. |
|
ਸਿੱਖ ਇਤਿਹਾਸ ਵਿੱਚ ਪਰਖ ਦੀਆਂ ਘੜੀਆਂ
(1708 – 1849)
(ਕਿਸ਼ਤ ਨੰ: 2)
ਅਮਰੀਕ ਸਿੰਘ ਧੌਲ
ਸਿੱਖ ਇਤਿਹਾਸ ਵਿੱਚ ਸਿੰਘ-ਆਦਰਸ਼ ਦੇ ਤੇਜ ਵਧਣ ਨਾਲ ਜ਼ਿੰਦਗੀ ਦੇ ਕੁਲ ਵਿਸ਼ੇਸ਼
ਖੇਤਰਾਂ ਵਿੱਚ ਜਿਨ੍ਹਾਂ ਮਹਾਨ ਅਰਥਾਂ ਵਾਲੀਆਂ ਪ੍ਰਾਪਤੀਆਂ ਨੇ ਜਨਮ ਲਿਆ, ਅਤੇ ਉਸ ਦੀ ਦੂਰੀ ਜਾਂ
ਗ਼ੈਰ-ਹਾਜ਼ਰੀ ਨੇ ਜਿਹਨਾਂ ਦੁਖਾਂਤਾਂ ਨੂੰ ਸਾਹਮਣੇ ਲਿਆਂਦਾ, ਉਨ੍ਹਾਂ ਦਾ ਤਰਤੀਬਵਾਰ ਕੁੱਝ ਵੇਰਵਾ
ਅਗਾਂਹ ਦਿੱਤਾ ਜਾਂਦਾ ਹੈ: ਪਹਿਲਾਂ (ੳ) 1708 ਈ. ਤੋਂ ਬੰਦਾ ਸਿੰਘ ਬਹਾਦਰ ਤੱਕ ਦੇ ਦੌਰ ਨੂੰ, ਫੇਰ
(ਅ) ਬੰਦਾ ਬਹਾਦਰ ਦੀ ਸ਼ਹਾਦਤ ਉਪਰੰਤ ਖ਼ਾਲਸਾ ਦੀਆਂ ਤਿੰਨ ਮਿੱਥਾਂ: (1) ਅਹਿੰਸਾ ਦੀ ਮਿੱਥ, (2)
ਜੰਗ ਦੀ ਮਿੱਥ, (3) ਇਖ਼ਲਾਕ ਦੀ ਮਿੱਥ ਆਦਿ ਨੂੰ ਵੀਚਾਰ ਗੋਚਰੇ ਕੀਤਾ ਹੈ। ਅੰਤ ਵਿੱਚ (ੲ) ਖ਼ਾਲਸਾ
ਵੱਡੀ ਤੇ ਛੋਟੀ ਦੋਂਹ ਲਹਿਰਾਂ ਦੀ ਗਰਿੱਫ਼ਤ ਵਿੱਚ ਆਉਂਦਾ ਨਜ਼ਰੀ ਪਿਆ। ਵੱਡੀ ਲਹਿਰ 1762 ਈ. ਤੱਕ
ਪਰਬਲ ਰਹੀ, ਫਲਸਰੂਪ ਖ਼ਾਲਸਾ ਆਜ਼ਾਦ ਰਿਹਾ। ਅਤੇ ਛੋਟੀ ਲਹਿਰ 1762 ਈ. ਤੋਂ ਮਗਰੋਂ ਵੱਡੀ ਲਹਿਰ ਤੇ
ਹਾਵੀ ਹੁੰਦੀ ਹੁੰਦੀ ਨੇ, ਅਖੌਤੀ ਸਿੱਖਾਂ ਦੇ ਰੋਲ ਦਾ ਮੁਜੱਸਮਾ ਹੋ ਕੇ ਦੁਸ਼ਮਣ ਦੇ ਹੱਕ ਵਿੱਚ ਆਪਣਾ
ਭੁਗਤਾਨ ਕੀਤਾ ਅਤੇ ਖ਼ਾਲਸਾ ਕੌਮ ਨੂੰ ਗ਼ੁਲਾਮ ਕਰਾਉਣ ਦੀ ਭਾਗ ਬਿਧਾਤਾ ਬਣੀ, ਜਦ ਨੂੰ 1849 ਈ. ਵਿੱਚ
ਖ਼ਾਲਸੇ ਦੀ ਅਖੀਰਲੀ ਰਿਆਸਤ ਵੀ ਅੰਗਰੇਜ਼ੀ ਸਾਮਰਾਜ ਦੇ ਮੋਟੇ ਜਹੇ ਢਿੱਡ ਵਿੱਚ ਪੈ ਗਈ। ਖ਼ਾਲਸੇ ਦੀ
ਚੇਲੀਆਂ ਵਾਲੇ (Chillianwala)
ਦੀ ਜੰਗ ਵਿੱਚ ਦਿਖਾਈ ਸੂਰਮਗਤੀ ਭਵਿੱਖ ਲਈ ਅੰਗਰੇਜ਼ ਦੀ
(1947 ਈ. ਤੋਂ ਪਹਿਲਾਂ) ਅਤੇ (1947 ਈ. ਤੋਂ ਬਾਦ ਦੀ) ਬਿੱਪਰ ਦੀ ਗ਼ੁਲਾਮੀ ਦੀ ਜੰਜ਼ੀਰ ਨੂੰ ਉਚੇਚਾ
ਪੱਕਿਆਂ ਕਰਨ ਦੇ ਅਨੇਕਾਂ ਕਾਰਨਾ ਚੋਂ ਇੱਕ ਕਾਰਨ ਬਣੀ। ਇਸ ਬਿੱਪਰ-ਸੰਸਕਾਰੀ ਛੋਟੀ ਲਹਿਰ ਦੀ
ਚੜ੍ਹਤਲ ਕਰਕੇ ਖ਼ਾਲਸੇ ਉਪਰ ਗ਼ੁਲਾਮੀ ਦੀ ਵਜ੍ਹਾ ਕਰਕੇ ਪਏ ਅਨੇਕਾਂ ਮੁਸ਼ਕਲਾਂ, ਦੁਖਾਂਤਾਂ ਤੇ ਸੰਕਟਾਂ
ਦਾ ਸੰਖੇਪ ਵਰਣਨ ਹੋਵੇਗਾ।
(ਅ) ਬੰਦਾ ਸਿੰਘ ਬਹਾਦਰ: ਮਾਧੋ ਦਾਸ ਬੈਰਾਗੀ ਦਸ਼ਮੇਸ਼ ਪਾਤਸ਼ਾਹ ਦੀ ਹਜ਼ੂਰੀ ਚ
ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖ਼ਾਲਸਾ ਸਜਿਆ। ਗੁਰੂ ਜੀ ਨੇ ਉਸ ਦਾ ਨਾਂ ਬੰਦਾ
ਸਿੰਘ ਰਖਿਆ। ਦਸ਼ਮੇਸ਼ ਜੀ ਵਲੋਂ ਉਸ ਨੂੰ ਨਿਸ਼ਾਨ ਸਾਹਿਬ, ਨਗਾਰਾ, ਤੇ ਹਜ਼ੂਰ ਦੇ ਆਪਣੇ ਭੱਥੇ ਚੋਂ ਪੰਜ
ਤੀਰਾਂ ਦੀ ਬਖ਼ਸ਼ਿਸ਼ ਹੋਈ, ਅਸੀਸ ਮਿਲੀ ਅਤੇ ਸਿੰਘ ਆਦਰਸ਼ ਦਾ ਪ੍ਰਸਾਰ ਕਰਨ ਲਈ ਉਸ ਨੂੰ ਪੰਜਾਬ ਜਾਣ ਲਈ
ਹੁਕਮ ਹਾਸਿਲ ਹੋਇਆ। ਉਸ ਨਾਲ ਜਾਣ ਲਈ ਇਹ ਪੰਜ ਪਿਆਰੇ ਥਾਪੇ: ਬਾਜ ਸਿੰਘ, ਬਿਨੋਦ ਸਿੰਘ, ਕਾਹਨ
ਸਿੰਘ, ਰਣ ਸਿੰਘ ਤੇ ਦਇਆ ਸਿੰਘ। ਨਦੇੜ ਤੋਂ ਤੁਰਨ ਤੋਂ ਪਹਿਲਾਂ ਵਿਸ਼ੇਸ਼ ਉਪਦੇਸ਼ ਉਸ ਨੂੰ ਇਹ ਹੋਇਆ
ਕਿ ਉਹ ਆਪ ਨੂੰ ਗੁਰੂ ਨਾ ਸਦਾਵੇ, ਗੁਰੂ-ਰੂਪ ਖ਼ਾਲਸੇ ਦੇ ਆਦਰਸ਼ ਨੂੰ ਸਦਾ ਪਹਿਲ ਦੇਵੇ, ਹੰਕਾਰ ਤੋਂ
ਅਛੁਹ ਰਵ੍ਹੇ, ਜਤ ਸਤ ਨੂੰ ਉਚਾ ਰਖੇ ਅਤੇ ਆਚਰਣ ਦੇ ਪਵਿੱਤਰ ਗੁਣਾਂ ਨੂੰ ਧਾਰਨ ਕਰੀ ਰਖੇ ਆਦਿ। ਉਸ
ਨੂੰ ਪੰਜਾਬ ਜਾਣ ਦਾ ਹੁਕਮ ਗੁਰੂ ਜੀ ਨੇ ਆਪਣੇ ਘਾਇਲ ਹੋਣ ਤੋਂ ਪਹਿਲਾਂ ਹੀ ਦੇ ਦਿੱਤਾ ਸੀ, ਜਦੋਂ
ਹਜ਼ੂਰ ਹਰ ਤਰ੍ਹਾਂ ਨਾਲ ਸਿਹਤਮੰਦ ਸਨ।
ਗੁਰੂ ਜੀ ਦਾ ਬਾਹਰੀ ਜੀਵਨ-ਅਮਲ ਜਿਹੜਾ ਕਿ ਉਨ੍ਹਾਂ ਤੋਂ ਪੂਰਬਲੇ ਨੌ
ਗੁਰੂਆਂ ਦੇ ਸੰਸਾਰਕ ਜੀਵਨ ਸਮੇਤ ਸਿੰਘ-ਆਦਰਸ਼ ਦੇ ਸਿਰਜਣਾਤਮਕ ਪ੍ਰਗਟਾਅ ਵਜੋਂ ਉਨ੍ਹਾਂ ਦੇ ਹਜ਼ੂਰ
ਸਾਹਿਬ ਪਹੁੰਚਣ ਤੇ ਪੂਰਣ ਸਿਖਰ ਨੂੰ ਪਹੁੰਚ ਚੁੱਕਾ ਸੀ। “ਖ਼ਾਲਸਾ ਜੀ ਦੇ ਸਦੀਵੀ ਕਰਮ ਨੂੰ ਸ਼ਕਤੀ ਤੇ
ਪ੍ਰੇਰਣਾ ਲਈ ਨਿਰਾਕਾਰ ਧਰਾਤਲ ਉਤੇ ਉਨ੍ਹਾਂ ਨੇ ਗੁਰੂ ਨਾਨਕ-ਸੱਚ ਦਾ ਇੱਕ ਨਿਸ਼ਚਿੱਤ ਰਾਹ ਬਣਾਉਣਾ
ਸੀ” (ਪ੍ਰੋ. ਮਹਿਬੂਬ 1988: 1065)। ਭਾਵ, ਆਪਣੇ ਸਾਜੇ ਨਿਰਾਕਾਰ ਖਾਕੇ ਦੀ ਪੁਸ਼ਟੀ ਕਰਨਾ ਤੇ ਉਸ
ਦਾ ਇੱਕ ਬਿੰਬ ਸਾਜਣਾ ਸੀ, ਜਿਸ ਦਾ ਸਦੀਵੀ ਕੀਮਤਾਂ ਦੇ ਰਾਹ ਤਿਆਰ ਕਰਨ ਲਈ ਨਿਰਵਿਘਨ ਟਿਕਣਾ ਜ਼ਰੂਰੀ
ਸੀ। ਗੁਰੂ ਜੀ ਦਾ ਮੁੜ ਪੰਜਾਬੇ ਆ ਕੇ ਸੰਘਰਸ਼ ਵਿੱਢਣਾ ਉਨ੍ਹਾਂ ਦੇ ਪੈਦਾ ਕੀਤੀ ਨਿਰਾਕਾਰ ਤਸਵੀਰ
ਪਹਿਲਾਂ ਕਮਾਏ ਅਮਲ ਦੀ ਸੁਸਤ ਦੁਹਰਾਈ ਥਾਣੀਂ ਉਸ ਬਿੰਬ ਦੀ ਸੁਜਹਜਮਈ, ਦਾਰਸ਼ਨਿਕ ਤੇ ਪਾਰਦਰਸ਼ੀ
ਤੀਬਰਤਾ ਘਟਦੀ ਸੀ। ਤੱਥ ਪੂਜ ਇਤਿਹਾਸਕਾਰ ਇਸ ਤੱਥ ਨੂੰ ਮੰਨਣ ਜਾਂ ਮੰਨਣ। ਇਸ ਕੰਮ ਦੇ ਕਰਨ ਲਈ
ਗੁਰੂ ਜੀ ਨੂੰ ਆਪਣੇ ਨਿਰਾਕਾਰ ਧਰਾਤਲ ਦੀਆਂ ਉਨ੍ਹਾਂ ਮੰਗਾਂ ਦਾ ਪੂਰਣ ਗਿਆਨ ਸੀ ਜਿਨ੍ਹਾਂ ਅਨੁਸਾਰ
ਇਤਿਹਾਸ ਦੇ ਬਾਹਰਮੁਖੀ ਕਰਮ ਦੀ ਚੋਣ ਕਰਨੀ ਸੀ। ਉਸ ਸਮੇਂ ਤੱਕ ਸਿੰਘ-ਆਦਰਸ਼ ਦੀ ਅਧਿਆਤਮਕ ਮੰਗ
