਦਾ ਹੱਕ ਮਾਰ ਕੇ ਛੋਟੇ ਨੂੰ ਦੇ ਦਿੱਤਾ ਗਿਆ। ਉਸ ਨਾਲ ਹੋਈ ਬੇਇਨਸਾਫੀ ਨੂੰ
ਸ਼ਹਿਨਸ਼ਾਹ ਦੂਰ ਕਰੇ। ਜਦ ਅੱਠਵੇਂ ਪਾਤਸ਼ਾਹ ਨੇ ਗੁਰਗੱਦੀ ਦੇ ਹੋਣ ਵਾਲੇ ਅਗਲੇ ਗੁਰੂ ਦੀ ਸੰਕੇਤਕ ਦੱਸ
‘ਬਾਬਾ ਬਕਾਲੇ’ ਕਹਿ ਕੇ ਪਾਈ ਤਾਂ ਬਕਾਲੇ ਬਾਈ (22) ਮੰਜੀਆਂ ਡਾਹ ਕੇ ਬਹਿ ਗਏ। ਗੁਰੂਆਂ ਦੇ ਹੀ
ਖਾਨਦਾਨਾਂ ਵਿਚੋਂ ਹੀ ਅਜਿਹੀ ਕਠੋਰ ਮੂੜ੍ਹਤਾ ਬਿੱਪਰ ਸੰਸਕਾਰ ਨੇ ਹੀ ਪੈਦਾ ਕੀਤੀ ਸੀ। ਕਿਉਂਕਿ
ਬਿੱਪਰ ਸੰਸਕਾਰ ਦੀ ਬਾਣੀਆਂ ਬਿਰਤੀ ਚ ਅੰਨ੍ਹੇ ਹੋਏ ਗੁਰਗੱਦੀ ਦੇ ਝੂਠੇ ਦਾਅਵੇਦਾਰ (ਗੁਰੂ-ਪੁੱਤਰ,
ਗੁਰੂ-ਭਰਾ ਆਦਿ ਵੀ ਕਿਉਂ ਨਾ ਹੋਣ) ਪੈਗ਼ੰਬਰੀ ਬਜ਼ੁਰਗੀ ਦੇ ਇਲਾਹੀ ਕਾਨੂੰਨਾਂ ਦੀ ਜਾਣਕਾਰੀ ਨਹੀਂ
ਰਖਦੇ ਸਨ। ਦੂਜਾ, ਬਿੱਪਰ-ਸੰਸਕਾਰ ਨੂੰ ਖ਼ਾਲਸਾ ਚੇਤਨਾ ਵਿੱਚ ਵੜਨ ਲਈ ਚੋਰ ਦਰਵਾਜ਼ੇ ਲੱਭਣ ਦੀਆਂ
ਦੁਨਿਆਵੀ ਚਤੁਰਾਈਆਂ, ਜੁਗਤਾਂ, ਵਿਧੀਆਂ ਸਭ ਆਉਂਦੀਆਂ ਹਨ। ਉਹ ਇਨ੍ਹਾਂ ਵੱਟੇ ਦੈਵੀ ਵਸਤਾਂ ਪ੍ਰਾਪਤ
ਕਰਨ ਲਈ ਤਤਪਰ ਰਹਿੰਦਾ ਹੈ। ਫਿਰ ਦੈਵੀ ਚੀਜ਼ਾਂ ਉਤੇ ਦੁਨਿਆਵੀ ਸ਼ਰਤਾਂ ਲਾਉਂਦਾ ਹੈ, ਤੇ ਰੱਬੀ ਬਖ਼ਸ਼ਿਸ਼
ਨੂੰ ਦੁਨਿਆਵੀ ਲਾਭ-ਹਾਣ ਵਿਚੋਂ ਬਣੀ ਬਿਰਤੀ ਵਿੱਚ ਢਾਲਦਾ ਹੈ। ਬਿੱਪਰ-ਸੰਸਕਾਰ ਦੀ ਜ਼ਿਹਨੀ ਗ਼ੁਲਾਮੀ
ਕਰ ਰਹੇ ਦਾਅਵੇਦਾਰਾਂ ਲਈ ਇਹ ਚਾਰ ਸ਼ਰਤਾਂ: ਲਹੂ ਦੀ ਸਾਂਝ; ਗੁਰੂ ਨਾਲ ਵਿਵਹਾਰਿਕ ਨੇੜਤਾ; ਦੁਨਿਆਵੀ
ਚਤੁਰਤਾ; ਤੇ ਕਰਾਮਾਤ ਦੀ ਮਾਲਕੀ। ਇਹ ਸ਼ਰਤਾਂ ਸਾਫ ਤੌਰ ਤੇ ਆਤਮਕ ਸੁਭਾ ਵਾਲ਼ੀਆਂ ਨਹੀਂ, ਇਨ੍ਹਾਂ ਦਾ
ਸੰਬੰਧ ਪਦਾਰਥਕ ਤੇ ਹਉਮੈਵਾਦੀ ਪੱਖਾਂ ਨਾਲ ਹੈ। ਭਾਵ, ਗੁਰਗੱਦੀ ਦੇ ਝੂਠੇ ਦਾਅਵੇਦਾਰਾਂ ਨੂੰ
ਗੁਰੂ-ਨਾਨਕ ਅਮਲ, ਗੁਰੂ-ਲਿਵ ਦੇ ਅਟੱਲ ਰਿਸ਼ਤੇ, ਲਿਵ ਚੋਂ ਪੈਦਾ ਹੋਣ ਵਾਲੇ ਸਦੀਵੀ ਰੱਬੀ ਪਰਵਾਹ,
ਗੁਰਿਆਈ ਦੇਣ ਦੇ ਦੈਵੀ ਪ੍ਰਬੰਧ ਤੇ ਇਲਾਹੀ ਨਿਯਮਾਂ ਦਾ ਅੰਦਰੂਨੀ ਅਨੁਭਵ ਨਹੀਂ ਸੀ। ਖੂਨ ਦਾ ਰਿਸ਼ਤਾ
ਜਿਥੇ ਗੁਰਿਆਈ ਮਿਲਣ ਦੀ ਸ਼ਰਤ ਨਹੀਂ ਉਥੇ ਕਰਾਮਾਤ ਵੀ ਅਜਿਹਾ ਨਿਗੂਣਾ ਗੁਣ ਹੈ ਜਿਹੜਾ ਗੁਰਿਆਈ
ਪ੍ਰਾਪਤੀ ਲਈ ਕੋਈ ਮਿਆਰ ਨਹੀਂ। ਗੁਰਿਆਈ ਇੱਕ ਅਰੋਕ ਬਖ਼ਸ਼ਿਸ਼ ਹੈ। ਦੁਨਿਆਵੀ ਚਾਲਾਂ, ਬੁੱਧੀ ਦੀ
ਚਤੁਰਤਾ, ਤੇ ਚਾਲਾਕ ਸਾਜਿਸ਼ਾਂ ਇਸ ਨੂੰ ਨਾਜ਼ਲ ਹੋਣੋ ਰੋਕ ਨਹੀਂ ਸਕਦੀਆਂ। ਸੱਚ ਤਾਂ ਇਹ ਹੈ ਕਿ “ਜੋ
ਚੇਤਨਾ ਉਚੀ ਸੁਰਤਿ ਬਣੀ ਉਹੋ ਸਾਕਾਰ ਗੁਰੂ ਨਾਨਕ-ਸੱਚ ਹੋ ਗਈ, ਉਸ ਚੇਤਨਾ ਦਾ ਗੁਰੂ ਨਾਲ ਸੰਸਾਰੀ
ਰਿਸ਼ਤਾ ਕੋਈ ਵੀ ਹੋਵੇ, ਉਹ ਗੁਰੂ ਹੈ” (ਪ੍ਰੋ. ਮਹਿਬੂਬ 1988: 682)।
(2) ਗੁਰਗੱਦੀ ਦੀ ਬਖ਼ਸ਼ਿਸ਼ ਹੋਣ ਦਾ ਆਧਾਰ ਸਾਧਾਰਣ ਨੈਤਿਕਤਾ ਅਤੇ
ਸਦਾਚਾਰਕ ਗੁਣਾਂ ਨੂੰ ਮਿਥਣਾ:- ਗੁਰਗੱਦੀ ਨੂੰ ਚਰਿੱਤਰ-ਗੁਣਾਂ (ਨੈਤਿਕ, ਬੌਧਿਕ ਤੇ ਸਦਾਚਾਰਕ
ਪੁਖਤਗੀ) ਤੱਕ ਸੀਮਤ ਕਰ ਦੇਣਾ ਵੀ ਗ਼ਲਤ ਹੈ। ਗੁਰੂ ਵਿੱਚ ਉੱਜਲ ਚਰਿੱਤਰ-ਗੁਣ ਹੋਣੇ ਲਾਜ਼ਮੀ ਹਨ, ਪਰ
ਉਸ ਦੀ ਹੋਂਦ ਦਾ ਅਸਲ ਕੇਂਦਰ ਇਨ੍ਹਾਂ ਤੋਂ ਬਹੁਤ ਅੱਗੇ ਹੁੰਦਾ ਹੈ। ਇੰਦ੍ਰਿਆਵੀ ਬੁੱਧੀ ਦੀ
ਦੁਨਿਆਵੀ ਤਰਕ ਦੇ ਵਿਸ਼ਲੇਸ਼ਣ ਅਧੀਨ ਹੋਣ ਵਾਲੇ ਗੁਰਿਆਈ ਮਿਲਣ ਦੇ ਕਾਰਨ ਜੇ ਕੋਈ ਲੱਭ ਵੀ ਪੈਣ ਤਾਂ
ਵੀ ਅੰਦਰਲਾ ਕਾਰਨ ਅਕੱਥ ਅਤੇ ਅਗੋਚਰ ਹੀ ਰਹੇਗਾ, ਕਿਉਂਕਿ ਗੁਰਗੱਦੀ ਬਿਪਰ-ਸੰਸਕਾਰੀ ਬੁੱਤ ਵਾਂਗ
ਸਥਾਨਕ ਤੇ ਨਿਰਜਿੰਦ ਵਸਤੂ ਨਹੀਂ ਹੈ। ਸਗੋਂ ਇਹ ਤਾਂ ਗੁਰੂ ਨਾਨਕ-ਸੱਚ ਦੀ ਅਟੱਲ ਗਤੀ ਦੇ ਅਟੱਲ ਤੇ
ਅਰੋਕ ਵੇਗ ਨਾਲ ਧੁਰ ਦਰਗਾਹੋਂ ਵਗਦਾ ਦੈਵੀ ਪ੍ਰਬੰਧ ਹੈ।
(3) ਵਿਸ਼ੇਸ਼ ਵਿਅਕਤੀਆਂ ਦੀਆਂ ਕੁੱਝ ਗ਼ਲਤੀਆਂ ਕਾਰਨ ਉਨ੍ਹਾਂ ਨੂੰ
ਗੁਰਗੱਦੀ ਨਾ ਮਿਲ ਸਕਣ ਦਾ ਖ਼ਿਆਲ:- ਇਹ ਕਹਿਣਾ ਬਿੱਪਰ ਸੰਸਕਾਰ ਦੀ ਜ਼ਿਹਨੀ ਗ਼ੁਲਾਮੀ ਕਰਨਾ ਹੈ
ਕਿ ਫਲਾਣੇ ਫਲਾਣੇ ਵਿਅਕਤੀ ਫਲਾਣੀਆਂ ਫਲਾਣੀਆਂ ਗ਼ਲਤੀਆਂ ਕਾਰਨ ਗੁਰਗੱਦੀ ਪ੍ਰਾਪਤ ਨਾ ਕਰ ਸਕੇ। ਇਥੇ
ਮੁੜ ਇਹੋ ਹੀ ਕਹਿਣਾ ਬਣਦਾ ਹੈ ਕਿ ਨੈਤਿਕ ਗੁਣ, ਬੁੱਧੀ ਦੀ ਤੀਖਣਤਾ, ਇਖ਼ਲਾਕੀ ਜ਼ਬਤ ਤੇ ਦਾਰਸ਼ਨਿਕ
ਖ਼ਿਆਲਾਂ ਦੀ ਸੂਚਨਾ ਜਾਂ, ਦੂਜੇ ਲਫਜ਼ਾਂ ਵਿੱਚ ਸ੍ਰਿਸ਼ਟਾਚਾਰ ਤੇ ਗਿਆਨ ਦਾ ਤਰਕ ਆਦਿ, ਪੈਗ਼ੰਬਰੀ
ਬਜ਼ੁਰਗੀ ਦਾ ਭਾਰ ਨਹੀਂ ਉਠਾ ਸਕਦੇ। ਇਸ ਲਈ ਉਪਰੋਕਤ ਗੁਣ ਗੁਰਿਆਈ-ਪ੍ਰਾਪਤੀ ਦਾ ਆਧਾਰ ਨਹੀਂ ਬਣ
ਸਕਦੇ। ਗੱਲ ਸਾਫ ਹੈ ਕਿ ਜੇ ਗੁਰੂ ਅੰਸ ਬੰਸ ਗ਼ਲਤੀਆਂ ਨਾ ਵੀ ਕਰਦੇ ਤਾਂ ਵੀ ਉਨ੍ਹਾਂ ਗੁਰਿਆਈ ਦੇ
ਹੱਕਦਾਰ ਨਹੀਂ ਸੀ ਹੋ ਸਕਣਾ, ਕਿਉਂਕਿ ਗੁਰਿਆਈ ਦੇ ਨਿਯਮ ਇਲਾਹੀ ਹਨ। ਦੂਜਾ, ਗੁਰੂ ਨਾਨਕ-ਸੱਚ
ਇਤਿਹਾਸ ਦੀ ਜ਼ਾਹਰੀ ਸਿਰਜਣਾ ਤੋਂ ਉਚੇਰੀ ਮਨੁਖੀ ਚੇਤਨਾ ਵਿੱਚ ਹੜ੍ਹ ਵਾਂਗ ਚਲਦਾ ਹੈ, ਅਤੇ ਉਸ ਨੂੰ
ਗੁਰੂ ਨਾਨਕ-ਅਮਲ ਦੇ ਸਾਂਚਿਆਂ ਵਿੱਚ ਢਾਲਦਾ ਜਾਂਦਾ ਹੈ। ਇੰਞ, ਵਿਅਕਤੀ ਪੂਰਬਲੇ ਔਗੁਣ ਛੱਡਦਾ
