ਇਸ ਸਮੇਂ ਪੰਥ ਏਕਤਾ ਲੋੜਦਾ ਹੈ।
ਰਾਮ ਸਿੰਘ, ਗ੍ਰੇਵਜ਼ੈਂਡ
ਵੈਸੇ ਤਾਂ ਸਿੱਖ ਪੰਥ ਲਈ ਸਦਾ ਹੀ
ਗੰਭੀਰ, ਨਾਜ਼ੁਕ ਤੇ ਸੰਕਟਮਈ ਸਮਾਂ ਰਿਹਾ ਹੈ, ਪਰ ਹਿੰਦੋਸਤਾਨੀ ਗੁਲਾਮੀ ਸਮੇਂ ਪੰਥ ਦਾ ਖੁੰਡੇ
ਹਥਿਆਰਾਂ ਨਾਲ ਕਾਫੀ ਨੁਕਸਾਨ ਕਰ ਰਹੀ ਬਿੱਪਰ ਸੋਚ ਨੂੰ ਮੁਫਤੋ ਮੁਫਤੀ ਆਜ਼ਾਦੀ ਮਿਲਣ ਨੇ ਹੁਣ ਹੱਥ
ਵਿੱਚ ਹਰ ਤਰ੍ਹਾਂ ਦੇ ਤਿੱਖੇ ਤੋਂ ਤਿੱਖੇ ਹਥਿਆਰਾਂ ਨਾਲ ਪੰਥ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਹੀ
ਨਹੀਂ, ਨਾਮੋਂ ਨਿਸ਼ਾਨ ਮਿਟਾਉਣ ਦਾ ਅਵਸਰ ਤੇ ਹੌਸਲਾ ਬਖਸ਼ ਦਿੱਤਾ ਹੈ। ਕੀ ਇਸ ਸਮੇਂ ਪੰਥ ਨੂੰ ਨਿੱਕੇ
ਮੋਟੇ ਮਸਲੇ ਅੱਗੇ ਰੱਖਕੇ ਆਪਸੀ ਝਗੜਿਆਂ ਵਿੱਚ ਉਲਝ ਕੇ ਬਿੱਪਰ ਸੋਚ ਦੇ ਹੱਥ-ਠੋਕੇ ਬਣਕੇ ਉਸ ਸਮੇਂ
ਦੇ ਹਾਲਤ ਪੈਦਾ ਕਰ ਲੈਣੇ ਚਾਹੀਦੇ ਹਨ ਜਦ ਬਾਬਾ ਖੇਮ ਸਿੰਘ ਬੇਦੀ ਵਰਗੇ ਕੁੱਝ ਨਿੱਜ-ਸੁਆਰਥੀ ਸੱਜਣ,
ਸਿੰਘ ਸਭਾ ਦੇ ਮੋਢੀ ਦੋ ਮਹਾਨ ਵਿਦਵਾਨਾਂ (ਪ੍ਰੋ. ਗੁਰਮੁੱਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ)
ਵਿੱਚੋਂ ਇੱਕ ਪ੍ਰੋ. ਗੁਰਮੁੱਖ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਸਿੱਖਿਆ ਦਾ ਅਸਲੀ ਪ੍ਰਚਾਰ
ਕਰਨ ਕਰਕੇ ਪੰਥ ਵਿਚੋਂ ਛੇਕ ਦੇਣ ਤੱਕ ਗਏ? ਪਰ ਉਹ ਨਿੱਡਰ ਸੱਜਣ, ਸਿੱਖੀ ਨੂੰ ਸਮ੍ਰਪਤ, ਜ਼ੋਰਾਂ
ਸ਼ੋਰਾਂ ਨਾਲ ਪ੍ਰਚਾਰ ਕਰਦੇ ਰਹੇ, ਅਤੇ ਆਰੀਆ ਸਮਾਜੀ ਬਿੱਪਰ ਸੋਚ ਅਤੇ ਈਸਾਈ ਮਿਸ਼ਨਰੀਆਂ ਦੇ ਦੁਪਾਸੜ
ਹਮਲੇ ਦਾ, ਇੱਕ ਕਿਸਮ ਦਾ ਨੰਗੇ ਧੜ, ਡਟ ਕੇ ਮੁਕਾਬਲਾ ਕਰਕੇ ਸਿੱਖ ਪੰਥ ਨੂੰ ਮੁੜ ਪੈਰਾਂ ਤੇ ਖੜਾ
ਕਰ ਦਿੱਤਾ। ਆਖਰ ਉਨ੍ਹਾਂ ਦੀਆਂ ਸਿੱਖੀ ਲਈ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਤੰਬਰ 1995
ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਈ ਗਈ ਵਰਲਡ ਸਿੱਖ ਕਾਨਫਰੰਸ ਸਮੇਂ ਪੰਥ ਵਿੱਚੋਂ ਛੇਕੇ ਜਾਣ
ਦਾ ਹੁਕਮਨਾਮਾਂ ਰੱਦ ਕਰ ਦਿੱਤਾ ਗਿਆ। ਇਸ ਤਰ੍ਹਾਂ ਦੇ ਨਿੱਡਰ ਪ੍ਰਚਾਰਕ ਕੌਮਾਂ ਨੂੰ ਕਦੇ ਕਦੇ ਹੀ
ਮਿਲਿਆ ਕਰਦੇ ਹਨ। ਦੂਰ-ਅੰਦੇਸ਼ ਕੌਮਾਂ, ਆਪਸੀ ਮੱਤ-ਭੇਦਾਂ ਨੂੰ ਭੁੱਲ ਭੁਲਾ ਕੇ, ਐਸੇ ਵਿਦਵਾਨ
ਪ੍ਰਚਾਰਕਾਂ ਨੂੰ ਜਾਨ ਨਾਲ ਪਾਲਦੀਆਂ ਤੇ ਕੌਮ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਲਾਭ ਲੈਂਦੀਆਂ
ਹਨ। ਇਸ ਗੱਲੋਂ ਅਸੀਂ ਕਿੱਥੇ ਖੜੇ ਹਾਂ?
ਉੱਪਰ ਪੁਰਾਣੀਂ ਮਿਸਾਲ ਦਿੱਤੀ ਹੈ। ਹੁਣ ਜਦ ਪੰਥ ਹੋਰ ਵੀ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ,
ਬੜੇ ਸੁਚੇਤ ਹੋਣ ਦੀ ਲੋੜ ਹੈ। ਪਰ ਜੇ ਮੁੜ ਮੁੜ ਉਹ ਹੀ ਪੰਥ-ਘਾਤਕ ਗਤੀਵਿਧੀਆਂ ਕਰਦੇ ਹੀ ਰਹਿਣਾ ਹੈ
ਤਾਂ ਇਹ ਕਿਰਿਆ ਬੜੀ ਡੂੰਘੀ ਸੋਚ ਦਾ ਮੁਹਤਾਜ ਬਣਾ ਦਿੰਦੀ ਹੈ। ਦੋ ਕੁ ਸਾਲ ਪਹਿਲਾਂ ਪੰਥ ਦੇ ਮਹਾਨ
ਵਿਦਵਾਨ ਪ੍ਰਚਾਰਕ ਪ੍ਰੋ. ਦਰਸ਼ਨ ਸਿੰਘ ਨੂੰ ਇੱਕ ਚਲਾਕ ਬੰਦੇ ਰਾਹੀਂ ਦਸਮੇਸ਼ ਜੀ ਦੀ ਬੇਅਦਬੀ ਦੇ ਬੋਲ
ਬੋਲਦੇ ਕਹਿਕੇ ਬਿਨਾਂ ਉਨ੍ਹਾਂ ਤੋਂ ਸਪਸ਼ਟੀਕਰਨ ਲਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ
