ਜਸਬੀਰ ਸਿੰਘ ਵੈਨਕੂਵਰ
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ
ਇਸ ਵਿੱਚ ਭਾਵੇਂ ਕੋਈ ਦੋ ਰਾਵਾਂ
ਨਹੀਂ ਹਨ ਕਿ ਦੁਨੀਆਂ ਵਿੱਚ ਹਰੇਕ ਤਰ੍ਹਾਂ ਦਾ ਗਿਆਨ ਕੇਵਲ ਤੇ ਕੇਵਲ ਮਨੁੱਖ ਲਈ ਹੀ ਹੈ, ਪਰ ਫਿਰ
ਵੀ ਮਨੁੱਖ ਨੂੰ ਸਮਝਾਉਣ ਲਈ (ਖ਼ਾਸ ਤੌਰ `ਤੇ ਧਾਰਮਕ ਦੁਨੀਆਂ ਵਿੱਚ) ਪਸ਼ੂ ਪੰਛੀਆਂ ਦੀਆਂ ਉਦਾਹਰਣਾਂ
ਦਿੱਤੀਆਂ ਗਈਆਂ ਹਨ। ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਪਸ਼ੂ ਪੰਛੀਆਂ ਨੂੰ ਇਸ ਗੱਲ
ਦੀ ਭਿਣਕ ਤੀਕ ਵੀ ਨਹੀਂ ਹੈ ਕਿ ਮਨੁੱਖਤਾ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਵਾਲਿਆਂ ਨੇ, ਉਹਨਾਂ
ਨਾਲ ਸੰਬੰਧਤ ਦ੍ਰਿਸ਼ਟਾਂਤ ਦੇ ਕੇ, ਕਰਤੇ ਦੀ ਸਭ ਤੋਂ ਸ੍ਰੇਸ਼ਟ ਅਤੇ ਉਤਮ ਕ੍ਰਿਤ ਨੂੰ ਸਮਝਾਉਣ ਦਾ
ਯਤਨ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਵੀ ਮਨੁੱਖ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਲਈ ਇਹ ਢੰਗ
ਵਰਤਿਆ ਹੈ। ਮਨੁੱਖ ਨੂੰ ਮਨੁੱਖਤਾ ਭਰਪੂਰ ਜੀਵਨ ਜੀਊਂਣ ਲਈ ਗੁਰਬਾਣੀ ਵਿੱਚ ਕਿਤੇ ਤਾਂ ਪਸ਼ੂ ਪੰਛੀਆਂ
ਆਦਿ ਦੇ ਸੁਭਾਅ ਦੇ ਕਿਸੇ ਵਿਸ਼ੇਸ਼ ਪਹਿਲੂ ਦਾ ਵਰਣਨ ਕਰਕੇ, ਮਨੁੱਖ ਨੂੰ ਇਸ ਤੋਂ ਪ੍ਰੇਰਨਾ ਲੈਣ ਅਤੇ
ਕਿਤੇ ਇਹਨਾਂ ਦੀ ਬਿਬੇਕਹੀਨ ਰਹਿਣੀ ਦਾ ਵਰਣਨ ਕਰਕੇ ਮਨੁੱਖ ਨੂੰ ਉਤਮਤਾ ਦਾ ਅਹਿਸਾਸ ਕਰਾਕੇ, ਇਸ
ਤੋਂ ਉਪਰ ਉਠਣ ਲਈ ਉਤਸ਼ਾਹਤ ਕੀਤਾ ਹੈ। ਜਿਵੇਂ:
(ੳ) ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥ ਨਾਨਕ ਇਹ ਬਿਧਿ
ਹਰਿ ਭਜਉ ਇੱਕ ਮਨਿ ਹੁਇ ਇੱਕ ਚਿਤਿ॥ (ਪੰਨਾ 1428) ਅਰਥ: ਹੇ ਨਾਨਕ! (ਆਖ—ਹੇ ਭਾਈ!)
ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ (ਕਿ ਉਸ ਦਾ ਦਰ ਕਦੇ
ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ)
ਕਦੇ ਭੀ ਛੱਡਦਾ ਨਹੀਂ ਹੈ।
(ਅ) ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥ ਲੋਭੀ ਜੰਤੁ ਨ ਜਾਣਈ ਭਖੁ
ਅਭਖੁ ਸਭ ਖਾਇ॥ (ਪੰਨਾ 50) ਅਰਥ: ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ
ਭੱਜਦਾ ਹੈ, (ਤਿਵੇਂ) ਲੋਭੀ ਜੀਵ ਨੂੰ ਭੀ ਕੁੱਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ
ਹੈ। ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿੱਚ ਪੈਂਦਾ ਰਹਿੰਦਾ
ਹੈ।
(ੲ) ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ॥ ਮਾਨੁਖਾ ਅਵਤਾਰ ਦੁਲਭ
ਤਿਹੀ ਸੰਗਤਿ ਪੋਚ॥ (ਪੰਨਾ 486) ਅਰਥ: ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ
ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ; ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ
ਨਾਲ ਮਿਲਿਆ ਹੈ, ਇਸ ਦੀ ਸੰਗਤਿ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ
ਸੀ)।
ਭਾਵੇਂ ਗੁਰਬਾਣੀ ਵਿੱਚ ਪਸ਼ੂ ਪੰਛੀਆਂ ਆਦਿ ਦੇ ਸੁਭਾਅ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਤ ਇਸ
ਤਰ੍ਹਾਂ ਦੇ ਕਈ ਦ੍ਰਿਸ਼ਟਾਂਤ ਆਏ ਹਨ ਪਰ ਇਹਨਾਂ ਦ੍ਰਿਸ਼ਟਾਂਤਾਂ ਦੁਆਰਾ ਕੇਵਲ ਤੇ ਕੇਵਲ ਮਨੁੱਖ ਨੂੰ
ਹੀ ਸੁਚੱਜੀ ਜੀਵਨ-ਜੁਗਤ ਦ੍ਰਿੜ ਕਰਵਾਈ ਹੋਈ ਹੈ।
ਗੁਰਬਾਣੀ ਦੇ ਕਈ ਫ਼ਰਮਾਨਾਂ ਵਿੱਚ ਪਸ਼ੂ ਪੰਛੀਆਂ ਆਦਿ ਦੇ ਅਲੰਕਾਰਕ ਵਰਣਨ ਨੂੰ ਧਿਆਨ ਵਿੱਚ ਨਾ ਰੱਖਣ
ਕਾਰਨ ਕਈ ਫ਼ਰਮਾਨਾਂ ਨਾਲ ਕਲਪਿਤ ਸਾਖੀਆਂ ਸੰਬੰਧਤ ਕੀਤੀਆਂ ਹੋਈਆਂ ਹਨ। ਉਦਾਹਰਣ ਵਜੋਂ:
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥ (ਪੰਨਾ 144)
ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ‘ਕੀੜ ਨਗਰ’ ਵਿੱਚ ਗਏ, ਉੱਥੇ ਕੀੜਿਆਂ ਦਾ ਹੀ ਰਾਜ
ਸੀ, ਉਨ੍ਹਾਂ ਪਰਥਾਇ ਗੁਰੂ ਸਾਹਿਬ ਨੇ ਇਹ ਸਲੋਕ ਉਚਾਰਿਆ ਸੀ।
ਫ਼ਰੀਦ ਸਾਹਿਬ ਦੇ ਨਿਮਨ ਲਿਖਤ ਸਲੋਕ ਸੰਬੰਧੀ ਵੀ ਕੁੱਝ ਅਜਿਹੀ ਹੀ ਧਾਰਨਾ ਪਾਈ ਜਾਂਦੀ ਹੈ:
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥ ਅਜੈ ਸੁ ਰਬੁ ਨ
ਬਾਹੁੜਿਓ ਦੇਖੁ ਬੰਦੇ ਕੇ ਭਾਗ॥ 90॥ ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ॥ ਏ ਦੁਇ ਨੈਨਾ ਮਤਿ
ਛੁਹਉ ਪਿਰ ਦੇਖਨ ਕੀ ਆਸ॥ 91॥ ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥ ਜਿਤੁ ਪਿੰਜਰੈ ਮੇਰਾ
ਸਹੁ ਵਸੈ ਮਾਸੁ ਨ ਤਿਦੂ ਖਾਹਿ॥ 92॥ (ਪੰਨਾ 1382)
ਇਹਨਾਂ ਸਲੋਕਾਂ ਬਾਰੇ ਮਨੋਕਲਪਤ ਸਾਖੀ ਪ੍ਰਚਲਤ ਹੈ ਕਿ ਫ਼ਰੀਦ ਸਾਹਿਬ ਨੂੰ ਖੂਹ ਵਿੱਚ ਲਮਕ ਕੇ ਤਪ
ਕਰਦਿਆਂ ਨੂੰ ਕਾਫੀ ਸਮਾਂ ਗੁਜ਼ਰ ਗਿਆ ਜਿਸ ਕਾਰਨ ਉਹਨਾਂ ਦਾ ਸਰੀਰ ਸੁਕ ਕੇ ਪਿੰਜਰ ਹੋ ਗਿਆ। ਜਿਸ
ਸਮੇਂ ਕਾਂਵ ਆਪ ਦੇ ਸਰੀਰ ਨੂੰ ਬੇ-ਜਾਨ ਸਮਝ ਕੇ ਪੈਰਾਂ ਦੀਆਂ ਤਲੀਆਂ ਉਪਰ ਠੂੰਗੇ ਮਾਰਨ ਲੱਗ ਪਏ
ਤਾਂ ਆਪ ਜੀ ਨੇ ਇਹ ਸਲੋਕ ਉਚਾਰਣ ਕੀਤੇ, ਆਦਿ।
ਇਹ ਭੁਲੇਖਾ ਇਹਨਾਂ ਸਲੋਕਾਂ ਵਿੱਚ ਆਏ ਸ਼ਬਦ ‘ਕਾਗਾ’,’ ਕਰੰਗੁ’, ‘ਪਿੰਜਰੁ’ ਅਤੇ ‘ਮਾਸੁ’ ਆਦਿ ਕਾਰਨ
ਪਿਆ ਹੈ। ਇਹਨਾਂ ਸਲੋਕਾਂ ਦੇ ਭਾਵਾਰਥ ਦੀ ਚਰਚਾ ਕਰਨ ਤੋਂ ਪਹਿਲਾਂ ਇਹਨਾਂ ਸ਼ਬਦਾਂ ( ‘ਕਾਗਾ’,
‘ਕਰੰਗੁ’, ‘ਪਿੰਜਰੁ’ ਅਤੇ ‘ਮਾਸੁ’ ) ਦੀ ਚਰਚਾ ਕਰ ਰਹੇ ਹਾਂ।
‘ਕਾਗ’/‘ਕਾਗਾ’/‘ਕਾਗਉ’ ਸ਼ਬਦ ਗੁਰਬਾਣੀ ਵਿੱਚ ਕੇਵਲ ‘ਕਾਂ’ ਦੇ ਅਰਥਾਂ ਵਿੱਚ ਹੀ ਨਹੀਂ ਆਇਆ ਹੈ
ਬਲਕਿ ਭੈੜੇ ਆਚਰਣ ਵਾਲੇ ਮਨੁੱਖ, ਵਿਕਾਰਾਂ ਦੀ ਕਾਲਖ ਨਾਲ ਲਿਬੜੇ ਹੋਏ ਪ੍ਰਾਣੀ, ਹਮੇਸ਼ਾਂ ਵਿਕਾਰਾਂ
ਦੇ ਗੰਦ ਵਿੱਚ ਪ੍ਰਸੰਨ ਰਹਿਣ ਵਾਲੇ ਮਨੁੱਖ ਅਤੇ ‘ਵਿਕਾਰਾਂ’ ਆਦਿ ਦੇ ਭਾਵਾਰਥ ਵਿੱਚ ਵੀ ਆਇਆ ਹੈ।
ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵਾਰਥ ਨੂੰ ਦੇਖਿਆ ਜਾ ਸਕਦਾ ਹੈ:
(ੳ) ‘ਕਾਂ’ ਦੇ ਅਰਥ ਵਿੱਚ: ਸੰਤਨ ਕੈ ਦੂਖਨਿ ਕਾਗ ਜਿਉ ਲਵੈ॥ (ਪੰਨਾ 279) ਅਰਥ: ਸੰਤ ਦੀ
ਨਿੰਦਾ ਕਰਨ ਵਾਲਾ (ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ
ਫਿਰਦਾ ਹੈ)।
(ਅ) ਭੈੜੇ ਆਚਰਣ ਵਾਲੇ ਮਨੁੱਖ ਦੇ ਭਾਵਾਰਥ ਵਿੱਚ: ਕਿਆ ਹੰਸੁ
ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ (ਪੰਨਾ 91)
ਅਰਥ: ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ
ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)? ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ
ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ
ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ।
(ੲ) ਵਿਕਾਰਾਂ ਦੀ ਕਾਲਖ ਨਾਲ ਲਿਬੜੇ ਹੋਏ ਪ੍ਰਾਣੀ ਦੇ ਭਾਵਾਰਥ ਵਿੱਚ:
ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ॥ ਮਨੁ ਤਨੁ ਮੈਲਾ ਅਵਗੁਣੀ ਚਿੰਜੁ
ਭਰੀ ਗੰਧੀ ਆਇ॥ ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ॥ (ਪੰਨਾ 1411) ਅਰਥ: ਹੇ ਭਾਈ!
(ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿੱਚ ਬੜੇ
ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ (ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ
ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ
ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ)। ਹੇ ਭਾਈ! ਭੈੜੇ ਪੰਛੀ ਕਾਵਾਂ
ਦੀ ਸੰਗਤਿ ਵਿੱਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿੱਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-)
ਸਰੋਵਰ (ਦੀ ਕਦਰ) ਨਾਹ ਸਮਝੀ।
(ਸ) ਵਿਕਾਰਾਂ ਦੀ ਕਾਲਖ ਨਾਲ ਲਿਬੜੇ ਹੋਏ ਪ੍ਰਾਣੀ ਦੇ ਭਾਵਾਰਥ ਵਿੱਚ:
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥
(ਪੰਨਾ 493) ਅਰਥ: ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ
ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿੱਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ
ਵਿਕਾਰਾਂ ਦੇ ਗੰਦ ਵਿੱਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ
ਬਣ ਜਾਂਦਾ ਹੈ)।
(ਹ) ਵਿਕਾਰਾਂ ਦੇ ਭਾਵਾਰਥ ਵਿੱਚ: ਨਾਨਕ ਨਾਮ ਵਿਹੂਣਿਆ ਤਿਨ ਤਨ
ਖਾਵਹਿ ਕਾਉ॥ (ਪੰਨਾ 1247) ਅਰਥ: ਹੇ ਨਾਨਕ! ਜਿਹੜੇ ਮਨੁੱਖ ਨਾਮ ਤੋਂ ਸੱਖਣੇ ਹਨ, ਉਹਨਾਂ
ਦੇ ਸਰੀਰ ਨੂੰ ਵਿਸ਼ੇ-ਵਿਕਾਰ ਕਾਂ ਹੀ ਖਾਂਦੇ ਰਹਿੰਦੇ ਹਨ।
‘ਕਰੰਗੁ’ ਸ਼ਬਦ ਦਾ ਅਰਥ ਹੈ ਸਰੀਰ ਦੀਆਂ ਹੱਡੀਆਂ ਦਾ ਪਿੰਜਰ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ
‘ਕਰੰਗੀ’ ਅਤੇ ‘ਕਰੰਗ’ ਰੂਪ ਵਿੱਚ ਆਇਆ ਹੈ। ਇਹ ਸ਼ਬਦ ਕਿਧਰੇ ਵੀ ‘ਸਰੀਰ ਦੀਆਂ ਹੱਡੀਆਂ ਦੇ ਭਾਵਾਰਥ
ਵਿੱਚ ਨਹੀਂ ਆਇਆ ਹੈ। ਗੁਰਬਾਣੀ ਵਿੱਚ ਇਹ ਸ਼ਬਦ ‘ਵਿਕਾਰ ਰੂਪ ਮੁਰਦਾਰ/ਮੁਰਦਾਰਾਂ’ ਦੇ ਭਾਵਾਰਥ ਵਿੱਚ
ਹੀ ਆਇਆ ਹੈ। ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ॥ (ਪੰਨਾ 790)
ਅਰਥ: (ਜੀਵ-) ਹੰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਰੂਪ ਮੋਤੀ) ਛੱਡ ਕੇ (ਵਿਕਾਰ ਰੂਪ) ਮੁਰਦਾਰਾਂ
(ਦੇ ਖਾਣ) ਵਿੱਚ ਲੱਗਾ ਹੋਇਆ ਹੈ।
(ਅ) ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ॥ ਨਾਨਕ
ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ॥ (ਪੰਨਾ 881) ਅਰਥ: ਹੇ ਭਾਈ! ਬਗੁਲਾ
ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ
ਭੀ ਹਨ, ਤਾਂ ਇੱਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿੱਚ ਪਾਂਦੇ ਹਨ। ਹੇ ਨਾਨਕ!
