ਹਰਿ ਬਿਸਰਤ ਸਦਾ ਖੁਆਰੀ ॥
ਸਤਿੰਦਰਜੀਤ ਸਿੰਘ
ਅੱਜ ਦੇ ਇਸ ਤੇਜ਼ ਰਫ਼ਤਾਰ ਸਮੇਂ ਵਿੱਚ ਮਨੁੱਖ ਕੋਲ ਸਮਾਂ ਬਹੁਤ ਘੱਟ ਹੈ
ਕਿਉਂਕਿ ਸਭ ਨੂੰ ਆਪੋ-ਧਾਪੀ ਪਈ ਹੈ ਅਤੇ ਇਸ ਆਪੋ-ਧਾਪੀ ਦਾ ਸਭ ਤੋਂ ਵੱਡਾ ਕਾਰਨ ਹੈ ਗੁਰੂ ਨਾਨਕ
ਸਾਹਿਬ ਦੁਆਰਾ ਦਿੱਤੇ ਉਪਦੇਸ਼, ਸਿੱਖਿਆ ਅਤੇ ਸਿਧਾਂਤ ਨਾਲੋਂ ਟੁੱਟ ਜਾਣਾ ਅਤੇ ਸਵਾਰਥੀ ਅਤੇ ਲਾਲਚੀ
ਪ੍ਰਵਿਰਤੀ ਦਾ ਸ਼ਿਕਾਰ ਹੋ ਕੇ ‘ਮਾਇਆ’ ਭਾਵ ਪੈਸੇ ਅਤੇ ਸ਼ੌਹਰਤ ਦਾ ਗੁਲਾਮ ਬਣ ਜਾਣਾ। ਇਸ ਪੈਸੇ ਦੀ
ਦੌੜ ਵਿੱਚ ਅੱਵਲ ਆਉਣ ਦੀ ਕੋਸ਼ਿਸ਼ ਵਿੱਚ ਗੁਆਚ ਜਾਣ ਕਾਰਨ ਜਿੱਥੇ ਸਮਾਜਿਕ ਰਿਸ਼ਤੇ ਕਮਜ਼ੋਰ ਹੋਏ ਹਨ
ਉੱਥੇ ਹੀ ਪਰਿਵਾਰਕ ਰਿਸ਼ਤੇ ਵੀ ਤਿੜਕੇ ਹਨ, ‘ਖੂਨ ਪਾਣੀ ਬਣ ਗਿਆ ਹੈ’। ਇਸ ਪੈਸੇ ਦੀ ਦੌੜ ਨੂੰ
ਜਿੱਤਣ ਲਈ ਭਰਾ ਹੀ ਭਰਾ ਨੂੰ ਇਸ ਦੌੜ ਵਿੱਚੋਂ ‘ਹਟਾ’ ਰਹੇ ਹਨ। ਰੋਜ਼ਾਨਾ ਅਖ਼ਬਾਰਾਂ ਵਿੱਚ ਇਹ
ਖ਼ਬਰਾਂ ਦਿਸਦੀਆਂ ਹਨ। ਕਰੋੜਪਤੀ ਭਰਾਵਾਂ ਵਿੱਚ ਹੋਇਆ ਦੁੱਖਦਾਈ ਖੂਨੀ ਦੌਰ ਜਿਸ ਵਿੱਚ ਦੋਨੋਂ ਮਾਰੇ
ਗਏ, ਸਭ ਦੇ ਸਾਹਮਣੇ ਹੈ। ਇਹ ਘਟਨਾ ਬਹੁਤ ਹੀ ਦੁੱਖਭਰੀ ਸੀ ਪਰ ਕਾਰਨ ਇਸ ਪਿੱਛੇ ਵੀ ਪੈਸਾ ਹੀ ਸੀ।
ਨੀਵੇਂ ਕਿਰਦਾਰ ਅਤੇ ਸ਼ੌਹਰਤ ਦੀ ਅੱਗ ਵਿੱਚ ਹੀ ਇੱਕ ਬਾਪ ਆਪਣੀ ਧੀ ਦੀ ਇੱਜ਼ਤ ਲਈ ਗਲਤ ਸੋਚ ਦੇ
ਗੁਲਾਮ ਲੋਕਾਂ ਦੀ ਭੀੜ ਹੱਥੋਂ ਮਾਰਿਆ ਜਾਂਦਾ ਹੈ। ਲੋਕ ਮਾਇਆ ਦੇ ਮੋਹ ਵਿੱਚ ਫਸ ਕੇ ਸਵਾਰਥੀ ਅਤੇ
ਐਸ਼ਪ੍ਰਸਤੀ ਦਾ ਸ਼ਿਕਾਰ ਹੋ ਗਏ ਹਨ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਭੁਲਾ ਚੁੱਕੇ ਹਨ।
ਤਾਕਤਵਰ ਅਤੇ ਰਸੂਖਵਾਨ ਲੋਕ ਪੈਸੇ ਦੀ ਦੌੜ ਵਿੱਚ ਜਿੱਥੇ ਇੱਕ ਦੂਸਰੇ ਤੋਂ ਅੱਗੇ ਲੰਘਣ ਲਈ ਜ਼ੋਰ ਲਗਾ
ਰਹੇ ਹਨ ਉੱਥੇ ਹੀ ਹੇਠਲੇ ਤਬਕੇ ਦੇ ਲੋਕ ਦੋ ਡੰਗ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਉੱਪਰ ਵਾਲੇ
ਹੇਠਾਂ ਵੱਲ ਨੂੰ ਨਹੀਂ ਦੇਖਦੇ ਸਗੋਂ ਉਹਨਾਂ ਦੀ ਅਰਮਾਨਾਂ ਦੀ ਸੰਘੀ ‘ਤੇ ਪੈਰ ਰੱਖ ਕੇ ਅੱਗੇ ਵਧਦੇ
