ਸਿੱਖ ਇਤਿਹਾਸ ਵਿੱਚ ਪਰਖ ਦੀਆਂ ਘੜੀਆਂ
(1708 – 1849)
(ਕਿਸ਼ਤ ਨੰ: 1)
ਅਮਰੀਕ ਸਿੰਘ ‘ਧੌਲ’
ਇਸ ਲੇਖ ਵਿੱਚ ਪਹਿਲਾਂ ਖ਼ਾਲਸਾ-ਆਦਰਸ਼ ਦੀ ਪ੍ਰੀਭਾਸ਼ਾ
(Definition), ਤੇ ਇਸ ਦੀ ਮੁੱਢਲੀ ਵਾਕਫੀ ਦੇ
ਕੇ, ਫੇਰ 1708 ਈ. ਤੋਂ 1849 ਈ. ਦੇ ਇਤਿਹਾਸਿਕ ਦੌਰ ਨੂੰ ਧਿਆਨ ਵਿੱਚ ਰਖਦਿਆਂ ਸੰਖੇਪ ਵੀਚਾਰ
ਕਰਾਂਗੇ ਕਿ ਸਿੰਘ-ਆਦਰਸ਼ ਜਦ ਆਪਣੇ ਸਿਖਰ ਉਤੇ ਹੁੰਦਾ ਹੈ ਤਾਂ ਖ਼ਾਲਸਾ-ਚੇਤਨਾ ਵਿੱਚ ਇਸ ਦਾ ਕੀ ਸਰੂਪ
ਹੁੰਦਾ ਹੈ? ਦੂਜਾ, ਖ਼ਾਲਸਾ ਚੇਤਨਾ ਵਿੱਚ ਇਹ ਕੀ ਗੁਣ ਪੈਦਾ ਕਰਦਾ ਹੈ? ਤੀਜਾ, ਖ਼ਾਲਸਾ-ਆਦਰਸ਼ ਕਿਹੋ
ਜਹੀਆਂ ਗੁਰੂ-ਬਰਕਤਾਂ ਨਾਲ ਖ਼ਾਲਸਾ ਚੇਤਨਾ ਨੂੰ ਜੋੜਦਾ ਹੈ? ਚੌਥਾ, ਅਜਿਹਾ ਉੱਤਮ ਖ਼ਾਲਸਾ-ਆਦਰਸ਼
ਆਪਣੀਆਂ ਪ੍ਰਾਪਤੀਆਂ ਨੂੰ ਕਿਹੜੀ ਸ਼ਕਲ ਵਿੱਚ ਪੇਸ਼ ਕਰਦਾ ਹੈ?
ਸਿੰਘ-ਆਦਰਸ਼ ਕੀ ਹੁੰਦਾ ਹੈ? ਸਿੰਘ-ਆਦਰਸ਼ ਉਹ ਆਦਰਸ਼ਕ ਖ਼ਾਲਸਾ-ਅਮਲ ਹੈ ਜਿਸ ਵਿਚੋਂ ਦਸੋਂ ਸਿੱਖ
ਗੁਰੂਆਂ ਦੁਆਰਾ ਸੰਸਾਰ ਵਿੱਚ ਵਿਚਰਦਿਆਂ ਆਪੂੰ ਜੀਵਿਆ ਤੇ ‘ਕ੍ਰਿਤ ਕਰੋ, ਨਾਮ ਜਪੋ, ਵੰਡ ਛਕੋ’ ਅਤੇ
“ਭੈ ਕਾਹੂ ਦੇਤ ਨਹਿ ਨਹਿ ਭੈ ਮਾਨਤ ਆਨ॥” ਆਦਿ ਅਸੂਲਾਂ ਰਾਹੀਂ
ਕਮਾ ਕੇ ਦਿਖਾਇਆ ਦ੍ਰਿੜ੍ਹ ਸਿੱਖੀ ਜੀਵਨ-ਅਮਲ ਝਲਕੇ। ਭਾਵ, ਖ਼ਾਲਸੇ ਵਿੱਚ ਓਤਪੋਤ ਸਮਾਇਆ ਉਹ ਖ਼ਾਲਸਾ
ਜੀਵਨ-ਅਮਲ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਤੇ ਸਮਰੱਥਾ ਤੋਂ ਵੱਖ ਨਹੀਂ ਕੀਤਾ ਜਾ
ਸਕਦਾ।
ਖ਼ਾਲਸੇ ਦੇ ਇਸ ਅਮਲ ਵਿੱਚ ਜਿਥੇ ਦਸ ਗੁਰੂ ਸਾਹਿਬਾਨ ਦੀਆਂ ਜ਼ਿੰਦਗੀਆਂ ਦੇ ਪ੍ਰਭਾਵ ਆ ਜਾਂਦੇ ਹਨ ਉਥੇ
