ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਲਈ ਕਥਿਤ ਹਠ-ਸੇਵਾ
ਗੁਰਮਤਿ-ਬਿਬੇਕਤਾ ਦੀ ਕਸਵੱਟੀ ਤੇ
ਦਾਤੂ ਜੀ ਦੀ ਜ਼ਬਾਨੀ ਦਰਸਾਈ, (ਗੁਰੂ) ਰਾਮ ਦਾਸ ਜੀ ਵਲੋਂ ਕੀਤੀ ਕਥਿਤ
ਗੁਰਮਤਿ ਵਿਰੋਧੀ ਹੱਠ-ਸੇਵਾ ਜੋ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਛੇ ਮੀਲ ਦੂਰ ਦਰਿਆ ਬਿਆਸ ਤੋਂ ਜਲ
ਦੀ ਗਾਗਰ ਲਿਆ ਕੇ ਸਤਿਗੁਰੂ ਜੀ ਨੂੰ ਇਸ਼ਨਾਨ ਕਰਵਾਉਣ ਦੇ ਰੂਪ ਵਿੱਚ ਕੀਤੀ ਮੰਨੀ ਗਈ ਹੋਈ ਹੈ ਉਸ
ਕਮਾਉਣ ਦਾ ਵੇਰਵਾ, ਲਿਖਾਰੀ ਦੀ ਆਪਣੀ ਬੋਲੀ ਵਿਚ:-
ਇਹ ਬਿਧਿ ਸੇਵਾ ਕਰੀ ਅਪਾਰਾ। ਕੋ ਕਰਿ ਸਕੈ ਤਾਹਿ ਬਿਸਥਾਰਾ।
ਸਵਾ ਜਾਮ1 ਨਿਸਿ ਜਬ ਰਹਾਈ। ਗੁਰ ਅੰਗਦ ਇਸ਼ਨਾਨ ਕਰਾਈ॥
139॥ {1=ਰਾਤ ਦੇ ਤਿੰਨ ਵਜੇ}
ਬਿਪਾਸਾ ਜਲ ਗੁਰ ਅਮਰੁ ਲਯਾਵੈ। ਦੋਇ ਜਾਮ ਨਿਸਿ ਰਹਿ ਤਬ ਜਾਵੈ।
ਤੀਨਿ ਕੋਸ ਗੁਰ ਸਮੂਹਿ ਚਲਾਇ। ਕਰਿ ਬੰਦਨ ਗੁਰ, ਅਗ੍ਰ ਸਿਧਾਇ॥
140॥
(ਟੂਕ ਵਿਚਲੇ ਪਦ ਅਰਥਾਂ ਦੇ ਅਧਾਰ ਤੇ) ਪਦ ਅਰਥ:-- ਸਵਾ ਜਾਮ=ਰਾਤ ਦੇ ਤਿੰਨ
ਵਜੇ। 139. ਬਿਪਾਸ. . =ਬਿਆਸ ਦਰਿਆ ਤੋਂ ਪਾਣੀ ਲਿਆ ਕੇ। ਦੋਇ ਜਾਮ. =ਜਦੋਂ ਦੋ ਪਹਰ
ਰਾਤ ਰਹਿ ਜਾਂਦੀ ਸੀ। ਤੀਨਿ ਕੋਸ. . =ਤਿੰਨ ਕੋਹ ਗੁਰੂ ਜੀ ਵਲ ਮੂੰਹ ਕਰਕੇ ਚਲਦੇ ਸਨ।
ਕਰਿ ਬੰਦਨ=ਨਮਸਕਾਰ ਕਰਕੇ ਅੱਗੇ ਨੂੰ ਚਲਦੇ ਸਨ। 140॥
ਦੋ ਪਹਿਰ ਰਾਤ ਰਹਿੰਦੀ ਤੋਂ (ਸਤਿਗੁਰੂ) ਅਮਰਦਾਸ ਜੀ ਤੁਰ ਪੈਂਦੇ ਸਨ, ਤਿੰਨ
ਮੀਲ ਪਿੱਛਲਖੁਰੀ ਤੁਰਦੇ ਅਤੇ ਕਰੀਬ ਏਨਾ ਹੀ ਪੈਂਡਾ ਸਿਧੇ ਪੈਰੀਂ ਕਰਦਿਆ 6 ਮੀਲ ਤੋਂ ਦਰਿਆ ਦਾ
ਪਾਣੀ ਭਰਨਾ ਤੇ ਤੜਕੇ ਤਿੰਨ ਵਜੇ ਸਤਿਗੁਰੂ ਜੀ ਦਾ ਇਸ਼ਨਾਨ ਵੀ ਕਰਵਾ ਲੈਣਾ?
ਸ਼ੰਕਿਆਂ ਦਾ ਵੇਰਵਾ-
(1) ਬਾਬਾ ਲਹਿਣਾ ਜੀ ਦਾ ਜਨਮ ਜ਼ਿਲਾ ਫ਼ੀਰੋਜ਼ਪੁਰ ਦੇ ਪਿੰਡ ਮਤੇ ਦੀ ਸਰਾਇ ਦੇ
ਵਸਨੀਕ ਬਾਬਾ ਫੇਰੂ ਮਲ ਜੀ ਖੱਤਰੀ ਦੇ ਘਰ (ਮਤੀ 31 ਮਾਰਚ ਸਨ 1504 ਨੂੰ) ਹੋਇਆ ਸੀ। ਬਾਬਾ ਲਹਿਣਾ
ਜੀ ਦਾ ਸਹੁਰਾ ਪਿੰਡ ਸੰਘਰ (ਜ਼ਿਲਾ ਅੰਮ੍ਰਿਤਸਰ) ਦਰਿਆ ਬਿਆਸ ਦੇ ਪੱਤਣ ਤੋਂ ਤਰਨ-ਤਾਰਨ ਜਾਣ ਵਾਲੀ
ਸੜਕ ਤੇ ਹੋਣ ਦੇ ਕਾਰਨ ਵਪਾਰ ਦਾ ਕੇਂਦਰ ਹੋਣ ਦੇ ਕਾਰਨ ਦੁਕਾਨਦਾਰੀ ਲਈ ਬੜਾ ਢੁਕਵਾਂ ਟਕਾਣਾ ਸੀ।
