ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਤੇਈਵੀਂ)
ਉਨ੍ਹਾਂ ਨੂੰ ਤੋਰ ਕੇ ਵਾਪਸ ਆਉਂਦੇ
ਹੀ ਮੀਨਾਕਸ਼ੀ ਪਤੀ ਵੱਲ ਮੁੜੀ, “ਕਿਆ ਆਪ ਕੀ ਭਾਈ ਸਾਬ੍ਹ ਸੇ ਕੋਈ ਨਾਰਾਜ਼ਗੀ ਹੁਈ ਹੈ?”
“ਹਾਂ ਮੀਨਾਕਸ਼ੀ! ਯੇਹ ਸਾਲਾ ਭੀ ਅਬ ਬਹੁਤ ਉੜਨੇ ਲਗਾ ਹੈ ….”, ਤੇ ਫੇਰ ਉਸ ਨੇ ਬਲਦੇਵ ਸਿੰਘ ਨਾਲ
ਹੋਈ ਸਾਰੀ ਗੱਲ ਦੱਸੀ।
“ਪਰ ਇਸ ਸੇ ਆਪ ਕੋ ਇਲੈਕਸ਼ਨ ਮੇਂ ਤੋ ਮੁਸ਼ਕਿੱਲ ਹੋਗੀ, ਆਪ ਹੀ ਕਹਿਤੇ ਥੇ ਕਿ ਸਿੱਖ ਵੋਟ … “
“ਅਰੇ ਨਹੀਂ, …. ਪੁਰਾਨੀ ਬਾਤ ਹੈ, …. ਅਬ ਤੋ ਇਨ ਸਿੱਖੜੋਂ ਕੋ ਨਫਰਤ ਕਰਨੇ ਕੇ ਵੋਟ ਮਿਲੇਂਗੇ। ….
. ਪਹਿਲੇ ਇਨ ਕੀ ਦੋਸਤੀ ਕੇ ਵੋਟ ਮਿਲਤੇ ਥੇ, … ਅਬ ਪ੍ਰਧਾਨ ਮੰਤਰੀ ਜੀ ਨੇ ਖੇਲ ਹੀ ਇਤਨੀ ਬੜੀਆ
ਖੇਲੀ ਹੈ ਕਿ ਜਿਤਨਾ ਇਨ ਕੇ ਖਿਲਾਫ ਬੋਲੇਂਗੇ, ਇਨ ਕੋ ਪੀਟੇਂਗੇ, . . ਉਤਨੇ ਹੀ ਜ਼ਿਆਦਾ ਵੋਟ
ਮਿਲੇਂਗੇ”, ਉਸ ਨੇ ਮੀਨਾਕਸ਼ੀ ਦੀ ਗੱਲ ਵਿੱਚੋਂ ਹੀ ਕਟਦੇ ਹੋਏ ਕਿਹਾ।
ਰਿਤੇਸ਼, ਉਸ ਦੀ ਵਹੁਟੀ ਅਤੇ ਮੀਨਾਕਸ਼ੀ ਹੈਰਾਨ ਹੋ ਕੇ ਉਸ ਦੇ ਚਿਹਰੇ ਵੱਲ ਵੇਖ ਰਹੇ ਸਨ ਜਿਵੇਂ ਗੱਲ
ਪੂਰੀ ਤਰ੍ਹਾਂ ਸਮਝੇ ਨਾ ਹੋਣ। “ਆਪ ਛੋੜੀਏ ਇਸ ਬਾਤ ਕੋ, ਯੇਹ ਰਾਜਨੀਤੀ ਹੈ, ਆਪ ਕੋ ਫਿਰ
ਸਮਝਾਏਂਗੇ, …. ਵੈਸੇ ਅਭੀ ਆਪ ਉਨ ਕੋ ਭੂਲ ਜਾਈਏ”, ਚੌਧਰੀ ਨੇ ਮੁਸਕੁਰਾਉਂਦੇ ਹੋਏ ਕਿਹਾ ਤੇ ਕਮਰੇ
`ਚੋਂ ਬਾਹਰ ਨਿਕਲ ਗਿਆ।
ਉਧਰ, ਜਿਵੇਂ ਹੀ ਬਲਦੇਵ ਸਿੰਘ ਤੇ ਗੁਰਮੀਤ ਕੌਰ ਕਾਰ ਵਿੱਚ ਬੈਠੇ, ਗੁਰਮੀਤ ਕੌਰ ਨੇ ਹੈਰਾਨਗੀ ਭਰੇ
ਗੁੱਸੇ ਵਿੱਚ ਕਿਹਾ, “ਇਹ ਅੱਜ ਚੌਧਰੀ ਭਾਈ ਸਾਬ੍ਹ ਨੂੰ ਕੀ ਹੋਇਆ ਸੀ?”
ਬਲਦੇਵ ਸਿੰਘ ਥੋੜ੍ਹੀ ਦੇਰ ਚੁੱਪ ਰਿਹਾ ਤੇ ਫੇਰ ਬੋਲਿਆ, “ਮੀਤਾ ਅਸਲ ਵਿੱਚ ਉਹ ਕੁੱਝ ਨਾਰਾਜ਼ ਨੇ।”
“ਕਿਉਂ?” ਗੁਰਮੀਤ ਕੌਰ ਦਾ ਵਾਪਸੀ ਸੁਆਲ ਆਇਆ। ਬਲਦੇਵ ਸਿੰਘ ਨੇ ਸੋਚਿਆ, ਹੁਣ ਗੱਲ ਜਿਸ ਪੱਧਰ `ਤੇ
ਪਹੁੰਚ ਚੁੱਕੀ ਹੈ, ਲੁਕਾਉਣ ਦਾ ਕੋਈ ਫਾਇਦਾ ਨਹੀਂ, ਇਸ ਲਈ ਉਸ ਨੇ ਉਸ ਦਿਨ ਦੁਕਾਨ ਤੇ ਹੋਈ ਸਾਰੀ
ਗੱਲ ਗੁਰਮੀਤ ਕੌਰ ਨੂੰ ਦੱਸ ਦਿੱਤੀ।
“ਅੱਛਾ! ਇਸੇ ਲਈ ਤੁਸੀਂ ਤਿੰਨ ਚਾਰ ਦਿਨਾਂ ਤੋਂ ਉਦਾਸ ਜਿਹੇ ਸਾਓ”, ਗੁਰਮੀਤ ਕੌਰ ਨੇ ਸਿਰ
ਹਿਲਾਉਂਦੇ ਹੋਏ ਕਿਹਾ, “… ਪਰ ਕੀ ਇਹ ਕੋਈ ਕਿਸੇ ਦੀ ਜ਼ਬਰਦਸਤੀ ਹੈ ਕਿ ਅਸੀਂ ਕਿਧਰੇ ਜਾਣੈ ਕਿ ਨਹੀਂ
ਜਾਣਾ ਜਾਂ ਕਿਸ ਪਾਰਟੀ ਨਾਲ ਜਾਣੈ ਤੇ ਕਿਸ ਨੂੰ ਛਡਣੈ?”
“ਬਿਲਕੁਲ ਨਹੀਂ ਮੀਤਾ! ਕੌਣ ਕਰ ਸਕਦੈ ਜ਼ਬਰਦਸਤੀ, ਇਸੇ ਲਈ ਤਾਂ ਮੈਂ ਉਸੇ ਵੇਲੇ ਸਪੱਸ਼ਟ ਜੁਆਬ ਦੇ
ਦਿੱਤਾ ਸੀ”, ਬਲਦੇਵ ਸਿੰਘ ਨੇ ਆਪਣੇ ਬੋਲਾਂ ਵਿੱਚ ਉਂਝੇ ਸਹਿਜ ਬਣਾਈ ਹੋਈ ਸੀ।
“ਪਰ ਅੱਜ ਤਾਂ ਉਨ੍ਹਾਂ ਹੱਦ ਹੀ ਕਰ ਦਿੱਤੀ ਹੈ, ਤਹਜ਼ੀਬ ਦੀਆਂ ਸਾਰੀਆਂ ਹੱਦਾਂ ਟੱਪ ਕੇ ਘਰ ਆਇਆਂ ਦਾ
ਅਪਮਾਨ ਕਰਨ ਤੇ ਉਤਰ ਆਏ ਸਨ”, ਗੁਰਮੀਤ ਕੌਰ ਦੇ ਬੋਲ ਰੋਸ ਨਾਲ ਭਰੇ ਹੋਏ ਸਨ।
“ਮੀਤਾ! ਫੇਰ ਮੈਂ ਕਿਹੜਾ ਚੁੱਪ ਕਰਕੇ ਸੁਣ ਲਿਐ? ਉਸੇ ਵੇਲੇ ਢੁਕਵਾਂ ਜੁਆਬ ਦੇ ਦਿੱਤੈ।”
“ਹਾਂ! ਤੁਸੀਂ ਜੁਆਬ ਦੇ ਦਿੱਤਾ, ਤਾਂ ਹੀ ਮੈਂ ਚੁੱਪ ਰਹੀ, ਨਹੀਂ ਤਾਂ ਮੈਂ ਬਿਲਕੁਲ ਨਹੀਂ ਬਰਦਾਸ਼ਤ
ਕਰ ਸਕਦੀ ਕਿ ਕੋਈ ਤੁਹਾਡਾ ਅਪਮਾਨ ਕਰਨ ਦੀ ਕੋਸ਼ਿਸ਼ ਕਰੇ”, ਗੁਰਮੀਤ ਕੌਰ ਦਾ ਰੋਸ ਉਂਝੇ ਦਾ ਉਂਝੇ
ਬਰਕਰਾਰ ਸੀ, “ਪਰ, …. ਮੈਨੂੰ ਇੱਕ ਗੱਲ ਦੀ ਬਿਲਕੁਲ ਸਮਝ ਨਹੀਂ ਲੱਗੀ, ਜਦ ਇਤਨੀ ਗੱਲ ਹੋ ਗਈ ਸੀ
ਤਾਂ ਸਾਨੂੰ ਅੱਜ ਉਥੇ ਜਾਣ ਦੀ ਲੋੜ ਹੀ ਕੀ ਸੀ?”
