ਅੰਤਕਾਲ
ਜਦੋਂ ਮਨੁੱਖ ਸਰੀਰਕ ਤੌਰ ’ਤੇ ਮਰ ਜਾਂਦਾ ਹੈ ਤਾਂ ਇਸ ਨੂੰ ਉਸਦਾ ‘ਅੰਤਕਾਲ’
ਜਾਂ ‘ਅੰਤਮ ਸਮਾਂ’ ਕਿਹਾ ਜਾਂਦਾ ਹੈ। ਮਨੁੱਖ ਦੇ ਅੰਤ ਸਮੇਂ ਨੂੰ ਲੈ ਕੇ ਲੋਕਾਂ ਵਿਚ ਅੰਧਵਿਸ਼ਵਾਸ
ਅਤੇ ਅਗਿਆਨਤਾ ਕਾਰਨ ਕਈ ਤਰ੍ਹਾਂ ਦੇ ਭੁਲੇਖੇ ਪਏ ਹੋਏ ਹਨ। ਇਨ੍ਹਾਂ ਭੁਲੇਖਿਆਂ ਕਾਰਨ ਹੀ ਕਈ ਲੋਕੀ
ਮਰਨ ਵਾਲੇ ਮਨੁੱਖ ਦੇ ਹੱਥ ਉੱਤੇ ਸੋਨੇ ਚਾਂਦੀ ਦੇ ਸਿੱਕੇ ਰੱਖ ਦਿੰਦੇ ਅਤੇ ਦੇਸੀ ਘਿਓ ਪਾ ਕੇ ਦੀਵਾ
ਜਗਾ ਦਿੰਦੇ ਹਨ। ਇਸ ਪਿੱਛੇ ਇਹ ਸੋਚ ਕੰਮ ਕਰ ਰਹੀ ਹੁੰਦੀ ਹੈ ਕਿ ਮਰਨ ਤੋਂ ਬਾਅਦ ਵਾਲੇ ਰਸਤੇ ’ਚ
ਹਨ੍ਹੇਰਾ ਹੋਵੇਗਾ ਅਤੇ ਖਾਣ-ਪੀਣ, ਪਹਿਨਣ ਆਦਿ ਬਾਰੇ ਖਰਚੇ ਦੀ ਲੋੜ ਪਏਗੀ। ਅਜਿਹੇ ਅਨੇਕ ਕਰਮਕਾਂਡ
ਹਨ, ਜਿਨ੍ਹਾਂ ’ਚੋਂ ਇਕ ’ਚ ਤਾਂ ਮਨੁੱਖ ਨੂੰ ਮੰਜੇ ਤੋਂ ਥੱਲੇ ਵੀ ਉਤਾਰ ਦਿੱਤਾ ਜਾਂਦਾ ਹੈ ਕਿਉਂਕਿ
ਲੋਕੀ ਮੰਨਦੇ ਹਨ ਕਿ ‘ਮੰਜੇ ’ਤੇ ਮਰਨ ਨਾਲ ਨਰਕ ’ਚ ਜਾਈਦਾ ਹੈ’। ਮਨੁੱਖ ਦੇ ਮਰਨ ਤੋਂ ਬਾਅਦ ਅਨੇਕ
ਕਿਰਿਆ-ਕਰਮ, ਭਰਮ, ਪਾਖੰਡ, ਧਰਮ ਦੇ ਨਾਮ ਹੇਠਾਂ ਕੀਤੇ ਜਾਂਦੇ ਹਨ। ਜੇ ਉਹ ਕਿਰਿਆ ਕਰਮ, ਪਾਖੰਡ,
ਸੰਸਕਾਰ ਨਾ ਕੀਤੇ ਜਾਣ ਤਾਂ ਮੰਨਿਆ ਜਾਂਦਾ ਹੈ ਕਿ ਮਰਨ ਵਾਲੇ ਪ੍ਰਾਣੀ ਦੀ ਰੂਹ ਭਟਕਦੀ ਰਹੇਗੀ,
ਹਨੇਰੇ ’ਚ ਧੱਕੇ ਖਾਂਦੀ ਰਹੇਗੀ, ਸਵਰਗ ਬਦਲੇ ਨਰਕ ’ਚ ਚਲੀ ਜਾਵੇਗੀ ਆਦਿ। ਭਰਮ, ਸੰਸੇ, ਡਰ, ਤੌਖਲੇ
ਕਾਰਨ, ਬਹੁਤ ਕੁਝ ਅਗਿਆਨਤਾ ਵੱਸ ਦੁਨੀਆ ਅਖੌਤੀ ‘ਅੰਤ ਕਾਲ’ ਸਮੇਂ ਕਰਦੀ ਰਹਿੰਦੀ ਹੈ।
‘ਅੰਤਕਾਲ’ ਬਾਰੇ ਵਿਚਾਰਨ ਤੋਂ ਪਹਿਲਾਂ ਅਸੀਂ ਸਤਿਗੁਰ
(universal truth)
ਰਾਹੀਂ ਦ੍ਰਿੜਾਏ ਗੁਰਮਤ ਦੇ ਮੁਢਲੇ ਧਾਂਤ ਨੂੰ ਵਿਚਾਰਦੇ ਹਾਂ ਕਿ ਜੰਮਣੁ ਮਰਣਾ ਹੁਕਮੁ ਹੈ ਭਾਣੈ
ਆਵੈ ਜਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ: 472) ਭਾਵ ਰੱਬੀ ਹੁਕਮ, ਨਿਯਮ, ਕਾਨੂੰਨ ਅਨੁਸਾਰ
ਅਸੀਂ ਸਰੀਰਕ ਜਨਮ ਪ੍ਰਾਪਤ ਕਰਦੇ ਹਾਂ ਅਤੇ ਸਰੀਰਕ ਅੰਤ ਵੀ ਹੁੰਦਾ ਹੈ। ਇਹ ਕੁਦਰਤ ਦਾ ਅਟਲ ਨਿਯਮ
ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ’ਚ ਰੱਬੀ ਰਜ਼ਾ ਦੇ ਅੰਦਰ ਚਲਣਾ ਕਿਹਾ ਗਿਆ ਹੈ।
‘ਤੇਰਾ ਕੀਆ ਮੀਠਾ ਲਾਗੈ।।’, ‘ਹੁਕਮਿ ਰਜਾਈ ਚਲਣਾ’ ਅਨੁਸਾਰ ਇਸ ਨੂੰ ਸਿਰ ਮਥੇ ਮੰਨ ਕੇ ਚਲਣਾ ਹੀ
ਗੁਰਮਤ ਦਾ ਮੁਢਲਾ ਸਿਧਾਂਤ ਹੈ। ਇਸ ਨੂੰ ਸਾਇੰਸ ਵੀ ਸਿਰ ਝੁਕਾ ਕੇ ਮੰਨਦੀ ਹੈ ਕਿ ‘ਜੋ ਉਪਜਿਓ ਸੋ
ਬਿਨਸਿ ਹੈ’ ਅਰਥਾਤ ਇਥੇ ਜੋ ਕੁਝ ਵੀ ਪਦਾਰਥ ਰੂਪ ’ਚ ਅਸੀਂ ਅੱਖਾਂ ਨਾਲ ਵੇਖ ਸਕਦੇ ਹਾਂ ਉਹ ਸਭ ਕੁਝ
ਬਿਨਸਨਹਾਰ ਹੈ। ਭਾਵੇਂ ਕੋਈ ਵੀ ਚੀਜ਼, ਮਨੁੱਖ, ਪਸ਼ੂ-ਪੰਛੀ ਕਿਤਨੀ ਵੀ ਉਮਰ ਜਾਂ ਸਮੇਂ ਲਈ ਰਹੇ ਆਖਿਰ
ਉਸਨੇ ਬਿਨਸਨਾ ਹੀ ਹੈ। ਕਿਸੇ ਵੀ ਤਰੀਕੇ ਨਾਲ ਪੈਸਾ, ਯੋਗਾ, ਦਵਾਈਆਂ ਜਾਂ ਅਖੌਤੀ ਧਾਰਮਕ ਕਰਮਕਾਂਡ
ਨਾਲ, ਇਸ ਸ੍ਰਿਸ਼ਟੀ ’ਚ ਹਮੇਸ਼ਾ ਲਈ ਕੋਈ ਨਹੀਂ ਰਹਿ ਸਕਦਾ। ਇਹ ਸਭ ਅਸੀਂ ਸਰੀਰਕ ਮਰਨ ਬਾਰੇ ਵਿਚਾਰ
ਰਹੇ ਹਾਂ, ਇਸ ਤੋਂ ਮੁਨਕਰ ਹੋਣਾ ਕਿ ਸਰੀਰਕ ਮੌਤ ਆਵੇ ਹੀ ਨਾ ਜਾਂ ਜਨਮ ਹੋਵੇ ਹੀ ਨਾ - ਰੱਬੀ ਰਜ਼ਾ
ਤੋਂ ਬਿਲਕੁਲ ਮੁਨਕਰ ਹੋਣਾ ਹੈ। ਸੋ ਗੁਰਮਤ ’ਚ ਰੱਬੀ ਰਜ਼ਾ ਅਨੁਸਾਰ ਜਿਊਣਾ ਦ੍ਰਿੜਾਇਆ ਗਿਆ ਹੈ।
ਜੇਕਰ ਕੁਦਰਤ ਦੇ ਨਿਯਮ ਵਿਚ ਸਰੀਰਕ ਮਰਨ ਤੋਂ ਅਸੀਂ ਬਚ ਨਹੀਂ ਸਕਦੇ ਅਤੇ ਇਹ
ਰਜ਼ਾ, ਹੁਕਮ ਹੈ ਤਾਂ ਸੋਚਣਾ ਪਏਗਾ ਕਿ ਜਿੱਥੇ ਵੀ ਕੁਦਰਤ ਦਾ ਨਿਯਮ ਪੂਰਾ-ਪੂਰਾ ਵਾਪਰੇਗਾ ਉਥੇ
ਸਰੀਰਕ ਜਨਮ ਵੀ ਹੋਵੇਗਾ।
ਮਨੁੱਖ ਜਾਂ ਕਿਸੇ ਵੀ ਅਖੌਤੀ ਪੀਰ, ਫਕੀਰ, ਬ੍ਰਹਮ ਗਿਆਨੀ ਜਾਂ ਸੰਤ ਮਹਾਤਮਾ
ਦੇ ਵੱਸ ਨਹੀਂ ਕਿ ਉਹ ‘ਕਾਲ’ (ਸਰੀਰਕ ਮੌਤ) ਤੋਂ ਬਚ ਸਕਦਾ ਹੋਵੇ ਜਾਂ ਕਿਸੇ ਨੂੰ ਬਚਾ ਸਕਦਾ ਹੋਵੇ।
ਜੇ ਸਰੀਰਕ ਮਰਨ ਤੋਂ ਬਚਾਵ ਸਾਡੇ ਹੱਥ ਨਹੀਂ, ਜਨਮ ਵੀ ਸਾਡੇ ਤੋਂ ਪੁਛ ਕੇ
ਦਿੱਤਾ ਨਹੀਂ ਗਿਆ ਫਿਰ ਅਸੀਂ ਰੱਬੀ ਰਜ਼ਾ ਤੋਂ ਮੁਨਕਰ ਹੋ ਕੇ ਕਿਵੇਂ ਰਹਿ ਸਕਦੇ ਹਾਂ ਕਿ ਮੌਤ ਵਾਪਰੇ
ਹੀ ਨਾ ਜਾਂ ਮੁੜ ਜਮਣਾ ਪਵੇ ਹੀ ਨਾ। ਹਲੀਮੀ ਨਾਲ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਰੀਰਕ
ਜਨਮ ਜਾਂ ਮਰਨ ਦੋਹਾਂ ਨੂੰ ਰੁਕਵਾ ਨਹੀਂ ਸਕਦੇ। ‘ਸਤਿਗੁਰ’ (ਗਿਆਨ-ਗੁਰੂ) ਸਾਰੀ ਦੁਨੀਆ ਨੂੰ ਇਹ
ਖਰਾ ਸੱਚ ਦ੍ਰਿੜ ਕਰਾ ਰਿਹਾ ਹੈ ਕਿ ਰੱਬੀ ਰਜ਼ਾ ਵਿਚ ਵਾਪਰ ਰਹੇ ਕੁਦਰਤ ਦੇ ਨਿਯਮ ਨੂੰ ਸਮਝਣ (ਬੁਝਣ,
ਜਾਣਨ) ਅਤੇ ਉਸ ਅਨੁਸਾਰ ਜਿਊਣ ਵਿਚ ਹੀ ਮਨੁੱਖ ਦੀ ਭਲਾਈ ਹੈ। ਸੋ ਇਸ ਅੱਗੇ ਸਿਰ ਨਿਵਾ ਕੇ ਰਜ਼ਾ ’ਚ
ਰਾਜ਼ੀ ਰਹਿਣਾ ਹੀ ਗੁਰਮਤ ਹੈ।
ਗੁਰਮਤ ਅਨੁਸਾਰ ਇਹ ਸਮਝੀਏ ਕਿ ਅੰਤਕਾਲ, ਅੰਤ ਕੀ ਬੇਰ, ਅੰਤ ਕੀ ਬੇਲਾ, ਅਬ
ਕੀ ਬਾਰ ਕੀ ਹੈ? ਗੁਰੂ ਗ੍ਰੰਥ ਸਾਹਿਬ ਵਿਚ ਇਹ ਸਭ ਆਤਮਕ ਮਨ ਦੀ ਅਵਸਥਾ ਦੇ ਵਖਰੇ-ਵਖਰੇ ਨਾਮ ਹਨ।
ਅਸੀਂ ਅੱਜ ਤੱਕ, ਸਰੀਰਕ ਮੌਤ ਆਪਣੀ ਤਾਂ ਨਹੀਂ ਵੇਖੀ ਪਰ ਹੋਰਨਾਂ ਮਨੁਖਾਂ
ਦੀ ਜ਼ਰੂਰ ਵੇਖੀ ਹੈ। ਆਪਣੇ ਸਰੀਰ ਦੀ ਮੌਤ (ਅੰਤ) ਅਸੀਂ ਕਦੀ ਵੀ ਨਹੀਂ ਵੇਖ ਪਾਵਾਂਗੇ। ਜਿਉਂ ਹੀ ਉਹ
ਅੰਤ ਸਮਾਂ ਆਵੇਗਾ ਸਾਡੇ ਅੰਦਰ ਜੋ ਸ਼ਕਤੀ, ਸੱਤਾ, ਸਮਰਥਾ, ਧਿਆਨ ਹੈ, ਉਹ ਮੁਕ ਜਾਵੇਗਾ। ਸਰੀਰਕ ਮੌਤ
ਨੂੰ ਮਹਿਸੂਸ ਕਰਣ ਵਾਲੇ ‘ਧਿਆਨ’ ਦੇ ਨਾ ਹੋਣ ਕਾਰਨ ਅਸੀਂ ਕਦੇ ਵੀ ਆਪਣੇ ਸਰੀਰਕ ਅੰਤ ਨੂੰ ਵੇਖ ਹੀ
ਨਹੀਂ ਪਾਵਾਂਗੇ। ਇਹ ਕੁਦਰਤ ਦਾ ਅਟਲ ਸੱਚ ਹੈ।
ਜਾਨਵਰ, ਪੰਛੀ ਆਦਿ ਵੀ ਸਾਡੇ ਵਾਂਗੂੰ ਹੋਰਨਾਂ ਜਾਨਵਰਾਂ ਦਾ ਮ੍ਰਿਤਕ ਸਰੀਰ
(ਦਕ਼ਦ ਲਰਦਖ) ਤਕਦੇ ਹਨ ਤੇ ਅਸੀਂ ਵੀ ਤਕਦੇ ਹਾਂ, ਪਰ ਵਿਚਾਰਨਾ ਹੈ ਕਿ ਮਨੁੱਖ ਅਤੇ ਬਾਕੀ ਜੂਨੀਆਂ
’ਚ ਕੀ ਫਰਕ ਹੈ ? ਉਨ੍ਹਾਂ ਸਭ ਕੋਲ ਬੁੱਧੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਇਹ ਸੋਚ ਨਹੀਂ ਫੁਰਦੀ
ਕਿ ਅਸੀਂ ਵੀ ਮਰ ਜਾਣਾ ਹੈ। ਮਨੁੱਖ ਕੋਲ ਦਿਮਾਗ਼ ਹੈ, ਮਨੁੱਖ ਵਿਚਾਰ ਕਰ ਸਕਦਾ ਹੈ ਕਿ ‘‘ਮੈਂ ਇਥੇ
ਸਦੀਵੀ ਨਹੀਂ ਰਹਿ ਸਕਦਾ।’’ ਇਹ ਗਲ ਵਖਰੀ ਹੈ ਕਿ ਮਨੁੱਖ ਬੁੱਧੀ ਨੂੰ ਵਰਤ ਕੇ ਇਹ ਨੁਕਤਾ ਵਿਚਾਰੇ
ਜਾਂ ਨਾ ਵਿਚਾਰੇ। ਸਰੀਰਕ ਮੌਤ (ਅੰਤ) ਅਤੇ ਆਤਮਕ ਮੌਤ (ਮਨ ਦੀ ਮੌਤ) ਬਾਰੇ ਵਿਚਾਰਨਾ, ਇਸ ਸਾਰੇ
ਮਜ਼ਮੂਨ ਨੂੰ ਸਮਝਣ ਲਈ ਲਾਹੇਵੰਦ ਹੋ ਸਕਦਾ ਹੈ।
ਸਾਡਾ ਜਨਮ ਦੋ ਤਰੀਕਿਆਂ ਨਾਲ ਹੁੰਦਾ ਹੈ।
1. ਸਰੀਰਕ ਜਨਮ -
ਜੋ
ਮਾਤਾ-ਪਿਤਾ ਰਾਹੀਂ ਪ੍ਰਾਪਤ ਹੁੰਦਾ ਹੈ ਅਤੇ ਪੰਜ ਤਤਾਂ ਤੋਂ ਬਣਿਆ ਹੈ।
2. ਆਤਮਕ ਜਨਮ -
ਜਦੋਂ
ਅਸੀਂ ਸਤਿਗੁਰ (ਗਿਆਨ-ਗੁਰੂ) ਅਨੁਸਾਰ, ਅਮਲੀ ਜੀਵਨੀ ਜਿਊਣ ਲੱਗ ਪੈਂਦੇ ਹਾਂ ਤਾਂ ‘ਸਤਿਗੁਰ ਕੈ
ਜਨਮੇ ਗਵਨੁ ਮਿਟਾਇਆ’ ਵਾਲਾ ਆਤਮਕ ਜਨਮ ਭਾਵ ਉਚੀ ਆਤਮਕ ਅਵਸਥਾ (ਜਾਗੇ ਮਨ ਦੀ ਅਵਸਥਾ) ਸਾਨੂੰ
ਪ੍ਰਾਪਤ ਹੁੰਦੀ ਹੈ।
ਸਰੀਰਕ ਜੀਵਨ ਜਿਊਂਦਿਆਂ ਜੋ ਮਨੁੱਖ ਸੱਚ ਤੋਂ ਮੁਨਕਰ ਵਾਲਾ ਜੀਵਨ ਜਿਊਂਦਿਆਂ
ਹਨ ਉਨ੍ਹਾਂ ਨੂੰ ਗੁਰਬਾਣੀ ’ਚ ਮੋਇਆ ਮਨ, ਆਤਮਕ ਮੋਇਆ, ਵਿਕਾਰਾਂ ’ਚ ਖੱਚਤ ਮਨ, ਮ੍ਰਿਤਕ ਅਤੇ
‘‘ਪਸੁ ਪੰਖੀ ਤਿ੍ਰਗਦ ਜੋਨਿ ਤੇ ਮੰਦਾ’’ ਕਿਹਾ ਗਿਆ ਹੈ। ‘‘ਪਸੂ ਮਾਣਸ ਚੰਮਿ ਪਲੇਟੇ’’ ਭਾਵ ਮਨੁੱਖ