ਤਨਖਾਹੀਆ ਤੇ ਫਿਰ ਪੰਥ ਵਿੱਚੋਂ ਛੇਕ ਦਿੱਤਾ। ਪ੍ਰੋਫੈਸਰ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ, ਜਿੱਥੇ ਕਿ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ
ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਖੁੱਲੇ ਦਰਬਾਰ ਵਿੱਚ ਸੰਗਤ ਦੇ ਸਾਮ੍ਹਣੇ ਸ਼ਕਾਇਤ ਕਰਨ ਤੇ ਸੁਣਨ
ਲਈ ਖਾਸ ਧੁਰਵਾ ਬੰਨ੍ਹ ਦਿੱਤਾ ਸੀ। ਅੱਜ ਕਲ ਦੀਆਂ ਚਲਾਕ ਸ੍ਰਕਾਰਾਂ ਨੇ ਕਿਸੇ ਡਰ ਦੇ ਅਧੀਨ
ਅੰਦਰਖਾਤੇ ਜੇਲ੍ਹ ਵਿੱਚ ਕਚਹਿਰੀਆਂ ਲਾਉਣੀਆਂ ਸੁਰੂ ਕੀਤੀਆਂ ਹੋਈਆਂ ਹਨ। ਕੀ ਸਾਡੇ ਉੱਚ ਅਸਥਾਨ ਤੇ
ਬੈਠੇ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਗਿਬ ਦੀ ਉੱਚੀ ਸੁੱਚੀ ਸ਼ਾਨ ਤੇ ਜਾਹੋ ਜਲਾਲ ਦੀ ਪ੍ਰਵਾਹ ਨਾ
ਕਰਦੇ ਹੋਏ ਇਹ ਜੇਲ੍ਹ ਕਚਹਿਰੀ ਦੀ ਕਿਤੇ ਨਕਲ ਤਾਂ ਨਹੀਂ ਕਰ ਲਈ? ਕਿਉਂਕਿ ਪਰੋਫੈਸਰ ਦਰਸ਼ਨ ਸਿੰਘ ਦਾ
ਸਪਸ਼ਟੀਕਰਨ ਅਕਾਲ ਤਖਤ ਸਾਹਿਬ ਵਿਖੇ ਗੁਰੂ ਸਾਹਿਬ ਜੀ ਅਤੇ ਸੰਗਤ ਦੀ ਹਜ਼ੂਰੀ ਦੀ ਥਾਂ ਜੇਲ੍ਹ-ਨੁਮਾ
ਕਚਹਿਰੀ ਵਿੱਚ ਸੁਣੇ ਜਾਣ ਦੀ ਜ਼ਿੱਦ ਕੀਤੀ, ਜੋ ਗੁਰੂ ਆਸ਼ੇ ਤੋਂ ਬਿਲਕੁਲ ਉਲਟ ਹੈ। ਪ੍ਰੋਫੈਸਰ ਨੇ
ਆਪਣਾ ਸਪਸ਼ਟੀਕਰਨ ਆਪੂੰ ਬਣਾਈ ਕਚਹਿਰੀ ਦੀ ਥਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੇਸ਼ ਕੀਤਾ, ਉਹ
ਜਥੇਦਾਰਾਂ ਨੇ ਜ਼ਰੂਰ ਪੜ੍ਹਿਆ ਹੋਵੇਗਾ, ਪਰ ਪ੍ਰੋਫੈਸਰ ਨਾਲ ਸਾਮ੍ਹਣੇ ਹੋ ਕੇ ਗੱਲ ਕੀਤੇ ਬਿਨਾਂ
ਉਨ੍ਹਾਂ ਨੂੰ ਪੰਥ ਚੋਂ ਛੇਕ ਦਿੱਤਾ। ਇਹ ਕਿਉਂ?