“ਮੀਤਾ ਕੀ ਕਹਿ ਰਹੇ ਹੋ, ਇਤਨੇ ਪੁਰਾਣੇ ਸਬੰਧ ਨੇ, ਇੰਝ ਥੋੜ੍ਹਾ ਇੱਕ ਪਲ ਵਿੱਚ ਤੋੜੇ ਜਾ ਸਕਦੇ
ਨੇ? ਇਹ ਗੁੱਸਾ-ਗਿਲਾ ਤਾਂ ਦੋ ਚਾਰ ਦਿਨ ਵਿੱਚ ਮੁੱਕ ਜਾਵੇਗਾ, ਨਿਜੀ ਸਬੰਧ ਤਾਂ ਬਣੇ ਰਹਿਣੇ
ਚਾਹੀਦੇ ਨੇ”, ਬਲਦੇਵ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਸਰਦਾਰ ਜੀ! ਮੈਂ ਤੁਹਾਨੂੰ ਅੱਜ ਤੱਕ ਨਹੀਂ ਆਖਿਆ, ਪਰ ਇਹ ਚੌਧਰੀ ਮੈਨੂੰ ਚੰਗਾ ਬੰਦਾ ਨਹੀਂ ਲਗਦਾ।
ਅਤਿ ਸੁਆਰਥੀ ਕਿਸਮ ਦਾ ਇਨਸਾਨ ਹੈ ਅਤੇ …. .”, ਕਹਿੰਦੀ ਕਹਿੰਦੀ ਗੁਰਮੀਤ ਕੌਰ ਵਿੱਚੋਂ ਹੀ ਚੁੱਪ
ਕਰ ਗਈ।
“ਮੀਤਾ! ਹੋ ਸਕਦੈ, ਤੁਹਾਡੀ ਗੱਲ ਠੀਕ ਹੋਵੇ। ਪਰ ਅਸੀਂ ਲੰਬੇ ਸਮੇਂ ਤੋਂ ਦੋਸਤ ਹਾਂ ਅਤੇ ਇੱਕ ਦੂਜੇ
ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਰਹੇ ਹਾਂ, ਮੈਂ ਕਈ ਵਾਰੀ ਉਨ੍ਹਾਂ ਕੋਲੋਂ ਕਈ ਕੌਮੀ ਕੰਮਾਂ
ਵਿੱਚ ਵੀ ਸਹਾਇਤਾ ਲਈ ਹੈ। ਇਤਨਾ ਪੁਰਾਣਾ ਰਿਸ਼ਤਾ ਇੰਝ ਤਾਂ ਨਹੀਂ ਤੋੜਿਆ ਜਾ ਸਕਦਾ। … ਨਾਲੇ ਇੰਝ
ਕਰ ਕੇ ਮੈਂ ਅਕਿਰਤਘਣ ਨਹੀਂ ਬਣਨਾ ਚਾਹੁੰਦਾ। … ਬੇਸ਼ਕ ਮੈਂ ਕੋਈ ਸਿਧਾਂਤਕ ਸਮਝੌਤਾ ਕਿਸੇ ਕੀਮਤ ਤੇ
ਨਹੀਂ ਕਰਾਂਗਾ … ਪਰ ਜਿਥੋਂ ਤੱਕ ਹੋ ਸਕਿਆ ਨਿਜੀ ਸਬੰਧ ਜ਼ਰੂਰ ਬਣਾ ਕੇ ਰਖਣ ਦੀ ਕੋਸ਼ਿਸ਼ ਕਰਾਂਗਾ”,
ਬਲਦੇਵ ਸਿੰਘ ਨੇ ਕੁੱਝ ਸੋਚ ਕੇ ਕਿਹਾ।
ਗੁਰਮੀਤ ਕੌਰ ਨੇ ਅੱਗੋਂ ਕੋਈ ਜੁਆਬ ਨਹੀਂ ਦਿੱਤਾ। ਭਾਵੇਂ ਲੋੜ ਪੈਣ `ਤੇ ਉਹ ਯੋਗ ਸਲਾਹ ਜ਼ਰੂਰ
ਦੇਂਦੀ ਸੀ, ਜਿਸਦਾ ਬਲਦੇਵ ਸਿੰਘ ਸਤਿਕਾਰ ਵੀ ਕਰਦਾ ਸੀ ਪਰ ਉਹ ਪਤੀ ਨਾਲ ਬਹੁਤਾ ਬਹਿਸਦੀ ਕਦੇ ਨਹੀਂ
ਸੀ। … ਪਰ ਉਹ ਮਨ ਵਿੱਚ ਸੋਚ ਰਹੀ ਸੀ ਕਿ ‘ਸਰਦਾਰ ਜੀ, ਸਬੰਧ ਤਾਂਹੀ ਬਣੇ ਰਹਿਣਗੇ ਜੇ ਉਹ ਵੀ ਬਣਾ
ਕੇ ਰਖੇਗਾ’।
ਦੋ ਦਿਨ ਬਾਅਦ ਬਲਦੇਵ ਸਿੰਘ ਸ਼ਾਮ ਨੂੰ ਗੁਰਦੁਆਰੇ ਗਿਆ ਤਾਂ ਗੁਰਦੁਆਰੇ ਦਾ ਸਕੱਤਰ ਸੁਖਦੇਵ ਸਿੰਘ
ਮਿਲਿਆ ਤੇ ਫਤਹਿ ਬੁਲਾਉਂਦੇ ਹੋਏ ਕਿਹਾ, “ਵੀਰ ਜੀ! ਕੋਈ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਵੀ ਹੈ?”
“ਹਾਂ! ਬਿਲਕੁਲ ਹੈ, ਮੈਂ ਮਾਰਚ ਵਿੱਚ ਸ਼ਾਮਲ ਹੋਣ ਲਈ ਐਤਵਾਰ 30 ਤਾਰੀਖ ਨੂੰ ਜਾਣ ਦਾ ਪ੍ਰੋਗਰਾਮ
ਬਣਾ ਰਿਹਾਂ”, ਬਲਦੇਵ ਸਿੰਘ ਨੇ ਜੁਆਬ ਦੇ ਨਾਲ ਜਾਣ ਦਾ ਮਕਸਦ ਵੀ ਸਪੱਸ਼ਟ ਕਰ ਦਿੱਤਾ।
“ਅਸਲ ਵਿੱਚ ਕੁੱਝ ਹੋਰ ਸੰਗਤਾਂ ਵੀ ਤਿਆਰ ਨੇ, ਮੈਂ ਸੋਚਿਆ, ਕਿਉਂ ਨਾ ਇਕੱਠੇ ਹੀ ਪ੍ਰੋਗਰਾਮ ਬਣਾ
ਲਈਏ, ਆਪਣੇ ਗੁਰਦੁਆਰੇ ਦਾ ਜਥਾ ਹੋ ਜਾਵੇਗਾ”, ਸੁਖਦੇਵ ਸਿੰਘ ਨੇ ਸੁਝਾ ਦਿੱਤਾ।
“ਬਿਲਕੁੱਲ ਠੀਕ ਹੈ ਸੁਖਦੇਵ ਸਿੰਘ ਜੀ! ਇਹ ਤਾਂ ਬਹੁਤ ਚੰਗੀ ਗੱਲ ਹੈ, ਤੁਸੀਂ ਇੰਝ ਕਰੋ, ਹੁਣ ਅਤੇ
ਸਵੇਰੇ ਸਟੇਜ `ਤੇ ਵੀ ਅਨਾਉਂਸ ਕਰ ਦਿਓ, ਜਿਨੇਂ ਕੁ ਨਾਂ ਆਉਂਦੇ ਨੇ ਨੋਟ ਕਰ ਲੈਣਾ, ਫੇਰ ਕੱਲ
ਟਿਕਟਾਂ ਦਾ ਇੰਤਜ਼ਾਮ ਕਰ ਲਵਾਂਗੇ”, ਬਲਦੇਵ ਸਿੰਘ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਤੇ ਜ਼ਰਾ
ਕੁ ਰੁੱਕ ਕੇ, ਕੁੱਝ ਸੋਚ ਕੇ ਬੋਲਿਆ, “ਨਾਲੇ ਮੈਂ ਜ਼ਰਾ ਅੱਜ ਅੰਮ੍ਰਿਤਸਰ ਟੈਲੀਫੋਨ ਕਰ ਕੇ ਉਥੇ ਦੇ
ਮੌਜੂਦਾ ਹਾਲਾਤ ਵੀ ਪਤਾ ਕਰ ਲੈਂਦਾ ਹਾਂ।”
ਘਰ ਪਹੁੰਚਿਆਂ ਤਾਂ ਅੰਦਰ ਵੜਦੇ ਹੀ ਗੁਰਮੀਤ ਕੌਰ ਕਹਿਣ ਲੱਗੀ, “ਤੁਸੀਂ ਬਸ ਥੋੜ੍ਹਾ ਲੇਟ ਹੋ ਗਏ
ਹੋ, ਹੁਣੇ ਹਰਮੀਤ ਦਾ ਫੋਨ ਆਇਆ ਸੀ।”
“ਅੱਛਾ! ਠੀਕ ਠਾਕ ਹੈ, ਅਜੇ ਕੋਈ ਆਉਣ ਦਾ ਪ੍ਰੋਗਰਾਮ ਨਹੀਂ ਸੂ?” ਬਲਦੇਵ ਸਿੰਘ ਦੇ ਚਿਹਰੇ `ਤੇ ਵੀ
ਖੁਸ਼ੀ ਆ ਗਈ। ਉਹ ਉਥੇ ਬੈਠਕ ਵਿੱਚ ਹੀ ਬੈਠ ਗਿਆ।
“ਮੈਂ ਤਾਂ ਕਿਹਾ ਸੀ ਚੱਕਰ ਲਾ ਜਾ, ਕਹਿੰਦਾ ਸੀ ਕੋਸ਼ਿਸ਼ ਕਰਾਂਗਾ …. ਉਹ ਵੀ ਅੰਮ੍ਰਿਤਸਰ ਜਾਣਾ
ਚਾਹੁੰਦੈ, …. ਐਤਵਾਰ, ਤੁਹਾਡੀ ਆਗਿਆ ਲੈਣ ਵਾਸਤੇ ਟੈਲੀਫੋਨ ਕੀਤਾ ਸਾਸੂ, ਪਰ ਕਾਲ ਕੁੱਝ ਜਲਦੀ ਲੱਗ
ਗਈ”, ਗੁਰਮੀਤ ਕੌਰ ਨੇ ਵਿੱਚੋਂ ਕੁੱਝ ਰੁੱਕ ਕੇ ਕਿਹਾ।
ਬੱਬਲ ਪਾਣੀ ਲੈ ਆਈ ਸੀ। ਬਲਦੇਵ ਸਿੰਘ ਪਾਣੀ ਪੀ ਕੇ ਗਲਾਸ ਰਖਦੇ ਹੋਏ ਬੋਲਿਆ, “ਨਹੀਂ ਮੀਤਾ! ਇਧਰ
ਮੈਂ ਜਾਣ ਦਾ ਪ੍ਰੋਗਰਾਮ ਬਣਾਈ ਬੈਠਾਂ, ਪਿਛੋਂ ਘਰ ਦੀ ਸੰਭਾਲ ਕਰਨ ਵਾਲਾ ਵੀ ਤਾਂ ਕੋਈ ਚਾਹੀਦੈ। ਕੀ
ਪਤਾ ਉਥੇ ਕੀ ਹਾਲਾਤ ਬਣ ਜਾਣ?” ਬਲਦੇਵ ਸਿੰਘ ਦੇ ਚਿਹਰੇ `ਤੇ ਕੁੱਝ ਰੋਹ ਜਿਹਾ ਆ ਗਿਆ।
“ਵਾਹਿਗੁਰੂ ਆਖੋ! ਸਭ ਠੀਕ ਠਾਕ ਹੋ ਜਾਵੇਗਾ, ਪਰ ਉਸ ਨੂੰ ਤਾਂ ਮੈਂ ਇਹੀ ਆਖਿਐ ਕਿ ਪਿਛਲੀ ਵਾਰੀ
ਤੇਰੇ ਭਾਪਾ ਜੀ ਨੇ ਤੈਨੂੰ ਆਗਿਆ ਦੇ ਦਿੱਤੀ ਸੀ ਪਰ ਹੁਣ ਉਹ ਤਿਆਰ ਨੇ ਤਾਂ ਤੂੰ ਰੁੱਕ ਜਾ”,
ਗੁਰਮੀਤ ਕੌਰ ਨੂੰ ਖੁਸ਼ੀ ਹੋਈ ਕਿ ਉਸ ਨੇ ਪਤੀ ਦੀਆਂ ਭਾਵਨਾਵਾਂ ਅਨੁਸਾਰ ਹੀ ਜੁਆਬ ਦਿੱਤਾ ਸੀ।
ਬਲਦੇਵ ਸਿੰਘ ਨੇ ਵੀ ਟੈਲੀਫੋਨ ਚੁੱਕਿਆ ਤੇ ਸ੍ਰ. ਚੇਤ ਸਿੰਘ ਦੇ ਘਰ ਕਾਲ ਬੁੱਕ ਕਰਵਾ ਦਿੱਤੀ।
ਰੋਟੀ ਖਾ ਕੇ ਉਠੇ ਹੀ ਸਨ ਕਿ ਟੈਲੀਫੋਨ ਦੀ ਘੰਟੀ ਵਜੀ, ਅੰਮ੍ਰਿਤਸਰ ਦੀ ਕਾਲ ਲੱਗ ਗਈ ਸੀ। ਉਧਰੋਂ
ਟੈਲੀਫੋਨ ਗੁਰਸੇਵਕ ਸਿੰਘ ਨੇ ਚੁੱਕਿਆ। ਫਤਹਿ ਬੁਲਾ ਕੇ ਪਹਿਲਾਂ ਦੋਹਾਂ ਨੇ ਇੱਕ ਦੂਜੇ ਦੇ ਪਰਿਵਾਰ
ਦਾ ਹਾਲ-ਚਾਲ ਪੁੱਛਿਆ ਤੇ ਫੇਰ ਬਲਦੇਵ ਸਿੰਘ ਮੁੱਦੇ ਦੀ ਗੱਲ ਤੇ ਆਇਆ, “ਹੋਰ ਪੰਥ ਦਾ ਕੀ ਹਾਲ ਹੈ
ਵੀਰੇ?”