ਕੋਲ ਸਰੀਰ ਤਾਂ ਮਨੁੱਖਾਂ ਵਾਲਾ ਹੈ ਪਰ ਬਿਰਤੀ, ਖਿਆਲਾਂ ਕਾਰਨ ਪਸ਼ੂ ਹੈ। ਅਜਿਹੀ ਅਵਸਥਾ ਨੂੰ ਗੁਰੂ
ਗ੍ਰੰਥ ਸਾਹਿਬ ਜੀ ਅਨੁਸਾਰ ਜੀਵਨ ਮੰਨਿਆ ਹੀ ਨਹੀਂ ਗਿਆ।
‘‘ਸੋ ਜੀਵਿਆ ਜਿਸੁ ਮਨਿ ਵਸਿਆ ਸੋਇ।।
ਨਾਨਕ ਅਵਰੁ ਨ ਜੀਵੈ ਕੋਇ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 142)
ਐਸੇ ਅਨੇਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਮੌਜੂਦ ਹਨ।
ਜਿਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਮੈਂ ‘ਕਰਤੂਤ ਪਸ਼ੂ ਕੀ ਹਾਂ’ ਪਰ
‘ਮਾਨਸ ਜਾਤ’ ਬਣਿਆ ਹੋਇਆ ਹਾਂ ਤਾਂ ਉਹ ਐਸੀ ਜੀਵਨੀ ਤੋਂ ਉੱਪਰ ਉੱਠਣ ਲਈ ‘ਸਤਿਗੁਰ’
(divine wisdom, universal truth)
ਰਾਹੀਂ ਅਵਗੁਣਾਂ ਨੂੰ ਛਡਦਾ ਜਾਂਦਾ ਹੈ ਅਤੇ ਗੁਣਾਂ ਭਰਪੂਰ ਜੀਵਨੀ ਵਾਲੀ ਸ਼ਖਸੀਅਤ ਬਣਦਾ ਜਾਂਦਾ ਹੈ।
ਇਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ‘ਸਰੀਰਕ-ਜਨਮ’ ਤੋਂ ਉੱਪਰ ਉਠ ਕੇ ‘ਆਤਮਕ ਜਨਮ’ (ਦੁਰਲਭ
ਦੇਹ) ਪ੍ਰਾਪਤ ਕਰਨਾ ਕਿਹਾ ਗਿਆ ਹੈ।
ਅਸੀਂ ਵਿਚਾਰ ਚੁਕੇ ਹਾਂ ਕਿ ਅਸੀਂ ਸਰੀਰਕ ਅੰਤ ਸਮੇਂ ਨੂੰ ਦੂਜਿਆਂ ਤੇ
ਵਾਪਰਦਾ ਵੇਖ ਸਕਦੇ ਹਾਂ ਪਰ ‘ਆਤਮਕ ਮੌਤ’ ਕਿਸੀ ਉਤੇ ਵਾਪਰਦੀ ਕੋਈ ਨਹੀਂ ਵੇਖ ਸਕਦਾ, ਉਸ ‘ਆਤਮਕ
ਮੌਤ’ ਨੂੰ ਹੀ ਅੰਤਕਾਲ, ਅੰਤ ਸਮਾਂ ਕਹਿੰਦੇ ਹਨ।
ਸੋ ਸਾਦੇ ਲਫਜ਼ਾਂ ’ਚ ਸਮਝਣਾ ਹੈ ਕਿ ਅਸੀਂ ਸਰੀਰਕ ‘ਅੰਤਕਾਲ’ ਦੂਜਿਆਂ ਉਤੇ
ਵਾਪਰਦਾ ਵੇਖ ਸਕਦੇ ਹਾਂ ਪਰ ਆਪਣੇ ਉਤੇ ਇਹ ਕਦੀ ਵੀ ਵੇਖ ਨਹੀਂ ਸਕਦੇ। ਠੀਕ ਇਸ ਦੇ ਉਲਟ ਆਪਣੇ ਉਤੇ
ਵਾਪਰਦਾ ‘ਅੰਤਕਾਲ’ (ਆਤਮਕ ਮੌਤ) ਮਹਿਸੂਸ ਕਰ ਸਕਦੇ ਹਾਂ ਪਰ ਦੂਜਿਆਂ ’ਤੇ ਆਤਮਕ ਮੌਤ (ਅੰਤਕਾਲ)
ਕਦੋਂ ਵਾਪਰ ਰਹੀ ਹੈ, ਅਸੀਂ ਨਾ ਵੇਖ ਸਕਦੇ ਹਾਂ ਨਾ ਮਹਿਸੂਸ ਕਰ ਸਕਦੇ ਹਾਂ। ਇਹੋ ਕਾਰਨ ਹੈ ਕਿ
ਮਨੁੱਖ ਦੇ ਬਾਹਰਲੇ ਸੁੰਦਰ ਸਰੀਰ ਨੂੰ ਵੇਖ ਕੇ ਨਹੀਂ ਸਮਝ ਸਕਦੇ ਕਿ ਇਸ ਦੇ ਅੰਦਰ ਕਿਹੜੇ ਮਾੜੇ
ਖਿਆਲ, ਨਕਾਰਾਤਮਕ ਵਿਚਾਰ ਚਲ ਰਹੇ ਹਨ ਤੇ ਇਹ ਕਦੋਂ, ਕੀ ਕਰੇਗਾ ?
ਜਦੋਂ ਮਨੁੱਖ, ਅੰਦਰੋਂ ਮਾੜੇ ਖਿਆਲਾਂ ਵਾਲਾ ਹੋ ਜਾਂਦਾ ਹੈ ਤਾਂ ਉਸ ਉੱਤੇ
ਆਤਮਕ ਮੌਤ (ਅੰਤਕਾਲ) ਵਾਪਰਦੀ ਹੈ। ਕਈ ਮਾੜੇ ਖ਼ਿਆਲਾਂ ਕਾਰਨ ਮਾੜੇ ਕੰਮ ਕਰਦੇ ਹਨ ਅਤੇ ਕਈ ਵਾਰ
ਸਮਾਜ ਜਾਂ ਪੁਲਿਸ ਵਲੋਂ ਫੜੇ ਜਾਂਦੇ ਹਨ। ਪੁਲਿਸ ਜਾਂ ਸਮਾਜ ਵਲੋਂ ਫੜੇ ਜਾਣ ਤੇ ਜੇ ਸਜ਼ਾ ਮਿਲੇ ਅਤੇ
ਬਦਨਾਮੀ ਹੋਵੇ ਤਾਂ ਇਹ ਸਜ਼ਾ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ। ਫੜੇ ਜਾਣ ਤੋਂ ਬਚਣ ਵਾਲੇ ਮਨੁੱਖ ਅਤੇ
ਫੜੇ ਗਏ ਮਨੁੱਖ ਦੀ ਇਸ ਅਵਸਥਾ ਨੂੰ ਜੇ ਅਧਿਆਤਮਕਤਾ ਅਤੇ ਮਾਨਸਿਕਤਾ ਦੇ (ਸਾਈਕਾਲੋਜੀ) ਨਜ਼ਰੀਏ ਨਾਲ
ਸੋਚੀਏ ਤਾਂ ਸਭ ਤੋਂ ਵੱਡੀ ਸਜ਼ਾ ਹੈ ਕਿ ‘‘ਜਦੋਂ ਮਨੁੱਖ ਆਪਣੀਆਂ ਨਜ਼ਰਾਂ ’ਚ ਆਪ ਡਿਗ ਪੈਂਦਾ ਹੈ।’’
ਬਾਹਰੋਂ-ਬਾਹਰੋਂ ਸਫੈਦ ਪੋਸ਼, ਧਰਮੀ, ਦਾਨੀ, ਪੁੰਨੀ, ਆਸਤਕ ਨਜ਼ਰ ਆਉਣ ਵਾਲੇ ਮਨੁੱਖ ਵੀ ਮਾੜੇ
ਖ਼ਿਆਲਾਂ ਕਾਰਨ ਆਪਣੀਆਂ ਨਜ਼ਰਾਂ ਤੋਂ ਡਿਗ ਪੈਂਦੇ
ਹਨ, ਉਨ੍ਹਾਂ ਲਈ ਇਹ ਵੀ ‘‘ਬਹੁਤ ਵੱਡੇ ਦਰਜੇ ਦੀ ਸਜ਼ਾ ਹੈ’’। ਮਨੁੱਖ ਨੂੰ
ਭੈੜਾ ਖ਼ਿਆਲ, ਭੈੜਾ ਫੁਰਨਾ ਫੁਰਿਆ ਤਾਂ ਸਮਝੋ ਉਹ ‘ਆਤਮਕ-ਮੌਤ’ (ਅੰਤਕਾਲ) ਦੇ ਵੱਸ ਪੈ ਗਿਆ ਹੈ।
ਇਸੇ ਅੰਤਕਾਲ (ਆਤਮਕ ਮੌਤ) ਤੋਂ ਮੁਕਤ ਅਵਸਥਾ ਨੂੰ ਵਿਚਾਰਨਾ ਹੈ।
ਸਤਿਗੁਰ ਭਾਵ ਸੱਚ ਦਾ ਗਿਆਨ ਮਨੁੱਖ ਨੂੰ ਮਾੜੇ ਖ਼ਿਆਲ, ਮਾੜੀ ਸੋਚ, ਫੁਰਨੇ
ਤੋਂ ਸੁਚੇਤ ਕਰਵਾਉਂਦਾ ਹੈ। ਮਾੜੇ ਖ਼ਿਆਲ ਆਉਣ ਮਗਰੋਂ ਮਾੜਾ ਕੀਤਾ ਕਿ ਨਹੀਂ, ਇਸ ਦੀ ਅਹਿਮੀਅਤ ਨਹੀਂ
ਹੈ। ਮਾੜਾ ਸੋਚਣਾ ਹੀ ਅੰਤਕਾਲ ਦੇ ਵਸ ਪੈਣਾ, ਆਤਮਕ ਮੌਤ ਸਹੇੜਨਾ ਹੈ। ਇਹ ਵਾਪਰਦੀ ਉਦੋਂ ਹੈ ਜਦੋਂ
ਮਨੁੱਖ ਮਨ ਕਰਕੇ ਅਚੇਤ, ਬੇਹੋਸ਼, ਸੁੱਤਾ ਹੈ। ਬਾਣੀ ਵਿਚ ਆਇਆ ਹੈ,
‘ਨਰ ਅਚੇਤ ਪਾਪ ਤੇ ਡਰੁ ਰੇ।।’
ਭਾਵ ਐ ਅਚੇਤ ਮਨੁੱਖ, ਜਾਗ। ਅੱਜ ਦੀ ਡਾਕਟਰੀ ਵੀ ਇਹੋ ਦੱਸਦੀ ਹੈ ਕਿ ਬੁਖ਼ਾਰ ਹੋਣਾ, ਕਿਸੇ ਅੰਦਰਲੀ
ਬਿਮਾਰੀ ਦਾ ਚਿੰਨ੍ਹ ਹੈ। ਅੰਦਰ ਗੜਬੜ ਹੈ, ਬੀਮਾਰੀ ਅੰਦਰ ਹੈ। ਬਾਹਰੋਂ ਠੰਡੀ ਪੱਟੀ ਰੱਖਣ ਨਾਲ
ਅੰਦਰੋਂ ਬਿਮਾਰੀ ਨਹੀਂ ਜਾਂਦੀ। ਠੀਕ ਇਸੇ ਤਰ੍ਹਾਂ ਬਾਹਰਲੇ ਕਰਮ ਕਾਂਡ, ਜਪ-ਤਪ ਕਰਨ ਨਾਲ ਮਨੁੱਖ ਦੇ
ਅੰਦਰਲੇ ਰੋਗ ਠੀਕ ਨਹੀਂ ਹੁੰਦੇ। ਕਰਮ ਕਾਂਡਾਂ ਰਾਹੀਂ ਮਨੁੱਖ ਥੋੜੀ ਦੇਰ ਲਈ, ਠੰਡੀ ਪੱਟੀ ਦੇ ਥੋੜ
ਚਿਰੇ ਅਸਰ ਵਾਂਗੂੰ, ਠੀਕ ਮਹਿਸੂਸ ਕਰਦਾ ਹੈ ਪਰ ਮਾਨਸਕ ਅਤੇ ਆਤਮਕ ਤੌਰ ’ਤੇ ਗੜਬੜੀ ਅੰਦਰ ਹੈ।
ਸੱਚਾ ਧਰਮ, ਸਤਿਗੁਰ ਅੰਦਰ ਦੀ (ਮਨ ਦੀ) ਬੀਮਾਰੀ ਦੂਰ ਕਰਦਾ ਹੈ ਤਾ ਕਿ ਮਨੁੱਖ ‘ਅੰਤਕਾਲ’ (ਆਤਮਕ
ਮੌਤ) ਦੇ ਵੱਸ ਪੈ ਕੇ ‘ਆਤਮਘਾਤੀ’ ਨਾ ਬਣੇ।
ਜਿਵੇਂ ਅੰਦਰੋਂ ਬੀਮਾਰੀ ਦੂਰ ਕਰਣ ਲਈ ਡਾਕਟਰ ਦਾਰੂ ਦਿੰਦਾ ਹੈ, ਉਸੀ
ਤਰ੍ਹਾਂ ਮਨ ਦੇ ਰੋਗਾਂ ਦੀ ਬਿਮਾਰੀ ਕਾਰਨ ਆਤਮਕ ਮੌਤ (ਅੰਤਕਾਲ) ਤੋਂ ਬਚਣ ਦਾ ਤਰੀਕਾ, ‘ਸਤਿਗੁਰ’
ਸਮਝਾਉਂਦਾ ਹੈ ਤੇ ਮਨੁੱਖ ਨੂੰ ‘ਜੀਵਨ ਮੁਕਤ’ ਭਾਵ ਆਤਮਕ ਰੋਗਾਂ (ਵਿਕਾਰਾਂ) ਤੋਂ ਮੁਕਤ ਕਰਾਉਂਦਾ
ਹੈ।
ਸਰੀਰਕ ਅੱਖਾਂ ਰਾਹੀਂ ਮਨੁੱਖ ਆਪਣੀ ਆਤਮਕ ਮੌਤ ਨੂੰ ਨਹੀਂ ਵੇਖ ਸਕਦਾ ਤੇ ਨਾ
ਹੀ ‘ਸਰੀਰਕ ਮੌਤ’
ਨੂੰ ਵੇਖਣ ਦੀ ਸਮਰਥਾ ਰਖਦਾ ਹੈ। ਆਪਣੇ ਉੱਤੇ ‘ਆਤਮਕ ਮੌਤ’ ਕਦੋਂ-ਕਦੋਂ
ਵਾਪਰਨ ਵਾਲੀ ਹੈ ਉਸਨੂੰ ਕੇਵਲ ਦੂਰਅੰਦੇਸ਼ੀ ਦੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ। ਉਹ
‘ਗਿਆਨ-ਅੰਜਨ’ ਵਾਲੀਆਂ ਅੱਖਾਂ ਮਨੁੱਖ ਨੂੰ ‘ਸਤਿਗੁਰ’ ਰਾਹੀਂ ਪ੍ਰਾਪਤ ਹੁੰਦੀਆਂ ਹਨ।
ਮਨੁੱਖ ਵਿਚਾਰਨ ਯੋਗ ਹੋ ਜਾਂਦਾ ਹੈ ਕਿ ‘ਕਿਹੜੇ-ਕਿਹੜੇ ਕਾਰਨਾਂ ਕਰਕੇ ਮੇਰੇ
’ਤੇ ‘ਆਤਮਕ ਮੌਤ’ ਵਾਪਰਦੀ ਹੈ। ਭਾਵ ਕਿਵੇਂ-ਕਿਵੇਂ ਮੇਰੇ ’ਤੇ ‘ਅੰਤਕਾਲ’ ਵਾਪਰਦਾ ਹੈ। ਸਰੀਰਕ ਮੌਤ
ਤੋਂ ਤਾਂ ਕੋਈ ਬਚ ਨਹੀਂ ਸਕਦਾ ਲੇਕਿਨ ਮਨੁੱਖ ‘ਆਤਮਕ-ਮੌਤ’ (ਅੰਤਕਾਲ) ਤੋਂ ਬਚ ਸਕਦਾ ਹੈ।
ਹਥਲੀ ਵਿਚਾਰ ਨੂੰ ਹੋਰ ਡੂੰਘਾਈ ਵਿਚ ਸਮਝਣ ਅਤੇ ਜਿਊਣ ਲਈ ਇਸ ਵਿਸ਼ੇ ਨਾਲ
ਸੰਬੰਧਿਤ ਕੁਝ ਸ਼ਬਦਾਂ ਦੀ ਵਿਸਥਾਰ ਸਹਿਤ ਗੁਰਬਾਣੀ ਵਿਆਕਰਨ ਦੇ ਨਿਯਮਾਂ ਅਤੇ ਗੁਰਮਤ ਸਿਧਾਂਤਾਂ
ਤਹਿਤ ਵਿਚਾਰ ਕਰਦੇ ਹਾਂ।
ਗੋਂਡ।। ਨਰੂ ਮਰੈ ਨਰੁ ਕਾਮਿ ਨ ਆਵੈ।। ਪਸੂ ਮਰੈ ਦਸ ਕਾਜ ਸਵਾਰੈ।।੧।।
ਅਪਨੇ ਕਰਮ ਕੀ ਗਤਿ ਮੈ
ਕਿਆ ਜਾਨਉ।। ਮੈ ਕਿਆ ਜਾਨਉ ਬਾਬਾ ਰੇ।।੧।।ਰਹਾਉ।। ਹਾਡ ਜਲੇ ਜੈਸੇ ਲਕਰੀ
ਕਾ ਤੂਲਾ।। ਕੇਸ ਜਲੇ
ਜੈਸੇ ਘਾਸ ਕਾ ਪੂਲਾ।।੨।। ਕਹੁ ਕਬੀਰ ਤਬ ਹੀ ਨਰੁ ਜਾਗੈ।। ਜਮ ਕਾ ਡੰਡੁ
ਮੂੰਡ ਮਹਿ ਲਾਗੇ।।੩।।੨।।
(ਗੁਰੂ ਗ੍ਰੰਥ ਸਾਹਿਬ, ਪੰਨਾ : 870)
ਇਸ ਸ਼ਬਦ ਬਾਰੇ ਆਮ ਤੌਰ ’ਤੇ ਸਮਝਿਆ ਜਾਂਦਾ ਹੈ ਕਿਮਨੁੱਖ (ਨਰ) ਮਰਨ ਤੋਂ
ਬਾਅਦ ਕਿਸੀ ਕੰਮ ਨਹੀਂ ਆਉਂਦਾ ਪਰ ਪਸ਼ੂ ਮਰਨ ਮਗਰੋਂ ਵੀ ਦਸ ਕਾਜ ਸੰਵਾਰ ਦਿੰਦਾ ਹੈ। ਰਹਾਉ ਪਦੇ
ਬਾਰੇ ਸਮਝਿਆ ਜਾਂਦਾ ਹੈ ਕਿ ਮੈਂ ਆਪਣੇ ਕਰਮਾਂ ਕਾਰਨ ਮਰਨ ਮਗਰੋਂ ਕੀ ਬਣਾਂਗਾ। ਮੈਨੂੰ ਮੇਰੇ ਕਰਮਾਂ
ਦੀ ਗਤੀ ਬਾਰੇ ਨਹੀਂ ਪਤਾ। ਹੱਡੀਆਂ ਤੇ ਕੇਸ ਕਿਵੇਂ ਲਕੜੀ, ਘਾਹ ਵਾਂਗੂੰ ਸੜ ਜਾਂਦੇ ਹਨ। ਮਨੁੱਖ
