ਕੀ ਇਹ ਗੁਰਮਤਿ ਅਤੇ ਸਿੱਖੀ ਹੈ?
ਐਤਵਾਰ 25 ਨਵੰਬਰ 2012 ਦਾ ਜਦੋਂ ਸਪੋਕਸਮੈਨ ਦਾ ਸੰਪਾਦਕੀ ਪੰਨਾ ਪੜ੍ਹਿਆ
ਤਾਂ ਮੈਨੂੰ ਆਪਣੀ ਕੋਈ 20-25 ਸਾਲ ਪੁਰਾਣੀ ਗੱਲ ਯਾਦ ਆ ਗਈ। ਬੱਚੇ ਛੋਟੇ ਸਨ ਅਤੇ ਜਦੋਂ ਅਗਲੀ
ਗਰੇਡ ਵਿੱਚ ਜਾਣਾ ਹੁੰਦਾ ਸੀ ਤਾਂ ਸਕੂਲ ਸਪਲਾਈ ਦੇ ਨਾਲ ਇੱਕ ਡਿਕਸ਼ਨਰੀ ਵੀ ਖਰੀਦੀ ਜਾਂਦੀ ਸੀ। ਮੈਂ
ਅਚਾਨਕ ਹੀ ਡਿਕਸ਼ਨਰੀ ਖੋਲ ਕੇ ਦੇਖਣ ਲੱਗ ਪਿਆ ਤਾਂ ਮਨ ਵਿੱਚ ਖਿਆਲ ਆਇਆ ਕਿ ਦੇਖਾਂ ਤਾਂ ਇਸ ਵਿੱਚ
ਸਿੱਖ ਧਰਮ ਬਾਰੇ ਵੀ ਕੁੱਝ ਲਿਖਿਆ ਹੋਇਆ ਹੈ ਜਾਂ ਨਹੀਂ। ਜਦੋਂ ਦੇਖਿਆ ਤਾਂ ਹੈਰਾਨ ਹੋ ਗਿਆ। ਫਿਰ
ਮਨ ਵਿੱਚ ਖਿਆਲ ਆਇਆ ਕੇ ਸ਼ਹਿਰ ਦੀ ਲਾਇਬਰੇਰੀ ਵਿੱਚ ਜਾ ਕੇ ਦੇਖਿਆ ਜਾਵੇ। ਜਦੋਂ ਉਥੇ ਜਾ ਕੇ ਕਈ
ਇਨਸਾਈਕਲੋਪੀਡੀਏ ਅਤੇ ਡਿਕਸ਼ਨਰੀਆਂ ਦੇਖੀਆਂ ਤਾਂ ਤਕਰੀਬਨ ਸਾਰਿਆਂ ਵਿੱਚ ਇਹੀ ਰਲਦੀ ਮਿਲਦੀ ਗੱਲ
ਲਿਖੀ ਹੋਈ ਸੀ ਕਿ ਸਿੱਖ ਧਰਮ, ਹਿੰਦੂ ਧਰਮ ਦੀ ਇੱਕ ਸ਼ਾਖਾ ਹੈ ਅਤੇ ਕਈਆਂ ਵਿੱਚ ਇਹ ਵੀ ਲਿਖਿਆ ਹੋਇਆ
ਸੀ ਕਿ ਸਿੱਖ ਫੌਜੀ ਸਾਰੀ ਦੁਨੀਆ ਵਿਚੋਂ ਸਭ ਤੋਂ ਚੰਗੇ ਫੌਜੀ ਗਿਣੇ ਜਾਂਦੇ ਹਨ। ਜਦੋਂ ਇਸ ਬਾਰੇ ਕਈ
ਸਿੱਖਾਂ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਸ਼ਾਖਾ ਲਿਖਿਆ ਮਿਲਦਾ ਹੈ
ਤਾਂ ਕਈਆਂ ਨੂੰ ਤਾਂ ਪਤਾ ਹੀ ਨਹੀ ਸੀ ਅਤੇ ਜਿਹਨਾ ਨੂੰ ਪਤਾ ਸੀ ਉਹ ਵੀ ਕੋਈ ਬਹੁਤਾ ਤਸੱਲੀ ਬਖਸ਼
ਜਵਾਬ ਨਹੀਂ ਦੇ ਸਕੇ। ਇਸ ਦੇ ਕਾਰਨ ਤਾਂ ਕੁੱਝ ਸਪੋਕਸਮੈਨ ਵਿੱਚ ਵੀ ਪੜ੍ਹੇ ਜਾ ਸਕਦੇ ਹਨ ਪਰ ਮੇਰੇ
ਖਿਆਲ ਵਿੱਚ ਸਭ ਤੋਂ ਵੱਡਾ ਜੋ ਕਾਰਨ ਹੈ ਉਹ ਹੈ ਸਿੱਖੀ ਸਿਧਾਂਤਾਂ ਨੂੰ ਅਮਲੀ ਤੌਰ ਤੇ ਨਾ