ਪ੍ਰੋ. ਦਰਸ਼ਨ ਸਿੰਘ ਸਿੱਖੀ ਦੇ ਪ੍ਰਚਾਰ ਅਤੇ ਗੁਰਬਾਣੀ ਦੇ ਅਧਾਰ ਤੇ ਹਰ ਪੱਖੋਂ (ਧਾਰਮਿਕ,
ਸਮਾਜਿਕ, ਰਾਜਨੀਤਕ ਆਦਿ) ਐਸੀਆਂ ਦਲੀਲਾਂ ਪੇਸ਼ ਕਰਦੇ ਹਨ ਕਿ ਪੰਜਾਬੀ ਦੇ ਪ੍ਰਸਿੱਧ ਤੇ ਵੱਧ ਤੋਂ
ਵੱਧ ਪੜ੍ਹੇ ਜਾਣ ਵਾਲੇ ਲੇਖਕ ਤੇ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਨੇ ਪ੍ਰੋਫੈਸਰ ਨੂੰ ‘ਦਲੀਲ ਦਾ
ਬਾਦਸ਼ਾਹ’ ਆਖਿਆ ਸੀ। ਲੱਗਦਾ ਹੈ ਕਿ ਇਸੇ ਕਰਕੇ ਜਥੇਦਾਰ ਉਸ ਦਾ ਸਾਮ੍ਹਣਾ ਨਾ ਕਰ ਸਕੇ। ਕੰਵਲ ਜੀ ਨੇ
ਠਕਿ ਹੀ ਕਿਹਾ ਸੀ, ਕਿਉਂਕਿ ਸੁਸ਼ੀਲ ਮੁਨੀ ਅਤੇ ਬਾਬੇ ਆਮਟੇ ਨੂੰ ਚੁੱਪ ਕਰਵਾਉਣ ਅਤੇ ਪੰਜਾਬ ਦੀਆਂ
ਮੰਗਾਂ ਬਾਰੇ ਉਨ੍ਹਾਂ ਨੂੰ ਕਾਇਲ ਕਰਾਉਣ ਵਾਲੇ ਪ੍ਰੋਫੈਸਰ ਜੀ ਹੀ ਸਨ। ਚਲੋ, ਪ੍ਰੋ. ਦਰਸ਼ਨ ਸਿੰਘ
ਨੂੰ ਤਾਂ ਜੇਲ੍ਹ-ਨੁਮਾ ਕਚਹਿਰੀ ਵਿੱਚ ਪੇਸ਼ ਨਾ ਹੋਣ ਕਰਕੇ ਪੰਥ ਵਿੱਚੋਂ ਛੇਕ ਦਿੱਤਾ ਅਤੇ
ਗੁਰਦੁਆਰਿਆਂ ਵਿੱਚ ਉਨ੍ਹਾਂ ਤੋਂ ਕੀਰਤਨ ਕਰਵਾਉਣ ਤੇ ਪਾਬੰਦੀ ਲਗਾ ਦਿੱਤੀ, ਭਾਵੇਂ ਜਾਗਰੂਕ ਸੰਗਤ
ਇਸਨੂੰ ਗਲਤ ਸਮਝਦੀ ਆ ਰਹੀ ਹੈ। ਪਰ ਪ੍ਰੋ. ਸਰਬਜੀਤ ਸਿੰਘ ਧੂੰਦੇ ਤੇ ਲਾਏ ਬੇਬੁਨਿਆਦ ਦੋਸ਼ਾਂ ਦਾ
ਤਾਂ ਪ੍ਰੋ. ਧੂੰਦੇ ਨੇ ਜੇਲ੍ਹ-ਨੁਮਾ ਕਚਹਿਰੀ ਵਿੱਚ ਹੀ ਹਾਜ਼ਰ ਹੋ ਕੇ ਸਪਸ਼ਟੀਕਰਨ ਦੇ ਦਿੱਤਾ ਤੇ
ਜਥੇਦਾਰਾਂ ਨੇ ਪ੍ਰੋ. ਧੂੰਦੇ ਦੇ ਪ੍ਰਚਾਰ ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ। ਪ੍ਰੋ. ਧੂੰਦੇ