ਅਨੁਸਾਰ ਗੁਰੂ-ਲਿਵ ਦੇ, ਖ਼ਾਲਸੇ ਰਾਹੀਂ ਚਮਕਣ ਦਾ ਵਕਤ ਆਣ ਪਹੁੰਚਾ ਸੀ, ਜਿਹੜਾ ਬੰਦਾ ਸਿੰਘ ਬਹਾਦਰ
ਦੇ ਪੰਜਾਬ ਵਿੱਚ ਕਾਰਨਾਮਿਆਂ ਦੇ ਰੂਪ ਵਿੱਚ ਖ਼ਾਲਸੇ ਰਾਹੀਂ ਕੜਕਦੀ ਦੁਪਹਿਰ ਵਾਂਗ ਚਮਕਿਆ। ਪਰਤੱਖ
ਯਥਾਰਥ ਦੇ ਮਿਥਹਾਸਿਕ ਸ਼ਕਤੀਆਂ ਭਰਪੂਰ ਘਟਨਾ ਵਿੱਚ ਬਦਲਣਾ ਕਿਸੇ ਜਾਦੂਗਰੀ ਦਾ ਚਮਤਕਾਰ ਨਹੀਂ
ਹੁੰਦਾ, ਸਗੋਂ ਮਨੁੱਖ ਦੇ, ਦੁਧੋਂ ਪਾਣੀ ਛਾਂਟਣ ਵਾਲੇ, ਬਿਬੇਕੀ ਮਨ ਦੀਆਂ ਅਨੰਤ ਬਿਅੰਤ ਸੂਖਮ
ਹਰਕਤਾਂ ਦੇ ਇਤਿਹਾਸ ਦੀਆਂ ਬਹੁ-ਪਾਸਾਰੀ ਦਿਸ਼ਾਵਾਂ ਨਾਲ ਸਫਲ ਮੇਲ ਮਿਲਾਪ ਪਿਛੋਂ ਅਨੇਕਾਂ ਆਤਮਕ
ਕ੍ਰਾਂਤੀਆਂ ਥਾਣੀਂ ਗੁਜ਼ਰ ਕੇ ਦਿਸਦੀ ਅਸਲੀਅਤ ਨੂੰ ਅਲੌਕਿਕ ਦ੍ਰਿਸ਼ ਵਿੱਚ ਬਦਲਣਾ ਹੁੰਦਾ ਹੈ। ਇਸ ਲਈ
ਬੰਦਾ ਸਿੰਘ ਦੀ ਪੰਜਾਬ ਜਾਣ ਦੀ ਘਟਨਾ ਇੱਕ ਸੰਪੂਰਨ ਮਿੱਥ ਦੀ ਸ਼ਾਨ ਦੀ ਮਾਲਕ ਹੈ, ਜਿਹੜੀ ਹੇਠ
ਪ੍ਰਸਤੁਤ ਦੋਂਹ ਨਜ਼ਰੀਆਂ ਤੋਂ ਦ੍ਰਿਸਟੀਗੋਚਰ ਹੁੰਦੀ ਹੈ।
(1) ਜੇ ਨਿਰੋਲ ਬਾਹਰਮੁਖੀ ਅਸਲੀਅਤ ਦੇ ਨਜ਼ਰੀਏ ਤੋਂ ਵੇਖੀਏ ਤਾਂ ਗੁਰੂ
ਸਾਹਿਬ ਦੇ ਪੰਜਾਬ ਛੱਡਣ ਸਮੇਂ ਖ਼ਾਲਸਈ ਫੌਜੀ ਸ਼ਕਤੀ ਕੰਮਜ਼ੋਰ ਤੇ ਨਾਮ ਮਾਤਰ ਹੀ ਰਹਿ ਗਈ ਸੀ। ਇਸ
ਹਾਲਾਤ ਵਿੱਚ ਇੱਕ ਮਜ਼ਬੂਤ ਸਾਮਰਾਜ ਨਾਲ ਟੱਕਰ ਲੈਣੀ ਅਸੰਭਵ ਜਹੀ ਗੱਲ ਸੀ। ਫੇਰ ਮਨੁੱਖੀ ਤਾਕਤ ਦੇ
ਕਿਹੜੇ ਮਿਆਰਾਂ ਨੂੰ ਸਾਹਮਣੇ ਰਖਕੇ, ਆਮ ਜਹੇ ਸੈਨਿਕ ਪਿਛੋਕੜ ਵਾਲੇ ਬੈਰਾਗੀ ਸਾਧੂ ਤੇ ਇੱਕ ਸਧਾਰਣ
ਵਿਅਕਤੀ ਬੰਦਾ ਸਿੰਘ, ਜਿਨ ਕਈ ਵਰ੍ਹਿਆਂ ਤੋਂ ਕੋਈ ਸੈਨਿਕ ਅਭਿਆਸ ਨਹੀਂ ਸੀ ਕੀਤਾ, ਨੂੰ ਅਤੀ ਬਲਵਾਨ
ਵਸੀਲਿਆਂ ਵਾਲੀ ਸ਼ਕਤੀਸ਼ਾਲੀ ਸਲਤਨਤ ਨਾਲ ਟੱਕਰ ਲੈਣ ਲਈ ਪੰਜਾਬ ਵਲ ਤੋਰ ਦਿੱਤਾ। ਇਸ ਸਵਾਲ ਦਾ ਸੰਖੇਪ
ਜਵਾਬ ਹੈ, ਕਿ ਗੁਰੂ ਸਾਹਿਬ ਬਾਹਰਮੁਖੀ ਹਾਲਾਤ ਨੂੰ ਆਪਣੇ ਆਦਰਸ਼ ਦੀ ਅਚਿਹਨ ਸ਼ਕਤੀ ਤੋਂ ਵੱਖਰਾ ਨਹੀਂ
ਸੀ ਵੇਖਦੇ। ਉਹ ਆਦਰਸ਼ ਦੇ ਇੱਕ ਲੰਮੇ ਨਿਰਾਕਾਰ ਸਿਲਸਿਲੇ ਵਿਚੋਂ ਗੁਜ਼ਰੇ ਸਨ, ਜਿਹੜਾ ਆਪਣੇ ਆਪ ਵਿੱਚ
ਇੱਕ ਮੁਕੰਮਲ ਨਿਜ਼ਾਮ ਸੀ। ਦੂਜਾ, ਉਹ ਹੁਕਮ ਅਤੇ ਕਰਮ ਦੇ ਪਿਛੋਕੜ ਦੇ ਰੂਹਾਨੀ ਨਿਜ਼ਾਮ ਦੇ ਅੰਤ੍ਰੀਵ
ਨਿਯਮਾਂ ਮੁਤਾਬਿਕ ਆਪਣੀ ਇਕਾਗਰ ਸ਼ਕਤੀ ਰਾਹੀਂ ਅਨੇਕਾਂ ਘਟਨਾਵਾਂ ਨੂੰ ਆਪਣੇ ਅਨੁਸਾਰ ਪਲਟ ਲੈਣ ਦੇ
ਯੋਗ ਸਨ। ਤੀਜਾ, ਬਾਹਰਮੁਖੀ ਘਟਨਾਵਾਂ ਪਖੋਂ ਗੁਰੂ ਜੀ ਦੀ ਹੁਕਮ ਤੇ ਕਰਮ ਦੇ ਅੰਤ੍ਰੀਵ ਨਿਯਮਾਂ ਦੀ
ਖ਼ਾਲਸਈ ਸਮਝ ਨੂੰ ਬਾਹਰਮੁਖੀ ਇਤਿਹਾਸ ਦੇ ਸ਼ਾਸਤਰੀ ਨਹੀਂ ਸਮਝ ਸਕਦੇ। ਫਲਸਰੂਪ, ਗੁਰੂ ਜੀ ਨੇ ਬੰਦਾ
ਸਿੰਘ ਨੂੰ ਅੰਮ੍ਰਿਤ ਛਕਾ ਕੇ ਉਸ ਦੀ ਪ੍ਰਤਿਭਾ ਨੂੰ ਸਿੰਘ-ਆਦਰਸ਼ ਦੀ ਵਿਸ਼ਾਲ ਥਰਥਰਾਹਟ ਨਾਲ ਜੋੜ ਕੇ
ਖ਼ਾਲਸਾ ਜੀ ਵਿੱਚ ਅਰੂਪ ਹੋ ਕੇ, ਸਮੇਂ ਤੇ ਸਥਾਨ ਦੇ ਬਾਹਰਮੁਖੀ ਚਿਤਰਪੱਟ ਉਤੇ, ਵਿਆਪਕ ਵਿਚਰਦੇ
ਸਿੰਘ-ਆਦਰਸ਼ ਦੀ ਸੇਵਾ ਵਿੱਚ ਲਾ ਦਿੱਤਾ ਸੀ। ਇਹੋ ਸਿੰਘ-ਆਦਰਸ਼ ਦੇ ਮਿਆਰ ਨੂੰ ਸਾਹਮਣੇ ਰਖ ਕੇ ਬੰਦਾ
ਸਿੰਘ ਨੂੰ ਉਸ ਦੇ ਸ਼ਕਤੀ ਸੋਮਿਆਂ ਨਾਲ ਇਕਸੁਰ ਜਾਂ ਆਤਮਕ ਸ਼ਕਤੀ ਸੰਪੰਨ ਕਰਕੇ ਅਜਿਹੀ ਸਥਿਤੀ ਵਿੱਚ
ਪੰਜਾਬ ਭੇਜਿਆ ਸੀ। ਬੰਦਾ ਸਿੰਘ ਬਹਾਦਰ ਦੇ ਪੰਜਾਬ ਜਾਣ ਦੀ ਯਥਾਰਥਕ ਘਟਨਾ ਜਿੰਨੀ ਅਹਿਮ ਸਿੰਘ-ਆਦਰਸ਼
ਦੇ ਅਰੂਪ ਮਾਹੌਲ ਵਿੱਚ ਹੋ ਨਿਬੜੀ ਹੈ, ਉਸ ਨਾਲੋਂ ਕਿਤੇ ਵੱਧ, ਸਮੇਂ ਸਥਾਨ ਤੋਂ ਬਾਹਰਲੇ ਰਹੱਸ
ਵਿੱਚ ਉਚਪਾਏ ਦੀ ਕੂਤ ਜਾਂ ਕੀਮਤ ਰਖਦੀ ਹੈ। ਇਹ ਸਿਫਤ ਉਸ ਨੂੰ ਮਿਥਿਹਾਸਿਕ ਜਲੌ ਪ੍ਰਦਾਨ ਕਰਦੀ ਹੈ।
ਇਸ ਘਟਨਾ ਦੀ ਮਿਥਿਹਾਸਿਕ ਗਹਿਰਾਈ ਗੁਰੂ ਨਾਨਕ-ਸੱਚ ਦੇ ਅਜ਼ਲੀ ਨਿਯਮ ਪਖੋਂ ਵੀ ਉਜਾਗਰ ਹੁੰਦੀ ਹੈ।
(2) ਕਿਉਂਕਿ, ਏਥੇ ਗੁਰੂ ਨਾਨਕ-ਸੱਚ ਦਾ ਰੂਹਾਨੀ ਨਿਯਮ ਕੰਮ ਰਿਹਾ ਹੈ, ਜਿਸ
ਅਨੁਸਾਰ ਰਿੱਧੀਆਂ-ਸਿੱਧੀਆਂ, ਤੇ ਹੋਰ ਉਪਰ-ਪ੍ਰਕ੍ਰਿਤਕ ਚਮਤਕਾਰਾਂ ਨਾਲੋਂ ਹੁਕਮ ਤੇ ਨਦਰ ਦੀ ਦੈਵੀ
ਪ੍ਰਤੀਤੀ ਸਦੀਵੀ ਰੂਪ ਵਿੱਚ ਮਹਾਨ ਹੈ। ਇਸ ਲਈ ਸਮੇਤ ਸਭ ਸ਼ਕਤੀਆਂ ਦੇ ਉਪਰ-ਪ੍ਰਕ੍ਰਿਤਕ ਸ਼ਕਤੀਆਂ
ਮਨੁੱਖੀ ਚੇਤਨਾ ਦੇ ਸਕੂਨ ਤੇ ਕਲਾਮਈ ਰਸਿਕਤਾ ਦੀ ਮਿਠਾਸ ਨੂੰ ਖਤਮ ਕਰਕੇ ਪਹਿਲਾਂ ਅਭਿਮਾਨ ਦੀ
ਕੌੜੱਤਣ ਅਤੇ ਫੇਰ ਭੈਅ ਦੇ ਹਵਾਲੇ ਕਰਕੇ ਛਲਾਵਾ ਹੋ ਜਾਂਦੀਆਂ ਹਨ। ਦੂਜੇ ਪਾਸੇ ਹੁਕਮ ਅਤੇ ਕਰਮ ਦੇ
ਖ਼ੁਦਾਈ ਜੌਹਰ ਅਮਰ ਹਨ, ਮੌਤ ਦੇ ਛਿਣ ਵਿੱਚ ਵੀ ਜ਼ਿੰਦਗੀ ਦੀ ਮਹਾਨਤਾ ਦੇ ਰੁਤਬੇ ਅਤੇ ਇਸ ਵਿਚੋਂ
ਉਪਜਣ ਵਾਲੀ ਆਤਮਕ ਮਧੁਰਤਾ ਨੂੰ ਸਲਾਮਤ ਰਖਦੇ ਹਨ। ਉਪਰ-ਪ੍ਰਕ੍ਰਿਤਕ ਸ਼ਕਤੀਆਂ ਦੀ ਹਾਰ ਵਿਚੋਂ ਪੈਦਾ
ਹੋਈ ਕੌੜੱਤਣ ਅਤੇ ਤੁੱਛਤਾ ਦੇ ਅਹਿਸਾਸ ਨੂੰ ਹੁਕਮ ਦੀ ਦੈਵੀ ਪ੍ਰਤੀਤੀ ਰਾਹੀਂ ਦੂਰ ਕੀਤਾ ਜਾ ਸਕਦਾ
ਹੈ। ਜਦੋਂ ਮਾਧੋ ਦਾਸ ਬੈਰਾਗੀ ਦੀਆਂ ਉਪਰ-ਪ੍ਰਕ੍ਰਿਤਕ ਸਕਤੀਆਂ (ਬੀਰ) ਦਸ਼ਮੇਸ਼ ਪਾਤਸ਼ਾਹ ਨੂੰ ਹਾਰ