(ਨਰ) ਤਦੋਂ ਜਾਗਦਾ ਹੈ ਜਦੋਂ ਮਰਨ ਮਗਰੋਂ ਇਸਨੂੰ ਜਮਾਂ ਦੀ ਮਾਰ ਪੈਂਦੀ ਹੈ।
ਜੋ ਅਰਥ ਹੁਣ ਤਕ ਪ੍ਰਚਲਤ ਹਨ ਜਾਂ ਬਹੁਤਾਤ ਵਿਚ ਲੋਕੀ ਮੰਨਦੇ ਹਨ, ਆਓ,
ਉਨ੍ਹਾਂ ਅਰਥਾਂ ਮੁਤਾਬਿਕ ਕੁਝ ਸਵਾਲ ਆਪਣੇ ਆਪ ਨੂੰ ਪੁਛ ਕੇ ਵੇਖੀਏ :-
1. ਮਨੁੱਖ ਮਰਨ ਮਗਰੋਂ ਕੰਮ ਨਹੀਂ ਆਉਂਦਾ ਪਰ ਅੱਜ ਦੇ ਸਮੇਂ ਵਿਚ ਮਨੁੱਖ
ਆਪਣੀਆਂ ਅੱਖਾਂ, ਗੁਰਦੇ, ਫੇਫੜੇ ਜਾਂ ਤਨ ਦੇ ਹੋਰ ਅੰਗ ਮਰਨ ਮਗਰੋਂ ਕਿਸੇ ਹੋਰ ਮਨੁੱਖ ਲਈ ਦੇਣਾ
ਚਾਹੁੰਦਾ ਹੈ ਤਾਂ ਦੇ ਸਕਦਾ ਹੈ। ਇਸਦਾ ਮਤਲਬ ਸਾਫ ਹੈ ਕਿ ਮਨੁੱਖ ਦੇ ਕਈ ਅੰਗ ਮਰਨ ਮਗਰੋਂ ਕੰਮ
ਆਉਂਦੇ ਹਨ।
ਹੁਣ ਵਿਚਾਰਨਾ ਪਵੇਗਾ ਕਿ ਸਾਡੇ ਵਲੋਂ (ਬਹੁਤਤਾ ’ਚ) ਸਮਝੇ ਅਰਥ ਗਲਤ ਹੋ
ਸਕਦੇ ਹਨ ਪਰ ਗੁਰਬਾਣੀ ਨੂੰ ਕੋਈ ਵੀ ਨਹੀਂ ਝੁਠਲਾ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਦਲੀਲ ਭਰਪੂਰ, ਹਕੀਕਤ ਤੌਰ ’ਤੇ ਨਿਰੋਲ ਖਰਾ ਸੱਚ ਹੈ। ਸੋ ਸਾਨੂੰ ਹੁਣ ਸਮਝਨਾ ਪਵੇਗਾ ਕਿ ‘‘ਨਰੂ
ਮਰੈ ਨਰ ਕਾਮ ਨ ਆਵੈ’’
ਸ਼ਬਦ ਦੇ ਕੀ ਅਰਥ ਕਰੀਏ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ੍ਰੀਵ ਭਾਵ
ਅਰਥ ਤਕ ਪੁਜ ਸਕੀਏ।
2. ਮਰਨ ਮਗਰੋਂ ਗਤੀ ਬਾਰੇ ਕੋਈ ਵੀ ਨਹੀਂ ਜਾਣਦਾ ਪਰ ਮਨੁੱਖ ਜੇ ਅੱਜ ਆਪਣੇ
ਅੰਦਰ ਚਲ ਰਹੇ ਚੰਗੇ-ਮੰਦੇ ਖ਼ਿਆਲਾਂ ਦੀ ਪੜਚੋਲ ਕਰੇ ਤਾਂ ਪਤਾ ਲਗ ਜਾਂਦਾ ਹੈ ਕਿ ਉਹ ਕਿਸ ਕਿਸਮ ਦੀ
ਜੀਵਨੀ ਜਿਊ ਰਿਹਾ ਹੈ ਤੇ ਕਿਸ ਕਿਸਮ ਦੀ ਜੀਵਨੀ ਵਲ ਵਧ ਰਿਹਾ ਹੈ। ਇਨਸਾਨੀਅਤ ਭਰਪੂਰ ਜੀਵਨੀ ਵੱਲ
ਜਾਂ ਪਸ਼ੁਤਾ ਵਾਲੀ ਜੀਵਨੀ ਵੱਲ, ਇਸੇ ਆਤਮਕ ਅਵਸਥਾ (ਗਤੀ) ਬਾਰੇ ਵਿਚਾਰਨਾ ਹੈ।
3. ਜਦੋਂ ਮਿਰਤਕ ਸਰੀਰ ਨੂੰ ਜਲਾਇਆ ਜਾਂਦਾ ਹੈ ਤਾਂ ਹੱਡੀਆਂ ਅਤੇ ਕੇਸ, ਤਨ
ਸਮੇਤ ਜਲਨੇ ਹੀ ਹਨ ਪਰ ਜੋ ਦਫਨਾਉਂਦੇ ਹਨ ਜਾਂ ਪਸ਼ੂ ਪੰਛੀਆਂ ਨੂੰ ਪਾ ਦਿੰਦੇ ਹਨ ਜਾਂ ਪਾਣੀ ’ਚ
ਪਰਵਾਹ ਕਰ ਦਿੰਦੇ ਹਨ, ਕੀ ਇਹ ਸ਼ਬਦ ਉਨ੍ਹਾਂ ਤੇ ਨਹੀਂ ਢੁਕਦਾ? ਹਾਂ, ਪਰ ਗੁਰਬਾਣੀ ‘ਸਾਂਝੀ ਸਗਲ
ਜਹਾਨੈ’ ਸਭ ਮਨੁੱਖਾਂ ਲਈ ਸਤਿਗੁਰ ਦ੍ਰਿੜ ਕਰਾਉਂਦੀ ਹੈ ਤਾਂ ਫਿਰ ਇਸਦੇ ਅਰਥ ਕੇਵਲ ਹੱਡੀਆਂ, ਕੇਸ
ਜਲਣ (ਸੜਨ) ਨਾਲ ਸੰਬੰਧਿਤ ਨਹੀਂ, ਇਸ ਪੰਕਤੀ ਦੇ ਭਾਵਅਰਥ ਜੇਕਰ ਆਤਮਕ ਅਵਸਥਾ ਤੇ ਢੁਕਾ ਕੇ ਸਮਝੇ
ਜਾਣ ਤਾਂ ਅਸੀਂ ਆਪਣਾ ਜੀਵਨ, ਉੱਚਤਾ ਭਰਪੂਰ ਬਣਾ ਸਕਦੇ ਹਾਂ।
4. ‘ਨਰ ਜਾਗੈ’ ਦੇ ਅਰਥ ਆਮ ਤੌਰ ’ਤੇ ਸਮਝੇ ਜਾਂਦੇ ਹਨ ਕਿ ‘‘ਮਰਨ ਮਗਰੋਂ
ਜਦੋਂ ਜਮ ਦਾ ਡੰਡਾ ਮਨੁੱਖ ਦੇ ਮੂੰਹ, ਸਿਰ ਤੇ ਵਜਦਾ ਹੈ ਤਦੋਂ ਉਹ ਜਾਗਦਾ ਹੈ।’’ ਵਿਚਾਰਨਾ ਹੈ
ਕਿ ਮਰਨ ਮਗਰੋਂ ਤੇ ਮੰਨਦੇ ਹਨ ਕਿ ਤਨ ਨਾਲ ਜਾਂਦਾ ਹੀ ਨਹੀਂ ਕੇਵਲ ਜੀਵਾਤਮਾ ਜਾਂਦੀ ਹੈ। ਉਸਦਾ ਨਾ
ਤਾਂ ਸਿਰ ਹੁੰਦਾ ਹੈ ਨਾ ਮੂੰਹ, ਫਿਰ ਜਮ ਡੰਡਾ ਕਿਥੇ ਮਾਰਦੇ ਹਨ ? ਇਹ ਸ਼ਬਦ ਗੁਰੂ ਗ੍ਰੰਥ
ਸਾਹਿਬ ’ਚ ਦਰਜ ਹੈ ਇਸ ਕਰਕੇ ਗਲਤ ਵੀ ਨਹੀਂ ਹੋ ਸਕਦਾ ਅਤੇ ਨਾ ਹੀ ਝੁਠਲਾਇਆ ਜਾ ਸਕਦਾ ਹੈ। ਸੋ,
ਇਸਦੇ ਭਾਵ ਅਰਥ ਸਮਝਣੇ ਵਿਚਾਰਨੇ ਚਾਹੀਦੇ ਹਨ ਕਿ ਮਨੁੱਖ ਨੂੰ ਸਰੀਰਕ ਜੀਵਨ ਵਿਚ ਜਿਊਂਦੇ ਜੀਅ ਹੀ,
ਆਤਮਕ, ਮਾਨਸਕ ਤੌਰ ’ਤੇ ਜਮਾਂ (ਵਿਕਾਰਾਂ) ਦਾ ਡੰਡਾ ਵਜਦਾ ਰਹਿੰਦਾ ਹੈ। ਮਨੁੱਖ ਤਦੋਂ ਪਛਤਾਉਂਦਾ
ਹੈ ਜਦੋਂ ਵਿਕਾਰਾਂ ਵਸ ਖੱਚਤ ਹੋਣ ਕਰਕੇ ਖ਼ੁਆਰ, ਅਸ਼ਾਂਤ ਜੀਵਨ ਜਿਊਂਦਾ ਹੈ। ਕਬੀਰ ਸਾਹਿਬ ਮਨੁੱਖ
ਨੂੰ ਸੁਚੇਤ ਕਰਵਾ ਰਹੇ ਹਨ ਕਿ ‘ਐਸੇ ਮੰਦੇ ਕਰਮਾਂ, ਖਿਆਲਾਂ ਵਾਲੀ ਜੀਵਨੀ ਨਾ ਜੀਅ, ਜਿਸ ਨਾਲ
ਮੁੜ-ਮੁੜ ਪਛਤਾਉਣਾ ਪਵੇ’। ਆਉ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਅਤੇ
ਕੁਦਰਤ ’ਚ ਵਾਪਰ ਰਹੇ ਰੱਬੀ ਨਿਯਮਾਂ ਨੂੰ ਵਿਚਾਰ ਕੇ ਸਾਰੇ ਸ਼ਬਦ ਦੇ ਅੰਤ੍ਰੀਵ ਭਾਵ ਅਰਥਾਂ ਨੂੰ
ਵਿਚਾਰ ਕੇ ਦੇਖੀਏ :-
ਪਦਾ ਰਹਾਉ :-
ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ।।
ਮੈ ਕਿਆ ਜਾਨਉ ਬਾਬਾ ਰੇ।।੧।।ਰਹਾਉ।।
ਰਹਾਉ:- ਮੈਨੂੰ ਨਹੀਂ ਪਤਾ ਕਿ ਮੇਰੇ ਕਰਮਾਂ, ਖ਼ਿਆਲਾਂ, ਸੋਚਣੀ ਕਾਰਨ ਮੇਰੀ
ਆਤਮਕ ਅਵਸਥਾ (ਗਤੀ) ਕੀ ਬਣਦੀ ਹੈ। ਭਾਵ ਆਪਣੇ ਖ਼ਿਆਲਾਂ, ਕਰਮਾਂ ਅਤੇ ਸੋਚਣੀ ਕਾਰਨ ਮੈਂ ਕੈਸੀ
ਜੀਵਨੀ ਵਲ ਵੱਧ ਰਿਹਾ ਹਾਂ, ਮੈਨੂੰ ਆਪਣੀ ਗਤੀ ਬਾਰੇ ਕੋਈ ਸੋਝੀ ਨਹੀਂ।
ਪਦਾ ਪਹਿਲਾ :-
ਨਰੂ ਮਰੈ ਨਰੁ ਕਾਮਿ ਨ ਆਵੈ।। ਪਸੂ
ਮਰੈ ਦਸ ਕਾਜ ਸਵਾਰੈ।।੧।। ਜੇ ਕਰ ਮੇਰੇ ਅੰਦਰੋਂ
ਮਨੁੱਖਤਾ (ਇਨਸਾਨੀਅਤ) ਮਰ ਜਾਂਦੀ ਹੈ ਤਾਂ ਮੈਂ ਕਿਸੇ ਕੰਮ ਜੋਗਾ ਨਹੀਂ ਅਤੇ ਜੇ ਕਰ ਮੇਰੇ ਅੰਦਰੋਂ
ਪਸ਼ੂ ਬਿਰਤੀ ਭੈੜੇ ਖਿਆਲ, ਫੁਰਨੇ, ਭੈੜੀਆਂ ਕਰਨੀਆਂ ਵਾਲੀ ਮਤ ਮਰ ਜਾਂਦੀ ਹੈ। ਭਾਵ ਮੈਂ ਆਪਣੀ
ਸੁਰਤ, ਮਤ, ਮਨ, ਬੁਧ ਨੂੰ ਸਤਿਗੁਰ (ਗਿਆਨ-ਗੁਰੂ) ਰਾਹੀਂ ਕਾਬੂ ਕਰ ਲੈਂਦਾ ਹਾਂ ਤਾਂ ਮਨੁੱਖਤਾ ਦੇ
ਭਲੇ ਲਈ ਦਸ (ਕਈ) ਕੰਮ ਸੰਵਾਰ ਸਕਦਾ ਹਾਂ। ਆਪਣੇ ਆਪ ਨੂੰ ਸਰਬਤ ਦੇ ਭਲੇ ਵਲ ਤੋਰ ਸਕਦਾ ਹਾਂ।
ਪਦਾ ਦੂਜਾ :
ਹਾਡ ਜਲੇ ਜੈਸੇ ਲਕਰੀ ਕਾ ਤੂਲਾ।। ਕੇਸ
ਜਲੇ ਜੈਸੇ ਘਾਸ ਕਾ ਪੂਲਾ।।੨।। ਦੁਨਿਆਵੀ ਇੱਜ਼ਤ,
ਪ੍ਰਤਿਸ਼ਠਾ ਨੂੰ ਸੰਭਾਲਣ ਲਈ ਜਦੋਂ ਮਨੁੱਖ ਝੂਠ, ਫਰੇਬ ਅਤੇ ਚਤੁਰਾਈਆਂ ਦਾ ਸਹਾਰਾ ਲੈਂਦਾ ਹੈ, ਉਹ
ਇੰਜ ਹੀ ਹੈ ਜਿਵੇਂ ਸਰੀਰ ਨੂੰ ਖੜਾ ਰੱਖਣ ਲਈ ਹੱਡੀਆਂ। ਜਿਵੇਂ ਸਰੀਰ ਹੱਡੀਆਂ ਕਾਰਨ ਖੜਾ ਰਹਿੰਦਾ
ਹੈ, ਉਸੀ ਤਰ੍ਹਾਂ ਝੂਠ ਫਰੇਬ ਨਾਲ ‘ਵੱਡਾ ਦੁਨੀਦਾਰ’ ਬਣਨ ਲਈ ਸਮਾਜਕ ਬੇਲੋੜੇ ਰੀਤ-ਰਿਵਾਜ਼
ਨਿਭਾਉਂਦੇ ਹੋਏ ਅਸੀਂ ਆਪਣਾ ਦਿਖਾਵੇ ਦਾ ਰੁਤਬਾ ਬਣਾਈ ਰਖਦੇ ਹਾਂ। ਗੁਰਬਾਣੀ ਵਿਚ ‘ਕੇਸ’ ਮਤ ਦਾ
ਪ੍ਰਤੀਕ ਹਨ। ਆਤਮਕ ਜੀਵਨ ਜਿਊਣ ਲਈ ਇਹ ਉਸਤਤ ਨਿੰਦਾ ਰੂਪੀ ਭੈੜੇ ਖਿਆਲਾਂ, ਕਰਮਾਂ ਦੀਆਂ ਹੱਡੀਆਂ
ਤੇ ਭੈੜੀ ਮਤ (ਕੇਸ) ਕੋਈ ਸਾਥ ਨਹੀਂ ਦਿੰਦੇ ਭਾਵ ਤ੍ਰਿਸ਼ਨਾ ਦੀ ਅੱਗ ਵਿਚ ਸੜ ਜਾਂਦੇ ਹਨ।
ਪਦਾ ਤੀਜਾ :
ਕਹੁ ਕਬੀਰ ਤਬ ਹੀ ਨਰੁ ਜਾਗੈ।। ਜਮ
ਕਾ ਡੰਡੁ ਮੂੰਡ ਮਹਿ ਲਾਗੈ।।੩।। ‘ਜੰਮ ਕਾ
ਡੰਡੁ ਮੂੰਡ ਮਹਿ ਲਾਗੈ’ ਦਾ ਭਾਵ ਅਰਥ ਹੈ ਕਿ ਜਦੋਂ ਮਨੁੱਖ ਅੰਦਰੋਂ ਵਿਕਾਰਾਂ ਵੱਸ ਆਪਣੇ ਖ਼ਿਆਲਾਂ
ਅਤੇ ਸੋਚਣੀ ਕਾਰਨ ਦੁਖੀ ਹੁੰਦਾ ਹੈ ਤਾਂ ਪਛਤਾਉਂਦਾ ਹੈ। ‘ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ
ਅਉਗਨੁ ਕਰੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1376) ਇਸ ਪੰਕਤੀ ਅਨੁਸਾਰ ਮਨੁੱਖ ਜਾਣਦਿਆਂ ਹੋਇਆਂ
ਵੀ ਭੈੜੇ ਖ਼ਿਆਲਾਂ ਅਤੇ ਫੁਰਨਿਆਂ ਕਾਰਨ ਵਿਕਾਰਾਂ ਵਿਚ ਖੱਚਤ ਰਹਿੰਦਾ ਹੈ। ਕਬੀਰ ਜੀ ਫੁਰਮਾਉਂਦੇ ਹਨ
ਕਿ ਬੜੇ ਅਫਸੋਸ ਦੀ ਗੱਲ ਹੈ ਕਿ ਮਨੁੱਖ ਉਦੋਂ ਜਾਗਦਾ ਹੈ, ਹੋਸ਼ ’ਚ ਆਉਂਦਾ ਹੈ ਜਦੋਂ ਝੂਠ, ਫਰੇਬ,
ਪਸ਼ੂ ਬਿਰਤੀ ਕਾਰਨ ਇਸ ਉਤੇ ‘ਆਤਮਕ ਮੌਤ’ ਵਾਪਰਦੀ ਹੈ ਭਾਵ ਵਿਕਾਰ ਰੂਪੀ ਜਮ ਇਸ ਨੂੰ ਭਟਕਾਉਂਦੇ,
ਖ਼ੁਆਰ ਅਤੇ ਅਸ਼ਾਂਤ ਕਰਦੇ ਰਹਿੰਦੇ ਹਨ। ਇਹ ਅਸ਼ਾਂਤ ਜੀਵਨ ਹੀ ਆਪਣੇ ਆਪ ਵਿਚ ਸਜ਼ਾ ਹੈ।
ਜੇਕਰ ਮਨੁੱਖ ਨੂੰ ਇਹ ਮਹਿਸੂਸ ਹੋ ਜਾਵੇ ਕਿ ਮੇਰੇ ਅਸ਼ਾਂਤ ਜੀਵਨ ਦਾ, ਦੁਖੀ