ਉਸ ਦੇ ਅਨੇਕਾਂ ਜਿਸਮਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਤਾਸੀਰ (ਅਸਰ) ਇੱਕ ਕਰ ਦਿੰਦੀ ਹੈ।
ਸਿੰਘ-ਆਦਰਸ਼ ਖ਼ਾਲਸੇ ਦੀ ਚੇਤਨਾ ਵਿੱਚ ਅਨੇਕਾਂ ਸੁਤੀਆਂ ਤਰੰਗਾਂ ਜਗਾ ਦਿੰਦਾ ਹੈ, ਜਿਨ੍ਹਾਂ ਵਿੱਚ
ਮਨੁਖੀ ਅਨੁਭਵ ਦੀਆਂ ਬੇਅੰਤ ਸ਼ਕਲਾਂ ਬਣ ਕੇ ਇਕਾਗਰ ਗਤੀ ਵਿੱਚ ਬੇ-ਅਟਕ ਚਲਦੀਆਂ ਹਨ। ਪਰ ਇਹ
ਬੁੱਧੀ-ਮੰਡਲ ਅੰਦਰ ਕਿਸੇ ਅਨਿਸਚਿਤ ਵੇਗ ਵਾਂਗ ਨਹੀਂ ਹਨ, ਕਿਉਂਕਿ ਇਸ ਦੀ ਮਦਦ ਨਾਲ ਹੀ ਤਾਂ ਕਮਾਲ
ਦੀ ਤਰਤੀਬ ਅਤੇ ਨਿਯਮ-ਏਕਤਾ ਵਾਲਾ ਬਹੁ-ਅਰਥੀ ਮਹਾਨ-ਅਮਲ ਕਿਸੇ ਖਾਸ ਥਾਂ ਅਤੇ ਖਾਸ ਕਾਲ ਵਿੱਚ ਜਨਮ
ਲੈਂਦਾ ਹੈ, ਜਿਹੜਾ ਆਪਣੇ ਮਿੱਠੇ ਪ੍ਰਭਾਵਾਂ ਨਾਲ ਜ਼ਿੰਦਗੀ ਵਿੱਚ ਪਹੁ-ਫੁਟਾਲੇ ਵਾਂਗ ਦਾਖਲ ਹੁੰਦਾ
ਹੈ। ਗੱਲ ਕੀ, ਸਿੰਘ-ਆਦਰਸ਼ ਦ੍ਰਿਸ਼ਟਮਾਨ ਅਤੇ ਨਿਰਾਕਾਰ ਖੇਤਰਾਂ ਵਿੱਚ ਰੂਹਾਨੀਅਤ ਅਤੇ ਦੁਨੀਆਂ ਦਾ
ਸੁਮੇਲ ਕਰਵਾਉਣ ਵਾਲੀ ਏਕਤਾ ਵਿੱਚ ਖ਼ਾਲਸੇ ਦੀਆਂ ਅਥਾਹ ਸ਼ਕਤੀਆਂ ਨੂੰ ਪ੍ਰਗਟ ਕਰਦਾ ਹੈ, ਜਿਨ੍ਹਾਂ
ਨੂੰ ਗੁਰੂ ਬਖ਼ਸ਼ਿਸ਼ਾਂ ਦੇ ਨਾਲ ਨਾਲ ਉਸ ਦੀਆਂ ਪ੍ਰਾਪਤੀਆਂ ਕਹਿਣਾਂ ਵੀ ਠੀਕ ਹੈ।
ਸਮੇਂ ਸਮੇਂ ਸਿੰਘ-ਆਦਰਸ਼ ਨੇ ਖ਼ਾਲਸਾ-ਅਨੁਭਵ ਵਿੱਚ ਪਲਟ ਕੇ ਅਜਿਹੇ ਮਹਾਨ ਅਮਲ ਨੂੰ ਜਨਮ ਦਿੱਤਾ, ਕਿ
ਜਿਹੜਾ ਵਿਸ਼ਵ-ਇਤਿਹਾਸ ਵਿੱਚ ਮਨੁੱਖ ਦੇ ‘ਹੋਣ’ ਦਾ ਕੋਈ ਅਸਲੋਂ ਹੀ ਨਵਾਂ ਅਰਥ ਸਥਾਪਿਤ ਕਰ ਦਿੰਦਾ
ਹੈ, ਮਾਨਵ-ਪ੍ਰਤਿਭਾ ਵਿੱਚ ਇਖਲਾਕ ਦੀ ਕੋਈ ਵੱਖਰੀ ਦਿਸ਼ਾ ਢੂੰਡ ਕੇ ਵਿਖਾ ਦਿੰਦਾ ਹੈ। ਸੰਨ 1708 ਈ.