ਨਾਂਹ ਦੇ ਸਕੀਆਂ ਤਾਂ ਹਜ਼ੂਰ ਨੇ ਉਸ ਦੀ ਤਾਂਤਰਿਕ ਚੇਤਨਾ ਸਾਹਮਣੇ ਹੁਕਮ ਅਤੇ ਨਦਰ ਦੇ ਨਿਯਮ ਦੀ
ਦੈਵੀ ਅਸਲੀਅਤ ਨੂੰ ਖੜਾ ਕਰ ਦਿੱਤਾ, ਜਿਹੜੀ ਕਿ ਜਿੱਤ ਦਾ ਨੂਰੀ ਹੜ੍ਹ ਬਣ ਕੇ ਉਸ ਦੀ ਤਾਂਤਰਿਕ
ਚੇਤਨਾ ਦੀਆਂ ਹਨੇਰੀਆਂ ਗਹਿਰਾਈਆਂ ਤੱਕ ਛਾ ਗਈ। ਅੰਮ੍ਰਿਤ ਛਕਣ ਪਿਛੋਂ ਮਾਧੋ ਦਾਸ ਨੇ ਬੰਦਾ ਸਿੰਘ
ਦੀ ਚੇਤਨਾ ਦੇ ਰੂਪ ਵਿੱਚ ਇਸ ਜਿੱਤ ਨੂੰ ਸਵੀਕਾਰ ਕਰ ਲਿਆ। ਉਸ ਦੇ ਪੰਜਾਬ ਜਾਣ ਦੀ ਘਟਨਾ ਦੇ
ਵਾਤਾਵਰਣ ਵਿੱਚ ਉਪਰ-ਪ੍ਰਕ੍ਰਿਤਕ (ਅਲੌਕਿਕ
Supernatural) ਸ਼ਕਤੀਆਂ ਉਤੇ ਹੁਕਮ ਅਤੇ ਕਰਮ
(ਬਖ਼ਸ਼ਿਸ਼) ਦੀ ਦੈਵੀ ਜਿੱਤ ਦੀ ਅਕਹਿ ਮਹਾਨਤਾ ਅਰੂਪ ਤੌਰ ਉਤੇ ਵਿਆਪਕ ਹ। ਫਲਸਰੂਪ ਇਹ ਘਟਨਾ ਕ੍ਰਮਵਾਰ
ਫ਼ਤਹ ਦੇ ਰਹੱਸਮਈ ਜਲਾਲ, ਆਤਮਕ ਸਕੂਨ ਅਤੇ ਸੁੱਚੇ ਚਰਿੱਤਰ ਦੀ ਗੁਰੂ-ਮੰਗ ਨਾਲ ਭਰਪੂਰ ਹੁੰਦੀ ਹੋਈ
ਮਿਥਿਹਾਸਿਕ ਦਿਸ਼ਾਵਾਂ ਪਕੜ ਗਈ।
ਬੰਦਾ ਸਿੰਘ ਦੇ ਪੰਜਾਬ ਅੰਦਰ ਕਦਮ ਰੱਖਣ ਨਾਲ ਸਮੁੱਚੀ ਖ਼ਾਲਸਾ ਚੇਤਨਾ ਭਖ
ਉਠੀ, ਜਿਸ ਦੀ ਅਪਰ ਅਪਾਰ ਜੋਤ ਵਿੱਚ ਸਿੰਘ-ਆਦਰਸ਼ ਅਭੇਦ ਹੋ ਗਿਆ। ਦੋਹਾਂ ਦੇ ਇੱਕ ਮੂਰਤ ਵਿੱਚ ਪਲਟਣ
ਤੋਂ ਸ਼ਮਸ਼ੀਰਾਂ ਦਾ ਵੱਜਦ ਸ਼ੁਰੂ ਹੋਇਆ, ਜਿਹੜਾ ਉਚੇ-ਸੁਚੇ ਸਿੱਖ ਸਦਾਚਾਰ ਦੀਆਂ ਅਨੇਕਾਂ ਸੁਰਾਂ ਨਾਲ
ਭਰਪੂਰ ਸੀ। ਇਸ ਦੀ ਸ਼੍ਰੋਮਣੀ ਤੇ ਕੇਂਦਰੀ ਸੁਰ ਗੁਰੂ ਦੀ ਯਾਦ ਸੀ। ਸ਼ਮਸ਼ੀਰਾਂ ਦਾ ਵੱਜਦ ਬਹੁਤ ਤੀਬਰ
ਸੀ, ਕਿਉਂਕਿ ਇਸ ਦੇ ਤਾਲ ਵਿੱਚ ਸਿੱਖ-ਪ੍ਰਤਿਭਾ, ਸਿੱਖ-ਸਿਮਰਣ, ਸਿੱਖ-ਅਹਿੰਸਾ, ਸ਼ਹਾਦਤ ਦੇ ਜੋਸ਼ ਤੇ
ਸਿੱਖ ਰਹਿਤ ਦੀਆਂ ਸਿਖਰਾਂ ਨੂੰ ਹੀ ਦਾਖਲ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਇਸ ਨਾਲ ਕਿਸੇ
ਉਪਰ-ਪ੍ਰਕ੍ਰਿਤਕ ਵਾਤਾਵਰਣ ਦਾ ਵਿਸਮਾਦ ਵੀ ਜੁੜਿਆ ਹੋਇਆ ਸੀ। ਕਿਉਂ? ਇਸ ਦੀ ਹੋਂਦ ਦੀਆਂ ਗਹਿਰਾਈਆਂ
ਤੱਕ ਅਨੇਕਾਂ ਨਿਰਾਕਾਰ ਅਨੁਭਵਾਂ ਦੀ ਭਰਮਾਰ ਸੀ। ਗੱਲ਼ ਕੀ, ਇਸ ਦਾ ਬਹੁਤ ਕੁੱਝ ਅਪਕੜ ਪਾਸਾਰਾਂ ਨਾਲ
ਸੰਬੰਧਿਤ ਸੀ।
ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਗ਼ਜ਼ਬ ਦਾ ਜ਼ਬਰਦਸਤ ਹੜ੍ਹ ਨਾਜ਼ਲ ਹੋਇਆ।
ਪਹਿਲਾਂ ਜਲਾਦਾਂ ਦਾ ਸ਼ਹਿਰ ਸਮਾਣਾ ਢੈ ਢੇਰੀ ਕੀਤਾ, ਫੇਰ ਸਢੌਰੇ ਦੇ ਜ਼ਾਲਮ ਉਸਮਾਨ ਖਾਂ, ਜਿਸ ਨੇ
ਦਸ਼ਮੇਸ਼ ਪਾਤਸ਼ਾਹ ਦੇ ਪਿਆਰੇ ਬੁੱਧੂ ਸ਼ਾਹ ਨੂੰ ਵੱਡੀ ਬੇਰਹਿਮੀ ਨਾਲ ਕਤਲ ਕੀਤਾ ਸੀ, ਨੂੰ ਮੌਤ ਦੇ ਘਾਟ
ਉਤਾਰਿਆ। ਫੇਰ ਚੱਪੜ ਚਿੜੀ ਦੇ ਮੈਦਾਨ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਉਣ
ਵਾਲੇ ਪਾਪੀ ਵਜ਼ੀਰ ਖਾਂ ਉਤੇ ਉਸ ਦਾ ਕਹਿਰ ਖਾਡਰੇ ਦੀ ਕੜਕਦੀ ਸਿਖਰ ਦੁਪਹਿਰ ਵਾਂਗ ਕੜਕਿਆ, ਸਰਹੰਦ
ਵਿੱਚ ਕਤਲੇਆਮ ਕੀਤੀ। ਫਿਰ ਲੋਹਗੜ੍ਹ ਉਸਾਰਿਆ ਤੇ ਪਹਿਲੇ ਸੰਖਿਪਤ ਖ਼ਾਲਸਾ ਰਾਜ ਦੀ ਰਾਜਧਾਨੀ ਵਿਚੋਂ
ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਉਤੇ ਖ਼ਾਲਸੇ ਦਾ ਪਹਿਲਾ ਸ਼ਾਹੀ ਸਿੱਕਾ ਚਾਲੂ ਕੀਤਾ।
ਉਧਰ ਮਾਝੇ ਵਿੱਚ ਬੰਦਾ ਸਿੰਘ ਬਹਾਦਰ ਦੀ ਗ਼ੈਰਹਾਜ਼ਰੀ ਵਿੱਚ ਹੀ ਕੋਟਲਾ ਬੇਗਮ ਦੇ ਕਿਲੇ ਸਾਹਮਣੇ ਅਤੇ
ਭੀਲੋਵਾਲ ਦੀਆਂ ਜੂਹਾਂ ਵਿੱਚ ਜਹਾਦੀਆਂ ਦੇ ਹੈਦਰੀ ਝੰਡੇ ਨੂੰ ਰੋਲ ਦਿੱਤਾ। 1 ਦਸੰਬਰ 1710 ਤੱਕ
ਮੁਨਾਇਮ ਖਾਂ ਨਾਲ ਹੋਈ ਜੰਗ ਲੋਹਗੜ੍ਹ ਦੀ ਲੜਾਈ ਤੱਕ ਬੰਦਾ ਸਿੰਘ ਬਹਾਦਰ ਦਾ ‘ਸ਼ਮਸ਼ੀਰਾਂ ਦਾ ਵੱਜਦ’
ਪੂਰੇ ਜੋਬਨ ਵਿੱਚ ਰਿਹਾ, ਜਿਸ ਪਿਛੋਂ ਬੰਦਾ ਡੋਲ ਗਿਆ। ਤੇ ਉਸ ਦਾ ਪਤਨ ਸ਼ੁਰੂ ਹੋ ਗਿਆ।
ਅੱਠ ਨੌ ਮਹੀਨੇ ਦਿੱਲੀ ਤੋਂ ਲਾਹੌਰ ਤੱਕ ਅਜਿਹੇ ਭੈਅਦਾਇਕ ਅਸਰ ਦਾ ਜ਼ੋਰਦਾਰ
ਪ੍ਰਭਾਵ ਰਿਹਾ ਕਿ ਜਿਸ ਤੋਂ ਸਮਕਾਲੀ ਮੁਸਲਮਾਨ ਇਤਿਹਾਸਕਾਰ ਹੈਰਾਨ ਤੇ ਭੈਅਭੀਤ ਹੁੰਦੇ ਹਨ। ਹਰ
ਲਿਖਾਰੀ ਉਸ ਦੇ ਬੇਰੋਕ ਗ਼ਜ਼ਬ ਨੂੰ ਸਵੀਕਾਰ ਕਰਦਾ ਹੈ। ਖਾਫ਼ੀ ਖਾਂ, ਇਰਾਦਤ ਖਾਂ ਤੇ ਮੈਲਕਨ ਦੁਆਰਾ
ਅਜਿਹੇ ਚੜ੍ਹਦੀ ਕਲਾ ਦੇ ਦਿੱਲੀ ਤੋਂ ਪਾਰ ਤੱਕ ਗਰਜਦੇ ਹੋਏ ਅਰੁਕ ਵਹਿਣ ਬਾਰੇ ਸਪਸ਼ਟ ਬਿਆਨ ਦਿੱਤੇ
ਮਿਲਦੇ ਹਨ। ਖਾਫ਼ੀ ਖਾਂ ਉਤੇ ਜਿਹੜਾ ਭੈਅਦਾਇਕ ਅਸਰ ਕੀਤਾ ਉਸ ਵਿੱਚ ਕੋਈ ਉਪਰ-ਪ੍ਰਕ੍ਰਿਤਕ ਸ਼ਕਤੀ ਦੀ
ਨੇੜਤਾ ਪ੍ਰਤੀਤ ਹੁੰਦੀ ਹੈ, ਉਹ ਆਪ ਲਿਖਦਾ ਹੈ: “ਏਥੇ ਜੋ ਜੰਗ ਹੋਈ ਉਹ ਮੇਰੇ ਬਿਆਨ ਤੋਂ ਬਾਹਰ ਹੈ:
(ਜਦੋਂ ਕਿ) ਫਕੀਰਾਂ ਦੇ ਵੇਸ ਵਿੱਚ ਚੜ੍ਹੇ ਆ ਰਹੇ ਦੁਸ਼ਮਨ ਨੇ ਸ਼ਾਹੀ ਫੌਜਾਂ ਵਿੱਚ ਦਹਿਸ਼ਤ ਫੈਲਾ
ਦਿੱਤੀ।” ਉਹ ਸ਼ਾਹੀ ਫੌਜਾਂ ਵਿੱਚ ਫੈਲੇ ਬੰਦਾ ਸਿੰਘ ਦੀ ਜਾਦੂਗਰੀ ਦੇ ਦਹਿਲ ਤੇ ਸ਼ੱਕ ਨੂੰ ਉਸ ਦੀ
ਸ਼ਹਾਦਤ ਤੱਕ ਵੀ ਫੈਸਲਾਕੁਨ ਅੰਦਾਜ਼ ਵਿੱਚ ਰੱਦ ਨਾ ਕਰ ਸਕਿਆ। ਬੰਦਾ ਸਿੰਘ ਦੇ ਸ਼ਾਹੀ ਫੌਜ ਦੇ ਘੇਰੇ
ਨੂੰ ਬੇਖੌਫ ਚੀਰ ਕੇ ਲੰਘ ਜਾਣ ਦੀ ਸਚਾਈ ਨੂੰ ਇਸ ਪੱਖਪਾਤੀ ਇਤਿਹਾਸਕਾਰ ਨੇ ਵੀ ਸਾਫ਼ ਲਫਜ਼ਾਂ ਵਿੱਚ