ਸਤਿਗੁਰੂ ਅੰਗਦ ਸਾਹਿਬ ਜੀ ਨੇ ਗੁਰਿਆਈ ਪ੍ਰਾਪਤ ਕਰਨ ਉਪਰੰਤ ਪ੍ਰਵਾਰ ਸਮੇਤ ਸੰਘਰ (ਅਜੋਕਾ ਖਡੂਰ
ਸਾਹਿਬ) ਵਿੱਚ ਰਹਿਆ ਰੱਖ ਲੈਣ ਤੇ ਇਸ ਪਿੰਡ ਦੀ ਮਹੱਤਤਾ ਹੋਰ ਵੀ ਵੱਧ ਗਈ ਸੀ। ਘੁੱਗ ਵਸਦੇ ਉਸ
ਭਾਗਾਂ ਵਾਲੇ ਪਿੰਡ ਵਿੱਚ ਇਸ਼ਨਾਨ-ਪਾਣੀ ਦੀ ਖੁਲ੍ਹੀ ਵਰਤੋਂ ਲਈ ਜੱਲ ਦਾ ਖੁਲ੍ਹਾ ਪ੍ਰੰਬਧ ਨਾ ਹੋਵੇ,
ਇਹ ਮੰਨਣ ਜੋਗ ਗੱਲ ਨਹੀ ਹੈ।
(2) ਲਿਖਾਰੀ ਦਾ ਆਪਣਾ ਲਿਖਿਆ ਪਾਠਕਾਂ ਨੇ ਪਿੱਛੇ ਪੜ੍ਹਿਆ ਹੈ ਕਿ, ਕੇਵਲ
ਸਾਹਿਬ ਬੁੱਢਾ ਜੀ ਦਾ “ਭਾਜੜ” ਪੈਣ ਵਾਲਾ ਬਚਨ ਪੂਰਾ ਕਰਨ ਲਈ ਥੁਹੜੇ ਸਮੇ ਲਈ ਹੀ ਸਤਿਗੁਰੂ ਜੀ
ਵਡਾਲੀ ਪਿੰਡ ਗਏ ਸਨ। ਫਿਰ ਵੀ ਜਾਂਦਿਆਂ ਹੀ ਰਹਾਇਸ਼ੀ ਮਕਾਨ ਬਨਣਾਉਣ ਦੇ ਨਾਲ ਪਿੰਡ ਵਿੱਚ ਖੂਹ ਵੀ
ਲੁਆ ਲੈਣ ਦੇ ਨਾਲ ਪਿੰਡੋਂ ਬਾਹਰ ਵੀ, ਪਾਣੀ ਦੀ ਕਈ ਪ੍ਰਕਾਰ ਦੀ ਥੁੜ ਦੂਰ ਕਰਨ ਲਈ, ਛਿਹਰਟਾ ਖੂਹ
ਵੀ ਲੁਆ ਲਿਆ ਸੀ। ਜੇ, ਵਾਕਿਆ ਹੀ ਖਡੂਰ ਨੱਗਰ ਵਿੱਚ ਪਹਿਲਾਂ ਕੋਈ ਖੂਹ ਨਹੀਂ ਸੀ ਲੱਗਾ ਹੋਇਆ ਤਾਂ,
ਦੁਖੀਆਂ ਦੇ ਦਰਦੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦੂਜੇ ਸਰੂਪ ਵਿੱਚ ਪਾਣੀ ਦੀ ਥੁੜ ਵਾਲਾ ਲੋਕਾਂ
ਦਾ ਦੁਖ ਖਿੜੇ ਮੱਥੇ ਬਰਦਾਸ਼ਤ ਕਰ ਲਿਆ ਹੋਵੇ, ਇਹ, ਗਲ ਵੀ ਮੰਨਣਯੋਗ ਨਹੀਂ ਹੈ? (ਗਾਗਰ ਤਾਂ ਮਸਾਂ
ਸੰਗ ਸਰਫ਼ੇ ਸ਼ਿਨਾਨ ਹੀ ਕਰਾ ਸਕਦੀ ਸੀ, ਫਿਰ- ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ ਮਾਤਾ ਖੀਵੀ ਜੀ ਦੀ ਇਸ ਘਿਉ ਵਾਲੀ ਖੀਰ
ਵਾਲਾ ਲੰਗਰ-ਪਾਣੀ ਕਿਸ ਜਲ ਦੇ ਆਸਰੇ ਚੱਲ ਰਿਹਾ ਸੀ?
ਸਪੱਸ਼ਟ ਹੈ ਕਿ ਪਿੰਡ ਦੇ ਵਾਸੀਆਂ ਲਈ
ਖੂਹ ਦੇ ਪਾਣੀ ਦੀ ਥੁੜ ਕੋਈ ਨਹੀਂ ਸੀ। ਫਿਰ ਕੇਵਲ ਸਤਿਗੁਰੂ ਜੀ ਦੇ ਇਸ਼ਨਾਨ ਲਈ 6 ਮੀਲ ਦੂਰੋਂ ਦਰਿਆ
ਦਾ ਪਾਣੀ, ਕਿਸ ਮਜਬੂਰੀ ਦੇ ਕਾਰਨ?
ਏਕ ਕੋਸ ਬਿਪਾਸਾ ਸਮੁਹਾਏ। ਮਨੁ ਗੁਰ ਚਰਨੰਬੁ ਲਪਟਾਵੈ।
ਇਹ ਬਿਧਿ ਪ੍ਰਿਥਮੈ ਮੱਜਨ ਕਰੈਂ। ਬਿਪਾਸਾ ਜਲ ਗਾਗਰ ਸਿਰਿਧਰੈਂ॥ 141॥
ਪਦ ਅਰਥ; -ਏਕ ਕੋਸ … =ਇਕ ਕੋਹ ਰਹਿਣ ਤੋਂ ਬਾਅਦ ਬਿਆਸ ਵਲ ਮੂੰਹ ਕਰਕੇ
ਤੁਰਦੇ ਸਨ। ਮਨੁ … =ਮਨ ਚਰਨ ਕੰਵਲਾਂ ਵਿੱਚ ਜੁੜਿਆ ਰਹਿੰਦਾ ਸੀ। ਨੱਜਨ ਕਰੈਂ=ਪਹਿਲਾਂ
(ਆਪ) ਇਸ਼ਨਾਨ (ਕਰਦੇ ਸਨ ਤੇ ਫਿਰ ਸਿਰ ਤੇ ਗਾਗਰ ਧਰਦੇ ਸਨ)। 141.