ਜੀਵਨ ਦਾ ਕਾਰਨ, ਮੇਰੀ ਪਸ਼ੂ ਬਿਰਤੀ ਹੀ ਹੈ ਤਾਂ ਉਹ ਆਪਣੀ ਆਤਮਕ ਅਵਸਥਾ ਦੀ ਗਤੀ ਬਾਰੇ ਜਾਣ ਸਕਦਾ
ਹੈ ਕਿ ਮੇਰੀ ਆਤਮਕ ਜੀਵਨੀ ਪਸ਼ੁਤਾ ਵਲ ਵੱਧ ਰਹੀ ਹੈ ਜਾਂ ਇਨਸਾਨੀਅਤ ਵੱਲ।
ਗੁਰੂ ਗ੍ਰੰਥ ਸਾਹਿਬ ਵਿਚ ਪ੍ਰੋਢਾਵਾਦ ਦੇ ਢੰਗ ਨਾਲ ਅਨੇਕ ਪ੍ਰਮਾਣ, ਪ੍ਰਤੀਕ
ਵਰਤ ਕੇ ਮਨੁੱਖ ਨੂੰ ਅੰਤਕਾਲ, ਅੰਤ ਕੀ ਵਾਰ, ਅੰਤ ਕੀ ਬੇਲਾ, ਅਬ ਕੀ ਵਾਰ (ਆਤਮਕ ਮੌਤ) ਬਾਰੇ
ਸੁਚੇਤ ਕਰਵਾਇਆ ਗਿਆ ਹੈ। ਅਸੀਂ ਮਨ ਕਰਕੇ ਸੁੱਤੇ ਰਹਿੰਦੇ ਹਾਂ ਅਤੇ ਵਿਕਾਰਾਂ ਕਾਰਨ ਦੁਖੀ ਜੀਵਨ
ਬਿਤਾਉਂਦੇ ਹਾਂ। ਐਸੇ ਜੀਵਨ ਤੋਂ ਕੇਵਲ ਸਤਿਗੁਰ (ਸੱਚ ਦੇ ਗਿਆਨ) ਰਾਹੀਂ ਹੀ ਜਾਗਿਆ ਜਾ ਸਕਦਾ ਹੈ।
ਸਰੀਰਕ ਮੌਤ ਤੋਂ ਤਾਂ ਮਨੁੱਖ ਬਚ ਨਹੀਂ ਸਕਦਾ ਪਰ ਆਤਮਕ-ਮੌਤ (ਅੰਤਕਾਲ) ਤੋਂ
ਸੱਚੇ ਗਿਆਨ (‘ਸਤਿਗੁਰ’) ਰਾਹੀਂ ਮਨੁੱਖ ਬਚ ਸਕਦਾ ਹੈ। ਉਹ ਗਿਆਨ-ਗੁਰੂ ‘ਵੈਦ’ ਹੈ
‘‘ਮੇਰਾ ਬੈਦੁ ਗੁਰੂ ਗੋਵਿੰਦਾ।। ਹਰਿ
ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ।।’’
(ਗੁਰੂ ਗ੍ਰੰਥ ਸਾਹਿਬ, ਪੰਨਾ : 618) ਸਤਿਗੁਰ ਅਨੁਸਾਰ ਜੀਵਨ ਜਿਊਣ ਨਾਲ ਜਮਾਂ (ਵਿਕਾਰਾਂ,
ਅੰਤਕਾਲ, ਆਤਮਕ-ਮੌਤ) ਬਾਰੇ ਸੋਝੀ ਹੋ ਜਾਂਦੀ ਹੈ ਤੇ ਮਨੁੱਖ ਇਨ੍ਹਾਂ ਜਮਾਂ ਦੀ ਫਾਹੀ ਤੋਂ ਛੁੱਟ
ਜਾਂਦਾ ਹੈ।
ਯਾਦ ਰਖਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਅੰਤਕਾਲ’ ਮਨੁੱਖ ਦੇ
ਸਰੀਰਕ ਮਰਨ ਬਾਰੇ ਨਹੀਂ ਬਲਕਿ ਮਨੁੱਖ ਦੇ ‘ਮਨ ਦੀ ਮਾੜੀ ਅਵਸਥਾ’ ਬਾਰੇ ਆਇਆ ਹੈ।
1. ਆਤਮਕ ਨੀਵੀਂ ਅਵਸਥਾ :-
1. ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ।। (ਗੁਰੂ ਗ੍ਰੰਥ
ਸਾਹਿਬ, ਪੰਨਾ : 88)
2. ਆਖਾ ਜੀਵਾ ਵਿਸਰੈ ਮਰਿ ਜਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ :
9)
3. ਸੋ ਜੀਵਿਆ ਜਿਸੁ ਮਨ ਵਸਿਆ ਸੋਇ।। ਨਾਨਕ ਅਵਰੁ ਨ ਜੀਵੈ ਕੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ : 142)
ਇਨ੍ਹਾਂ ਪ੍ਰਮਾਣਾਂ ਅਨੁਸਾਰ ਜਦੋਂ ਮਨੁੱਖ ਦੁਰਮਤ ਦਾ ਧਾਰਣੀ ਹੋ
ਕੇ ਵਿਕਾਰਾਂ ਵਸ ਪਿਆ, ਮੰਦੇ ਖ਼ਿਆਲਾਂ, ਕਰਮਾਂ ’ਚ ਖਚੱਤ ਰਹਿੰਦਾ ਹੈ ਤਾਂ ਇਸ ਕਿਸਮ ਦੀ
ਨੀਵੀਂ ਆਤਮਕ (ਮਨ ਦੀ) ਅਵਸਥਾ ਨੂੰ ਆਤਮਕ-ਮੌਤ (ਅੰਤਕਾਲ) ਕਹਿੰਦੇ ਹਨ।
2. ਆਤਮਕ ਉਚੀ ਅਵਸਥਾ :- ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ
ਹੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 554) ਸਤਿਗੁਰ ਭਾਵ ਸੱਚ ਦੇ ਗਿਆਨ ਅਨੁਸਾਰ ਬਿਬੇਕ ਬੁੱਧੀ
ਵਾਲਾ ਜੀਵਨ ਜਿਊਣਾ ਅਤੇ ਦੁਰਮਤ ਵਲੋਂ ਮਰ ਜਾਣਾ ਹੀ ‘ਉੱਚੀ ਆਤਮਕ ਅਵਸਥਾ’ ਕਹਿਲਾਉਂਦਾ ਹੈ - ਐਸੀ
ਅਵਸਥਾ ਨੂੰ ‘‘ਜੀਵਤਮਰਨ’’ ਕਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਰਾਹੀਂ ਪਰਖ ਦੀ ਕਸਵੱਟੀ ਤੇ ਵੇਖੀਏ
ਤਾਂ ਗੁਰ ਤੇ ਮਹਲ ਪਰਾਪਤੇ, ਬੈਕੁੰਠ, ਸਚਖੰਡ, ਪਰਲੋਕ, ਸਵਰਗ, ਬੇਗ਼ਮਪੁਰਾ, ਅਬਿਚਲ ਨਗਰ,
ਕਰਤਾਰਪੁਰ, ਅਮ੍ਰਿਤ-ਸਰ ’ਚ ਚੁਭੀ ਲਾਉਣਾ, ਗੁਰ-ਸਰ ਆਦਿ ਲਫ਼ਜ਼ ਉੱਚੀ ਆਤਮਕ ਅਵਸਥਾ ਦੇ ਪ੍ਰਤੀਕ ਹਨ।
ਇਸੇ ਤਰ੍ਹਾਂ ਮਨੁੱਖ ਦੇ ਮਨ ਦੀ ‘ਨੀਵੀਂ ਆਤਮਕ ਅਵਸਥਾ’ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਰਕ
ਬਿਸ੍ਰਾਮੰ, ਨਰਕੇ ਘੋਰ ਪਵੰਨ, ਦੋਜ਼ਖ਼, ਜਮਾਂ ਦੇ ਵਸ ਪੈਣਾ, ਜਮਰਾਜ ਵਸ ਪੈਣਾ, ਲੇਖਾ ਪੈਣਾ,
ਚਿਤ੍ਰਗੁਪਤ, ਪਤ ਗਵਾਉਣਾ ਇਤਿਆਦ ਲਫ਼ਜ਼ਾਂ ਰਾਹੀਂ ਸਮਝਾਇਆ ਗਿਆ ਹੈ। ਦੋਨੋਂ (ਉਚੀ ਤੇ ਨੀਵੀਂ)
ਦਸ਼ਾਵਾਂ ਮਨੁੱਖ ਦੇ ਜਿਊਂਦੇ ਜੀਅ, ਇਸੇ ਜੀਵਨ ਬਾਰੇ ਹਨ, ਨਾ ਕਿ ਸਰੀਰਕ ਮਰਨ ਮਗਰੋਂ ਕਿਸੇ ਥਾਂ ਤੇ
ਅਪੜਨ ਬਾਰੇ।
ਹੱਥਲੀ ਪੁਸਤਕ ਵਿਚ ਹੁਣ ਤਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ
ਸ਼ਬਦਾਂ ਅਨੁਸਾਰ ਵਿਚਾਰਿਆ ਹੈ ਕਿ ਗੁਰਮਤ ਸਿਧਾਂਤ ਅਨੁਸਾਰ ਜਨਮ-ਮਰਨ, ਅੰਤਕਾਲ, ਆਵਾਗਵਨ, ਕਰਤੂਤ
ਪਸ਼ੂ ਕੀ ਮਾਨਸ ਜਾਤ ਕੀ ਹੈ। ਸੋ ਸਾਰੀ ਵਿਚਾਰ ਤੋਂ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ
ਸਰੀਰਕ ਮੌਤ ਦੇ ਸਮੇਂ ਨੂੰ ‘ਅੰਤਕਾਲ’ ਨਹੀਂ ਬਲਕਿ ‘ਆਤਮਕ ਮੌਤ’ (ਨਿਤ-ਨਿਤ) ਮਰਨ ਦੀ ਬਿਰਤੀ ਨੂੰ
‘ਅੰਤਕਾਲ’ ਕਹਿੰਦੇ ਹਨ। ਮਨੁੱਖ ਦੀ ਸੁਰਤ ਮਤ ਮਨ ਬੁਧ ’ਚ ‘‘ਮਾੜੀ ਸੋਚ ਦਾ ਫੁਰਨਾ ਆਉਣ ਵਾਲਾ ਪਲ’’
ਹੀ ਗੁਰਮਤ ਅਨੁਸਾਰ ‘ਅੰਤਕਾਲ’ ਹੈ।’’
ਗੂਜਰੀ ਰਾਗ ਦੇ ਸ਼ਬਦ ਰਾਹੀਂ ਵਿਸਥਾਰ ਵਿਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ
ਮਨੁੱਖ ‘ਤੇ ਅੰਤਕਾਲ ਕਦੋਂ ਅਤੇ ਕਿਵੇਂ ਵਾਪਰਦਾ ਹੈ, ਮਨੁੱਖ ਕਿਵੇਂ ਉਸ ਤੋਂ ਬੱਚ ਸਕਦਾ ਹੈ।
ਗੂਜਰੀ।।
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।। ਸਰਪ ਜੋਨਿ ਵਲਿ
ਵਲਿ ਅਉਤਰੈ।।੧।। ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ।। ਰਹਾਉ ।। ਅੰਤਿ ਕਾਲਿ ਜੋ ਇਸਤ੍ਰੀ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ।। ਬੇਸਵਾ ਜੋਨਿ ਵਲਿ ਵਲਿ ਅਉਤਰੈ।।੨।। ਅੰਤਿ ਕਾਲਿ ਜੋ ਲੜਿਕੇ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ।। ਸੂਕਰ ਜੋਨਿ ਵਲਿ ਵਲਿ ਅਉਤਰੈ।।੩।।
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।। ਪ੍ਰੇਤ ਜੋਨਿ ਵਲਿ
ਵਲਿ ਅਉਤਰੈ।।੪।। ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।। ਬਦਤਿ ਤਿਲੋਚਨੁ ਤੇ ਨਰ
ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ।।।।੨।। (ਗੁਰੂ ਗ੍ਰੰਥ ਸਾਹਿਬ, ਪੰਨਾ : 526)
ਇਸ ਸ਼ਬਦ ਦੇ ਪ੍ਰਚਲਤ ਅਰਥ ਜੋ ਅਸੀਂ ਹੁਣ ਤੱਕ ਸਮਝਦੇ ਆ ਰਹੇ ਹਾਂ ਉਨ੍ਹਾਂ
ਅਨੁਸਾਰ ਜੇ ਕੋਈ ਸਰੀਰਕ ਅੰਤਕਾਲ ਸਮੇਂ ਲਛਮੀ ਨੂੰ ਸਿਮਰੇਗਾ ਤਾਂ ਐਸੀ ਚਿੰਤਾ ’ਚ ਮਰਨ ਤੋਂ ਬਾਅਦ
ਸਰਪ ਜੂਨ ਵਿਚ ਪੈਦਾ ਹੋਵੇਗਾ। ਇਸੇ ਤਰ੍ਹਾਂ ਅੰਤਕਾਲ ਸਮੇਂ ਇਸਤ੍ਰੀ ਦੀ ਚਿੰਤਾ ’ਚ ਮਰਨ ਵਾਲਾ
ਵੇਸਵਾ ਜੋਨ ’ਚ, ਲੜਕੇ ਯਾਦ ਕਰਨ ਵਾਲਾ ਸੂਕਰ ਜੋਨ, ਮੰਦਰ (ਮਕਾਨ) ਦੀ ਚਿੰਤਾ ’ਚ ਮਰਨ ਵਾਲਾ ਪ੍ਰੇਤ
ਜੋਨ ’ਚ ਪਵੇਗਾ ਪਰ ਅੰਤਕਾਲ (ਸਰੀਰਕ ਮੌਤ ਸਮੇਂ) ਨਰਾਇਣ ਨੂੰ ਯਾਦ ਕਰਨ ਵਾਲਾ ਮਰਨ ਮਗਰੋਂ ਮੁਕਤ
ਹੋਵੇਗਾ। ਆਓ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਇਸ ਸ਼ਬਦ ਨੂੰ ਵਿਚਾਰਨ ਤੋਂ
ਪਹਿਲਾਂ ਕੁਝ ਸ਼ੰਕਿਆਂ ਦਾ ਨਿਵਾਰਣ ਕਰਨ ਦਾ ਉਪਰਾਲਾ ਕਰੀਏ:
ਵੇਸਵਾ, ਕੋਈ ਵਖਰੀ ਜੂਨ ਨਹੀਂ ਬਲਕਿ ਮਨੁੱਖਾ ਜੂਨ ਹੀ ਹੈ। ਇਹ ਤਾਂ ਮਰਦਾਂ
ਵਲੋਂ ਕਾਮਵਾਸਨਾ ਦੀ ਪੂਰਤੀ ਲਈ ਸ਼ੁਰੂ ਕੀਤੀ ਗਈ ਮਾੜੀ ਕਿਰਤ ਹੈ। ਵੇਸਵਾ ਰੱਬ ਜੀ ਦੀ ਕਿਰਤ
ਨਹੀਂ, ਮਨੁੱਖਾਂ ਦੀ ਬਣਾਈ ਮੰਦੀ ਸੋਚ ਦੀ ਉਪਜ ਹੈ। ਇਸਦਾ ਮਤਲਬ ਸ਼ਬਦ ਦੇ ਉਹ ਅਖੌਤੀ ਪ੍ਰਚਲਤ
ਅਰਥ ਨਹੀਂ ਹੋ ਸਕਦੇ ਕਿਉਂਕਿ ‘ਵੇਸਵਾ’ ਇਕ ਵਖਰੀ ਜੂਨ ਨਹੀਂ ਹੈ।
ਅਸਲੀਅਤ ਵਿਚ ਵੇਸਵਾ ਕੌਣ ਹੈ ?