ਤੋਂ 1849 ਈ. ਤੱਕ ਸਿੰਘ-ਆਦਰਸ਼ ਨੇ ਮਹਾਨ-ਅਮਲ ਦੇ ਬੌਧਿਕ, ਰੂਹਾਨੀ ਅਤੇ ਸੰਸਾਰੀ ਸੈਂਕੜੇ-ਦ੍ਰਿਸ਼
ਪੇਸ਼ ਕੀਤੇ, ਬਾਹਰੋਂ ਵੇਖਿਆਂ ਜਿਹੜੇ ਭਿੰਨ ਭਿੰਨ ਲਗਦੇ ਹਨ, ਪਰ ਅੰਦਰੋਂ ਕਿਸੇ ਡੂੰਘੀ ਸਾਂਝ ਵਿੱਚ
ਪਰੁੱਚੇ ਹਨ। ਖ਼ਾਲਸਾ ਸਿੰਘ-ਆਦਰਸ਼ ਨੂੰ ਜਿੰਨੀ ਇਕਾਗਰਤਾ ਨਾਲ ਅਪਣਾਉਂਦਾ ਸੀ, ਓਨਾ ਹੀ ਦਲੇਰ ਅਤੇ
ਪਵਿੱਤਰ ਉਸ ਦਾ ਅਮਲ ਹੁੰਦਾ ਸੀ, ਅਤੇ ਉਸ ਦੇ ਮੁਤਾਬਿਕ ਹੀ ਮਹਾਨ ਪ੍ਰਾਪਤੀ। ਇਸ ਦੌਰ ਵਿੱਚ ਕਈ ਵਾਰ
ਸਿੰਘ-ਆਦਰਸ਼ ਨੇ ਆਪਣੇ ਮਹਾਨ ਅਮਲ ਦੀ ਸਿਖਰ ਪੇਸ਼ ਕੀਤੀ, ਪਰ ਕਈ ਵਾਰ ਇਸ ਦੀ ਆਭਾ ਦਰਮਿਆਨੀ ਅਤੇ ਕਈ
ਵਾਰ ਆਮ ਦੁਨਿਆਵੀ ਸ਼ਾਨ ਤੱਕ ਹੀ ਪਹੁੰਚੀ। ਖ਼ਾਲਸੇ ਦੇ ਮਹਾਨ ਅਮਲ ਦੇ ਉਪਰੋਕਤ 140 - 141 ਸਾਲਾਂ
ਵਿੱਚ ਮਹਾਨ ਅਮਲ ਲਗਾਤਾਰ ਉਚ-ਪੱਧਰਾ ਨਹੀਂ ਰਿਹਾ, ਕਿਉਂਕਿ ਖ਼ਾਲਸਾ ਚੇਤਨਾ ਉਤੇ ਸਿੰਘ-ਆਦਰਸ਼ ਦੇ
ਵਧਦੇ ਘਟਦੇ ਪ੍ਰਭਾਵ ਅਧੀਨ ਹੀ ਖ਼ਾਲਸਾ-ਅਮਲ ਦੀ ਮਹਾਨਤਾ ਤੇ ਪ੍ਰਾਪਤੀਆਂ ਦੀ ਮਹਾਨਤਾ ਘਟਦੀ ਵਧਦੀ
ਰਹੀ ਹੈ। ਇਸ ਦੌਰ ਵਿੱਚ ਖ਼ਾਲਸਾ ਜੀ ਸਿੰਘ-ਆਦਰਸ਼ ਨੂੰ ਆਪਣੀ ਕਾਲ-ਚੇਤਨਾ ਵਿੱਚ ਸਰਬ-ਵਿਆਪਕ ਬਣਾਉਣ
ਵਿੱਚ ਸਫਲ ਨਾਂਹ ਹੋਇਆ, ਕਿਉਂਕਿ ਕਈ ਵਾਰ ਦੁਨਿਆਵੀ ਪ੍ਰਭਾਵਾਂ ਅਧੀਨ ਉਹ ਸਿੰਘ-ਅਦਰਸ਼ ਦੇ ਤੇਜ ਤੋਂ
ਲਾਂਭੇ ਹੋ ਜਾਂਦਾ ਰਿਹਾ ਹੈ, ਜਦ ਤੁੱਛ ਅਮਲ ਦਾ ਪ੍ਰਗਟਾਵਾ ਹੋ ਜਾਂਦਾ ਸੀ ਜਿਵੇਂ 1849 ਈ. ਤੋਂ
ਬਾਦ ਕਈ ਵਾਰ ਇਵੇਂ ਹੋਇਆ। ਜਿਸ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ 1947 ਈ.