“ਕਾਹਦਾ ਹਾਲ ਹੈ ਭਰਾ ਜੀ! ਪੰਥ ਨੂੰ ਤਾਂ ਸਾਡੇ ਆਗੂਆਂ ਨੇ ਡੋਬ ਸੁੱਟਿਐ”, ਗੁਰਸੇਵਕ ਸਿੰਘ ਦੇ ਬੋਲ
ਬੜੇ ਨਿਰਾਸਤਾ ਭਰੇ ਸਨ।
“ਪਰ ਹੋਇਆ ਕੀ ਹੈ?” ਬਲਦੇਵ ਸਿੰਘ ਦਾ ਮਨ ਵੀ ਕਾਫੀ ਪ੍ਰੇਸ਼ਾਨ ਹੋ ਗਿਆ।
“ਆਹ ਜਥੇਦਾਰ ਅਖਵਾਉਣ ਵਾਲੇ ਗ੍ਰੰਥੀਆਂ ਨੇ ਅਜ ਗਿਆਨੀ ਜ਼ੈਲ ਸਿੰਘ ਨੂੰ ਸੁਰਖਰੂ ਕਰ ਦਿੱਤੈ”,
ਗੁਰਸੇਵਕ ਸਿੰਘ ਦੇ ਬੋਲਾਂ ਵਿੱਚ ਵਿਅੰਗ ਸੀ।
“ਸੁਰਖਰੂ ਕਰ ਦਿੱਤੈ, ਪਰ ਉਹ ਕਿਵੇਂ?”
“ਭਰਾ ਜੀ! ਇਹ ਡਰਾਮਾ ਤਾਂ ਕਈ ਦਿਨਾਂ ਤੋਂ ਚੱਲ ਰਿਹਾ ਸੀ, ਅਸਲ ਵਿੱਚ ਇੱਕ ਪੁਰਾਣਾ ਅਕਾਲੀ ਆਗੂ ਹੈ
ਰਵੇਲ ਸਿੰਘ, ਉਹ ਪਹਿਲਾਂ ਅਕਾਲੀ ਦਲ ਦਾ ਸਕੱਤਰ ਵੀ ਰਿਹੈ ਤੇ ਅਕਾਲੀ ਵਜਾਰਤ ਵਿੱਚ ਵਜੀਰ ਵੀ ਰਿਹੈ,
ਉਹ ਕਾਫੀ ਦਿਨਾਂ ਤੋਂ ਸਰਗਰਮ ਫਿਰਦਾ ਸੀ, ਪਹਿਲਾਂ ਉਹ ਗਿਆਨੀ ਜ਼ੈਲ ਸਿੰਘ ਦਾ ਜ਼ਬਾਨੀ ਸਪੱਸ਼ਟੀ-ਕਰਨ
ਲੈ ਕੇ ਆਇਆ ਸੀ ਤੇ ਜ਼ੋਰ ਪਾਇਆ ਸੀ ਕਿ ਜ਼ੈਲ ਸਿੰਘ ਨੂੰ ਮਾਫ ਕਰ ਦਿੱਤਾ ਜਾਵੇ ਪਰ ਜਥੇਦਾਰਾਂ ਨੇ
ਕਿਹਾ ਕਿ ਇਸ ਤਰ੍ਹਾਂ ਸਾਡੀ ਨਹੀਂ ਰਹਿੰਦੀ, ਸਾਡਾ ਮੂੰਹ ਰਖਣ ਨੂੰ ਕੁੱਝ ਤਾਂ ਕਾਰਵਾਈ ਪਾ ਦਿਓ। ਉਹ
ਫੇਰ ਦਿੱਲੀ ਗਿਆ ਤੇ ਜ਼ੈਲ ਸਿੰਘ ਦੇ ਨਿੱਜੀ ਸਕੱਤਰ ਕੁਲਵੰਤ ਸਿੰਘ ਦੇ ਨਾਲ ਜ਼ੈਲ ਸਿੰਘ ਦਾ ਕੋਈ
ਲਿਖਤੀ ਸਪੱਸ਼ਟੀਕਰਨ ਲੈ ਕੇ ਆ ਗਿਆ। ਅੱਜ ਜਥੇਦਾਰਾਂ ਨੇ ਕਹਿ ਦਿੱਤੈ ਕਿ ਸਪੱਸ਼ਟੀਕਰਨ ਤਸੱਲੀ ਬਖ਼ਸ਼
ਹੈ, ਇਸ ਵਾਸਤੇ ਹੋਰ ਕਿਸੇ ਕਾਰਵਾਈ ਦੀ ਜ਼ਰੂਰਤ ਨਹੀਂ। ਪਤਾ ਲੱਗੈ ਕਿ ਜ਼ੈਲ ਸਿੰਘ ਦੇ ਪੀ ਏ ਤਰਲੋਚਨ
ਸਿੰਘ ਦਾ ਇਸ ਵਿੱਚ ਕਾਫੀ ਰੋਲ ਰਿਹੈ”, ਗੁਰਸੇਵਕ ਸਿੰਘ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ।
“ਪਰ ਵੀਰੇ! ਇਤਨਾ ਵੱਡਾ ਕਾਰਾ ਹੋਣ ਦੇ ਬਾਵਜੂਦ, ਨਾ ਉਹ ਪੇਸ਼ ਹੋਇਆ, ਨਾ ਉਸ ਨੂੰ ਕੋਈ ਤਨਖਾਹ ਲਾਈ,
ਤੇ ਗੱਲ ਖਤਮ ਕਿਵੇਂ ਕਰ ਦਿੱਤੀ? … ਜੇ ਇਹੀ ਕਰਤੂਤ ਕਰਨੀ ਸੀ ਤਾਂ ਫੇਰ ਇਨ੍ਹਾਂ ਉਸ ਨੂੰ ਪੰਥ `ਚੋਂ
ਛੇਕਣ ਦਾ ਫੈਸਲਾ ਹੀ ਕਿਉਂ ਸੁਣਾਇਆ ਸੀ?” ਬਲਦੇਵ ਸਿੰਘ ਦੇ ਬੋਲਾਂ `ਚੋਂ ਰੋਸ ਅਤੇ ਨਿਰਾਸਤਾ ਦੋਵੇਂ
ਝਲਕ ਰਹੇ ਸਨ।
“ਉਹ ਫੈਸਲਾ ਕਿਹੜਾ ਇਨ੍ਹਾਂ ਖੁਸ਼ੀ ਨਾਲ ਸੁਣਾਇਆ ਸੀ, ਇਹ ਤਾਂ ਉਥੇ ਸੰਗਤਾਂ ਦਾ ਰੋਸ ਵਧ ਗਿਆ ਤੇ
ਸੰਗਤਾਂ ਨੂੰ ਸ਼ਾਂਤ ਕਰਨ ਲਈ ਇਨ੍ਹਾਂ ਨੂੰ ਇਹ ਫੈਸਲਾ ਕਰਨਾ ਪਿਆ, …. ਬਾਕੀ ਭਰਾ ਜੀ! ਸਰਕਾਰ ਨੇ
ਤਾਂ ਅਕਾਲ ਤਖ਼ਤ ਸਾਹਿਬ ਦੀ ਕੇਵਲ ਇਮਾਰਤ ਢਾਈ ਸੀ ਜਿਹੜੀ ਹੁਣ ਫੇਰ ਬਣ ਕੇ ਤਿਆਰ ਹੈ ਪਰ ਇਨ੍ਹਾਂ
ਜਥੇਦਾਰ ਅਖਵਾਉਣ ਵਾਲਿਆਂ ਨੇ ਤਾਂ ਅੱਜ ਅਕਾਲ ਤਖ਼ਤ ਸਾਹਿਬ ਨੂੰ ਸੱਚਮੁੱਚ ਢਾਅ ਦਿੱਤਾ ਹੈ। …. ਜਦ
ਅਕਾਲ ਤਖ਼ਤ ਸਾਹਿਬ ਨੂੰ ਦਿੱਲੀ ਦਰਬਾਰ ਅਗੇ ਨਿਵਾਂ ਦਿੱਤਾ ਤਾਂ ਹੋਰ ਅਕਾਲ ਤਖਤ ਢਾਉਣਾ ਕੀ ਹੁੰਦਾ
ਹੈ?” ਗੁਰਸੇਵਕ ਸਿੰਘ ਦੇ ਹਰ ਬੋਲ `ਚੋਂ ਨਿਰਾਸਤਾ ਅਤੇ ਦੁੱਖ ਝਲਕ ਰਹੇ ਸਨ।
“ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਨੂੰ ਇਹ ਅਖਤਿਆਰ ਕਿਸ ਨੇ ਦਿੱਤੇ ਹਨ, ਇਹ
ਤਾਂ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਹਨ, ਕੋਈ ਤਨਖਾਹਦਾਰ ਮੁਲਾਜ਼ਮ ਅਕਾਲ ਤਖ਼ਤ ਸਾਹਿਬ ਦਾ
ਯਾ ਕੌਮ ਦਾ ਜਥੇਦਾਰ ਕਿਵੇਂ ਹੋ ਸਕਦਾ ਹੈ? ਉਹ ਤਾਂ ਉਹੀ ਕੁੱਝ ਕਰੇਗਾ ਜੋ ਉਸ ਦਾ ਮਾਲਕ ਕਹੇਗਾ. .”