ਛੱਡਦਾ ਗੁਰੂ ਨਾਨਕ-ਸੱਚ ਦਾ ਰੂਪ ਹੀ ਹੋ ਜਾਂਦਾ ਹੈ।
(4) ਖ਼ਾਲਸਾ ਦੇ ਸੰਕਲਪ ਦਾ ਅਧਿਆਤਮਕ ਰਹੱਸ ਨ ਬੁਝ ਸਕਣਾ:- ਖ਼ਾਲਸਾ
ਸੰਕਲਪ ਦੀ ਬਿੱਪਰ-ਸੰਸਕਾਰ ਤੋਂ ਪ੍ਰਭਾਵਿਤ ਦੋ ਤੱਥਾਂ ਦੀ ਮਿਲਾਵਟ ਤੋਂ ਬਣੀ ਗ਼ਲਤ ਵਿਆਖਿਆ ਕਿ ਮੁਗਲ
ਕਾਲ ਚ ‘ਖ਼ਾਲਸਾ’ ਉਸ ਜ਼ਮੀਨ ਨੂੰ ਕਹਿੰਦੇ ਸਨ ਜਿਹੜੀ ਸਿੱਧੀ ਬਾਦਸ਼ਾਹ ਨਾਲ ਸੰਬੰਧਿਤ ਹੁੰਦੀ ਸੀ।
ਦੂਜਾ, ਦਸਮ ਪਾਤਸ਼ਾਹ ਦੁਆਰਾ ਮਸੰਦ ਪ੍ਰਥਾ ਖਤਮ ਕਰਕੇ ਖ਼ਾਲਸਾ ਸੰਗਤ ਨੂੰ ਸਿੱਧਾ ਗੁਰੂ ਨਾਲ ਜੋੜ ਲਿਆ
ਗਿਆ ਸੀ। ਇਸ ਕਰਕੇ ਸੰਗਤ ‘ਖ਼ਾਲਸਾ’ ਕਹਿਲਾਈ (ਡਾ. ਗੰਡਾ ਸਿੰਘ ਤੇ ਸਿਰਦਾਰ ਕਪੂਰ ਸਿੰਘ
I.C.S
ਦੋਵਾਂ ਦਾ ਦ੍ਰਿਸ਼ਟੀਕੋਣ)। ਇਸ ਤਰ੍ਹਾਂ ਦੀ ਸੋਚਣੀ ਸਮੁੱਚੇ ਸਿੱਖ-ਇਤਿਹਾਸ, ਗੁਰਬਾਣੀ ਦੇ ਆਦਰਸ਼ਾਂ
ਅਤੇ ਸਿੱਖ ਅਧਿਆਤਮਵਾਦ ਦੀਆਂ ਸੂਖਮ ਰਮਜ਼ਾਂ ਸੰਤੋਖਜਨਕ ਹੱਦ ਤੱਕ ਨਾਂਹ ਸਮਝ ਸਕਣ ਦੀ ਸੂਚਕ ਹੈ। ਤੇ
ਨਾਲ ਇਹ ਸਾਬਿਤ ਕਰਨਾ ਕਿ ਖ਼ਾਲਸਾ-ਉਤਪਤੀ ਦਾ ਕੋਈ ਰੂਹਾਨੀ ਪਹਿਲੂ ਨਹੀਂ ਸੀ, ਇਹ ਇੱਕ ਨਿਗੂਣੀ
ਇਤਿਹਾਸਿਕ ਘਟਨਾ ਹੀ ਸੀ। ਦਰ ਅਸਲ, ਅਜਿਹੀ ਸੋਚਣੀ ਬਿੱਪਰ-ਸੰਸਕਾਰ ਦਾ ਚੇਤਨਾ ਨੂੰ ਤੰਗ ਅਤੇ ਮਲੀਨ
ਕਰਨ ਵਾਲਾ ਅਤਿ ਘਿਣਾਉਣਾ ਰੂਪ ਹੈ। ਕਿਉਂਕਿ ਖ਼ਾਲਸਾ ਗੁਰੂ ਨਾਨਕ ਸਾਹਿਬ ਦੇ ਖ਼ਿਆਲ ਵਿੱਚ ਮੌਜੂਦ ਸੀ।
ਇਸ ਲਈ ਪ੍ਰੋ. ਮਹਿਬੂਬ ਚੇਤਾਵਨੀ ਦਿੰਦੇ ਹਨ ਕਿ, “ਕਿਸੇ ਵੀ ਸਿੱਖ ਇਤਿਹਾਸਕਾਰ, ਦਰਸ਼ਨਵੇਤਾ ਅਤੇ
ਆਲੋਚਕ ਲਈ ਇਸ ਦੀ ਨਿਰਾਕਾਰ ਸਥਿਤੀ, ਸੂਖਮ ਰਮਜ਼, ਅਧਿਆਤਮਕ ਪਹਿਲੂ ਅਥਵਾ ਕਾਲ ਦੀਆਂ ਹੱਦਾਂ ਤੋਂ
ਅਗਲੇਰਾ ਇਤਿਹਾਸਿਕ ਫੈਲਾਉ ਸਮਝਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਉਹ ਇੱਕ ਘਟੀਆ ਇਤਿਹਾਸਕਾਰ ਅਖਬਾਰ
ਨਵੀਸੀ ਦੇ ਪੱਧਰ ਦਾ ਪੁਰਾਣੇ ਜ਼ਮਾਨੇ ਦੀਆਂ ਖ਼ਬਰਾਂ ਨੂੰ ਨਿਰਾ ਤਰਤੀਬ ਦਿੰਦਾ ਸਾਧਾਰਣ ਬੁੱਧੀਵੇਤਾ
ਹੀ ਹੈ। ਉਸ ਕੋਲੋਂ, ਕਾਨ੍ਹ ਸਿੰਘ ਨਾਭਾ ਦੇ ‘ਖ਼ਾਲਸਾ’ ਦੇ ਸ਼ਾਬਦਿਕ ਅਰਥ ‘ਸ਼ੁਧ ਨਿਰਮਲ ਅਤੇ ਬਿਨਾਂ
ਮਿਲਾਵਟ’ ਵਾਲੇ ਅਰਥਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅੰਮ੍ਰਿਤੀਏ ਸਿੱਖਾਂ (ਸਿੰਘਾਂ) ਨੂੰ
‘ਖ਼ਾਲਸਾ’ ਨਾਲ ਸੰਬੋਧਨ ਕੀਤਾ, ਨਹੀਂ ਪਛਾਣਿਆ ਜਾਵੇਗਾ। ਖ਼ਾਲਸਾ ਨਿਰਮਲ ਸ਼ਬਦ ਦਾ ਅਨੁਵਾਦ ਹੈ (ਗੁਰਮਤ
ਮਾਰਤੰਡ, ਭਾਗ ਪਹਿਲਾ), ਜਿਸ ਦੀ ਕੰਨਸੋਅ ਕਬੀਰ ਸਾਹਿਬ ਨੇ ਸੋਰਠਿ ਰਾਗ ਵਿੱਚ ਐਉਂ ਦਿੱਤੀ ਹੈ:
ਕਹੁ ਕਬੀਰ ਜਨ ਭਏ ਖ਼ਾਲਸੇ ਪ੍ਰੇਮ ਭਗਤਿ ਜਿਹ
ਜਾਨੀ॥
ਪਰ ਅਲਪ ਬੁਧੀ ਤੇ ਨਾਮ ਨਿਹਾਦ ਵਿਦਵਾਨ ‘ਖ਼ਾਲਸਾ’ ਲਫਜ਼ ਦੇ ਨਿਰਾਕਾਰ ਪਾਸਾਰ
ਤੋਂ ਕੋਰੇ ਕਬੀਰ ਸਹਿਬ ਦੇ ‘ਖ਼ਾਲਸੇ’ ਵਿੱਚ ਵੀ ਮੁਗਲ ਸ਼ਹਿਨਸ਼ਾਹ ਵਾਲੇ ਅਰਥ ਹੀ ਢੂੰਡਣਗੇ। ਜਦ ਕਿ
ਸੁਜਾਨ ਵਿਅਕਤੀ ਦਾ ਨਿਰੀਖਣ ਸੱਚ ਦੀ ਤਹਿ ਤੱਕ ਪੁਜਦਿਆਂ ਪਛਾਣ ਲਵੇਗਾ ਕਿ ਕਬੀਰ ਸਾਹਿਬ ਦੇ
‘ਖ਼ਾਲਸੇ’ ਦੇ ਅਰਥ ਕਾਨ੍ਹ ਸਿੰਘ ਨਾਭਾ ਨਾਲੋਂ ਬਹੁਤੇ ਭਿੰਨ ਨਹੀਂ।
(5) ਗੁਰੂ ਦੇ ਰਾਹ, ਅਮਲ ਤੇ ਸਿਖਿਆ ਨੂੰ ਔਸਤਨ ਅਕਲ਼ ਦੇ ਧਰਾਤਲ ਉੱਤੇ
ਲਿਆਉਣਾ:-
ਇਹ ਸਾਡੇ ਅੰਦਰ ਵਿਆਪਕ ਬਿੱਪਰ-ਸੰਸਕਾਰ ਦਾ ਹੀ ਚਮਤਕਾਰ ਹੈ, ਕਿ ਅਸੀਂ
ਅਨਮੱਤੀਆਂ ਨਾਲ ਮਿਲ ਕੇ ਲਗਾਤਾਰ ਗੁਰੂ-ਜੀਵਨ ਦੀ ਉਚੀ ਦਲੀਲ ਦੀ ਖ਼ੂਬਸੂਰਤੀ ਨੂੰ ਤਬਾਹ ਕਰ ਰਹੇ
ਹਾਂ; ਗੁਰੂ ਦੀ ਤਸਵੀਰ ਨੂੰ ਖ਼ਿਆਲ ਦੇ ਤੰਗ ਸਾਂਚਿਆਂ ਵਿੱਚ ਢਾਲ ਰਹੇ ਹਾਂ। ਪ੍ਰੋ. ਮਹਿਬੂਬ ਨੂੰ
ਲਿਖਾਰੀਆਂ ਦੇ ਗੁਰੂ ਦਾ ਜੀਵਨ, ਅਧਿਆਤਮਕ ਅਨੁਭਵ ਤੇ ਆਦਰਸ਼ਾਂ ਦੀ ਪੇਸ਼ਕਾਰੀ ਵਿੱਚ ਇਤਹਾਸਿਕ,
ਵਿਗਿਆਨਕ ਅਤੇ ਮਨੋਵਿਗਿਆਨਕ ਕਸਵੱਟੀ ਵਰਤਣ ਉੱਤੇ ਕੋਈ ਇਤਿਰਾਜ਼ ਨਹੀਂ, ਇਤਰਾਜ਼ ਸਿਰਫ ਇਹ ਹੈ ਕਿ
ਗੁਰੂ ਦੇ ਖ਼ਿਆਲ ਨੂੰ ਗੁਰੂ ਜਿੰਨਾ ਮਹਾਨ ਰੱਖਣ ਦੀ ਸ਼ਰਤ ਨਹੀਂ ਪੂਰੀ ਕੀਤੀ ਜਾ ਰਹੀ। ਜਿਨ੍ਹਾਂ
ਮਯਾਰਾਂ ਨੂੰ ਔਸਤਨ ਅਕਲ ਘੜਦੀ ਹੈ, ਉਹ ਮਯਾਰ ਗੁਰੂ ਦੀ ਗਤਿ ਮਿਤਿ ਨਹੀਂ ਲੈ ਸਕਦੇ। ਇਸ ਲਈ
ਵਿਦਵਾਨਾਂ ਨੂੰ ਖਬਰਦਾਰ ਹੋ ਕੇ ਲਿਖਣ ਦੀ ਲੋੜ ਹੈ ਮਸਲਨ, ਭੂਤ ਕਾਲ ਦੇ ਅਖਬਾਰ ਨਵੀਸਾਂ ਦੀਆਂ
ਗਵਾਹੀਆਂ ਨੂੰ ਬੇਸਮਝੀ ਨਾਲ ਨਾ ਵਰਤੋ, ਕਿਉਂ? ਮੁਗਲ ਕਾਲ ਦੇ ਬਹੁਤ ਤਾਰੀਖਦਾਨ ਤੇ ਅਖਬਾਰ ਨਵੀਸ
ਗੁਰੂ ਨੂੰ ਸਮਝਣ ਵਾਲੀ ਬੁਧੀ ਨਹੀਂ ਰਖਦੇ। ਇਨ੍ਹਾਂ ਦੀਆਂ ਲਿਖਤਾਂ ਨੂੰ ਬੇਸਮਝੀ ਨਾਲ ਵਰਤਣ ਤੇ
ਅਪਨਾਉਣ ਦਾ ਨਾਂ ਇਤਿਹਾਸ ਲਿਖਣ ਵਿੱਚ ਵਿਗਿਆਨਕ ਦ੍ਰਿਸ਼ਟੀ ਦੇ ਧਾਰਨੀ ਹੋਣਾ ਨਹੀਂ। ਪ੍ਰੋ. ਮਹਿਬੂਬ
ਦਾ ਦ੍ਰਿੜ੍ਹ ਚਿੱਤ ਹੈ ਕਿ “ਗੁਰੂ ਦੀ ਪੈਗ਼ੰਬਰੀ ਬਜ਼ੁਰਗੀ ਨੂੰ ਸਮਝੇ ਬਿਨਾਂ ਉਸ ਦੇ ਅਮਲ ਨੂੰ ਆਮ
ਵਰਤੀਂਦੀ ਨੈਤਿਕਤਾ ਨਾਲ ਪਰਖਣਾ, ਅਤੇ ਜੇ ਗੁਰੂ ਦਾ ਵਤੀਰਾ ਉਸ ਨੈਤਿਕਤਾ ਨਾਲੋਂ ਵੱਖਰਾ ਨਿਕਲੇ,