ਮੰਨਿਆ ਹੈ: “ਫੇਰ ਗੁਰੂ (ਬੰਦਾ) ਆਪਣੀਆਂ ਫੌਜਾਂ ਨਾਲ ਅੱਗੇ ਵਧਿਆ, ਸ਼ਾਹੀ ਸਫ਼ਾਂ ਨੂੰ ਚੀਰ ਕੇ ਲੰਘ
ਗਿਆ, ਅਤੇ ਬਰਫ਼ੀ ਰਾਜ ਦੇ ਪਹਾੜਾਂ ਵਲ ਨਿਕਲ ਗਿਆ।”
ਖ਼ਾਲਸਾ ਜੀ ਦੇ ਸਿੰਘ-ਆਦਰਸ਼ ਵਿਚੋਂ ਉਗਮੇਂ ਬੇਨਜ਼ੀਰ ਇਖ਼ਲਾਕੀ ਪਹਿਲੂ ਦੀ
ਪਿੱਠ-ਭੂਮੀ ਵਿੱਚ ਖ਼ਾਲਸਾ-ਪ੍ਰਤਿਭਾ ਦੀਆਂ ਅਧਿਆਤਮਕ ਰਮਜ਼ਾਂ ਨੂੰ ਤਿੱਖਾ ਕਰਦੀ ਗੁਰੂ-ਯਾਦ
ਸਿੱਖ-ਹੋਂਦ ਨੂੰ ਮੌਤ ਤੋਂ ਪਾਰ ਲੈ ਜਾਂਦੀ ਹੈ, ਤੇ ਸਿੱਖ-ਇਖ਼ਲਾਕ ਅਤੇ ਸਿਮਰਣ ਸ਼ਹਾਦਤ ਦੇ ਚਾਅ ਵਿੱਚ
ਪਲਟ ਜਾਂਦਾ ਹੈ। ਭਾਵ, ਮੌਤ ਤੱਕ ਰੌਸ਼ਨ ਹੁੰਦੀ ਗੁਰੂ-ਯਾਦ ਦਾ ਇਹ ਅਨੁਭਵ ਸਿੱਖ ਦੇ ਇਖ਼ਲਾਕ ਤੇ ਉਸ
ਉਤੇ ਪਲਣ ਵਾਲੇ ਮਹਾਨ ਅਮਲ ਦੀ ਨੀਂਹ ਬਣਦਾ ਹੈ। ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਵਿੱਚ ਪ੍ਰਚੰਡ ਹੋਈ
ਗੁਰੂ-ਯਾਦ ਨੂੰ ਟੁੰਬਦਿਆਂ ਯੁੱਧ ਲਈ ਪ੍ਰੇਰਿਆ, ਜਿਸ ਕਾਰਜ ਲਈ ਗੁਰੂ ਗੋਬਿੰਦ ਸਿੰਘ ਦੇ ਜੰਗਾਂ
ਯੁੱਧਾਂ ਦੇ ਬੀਰ ਰਸੀ ਅੰਦਾਜ਼ ਵਿੱਚ ਹੋ ਗੁਜ਼ਰਨ ਨਾਲ ਭੂਮੀ ਪਹਿਲਾਂ ਹੀ ਤਿਆਰ ਸੀ। ਸਦਕਾ ਜਿਸ ਦਾ
ਖ਼ਾਲਸੇ ਦਾ ਸਿਮਰਣ ਤੇ ਸਿੱਖ-ਇਖ਼ਲਾਕ ਸ਼ਹਾਦਤ ਦੇ ਸੋਜ਼ ਵਿੱਚ ਉਤਰ ਆਇਆ, ਜਿਹੜਾ ਸ਼ਮਸ਼ੀਰਾਂ ਦੇ ਵੱਜਦ
ਵਿੱਚ ਪਲਟਿਆ। ਲੋਹ ਗੜ੍ਹ ਦੀ ਜੰਗ (1 ਦਸੰਬਰ, 1710) ਤੱਕ ਸਿੰਘ-ਆਦਰਸ਼ ਬੰਦਾ ਸਿੰਘ ਬਹਾਦਰ ਵਿੱਚ
ਪੂਰੀ ਇਕਾਗਰਤਾ ਨਾਲ ਜਾਗਦਾ ਰਿਹਾ। ਉਦੋਂ ਤੱਕ ਸਿੰਘ-ਅਮਲ, ਬੰਦਾ ਅਤੇ ਗੁਰੂ-ਲਿਵ ਇੱਕ ਸੇਧ ਵਿੱਚ
ਚੱਲ ਰਹੇ ਸਨ। ਤੇ ਖ਼ਾਲਸੇ ਦੀਆਂ ਆਪਣੀਆਂ ਅੰਦਰੂਨੀ ਤੇ ਬਾਰੂਨੀ (ਬਾਹਰਮੁਖੀ) ਜ਼ਿੰਦਗੀਆਂ ਵਿੱਚ
ਪਵਿੱਤਰਤਾ, ਸ਼ਕਤੀ ਤੇ ਤਾਲ ਵਾਲੇ ਦ੍ਰਿਸ਼ ਉਭਰੇ ਸਨ। ਮੁਕਦੀ ਗੱਲ, ਸਿੱਖ-ਚਰਿੱਤਰ ਦੇ ਸੁਜੀਵ ਗੁਣ
ਬੰਦੇ ਅਤੇ ਖ਼ਾਲਸੇ ਵਲੋਂ ਲੜੀਆਂ ਜੰਗਾਂ ਦੇ ਜਲਾਲ ਵਿੱਚ ਪਲਟ ਗਏ ਸਨ। ਦੂਜੇ ਲਫ਼ਜ਼ਾਂ ਵਿਚ, ਗੁਰੂ
ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਦੀ ਤਾਂਤਰਿਕ ਚੇਤਨਾ ਉਤੇ ਹੁਕਮ ਅਤੇ ਨਦਰ ਦੇ ਦੈਵੀ ਨਿਯਮ
ਦੀ ਜਿੱਤ ਦਾ ਜੋ ਜਲੌ ਬਣਾਇਆ ਸੀ, ਉਸ ਦੀਆਂ ਨਿਰਾਕਾਰ ਤਾਨਾਂ ਸਾਰੀ ਖ਼ਾਲਸਾ ਚੇਤਨਾ ਵਿੱਚ ਗੂੰਜ
ਉਠੀਆਂ ਸਨ। ਫਸਸਰੂਪ, “ਖ਼ਾਲਸੇ ਦੀ ਨਿੱਤ ਦਿਹਾੜੀ ਦੀ ਕਾਰ ਤੇ ਸੋਚਣੀ (ਕਹਿਣੀ ਤੇ ਕਰਨੀ) ਕਿਸੇ
ਨਿਆਰੀ ਪਵਿੱਤਰਤਾ ਦਾ ਰੂਪ ਹੋ ਗਈਆਂ ਸਨ। ਉਨ੍ਹਾਂ ਦੇ ਘਰ ਬਖ਼ਸ਼ਿਸ਼ ਦੇ ਇਲਾਹੀ ਕਾਸਿਦ
(Messenger)
ਦੀ ਉਡੀਕ ਨਾਲ ਭਰ ਗਏ। ਉਨ੍ਹਾਂ ਦੀ ਜ਼ਿੰਦਗੀ ਦਾ ਹਰ ਅੰਦਾਜ਼ ਚੇਤਨਾ ਦੀ ਮੌਲਿਕ ਤਾਜ਼ਗੀ ਤੇ
ਧੁਰ-ਸਾਦਗੀ ਨਾਲ ਭਰਪੂਰ ਹੋ ਉਠਿਆ, ਉਪਰ-ਪ੍ਰਕ੍ਰਿਤਕ ਸ਼ਕਤੀ ਦਾ ਵਿਸਮਾਦ ਉਠਦਿਆਂ-ਬਹਿੰਦਿਆਂ ੳਨ੍ਹਾਂ
ਦੀ ਹੋਂਦ ਨਾਲ ਰਹਿਣ ਲੱਗਾ। ਨਿਰੋਲ ਸੰਸਾਰੀ ਸੁਆਰਥ ਜਾਂ ਸੰਸਾਰੀ ਬਿਰਤੀ, ਉਪਰ-ਪ੍ਰਕ੍ਰਿਤਕ ਰੂਪਾਂ
ਨੂੰ ਚੀਰ ਕੇ ਹੁਕਮ ਤੇ ਨਦਰ ਤੱਕ ਪਹੁੰਚੀ ਖ਼ਾਲਸਾ ਜੀ ਦੀ ਅਧਿਆਤਮਕ ਪ੍ਰਤੀਤੀ, ਗੁਰੂ-ਯਾਦ ਵਿਚੋਂ
ਪ੍ਰਫੁੱਲਤ ਹੋਏ ਪਿਆਰ ਦੇ ਤਖ਼ਲੀਕੀ (Creative,
ਕਰਤਾਰੀ, ਉਪਜਾਊ
) ਰੰਗ ਤੇ
ਸ਼ਾਂਤ-ਪ੍ਰਤਿਭਾ ਅਤੇ ਸਿਦਕ ਦੇ ਜੋਸ਼ ਦਾ ਆਪਸੀ ਤਲ ਮੇਲ ਜੰਗਾਂ ਦੀ ਚੜ੍ਹਦੀ ਕਲਾ ਦੇ ਨਿਆਰੇਪਨ ਅਤੇ
ਅਥਾਹ ਸ਼ਕਤੀ ਦੇ ਪ੍ਰਭਾਵ ਨੂੰ ਉਪਜਾਉਣ ਦਾ ਕਾਰਨ ਬਣੇ।”
ਲੋਹਗੜ੍ਹ ਦੀ ਜੰਗ ਵਿੱਚ ਸ਼ਾਹੀ ਲਸ਼ਕਰ ਦੇ ਦੰਦ ਖੱਟੇ ਕਰਕੇ ਆਪਣੇ ਸੂਰਮਗਤੀ
ਦੇ ਜੌਹਰ ਪਹਾੜੀਆਂ ਨੂੰ ਵਿਖਾਏ ਤੇ ਦਸ਼ਮੇਸ਼-ਦੋਖੀ ਰਜਵਾੜਿਆਂ ਨੂੰ ਜਾ ਸੋਧਿਆ। ਧੋਖੇਬਾਜ਼ ਪਹਾੜੀਆਂ
ਨੂੰ ਸਜ਼ਾ ਦਿੰਦਿਆਂ ਉਹ ਗਜ਼ਬ ਜਿਹੜਾ ਸਮਾਣੇ, ਸਢੌਰੇ ਤੇ ਸਰਹਿੰਦ ਦੀਆਂ ਜੰਗਾਂ ਵਿੱਚ ਜਿਸ ਸਿਖਰ ਨਾਲ
ਬੰਦਾ ਸਿੰਘ ਵਿਚੋਂ ਕੜਕਿਆ ਸੀ ਉਹ ਮੱਠਾ ਪੈ ਚੁੱਕਾ ਸੀ। ਆਪਣੇ ਨਿੱਕੇ ਜਹੇ ਰਾਜ ਵਿੱਚ ਗੁਰੂਆਂ ਦੇ
ਨਾਮ ਦਾ ਸਿੱਕਾ ਚਲਾਇਆ। ਮੁਸਲਮਾਨਾਂ ਪ੍ਰਤਿ ਨਰਮੀ, ਮੁਹੱਬਤ ਤੇ ਖੁਲ੍ਹਦਿਲੀ ਵਾਲੇ ਵਿਉਹਾਰ ਰਾਹੀਂ
ਉਨ੍ਹਾਂ ਦੇ ਦਿਲ਼ ਜਿੱਤੇ, ਉਨ੍ਹਾਂ ਨੂੰ ਸਿੰਘ ਵੀ ਸਜਾਇਆ। ਭਾਵ, ਸਿੰਘ-ਆਦਰਸ਼ ਦੀ ਜੋਤ ਦੇ ਇਕਾਗਰ
ਰੂਪ ਵਿੱਚ ਬਲਦੇ ਹੋਣ ਦਾ ਸਬੂਤ ਦਿੱਤਾ। ਪਰ ਬਹੁਤ ਜਲਦੀ ਹੀ ਲੁਕਵੀਆਂ ਕੰਮਜ਼ੋਰੀਆਂ ਉਸ ਦੀ ਹੋਂਦ
ਉਤੇ ਹਾਵੀ ਰਹੀਆਂ। ਭਾਵੇਂ ਉਹ 1715 ਈ. ਵਿੱਚ ਕਲਾਨੌਰ, ਬਟਾਲਾ ਤੇ ਰਾਇਪੁਰ ਦੀਆਂ ਆਖਰੀ ਜਿੱਤਾਂ
ਸਮੇਂ, ਉਹ ਆਪਣੀ ਖਿੰਡੀ ਚੇਤਨਾ ਵਿੱਚ ਪੁਰਾਤਨ ਕਾਲ ਨੂੰ ਜਗਾ ਲੈਂਦਾ ਸੀ। ਸਿੱਟੇ ਵਜੋਂ, ਆਪਣੇ ਤੇ
ਖ਼ਾਲਸਾ ਜੀ ਦਰਮਿਆਨ ਗੁਰੂ-ਨੇੜਤਾ ਦਾ ਨਿਰਾਕਾਰ ਰਿਸ਼ਤਾ ਸਥਾਪਤ ਕਰ ਲੈਂਦਾ ਸੀ, ਅਤੇ ਆਪਣੇ ਜੌਹਰਾਂ
ਵਿੱਚ ਪੁਰਾਣੀਆਂ ਜਿੱਤਾਂ ਦੇ ਕਿਸੇ ਅਦ੍ਰਿਸ਼ਟ ਜ਼ੋਰ ਦੀ ਝਲਕ ਪੈਦਾ ਕਰਕੇ ਵਿਖਾ ਦਿੰਦਾ ਸੀ।
ਮੁਢਲੀਆਂ ਜਿੱਤਾਂ ਸਮੇਂ ਹੀ ਬੰਦਾ ਸਿੰਘ ਵਿੱਚ ਕੰਮਜ਼ੋਰੀਆਂ ਲੁਕਵੇਂ ਰੂਪ
ਵਿੱਚ ਅਸਰਦਾਰ ਹੋਣ ਲੱਗ ਪਈਆਂ ਸਨ, ਜਿਵੇਂ ਸ਼ੁਹਰਤ ਦਾ ਨਸ਼ਾ ਚੜ੍ਹਨਾ ਸ਼ੁਰੂ ਹੋਇਆ ਸੀ, ਜਿਥੋਂ ਉਸ
ਵਿੱਚ ਅਭਿਮਾਨ ਜਾਗਿਆ, ਤੇ ਸ਼ਖਸੀਅਤ-ਪ੍ਰਸਤੀ ਦਾ ਸੁਆਦ ਉਸ ਨੂੰ ਹਲੂਨਣ ਲੱਗਾ। ਸਿੱਟੇ ਵਜੋਂ,
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ” ਦੀ ਥਾਂ ‘ਫ਼ਤਹ ਦਰਸ਼ਨ’ ਦਾ ਧਾਰਮਕ ਨਾਹਰਾ ਚਾਲੂ
ਕੀਤਾ। ਉਸ ਨੇ ਵਿੰਗੇ-ਟੇਢੇ ਤਰੀਕੇ ਨਾਲ ਆਪਣੇ ਆਪ ਨੂੰ ‘ਗੁਰੂ’ ਕਹਿਣ ਤੇ ਮੰਨਣ ਵਾਲੇ ਲੋਕਾਂ ਦੀ
ਜਮਾਤ ਪੈਦਾ ਕਰ ਲਈ ਸੀ। ਉਸ ਨੂੰ ਮੰਨਣ ਵਾਲੇ ਉਸ ਦੀ ਮੌਤ ਪਿਛੋਂ ਬੰਦਈ ਸਿੰਘਾਂ ਦੇ ਨਾਮ ਨਾਲ
ਪ੍ਰਸਿੱਧ ਹੋਏ। ਫਿਰ ਚਰਿੱਤਰ ਦੀ ਇੱਕ ਕੰਮਜ਼ੋਰੀ ਨੇ ਦੂਜੀ ਕੰਮਜ਼ੋਰੀ ਨੂੰ ਜਨਮ ਦਿੱਤਾ। “ਜਿਸ ਹਾਲਾਤ
ਵਿੱਚ ਉਸ ਨੇ ਦੋ ਸ਼ਾਦੀਆਂ ਕਰਵਾਈਆਂ, ਖ਼ਾਲਸਾ ਜੀ ਵਲੋਂ ਉਸ ਉਪਰ ਇਤਰਾਜ਼ ਉੱਠਣੇ ਬਿਲਕੁਲ ਕੁਦਰਤੀ ਸਨ।
ਸ਼ਾਦੀ ਕਰਵਾਉਣਾ ਸਿੰਘ-ਆਦਰਸ਼ ਵਿੱਚ ਵਿਵਰਜਤ ਨਹੀਂ, ਪਰ ਹਾਲਾਤ ਹੋਰ ਸਨ। ਸਿੰਘ-ਆਦਰਸ਼ ਨਿਰਾਕਾਰ
ਉਚਾਈਆਂ ਉਤੇ ਪਹੁੰਚ ਕੇ ਖ਼ਾਲਸਾ ਪੰਥ ਦੀ ਅਗਵਾਈ ਕਰ ਰਿਹਾ ਸੀ, ਅਤੇ ਉਸ ਲਈ ਸਦੀਆਂ ਦੇ ਰਾਹ ਉਲੀਕ
ਰਿਹਾ ਸੀ, ਉਸ ਸੰਕਟ ਭਰੇ ਸਮੇਂ ਵਿੱਚ ਬੰਦਾ ਸਿੰਘ ਦੀਆਂ ਸ਼ਾਦੀਆਂ ਕਿਸੇ ਪੱਖੋਂ ਵੀ ਯੋਗ ਸਮਾਜਿਕ
ਕਰਮ ਪ੍ਰਤੀਤ ਨਹੀਂ ਹੁੰਦੀਆਂ, ਸਗੋਂ ਫਜ਼ੂਲ ਅਯਾਸ਼ੀ ਦਾ ਗ਼ੈਰ-ਸਦਾਚਾਰਕ ਪ੍ਰਭਾਵ ਹੀ ਦਿੰਦੀਆਂ ਹਨ।
ਬੰਦਾ ਸਿੰਘ ਇੰਦ੍ਰਿਆਵੀ ਸੁਆਦਾਂ ਪਿੱਛੇ ਤੁਰਣ ਲੱਗਾ।” ਫਲਸਰੂਪ, ਉਸ ਦਾ ਵਾਰ ਵਾਰ ਪਹਾੜਾਂ ਵਲ ਸੈਰ
ਨੂੰ ਨਿਕਲਣਾ ਅਯਾਸ਼ੀ ਕਰਨ ਲਈ ਜਾਣਾ ਸਿੱਧ ਹੁੰਦਾ ਹੈ। ਇੱਕ ਵਾਰ ਕੁੱਲੂ ਵਿੱਚ ਕੈਦ ਹੋ ਕੇ ਖ਼ਾਲਸੇ
ਨੂੰ ਨਮੋਸ਼ੀ ਦਿਵਾਈ। ਅਕਤੂਬਰ 1713 ਈ. ਤੋਂ ਫਰਵਰੀ 1715 ਈ. ਲਗਾਤਾਰ ਪੰਥ ਨੂੰ ਪਿੱਠ ਦੇ ਕੇ
ਪਹਾੜਾਂ ਵਿੱਚ ਲੁਕੇ ਰਹਿਣਾ, ਜਾਂ ਕੁੱਲੂ ਤੇ ਚੰਬੇ ਦੀਆਂ ਸੁੰਦਰ ਰਾਜ ਕੁਮਾਰੀਆਂ ਨਾਲ ਰੰਗ ਰਲੀਆਂ
ਭਰਿਆ ਗ੍ਰਿਹਸਤ ਜੀਵਨ ਬਤੀਤ ਕਰਨਾ ਆਦਿ ਤੋਂ ਪਤਾ ਲਗਦਾ ਹੈ ਕਿ “ਉਸ ਲੋਹ ਪੁਰਸ਼ ਨੂੰ ਆਰਾਮ-ਪ੍ਰਸਤੀ
ਨੇ ਆਪਣੇ ਕਾਬੂ ਕਰ ਲਿਆ ਸੀ।” 1714 ਈ. ਦੇ ਸਾਲ ਵਿੱਚ ਕਦੇ ਸਿੰਘ ਕਾਹਨੂੰਵਾਨ ਵਰਗੀਆਂ ਥਾਵਾਂ
ਵਿੱਚ ਰੁਲਦੇ, ਕਦੇ ਰੋਪੜ ਦੇ ਲਾਗੇ ਸ਼ੇਰਾਂ ਵਾਂਗ ਜੂਝਦੇ, ਕਦੇ ਪੰਜੌਰ, ਬਾਘਾਟ ਤੇ ਸੁਕੇਤ ਮੰਡੀ ਦੇ
ਨੇੜੇ ਲੁਕਦੇ-ਛਿਪਦੇ ਉਮੀਦ ਤੇ ਨਾ-ਉਮੀਦੀ ਦੇ ਦਰਮਿਆਨ ਲਟਕਦੇ ਫਿਰ ਰਹੇ ਸਨ, ਤਾਂ ਉਸ ਵੇਲੇ ਬੰਦਾ
ਸਿੰਘ ਦੀ ਗ਼ੈਰਹਾਜ਼ਰੀ ਨੂੰ ਸੈਨਿਕ ਨੀਤੀ ਨਹੀਂ ਕਿਹਾ ਜਾ ਸਕਦਾ, “ਸਗੋਂ ਅਸਲ ਗੱਲ ਇਹ ਹੈ ਕਿ
ਆਰਾਮ-ਪ੍ਰਸਤੀ ਤੇ ਇੰਦ੍ਰਿਆਵੀ ਲੁਤਫ਼ ਉਸ ਉਤੇ ਹਾਵੀ ਸਨ। ਅਪਰੈਲ 1714 ਈ. ਦੀ ਵਿਸਾਖੀ ਨੂੰ ਆਪਣੀ
ਸ਼ਖ਼ਸੀਅਤ-ਪ੍ਰਸਤੀ ਦਾ ਵਖਾਲਾ ਕਰਨ ਵਾਸਤੇ ਬੰਦਾ ਸਿੰਘ ਥੋੜ੍ਹੇ ਸਮੇਂ ਲਈ ਅੰਮ੍ਰਿਤਸਰ ਗਿਆ ਹੋਵੇ।”
ਗੁਰਦਾਸ ਨੰਗਲ ਦੇ ਘੇਰੇ ਤੋਂ ਪਹਿਲਾਂ ਖ਼ਾਲਸਾ ਪੰਥ ਦੇ ਇੱਕ ਵੱਡੇ ਹਿੱਸੇ ਨੇ
ਬੰਦਾ ਸਿੰਘ ਬਹਾਦਰ ਦੀ ਰਹਿਬਰੀ ਨੂੰ ਅਲਵਿਦਾ ਆਖ ਦਿੱਤੀ ਸੀ। ਉਨ੍ਹਾਂ ਦਿਨਾਂ ਵਿੱਚ ਖ਼ਾਲਸੇ ਵਿੱਚ
ਗੁਰੂ-ਨੇੜਤਾ ਦਾ ਵਲਵਲਾ ਆਪਣੀ ਸਿਖਰ ਉਤੇ ਸੀ। ਪੰਥ ਰੂਹਾਨੀ ਕੀਮਤਾਂ ਨੂੰ ਹਰ ਚੀਜ਼ ਤੋਂ ਪਹਿਲ
ਦਿੰਦਾ ਸੀ। ਪੰਥ ਦੁਆਰਾ ‘ਬੰਦੇ’ ਦਾ ਤਿਆਗ ਅਸਲ ਵਿੱਚ ਸੰਸਾਰ ਦੀ ਕਠੋਰ ਪਦਾਰਥਕ ਬਿਰਤੀ ਦਾ ਤਿਆਗ
ਸੀ, ਅਤੇ ਮੌਤ ਦੇ ਖ਼ੂੰਖ਼ਾਰ ਰਾਹਾਂ ਉਤੇ ਗੁਰੂ-ਲਿਵ ਨੂੰ ਜਿਉਂਦੇ ਰੱਖਣ ਦਾ ਜੋਸ਼ ਸੀ। ਕੀ ਰਾਜ, ਕੀ
ਸਰਦਾਰੀਆਂ, ਕੀ ਸੰਸਾਰਕ ਵੈਭਵ (ਬਰਕਤਾਂ, ਬਿਭੂਤੀਆਂ), ਕੀ ਪਰਾ-ਸਰੀਰਕ (ਸਰੀਰ ਬਲ ਤੋਂ ਪਰ੍ਹੇ)
ਸ਼ਕਤੀਆਂ ਨੂੰ ਛੋਂਹਦੀ ‘ਬੰਦੇ’ ਦੀ ਬੀਰਤਾ ਅਤੇ ਕੀ ਪਿਆਰੀਆਂ ਜਾਨਾਂ ------ਖ਼ਾਲਸਾ ਪੰਥ ਨੇ ਗੁਰੂ
ਦੀਆਂ ਰੂਹਾਨੀ ਕੀਮਤਾਂ ਉਤੋਂ ਸੰਸਾਰ ਦੀ ਹਰ ਚੀਜ਼ ਨੂੰ ਕੁਰਬਾਨ ਕਰ ਦਿੱਤਾ ਸੀ। ਪੰਥ ਦੀ ਮੁਖ ਧਾਰਾ
ਨੇ ਅਤਿ ਲੋੜ ਦੇ ਸਮੇਂ ਕਿਸੇ ਕਿਸਮ ਦੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਬੰਦਾ ਸਿੰਘ ਦਾ ਤਿਆਗ
ਕਰਕੇ ਗੁਰੂ ਦੇ ਸੁਪਨੇ ਨੂੰ ਵੱਡੇ ਤੋਂ ਵੱਡੇ ਸੰਸਾਰੀ ਰਿਸ਼ਤਿਆਂ ਤੋਂ ਹਮੇਸ਼ਾਂ ਲਈ ਉਚੇਰਾ ਅਤੇ
ਨਿਰਲੇਪ ਸਾਬਤ ਕਰ ਦਿੱਤਾ ਸੀ। ਖ਼ਾਲਸਾ ਪੰਥ ਦੇ ਗੁਰੂ-ਪਿਆਰ ਦੀ ਸੰਸਾਰੀ ਸੁਆਰਥ ਉਤੇ ਸਰਬੋਤਮ ਵਿਜੈ
ਅਤੇ ਬੇਮਿਸਾਲ ਫ਼ਕੀਰੀ ਦੀ ਮਿਸਾਲ ਮੰਨਣਾ ਪਵੇਗਾ। ਇਸ ਕੁਰਬਾਨੀ ਭਰੀ ਜਿੱਤ ਵਿੱਚ ਪੰਥ ਦੇ ਆਤਮਕ ਤੌਰ
ਤੇ ਅਜਿੱਤ ਹੋਣ ਦਾ ਭੇਦ ਸੀ।
ਪੰਥ ਵਲੋਂ ਬੰਦੇ ਦਾ ਤਿਆਗ ਉਸ ਲਈ ਇੱਕ ਰੂਹਾਨੀ ਬਖ਼ਸ਼ਿਸ਼ ਹੋ ਨਿਬੜਿਆ। ਉਸ ਦੀ