ਜੇ ਅਸੀਂ ਸੱਚੀ ਜੀਵਨੀ ਉੱਤੇ ਦ੍ਰਿੜ੍ਹ ਨਾ ਹੋ ਕੇ ਆਪਣੀ ਖ਼ੁਦਗਰਜ਼ੀ ਲਈ,
ਵੇਸਵਾ ਦੀ ਤਰ੍ਹਾਂ ਆਪਣਾ ਦੀਨ ਈਮਾਨ ਵੇਚ ਦਿੰਦੇ ਹਾਂ ਅਤੇ ਹੋਰਨਾਂ ਲਈ ਜਿਊਣਾ ਮੁਸ਼ਕਲ ਕਰ ਦਿੰਦੇ
ਹਾਂ ਤਾਂ ਐਸੇ ਕਰਮਾਂ ਵਾਲੇ ਹਰੇਕ ਮਨੁੱਖ ਨੂੰ ਵੇਸਵਾ ਕਹਿਣਾ ਬਣਦਾ ਹੈ।
ਇਸੇ ਤਰ੍ਹਾਂ ਕਈ ਮਨੁੱਖ ਸੱਪਾਂ (ਸਰਪ) ਵਾਂਗੂੰ ਦੂਜਿਆਂ ਨੂੰ ਡੰਗ ਮਾਰਦੇ
ਹਨ, ਕਈ ਮਨੁੱਖ ਸੂਅਰ (ਸੂਕਰ) ਵਾਂਗੂੰ ਮਾੜੀ ਜੀਵਨੀ ’ਚ ਹੀ ਖੱਚਤ ਰਹਿੰਦੇ ਹਨ, ਕਈ ਮਨੁੱਖ ਪ੍ਰੇਤ
ਵਾਂਗੂੰ ਆਪਣੇ ਸਰੀਰ ਅਤੇ ਪਦਾਰਥਾਂ ਲਈ ਹੋਰਨਾਂ ਦਾ ਖ਼ੂਨ ਚੂਸਦੇ ਅਤੇ ਜਿਊਣਾ ਔਖਾ ਕਰ ਦਿੰਦੇ ਹਨ।
ਇਸੇ ਦ੍ਰਿਸ਼ਟੀ ਕੋਣ ਤੋਂ ਇਸ ਸ਼ਬਦ ਨੂੰ ਵਿਚਾਰਨਾ ਹੈ। ਪੁਰਾਤਨ ਅਖੌਤੀ ਆਵਾਗਵਨ, ਕਰਮਾਂ ਦੀ,
ਪਾਪ-ਪੁੰਨ ਦੀ ਫਿਲਾਸਫੀ ਨਾਲ ਜੋ ਅਰਥ ਦੁਨੀਆ ਕਰਦੀ ਸੀ ਉਹ ਦਲੀਲ ਭਰਪੂਰ ਨਹੀਂ ਲਗਦੇ ਅਤੇ ਨਾ ਹੀ
ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਉੱਤੇ ਖਰੇ ਉਤਰਦੇ ਹਨ।
ਬੇਨਤੀ - ਇਸ ਲੇਖ ਦੇ ਮਜ਼ਮੂਨ ਨੂੰ ਗੁਰਮਤ ਦੀ ਰਹਿਨੁਮਾਈ ਹੇਠ ਸਮਝਣ ਦਾ
ਜਤਨ ਕਰ ਰਹੇ ਹਾਂ, ਸਮੂਹ ਮਨੁੱਖ ਜਾਤ ਨਾਲ ਕੇਵਲ ਵਿਚਾਰ ਸਾਂਝ ਕਰ ਰਹੇ ਹਾਂ। ਕਿਸੇ ਵਲੋਂ ਪਰਚਾਰੀ
ਫਿਲਾਸਫੀ, ਜ਼ਾਤੀ ਤਜੁਰਬੇ ਜਾਂ ਕਹਾਣੀਆਂ ਨੂੰ ਬਦਲਣ ਜਾਂ ਝੁਠਲਾਉਣ ਦਾ ਜਤਨ ਨਹੀਂ ਕਰ ਰਹੇ ਹਾਂ,
ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜਨਮ ਮਰਣ, ਆਵਾਗਵਨ, ਪੁਨਰ ਜਨਮ ਦੇ
ਵਿਸ਼ੇ ਨੂੰ ਸਮਝਣ ਦਾ ਨਿਮਾਣਾ ਜਤਨ ਕਰ ਰਹੇ ਹਾਂ। ਇਹੋ ਕਾਰਨ ਹੈ ਕਿ ਅਸੀਂ ਇਨ੍ਹਾਂ ਵਿਸ਼ਿਆਂ ਨਾਲ
ਸੰਬੰਧਿਤ ਐਸੇ ਸ਼ਬਦਾਂ ਨੂੰ ਵਿਚਾਰ ਰਹੇ ਹਾਂ, ਜਿਨ੍ਹਾਂ ਨੂੰ ਲੋਕੀਂ ਪ੍ਰਚਲਤ ਅਖੌਤੀ ਆਵਾਗਵਨ, ਪਾਪ
ਪੁੰਨ, ਕਰਮਾਂ ਫਿਲਾਸਫੀ ਨਾਲ ਢੁਕਾ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਧਾਂਤਾਂ ਨੂੰ ਮੁੱਖ
ਰੱਖਦੇ ਹੋਏ ਇਸ ਸ਼ਬਦ ਨੂੰ ਵਿਚਾਰ ਕੇ ਦੇਖੀਏ ਤਾਂ ਕਿ ਸਾਡੇ ਜੀਵਨ ’ਚ ਬਦਲਾਵ ਆ ਸਕੇ।
ਅੰਤਿ ਕਾਲਿ :- ਇਸ ਸ਼ਬਦ ਵਿਚ ਅੰਤਿ ਦੇ ‘ਤ’ ਨੂੰ ਸਿਹਾਰੀ ਅਤੇ ਕਾਲਿ
ਦੇ ‘ਲ’ ਨੂੰ ਵੀ ਸਿਹਾਰੀ ਲਗੀ ਹੈ।
1. ਅੰਤਿ :- ਆਤਮਕ ਮੌਤ ਵਿਚ।
2. ਕਾਲਿ :- ਕਾਲ ਕਰਕੇ ਜਾਂ ਕਾਲ ਨੇ।
ਇਨ੍ਹਾਂ ਲਫ਼ਜ਼ਾਂ ਦੇ ਭਾਵਅਰਥ ਨੂੰ ਅਸੀਂ ਇਵੇਂ ਵਿਚਾਰ ਸਕਦੇ ਹਾਂ ‘‘ਮਨੁੱਖ
ਦੀ ’ਆਤਮਕ ਮੌਤ’ (ਅੰਤਿ) ਦਾ ਕਾਰਨ ਵਿਕਾਰ (ਕਾਲਿ) ਬਣਦੇ ਹਨ।’’ ਭਾਵ ਹਰ ਮਨੁੱਖ ਆਪਣੇ ਆਪ ’ਤੇ
ਢੁਕਾ ਸਕਦਾ ਹੈ ਕਿ ਮੇਰੇ ਅੰਤ ਸਮੇਂ ਦਾ ਕਾਰਨ ਮੇਰੇ ਅਵਗੁਣਾਂ ਵਿਚ ਫਸਣਾ ਹੈ। ਸੋ ਮਨੁੱਖ ਜਦੋਂ ਵੀ
ਕਿਸੇ ਇਕ ਵੀ ਵਿਕਾਰ ਦੇ ਵਸ ਪੈ ਜਾਂਦਾ ਹੈ ਭਾਵੇਂ ਸੋਚ, ਖਿਆਲ, ਫੁਰਨੇ, ਸੁਰਤ, ਮਨ ਕਰਕੇ ਤੇ
ਭਾਵੇਂ ਕਰਨੀਆਂ ਕਰਕੇ ਤਾਂ ਮਨੁੱਖ ‘ਆਤਮਕ ਮੌਤ’ ਮਰ ਜਾਂਦਾ ਹੈ ਪਰ ਸਰੀਰਕ ਤੌਰ ਤੇ ਜਿਊਂਦਾ ਹੀ
ਰਹਿੰਦਾ ਹੈ।
ਅਉਤਰੈ :- ਆਮ ਤੌਰ ‘ਤੇ ਇਸ ਦੇ ਅਰਥ ਸਮਝੇ ਜਾਂਦੇ ਹਨ ਕਿ ਅਵਤਾਰ ਲੈਣਾ
ਭਾਵ ਸਰੀਰਕ ਰੂਪ ਵਟਾਉਣਾ। ਭਾਈ ਕਾਨ੍ਹ ਸਿੰਘ ਜੀ ਨਾਭਾ ਆਪਣੀ ਪੁਸਤਕ ‘ਮਹਾਨ ਕੋਸ਼’ ’ਚ ਅਉਤਰੈ,
ਅਉਤਰਣ ਦਾ ਅਰਥ ਲਿਖਦੇ ਹਨ ਕਿ ‘ਅਉਤਰੈ, ਅਉਤਰਣ’ ਦਾ ਭਾਵ ਅਰਥ ਹੈ- ‘‘ਨਕਲ, ਉਤਾਰਾ’’ ਜਾਂ
‘‘ਉਪਰੋਂ ਹੇਠਾਂ ਆਉਣ ਦੀ ਕਿਰਿਆ’’। ਸੋ ਇਸ ਅਨੁਸਾਰ ‘ਅਉਤਰੈ’ ਦਾ ਭਾਵ ਹੈ, ਉਸ ਤਰ੍ਹਾਂ ਦੀ ਕਰਮਾਂ
ਵਾਲੀ ਨਕਲ ਜਾਂ ਮਨੁੱਖੀ ਕਰਮਾਂ ਤੋਂ ਹੇਠਲੇ (ਪਸ਼ੂ, ਪੰਛੀ, ਜੀਵ, ਜੰਤ) ਪੱਧਰ ਦੇ ਕਰਮਾਂ ਦੀ ਕਿਰਿਆ
ਕਰਨੀ।
ਇਸ ਨੁਕਤੇ ਨੂੰ ਸਨਮੁਖ ਰਖ ਕੇ ਸ਼ਬਦ ਨੂੰ ਸੰਕੋਚਵੇਂ ਢੰਗ ਨਾਲ ਵਿਚਾਰੀਏ।
ਪਦਾ ਰਹਾਉ :-
ਅਰੀ ਬਾਈ ਗੋਬਿੰਦ ਨਾਮੁ ਮਤਿ
ਬੀਸਰੈ।।ਰਹਾਉ।।
ਐ ਦੁਨੀਆ ਦੇ ਲੋਕੋ, ਸੰਗੀ ਸਾਥੀਓ, ਮੇਰੀਆਂ ਇੰਦਰੀਆਂ ਗਿਆਨ ਇੰਦਰੀਆਂ ਰੂਪੀ
ਸਖੀਓ, ਸਹੇਲੀਓ, ਸਤਸੰਗੀਓ, ਰੱਬ ਜੀ ਦੀ ਨਿਰੰਤਰ ਯਾਦ ’ਚ, ਰੱਬੀ ਗੁਣਾਂ ਵਾਲਾ ਜੀਵਨ ਜਿਊਣਾ
ਚਾਹੀਦਾ ਹੈ, ਜਿਸ ‘ਚੋਂ ਰੱਬ ਜੀ ਕਦੀ ਨ ਵਿਸਰਨ ਕਿਉਂਕਿ ਰੱਬ ਜੀ ਨੂੰ ਵਿਸਾਰ ਕੇ ਮਨੁੱਖ ਵਿਕਾਰਾਂ
ਹਥੀ ਖੁਆਰੀ ਵਾਲੇ ਜੀਵਨ ਦੀ ‘ਆਤਮਕ ਮੌਤ’ ਮਰਦਾ ਰਹਿੰਦਾ ਹੈ।
ਪਦਾ ਪਹਿਲਾ :- ਅੰਤਿ ਕਾਲਿ ਜੋ ਲਛਮੀ...... ਵਲਿ ਵਲਿ ਅਉਤਰੈ।।
ਜਿਸ ਪਲ ਮਨੁੱਖ ਮਾਇਆ (ਲਛਮੀ) ’ਚ ਖੱਚਤ ਹੋ ਕੇ ਜਿਊਦਾ ਹੈ, ਐਸੀ ਬਿਰਤੀ ਹੀ
ਉਸ ਦੀ ਆਤਮਕ ਮੌਤ ਦਾ ਕਾਰਨ ਬਣ ਜਾਂਦੀ ਹੈ ਅਤੇ ਉਹ ਦੂਜਿਆਂ ਨੂੰ ਸੱਪ ਵਾਂਗੂੰ ਡੰਗ ਮਾਰਦਾ ਰਹਿੰਦਾ
ਹੈ। ਨਤੀਜਤਨ ਇਸੇ ਸਰੀਰਕ ਜੀਵਨ ਵਿਚ ਜਿਊਂਦਿਆਂ (ਮਨ ਕਰਕੇ) ਸੱਪ ਦੀ ਜੂਨ ’ਚ ਪਿਆ ਰਹਿੰਦਾ ਹੈ।
ਪਦਾ ਦੂਜਾ:- ਅੰਤਿ ਕਾਲਿ ਜੋ ਇਸਤ੍ਰੀ.... ਵਲਿ ਵਲਿ ਅਉਤਰੈ।।
ਇਥੇ ਇਸਤ੍ਰੀ ਦੇ ਅਰਥ ਆਪਣੇ ਸਰੀਰ ਲਈ ਸੁਆਰਥੀ (ਲਾਲਚੀ) ਮਨੁੱਖ ਦੀ ਬਿਰਤੀ
ਪੱਖੋਂ ਲੈਣੇ ਹਨ। ਭਾਵ ਜਦ ਮਨੁੱਖ ਕੇਵਲ ਆਪਣੇ ਸੁਆਰਥ ਲਈ ਕਰਮ ਕਰ ਰਿਹਾ ਹੈ, ਉਸਦੀ ਇਹੋ ਬਿਰਤੀ
ਆਤਮਕ ਮੌਤ (ਅੰਤਿ ਕਾਲਿ) ਦਾ ਕਾਰਨ ਬਣ ਜਾਂਦੀ ਹੈ। ਐਸਾ ਮਨੁੱਖ ਆਪਣੇ ਸਰੀਰ ਦੇ ਜਾਂ ਪਰਿਵਾਰ ਦੇ
ਸੁਖਾਂ ਲਈ ਸੁਆਰਥੀ ਜੀਵਨੀ ਬਿਤਾਉਂਦਾ ਹੈ ਜੋ ਕਿ ਨਿਰਾ ਵੇਸਵਾ ਦੀ ਨਿਆਈਂ ਹੈ। ਇਸ ਦੁਨੀਆ ’ਚ
ਜਿਊਂਦਿਆਂ ਜਦ ਮਨੁੱਖ ਆਪਣਾ ਤਨ, ਮਨ ਸੱਚ ਅੱਗੇ, ਗਿਆਨ-ਗੁਰੂ ਅੱਗੇ, ਸੱਚੇ ਜੀਵਨ, ਸਰਬਤ ਦੇ ਭਲੇ
ਲਈ ਅਰਪਣ ਨਹੀਂ ਕਰਦਾ ਪਰ ਸੁਆਰਥ ਖਾਤਰ, ਖੁਦਗਰਜ਼ੀ ਲਈ ਝੂਠ ਅੱਗੇ, ਝੂਠੇ ਕਰਮਾਂ ਲਈ, ਝੂਠੇ ਧੰਧਿਆਂ
’ਚ, ਝੂਠੇ ਲੋਕਾਂ ਅੱਗੇ ਆਪਣਾ ਤਨ, ਮਨ, ਧਨ, ਦੀਨ ਅਤੇ ਈਮਾਨ ਵੇਚ ਦਿੰਦਾ ਹੈ ਤਾਂ ਉਸ ਦਾ ਚਰਿੱਤਰ
ਗੁਰਬਾਣੀ ਅਨੁਸਾਰ ਚੰਗਾ ਨਹੀਂ ਗਿਣਿਆ ਜਾਂਦਾ। ਜੋ ਕਿ ਵੇਸਵਾ ਦਾ ਹੀ ਲਖਾਇਕ ਹੈ। ਕੋਈ ਵੀ
ਇਸਤਰੀ-ਮਰਦ, ਮੁੰਡਾ-ਕੁੜੀ ਜਾਂ ਵਡੇਰੀ ਉਮਰ ਵਾਲਾ ਮਨੁੱਖ ਹੋਵੇ, ਜੇ ਉਹ ਆਪਣੇ ਦੀਨ ਈਮਾਨ ਤੇ ਨਹੀਂ
ਖੜਾ, ਨਿੱਕੀ-ਨਿੱਕੀ ਗੱਲ ’ਤੇ ਵਿਕ ਜਾਂਦਾ ਹੈ, ਹਰ ਵਿਕਾਰ ਵਿਚ ਫਸ ਜਾਂਦਾ ਹੈ ਤਾਂ ਵੇਸਵਾ ਦੀ
ਨਿਆਈਂ ਹੈ। ਇਹੋ ਬਿਰਤੀ ਆਤਮਕ ਮੌਤ ਦਾ ਕਾਰਨ ਹੈ।
ਪਦਾ ਤੀਜਾ:- ਅੰਤਿ ਕਾਲਿ ਜੋ ਲੜਿਕੇ... ਵਲਿ ਵਲਿ ਅਉਤਰੈ।।
ਇਸ ਸ਼ਬਦ ਦੇ ਬਾਕੀ ਪਦਿਆਂ ਵਿਚ ਆਏ ਲਫ਼ਜ਼ ਲਛਮੀ, ਇਸਤ੍ਰੀ, ਮੰਦਰ ਨਾਰਾਇਣ
ਨੂੰ ਵਿਚਾਰੀਏ ਤਾਂ ਉਹ ਸਭ ਵੇਖਣ ’ਚ ਇਕਵਚਨ ’ਚ ਲਿਖੇ ਹੋਏ ਮਿਲਦੇ ਹਨ ਪਰ ਲਫ਼ਜ਼ ‘ਲਰਿਕੇ’ ਆਪਣੇ ਆਪ
’ਚ ਬਹੁਵਚਨ ਦਿਸਦਾ ਹੈ। ਜੇ ਕਰ ਲਰਿਕੇ ਦਾ ਮਤਲਬ ਇਥੇ ਪੁੱਤਰ ਕਰਾਂਗੇ ਤਾਂ ਜਿਨ੍ਹਾਂ ਦੇ ਵਿਆਹ
ਨਹੀਂ ਹੋਏ, ਜਿਨ੍ਹਾਂ ਦੇ ਬੱਚੇ ਨਹੀਂ ਹਨ ਜਾਂ ਜਿਨ੍ਹਾਂ ਦੀਆਂ ਸਿਰਫ਼ ਧੀਆਂ ਹਨ, ਕੀ ਇਹ ਸ਼ਬਦ
ਉਨ੍ਹਾਂ ਤੇ ਲਾਗੂ ਨਹੀਂ ਹੁੰਦਾ? ਪਰ ਐਸਾ ਹੋ ਨਹੀਂ ਸਕਦਾ ਕਿਉਂਕਿ ਗੁਰਬਾਣੀ ਸਭ ਜਗ੍ਹਾ, ਹਰੇਕ
ਸਮੇਂ, ਹਰੇਕ ਮਨੁੱਖ ਤੇ ਪੂਰੀ-ਪੂਰੀ ਢੁਕਦੀ ਹੈ, ਇਸੇ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
