ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਅਠਾਈਵੀਂ)
(ਨਵੰਬਰ 1-1984, ਕਾਨਪੁਰ-4)
ਬਲਦੇਵ ਸਿੰਘ ਦਰਵਾਜ਼ਾ ਬੰਦ ਕਰਕੇ
ਮੁੜ ਹੀ ਰਿਹਾ ਸੀ ਕਿ ਟੈਲੀਫੋਨ ਦੀ ਘੰਟੀ ਫੇਰ ਵੱਜੀ। ਉਹ ਵੀ ਟੈਲੀਫੋਨ ਵੱਲ ਹੀ ਮੁੜਿਆ ਪਰ ਉਸ ਤੋਂ
ਪਹਿਲਾਂ ਨੇੜੇ ਬੈਠੀ ਗੁਰਮੀਤ ਕੌਰ ਨੇ ਛੇਤੀ ਨਾਲ ਟੈਲੀਫੋਨ ਚੁੱਕ ਲਿਆ। ਅਸਲ ਵਿੱਚ ਜਿਸ ਵੇਲੇ ਦੀ
ਦਿੱਲੀ ਵਾਸਤੇ ਕਾਲ ਬੁਕ ਕਰਵਾਈ ਸੀ, ਉਸ ਦਾ ਧਿਆਨ ਉਧਰ ਹੀ ਲੱਗਾ ਹੋਇਆ ਸੀ। ਜਿਸ ਵੇਲੇ ਵੀ
ਟੈਲੀਫੋਨ ਦੀ ਘੰਟੀ ਖੜਕਦੀ, ਉਸ ਦੀ ਜਗਿਆਸਾ ਵੱਧ ਜਾਂਦੀ ਪਰ ਹਰਮੀਤ ਦੀ ਰਾਜ਼ੀ-ਖੁਸ਼ੀ ਦੀ ਕੋਈ ਖ਼ਬਰ
ਪਤਾ ਲੱਗਣ ਦੀ ਬਜਾਏ ਕੋਈ ਹੋਰ ਹੀ ਦੁਖਦਾਈ ਖ਼ਬਰ ਆ ਜਾਂਦੀ। ਹੁਣ ਵੀ ਇੰਝ ਹੀ ਹੋਇਆ, ਉਸ ਨੇ ਬੜੀ ਆਸ
ਨਾਲ ਟੈਲੀਫੋਨ ਚੁੱਕਿਆ ਪਰ ਅੱਗੋਂ ਫੇਰ ਨਿਰਾਸ਼ਾ ਹੀ ਹੱਥ ਪਈ। ਬੋਲਣ ਵਾਲੇ ਨੇ ਦੱਸਿਆ ਕਿ ਉਹ ਜੇ ਕੇ
ਕਲੋਨੀ ਤੋਂ ਬੋਲ ਰਿਹਾ ਹੈ। ਉਸ ਦੇ ਬੋਲਾਂ ਵਿੱਚ ਬੜਾ ਹੀ ਦੁੱਖ ਅਤੇ ਘਬਰਾਹਟ ਝਲਕ ਰਹੀ ਸੀ।
ਗੁਰਮੀਤ ਕੌਰ ਨੇ ਬਗੈਰ ਕੁੱਝ ਬੋਲੇ ਟੈਲੀਫੋਨ ਪਤੀ ਵੱਲ ਕਰ ਦਿੱਤਾ, ਜਿਸ ਨੂੰ ਕੋਲ ਖਲੋਤੇ ਬਲਦੇਵ
ਸਿੰਘ ਨੇ ਫੜ੍ਹ ਲਿਆ।
ਬਲਦੇਵ ਸਿੰਘ ਦੇ ਹੈਲੋ ਬੋਲਦਿਆਂ ਹੀ ਬੜੀ ਰੋਸ ਭਰੀ ਅਵਾਜ਼ ਆਈ, “ਵੇਖ ਲਿਆ ਜੇ ਸਰਦਾਰ ਜੀ, ਕਾਂਗਰਸ
ਦੇ ਮੁਰੀਦ ਬਣਨ ਦਾ ਸਾਨੂੰ ਕੀ ਇਨਾਮ ਮਿਲ ਰਿਹੈ?” ਬੋਲਣ ਵਾਲੇ ਦੇ ਬੋਲਾਂ ਵਿੱਚ ਰੋਸ ਦੇ ਨਾਲ
ਉਲ੍ਹਾਮਾਂ ਵੀ ਸੀ।
“ਹਾਂ ਵੀਰਾ ਜੀ, ਉਹ ਤਾਂ ਵੇਖ ਹੀ ਰਿਹਾਂ। … ਅਸੀਂ ਤਾਂ ਇਸ ਭਰਮ ਵਿੱਚ ਹੀ ਰਹੇ ਕਿ ਕਾਂਗਰਸ ਇੱਕ
ਧਰਮ ਨਿਰਪੱਖ ਪਾਰਟੀ ਹੈ ਅਤੇ ਇਸ ਵਿੱਚ ਸਾਰੀਆਂ ਕੌਮਾਂ ਨੂੰ ਬਰਾਬਰ ਦਾ ਸਥਾਨ ਮਿਲਦੈ … ਇਹ ਥੋੜ੍ਹਾ
ਪਤਾ ਸੀ ਕਿ …? … ਇਨ੍ਹਾਂ ਦਾ ਅਸਲੀ ਚਿਹਰਾ ਤਾਂ ਹੁਣ ਨੰਗਾ ਹੋਇਐ”, ਬਲਦੇਵ ਸਿੰਘ ਨੇ ਵੀ ਉਸੇ
ਤਰ੍ਹਾਂ ਦੁੱਖ ਭਰੇ ਲਹਿਜੇ ਵਿੱਚ ਕਿਹਾ ਤੇ ਫੇਰ ਜਿਵੇਂ ਕੁੱਝ ਯਾਦ ਆਇਆ ਹੋਵੇ, ਬੋਲਿਆ, “… ਪਰ
ਤੁਸੀਂ ਕੌਣ ਬੋਲ ਰਹੇ ਹੋ?”
