.

ਦਰਗਾਹ

ਵੀਰ ਭੁਪਿੰਦਰ ਸਿੰਘ

ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਰੱਬ ਜੀ ਕਿਤੇ ਸਤਵੇਂ ਅਸਮਾਨ ’ਚ ਆਪਣੀ ਦਰਗਾਹ, ਕਚਿਹਰੀ ਜਾਂ ਸਿੰਘਾਸਨ ਲਗਾ ਕੇ ਬੈਠੇ ਹਨ ਅਤੇ ਸਰੀਰਕ ਮਰਨ ਮਗਰੋਂ ਰੱਬ ਜੀ ਦੀ ਦਰਗਾਹ, ਕਚਿਹਰੀ ਦੇ ਸਾਹਮਣੇ ਮਨੁੱਖ ਨੂੰ ਪੇਸ਼ ਹੋਣਾ ਪੈਂਦਾ ਹੈ। ਇਸੇ ਸੋਚ ਅਧੀਨ ਮਨੁੱਖ ਇਥੇ ਮਨ ਮਰਜ਼ੀ, ਮਨਮੁਖਤਾ, ਮਾੜੀ ਕਰਤੂਤਾਂ ਵਾਲਾ ਜੀਵਨ ਜਿਊਂਦੇ ਅਤੇ ਹਰ ਤਰ੍ਹਾਂ ਦੇ ਗਲਤ ਕੰਮ ਕਰਦੇ ਹਨ ਕਿ ਮਰਨ ਮਗਰੋਂ ਮੇਰਾ ਸਰੀਰ ਤੇ ਅੱਗੇ ਜਾਣਾ ਹੀ ਨਹੀਂ, ਜੇ ਕਰ ਆਤਮਾ ਨੂੰ ਰੱਬੀ ਦਰਗਾਹ ’ਚ ਲੇਖਾ ਦੇਣਾ ਵੀ ਪਵੇਗਾ ਤਾਂ ਕੀ ! ਸਦੀਆਂ ਤੋਂ ਇਸੇ ਭੁਲੇਖੇ ਨੇ ਮਨੁੱਖ ਨੂੰ ਮਾੜੀ-ਨੀਵੀਂ, ਮੰਦ ਕਰਮੀ ਵਾਲੀ ਜੀਵਨੀ ਜਿਊਣ ਲਈ ਪ੍ਰੇਰਿਤ ਕੀਤਾ ਪਰ ਗੁਰਮਤ ਵਿੱਚ ਦ੍ਰਿੜਾਇਆ ਗਿਆ ਹੈ :-

1. ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 728)

2. ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 84)

3. ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 463)

4. ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 922)

ਐਸੇ ਅਨੇਕ ਹੀ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਹਨ ਜਿਨ੍ਹਾਂ ਨੂੰ ਸੁਣ, ਪੜ ਕੇ ਵਿਚਾਰ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਰੱਬ ਜੀ ਅੱਜ ਹੀ ਇਸ ਸ੍ਰਿਸ਼ਟੀ ’ਚ ਮੌਜੂਦ ਹਨ। ‘‘ਸਭਨਾ ਜੀਆ ਕਾ ਇਕੁ ਦਾਤਾ’’ (ਗੁਰੂ ਗ੍ਰੰਥ ਸਾਹਿਬ, ਪੰਨਾ : 2) ‘‘ਸਾਹਿਬੁ ਮੇਰਾ ਏਕੋ ਹੈ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 350) ਰਾਹੀਂ ਦ੍ਰਿੜਾਇਆ ਹੈ ਕਿ ਰੱਬ, ਖੁਦਾ, ਅੱਲਾਹ, ਰਾਮ, ਵਾਹਿਗੁਰੂ ਜੀ ਇਕ ਹਨ, ਪਰ ਅਸੀਂ ਸਰੀਰਕ ਮਰਨ ਮਗਰੋਂ ਵਾਲੇ ਇਕ ਹੋਰ ਰੱਬ ਜੀ ਸਮਝ ਰਹੇ ਹਾਂ। ਜੇ ਇਥੇ ‘ਸਚੇ ਕਾ ਵਿਚਿ ਵਾਸੁ’ ਭਾਵ ਹਰੇਕ ਜਗ੍ਹਾ, ਹਰ ਵੇਲੇ ਨਿਰੰਤਰ ਰੱਬ ਜੀ ਮੌਜੂਦ ਹਨ ਤਾਂ ਮਰਨ ਮਗਰੋਂ ਵਾਲੇ ਅਲਗ ਕਿਹੜੇ ਹਨ? ਕੀ ਦੋ ਰੱਬ ਜੀ ਹਨ? ਨਹੀਂ, ਰੱਬ ਜੀ ਇਕੋ ਹੀ ਹਨ, ਹੁਣੇ ਇਥੇ ਹੀ ਹਨ, ਸਭ ਜਗ੍ਹਾ ਹਨ, ਸਭ ਦੇ ਹਿਰਦੇ ’ਚ ਹਨ ਤੇ ਉਨ੍ਹਾਂ ਦੀ ਦਰਗਾਹ ਵੀ ਅੱਜ ਹੀ, ਹੁਣੇ ਹੀ ਨਾਲੋ-ਨਾਲ ਸਾਡੇ ਸਭ ਦੇ ਅੰਦਰ ਚਲ ਰਹੀ ਹੈ। ‘ਦਰਗਾਹ’ ਮਰਨ ਮਗਰੋਂ ਕੋਈ ਹੈ ਕਿ ਨਹੀਂ, ਪਤਾ ਨਹੀਂ ਅਤੇ ਨਾ ਹੀ ਦਾਅਵਾ ਕਰ ਸਕਦੇ ਹਾਂ। ਪ੍ਰੋਢਾਵਾਦੀ ਢੰਗ ਨਾਲ ਦਰਗਾਹ, ਦੀਬਾਣ, ਲੇਖਾ ਰਬ ਮੰਗੇਸੀਆ ਬੈਠਾ ਕੱਢ ਵਹੀ, ਜੈਸੇ ਲਫ਼ਜ਼ ਵਰਤ ਕੇ ‘ਸਤਿਗੁਰ’ (ਸੱਚ ਦਾ ਗਿਆਨ) ਰਾਹੀਂ ਮਨੁੱਖ ਨੂੰ ਦ੍ਰਿੜ ਕਰਵਾਇਆ ਹੈ ਕਿ ਅੰਦਰ ਬੈਠਾ ਰੱਬ, ਹਿਰਦੇ ਦੀ ਦਰਗਾਹ ਵਿਚ ਕਿਵੇਂ ਪਲ-ਪਲ ਨਿਆ ਕਰ ਰਿਹਾ ਹੈ।