ਬਲਦੇਵ ਸਿੰਘ ਦਾ ਰੋਸ ਵਧਦਾ ਜਾ ਰਿਹਾ ਸੀ।
“ਭਰਾ ਜੀ! ਸ਼੍ਰੋਮਣੀ ਕਮੇਟੀ `ਤੇ ਕਾਬਜ਼ ਸਿਆਸੀ ਆਗੂ ਇਨ੍ਹਾਂ ਨੂੰ ਇਹ ਸਤਿਕਾਰ ਦੇਣ ਦਾ ਵਿਖਾਵਾ ਕਰ
ਕੇ, ਇਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਆ ਰਹੇ ਹਨ, ਅਸਲ ਕਸੂਰਵਾਰ ਤਾਂ ਅਸੀਂ ਸੰਗਤ ਹਾਂ
ਜਿਹੜੇ ਇਨ੍ਹਾਂ ਨੂੰ ਇਹ ਮਾਨਤਾ ਦੇ ਰਹੇ ਹਾਂ”, ਗੁਰਸੇਵਕ ਸਿੰਘ ਨੇ ਥੋੜ੍ਹਾ ਖਿੱਝਦੇ ਹੋਏ ਕਿਹਾ।
“ਬਿਲਕੁਲ ਠੀਕ ਕਹਿ ਰਹੇ ਹੋ ਵੀਰੇ, ਸੰਗਤਾਂ ਬਗੈਰ ਕੁੱਝ ਸੋਚੇ-ਸਮਝੇ, ਬਸ ਅੰਧੀ ਭਾਵਨਾ ਵੱਸ ਮਗਰ
ਲੱਗ ਜਾਂਦੀਆਂ ਹਨ, ਇਥੋਂ ਹੀ ਸਾਰੇ ਵਿਗਾੜ ਪੈਂਦੇ ਹਨ”, ਬਲਦੇਵ ਸਿੰਘ ਨੇ ਉਸ ਦੀ ਗੱਲ ਦੀ ਪ੍ਰੋੜਤਾ
ਕਰਦੇ ਹੋਏ ਕਿਹਾ। ਇਤਨੇ ਨੂੰ ਵਿੱਚੋਂ ਟੈਲੀਫੋਨ ਅਪਰੇਟਰ ਦੀ ਅਵਾਜ਼ ਆਈ, “ਤੀਨ ਮਿੰਟ ਹੋ ਗਏ ਸਰ”,
ਬਲਦੇਵ ਸਿੰਘ ਨੇ ਛੇਤੀ ਨਾਲ ਕਿਹਾ, “ਸਮਾਂ ਵਧਾ ਦਿਓ” ਤੇ ਫੇਰ ਗੁਰਸੇਵਕ ਨੂੰ ਮੁਖਾਤਬ ਹੋਇਆ, “ਤੇ
ਵੀਰੇ! ਫ਼ੌਜ ਅਜੇ ਦਰਬਾਰ ਸਾਹਿਬ `ਚੋਂ ਨਿਕਲੀ ਤਾਂ ਨਹੀਂ, ਉਹ ਮਾਰਚ ਦਾ ਪ੍ਰੋਗਰਾਮ ਤਾਂ ਉਂਝੇ ਹੀ
ਹੈ ਨਾ?”
“ਭਰਾ ਜੀ! ਫ਼ੌਜ ਅਜੇ ਤਾਂ ਨਹੀਂ ਨਿਕਲੀ ਪਰ ਪ੍ਰੋਗਰਾਮ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ।
ਸਾਨੂੰ ਤਾਂ ਇਹ ਪਤਾ ਲੱਗੈ ਕਿ ਇਹ ਅਲਟੀਮੇਟਮ ਪਹਿਲਾਂ ਹੀ ਸਰਕਾਰ ਨਾਲ ਗੱਲ ਕਰਕੇ ਦਿੱਤਾ ਸੀ।
ਸਰਕਾਰ ਨੇ ਕਹਿ ਦਿੱਤਾ ਸੀ ਕਿ ਇਸ ਮਹੀਨੇ ਦੇ ਮੁੱਕਣ ਤੋਂ ਪਹਿਲਾਂ-ਪਹਿਲਾਂ ਅਕਾਲ ਤਖ਼ਤ ਸਾਹਿਬ ਦੀ
ਮੁਰੰਮਤ ਪੂਰੀ ਕਰ ਦੇਣੀ ਏ। ਬਸ ਉਹ ਵੀ ਤਾਂ ਅਸਲ ਵਿੱਚ ਇਸੇ ਕਰ ਕੇ ਹੀ ਬੈਠੇ ਹਨ। ਹੁਣ ਮੁਰੰਮਤ
ਤਾਂ ਪੂਰੀ ਹੋ ਚੁੱਕੀ ਹੈ, ਵੇਖੋ … “, ਗੁਰਸੇਵਕ ਸਿੰਘ ਨੇ ਆਪਣੇ ਵਿਚਾਰ ਦੱਸੇ।
“ਅਸਲ ਵਿੱਚ ਮੈਂ ਤਾਂ ਉਥੇ ਆਉਣ ਲਈ ਤਿਆਰ ਬੈਠਾ ਹਾਂ, ਹੋਰ ਵੀ ਕਈ ਵੀਰ ਤਿਆਰ ਨੇ …. । … ਜੇ ਕੌਮ
ਢਿੱਲੀ ਪੈ ਜਾਏ ਤੇ ਫ਼ੌਜ ਨਾ ਨਿਕਲੇ ਤੇ ਮਾਰਚ ਕਰਨਾ ਪਵੇ. . ਤਾਂ ਵੀ ਮਾੜੀ ਗੱਲ ਹੈ”, ਬਲਦੇਵ ਸਿੰਘ
ਕੁੱਝ ਸੋਚਦਾ ਹੋਇਆ ਰੁੱਕ-ਰੁੱਕ ਕੇ ਬੋਲਿਆ।
“ਇਥੇ ਤਾਂ ਸਾਡੇ ਪਿਤਾ ਜੀ ਵੀ ਤਿਆਰ ਬੈਠੇ ਨੇ, …. ਬੜਾ ਸਮਝਾਇਐ ਕਿ ਤੁਹਾਡੀ ਸਿਹਤ ਹੁਣ ਨਹੀਂ
ਇਜਾਜ਼ਤ ਦੇਂਦੀ ਪਰ ਉਹ ਵੀ ਬਜ਼ਿਦ ਨੇ”, ਗੁਰਸੇਵਕ ਸਿੰਘ ਨੇ ਆਪਣੀ ਗੱਲ ਕਰ ਦਿੱਤੀ।
“ਸੁਭਾਵਕ ਹੈ ਵੀਰੇ! ਜਿਸਨੇ ਕਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਇੱਕ ਦਿਨ ਦਾ ਨਾਗਾ ਨਾ ਪਾਇਆ
ਹੋਵੇ, ਉਹ ਕਿਵੇਂ ਅੰਦਰੋਂ ਤੜਫ ਰਿਹਾ ਹੋਵੇਗਾ? ਫੇਰ ਉਨ੍ਹਾਂ ਫੈਸਲਾ ਵੀ ਤਾਂ ਕੀਤਾ ਹੋਇਐ ਕਿ
ਜਿਨਾਂ ਚਿਰ ਫ਼ੌਜ ਨਹੀਂ ਨਿਕਲਦੀ, ਮੈਂ ਦਰਸ਼ਨ ਕਰਨ ਨਹੀਂ ਜਾਣਾ … “
“ਇਸੇ ਲਈ ਤਾਂ ਤਿਆਰ ਬੈਠੇ ਨੇ”, ਬਲਦੇਵ ਸਿੰਘ ਦੀ ਗੱਲ ਵਿੱਚੋਂ ਹੀ ਕੱਟ ਕੇ ਗੁਰਸੇਵਕ ਸਿੰਘ
ਬੋਲਿਆ।
“ਮੈਂ ਤਾਂ ਕਹਾਂਗਾ, ਉਨ੍ਹਾਂ ਨੂੰ ਨਾ ਰੋਕਿਆ ਜੇ …।”
“ਅੱਛਾ ਵੇਖੋ, ਜਿਵੇਂ ਸਮਾਂ ਹੋਇਆ, …. ਉਨ੍ਹਾਂ ਦੀ ਸਿਹਤ ਦਾ ਤਾਂ ਵੇਖਣਾ ਹੀ ਪਵੇਗਾ … ਬਾਕੀ ਭਰਾ
ਜੀ! ਇਥੇ ਜੋ ਵੀ ਹਾਲਾਤ ਬਣਦੇ ਨੇ, ਮੈਂ ਤੁਹਾਨੂੰ ਦਸ ਦਿਆਂਗਾ”, ਗੁਰਸੇਵਕ ਸਿੰਘ ਨੇ ਫੇਰ ਵਿੱਚੋਂ
ਹੀ ਕਿਹਾ।