“ਸਰਦਾਰ ਜੀ, ਮੈਂ ਜੇ ਕੇ ਕਲੋਨੀ ਤੋਂ ਸਰਵਨ ਸਿੰਘ ਬੋਲ ਰਿਹਾਂ”, ਉਧਰੋਂ ਪਹਿਲਾਂ ਨਾਲੋਂ ਕੁੱਝ
ਠਹਿਰੀ ਹੋਈ ਅਵਾਜ਼ ਆਈ। ਸ਼ਾਇਦ ਬਲਦੇਵ ਸਿੰਘ ਦੇ ਉਸ ਦੀ ਗੱਲ ਦੀ ਪ੍ਰੋੜਤਾ ਕਰਨ ਨਾਲ ਉਸ ਦਾ ਰੋਸ
ਕੁੱਝ ਘੱਟ ਗਿਆ ਸੀ।
“ਸਰਵਨ ਸਿੰਘ ਜੀ, ਮੈਨੂੰ ਇਹ ਦੱਸੋ ਕਿ ਤੁਹਾਡੇ ਉਧਰ ਦੇ ਕੀ ਹਾਲਾਤ ਨੇ?” ਬਲਦੇਵ ਸਿੰਘ ਨੇ ਆਪਣੀ
ਜਗਿਆਸਾ ਜ਼ਾਹਰ ਕਰਦੇ ਹੋਏ ਪੁੱਛਿਆ।
“ਕਾਹਦੇ ਹਾਲਾਤ ਨੇ ਸਰਦਾਰ ਜੀ? ਜੋ ਹਾਲਾਤ ਸਾਰੇ ਸ਼ਹਿਰ ਦੇ … ਬਲਕਿ ਸਾਰੇ ਦੇਸ਼ ਦੇ ਨੇ ਉਹੀ ਇਥੇ ਦੇ
ਨੇ। ਪਹਿਲਾਂ ਤਾਂ ਇਥੇ ਅੱਜ ਸਵੇਰੇ ਹੀ 50-60 ਗੁੰਡੇ ਇਕੱਠੇ ਹੋ ਗਏ ਸਨ। ਉਨ੍ਹਾਂ ਸਿੱਖਾਂ ਤੋਂ
ਉਨ੍ਹਾਂ ਦੀਆਂ ਪੱਗਾਂ ਮੰਗੀਆਂ ਤੇ ਸਾਰੀਆਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ। ਫੇਰ …
ਤੁਸੀਂ ਸ੍ਰ ਪ੍ਰੇਮ ਸਿੰਘ ਜੀ ਨੂੰ ਤਾਂ ਜਾਣਦੇ ਹੀ ਹੋ, ਜਿਹੜੇ ਇਥੇ 115/708 ਵਿੱਚ ਰਹਿੰਦੇ ਨੇ ਤੇ
ਪੁਰਾਣੇ ਕਾਂਗਰਸੀ ਵਰਕਰ ਤੇ ਅਜ਼ਾਦੀ ਘੁਲਾਟੀਏ ਨੇ।” ਸਰਵਨ ਸਿੰਘ ਨੇ ਗੱਲ ਸ਼ੁਰੂ ਕੀਤੀ।
ਉਹ ਜ਼ਰਾ ਰੁਕਿਆ ਹੀ ਸੀ ਕਿ ਬਲਦੇਵ ਸਿੰਘ ਛੇਤੀ ਨਾਲ ਬੋਲਿਆ, “ਹਾਂ, ਹਾਂ, ਸਰਵਨ ਸਿੰਘ ਜੀ, ਚੰਗੀ
ਤਰ੍ਹਾਂ ਜਾਣਦਾ ਹਾਂ। … ਉਹ ਤਾਂ ਛੇਵੀ ਜਮਾਤ ਵਿੱਚ ਪੜ੍ਹਦੇ ਹੀ ਕਾਂਗਰਸ ਦੇ ਵਰਕਰ ਬਣ ਗਏ ਸਨ। ਉਹ
ਗਾਂਧੀ ਜੀ ਨਾਲ ਬਿਆਵਰ ਵੀ ਰਹੇ ਨੇ …. ਤੇ 1937 ਵਿੱਚ ਨਹਿਰੂ ਜੀ ਨਾਲ ਇੱਕ ਦਿਨ ਜੇਲ੍ਹ ਵਿੱਚ ਵੀ