ਦੋਹਰਾ॥ ਗੁਰ ਮੰਤ੍ਰ ਜਪੁ ਜੀ ਪੜਤ ਆਵਤ ਪੰਥ ਮਝਾਰਿ। ਏਕ ਕੋਸ
ਪਰਿ ਆਇ ਕੈ, ਪਾਵਤ ਭੋਗ ਸੁਧਾਰ॥ 142॥ ਧਰਿ ਗਾਗਰ ਤਿਹ ਠਾਂ ਤਬੈ ਸੁੰਦਰ ਭੂੰਮਿ ਦਿਖਾਇ। ਸ੍ਰੀ ਗੁਰ
ਕੋ ਪਰਨਾਮ ਤਬ ਮਨ ਚਿਤ ਕਰੈ ਬਨਾਇ॥ 143॥
ਪਦ ਅਰਥ:-ਪੰਥ. . =ਰਸਤੇ ਵਿਚ। ਪਾਵਤ … =ਪਾਠ ਦੀ ਸਮਾਪਤੀ
ਦਰੁਸਤ ਢੰਗ ਨਾਲ ਕਰ ਲੈਂਦੇ। 142. ਦਿਖਾਇ=ਦੇਖਦੇ। ਚਿਤ. . =ਇਕਾਗਰ ਚਿਤ ਹੋ ਕੇ।
(3) ਸੰਪਾਦਨਾ ਕਰਨ ਵਾਲਿਆਂ ਵਿਦਵਾਨ ਮਹਾਂ ਪੁਰਖਾਂ ਨੇ ਕੋਸ ਅਥਵਾ
ਕੋਹ ਦੀ ਲੰਬਾਈ ਬਾਰੇ ਕੁੱਝ ਨਹੀਂ ਲਿਖਿਆ। ਮਹਾਨ ਕੋਸ਼ ਦੇ 621 ਸਫ਼ੇ ਤੇ ‘ਕੋਸ’
ਭਾਵ ਕੋਹ ਦੀ ਲੰਬਾਈ ਚਾਰ ਹਜ਼ਾਰ (4000) ਗਜ਼, ਅਤੇ 975 ਸਫ਼ੇ ਤੇ ‘ਮੀਲ’ ਦੀ ਲੰਬਾਈ
1760 ਗਜ਼ ਲਿਖੀ ਹੈ। 4000 ਨੂੰ 1760 ਤੇ ਤਕਸੀਮ ਕੀਤਿਆਂ 2 ਮੀਲ 48 ਗਜ਼ ਬਣਦੀ ਹੈ। ਉਸ ਹਿਸਾਬ ਨਾਲ
(ਗੁਰੂ) ਅਮਰਦਾਸ ਜੀ ਦੇ ਪਿੱਛਲ-ਪੈਰੀ ਜਾਣ ਦਾ ਪੈਂਡਾ 6 ਮੀਲ 144 ਗਜ਼ ਬਣਦਾ ਹੈ। ਉਂਜ (17 ਅਕਤੂਬਰ
1922 ਨੂੰ ਜਨਮੇ) ਦਾਸ ਨੇ ਛੋਟੀ ਉਮਰੇ ਹੀਂ ਬਜ਼ੁਰਗਾਂ ਕੋਲੋ ਇੱਕ ਕੋਹ ਡੇੜ੍ਹ ਮੀਲ ਦਾ ਸੁਣਿਆ ਹੋਇਆ
ਹੈ। ਉਸ ਤੋ ਵੀ ਪੁੱਠੇ ਪੈਰੀਂ ਜਾਣ ਵਾਲਾ ਪੈਂਡਾ 4 ਮੀਲ 4 ਫ਼ਰਲਾਂਗ ਬਣਦਾ ਹੈ।
ਅੱਜ (ਮਈ- 2000) ਜਦ ਇਸ ਪੁਸਤਕ ਬਾਰੇ ਗੁਰਮਤਿ ਵਿਚਾਰਾਂ ਲਿਖਣੀਆਂ ਦਾਸ ਦੀ
ਤਕਦੀਰ ਆ ਬਣੀ ਹੈ, ਦੇਸ਼ ਤੋ ਆਏ ਨੂੰ 17 ਸਾਲ 5 ਮਹੀਨੇ ਹੋ ਪਏ ਹਨ। ਰਸਤੇ ਦੀ ਠੀਕ ਠੀਕ ਲੰਬਾਈ
ਕਿਵੇਂ ਲਿਖਾਂ? ਲਿਖਾਰੀ ਦੀ ਲਿਖਤ ਅਨੁਸਾਰ ਖਡੂਰ ਸਾਹਿਬ ਤੋਂ ਬਿਆਸ ਤੱਕ ਕੁਲ ਪੈਂਡਾ 4 ਕੋਸ ਹੈ।
ਮਹਾਨ ਕੋਸ਼ ਵਾਲੀ ਮਿਣਤੀ ਦੇ ਹਿਸਾਬ ਨਾਲ ਇਹ ਪੈਂਡਾ 9 ਮੀਲ ਤੋਂ ਵੱਧ ਬਣਦਾ ਹੈ। ਜੇ ਸੁਣੀ ਸੁਣਾਈ
ਮਿਣਤੀ ਠੀਕ ਮੰਨ ਲਈਏ ਤਾਂ ਕੁਲ ਪੈਂਡਾ 6 ਮੀਲ ਬਣਿਆ।
(ਅ) ਪਹਿਲਾਂ ਇਹ ਵਿਚਾਰ ਕਰ ਲਈਏ ਕਿ, ਕੀ, ਇਹ ਸਾਢੇ ਚਾਰ ਮੀਲ ਪੈਂਡਾ ਰਾਤ
ਦੇ ਸਮੇ ਪਿੱਛਲ ਖੁਰੀ ਤੁਰਿਆ ਜਾਣ ਦੇ ਯੋਗ ਹੈ ਵੀ ਸੀ ਕਿ ਨਹੀ?
1930 ਵਿੱਚ ਦਾਸ ਦੇ ਮਾਤਾ ਪਿਤਾ ਪਰਵਾਰ ਸਹਿਤ, ਬਉਲੀ ਸਾਹਿਬ ਵਿੱਚ ਇਸ਼ਨਾਨ
ਲਈ ਸ੍ਰੀ ਗੋਇੰਦਵਾਲ ਸਾਹਿਬ ਗਏ ਸਨ। ਚੰਗੀ ਤਰ੍ਹਾਂ ਯਾਦ ਹੈ ਕਿ ਖਡੂਰ ਸਾਹਿਬ ਸਤਿਗੁਰਾਂ ਦੇ ਦਰਬਾਰ
ਦੀ ਹਾਜ਼ਰੀ ਭਰ ਕੇ ਰਸਤੇ ਵਿੱਚ ਦਮਦਮਾ ਸਹਿਬ ਦਰਸ਼ਨਾਂ ਲਈ ਰੁਕੇ ਸਾਂ। ਸੇਵਾਦਾਰਾਂ ਨੇ ਉਸ ਕਰੀਰ ਦੇ
ਦਰਸ਼ਨ ਵੀ ਕਰਾਏ ਜਿੱਥੇ (ਸੇਵਾਦਾਰਾਂ ਦੇ ਦੱਸਣ ਅਨੁਸਾਰ), ਗੁਰੂ ਅਮਰਦਾਸ ਜੀ ਪਾਣੀ ਦੀ ਭਰੀ ਗਾਗਰ
ਰੱਖ ਕੇ ਥੁਹੜਾ ਸਮਾ ਦਮ ਲਿਆ ਕਰਦੇ ਸਨ। ਸੇਵਾਦਾਰਾਂ ਨੇ ਇਹ ਵੀ ਦੱਸਿਆ ਸੀ ਕਿ, ਇਹ ਥਾਂ ਦਰਿਆ
ਬਿਆਸ ਅਤੇ ਖਡੂਰ ਸਾਹਿਬ ਦੇ ਠੀਕ ਅੱਧ ਵਿੱਚ ਹੈ। (ਕਿਥੋਂ ਪਤਾ ਲੱਗੇ ਕਿ, ਲਿਖਾਰੀ ਦਾ ਕਥਨ
ਕਿਸ ਕਾਰਨ ਮੇਲ ਨਹੀਂ ਖਾਂਦਾ?