ਚ ਹਿੰਦੂ ਤੇ ਮੁਸਲਮਾਨਾਂ ਨੇ ਆਪੋ ਆਪਣੇ ਮੁਲਕ ਲੈ ਲਏ ਤੇ ਸਿੱਖ ਕੌਮ ਘਰੋਂ ਬੇਘਰੀ ਹੋਈ ਮਾਰੀ ਮਾਰੀ
ਅੱਜ ਵੀ ਸੰਸਾਰ ਦੇ ਕੋਨੇ ਕੋਨੇ ਤੇ ਰੋਟੀ ਨੂੰ ਤਰਸਦੀ ਫਿਰ ਰਹੀ ਹੈ। ਭਾਵ, ਕਾਲ ਦੀ ਬਾਹਰਮੁਖੀ ਲੜੀ
ਨਾਲ ਮਹਾਨ ਅਮਲ ਨਿਰੰਤਰ ਨਹੀਂ ਚਲ ਸਕਿਆ। ਕਈ ਵਾਰ ਇਸ ਵਿੱਚ ਸਥਾਨਕ ਏਕਤਾ ਦੀ ਕਮੀ ਵੀ ਪੈਦਾ ਹੋ
ਜਾਂਦੀ ਸੀ।
ਭਾਵੇਂ ਕਾਲ ਦੇ ਚਿਤਰਪੱਟ ਉਤੇ ਖ਼ਾਲਸਾ ਸਿੰਘ-ਆਦਰਸ਼ ਵਿਚੋਂ ਉਗਮਦੇ ਮਹਾਨ ਅਮਲ ਨੂੰ ਸਰਬ ਵਿਆਪਕਤਾ
ਪ੍ਰਦਾਨ ਨਹੀਂ ਕਰ ਸਕਿਆ, ਪਰ ਇਸ ਦੇ ਟੁੱਟੇ ਅਤੇ ਖਿੰਡੇ ਰੂਪ ਵੀ ਵਿਸ਼ਵ-ਇਤਿਹਾਸ ਨੂੰ ਅਮੀਰ ਬਣਾਉਣ
ਵਿੱਚ ਸਹਾਇਕ ਬਣੇ, ਅਤੇ ਇਸ ਤੋਂ ਇਤਿਹਾਸ ਅਤੇ ਮਾਨਵਤਾ ਦੀਆਂ ਸੰਯੁਕਤ ਰੂਹਾਨੀ ਸ਼ਕਤੀਆਂ ਦੇ ਸੰਬੰਧ
ਭਲੀ ਭਾਂਤ ਰੌਸ਼ਨੀ ਵਿੱਚ ਆਏ। ਨਾਲੋ-ਨਾਲ, ਖ਼ਾਲਸਾ ਇਸ ਮਹਾਨ ਅਮਲ ਨੂੰ ਟੋਟਿਆਂ ਵਿੱਚ ਵੰਡਣ ਵਾਲੇ
ਤੁੱਛ ਖ਼ਿਆਲਾਂ ਅਤੇ ਅਮਲਾਂ ਦੀ ਲੜੀ ਦੇ ਅਧਿਐਨ ਤੋਂ ਆਪਣੇ ਰੂਹਾਨੀ ਸੰਕਟਾਂ ਅਤੇ ਉਨ੍ਹਾਂ ਨਾਲ ਜੁੜੇ
ਸਮਾਜਿਕ ਅਤੇ ਰਾਜਸੀ ਸੰਕਟਾਂ ਨੂੰ ਦੂਰ ਕਰਨ ਦੀਆਂ ਵਿਧੀਆਂ ਤੋਂ ਜਾਣੂੰ ਹੋ ਸਕਦਾ ਹੈ।
ਸਿੰਘ-ਆਦਰਸ਼ ਜਦ ਆਪਣੇ ਸਿਖਰ ਉਤੇ ਹੁੰਦਾ ਹੈ, ਤਾਂ ਖ਼ਾਲਸਾ-ਚੇਤਨਾ ਵਿੱਚ ਇਸ ਦਾ ਕੀ ਸਰੂਪ ਹੁੰਦਾ
ਹੈ? ਆਦਿ ਸਵਾਲਾਂ ਦੇ ਉਤਰ 1708 ਤੋਂ 1849 ਈ. ਤੱਕ ਦੇ ਸਮੇਂ ਨੂੰ ਮੱਦੇ-ਨਜ਼ਰ ਰਖਦਿਆਂ ਢੂੰਡਣ ਦਾ