ਰਹੇ ਸਨ। … ਉਨ੍ਹਾਂ ਲਾਹੌਰ ਵਿੱਚ ਇੱਕ ‘ਭਾਰਤ ਸਵਤੰਤਰ ਸੈਨਾ’ ਨਾਂ ਦੀ ਪਾਰਟੀ ਬਣਾਈ ਸੀ ਤੇ ਉਸ
ਵੱਲੋਂ ਅਬਦੁਲ ਕਲਾਮ ਅਜ਼ਾਦ ਨੂੰ ਪਰਸ ਵੀ ਭੇਟ ਕੀਤਾ ਸੀ। ਇਹ ਸਾਰੀਆਂ ਗੱਲਾਂ ਇੱਕ ਦਿਨ ਉਨ੍ਹਾਂ ਆਪ
ਮੈਨੂੰ ਦੱਸੀਆਂ ਸਨ। … ਉਹ ਕਾਫੀ ਦੇਰ ਏਅਰ ਫੋਰਸ ਵਿੱਚ ਵੀ ਰਹੇ ਨੇ”, ਬਲਦੇਵ ਸਿੰਘ ਨੇ ਆਪਣੀ
ਯਾਦਾਸ਼ਤ ਤੇ ਜ਼ੋਰ ਪਾਉਂਦੇ ਹੋਏ ਕਿਹਾ।
“ਬਿਲਕੁਲ ਉਹੀ, ਉਹ ਸਾਰੀ ਜ਼ਿੰਦਗੀ ਕਾਂਗਰਸ ਦੇ ਹਮਾਇਤੀ ਰਹੇ ਤੇ ਹਮੇਸ਼ਾਂ ਦੇਸ਼ ਦਾ ਭਲਾ ਚਾਹੁੰਦੇ
ਰਹੇ। ਪਰ ਅੱਜ ਸਾਡੇ ਬਾਕੀ ਸਾਰੇ ਸਿੱਖਾਂ ਦੀ ਤਰ੍ਹਾਂ, ਉਨ੍ਹਾਂ ਵਿਚਾਰਿਆਂ ਨੂੰ ਵੀ ਦੇਸ਼ ਧ੍ਰੋਹੀ
ਕਰਾਰ ਦੇ ਦਿੱਤਾ ਗਿਐ ਤੇ ਉਨ੍ਹਾਂ ਦੀ ਉਹ ਦੁਰਦਸ਼ਾ ਬਣਾਈ ਹੈ ਕਿ ਬਿਆਨ ਕਰਦਿਆਂ ਵੀ ਰੂਹ ਕੰਬ ਜਾਂਦੀ
ਹੈ … “, ਬੋਲਦਿਆਂ ਸਰਵਨ ਸਿੰਘ ਦਾ ਗਲਾ ਭਰ ਆਇਆ।
“ਹੌਂਸਲਾ ਕਰੋ ਸਰਵਨ ਸਿੰਘ ਜੀ! … ਜ਼ਰਾ ਵਿਸਥਾਰ ਨਾਲ ਸਾਰੀ ਗੱਲ ਦੱਸੋ”, ਬਲਦੇਵ ਸਿੰਘ ਨੇ ਉਸ ਨੂੰ
ਦਿਲਾਸਾ ਦੇਂਦੇ ਹੋਏ ਕਿਹਾ।
ਸਰਵਨ ਸਿੰਘ ਨੇ ਇੱਕ ਠੰਡਾ ਸਾਹ ਲਿਆ ਤੇ ਵਿਥਿਆ ਸੁਨਾਉਣੀ ਸ਼ੁਰੂ ਕੀਤੀ, “ਤੁਹਾਨੂੰ ਪਤਾ ਹੀ ਹੈ, ਉਹ
ਅੰਮ੍ਰਿਤਧਾਰੀ ਪਰਿਵਾਰ ਹੈ ਅਤੇ ਉਨ੍ਹਾਂ ਦੇ ਘਰ ਰੈਣ ਸਬਾਈ ਕੀਰਤਨ ਵਗੈਰਾ ਵੀ ਹੁੰਦਾ ਰਹਿੰਦਾ ਹੈ।
ਅੱਜ ਵੀ ਸਵੇਰੇ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਵਾਕ ਲਿਆ। ਉਸ ਤੋਂ ਬਾਅਦ ਉਹ
ਹਾਲੇ ਨਾਸ਼ਤਾ ਕਰ ਹੀ ਰਹੇ ਸਨ ਕਿ ਭੀੜ ਨੇ ਉਨ੍ਹਾਂ ਦਾ ਘਰ ਘੇਰ ਲਿਆ ਤੇ ਪੱਥਰ ਮਾਰਨੇ ਸ਼ੁਰੂ ਕਰ