(ੲ) ਉਸ ਸਮੇ ਵੀ ਗੋਇੰਦਵਾਲ ਸਾਹਿਬ ਦਾ ਕੱਚਾ ਰਸਤਾ, ਥਾਂ ਥਾਂ ਤੇ ਕਈ
ਤਰ੍ਹਾਂ ਦੀਆਂ ਰੁਕਾਵਟਾਂ ਨਾਲ ਅਤੇ ਮਿੱਟੀ ਘੱਟੇ ਘੱਟੇ ਨਾਲ ਭਰਆ ਹੋਇਆ ਸੀ। ਕਈ ਨੀਵੇਂ ਥਾਈਂ ਰਾਹ
ਵਿੱਚ ਪਾਣੀ ਅਥਵਾ ਗਾਰਾ ਵੀ ਹੈ ਸੀ। ਗੋਇੰਦਵਾਲ ਸਾਹਿਬ ਤੋਂ ਦਰਿਆ ਤੱਕ ਦਾ ਥਾਂ ਸਰਕੜੇ ਅਤੇ ਕਈ
ਤਰ੍ਹਾਂ ਦੀਆਂ ਝਾੜੀਆਂ ਵਾਲਾ ਸੀ। 1974 ਵਿਚਲੀ ਦਾਸ ਦੀ ਜਾਣਕਾਰੀ ਅਨੁਸਾਰ, ਬਿਆਸ ਦੇ ਪਾਣੀ ਤੱਕ
ਪੁਜਣ ਲਈ ਬਣੇ (ਪੱਤਣ ਵਲ ਨੂੰ) ਬਣੇ ਹੋਏ ਰਸਤੇ ਵੀ ਏਡੇ ਪੱਧਰੇ ਨਹੀਂ ਸਨ। (ਸੰਮਤ 1597-1609) ਲਗ
ਪਗ 400 ਸਾਲ ਪਹਿਲਾਂੇ 19ਵੀ ਸਦੀ ਦੇ ਟਾਕਰੇ ਤੇ ਬੜੀ ਘੱਟ ਅਬਾਦੀ ਵਾਲੇ ਉਨ੍ਹਾਂ ਸਮਿਆਂ ਵਿਚ,
ਖਡੂਰ ਸਾਹਿਬ ਤੋਂ ਦਰਿਆ ਬਿਆਸ ਨੂੰ ਜਾਂਦਾ, ਤਕਰੀਬਨ ਉਜਾੜ ਪੈਂਡਾ, ਕੰਡੇ ਦਾਰ ਝਾੜੀਆਂ ਨਾਲ ਅਤੇ
ਹੋਰ ਜੰਗਲੀ ਰੁੱਖਾਂ ਬੂੁਿਟਆਂ ਨਾਲ ਭਰਿਆ ਹੋਣਾ ਕੁਦਰਤੀ ਗੱਲ ਸੀ। ਇਨ੍ਹਾਂ ਤੱਥਾਂ ਤੋ ਸਿੱਧ ਹੈ
ਕਿ, ਰਾਤ ਦੇ ਸਮੇ ਤੁਰਨਾ ਛਡਿਆ, ਦਿਨ ਵੇਲੇ ਵੀ ਸਾਢੇ ਚਾਰ ਮੀਲ ਪੈਂਡਾ ਪਿੱਛਲ ਪੈਰੀਂ, ਦੋ
ਘੰਟਿਆਂ ਵਿੱਚ ਕੋਈ ਗਭਰੂ ਵੀ ਨਹੀ ਮੁਕਾ ਸਕਦਾ।
(4) 139ਵੀਂ ਚੌਪਈ ਵਿੱਚ ਲਿਖਾਰੀ ਨੇ ਲਿਖਿਆ ਹੈ ਕਿ (ਗੁਰੂ) ਅਮਰਦਾਸ
ਜੀ ਗੁਰੂ ਅੰਗਦ ਸਾਹਿਬ ਜੀ ਨੂੰ ਰੋਜ਼ ਤਿੰਨ ਵਜੇ ਸਵੇਰੇ ਇਸ਼ਨਾਨ ਕਰਾ ਲਿਆ ਕਰਦੇ ਸਨ। ਉਪਰ ਵਿਚਾਰੀ
ਸਥਿਤੀ ਵਿੱਚ (ਗੁਰੂ ਅਮਰਦਾਸ ਸਾਹਿਬ ਸਾਡੇ ਚਾਰ ਮੀਲ ਪੈਂਡਾ ਪਿਛਲੇ ਪੈਰੀਂ ਕਰਨ ਨਾਲ) ਸ਼ਾਮੀ
ਰਹਿਰਾਸ ਸਾਹਿਬ ਦੇ ਭੋਗ ਉਪ੍ਰੰਤ ਉਸੇ ਵੇਲੇ ਵੀ ਜੇ ਤੁਰ ਪਿਆ ਕਰਦੇ ਹੁੰਦੇ ਤਦ ਵੀ, ਬਿਆਸ ਦੇ ਜਲ
ਨਾਲ ਰੋਜ਼ ਸਵੇਰੇ ਤਿੰਨ ਵਜੇ ਸਤਿਗੁਰੂ ਜੀ ਦਾ ਇਸ਼ਨਾਨ ਕਰਾਉਣਾ ਮਨੁੱਖੀ ਸ਼ਕਤੀ ਤੋਂ ਬਾਹਰ ਦੀ ਗਲ ਹੈ।
ਚੌਪਈ= ਅਮਰਦਾਸ ਪੁਨਿ ਸਿਰਿ ਧਰਿ ਗਾਗਰ। ਆਵਤ ਪੰਥ ਬਿਖੈ ਸੁਖਸਾਗਰ।
ਤਿਸੀ ਅਸਥਾਨ ਦਮਦਮਾ ਸੋਹੈ। ਜਗਤ ਕਾਮ ਪੂਰਨ ਮਨ ਮੋਹੈ॥ 144॥
ਉਚੇਚੇ ਤੌਰ ਤੇ ਇਸ ਪੁਸਤਕ ਸੰਪਾਦਨਾ ਕਰਨ ਦੀ ਘਾਲਣਾ ਘਾਲਣ ਵਾਲੇ ਮਹਾਂਪੁਰਖ
ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਦੀ
ਪਦਵੀ ਦੇ ਅਨਕੂਲ ਗੁਰਮਤਿ ਦਾ ਪੱਖ ਸਪੱਸ਼ਟ ਕਰਨ ਦੀ ਥਾਂ ਸਗੋਂ ਟੂਕ ਵਿੱਚ ਜੋ ਲਿਖਿਆ ਹੈ, ਉਨ੍ਹਾਂ
ਬਚਨਾ ਦੀ ਵਰਤੋਂ ਨਾਲ ਇਸ ਚੌਪਈ ਦੇ ਅਰਥ ਇਸ ਪ੍ਰਕਾਰ ਹਨ:-
ਅਰਥ:-ਸੁਖਾਂ ਦੇ ਸਾਗਰ (ਗੁਰੁ) ਅਮਰਦਾਸ ਜੀ, ਸਿਰ ਤੇ ਗਾਗਰ ਚੁੱਕੀ
ਰਸਤੇ ਵਿੱਚ ਜਿਸ ਥਾਂ ਅਇਆ ਕਰਦੇ ਸਨ, “ਉਸ ਅਸਥਾਨ ਉਤੇ ਹੁਣ ਦਮਦਮਾ ਸਾਹਿਬ ਸੁਭਾਇਮਾਨ ਹੈ, ਮਨਾਂ
ਨੂੰ ਮੋਹਨ ਵਾਲਾ ਇਹ ਅਸਥਾਨ ਸੰਸਾਰ ਦੇ ਲੋਕਾਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਦਾ ਹੈ। 144.