ਯਤਨ ਕਰਦੇ ਹਾਂ। ਸਿੰਘ-ਆਦਰਸ਼ ਖ਼ਾਲਸਾ-ਚੇਤਨਾ ਵਿੱਚ ਉੱਚੀ ਸੁਰਤਿ ਪੈਦਾ ਕਰਦਾ ਹੈ, ਜਿਹੜੀ ਖ਼ਾਲਸੇ ਦੇ
ਅਨੁਭਵ ਨੂੰ ਗੁਰੂ-ਨੇੜਤਾ ਦੀ ਸ਼ਿੱਦਤ (intensity,
ਜ਼ੋਰ ) ਵਿੱਚ ਬਦਲ ਦਿੰਦੀ ਹੈ। ਸਿੱਟੇ ਵਜੋਂ, ਇਤਿਹਾਸ ਨੂੰ ਬਾਰੀਕ ਬੀਨੀ ਨਾਲ ਤੱਕਣ ਵਾਲੀ
ਸਿੱਖ-ਯਾਦ ਬਹੁਤ ਪਰਬਲ ਹੋ ਜਾਂਦੀ ਹੈ। ਸਦਕਾ ਜਿਸ ਦਾ ਖ਼ਾਲਸੇ ਦੇ ਵੱਡੇ ਭਾਗਾਂ ਨੂੰ ਇਤਿਹਾਸ ਦੀ
ਸਮੁੱਚੀ ਸ਼ਕਤੀ ਤੇ ਵਰਤਮਾਨ ਕਰਮ ਨੂੰ ਇੱਕ ਜੇਤੂ ਗਤੀ ਵਿੱਚ ਬਦਲਣ ਦਾ ਕਾਰਨਾਮਾ ਜਾਂ ਕ੍ਰਿਸ਼ਮਾ
ਵਰਤਦਾ ਹੈ। ਚੇਤਾ ਰਹੇ, ਜਦੋਂ ਗੁਰੂ-ਨੇੜਤਾ ਸਿੰਘ-ਆਦਰਸ਼ ਰਾਹੀਂ ਨਹੀਂ, ਸਗੋਂ ਸਿੱਧੇ ਤੌਰ ਤੇ
ਖ਼ਾਲਸਾ-ਚੇਤਨਾ ਵਿੱਚ ਦਾਖਲ ਹੁੰਦੀ ਹੈ ਤਾਂ ਆਪ ਹੀ ਮੁਕੰਮਲ ਸਿੰਘ-ਆਦਰਸ਼ ਦਾ ਰੂਪ ਧਾਰ ਲੈਂਦੀ ਹੈ।
ਸਿੰਘ-ਆਦਰਸ਼ ਜਾਂ ਸਿੰਘ-ਆਦਰਸ਼ ਦੇ ਬਿੰਬ ਵਿੱਚ ਜਗਮਗਾਉਂਦੀ ਗੁਰੂ-ਨੇੜਤਾ ਜਦੋਂ ਖ਼ਾਲਸਾ-ਚੇਤਨਾ ਨਾਲ
ਸੁਮੇਲ ਕਰਦੇ ਹਨ, ਤਾਂ ਉਸ ਨੂੰ ਅਨੇਕਾਂ ਸਿਫਤਾਂ ਨਾਲ ਭਰਪੂਰ ਕਰ ਦਿੰਦੇ ਹਨ ਜਿਹੜੀਆਂ ਉਸ ਨੂੰ ਐਨਾ
ਅਮੀਰ ਕਰ ਦਿੰਦੀਆਂ ਹਨ, ਕਿ ਉਸ ਦਾ ਘੇਰਾ ਕਾਲ
(Time) ਅਤੇ ਸਥਾਨ
(Space)
ਦੀਆਂ ਸੀਮਾਵਾਂ ਪਾਰ ਕਰ ਜਾਂਦਾ ਹੈ। ਇਹ ਜ਼ਰਖੇਜ਼ ਚੇਤਨਾ ਇੱਕ ਮਹਾਨ ਅਮਲ ਨੂੰ ਸੇਧ ਦਿੰਦੀ ਹੈ,
ਜਿਹੜਾ ਕਿ ਸੰਸਾਰਕ ਜਿੱਤਾਂ ਨੂੰ ਆਤਮਕ ਕ੍ਰਾਂਤੀਆਂ ਦੀ ਸ਼ਕਲ ਦਿੰਦਾ ਹੈ। ਕਦੇ ਮੈਦਾਨੇ ਜੰਗ ਵਿੱਚ
