ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ।। ਗਾਵਿਆ
ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ।। ੧।। ਬੋਲਹੁ ਭਾਈ
ਕੀਰਤਿ ਹਰਿ ਭਵਜਲ ਤੀਰਥਿ।। ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ।।
ਰਹਾਉ।। (ਧਨਾਸਰੀ ਮਹਲਾ ੪-ਪੰਨਾ 669)।। ਅਰਥ:- “ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਾਉਣ
ਵਾਲੇ ਗੁਰੂ-ਤੀਰਥ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫਤਿ ਸਾਲਾਹ ਕਰਿਆ ਕਰੋ। ਪਰਮਾਤਮਾ ਦੇ ਦਰ ਤੇ
ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫਤਿ ਸਾਲਾਹ
ਨਾਲ ਡੂੰਗੀ ਸਾਂਝ ਪਾਈ ਹੈ। ਰਹਾਉ। ਹੇ ਭਾਈ! ਸੇਵਕ (ਅਖਵਾਉਣ ਵਾਲੇ) ਅਤੇ ਸਿੱਖ (ਅਖਵਾਉਣ ਵਾਲੇ)
ਸਾਰੇ ਗੁਰੂ-ਦਰ ਤੇ ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫਤਿ ਸਾਲਾਹ ਨਾਲ
ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ
ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ। ੧।
“ਕੀ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੇ ਅਮਲ ਕਰਦੇ ਹਾਂ? ਗੁਰੂ ਜੀ ਦਾ ਹੁਕਮ ਹੈ
ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਪੰਜ ਕਕਾਰ ਧਾਰਣ ਕਰਨੇ, ਸਿੱਖੀ ਦੀ ਰਹਿਣੀ ਅਤੇ ਗੁਰਬਾਣੀ ਦੇ
ਉਪਦੇਸ਼ ਮੁਤਾਬਿਕ ਜੀਵਨ ਨੂੰ ਢਾਲਣਾ। ਹੁਕਮ ਮੰਨਣਾ ਜਾਂ ਨਾਂ ਮੰਨਣਾ ਕਿਸੇ ਦਾ ਨਿਜੀ ਮਾਮਲਾ ਹੋ
ਸਕਦਾ ਹੈ, ਪਰ ਗੁਰੂ ਦਾ ਹੁਕਮ ਮੰਨਣ ਤੋਂ ਬਚਣ ਲਈ ਇਹ ਕਹਿਣਾ ਕਿ ਗੁਰੂ ਨਾਨਕ ਦੇ ਸਰੂਪ ਗੁਰੂ ਹੀ