“ਠੀਕ ਹੈ ਵੀਰੇ! ਤੁਹਾਡੇ ਨਾਲ ਗੱਲ ਕਰ ਕੇ ਹੀ ਅਸੀਂ ਇਥੋਂ ਨਿਕਲਾਂਗੇ”, ਕਹਿਕੇ ਬਲਦੇਵ ਸਿੰਘ ਨੇ
ਫਤਹਿ ਬੁਲਾਈ ਤੇ ਟੈਲੀਫੋਨ ਕੱਟ ਦਿੱਤਾ।
ਅਗਲੇ ਦਿਨ ਗੁਰਦੁਆਰੇ ਜਾ ਕੇ ਉਸ ਨੇ ਸੁਖਦੇਵ ਸਿੰਘ ਨੂੰ ਸਾਰੀ ਗੱਲ ਦੱਸੀ ਤੇ ਦੋਵੇਂ ਥੋੜ੍ਹੀ ਦੇਰ
ਸੋਚੀਂ ਪੈ ਗਏ। ਅਖੀਰ ਬਲਦੇਵ ਸਿੰਘ ਕਹਿਣ ਲੱਗਾ ਕਿ ਟਿਕਟਾਂ ਤਾਂ ਬੁੱਕ ਕਰਵਾ ਹੀ ਲੈਣੀਆਂ
ਚਾਹੀਦੀਆਂ ਹਨ, ਸਮੇਂ ਦੇ ਸਮੇਂ ਮੁਸ਼ਕਿਲ ਹੋ ਜਾਵੇਗੀ, ਪਰ ਸ਼ਨੀਵਾਰ ਫੇਰ ਅੰਮ੍ਰਿਤਸਰ ਟੈਲੀਫੋਨ ਕਰ
ਲਵਾਂਗੇ। ਵੱਧ ਤੋਂ ਵੱਧ ਇਹੀ ਹੈ ਕਿ ਟਿਕਟਾਂ ਕੈਂਸਲ ਕਰਾਉਣੀਆਂ ਪੈ ਜਾਣਗੀਆਂ। ਸੁਖਦੇਵ ਸਿੰਘ ਵੀ
ਉਸ ਨਾਲ ਸਹਿਮਤ ਸੀ ਅਤੇ ਟਿਕਟਾਂ ਬੁੱਕ ਕਰਵਾਉਣ ਦੀ ਜ਼ਿਮੇਂਵਾਰੀ ਵੀ ਉਸ ਨੇ ਲੈ ਲਈ।
ਸ਼ਨੀਵਾਰ ਦੁਪਹਿਰ ਦਾ ਟਾਈਮ ਸੀ, ਟੈਲੀਫੋਨ ਦੀ ਘੰਟੀ ਵੱਜੀ, ਮੁਨੀਮ ਨੇ ਟੈਲੀਫੋਨ ਚੁੱਕ ਕੇ ਕਿਹਾ,
“ਸਰਦਾਰ ਜੀ! ਅੰਮ੍ਰਿਤਸਰ ਤੋਂ ਕਾਲ ਏ।” ਬਲਦੇਵ ਸਿੰਘ ਨੇ ਜਲਦੀ ਨਾਲ ਟੈਲੀਫੋਨ ਫੜਿਆ ਤੇ ‘ਹੈਲੋ’
ਬੋਲਿਆ। ਉਹ ਸਮਝ ਚੁੱਕਾ ਸੀ ਕਿ ਚੇਤ ਸਿੰਘ ਚਾਚਾ ਜੀ ਦੀ ਦੁਕਾਨ ਤੋਂ ਹੀ ਟੈਲੀਫੋਨ ਹੋਵੇਗਾ। ਉਧਰੋਂ
ਗੁਰਸੇਵਕ ਸਿੰਘ ਦੀ ਖੁਸ਼ੀ ਭਰੀ ਅਵਾਜ਼ ਆਈ, “ਵਧਾਈ ਹੋਵੇ ਭਰਾ ਜੀ! ਨਿਕਲ ਗਈ ਜੇ ਅੱਜ ਫ਼ੌਜ ਦਰਬਾਰ
ਸਾਹਿਬ ਦੇ ਅੰਦਰੋਂ।”
“ਅੱਛਾ! ਸ਼ੁਕਰ ਹੈ ਵਾਹਿਗੁਰੂ ਦਾ। … ਕਦੋਂ ਨਿਕਲੀ ਹੈ?” ਬਲਦੇਵ ਸਿੰਘ ਦੇ ਲਫਜ਼ਾਂ ਵਿੱਚ ਵੀ ਉਤਸ਼ਾਹ
ਜਾਗ ਪਿਆ।
“ਅਫ਼ਵਾਹ ਤਾਂ ਕੱਲ ਸ਼ਾਮ ਦੀ ਸੁਣਦੇ ਪਏ ਸਾਂ, … ਪਰ ਹੁਣੇ ਕੋਈ ਸੱਜਣ ਦੱਸ ਕੇ ਗਿਐ, ਅੱਜ ਹੀ ਨਿਕਲੀ
ਏ” ਗੁਰਸੇਵਕ ਸਿੰਘ ਦੇ ਬੋਲਾਂ `ਚੋਂ ਵੀ ਖੁਸ਼ੀ ਅਤੇ ਉਤਸਾਹ ਦਾ ਝਲਕਾਰਾ ਸਾਫ ਪੈ ਰਿਹਾ ਸੀ।
“ਚਲੋ ਸ਼ੁਕਰ ਹੈ, ਮੇਰੇ ਸਤਿਗੁਰੂ ਦਾ ਦਰਬਾਰ ਅੱਜ ਤਕਰੀਬਨ ਚਾਰ ਮਹੀਨੇ ਬਾਅਦ ਅਜ਼ਾਦ ਹੋਇਐ … ਨਾਲੇ
ਟਕਰਾ ਵੀ ਟੱਲ ਗਿਐ”, ਬਲਦੇਵ ਸਿੰਘ ਗੱਲ ਕਰਦਾ ਕੁੱਝ ਭਾਵੁਕ ਹੋ ਗਿਆ। ਉਸ ਦੇ ਬੋਲਾਂ `ਚੋਂ ਪਰਗੱਟ
ਹੋਈ ਭਾਵਨਾ ਗੁਰਸੇਵਕ ਸਿੰਘ ਨੇ ਵੀ ਮਹਿਸੂਸ ਕੀਤੀ ਤੇ ਬੋਲਿਆ, “ਹਾਂ, ਸ਼ੁਕਰ ਹੈ ਵਾਹਿਗੁਰੂ ਦਾ, ਇਹ
ਬਹੁਤ ਅੱਛਾ ਹੋ ਗਿਐ, ਪਰ ਸਾਨੂੰ ਤਾਂ ਪਹਿਲਾਂ ਹੀ ਆਸ ਸੀ, ਮੈਂ ਤੁਹਾਨੂੰ ਦੱਸਿਆ ਤਾਂ ਸੀ ਉਸ ਦਿਨ,
ਜੋ ਸਾਰੀ ਖਿਚੜੀ ਪੱਕ ਰਹੀ ਸੀ। ਅਕਾਲ ਤਖ਼ਤ ਸਾਹਿਬ ਦੀ ਇਮਾਰਤ ਹੁਣ ਮੁਕੰਮਲ ਹੋ ਗਈ ਸੀ, ਸਗੋਂ
ਉਨ੍ਹਾਂ ਤਾਂ ਹੁਣ ਉਥੋਂ ਨਿਕਲਣ ਦਾ ਬਹਾਨਾ ਲੱਭਣਾ ਸੀ।”
“ਹਾਂ ਵੀਰੇ! ਮੈਨੂੰ ਯਾਦ ਹੈ ਸਾਰਾ, . . ਪਰ ਚਲੋ ਜਿਵੇਂ ਵੀ ਹੈ ਫ਼ੌਜ ਨਿਕਲੀ ਤਾਂ ਹੈ, ਹੁਣ ਤੁਸੀਂ
ਪਹਿਲਾਂ ਚਾਚਾ ਜੀ ਨੂੰ ਦਰਸ਼ਨ ਕਰਾਓ”, ਬਲਦੇਵ ਸਿੰਘ ਉਸੇ ਖੁਸ਼ੀ ਵਿੱਚ ਬੋਲਿਆ।
“ਹਾਂ ਜੀ ਬਿਲਕੁਲ! ਅੱਜ ਹੀ। ਮੈਂ ਹੁਣੇ ਟੈਲੀਫੋਨ ਕਰ ਕੇ ਘਰ ਦੱਿਸਆ ਤਾਂ ਪਿਤਾ ਜੀ ਉਸੇ ਵੇਲੇ
ਕਾਹਲੇ ਪੈ ਗਏ। …. ਵੈਸੇ ਅਜੇ ਦਰਬਾਰ ਸਾਹਿਬ ਦੇ ਅੰਦਰੋਂ ਪ੍ਰਕਰਮਾਂ ਆਦਿ `ਚੋਂ ਨਿਕਲੀ ਹੈ, ਬਾਹਰ
ਅਜੇ ਵੀ ਘੇਰਾ ਪਾਇਆ ਹੋਇਆ ਸੂ”, ਉਧਰੋਂ ਗੁਰਸੇਵਕ ਸਿੰਘ ਦੀ ਅਵਾਜ਼ ਆਈ।
ਬਲਦੇਵ ਸਿੰਘ ਗੱਲ ਸੁਣਦਾ ਨਾਲ ਜੇਬ ਟਟੋਲ ਰਿਹਾ ਸੀ, ਜਿਵੇਂ ਕੁੱਝ ਲੱਭ ਰਿਹਾ ਹੋਵੇ। ਅਖੀਰ ਉਸ ਨੇ
ਇੱਕ ਕਾਗਜ਼ ਜੇਬ `ਚੋਂ ਬਾਹਰ ਕੱਢਿਆ ਤੇ ਖੋਲਦਾ ਹੋਇਆ ਬੋਲਿਆ, “ਚਲੋ ਸੰਗਤਾਂ ਨੂੰ ਦਰਸ਼ਨਾਂ ਦੀ