ਤਾਂ ਉਸ ਦੀ ਹੋਂਦ ਤੋਂ ਹੀ ਵੱਖਰਾ ਹੋਣਾ, ਸੂਖਮ ਵਿਵੇਚਨ
( thoroughly analytical study)
ਦਾ ਤਿਆਗ ਕਰਨਾ ਹੈ। ਗੁਰੂ ਨੂੰ ਗੁਰੂ ਦੇ ਸੁਹਜ ਤੋਂ ਵੱਖ
ਕਰਨਾ ਠੀਕ ਨਹੀਂ”। ਇਉਂ ਹੀ, “ਗੁਰੂ ਦੇ ਅਮਲ ਨੂੰ ਵਕਤ ਦੀਆਂ ਰਾਸ਼ਟਰੀ, ਸੈਕੂਲਰ, ਹਿੰਦੂਤਵ ਦੇ
ਪੁਰਾਤਨ ਫਲਸਫੇ ਦੇ ਰੁਅਬ ਅਤੇ ਮਾਦੀ ਧਰਾਵਾਂ ਨਾਲ ਸੰਬੰਧਿਤ ਕਰਨਾ ਬਿੱਪਰ-ਸੰਸਕਾਰ ਦਾ ਇੱਕ ਹੋਰ
ਸ਼ੈਤਾਨ ਚਲਿਤ੍ਰ ਹੈ (ਵੀਹਵੀਂ ਸਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ-ਅਮਲ ਨੂੰ ਅਕਸਰ ਹੀ ਅਜੇਹੇ
ਬੇ-ਹਿੱਸ ਸਾਂਚਿਆਂ ਵਿੱਚ ਰਖ ਕੇ ਬਿਆਨ ਕਰਨ ਦਾ ਬੇ-ਅਦਬੀ ਭਰਿਆ ਰਿਵਾਜ ਹੈ)। ਗੁਰੂ ਦੀ ਚਿਰੰਜੀਵ
ਰੂਹਾਨੀ ਤਾਜ਼ਗੀ ਦੇ ਮੁਕਾਬਲੇ ਵਿੱਚ ਛੋਟੇ ਛੋਟੇ ਸੰਕਲਪਾਂ ਨੂੰ ਸਲਾਹੁਣਾ ਬੇਮੁਖੀ ਸੁਆਰਥ ਨੂੰ
ਅਪਣਾਉਣਾ ਤੇ ਜ਼ਿਹਨੀ ਗ਼ੁਲਾਮੀ ਦਾ ਵਾਹਣ
(vehicle)
ਬਣਨਾ ਹੈ” (ਤਿਰਛੇ ਲਫਜ਼ ਮੇਰੇ
ਹਨ)। ਗੁਰੂ ਗੋਬਿੰਦ ਸਿੰਘ ਦਾ ਮਾਛੀਵਾੜੇ ਤੋਂ ਨੀਲੇ ਬਾਣੇ ਦੇ ਭੇਸ ਵਿੱਚ ਨਿਕਲਣਾ ਜਾਂ
ਪੰਜਾਂ ਕੱਕਿਆਂ ਦੇ ਦ੍ਰਿਸ਼ਟਮਾਨ ਪ੍ਰਯੋਜਨਾਂ ਦੀ ਬਹਿਸ ਵਿੱਚ ਵਿਦਵਾਨਾਂ ਦਾ ਪੈਣਾ ਉਨ੍ਹਾਂ ਦੁਆਰਾ
ਬਿੱਪਰ-ਸੰਸਕਾਰ ਦੀ ਜ਼ਿਹਨੀ ਗ਼ੁਲਾਮੀ ਕਰਨਾ ਹੈ। ਹਜ਼ੂਰ ਨੇ ਕਿਸੇ ਭੈਅ ਕਾਰਨ ਇਹ ਕੁੱਝ ਕੀਤਾ ਜਾਂ ਉਕਾ
ਮੁਨਕਰ ਹੀ ਹੋਈ ਜਾਣਾ ਪਈ ‘ਇਹ ਕੁੱਝ ਵਾਪਰਿਆ ਹੀ ਨਹੀਂ’ ਆਦਿ, ਇਹ ਨੀਵਾਂ ਤਰਕ ਹੈ। ਕਿਸੇ ਵਿਸ਼ੇਸ਼
ਸਥਿਤੀ ਚ ਗੁਰੂ-ਅਮਲ ਪਰਾ ਦੀ ਤਰਲਤਾ ਧਾਰਨ ਕਰ ਸਕਦਾ ਸੀ, ਤਾਂ ਗੁਰੂ ਜੀ ਸਹਿਜ ਦੀ ਬੇਰੋਕ ਰਵਾਨੀ
ਵਿੱਚ ਇਨ੍ਹਾਂ ਨੂੰ ਪਾਰ ਕਰ ਜਾਂਦੇ ਸਨ। ਇਸ ਲਈ ਗੁਰੂ ਜੀ ਦੇ ਜੀਵਨ, ਫਲਸਫੇ, ਅਮਲ, ਚੇਤਨਾ, ਗਿਆਨ,
ਇਤਿਹਾਸ ਅਤੇ ਆਦਰਸ਼ਾਂ ਦੀ ਅਦੁੱਤੀ ਪ੍ਰਮਾਣਿਕਤਾ ਦਰਸਾਉਣ ਲਈ ਵਿਦਵਾਨ ਨੂੰ ਨੀਵੇਂ ਤਰਕ (ਕਾਹਲੀ,
ਹੋਛੀ ਅਤੇ ਪੇਤਲੀ ਚੇਤਨਾ) ਦੇ ਬੰਧਨ ਤੋਂ ਮੁਕਤ ਹੋਣਾਂ ਸਭ ਤੋਂ ਜ਼ਰੂਰੀ ਗੱਲ ਹੈ। ਇਤਿਹਾਸ ਦੀਆਂ
ਅਗੋਚਰ ਪਰਵਾਜ਼ਾਂ ਨੂੰ ਅਖਬਾਰ-ਨਵੀਸੀ ਦੀ ਰੋਗੀ ਦਲੀਲ ਵਿੱਚ ਪਲਟਣਾ ਅਸਲ ਵਿੱਚ ਸੂਖਮਤਾ ਦੇ ਅਗੰਮੀ
ਵਹਿਣਾ ਨੂੰ ਬੁੱਤਾਂ ਦੀ ਆਲਸੀ ਸਿੱਥਲਤਾ ਦੀ ਗ਼ੁਲਾਮੀ ਵਿੱਚ ਲਿਆਉਣਾ ਹੈ। ਮੁੱਕਦੀ ਗੱਲ, ਬਿੱਪਰ
ਸੰਸਕਾਰ ਗੁਰੂ-ਚੇਤਨਾ ਦੀਆਂ ਵਿਸ਼ਾਲ ਦੂਰੀਆਂ ਨੂੰ ਆਮ ਚੇਤਨਾ ਦੀਆਂ ਤੰਗੀਆਂ ਵਿੱਚ ਸੰਗੋੜਣ ਦੀ
ਦਿਲਚਸਪੀ ਰਖਦਾ ਹੈ।
(ੲ) ਪੈਗ਼ੰਬਰੀ ਬਜ਼ੁਰਗੀ ਉਤੇ ਪਹਿਲੇ ਹਮਲੇ ਦਾ ਤੀਜਾ ਧਰਾਤਲ:- ਬਿੱਪਰ
ਸੰਸਕਾਰ ਦੀਆਂ ਉਪਰੋਕਤ ਸ਼ਕਤੀਆਂ ਨਾਲੋਂ ਇੱਕ ਵੱਖਰੀ ਸ਼ਕਤੀ ਵੀ ਗੁਰੂ-ਇਤਿਹਾਸ ਵਿੱਚ
ਨਿਸ਼ੇਧ-ਪ੍ਰਕ੍ਰਿਆ ਦੇ ਤੌਰ ਤੇ ਕੰਮ ਕਰਦੀ ਸੀ। ਇਹ ਨਾ ਦਲੀਲਬਾਜ਼ੀ ਨਾਲ ਨਾ ਉਪਰ-ਪ੍ਰਕ੍ਰਿਤਕ ਜ਼ੋਰ
ਰਾਹੀਂ ਪੈਗ਼ੰਬਰੀ ਬਜ਼ੁਰਗੀ ਦੀ ਬਿਬੇਕੀ ਸੁਰ ਨੂੰ ਭੰਗ ਕਰਨ ਵਿੱਚ ਯਕੀਨ ਰਖਦੀ ਸੀ, ਅਤੇ ਨਾਂਹ ਗੁਰੂ
ਦੇ ਰੂਹਾਨੀ ਚਿਤ੍ਰ ਨੂੰ ਛੋਟਾ ਕਰਨ ਵਿੱਚ ਦਿਲਚਸਪੀ ਰਖਦੀ ਸੀ। ਇਸ ਵਿੱਚ ਏਡੀ ਸਮਰੱਥਾ ਹੀ ਕਾਹਨੂੰ
ਸੀ ਜੋ ਏਡਾ ਚਮਤਕਾਰ ਕਰਦੀ। ਬਿੱਪਰ ਸੰਸਕਾਰ ਦੀ ਗਿਰਾਵਟ ਦਾ ਇਹ ਤੀਸਰਾ ਪੱਖ ਉਸ ਦੀ
ਗਿਰਾਵਟ ਦਾ ਸਭ ਤੋਂ ਕੁਰੱਖਤ ਤੇ ਨੀਚ ਰੂਪ ਸਾਹਮਣੇ ਲਿਆਉਂਦਾ ਹੈ। ਉਸ ਦੀ ਨਿਸ਼ੇਧ-ਗਤੀ
ਵਿੱਚ ਡਰ, ਈਰਖਾ ਅਤੇ ਹਉਮੈ ਦੀਆਂ ਵਿਗੜੀਆਂ ਸ਼ਕਲਾਂ ਇੱਕ ਅਜੀਬ ਕੁਸੈਲਾਪਨ ਪੈਦਾ ਕਰਦੀਆਂ ਹਨ।
ਭਾਵੇਂ ਇਹ ਬਿੱਪਰ ਸੰਸਕਾਰ ਦੀਆਂ ਉਪਰੋਕਤ ਦੋਵੇਂ ਗਤੀਆਂ ਦੇ ਕਾਰਜ ਦੇ ਨਾਲੋ-ਨਾਲ ਹੀ ਚਲ ਰਹੀ
ਹੁੰਦੀ ਹੈ, ਪਰ ਸ਼ੁਰੂ ਵਿੱਚ ਇਹ ਮੱਧਮ ਤੇ ਅਲਸਾਈ ਚਾਲ ਵਿੱਚ ਚਲਦੀ ਹੈ, ਜਿਵੇਂ 1947 ਈ. ਤੋਂ
ਪਹਿਲੇ ਦੌਰ ਵਿੱਚ ਹੋਇਆ। ਜਦੋਂ ਪਹਿਲੀਆਂ ਦੋਵੇਂ ਗਤੀਆਂ ਫੇਲ਼੍ਹ ਹੋ ਜਾਂਦੀਆਂ ਹਨ ਤਾਂ ਇਹ ਪ੍ਰਚੰਡ
ਗਤੀ ਧਾਰਨ ਕਰਦੀ ਹੈ। ਇਸ ਤੀਜੀ ਗਤੀ ਦਾ ਸੰਖੇਪ ਇਤਿਹਾਸਿਕ ਵੇਰਵਾ ਐਉਂ ਹੈ ਕਿ ਬਿੱਪਰ-ਸੰਸਕਾਰ ਨੇ
ਆਪਣੀ ਬਾਰੀਕੀ ਵਿੱਚ ਪਹਿਲਾਂ ਗੁਰੂ ਦੀ ਪ੍ਰੀਖਿਆ ਲਈ, ਉਸ ਨਾਲ ਬਹਿਸ ਕੀਤੀ, ਅੰਤ ਉਸ ਤੋਂ ਹਾਰ
ਖਾਧੀ, ਪਰ ਗੁਰੂ-ਜ਼ੀਨਤ (Guru’s Grace)
ਸਵੀਕਾਰ ਨਾਂਹ ਕੀਤੀ, ਜਿਵੇਂ ਉਪਰ ਕਹਿ ਚੁਕੇ ਹਾਂ। ਇਸ
ਨੂੰ ਵਧੇਰੇ ਸਮਝਣ ਲਈ ਇੱਕ ਮਿਸਾਲ ਗੁਰੂ ਨਾਨਕ ਜੀਵਨ ਚੋਂ ਉਨ੍ਹਾਂ ਦੇ ਸੰਪਰਕ ਚ ਆਏ ਮੁਸਲਮਾਨ ਫਕੀਰ
ਤੇ ਯੋਗੀ ਦੀ ਲੈਂਦੇ ਹਾਂ, ਪਹਿਲਾ ਗੁਰੂ ਅੱਗੇ ਹਾਰ ਕੇ ਝੁਕਦਾ ਹੈ ਤੇ ਗੁਰੂ ਜ਼ੀਨਤ ਵਿੱਚ ਲੀਨ
ਹੁੰਦਾ ਹੈ ਜਦ ਕਿ ਦੂਜਾ ਹਾਰ ਕੇ ਜ਼ਾਹਰੀ ਤੌਰ ਤੇ ਝੁਕਦਾ ਜ਼ਰੂਰ ਹੈ ਪਰ ਜ਼ਿਦ ਨਹੀਂ ਛੱਡਦਾ। ਤੇ
ਸਦੀਆਂ ਤੱਕ ਢੀਠਤਾ ਦਿਖਾਉਂਦਾ ਹੈ। ਆਪਣੇ ਸੰਪਰਕ ਵਿੱਚ ਆਈ ਜ਼ਿੰਦਗੀ ਵਿੱਚ ਈਰਖਾ ਦੇ ਬੀਜ ਸੁਟਦਾ