ਸ਼ਹਾਦਤ ਦੇ ਹਰ ਪਹਿਲੂ ਨੂੰ ਵਿਚਾਰਣ ਉਪਰੰਤ ਪ੍ਰੋ. ਮਹਿਬੂਬ ਦੀ ਤਰਕਸ਼ੀਲ ਸਿੱਖ ਚੇਤਨਾ ਇਸ ਸਿੱਟੇ
ਉਤੇ ਪਹੁੰਚਦੀ ਹੈ, ਕਿ ਗੁਰਦਾਸ ਨੰਗਲ ਦੇ ਲੰਮੇਂ ਘੇਰੇ ਸਮੇਂ ਬੰਦਾ ਸਿੰਘ ਵਿੱਚ ਕਲਗੀਆਂ ਵਾਲੇ ਦੀ
ਮਹੱਬਤ ਦਾ ਚਸ਼ਮਾ ਇੱਕ ਵਾਰ ਫੇਰ ਫੁਟਿਆ। ਜਿਸ ਵਿਚੋਂ ਉਸ ਦੀ ਪ੍ਰਤਿਭਾ ਦੀਆਂ ਨਿਰਾਕਾਰ ਉਚਾਣਾਂ ਇੱਕ
ਵਾਰ ਮੁੜ ਸ਼ਿੱਦਤ ਵਿੱਚ ਚਮਕੀਆਂ। ਜਿਨ੍ਹਾਂ ਦੀ ਬਦੌਲਤ “ਸ਼ੁਹਰਤਾਂ ਦੇ ਕਬਜ਼ਾ-ਕਰੂ ਵਾਰ ਹੇਠ ਦੱਬੀਆਂ
ਵਸਤਾਂ ਤੇ ਇਨ੍ਹਾਂ ਦੀ ਬੀਮਾਰ ਦੁਨੀਆਂਦਾਰੀ ਨਾਲ ਚਿਮਟੇ ਤੁੱਛ ਇੰਦ੍ਰਿਆਵੀ ਸੁਆਦਾਂ ਦੀਆਂ ਸਤਹੀ
ਖਿੱਚਾਂ ਸਦਾ ਲਈ ਸਿੰਘ-ਆਦਰਸ਼ ਦੀ ਤੇਜ਼ ਰਵਾਨੀ ਦੀ ਭੇਟ ਹੋ ਗਈਆਂ” (ਪ੍ਰੋ. ਮਹਿਬੂਬ 1988: 1072)।
ਉਸ ਦੀ ਚੇਤਨਾ ਦੇ ਧੁਰ ਅੰਦਰ ਸੰਸਾਰ ਦੀਆਂ ਇਕਹਿਰੀਆਂ, ਸਤਹੀ ਅਤੇ ਬਿਨਸਨਹਾਰ ਅਨਾਤਮ
(non-spiritual)
ਚੀਜ਼ਾਂ ਲਈ ਉਪਜੇ ਉਲਾਰ ਮੋਹ ਨੇ ਜਿਥੇ ਪੰਥ ਦੀ ਮੁਖ ਧਾਰਾ
ਨਾਲੋਂ ਤੋੜ ਕੇ ਉਸ ਦੀ ਰੂਹਾਨੀ ਤਾਜ਼ਗੀ ਦਾ ਬਹੁਤ ਨੁਕਸਾਨ ਕੀਤਾ ਸੀ ਉਥੇ ਉਸ ਦੇ ਉਪਜਾਊ ਹਿੱਸੇ ਨੂੰ
ਉਕਾ ਹੀ ਬਰਬਾਦ ਨਹੀਂ ਸੀ ਕੀਤਾ। ਅਰਥਾਤ, ਉਸ ਦੀਆਂ ਸਿਫਤਾਂ ਉਡ ਪੁਡ ਗਈਆਂ ਸਨ, ਤੇ ਇਸ ਲਈ ਉਨ੍ਹਾਂ
ਵਿੱਚ ਜੌਹਰ ਵਿਖਾਉਣ ਦੀ ਤਾਕਤ ਨਿਰੰਤਰ ਨਹੀਂ ਸੀ ਰਹੀ, ਪਰ ਉਹ ਮਰੀਆਂ ਨਹੀਂ ਸਨ। ਸੋ ‘ਬੰਦਾ’ ਸਿੰਘ-ਆਦਰਸ਼
ਵਲ ਆਪਣੀ ਵਫ਼ਾ ਮੁੜ ਸਾਬਤ ਕਰ ਸਕਦਾ ਸੀ।
ਪਰ ਅਜਿਹੀ ਕਾਮਯਾਬੀ ਹਾਸਿਲ ਕਰਨ ਲਈ ਜ਼ਰੂਰੀ ਸੀ ਕਿ ਇੱਕ ਵਾਰ ਉਹ ਆਪਣੇ
ਅਨੁਭਵ ਨੂੰ ਕਲਗੀਧਰ ਦੀ ਮਹੱਬਤ ਦੀ ਸਿਖਰ ਵਿੱਚ ਬਦਲ ਕੇ ਵਿਖਾ ਦੇਵੇ। ਅਜਿਹਾ ਕਰਨ ਲਈ ਉਸ ਸਾਹਮਣੇ
ਸ਼ਹਾਦਤ ਰਾਹੀਂ ਆਪਣੇ ਇਸ਼ਕ ਦੀ ਮੁਕੰਮਲ ਤਰਜ਼ ਅਤੇ ਸਿਦਕ ਦਾ ਅਮੋੜ ਹੜ੍ਹ ਪੈਦਾ ਕਰ ਦੇਣ ਤੋਂ ਸਿਵਾ
ਹੋਰ ਕੋਈ ਰਾਹ ਨਹੀਂ ਸੀ। ਉਹ ਨੂੰ ਅਨੁਭਵ ਹੋ ਗਿਆ ਸੀ ਕਿ ਸਿੰਘ-ਆਦਰਸ਼ ਦੀ ਨਜ਼ਰ ਵਿੱਚ ਪਰਵਾਨ ਹੋ ਕੇ
ਹੀ ਪੁਰਾਣੀ ਬੇਵਫ਼ਾਈ ਨੂੰ ਦੂਰ ਕੀਤਾ ਜਾ ਸਕਦਾ ਹੈ। ਮੁੜ ਪਰਵਾਨ ਹੋਣ ਲਈ ਗੁਰੂ ਵਾਲੇ ਸਿਦਕ ਅਤੇ
ਇਸ਼ਕ ਦੀ ਮੁਕੰਮਲ ਅਜਮਾਇਸ਼ ਦੀ ਲੋੜ ਹੈ, ਜਿਹੜੀ ਕਿ ਮੌਤ ਦੇ ਕਹਿਰ ਦੀ ਪਰਾ-ਸਰੀਰਕ ਸ਼ਿੱਦਤ (ਕਸਕ
intensity) ਰਾਹੀਂ ਹੀ ਸੰਭਵ ਹੋ ਸਕਦੀ ਹੈ।
ਗੁਰਦਾਸ ਨੰਗਲ ਦੇ ਘੇਰੇ ਨਾਲ ਹੀ ਬੰਦਾ ਸਿੰਘ ਦੀ ਸ਼ਹਾਦਤ ਦਾ ਸਫਰ ਸ਼ੁਰੂ ਹੋ
ਜਾਂਦਾ ਹੈ। ਜਿਹੜਾ ਉਸ ਦੇ ਆਖਰੀ ਸੁਆਸਾਂ ਤੱਕ ਸਬਰ ਤੇ ਸਿਦਕ ਦੀ ਇੱਕ ਲੰਮੀ ਦਾਸਤਾਨ ਪੇਸ਼ ਕਰਦਾ
ਹੈ। ਦਸ਼ਮੇਸ਼ ਜੀ ਵਲੋਂ ਪੰਜ ਪਿਆਰਿਆਂ ਦੇ ਰੂਪ ਵਿੱਚ ਬੰਦਾ ਸਿੰਘ ਨਾਲ ਭੇਜੇ ਬਾਬਾ ਬਿਨੋਦ ਸਿੰਘ ਅਤੇ
ਕਾਹਨ ਸਿੰਘ ਨੇ ਘੇਰੇ ਨੂੰ ਚੀਰ ਕੇ ਪਹਾੜਾਂ ਵਲ ਨਿਕਲ ਜਾਣ ਦੀ ਸਲਾਹ ਦਿੱਤੀ, ਪਰ ਬੰਦਾ ਸਿੰਘ ਦਾ
ਤੀਖਣ ਅਮਲ ਨਿਰੋਲ ਸ਼ਹਾਦਤ ਦੇ ਰਾਹ ਵਿੱਚ ਬਦਲ ਚੁਕਿਆ ਸੀ। ਉਸ ਨੇ ਇਹ ਬੇਨਤੀ ਅਪਰਵਾਨ ਕਰ ਦਿੱਤੀ।
ਦੋਵੇਂ ਪੰਜ ਪਿਆਰੇ ਸਰਦਾਰ ਘੇਰਾ ਚੀਰ ਕੇ ਨਿਕਲ ਗਏ। ‘ਗੁਰੂ ਕਾ ਬੰਦਾ’ ਗੁਰਦਾਸ ਨੰਗਲ ਦੀ ਕੰਮਜ਼ੋਰ
ਜੇਹੀ ਗੜ੍ਹੀ ਚੋਂ ਦੁਸ਼ਮਨ ਦੀਆਂ ਫੌਜਾਂ ਦਾ ਟਾਕਰਾ ਕਰਦਾ ਰਿਹਾ। ਘੇਰਾ ਅੱਠ ਮਹੀਨੇ ਤੱਕ ਰਿਹਾ।
ਬੰਦਾ ਸਿੰਘ ਦੀ ਲਿਵ ਪੁਰਾਣੇ ਦਿਨਾਂ ਵਾਂਗ ਹੀ ਇਕਾਗਰ ਹੋ ਗਈ। ਉਸ ਦੀ ਪ੍ਰਤਿਭਾ ਬਲਵਾਨ ਕਾਲ ਵਿੱਚ
ਬਦਲ ਗਈ, ਇੰਨ ਬਿੰਨ ਉਵੇਂ ਹੀ ਜਿਵੇਂ 1981-1984 ਈ ਦੇ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ
ਸਿੰਘ ਭਿੰਡਰਾਂਵਾਲੇ ਵਿਚੋਂ ਗਰਜੀ ਤੇ ਗੂੰਜੀ ਸੀ, ਭਾਵ ਸਿੰਘ-ਆਦਰਸ਼ ਦੀ ਕਸਕ (ਸ਼ਿੱਦਤ) ਉਸ ਵਿੱਚ
ਆਪਣੇ ਸਿਖਰ ਤੇ ਪਹੁੰਚ ਗਈ। “ਉਸ ਨੇ ਸ਼ਮਸ਼ੀਰਾਂ ਦੇ ਵੱਜਦ ਵਿੱਚ ਉਹ ਬਾਰੀਕੀਆਂ ਪੈਦਾ ਕੀਤੀਆਂ, ਕਿ
ਦੁਸ਼ਮਨ ਨੂੰ ਉਸ ਦਾ ਅਮਲ ਪਰਾ-ਸਰੀਰਕ ਸ਼ਕਤੀਆਂ ਨਾਲ ਭਰਪੂਰ ਜਾਪਿਆ। ਅਬਦੁ-ਸਮੱਦ ਦੇ ਚੌਵੀ ਹਜ਼ਾਰ
ਲਸ਼ਕਰ ਅਤੇ ਤੋਪਖਾਨੇ ਉਤੇ ਕੁੱਛ ਸੈਂਕੜੇ ਸਿੰਘਾਂ ਨੇ ਐਸੀ ਸੂਰਮਗਤੀ ਨਾਲ ਵਾਰ ਕੀਤਾ, ਕਿ ਖ਼ਾਫੀ ਖ਼ਾਂ
ਨੂੰ ਮੰਨਣਾਂ ਪਿਆ ‘ਕਾਫਰ ਐਨੇ ਖ਼ੂਨਖ਼ਾਰ ਹੋ ਕੇ ਲੜੇ ਕਿ ਇਸਲਾਮ ਦੇ ਲਸ਼ਕਰ ਬਸ ਹਾਰ ਹੀ ਚਲੇ ਸਨ, ਅਤੇ
ਉਨ੍ਹਾਂ ਨੇ ਮੁੜ ਮੁੜ ਕੇ ਐਸੀ ਸੂਰਮਗਤੀ ਦੇ ਵੱਡੇ ਤੋਂ ਵੱਡੇ ਜੌਹਰ ਵਖਾਏ।’ ਅੱਠ ਮਹੀਨੇ ਦੇ ਲੰਮੇ
ਸਮੇਂ ਤੱਕ ਦੁਸ਼ਮਨ ਇੱਕ ਮਾਮੂਲੀ ਕਿਲਾ ਨਾ ਤੋੜ ਸਕਿਆ। ਕਾਮਵਰ ਖ਼ਾਂ ਬੰਦਾ ਸਿੰਘ ਦੇ ਫੜੇ ਜਾਣ ਤੱਕ
ਦੀ ਦਾਸਤਾਨ ਨੂੰ ਮਨੁੱਖੀ ਅਕਲ ਤੇ ਤਾਕਤ ਤੋਂ ਅਗੇਰੀ ਸ਼ਕਤੀ ਦਾ ਚਮਤਕਾਰ ਮੰਨਦਾ ਹੈ। ਕਿਲੇ ਵਿਚੋਂ
ਪ੍ਰਾਪਤ ਮਾਮੂਲੀ ਜੰਗੀ ਸਾਮਾਨ (ਇਕ ਹਜ਼ਾਰ ਤਲਵਾਰਾਂ, 278 ਢਾਲਾਂ ਵਗੈਰਾ) ਨੂੰ ਵੇਖ ਕੇ ਜਦੋਂ ਉਹ
ਐਡੀ ਬਲਵਾਨ ਹਕੂਮਤ ਨਾਲ ਸਿੰਘਾਂ ਦੀ ਅੱਠ ਮਹੀਨੇ ਦੀ ਲੰਮੀ ਟੱਕਰ ਨੂੰ ਯਾਦ ਕਰਦਾ ਹੈ, ਉਸ ਨੂੰ