ਸਦੀਆਂ ਤੋਂ ਪ੍ਰਚਲਤ ਅਖੌਤੀ ਵਿਸ਼ਵਾਸ ਹੇਠਾਂ ਅਸੀਂ ਮੰਨਦੇ ਆ ਰਹੇ ਹਾਂ ਕਿ ਸਰੀਰਕ ਮਰਨ ਮਗਰੋਂ ਦਰਗਾਹ ਜਾਵਾਂਗੇ, ਪਰ ਗੁਰੂ ਗ੍ਰੰਥ ਸਾਹਿਬ ’ਚੋਂ ਵਿਚਾਰਨਾ ਜ਼ਰੂਰੀ ਹੈ ਕਿ ਮਰਨ ਮਗਰੋਂ ਮਨੁੱਖ ਕਿੱਥੇ ਜਾਂਦਾ ਹੈ ?

1. ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ।। ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ।। ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 648) ਇਹ ਸ਼ਬਦ ਪੜ ਕੇ ਸਮਝ ਪੈਂਦੀ ਹੈ ਕਿ ‘‘ਕੋਈ ਨਹੀਂ ਦੱਸ ਸਕਦਾ ਕਿ ਮਰਨ ਮਗਰੋਂ ਕੌਣ ਕਿਥੇ ਜਾਂਦਾ ਹੈ ?’’

2. ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ।। ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ।। ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ।। ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 466) - ਇਸ ਸਾਰੇ ਸ਼ਬਦ ਰਾਹੀਂ ਦ੍ਰਿੜਾਇਆ ਹੈ ਕਿ ਮ੍ਰਿਤਕ ਪ੍ਰਾਣੀ ਦਾ ਭਾਵੇਂ ਜਿਵੇਂ ਮਰਜ਼ੀ ਅੰਤਮ ਸੰਸਕਾਰ ਕਰੋ ਪਰ ਇਹ ਰੱਬ ਜੀ ਹੀ ਜਾਣਨ ਕਿ ਮਨੁੱਖ ਦਾ ਮਰਨ ਮਗਰੋਂ ਕੀ ਹੁੰਦਾ ਹੈ। ਹਿੰਦੂ, ਇਸਲਾਮ, ਇਸਾਈ ਜਾਂ ਯਹੂਦੀ ਮਤ ਦੇ ਆਪਣੇ-ਆਪਣੇ ਫਲਸਫੇ ਹਨ ਕਿ ਇਸ ਤਰੀਕੇ ਨਾਲ ਮ੍ਰਿਤਕ ਪ੍ਰਾਣੀ ਦਾ ਅੰਤਮ ਸੰਸਕਾਰ ਕਰੋ ਤਾਂ ਮੁਕਤੀ ਹੁੰਦੀ ਹੈ, ਮਨੁੱਖ ਦਰਗਾਹ ਵਿਚ ਅੱਪੜਦਾ ਹੈ। ਉਨ੍ਹਾਂ ਦੇ ਫਲਸਫੇ ਉਨ੍ਹਾਂ ਨੂੰ ਮੁਬਾਰਕ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਉਨ੍ਹਾਂ ਸਭ ਤੋਂ ਵਿਕੋਲਿਤਰੀ, ਵਿਲੱਖਣ, ਅਤੇ ਦਲੀਲ ਭਰਪੂਰ ਹੈ ਕਿ ‘‘ਮਨੁੱਖ ਦੇ ਅੱਜ ਇਸੇ ਜੀਵਨ ਵਿਚ ਜੇ ਕਰਮ ਚੰਗੇ ਨਹੀਂ ਹਨ ਤਾਂ ਮਰਨ ਮਗਰੋਂ ਸਰੀਰ ਦਾ ਜੋ ਮਰਜ਼ੀ ਕਿਰਿਆ ਕਰਮ ਕਰੋ ਉਹ ਮਨੁੱਖ ਇਸੇ ਜੀਵਨ ’ਚ, ਜਿਊਂਦੇ ਜੀਅ, ਇਸ ਸਰੀਰ ’ਚ ਰਹਿੰਦਿਆਂ ਆਪਣੇ ਹਿਰਦੇ ਵਿਚ ਵਸਦੇ ਰੱਬ ਜੀ ਦੀ ਦਰਗਾਹ ’ਚ ਪਰਵਾਨ ਨਹੀਂ ਹੈ।’’ ਇਸ ਦਾ ਮਤਲਬ ਮਰਨ ਮਗਰੋਂ ਕੀ ਹੁੰਦਾ ਹੈ, ਮਨੁੱਖ ਕਿੱਥੇ ਜਾਂਦਾ ਹੈ, ਕੋਈ ਨਹੀਂ ਦੱਸ ਸਕਦਾ। ‘ਜੀਵਨ ਮੁਕਤ’ ‘ਜਿਊਂਦਿਆਂ ਮੁਕਤੀ’ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਅਤੇ ਇਸੇ ਨੁਕਤੇ ਨਿਗਾਹ ਨਾਲ ਹੀ ‘ਦਰਗਾਹ’ ਨੂੰ ਵਿਚਾਰਨਾ ਹੈ। ਜਿਊਂਦਿਆਂ ਹੀ ਇਸੇ ਸਰੀਰ ’ਚ ਦਰਗਾਹ, ਕਚਿਹਰੀ, ਧਰਮ, ਧਰਮਰਾਏ (ਧਰਮਰਾਜ, ਰੱਬ) ਅੰਦਰ ਬੈਠਾ ਨਿਆਂ ਕਰ ਰਿਹਾ ਹੈ।

ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 110) ਜੋ ਮਨੁੱਖ ਸੱਚ ਭਾਵ ‘ਸਤਿਗੁਰ’ ਅਨੁਸਾਰ ਸੁਚੇਤ ਅਵਸਥਾ ਵਾਲਾ ਜੀਵਨ ਜਿਊਂਦੇ ਹਨ ਉਹ ਰੱਬੀ ਦਰ ਤੇ ਅੱਜ ਹੀ ਸ਼ੋਭਾ ਪਾਉਂਦੇ ਹਨ ਭਾਵ ਇਸੇ ਸਰੀਰ ’ਚ ਜਿਊਂਦਿਆਂ ਹੀ ਮੁਕਤ ਅਵਸਥਾ ਮਾਣਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮਨੁੱਖ ਨੂੰ ‘‘ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 488) ਵਾਲਾ ਉਪਦੇਸ਼ ਦਿੰਦੀ ਹੈ, ਨਕਦ ਜੀਵਨ, ਜਿਊਂਦਿਆਂ ਮੁਕਤੀ ਦ੍ਰਿੜਾਉਂਦੀ ਹੈ।

ਇਹ ਵਿਸ਼ਾ ਆਪਣੇ ਆਪ ’ਚ ਬਹੁਤ ਸੌਖਾ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲੋਂ ਦੀਆਂ ਪੁਰਾਤਨ, ਅਖੌਤੀ, ਪ੍ਰਚਲਤ ਧਾਰਨਾਵਾਂ ਕਾਰਨ ਔਖਾ ਜਿਹਾ ਬਣ ਗਿਆ ਹੈ, ਇਸ ਕਰਕੇ ਇਸ ਮਜ਼ਮੂਨ ਬਾਰੇ ਟਪਲਾ ਲਗ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਰਾਹੀਂ ‘ਦਰਗਾਹ’ ਦੀ ਪਰਿਭਾਸ਼ਾ ਬਾਰੇ ਸਮਝਨਾ ਸਾਡਾ ਫਰਜ਼ ਹੈ, ਜੋ ਕਿ ਸਾਰੀ ਦੁਨੀਆ ਲਈ ਵੀ ਕਾਰਗਰ ਹੈ। ਜੇ ਕਰ ਦੁਨੀਆ ‘ਮਰਨ ਮਗਰੋ’ ਕਿਸੀ ‘ਦਰਗਾਹ, ਕਚਿਹਰੀ, ਦੀਬਾਣ’ ਦੀ ਗਲ ਸਮਝਦੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਪ੍ਰੋਢਾਵਾਦੀ ਢੰਗ ਨਾਲ ਉਹੋ ਲਫ਼ਜ਼ ਵਰਤ ਕੇ ਦ੍ਰਿੜਾਇਆ ਹੈ ਕਿ ਮਨੁੱਖ ਦੇ ਅੰਦਰ ਹੀ ਰੱਬ ਜੀ ਵਸਦੇ ਹਨ ਤੇ ਅੰਦਰ ਹੀ ਧਰਮ ਰੂਪੀ ਰਾਜੇ ਦੀ, ਨਿਆਉ ਕਰਨ ਵਾਲੀ ‘ਦਰਗਾਹ’ (ਕਚਿਹਰੀ, ਦੀਵਾਨ) ਲਗੀ ਹੋਈ ਹੈ। ਖੋਟੇ-ਖਰੇ ਅਤੇ ਚੰਗੇ-ਮੰਦੇ ਖ਼ਿਆਲ, ਸੋਚਣੀ ਸਭ ਅੰਦਰ ਹਿਰਦੇ ’ਚ ਹੀ ਪਰਖੇ ਜਾ ਰਹੇ ਹਨ, ਅਜ ਹੀ, ਹੁਣੇ ਹੀ, ਇਥੇ ਹੀ। ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਵਿਚਾਰੀਏ:-

ਪਉੜੀ :- ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ।। ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ।। ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ।। ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ।। ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 1092)

ਭਾਵ ਅਰਥ :- ਮਨੁੱਖ ਦੇ ਅੰਦਰ ਜੀਆਂ ਦਾ ਮਾਲਿਕ ਬੈਠਾ ਹੈ। ਉਹ ਆਪ ਹੀ ਹਿਰਦੇ ਦੀ ਕਚਿਹਰੀ ਵਿਚ ਕੀਤੇ ਕਰਮਾਂ ਦਾ ਨਿਆਂ ਕਰੀ ਜਾਂਦਾ ਹੈ। ਹਿਰਦੇ ਰੂਪੀ ਮਹਲ ਦਾ ਦਰਵਾਜ਼ਾ ਸ਼ਬਦ ਗੁਰੂ, ਸਤਿਗੁਰ, ਸੱਚੇ ਗਿਆਨ ਰਾਹੀਂ ਖੁਲਦਾ ਹੈ।

ਕਿਸੇ ਵੀ ਦੇਸ਼ ਦੀ ਮੁਦਰਾ (currency) ਦੇ ਸਿੱਕੇ ਉਥੇ ਦੀ ਸਰਕਾਰ ਵਲੋਂ ਬਣਾਏ ਜਾਂਦੇ ਹਨ। ਇਨ੍ਹਾਂ ਸਿੱਕਿਆਂ ਵਿਚ ਚਾਂਦੀ, ਤਾਂਬਾ ਜਾਂ ਹੋਰ ਕੀਮਤੀ ਧਾਤਾਂ ਦੀ ਮਿਕਦਾਰ ਤੋਲਵੀਂ ਹੁੰਦੀ ਹੈ ਜੋ ਕਿ ਉਥੇ ਦੀ ਸਰਕਾਰ ਅਨੁਸਾਰ ਉਸਦੇ ਖਰੇ ਹੋਣ ਦੀ ਲਖਾਇਕ ਹੁੰਦੀ ਹੈ। ਜੇ ਉਸ ਖ਼ਾਸ ਸਿੱਕੇ ਦੀ ਕੀਮਤ ਅਨੁਸਾਰ, ਰੱਖੀ ਗਈ ਧਾਤਾਂ ਦੀ ਮਿਕਦਾਰ, ਘੱਟ-ਵੱਧ ਹੋ ਗਈ ਹੋਵੇ ਤਾਂ ਲਾਜ਼ਮੀ ਹੈ ਕਿ ਮਿਲਾਵਟ ਕੀਤੀ ਗਈ ਹੈ ਅਤੇ ਉਹ ਸਿੱਕਾ ਖੋਟਾ ਕਹਿਲਾਉਂਦਾ ਹੈ। ਮੋਹਰਾਂ ਜਾਂ ਅਸ਼ਰਫ਼ੀਆਂ ਵਰਗੀ ਸੋਨੇ, ਚਾਂਦੀ ਨਾਲ ਬਣੀ ਕੀਮਤੀ ਮੁਦਰਾ ਨੂੰ ਅੱਜ ਦੇ ਜ਼ਮਾਨੇ ਦੇ ਸਿੱਕੇ ਨਾਲ ਬਦਲਿਆ ਗਿਆ ਅਸੀਂ ਵੇਖਦੇ ਹਾਂ। ਦੁਕਾਨਦਾਰ ਜਾਂ ਜੌਹਰੀ ਕਸਵੱਟੀ ਰਾਹੀਂ ਮਿਲਾਵਟ ਵਾਲੀ ਮੋਹਰ, ਅਸ਼ਰਫ਼ੀ, ਹੀਰੇ ਜਵਾਹਰਾਤ ਨੂੰ ਪਰਖ ਲੈਂਦੇ ਹਨ ਅਤੇ ਖੋਟੇ ਖਰੇ ਸਿੱਕੇ ਵੀ ਉਸੀ ਤਰੀਕੇ ਨਾਲ ਪਰਖ ਲਏ ਜਾਂਦੇ ਹਨ। ਸਿੱਟੇ ਵਜੋਂ ਖੋਟਾ ਸਿੱਕਾ ਬਾਜ਼ਾਰ ਵਿਚ ਕਬੂਲ ਨਹੀਂ ਹੁੰਦਾ ਅਤੇ ਕੁਝ ਵੀ ਵਿਹਾਝਨ ਦੇ ਕੰਮ ਨਹੀਂ ਆਉਂਦਾ। ਉਸ ਦੇਸ਼ ਦੀ ਸਰਕਾਰ ਐਸੇ ਖੋਟੇ ਸਿੱਕਿਆਂ ਨੂੰ ਬਾਜ਼ਾਰ ਵਿਚ ਵਰਤਣ ਤੋਂ ਰੋਕ ਲਗਾ ਦਿੰਦੀ ਹੈ।