ਹੈ। ਇਹ ਸੀ ਬਿੱਪਰ-ਸੰਸਕਾਰ ਦੇ ਤੀਸਰੇ ਧਰਾਤਲ ਜਾਂ ਵਾਰ ਦੀ ਪਿੱਠ ਭੂਮੀ।
ਪੈਗ਼ੰਬਰੀ ਬਜ਼ੁਰਗੀ ਉਤੇ ਬਿੱਪਰ-ਸੰਸਕਾਰ ਦੇ ਪਹਿਲੇ ਹਮਲੇ ਦਾ ਇਹ ਤੀਜਾ
ਧਰਾਤਲ ਜਾਂ ਵਾਰ ਖਰ੍ਹਵਾਂ, ਬੇਕਿਰਕ, ਨਾ-ਸ਼ੁਕਰਗੁਜ਼ਾਰ, ਨਿਰੋਲ ਦੁਨਿਆਵੀ, ਲੁਕਵੀਆਂ ਤੇ ਜਸੂਸੀ
ਚਾਲਾਂ ਚਲਣ ਵਾਲਾ ਤੇ ਆਤਮਕ ਪੱਖੋਂ ਪੂਰੀ ਤਰ੍ਹਾਂ ਬਾਂਝ ਹੁੰਦਾ ਹੈ। ਗੁਰੂ ਨਾਨਕ ਤੇ ਗੁਰੂ
ਅੰਗਦ ਦੇ ਸਮਿਆਂ ਵੇਲੇ ਬਿੱਪਰ-ਸੰਸਕਾਰ ਦੀ ਇਸ ਗਤੀ ਵਿੱਚ ਈਰਖਾ ਕੇਵਲ ਸੁਲ਼ਗਦੀ ਸੀ। ਮਿਸਾਲ
ਵਜੋਂ, ਜਗਨ ਨਾਥ ਦੇ ਪਾਂਡੇ, ਰਾਮੇਸ਼ਵਰ ਦੇ ਪੰਡੇ ਤੇ ਇੰਦੌਰ ਦੇ ਸ਼ਿਵਲਿੰਗ ਉਪਾਸ਼ਕ ਮੂਲੋਂ ਹੀ
ਅੰਨ੍ਹੇ ਸਨ, ਕਿਉਂ? ਇਹ ਗੁਰੂ ਜੀ ਦੀ ਪੈਗ਼ੰਬਰੀ ਬਜ਼ੁਰਗੀ ਨੂੰ ਪਛਾਨਣ ਦੀ ਸਮਰੱਥਾ ਉੱਕਾ ਹੀ ਨਹੀਂ
ਸੀ ਰਖਦੇ, ਕਿਉਂ? ਖ਼ਾਲਸ ਕੁਦਰਤ ਦਾ ਰੀਣ ਕੁ ਵੀ ਅੰਸ਼ ਇਨ੍ਹਾਂ ਵਿੱਚ ਮੌਜੂਦ ਨਾ ਸੀ। ਇਹ ਬੁੱਤ-ਪੂਜ
ਬੁੱਤ ਵਾਂਗ ਪੱਥਰ ਹੀ ਸਨ। ਗੁਰੂ ਜੀ ਦੀ ਮੁਲਾਕਾਤ ਵੇਲੇ ਉਨ੍ਹਾਂ ਪਾਂਡਿਆਂ ਦੇ ਅੰਦਰਲੇ ਨਿਰਜਿੰਦ
ਕਰਨ ਵਾਲੇ ਵੇਗ ਨੂੰ ਜ਼ਰਬ ਤਾਂ ਪਹੁੰਚਦੀ ਸੀ, ਪਰ ਆਪਣੇ ਅੰਦਰਲੇ ਉਸ ਨਿਰਜਿੰਦ ਕਰਨ ਵਾਲੇ ਵੇਗ ਦੇ
ਅਸੁਰਖਿਅਤ ਹੋਣ ਬਾਰੇ ਕੋਈ ਸ਼ੱਕ ਨਹੀਂ ਸੀ। ਭਾਵ, ਗੁਰੂ ਜੀ ਦੀ ਪੈਗ਼ੰਬਰੀ ਬਜ਼ੁਰਗੀ ਉਨ੍ਹਾਂ ਲਈ ਇੱਕ
ਅਣਚਾਹੇ ਅਜਨਬੀ ਵਰਗੀ ਸੀ, ਜੋ ਉਨ੍ਹਾਂ ਵਿੱਚ ਈਰਖਾ ਉਪਜਾਉਂਦੀ ਸੀ, ਪਰ ਗੁਰੂ ਜੀ ਨੂੰ ਸਰੀਰਕ
ਨੁਕਸਾਨ ਪਹੁੰਚਾਉਣ ਲਈ ਕਿਸੇ ਪਰਕਾਰ ਦੀ ਸਿਆਸੀ ਸਾਜਿਸ਼ ਰਚਨ ਲਈ ਪੰਡਿਆਂ ਨੂੰ ਮਜਬੂਰ ਨਹੀਂ ਸੀ
ਕਰਦੀ। ਗੁਰੂ ਅਮਰਦਾਸ ਵੇਲੇ ਖ਼ਾਲਸੇ ਦੀ ਪੈਗ਼ੰਬਰੀ ਬਜ਼ੁਰਗੀ ਨਿਖਰ ਕੇ ਵਧੇਰੇ ਸਾਹਮਣੇ ਆ ਗਈ
ਸੀ। ਓਧਰ ਵਿਰੋਧੀਆਂ ਨੂੰ ਬਿਬੇਕੀ ( Rationalist),
ਉਪਰਪ੍ਰਕ੍ਰਿਤਕ (Supernatural)
ਅਤੇ ਦੁਨਿਆਵੀ ਗਿਆਨ ਦੇ ਖੇਤਰਾਂ ਵਿੱਚ ਵੀ ਕੋਈ ਸਫਲਤਾ ਨਾਂਹ ਸੀ ਹੋਈ। ਗੋਂਦੇ ਮਰਵਾਹੇ ਤੇ ਹੋਰ
ਖਤਰੀਆਂ ਨੇ ਸੂਗ ਵਿੱਚ ਗੁਰੂ ਅਮਰਦਾਸ ਜੀ ਨੂੰ ਬਹੁਤ ਤੰਗ ਕੀਤਾ, ਅਕਬਰ ਤੱਕ ਸ਼ਕਾਇਤਾਂ ਗਈਆਂ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਿੱਚ ਚੰਦੂ ਨੇ
Iago ਇਆਗੋ
ਵਾਂਗ ਮੁੱਖ ਰੋਲ ਅਦਾ ਕੀਤਾ। ਛੇਵੇਂ
ਪਾਤਸ਼ਾਹ ਨਾਲ ਚੰਦੂ ਦੇ ਪੁੱਤਰ, ਕਰਮ ਚੰਦ ਦਾ ਸ੍ਰੀ ਹਰਿਗੋਬਿੰਦ ਪੁਰ ਦੀ ਜੰਗ ਵਿੱਚ
ਟਾਕਰਾ, ਅਤੇ ਗੁਰੂ ਜੀ ਦੇ ਹਥੋਂ ਜਾਮਿ-ਸ਼ਹਾਦਤ ਪੀਣਾ ਆਦਿ। ਇਉਂ ਹੀ, ਪਹਾੜੀ ਰਾਜਿਆਂ ਦਾ ਔਰੰਗਜ਼ੇਬ
ਨੂੰ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਆਪਣੇ ਫਰਜ਼ੀ ਡਰਾਂ ਕਾਰਨ ਨਿੱਤ ਦੀ ਜ਼ਹਿਰੀਲੀ ਚੁੱਕ। ਗੁਰੂ ਜੀ
ਨੇ ਸ੍ਰੀ ਅਨੰਦ ਪੁਰ ਛੱਡਣਾ, ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ, ਚਮਕੌਰ ਮੁਕਤਸਰ ਆਦਿ ਦੇ
ਜੰਗ। ਗੰਗੂ ਤੇ ਸੁੱਚਾ ਨੰਦ, ਦੋ ਮਾਸੂਮ ਬਚਿਆਂ ਦੀ ਸ਼ਹਾਦਤ ਵਿੱਚ ਹਾਕਮਾਂ ਦਾ ਬਣੇ ਹਥਿਆਰ, ਅਸਲ
ਵਿੱਚ ਪਹਾੜੀ ਰਾਜਿਆਂ ਦੀ ਮਨੋਬਿਰਤੀ ਦੇ ਕੋਹਜ ਦਾ ਹੀ ਫੈਲਾਉ ਸੀ। ਭਾਵ ਸਪਸ਼ਟ ਹੈ ਕਿ
“ਬਿੱਪਰ-ਸੰਸਕਾਰ ਦੀ ਸਦੀਆਂ ਤੋਂ ਚਲ ਰਹੀ ਇਤਿਹਾਸਿਕ ਗਤੀ ਕਿਸੇ ਨਿਸ਼ੇਧ-ਅਮਲ ਦੀ ਇਕਾਗਰਤਾ ਵਲ ਵੱਧ
ਰਹੀ ਸੀ; ਸਾਜਿਸ਼ਾਂ ਆਪਣੇ ਗੁਪਤ ਅਮਲ ਵਿੱਚ ਪਰਬੀਨ ਹੋ ਰਹੀਆਂ ਸਨ, ਅਤੇ ਪੈਗ਼ੰਬਰੀ ਬਜ਼ੁਰਗੀ ਦੀ
ਜ਼ਾਹਰੀ ਚਾਲ ਵਿੱਚ ਇੱਕ ਕਾਮਯਾਬ ਰੁਕਾਵਟ ਉਸਾਰਨ ਬਾਰੇ ਸੋਚਿਆ ਜਾ ਰਿਹਾ ਸੀ। ਅੰਤ ਨੂੰ
ਬਿੱਪਰ-ਸੰਸਕਾਰ ਦੇ ਵਹਿਣ ਦੀਆਂ ਅਨੇਕਾਂ ਉਪ-ਸ਼ਾਖਾਂ ਪਹਾੜੀ ਰਾਜਿਆਂ ਦੀ ਸੋਚਣੀ ਨਾਲ ਇੱਕ ਜਾਨ ਹੋ
ਗਈਆਂ। ਪੈਗ਼ੰਬਰੀ ਬਜ਼ੁਰਗੀ ਦੇ ਸਾਹਮਣੇ ਬਿੱਪਰ-ਸੰਸਕਾਰ ਨੇ ਆਪਣੇ ਹਿੰਸਕ ਵੇਗ ਦੀ ਇੱਕ ਕਰੂਪ
ਭਿਅੰਕਰਤਾ ਨੂੰ ਲਿਆ ਖੜਾ ਕੀਤਾ। ਗੰਗੂ ਅਤੇ ਸੁੱਚਾ ਨੰਦ ਇਸ ਹਿੰਸਕ ਵੇਗ ਦੀ ਹੀ ਕੋਈ ਕੜੀ ਹਨ। ਉਹ
ਕਿਸੇ ਇਤਿਹਾਸਿਕ ਗਤੀ ਦੇ ਪ੍ਰਤੀਨਿਧ ਨੁਕਤੇ ਹਨ; ਜ਼ੁਲਮ ਦਾ ਸ਼ੌਕ ਰੱਖਣ ਵਾਲੀਆਂ ਵਿਅਕਤੀਗਤ ਇਕਾਈਆਂ
ਨਹੀਂ। “ਚੰਦੂ, ਗੰਗੂ ਅਤੇ ਸੁੱਚਾ ਨੰਦ ਬਿੱਪਰ-ਸੰਸਕਾਰ ਦੇ ਪਤਨ ਦਾ ਆਖਰੀ ਸਿਰਾ ਹਨ, ਜਿਨ੍ਹਾਂ
ਗੁਰੂ-ਬਖ਼ਸ਼ਿਸ ਦਾ ਇੱਕ ਕਤਰਾ ਵੀ ਨਹੀਂ ਮਾਣਿਆਂ, ਜਦੋਂ ਕਿ ਜਹਾਂਗੀਰ ਅਤੇ ਔਰੰਗਜ਼ੇਬ ਦੀ ਚੇਤਨਾ ਵਿੱਚ
ਗੁਰੂ-ਜ਼ੀਨਤ ਦੇ ਤੀਬਰ ਛਿਣ ਉਪਜੇ।” (ਪ੍ਰੋ. ਮਹਿਬੂਬ 1988: 691)। ਚੇਤਾ ਰਹੇ, ਆਪਣੇ ਅੰਤ ਉਤੇ
ਬਿੱਪਰ-ਸੰਸਕਾਰ ਨਿਰੋਲ ਈਰਖਾ ਹੀ ਰਹਿ ਜਾਂਦਾ ਹੈ। ਦੂਜਾ, ਸਰੀਰਕ ਸ਼ਕਤੀ ਦੇ ਫੈਲਾਉ ਦੀ ਮਾਲਕੀ ਸਮੇਂ
(ਜਿਵੇਂ 1947 ਈ. ਚ ਅਖੰਡ ਭਾਰਤ ਦੀ ਹਿੰਦੂਤਵੀ ਖੁਦਮੁਖਤਿਆਰੀ ਦਾ ਝੂਠਾ ਨਸ਼ਾ) ਉਹ ਰੂਹਾਨੀਅਤ ਦੇ