ਦਿੱਤੇ। ਫਿਰ ਉਨ੍ਹਾਂ ਬੂਹੇ ਭੰਨੇ ਤੇ ਅੱਗ ਲਾ ਦਿੱਤੀ। ਉਹ ਸਾਰਾ ਪਰਿਵਾਰ ਜਾਨ ਬਚਾਉਣ ਲਈ ਪਿਛਲੇ
ਦਰਵਾਜ਼ੇ ਤੋਂ ਬਾਹਰ ਦੌੜੇ ਤਾਂ ਉਨ੍ਹਾਂ ਸ੍ਰ. ਪ੍ਰੇਮ ਸਿੰਘ ਨੂੰ ਫੜ ਲਿਆ ਤੇ ਪੱਥਰ ਮਾਰਨੇ ਸ਼ੁਰੂ ਕਰ
ਦਿੱਤੇ, ਨਾਲ ਲਾਠੀਆਂ ਵੀ ਮਾਰੀਆਂ। ਉਨ੍ਹਾਂ ਦੀ ਅੱਖ ਤੇ ਬਹੁਤ ਚੋਟ ਲੱਗੀ, ਮੱਥੇ ਤੋਂ ਖ਼ੂਨ ਵਗਣ
ਨਾਲ ਸਾਰਾ ਮੂੰਹ ਭਰ ਗਿਆ ਤੇ ਬਾਂਹ ਟੁੱਟ ਗਈ ਤੇ ਉਹ ਹੇਠਾਂ ਡਿੱਗ ਪਏ।
ਦੰਗਈਆਂ ਨੇ ਉਨ੍ਹਾਂ ਦੇ ਘਰ ਦੀਆਂ ਔਰਤਾਂ ਤੇ ਦੋਹਾਂ ਪੁੱਤਰਾਂ, ਨਰਿੰਦਰ ਸਿੰਘ ਤੇ ਸੁਰਿੰਦਰ ਸਿੰਘ
ਨੂੰ ਬਾਹਰ ਘਸੀਟ ਲਿਆ। ਦੋਹਾਂ ਪੁੱਤਰਾਂ ਨੂੰ ਵੱਟੇ ਮਾਰ-ਮਾਰ ਕੇ ਉਨ੍ਹਾਂ ਦੀਆਂ ਵਹੁਟੀਆਂ ਤੇ ਮਾਂ
ਦੇ ਸਾਹਮਣੇ ਹੀ ਜਾਨੋ ਮਾਰ ਦਿੱਤਾ। ਕੁੱਝ ਲੋਕ ਉਨ੍ਹਾਂ ਦੀਆਂ ਦੋਹਾਂ ਨੂੰਹਾਂ ਨੂੰ ਜ਼ਬਰਦਸਤੀ ਫੜ ਕੇ
ਲਿਜਾ ਰਹੇ ਸਨ ਤੇ ਉਹ ਚੀਕਦੀਆਂ ਹੋਈਆਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਕੋਨੇ
ਦੇ ਇੱਕ ਪੰਜਾਬੀ ਹਿੰਦੂ ਪਰਿਵਾਰ ਤੇ ਗੁਆਂਢੀਆਂ ਨੇ ਰੱਲ ਕੇ ਛੁਡਾ ਲਈਆਂ ਤੇ ਆਪਣੇ ਘਰ ਪਨਾਹ ਦਿੱਤੀ
… ਅਸਲ ਵਿੱਚ ਮੈਂ ਵੀ ਉਥੇ ਹੀ ਲੁਕਿਆ ਹੋਇਆ ਹਾਂ।” ਸਰਵਨ ਸਿੰਘ ਨੇ ਗੱਲ ਖ਼ਤਮ ਕਰ ਕੇ, ਇੱਕ ਵਾਰੀ
ਫੇਰ ਠੰਡਾ ਸਾਹ ਲਿਆ।
“ਉਹ! ਵਾਹਿਗੁਰੂ. .” ਬਲਦੇਵ ਸਿੰਘ ਦੇ ਮੂੰਹੋਂ ਸੁਭਾਵਕ ਨਿਕਲਿਆ ਤੇ ਫੇਰ ਜ਼ਰਾ ਰੁੱਕ ਕੇ ਬਹੁਤ
ਚਿੰਤਾ ਅਤੇ ਦੁੱਖ ਨਾਲ ਪੁੱਛਿਆ, “… ਸ੍ਰ ਪ੍ਰੇਮ ਸਿੰਘ ਦਾ ਕੀ ਬਣਿਆ?”