ਇਸੇ ਵਿਚਾਰ ਨੂੰ ‘ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉਂ’ ਨਾਲ ਢੁਕਾ ਕੇ ਪਉੜੀ ਦੇ ਭਾਵ ਅਰਥ ਨੂੰ ਸਮਝਦੇ ਹਾਂ। ਸਰਕਾਰ ਮਾਨੋ ਕਿ ਜਿਵੇਂ ਰੱਬ ਜੀ ਸਾਡੇ ਅੰਦਰ ਬੈਠਾ ਧਰਮ ਰੂਪੀ, ਨਿਆਂ ਭਰਪੂਰ ਰਾਜਾ ਹਨ। ਸਤਿਗੁਰ ਭਾਵ ਸੱਚ ਦੇ ਗਿਆਨ ਰਾਹੀਂ ਉਸ ਮਹਲ ਦਾ ਪਤਾ ਲੱਗ ਜਾਂਦਾ ਹੈ, ਜਿਸ ਵਿਚ ਰੱਬ ਜੀ ਤਖ਼ਤ ਲਗਾ ਕੇ ਬੈਠੇ ਨਿਆਂ ਕਰ ਰਹੇ ਹਨ। ਰੱਬੀ ਗੁਣ ‘ਖਰੇ ਖ਼ਜ਼ਾਨੇ’ ਦੇ ਸਿੱਕੇ ਹਨ ਅਤੇ ਅਵਗੁਣ ਖੋਟੇ ਸਿੱਕੇ ਹਨ। ਅਵਗੁਣਾਂ ਦੀ ਜਿਤਨੀ ਜ਼ਿਆਦਾ ਮਿਲਾਵਟ ਸਾਡੇ ਕਿਰਦਾਰ ਵਿਚ ਹੁੰਦੀ ਹੈ, ਉਤਨੀ ਹੀ ਸਾਡੀ ਸ਼ਖ਼ਸੀਅਤ ‘ਮੈਲੇ ਮਨ’ (ਖੋਟ) ਵਾਲੀ ਹੁੰਦੀ ਹੈ। ਜਿਵੇਂ ਬਾਜ਼ਾਰ ਵਿਚ ਖੋਟੇ ਸਿੱਕੇ ਨਹੀਂ ਚਲਦੇ ਉਵੇਂ ਹੀ ਧਾਰਮਕ ਦੁਨੀਆ ਵਿਚ, ਅੰਤਰਆਤਮਾ ਦੀ ਰੱਬੀ ਦਰਗਾਹ ਵਿਚ ਅਵਗੁਣਾਂ ਰੂਪੀ ਖੋਟੇ ਸਿੱਕੇ ਨਹੀਂ ਚੱਲਦੇ ਕਿਉਂਕਿ ਸਾਡੇ ਹਿਰਦੇ ਵਿਚ ਤਖ਼ਤ, ਦਰਗਾਹ, ਦੀਬਾਨ ’ਚ ਰੱਬੀ ਤਰਾਜੂ ਲੱਗਿਆ ਹੈ, ਜਿਥੇ ਹਮੇਸ਼ਾ ਨਿਆਂ ਹੁੰਦਾ ਹੈ ਅਤੇ ਖੋਟੇ ਖਰੇ ਪਰਖੇ ਜਾਂਦੇ ਹਨ।