ਸਾਰੇ ਪੱਖ ਭੁੱਲ ਜਾਂਦਾ ਹੈ, ਤੇ ਰੂਹਾਨੀਅਤ ਦਾ ਖਾਤਮਾ ਸਰੀਰ ਦੇ ਖਾਤਮੇ ਰਾਹੀਂ ਕਰਨ ਦੀ ਸਾਜਿਸ਼
ਰਚਦਾ ਹੈ, ਜਿਵੇਂ ਲੱਖਾਂ ਸਿੱਖ, ਮਰਦ ਔਰਤਾਂ ਬੱਚੇ ਬੁੱਢੇ ਬਿੱਪਰ-ਸੰਸਕਾਰ ਦੇ ਯੰਤਰਾਂ (KPS
Gill, Kuldip Brar, General Dyal, Sajjan Kumar, Surjit Barnala, Balwant Singh
etc) ਨੇ ਅਜੋਕੇ ਸਿੱਖ ਸੰਘਰਸ਼ ਵਿੱਚ ਕਤਲ ਕੀਤੇ।
ਉਦੋਂ ਮਿਲਟਨ (Milton)
ਦੇ ਸ਼ੈਤਾਨ ਵਾਂਗ ਰੂਹਾਨੀਅਤ ਨੂੰ ਨਹੀਂ ਵੰਗਾਰਦਾ, ਸਰੀਰ ਨੂੰ ਵੰਗਾਰਦਾ ਹੈ, ਮਸਲਨ 1984 ਤੋਂ 1996
ਤੱਕ ਉਚੇਚਾ ਸਿੱਖ ਸ਼ੰਘਰਸ਼ ਦੌਰਾਨ ਕੀਤਾ ਤੇ ਹੁਣ ਵੀ ਭਾਵੇਂ ਲਗਾਤਾਰ ਕਰ ਰਿਹਾ ਹੈ।
ਬਿੱਪਰ ਸੰਸਕਾਰ ਦਾ ਦੂਜਾ ਹਮਲਾ:-
ਬਿੱਪਰ-ਸੰਸਕਾਰ ਨੇ ਪਿਛਲੀਆਂ ਪੰਜ ਸਦੀਆਂ ਤੋਂ ਇਕੱਲਾ ਸਿੱਖ-ਚੇਤਨਾ ਨੂੰ
ਆਪਣੇ ਫੈਲਾਉ, ਕਾਲ-ਪੁਰਾਤਨਤਾ ਤੇ ਭਾਰੀ ਬਹੁ-ਗਿਣਤੀ ਦੇ ਪ੍ਰਭਾਵ ਥੱਲੇ ਲੈ ਲੈਣ ਦੀਆਂ ਕੋਸ਼ਿਸ਼ਾਂ
ਨਹੀਂ ਜਾਰੀ ਰੱਖੀਆਂ ਸਗੋਂ ਆਪਣੀ ਦੁਨਿਆਵੀ ਤਾਕਤ ਵਿੱਚ ਤਗੜੇ ਹੋਣ ਦੀ ਸਥਿਤੀ ਵਿੱਚ ਰੁਅਬ ਜਮਾਉਣ
ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ। ਬਿੱਪਰ-ਸੰਸਕਾਰ ਦੇ ਇਸ ਹਮਲੇ ਨੇ ਸਿੱਖ ਚੇਤਨਾ ਨੂੰ ਕਦੇ ਕਦੇ
ਹੇਠ ਲਿਖੇ ਪਾਸਿਆਂ ਵੱਲ ਮੋੜਿਆ:-
ਖ਼ਾਲਸਾ ਚੇਤਨਾ ਵਿੱਚ ਅਹਿਸਾਸਿ-ਕਮਤਰੀ (ਜਾਂ ਡਾ. ਮੁਹੰਮਦ ਇਕਬਾਲ ਵਾਲੀ
‘ਨਫ਼ੀ ਖ਼ੁਦੀ’ ) ( Infriority Complex)
ਨੇ ਜਨਮ ਲਿਆ। ਏਥੋਂ ਤੱਕ ਕਿ ਗੁਰੂ ਸਾਹਿਬਾਨ ਦੀ ਪੈਗ਼ੰਬਰੀ
ਬਜ਼ੁਰਗੀ (ਜੀਵਨ ਤੇ ਗੁਰਬਾਣੀ) ਦੀ ਪਰਮਾਣਿਕਤਾ ਦੀ ਪੁਸ਼ਟੀ ਗੁਰੂ ਨਾਨਕ-ਸੱਚ ਵਲੋਂ ਨਿਸਚਿਤ ਕੀਤੇ
ਗੰਭੀਰ ਮਯਾਰਾਂ ਤੋਂ ਕਰਵਾਉਣ ਦੀ ਥਾਂ ਹਿੰਦੂ ਫਲਸਫੇ, ਹਿੰਦੂ ਪੌਰਾਣ ਤੇ ਇਤਿਹਾਸ ਤੋਂ ਕਰਵਾਈ ਜਾਣ
ਲੱਗੀ। ਜਨਮ ਸਾਖੀਆਂ, ਅਠਾਰਵੀਂ ਸਦੀ ਦੇ ਗੁਰਬਿਲਾਸਾਂ, ਗੁਰ ਪ੍ਰਤਾਪ ਸੂਰਜ ਗ੍ਰੰਥ, ਗਿ. ਗਿਆਨ ਦਾ
ਇਤਿਹਾਸ ਆਦਿ ਦੀ ਪਰਧਾਨ ਧਾਰਾ ਭਾਵੇਂ ਸਿੱਖ ਖ਼ਿਆਲ ਅਨੁਸਾਰੀ ਹੈ ਪਰ ਕੁੱਝ ਹਿੱਸਿਆਂ ਵਿੱਚ ਜ਼ਰੂਰ
ਗੁਰੂ-ਜੀਵਨ ਦੀ ਵਿਆਖਿਆ ਬਿੱਪਰ-ਸੰਸਕਾਰੀ ਦ੍ਰਿਸ਼ਟੀ ਅਨੁਸਾਰ ਕੀਤੀ ਮਿਲਦੀ ਹੈ।
ਸਿੱਖ ਚੇਤਨਾ ਦੈਵੀ ਅਰਥਾਂ ਵਾਲੇ ਸੰਕਲਪਾਂ ਨੂੰ ਕੱਚੇ ਬੌਧਿਕ
ਦ੍ਰਿਸ਼ਟੀਕੋਣਾਂ ਥਾਣੀਂ ਵੇਖਣ ਲੱਗੀ। ਉਚੀ ਲਿਵ ਨਾਲੋਂ ਟੁਟੇ ਸਮਾਚਾਰਾਂ ਨੂੰ ਵਿਗਿਆਨਕ ਮੰਨਿਆ ਜਾਣ
ਲੱਗਾ। ਵੀਹਵੀਂ ਸਦੀ ਵਿੱਚ ਪੱਛਮੀ ਵਿਦਿਆ ਦੇ ਨਾਲ ਮਾਰਕਸਵਾਦ ਦਾ ਪੇਤਲਾ ਜੇਹਾ ਅਧਿਐਨ
ਰੱਖਣ ਵਾਲੇ ਵਿਅਕਤੀਆਂ ਵਿੱਚ ਅਜਿਹੀਆਂ ਰੁਚੀਆਂ ਦ੍ਰਿਸ਼ਟਮਾਨ ਹੋ ਰਹੀਆਂ ਹਨ।
ਸਿੱਖ-ਚੇਤਨਾ ਨੇ ਆਪਣੇ ਦਰਸ਼ਨ
(Sikhology) ਇਤਿਹਾਸ ਅਤੇ ਆਤਮਕ ਦ੍ਰਿਸ਼ਟੀਕੋਣਾਂ
ਨੂੰ ਠੋਸ ਇਕਾਈਆਂ ਵਿੱਚ ਵੰਡ ਲਿਆ। ਦਰਸ਼ਨ ਦੇ ਨਿਰਾਕਾਰ ਸੰਕਲਪ
(Sikh Ontology),
ਇਤਿਹਾਸਿਕ ਸੋਮੇ ਅਤੇ ਗੁਰਬਾਣੀ ਦੇ ਰਹੱਸ ਸਭ ਕੁੱਝ ਪਦਾਰਥ ਦੀਆਂ ਠੋਸ ਇਕਾਈਆਂ ਵਾਂਗ ਅਲਚਕ, ਤੰਗ
ਅਤੇ ਇਕ-ਅਰਥੇ ਅਕੇਵੇਂ ਬਣਦੇ ਜਾ ਰਹੇ ਹਨ। ਇਹੋ ਕਾਰਨ ਹੈ ਕਿ ਸਿਖ-ਚੇਤਨਾ ਨੇ ਆਪਣੀ ਹੋਂਦ ਦਾ ਕੱਦ
ਗਿਣਤੀਆਂ ਰਾਹੀਂ ਮਾਪਣਾ ਸ਼ੁਰੂ ਕਰ ਦਿੱਤਾ ਹੈ। ਸਿੱਖ-ਚੇਤਨਾ ਨੇ ਇਸ ਪਤਨ ਵੱਲ ਅਨੇਕਾਂ ਕਦਮ ਉਠਾਏ
ਹਨ, ਅਤੇ ਉਹ ਇਨ੍ਹਾਂ ਮੁਰਦਾ ਇਕਾਈਆਂ ਦੀ ਬਹੁ-ਗਿਣਤੀ ਦੀ ਜ਼ਿਹਨੀ ਗ਼ੁਲਾਮੀ ਥੱਲੇ ਕੁੱਝ ਕੁ ਆ ਗਈ
ਹੈ। ਇਸ ਬਿਰਤੀ ਦੇ ਦੋ ਸਿੱਟੇ ਨਿਕਲੇ ਹਨ, ਇਕ, ਸਿਖ-ਚੇਤਨਾ ਨੇ ਆਪਣੇ ਇਤਿਹਾਸ ਨੂੰ ਅਖਬਾਰ-ਨਵੀਸੀ
ਦਾ ਘਟੀਆ ਸ਼ੁਗਲ ਬਣਾ ਲਿਆ ਹੈ। ਦੂਜਾ, ਸਰੀਰਕ ਗਿਣਤੀ ਅੱਗੇ ਆਪਣੀਆਂ ਸਭ ਰੂਹਾਨੀ ਸ਼ਾਨਾਂ ਨੂੰ ਝੁਕਾ
ਲਿਆ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸਾ ਪੰਥ ਨੂੰ ‘ਸਵਾ ਲਾਖ ਸੇ ਏਕ
ਲੜਾਊਂ’ ਦਾ ਅਦਰਸ਼ ਦਿੱਤਾ ਸੀ। ਇਸ ਆਦਰਸ਼ ਦਾ ਖੇਤਰ ਕੇਵਲ ਜੰਗ ਵਿੱਚ ਸਰੀਰਕ ਗਿਣਤੀ ਤੱਕ ਹੀ
ਸੀਮਤ ਨਹੀਂ। ਇਸ ਦਾ ਮਤਲਬ ਹੈ ਕਿ ਖ਼ਾਲਸਾ ਨੇ ਆਪਣੀ ਹੋਂਦ ਦੀ ਆਤਮਕ ਪ੍ਰਮਾਣਿਕਤਾ ਨੂੰ ਅੰਤਮ-ਨਾਂਹ
ਦੇ ਸਾਹਮਣੇ ਵੀ ਸਥਾਪਤ ਰੱਖਣਾ ਹੈ, ਅਰਥਾਤ:
ਫਲਸਫੇ ਦੇ ਅਨੇਕ ਮੂੰਹੇ ਸੰਕਲਪਾਂ ਦੇ ਸਾਹਮਣੇ ਗੁਰਬਾਣੀ ਦੀ ਮੌਲਿਕ ਆਭਾ ਦੇ
ਵਿਗਾਸ ਨੂੰ ਨਾਂਹ ਭੁੱਲਣਾ;
ਉੱਚੇ ਤਰਕ ਦੀ ਥੋੜ੍ਹੀ ਗਿਣਤੀ (ਬਾਹਰਮੁਖੀ ਫੈਲਾਉ) ਦੇ ਬਦਲ ਵਿੱਚ ਅਲਪ ਸੋਚਣੀ ਦੀ ਭਾਰੀ ਗਿਣਤੀ
ਨੂੰ ਨਾਂਹ ਲੈਣਾ;
ਗੁਰੂ ਨਾਨਕ-ਅਮਲ ਦੇ ਅਨੁਭਵੀ ਅਰਥਾਂ ਨੂੰ ਖ਼ਿਆਲ ਦੀਆਂ ਠੋਸ ਇਕਾਈਆਂ ਤੋਂ ਬਚਾ ਕੇ ਰੱਖਣਾ
(693);
ਵੱਡੇ ਤੋਂ ਵੱਡੇ ਫੈਲਾਉ (ਖ਼ਿਆਲ-ਫੈਲਾਉ, ਸਰੀਰ ਫੈਲਾਉ) ਤੋਂ ਨਾਂਹ ਘਬਰਾਉਣਾ;
ਉਮਰ ਅਤੇ ਪਦਾਰਥ ਦੀਆਂ ਮਾਲਕੀਆਂ ਅੱਗੇ ਮਨ ਨਾਂਹ ਝੁਕਾਉਣਾ (ਇਨ੍ਹਾਂ ਦੀ ਪ੍ਰਾਪਤੀ ਲਈ ਦੈਵੀ