ਖੁਲ੍ਹ ਤਾਂ ਹੋ ਗਈ, ਹੁਣ ਆਪੇ ਜਾਂਦੀ ਰਹੇਗੀ ਬਾਹਰੋਂ …. ਅੱਛਾ ਆਹ ਜ਼ਰਾ ਕੁੱਝ ਮਾਲ ਨੋਟ ਕਰਨਾ, …
ਭੇਜਣ ਵਾਲਾ ਹੈ, ਮੈਂ ਲਿਸਟ ਬਣਾ ਕੇ ਅੱਜ ਹੀ ਜੇਬ ਵਿੱਚ ਪਾਈ ਸੀ ਕਿ ਨਾਲ ਲੈ ਕੇ ਜਾਵਾਂਗਾ …।”
ਮਾਲ ਨੋਟ ਕਰਵਾ ਕੇ ਉਸ ਟੈਲੀਫੋਨ ਕੱਟ ਦਿੱਤਾ ਤੇ ਪਹਿਲਾਂ ਘਰ ਇਹ ਖੁਸ਼ਖ਼ਬਰੀ ਦੇਣ ਲਈ ਟੈਲੀਫੋਨ
ਕੀਤਾ, ਫੇਰ ਗੁਰਦੁਆਰੇ ਦੇ ਸਕੱਤਰ ਸੁਖਦੇਵ ਸਿੰਘ ਨੂੰ ਕਰ ਕੇ ਸਾਰੀ ਗੱਲ ਦੱਸੀ ਤੇ ਟਿਕਟਾਂ ਕੈਂਸਲ
ਕਰਾਉਣ ਵਾਸਤੇ ਆਖਿਆ ਤੇ ਫੇਰ ਹੋਰ ਦੋਸਤਾਂ ਮਿੱਤਰਾਂ ਨੂੰ ਕਰਨੇ ਸ਼ੁਰੂ ਕਰ ਦਿੱਤੇ। ਸ਼ਾਮ ਤੱਕ ਇਹ
ਖ਼ਬਰ ਸਾਰੀ ਕੌਮ ਵਿੱਚ ਫੈਲ ਚੁੱਕੀ ਸੀ। ਗੁਰਦੁਆਰੇ ਗਿਆ ਤਾਂ ਉਥੇ ਵੀ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ
ਸੀ। ਕਈ ਇੱਕ ਦੂਸਰੇ ਦੇ ਗਲੇ ਲੱਗ ਕੇ ਵਧਾਈ ਦੇ ਰਹੇ ਸਨ।
ਬਲਦੇਵ ਸਿੰਘ ਸ਼ਾਮ ਨੂੰ ਘਰ ਪਹੁੰਚਿਆ ਤਾਂ ਅੱਗੋਂ ਹਰਮੀਤ ਆਇਆ ਬੈਠਾ ਸੀ। ਪਿਤਾ ਨੂੰ ਵੇਖ ਕੇ ਛੇਤੀ
ਨਾਲ ਉਠਿਆ ਤੇ ਫਤਹਿ ਬੁਲਾਉਂਦਾ ਹੋਇਆ ਸਤਿਕਾਰ ਦੇਣ ਲਈ ਮੋਢਾ ਨਿਵਾਇਆ। ਬਲਦੇਵ ਸਿੰਘ ਨੇ ਵਿੱਚੋਂ
ਹੀ ਗਲਵਕੜੀ ਵਿੱਚ ਲੈ ਲਿਆ ਤੇ ਨਾਲੇ ਉਨ੍ਹਾਂ ਇੱਕ ਦੂਜੇ ਨੂੰ ਵਧਾਈ ਦਿੱਤੀ। ਅੱਜ ਗਲਵਕੜੀ ਵਿੱਚ
ਕੋਈ ਅਲੱਗ ਹੀ ਨਿੱਘ ਸੀ।
“ਕਿਸ ਵੇਲੇ ਅਇਐਂ?” ਬਲਦੇਵ ਸਿੰਘ ਨੇ ਗਲਵਕੜੀ ਖੋਲ੍ਹਦੇ ਹੋਏ ਪੁੱਛਿਆ।
“ਬਸ ਥੋੜ੍ਹੀ ਦੇਰ ਪਹਿਲੇ ਹੀ ਪਹੁੰਚਿਆਂ, ਆਉਂਦਿਆਂ ਹੀ ਮੰਮੀ ਨੇ ਇਹ ਖੁਸ਼ਖਬਰੀ ਸੁਣਾ ਦਿੱਤੀ ਏ”,
ਹਰਮੀਤ ਦੀ ਖੁਸ਼ੀ ਉਸ ਦੇ ਚਿਹਰੇ ਤੋਂ ਸਾਫ ਪਰਗੱਟ ਹੋ ਰਹੀ ਸੀ। ਗੱਲ ਕਰਦੇ ਦੋਵੇਂ ਸੋਫੇ ਤੇ ਬੈਠ
ਗਏ। ਪਤੀ ਦੀ ਅਵਾਜ਼ ਸੁਣਕੇ ਗੁਰਮੀਤ ਕੌਰ ਵੀ ਪਾਣੀ ਲੈ ਕੇ ਆ ਗਈ ਤੇ ਬੱਬਲ ਵੀ ਉਥੇ ਹੀ ਆ ਗਈ। ਬੱਬਲ
ਦਾ ਚਿਹਰਾ ਵੀ ਖੁਸ਼ੀ ਨਾਲ ਦਹਿਕ ਰਿਹਾ ਸੀ, ਸ਼ਾਇਦ ਉਸ ਨੂੰ ਦਰਬਾਰ ਸਾਹਿਬ ਦੇ ਅਜ਼ਾਦ ਹੋਣ ਦੀ ਅਤੇ
ਵੀਰ ਦੇ ਆਉਣ ਦੀ ਦੋਹਰੀ ਖੁਸ਼ੀ ਸੀ।
“ਚਲੋ! ਜਥੇਦਾਰ ਸਾਬ੍ਹ ਨੇ ਇਹ ਤਾਂ ਮੱਲ੍ਹ ਮਾਰ ਲਈ ਏ” ਹਰਮੀਤ ਕੁੱਝ ਤਸੱਲੀ ਜਤਾਉਂਦਾ ਹੋਇਆ
ਬੋਲਿਆ।
“ਹਾਂ ਬੇਟਾ! ਮੱਲ੍ਹ ਤਾਂ ਮਾਰੀ ਏ, ਪਰ ਜਿਵੇਂ ਮਾਰੀ ਏ ਉਹ ਵੀ ਕਹਾਣੀ ਏ, ਮੈਨੂੰ ਤਾਂ ਤਿੰਨ-ਚਾਰ
ਦਿਨ ਪਹਿਲੇ ਹੀ ਸੰਕੇਤ ਮਿਲ ਗਏ ਸਨ”, ਬਲਦੇਵ ਸਿੰਘ ਨੇ ਕਿਹਾ ਤੇ ਫੇਰ ਕੁੱਝ ਦਿਨ ਪਹਿਲੇ ਗੁਰਸੇਵਕ
ਸਿੰਘ ਨਾਲ ਟੈਲੀਫੋਨ ਤੇ ਹੋਈ ਸਾਰੀ ਗੱਲ ਦੱਸੀ।
“ਉਹ ਤਾਂ ਭਾਪਾ ਜੀ, ਇਨ੍ਹਾਂ ਪਹਿਲਾਂ ਜਿਹੜਾ ਚੰਨ ਚਾੜ੍ਹਿਐ, ਮੈਂ ਤੁਹਾਨੂੰ ਦਸਾਂਗਾ ਤਾਂ ਤੁਸੀਂ
ਹੈਰਾਨ ਰਹਿ ਜਾਓਗੇ”, ਹਰਮੀਤ ਥੋੜ੍ਹਾ ਉਤੇਜਤ ਹੁੰਦਾ ਹੋਇਆ ਬੋਲਿਆ। ਗੁਰਮੀਤ ਕੌਰ ਨੇ ਵੇਖਿਆ ਕਿ
ਗੱਲ ਲੰਬੀ ਹੋਈ ਜਾਂਦੀ ਹੈ ਤਾਂ ਉਹ ਵਿੱਚੋਂ ਹੀ ਬੋਲੀ, “ਪਹਿਲਾਂ ਮੂੰਹ ਹੱਥ ਧੋ ਲਓ ਤੇ ਰੋਟੀ ਖਾ
ਲਓ, ਫੇਰ ਬੈਠੇ ਅਰਾਮ ਨਾਲ ਗੱਲਾਂ ਕਰੀ ਜਾਣਾ।
“ਹਾਂ! ਇਹ ਠੀਕ ਹੈ”, ਕਹਿੰਦਾ ਹੋਇਆ ਬਲਦੇਵ ਸਿੰਘ ਉਠਿਆ ਤੇ ਆਪਣੇ ਕਮਰੇ ਵੱਲ ਲੰਘ ਗਿਆ।
ਰੋਟੀ ਖਾਣ ਲਈ ਬੈਠੇ ਤਾਂ ਸਬਜ਼ੀ ਪਲੇਟ ਵਿੱਚ ਪਾਉਂਦਾ ਹੋਇਆ ਬਲਦੇਵ ਸਿੰਘ ਬੋਲਿਆ, “ਹਰਮੀਤ ਤੂੰ ਉਸ
ਵੇਲੇ ਕੁੱਝ ਦੱਸ ਰਿਹਾ ਸੀ?”
“ਭਾਪਾ ਜੀ! ਮੇਰੀ ਗੱਲ ਦੱਸਣ ਵਾਲੀ ਨਹੀਂ ਵਿਖਾਉਣ ਵਾਲੀ ਹੈ।”
“ਮਤਲਬ?”