(ਪ੍ਰਭੂ-ਦਰ ਤੇ ਅਰਦਾਸ ਕਰ, ਤੇ ਆਖ-) ਹੇ ਪ੍ਰਭੂ! ਮੈਂਨੂੰ ਗੁਰੂ ਦੀ ਸੰਗਤਿ ਵਿੱਚ ਮਿਲਾਈ ਰੱਖ।
ਗੁਰੂ ਦੀ ਸੰਗਤਿ ਵਿੱਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ।
(ੲ) ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ॥ ਕਰਮੀ ਸਤਿਗੁਰੁ ਪਾਇਆ
ਜਿਨਿ ਹਉ ਲੀਆ ਛਡਾਇ॥ (ਪੰਨਾ 1375) ਅਰਥ: ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ
ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿੱਚ ਫਸਿਆ ਮਨੁੱਖ
ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੋਲੇ ਕਰਦਾ ਹੈ)।
ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ
ਦੇ ਪੰਜੇ ਤੋਂ) ਛੁਡਾ ਲਿਆ ਹੈ।
‘ਪਿੰਜਰ’/‘ਪਿੰਜਰਾ’ ਦਾ ਅਰਥ ਹੈ: ਪੰਛੀ ਦੇ ਰੱਖਣ ਦਾ ਪਿੰਜਰਾ, ਦੇਹ ਦਾ ਢਾਂਚਾ, ਹੱਡੀਆਂ ਦਾ
ਕਰੰਗ; ਦੇਹ, ਸਰੀਰ।
(ੳ) ‘ਪਿੰਜਰ’ ਸ਼ਬਦ ਪਿੰਜਰੇ ਦੇ ਅਰਥ ਵਿੱਚ: ਤੂੰ ਪਿੰਜਰੁ ਹਉ
ਸੂਅਟਾ ਤੋਰ॥ ਜਮੁ ਮੰਜਾਰੁ ਕਹਾ ਕਰੈ ਮੋਰ॥ (ਪੰਨਾ 323) ਅਰਥ: ਤੂੰ ਮੇਰਾ ਪਿੰਜਰਾ ਹੈਂ,
ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ, (ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ
ਹੈ? ।
(ਅ) ‘ਪਿੰਜਰ’ ਸਰੀਰ ਦੇ ਅਰਥ ਵਿੱਚ: ਜੋ ਸਿਰੁ ਸਾਂਈ ਨਾ ਨਿਵੈ
ਸੋ ਸਿਰੁ ਦੀਜੈ ਡਾਰਿ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ॥ (ਪੰਨਾ
89) ਅਰਥ: ਜੋ ਸਿਰ ਪ੍ਰਭੂ ਦੀ ਯਾਦ ਵਿੱਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ
ਗੁਣ ਨਹੀਂ)। ਹੇ ਨਾਨਕ! ਜਿਸ ਸਰੀਰ ਵਿੱਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ
ਹੈ)।
‘ਮਾਸ’/‘ਮਾਸੁ’ : ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ: ‘ਮਹੀਨਾ, ਗੋਸ਼ਤ, ਸਰੀਰ ਅਤੇ ਵਿਕਾਰ
ਅਥਵਾ ਪਦਾਰਥਾਂ ਦੇ ਭੋਗ’ ਦੇ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਵਿੱਚ ਇਸ ਭਾਵ
ਨੂੰ ਦੇਖਿਆ ਜਾ ਸਕਦਾ ਹੈ:
(ੳ) ਮਹੀਨੇ ਦੇ ਅਰਥ ਵਿੱਚ: ਪੜੀਅਹਿ ਜੇਤੇ ਬਰਸ ਬਰਸ ਪੜੀਅਹਿ
ਜੇਤੇ ਮਾਸ॥ (ਪੰਨਾ 467) ਅਰਥ: ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ
ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ।