ਉੱਪਰ 11ਵੇ ਲੇਖ ਵਿੱਚ ਅਸਾਂ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ, ਪਹਿਲੇ ਸਰੂਪ
ਤੋਂ ਲੈ ਕੇ ਪੰਚਮ ਜਾਮੇ ਤਕ. ਸਤਿਗੁਰੂ ਜੀ ਲਈ “ਮਨ ਨੂੰ ਮੋਹਨ ਵਾਲਾ ਅਥਵਾ ਸਭ ਦੀਆਂ ਕਾਮਨਾਵਾਂ
ਪੂਰੀਆਂ ਕਰਨ ਵਾਲਾ ਕੇਵਲ ਅਤੇ ਕੇਵਲ ਸਿਜਣਹਾਰ ਅਖਾਲਪੁਰਖ ਜੀ ਹੀ ਹਨ। ਪਰ ਏਧਰ ਵੇਦਾਂਤੀ ਜੀ ਆਪਣੇ
ਹੱਥੀਂ ਕੇਵਲ ਇੱਕ ਸੇਵਾਦਾਰ ਦੇ ਬਿਸਰਾਮ ਲਈ ਅਟਕਣ ਵਾਲੀ ਥਾਂ ਨੂੰ, ਹੀ ਸਭ ਕਾਮਨਾ ਪਰੀਆਂ ਕਰਨ
ਵਾਲਾ ਮੰਨਣ ਦਾ ਉਪਦੇਸ਼ ਲਿਖ ਰਹੇ ਹਨ” ?
(5) ਥਾਂ ਥਾਂ ਗੁਰੂ ਬਾਣੀ ਸਿਧਾਂਤ ਦੀ ਖੰਡਨਾ ਕਰੀ ਰੱਖਣ ਲਈ ਝੂਠ ਗਾਥਾ ਗੰਢੀ ਆ ਰਹੇ
ਲਿਖਾਰੀ ਦੀ ਕੁਟਲਤਾ? ਕੇਵਲ ਇੱਕ ਅਕਾਲ ਦਾ ਪੂਜਾਰੀ ਹੋਣ ਦਾ ਮਾਣ ਕਰ ਰਹੀ ਸਿੱਖੀ ਨੂੰ, ਅਨੇਕਤਾ ਦਾ
ਪੁਜਾਰੀ ਬਣਾਇਆ ਜਾ ਰਿਹਾ ਹੈ? ਭਾਵ, “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥”
{463} ਸਿਰਜਣਾ ਨੂੰ ਸਤਿਗੁਰੂ ਨਜੀ ਨੇ ‘ਦੂਜੀ ‘ਫ਼ੁਰਮਾਨ ਕੀਤਾ ਹੈ। ਅਤੇ ਖ਼ਸਮ ਪ੍ਰਭੂ ਦੇ ਥਾਂ ਉਸ
ਦੀ ਕਿਰਤ ਦੀ ਪੂਜਾ ਦੂਜੇ ਲਗਣ ਵਾਲੀ ਭੁੱਲ। -
“ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥”
{470} ਭਾਵ, ਵੈਦਾਂਤੀ ਜੀ ਵਲੋਂ ਲਿਖੇ
ਉਪਰੋਕਤ ਅਰਥਾਂ ਦੇ ਅਧਾਰ ਤੇ, ਸੰਸਾਰ ਸਮੁੰਦਰ ਵਿੱਚ ਡੁੱਬ ਪਰਨ ਦੀ ਪੰਥਕ ਅਗਿਆ? ਪਿਆਰੇ ਖ਼ਾਲਸਾ
ਜੀਓ! ਸਾਂਭੋ ਸੁਰਤ ਤੇ ਪਛਾਣੋ ਆਪਣੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਨੂੰ। ਲੱਗਾ ਜੇ
ਲਿਖਾਰੀ ਕਹਾਣੀ ਨੂੰ ਨਵਾਂ ਮੋੜ ਦੇਣ। ਸੁਖਣਾ ਪੂਰੀਆਂ ਕਰਨ ਵਾਲਾ ਇੱਕ ਹੋਰ ਨਵਾਂ ਸਾਧਨ? :--
ਏਕ ਸਮੇ ਜਲ ਜਬੈ ਲਯਾਏ। ਆਂਧੀ ਚਲੀ ਬਹੁਤ ਭੈ ਦਾਏ।
ਪੰਥ ਸੂਝ ਨਹਿ ਰੈਨਿ ਅੰਧੇਰੀ। ਚਲਤ ਸ਼ਿਤਾਬ ਹੋਇ ਮਤੁ ਦੇਰੀ॥ 146॥
ਜੁਲਾਹੇ ਖੱਡੀ ਮੇਖ ਗਡਾਏ। ਤਹ ਗਿਰ ਪਰੇ ਮੁਖਿ ਗੁਰ ਉਚਰਾਏ।
ਗਾਗਰ ਜਲ ਸਿਰਿ ਗਿਰਨ ਨ ਦੀਨੀ। ਰਖੀਥਾਂਭ ਦੁਹੁ ਕਰਿ ਦ੍ਰਿੜ ਕੀਨੀ॥ 147॥
ਦੋਹਰਾ॥ ਤਬੈ ਜੁਲਾਹੇ ਅਸ ਕਹਾ ਨਿਜ ਨਾਰੀ ਕੇ ਸਾਥ। ਹਮਰੇ ਦਰਿ ਕੋ ਹੈ
ਗਿਰਾ ਐਸੇ ਸਮੇ ਅਨਾਥ॥ 148॥
ਜੁਲਹੀ ਤਬ ਪਤਿ ਕੋ ਕਹਾ ਅਮਰੂ ਹੈ ਨਿਹਥਾਵ। ਜਾ ਕੋ ਰੈਨਿ ਅਰਾਮ ਨਹਿ ਜਲ
ਢੋਵਤ ਦੁਖੁ ਪਾਵ॥ 149॥
ਕਈ ਸਾਲਾਂ ਦੀ ਗੁਰਮਤਿ ਦੇ ਆਸ਼ੇ ਵਿਰੋਧੀ ਹਠਕਰਮੀਆਂ ਵਾਲੀ ਸੇਵਾ
ਉਪ੍ਰੰਤ ਹੁਣ ਅਚਨਚੇਤ ਬੜੀ ਸਖ਼ਤ ਹਨੇਰੀ ਤੇ ਝੱਖੜ ਝੁੱਲ ਪਿਆ? ਬਿਰਧ (ਸਤਿਗੁਰੂ ਅਮਰਦਾਸ ਜੀ ਉਸ
ਮੀਂਹ ਝੱਖੜ ਦੇ ਕਾਰਨ, ਰਾਹੋਂ ਉੱਖੜ ਕੇ ਜੁਲਾਹੇ (ਦੇ ਸੂਤ੍ਰ ਦਾ ਤਾਣਾ ਬੱਨ੍ਹਣ ਲਈ ਗੱਡੀ ਹੋਈ)