ਕੀਮਤਾਂ ਦੀ ਕੁਰਬਾਨੀ ਕਿਸੇ ਹਾਲਤ ਵਿੱਚ ਨਾਂਹ ਦੇਣੀ)।
ਬਿੱਪਰ-ਸੰਸਕਾਰ ਦਾ ਤੀਜਾ ਹਮਲਾ:- ਬਿੱਪਰ-ਸੰਸਕਾਰ ਦਾ ਤੀਸਰਾ ਵਾਰ
ਵਿਖਾਵੇ ਭਰੀ ਹਲੀਮੀ ਤੇ ਸ਼ਰਾਰਤ-ਭਰੀ ਚੁਸਤੀ ਵਿੱਚ ਲਿਪਟਿਆ, ਸਿੱਖ ਚੇਤਨਾ, ਸਿੱਖਾਂ ਦੇ ਧਾਰਮਿਕ
ਗ੍ਰੰਥਾਂ ਅਤੇ ਇਤਿਹਾਸ ਵਿੱਚ ਅਨੇਕ ਰੂਪਾਂ ਦੀ ਮਿਲਾਵਟ ਕਰਨ ਵਿੱਚ ਹੁੰਦਾ ਹੈ।
ਖ਼ਾਲਸਾ ਪੰਥ ਦੀ ‘ਖ਼ਾਲਸ ਕੁਦਰਤ’ ਦਾ ਦਾਮਨ ਪੁਰਾਣੇ ਤੋਂ ਪੁਰਾਣੇ ਇਤਿਹਾਸ
ਨੂੰ ਛੋਂਹਦਾ, ਕਾਲ ਦੇ ਦੂਰ ਦੁਰਾਡੇ ਦਿਸਹੱਦਿਆਂ ਤੇ ਵਖੋ ਵੱਖਰੀਆਂ ਕੌਮਾਂ ਦੇ ਮਨਾਂ ਦੀਆਂ
ਡੂੰਘਿਆਈਆਂ ਤੱਕ ਉਤਰਦਾ ਹੈ। ਫਲਸਰੂਪ, ‘ਖ਼ਾਲਸ ਕੁਦਰਤ’ ਦੀ ਅਦ੍ਰਿਸ਼ਟ ਗਤੀ ਆਪਣੀ
‘ਪਹਿਲੇ ਦਰਜੇ ਦੀ ਸ੍ਰਿਸ਼ਟੀ’ (ਦੇਖੋ, ਏਸੇ ਲੇਖ ਲੜੀ ਦਾ ਦੂਜਾ ਹਿੱਸਾ) ਦੀਆਂ ਅਨੇਕਾਂ ਹੋਂਦਾਂ
ਲਈ ਥਾਂ ਬਣਾਂਦੀ ਹੈ। ਧਰਮਾਂ ਦੇ ਅਨੇਕਾਂ ਜੁਜ਼ਾਂ (ਹਿੱਸੇ) ਦਾ ਨਰੀਖਣ ਜੇ ਉਨ੍ਹਾਂ ਦੀ ਆਪਣੀ ਸਥਿਤੀ
ਵਿੱਚ ਹੀ ਕੀਤਾ ਜਾਵੇ, ਤਾਂ ਉਨ੍ਹਾਂ ਦੀ ਹੋਂਦ ‘ਦੂਜੇ ਦਰਜੇ ਦੀ ਸ੍ਰਿਸ਼ਟੀ’ ਦਾ ਹਿੱਸਾ
ਬਣਦੀ ਹੈ, ਪਰ ‘ਖ਼ਾਲਸ ਕੁਦਰਤ’ ਦੇ ਅਨੁਪਾਤ ਵਿੱਚ ਉਹ ‘ਪਹਿਲੇ ਦਰਜੇ ਦੀ ਸ੍ਰਿਸ਼ਟੀ’ ਦੇ ਹੱਕਦਾਰ ਹੋ
ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ ਪੌਰਾਣ, ਦਰਸ਼ਨ, ਤੇ ਅਧਿਆਤਮਵਾਦੀ ਸਾਹਿਤ ਦੇ ਅਨੇਕਾਂ
ਦ੍ਰਿਸ਼ਟਾਂਤ ‘ਦੂਜੇ ਦਰਜੇ ਦੀ ਸ੍ਰਿਸ਼ਟੀ’ ਵਿੱਚ ਕੰਮ ਆਏ ਹਨ (ਇਸ ਸੰਦਰਭ ਵਿੱਚ ਉਨ੍ਹਾਂ ਦੀ ਆਜ਼ਾਦ
ਹਸਤੀ ਨੂੰ ਪਰਵਾਨ ਕੀਤਾ ਗਿਆ), ਪਰ ‘ਦੂਜੇ ਦਰਜੇ ਦੀ ਸ੍ਰਿਸ਼ਟੀ’ ਦੇ ਦ੍ਰਿਸ਼ਟਾਂਤ ਪਹਿਲੇ ਦਰਜੇ ਦੀ
ਸ੍ਰਿਸ਼ਟੀ ਵਿੱਚ ਵੀ ਚਲੇ ਗਏ ਹਨ (ਇਸ ਸੰਦਰਭ ਵਿੱਚ ਉਨ੍ਹਾਂ ਨੂੰ ਜੁਜ਼-ਰੂਪ
(in part)
ਵਿਚ ਪਰਵਾਨ ਕੀਤਾ ਗਿਆ ਹੈ। (ਦੇਖੋ ‘ਸ਼ਬਦ
ਅਸਗਾਹ’ ਪੰਨਾ 1988: 223-354) )
। ਸਿੱਖ ਧਰਮ ਦੀ ਇਸ ਸੁਹਿਰਦਤਾ ਦਾ ਬਿਪਰ-ਸੰਸਕਾਰ ਨੇ
ਨਾਜਾਇਜ਼ ਫ਼ਾਇਦਾ ਉਠਾਇਆ ਹੈ। ਉਸ ਨੇ ਸਿੱਖ-ਚੇਤਨਾ ਨੂੰ ਸਿੱਖ-ਧਰਮ ਦੀ ਹੋਂਦ ਵਿੱਚ ਸੰਯੁਕਤ ਹੋਏ
ਹਿੰਦੂ ਧਰਮ ਦੇ ਅਧਿਆਤਮਕ, ਦਾਰਸ਼ਨਿਕ, ਨੈਤਿਕ, ਸਦਾਚਾਰਕ ਤੇ ਪੌਰਾਣਿਕ (ਕਰਮ ਕਾਂਡੀ) ਸੰਕਲਪਾਂ
ਦੀਆਂ ਬਾਹਰੀ ਸ਼ਕਲਾਂ ਦੀ ਲੰਬਾਈ-ਚੌੜਾਈ ਅਤੇ ਗਹਿਰਾਈ ਉੱਤੇ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਇੰਞ
ਸਿੱਖ-ਚੇਤਨਾ ਦੀ ਸਮਰੱਥਾ ਨੂੰ ਕਾਲ-ਵਾਚੀ ਅਤੇ ਸਥਾਨ-ਵਾਚੀ ਸ਼ਕਲਾਂ ਵਿੱਚ ਮਹਿਦੂਦ (ਸੀਮਤ) ਕਰਨ
ਦੀਆਂ ਤਰਕੀਬਾਂ ਸ਼ੁਰੂ ਹੋਈਆਂ ਅਤੇ ਬਿੱਪਰ-ਸੰਸਕਾਰ ਨੇ ਆਪਣੀ ਮਿਲਾਵਟ-ਵਿਧੀ ਨੂੰ ਕੰਮ ਵਿੱਚ ਲਿਆਉਣਾ
ਸ਼ੁਰੂ ਕੀਤਾ। ਸਿੱਖ ਇਤਿਹਾਸ ਵਿੱਚ ਤੇ ਸਿੱਖ ਧਰਮ ਵਿੱਚ ਬਿੱਪਰ-ਸੰਸਕਾਰ ਵਲੋਂ ਕੀਤੀ ਅਚੇਤ ਜਾਂ
ਸੁਚੇਤ ਮਿਲਾਵਟ ਅਤੇ ਉਸ ਦੇ ਨਤੀਜਿਆਂ ਦਾ ਹੇਠ ਸੰਖੇਪ ਵਰਣਨ ਦਰਜ ਹੈ:
1) ਬਿੱਪਰ-ਸੰਸਕਾਰ, ਜਿਹੜਾ ਕਿ ਨਿਰਾਕਾਰ ਰੂਪ ਵਿੱਚ ਉਸਰ ਰਹੀ ਸਿੱਖ-ਚੇਤਨਾ
ਵਿੱਚ ਵੀ ਹੋ ਸਕਦਾ ਹੈ, ਨੇ ਪਹਿਲਾਂ ਗੁਰਬਾਣੀ ਵਿੱਚ ਆਏ ਹਿੰਦੂ ਸੰਕਲਪਾਂ ਅਤੇ ਨਾਵਾਂ ਦੀ
ਸਿੱਖ ਅਧਿਆਤਮਵਾਦ ਨਾਲ ਸਮਾਨਤਾ ਵਿਖਾਈ, ਫੇਰ ਸਿੱਖ-ਦਿਮਾਗ਼ ਵਿੱਚ ਉਨ੍ਹਾਂ ਦੀ ਜੜ੍ਹ ਲਾਈ,
ਅਤੇ, ਅੰਤ ਵਿੱਚ ਸਿੱਖ-ਚੇਤਨਾ ਨੂੰ ਉਨ੍ਹਾਂ ਦੀਆਂ ਬਾਹਰੀ ਰੂਪ-ਰੇਖਾਵਾਂ ਦਾ ਗ਼ੁਲਾਮ ਬਣਾ
ਦਿੱਤਾ। ਫਲਸਰੂਪ, ਗੁਰਬਾਣੀ ਦਾ ਰਹੱਸ ਦੱਸਣ ਜਾਂ ਗੁਹਜ ਖੋਲ੍ਹਣ ਸਮੇਂ ਸਿੱਖ-ਚੇਤਨਾ ਹਿੰਦੂ
ਇਤਿਹਾਸ, ਪੌਰਾਣ ਅਤੇ ਦਰਸ਼ਨ ਦੇ ਮਾਹੌਲ ਵਿੱਚ ਕੈਦ ਹੋ ਕੇ ਰਹਿ ਗਈ। ਗੁਰੂ-ਕਾਲ ਵਿੱਚ ਰਚੇ ‘ਜਪੁ
ਪਰਮਾਰਥ’, ਫਰੀਦਕੋਟ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਅਤੇ ਨਿਰਮਲਾ ਪਰੰਪਰਾ ਵਿੱਚ ਰਚੀਆਂ
ਕਿੰਨੀਆ ਹੀ ਹੋਰ ਗੁਰਬਾਣੀ ਦੀਆਂ ਵਿਆਖਿਆਵਾਂ ਇਸੇ ਰੁਚੀ ਦਾ ਫੈਲਾਉ ਹਨ। ਵੀਹਵੀਂ ਸਦੀ ਦੇ ਸੈਂਕੜੇ
ਅੰਗਰੇਜ਼ੀ ਪੜ੍ਹੇ, ਜਿਨ੍ਹਾਂ ਵਿੱਚ ਕਪੂਰ ਸਿੰਘ ICS
ਸ਼੍ਰੋਮਣੀ ਹਨ, ਸਿੱਖ ਵਿਦਵਾਨ ਗੁਰਬਾਣੀ ਦੇ
ਅਧਿਆਤਮਕ ਰਹੱਸ ਜਾਂ ਗੁਹਜ ਨੂੰ ਹਿੰਦੂ ਸੰਕਲਪਾਂ ਦੀ ਬਾਹਰੀ ਸਮਾਨਤਾ ਵਿੱਚ ਰੱਖ ਕੇ ਖੋਲ੍ਹਣ ਦਾ
ਯਤਨ ਕਰਦੇ ਹਨ।
2) ਸਿੱਖ-ਗ੍ਰੰਥਾਂ ਅਤੇ ਸਿੱਖ ਅਮਲ ਵਿੱਚ ਬਿੱਪਰ-ਸੰਸਕਾਰ ਵਲੋਂ ਲਗਾਤਾਰ
ਪਾਈ ਮਿਲਾਵਟ ਦਾ ਅਸਰ ਹੀ ਹੈ, ਕਿ ਜੇ ਗੁਰੂ ਸਾਹਿਬਾਨ ਦੇ ਜੀਵਨ ਅਮਲ ਦੇ ਨਾਲ ਸਮਾਨਤਾ ਰਖਦੀ ਕੋਈ
ਮਿਸਾਲ ਉਨ੍ਹਾਂ ਤੋਂ ਪੂਰਬਲੇ ਇਤਿਹਾਸ ਵਿੱਚ ਮਿਲਦੀ ਹੈ, ਤਾਂ ਝੱਟ ਇਹ ਫੈਸਲਾ ਦੇ ਦਿੱਤਾ ਜਾਂਦਾ
ਹੈ, ਕਿ ਇਹ ਸਾਖੀ ਉਸ ਸਾਖੀ ਦੀ ਨਕਲ ਜਾਂ ਰੂਪਾਂਤਰ ਹੈ, ਜਾਂ ਉਸ ਸੋਮੇ ਕੋਲੋਂ ਉਧਾਰੀ ਲਈ ਗਈ ਹੈ;
ਜਿਵੇਂ ਗੁਰੂ ਸਾਹਿਬ ਦੇ ਪਵਿੱਤਰ ਮੁੱਖ ਉੱਤੇ ਸੱਪ ਦੀ ਛਾਂ ਕਰਨ ਵਾਲੀ ਸਾਖੀ ਨੂੰ ਬੁੱਧ ਜਾਤਕਾਵਾਂ