ਸਿੱਟੇ ਵਜੋਂ ਰੱਬੀ ਦਰਗਾਹ ਵਿਚ ਖੋਟਿਆਂ ਨੂੰ ਥਾਉਂ ਨਹੀਂ ਮਿਲਦੀ ਭਾਵ, ਰੱਬੀ ਇਕਮਿਕਤਾ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਉਥੇ ਹਮੇਸ਼ਾ ਸੱਚ ਵਰਤਦਾ ਹੈ ਅਤੇ ਸੱਚਾ ਨਿਆਉਂ ਹੀ ਹੁੰਦਾ ਹੈ। ਸਤਿਗੁਰ (divine wisdom) ਰਾਹੀਂ ਜਿਨ੍ਹਾਂ ਨੂੰ ਇਹ ਸੱਚ ਅਤੇ ਸੱਚਾ ਨਿਆਂ ਸਮਝ ਪੈ ਜਾਂਦਾ ਹੈ ਉਹ ਰੱਬੀ ਗੁਣਾਂ ਵਾਲਾ ਖਰਾ ਜੀਵਨ ਅਮਲੀ ਤੌਰ ’ਤੇ ਜਿਊਣ ਦੇ ਲਾਇਕ ਹੋ ਜਾਂਦੇ ਹਨ, ਜੋ ਕਿ ਅੰਮ੍ਰਿਤ ਦਾ ਲਖਾਇਕ ਹੈ।

ਪ੍ਰੋਢਾਵਾਦੀ ਬੋਲੀ ਰਾਹੀਂ ਵਰਤੇ ਗਏ ਖੋਟੇ ਖਰੇ ਲਫ਼ਜ਼ਾਂ ਦੁਆਰਾ ਇਹੋ ਸਮਝਣਾ ਹੈ ਕਿ ਅੰਦਰ ਦੇ ਰਾਜਾ ਭਾਵ ਰੱਬ ਜੀ ਨਾਲੋ-ਨਾਲ ਨਿਬੇੜਾ ਕਰ ਦਿੰਦੇ ਹਨ। ਸੱਚਾ ਨਿਆਉ ਇਹੋ ਹੈ ਕਿ ਅਵਗੁਣ (ਖੋਟ) ਵਾਲੇ ਜੀਵਨ ਵਿਚ ਮਨੁੱਖ ਅਸ਼ਾਂਤ, ਦੁਖੀ, ਕਾਮੀ, ਕੋ੍ਰਧੀ, ਲੋਭੀ, ਲਾਲਚੀ ਅਤੇ ਅਸੰਤੋਖੀ ਹੋ ਜਾਂਦਾ ਹੈ ਅਤੇ ਜੋ ਮਨੁੱਖ ਆਤਮਕ ਚੈਨ, ਸੁੱਖ, ਸ਼ਾਂਤੀ, ਸਹਿਜ, ਸੰਤੋਖ, ਸ਼ੀਤਲਤਾ ਵਾਲਾ ਜੀਵਨ ਜਿਊਂਦਾ ਹੈ, ਉਸ ਨੂੰ ਰੱਬੀ ਗੁਣਾਂ ਵਾਲਾ ਜੀਵਨ (ਖਰਾ) ਸਤਿਗੁਰ (divine wisdom) ਰਾਹੀਂ ਪ੍ਰਾਪਤ ਹੁੰਦਾ ਹੈ। ਸੋ ਅੰਦਰ ਦੀ ਦਰਗਾਹ ਵਿਚ ਕਸਵੱਟੀ, ਤਰਾਜੂ, ਸੱਚਾ ਨਿਆਉ, (ਧਰਮ ਰਾਜ) ਅਵਗੁਣਾਂ ਵਾਲੀ ਜੀਵਨੀ ਦੇ ਖੋਟੇ ਅਤੇ ਗੁਣਾਂ ਭਰਪੂਰ ਜੀਵਨੀ ਦੇ ਖਰੇ ਹੋਣ ਦਾ ਲਖਾਇਕ ਹੈ।

ਇਸ ਵਿਚਾਰ ਨੂੰ ਅਗਾਂਹ ਤੋਰਨ ਲਈ ਇਕ ਹੋਰ ਸ਼ਬਦ ਲੈਂਦੇ ਹਾਂ ਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਾਨੂੰ ਇਹ ਸਮਝ ਪੈ ਜਾਵੇ ਕਿ ‘ਦਰਗਾਹ ਪਰਵਾਨ’ ਜਾਂ ਰੱਬੀ ਦਰ ’ਚ ਜਿਊਣਾ ਕਿਸਨੂੰ ਕਹਿੰਦੇ ਹਨ ? ਸਰੀਰਕ ਮੌਤ ਮਗਰੋਂ ਵਾਲੀ ‘ਦਰ, ਦਰਗਾਹ, ਕਚਿਹਰੀ’ ਬਦਲੇ ਸਾਨੂੰ ਅੱਜ ਹੀ ਸਮਝ ਪੈ ਜਾਵੇ ਕਿ ਮੇਰੇ ਅੰਦਰ ਅੱਜ ਹੀ ਹਰੇਕ ਕਰਮ, ਖਿਆਲ, ਫੁਰਨੇ ਦੀ ਪਰਖ ਹੋ ਰਹੀ ਹੈ ਅਤੇ ਹੁਣੇ ਹੀ ਨਿਬੇੜਾ ਹੋ ਰਿਹਾ ਹੈ।

ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ।। ਸਣ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ।। ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ।। ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ।।੧।। (ਗੁਰੂ ਗ੍ਰੰਥ ਸਾਹਿਬ, ਪੰਨਾ : 142)