“ਉਹ ਆਦੇਸ਼ ਜਿਹੜਾ ਇਨ੍ਹਾਂ ਗਿਆਨੀ ਜ਼ੈਲ ਸਿੰਘ ਨੂੰ ਮਾਫ ਕਰਨ ਲਈ ਜਾਰੀ ਕੀਤੈ। … … ਮੈਂ ਉਸ ਦੀ
ਕਾਪੀ ਲੈ ਕੇ ਆਇਆਂ, ਉਹ ਪੜ੍ਹਨ ਤੋਂ ਬਾਅਦ ਤੁਹਾਨੂੰ ਕੁੱਝ ਪੁੱਛਣ ਦੀ ਜ਼ਰੂਰਤ ਨਹੀਂ ਰਹੇਗੀ”,
ਹਰਮੀਤ ਨੇ ਮੁਸਕੁਰਾਉਂਦੇ ਹੋਏ ਕਿਹਾ। ਬਲਦੇਵ ਸਿੰਘ ਨੇ ਹਾਂ ਵਿੱਚ ਸਿਰ ਹਿਲਾ ਦਿਤਾ ਤੇ ਉਸ ਤੋਂ
ਬਾਅਦ ਘਰ ਦੀਆਂ ਗੱਲਾਂ-ਬਾਤਾਂ ਸ਼ੁਰੂ ਹੋ ਗਈਆਂ।
ਰੋਟੀ ਖਾ ਕੇ ਹਰਮੀਤ ਆਪਣੇ ਕਮਰੇ ਵੱਲ ਲੰਘ ਗਿਆ ਤੇ ਇੱਕ ਕਾਗਜ਼ ਲਿਆ ਕੇ ਪਿਤਾ ਅੱਗੇ ਕੀਤਾ। ਬਲਦੇਵ
ਸਿੰਘ ਨੇ ਪੜ੍ਹਨਾ ਸ਼ੁਰੂ ਕੀਤਾ, ਲਿਖਿਆ ਸੀ:
ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਪੱਸ਼ਟੀ ਕਰਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਰਵੇਲ ਸਿੰਘ ਐਡਵੋਕੇਟ ਅੰਮ੍ਰਿਤਸਰ ਆਏ
ਤੇ ਸਿੰਘ ਸਾਹਿਬਾਨ ਨੂੰ ਮਿਲੇ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਜਵਾਬੀ ਸਪੱਸ਼ਟੀ ਕਰਨ ਦੇਣ
ਲੱਗੇ। ਅਸੀਂ ਕਿਹਾ, ਇਸ ਤਰ੍ਹਾਂ ਨਹੀਂ, ਤੁਸੀਂ ਉਨ੍ਹਾਂ ਕੋਲੋਂ ਲਿਖਤੀ ਸਪੱਸ਼ਟੀਕਰਨ ਲੈ ਕੇ ਆਓ।
ਫਿਰ ਉਸ ਉਪਰ ਵਿਚਾਰ ਕਰਾਂਗੇ।
25-9-84 ਨੂੰ ਸ. ਰਵੇਲ ਸਿੰਘ ਗਿਆਨੀ ਜ਼ੈਲ ਸਿੰਘ ਵਲੋਂ ਲਿਖਤੀ ਸਪੱਸ਼ਟੀਕਰਨ ਲੈ ਕੇ ਪੰਜ ਸਿੰਘ
ਸਾਹਿਬਾਨ ਪਾਸ ਹਾਜ਼ਰ ਹੋਏ। ਸਪੱਸ਼ਟੀਕਰਨ ਦੀ ਹੂਬਹੂ ਨਕਲ ਹੇਠ ਦਰਜ ਕਰਦੇ ਹਾਂ:
“ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀਓ, ਆਪ ਜੀ ਦੇ ਦਸਖਤਾਂ ਹੇਠਾਂ ਜਾਰੀ ਕੀਤੇ ਹੁਕਮਨਾਮੇ ਦੀ
ਕਾਪੀ ਮੈਨੂੰ ਮਿਲ ਗਈ ਹੈ। ਉਸ ਸਬੰਧੀ ਮੇਰੇ ਨਾਲ ਬਹੁਤ ਸਾਰੇ ਪੂਰਨ ਗੁਰਸਿੱਖਾਂ ਦੀ ਬਾਤਚੀਤ ਹੁੰਦੀ
ਰਹੀ ਹੈ ਜਿਨ੍ਹਾਂ ਵਿੱਚ ਤੁਹਾਡੇ ਖਾਸ ਨਿਕਟ ਵਰਤੀ ਵੀ ਸਨ। ਜਿਨ੍ਹਾਂ ਨੇ ਲੋੜੀਂਦੇ ਕਾਗਜ਼ਾਤ ਅਤੇ
ਹੋਰ ਪੂਰੀ ਵਾਕਫੀਅਤ ਲੈ ਕੇ ਤੁਹਾਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਹੋਵੇਗਾ।
ਫਿਰ ਮੈਂ ਇਸ ਪੱਤਰ ਰਾਹੀਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਦਰਬਾਰ ਸਾਹਿਬ ਪ੍ਰਕਰਮਾਂ ਵਿੱਚ
ਜੋੜੇ ਪਾ ਕੇ ਨਹੀਂ ਗਿਆ। ਛਤਰੀ ਲਾ ਕੇ ਜਾਣਾ ਵੀ ਗਲਤ ਹੈ। ਸਟਾਫ ਵਿੱਚੋਂ ਇੱਕ ਸਰਕਾਰੀ ਮੁਲਾਜ਼ਮ
ਸ਼ਿਖਾਵਤ ਖਾਨ ਨੇ ਛਤਰੀ ਖੋਲ੍ਹ ਕੇ ਮੇਰੇ ਵੱਲ ਲਿਆਉਣੀ ਚਾਹੀ, ਤਾਂ ਮੈਂ ਤੁਰੰਤ ਬੰਦ ਕਰਵਾ ਦਿੱਤੀ।
ਫ਼ੌਜ ਭੇਜਣ ਦਾ ਮਾਮਲਾ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਨਾਲ ਸਬੰਧ ਰਖਦਾ ਹੈ, ਜਿਸ ਦੀ ਆਪ ਨੂੰ
ਵਾਕਫੀਅਤ ਹੈ, ਪਰ ਮੇਰੇ ਮਨ ਦੀ ਭਾਵਨਾ ਦਾ ਦੁਖਦਾਈ ਪ੍ਰਗਟਾਵਾ, ਮੇਰੀ ਉਹ ਤਕਰੀਰ ਹੈ, ਜੋ ਮੈਂ
ਰਾਸ਼ਟਰ ਦੇ ਨਾਂ 27 ਜੂਨ 1984 ਨੂੰ ਕੀਤੀ ਸੀ, ਜਿਸ ਨੂੰ ਆਪ ਨੇ ਸੁਣ ਵੀ ਲਿਆ ਹੋਵੇਗਾ ਅਤੇ ਪੜ੍ਹ
ਵੀ ਲਿਆ ਹੋਵੇਗਾ।
ਮੈਂ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਪਦੇਸ਼ ਮੁਤਾਬਿਕ ਹਰ ਧਾਰਮਿਕ ਅਸਥਾਨ
ਦਾ ਪੂਰਾ ਸਤਿਕਾਰ ਕਰਦਾ ਹਾਂ ਅਤੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ, ਜੋ ਸਰਬਉਤਮ ਧਾਰਮਿਕ
ਅਸਥਾਨ ਹਨ, ਉਨ੍ਹਾਂ ਦਾ ਸਤਿਕਾਰ ਅਤੇ ਸ਼ਰਧਾ ਮੇਰੇ ਲਈ ਅਟੁੱਟ ਹੈ।”
ਆਪ ਦਾ ਸ਼ੁਭ ਚਿੰਤਕ, ਜ਼ੈਲ ਸਿੰਘ
ਫੈਸਲਾ
ਅਕਾਲ ਤਖ਼ਤ ਸਾਹਿਬ ਵਲੋਂ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਿਰੁੱਧ 2 ਸਤੰਬਰ
1984 ਨੂੰ ਜਾਰੀ ਕੀਤੇ ਹੁਕਮਨਾਮੇ ਸਬੰਧੀ 24 ਸਤੰਬਰ 1984 ਨੂੰ ਉਨ੍ਹਾਂ ਦੇ ਵਿਸ਼ੇਸ਼ ਦੂਤ ਰਵੇਲ
ਸਿੰਘ ਐਡਵੋਕੇਟ ਸਿੰਘ ਸਾਹਿਬਾਨ ਪਾਸ ਉਨ੍ਹਾਂ ਦਾ ਲਿਖਤੀ ਸਪੱਸ਼ਟੀਕਰਨ ਪੱਤਰ ਲੈ ਕੇ ਹਾਜ਼ਰ ਹੋਏ।
ਸਿੰਘ ਸਾਹਿਬਾਨ ਨੇ ਸਪੱਸ਼ਟੀਕਰਨ ਪੱਤਰ `ਤੇ ਸੋਚ ਵਿਚਾਰ ਕੀਤੀ ਤੇ ਇਸ ਸਬੰਧੀ ਹੋਰ ਜਾਣਕਾਰੀ ਮੰਗੀ।
26 ਸਤੰਬਰ 1984 ਨੂੰ ਰਵੇਲ ਸਿੰਘ ਐਡਵੋਕੇਟ ਅਤੇ ਕੁਲਵੰਤ ਸਿੰਘ ਨਿਜੀ ਸਕੱਤਰ ਗਿਆਨੀ ਜ਼ੈਲ ਸਿੰਘ,
ਦੋਹਾਂ ਨੇ ਹਾਜ਼ਰ ਹੋ ਕੇ ਲੋੜੀਂਦੀ ਜਾਣਕਾਰੀ ਦਿੱਤੀ। ਯਾਤਰਾ ਸਮੇਂ ਲਈਆਂ ਗਈਆਂ ਤਸਵੀਰਾਂ ਅਤੇ ਹੋਰ
ਰਿਕਾਰਡ ਵੀ ਵੇਖਿਆ। ਪੁੱਜਾ ਸਪੱਸ਼ਟੀਕਰਨ ਤਸੱਲੀ ਬਖਸ਼ ਹੈ ਅਤੇ ਹੁਣ ਕਿਸੇ ਕਾਰਵਾਈ ਦੀ ਲੋੜ ਨਹੀਂ।
ਇਸ ਫੈਸਲੇ ਹੇਠਾਂ ਛੇਅ ਗ੍ਰੰਥੀਆਂ ਦੇ ਦਸਖਤ ਸਨ। ਕਿਰਪਾਲ ਸਿੰਘ ਅਤੇ ਚਾਰ ਹੋਰ ਤੇ ਛੇਵੇਂ ਜੋਗਿੰਦਰ
ਸਿੰਘ, ਮੁੱਖ ਸੇਵਾਦਾਰ, ਹਜ਼ੂਰ ਸਾਹਿਬ, ਨੰਦੇੜ ਦੇ।