ਅਪਣਾਉਣਾ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਾਜੀ ਅਤੇ ਮੁੱਲਾਂ ਨੇ ਪੁੱਛਿਆ ਕਿ ਇਹ ਤਾਂ ਦੱਸੋ ਕਿ
ਮੁਸਲਮਾਨ ਅਤੇ ਹਿੰਦੂ ਵਿਚੋਂ ਵੱਡਾ ਕੌਣ ਹੈ। ਤਾਂ ਬਾਬੇ ਨਾਨਕ ਨੇ ਜੋ ਉਤਰ ਦਿੱਤਾ ਉਸ ਨੂੰ ਭਾਈ
ਗੁਰਦਾਸ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ:
ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥
ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥
ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥
ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥
ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕੁਥਾਇ ਖਲੋਈ॥
ਰਾਹ ਸ਼ੈਤਾਨੀ ਦੁਨੀਆ ਗੋਈ॥ ੩੩॥
(੧-੩੩-੮)
ਕੀ ਇਹੀ ਗੱਲ ਅੱਜ ਕੱਲ ਇਨਬਿੱਨ ਸਿੱਖਾਂ ਤੇ ਨਹੀ ਢੁਕਦੀ? ਕੀ ਸਿੱਖਾਂ ਦੀ
ਬਹੁਗਿਣਤੀ ਦੇ ਅਮਲ ਗੁਰਮਤਿ ਅਤੇ ਸਿੱਖੀ ਦੇ ਅਨੁਸਾਰੀ ਹਨ? ਆਓ ਤਾਂ ਜਰਾ ਕੁੱਝ ਵਿਚਾਰ ਕਰ ਲਈਏ:
ਫਰਵਰੀ 1987 ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ 5 ਕਰੋੜ 70 ਲੱਖ ਦਾ ਡਾਕਾ
ਪਿਆ ਸੀ ਜਿਸ ਦਾ ਫੈਸਲਾ 20 ਨਵੰਬਰ 2012 ਨੂੰ ਲਗਭਗ 25 ਸਾਲਾਂ ਬਾਅਦ ਸੁਣਾਇਆ ਗਿਆ ਜਿਸ ਵਿੱਚ ਕਿ
12 ਦੋਸ਼ੀਆਂ ਨੂੰ 10-10 ਸਾਲ ਕੈਦ ਦੀ ਸਜਾ ਸੁਣਾਈ ਗਈ। ਇਸ ਬਾਰੇ ਵੱਖ-ਵੱਖ ਸਰੋਤਾਂ ਤੋਂ ਇਕੱਠੀਆਂ
ਕੀਤੀਆਂ ਗਈਆਂ ਖਬਰਾਂ ਫੋਟੋਆਂ ਸਮੇਤ ਇਸ ਲੇਖ ਦੇ ਹੇਠਾਂ ਇੱਕ ਵੱਖਰੀ ਪੀ. ਡੀ. ਐੱਫ. ਫਾਈਲ ਬਣਾ ਕਿ