“ਇਹੀ ਪਤਾ ਲੱਗੈ ਕਿ ਕੋਈ ਭਲਾ ਆਦਮੀਂ ਉਨ੍ਹਾਂ ਨੂੰ ਏਅਰ ਫ਼ੋਰਸ ਹਸਪਤਾਲ ਪਹੁੰਚਾ ਆਇਐ, ਪਰ ਵੀਰ ਜੀ,
ਉਨ੍ਹਾਂ ਦੀਆਂ ਖ਼ੂਬਸੂਰਤ ਮਾਸੂਮ ਨੂੰਹਾਂ ਦੇ ਉਜੜੇ ਹੋਏ ਚਿਹਰੇ ਅਤੇ ਉਨ੍ਹਾਂ ਦੇ ਅੰਦਰੋਂ ਨਿਕਲਦਾ
ਵਿਰਲਾਪ ਵੇਖਿਆ ਨਹੀਂ ਜਾਂਦਾ … “, ਸਰਵਨ ਸਿੰਘ ਦਾ ਮਨ ਫੇਰ ਭਰ ਆਇਆ ਤੇ ਅਵਾਜ਼ ਭਰ. . ਰਾ ਗਈ, “…
ਉਨ੍ਹਾਂ ਵਿੱਚੋਂ ਇੱਕ ਤਾਂ ਗਰਭਵਤੀ ਹੈ”, ਉਸ ਨੇ ਭਰ. . ਰਾਈ ਅਵਾਜ਼ ਨਾਲ ਹੀ ਗੱਲ ਪੂਰੀ ਕੀਤੀ।
“ਉਫ਼ … ਸਾਡੀ ਸੁਣ ਕੇ ਰੂਹ ਦਹਿਲ ਗਈ ਹੈ, ਜਿਨ੍ਹਾਂ ਵਿਚਾਰਿਆਂ ਨਾਲ ਵਾਪਰੀ ਹੈ, ਉਨ੍ਹਾਂ ਦਾ ਕੀ
ਹਾਲ ਹੋਵੇਗਾ?. .”ਬਲਦੇਵ ਸਿੰਘ ਦੇ ਹਰ ਬੋਲ ਚੋਂ ਵੀ ਅਥਾਹ ਦੁੱਖ ਪਰਗੱਟ ਹੋ ਰਿਹਾ ਸੀ। ਆਪਣੇ ਆਪ
ਨੂੰ ਥੋੜ੍ਹਾ ਸੰਭਾਲ ਕੇ ਉਸ ਨੇ ਫੇਰ ਸੁਆਲ ਕੀਤਾ, “ਵੈਸੇ ਸਰਵਨ ਸਿੰਘ ਜੀ ਇਹ ਦੰਗਾਈ ਉਥੇ ਦੇ ਵਾਸੀ
ਹੀ ਸਨ?”
“ਕੁਝ ਮੁੰਡੇ ਤਾਂ ਇਸ ਕਲੋਨੀ ਦੇ ਵੀ ਸਨ ਪਰ ਬਹੁਤੇ ਨੇੜਲੇ ਪਿੰਡ ਤਿਵਾਰੀ ਤੇ ਗੋਸ਼ਾਲਾ ਪਿੰਡ ਦੇ
ਸਨ। ਸਰਦਾਰ ਜੀ, ਇਨ੍ਹਾਂ ਦੀ ਅਗਵਾਈ ਤਾਂ ਪਤਰੂ ਸੇਂਗਰ ਤੇ ਵਾਸਦੇਵ ਮਿਸਰ ਨਾਂ ਦੇ ਕਾਂਗਰਸੀ ਵਰਕਰ
ਕਰ ਰਹੇ ਸਨ … “, ਸਰਵਨ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਵਿੱਚੋਂ ਹੀ ਬਲਦੇਵ ਸਿੰਘ ਬੋਲ ਪਿਆ, “ਇਹ
ਵਾਸਦੇਵ ਮਿਸਰ ਉਹੀ ਹੈ ਨਾ ਜਿਹੜਾ ਪਹਿਲਾਂ ਜੇ. ਕੇ. ਰਿਆਨ ਵਿੱਚ ਕੰਮ ਕਰਦਾ ਸੀ ਤੇ ਇਸ ਨੂੰ ਚੋਰੀ
ਦੇ ਅਪਰਾਧ ਵਿੱਚ ਉਥੋਂ ਕੱਢ ਦਿੱਤਾ ਗਿਆ ਸੀ?”