ਕਿੱਲੀ ਨਾਲ ਠੋਕਰ ਖਾ ਕੇ ਖੱਡੀ ਵਿੱਚ ਡਿਗਣ ਤੋਂ, ਅਚਨ ਚੇਤ ਵੱਜੇ ਸਖ਼ਤ ਝਟਕੇ ਨੂੰ ਝੱਲ ਗਏ ਅਤੇ ਜਲ
ਨੂੰ ਸਹੀ ਸਲਾਮਤ ਸੰਭਾਲੀ ਰਖਿਆ। ਜੁਲਾਹੇ ਜੁਲਾਹੀ ਵਲੋਂ “ਅਮਰੂ ਨਿਥਵਾਂ” ਕਹਿਣ ਰੂਪ ਦੁਖਦਾਈ
ਚੋਭਾਂ ਮਾਰੀਆਂ। ਪਰ (ਗੁਰੂ) ਅਮਰਦਾਸ ਜੀ ਸ਼ਾਂਤ ਰਹੇ।
ਅਡੋਲ ਚਿਤ ਰਹਿੰਦਿਆਂ, ਬੜੀ ਸ਼ਰਧਾ ਨਾਲ ਸਤਿਗੁਰੂ ਜੀ ਦਾ ਇਸ਼ਨਾਨ ਕਰਾਇਆ,
ਅਤੇ ਫਿਰ ਸਤਿਗੁਰੂ ਜੀ ਧਿਆਨ ਵਿੱਚ ਜੁੜ ਗਏ। ਰਾਤ ਦਾ ਹਨੇਰਾ ਹਟਿਆ। ਸੂਰਜ ਚੜ੍ਹੇ ਸਤਿਗੁਰਾਂ ਨੇ
ਦੀਵਾਨ ਸਜਾਇਆ। ਦਾਤੂ ਜੀ ਦੱਸ ਰਹੇ ਹਨ ਕਿ, ਬਾਬਾ ਬੁਢਾ ਜੀ ਆਦਿ ਮੁਖੀ ਸਿੱਖਾਂ ਨੂੰ (ਗੁਰੂ)
ਅਮਰਦਾਸ (ਜੀ) ਤੇ ਸਾਨੂੰ ਦੋਹਾਂ (ਬਾਬਾ ਦਾਤੂ ਜੀ ਤੇ ਦਾਸੂ ਜੀ) ਭਾਈਆਂ ਨੂੰ ਵੀ ਬੁਲਾ ਕੇ ਕੋਲ
ਬਿਠਾ ਲਿਆ। ਸਤਿਗੁਰੂ ਜੀ ਨੇ ਗੁਰੂ ਅਮਰਦਾਸ ਜੀ ਕੋਲੋਂ ਰਾਤ ਦਾ ਬਿਰਤਾਂਤ ਪੁਛਿਆ (152 ਤੱਕ)
ਤਾਂ:-
ਕੰਡਲੀਆ॥ ਅਮਰਦਾਸ ਗੁਰ ਵਾਕ ਸੁਨਿ ਭਾਖੇ ਬਚਨ ਰਸਾਲ। ਹਮ ਕੋ ਕਿਛੂ ਨ
ਕਛੁ ਕਹਯੋ, ਸੁਨੀਯੋ ਪ੍ਰਭ ਕ੍ਰਿਪਾਲ। ਸੁਨੀਯੋ ਪ੍ਰਭੁ ਕ੍ਰਿਪਾਲ ਸਭੀ ਬਿਧਿ ਜਾਨਨ-ਹਾਰੇ।
ਤੁਮ ਅਵਗਨ ਬਖਸੰਦ ਦਾਸ ਹਮ ਦੀਨ ਵਿਚਾਰੇ। ਗੁਰ ਅੰਗਦ ਪਤਿ ਬਾਮ, ਸੋਊ ਤਤਕਾਲ ਬੁਲਾਏ। ਦੰਪਤਿ ਅਤਿ
ਭੈ ਖਾਇ, ਪ੍ਰਭੂ ਕੇ ਨਿਕਟਿ ਸੁ ਆਏ॥ 153॥ ਸਤਤਗੁਰੂ ਜੀ ਨੇ ਜੁਲਾਹੇ ਪਤੀ ਪਤਨੀ ਨੂੰ ਬੁਲਾ ਕੇ
ਪੁਛਿਆ ਤਾਂ ਉਨ੍ਹਾਂ ਨੇ ਅਮਰੂ ਨਿਥਵਾਂ ਆਖਣ ਵਾਲੀ ਰਾਤ ਦੀ ਸਾਰੀ ਗੱਲ ਸਚ ਸਚ ਦੱਸ ਦਿਤੀ। ਤਾਂ,
ਗੁਰੂ ਸਾਹਿਬ ਜੀ ਨੇ (ਗੁਰੂ) ਅਮਰਦਾਸ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਇਉਂ ਫ਼ੁਰਮਾਨ ਕੀਤਾ-
“ਨਿਥਾਵਿਆਂ ਕਾ ਥਾਂਵ ਤੂ ਨਿਓਟੀਆਂ ਕੀ ਤੁਮ ਓਟ। ਜੋ ਨਰ ਤੁਮ ਦਰਸਨ ਕਰੇ ਮਿਟੈ ਪਾਪ ਤਿਹ ਕੋਟਿ॥ 158॥”
ਜੁਲਾਹੇ ਪ੍ਰਤਿ ਸ੍ਰੀ ਗੁਰ ਕਹਾ ਇਹ ਗ੍ਰਹ ਤੁਮ ਛਡ ਦੇਹੁ। ਗੁਰ ਸਥਾਨ ਇਹ ਹੈ
ਭਯੋ ਔਰੁ ਧਾਮ ਰਚਿ ਲੇਹੁ॥ 159॥
(ਗੁਰੂ) ਅਮਰਦਾਸ ਜੀ ਨੂੰ ਇਉ ਵਰਾਂ-ਅਸੀਸ਼ਾਂ ਨਾਲ ਨਿਹਾਲ ਕਰਕੇ ਜੁਲਾਹੇ ਨੂੰ ਸਤਿਗੁਰੂ ਜੀ ਨੇ
ਆਖਿਆ ਕਿ, ਇਹ ਕਿੱਲੀ ਵਾਲਾ ਥਾਂ ਹੁਣ ਗੁਰੂ ਦਾ ਹੋ ਗਿਆ ਹੈ, ਤੂ ਕਿਤੇ ਹੋਰ ਥਾਂ ਸੁਹਣਾ ਘਰ ਬਣਾ
ਲੈ, ਤੇ- “ਦੀਨੋ ਦਰਬ ਅਪਾਰ ਜੁਲਹੇ ਕੋ ਸ੍ਰੀ ਗੁਰ ਤਬੇ॥” ਜੁਲਾਹੇ ਨੂੰ ਸਤਿਗੁਰੂ ਜੀ ਨੇ ਬੇਅੰਤ ਧਨ
ਦੇ ਦਿਤਾ। ਉਸ ਨੇ ਸਤਿਗੁਰੂ ਜੀ ਦੀ ਬੜੀ ਉਪਮਾਂ ਉਚਰਾਰੀ ਅਤੇ ਜਾ ਕੇ ਹੋਰ ਕਿਸੇ ਚੰਗੇ ਜਹੇ ਥਾਂ
ਤੇ, ਬੜਾ ਸੁੰਦਰ ਘਰ ਬਣਾ ਲਿਆ।
ਪਰ ਉਸ ਜੁਲਾਹੇ ਦੇ ਪਰਵਾਰ ਦਾ ਕੀ ਬਣਿਆ? ਉਹ ਨਵਾਂ ਘਰ ਕਿੱਥੇ ਬਣਿਆ? -ਇਹ
ਕਿਸੇ ਨੂੰ ਕੁੱਝ ਪਤਾ ਨਹੀਂ। ਵਿਦਿਆਹੀਨ ਸਿੱਖ, ਕੀ ਜਾਣੇ ਸਚੁ ਝੂਠ ਦੀ ਪਛਾਣ?