ਸੰਤ ਸਿਪਾਹੀ ਦੀਆਂ ਸ਼ਮਸ਼ੀਰਾਂ ਦੇ ਵਜਦ ਰਾਹੀਂ, ਕਦੇ ਜਲਾਦ ਦੇ ਸਾਹਮਣੇ ਆਤਮਾ ਦੀ ਡੂੰਘੀ ਸ਼ਾਂਤੀ
ਵਿਚੋਂ ਮੁਸਕਰਾਉਂਦੇ ਸ਼ਹੀਦ ਦੇ ਰੰਗ ਵਿਚ, ਕਦੇ ਸਬਰ-ਸ਼ੁਕਰ ਦੀ ਆਤਮਕ ਸਾਦਗੀ ਨਾਲ ਭਰੀ ਜੰਗਲਾਂ ਅਤੇ
ਪਿੰਡਾਂ ਦੀ ਫਕੀਰਾਨਾ ਜ਼ਿੰਦਗੀ ਦੀ ਮਿਸਾਲ ਰਾਹੀਂ ਅਤੇ ਕਦੇ ਸਿੱਖ ਰਾਜ ਦੀ ਚੜ੍ਹਤਲ ਵਿੱਚ ਮਹਾਨ ਅਮਲ
ਦੀਆਂ ਇਹ ਕ੍ਰਾਂਤੀਆਂ ਆਪਣੇ ਲਘੂ ਜਾਂ ਵਿਸ਼ਾਲ ਦ੍ਰਿਸ਼ਾਂ ਵਿੱਚ ਪ੍ਰਗਟ ਹੋ ਕੇ ਇੱਕ ਨਵੇਂ ਨਰੋਏ
ਇਖ਼ਲਾਕ ਦੀ ਨੀਂਹ ਬਣਦੀਆਂ ਹਨ।
ਜਦੋਂ ਸਿੰਘ-ਆਦਰਸ਼ ਭਰਪੂਰ ਜੋਬਨ ਵਿੱਚ ਖ਼ਾਲਸਾ-ਚੇਤਨਾ ਨਾਲ ਪੂਰੀ ਤਰ੍ਹਾਂ ਇਕਸੁਰ ਹੋ ਜਾਂਦਾ ਹੈ,
ਤਾਂ ਇਸ ਵਿਚੋਂ ਉਪਜਣ ਵਾਲੇ ਮਹਾਨ ਅਮਲ ਦੇ, ਇੱਕ ਸੇਧ ਵਿੱਚ ਰਹਿਣ ਵਾਲੇ, ਤਿੰਨ ਕੇਂਦਰ (1) ਅਕਾਲ
ਫਤਹ (ਖ਼ਾਲਸਈ ਰੰਗ ਵਾਲੀ); (2) ਵਿਸ਼ੇਸ਼ ਖ਼ਾਲਸਾ-ਚੇਤਨਾ; (3) ਬੇਨਜ਼ੀਰ ਸੁੱਚਤਾ ਵਾਲਾ ਇਖ਼ਲਾਕ ਬਣ
ਜਾਂਦੇ ਹਨ, ਜਿਹੜੇ ਕਿ ਵੱਖ ਵੱਖ ਦਿਸਣ ਦੇ ਬਾਵਜੂਦ ਇੱਕੋ ਬਲਵਾਨ ਸੁਰਤਾਲ ਦਾ ਹਿੱਸਾ ਹਨ।
ਅਕਾਲ ਫ਼ਤਹ ਵਿੱਚ ਗੁਰੂ ਦਾ ਕਰਮ (ਫ਼ਜ਼ਲ, ਕਿਰਪਾ
Grace) ਕੰਮ ਕਰਦਾ ਹੈ, ਪਰ ਇਸਦੇ ‘ਹੋਣ’ ਦੀ ਸ਼ਰਤ
ਖ਼ਾਲਸਾ-ਚੇਤਨਾ ਹੈ। ਸਿੰਘ-ਅਦਰਸ਼ ਨੇ ਖ਼ਾਲਸਾ-ਚੇਤਨਾ ਨੂੰ ਗੁਰੂ-ਸਿਦਕ ਦੇ ਅਚਿਹਨ ਵੇਗ ਵਿੱਚ ਬਦਲ