“ਹਾਂ ਸਰਦਾਰ ਜੀ, ਬਿਲਕੁਲ ਉਹੀ ਹੈ। ਹੁਣ ਤਾਂ ਉਹ ਆਪ ਕਾਰਖਾਨੇਦਾਰ ਬਣਿਆ ਹੋਇਆ ਹੈ। … ਵੈਸੇ ਪਤਰੂ
ਨੂੰ ਵੀ ਲੋਕੀ ਚੰਗਾ ਆਦਮੀਂ ਨਹੀਂ ਸਮਝਦੇ। ਕਲੋਨੀ ਦੇ ਲੋਕਾਂ ਉਸਨੂੰ ਆਪ ਮਾਲ ਲੁੱਟਦਿਆਂ ਵੇਖਿਐ।
…. ਵੈਸੇ ਵੀਰ ਜੀ, ਮੰਨਿਆ ਪ੍ਰਮੰਨਿਆ ਕਾਂਗਰਸੀ ਆਗੂ ਸ੍ਰੀ ਅੰਬਿਕਾ ਪ੍ਰਸਾਦ ਸ਼ੁਕਲਾ ਸ਼ਾਲ ਕਰ ਕੇ
ਘਟਨਾ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰੀ ਤੇ ਖਲ੍ਹੋਤਾ ਸੀ, ਤੇ ਉਹੀ ਸਾਰੇ ਦਿਸ਼ਾ ਨਿਰਦੇਸ਼ ਦੇ ਰਿਹਾ
ਸੀ।
ਪੁਲੀਸ ਨੇ ਵੀ ਇਨ੍ਹਾਂ ਦਾ ਪੂਰਾ ਸਾਥ ਦਿੱਤੈ, ਜਿਥੇ ਇਨ੍ਹਾਂ ਦੋਹਾਂ ਭਰਾਵਾਂ ਨੂੰ ਮਾਰਿਆ ਗਿਐ,
ਉਥੇ ਵੀ ਪੁਲੀਸ ਮੌਜੂਦ ਸੀ। ਲੁੱਟਮਾਰ ਵਿੱਚ ਵੀ ਪੁਲੀਸ ਦਾ ਪੂਰਾ ਹੱਥ ਹੈ ਅਤੇ ਇਸ ਮਾਮਲੇ ਵਿੱਚ ੳਹ
ਬੜੀ ਸੂਝਬੂਝ ਤੋਂ ਕੰਮ ਲੈ ਰਹੇ ਨੇ। ਸੋਨਾ, ਨਕਦੀ ਤੇ ਜੇਵਰਾਤ ਆਦਿ ਕਾਂਗਰਸੀ ਆਗੂ ਜਾਂ ਪੁਲੀਸ
ਵਾਲੇ ਆਪ ਰੱਖ ਲੈਂਦੇ ਨੇ ਤੇ ਟੀ. ਵੀ ਆਦਿ ਹੋਰ ਸਮਾਨ ਲੁੱਟਣ ਵਾਲਿਆਂ ਨੂੰ ਦੇ ਦੇਂਦੇ ਨੇ”, ਸਰਵਨ
ਸਿੰਘ ਨੇ ਮਨ ਦਾ ਸਾਰਾ ਵਲਵਲਾ ਕੱਢ ਦਿੱਤਾ।
“ਹਾਂ ਮੈਨੂੰ ਪਤਾ ਹੈ ਸਰਵਨ ਸਿੰਘ ਜੀ, ਇਹ ਕਾਂਗਰਸੀ ਆਗੂ ਤੇ ਪੁਲੀਸ ਵਾਲੇ ਪੂਰੀ ਤਰ੍ਹਾਂ ਬਲਵਈਆਂ
ਨਾਲ ਰਲੇ ਹੋਏ ਨੇ, ਬਲਕਿ ਇਹੀ ਉਨ੍ਹਾਂ ਨੂੰ ਉਕਸਾ ਕੇ ਇਹ ਸਭ ਕੁੱਝ ਕਰਵਾ ਰਹੇ ਨੇ ਤੇ ਨਾਲ
ਕਾਂਗਰਸੀ ਆਗੂ ਤੇ ਪੁਲਿਸੀਏ ਦੋਹੇਂ ਹੀ ਲੁੱਟਮਾਰ ਦਾ ਵੀ ਪੂਰਾ ਫਾਇਦਾ ਚੁੱਕ ਰਹੇ ਨੇ”, ਬਲਦੇਵ
ਸਿੰਘ ਨੇ ਉਸ ਦੀ ਗੱਲ ਦੀ ਪ੍ਰੋੜਤਾ ਕੀਤੀ ਤੇ ਨਾਲ ਅਗਲਾ ਸੁਆਲ ਕਰ ਦਿੱਤਾ, “… ਵੈਸੇ, ਕੀ ਉਥੇ ਜੇ.