(6) ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਮਰਥ ਅੰਤਰਜਾਮੀ, “ਸਭੀ
ਬਿਧਿ ਜਾਨਨ-ਹਾਰੇ” ਦਰਸਾਉਣ ਤੋਂ ਸਪੱਸ਼ਟ ਹੈ ਕਿ, ਸਤਿਗੁਰੂ ਜੀ ਪਹਿਲੇ ਦਿਨ ਤੋਂ ਇਸ ਸੇਵਾ
ਬਾਰੇ ਸਭ ਕੁੱਝ ਜਾਣਦੇ ਸਨ ਕਿ, ਬਿਰਧ ਅਵਸਥਾ ਗੁਰੂ ਅਮਰਦਾਸ ਜੀ ਦੀ, ਰਾਤੋ ਰਾਤ ਬਿਆਸ ਤੋਂ ਜਲ
ਲਿਆਉਣ ਵਾਲੀ ਕਰੜੀ “ਹਠ- ਘਾਲਣਾ” ਰੂਪ ਉਨ੍ਹਾਂ ਪੂਜਾ ਅਰੰਭ ਕਰ ਰਹੇ ਹਨ। ਸਰਬੱਤ ਸੰਸਾਰ
ਪ੍ਰਤੀ, ਤਰਸ ਮਿਹਰ ਨਾਲ ਲਬਾਲਬ ਭਰੇ ਹਿਰਦੇ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤ
ਸੰਭਾਲੀ, ਲੋਕਾਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨਾਲ ਜੋੜ ਰਹੇ, ਅਨਿਨ ਗੁਰੂ-ਭਗਤ,
ਅਦੁਤੀ ਨਿਸ਼ਕਾਮ ਸੇਵਾਦਾਰ, ਬਾਬਾ ਲਹਿਣਾ ਜੀ ਤੋਂ ਬਣੇ ਸਤਿਗੁਰੂ ਅੰਗਦ ਸਾਹਿਬ ਜੀ, ਖੂਹਾਂ ਦਾ ਪਾਣੀ
ਹੁੰਦਿਆਂ, ਨਿਰੰਤਰ 12 ਸਾਲ, ਉਸ ਜਲ ਨਾਲ ਇਸ਼ਨਾਨ ਕਰਦੇ ਰਹਿਣ ਵਾਲੀ ਵਡੀ (ਬ੍ਰਾਹਮਣ
ਗੁਰੂਆਂ ਵਾਲੀ) ਨਿਰਦਾਇਤਾ ਦਾ ਵਿਚਾਰ ਵੀ ਮਨ ਵਿੱਚ ਲਿਆਉਣਾ ਕਦੇ ਕਿਸੇ ਵੀ ਹਾਲਤ ਵਿੱਚ ਨਹੀਂ ਸਨ
ਝੱਲ਼ ਸਕਦੇ? ਸਤਿਗੁਰੂ ਜੀ ਪੱਥਰ ਦੇ ਠਾਕੁਰ ਜੀ ਨਹੀਂ ਸਨ ਜੋ ਅਜੇਹੇ ਦਰਿਆਈ-ਜਲ ਨਾਲ
ਇਸ਼ਨਾਨਾ ਕਰਦੇ ਰਹਿੰਦੇ ਜਿਹੜਾ (ਪਾਣੀ), ਪਿਤਾ ਦੀ ਉਮਰ ਦੇ ਬਿਰਧ* (ਗੁਰੂ)
ਅਮਰਦਾਸ ਜੀ, (ਜੋ ਕੇਵਲ ਸਭ ਤੋਂ ਵੱਧ ਭਰੋਸੇ ਵਾਲੇ ਸੇਵਾਦਾਰ ਹੀ ਨਹੀ ਸਨ ਸਗੋਂ ਉਨ੍ਹਾਂ ਦੀ
ਪੁਤਰੀ ਬੀਬੀ ਅਮਰੌ ਜੀ ਸਹੁਰੇ-ਪਿਤਾ ਜੀ ਦੇ ਸਕੇ ਭਰਾਤਾ ਜੀ ਵੀ ਸਨ), ਜ਼ਹਿਰੀਲੇ ਸੱਪਾਂ ਅਤੇ ਹੋਰ
ਜੰਗਲੀ ਜਾਨਵਰਾਂ ਤੋਂ ਹਰ ਸਮੇ ਦੇ ਖ਼ਤਰੇ ਨਾਲ ਭਰਿਆਂ, 6/7 ਮੀਲ ਬੜਾ ਬਿਖੜਾ ਪੈਂਡਾ ਮਾਰ ਕੇ ਰਾਤੋ
ਰਾਤ, ਅਤੀਅੰਤ ਕਰੜੀ ਹਠ-ਘਾਲਣਾ ਨਾਲ ਲਿਆਂਉਂਦੇ ਸਨ? ਉਨ੍ਹਾਂ ਨੇ ਤਾਂ ਪਹਿਲੇ ਦਿਨ ਹੀ
(ਗੁਰੂ ਅਮਰਦਾਸ ਜੀ ਨੂੰ ਕੋਲ ਬੁਲਾ ਕੇ ਬੜੇ ਪਿਆਰ ਨਾਲ ਕਹਿ ਦੇਣਾ ਸੀ- “ਹੇ ਭਲੇ ਪੁਰਖ ਜੀਓ!
ਪਵਿਤਰ ਤੇ ਨਿਸ਼ਕਾਮ ਹਿਰਦੇ ਤੋਂ ਕੀਤੀ ਜਾ ਰਹੀ ਤੁਹਾਡੀ ਛੋਟੀ ਤੋਂ ਛੋਟੀ ਸੇਵਾ ਸਤਿਗੁਰੂ ਨਾਨਕ
ਸਾਹਿਬ ਜੀ ਦੇ ਘਰ ਕਬੂਲ ਹੈ- “ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥”
ਫਿਰ, ਬਚਪਨ ਤੋਂ ਵਰਤ ਰਹੇ ਖੂਹਾਂ ਟੋਬਿਆਂ ਦੇ ਬੇ-ਅੰਤ ਜਲ ਦੇ ਹੁੰਦਿਆਂ ਕੇਵਲ ਸਾਡੇ ਇਸ਼ਨਾਨ ਵਾਸਤੇ
ਹੀ ਜਾਣ ਬੁੱਝ ਕੇ ਤੁਸਾਂ ਇਹ ਬ੍ਰਹਾਮਣੀ ਮਤਿ ਵਾਲੀ ਫ਼ਜ਼ੂਲ ਹੱਠ-ਸੇਵਾ, ਸਰੀਰ ਨੂੰ ਅਜਾਂਈ
ਨੁਕਸਾਨ ਪੁੱਜਣ ਦੀ ਵਡੀ ਸੰਭਾਵਣਾ ਬਣਾਈ ਰੱਖਣ ਵਾਲਾ ਕਰਮ, ਕਿਸ ਕਾਰਨ ਅਰੰਭ ਕਰ ਲਿਆ? ਇਸ ਦੁਰਲੱਭ
ਦੇਹੀ ਕਸ਼ਟ ਦੇਣ ਲਈ ਨਹੀਂ ਬਣੀ, ਸਗੋਂ ਇਸ ਦੀ ਪਾਲਣਾ ਕਰਦਿਆਂ ਪ੍ਰਭੂ ਮਿਲਾਪ ਦਾ ਅਨੰਦ ਮਾਨਣਾ ਹੈ।