ਪਾਈਆਂ ਜਾ ਰਹੀਆਂ ਹਨ। ਅੱਜ ਇਹ ਲੇਖ ਲਿਖਦੇ ਸਮੇ 25 ਨਵੰਬਰ ਤੱਕ 2 ਕਰੋੜ ਦੀ ਅਬਾਦੀ ਵਿਚੋਂ ਕਿਸੇ
ਵੀ ਸੰਜੀਦਾ ਸਿੱਖ/ਵਿਦਵਾਨ ਦਾ ਬਿਆਨ ਸਿੱਖੀ ਦਾ ਘਾਤ ਰੋਕਣ ਲਈ ਸਚਾਈ ਵਾਲਾ ਦੇਖਣ ਪੜ੍ਹਨ ਨੂੰ ਨਹੀਂ
ਮਿਲਿਆ। ਜਿਹੜੇ ਆਏ ਵੀ ਹਨ ਉਹ ਤੁਸੀਂ ਆਪ ਹੀ ਪੜ੍ਹ ਸੁਣ ਲਿਓ ਕਿ ਕਿਤਨੁ ਕੁ ਸੰਜੀਦਾ ਹਨ। ਜਿਹਨਾ
ਨੂੰ ਬਹੁਤੇ ਸਿੱਖ ਸਭ ਤੋਂ ਸਿਰਮੋਰ ਮੰਨਦੇ ਹਨ ਉਹਨਾ ਦਾ ਬਿਆਨ ਜੋ 24 ਨਵੰਬਰ ਸਪੋਕਸਮੈਂਨ ਦੇ ਪੰਨਾ
7 ਤੇ ਛਪਿਆ ਹੈ ਇਸ ਤਰ੍ਹਾ ਹੈ:
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਲੁਧਿਆਣਾ ਬੈਂਕ
ਡਕੈਤੀ ਦੇ ਦੋਸ਼ੀਆਂ ਨੂੰ ਦਿੱਤੀ ਸਜਾ ਤੇ ਟਿੱਪਣੀ ਕਰਦਿਆਂ ਕਿਹਾ ਕਿ ਨਿਆਂ ਪਾਲਕਾ ਦੇ ਇਸ ਫੈਸਲੇ ਨੇ
ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਜਗਾਇਆ ਹੈ। ਉਨਾ ਕਿਹਾ ਕਿ ਇਸ ਫੈਸਲੇ ਨੇ ਸਿੱਖਾਂ ਦੇ ਮਨਾ
ਵਿੱਚ ਅਹਿਸਾਸ ਪੈਦਾ ਕੀਤਾ ਹੈ ਕਿ ਭਾਰਤ ਵਿੱਚ ਦੋ ਕਿਸਮ ਦੇ ਕਾਨੂੰਨ ਲਾਗੂ ਹਨ। ਉਹਨਾ ਕਿਹਾ ਕਿ
ਇੱਕ ਕਾਨੂੰਨ ਸਿੱਖਾਂ ਲਈ ਹੈ ਜਿਸ ਅਧੀਨ ਬੜੀ ਜਲਦੀ ਨਾਲ ਫੈਸਲੇ ਸੁਣਾਏ ਜਾਂਦੇ ਹਨ ਜਦਕਿ ਸਿੱਖਾਂ
ਨਾਲ ਹੋਏ ਧੱਕੇ ਬਾਰੇ ਫੈਸਲਾ ਕਰਨ ਸਮੇਂ ਕਾਨੂੰਨ ਦੀ ਰਫਤਾਰ ਸੁਸਤ ਹੋ ਜਾਂਦੀ ਹੈ।
ਲਓ ਜੀ ਇਹ ਹੈ ਸਾਡੀ ਕੌਮ ਦੇ ਕਥਿਤ ਮੁਖੀਆਂ ਦੀ ਬੌਧਿਕਤਾ ਨਮੂਨਾ। ਇੱਕ ਤਾਂ
ਉਹ ਇਹ ਕਹਿੰਦੇ ਹਨ ਕਿ ਇਹ ਫੈਸਲਾ ਜਲਦੀ ਸੁਣਾਇਆ ਗਿਆ ਹੈ, ਭਾਵ ਕਿ 25 ਸਾਲ ਤਾਂ ਬਹੁਤ ਥੋੜੇ ਹਨ।
ਦੂਸਰਾ ਉਹਨਾ ਨੇ ਆਪ ਹੀ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਵਾਕਿਆ ਹੀ ਇਹ ਕਾਰਾ ਸਿੱਖਾਂ ਨੇ