ਕੇ. ਕਲੋਨੀ ਵਿੱਚ ਹੋਰ ਵੀ ਕੋਈ ਦੁੱਖਦਾਈ ਘਟਨਾਵਾਂ ਵਾਪਰੀਆਂ ਨੇ?”
“ਵੀਰ ਜੀ, ਤੁਹਾਨੂੰ ਦੱਸਿਆ ਹੈ ਕਿ ਮੈਂ ਤਾਂ ਆਪ ਇਥੇ ਪਰਿਵਾਰ ਸਮੇਤ ਜਾਨ ਬਚਾਉਣ ਲਈ ਲੁਕਿਆ ਹੋਇਆ
ਹਾਂ, ਇਸ ਲਈ ਪੂਰਾ ਪਤਾ ਤਾਂ ਨਹੀਂ ਪਰ ਉਂਝ, ਅਜੇ ਤੱਕ ਕਿਸੇ ਕਤਲੋ-ਗਾਰਤ ਦੀ ਹੋਰ ਮੰਦਭਾਗੀ ਖ਼ਬਰ
ਇਥੋਂ ਤਾਂ ਨਹੀਂ ਮਿਲੀ। … ਵੈਸੇ. . ਅਸੀਂ ਇਥੇ ਤਕਰੀਬਨ 150 ਸਿੱਖਾਂ ਦੇ ਘਰ ਹਾਂ, ਲੁੱਟਮਾਰ ਤਾਂ
ਤਕਰੀਬਨ ਬਹੁਤੇ ਘਰਾਂ ਵਿੱਚ ਹੋ ਗਈ ਹੈ, ਸਾਡਾ ਆਪਣਾ ਘਰ ਵੀ ਲੁੱਟਿਆ ਗਿਐ। ਇਹ ਤਾਂ ਜਦੋਂ ਸਾਡੀ
ਗਲੀ ਵਿੱਚ ਲੁੱਟਮਾਰ ਸ਼ੁਰੂ ਹੋਈ ਹੈ, ਇਸ ਪਰਿਵਾਰ ਨੇ ਆਪਣੇ ਸਿਰ ਖਤਰਾ ਮੁਲ ਲੈ ਕੇ ਸਾਨੂੰ ਪਨਾਹ ਦੇ
ਦਿੱਤੀ”, ਸਰਵਨ ਸਿੰਘ ਫੇਰ ਠੰਡਾ ਹਉਕਾ ਲੈ ਥੋੜੀ ਦੇਰ ਰੁਕਿਆ ਤੇ ਦੁਬਾਰਾ ਗੱਲ ਸ਼ੁਰੂ ਕੀਤੀ, “ਇਹ
ਵੀ ਪਤਾ ਲੱਗਾ ਹੈ ਕਿ ਸਾਰੇ ਇਲਾਕੇ ਦੇ ਬਜ਼ਾਰਾਂ ਵਿੱਚੋਂ ਸਿੱਖਾਂ ਦੀਆਂ ਦੁਕਾਨਾਂ ਚੁਣ-ਚੁਣ ਕੇ
ਲੁੱਟੀਆਂ ਤੇ ਸਾੜੀਆਂ ਗਈਆਂ ਨੇ, ਗੁਰਦੁਆਰੇ ਵੀ ਸਾੜੇ ਗਏ ਨੇ ਤੇ ਗ੍ਰੰਥੀਆਂ ਨੂੰ ਮਾਰ-ਮਾਰ ਕੇ ਭਜਾ
ਦਿੱਤੈ। ਬਾਕੀ …. ਜਿਥੇ ਲੁਟੇਰਿਆਂ ਲੁੱਟ ਅਤੇ ਕਤਲੋ-ਗਾਰਤ ਦੀ ਕਾਲੀ ਹਨੇਰੀ ਝੁਲਾਈ ਹੋਈ ਏ, ਉਥੇ
ਕਈ ਭਲੇ ਲੋਕ ਵੀ ਹਨ, ਇਹ ਪਰਿਵਾਰ ਹੀ ਵੇਖ ਲਓ, . . ਵੈਸੇ … ਇਥੇ ਮਾਰਕਸਵਾਦੀ ਪਾਰਟੀ ਦੇ ਪ੍ਰਧਾਨ
ਪ੍ਰਭਾਤ ਜੀ, ਟੀਮ ਬਣਾ ਕੇ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ ਮੁਸਲਮਾਨ ਵੀ ਬਹੁਤ ਡਰੇ ਹੋਏ ਨੇ ਕਿਉਂਕਿ ਇਹ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਕੋਈ
ਸਿੱਖਾਂ ਦੀ ਮਦਦ ਨਾ ਕਰੇ ਪਰ ਇਸ ਦੇ ਬਾਵਜੂਦ ਵੀ ਰਿਜਵੀ ਸਾਬ੍ਹ ਨੇ ਕਈ ਸਿੱਖਾਂ ਨੂੰ ਆਪਣੇ ਘਰ