“ਹੱਦ ਹੋ ਗਈ! ਕਿਆ ਗੋਲਮੋਲ ਸਪੱਸ਼ਟੀਕਰਨ ਲਿਖ ਕੇ ਕੰਮ ਸਾਰ ਲਿਐ, ਜ਼ੈਲ ਸਿੰਘ ਨੇ। ਅਫਸੋਸ ਜਾਂ ਮਾਫ਼ੀ
ਦਾ ਤਾਂ ਇੱਕ ਲਫਜ਼ ਵੀ ਨਹੀਂ”, ਬਲਦੇਵ ਸਿੰਘ ਨੇ ਪੜ੍ਹ ਕੇ ਹੈਰਾਨ ਹੁੰਦੇ ਹੋਏ ਕਿਹਾ।
“ਭਾਪਾ ਜੀ! ਉਸ ਨੇ ਤਾਂ ਮੱਤਲਬ ਕੱਢਣ ਦੀ ਗੱਲ ਕਰਨੀ ਹੀ ਸੀ, ਉਨ੍ਹਾਂ ਦੀ ਗੱਲ ਕਰੋ ਨਾ, ਜਿਨ੍ਹਾਂ
ਇਸ ਸਪੱਸ਼ਟੀਕਰਨ ਨਾਲ ਉਸ ਨੂੰ ਸੁਰਖਰੂ ਕਰ ਦਿੱਤੈ”, ਹਰਮੀਤ ਨੇ ਉਸ ਤੋਂ ਵਧ ਹੈਰਾਨਗੀ ਜ਼ਾਹਰ ਕਰਦੇ
ਹੋਏ ਕਿਹਾ।
“ਬਿਲਕੁਲ ਠੀਕ ਕਹਿ ਰਿਹੈਂ ਬੇਟਾ! ਅਸਲ ਵਿੱਚ ਜਿਸ ਦਿਨ ਇਨ੍ਹਾਂ ਇਹ ਫੈਸਲਾ ਕੀਤੈ, ਉਸੇ ਦਿਨ
ਗੁਰਸੇਵਕ ਸਿੰਘ ਵੀਰੇ ਨਾਲ ਅੰਮ੍ਰਿਤਸਰ ਗੱਲ ਹੋਈ ਸੀ, ਉਹ ਵੀ ਇਹੀ ਕਹਿ ਰਹੇ ਸਨ। ਮੈਂ ਤਾਂ ਉਨ੍ਹਾਂ
ਦੀ ਇਸ ਗੱਲ ਨਾਲ ਪੂਰੀ ਤਾਰ੍ਹਾਂ ਸਹਿਮਤ ਹਾਂ ਕਿ ਸਰਕਾਰ ਨੇ ਤਾਂ ਸਿਰਫ ਅਕਾਲ-ਤਖ਼ਤ ਸਾਹਿਬ ਦੀ
ਇਮਾਰਤ ਢਾਹੀ ਸੀ, ਜਿਹੜੀ ਹੁਣ ਫੇਰ ਬਣ ਕੇ ਤਿਆਰ ਹੈ। ਸਿਧਾਂਤਕ ਤੌਰ ਤੇ ਅਕਾਲ ਤਖ਼ਤ ਸਾਹਿਬ ਹੁਣ
ਇਨ੍ਹਾਂ ਢਾਇਐ, ਅਕਾਲ ਤਖ਼ਤ ਸਾਹਿਬ ਨੂੰ ਦਿੱਲੀ ਦਰਬਾਰ ਅਗੇ ਨਿਵਾਂ ਕੇ”, ਬਲਦੇਵ ਸਿੰਘ ਨੇ ਗੁਰਸੇਵਕ
ਸਿੰਘ ਨਾਲ ਹੋਈ ਗੱਲ ਦਾ ਹਵਾਲਾ ਦਿੱਤਾ।
“ਪਰ ਭਾਪਾ ਜੀ! ਮੈਂ ਇਹ ਸੁਣਿਐ ਕਿ ਜ਼ੈਲ ਸਿੰਘ ਦੇ ਬੰਦਿਆਂ ਨੇ ਕੁੱਝ ਕਾਗਜ਼ ਦਿਖਾ ਕੇ ਜਥੇਦਾਰਾਂ ਦੀ
ਤਸੱਲੀ ਕਰਾਈ ਏ ਕਿ ਜ਼ੈਲ ਸਿੰਘ ਨੇ ਫ਼ੌਜ ਭੇਜਣ ਦੇ ਹੁਕਮ ਉਤੇ ਦਸਖਤ ਨਹੀਂ ਕੀਤੇ … “, ਹਰਮੀਤ ਨੇ
ਕੁੱਝ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ।
“ਫੇਰ ਕੀ ਹੋ ਗਿਆ?” ਬਲਦੇਵ ਸਿੰਘ ਨੇ ਹਰਮੀਤ ਦੀ ਗੱਲ ਵਿੱਚੋਂ ਹੀ ਕੱਟ ਕੇ ਕਿਹਾ, “ਇਸ ਵਿੱਚ ਤਾਂ
ਕੋਈ ਸ਼ੱਕ ਨਹੀਂ ਕਿ ਉਹ ਭਾਰਤੀ ਫ਼ੌਜਾਂ ਦਾ ਸੁਪਰੀਮ ਕਮਾਂਡਰ ਹੈ, ਉਸੇ ਵੇਲੇ ਫ਼ੌਜ ਨੂੰ ਇਹ ਆਦੇਸ਼ ਤਾਂ
ਦੇ ਸਕਦਾ ਸੀ ਕਿ ਵਾਪਸ ਆ ਜਾਓ, … ਤੂੰ ਛੱਡ ਇਨ੍ਹਾਂ ਦੀ ਗੱਲ, ਇਹ ਤਾਂ ਜੋ ਫ਼ੌਜ ਦੇ ਦਰਬਾਰ ਸਾਹਿਬ
`ਚੋਂ ਨਿਕਲਣ ਦੀ ਖੁਸ਼ੀ ਹੋਈ ਸੀ, ਇਨ੍ਹਾਂ ਉਹ ਵੀ ਠੰਡੀ ਪਾ ਦਿੱਤੀ ਏ।”
“ਤੁਹਾਡੀ ਗੱਲ ਬਿਲਕੁਲ ਠੀਕ ਲਗਦੀ ਹੈ ਭਾਪਾ ਜੀ, ਅਗਲੇ ਦਿਨ 27 ਤਾਰੀਖ ਨੂੰ ਹੀ ਜ਼ੈਲ ਸਿੰਘ ਫੇਰ
ਦਰਬਾਰ ਸਾਹਿਬ ਹੋ ਕੇ ਗਿਐ, ਜਿਵੇਂ ਇਨ੍ਹਾਂ ਦੇ ਫੈਸਲੇ ਦੀ ਇੰਤਜ਼ਾਰ ਹੀ ਕਰ ਰਿਹਾ ਹੋਵੇ, ਪਤਾ ਲੱਗੈ
ਕਿ ਉਸ ਦਿਨ ਜਿਵੇਂ ਇਹ ਸਾਰੇ ਜਥੇਦਾਰ ਉਸ ਨਾਲ ਫੋਟੋ ਖਿਚਾਉਣ ਲਈ ਤਰਲੋ ਮੱਛੀ ਹੋ ਰਹੇ ਸਨ, ਵੇਖਣ
ਵਾਲਾ ਹੀ ਸੀ”, ਹਰਮੀਤ ਨੇ ਉਠ ਕੇ ਆਪਣੇ ਕਮਰੇ ਵੱਲ ਜਾਂਦੇ ਹੋਏ ਕਿਹਾ।
ਬਲਦੇਵ ਸਿੰਘ ਨੇ ਕੋਈ ਜੁਆਬ ਨਹੀਂ ਦਿੱਤਾ ਤੇ ਸਿਰਫ ਮੁਸਕਰਾ ਕੇ ਆਪਣੇ ਕਮਰੇ ਵੱਲ ਲੰਘ ਗਿਆ।
ਕਹਿੰਦੇ ਨੇ ਸਮਾਂ ਹਰ ਦੁਖ-ਦਰਦ ਸਭ ਤੋਂ ਵੱਡਾ ਇਲਾਜ ਹੈ। ਬਾਕੀ ਦੇਸ਼ ਦੀ ਤਰ੍ਹਾਂ, ਕਾਨਪੁਰ ਵਿੱਚ
ਵੀ ਸਮਾਂ ਬੀਤਣ ਨਾਲ ਸਭ ਕੁੱਝ ਆਮ ਵਰਗਾ ਲਗਣ ਲੱਗ ਪਿਆ ਸੀ, ਸਭ ਆਪਣੇ ਕੰਮਾ-ਕਾਜਾਂ ਵਿੱਚ ਰੁਝ ਗਏ
ਜਾਪਦੇ ਸਨ। ਦਰਬਾਰ ਸਾਹਿਬ `ਚੋਂ ਫ਼ੌਜ ਦੇ ਨਿਕਲ ਜਾਣ ਦੀ ਖ਼ਬਰ ਨੇ ਹੋਰ ਵੀ ਚੰਗਾ ਪ੍ਰਭਾਵ ਪਾਇਆ ਸੀ।
ਬਲਦੇਵ ਸਿੰਘ ਦੇ ਪਰਿਵਾਰ ਵਰਗੇ ਵਿਰਲੇ ਹੀ ਹੋਣਗੇ, ਜਿਨ੍ਹਾਂ ਨੂੰ ਜਥੇਦਾਰਾਂ ਵਲੋਂ ਗਿਆਨੀ ਜ਼ੈਲ
ਸਿੰਘ ਨੂੰ ਮਾਫ ਕੀਤੇ ਜਾਣ ਦੇ ਕਾਰੇ ਬਾਰੇ ਕੁੱਝ ਚੇਤਨਤਾ ਸੀ ਯਾ ਤਕਲੀਫ, ਆਮ ਸਿੱਖ ਤਾਂ ਇਨ੍ਹਾਂ
ਗੱਲਾਂ ਬਾਰੇ ਨਾ ਸੋਚਦਾ ਸੀ, ਨਾ ਸਮਝਦਾ ਸੀ।
ਬਲਦੇਵ ਸਿੰਘ ਦੇ ਜੀਵਨ ਦਾ ਨੇਮ ਵੀ ਆਮ ਵਰਗਾ ਸ਼ੁਰੂ ਹੋ ਗਿਆ ਸੀ। ਅੰਮ੍ਰਿਤ ਵੇਲੇ ਉਠ ਕੇ ਗੁਰਬਾਣੀ
ਪੜ੍ਹਨੀ, ਫੇਰ ਸਤਿ-ਸੰਗਤ ਕਰਨ ਲਈ ਗੁਰਦੁਆਰੇ ਜਾਣਾ। ਆਕੇ ਨਾਸ਼ਤਾ ਕਰਕੇ ਦੁਕਾਨ `ਤੇ, ਤੇ ਸਾਰੀ
ਦਿਹਾੜੀ ਦੁਕਾਨਦਾਰੀ। ਵਾਪਸੀ `ਤੇ ਕਦੀਂ ਗੁਰਦੁਆਰੇ ਹੋ ਕੇ, ਤੇ ਕਦੀਂ ਸਿੱਧੇ ਹੀ ਘਰ ਆਉਣਾ ਤੇ
ਰੋਟੀ ਖਾ ਕੇ ਸੌਂ ਜਾਣਾ। ਵਿੱਚੋਂ ਦੋ-ਤਿੰਨ ਵਾਰੀ ਉਸ ਨੇ ਚੌਧਰੀ ਨੂੰ ਟੈਲੀਫੋਨ ਕੀਤਾ, ਪਰ ਚੌਧਰੀ
ਉਨ੍ਹਾਂ ਦੇ ਘਰ ਆਉਣ ਦੀ ਗੱਲ ਨੂੰ ਟਾਲਦਾ ਹੀ ਰਿਹਾ, ਬਲਕਿ ਉਸ ਦਾ ਵਿਹਾਰ ਵੀ ਕੁੱਝ ਰੁੱਖਾ ਜਿਹਾ
ਹੁੰਦਾ। ਉਸ ਨੇ ਇਹੀ ਸੋਚ ਕੇ ਤਸੱਲੀ ਕਰ ਲਈ ਕਿ ਚਲੋ ਕੋਈ ਨਹੀਂ, ਵਕਤ ਨਾਲ ਗੁੱਸਾ ਠੰਡਾ ਹੋ
ਜਾਵੇਗਾ, ਪਰ ਆਪਣੇ ਵਲੋਂ ਨਿਜੀ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਹੀ ਕਰਨੀ ਹੈ।
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726