ਕੀਤਾ ਹੈ ਅਤੇ ਸ਼ਾਇਦ ਉਹ ਇਹ ਸਮਝਦੇ ਹਨ ਕਿ ਡਾਕੇ ਮਾਰਨੇ ਵੀ ਹੁਣ ਸਿੱਖੀ ਵਿੱਚ ਜ਼ਾਇਜ ਹੀ ਹਨ। ਪਰ
ਉਹ ਵੀ ਤਾਂ ਬਾਕੀ ਦੇ 2 ਕਰੋੜ ਵਿਚੋਂ ਹੀ ਹਨ ਅਤੇ ਉਹਨਾ ਦੀਆਂ ਜਬਾਨਾਂ ਵੀ ਹਾਲੇ ਤੱਕ ਬੰਦ ਹੀ ਹਨ।
ਕਿਉਂਕਿ ਕਿਸੇ ਇੱਕ ਵੀ ਸਿੱਖ ਨੇ ਹਾਲੇ ਤੱਕ ਸੱਚੀ ਗੱਲ ਕਹਿਣ ਦੀ ਹਿੰਮਤ ਨਹੀਂ ਕੀਤੀ। ਜਿਹਨਾ ਨੇ
ਹਾਲੇ ਤੱਕ ਜੋ ਵੀ ਕਿਹਾ ਇਹੀ ਕਿਹਾ ਕਿ ਇਹ ਧੱਕਾ ਹੋਇਆ ਹੈ, ਇਹ ਫੈਸਲਾ ਸਹੀ ਨਹੀਂ ਹੋਇਆ, ਇਹਨਾ
ਵਿਚੋਂ ਇੱਕ 93 ਸਾਲ ਦੀ ਉਮਰ ਦਾ ਹੈ, ਕਈ ਨਿਰਦੋਸ਼ ਹੀ ਹਨ, ਸਿੱਖਾਂ ਲਈ ਕਾਨੂੰਨ ਹੋਰ ਹਨ, ਸਰਕਾਰਾਂ
ਸਿੱਖਾਂ ਨਾਲ ਧੱਕਾ ਕਰਦੀਆਂ ਹਨ, ਪੈਸੇ ਜੋ ਇਹਨਾ ਤੋਂ ਫੜੇ ਹਨ ਉਹ ਪੁਲੀਸ ਨੇ ਫੜੇ ਹਨ ਸੀ ਬੀ ਆਈ
ਨੇ ਨਹੀਂ ਫੜੇ, ਕਈਆਂ ਨੂੰ ਸ਼ੱਕ ਦੀ ਬਿਨਾਹ ਤੇ ਹੀ ਇਤਨੀ ਸਜਾ ਦੇ ਦਿੱਤੀ ਗਈ ਹੈ ਇਹ ਅਤੇ ਇਸ
ਤਰ੍ਹਾਂ ਦੇ ਹੋਰ ਕਾਨੂੰਨੀ ਨੁਕਤੇ ਦਰਸਾਏ ਜਾ ਰਹੇ ਹਨ। ਮੈਂ ਇਹਨਾ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ
ਅਤੇ ਮੇਰੀ ਪੂਰੀ ਹਮਦਰਦੀ ਇਹਨਾ ਦੇ ਨਾਲ ਹੈ ਖਾਸ ਕਰਕੇ ਇਹਨਾ ਦੇ ਪਰਵਾਰਾਂ ਨਾਲ ਜਿਹੜੇ ਕਿ ਇਤਨੇ
ਸਾਲਾਂ ਤੋਂ ਦੁਖ ਭੋਗਦੇ ਆ ਰਹੇ ਹਨ। ਪਰ ਗੱਲਾਂ ਵਿਚੋਂ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਕਿਸੇ ਇੱਕ
ਵੀ ਸਿੱਖ ਨੇ ਇਹ ਕਹਿਣ ਦੀ ਹਿੰਮਤ ਕਿਉਂ ਨਹੀਂ ਕੀਤੀ ਕਿ ਇਸ ਤਰ੍ਹਾਂ ਦੇ ਕਾਰੇ ਸਿੱਖ ਨਹੀਂ ਕਰ
ਸਕਦੇ ਅਤੇ ਜੇ ਕਿਸੇ ਨੇ ਕੀਤੇ ਵੀ ਹੋਣਗੇ ਤਾਂ ਉਹਨਾ ਨੂੰ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਵੀ
ਹਾਲੇ ਤੱਕ ਕਿਸੇ ਨੇ ਨਹੀਂ ਕਿਹਾ ਕਿ ਇਹ ਸਾਰਾ ਕੇਸ ਹੀ ਝੂਠਾ ਹੈ ਸਰਕਾਰ ਅਤੇ ਪੁਲੀਸ ਨੇ ਆਪ ਹੀ ਇਹ
ਸਾਰਾ ਕੁੱਝ ਕੀਤਾ ਹੈ ਅਤੇ ਐਵੇਂ ਹੀ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ। ਜਿਸ ਤੋਂ ਸਾਬਤ ਹੁੰਦਾ ਹੈ
ਕਿ ਇਸ ਵਿੱਚ ਕੁੱਝ ਸਿੱਖ ਸ਼ਾਮਲ ਜਰੂਰ ਸਨ ਅਤੇ ਇਸ ਦੀ ਪੁਸ਼ਠੀ ਕਥਿਤ ਜਥੇਦਾਰਾਂ ਨੇ ਅਤੇ ਸਾਰੇ ਸਿੱਖ
ਜਗਤ ਨੇ ਖਾਮੋਸ਼ੀ ਵਾਲੀ ਹਾਂ ਮਿਲਾ ਕਿ ਕਰ ਦਿੱਤੀ ਹੈ। ਫਿਰ ਹੁਣ ਆਉਣ ਵਾਲੇ ਸਮੇਂ ਵਿੱਚ ਕੀ
ਹੋਵੇਗਾ? ਹੁਣ ਇਹ ਹੋਵੇਗਾ ਕਿ ਜਦੋਂ ਕੋਈ ਗੈਰ ਸਿੱਖ ਇਤਿਹਾਸ ਲਿਖੇਗਾ ਤਾਂ ਨਾਲ ਇਹ ਵੀ ਲਿਖੇਗਾ ਕਿ
ਸਿੱਖ ਕੌਮ ਇੱਕ ਡਾਕੂਆਂ ਦੀ ਕੌਮ ਹੈ। ਇਸ ਬਾਰੇ ਜੋ ਤੱਥ ਹੋਣਗੇ ਉਹ ਕਿਸੇ ਵੀ ਤਰ੍ਹਾਂ ਝੁਠਲਾਏ
ਨਹੀਂ ਜਾ ਸਕਣੇ, ਕਿਉਂਕਿ ਸਾਰੀ ਕੌਮ ਨੇ ਚੁੱਪ ਵਾਲੀ ਸਹਿਮਤੀ ਇਸ ਨੂੰ ਦੇ ਦਿੱਤੀ ਹੈ, ਕਥਿਤ
ਜਥੇਦਾਰਾਂ ਨੇ ਵੀ ਹਾਂ ਮਿਲਾ ਦਿੱਤੀ ਹੈ ਅਤੇ ਜੋ ਖਬਰਾਂ ਮੀਡੀਏ ਵਿੱਚ ਫੋਟੋਆਂ ਸਮੇਤ ਛਪ ਚੁੱਕੀਆਂ
ਹਨ ਅਤੇ ਨਾਲ ਹੀ ਕੋਰਟ ਵਿੱਚ ਇਹ ਸਾਬਤ ਹੋ ਚੁੱਕਾ ਹੈ, ਫਿਰ ਦੱਸੋ ਕਿ ਇਸ ਨੂੰ ਗਲਤ ਸਾਬਤ ਕਰਨ ਲਈ
ਕੋਈ ਰਾਹ ਬਚਿਆ ਹੈ?
ਪਹਿਲਾਂ ਤਾਂ ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਸਰਕਾਰ ਨੇ ਸਿੱਖਾਂ
ਨੂੰ ਬਦਨਾਮ ਕਰਨ ਲਈ ਇੱਕ ਗੁਪਤ ਸਰਕੂਲੇਸ਼ਨ ਜਾਰੀ ਕੀਤਾ ਸੀ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ ਇਸ
ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਬਾਰੇ ਤਾਂ ਕਈਆਂ ਨੇ ਸਵਾਲ ਵੀ ਖੜੇ ਕੀਤੇ ਹਨ ਕਿ ਜਿਹੜਾ