ਨੇ ਵੀ ਇਸ ਪੇਸ਼ੀ ਬਾਰੇ ਸਪਸ਼ਟ ਕਰ ਦਿੱਤਾ ਕਿ ਉਹ ਨਹੀਂ ਸੀ ਚਾਹੁੰਦੇ ਕਿ ਉੱਥੇ ਨਾ ਪੇਸ਼ ਹੋ ਕੇ ਉਹ
ਆਪਣੇ ਪ੍ਰਚਾਰ ਤੇ ਬੇਬੁਨਿਆਦੀ ਪਾਬੰਦੀ ਲਗਵਾ ਕੇ ਸੰਗਤਾਂ ਨੂੰ ਗੁਰਮਤਿ ਦੇ ਸਹੀ ਪਰਚਾਰ ਤੋਂ ਵਾਂਝੇ
ਰੱਖਣ। ਇਸ ਲਈ ਜਦ ਪ੍ਰੋ. ਧੂੰਦੇ ਦੇ ਪ੍ਰਚਾਰ ਤੇ ਕੋਈ ਰੁਕਾਵਟ ਨਹੀਂ ਤਦ ਕੋਈ ਸਿੱਖ ਤਾਂ ਨਹੀਂ ਹੋ
ਸਕਦਾ ਜੋ ਕਿਸੇ ਗੁਰਦੁਆਰੇ ਵਿੱਚ ਉਨ੍ਹਾਂ ਵਲੋਂ ਕੀਤੇ ਜਾ ਰਹੇ ਜਾ ਪ੍ਰਚਾਰ ਕਰਨ ਸੰਬੰਧੀ ਗੁਰੂ
ਘਰਾਂ ਤੇ ਹਮਲੇ ਤੱਕ ਕਰਨ, ਗਾਲੀਆਂ ਕੱਢਣ ਤੇ ਪ੍ਰੋ. ਧੂੰਦੇ ਨੂੰ ਧਮਕੀਆਂ ਦੇਣ। ਐਸੇ ਬੰਦਿਆਂ ਨੂੰ
ਸਿੱਖੀ ਰੂਪ ਵਿੱਚ ਅਨਮਤੀਏ ਜਾ ਅਨਮਤੀਆਂ ਦੇ ਹੱਥਠੋਕੇ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਬੜੀ ਦੇਰ
ਤੋਂ ਐਸੇ ਲੋਕ ਸਿੱਖੀ ਦਾ ਬੁਰਕਾ ਪਹਿਨ ਕੇ ਸ੍ਰਕਾਰੀ ਤੇ ਅਨਮਤੀਆਂ ਦੇ ਹੱਥਠੋਕੇ ਬਣ ਕੇ ਗੁਰੂ ਜੀ
ਦੇ ਅਸਲੀ ਤੇ ਯੋਗ ਸਿੱਖਾਂ, ਖਾਸ ਕਰਕੇ ਪ੍ਰਚਾਰਕਾਂ, ਨੂੰ ਜੋ ‘ਸਿੰਘ ਸਭਾ ਮੋਰਚਾ ਲਹਿਰ ਯੂ. ਕੇ’
ਦੇ ਸਿੰਘਾਂ ਦੇ ਕਥਨ ਅਨੁਸਾਰ “ਸੁੱਤੇ ਪਏ ਸਿੱਖਾਂ ਨੂੰ ਆਰ ਐਸ ਐਸ ਦੀ ਸਿੱਖੀ ਦੇ ਘਰ ਵਿੱਚ ਘੁਸਬੈਠ
ਤੋਂ ਜਾਣੂੰ ਕਰਵਾਉਂਦੇ ਹਨ, ਜਿਹੜੇ ਚੌਕੀਦਾਰ ਦਾ ਕੰਮ ਕਰਦੇ ਹਨ ਅਤੇ ਸਿੱਖੀ ਦੇ ਘਰ ਦੀ ਲੁੱਟ ਨੂੰ
ਬਚਾਉਣ ਲਈ ਜਗਾ ਰਹੇ ਹਨ। ਉਹ ਇਨ੍ਹਾਂ ਨੂੰ ਚੰਗੇ ਨਹੀਂ ਲਗਦੇ।” ਅਤੇ ਆਪਣੇ ਰਾਹ ਵਿੱਚੋਂ ਕੱਢਣ ਦਾ
ਹਰ ਹੀਲਾ ਕਰਦੇ ਆ ਰਹੇ ਹਨ। ਅਤੇ ਇੱਕ ਤਜਰਬੇਕਾਰ ਵਿਦਵਾਨ ਸ. ਤਰਲੋਚਨ ਸਿੰਘ ਜੀ ਦਪਾਲਪੁਰ, ਸਾਬਕਾ