ਹਠ-ਕਰਮਾਂ ਨਾਲ ਸਰੀਰ ਨੂੰ ਕਸ਼ਟ ਪੁਚਾਉਣ ਵਾਲੇ ਵਿਹਾਰ ਦੇ ਬਾਰੇ ਗੁਰੂ-ਪਰਮੇਸ਼ਰ ਜੀ ਤੋਂ ਪ੍ਰਾਪਤ
ਹੋਏ ਪਾਵਨ ਬਚਨ--
{*
Foot note:-ਕਿਸੇ
ਵਿਅਰਥ ਭੇਲੇਖੇ ਵਿੱਚ ਨਾ ਪੈ ਜਾਣਾ-ਉਪਰੋਕਤ
6 ਨੰਬਰ ਪੈਰੇ ਵਿੱਚ ਦਾਸ ਨੇ (ਸਤਿਗੁਰੂ) ਅਮਰਦਾਸ ਸਾਹਿਬ ਜੀ ਲਈ “ਬਿਰਧ ਉਮਰ”
ਸ਼ਬਦ ਵਰਤਿਆ ਹੈ। ਮਨ ਨੇ ਸ਼ੰਕਾ ਕਬੂਲਿਆ ਹੈ, ਕਿ ਹੋ ਸਕਦਾ ਹੈ ਗੁਰੂਬਾਣੀ ਦੀ ਅੰਤਰੀਵ ਰਮਜ਼ ਦੀ ਠੀਕ
ਪਛਾਣ ਨਾ ਕਰ ਸਕਣ ਵਾਲੇ ਖਰੜ ਗਿਆਨੀ, ਝਟ-ਪਟ- “ਗੁਰਮੁਖਿ ਬੁਢੇ ਕਦੇ ਨਾਹੀ” ਪਾਵਨ ਪੰਗਤੀ
ਵਰਤ ਕੇ ਸੁਹਿਰਦ ਪਾਠਕ ਦੇ ਮਨ ਵਿੱਚ ਸ਼ੰਕਾ ਖੜਾ ਕਰਕੇ, ਸੈਂਕੜੇ ਸਾਲਾਂ ਤੋਂ ਪੰਥ ਵਿੱਚ ਪਰਚਲਤ ਇਸ
ਪੁਰਾਣਕ ਤਰਜ਼ ਦੀ ਗਾਥਾ ਬਾਰੇ, ਉਪਰੋਕਤ ਲਿਖੇ ਗੁਰਮਤਿ-ਵਿਚਾਰ ਅਜਾਈਂ ਰੱਦ ਕਰਨ ਦਾ ਯਤਨ ਕਰਨ? ਇਸ
ਕਾਰਨ ਪਹਿਲਾਂ ਇਸ ਪੰਗਤੀ ਬਾਰੇ ਗੁਰਮਤਿ ਵਿਚਾਰ ਲਿਖ ਲੈਣ ਦੀ ਲੋੜ ਅਨੁਭਵ ਕੀਤੀ ਹੈ:- ਗੁਰੂ ਬਾਣੀ
ਦੀ ਇਹ ਪਾਵਨ ਪੰਗਤੀ ਸਲੋਕ ਵਾਰਾਂ ਤੋ ਵਧੀਕ ਮਹਲਾ 3 ਦੇ 44ਵੇਂ ਸਲੋਕ ਵਿਚੋਂ ਹੈ। ਪੰਗਤੀ ਦਾ
ਸੰਬੰਧ ਸਰੀਰ ਦੇ ਬੁਢੇਪੇ ਨਾਲ ਬਿਲਕੁਲ ਨਹੀਂ ਹੈ। ਗੁਰਮਤਿ ਨੇ ਆਤਮਕ ਜੀਵਨ ਵਿੱਚ ਆਈ ਕਮਜ਼ੋਰੀ ਨੂੰ
ਬੇਢੇਪਾ ਮੰਨਿਆ ਹੈ। 44 ਦੇ ਨਾਲ ਹੀ 43 ਸਲੋਕ ਦੀ ਵਿਚਾਰ ਕਰਨ ਨਾਲ ਅਸਲੀਅਤ ਦੀ ਸਮਝ ਆ ਜਾਂਦੀ
ਹੈ:-ਸਬਦਿ ਮਰੈ ਸੋ ਮੁਆ ਜਾਪੈ॥ ਗੁਰ ਪਰਸਾਦੀ ਹਰਿ ਰਸਿ ਧ੍ਰਾਪੈ॥ ਹਰਿ ਦਰਗਹਿ ਗੁਰ ਸਬਦਿ
ਸਿਞਾਪੈ॥ ਬਿਨੁ ਸਬਦੈ ਮੁਆ ਹੈ ਸਭੁ ਕੋਇ॥ ਮਨਮੁਖੁ ਮੁਆ ਅਪੁਨਾ ਜਨਮੁ ਖੋਇ॥ ਹਰਿ ਨਾਮੁ ਨ ਚੇਤਹਿ
ਅੰਤਿ ਦੁਖੁ ਰੋਇ॥ ਨਾਨਕ ਕਰਤਾ ਕਰੇ ਸੁ ਹੋਇ॥ 43 ॥
ਗੁਰਮੁਖਿ ਬੁਢੇ ਕਦੇ ਨਾਹੀ ਜਿਨਾੑ ਅੰਤਰਿ ਸੁਰਤਿ ਗਿਆਨੁ॥ ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ
ਧਿਆਨੁ॥ ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ॥ ਤਿਨਾ ਨਦਰੀ ਇਕੋ ਆਇਆ ਸਭੁ ਆਤਮ
ਰਾਮੁ ਪਛਾਨੁ॥ 44 ॥
{1419}
ਜੇ 44 ਨੰਬਰ ਸਲੋਕ ਵਿਚਲੇ ‘ਗੁਰਮਖਿ’ ਨੂੰ ਸਰੀਰ ਤੋਂ ਬੁੱਢਾ ਕਦੇ ਨਹੀਂ
ਹੁੰਦਾ ਮੰਨਦੇ ਹੋ ਤਾਂ ਕੀ, 43 ਨੰਬਰ ਸਲੋਕ ਵਿੱਚ ਦੋ ਵਾਰ ਆਏ “ਮੂਆ” ਪਦ ਦਾ ਭਾਵ ਸਰੀਰਕ ਤੌਰ ਤੇ
ਮੁਰਦਾ ਹੋ ਚੁੱਕਿਆ, ਸਮਝਿਆ ਜਾਵੇਗਾ? ਸੋ ਮੂਆ ਦਾ ਅਰਥ ਵਿਕਾਰਾਂ ਲਈ ਮੁਰਦਾ ਹੋ ਚੁੱਕਾ
ਹੈ। ਵਿਕਾਰ ਪੋਹ ਹੀ ਨਾ ਸਕਣ। ਏਵੇਂ ਹੀ ‘ਗੁਰਮੁਖਿ ਬੁਢੇ ਕਦੇ ਨਾਹੀ’ ਦਾ ਅਰਥ=ਸਤਿਗੁਰੂ
ਜੀ ਦੇ ਸਨਮੁਖ ਰਹਿਣ ਵਾਲੇ, ਗੁਰਮੁਖ ਸੱਜਣ, ਆਤਮਕ ਤੌਰ ਤੇ ਕਦੇ ਕਮਜ਼ੋਰ ਨਹੀ ਹੋ ਸਕਦੇ। ਜੇ ਅਜੇ ਵੀ
ਸ਼ੰਕਾ ਰਹਿ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਦਸਵੀਂ ਪੋਥੀ ਦੇ 622 ਤੇ 623 ਸਫ਼ੇ ਤੇ ਲਿਖੇ
ਅਰਥਾਂ ਤੋਂ ਦੂਰ ਕਰ ਲਿਆ ਜਾਵੇ ਜੀ।