ਸਰਕੂਲੇਸ਼ਨ ਜਾਰੀ ਹੋਇਆ ਸੀ ਜੇ ਕਰ ਉਹ ਗੁਪਤ ਸੀ ਤਾਂ ਕਪੂਰ ਸਿੰਘ ਨੂੰ ਕਿਵੇਂ ਪਤਾ ਲੱਗ ਗਿਆ? ਜੇ
ਉਹਨਾ ਦੇ ਹੱਥ ਉਹ ਲੱਗਾ ਸੀ ਅਤੇ ਪੜ੍ਹਿਆ ਸੀ ਤਾਂ ਉਸ ਨੂੰ ਆਪਣੀ ਸਾਚੀ ਸਾਖੀ ਵਿੱਚ ਛਾਪਿਆ ਕਿਉਂ
ਨਾ? ਉਸ ਦੀ ਕੋਈ ਫੋਟੋ ਕਾਪੀ ਕਿਉਂ ਨਾ ਕਰਵਾ ਕੇ ਰੱਖੀ? ਇਸ ਤਰ੍ਹਾਂ ਦੇ ਕਈ ਹੋਰ ਵੀ ਸਵਾਲ ਖੜੇ
ਕਰਦੇ ਹਨ। ਜਿਹਨਾ ਦਾ ਤਸੱਲੀ ਬਖ਼ਸ਼ ਜਵਾਬ ਸ਼ਾਇਦ ਹੀ ਕਿਸੇ ਕੋਲ ਹੋਵੇ। ਸਾਚੀ ਸਾਖੀ ਬਾਰੇ ਹੋਰ ਵੀ
ਕਈਆਂ ਨੇ ਲਿਖਿਆ ਸੀ ਖਾਸ ਕਰਕੇ ਸ਼ਹੀਦ ਡਾ: ਰਾਜਿੰਦਰ ਕੌਰ ਨੇ, ਕਿ ਉਸ ਵਿੱਚ ਸਾਰਾ ਕੁੱਝ ਸੱਚ ਨਹੀਂ
ਹੈ। ਸ: ਕਪੂਰ ਸਿੰਘ ਜੀ ਇਸ ਦੁਨੀਆ ਵਿੱਚ ਹੁਣ ਨਹੀਂ ਹਨ ਇਸ ਲਈ ਸਾਚੀ ਸਾਖੀ ਦੇ ਸੱਚ ਝੂਠ ਬਾਰੇ
ਹੁਣ ਬਹੁਤਾ ਕੁੱਝ ਨਹੀਂ ਕੀਤਾ ਜਾ ਸਕਦਾ। ਪਰ ਇਹ ਜੋ ਆਉਣ ਵਾਲੇ ਸਮੇ ਵਿੱਚ ਸਾਰੀ ਕੌਮ ਤੇ ਡਾਕੂ
ਹੋਣ ਦਾ ਧੱਬਾ ਲੱਗਣ ਦਾ ਡਰ ਹੈ ਇਹ ਤਾਂ ਸਾਰੇ ਸਿੱਖ ਇਕੱਠੇ ਹੋ ਕਿ ਆਪ ਹੀ ਆਪਣੇ ਤੇ ਲਵਾਉਣ ਜਾ
ਰਹੇ ਹਨ ਇਸ ਲਈ ਇਸ ਦਾ ਹੁਣ ਕੀ ਕਰੀਏ? ਕੀ ਇਹ ਸਾਰਾ ਦੋਸ਼ ਹੁਣ ਗੌਰਮਿੰਟਾਂ ਨੂੰ ਹੀ ਦਈਏ? ਮੈਂ
ਮੰਨਦਾ ਹਾਂ ਕਿ ਸਰਕਾਰਾਂ ਪਹਿਲਾਂ ਤੋਂ ਹੀ ਸਿੱਖਾਂ ਨਾਲ ਧੱਕਾ ਕਰਦੀਆਂ ਆ ਰਹੀਆਂ ਹਨ ਅਤੇ ਹੁਣ ਵੀ
ਕਰ ਰਹੀਆਂ ਹਨ। ਕੀ ਸਿੱਖਾਂ ਦੀ ਆਪਣੀ ਮਾਨਸਿਕ ਦਸ਼ਾ ਤਾਂ ਨਹੀਂ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਕਿ
ਗਲਤ ਕੰਮਾ ਨੂੰ ਵੀ ਹੁਣ ਧਰਮ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ? ਆਓ ਤਾਂ ਕੁੱਝ ਵਿਚਾਰੀਏ?
ਧਰਮਯੁੱਧ ਮੋਰਚੇ ਨੂੰ 1982-83 ਦੌਰਾਨ ਦੋ ਸਾਧ ਚਲਾ ਰਹੇ ਸਨ। ਮੈਨੂੰ ਉਸ