ਸ਼੍ਰੋ. ਗੁ. ਪ੍ਰ. ਕਮੇਟੀ ਮੈਂਬਰ ਅਨੁਸਾਰ “ਸਾਡੇ ਆਪਣੇ ਹੀ, ਕਿਸੇ ਦੇ ਹੱਥ-ਠੋਕੇ ਬਣਕੇ ਸਿੱਖ ਕੌਮ
ਦੀਆਂ ਗਲੀਆਂ ਸੁੰਨੀਆਂ ਕਰਨ ਦੀ ਸੇਵਾ ਵਿੱਚ ਜੁਟੇ ਹੋਏ ਹਨ”। ਬਿੱਪਰ ਸੋਚ ਨੂੰ ਹੋਰ ਕੀ ਚਾਹੀਦਾ,
ਸਿੱਖੀ ਰੂਪ ਵਿੱਚ ਹੀ ਸਿੱਖੀ ਦਾ ਵੱਧ ਤੋਂ ਵੱਧ ਨੁਕਸਾਨ ਕੀਤੇ ਜਾਣਾ ਹੀ ਉਸ ਦੀ ਅਸਲੀ ਜਿੱਤ ਹੈ।
ਸੰਗਤ ਨੂੰ ਐਸੇ ਬੰਦਿਆਂ ਤੋਂ ਹੋਰ ਭੀ ਵੱਧ ਤੋਂ ਵੱਧ ਸੁਚੇਤ ਹੋਣ ਦੀ ਲੋੜ ਹੈ।
ਇਕ ਹੋਰ ਖਾਸ ਨੁਕਤਾ, ਕਿ ਦਸਮੇਸ਼ ਜੀ ਨੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ
ਹੈ ਅਤੇ ਇਸ ਇਕੋ ਗੁਰੂ ਦੇ ਸ਼ਬਦ ਦੀ ਵੀਚਾਰ ਰਾਹੀਂ ਜੀਵਨ ਜੀਉਣ ਤੇ ਜ਼ੋਰ ਦਿੱਤਾ। ਇਸ ਹੁਕਮ ਅਨੁਸਾਰ
ਕੋਈ ਸਿੱਖ ਕੋਈ ਹੋਰ ਲਿਖਤ ਪੜ੍ਹੇ ਜਾ ਨਾ ਪੜ੍ਹੇ ਜ਼ਰੂਰੀ ਨਹੀਂ ਤੇ ਨਾ ਹੀ ਕਿਸੇ ਤੇ ਠੋਸੀ ਜਾ ਸਕਦੀ
ਹੈ ਜਾ ਠੋਸੀ ਜਾਣੀ ਚਾਹੀਦੀ ਹੈ, ਭਾਵੇਂ ਹੋਰ ਕਿਸੇ ਨੂੰ ਕੋਈ ਹੋਰ ਲਿਖਤ ਕਿੰਨੀਂ ਚੰਗੀ ਲੱਗੇ।
ਇੱਥੇ ਤਾਂ ਗੁਰੂ ਜੀ ‘ਪੜ੍ਹੇ ਹੋਏ ਜਾ ਅਨਪੜ੍ਹ’ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ (ਸੇਵਾ, ਸਿਮਰਨ
ਤੋਂ ਲੈ ਕੇ ਆਪਣੇ ਅਤੇ ਸਮੁੱਚੀ ਮਨੁੱਖਤਾ ਦੇ ਹੱਕਾਂ ਲਈ ਕੁਰਬਾਨੀ ਤੱਕ ਦੇਣ ਦੀ ਸਿੱਖਿਆ ਨਾਲ
ਭਰਪੂਰ) ਦੀ ਸਿੱਖਿਆ ਤੇ ਚੱਲ ਕੇ ਭਾਵ ਗੁਰੂ ਜੀ, ਅੱਜਕਲ ਪੰਜਾਂ ਪਿਅਰਿਆਂ ਵਲੋਂ ਦ੍ਰਿੜਾਈ ਰਹਿਤ
(ਗੁਰਮੰਤਰ ਦਾ ਜਾਪ, ਪੰਜਾਂ ਬਾਣੀਆਂ ਦਾ ਸਵੇਰੇ, ਸ਼ਾਮ ਨੂੰ ਰਹਿਰਾਸ ਅਤੇ ਸੌਣ ਲੱਗੇ ਸੋਹਿਲੇ ਦਾ