ਜਾਂਦੇ ਹਨ। ਕਿਸੇ ਦੀ ਤਰੱਕੀ ਦੇਖ ਕੇ ਕੋਈ ਖੁਸ਼ ਨਹੀਂ। ਲੋਕ ਆਪਣੇ ਅੰਦਰ ਹੀ ਈਰਖਾ ਦਾ ਜ਼ਹਿਰ ਪਾਲ
ਰਹੇ ਹਨ, ਕਰੋੜਾਂ ਰੁਪਇਆ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਸਕੂਨ ਅਤੇ ਸੰਤੁਸ਼ਟੀ ਨਹੀਂ ਮਿਲੀ, ਸਗੋਂ
ਇਹ ਭੁੱਖ ਹੋਰ ਵੱਧਦੀ ਜਾਂਦੀ ਹੈ। ਸਮਾਜ ਦੀ ਸੋਚ ਇਸ ਕਦਰ ਬਦਲ ਗਈ ਹੈ ਕਿ ਖੁਸ਼ੀ ਮਿਲਣ ‘ਤੇ
ਦੋਸਤਾਂ-ਰਿਸ਼ਤੇਦਾਰਾਂ ਨੂੰ ਖੁਸ਼ ਕਰਨ ‘ਤੇ ਫੋਕੀ ਵਾਹ-ਵਾ ਖੱਟਣ ਲਈ ਮਾਸ ਅਤੇ ਸ਼ਰਾਬ ਦਾ ਦੌਰ ਸਭ
ਨਾਲੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ‘ਤੇ ਜੇ ਕਦੇ ਕੋਈ ਤਕਲੀਫ ਆ ਜਾਵੇ ਤਾਂ ਸਾਰੇ ਦੋਸਤ-ਰਿਸ਼ਤੇਦਾਰ
ਭੁੱਲ ਕੇ ਪ੍ਰਮਾਤਮਾ ਨੂੰ ਉਲਾਭ੍ਹਾ ਸਭ ਨਾਲੋਂ ਪਹਿਲਾਂ...! ਇਸ ਤਰ੍ਹਾਂ ਪ੍ਰਮਾਤਮਾ ਨਾਲੋਂ ਟੁੱਟ
ਕੇ ਲੋਕਾਂ ਨੇ ਖੁਆਰ ਤਾਂ ਹੋਣਾ ਹੀ ਹੈ। ਗੁਰ ਫੁਰਮਾਨ ਹੈ:
ਟੋਡੀ ਮਹਲਾ ੫ ॥
ਹਰਿ ਬਿਸਰਤ ਸਦਾ ਖੁਆਰੀ ॥
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥
{ਪੰਨਾ 711-712}
ਅਰਥ: ਹੇ
ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ
ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ
ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ
ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ
ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)। (ਸਿਮਰਨ ਤੋਂ ਵਾਂਜਿਆ
ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ
ਹਾਰ ਕੇ ਹੀ ਜਾਂਦਾ ਹੈ।੧।
ਬਹੁਤ ਘੱਟ ਅਜਿਹੇ ਲੋਕ ਹਨ ਜੋ ਉਸ ਦਾਤਾਂ ਦੇਣ ਵਾਲੇ ਪ੍ਰਮਾਤਮਾ ਦਾ ਨਾਮ
ਸਿਮਰਦੇ ਹਨ, ਇਹਨਾਂ ਉੱਤੇ ਪ੍ਰਮਾਤਮਾ ਦੀ ਹੀ ਮਿਹਰ ਹੁੰਦੀ ਹੈ ‘ਤੇ ਉਹ ਸਦਾ ਉਸ ਨਾਲ ਜੁੜੇ ਰਹਿੰਦੇ
ਹਨ:
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
{ਪੰਨਾ 711-712}
ਅਰਥ: ਹੇ ਨਾਨਕ!
(ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ
ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ
ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨।
ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟ ਕੇ ਜੋ ਵੀ ਆਪਣੇ ਮਨ ਦੀ ਕਰਦਾ ਹੈ ਉਹ ਅੰਤ
ਦੁੱਖਾਂ ਅਤੇ ਪ੍ਰੇਸ਼ਾਨੀਆਂ ਵਿੱਚ ਘਿਰ ਜਾਂਦਾ ਹੈ, ਇਹਨਾਂ ਦੁੱਖਾਂ, ਤਕਲੀਫਾਂ ਤੋਂ ਛੁਟਕਾਰਾ ਉਸ
ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਹੀ ਹੋਣਾ ਹੈ:
ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥
ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥
ਜੋ ਵੀ ਮਨੁੱਖ ਉਸ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟ ਗਿਆ, ਇੱਕ ਤਰ੍ਹਾਂ ਨਾਲ
ਆਤਮਿਕ ਮੌਤ ਮਰ ਜਾਂਦਾ ਹੈ, ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਾ, ਉਸਦੀ ਰਜ਼ਾ ਵਿੱਚ ਖੁਸ਼ ਰਹਿਣ
ਵਾਲਾ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ:
ਆਸਾ ਮਹਲਾ ੫ ॥
ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥
ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥
{ਪੰਨਾ 407}
ਮਾਇਅਧਾਰੀ ਮਨੁੱਖ ਮਨ ਵਿੱਚ ਮਾਇਆ ਦੇ ਮੋਹ ਨੂੰ ਪਾਲਣ ਵਾਲਾ ਅਤੇ ਹੰਕਾਰੀ
ਪ੍ਰਵਿਰਤੀ ਦਾ ਬਣ ਜਾਂਦਾ ਹੈ ‘ਤੇ ਮਾਇਆ ਨਾਲ ਹੀ ਬੱਝਾ ਰਹਿੰਦਾ ਹੈ। ਉਸਨੂੰ ਹੋਰ ਕਿਸੇ ਦੀ ਪ੍ਰਵਾਹ
ਅਤੇ ਸਮਝ ਨਹੀਂ ਰਹਿੰਦੀ:
ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥
{ਪੰਨਾ 407}
ਅਰਥ: (ਪਰ, ਹੇ
ਭਾਈ! ਪਰਮਾਤਮਾ ਦਾ ਨਾਮ ਵਿਸਾਰ ਕੇ ਜੇਹੜਾ ਮਨੁੱਖ ਆਪਣੇ ਆਪ ਨੂੰ) ਰਾਜਾ (ਭੀ) ਅਖਵਾਂਦਾ ਹੈ ਉਹ
ਅਹੰਕਾਰ ਪੈਦਾ ਕਰਨ ਵਾਲੇ ਕੰਮ (ਹੀ) ਕਰਦਾ ਹੈ ਉਹ (ਰਾਜ ਦੇ ਮਾਣ ਵਿਚ ਇਉਂ) ਬੱਝਾ ਰਹਿੰਦਾ ਹੈ