ਨਹੀਂ ਹਨ, ਕਿਥੋਂ ਤਕ ਠੀਕ ਹੈ? ਚਲੋ, ਗੁਰੂ ਨਾਨਕ ਦੇ ਸਰੂਪਾਂ ਨੂੰ ਗੁਰੂ ਮੰਨਣਾ ਜਾਂ ਨਾਂ ਮੰਨਣਾ
ਵੀ ਕਿਸੇ ਦਾ ਨਿਜੀ ਮਾਮਲਾ ਹੋ ਸਕਦਾ ਪਰ ਸਿੱਖ ਜਗਤ ਨੂੰ ਪ੍ਰੇਰਣਾ ਕਿ ਗੁਰੂ ਨਾਨਕ-ਗੁਰੂ ਗੋਬਿੰਦ
ਸਿੰਘ ਗੁਰੂ ਹੀ ਨਹੀਂ ਹਨ, ਕਿਥੋਂ ਤਕ ਠੀਕ ਹੈ? ਅਜੀਬ ਗੱਲ ਹੈ, ਗੁਰਮਤਿ ਤੇ ਨਾਂ ਚਲ ਕੇ ਵੀ ਅਸੀਂ
ਸਿੱਖ ਜਗਤ ਦਾ ਅੰਗ ਬਣੇ ਰਹਿਣਾ ਚਾਹੁੰਦੇ ਹਾਂ। ਆਪਣੀ ਮਨਮਤਿ ਨੂੰ ਸਹੀ ਸਿੱਧ ਕਰਨ ਲਈ ਅਸੀਂ “ਸਬਦੁ
ਗੁਰੂ ਸੁਰਤਿ ਧੁਨਿ ਚੇਲਾ” ਗੁਰਬਾਣੀ ਦੀ ਤੁਕ ਦਾ ਸਹਾਰਾ ਲੈਂਦੇ ਹਾਂ ਅਤੇ ਨਾਲ ਇਹ ਵੀ ਦਸਦੇ ਹਾਂ
ਕਿ ਦਸਵੇਂ ਪਾਤਸ਼ਾਹ ਨੇ ਤਾਂ ਗੁਰਗੱਦੀ ਸ਼ਬਦ ਨੂੰ ਦਿਤੀ ਹੈ, ਇਸ ਲਈ ਸ਼ਬਦ ਹੀ ਗੁਰੂ ਹੈ, ਗੁਰੂ ਨਾਨਕ
ਦੇ ਸਰੂਪ ਦੇਹਧਾਰੀ ਸਨ, ਇਸ ਲਈ ਉਹ ਗੁਰੂ ਨਹੀਂ ਮੰਨੇ ਜਾ ਸਕਦੇ। ਦਸਵੇਂ ਪਾਤਸ਼ਾਹ ਨੇ ਕਿਹੜੀ
ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ) ਨੂੰ ਦਿਤੀ? ਉਹੀ ਗੁਰਗੱਦੀ ਜਿਸ ਤੇ ਉਹ ਆਪ ਬਰਾਜਮਾਨ
ਸਨ। ਗੁਰੂ ਹੀ ਗੁਰਗੱਦੀ ਤੇ ਬਰਾਜਮਾਨ ਹੁੰਦਾ ਹੈ। ‘ਸਬਦੁ ‘ਕੀ ਹੈ? ਕੀ ਇਹ ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਹੈ? ਕੀ ਇਹ ਪਰਮਾਤਮਾ ਦੀ ਸਿਫਤਿ ਸਾਲਾਹ ਹੈ? ਕੀ ਇਹ ਗੁਰਬਾਣੀ ਰਾਹੀਂ ਦਿਤਾ ਗੁਰੂ
ਸਾਹਿਬਾਨ ਦਾ ਉਪਦੇਸ਼ ਹੈ? ਜਾਂ ਕੁੱਝ ਹੋਰ? ਇਸ ਤੇ ਵਿਚਾਰ ਕਰਨੀ ਜ਼ਰੂਰੀ ਹੈ। ਸਿੱਧਾਂ ਵਿੱਚ ਗੁਰੂ
ਚੇਲੇ ਦੀ ਰੀਤਿ ਚਲਦੀ ਹੈ। ਗੋਰਖ ਨਾਥ ਦਾ ਗੁਰੂ ਮਛਿੰਦਰ ਨਾਥ ਸੀ। ਗੋਰਖ ਨਾਥ ਦੇ ਵੀ ਕਈ ਚੇਲੇ ਸਨ।
ਸਿੱਧਾਂ ਦਾ ਸਵਾਲ ਸੁਭਾਵਿਕ ਸੀ ਕਿ ਹੇ ਨਾਨਕ! ਤੂੰ ਕਿਸ ਦਾ ਚੇਲਾ ਹੈਂ? ਤੇਰਾ ਗੁਰੂ ਕੌਣ ਹੈ?