‘ਸਤਿਗੁਰ’ ਸੱਚ ਦਾ ਗਿਆਨ ਹੈ। ਕਬੀਰ ਸਾਹਿਬ ਦੇ ਹੇਠਲੇ ਸਲੋਕਾਂ ਰਾਹੀਂ ‘ਲਰਿਕੇ’ ਅਤੇ ‘ਲਰਿਕੀ’
ਸ਼ਬਦਾਂ ਦੇ ਅਰਥ ਸਮਝਣ ਦਾ ਜਤਨ
ਕਰਦੇ ਹਾਂ :-
1. ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ।। ਪਾਂਚਉ ਲਰਿਕਾ ਜਾਰਿ
ਕੈ ਰਹੈ ਰਾਮ ਲਿਵ ਲਾਗਿ।।੪੨।। (ਗੁਰੂ ਗ੍ਰੰਥ ਸਾਹਿਬ, ਪੰਨਾ : 1366)
2. ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ।। ਸਾਝਾ ਕਰੈ ਕਬੀਰ ਸਿਉ ਹਰਿ
ਸੰਗਿ ਬਨਜੁ ਕਰੇਇ।।੪੩।। (ਗੁਰੂ ਗ੍ਰੰਥ ਸਾਹਿਬ, ਪੰਨਾ : 1366)
ਇਨ੍ਹਾਂ ਦੋਵੇਂ ਸਲੋਕਾਂ ਦੇ ਭਾਵ ਅਰਥ ਨੂੰ ਰਲਾ ਕੇ ਸਮਝੀਏ ਤਾਂ ਕਬੀਰ ਜੀ
ਉਚਾਰਦੇ ਹਨ ਕਿ ਜਦੋਂ ਮਨੁੱਖ ਕਾਮਾਦਿਕ ਮਾਇਆ ਦੇ ਪੰਜੇ ਲਰਿਕੇ (ਕਾਮ, ਕੋ੍ਰਧ, ਲੋਭ, ਮੋਹ, ਹੰਕਾਰ
ਰੂਪੀ ਪੁੱਤਰ) ਆਪਣੇ ਸਰੀਰ, ਮਤ, ਸੁਰਤ, ਬੁਧੀ ’ਚੋਂ ਸਾੜ ਦਿੰਦਾ ਹੈ ਅਤੇ ਜਦੋਂ ਰੱਬ ਜੀ ਨਾਲ (ਹਰਿ
ਸੰਗਿ) ਮਾਇਆ ਦੇ ਪੁੱਤਰ (ਲਰਿਕੇ) ਅਤੇ ਆਸਾ, ਤ੍ਰਿਸ਼ਨਾ, ਈਰਖਾ, ਨਿੰਦਾ, ਚਿੰਤਾ ਰੂਪੀ ਧੀਆਂ
(ਲਰਿਕੀ) ਦੇਣ ਦਾ ਸੌਦਾ (ਬਨਜ) ਕਰਦਾ ਹੈ ਅਤੇ ਇਨ੍ਹਾਂ ਬਦਲੇ ਰੱਬੀ ਗੁਣ, ਰੱਬੀ ਕਰਮ, ਰੱਬੀ ਗਿਆਨ,
ਰੱਬ ਜੀ ਦੀ ਨਿਰੰਤਰ ਯਾਦ (ਸਿਮਰਨ) ਲੈਂਦਾ ਹੈ ਤਾਂ ਉਹ ਵਿਰਲਾ ਬਣ ਜਾਂਦਾ ਹੈ।
‘‘ਸੂਕਰ ਜੋਨਿ ਵਲਿ ਵਲਿ ਅਉਤਰੈ’’ ਇਸ ਪੰਕਤੀ ਵਿਚ ਆਏ ‘ਸੂਕਰ’ ਲਫ਼ਜ਼ ਨੂੰ
ਬਾਣੀ ਰਾਹੀਂ ਸਮਝੀਏ :-
1. ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ।।
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ :
1428)
2. ਕੂਕਰ ਸੂਕਰ ਕਹੀਅਹਿ ਕੂੜਿਆਰਾ।। ਭਉਕਿ ਮਰਹਿ ਭਉ ਭਉ ਭਉ ਹਾਰਾ।। ਮਨਿ
ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1029)
3. ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ।। ਲਉ ਲਈ
ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1360)
ਪਹਿਲੇ ਪ੍ਰਮਾਣ ’ਚ ਸਮਝਾਇਆ ਹੈ ਕਿ ਜਿਸ ਪਲ ਮਨੁੱਖ ਰੱਬ ਜੀ ਨੂੰ ਹਿਰਦੇ ’ਚ
ਨਹੀਂ ਵਸਾਉਂਦਾ ਰੱਬੀ ਭਾਣੇ ਵਿਚ ਨਹੀਂ ਜਿਊਂਦਾ ਤਾਂ ਉਸਦਾ ਤਨ ਮਾਨੋ ਸੂਕਰ ਅਤੇ ਕੁੱਤੇ ਦੀ ਨਿਆਈਂ
ਹੈ। ਦੂਜੇ ਪ੍ਰਮਾਣ ਰਾਹੀਂ ਦਸਿਆ ਹੈ ਕਿ ਜਦ ਮਨੁੱਖੀ ਮਨ ਅੰਦਰੋਂ ਹੋਰ ਤੇ ਬਾਹਰੋਂ ਹੋਰ ਵਾਲੀ
ਸ਼ਖ਼ਸੀਅਤ ਦਾ ਮਾਲਿਕ ਬਣ ਜਾਂਦਾ ਹੈ ਤਾਂ ਉਹ ਵੇਖਣ ਨੂੰ ਸਰੀਰ ਰੂਪ ’ਚ ਤਾਂ ਮਨੁੱਖ ਲਗਦਾ ਹੈ ਪਰ
ਦਿਖਾਵੇ ਵਾਲੀ ਝੂਠੀ ਜੀਵਨੀ ਦੀ ਖਾਤਰ ਸੂਰ ਜਾਂ ਕੁੱਤੇ ਵਾਂਗ ਭਟਕ-ਭਟਕ ਤੇ ‘ਭੋਂਕ-ਭੋਂਕ’ ਕੇ ਆਤਮਕ
ਮੌਤ ਸਹੇੜ ਲੈਂਦਾ ਹੈ। ਆਪਣੀ ਦੋਹਰੀ ਜ਼ਿੰਦਗੀ ਨੂੰ ਦੁਰਮਤ ਰਾਹੀਂ ਵਧਾਉਂਦਾ ਹੈ ਪਰ ਹਿਰਦੇ ਦੀ
ਕਚਿਹਰੀ ਵਿਚ ਸਦਾ ਹਾਰਿਆ (ਅਸ਼ਾਂਤ, ਬੇਚੈਨ) ਰਹਿੰਦਾ ਹੈ।
ਤੀਜੇ ਪ੍ਰਮਾਣ ’ਚ ਸਮਝਾਇਆ ਹੈ ਕਿ ਜੋ ਮਨੁੱਖ ਆਪਣੇ ਤਨ ਜਾਂ ਪਰਿਵਾਰ ਨੂੰ
ਪਾਲਣ ਖਾਤਰ ਪਰਾਇਆ ਹੱਕ ਖੋਂਹਦੇ ਹਨ, ਹੋਰਨਾਂ ਦੇ ਕੰਮਾਂ ’ਚ ਰੋੜੇ ਅਟਕਾਉਂਦੇ ਹਨ, ਜੋ ਜੀਅ ’ਚ
ਆਵੇ ਬੋਲ ਕੁਬੋਲ ਬੋਲਦੇ ਰਹਿੰਦੇ ਹਨ, ਤ੍ਰਿਸ਼ਨਾ ਕਾਰਨ ਮਾੜਾ ਹੀ ਸੋਚਦੇ ਅਤੇ ਮਾੜੇ ਹੀ ਕਰਮ ਕਰਦੇ
ਰਹਿੰਦੇ ਹਨ ਉਹ ਮਨੁੱਖ ‘ਸੂਕਰ’ ਦੀ ਨਿਆਈਂ ਹਨ।
ਲਰਿਕੇ ਲਰਿਕੀ ਅਤੇ ਸੂਕਰ ਲਫ਼ਜ਼ਾਂ ਦੇ ਸਮੁੱਚੇ ਭਾਵ ਅਰਥਾਂ ਨੂੰ ਵਿਚਾਰੀਏ
ਤਾਂ ਪਤਾ ਲੱਗਦਾ ਹੈ ਕਿ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ ਰੂਪੀ ਪੁੱਤਰਾਂ (ਲਰਿਕੇ) ਅਤੇ ਆਸ਼ਾ,
ਤਿ੍ਰਸਨਾ, ਈਰਖਾ, ਨਿੰਦਾ, ਚਿੰਤਾ ਰੂਪੀ ਧੀਆਂ (ਲਰਿਕੀ) ਵਾਲੀ ਬਿਰਤੀ ’ਚ ਖਚਤ ਰਹਿਣਾ ਹੀ ਆਤਮਕ
ਮੌਤ ਸਹੇੜਨਾ ਹੈ।
ਪਦਾ ਚਉਥਾ:- ਅੰਤਿ ਕਾਲਿ ਜੋ ਮੰਦਰ.... ਵਲਿ ਵਲਿ ਅਉਤਰੈ।। ਆਮ ਤੌਰ
‘ਤੇ ਸਮਝਿਆ ਜਾਂਦਾ ਹੈ ਕਿ ਮਨੁੱਖ, ਜਦੋਂ ਸਰੀਰ ਛੱਡ ਜਾਂਦਾ ਹੈ ਤਾਂ ਉੁਸਦੀ ਆਤਮਾ ਘਰ ਦੇ (ਮੰਦਰ)
ਉਪਰ 14 ਦਿਨ ਭਟਕਦੀ ਰਹਿੰਦੀ ਹੈ ਤੇ ਜੇ ਉਸਦਾ ਨਿਬੇੜਾ ਨਾ ਹੋਵੇ ਤਾਂ ਪ੍ਰੇਤ ਬਣ ਜਾਂਦੀ ਹੈ।
ਲੋਕਾਂ ਦੀ ਇਸੇ ਸੋਚਣੀ ਨੂੰ ਵਰਤ ਕੇ ਪ੍ਰੋਢਾਵਾਦੀ ਢੰਗ ਰਾਹੀਂ ਸਮਝਾਇਆ ਹੈ ਕਿ ‘‘ਜੋ ਮਨੁੱਖ ਪਕੜ,
ਮੋਹ ਵਾਲੇ ਸੁਭਾਅ ਅਧੀਨ ਮਹਲ ਮਾੜੀਆਂ, ਜ਼ਮੀਨ ਜਾਇਦਾਦ ਜਾਂ ਕੇਵਲ ਆਪਣੇ ਸਰੀਰ ਬਾਰੇ ਹੀ ਦਿਨ ਰਾਤ
ਚਿੰਤਿਤ ਰਹਿੰਦੇ ਹਨ, ਉਹ ਮਾਨੋ ਜਿਵੇਂ ਮਨੁੱਖਾ ਸਰੀਰ ’ਚ ਰਹਿ ਕੇ ਪ੍ਰੇਤ ਜੋਨ ਵਾਲਾ ਜੀਵਨ ਜਿਊ
ਰਹੇ ਹਨ।’’
ਪਦਾ ਪੰਜਵਾਂ:- ਅੰਤਿ ਕਾਲਿ ਨਾਰਾਇਣੁ.................. ਰਿਦੈ
ਬਸੈ।।।।੨।।
ਰਹਾਉ ’ਚ ਕਿਹਾ ਹੈ ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ।।
ਰਹਾਉ ਪਦੇ ਅਤੇ ਆਖਰੀ ਪਦੇ ਵਿਚ ਗੁਰਮਤ ਦਾ ਇਹ ਸੁਨੇਹਾ ਦ੍ਰਿੜ੍ਹ ਕਰਵਾਇਆ
ਹੈ ਕਿ ਗੋਬਿੰਦ ਭਾਵ ਨਰਾਇਣ (ਰੱਬ ਜੀ) ਨੂੰ ਨਹੀਂ ਵਿਸਾਰਨਾ ਚਾਹੀਦਾ। ਜੋ ਮਨੁੱਖ ਰੱਬੀ ਯਾਦ ਵਿਚ
ਕਰਮ ਕਰਦਾ ਹੈ ਭਾਵ ਰੱਬੀ ਗੁਣਾਂ ਵਾਲੀ ਜੀਵਨੀ ਜਿਊਂਦਾ ਹੈ, ਗਿਆਨ-ਗੁਰੂ ਰਾਹੀਂ ਉਸਦੀ ਕੁਮਤ ਸੁਮਤ
ਬਣ ਜਾਂਦੀ ਹੈ ਅਤੇ ਉਹ ਵਾਰਵਾਰ ‘ਆਤਮਕ ਮੌਤ’ ਨਹੀਂ ਮਰਦਾ। ਉਹ ਮਨੁੱਖ ਜਿਊਂਦਿਆਂ ਹੀ ਜੀਵਨ ਮੁਕਤ
ਅਵਸਥਾ ’ਚ ਰਹਿੰਦਾ ਹੈ। ਰੱਬ ਜੀ ਉਸਦੇ ਹਿਰਦੇ ’ਚ ਆ ਵਸਦੇ ਹਨ।
ਅਸੀਂ ਵਿਚਾਰ ਆਏ ਹਾਂ ਕਿ ਜੋ ਮਨੁੱਖ ਸਾਰੀ ਉਮਰ ਮਾੜੇ ਕਰਮਾਂ ’ਚ ਖੱਚਤ
ਜੀਵਨੀ ਬਿਤਾਉਂਦਾ ਹੈ ਉਸ ਨੂੰ ਸਰੀਰਕ ਮੌਤ ਸਮੇਂ ਰੱਬ ਜੀ ਯਾਦ ਆ ਹੀ ਨਹੀਂ ਸਕਦੇ ਹਨ। ਅਧਿਆਤਮਕ
ਪਖੋਂ ਵੀ ਵਿਚਾਰ ਚੁਕੇ ਹਾਂ ਕਿ ਮਾੜੀ ਕਰਤੂਤ ਵਾਲੀ ‘ਆਤਮਕ ਮੌਤ’ ਸਮੇਂ ਵੀ ਰੱਬ ਜੀ ਚੇਤੇ ਨਹੀਂ ਆ
ਸਕਦੇ ਹਨ। ਦੋਨੋਂ ਪਖੋਂ ਮਨੁੱਖ ਦੇ ਸਰੀਰਕ ਜੀਵਨ ਜਿਊਂਦਿਆਂ ਦੀ ਗੱਲ ਚਲ ਰਹੀ ਹੈ।
ਵਿਅੰਗ:- ਇਕ ਪਿਤਾ ਸਰੀਰਕ ਮੌਤ ਦੇ ਨੇੜੇ ਹੈ, ਉਸਦੇ ਘਰ ਦੇ ਜੀਅ ਅਤੇ
ਰਿਸ਼ਤੇਦਾਰ ਆਲੇ-ਦੁਆਲੇ ਖੜ੍ਹੇ ਹਨ, ਉਹ ਉਨ੍ਹਾਂ ਵੱਲ ਮੰਹ ਕਰਕੇ ਪੁੱਛਦਾ ਹੈ ਕਿ ਵੱਡਾ ਪੁੱਤਰ
ਕਿੱਥੇ ਹੈ ? ਪੁੱਤਰ ਨੇ ਅੱਗੋਂ ਹੁੰਗਾਰਾ ਦਿੰਦਿਆਂ ਕਿਹਾ, ਪਿਤਾ ਜੀ ਮੈਂ ਤੁਹਾਡੇ ਸੱਜੇ ਖੜ੍ਹਾ
ਹਾਂ, ਤੁਸੀਂ ਫਿ਼ਕਰ ਨਾ ਕਰੋ, ਰੱਬ ਦਾ ਨਾਂ ਲਵੋ। ਫਿਰ ਪਿਤਾ ਨੇ ਵਿਚਕਾਰਲੇ ਪੁੱਤਰ ਬਾਰੇ ਪੁੱਛਿਆ,
ਉਸਨੇ ਕਿਹਾ ਮੈਂ ਤੁਹਾਡੇ ਖੱਬੇ ਖੜ੍ਹਾ ਹਾਂ, ਫਿਕਰ ਨਾ ਕਰੋ ਰੱਬ ਦਾ ਨਾਂ ਲਵੋ। ਫਿਰ ਪਿਤਾ ਨੇ
ਛੋਟੇ ਪੁੱਤਰ ਬਾਰੇ ਪੁੱਛਿਆ, ਤਾਂ ਉਸਨੇ ਵੀ ਜਵਾਬ ਦਿੱਤਾ ਕਿ ਮੈਂ ਤੁਹਾਡੇ ਚਰਨਾਂ ਕੋਲ ਖੜ੍ਹਾ
ਹਾਂ, ਤੁਸੀਂ ਬੇਫਿ਼ਕਰ ਹੋ ਕੇ ਰੱਬ ਦਾ ਨਾਂ ਲਵੋ। ਪਿਤਾ ਨਾਰਾਜ਼ ਹੋ ਕੇ ਗੁੱਸੇ ’ਚ ਆਪਣੇ ਮੱਥੇ ‘ਤੇ
ਹੱਥ ਮਾਰ ਕੇ ਬੋਲਿਆ, ਜੇ ਸਾਰੇ ਇਥੇ ਹੀ ਖੜ੍ਹੇ ਹੋ ਤਾਂ ਫਿਰ ਦੁਕਾਨ ’ਤੇ ਕੌਣ ਗਿਆ ਹੈ ?
ਇਸ ਵਿਅੰਗ ਤੋਂ ਸਮਝਣਾ ਇਹ ਹੈ ਕਿ ਜਿਸ ਮਨੁੱਖ ਨੂੰ ਸਾਰੀ ਉਮਰ ਦੁਕਾਨ ਦੀ
ਹੀ ਚਿੰਤਾ ਲੱਗੀ ਰਹੀ ਉਹ ਮੌਤ ਵੇਲੇ ਰੱਬ ਨੂੰ ਕਿਵੇਂ ਯਾਦ ਕਰ ਸਕਦਾ ਹੈ। ਉਹੀ ਯਾਦ ਰੱਖੇਗਾ ਜੋ
ਉਸਨੇ ਜੀਵਨ ਵਿਚ ਜੀਵਿਆ ਹੈ।
ਮਨੁੱਖ ਜੈਸੀ ਜੀਵਨੀ ਦਾ ਧਾਰਨੀ ਹੁੰਦਾ ਹੈ, ਵੈਸੇ ਹੀ ਫੁਰਨੇ ਅਤੇ ਖ਼ਿਆਲ
ਸਰੀਰਕ ਅੰਤ ਸਮੇਂ ਵੀ ਹੁੰਦੇ ਹਨ। ਪਿਤਾ-ਪੁੱਤਰ ਵਾਲੇ ਇਸ ਵਿਅੰਗ ਰਾਹੀਂ ਅਸੀਂ ਸਮਝ ਸਕਦੇ ਹਾਂ ਕਿ
ਜਦੋਂ ਸਾਡੀ ਸੁਰਤ, ਮਤ, ਮਨ, ਬੁਧ ਰੱਬੀ ਗੁਣਾਂ ਦੀ ਧਾਰਨੀ ਹੁੰਦੀ ਹੈ ਤਾਂ ਅਸੀਂ ਆਤਮਕ ਮੌਤ
(ਵਿਕਾਰਾਂ ਵਾਲੀ ਮੌਤ) ’ਚ ਨਹੀਂ ਪੈਂਦੇ। ਇਹੋ ਅੰਤਕਾਲ ਵੇਲੇ ‘‘ਨਾਰਾਇਣ (ਗੋਬਿੰਦ) ਸਿਮਰੈ’’ ਦਾ
ਲਖਾਇਕ ਹੈ। ਆਓ, ਹੁਣ ਇਕ ਹੋਰ ਸ਼ਬਦ ਰਾਹੀਂ ਵਿਚਾਰੀਏ ਕਿ ਮਨੁੱਖ ਆਪਣੇ ਹੀ ਮਨ ਦੀ ਸੋਚਣੀ ਕਾਰਨ
ਕਿਵੇਂ ਆਪਣਾ ਜੀਵਨ ਖੁਆਰ ਕਰਦਾ ਹੈ।
ੴ ਸਤਿਗੁਰ ਪ੍ਰਸਾਦਿ।।
ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ਮ੍ਰਿਗ ਮੀਨ ਭਿ੍ਰੰਗ ਪਤੰਗ ਕੁੰਚਰ ਏਕ
ਦੋਖ ਬਿਨਾਸ।। ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ।।੧।। ਮਾਧੋ ਅਬਿਦਿਆ ਹਿਤ ਕੀਨ।। ਬਿਬੇਕ
ਦੀਪ ਮਲੀਨ।।੧।।ਰਹਾਉ।। ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ।। ਮਾਨੁਖਾ ਅਵਤਾਰ ਦੁਲਭ ਤਿਹੀ
ਸੰਗਤਿ ਪੋਚ।।੨।।ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ।। ਕਾਲ ਫਾਸ ਅਬਧ ਲਾਗੇ ਕਛੁ ਨ ਚਲੈ
ਉਪਾਇ।।੩।। ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ।। ਭਗਤ ਜਨ ਭੈ ਹਰਨ ਪਰਮਾਨੰਦ
ਕਰਹੁ ਨਿਦਾਨ।।੪।।੧।। (ਗੁਰੂ ਗ੍ਰੰਥ ਸਾਹਿਬ, ਪੰਨਾ : 486)
ਪਦਾ ਰਹਾਉ :- ਮਾਧੋ ਅਬਿਦਿਆ ਹਿਤ ਕੀਨ।। ਬਿਬੇਕ ਦੀਪ
ਮਲੀਨ।।੧।।ਰਹਾਉ।।
ਭਾਵ : ਦੁਰਮਤ ਵਾਲੀ ਸੋਚਣੀ ਨਾਲ ਪਿਆਰ ਹੋਣ ਕਾਰਨ ਮਨੁੱਖ ਸੱਚ ਦੇ ਗਿਆਨ
(ਸਤਿਗੁਰ) ਨੂੰ ਸਮਝਣ ਦਾ ਜਤਨ ਨਹੀਂ ਕਰਦਾ। ਸਿੱਟੇ ਵਜੋਂ ਮਨੁੱਖ ਦਾ ‘ਬਿਬੇਕ ਬੁੱਧੀ’ ਵਾਲਾ ਦੀਵਾ
ਧੁੰਧਲਾ (ਮਲੀਨ) ਹੋ ਜਾਂਦਾ ਹੈ ਅਤੇ ਮਨੁੱਖ ਦਾ ਜੀਵਨ ਹੋਰਨਾਂ ਜੂਨੀਆਂ (ਪਸ਼ੂ-ਪੰਛੀਆਂ,
ਕੀੜੇ-ਮਕੌੜੇ) ਵਾਲਾ ਹੋ ਜਾਂਦਾ ਹੈ। ਇਸੇ ਨੀਵੇਂ ਜੀਵਨ ਵਲ ਡਿਗਣਾ ਹੀ ਅਉਤਰਣ ਕਹਿਲਾਉਂਦਾ ਹੈ।
ਮਨੁੱਖ ਦੀ ਬਿਰਤੀ ਉਨ੍ਹਾਂ ਜੂਨੀਆਂ ਦੇ ਜੀਵ-ਜੰਤੂਆਂ ਦੇ ਕਰਮਾਂ ਵਾਂਗੂੰ ਬਣਦੀ ਜਾਂਦੀ ਹੈ। ਉਹ
ਭਲੇ-ਬੁਰੇ, ਚੰਗੇ-ਮੰਦੇ ਕਰਮਾਂ ਜਾਂ ਖਿਆਲਾਂ ਵਿਚ ਫਰਕ ਹੀ ਨਹੀਂ ਕਰ ਪਾਉਂਦਾ।
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ।। ਪੰਚ ਦੋਖ ਅਸਾਧ ਜਾ
ਮਹਿ ਤਾ ਕੀ ਕੇਤਕ ਆਸ।।੧।।
ਭਾਵ : ਹਿਰਨ, ਮੱਛੀ, ਭੋਰਾ, ਭੰਬਟ, ਹਾਥੀ ਆਪਣੇ ਇਕ-ਇਕ ਐਬ (ਮਾੜੀ ਆਦਤ)
ਕਾਰਨ ਆਪਣਾ ਜੀਵਨ ਖਤਮ ਕਰਵਾ ਲੈਂਦੇ ਹਨ ਤਾਂ ਫੇਰ ਮਨੁੱਖ ਦੇ ਬਚਣ ਦੀ ਆਸ ਹੀ ਨਹੀਂ ਕੀਤੀ ਜਾ
ਸਕਦੀ। ਕਿਉਂਕਿ ਇਨ੍ਹਾਂ ਸਾਰੇ ਜੀਵ-ਜੰਤਾਂ ਦੀਆਂ ਆਦਤਾਂ ਵਾਲੀ ਬੁੱਧੀ ਦਾ ਧਾਰਨੀ ਹੋਣ ਕਾਰਨ ਮਨੁੱਖ
‘ਆਤਮਕ ਮੌਤ’ ਮਰਦਾ ਰਹਿੰਦਾ ਹੈ। ਉਨ੍ਹਾਂ ਪਸ਼ੂਆਂ ਜੈਸੀ ਬਿਰਤੀ ਵਾਲਾ ਮਨੁੱਖ ਅੰਤਕਾਲ (ਆਤਮਕ ਮੌਤ)
ਤੋਂ ਬਚ ਸਕੇ, ਇਸ ਦੀ ਆਸ ਕਰਨਾ ਵੀ ਬੇਕਾਰ ਹੈ।
ਤਿ੍ਰਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ।। ਮਾਨੁਖਾ ਅਵਤਾਰ ਦੁਲਭ ਤਿਹੀ
ਸੰਗਤਿ ਪੋਚ।।੨।।
ਭਾਵ :
ਜੀਵ-ਜੰਤਾਂ
ਕੋਲ ਤਾਂ ਕੁਦਰਤੀ ਸੁਭਾਅ ਵਿਚ ਹੀ ਸੋਚ-ਵਿਚਾਰ ਕਰਨ ਯੋਗ ਬੁੱਧੀ ਨਹੀਂ ਹੈ, ਜਿਸ ਕਾਰਨ ਉਹ ਆਪਣੀਆਂ
ਮਾੜੀਆਂ ਆਦਤਾਂ ਤੋਂ ਬੇਪਰਵਾਹ ਹਨ ਪਰ ਮਨੁੱਖ ਵਿਚਾਰਵਾਨ ਹੋਣ ਦੇ ਬਾਵਜੂਦ ਉਨ੍ਹਾਂ ਜੂਨੀਆਂ ਵਾਲੇ
ਕਰਮਾਂ ਦੇ ਵੱਸ ਕਿਉਂ ਪਿਆ ਹੋਇਆ ਹੈ ? ਕਿਉਂ ਵਿਕਾਰਾਂ ਦੀ ਸੰਗਤ ਕਰ ਰਿਹਾ ਹੈ ? ਅਫਸੋਸ, ਇਸਦਾ
ਅੰਤਕਾਲ (ਆਤਮਕ ਮੌਤ) ਤੋਂ ਬੱਚਣਾ ਔਖਾ ਹੈ।
ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ।। ਕਾਲ ਫਾਸ ਅਬਧ ਲਾਗੇ ਕਛੁ ਨ
ਚਲੈ ਉਪਾਇ।।੩।।
ਭਾਵ :
ਜੀਅ ਜੰਤ ਤਾਂ
ਕੁਦਰਤੀ ਹੁਕਮ, ਨਿਯਮ ’ਚ ਆਪਣੀਆਂ ਆਦਤਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ। ਉਹ ਰੱਬੀ ਰਜ਼ਾ ’ਚ ਆਪਣੇ
ਸੁਭਾ ਅਨੁਸਾਰ ਕਰਮ ਕਰ ਰਹੇ ਹਨ ਪਰ ਮਨੁੱਖ ਤਾਂ ਵਿਚਾਰਨ ਯੋਗ ਬੁੱਧੀ ਰਖਦਿਆਂ ਹੋਇਆ ਵੀ ਉਨ੍ਹਾਂ
ਜੀਵ-ਜੰਤਾਂ ਜੈਸੀ ਬਿਰਤੀ ਕਾਰਨ ‘ਆਤਮਕ ਮੌਤ’ ਮਰ ਰਿਹਾ ਹੈ, ਇਸ ਬਾਰੇ ਮਨੁੱਖ ਨੂੰ ਵਿਚਾਰਨਾ
ਚਾਹੀਦਾ ਹੈ। ਭਾਵੇਂ ਉਨ੍ਹਾਂ ਜੀਵਾਂ ਦੇ ਵਸ ਨਹੀਂ ਕਿ ਉਹ ਕੁਝ ਉਪਾਅ ਕਰਨ ਲੇਕਿਨ ਮਨੁੱਖ ਦੇ ਵਸ
ਤਾਂ ਹੈ ਕਿ ਮਨੁੱਖ ਆਤਮਕ ਮੌਤ ਵਾਲੀ ਬਿਰਤੀ ਤੋਂ ਬੱਚ ਸਕੇ।
ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ।। ਭਗਤ ਜਨ ਭੈ ਹਰਨ
ਪਰਮਾਨੰਦ ਕਰਹੁ ਨਿਦਾਨ।।੪।।
ਭਾਵ : ਰਵਿਦਾਸ ਜੀ, ਆਪਣੇ ਆਪ ਨੂੰ ਮੁਖਾਤਿਬ ਕਰਕੇ ਸਾਰੇ ਮਨੁੱਖਾਂ
ਨੂੰ ਸਮਝਾ ਰਹੇ ਹਨ ਕਿ ਵਿਕਾਰਾਂ ਦੇ ਚੁੰਗਲ ‘ਚੋਂ ਨਿਕਲ ਅਤੇ ਸਤਿਗੁਰ ਰਾਹੀਂ ਅਮਲੀ ਜੀਵਨ ’ਚ ਪੱਕਾ
ਸੁਭਾ ਬਣਾ। ਇਹੋ ਸਾਰੇ ਤਪਾਂ ਤੋਂ ਉਪਰ ਦਾ ਤਪ ਹੈ।
ਪੂਰੇ ਸ਼ਬਦ ਦਾ ਭਾਵ :- ਇਸ ਸ਼ਬਦ ਰਾਹੀਂ ਸਾਡਾ ਧਿਆਨ ਨਿੱਕੇ ਤੋਂ ਨਿੱਕੇ
ਅਵਗੁਣ ਵੱਲ ਦੁਆ ਕੇ ਸਮਝਾਇਆ ਹੈ ਕਿ ਵੇਖ ਜਾਨਵਰ ਆਪਣੇ ਇਕ ਵਿਕਾਰ ਕਾਰਨ ਹੀ ਮੁੱਕ ਜਾਂਦੇ ਹਨ,
ਤੈਨੂੰ ਤਾਂ ਪੰਜੇ (ਅਨੇਕ) ਵਿਕਾਰ ਚੰਬੜੇ ਹੋਏ ਹਨ। ਮਨੁੱਖ ਨੂੰ ਬਿਬੇਕ ਬੁੱਧੀ ਦੀ ਪ੍ਰਾਪਤੀ ਲਈ
‘ਸਤਿਗੁਰ’ ਅਨੁਸਾਰ ਜਿਊਣਾ ਚਾਹੀਦਾ ਹੈ ਤਾ ਕਿ ‘ਆਤਮਕ ਮੌਤ’ ਨ ਮਰੇ ਭਾਵ, ਵਿਕਾਰਾਂ ਵਸ ਨ ਪਵੇ ਅਤੇ
ਜਿਊਂਦੇ ਜੀਅ ਹੋਰਨਾਂ ਜੂਨੀਆਂ ਵਾਲੀ ਬਿਰਤੀ ਤੋਂ ਆਪਣੀ ਬੁੱਧੀ ਨੂੰ ਮਲੀਨ ਹੋਣ ਤੋਂ ਬਚਾ ਸਕੇ। ਆਓ,
ਗੁਰਬਾਣੀ ਰਾਹੀਂ ਹੋਰ ਗਹਿਰਾਈ ’ਚ ਸਮਝੀਏ ਕਿ ‘ਅੰਤਕਾਲ’ ਕੀ ਹੈ ਤੇ ਮਨੁੱਖ ਤੇ ਕਿਵੇਂ ਵਾਪਰਦਾ ਹੈ
ਤੇ ਕਿਵੇਂ ਮਨੁੱਖ ਦੇ ਬਿਬੇਕਤਾ ਵਾਲੇ ਪ੍ਰਾਣ ਨਿਕਲ ਜਾਂਦੇ ਹਨ, ਸਿੱਟੇ ਵਜੋਂ ਮਨੁੱਖ ਮਾੜੀਆਂ
ਕਰਤੂਤਾਂ ਕਰਣ ਲਗ ਪੈਂਦਾ ਹੈ। ਅਸੀਂ ਸਮਝ ਚੁਕੇ ਹਾਂ ਕਿ ਚੰਗੇ, ਮਨੁਖਤਾ ਭਰਪੂਰ ਕਰਮਾਂ ਨੂੰ ਜੇ
ਮਨੁੱਖ ਜਿਊਂਦੇ ਹਨ ਤਾਂ ਇਸੇ ਨੂੰ ਗੁਰਮਤ ’ਚ (ਗੁਰੂ ਗ੍ਰੰਥ ਸਾਹਿਬ) ਅਸਲੀ ਜੀਵਨ ਕਹਿੰਦੇ ਹਨ ਤੇ
ਜੇ ਸਚ ਤੋਂ ਮੁਨਕਰ ਜੀਵਨੀ ਜਿਊਂਦੇ ਹਨ ਤਾਂ ਮਰ ਗਏ (ਮੋਇਆ) ਸਮਝੋ। ‘‘ਆਖਾ ਜੀਵਾ ਵਿਸਰੈ ਮਰਿ ਜਾਉ
।।’’ ਭਾਵ ਜੇ ਸੱਚ ਨਾਲ ਜੁੜਿਆ ਹਾਂ ਤਾਂ ਜਿਊਂਦਾ ਹਾਂ, ਵਰਨਾ ਮਰਿਆ (ਮ੍ਰਿਤਕ) ਹੀ ਹਾਂ। ‘‘ਸੋ
ਜੀਵਿਆ ਜਿਸੁ ਮਨਿ ਵਸਿਆ ਸੋਇ।। ਨਾਨਕ ਅਵਰੁ ਨ ਜੀਵੈ ਕੋਇ।।’’ (ਗੁਰੂ ਗ੍ਰੰਥ ਸਾਹਿਬ, ਪੰਨਾ :
142) ਭਾਵ ‘ਜੀਵਤ ਮਨੁੱਖ’ ਕੇਵਲ ਉਸਨੂੰ ਕਹਿੰਦੇ ਹਨ ਜੋ ‘ਰੱਬੀ ਗੁਣਾਂ’ ਨਾਲ ਮਨੁੱਖਤਾ ਭਰਪੂਰ
ਉੱਚੀ ਜੀਵਨੀ ਜਿਊਂਦਾ ਹੈ। ਆਓ ਇਕ ਸ਼ਬਦ ਹੋਰ ਵਿਚਾਰੀਏ:-
ਦੇਵਗੰਧਾਰੀ ਮਹਲਾ ।। ਸਭ ਕਿਛੁ ਜੀਵਤ ਕੋ ਬਿਵਹਾਰ।। ਮਾਤ ਪਿਤਾ ਭਾਈ ਸੁਤ