ਭਾਵ ਅਰਥ :- ਸਾਰੇ ਸ਼ਬਦ ’ਚ ਕਣਕ ਦੀ ਫਸਲ ਪੱਕਣ, ਕੱਟਣ, ਦਾਣੇ ਕੱਢਣ ਅਤੇ ਪੀਸਣ ਦਾ ਦ੍ਰਿਸ਼ ਵਰਤ ਕੇ ਦੱਸਿਆ ਹੈ ਕਿ ਜੋ ਦਾਣੇ (ਮਨੁੱਖ) ਚੱਕੀ ਦੇ ਕਿੱਲੇ (ਰੱਬੀ ਦਰ, ਸੱਚ ਨਾਲ, ਸੱਚ ਦਾ ਗਿਆਨ, ਸਤਿਗੁਰ) ਨੇੜੇ ਰਹਿੰਦੇ ਹਨ, ਉਹ ਵਿਕਾਰਾਂ ਹਥੀਂ ਪਿੱਸ ਜਾਣ ਤੋਂ ਬੱਚ ਜਾਂਦੇ ਹਨ। ਜਿਊਂਦਿਆਂ ਜੀਅ ਇਥੇ ਹੀ ਸਤਿਗੁਰ (divine wisdom) ਰਾਹੀਂ ਅਮਲੀ ਜੀਵਨੀ ਜਿਊਣ ਵਾਲੇ ਮਨੁੱਖ ਹੀ ਰੱਬੀ ਦਰ, ਦਰਗਾਹ ’ਚ ਹਾਜ਼ਰ ਮੰਨੇ ਜਾਂਦੇ ਹਨ।

ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ।। ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 591)

ਇਸ ਸ਼ਬਦ ਵਿਚ ‘ਦਰਗਾਹ’ ਦੀਬਾਣ ਬਾਰੇ ਸਮਝਾਇਆ ਹੈ ਕਿ ਰੱਬੀ ਦਰਗਾਹ, ਦੀਬਾਣ ਤੋਂ ਕੋਈ ਮਨੁੱਖ ਬਚ ਨਹੀਂ ਸਕਦਾ। ਮਨੁੱਖਾਂ ਵਲੋਂ ਬਣਾਈ ਕਚਿਹਰੀ, ਕਾਨੂੰਨ ਤੋਂ ਭਾਵੇਂ ਕੋਈ ਨੱਸ ਬੱਚ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਦਰਗਾਹ, (ਦਰ, ਮਹਲ) ਵਿਚ ਅੱਜ ਹੀ ਕਬੂਲ ਹੋਣ ਦੀ ਵਿਚਾਰਧਾਰਾ ਨੂੰ ਦ੍ਰਿੜ ਕਰਵਾਇਆ ਹੈ। ਜੇ ਕਰ ਸਤਿਗੁਰ (ਗਿਆਨ-ਗੁਰੂ) ਨਾਲ ਜੁੜ ਕੇ ਅਮਲਾਂ ਭਰਪੂਰ ਜੀਵਨੀ ਜਿਊ ਰਹੇ ਹਾਂ ਤਾਂ ਦਰਗਾਹ ’ਚ ਕਬੂਲ ਹਾਂ, ਵਰਨਾ ਮਾੜੀਆਂ ਕਰਤੂਤਾਂ ਵਾਲਾ ਜੀਵਨ ਅੱਜ ਹੀ ਦਰਗਾਹ ’ਚ ਕਬੂਲ ਨਹੀਂ। ਯਾਦ ਰਖਣਾ ਹੈ ਕਿ ਸਰੀਰਕ ਮਰਨ ਮਗਰੋਂ ਨਹੀਂ ਬਲਕਿ ਇਸੇ ਜੀਵਨ ’ਚ ਜਿਊਂਦਿਆਂ ਹੀ ਇਹ ਸਭ ਕੁਝ ਵਾਪਰਦਾ ਹੈ।

1. ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1135)

2. ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1075)

3. ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 963)

4. ਜਿਨਨੀ ਪਛਾਤਾ ਖਸਮੁ ਸੇ ਦਰਗਾਹ ਮਲ।। (ਗੁਰੂ ਗ੍ਰੰਥ ਸਾਹਿਬ, ਪੰਨਾ : 964)

5. ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 645)

6. ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 517)

7. ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 110)

8. ਸਦਾ ਨਿਕਟਿ ਨਿਕਟਿ ਹਰਿ ਜਾਨੁ।। ਸੋ ਦਾਸੁ ਦਰਗਹ ਪਰਵਾਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 275)

