.

ਪੰਜਾਬੀ ਵਿੱਚ ਲੇਖ ਲਿਖਣ ਵਾਲੇ ਲੇਖਕਾਂ ਲਈ ਬੇਨਤੀ
ਸਤਿੰਦਰਜੀਤ ਸਿੰਘ

ਪੰਜਾਬੀ ਵਿੱਚ ਲੇਖ ਕਹਾਣੀਆਂ, ਕਵਿਤਾਵਾਂ ਜਾਂ ਹੋਰ ਰਚਨਾਵਾਂ ਲਿਖਣ ਵਾਲੇ ਸਾਰੇ ਲੇਖਕਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਣੀਆਂ ਲਿਖਤਾਂ ਨਾਲ ਸਮਾਜ ਨੂੰ ਇੱਕ ਨਵਾਂ ਅਤੇ ਉੱਚੇ ਇਖਲਾਕ ਦਾ ਸੁਨੇਹਾ ਦੇਣਾ ਸਾਡਾ ਫ਼ਰਜ਼ ਹੈ ਉੱਥੇ ਹੀ ਪੰਜਾਬੀ ਭਾਸ਼ਾ ਦੇ ਸਰੂਪ ਨੂੰ ਸਹੀ ਅਤੇ ਅਸਲੀ ਰੂਪ ਵਿੱਚ ਬਰਕਰਾਰ ਰੱਖਣਾ ਵੀ ਸਾਡਾ ਫ਼ਰਜ਼ ਹੈ। ਮਾਖਿਉਂ ਮਿੱਠੀ ਬੋਲੀ, ਪੰਜਾਬੀ ਦੀ ਹਾਲਾਤ ਅੱਜ ਦੇ ਸਮੇਂ ਬਹੁਤ ਹੀ ਮਾੜੀ ਹੈ, ਜਿੱਥੇ ਜ਼ਿਆਦਾਤਰ ਪੰਜਾਬੀ ਖੁਦ ਇਸਨੂੰ ਬੋਲਣ 'ਤੇ ਸ਼ਰਮ ਮਹਿਸੂਸ ਕਰਨ ਲੱਗੇ ਹਨ ਉੱਥੇ ਹੀ ਅਣਜਾਣੇ ਵਿੱਚ ਵਿਆਕਰਨ ਦੇ ਤੌਰ 'ਤੇ ਬਹੁਤ ਗਲਤੀਆਂ ਹੋ ਰਹੀਆਂ ਹਨ, ਜਿਸ ਕਾਰਨ ਸਮੁੱਚੀ ਭਾਸ਼ਾ ਦਾ ਸਰੂਪ ਵਿਗੜ ਗਿਆ ਹੈ। ਪੰਜਾਬੀ ਅਖਬਾਰ ਜਾਂ ਪੰਜਾਬੀ ਟੀ.ਵੀ. ਚੈਨਲਾਂ ‘ਤੇ ਪੰਜਾਬੀ ਸ਼ਬਦ ਜੋੜਾਂ ਵਿੱਚ ਅਨੇਕਾਂ ਗਲਤੀਆਂ ਦੇਖਣ ਨੂੰ ਮਿਲਦੀਆਂ ਹਨ। ਇਹਨਾਂ ਗਲਤੀਆਂ ਨਾਲ ਮਾਂ-ਬੋਲੀ ਪੰਜਾਬੀ ਦਾ ਮੁਹਾਂਦਰਾ ਭੱਦਾ ਜਿਹਾ ਹੋ ਗਿਆ ਹੈ।
'ਅੱਧਕ' (ੱ) ਤਾਂ ਗੁਆਚ ਹੀ ਗਿਆ ਹੈ, 'ਬਿੰਦੀ' (ਂ) ਵੀ ਕਦੇ-ਕਦੇ ਹੀ ਦਿਸਦੀ ਹੈ, ਸਿਹਾਰੀ (ਿ) ਅਤੇ ਬਿਹਾਰੀ (ੀ) ਇੱਕ-ਦੂਜੇ ਨਾਲ ਪਾਸਾ ਬਦਲ ਦੀਆਂ ਜਾ ਰਹੀਆਂ ਹਨ, ਔਂਕੜ (ੁ) ਅਤੇ ਦੁਲੈਂਕੜ (ੂ) ਵੀ ਥਾਂ ਬਦਲਦੇ ਦੇਖੇ ਗਏ ਹਨ...ਇਹ ਸਭ ਕਿਸੇ ਇੱਕ ਖਾਸ ਲੇਖਕ ਦੀਆਂ ਰਚਨਾਵਾਂ ਵਿੱਚ ਹੀ ਨਹੀਂ ਬਲਕਿ ਤਕਰੀਬਨ ਹਰ ਥਾਂ ਦੇਖਣ ਨੂੰ ਮਿਲਦਾ ਹੈ। ਹੋਰ ਤਾਂ ਹੋਰ ਅੱਜ-ਕੱਲ੍ਹ ਇੱਕ ਨਵਾਂ ਰੁਝਾਨ ਸਾਡੀ ਭਾਸ਼ਾ ਦੇ ਵਿਹੜੇ ਆ ਖੜ੍ਹਾ ਹੋਇਆ ਹੈ ਜਿਸ ਵਿੱਚ ਕਿਸੇ ਵੀ ਖ਼ਾਸ ਨਾਂਵ ਜਾਂ ਸ਼ਬਦ ਨੂੰ ਇਕਹਿਰੇ ਪੁੱਠੇ ਕੌਮਿਆਂ ('...') ਦੀ ਬਜਾਏ ਦੂਹਰੇ ਪੁੱਠੇ ਕੌਮਿਆਂ ("...") ਵਿੱਚ ਲਿਖਣ ਦਾ ਦੌਰ ਸ਼ੁਰੂ ਹੋਇਆ ਹੈ, ਜਦਕਿ ਇਹ ਸਭ ਜਾਣਦੇ ਹਨ ਕਿ ਦੂਹਰੇ ਪੁੱਠੇ ਕੌਮਿਆਂ ਨੂੰ ਕਿਸੇ ਦੀ ਕਹੀ ਹੋਈ ਗੱਲ ਨੂੰ ਹੂਬਹੂ ਲਿਖਣ ਲਈ ਵਰਤਿਆ ਜਾਂਦਾ ਹੈ, ਜਾਂ ਕਿਸੇ ਪ੍ਰੀਭਾਸ਼ਾ ਨੂੰ ਲਿਖਣ ਲਈ ਪਰ ਇਸ ਸਭ ਦੇ ਬਾਵਜੂਦ ਇਹ ਗਲਤੀਆਂ ਹੋ ਰਹੀਆਂ ਹਨ।
ਇਸਦਾ ਇੱਕ ਕਾਰਨ ਕੰਮਪਿਊਟਰ ‘ਤੇ ਪੰਜਾਬੀ ਲਿਖਣ ਲਈ ਪੂਰੀ ਮੁਹਾਰਤ ਨਾ ਹੋਣਾ ਵੀ ਹੈ। ਸੋਸ਼ਲ ਸਾਇਟਸ ‘ਤੇ ਲਿਖਣ ਲਈ ਜਾਂ ਫਿਰ ਵੈਸੇ ਹੀ ਪੰਜਾਬੀ ਲਿਖਣ ਲਾਈ ਬਹੁਤ ਸਾਰੇ ਸੱਜਣ ‘ਗੂਗਲ’ ਵੱਲੋਂ ਬਣਾਏ ਸਾਫਟਵੇਅਰ ਦੀ ਵਰਤੋਂ ਕਰਦੇ ਹਨ, ਇਹ ਸਾਫਟਵੇਅਰ ਵਧੀਆ ਹੈ ਪਰ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਜੋੜ ਇਸ ਦੀ ਪੂਰੀ ਮੁਹਾਰਤ ਜਾਂ ਇਸ ਵਿੱਚ ਰਹਿ ਗਈਆਂ ਕਮੀਆਂ ਕਾਰਨ ਗਲਤ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ‘ਪੰਜਾਬੀ ਯੂਨੀਕੋਡ ਕੀ-ਬੋਰਡ’ ਡਾਊਨਲੋਡ ਕਰੋ ਅਤੇ ਕੀ-ਬੋਰਡ ਦੇ ਬਟਨਾਂ ਨੂੰ ਪੰਜਾਬੀ ਵਿੱਚ ਲਿਖਣ ਲਈ ਥੋੜ੍ਹੇ ਜਿਹੇ ਅਭਿਆਸ ਦੀ ਜ਼ਰੂਰਤ ਹੈ। ਸ਼ੁਰੂਆਤ ਵਿੱਚ ਥੋੜ੍ਹੀ ਮੁਸ਼ਕਿਲ ਜ਼ਰੂਰ ਹੁੰਦੀ ਹੈ ਪਰ ਅਭਿਆਸ ਨਾਲ ਸਿੱਖਿਆ ਜਾ ਸਕਦਾ ਹੈ, ਇਹ ਕੰਮ ਕੋਈ ਜ਼ਿਆਦਾ ਮੁਸ਼ਕਿਲ ਨਹੀਂ। ‘ਅਨਮੋਲ ਲਿੱਪੀ’ ‘ਤੇ ਅਧਾਰਿਤ ਕੀ-ਬੋਰਡ ਡਾਊਨਲੋਡ ਕਰੋ ਜੋ ਕਿ ਬਹੁਤ ਆਸਾਨ ਹੈ।
ਮੈਂ ਵੀ ਵਿਆਕਰਨ ਵਿੱਚ ਬਹੁਤੀ ਮੁਹਾਰਤ ਨਹੀਂ ਰੱਖਦਾ ਪਰ ਮੋਟੇ ਤੌਰ 'ਤੇ ਹੋ ਰਹੀਆਂ ਗਲਤੀਆਂ ਦੇਖ ਕੇ ਮਨ ਨੂੰ ਤਕਲੀਫ ਹੋਈ ਕਿ ਮਾਤ-ਭਾਸ਼ਾ ਦਾ ਮੁਹਾਂਦਰਾ ਵਿਗੜਦਾ ਜਾ ਰਿਹਾ ਹੈ। ਮੇਰੀਆਂ ਲਿਖਤਾਂ ਵਿੱਚ ਵੀ ਜੇਕਰ ਕੋਈ ਗਲਤੀ ਹੁੰਦੀ ਹੈ ਤਾਂ ਜ਼ਰੂਰ ਦੱਸੋ ਤਾਂ ਜੋ ਉਸਨੂੰ ਅੱਗੇ ਲਈ ਸੁਧਾਰ ਸਕਾਂ। ਸਭ ਨੂੰ ਬੇਨਤੀ ਹੈ ਕਿ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੋ ਰਹੀਆਂ ਗਲਤੀਆਂ ਨੂੰ ਸੁਧਾਰੀਏ।




.