ਪਾਠ ਕਰੇ, ਜੇ ਅਨਪੜ੍ਹ ਹੈ ਤਾਂ ਸੁਣੇ, ਕੁਰਹਿਤਾਂ ਤੋਂ ਬਚ ਕੇ ਨੇਕ ਕੰਮ ਕਰੇ) ਤੇ ਚੱਲ ਕੇ
‘ਪਰਮਗਤ’ ਪਰਾਪਤ ਕਰਨ ਦੀ ਸ਼ਾਹਦੀ ਭਰਦੇ ਹਨ। ਸੋ ਕਿਸੇ ਲਿਖਤ ਆਦਿ ਬਾਰੇ ਵਾਦ ਵਿਵਾਦ ਵਿੱਚ ਪੈਣ ਤੋਂ
ਸੰਕੋਚ ਕਰਨੀ ਚਾਹੀਦੀ ਹੈ। ਹਾਂ, ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਸੰਬੰਧੀ ਗਲਤ ਪ੍ਰਚਾਰ ਕਰਦਾ ਹੈ
ਉੱਸ ਨੂੰ ਜ਼ਰੂਰ ਕਟਹਿਰੇ ਵਿੱਚ ਖੜੇ ਕਰਨਾ ਚਾਹੀਦਾ ਹੈ। ਦੂਸਰੇ ਸਿੰਘ ਸਭਾ ਮੋਰਚਾ ਲਹਿਰ ਯੂ. ਕੇ ਦੇ
ਸਿੰਘਾਂ ਅਨੁਸਾਰ “ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਯਾਦਾ ਨੂੰ ਸਮਰਪਿਤ ਹੋਈਏ ਅਤੇ
ਸਿੱਖੀ ਲਹਿਰ ਨੂੰ ਬੁਲੰਦੀਆਂ ਵੱਲ ਲੈ ਜਾਂਦੇ ਹੋਏ ਅੱਗੇ ਵਧੀਏ”। ਇਹ ਪ੍ਰਵਾਨਿਤ ਮਰਿਯਾਦਾ ਉਨ੍ਹਾਂ
ਮਹਾਨ ਵਿਅਕਤੀਆਂ ਨੇ ਇਕੱਠੇ ਹੋ ਕੇ ਬਣਾਈ ਸੀ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰਿਆਂ ਨੂੰ
ਭਰਿਸ਼ਟ ਮਹੰਤਾਂ ਤੇ ਪੁਜਾਰੀਆ ਪਾਸੋਂ ਆਜ਼ਾਦ ਕਰਵਾਕੇ ਇਹ ਮਹਿਸੂਸ ਕੀਤਾ ਸੀ ਕਿ ਗੁਰਦੁਆਰਿਆਂ ਅਤੇ
ਸ਼ਖਸੀ ਜੀਵਨ ਨੂੰ ਗੁਰਮਤਿ ਅਨੁਸਾਰ ਚਲਾਉਣ ਲਈ ਗੁਰੂ ਆਸ਼ੇ ਅਨੁਸਾਰ ਅਸੂਲ ਚਾਹੀਦੇ ਹਨ। ਪੰਥ ਇਸ ਤੇ
ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪਹਿਰਾ ਦਿੰਦਾ ਆ ਰਿਹਾ ਹੈ। ਕਿਸੇ ਤਰ੍ਹਾਂ ਦੀ ਢਿੱਲ ਨੂੰ ਦੁਰ
ਕਰਕੇ ਇਸ ਤੇ ਚੌਕੰਨੇ ਹੋਕੇ ਪਹਿਰਾ ਦੇਣ ਦੀ ਅੱਜ ਵੱਧ ਤੋਂ ਵੱਧ ਲੋੜ ਹੈ। ਕੁੱਛ ਸੰਸਥਾਵਾਂ ਨੇ ਹੋ