ਇਸ ਕਿਸਮ ਦੇ ਅਨੇਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਮਿਲਦੇ ਹਨ, ਜਿਨ੍ਹਾਂ ਦਾ ਭਾਵ ਅਰਥ ਮਨੁੱਖਾ ਜੀਵਨ ਜਿਊਂਦਿਆਂ, ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੈ ਅਤੇ ਮਨੁੱਖ ਨੂੰ ਮੰਦੇ ਕਰਮਾਂ, ਖ਼ਿਆਲਾਂ, ਕਰਤੂਤਾਂ ਤੋਂ ਉਪਰ ਚੁੱਕ ਕੇ ਸਦਗੁਣੀ, ਰੱਬੀ ਗੁਣ ਭਰਪੂਰ ਉਚੇ ਆਚਰਣ ਵਾਲਾ ਬਣਾ ਕੇ ਰੱਬੀ ਦਰਗਾਹ ’ਚ ‘ਅਜ ਹੀ ਕਬੂਲ’ ਕਰਵਾਉਣ ਦਾ ਸਤਿਗੁਰ (universal truth) ਦ੍ਰਿੜ ਕਰਵਾਇਆ ਹੈ। ਇਸ ਤੋਂ ਉਲਟ ਜੋ ਮਨੁੱਖ ਮੰਦੇ ਕਰਮਾਂ, ਖ਼ਿਆਲਾਂ ਵਾਲੀ, ਅਵਗੁਣੀ ਜੀਵਨੀ ਜਿਊ ਰਹੇ ਹਨ, ਉਨ੍ਹਾਂ ਨੂੰ ਤਾੜਨਾ ਕਰਕੇ ਸੁਚੇਤ ਕੀਤਾ ਹੈ ਕਿ ਦਰਗਾਹ, ਦਰ, ਕਚਿਹਰੀ ਦੀਬਾਣ ’ਚ, ਅੱਜ ਹੀ ਰੱਬ ਜੀ ਵਲੋਂ ‘ਕਬੂਲ ਨਹੀਂ’ ਹੋ, ਭਾਵ ਰੱਬੀ ਨਜ਼ਰ ’ਚ ਪਰਵਾਨ ਨਹੀਂ ਹੋ ਰਹੇ ਹੋ।

1. ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ।। ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 789)

2. ਫਰੀਦਾ ਜਿਨੀੑ ਕੰਮੀ ਨਾਹਿ ਗੁਣ, ਤੇ ਕੰਮੜੇ ਵਿਸਾਰਿ॥ ਮਤੁ ਸਰਮਿੰਦਾ ਥੀਵਹੀ, ਸਾਂਈ ਦੈ ਦਰਬਾਰਿ॥ ੫੯॥ (ਗੁਰੂ ਗ੍ਰੰਥ ਸਾਹਿਬ, ਪੰਨਾ : 1381)

3. ਦੁਲਭ ਦੇਹ ਸਵਾਰਿ।। ਜਾਹਿ ਨ ਦਰਗਹ ਹਾਰਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 895)

4. ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 19)

5. ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1383)

6. ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1217)

7. ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 1284)

8. ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1029)

9. ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 883)

10. ਹਰਿ ਦਰਗਹ ਢੋਈ ਨ ਲਹਨਿਨ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ।। (ਗੁਰੂ ਗ੍ਰੰਥ ਸਾਹਿਬ, ਪੰਨਾ : 540)

11. ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ।। (ਗੁਰੂ ਗ੍ਰੰਥ ਸਾਹਿਬ, ਪੰਨਾ : 528)

12. ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 473)

13. ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ।। (ਗੁਰੂ ਗ੍ਰੰਥ ਸਾਹਿਬ, ਪੰਨਾ : 469)

ਸਮਝਣ ਵਾਲਾ ਨੁਕਤਾ ਹੈ ਕਿ ਗੁਰਮਤ ਵਿਚਾਰਧਾਰਾ ਅਨੁਸਾਰ ਮਨੁੱਖ ਦੇ ਅੰਦਰ ਅੱਜ ਹੀ, ਇਸੇ ਸਰੀਰ ਵਿਚ, ਜੀਵਨ ਜਿਊਂਦਿਆਂ ਅੰਦਰ ਰਾਜਾ ਤਖਤ, ਰੱਬੀ ਦਰਗਾਹ, ਦੀਬਾਣ ’ਚ ਰੱਬ ਜੀ, ‘‘ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ’’ ਅਨੁਸਾਰ ਨਾਲੋ ਨਾਲ ਫੈਸਲਾ ਕਰ ਰਹੇ ਹਨ। ਇਸ ਕਰਕੇ ਮਨੁੱਖ ਨੂੰ ਅੱਜ ਹੀ ‘ਜੀਵਨ-ਮੁਕਤ’ ਹੋਣ ਲਈ ਮਾੜੇ ਕਰਮਾਂ ਖ਼ਿਆਲਾਂ ਜੈਸੇ ਵਿਕਾਰਾਂ ਰੂਪੀ ਜਮਾਂ ਤੋਂ ਛੁੱਟਣਾ ਹੈ ਤਾ ਕਿ ਅੱਜ ਹੀ ਰੱਬੀ ‘ਦਰਗਾਹ ’ਚ ਕਬੂਲ’ ਹੋ ਜਾਵੇ, ‘ਪਤ ਰਹਿ ਆਵੇ’, ‘ਲੇਖਾ ਨਿਬੜ ਜਾਵੇ’।




.