.

ਦੀਵੇ, ਦੀਵਾਲੀ, ਲਛਮੀ ਪੂਜਾ ਅਤੇ ਗੁਰਮਤਿ

ਅਵਤਾਰ ਸਿੰਘ ਮਿਸ਼ਨਰੀ (5104325827)

ਦੀਪ ਸੰਸਕ੍ਰਿਤ, ਦੀਪਕ ਹਿੰਦੀ, ਦੀਵਾ, ਦਿਵਾਲੀ ਪੰਜਾਬੀ, ਲਛਮੀ ਅਤੇ ਪੂਜਾ ਸੰਸਕ੍ਰਿਤ ਦੇ ਸ਼ਬਦ ਹਨ। ਦੀਪ ਦਾ ਅਰਥ ਟਾਪੂ ਵੀ ਹੈ ਜੋ ਗਿਣਤੀ ਵਿੱਚ ਸੱਤ ਮੰਨੇ ਜਾਂਦੇ ਹਨ। ਹਿੰਦੀ ਵਿੱਚ ਦੀਪਾਵਲੀ ਅਤੇ ਪੰਜਾਬੀ ਵਿੱਚ ਦੀਵਾਲੀ ਕਿਹਾ ਜਾਂਦਾ ਹੈ। “ਲਛਮੀ” ਧੰਨ ਦੌਲਤ ਅਤੇ “ਪੂਜਾ” ਪੂਜਨ ਨੂੰ ਕਹਿੰਦੇ ਹਨ। ਦੀਵੇ ਓਦੋਂ ਤੋਂ ਹੀ ਜਗਾਏ ਜਾ ਰਹੇ ਹਨ ਜਦੋਂ ਤੋਂ ਤੇਲ ਜਾਂ ਘਿਓ ਹੋਂਦ ਵਿੱਚ ਆਏ ਹਨ ਕਿਉਂਕਿ-ਬਿਨ ਤੇਲ ਦੀਵਾ ਕਿਉਂ ਜਲੇ (25) ਦੀਵੇ ਨੂੰ ਚਰਾਗ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਚਾਰ ਥਾਂ ਬੱਤੀ ਬਾਲੀ ਜਾਂਦੀ ਹੈ। ਗੁਰਬਾਣੀ ਵਿੱਚ ਵੀ ਚਰਾਗ ਦਾ ਜਿਕਰ ਹੈ-ਬਲਿਓ ਚਰਾਗੁ ਅੰਧਿਆਰ ਮਹਿ (1387) ਚਰਾਗ ਰੋਸ਼ਨੀ ਅਤੇ ਅੰਧਿਆਰ ਹਨੇਰੇ ਦਾ ਪ੍ਰਤੀਕ ਹੈ। ਅੰਧਕਾਰ ਅਤੇ ਚਰਾਗ ਦੀਵੇ ਵੀ ਕਈ ਪ੍ਰਕਾਰ ਦੇ ਹਨ। ਇੱਕ ਹੈ ਕੁਦਰਤੀ ਹਨੇਰਾ ਜੋ ਸੂਰਜ-ਚੰਦ ਅਤੇ ਰੋਸ਼ਨੀ ਦੀ ਅਣਹੋਂਦ ਦਿਨ ਤੋਂ ਬਾਅਦ ਰਾਤ ਸਮੇਂ ਹੁੰਦਾ ਹੈ। ਦੂਜੇ ਅੰਧੇਰੇ ਹਨ ਅਗਿਆਨਤਾ, ਵਹਿਮ-ਭਰਮ, ਕਰਮਕਾਂਡ, ਬੇਅਕਲ, ਹੰਕਾਰ, ਬਲਹੀਨਤਾ, ਮੰਦੇ ਕਰਮ (ਪਾਪ), ਚੋਰੀ-ਯਾਰੀ, ਔਰਤ ਨਾਲ ਵਿਤਕਰਾ, ਕਲਪਿਤ ਨਰਕ-ਸਵਰਗ, ਅੰਧਵਿਸ਼ਵਾਸ਼, ਮਿਥਿਹਾਸ, ਜਾਤ-ਪਾਤ, ਨਾ ਬਰਾਬਰੀ ਅਤੇ ਛੂਆਛਾਤ ਆਦਿ। ਦੀਵਾ ਬਲਣਾ ਜਾਂ ਜਗਣਾ ਰੋਸ਼ਨੀ (ਲਾਈਟ) ਦਾ ਪ੍ਰਤੀਕ ਹੈ। ਗੁਰੂ ਨਾਨਕ ਗਿਆਨ ਦਾ ਸੂਰਜ, ਸੱਚ ਦਾ ਚਰਾਗ, ਤਰਕ ਦਾ ਦਿਨ ਅਤੇ ਸ਼ੁਭ ਕਰਮਾਂ ਦਾ ਚਾਨਣ ਸਨ ਤਾਂ ਹੀ ਉਨ੍ਹਾਂ ਨੂੰ “ਬਲਿਓ ਚਰਾਗੁ ਅੰਧਿਆਰ ਮਹਿ” ਕਿਹਾ ਗਿਆ ਹੈ। ਦੀਵਾਲੀ-ਦੀਵਿਆਂ ਵਾਲੀ, ਦੀਵਿਆਂ ਦੀ ਪਾਲ ਨੂੰ ਕਹਿੰਦੇ ਹਨ ਜੋ ਇਕੱਠੇ ਬਲ ਕੇ ਵੱਧ ਰੋਸ਼ਨੀ ਕਰਦੇ ਹਨ। ਵਿਦਿਆ ਵੀ ਚਾਨਣ ਅਤੇ ਤੀਜਾ ਨੇਤਰ ਹੈ। ਦੁਨੀਆਂ ਦੀਆਂ ਸਾਰੀਆਂ ਕੌਮਾਂ ਅਤੇ ਬੋਲੀਆਂ ਵੀ ਵਿਦਿਆ ਦੀ ਪਾਲ ਹਨ ਜੋ ਸਰਬਸਾਂਝੀਵਾਲਤਾ ਰੋਸ਼ਨੀ ਦਾ ਪ੍ਰਤੀਕ ਹਨ। ਇਸ ਕਰਕੇ ਜਦੋਂ ਤੋਂ ਵੀ ਮਨੁੱਖ ਨੂੰ ਸੋਝੀ ਆਈ ਹੈ ਉਸ ਨੇ ਰੋਸ਼ਨੀ ਦੇ ਦੀਵੇ ਬਾਲੇ ਹਨ। ਰੋਸ਼ਨੀ ਚਾਨਣ ਲਈ ਹੈ ਨਾਂ ਕਿ ਪੂਜਣ ਵਾਸਤੇ।

ਮਿਥਿਹਾਸਕ ਤੌਰ ਤੇ ਹਿੰਦੂਆਂ ਵਿੱਚ ਦੀਵਾਲੀ ਸ੍ਰੀ ਰਾਮ ਚੰਦਰ ਦੇ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ ਅਤੇ ਲਸ਼ਮੀ ਪੂਜਨ ਕੀਤਾ ਜਾਂਦਾ ਹੈ। ਕੀ ਰਾਮ ਚੰਦਰ ਦੇ ਬਨਵਾਸ ਕੱਟ ਕੇ ਆਉਣ ਤੋਂ ਪਹਿਲਾਂ ਲੋਕ ਖੁਸ਼ੀ ਦੇ ਦੀਵੇ ਨਹੀਂ ਬਾਲਦੇ ਸਨ? ਹਾਂ ਪਹਿਲੇ ਵੀ ਲੋੜ ਅਤੇ ਖੁਸ਼ੀ ਵੇਲੇ ਦੀਵਾਲੀਆਂ ਜਗਦੀਆਂ ਸਨ। ਮਿਥਿਹਾਸਿਕ ਮਨੌਤ ਅਨੁਸਾਰ ਲਛਮੀ ਧੰਨ ਦੌਲਤ ਦੀ ਦੇਵੀ ਹੈ ਜੋ ਪੁਰਾਣਾ ਵਿੱਚ ਵਿਸ਼ਨੂੰ ਦੀ ਇਸਤਰੀ ਲਿਖੀ ਹੈ, ਇਸ ਨੂੰ ਕਾਂਮ ਦੀ ਮਾਤਾ ਮੰਨਿਆਂ ਗਿਆ ਹੈ ਅਤੇ ਸਮੁੰਦਰ ਰਿੜਕਣ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਹੈ। ਇਸੇ ਲਈ ਇਸ ਦਾ ਨਾਮ ਇੰਦਰਾ ਅਤੇ ਜਲਧਿਜਾ ਵੀ ਹੈ। ਇਹ ਹੱਥ ਵਿੱਚ ਕਮਲ ਰੱਖਦੀ ਹੈ ਇਸ ਕਰਕੇ ਇਸ ਦਾ ਨਾਂ ਪਦਮਾਂ ਵੀ ਪ੍ਰਸਿੱਧ ਹੈ (ਮਹਾਨ ਕੋਸ਼-1055) ਡਾ: ਰਤਨ ਸਿੰਘ ਜੱਗੀ “ਗੁਰੂ ਗ੍ਰੰਥ ਵਿਸ਼ਵਕੋਸ਼” ਦੇ ਸਫਾ 461 ਤੇ ਲਿਖਦੇ ਹਨ ਕਿ ਲਛਮੀ ਚਾਰ ਭੁਜਾਵਾਂ ਵਾਲੀ ਸੁੰਦਰਤਾ ਦੀ ਸਾਕਾਰ ਮੂਰਤੀ ਹੈ। ਇਸਦੇ ਹੱਥ ਵਿੱਚ ਕਲਮ ਫੜਿਆ ਹੁੰਦਾ ਹੈ ਅਤੇ ਇਸ ਦਾ ਆਪਣਾ ਕੋਈ ਮੰਦਿਰ ਜਾਂ ਧਰਮ-ਧਾਮ ਨਹੀਂ ਪਰ ਇਸ ਨੂੰ ਧੰਨ ਅਤੇ ਚੰਗੀ ਕਿਸਮਤ ਦੀ ਦੇਵੀ ਮੰਨ ਲੈਣ ਨਾਲ ਇਸ ਦੀ ਪੂਜਾ ਹੁੰਦੀ ਰਹਿੰਦੀ ਹੈ। ਦੀਵਾਲੀ ਵਾਲੇ ਦਿਨ ਤਾਂ ਇਸ ਦੀ ਉਚੇਚੀ ਪੂਜਾ ਹੁੰਦੀ ਹੈ ਕਿਉਂਕਿ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਦਿਵਾਲੀ ਵਾਲੇ ਦਿਨ ਲਛਮੀ ਦੇਵੀ ਹਰ ਘਰ ਦੇ ਅੰਦਰ ਜਾਂਦੀ ਹੈ। ਇਸ ਲਈ ਲੋਕੀ ਆਪਣਾ ਘਰ-ਬਾਰ ਸਜਾ ਕੇ ਸਾਰੀ ਰਾਤ ਦੀਵੇ ਬਾਲ ਕੇ ਇਸ ਦੇ ਆਉਣ ਦੀ ਇੰਤਜਾਰ ਕਰਦੇ ਹਨ ਅਤੇ ਵਕਤ ਪਾਸ ਕਰਨ ਲਈ ਜੂਆ ਆਦਿ ਵੀ ਖੇਡਦੇ ਹਨ। ਇਸ ਮਿਥਿਹਾਸ ਦਾ ਨਕਾਰਾਤਮਕ ਜ਼ਿਕਰ ਭਗਤ ਤ੍ਰਿਲੋਚਨ ਜੀ ਨੇ ਵੀ ਕੀਤਾ ਹੈ-ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਸਿੱਖਾਂ ਵਿੱਚ ਵੀ ਇਹ ਪ੍ਰਚੱਲਤ ਕਰ ਦਿੱਤਾ ਗਿਆ ਹੈ ਕਿ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਗੁਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਅੰਮ੍ਰਿਤਸਰ ਆਏ ਸਨ ਤਾਂ ਸਿੱਖਾਂ ਨੇ ਇਸ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ। ਅੱਜ ਕੱਲ੍ਹ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ ਪਰ ਇਤਿਹਾਸ ਨੂੰ ਪੜ੍ਹਨ ਅਤੇ ਵਾਚਨ ਵਾਲੇ ਲੋਕ ਜਾਣਦੇ ਹਨ ਕਿ ਭੱਟ ਵਹੀਆਂ ਅਨੁਸਾਰ ਗੁਰੂ ਹਰਗੋਬਿੰਦ ਸਪੁੱਤਰ ਗੁਰੂ ਅਰਜਨ ਜੀ ਤਾਂ ਦੀਵਾਲੀ ਤੋਂ ਕਈ ਮਹੀਨੇ ਪਿੱਛੋਂ ਜੋ ਫਰਵਰੀ ਦਾ ਅੰਤ ਬਣਦਾ ਹੈ ਪੁੱਜੇ ਸਨ। ਦੂਜਾ ਬਾਬਰ ਦੀ ਕੈਦ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਜਿੱਥੇ ਚੱਕੀਆਂ ਪੀਹਣ ਦੀ ਸਜਾ ਭੁਗਤ ਰਹੇ ਲੋਕਾਂ ਨੂੰ ਬਾਬਰ ਦੀ ਬੰਦੀ ਵਿੱਚੋਂ ਛੁਡਾਇਆ ਸੀ। ਪਹਿਲੇ ਬੰਦੀ ਛੋੜ ਤਾਂ “ਜ਼ਾਹਰ ਪੀਰ ਜਗਤ ਗੁਰ ਬਾਬਾ” ਗੁਰੂ ਨਾਨਕ ਸਾਹਿਬ ਜੀ ਹਨ। ਓਸ ਪਹਿਲੇ ਬੰਦੀ ਛੋੜ ਦਾਤੇ ਦਾ “ਬੰਦੀ ਛੋੜ ਦਿਵਸ” ਕਿਉਂ ਵਿਸਾਰ ਦਿੱਤਾ ਗਿਆ ਹੈ? ਸਿੱਖਾਂ ਦੇ ਤਿਉਹਾਰ ਤੇ ਗੁਰ ਪੁਰਬ ਹਿੰਦੂਆਂ ਨਾਲ ਰਲ ਗਡ ਕਿਉਂ ਕੀਤੇ ਗਏ ਹਨ? ਜਿਵੇਂ ਗੁਰੂ ਨਾਨਕ ਸਹਿਬ ਦਾ ਪ੍ਰਕਾਸ਼ ਵੈਸਾਖ ਦੀ ਥਾਂ ਕੱਤਕ ਦੀ ਪੂਰਨਮਾਸ਼ੀ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਦੀ ਥਾਂ ਹਜ਼ੂਰ ਸਾਹਿਬ ਦਸਹਿਰਾ ਮਨੌਣਾ, ਸ੍ਰੀ ਕੇਸਗੜ੍ਹ ਸਾਹਿਬ ਵੈਸਾਖੀ ਦੀ ਥਾਂ ਹੋਲਾ ਅਤੇ ਸ੍ਰੀ ਮੁਕਤਸਰ ਸਾਹਿਬ ਗਰਮੀਆਂ ਵਿਖੇ ਹੋਏ ਯੁੱਧ ਦਾ ਦਿਨ ਛੱਡ ਕੇ ਮਾਘੀ ਮਨਾਉਣਾ ਆਦਿਕ। ਹੋਰ ਤਾਂ ਹੋਰ ਅੱਜ ਬਹੁਤੇ ਗੁਰਦੁਆਰਿਆਂ ਵਿੱਚ-ਥਿਤਿ ਵਾਰ ਸੇਵਹਿ ਮੁਗਧ ਗਵਾਰ (ਗੁਰੂ ਗ੍ਰੰਥ) ਗੁਰੂ ਦੇ ਅਕੱਟ ਹੁਕਮ ਉੱਲਟ ਪੂਰਨਮਾਸ਼ੀ, ਮੱਸਿਆ ਅਤੇ ਸੰਗ੍ਰਾਂਦ ਆਦਿ ਹਿੰਦੂ ਪੁਰਬ ਬੜੀ ਧੂੰਮ-ਧਾਮ ਨਾਲ ਮਨਾਏ ਜਾਂਦੇ ਹਨ। ਹਿੰਦੂ-ਮਤ ਦਾ ਪ੍ਰਭਾਵ ਹੋਣ ਕਾਰਨ ਉਪ੍ਰੋਕਤ ਦਿਨਾਂ ਵਿੱਚ ਆਂਮ ਲੋਕਾਂ ਦਾ ਇਕੱਠ ਜ਼ਿਆਦਾ ਹੋਣ ਕਾਰਣ ਪੈਸਾ ਵੀ ਵੱਧ ਇਕੱਠਾ ਹੋ ਜਾਂਦਾ ਹੈ। ਸੋ ਰਲ ਗਡ ਹੋ ਗਏ ਇਤਿਹਾਸ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਦੁਬਾਰਾ ਵਾਚਣ ਅਤੇ ਲਿਖਣ ਦੀ ਅਤਿਅੰਤ ਲੋੜ ਹੈ। ਸਿੱਖ ਨੇ ਗੁਰੂ ਤੋਂ ਰੋਸ਼ਨੀ ਲੈਣੀ ਹੈ ਨਾਂ ਕਿ ਮਿਥਿਹਾਸਕ ਗ੍ਰੰਥਾਂ ਅਤੇ ਸੋ ਕਾਲਡ ਕਹਾਣੀਆਂ ਦੇ ਅੰਧੇਰੇ ਵਿੱਚ ਹੀ ਫਸੇ ਰਹਿਣਾ ਹੈ। ਗੁਰਮਤਿ ਵਿੱਚ ਲਛਮੀ ਪੂਜਾ ਨੂੰ ਕੋਈ ਥਾਂ ਨਹੀਂ ਸਗੋਂ ਅਕਾਲ ਦੀ ਪੂਜਾ ਦਾ ਵਿਧਾਨ ਹੈ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦਿਦਾਰ ਖਾਲਸੇ ਦਾ ਨਾਂ ਕਿ ਕਿਸੇ ਭੇਖੀ ਸਾਧ ਦਾ” ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਹਰ ਵੇਲੇ ਗੁਰਬਾਣੀ ਗਿਆਨ ਦੀ ਦੀਵਾਲੀ ਜਗਦੀ ਰਹਿੰਦੀ ਹੈ। ਵਾਤਵਰਣ ਸਵੱਸ਼ ਅਤੇ ਸਾਫ ਹੁੰਦਾ ਹੈ। ਗੁਰਬਾਣੀ ਮਨ ਨੂੰ ਸ਼ਾਤ ਕਰਦੀ ਹੈ, ਉਖੜਿਆ ਮਨ ਵੀ ਟਿਕ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬਾਨਾਂ ਨੇ ਆਪਣੇ ਮਜੂਦਾ ਸਰੀਰਕ ਜੀਵਨ ਸਮੇਂ ਇਸ ਪਵਿੱਤਰ, ਗਿਆਨ ਦੇ ਸੋਮੇਂ ਅਤੇ ਸਰਬਸਾਂਝੇ ਅਸਥਾਂਨ ਨੂੰ ਯੁੱਧ ਦਾ ਅਖਾੜਾ ਨਹੀਂ ਬਣਾਇਆ ਸਗੋਂ ਸਾਰੇ ਜੰਗ-ਯੁੱਧ ਬਾਹਰ ਹੀ ਲੜੇ ਹਨ। ਫਿਰ ਐਸੇ ਸਾਫ-ਸੁਥਰੇ ਅਤੇ ਮਨ ਦੇ ਟਿਕਾ ਵਾਲੇ ਪਵਿਤਰ ਥਾਂ ਤੇ ਅਤਸ਼ਬਾਜੀ ਦਾ ਜ਼ਹਿਰ ਅਤੇ ਵਾਤਾਵਰਣ ਨੂੰ ਗੰਧਲਾ ਕਰਨ ਵਾਲੇ ਪਟਾਕੇ, ਚਲਾਉਣੇ ਚਾਹੀਦੇ ਹਨ? ਕੀ ਸਿੱਖਾਂ ਨੂੰ ਇਸ ਦਿਨ ਕਰੋੜਾਂ ਰੁਪਿਆ ਭੰਗ ਦੇ ਭਾੜੇ ਫੂਕਣਾ ਚਾਹੀਦਾ ਹੈ? ਗੁਰੂ ਤਾਂ ਲੋੜਵੰਦਾਂ ਦੀ ਮਦਦ ਕਰਦੇ ਸਨ। ਇਸ ਕਰਕੇ ਧੜਾ-ਧੜ ਲੋਕ, ਜੋ ਅਧੁਨਿਕ ਵਿਗਿਆਨਕ ਅਤੇ ਅਗਾਂਹ ਵਧੂ ਸਿੱਖ ਧਰਮ ਹੈ ਨੂੰ ਅਪਣਾਈ ਜਾ ਰਹੇ ਸਨ। ਕੀ ਗੁਰੂ ਜੀ ਅਜਿਹੇ ਦੀਵਾਲੀਆਂ ਦਸਹਿਰਿਆਂ ਵਾਲੇ ਅਡੰਬਰ ਰਚ, ਲੋਕਾਂ ਨੂੰ ਪ੍ਰਭਾਵਿਤ ਕਰਕੇ ਸਿੱਖ ਬਣਾਉਂਦੇ ਸਨ? ਹਾਂ ਜੇ ਥੋੜੇ ਬਹੁਤੇ ਪਟਾਕੇ ਚਲਾਉਣੇ ਹੀ ਹਨ ਤਾਂ ਸ਼ਹਿਰ ਦੇ ਬਾਹਰਵਾਰ ਕੋਈ ਨਵੇਕਲੀ ਜਗ੍ਹਾ ਹੋਣੀ ਚਾਹੀਦੀ ਹੈ। ਦੇਖੋ ਅਮਰੀਕਾ ਵਿਖੇ ਵੀ ਲੋਕ ਫੋਰਥ ਜੁਲਾਈ ਨੂੰ ਸ਼ਪੈਸ਼ਲ ਅਬਾਦੀ ਤੋਂ ਦੂਰ ਸੇਫ ਥਾਵਾਂ ਤੇ ਸੌਫਟ ਅਤਸ਼ਬਾਜੀ ਚਲਾਉਂਦੇ ਹਨ ਜੋ ਧੂੰਆਂ ਅਤੇ ਖੜਕਾ ਘੱਟ ਅਤੇ ਰੋਸ਼ਨੀ ਵੱਧ ਕਰਦੀ ਹੈ।

ਸੋ ਜੇ ਦੀਵਾਲੀ ਬਾਲਣੀ ਹੀ ਹੈ ਤਾਂ ਸਭਿਅਕ ਢੰਗ ਅਪਨਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਪੈਸੇ ਦਾ ਬਚਾ ਕਰਕੇ ਲੋੜਵੰਦ ਜੋ ਢਿੱਡੋਂ ਭੁੱਖੇ, ਸਰੀਰੋਂ ਨੰਗੇ, ਛੱਤ ਤੋਂ ਵਾਂਝੇ ਫੁੱਟ ਪਾਥਾਂ ਜਾਂ ਹਨੇਰੀਆਂ ਝੁੱਗੀਆਂ ਵਿੱਚ ਦਿਨ ਕਟੀ ਕਰ ਰਹੇ ਹਨ ਓਥੇ ਭੋਜਨ, ਪਾਣੀ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਮਠਾਈਆਂ ਵਿੱਚ ਰਹਿੰਦ-ਖੂੰਹਦ ਦੀ ਥਾਂ ਸ਼ੁੱਧ ਅਤੇ ਨਰੋਏ ਪਦਾਰਥ ਹੀ ਵਰਤਨੇ ਚਾਹੀਦੇ ਹਨ। ਇਸ ਦਿਨ ਸ਼ਰਾਬਾਂ ਪੀਣੀਆਂ ਅਤੇ ਜੂਏ ਖੇਲ੍ਹਣੇ ਕਿਧਰ ਦੀ ਖੁਸ਼ੀ ਅਤੇ ਸਭਿਅਤਾ ਹੈ? ਸਿੱਖਾਂ ਨੂੰ ਇਹ ਦਿਨ ਗਿਆਨ ਦੇ ਚਰਾਗ ਵਜੋਂ ਹੀ ਮਨਾਉਣਾ ਚਾਹੀਦਾ ਹੈ ਕਿਉਂਕਿ ਗਿਆਨ ਦੇ ਚਰਾਗ ਹੀ ਬੁਝੇ ਹੋਏ ਮਨ ਦੇ ਦੀਵਿਆਂ ਨੂੰ ਜਗਾ ਸਕਦੇ ਹਨ। ਜਿਵੇਂ 1000 ਵਾਟ ਦੇ ਬਲਬ ਸਾਹਮਣੇ 100 ਵਾਟ ਦੀ ਕੀ ਵੁਕਤ ਹੈ, ਚਰਾਗ ਦੀ ਥਾਂ ਛੋਟੇ ਦੀਵੇ ਦੀ, ਇਵੇਂ ਹੀ “ਗੁਰੂ ਗ੍ਰੰਥ ਰੂਪੀ ਚਰਾਗ” ਦੀ ਥਾਂ ਹੋਰ ਕਿੱਸੇ ਕਹਾਣੀਆਂ, ਕੋਈ ਵੁਕਤ ਨਹੀਂ ਰੱਖਦੀਆਂ। ਸਿੱਖਾਂ ਨੂੰ ਇਸ ਦਿਨ ਗੁਰਬਾਣੀ ਅਰਥਾਂ ਦੀਆਂ ਪੋਥੀਆਂ, ਗੁਰਮਤਿ ਫਿਲਾਸਫੀ ਦੀਆਂ ਕਿਤਾਬਾਂ ਅਤੇ ਗੁਰਬਾਣੀ ਦੀ ਕਸਵੱਟੀ ਤੇ ਪਰਖੇ ਸ਼ੁੱਧ ਇਤਿਹਾਸ ਦੀਆਂ ਪੁਸਤਕਾਂ, ਸੀਡੀਆਂ ਅਤੇ ਅਧੁਨਿਕ ਮੀਡੀਏ ਦੇ ਦੀਵੇ ਮਹਿੰਗੇ ਮਹਿੰਗੇ ਪਟਾਕਿਆਂ ਅਤੇ ਵੰਨਸੁਵੰਨੀਆਂ ਮਠਿਆਈਆਂ ਦੀ ਥਾਂ ਵੰਡਣੇ ਚਾਹੀਦੇ ਹਨ ਨਾਂ ਕਿ ਦੀਵਾਲੀ ਕੀ ਰਾਤ ਦੀਵੇ ਬਾਲੀਅਨ ਦੀ ਤੁਕ ਹੀ ਰਟੀ ਜਾਣੀ ਚਾਹੀਦੀ ਹੈ ਜੋ ਕਿਸੇ ਹੋਰ ਭਾਵ ਵਿੱਚ ਭਾਈ ਗੁਰਦਾਸ ਜੀ ਨੇ ਅਜਿਹੀਆਂ ਕਈ ਹੋਰ ਉਦਾਹਰਣਾ ਦੇ ਕੇ ਸਮਝਾਉਂਦਿਆਂ ਉਚਾਰੀ ਹੈ। ਸੋ ਗੁਰਮਤਿ ਨਾਲ, ਲਛਮੀ ਪੂਜਨ ਵਾਲੀ ਦੀਵਾਲੀ ਦਾ ਕੋਈ ਸਬੰਧ ਨਹੀਂ ਸਗੋਂ ਕਿਰਤ ਕਰਕੇ ਲਛਮੀ (ਮਾਇਆ) ਪੈਦਾ ਕਰਣੀ ਜਾਂ ਕਮਾਉਣੀ ਚਾਹੀਦੀ ਹੈ। ਕਹਿੰਦੇ ਹਨ ਲਛਮੀ ਤਾਂ ਹੱਥਾਂ ਦੀ ਕਿਰਤ ਹੈ ਨਾਂ ਕਿ ਕੋਈ ਮਿਥਿਹਾਸਕ ਦੇਵੀ ਜੋ ਸਾਡੇ ਰਾਤ ਨੂੰ ਘਰ ਦੇ ਦਰਵਾਜੇ ਖੁੱਲ੍ਹੇ ਰੱਖਣ ਨਾਲ ਹੀ ਅੰਦਰ ਆਉਂਦੀ ਹੈ। ਐਸਾ ਹੁੰਦਾ ਹੋਏ ਤਾਂ ਗਰੀਬ ਲੋਕ ਜਿਨ੍ਹਾਂ ਦੇ ਕੋਈ ਘਰ ਘਾਟ ਨਹੀਂ ਜਾਂ ਟੁੱਟੀਆਂ-ਫੁੱਟੀਆਂ ਖੁੱਲ੍ਹੀਆਂ ਝੁੱਗੀਆਂ ਹੀ ਹੁੰਦੀਆਂ ਹਨ, ਕਥਿਤ ਲਛਮੀ ਓਥੇ ਪਹਿਲੇ ਕਿਉਂ ਨਹੀਂ ਜਾਂਦੀ। ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਜੀ ਗਰੀਬ ਬਿਦਰ ਦੇ ਘਰ ਅਤੇ ਸ੍ਰੀ ਰਾਮ ਜੀ ਗਰੀਬ ਭੀਲਣੀ ਕੋਲ ਗਏ ਸਨ। ਗੁਰੂ ਨਾਨਕ ਸਾਹਿਬ ਜੀ ਦਾ ਤਾਂ ਅਕੱਟ ਸਬੂਤ ਇਤਿਹਾਸ ਹੈ ਕਿ ਉਹ ਮਲਕ ਭਾਗੋ ਦੇ ਮਹਿਲ ਤੇ ਪਕਵਾਨ ਛੱਡ ਕੇ ਇੱਕ ਗਰੀਬ ਕਿਰਤੀ ਭਾਈ ਲਾਲੋ ਦੇ ਘਰ ਗਏ ਸਨ। ਉਨ੍ਹਾਂ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ-ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨ ਕੇ ਸੰਗਿ ਸਾਥ ਵਡਿਆਂ ਸਿਉਂ ਕਿਆ ਰੀਸ॥ (15)
ਲਛਮੀ (ਧੰਨ ਦੌਲਤ) ਦੀ ਕੋਈ ਦੇਵੀ ਨਹੀਂ ਸਗੋਂ ਹੱਥੀਂ ਕੀਤੀ ਕਿਰਤ ਹੈ ਜੋ ਮਿਹਨਤ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ ਨਾਂ ਕਿ ਘਰ ਦੇ ਦਰਵਾਜੇ ਖੋਲ੍ਹਣ ਦੇ ਵਹਿਮ ਨਾਲ। ਖੁੱਲ੍ਹੇ ਦਰਵਾਜਿਆਂ ਵਿੱਚ ਤਾਂ ਸਗੋਂ ਕਈ ਵਾਰ ਕੁੱਤੇ ਬਿੱਲੇ ਅਤੇ ਚੋਰ ਆ ਵੜਦੇ ਹਨ ਜੋ ਖਾ ਪੀ ਕੇ ਘਰ ਵਿੱਚ ਪਈ ਲਛਮੀ ਨੂੰ ਵੀ ਲੁੱਟ ਲੈ ਜਾਂਦੇ ਹਨ। ਪਾਠਕ ਜਨੋ! ਗੁਰਮਤਿ ਇੱਕ ਆਲਮਗੀਰ ਮੱਤ ਹੈ ਜੋ ਮਿੱਥਾਂ ਦੀ ਤਾਂ ਤੱਥਾਂ ਨੂੰ ਮਾਨਤਾ ਦਿੰਦਾ ਹੈ। ਆਓ ਗੁਰਬਾਣੀ ਗਿਆਨ ਦੇ ਦੀਵੇ ਬਾਲ ਕੇ ਮਨ ਦੀਆਂ ਬੁਝੀਆਂ ਪਈਆਂ ਬੱਤੀਆਂ ਨੂੰ ਬਾਲੀਏ ਜੋ ਹੋਰਨਾਂ ਨੂੰ ਵੀ ਗਿਆਨ ਦੀ ਰੋਸ਼ਨੀ ਦੇ ਸਕਣ। ਪੰਜਾਬੀ ਦੀ ਵੀ ਕਹਾਵਤ ਹੈ “ਸਦਾ ਦੀਵਾਲੀ ਸਾਧ ਕੀ ਅੱਠੇ ਪਹਿਰ ਬਸੰਤ” ਸਾਧ ਭਾਵ ਭਲਾ ਪੁਰਖ ਨਾਂ ਕਿ ਭੇਖਧਾਰੀ। ਇਹ ਸੀ ਥੋੜੀ ਜਿਹੀ ਵਿਚਾਰ ਦੀਵੇ, ਦੀਵਾਲੀ, ਲਛਮੀ ਪੂਜਾ ਅਤੇ ਗੁਰਮਤਿ ਬਾਰੇ ਜਿਸ ਨੂੰ ਪਾਠਕ ਜਨ, ਗੁਰਬਾਣੀ ਅਤੇ ਗੁਰ ਇਤਿਹਾਸ ਦੇ ਸੰਦਰਭ ਵਿੱਚ ਵਾਚਣ ਦੀ ਕ੍ਰਿਪਾਲਤਾ ਕਰਕੇ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਰਹਿਣ।




.