ਦਿੱਤਾ ਹੈ, ਜਿਹੜਾ ਕਿ ਗੁਰੂ ਦੇ ਕਰਮ ਦੀ ਅਕਰਸ਼ਣ (ਖਿੱਚ) ਵਿੱਚ ਬੱਝਿਆ ਹੈ। ਪਰ ਖ਼ਾਲਸਾ-ਚੇਤਨਾ ਦੇ
ਗੁਰੂ-ਸਿਦਕ ਦਾ ਅਚਿਹਨ ਵੇਗ ਅਤੇ ਗੁਰੂ ਦਾ ਕਰਮ, ਬਲਵਾਨ ਸੁਰਤਾਲ ਦੇ ਧਾਰਨੀ ਹੋਣ ਦੇ ਬਾਵਜੂਦ ਓਨਾ
ਚਿਰ ਅਪਰਮਾਣਿਕ, ਅਨਿੱਸਚਿਤ ਤੇ ਇਸ ਲਈ ਅਧੂਰੇ ਹਨ, ਜਿੰਨਾ ਚਿਰ ਕਿ ਇਨ੍ਹਾਂ ਦੇ ਸਾਹਮਣੇ ਕਿਸੇ
ਇਖ਼ਲਾਕ ਦੀ ਮੰਜ਼ਿਲ ਨਹੀਂ।
ਸੋ ਜ਼ਾਹਰ ਹੈ ਕਿ ਸਿੰਘ-ਆਦਰਸ਼ ਦਾ ਖ਼ਾਲਸਾ-ਚੇਤਨਾ ਦੇ ਜਾਮੇ ਵਿੱਚ ਝਿਮਝਮਾਉਂਦਾ ਅਚਿਹਨ ਵੇਗ ਕਿਸੇ
ਬੇਨਜ਼ੀਰ ਇਖ਼ਲਾਕ ਵਿੱਚ ਆਪਣੀ ਸਿਰਜਣਾ ਦਾ ਸਬੂਤ ਦੇ ਕੇ ਹੀ ਆਪਣੀ ਚੇਤਨਾ ਦੇ ਸੱਚ ਨੂੰ ਸਥਾਪਤ ਕਰਦਾ
ਹੈ। ਅਚਿਹਨ ਵੇਗ ਤੇ ਇਖ਼ਲਾਕ ਦੇ ਇਸੇ ਸੰਗਮ ਉਤੇ ਹੀ ਅਸੀਂ ਖ਼ਾਲਸਾ-ਚੇਤਨਾ ਨੂੰ ਖ਼ਾਲਸ ਕੁਦਰਤ ਦੀ
ਸੈਭੰ ਅਮੀਰੀ ਦੀ ਮਾਲਕ ਵੇਖਦੇ ਹਾਂ, ਪਰ ਉਸ ਦੀ ਇਸ ਪ੍ਰਾਪਤੀ ਦਾ ਅਮੁੱਲ ਰੂਪ ਗੁਰੂ ਦੇ ਕਰਮ ਦੇ
ਕਾਰਨ ਹੈ, ਜਿਹੜਾ ਕਿ ਅਕਾਲ ਫ਼ਤਹ ਦੇ ਹੀ ਕਿਸੇ ਲੱਛਣ ਦਾ ਧਾਰਨੀ ਹੈ। ਇੰਞ, ਅਸੀਂ ਉਪਰੋਕਤ ਤਿੰਨ
ਵੱਖਰੇ ਵੱਖਰੇ ਕੇਂਦਰਾਂ ਦੀਆਂ ਸਿਫਤਾਂ ਨੂੰ ਇੱਕ ਦੂਜੇ ਵਿੱਚ ਰੁਮਕਦੀਆਂ ਵੇਖਦੇ ਹਾਂ। ਮੁਕਦੀ ਗੱਲ,
ਸਿੰਘ-ਆਦਰਸ਼ ਦੁਨਿਆਵੀ ਸਿਫਤਾਂ ਵਿੱਚ ਗੁਰੂ ਦੇ ਕਰਮ ਨੂੰ ਉਤਾਰ ਕੇ ਉਨ੍ਹਾਂ ਨੂੰ ਦੈਵੀਪਣ ਬਖ਼ਸ਼ਦਾ
ਹੈ, ਅਤੇ ਰਾਜਸੀ ਤੇ ਸਮਾਜਿਕ ਸੰਕਲਪਾਂ ਅਤੇ ਉਨ੍ਹਾਂ ਦੇ ਅਮਲੀ ਜੌਹਰ ਨੂੰ ਗੁਰੂ-ਲਿਵ ਦੇ ਵਾਤਾਵਰਣ