(ਅ) ਗੋਸ਼ਤ ਦੇ ਅਰਥ ਵਿੱਚ: ਮਾਸੁ ਮਾਸੁ ਕਰਿ ਮੂਰਖੁ ਝਗੜੇ
ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ (ਪੰਨਾ
1289) ਅਰਥ: (ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ
ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ)
ਮਾਸ ਤੇ ਸਾਗ ਵਿੱਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿੱਚ ਪਾਪ ਹੈ।
(ੲ) ਸਰੀਰ ਦੇ ਅਰਥ ਵਿੱਚ: ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ
ਮੈ ਖਰਾ ਪਿਆਰਾ॥ (ਪੰਨਾ 660) ਅਰਥ: ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ
ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁੱਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ)
ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।
(ਸ) ਵਿਕਾਰ ਅਥਵਾ ਪਦਾਰਥਾਂ ਦੇ ਭੋਗ ਦੇ ਅਰਥ ਵਿੱਚ: ਦੀਸਤ
ਮਾਸੁ ਨ ਖਾਇ ਬਿਲਾਈ॥ (ਪੰਨਾ 898) ਅਰਥ: (ਜਦੋਂ ਆਪਣਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਵੇਖਦਾ
ਹੈ ਤਾਂ) ਬਿੱਲੀ ਦਿੱਸ ਰਿਹਾ ਮਾਸ ਨਹੀਂ ਖਾਦੀ (ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਮਾਇਕ
ਪਦਾਰਥਾਂ ਵਲ ਨਹੀਂ ਤੱਕਦਾ)।
ਗੁਰੂ ਗ੍ਰੰਥ ਸਾਹਿਬ ਵਿੱਚ ‘ਕਾਗਾ’,’ ਕਰੰਗੁ’, ‘ਪਿੰਜਰੁ’ ਅਤੇ ‘ਮਾਸੁ’ ਕਿਸ ਕਿਸ ਅਰਥ ਅਤੇ
ਭਾਵਾਰਥ ਵਿੱਚ ਆਏ ਹਨ ਇਹਨਾਂ ਦੀ ਚਰਚਾ ਕਰਨ ਮਗਰੋਂ ਫ਼ਰੀਦ ਸਾਹਿਬ ਦੇ ਇਹਨਾਂ ਸਲੋਕਾਂ ਦੇ ਭਾਵਾਰਥ
ਨੂੰ ਸਮਝਣ ਦੀ ਕੋਸ਼ਸ਼ ਕਰਦੇ ਹਾਂ।
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥ ਅਜੈ ਸੁ ਰਬੁ ਨ
ਬਾਹੁੜਿਓ ਦੇਖੁ ਬੰਦੇ ਕੇ ਭਾਗ॥ 90॥
ਅਰਥ: ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿੱਚ ਪੈ ਪੈ ਕੇ) ਡਾਢਾ ਮਾੜਾ ਹੋ
ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ
ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ
ਰਹੇ ਹਨ)। ਵੇਖੋ, (ਵਿਕਾਰਾਂ ਵਿੱਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ
ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ
ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ)।
ਸਰੀਰ ਦੇ ਮਾੜਾ ਅਥਵਾ ਹੱਡੀਆਂ ਦੀ ਮੁੱਠ ਤੋਂ ਭਾਵ ਆਤਮਕ ਜੀਵਨ ਦੇ ਕਮਜ਼ੋਰ ਹੋਣ ਤੋਂ ਹੈ। ਕਾਵਾਂ ਦੇ
ਠੂੰਗੇ ਤੋਂ ਭਾਵ ਵਿਕਾਰਾਂ ਤੋਂ ਹੈ। ਇਸ ਭਾਵ ਨੂੰ ਗੁਰਬਾਣੀ ਦੇ ਇਸ ਫ਼ਰਮਾਨ ਵਿੱਚੋਂ ਦੇਖਿਆ ਜਾ
ਸਕਦਾ ਹੈ:
ਨਾਥ ਕਛੂਅ ਨ ਜਾਨਉ॥ ਮਨੁ ਮਾਇਆ ਕੈ ਹਾਥਿ ਬਿਕਾਨਉ॥ 1॥ ਰਹਾਉ॥ … ਇਨ
ਪੰਚਨ ਮੇਰੋ ਮਨੁ ਜੁ ਬਿਗਾਰਿਓ॥ ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ॥ 2॥ ਜਤ ਦੇਖਉ ਤਤ ਦੁਖ ਕੀ
ਰਾਸੀ॥ ਅਜੌਂ ਨ ਪਤ੍ਯ੍ਯਾਇ ਨਿਗਮ ਭਏ ਸਾਖੀ॥ 3 … ਇਨ ਦੂਤਨ ਖਲੁ ਬਧੁ ਕਰਿ ਮਾਰਿਓ॥ ਬਡੋ ਨਿਲਾਜੁ
ਅਜਹੂ ਨਹੀ ਹਾਰਿਓ॥ 5॥ (ਪੰਨਾ 710) ਅਰਥ: ਹੇ ਪ੍ਰਭੂ! ਮੈਂ ਆਪਣਾ ਮਨ ਮਾਇਆ ਦੇ ਹੱਥ ਵਿੱਚ
ਵੇਚ ਚੁਕਿਆ ਹਾਂ, ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ। ਰਹਾਉ. . (ਕਾਮਾਦਿਕ) ਇਹਨਾਂ
ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ
ਹਨ। 2. (ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ
ਰਾਸਿ-ਪੂੰਜੀ ਬਣੀ ਪਈ ਹੈ। ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ
ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ। 3. . . ਇਹਨਾਂ
ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ, ਪਰ ਇਹ ਮਨ ਬੜਾ ਬੇ-ਸ਼ਰਮ
ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ। 5.
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ॥ ਏ ਦੁਇ ਨੈਨਾ ਮਤਿ ਛੁਹਉ ਪਿਰ
ਦੇਖਨ ਕੀ ਆਸ॥ 91॥ (ਨੋਟ: ਇੱਥੇ ‘ਕਾਗਾ’ ਦਾ ਉਚਾਰਣ ‘ਕਾਗਾਂ’ ਕਰਨਾ ਹੈ।) ਅਰਥ: ਕਾਵਾਂ
ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ
ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ
ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ)। ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਨੂੰ
ਨਾਹ ਛੇੜੇ, ਇਹਨਾਂ ਵਿੱਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ।
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥ ਜਿਤੁ ਪਿੰਜਰੈ ਮੇਰਾ ਸਹੁ