ਕਿਸੇ ਕਰਾਮਾਤ ਤੱਕਣ ਵਰਗੀ ਅਸਚਰਜਤਾ ਹੁੰਦੀ ਹੈ।” (ਪ੍ਰੋ. ਮਹਿਬੂਬ 1988: 1073)
ਗੁਰਦਾਸ ਨੰਗਲ ਤੋਂ ਬੰਦਾ ਸਿੰਘ ਬਹਾਦਰ ਅਤੇ 780 ਮਰਜੀਵੜੇ ਸਾਥੀਆਂ ਸਮੇਤ
ਕੈਦ ਕਰਕੇ ਦਿੱਲੀ ਲਿਆਂਦਾ ਗਿਆ, ਸੌ ਸੌ ਦੀ ਗਿਣਤੀ ਦੇ ਹਿਸਾਬ ਸਿੰਘਾਂ ਨੂੰ ਹਰ ਰੋਜ਼ ਕਤਲ ਕੀਤਾ
ਜਾਣ ਲੱਗਾ। ਸਭ ਤੋਂ ਪਿਛੋਂ ਬੰਦਾ ਸਿੰਘ ਦੇ ਕਤਲ ਦੀ ਵਾਰੀ ਆਈ। ਸਭਨਾਂ ਦੀ ਸ਼ਹਾਦਤ ਇੱਕ ਜਿਸਮ ਵਾਂਗ
ਹੋਈ। ਸਭ ਸ਼ਹੀਦਾਂ ਨੇ ਸਿੰਘ-ਆਦਰਸ਼ ਨਾਲ ਕੋਈ ਰਹੱਸਮਈ ਇਕਸੁਰਤਾ ਹਾਸਿਲ ਕੀਤੀ ਹੋਈ ਸੀ। ਤਦ ਹੀ ਇਸ
ਸ਼ਹਾਦਤ ਅੰਦਰ ਕੋਈ ਬਲਵਾਨ ਰੂਹਾਨੀ ਪ੍ਰਭਾਵ ਸੀ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਿੰਘਾਂ ਨੇ ਪਹਿਲੀ
ਵਾਰ ਬੜੇ ਜ਼ੋਰ ਨਾਲ ਸਾਬਤ ਕਰ ਦਿੱਤਾ ਕਿ ਸਿੰਘ ਸ਼ਹਾਦਤ ਪਾਉਂਦਿਆਂ ਕਿਸੇ ਹਠ ਵਿੱਚ ਨਹੀਂ ਹੁੰਦਾ, ਉਹ
ਪੂਰਨ ਵਿਗਾਸ (ਖੇੜੇ) ਦਾ ਰੂਪ ਹੁੰਦਾ ਹੈ। “ਬੰਦਾ ਸਿੰਘ ਦੀ ਸ਼ਹਾਦਤ ਦੇ ਵਿਗਾਸ ਦਾ ਕੁਦਰਤੀਪਨ,
ਭਰਪੂਰਤਾ ਅਤੇ ਜ਼ੋਰ ਸਿੱਖ ਇਤਿਹਾਸ ਵਿੱਚ ਆਪਣਾ ਸਾਨੀ ਨਹੀਂ ਰਖਦੇ। ਉਸ ਦੀ ਸ਼ਹਾਦਤ ਵਿੱਚ ਸੁਕਰਾਤ ਦੀ
ਚੁੱਪ ਅਤੇ ਮਨਸੂਰ ਵਰਗਾ ਇਲਾਹੀ ਜਨੂੰਨ ਇਕੋ ਨੁਕਤੇ ਉਤੇ ਅਭੇਦ ਹੁੰਦਿਆਂ ਇਖ਼ਲਾਕ ਦਾ ਕੋਈ ਨਿਰਾਲਾ
ਪ੍ਰਕਾਸ਼ ਕਰਦੇ ਹਨ। ਉਸ ਦੇ ਵਿਗਾਸ ਉਤੇ ਇੱਕ ਐਸਾ ਸਬਰ ਛਾਇਆ ਹੋਇਆ ਹੈ, ਜਿਸ ਦੀ ਏਕਤਾ ਨੇ ਇਸ਼ਕ ਦੇ
ਅਨੇਕਾਂ ਸਿਰਜਣਾਤਮਈ ਜਜ਼ਬਿਆਂ ਨੂੰ ਥੰਮ੍ਹ ਕੇ ਸਿੱਖ-ਚਰਿੱਤਰ ਨੂੰ ਚਿਰੰਜੀਵ ਤਾਜ਼ਗੀ ਬਖ਼ਸ਼ਣ ਵਾਲੀ
ਅਰਦਾਸ ਵਿੱਚ ਢਾਲ ਰੱਖਿਆ ਹੈ। ਸਭਨਾਂ ਸ਼ਹੀਦਾਂ ਦੀ ਸੋਚਣੀ, ਸਿਮਰਣ, ਉੱਠਣ-ਬੈਠਣਾ ਅਤੇ ਸਾਹ ਲੈਣਾ
ਅਰਦਾਸ ਦੇ ਇਸ ਸੁਰਤਾਲ ਵਿੱਚ ਬੱਝੇ ਹਨ”।
ਬੰਦਾ ਸਿੰਘ ਦੇ ਸ਼ਹਾਦਤ ਵਰਤਾਉਣ ਤੋਂ ਬਹੁਤ ਥੋੜ੍ਹਾ ਸਮਾਂ ਪਹਿਲਾਂ, ਉਸ ਦੀ
ਸ਼ਖ਼ਸੀਅਤ ਦੇ ਆਖਰੀ ਜਲਾਲ ਤੋਂ ਪ੍ਰਭਾਵਤ ਹੋ ਕੇ ਇਹਤਮਾਦੁ-ਦੌਲਾ ਮੁਹੰਮਦ ਅਮੀਨ ਖ਼ਾਂ ਉਸ ਨੂੰ ਤਿੰਨ
ਸਵਾਲ ਕਰਦਾ ਹੈ, ਜਿਨ੍ਹਾਂ ਦੇ ਜਵਾਬ ਬੰਦਾ ਸਿੰਘ ਬੜੇ ਗਹਿਰ-ਗੰਭੀਰ ਧੀਰਜ ਨਾਲ ਦਿੰਦਾ ਹੈ। ਇਹ
ਤਿੰਨੋਂ ਸਵਾਲ-ਜੁਆਬ ਉਸ ਦੀ ਸ਼ਹਾਦਤ ਦੇ ਸਿਦਕ ਦੀ ਅਦ੍ਰਿਸ਼ਟ ਗਤੀ ਤੇ ਉਸ ਦੇ ਸਿੰਘ-ਆਦਰਸ਼ ਵਲ ਲਗਾਉ
ਦੇ ਅੰਤ੍ਰੀਵ ਇਤਿਹਾਸ ਉਤੇ ਚਾਨਣ ਪਾਉਂਦੇ ਹਨ। ਵਜ਼ੀਰ ਨੇ ਪਹਿਲਾ ਪ੍ਰਸ਼ਨ ਕੀਤਾ: “ਤੇਰੇ ਚਿਹਰੇ ਉਤੇ
ਸਿਆਣਪ ਤੇ ਸੂਝ ਦੇ ਚਿਹਨ ਨਜ਼ਰ ਆਉਂਦੇ ਹਨ, ਭਾਵ ਤੂੰ ਸਿਆਣਾ ਸਮਝਦਾਰ ਹੈਂ, ਫਿਰ ਤੂੰ ਕਿਉਂ ਨਹੀਂ
ਆਪਣੇ ਕੀਤੇ ਦੇ ਫਲ ਬਾਰੇ ਸੋਚਿਆ? ਕਿਉਂ ਤੂੰ ਭਿਅੰਕਰ ਪ੍ਰਲੋਕ ਵਾਲੀ ਜ਼ਿੰਦਗੀ ਦੇ ਇਸ ਪੈਂਡੇ ਦੇ
ਨਿੱਕੇ ਜਹੇ ਪੜਾਅ ਵਿੱਚ ਹਿੰਦੂ ਤੇ ਮੁਸਲਮਾਨ ਲੋਕਾਂ ਉਤੇ ਏਡੇ ਤਕੜੇ ਜ਼ੁਲਮ ਤੇ ਨਫ਼ਰਤ ਭਰਪੂਰ ਪਾਪ
ਢਾਹੇ? ਆਪਣੇ ਗ਼ੁਨਾਹ ਦਾ ਖ਼ਿਆਲ ਨਾ ਕੀਤਾ?” ਬੰਦੇ ਨੇ ਬੜਾ ਭਾਵ-ਪੂਰਤ ਜੁਆਬ ਦਿੱਤਾ: “ਦੁਨੀਆਂ ਦੇ
ਕੁੱਲ ਧਰਮਾਂ ਅਤੇ ਫਿਰਕਿਆਂ ਵਿੱਚ ਜਦ ਫ਼ਾਨੀ ਇਨਸਾਨ (ਰੱਬ) ਦੀ ਹੁਕਮ ਅਦੂਲੀ ਤੇ ਬਗ਼ਾਬਤ
ਕਰਨ ਵਿੱਚ ਸਾਰੇ ਹੱਦ ਬੰਨੇ ਟੱਪ ਜਾਂਦਾ ਹੈ, ਤਾਂ ਸ਼ਕਤੀਸ਼ਾਲੀ ਨਿਆਂਕਾਰ (ਰੱਬ) ਉਨ੍ਹਾਂ ਦੇ
ਗੁਨਾਹਾਂ ਦੀ ਸਜ਼ਾ ਦੇਣ ਲਈ ਤੇ ਉਨ੍ਹਾਂ ਦੇ ਕੰਮਾਂ ਦਾ ਯੋਗ ਫਲ ਦੇਣ ਲਈ ਮੇਰੇ ਵਰਗੇ ਡਾਢੇ ਇਨਸਾਨ
ਨੂੰ ਪੈਦਾ ਕਰਦਾ ਹੈ………………… (ਅਤੇ) ਜਦੋਂ ਉਹ ਸੱਚਾ ਰੱਬ ਉਸ ਜ਼ਾਲਮ (ਬਣੇ) ਇਨਸਾਨ ਨੂੰ ਉਸ ਦੇ
ਕੀਤੇ ਦਾ ਫਲ ਦੇਣਾ ਚਾਹੁੰਦਾ ਹੈ, ਤਾਂ ਤੇਰੇ ਵਰਗੇ ਬਲਵਾਨ ਪੁਰਸ਼ ਨੂੰ ਉਸ ਨੂੰ ਕਾਬੂ ਕਰਨ ਲਈ ਭੇਜ
ਦਿੰਦਾ ਹੈ, ਤਾਂ ਜੋ ਇਸ ਦੁਨੀਆਂ ਵਿੱਚ ਹੀ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਵੇ: ਇਹ ਕੁੱਝ ਤੇਰੇ
ਸਾਹਮਣੇ ਵਾਪਰ ਰਿਹਾ ਹੈ।”
ਇਨ੍ਹਾਂ ਤਿੰਨਾਂ ਪ੍ਰਸ਼ਨਾਂ ਦੇ ਉੱਤਰ ਦਸਦੇ ਹਨ ਕਿ ਬੰਦੇ ਨੇ ਭੂਤ ਕਾਲ ਦੇ
ਆਤਮਕ ਸੰਕਟਾਂ ਨੂੰ ਜਿੱਤ ਕੇ ਸਾਬਤ ਦੈਵੀ ਅਨੁਭਵ ਪ੍ਰਾਪਤ ਕਰ ਲਿਆ ਸੀ, ਜਿਨ੍ਹਾਂ ਦਾ ਸਿੰਘ-ਆਦਰਸ਼
ਦੇ ਨਜ਼ਰੀਏ ਤੋਂ ਦਾਰਸ਼ਨਿਕ ਵਿਸ਼ਲੇਸ਼ਣ ਪ੍ਰੋ. ਮਹਿਬੂਬ ਕ੍ਰਮਵਾਰ ਇਉਂ ਕਰਦੇ ਹਨ: ਪਹਿਲੀ ਪ੍ਰਸ਼ਨੋਤਰੀ
ਤੋਂ ਜ਼ਾਹਰ ਹੈ ਕਿ ਬੰਦਾ ਸਿੰਘ ਆਪਣੀ ਸ਼ਹਾਦਤ ਦੇ ਨੇੜੇ ਇੱਕ ਦਾਰਸ਼ਨਿਕ ਬਿਰਤੀ ਵਾਲਾ ਬਿਬੇਕੀ ਪੁਰਸ਼
ਸੀ। ਜਿਸ ਤੱਥ ਦੇ ਆਸਾਰ ਇੱਕ ਆਮ ਦੁਨੀਆਂਦਾਰ ਵਜ਼ੀਰ ਨੂੰ ਵੀ ਉਸ ਦੇ ਚਿਹਰੇ ਉਤੇ ਝੜਦੇ ਜਲਾਲ ਤੇ
ਜਮਾਲ ਵਿਚੋਂ ਨਜ਼ਰ ਆਉਂਦੇ ਸਨ। ਆਮ ਦੁਨੀਆਂਦਾਰੀ ਮਿਆਰਾਂ ਨਾਲ ਉਸ ਨੇ ਕੋਈ ਜ਼ੁਲਮ ਨਹੀਂ ਸੀ ਕੀਤਾ।
ਸਿੰਘ-ਆਦਰਸ਼ ਦੇ ਪਵਿੱਤਰ ਮਾਪ ਉਤੇ ਆਪਣੇ ਆਪ ਨੂੰ ਪਰਖਦਿਆਂ ਉਹ ਆਪਣੇ ਵਲੋਂ ਹੋਈਆਂ ਵਧੀਕੀਆਂ ਦਾ
ਇਕਬਾਲ ਕਰਦਾ ਹੈ। ਉਂਝ ਜੋ ਜੋ ਵੀ ਜੰਗਾਂ ਗੁਰੂ-ਲਿਵ ਤੋਂ ਜਾਂ ਚੇਤਨਾ ਦੇ ਆਤਮਕ ਮਾਹੌਲ ਤੋਂ ਬਾਹਰ