ਵੇਲੇ ਕੋਈ ਗੁਰਮਤਿ ਦੀ ਹਾਲੇ ਬਹੁਤੀ ਸੂਝ ਨਹੀਂ ਸੀ ਅਤੇ ਆਮ ਸਿੱਖ ਸ਼ਰਧਾਲੂ ਦੀ ਤਰ੍ਹਾਂ ਹੀ ਸੀ।
ਸਿੱਖ ਲੀਡਰਾਂ ਦੇ ਬਿਆਨਾ ਦੁਆਰਾ ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਉਹਨਾ ਕੋਲ ਹੁਣ ਦੋ ਸੰਤ ਹਨ,
ਇੱਕ ਮਾਲਾ ਵਾਲਾ ਅਤੇ ਦੂਜਾ ਖੂੰਡੇ ਵਾਲਾ। ਇਸ ਲਈ ਸਰਕਾਰ ਕੋਲੋਂ ਕੁੱਝ ਲੈ ਕੀ ਹੀ ਛੱਡਣਾ ਹੈ।
ਅਸੀਂ ਵੀ ਸਰਦੀ ਪੁਜਦੀ ਪੈਸੇ ਦੀ ਸਹਾਇਤਾ ਇਹਨਾ ਦੋਹਾਂ ਸੰਤਾਂ ਲਈ ਕਰਦੇ ਹੁੰਦੇ ਸੀ। ਉਸ ਵੇਲੇ ਸੂਝ
ਹੀ ਇਤਨੀ ਸੀ ਕਿ ਇਹ ਦੋਵੇ ਮੈਨੂੰ ਮਹਾਨ ਲਹਦੇ ਸਨ। ਪਰ ਹੁਣ ਸੂਝ ਆਉਣ ਤੇ ਪਤ ਲਗਦਾ ਹੈ ਕਿ ਸਿੱਖੀ
ਦਾ ਸਭ ਤੋਂ ਬੇੜਾ ਗਰਕ ਕਰਨ ਵਾਲੇ ਇਹੀ ਦੋ ਸਾਧ ਸਨ। ਇਸ ਤੋਂ ਬਾਅਦ ਆਉਂਦੇ ਹਨ ਅਕਾਲੀ ਲੀਡਰ ਅਤੇ
ਅਖੌਤੀ ਬੁੱਧੀਜੀਵੀ ਜਿਹਨਾ ਨੇ ਸਮੇ ਮੁਤਾਬਕ ਕਦੀ ਵੀ ਸਹੀ ਸੇਧ ਨਹੀਂ ਦਿੱਤੀ। ਇਸ ਤੋਂ ਬਾਅਦ ਆਉਂਦੇ
ਹਨ ਆਮ ਸਿੱਖ ਸ਼ਰਧਾਲੂ ਜਿਹੜੇ ਆਪ ਗੁਰਮਤਿ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਮੋਰਚੇ ਦੌਰਾਨ
ਭਿੰਡਰਾਵਾਲਾ ਬਿਪਰ ਸਾਧ ਕਿਹਾ ਕਰਦਾ ਸੀ ਕਿ ਆਪਣੇ ਕੋਲ ਹਥਿਆਰ ਜਰੂਰ ਰੱਖੋ ਜੇ ਨਹੀਂ ਮਿਲਦੇ ਤਾਂ
ਇਹਨਾ ਟੋਪੀਆਂ ਵਾਲਿਆ ਤੋਂ ਖੋਹ ਲਓ। ਉਹ ਇਸ ਵੀ ਆਮ ਕਿਹਾ ਕਰਦਾ ਸੀ ਕਿ, ‘ਬਿਧੀ ਚੰਦ ਛੀਨਾ ਗੁਰ ਕਾ
ਸੀਨਾ’ ਗੁ: ਬਿਲਾਸ ਛੇਵੀਂ ਦੇ ਅਧਾਰ ਤੇ ਇਹ ਉਦੋਂ ਕਿਹਾ ਸੀ ਜਦੋਂ ਉਹ ਮਾਤਾ ਗੰਗਾ ਲਈ ਗਹਿਣੇ ਅਤੇ
ਗੁਰੂਆਂ ਲਈ ਘੋੜੇ ਚੋਰੀ ਕਰਕੇ ਲਿਆਇਆ ਸੀ ਕਿਉਂਕਿ ਮਾਤਾ ਗੰਗਾ ਨੇ ਕਿਹਾ ਸੀ ਕਿ ਗੁਰੂਆਂ ਲਈ ਤਾਂ
ਘੋੜੇ ਚੋਰੀ ਕਰ ਲਿਆਇਆ ਹੈ ਮੇਰੇ ਲਈ ਕੀ ਲਿਆਂਦਾ? ਪਾਠਕ ਜੀ ਸੋਚੋ ਜਰਾ ਕੀ ਇਹ ਗੁਰਮਤਿ ਹੈ?