ਵਿਚੋਂ ਆਈ ਮੰਨਿਆਂ ਜਾਂਦਾ ਹੈ, ਜਾਂ ਜਿਵੇਂ ਗੁਰੂ ਨਾਨਕ ਸਾਹਿਬ ਦੀ ਮੁਲਤਾਨ ਵਿੱਚ ਦੁੱਧ ਦੇ ਪਿਆਲੇ
ਉੱਤੇ ਫੁੱਲ-ਪੱਤੀ ਰੱਖਣ ਵਾਲੀ ਸਾਖੀ ਨੂੰ ਬਾਰ੍ਹਵੀਂ ਸਦੀ ਦੇ ਸੂਫ਼ੀ ਫ਼ਕੀਰ ਅਬਦਲ ਜੀਲਾਨੀ ਦੇ ਜੀਵਨ
ਦੀ ਅਜਿਹੀ ਇੱਕ ਘਟਨਾ ਨਾਲ ਮੇਲ ਕੇ ਇਹ ਸਿੱਟਾ ਕਢਿਆ ਜਾਂਦਾ ਹੈ, ਕਿ ਗੁਰੂ ਸਾਹਿਬ ਦੀ ਸਾਖੀ ਫ਼ਕੀਰ
ਦੀ ਸਾਖੀ ਦੀ ਰੂਪਾਂਤਰ ਹੈ। ਮੁਗਲ ਸ਼ਹਿਨਸ਼ਾਹਾਂ ਨੇ ਖ਼ਾਸ ਮੌਕਿਆਂ ਉੱਤੇ ਅਕਸਰ ਹੀ ਗੁਰੂ ਸਾਹਿਬਾਨ
ਅੱਗੇ ਮਿਹਰ ਦੀ ਯਾਚਨਾ ਕੀਤੀ, ਅਤੇ ਜਦੋਂ ਸਥਿਤੀ ਗੁਰੂ ਨਾਨਕ-ਸੱਚ ਦੇ ਅਨੁਕੂਲ ਹੁੰਦੀ ਸੀ, ਗੁਰੂ
ਸਾਹਿਬਾਨ ਮਹਾਨ ਨਿਰਲੇਪ ਅਵਸਥਾ ਵਿੱਚ ਮਿਹਰ ਕਰ ਦਿੰਦੇ ਸਨ। ਕਈ ਵਾਰ ਮੁਗ਼ਲ ਸ਼ਹਿਨਸ਼ਾਹ ਗੁਰੂਆਂ ਦੇ
ਨਾਲ ਸੂਫੀ ਫਕੀਰਾਂ ਅੱਗੇ ਵੀ ਮਿਹਰ ਲਈ ਅਰਜ਼ ਗੁਜ਼ਾਰ ਦਿੰਦੇ ਸਨ। ਸੋ ਕਈ ਵਾਰ ਇਕੋ ਘਟਨਾ ਗੁਰੂ ਅਤੇ
ਸੂਫੀ ਫਕੀਰ ਨਾਲ ਇਕੋ ਰੂਪ ਵਿੱਚ ਸੰਬੰਧਿਤ ਹੋ ਜਾਂਦੀ ਸੀ, ਜਿਵੇਂ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਆਰਾਮ
ਆਉਣ ਦੀ ਘਟਨਾ ਗੁਰੂ ਹਰਿ ਰਾਇ ਸਾਹਿਬ ਅਤੇ ਮੀਆਂ ਮੀਰ ਦੋਵਾਂ ਨਾਲ ਸੰਬੰਧਿਤ ਹੈ (1988: 1162),
ਅਤੇ ਦੋਵਾਂ ਦੇ ਪ੍ਰਸੰਗ ਵਿੱਚ ਇਕੋ ਜਿੰਨੀ ਸੱਚੀ ਹੈ, ਪਰ ਆਧੁਨਿਕ ਕਾਲ ਦੇ ਅਨਜਾਣ ਤਰਕਵਾਦੀ ਦੋ
ਘਟਨਾਵਾਂ ਵਿੱਚ ਸਮਾਨਤਾ ਵੇਖ ਕੇ ਇੱਕ ਜਾਂ ਦੋਵਾਂ ਨੂੰ ਗ਼ਲਤ ਕਹਿਣ ਦੀ ਕਾਹਲੀ ਕਰ ਜਾਂਦੇ ਹਨ
(ਪ੍ਰੋ. ਮਹਿਬੂਬ 1988: 695)।
ਜਨਮ ਸਾਖੀਆਂ ਦੇ ਖੋਜੀਆਂ ਦਾ ਕੁੱਲ ਦਿਮਾਗ਼ੀ ਜ਼ੋਰ ਗੁਰੂ-ਸਾਖੀਆਂ ਨੂੰ ਪੂਰਬਲੇ ਇਤਿਹਾਸ ਜਾਂ
ਪੌਰਾਣ ਦੇ ਰੂਪਾਂਤਰ ਸਿੱਧ ਕਰਨ ਵਿੱਚ ਲੱਗਾ ਰਿਹਾ ਹੈ। ਅਜਿਹੇ ਵਿਦਵਾਨ ਇਹ ਨਹੀਂ ਸਮਝਦੇ, ਕਿ
ਜਿਵੇਂ ਖ਼ਿਆਲ ਆਪਣੇ ਆਪ ਨੂੰ ਦੁਹਰਾਂਦਾ ਹੈ, ਜਿਵੇਂ ਕੁਦਰਤ ਦੇ ਦ੍ਰਿਸ਼ ਆਪਣੀ ਪ੍ਰਦਰਸ਼ਨੀ ਮੁੜ ਮੁੜ
ਕਰਦੇ ਹਨ, ਇਸੇ ਤਰ੍ਹਾਂ ਪੈਗ਼ੰਬਰੀ ਅਮਲ, ਫਕੀਰਾਂ ਦੀਆਂ ਕਰਨੀਆਂ ਅਤੇ ਮਜ਼੍ਹਬੀ ਤਜਰਬੇ ਰੱਬ ਦੇ
ਬੰਦਿਆਂ ਥਾਣੀਂ ਵਾਰ ਵਾਰ ਜ਼ਾਹਿਰ ਹੁੰਦੇ ਹਨ; ਨਕਸ਼ ਉਹੀ ਰਹਿੰਦੇ ਹਨ, ਪਰ ‘ਵਿਆਖਿਆ ਦਾ ਲਿਬਾਸ’
(ਤਸ਼ਰੀਹ) ਬਦਲ ਜਾਂਦਾ ਹੈ:
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਸੱਤੇ ਬਲਵੰਡ ਦੀ
ਵਾਰ – ਗੁਰੂ ਗ੍ਰੰਥ ਸਾਹਿਬ)
3) ਬਿੱਪਰ-ਸੰਸਕਾਰ ਨੇ ਗੁਰੂ-ਜੀਵਨ ਅਤੇ ਆਦਰਸ਼ਾਂ (ਜੋ ਕਿ ਬਾਅਦ ਵਿੱਚ
ਇਤਿਹਾਸ ਬਣੇ) ਨੂੰ ਆਪਣੀ ਸੇਧ ਵਿੱਚ ਰੱਖਣ ਲਈ ਪੂਰਾ ਤਾਣ ਲਾਇਆ। ਸੱਚੀਆਂ ਘਟਨਾਵਾਂ ਦੇ ਝੂਠੇ ਅਰਥ
ਕੱਢੇ ਗਏ; ਜਿਵੇਂ ਤੀਸਰੇ ਪਾਤਸ਼ਾਹ ਦੀ ਹਿੰਦੂਆਂ ਦੇ ਤੀਰਥਾਂ ਦੀ ਯਾਤਰਾ, ਜਿਸ ਦੇ ਅਧਿਆਤਮਕ ਪਹਿਲੂ
ਵਲ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲੋਕਾਈ ਦਾ ਧਿਆਨ ਦੁਆਇਆ ਹੈ। ਅਨੇਕਾਂ
ਝੂਠੀਆਂ ਕਹਾਣੀਆਂ ਫੈਲਾਈਆਂ ਗਈਆਂ, ਜਿਵੇਂ ਕਲਗੀਆਂ ਵਾਲੇ ਨੂੰ ਦੁਰਗਾ ਦਾ ਭਗਤ ਦੱਸਣਾ।
ਗੁਰੂ ਸਾਹਿਬ ਦੇ ਨਾਂ ਨਾਲ ਅਨੇਕਾਂ ਖੋਟੀਆਂ ਲਿਖਤਾਂ ਜੋੜੀਆਂ ਗਈਆਂ, ਜਿਵੇਂ ਦਸਮ ਗ੍ਰੰਥ ਦੀਆਂ
ਕਿੰਨੀਆਂ ਸਾਰੀਆਂ ਰਚਨਾਵਾਂ ਅਤੇ ਹੁਕਮਨਾਮੇ। ਗੁਰੂ ਨਾਨਕ-ਅਮਲ ਦੀ ਤਸਵੀਰ ਨੂੰ ਮਲੀਨ ਕਰਨ ਲਈ ਜਨਮ
ਸਾਖੀਆਂ ਵਿੱਚ ਚਾਲਾਕ ਫਿਕਰਿਆਂ ਅਤੇ ਕੁੱਝ ਝੂਠੇ ਬਿਰਤਾਂਤਾਂ ਦੀ ਮਿਲਾਵਟ ਕੀਤੀ ਗਈ। ਜਨਮ ਸਾਖੀਆਂ
ਦੇ ਸਿੱਖ-ਝੁਕਾ ਰੱਖਣ ਵਾਲੇ ਲੇਖਕਾਂ ਨੇ ਖ਼ੁਦ ਵੀ ਬਹੁਤ ਕੁੱਝ ਐਸਾ ਲਿਖਿਆ, ਜਿਸ ਉੱਤੇ
ਬਿੱਪਰ-ਸੰਸਕਾਰ ਦੀ ਪਾਹ ਸੀ।
4) ਉਸਰ ਰਹੀ ਖ਼ਾਲਸਾ-ਚੇਤਨਾ ਵਿੱਚ ਬਿੱਪਰ-ਸੰਸਕਾਰ ਨੇ ਦਾਖਲ ਹੋ ਕੇ ਗੁਰੂ
ਨਾਨਕ-ਅਮਲ ਦੀ ਅੰਤਰ-ਦ੍ਰਿਸ਼ਟੀ ਨੂੰ ਨੁਕਸਾਨ ਪੁਚਾਇਆ। ਇਸ ਅਰਧ-ਨਿਰਮਲ ਅੰਤਰ-ਦ੍ਰਿਸ਼ਟੀ ਵਿਚੋਂ
ਜਿਹੜੀਆਂ ਲਿਖਤਾਂ ਉਗਮੀਆਂ, ਉਨ੍ਹਾਂ ਵਿੱਚ ਅੱਗੋਂ ਹੋਰ ਮਿਲਾਵਟ ਕੀਤੀ ਗਈ। ਅਠਾਰਵੀਂ ਸਦੀ ਵਿੱਚ
ਹਿੰਦਾਲੀਆਂ ਨੇ ਪ੍ਰਸਿੱਧ ਸਿੱਖ-ਚੇਤਨਾ ਦੀ ਸ਼ੁਧ ਨੁਹਾਰ ਨੂੰ ਕਰੂਪ ਕਰਨ ਵਿੱਚ ਹਿੱਸਾ ਪਾਇਆ।
5) ਬਿੱਪਰ-ਸੰਸਕਾਰ ਨੇ ਆਪਣੇ ਪੈਦਾ ਕੀਤੇ ਕਰਮ-ਕਾਂਡ, ਦ੍ਰਿਸ਼ਟੀਕੋਣਾਂ ਅਤੇ
ਇਤਿਹਾਸ ਰਾਹੀਂ ਸਿੱਖ-ਜੀਚਨ ਨੂੰ ਇਸ ਹੱਦ ਤੱਕ ਜਕੜਿਆ ਕਿ ਸਿੱਖ-ਚੇਤਨਾ ਦੀ ਧਾਰਾ ਪੌਰਾਣਿਕ
ਪਦਾਰਥਵਾਦ, ਉਪਰਪ੍ਰਕ੍ਰਿਤਕ ਸ਼ਕਤੀ ਦੀ ਲਾਲਸਾ ਅਤੇ ਉਸ ਉਤੇ ਬਣੇ ਹੋਰ ਵਹਿਮ, ਤੇ ਵਰਣ-ਵੰਡ ਦੇ
ਮਾਹੌਲ ਤੋਂ ਬਾਹਰ ਨਾਂਹ ਨਿਕਲ ਸਕੀ। ਮਸੰਦਾਂ ਦਾ ਦੁਰਾਚਾਰੀ ਜੀਵਨ ਅਤੇ ਹਿੰਦੂ ਕਵੀਆਂ ਦੇ ਗੁਰੂ
ਗੋਬਿੰਦ ਸਿੰਘ ਸਾਹਿਬ ਨਾਲ ਜੋੜੇ ਅਨੂਪ ਕੌਰ ਵਰਗੇ ਅਸ਼ਲੀਲ ਬਿਰਤਾਂਤ ਇਸ ਗੱਲ ਦਾ ਮੂੰਹ
ਬੋਲਦਾ ਪ੍ਰਮਾਣ ਹਨ। ਜਦੋਂ ਦਸਮ ਪਾਤਸ਼ਾਹ ਨੇ ਖ਼ਾਲਸਾ ਰਚਿਆ, ਉਸ ਵੇਲੇ ਦਿੱਲੀ ਦੇ ਸੈਂਕੜੇ