ਹੋਕੇ ਲੜੀਆਂ ਜਾਣ ਸਿੰਘ-ਆਦਰਸ਼ ਦੇ ਕੋਮਲ ਅਨੁਭਵ ਤੇ ਨਿਰਪੱਖ ਨਿਆਂ ਦੀ ਭਾਵਨਾ ਕੋਲੋਂ ਉਸ ਵਿੱਚ ਮੋਏ
ਹਰ ਇਨਸਾਨ ਦੀ ਕੀਮਤ ਪਛਤਾਵੇ ਅਤੇ ਕੁਰਬਾਨੀ ਦੀ ਸ਼ਕਲ ਵਿੱਚ ਮੰਗਦਾ ਹੈ।
ਦੂਸਰੀ ਪ੍ਰਸ਼ਨੋਤਰੀ ਦੱਸਦੀ ਹੈ, ਕਿ ਬੰਦੇ ਨੇ ਗੁਰੂ ਬਖ਼ਸ਼ਿਸ਼ ਦੇ ਤਾਲ ਨੂੰ
ਤੋੜਿਆ ਸੀ ਜਿਸ ਦੇ ਟੁੱਟਣ ਨਾਲ ਹੀ ਉਸ ਦਾ ਦੁਨੀਆਂਦਾਰੀ ਅਮਲ ਦਾ ਤਾਲ ਵੀ ਟੁੱਟ ਗਿਆ ਸੀ। ਭਾਵ,
ਗੁਰੂ ਨੇ ਹੀ ਬੰਦੇ ਦੀ ਦੁਨੀਆਂ ਨਾਲ ਸਾਂਝ ਪੁਆਈ ਸੀ। ਗੁਰੂ-ਬਖ਼ਸ਼ਿਸ਼ ਦੇ ਸਾਥ ਹੀ ਉਸ ਨੇ ਦੁਨੀਆਂ ਦਾ
ਸੁਆਦ ਚੱਖਿਆ ਸੀ। ਸੋ ਇਸ ਦਾ ਸਾਥ ਛੱਡ ਕੇ ਇਕੱਲੀ ਦੁਨੀਆਂ ਨਾਲ ਉਸ ਦਾ ਸੰਤੁਸ਼ਟ ਹੋਣਾ ਅਸੰਭਵ ਸੀ।
ਉਤਰ ਦੇਣ ਸਮੇਂ ਉਹ ਬਖ਼ਸ਼ਿਸ਼ ਦੇ ਘਰ ਮੁੜ ਆਇਆ ਹੈ, ਤੇ ਇੱਕ ਤਿੱਖਾ ਸਕੂਨ ਭਰਿਆ ਅਹਿਸਾਸ ਹਿੱਕੜੀ ਚ
ਸਾਂਭੀ ਬੈਠਾ ਹੈ ਕਿ ਗੁਰੂ ਤੋਂ ਵਿਛੜ ਕੇ ਮੁੜ ਮਿਲਣ ਦੀ ਕੀਮਤ ਸ਼ਹਾਦਤ ਹੈ। ਸ਼ਹਾਦਤ ਦਾ ਤੇਜ਼ ਅਹਿਸਾਸ
ਤੇ ਅਝੱਲ ਸੇਕ ਬੰਦੇ ਦੀ ਰੂਹ ਤੇ ਜਿਸਮ ਦੇ ਆਰ ਪਾਰ ਅਦ੍ਰਿਸ਼ਟ ਜਲਾਲ ਥਾਣੀਂ ਦਮਕਾਂ ਮਾਰਦਾ ਸੀ। ਜਿਸ
ਦੇ ਪਰਾ-ਸਰੀਰਕ ਪਰ ਅਮਿੱਟ ਪ੍ਰਭਾਵ ਨੂੰ ਵਜ਼ੀਰ ਨੇ ਇੱਜ਼ਤ, ਭੈਅ ਤੇ ਸ਼ੰਕੇ ਦੇ ਮਿਲੇ ਜੁਲੇ ਭਾਵਾਂ
ਨਾਲ ਕਬੂਲ ਕੀਤਾ ਸੀ। ਇਉਂ ਹੀ ਤੀਸਰੀ ਪ੍ਰਸ਼ਨੋਤਰੀ ਤੋਂ ਜ਼ਾਹਰ ਹੈ ਕਿ “ਗੁਰੂ ਦੀ ਦੈਵੀ ਪ੍ਰਤੀਤੀ
ਪਿੱਛੋਂ ਬੰਦਾ ਪਰਾ-ਸਰੀਰਕ (Beyond body)
ਚਮਤਕਾਰਾਂ ਨੂੰ ਨਿਗੂਣੀ ਸੰਸਾਰੀ ਤ੍ਰਿਸ਼ਨਾ ਤੋਂ ਵੱਧ ਕੁੱਝ ਨਹੀਂ ਸਮਝਦਾ। ਸਿੰਘ-ਆਦਰਸ਼ ਦੀ ਪ੍ਰਾਪਤੀ
ਦੇ ਮੁਕਾਬਲੇ ਵਿੱਚ ਪਰਾ-ਸਰੀਰਕ ਚਮਤਕਾਰ ਤੁੱਛ ਹਉਮੈ ਦੀ ਪ੍ਰਦਰਸ਼ਨੀ ਹਨ। ਗੁਰੂ-ਲਿਵ ਦੀ ਪੂਰਨ
ਪ੍ਰਤੀਤੀ ਹਾਸਿਲ ਕਰਨ ਦੀ ਥਾਂ ਜਾਨ ਬਚਾਉਣ ਲਈ ਇਨ੍ਹਾਂ ਦੀ ਵਰਤੋਂ ਕਰਨੀ ਹੋਰ ਵੀ ਹਾਸੋ ਹੀਣੀ ਗੱਲ
ਹੈ। ਇੰਞ ਸ਼ਹਾਦਤ ਦੀ ਪਾਕ ਨਿਰਾਕਾਰ ਅਗਨੀ ਵਿੱਚ ਬੰਦੇ ਦੀ ਤਾਂਤਰਿਕ ਚੇਤਨਾ ਦਾ ਨਾਮੋ-ਨਿਸ਼ਾਨ ਆਖ਼ਰੀ
ਰੂਪ ਵਿੱਚ ਮਿਟ ਜਾਂਦਾ ਹੈ।”
ਇਸ ਲਈ ਬੰਦੇ ਦੀ ਸ਼ਹਾਦਤ ਦੁਨੀਆਂ ਦੀਆਂ ਸਿਰਤਾਜ ਸ਼ਹਾਦਤਾਂ ਵਿੱਚ ਸ਼ੁਮਾਰ
ਰਖਦੀ ਹੈ ਕਿਉਂਕਿ ਉਸ ਨੂੰ ਪੈਦਾ ਕਰਨ ਵਾਲਾ ਅਧਿਆਤਮਕ ਤਰਕ ਆਪਣੀ ਮਿਸਾਲ ਆਪ ਹੈ। ਇਸ ਤਰਕ ਵਿੱਚ
ਜ਼ਿੰਦਗੀ ਦੀਆਂ ਅਕੱਥ ਗਹਿਰਾਈਆਂ ਤਕ ਜਾ ਸਕਣ ਦੀ ਸਮਰੱਥਾ ਹੈ। ਬੰਦੇ ਲਈ ਮੁਹੱਬਤ, ਦਰਿਆ ਦਿਲੀ,
ਬੇਪਰਵਾਹੀ, ਸਿਦਕ, ਸਬਰ, ਸ਼ੁਕਰ, ਖ਼ਿਆਲ ਦੀ ਧੁਰ ਸਾਦਗੀ ਅਤੇ ਦਾਰਸ਼ਨਿਕ ਸੰਜੀਦਗੀ ਵਰਗੀਆਂ ਸਿਫਤਾਂ
ਗੁਰੂ ਦਾ ਆਤਮਕ ਮਿਲਾਪ ਹਾਸਿਲ ਕਰਨ ਲਈ ਬਹੁਤ ਜ਼ਰੂਰੀ ਹਨ। ਸੋ ਗੁਰੂ ਵੇਖਣ ਦੀ ਤ੍ਰਿਖਾ ਅਧੀਨ ਬੰਦਾ
ਸਿੰਘ ਇਨ੍ਹਾਂ ਸਿਫਤਾਂ ਨੂੰ ਮੌਤ ਦੇ ਕੰਢੇ ਤਕ ਖਿੱਚ ਲਿਆਇਆ। ਉਸ ਲਈ ਪਛਤਾਵੇ ਦਾ ਮਤਲਬ ਮੌਤ ਦੀ
ਤਿੱਖੀ ਧਾਰ ਨੂੰ ਛੋਹ ਕੇ ਸੰਪੂਰਨ ਹੋਣਾ ਸੀ। ਇਹ ਅਮਲ ਉਸ ਨੇ ਬਹੁਤ ਜਲਾਲ ਵਿੱਚ ਆ ਕੇ ਕੀਤਾ।
ਇਨ੍ਹਾਂ ਸਿਫਤਾਂ ਵਿੱਚ ਕੋਈ ਅਕਹਿ ਤੀਬਰਤਾ, ਗਹਿਰਾਈ ਤੇ ਜੋਸ਼ ਭਰ ਦਿੱਤਾ। ਬੰਦੇ ਦੀ ਦੈਵੀ ਪ੍ਰਤੀਤੀ
ਦਾ ਪਾਕ ਨਿਯਮ ਮੌਤ ਦੇ ਛਿਣ ਤੇ ਜ਼ਿੰਦਗੀ ਨੂੰ ਇੱਕ ਕਰ ਦਿੰਦਾ ਹੈ, ਵੱਖ ਵੱਖ ਨਹੀਂ ਰਹਿਣ ਦਿੰਦਾ।
ਉਹ ਗੁਰੂ-ਲਿਵ ਵਿੱਚ ਉਠੇ ਜ਼ਿੰਦਗੀ ਦੇ ਵਿਗਾਸ ਨੂੰ ਅਟੱਲ ਤੇ ਅਗਮ-ਅਗੋਚਰ ਸਾਬਤ ਕਰਨ ਲਈ ਹੀ ਮੌਤ ਦੇ
ਕੰਢੇ ਆਇਆ ਸੀ।
ਇੰਞ ਸ਼ਹਾਦਤਾਂ ਦੇ ਸਦਾਚਾਰਕ ਪ੍ਰਸੰਗ ਨੇ ਇੱਕ ਅਲੌਕਿਕ ਮਿਥਿਹਾਸਿਕ ਰੰਗਣ
ਪ੍ਰਾਪਤ ਕਰ ਲਈ। ਇਹੋ ਕਾਰਨ ਹੈ ਕਿ ਖ਼ਾਫੀ ਖ਼ਾਂ ਤੇ ਹੋਰ ਸਮਕਾਲੀ ਇਤਿਹਾਸਕਾਰ ਬੰਦਾ ਸਿੰਘ ਅਤੇ ਉਸ
ਦੇ ਸਾਥੀ ਸ਼ਹੀਦਾਂ ਦੇ ਇਖ਼ਲਾਕੀ ਪਹਿਲੂ ਵੇਖ-ਸੁਣਕੇ ਸੱਚ ਨਾਂਹ ਆਉਣ ਦੀ ਅਵੱਸਥਾ ਤਕ ਹੈਰਾਨ ਹੁੰਦੇ
ਹਨ। ਖ਼ਾਫੀ ਖ਼ਾਂ ਇੱਕ ਸਿੱਖ ਬੱਚੇ ਦਾ ਅੱਖੀਂ ਡਿੱਠਾ ਬਿਰਤਾਂਤ ਭੈ-ਭਰੀ ਹੈਰਾਨੀ ਵਿੱਚ ਬਿਆਨ ਕਰਦਾ
ਹੈ। ਉਸਦੀ ਅੱਖੀਂ ਡਿੱਠੀ ਸਾਖੀ ਤੋਂ ਸਾਫ ਪ੍ਰਗਟ ਹੈ ਕਿ ਬਾਦਸ਼ਾਹ ਫ਼ਰਖ਼ਸੀਅਰ ਵਲੋਂ ਬਰੀ ਕੀਤਾ
ਸਿੰਘ-ਬੱਚਾ ਮਾਂ ਦੇ ਤਰਲੇ ਕਰਦਿਆਂ ਉਸ ਦੇ ਜਜ਼ਬਾਤ ਤੇ ਲਹੂ ਦੇ ਰਿਸ਼ਤੇ ਨੂੰ ਠੁਕਰਾ ਦਿੰਦਾ ਹੈ, ਅਤੇ
ਬੜੇ ਜੋਸ਼ ਤੇ ਵੱਜਦ ਵਿੱਚ ਜਲਾਦ ਦੀ ਤੇਗ਼ ਕੋਲੋਂ ਮਲੋ-ਮੱਲੀ ਸ਼ਹਾਦਤ ਦਾ ਇਲਾਹੀ ਸੁਆਦ ਚੱਖ ਲੈਂਦਾ
ਹੈ। ਉਸ ਦੀ ਜਾਨ ਬਚਾਉਣ ਲਈ ਤਰਲੇ ਘੱਤਦੀ ਮਾਂ ਬੱਚੇ ਦੇ ਅਨੁਭਵ ਵਿੱਚ ਸਿੰਘ-ਆਦਰਸ਼ ਦੇ ਸਾਹਮਣੇ
ਕਿਸੇ ਸੰਸਾਰੀ ਸੁਆਰਥ ਦੀ ਪ੍ਰਤੀਕ ਬਣ ਕੇ ਰਹਿ ਗਈ ਸੀ।
ਇਉਂ, ਜ਼ਿੰਦਗੀ ਦੇ ਖਰੂਦੀ ੳਤਾਰ-ਚੜ੍ਹਾਵਾਂ ਪਿੱਛੋਂ ਸਿੰਘ-ਆਦਰਸ਼ ਨਾਲ ਪੂਰਨ
ਇਕਸੁਰਤਾ ਪ੍ਰਾਪਤ ਕਰਕੇ ਬੰਦੇ ਨੇ ਮੌਤ ਨੂੰ ਰੂਹਾਨੀ ਕੀਮਤਾਂ ਦਾ ਸੁਨੇਹਾ ਦਿੱਤਾ, ਤੇ ਅਮਲ ਦੀ ਇਸ
ਟਕਸਾਲ ਵਿੱਚ ਸੱਚੇ-ਸੁੱਚੇ ਇਖ਼ਲਾਕ ਦੇ ਸੰਕਲਪ ਨੂੰ ਢਾਲਿਆ।
|
. |