ਗਰੁਮਤਿ ਤਾਂ ਇਹ ਕਹਿੰਦੀ ਹੈ ਕਿ:
ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥ ਪੰਨਾ 662)
ਪਰ ਇਸ ਕਿਤਾਬ ਮੁਤਾਬਕ ਤਾਂ ਗੁਰੂ ਜੀ ਛਾਤੀ ਨਾਲ ਲਾ ਕੇ ਸ਼ਾਬਾਸ਼ ਦਿੰਦੇ ਹਨ।
ਕਿਉਂਕਿ ਇਸ ਕਿਤਾਬ ਨੂੰ ਸੰਪਾਦਕ ਕਰਨ ਵਾਲਾ ਵੀ ਉਸੇ ਡੇਰੇ ਨਾਲ ਸੰਬੰਧ ਰੱਖਦਾ ਹੈ ਜਿਸ ਨਾਲ ਇਹ
ਬਿਪਰ ਸਾਧ। ਇਸ ਨੂੰ ਬਿਪਰ ਸਾਧ ਤਾਂ ਕਹਿੰਦਾ ਹਾਂ ਕਿ ਜਿਸ ਡੇਰੇ ਵਿਚੋਂ ਇਹ ਸਿੱਖਿਆ ਲੈ ਕੇ ਆਇਆ
ਹੈ ਉਸ ਡੇਰੇ ਦੀਆਂ ਕਿਤਾਬਾਂ ਵਿੱਚ ਗੁਰਮਤਿ ਘੱਟ ਅਤੇ ਨਿਰਾ ਬਿੱਪਰਵਾਦ ਹੀ ਹੈ। ਇਹਨਾ ਬਿਪਰਾਂ
ਦੀਆਂ ਗੱਪਾਂ ਤੁਸੀਂ ਸਿੱਖ ਮਾਰਗ ਤੇ ਪ੍ਰੋ: ਇੰਦਰ ਸਿੰਘ ਘੱਗਾ ਦੀਆਂ ਲਿਖਤਾਂ ਵਿੱਚ ਪੜ੍ਹ ਸਕਦੇ
ਹੋ। ਇਸ ਬਿਪਰ ਸਾਧ ਨੂੰ ਬਹਿਰੂਪੀਏ ਵੀਹਵੀਂ ਸਦੀ ਦਾ ਸ਼ਹੀਦ ਕਹਿੰਦੇ ਨਹੀਂ ਥੱਕਦੇ ਕਿ ਉਸ ਨੇ ਅਕਾਲ
ਤਖ਼ਤ ਦੀ ਰਾਖੀ ਲਈ ਸ਼ਹੀਦੀ ਦਿੱਤੀ ਹੈ। ਇਹਨਾ ਨੂੰ ਭਲਾ ਪੁੱਛੇ ਕਿ ਹੁਣ ਰਾਖੀ ਕੌਣ ਕਰਦਾ ਹੈ ਜਾਂ
ਪਹਿਲਾਂ ਕਉਣ ਕਰਦਾ ਸੀ? ਇਹ ਸੱਚ ਕਹਿੰਦਿਆਂ ਇਹਨਾ ਨੂੰ ਸ਼ਰਮ ਆਉਂਦੀ ਹੈ ਕਿ ਉਹ ਥਰਡ ਏਜੰਸੀ ਦੀ
ਸਕੀਮ ਅਨੁਸਾਰ ਸਿੱਖਾਂ ਨੂੰ ਕੁਟਵਾ ਮਰਵਾ ਫਿਰਕੂ ਇੰਦਰਾ ਲਈ ਫਿਰਕੂ ਪੱਤੇ ਵਾਲੀ ਖੇਡ ਵਿੱਚ ਸ਼ਾਮਲ
ਸੀ। ਮਾਰਕ ਤੁਲੀ ਨੇ ਤਾਂ ਅੰਤਲੀ ਲੜਾਈ ਵਾਲੀ ਕਿਤਾਬ ਵਿੱਚ ਪੰਨਾ 88 ਤੇ ਇਹ ਵੀ ਲਿਖਿਆ ਸੀ ਕਿ
1983 ਦੇ ਗਣਤੰਤਰ ਦਿਵਸ ਤੋਂ ਅਗਲੇ ਦਿਨ ਭਿੰਡਰਾਂਵਾਲੇ ਦੇ ਬੰਦਿਆਂ ਨੇ ਪਹਿਲੀ ਵਾਰ ਬੈਂਕ ਲੁੱਟਿਆ
ਸੀ। ਕੀ ਇਹ ਸਾਰੀਆਂ ਗੱਲਾਂ ਸਿੱਖ ਮਾਨਸਿਕਤਾ ਵਿੱਚ ਤਾਂ ਨਹੀਂ ਬੈਠੀਆਂ ਹੋਈਆਂ ਕਿ ਡਾਕੇ ਮਾਰਨੇ ਵੀ
ਹੁਣ ਜ਼ਾਇਜ਼ ਹਨ। ਜੇ ਕਰ ਇਹ ਗੱਲ ਠੀਕ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਡਾਕੂਆਂ ਦੀ ਕੌਮ
ਦੇ ਮੇਹਣੇ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਮੱਖਣ ਸਿੰਘ ਪੁਰੇਵਾਲ,
ਨਵੰਬਰ 25, 2012.
(ਨੋਟ:- ਇਸ ਲੇਖ ਨਾਲ ਸੰਬੰਧਿਤ ਖ਼ਬਰਾਂ ਅਤੇ ਫੋਟੋਆਂ ਦੇਖਣ ਲਈ ਇਥੇ ਕਲਿਕ ਕਰੋ)