ਗੁਰੂ ਜੀ ਦਾ ਜਵਾਬ ਸੀ, “ਪਵਨ ਅਰੰਭ ਸਤਿਗੁਰ ਮਤਿ ਵੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।।
“(ਪੰਨਾ 943)। ਇਸ ਦੇ ਅਰਥ ਕਰਣ ਲਈ ਹੇਠ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਧਿਆਨ ਵਿੱਚ ਰਖਣ ਦੀ ਲੋੜ
ਹੈ:-
1.ਸਬਦੁ ਸਤਿ ਸਤਿ ਪ੍ਰਭੁ ਬਕਤਾ।। ਸੁਰਤਿ ਸਤਿ ਸਤਿ ਜਸੁ ਸੁਨਤਾ।। (ਪੰਨਾ
285)। ਅਰਥ:- “ਪ੍ਰਭੂ ਦੀ ਸਿਫਤਿ ਸਾਲਾਹ ਦਾ ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉਚਾਰਨ ਵਾਲਾ ਵੀ ਥਿਰ
ਹੋ ਜਾਂਦਾ ਹੈ, ਪ੍ਰਭੂ ਵਿੱਚ ਸੁਰਤਿ ਜੋੜਨੀ ਸਤਿ ਕਰਮ ਹੈ, ਪ੍ਰਭੂ ਦਾ ਜਸ ਸੁਣਨ ਵਾਲਾ ਵੀ ਸਤਿ
ਹੈ।” ਏਥੇ ਗੁਰੂ ਜੀ ਨੇ ਲਫ਼ਜ਼ ‘ਸਬਦੁ’ ਪ੍ਰਭੂ ਦੀ ਸਿਫਤਿ ਸਾਲਾਹ ਲਈ ਵਰਤਿਆ ਹੈ।
2. “ਢਾਢੀ ਸਚੈ ਮਹਲਿ ਖਸਮਿ ਬੁਲਾਇਆ।। ਸਚੀ ਸਿਫਤਿ ਸਾਲਾਹ ਕਪੜਾ ਪਾਇਆ।।
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ।।” (ਮਹਲਾ ੧ ਪੰਨਾ 150)।। ਅਰਥ:- (ਮੈਂ ਤੁੱਛ ਹਾਂ, ਮੈਨੂੰ
ਪਰਮਾਤਮਾ ਨੇ ਕੰਮ ਲਾਇਆ ਹੈ, ਕਿਹੜਾ ਕੰਮ? ਧੁਰੋਂ ਤੁਰਨ ਵੇਲੇ ਉਸਨੇ ਫੁਰਮਾਇਆ ਸੀ ਕਿ ਰਾਤ ਦਿਨ
ਮੇਰਾ ਜਸ ਕਰੀਂ। ਜਦ ਮੈਂ ਏਥੇ ਆ ਗਿਆ, ਪਰਮਾਤਮਾ ਦੀ ਸਿਫਤਿ ਸਾਲਾਹ ਵਿੱਚ ਮਗਨ ਰਹਿਣ ਲੱਗ ਪਿਆ ਤਾਂ
ਫਿਰ) ਮੈਂ ਢਾਢੀ ਨੂੰ ਸਚੇ ਮਹਲ ਵਿੱਚ ਮਾਲਕ ਨੇ ਸੱਦਿਆ। (ਮਹਲ ਵਿੱਚ ਬੁਲਾਕੇ ਆਪਣੀ) ਸੱਚੀ ਸਿਫਤਿ
ਸਾਲਾਹ ਦਾ ਸਿਰੋਪਾਉ ਮੇਰੇ ਉਤੇ ਪਾਇਆ ਅਤੇ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ
ਭੋਜਨ ਵੀ ਉਸ ਪਾਸੋਂ ਮਿਲਿਆ (ਭਾਵ, ਮੈਂ ਪਰਮਾਤਮਾ ਦੀ ਸਿਫਤਿ ਸਾਲਾਹ ਦਾ ਗੀਤ ਗਾ ਕੇ ਨਾਮ ਦਾ ਆਨੰਦ
ਮਾਣਦਾ ਹਾਂ)। ਏਥੇ ਵੀ ਗੁਰੂ ਜੀ ਪਰਮਾਤਮਾ ਦੀ ਸਿਫਤਿ ਸਾਲਾਹ ਦੀ ਹੀ ਗੱਲ ਕਰਦੇ ਹਨ।