ਵਿੱਚ ਲੈ ਆਉਂਦਾ ਹੈ।
ਉਪਰੋਕਤ ਕ੍ਰਿਸ਼ਮਾ ਵਾਪਰਦਾ ਉਦੋਂ ਹੀ ਹੈ, ਜਦੋਂ ਕਿ ਖ਼ਾਲਸਾ ਰੂਹਾਨੀ ਕੀਮਤਾਂ ਦੀ ਮਹਾਨਤਾ ਨੂੰ
ਸਥਾਪਤ ਕਰਨ ਲਈ ਸੰਸਾਰ ਦੀ ਫ਼ਤਹ ਲਈ ਕਦਮ ਉਠਾਉਂਦਾ ਹੈ। ਜਦੋਂ ਉਸਦਾ ਕਰਮ
(Action, deed)
ਗੁਰੂ-ਲਿਵ ਤੋਂ ਬਾਹਰ ਜਾਂਦਾ ਹੈ, ਤਾਂ ਉਸ ਦੀ ਚੇਤਨਾ ਦੀ ਸਿੰਘ-ਅਦਰਸ਼ ਦੀ ਪਕੜ ਕੰਮਜ਼ੋਰ ਪੈ ਜਾਂਦੀ
ਹੈ। ਇਸ ਦਾ ਨਤੀਜਾ ਇੱਕ ਤੁੱਛ ਅਮਲ ਹੁੰਦਾ ਹੈ, ਜਿਸ ਦੀਆਂ ਬੌਧਿਕ, ਆਤਮਕ ਅਤੇ ਸੰਸਾਰੀ ਪ੍ਰਾਪਤੀਆਂ
ਵਕਤੀ ਅਤੇ ਘੱਟ ਮਹਾਨਤਾ ਵਾਲੀਆਂ ਹੁੰਦੀਆਂ ਹਨ, ਜਾਂ ਨਾਕਾਮਯਾਬੀ ਦਾ ਮੂੰਹ ਵੇਖਦੀਆਂ ਹਨ, ਜਾਂ
ਪ੍ਰਾਪਤੀਆਂ ਬਿਲਕੁਲ ਨਹੀਂ ਹੁੰਦੀਆਂ, ਜਿਵੇਂ ਉਪਰ ਇੱਕ ਮਿਸਾਲ ਮੈਂ 1947 ਈ. ਵੇਲੇ ਦੀ ਭਾਰਤ-ਵੰਡ
ਚੋਂ ਸਿੱਖ ਕੌਮ ਨੇ ਆਪਣੇ ਲਈ ਹਰ ਤਰ੍ਹਾਂ ਦੀ ਤਬਾਹੀ (ਨਾਬੂਦ) ਜਾਣ ਬੁੱਝ ਕੇ ਸਹੇੜ ਲਈ ਤੇ ਕੌਮ ਦੇ
ਸੰਸਾਰ ਦੇ ਨਕਸ਼ੇ ਤੇ ਪੱਕੇ ਪੈਰ ਬੰਨ੍ਹਣ ਦਾ ਸੁਨਹਿਰੀ ਮੌਕਾ ਹਿੰਦੂ ਦੇ ਢਹੇ ਚੜ੍ਹ ਕੇ ਅਜਾਈਂ
ਗੁਆਇਆ। ਅਬ ਪਛੁਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈਂ ਖੇਤ। “ਤਕਿਆ ਰਾਹ ਨਾਬੂਦ ਤੇ ਪਰਛਾਵਾਂ
ਤੇਰਾ”। ਬਾਜ਼ ਨ ਨਜ਼ਰੀਂ ਆਂਵਦਾ ਨ ਕੂਕ ਪੁਰਾਣੀ। ਵਹਿ ਗਿਆ ਲਹੂ ਦੇ ਪਾਣੀਏ ਦਰਵੇਸ਼ ਦਾ ਡੇਰਾ। ਨੌਬਤ
ਵੱਜੀ ਜਦੋਂ ਤੋਂ ਦਿਲ ਧੜਕੇ ਮੇਰਾ। (ਸਫਾ 395-6 ਝਨਾਂ ਦੀ ਰਾਤ)