ਮਸੰਦ-ਕਿਸਮ ਦੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ। ਗੁਰੂ ਜੀ ਦੇ ਸਮਕਾਲੀ ਕਵੀ ਸੈਨਾਪਤੀ ਦੀ ਗਵਾਹੀ
ਉਤੇ ਇਤਬਾਰ ਕੀਤਾ ਜਾ ਸਕਦਾ ਹੈ, ਕਿਉਂਕਿ ਜਿਨ੍ਹਾਂ ਘਟਨਾਵਾਂ ਵਿੱਚ ਗੁਰੂ ਨਾਨਕ-ਸੱਚ ਦੀ ਬਾਰੀਕ
ਰਮਜ਼ ਨਹੀਂ ਚਲਦੀ, ਉਹ ਉਨ੍ਹਾਂ ਘਟਨਾਵਾਂ ਦਾ ਸਹੀ ਬਿਆਨ ਪੇਸ਼ ਕਰਨ ਦੇ ਸਮਰੱਥ ਹੈ। ਸੋ ਵਿਰੋਧ ਇਸ
ਪਰਕਾਰ ਹੋਇਆ:
“ਇਨ ਸੋ ਬਨਜੁ ਕਰੋ ਮਤ ਕੋਈ। ਕੁਲ ਕੀ ਚਾਲ ਇਨੋ ਸਭ ਖੋਈ………
ਇਨ ਸੋ ਸਵਦਾ ਮਤ ਕਰਹ ਨਹ ਕੁਟੰਬ ਬਿੳਹਾਰ।
ਜੋ ਆਗੇ ਕੁਲ ਮੈ ਭਈ ਸੋ ਵਰਤੋ ਸੰਸਾਰ। ………
ਮਿਲਿ ਹਾਕਮ ਕੇ ਬਾਤ ਬਨਾਈ। ਇਨੋ ਰਾਹ ਇੱਕ ਨਈ ਚਲਾਈ।
ਕੁਲਾ ਕਰਮ ਕੇ ਮਾਰਗ ਤਿਆਗੇ। ਕਰਿ ਹੈ ਚਾਲ ਅਉਰ ਇਸ ਲਾਗੇ।
ਇਹ ਵਿਰੋਧੀ ਕੌਣ ਸਨ? ਪੜ੍ਹੋ ਪ੍ਰੋ. ਮਹਿਬੂਬ ਸਾਹਿਬ ਦੇ ਆਪਣੇ ਲਫਜ਼: ਇਹ ਉਹ
ਲੋਕ ਸਨ ਜਿਨ੍ਹਾਂ ਨੂੰ ਗੁਰੂ ਨਾਨਕ-ਸੱਚ ਨੇ ਆਪਣੀ ਅਨੇਕ-ਦਿਸ਼ਾਵੀ ਗਤੀ ਵਿੱਚ ਜ਼ੋਰ ਨਾਲ ਝੰਝੋੜਿਆ
ਸੀ, ਪਰ ਜਿਹੜੇ ਉਸ ਦੀ ਕਿਸੇ ਨੁਹਾਰ ਦੇ ਹੱਕਦਾਰ ਨਹੀਂ ਸਨ ਬਣ ਸਕੇ ਤੇ ਜਿਨ੍ਹਾਂ ਦੇ ਚਿਹਨ-ਚੱਕਰ
ਬਿੱਪਰ-ਸੰਸਕਾਰੀ ਹੀ ਰਹੇ। ਦੂਜੇ ਲਫਜ਼ਾਂ ਵਿੱਚ ਇਹ ਲੋਕ ਗੁਰੂ ਨਾਨਕ-ਸੱਚ ਦੀ ਰਹੱਸਮਈ ਕ੍ਰਾਂਤੀ ਦੇ
ਮੂੰਹ-ਜ਼ੋਰ ਵੇਗ ਨਾਲ ਨਿਰਾਕਾਰ ਮੰਡਲ ਵਿੱਚ ਲੜਖੜਾ ਰਹੀਆਂ ਸ਼ਕਲਾਂ ਦੇ ਕਾਲਵਾਚੀ-ਸਥਾਨਵਾਚੀ ਰੂਪ ਸਨ।
ਇਹ ਉਹ ਲੋਕ ਸਨ, ਜਿਨ੍ਹਾਂ ਦੇ ਮਨ ਨੇ ‘ਪੂੰਜੀ’ ਦੀਆਂ ਕੁੱਝ ਵੰਨਗੀਆਂ ਨੂੰ ਦੈਵੀ ਗੁਣਾਂ ਉੱਤੋਂ
ਪਹਿਲ ਦਿੱਤੀ ਸੀ: ਜੋਤਿਸ਼ ਦੇ ਵਹਿਮ ਦੀ ਪੂੰਜੀ, ਪੌਰਾਣਿਕ ਅਦਭੁੱਤਤਾ ਦੀ ਪੂੰਜੀ, ਫ਼ਰਜ਼ੀ ਸਿੱਧੀਆਂ
ਦੀ ਪੂੰਜੀ, ਕਰਮ ਕਾਂਡੀ ਗੁੰਝਲਾਂ ਦੀ ਪੂੰਜੀ, ਵਰਣ-ਹਉਮੈ ਦੀ ਪੂੰਜੀ, ਅਤੇ ਉਮਰ ਤੇ ਸਥਾਨ ਦੇ
ਫੈਲਾਉ ਦੀ ਪੂੰਜੀ। ਅਸਲ ਵਿੱਚ ਇਹ ਅਖੌਤੀ ਸਿੱਖ ਹੁਣ ਤੱਕ (696) ਬਿੱਪਰ-ਸੰਸਕਾਰ
ਦੇ ਰੋਗੀ ਧਰਾਤਲ ਉੱਤੇ ਰੀਂਘ ਰਹੇ ਸਨ, ਅਤੇ ਉਸ ਦੀਆਂ ਸਿਥਲ ਸ਼ਕਲਾਂ ਦੇ ਮੋਹ ਤੋਂ ਸੁਤੰਤਰ ਨਹੀਂ ਸਨ
ਹੋਏ, ਅਤੇ ‘ਖ਼ਾਲਸ ਕੁਦਰਤ’ ਦੀ ਉੱਚੀ ਸੁਰਤਿ ਤੋਂ ਕੋਹਾਂ ਦੂਰ ਸਨ। ਗੁਰੂ ਨਾਨਕ-ਸੱਚ ਦੀ ਪਰਬਲ
ਇਤਿਹਾਸਿਕ ਧਾਰਾ ਨਾਲ ਇਨ੍ਹਾਂ ਲੋਕਾਂ ਦਾ ਕੋਈ ਸੰਬੰਧ ਦਰਸਾਉਣਾ ਵੀ ਬਿੱਪਰ-ਸੰਸਕਾਰ ਦੀ ਗ਼ੁਲਾਮੀ
ਕਰਨਾ ਹੈ (697)।
ਬਿੱਪਰ-ਸੰਸਕਾਰੀ ਰੋਗੀਆਂ ਦੀ ਸੂਚੀ ਵਿੱਚ ਆਏ ਅਨੇਕਾਂ ਮਰੀਜ਼ਾਂ ਚੋਂ ਦਿੱਲੀ
ਦੇ ਇੱਕ ਖੱਤਰੀ ਵਲੋਂ ਗੁ. ਨਾਨਕ ਵਿਰੁੱਧ ਸੁਲਤਾਨ ਦੇ ਕੰਨ ਭਰੇ ਗਏ। ਇਉਂ ਹੀ, ਗੁਰੂ ਅਮਰਦਾਸ
ਵਿਰੁੱਧ ਗੋਂਦੇ ਮਰਵਾਹੇ ਨੇ ਸਮੇਤ ਹੋਰ ਪੰਡਤਾਂ ਦੇ ਅਕਬਰ ਕੋਲ ਸ਼ਕਾਇਤਾਂ, ਚੰਦੂ ਦਾ ਜਹਾਂਗੀਰ ਨੂੰ
ਗੁਰੂ ਅਰਜਨ ਵਿਰੁੱਧ, ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ, ਚੰਦੂ ਦੇ ਪੁੱਤਰਾਂ (ਕਰਮ ਚੰਦ,
ਲਾਲ ਚੰਦ) ਭਗਵਾਨ ਦਾਸ ਘੇਰੜ ਸਮੇਤ ਜਲੰਧਰ ਦੇ ਫੌਜਦਾਰ ਅਬਦੁਲਾ ਖਾਂ ਨੂੰ ਛੇਵੇਂ ਗੁਰਾਂ ਨਾਲ ਜੰਗ
ਲਈ ਉਕਸਾਉਣਾ, ਪੰਮੇ ਪ੍ਰੋਹਿਤ ਦਾ ਰਾਜੇ ਭੀਮ ਚੰਦ ਨੁੰ ਸੀਖਣਾ, ਤੇ ਪਹਾੜੀ ਰਾਜਿਆਂ ਦੀਆਂ ਗੁਰੂ ਜੀ
ਨਾਲ ਖ਼ਾਲਸਾ ਸਾਜੇ ਜਾਣ ਤੋਂ ਪਹਿਲਾਂ ਦੀਆਂ ਸਭ ਜੰਗਾਂ ਦੀ ਸਿੱਧੀ ਜ਼ਿਮੇਦਾਰੀ, ਜਾਂ ਉਸ ਪਿਛਲੀ ਸ਼ਹਿ,
ਸਾਜਿਸ਼ ਜਾਂ ਚੁਗਲੀ ਕਰਨ ਦਾ ਦੋਸ਼ ਬਿੱਪਰ-ਸੰਸਕਾਰ ਦੇ ਇਨ੍ਹਾਂ ਰੋਗੀਆਂ ਸਿਰ ਹੀ ਆਉਂਦਾ ਹੈ (160-1
ਕਿਸ ਬਿਧ ਰੁਲੀ ਪਾਤਸ਼ਾਹੈ?)।
ਅਖੀਰ ਚ, ਮੈਂ ਇੱਕ ਮਿਸਾਲ ਉਸ ਅਖੌਤੀ ਸਿੱਖ ਦੀ ਦਿੰਦਾ
ਹਾਂ ਜਿਸ ਨੇ ਅਜੋਕੇ ਯੁਗ ਚ ਬਿੱਪਰ-ਸੰਸਕਾਰ ਦੀ ਬੜੀ ਵਧ ਚੜ੍ਹ ਕੇ ਗ਼ੁਲਾਮੀ ਕੀਤੀ। ਜਿਸ ਦੇ ਬਾਬੇ
ਨੇ ਭਾਰਤੀ ਜੰਗਿ-ਆਜ਼ਾਦੀ ਦੇ ਮਹਾਨ ਸਿੱਖ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਕਾਰੇ-ਬਰਤਾਨੀਆਂ ਕੋਲੋਂ
ਮੁਖਬਰੀ ਕਰਕੇ ਸ਼ਹੀਦ ਕਰੁਆਇਆ ਸੀ, ਉਸ (ਜਨਰਲ ਕੁਲਦੀਪ ਸ. ਬਰਾੜ) ਨੇ ਹੀ 1984 ਦੇ ਸ੍ਰੀ ਦਰਬਾਰ
ਸਾਹਿਬ ਉਪਰ ਬਿੱਪਰ-ਸੰਸਕਾਰੀ ਫੌਜੀ ਹਮਲਾ ਇੰਦਰਾ ਗਾਂਧੀ ਦਾ ਚਮਚਾ ਤੇ ਮੋਹਰਾ ਬਣ ਕੇ ਕੀਤਾ। ਇਸ ਦੇ
ਐਨ ਉਲਟ, ਜਦ ਕਿ ਜਨਰਲ ਸਿਨਹਾ ਨੇ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰਨ ਦੇ ਪਾਪ ਕਰਮ ਕਰਨ ਤੋਂ
ਇਨਕਾਰ ਕਰ ਦਿੱਤਾ ਸੀ। ਇਸ ਬਿੱਪਰ-ਸੰਸਕਾਰੀ ਯੰਤਰ ਤੇ ਉੱਘੇ
(notorious)
ਜ਼ਾਲਮ ਨੇ ਦੋ ਮਹੀਨੇ ਦੇ ਬੱਚੇ ਤੋਂ ਲੈ ਕੇ ਨਿਰਦੋਸ਼ ਯਾਤਰੂਆਂ ਸਮੇਤ ਸਭ ਸਿੱਖ ਮਰਦਾਂ ਬੀਬੀਆਂ
ਬਚਿਆਂ ਉਤੇ ਅਸਹਿ, ਅਕਹਿ, ਅਣਚਿਤਵੇ ਕਹਿਰ ਕਮਾਏ ਤੇ ਬੇਓੜਕੇ ਜ਼ੁਲਮ ਢਾਹੇ ਸਨ
(www.singhgurtej.blogspot.com)।
ਅਮਰੀਕ ਸਿੰਘ ਧੌਲ
|
. |