ਸਕਦਾ ਹੈ ਆਪਣੀ ਸੰਸਥਾ ਲਈ ਆਪਣੀ ਮਰਿਯਾਦਾ ਬਣਾਈ ਹੋਈ ਹੋਵੇ, ਪਰ ਉਹ ਮਰਿਯਦਾ ਕਿਸੇ ਹੋਰ ਤੇ ਯਾ
ਪੰਥ ਤੇ ਠੋਸਣ ਬਾਰੇ ਕਦੇ ਨਹੀਂ ਸੋਚਣਾ ਚਾਹੀਦਾ, ਕਿਉਂਕਿ ਪੰਥ ਪੂਰੀ ਦੀ ਪੂਰੀ ਕੌਮ ਹੈ, ਜਿੱਸ
ਵਿੱਚ ਕਈ ਸੰਸਥਾਵਾਂ ਹਨ ਅਤੇ ਇੱਕ ਸੰਸਥਾ ਦੀ ਮਰਿਯਾਦਾ ਸਮੁੱਚੀ ਕੌਮ ਦੀ ਮਰਿੱਯਾਦਾ ਨਹੀਂ ਹੋ
ਸਕਦੀ। ਸਮਾਂ ਮੰਗ ਕਰਦਾ ਹੈ ਕਿ ਬਿਨਾਂ ਕਿਸੇ ਦਲੀਲ ਜਾ ਹੁੱਜਤ ਦੇ ਸਾਰੇ ਹੀ ਪੰਥ ਪ੍ਰਵਾਨਿਤ ਰਹਿਤ
ਮਰਿਯਾਦਾ ਤੇ ਪਹਿਰਾ ਦੇ ਕੇ ਏਕੇ ਦਾ ਸਬੂਤ ਦੇਈਏ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ
ਢੁੱਕਵਾਂ ਹਿੱਸਾ ਪਾਈਏ ਤੇ ਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਇਸ ਦੇ ਨਾਲ ਇਹ ਵੀ ਜ਼ਰੂਰੀ ਹੈ
ਕਿ ਇਸ ਵੇਲੇ ਪੰਥ ਦੀ ਬਿਹਤਰੀ ਲਈ ਦੂਰ ਦੀ ਸੋਚ ਕੇ ਇਨ੍ਹਾਂ ਦੋ ਵਿਦਵਾਨਾਂ ਅਤੇ ਸ. ਗੁਰਤੇਜ ਸਿੰਘ
ਆਦਿ ਦੀਆਂ ਸੇਵਾਵਾਂ ਤੋਂ ਲਾਭ ਉਠਾਈਏ ਨਾ ਕਿ ਬਿੱਪਰ ਸੋਚ ਦੇ ਹੱਥਠੋਕੇ ਬਣ ਕੇ ਆਪਸੀ ਝਗੜਿਆਂ ਦੇ
ਸ਼ਿਕਾਰ ਹੋ ਕੇ ਆਪਣਾ ਕਈ ਤਰ੍ਹਾਂ ਦਾ ਨੁਕਸਾਨ ਕਰਦੇ ਹੀ ਜਾਈਏ। ਵਿਰੋਧੀ ਸਦਾ ਹੀ ਚਾਹਿਆ ਕਰਦੇ ਹਨ
ਕਿ ਕੌਮ ਕੋਲ ਨਾ ਹੀ ਸੁਲਝੇ ਹੋਏ ਦੂਰ-ਅੰਦੇਸ਼ ਲੀਡਰ ਹੋਣ ਅਤੇ ਨਾ ਹੀ ਬੁੱਧੀਮਾਨ ਵਿਦਵਾਨ ਤੇ
ਪ੍ਰਚਾਰਕ ਹੋਣ। ਸੋਚਣਾ ਪਵੇਗਾ, ਕਿਤੇ ਅਸੀਂ ਆਪ ਹੀ ਤਾਂ ਨਹੀਂ ਉਨ੍ਹਾਂ ਦੀ ਇੱਛਾ ਪੂਰੀ ਕਰ ਰਹੇ!
ਸਮਾਂ ਏਕੇ ਦੀ ਮੰਗ ਕਰ ਰਿਹਾ ਹੈ।