ਜਿਵੇਂ (ਡੁੱਬਣ ਤੋਂ ਬਚੇ ਰਹਿਣ ਦੇ) ਵਹਿਮ ਵਿਚ ਤੋਤਾ ਨਲਕੀ ਨਾਲ ਚੰਬੜਿਆ ਰਹਿੰਦਾ ਹੈ ।2।
ਗੁਰੂ ਸਾਹਿਬ ਮਾਨਵਤਾ ਨੂੰ ਸਮਝਾਉਂਦੇ ਹਨ ਕਿ ਉਹ ਪ੍ਰਮਾਤਮਾ ਹੀ ਸਭ ਨੂੰ
ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ, ਉਸ ਪ੍ਰਮਾਤਮਾ ਦਾ ਨਾਮ ਇੱਕ ਐਸੀ
ਦਵਾਈ ਹੈ ਜੋ ਮਨ ਅੰਦਰੋਂ ਕ੍ਰੋਧ ਅਤੇ ਹੰਕਾਰ ਨੂੰ ਖਤਮ ਕਰ ਦਿੰਦੀ ਹੈ। ਪ੍ਰਮਾਤਮਾ ਹੀ ਸੰਸਾਰ ਦਾ
ਮੂਲ ਹੈ, ਜਿਸ ਦੀ ਵੀ ਅਰਦਾਸ, ਬੇਨਤੀ ਉਸ ਪ੍ਰਮਾਤਮਾ ਅੱਗੇ ਹੁੰਦੀ ਹੈ ਉਸਦੇ ਰਸਤੇ ਵਿੱਚ ਕੋਈ
ਰੁਕਾਵਟ ਨਹੀਂ ਪੈਂਦੀ, ਮਨ ਅੰਦਰੋਂ ਕਪਟ, ਕ੍ਰੋਧ, ਹੰਕਾਰ,ਈਰਖਾ ਜਿਸ ਇਨਸਾਨ ਨੇ ਮਾਰ ਲਏ, ਉਹ
ਪ੍ਰਮਾਤਮਾ ਉਹਨਾਂ ਦਾ ਸਹਾਰਾ ਬਣ ਜਾਂਦਾ ਹੈ:
ਟੋਡੀ ਮਹਲਾ ੫ ॥
ਹਰਿ ਕੇ ਚਰਨ ਕਮਲ ਮਨਿ ਧਿਆਉ ॥
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥
{ਪੰਨਾ 714}
ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਕਿਸੇ ਖਾਸ ਮਨੁੱਖ ਜਾਂ ਜ਼ਾਤੀ ਲਈ ਨਹੀਂ
ਹਨ, ਇਸ ਸਰਬ-ਸਾਂਝੀਆਂ ਹਨ ਪਰ ਸੰਸਾਰ ਵੱਖੋ-ਵੱਖ ਧਰਮਾਂ ਵਿੱਚ ਵੰਡਿਆ ਗਿਆ ਹੈ। ਕੁਝ ਕੁ ਲੋਕ ਧਰਮ
ਦੇ ਨਾਮ ‘ਤੇ ਬਾਕੀਆਂ ਨੂੰ ਠੱਗਦੇ ਹਨ, ਰਾਜਨੀਤੀ ਵੀ ਧਰਮ ਦੇ ਨਾਮ ‘ਤੇ ਹੁੰਦੀ ਹੈ, ਇਹ ਠੱਗੀਆਂ,
ਚੋਰੀਆਂ, ਬੇਈਮਾਨੀ ਸਭ ਸਵਾਰਥ ਪੂਰਤੀ ਲਈ ਹੁੰਦਾ ਹੈ, ਇਸ ਸਵਾਰਥ ਪੂਰਤੀ ਨੇ ਸਮਾਜ ਨੂੰ ਵੰਡ ਧਰਿਆ
ਹੈ, ਕਤਲੋਗਾਰਤ ਦਾ ਸਮਾਂ ਹੈ। ਆਉ ਇਸ ਹਉਮੈ ਨੂੰ ਛੱਡ ਕੇ, ਹਰ ਜੀਵ ਵਿੱਚ ਉਸ ਪ੍ਰਮਾਤਮਾ ਦਾ ਵਾਸ
ਦੇਖੀਏ, ਆਪਣੇ ਨਾਲ-ਨਾਲ ਦੂਸਰੇ ਦੀਆਂ ਖੁਸ਼ੀਆਂ ਦੀ ਵੀ ਕਦਰ ਕਰੀਏ ਤਾਂ ਜੋ ਇਹ ਧਰਤੀ ਵੱਖ-ਵੱਖ
ਰਾਤਾਂ, ਰੁੱਤਾਂ, ਥਿਤਾਂ-ਵਾਰਾਂ, ਅੱਗ, ਪਾਣੀ ਅਤੇ ਪਾਤਾਲ ਵਿੱਚ ਰਹਿੰਦੀ ਹੋਈ ਧਰਮ-ਕਮਾਉਣ ਅਤੇ
ਵੱਖ-ਵੱਖ ਜੀਵਾਂ ਦੇ ਲਈ ਰਹਿਣਯੋਗ ਬਣੀ ਰਹੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ:
ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥
{ਪੰਨਾ 7}
ਮਿਤੀ: 16/12/2012