ਵਸੈ ਮਾਸੁ ਨ ਤਿਦੂ ਖਾਹਿ॥ 92॥ (ਪੰਨਾ 1382) ਅਰਥ: ਹੇ ਕਾਂ! ਮੇਰਾ ਪਿੰਜਰ ਨਾਹ ਠੂੰਗ,
ਜੇ ਤੇਰੇ ਵੱਸ ਵਿੱਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ, ਜਿਸ ਸਰੀਰ ਵਿੱਚ ਮੇਰਾ ਖਸਮ-ਪ੍ਰਭੂ
ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ
ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿੱਚ ਤਾਂ ਖਸਮ-ਪ੍ਰਭੂ ਦਾ
ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ)।
ਫ਼ਰੀਦ ਸਾਹਿਬ ਦੇ ਉਪਰੋਕਤਾਂ ਸਲੋਕਾਂ ਤੋਂ ਇਲਾਵਾ ਇਹਨਾਂ ਵਿਸ਼ੇ-ਵਿਕਾਰ ਰੂਪੀ ਕਾਵਾਂ ਵਲੋਂ ਸ਼ੁਭ
ਗੁਣਾਂ ਰੂਪੀ ਤਨ ਅਥਵਾ ਮਾਸ ਨੂੰ ਖਾਣ ਦੀ ਗੱਲ ਇਸ ਸਲੋਕ ਵਿੱਚ ਵੀ ਕੀਤੀ ਗਈ ਹੈ:
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ॥ ਨਾਨਕ ਨਾਮ ਵਿਹੂਣਿਆ
ਤਿਨ ਤਨ ਖਾਵਹਿ ਕਾਉ॥ (ਪੰਨਾ 1247) ਅਰਥ: ਪਰਮਾਤਮਾ ਦਾ ਨਾਮ ਸਿਮਰਨ ਵਾਲੇ ਬੰਦਿਆਂ ਨੂੰ
ਧਰਤੀ ਅਤੇ ਆਕਾਸ਼ ਸੁਹਾਵੇ ਲੱਗਦੇ ਹਨ (ਕਿਉਂਕਿ ਉਹਨਾਂ ਦੇ ਅੰਦਰ ਠੰਢ ਵਰਤੀ ਰਹਿੰਦੀ ਹੈ); ਪਰ, ਹੇ
ਨਾਨਕ! ਜਿਹੜੇ ਮਨੁੱਖ ਨਾਮ ਤੋਂ ਸੱਖਣੇ ਹਨ, ਉਹਨਾਂ ਦੇ ਸਰੀਰ ਨੂੰ ਵਿਸ਼ੇ-ਵਿਕਾਰ ਕਾਂ ਹੀ ਖਾਂਦੇ
ਰਹਿੰਦੇ ਹਨ (ਤੇ, ਉਹਨਾਂ ਦੇ ਅੰਦਰ ਵਿਸ਼ੇ-ਰੋਗ ਹੋਣ ਕਰਕੇ ਉਹਨਾਂ ਨੂੰ ਪ੍ਰਭੂ ਦੀ ਕੁਦਰਤਿ ਵਿੱਚ
ਕੋਈ ਸੁੰਦਰਤਾ ਸੁਹਾਵਣੀ ਨਹੀਂ ਲੱਗਦੀ)।
ਇਸ ਸਲੋਕ ਵਿੱਚ ਹਰੇਕ ਉਸ ਮਨੁੱਖ ਦੇ ਤਨ ਨੂੰ ਕਾਵਾਂ ਵਲੋਂ ਖਾਣ ਦੀ ਗੱਲ ਆਖੀ ਹੈ ਜਿਹੜੇ ਨਾਮ ਤੋਂ
ਵਿਹੂਣੇ ਹਨ। ਨਾਮ ਤੋਂ ਵਿਹੂਣੇ ਪ੍ਰਾਣੀ ਭਾਵੇਂ ਸਰੀਰਕ ਤੌਰ `ਤੇ ਰਿਸ਼ਟ-ਪੁਸ਼ਟ ਹਨ, ਭਾਵੇਂ ਕਾਠ
ਵਾਂਗ ਸੁੱਕੇ ਹਨ, ਇਹ ਵਿਕਾਰ ਰੂਪੀ ਕਾਂ ਸਾਰਿਆਂ ਨੂੰ ਹੀ ਖਾ ਜਾਂਦੇ ਹਨ। ਇਸ ਭਾਵ ਨੂੰ ਗੁਰਬਾਣੀ
ਵਿੱਚ ਇਸ ਤਰ੍ਹਾਂ ਵੀ ਦਰਸਾਇਆ ਹੈ:
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ॥ ਨਾਨਕ ਅਨਦਿਨੁ ਬਿਲਪਤੇ
ਜਿਉ ਸੁੰਞੈ ਘਰਿ ਕਾਉ॥ (ਪੰਨਾ 522) ਅਰਥ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ
ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ; ਹੇ ਨਾਨਕ! (ਅਜਿਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ
ਹਨ ਜਿਵੇਂ ਸੁੰਞੇ ਘਰਾਂ ਵਿੱਚ ਕਾਂ ਲੌਂਦਾ ਹੈ (ਪਰ ਉੱਥੇ ਉਸ ਨੂੰ ਮਿਲਦਾ ਕੁੱਝ ਨਹੀਂ)।