ਬੰਧਪ ਅਰੁ ਫੁਨਿ ਗਿ੍ਰਹ ਕੀ ਨਾਰਿ।।੧।। ਰਹਾਉ।। ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ
ਪੁਕਾਰਿ।। ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ।।੧।। ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ
ਦੇਖਹੁ ਰਿਦੈ ਬਿਚਾਰਿ।। ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ।।੨।। (ਗੁਰੂ ਗ੍ਰੰਥ
ਸਾਹਿਬ, ਪੰਨਾ : 536)
ਭਾਵ ਅਰਥ : ਹਰ ਮਨੁੱਖ ਕੇਵਲ ਜੀਵਤ ਭਾਵ ਆਤਮਕ ਜਿਊਂਦੇ ਮਨੁੱਖ ਨਾਲ ਹੀ
ਵਰਤੋਂ-ਵਿਉਹਾਰ (ਮੇਲਜੋਲ) ਕਰ ਸਕਦਾ ਹੈ ਭਾਵੇਂ ਘਰ ਦੇ ਸਗੇ ਸੰਬੰਧੀ ਹੀ ਕਿਉਂ ਨਾ ਹੋਣ। ਭਾਵ ਆਤਮਕ
ਤੌਰ ‘ਤੇ ਜਿਊਂਦੇ ਮਨੁੱਖ ਨੂੰ ਹੀ ਹਰ ਮਨੁੱਖ ਆਪਣੇ ਹਿਰਦੇ ਵਿਚ ਬਿਠਾਉਣਾ ਪਸੰਦ ਕਰਦਾ ਹੈ। ਸਤਿਗੁਰ
(ਗਿਆਨ-ਗੁਰੂ) ਤੋਂ ਵਿਹੂਣਾ ਮਨੁੱਖ ਇੰਜ ਹੈ ਜਿਵੇਂ ਉਸ ਦੇ ਤਨ ‘ਚੋਂ, ਪ੍ਰਾਣ ਨਿਕਲ ਗਏ। ਜਦੋਂ
ਮਨੁੱਖ ਦੇ ਸਰੀਰ ’ਚ ਪ੍ਰਾਣ ਰੂਪੀ ਆਕਸੀਜਨ ਨਾ ਰਹੇ ਤਾਂ ਉਹ ਮਰ ਜਾਂਦਾ ਹੈ, ਉਸੇ ਤਰ੍ਹਾਂ ਜਦੋਂ
ਮਨੁੱਖ ਦੇ ਆਤਮਕ ਸਰੀਰ ਕੋਲ ‘ਬਿਬੇਕ ਬੁਧੀ ਵਾਲਾ ਗੁਰ ਰੂਪੀ ਪ੍ਰਾਣ’ ਨਾ ਰਹੇ ਤਾਂ ਉਹ ਮਨੁੱਖ
ਪ੍ਰੇਤ ਰੂਪੀ ਮਾੜੇ ਕਰਮ ਕਰਨ ਲਗ ਪੈਂਦਾ ਹੈ ਅਤੇ ਮਾੜੇ ਸੁਭਾਅ ਦਾ ਧਾਰਣੀ ਬਣ ਜਾਂਦਾ ਹੈ, ਅਜਿਹੇ
ਬਿਬੇਕ ਬੁੱਧੀ ਤੋਂ ਸੱਖਣੇ ਮਨੁੱਖ ਨੂੰ ਆਪਣੇ ਹਿਰਦੇ ਘਰ ’ਚ ਅੱਧੀ ਘੜੀ ਲਈ ਵੀ ਕੋਈ ਨਹੀਂ ਰੱਖਦਾ।
ਨੋਟ : ਇਸ ਸ਼ਬਦ ਦੇ ਲਫ਼ਜ਼ੀ ਅਰਥ, ਭਾਵ ਅਰਥ ਅਤੇ ਇਸ ਸ਼ਬਦ ਨੂੰ ਆਪਣੇ ਜੀਵਨ
ਵਿਚ ਕਿੰਝ ਜਿਊ ਸਕਦੇ ਹਾਂ ਜਾਣਨ ਲਈ ‘ਜੀਵਨ ਜਾਚ ਦਾ ਖ਼ਜ਼ਾਨਾ’ ਭਾਗ-ਦੂਜਾ ਪੜ੍ਹ ਸਕਦੇ ਹੋ ਜੀ। ਗੁਰੂ
ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਰਾਹੀਂ ਅਸੀਂ ਸਮਝ ਰਹੇ ਹਾਂ ਕਿ ‘ਅੰਤਕਾਲ’ (ਆਤਮਕ ਮੌਤ) ਤੋਂ ਭਾਵ
ਹੈ, ਮਨੁੱਖ ਦਾ ਵਿਕਾਰਾਂ ਵੱਸ ਪੈਣਾ, ਮਾੜੇ ਖਿਆਲ (ਸੋਚ, ਫੁਰਨੇ) ਵਿਚ ਖਚਤ ਹੋ ਕੇ ਮਾੜੇ ਕਰਮ
ਕਰਨਾ। ਇਸੇ ਪਲ-ਪਲ ਦੇ ਅੰਤਕਾਲ ਤੋਂ ਗੁਰਬਾਣੀ ਰਾਹੀਂ ਸਾਨੂੰ ਸੁਚੇਤ ਕਰਵਾਇਆ ਗਿਆ ਹੈ।
ਸਵਾਲ :- ਜੇ ਪਸ਼ੂ ਵਿਕਾਰਾਂ ‘ਚੋਂ ਇਕ ਵਿਕਾਰ ਕਾਰਨ ਸਰੀਰਕ ਜੀਵਨ ਗੁਆ
ਬੈਠਦੇ ਹਨ ਤਾਂ ਮਨੁੱਖ ਕੋਲ ਵਿਕਾਰਾਂ ਭਰੀ ਸੋਚ ਤੋਂ ਬਚਣ ਦਾ ਕੀ ਤਰੀਕਾ ਹੈ ਤਾਂ ਕਿ ਮਨੁੱਖ,
ਮਨੁੱਖਤਾ ਭਰਪੂਰ, ਰੱਬੀ ਗੁਣਾਂ ਵਾਲੀ ਜੀਵਨੀ ਜਿਊ ਸਕੇ ਤੇ ਆਤਮਕ ਮੌਤ (ਅੰਤਕਾਲ) ਦੇ ਵਸ ਨਾ ਪਵੇ ?
ਉੱਤਰ :- ਇਸ ਸਵਾਲ ਦਾ ਹਲ ‘ਸਤਿਗੁਰ’ ਰਾਹੀਂ ਸਮਝਣ ਦਾ ਜਤਨ ਕਰਦੇ
ਹਾਂ। ਸੌਖਾ ਤੇ ਸਾਦਾ ਜਵਾਬ ਤਾਂ ਇਹੋ ਹੈ ਕਿ ‘ਜਦੋਂ ਮਨੁੱਖ ਦੇ ਗਿਆਨ-ਗੁਰ ਰੂਪੀ ਸਵਾਸ ਨਿਕਲ
ਜਾਂਦੇ ਹਨ ਤਾਂ ਮਨੁੱਖ ‘ਆਤਮਕ ਮੌਤ’ ਮਰ ਜਾਂਦਾ ਹੈ।’ ਜੇ ਕਰ ਮਨੁੱਖ ਸਤਿਗੁਰ (ਗਿਆਨ-ਗੁਰ) ਤੋਂ
ਬਿਬੇਕ ਬੁਧੀ ਰੂਪੀ ਪ੍ਰਾਣ ਪ੍ਰਾਪਤ ਕਰ ਲਵੇ ਤਾਂ ‘ਆਤਮਕ ਮੌਤ’ ਤੋਂ ਬਚ ਕੇ ਆਤਮਕ ਜੀਵਨ ਜਿਊ ਸਕਦਾ
ਹੈ।
(i) ਏਕ ਬੂੰਦ ਗੁਰਿ ਅਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੂਆ।। (ਗੁਰੂ
ਗ੍ਰੰਥ ਸਾਹਿਬ : ਪੰਨਾ : 612)
ਸਤਿਗੁਰ ਰੂਪੀ ਅੰਮ੍ਰਿਤ ਦੀ ਬੂੰਦ (ਤਤ-ਗਿਆਨ) ਜਿਸ ਮਨੁੱਖ ਨੂੰ ਮਿਲ ਜਾਂਦੀ
ਹੈ ਉਹ ‘ਆਤਮਕ ਮੌਤ’ ਕਦੀ ਨਹੀਂ ਮਰਦਾ ਭਾਵ ਆਤਮਕ ਰੂਪ ’ਚ ਅਟਲ ਅਮਰ ਹੋ ਜਾਂਦਾ ਹੈ।
(ii) ਮਿਰਤਕ ਕੋ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ।। (ਗੁਰੂ ਗ੍ਰੰਥ
ਸਾਹਿਬ, ਪੰਨਾ : 614)
ਆਤਮਕ ਮੌਤ ਮਰੇ ਹੋਏ ਮਨੁੱਖ ਨੂੰ ਸਤਿਗੁਰ ਰੂਪੀ ਸਵਾਸ ਪ੍ਰਾਪਤ ਹੋਣ ਨਾਲ ਉਹ
ਜਿਊ ਉਠਦਾ ਹੈ ਤੇ ਰੱਬੀ ਮਿਲਨ ਦੀ ਅਵਸਥਾ ਮਾਣਨ ਲਗ ਪੈਂਦਾ ਹੈ।
(iii) ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ।। (ਗੁਰੂ
ਗ੍ਰੰਥ ਸਾਹਿਬ : ਪੰਨਾ : 683)
ਮਨ ਦੇ ਭਰਮ ਅਤੇ ਦੁਬਿਧਾ ਕਾਰਨ ਮੈਲੇ ਮਨ ਵਾਲਾ ਮਨੁੱਖ, ਮਾੜੇ ਸੰਸਕਾਰਾਂ
ਕਰਕੇ ਦੁਰਮਤ ਦਾ ਧਾਰਨੀ ਰਹਿੰਦਾ ਹੈ ਪਰ ਜੇਉਹ ਬਿਬੇਕ ਬੁੱਧੀ, ਸਤਿਗੁਰ ਰਾਹੀਂ ਪ੍ਰਾਪਤ ਕਰਨ ਦਾ
ਉਦਮ ਕਰੇ ਤਾਂ ‘ਆਤਮਕ ਮੌਤ’ ਨਹੀਂ ਮਰਦਾ, ਸਦੀਵੀਂ ਜਿਊ ਪੈਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ‘ਤੇ ਅਸੀਂ ਸਮਝਦੇ ਆ ਰਹੇ ਹਾਂ ਕਿ ਆਤਮਕ
ਮੌਤ ਕਿਵੇਂ-ਕਿਵੇਂ ਵਾਪਰਦੀ ਹੈ ਅਤੇ ਕਿਵੇਂ ਇਸ ਤੋਂ ਬਚ ਕੇ ਸਦੀਵੀ ਜੀਵਨ (ਅਟਲ ਅਮਰ) ਪ੍ਰਾਪਤ ਕਰ
ਸਕਦੇ ਹਾਂ ? ਸਤਿਗੁਰ ਕਿਸ ਪੱਖ ਤੋਂ ਮਰਨਾ ਸਿਖਾਉਂਦੇ ਹਨ ਤੇ ਕਿਸ ਪੱਖ ਤੋਂ ਜਿਊਣਾ?
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਪਤਾ ਲਗਦਾ ਹੈ ਕਿ ਜਦੋਂ
ਮਨੁੱਖ ਸਰੀਰਕ ਰੂਪ ’ਚ ਇਸੇ ਜੀਵਨ ਨੂੰ ਜਿਊਂਦਿਆਂ, ਮਨ ਦੇ ਭਰਮ ਕਰਕੇ ਵਿਕਾਰਾਂ ਦੇ ਵਸ ਪੈ ਜਾਂਦਾ
ਹੈ ਤਾਂ ਉਸਦੇ ਖ਼ਿਆਲ, ਫੁਰਨੇ, ਸੁਫਨੇ, ਸੋਚਣੀ ਮੰਦੇ ਹੋ ਜਾਂਦੇ ਹਨ, ਸਿੱਟੇ ਵਜੋਂ ਮਨੁੱਖ,
ਮਨੁੱਖਤਾ ਵਾਲੇ ਪੱਧਰ ਤੋਂ ਡਿਗ ਕੇ ਪਸ਼ੂ ਬਿਰਤੀ ਦਾ ਧਾਰਨੀ ਹੋ ਜਾਂਦਾ ਹੈ ਤੇ ਮਾੜੇ ਕਰਮਾਂ ਵਾਲੀ
ਜੀਵਨੀ ਜਿਊਂਦਾ ਹੈ। ਐਸੇ ਮਨੁੱਖ ਨੂੰ ‘ਆਤਮਕ ਮੌਤ’ ਸਹੇੜਨੀ ਪੈਂਦੀ ਹੈ।
ਇਸ ਅਵਸਥਾ ਨੂੰ ਮ੍ਰਿਤਕ, ਅੰਤਕਾਲ, ਮੂਆ, ਵਿਕਾਰਾਂ ਦੇ ਭਵਜਲ ’ਚ ਡੁਬਣਾ
ਕਹਿੰਦੇ ਹਨ। ਐਸੀ ਜੀਵਨੀ ਤੋਂ ਮੁਕਤ ਅਵਸਥਾ ਪ੍ਰਾਪਤ ਕਰਨ ਲਈ ਸੱਚ ਦਾ ਗਿਆਨ ਰੂਪੀ ਖ਼ਜ਼ਾਨਾ ਗੁਰੂ
ਗ੍ਰੰਥ ਸਾਹਿਬ ਜੀ ’ਚੋਂ ਪ੍ਰਾਪਤ ਹੁੰਦੀ ਹੈ।
ਗਿਆਨ-ਗੁਰੂ, ਮਨੁੱਖ ਨੂੰ ਸਿਖਾਉਂਦਾ ਹੈ, ਸਮਝਾਉਂਦਾ ਹੈ, ਸੁਚੇਤ ਕਰਾਉਂਦਾ
ਹੈ ਕਿ :-
1. ਕਿਹੜੇ-ਕਿਹੜੇ ਕਾਰਨਾਂ ਕਰ ਕੇ ਤੇਰੇ ’ਤੇ ਅੰਤਕਾਲ ਵਾਪਰਦਾ ਹੈ।
2. ਕਿਹੜੇ-ਕਿਹੜੇ ਪਖੋਂ ਐ ਮਨੁੱਖ, ਤੈਨੂੰ ਮਨੁੱਖਤਾ ਦੇ ਪੱਧਰ ਤੋਂ ਡਿੱਗਣਾ
ਪੈਂਦਾ ਹੈ।
3. ਕਿਹੜੇ-ਕਿਹੜੇ ਪਖੋਂ ਐ ਮਨੁੱਖ, ਤੈਨੂੰ ਆਤਮਕ ਤੌਰ ‘ਤੇ ਜੰਮਣਾ ਮਰਨਾ
ਪੈਂਦਾ ਹੈ।
4. ਕਿਸ ਤਰ੍ਹਾਂ ਐ ਮਨੁੱਖ, ਤੂੰ ਅੰਤਕਾਲ, ਪੁਨਰਜਨਮ, ਆਵਾਗਵਨ, ਆਉਣ-ਜਾਉਣ
ਤੋਂ ਆਤਮਕ ਤਲ ਤੇ ਬਚ ਸਕਦਾ ਹੈਂ।
5. ਕਿਹੜੇ-ਕਿਹੜੇ ਪਖੋਂ ਐ ਮਨੁੱਖ, ਤੈਨੂੰ ਜੀਵਤ-ਮਰਨ ਸਿਖਣਾ ਹੈ।
6. ਕਿਹੜੇ-ਕਿਹੜੇ ਪਖੋਂ ਐ ਮਨੁੱਖ, ਤੈਨੂੰ ਸਦ-ਜੀਵਨ ਪ੍ਰਾਪਤ ਹੋ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਮੁਸ਼ਕਲ ਦਾ ਹਲ ਸਮਝਾਉਂਦੀ ਹੈ ਕਿ
ਜੇ ਮਨੁੱਖ ਸੱਚ ਦਾ ਗਿਆਨ (ਸਤਿਗੁਰ) ਪ੍ਰਾਪਤ ਕਰ ਲਵੇ ਅਤੇ ਆਪਣੀ ਸੋਚ ਉਸਦੇ ਅਨੁਸਾਰ ਘੜ ਲਵੇ ਤਾਂ
‘ਆਤਮਕ ਮੌਤ’ ਕਦੀ ਮਰਦਾ ਹੀ ਨਹੀਂ ਹੈ, ਅਮਰ ਹੋ ਜਾਂਦਾ ਹੈ। ਐਸਾ ਮਨੁੱਖ ਆਪਣੇ ਮਨ ਦੀ ਸੋਚਣੀ
(ਮਨਮੁਖਤਾ) ਵਾਲੀ ਜੀਵਨੀ ਤੋਂ ਉਪਰ ਉਠ ਕੇ, ਮਨੁੱਖਤਾ ਭਰਪੂਰ ਗੁਰਮੁਖੀ ਜੀਵਨੀ ਜਿਊਣ ਲਗਦਾ ਹੈ ਤਾਂ
ਹੀ ਉਸਦੀ ਜਿਊਂਦਿਆਂ ਹੀ ਰੱਬੀ ਮਿਲਾਪ ਦੀ ਅਵਸਥਾ ਬਣ ਜਾਂਦੀ ਹੈ।‘
ਅੰਤਿ ਕਾਲਿ ਜੋ ਲਛਮੀ ਸਿਮਰੈ ਸ਼ਬਦ ਦੀ ਵਿਸਥਾਰ ਵਿੱਚ ਵਿਚਾਰ ਜੀਉਂਦਿਆਂ
ਮੁਕਤੀ ਨਾਮਕ ਕੈਸਟ ਵਿਚ ਕੀਤੀ ਗਈ ਹੈ। ਪਾਠਕ ਸਜਨ ਉਸਨੂੰ ਸੁਣ ਕੇ ਲਾਹਾ ਲੈ ਸਕਦੇ ਹਨ।
(ਲੇਖ: “ਜੀਵਨ ਮੁਕਤ” ਕਿਤਾਬ ਵਿੱਚੋ)
ਵੀਰ ਭੁਪਿੰਦਰ ਸਿੰਘ (ਦੀ ਲਿਵਿੰਗ ਟਰੈਯਰ)