ਪਨਾਹ ਦਿੱਤੀ ਹੋਈ ਹੈ। ਇਸੇ ਤਰ੍ਹਾਂ ਪਤਾ ਲੱਗੈ ਕਿ ਐਚ. ਏ. ਐਲ. ਕਲੋਨੀ ਦੇ ਗੰਗਾਰਾਮ ਕੁਰੀਲ ਨੇ
ਆਪਣੇ ਸਹਿਯੋਗੀ ਸਟਾਫ ਦੇ ਪੰਜ ਮੈਂਬਰਾਂ ਦੇ ਪਰਿਵਾਰਾਂ ਦੀ ਸੰਭਾਲ ਕੀਤੀ ਹੋਈ ਹੈ। …. ਇਹ ਗੁੰਡੇ
ਇਨ੍ਹਾਂ ਬਚਾਉਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਹਿ ਰਹੇ ਨੇ।”
“ਵੀਰੇ, ਐਸੇ ਲੋਕਾਂ ਵੱਲ ਵੇਖ ਕੇ ਹੀ ਮਨ ਨੂੰ ਇਹ ਤਸੱਲੀ ਹੁੰਦੀ ਹੈ ਕਿ ਮਨੁੱਖਤਾ ਅਜੇ ਬਾਕੀ ਹੈ,
ਨਹੀਂ ਤਾਂ ਇਨ੍ਹਾਂ ਵਹਿਸ਼ੀਆਂ ਨੂੰ ਵੇਖ ਕੇ ਤਾਂ ਵਿਸ਼ਵਾਸ ਡੋਲਣ ਲੱਗ ਪੈਂਦਾ ਹੈ। … ਬਾਕੀ ਇਨ੍ਹਾਂ
ਤਾਂ ਉਨ੍ਹਾਂ ਨੂੰ ਦੇਸ਼ਧ੍ਰੋਹੀ ਦਸਣਾ ਹੀ ਹੋਇਆ ਕਿਉਂਕਿ ਜਨੂੰਨ ਵਿੱਚ ਆ ਕੇ ਬੇਕਸੂਰ, ਨਿਹੱਥੇ,
ਮਾਸੂਮ ਲੋਕਾਂ ਦੀ ਕਤਲੋ-ਗਾਰਤ ਅਤੇ ਲੁੱਟਮਾਰ ਦੇ ਪਾਪ ਕਰਮ ਨੂੰ ਇਹ ਦੇਸ਼ ਭਗਤੀ ਦਾ ਕੰਮ ਜੁ ਸਮਝ
ਰਹੇ ਨੇ … “, ਬਲਦੇਵ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਉਧਰੋਂ ਇੱਕ ਦਮ ਟੈਲੀਫੋਨ ਕੱਟ ਦਿੱਤਾ ਗਿਆ।
ਬਲਦੇਵ ਸਿੰਘ ਬਹੁਤ ਦੇਰ ਇਸੇ ਪ੍ਰੇਸ਼ਾਨੀ ਅਤੇ ਸੋਚ ਵਿੱਚ ਪਿਆ ਰਿਹਾ ਕਿ ਸਰਵਨ ਸਿੰਘ ਨੇ ਅਚਾਨਕ
ਟੈਲੀਫੋਨ ਕਿਉਂ ਕੱਟ ਦਿੱਤਾ ਹੈ।
ਇਤਨੇ ਨੂੰ ਦਰਵਾਜ਼ੇ ਦੀ ਘੰਟੀ ਫੇਰ ਵੱਜੀ ਤੇ ਨਾਲ ਹੀ ਦਰਵਾਜ਼ਾ ਖੜਕਿਆ। ਉਹ ਤਿੰਨੇ ਇੱਕ ਦਮ ਚੇਤੰਨ
ਹੋ ਗਏ ਤੇ ਉਨ੍ਹਾਂ ਦੇ ਹੱਥ ਸਾਹਮਣੇ ਪਈਆਂ ਕ੍ਰਿਪਾਨਾਂ ਦੇ ਮੁਠਿਆਂ `ਤੇ ਪਹੁੰਚ ਗਏ। ਦਰਵਾਜ਼ਾ
ਥੋੜ੍ਹਾ ਜਿਹਾ ਖੜਕ ਕੇ ਰੁੱਕ ਗਿਆ ਤੇ ਬਾਹਰੋਂ ਬਹੁਤੀਆਂ ਅਵਾਜ਼ਾਂ ਵੀ ਸੁਣਾਈ ਨਹੀਂ ਦਿੱਤੀਆਂ।
ਬਲਦੇਵ ਸਿੰਘ ਨੇ ਕ੍ਰਿਪਾਨ ਉਥੇ ਹੀ ਛੱਡ ਦਿੱਤੀ ਤੇ ਦਰਵਾਜ਼ੇ ਕੋਲ ਜਾ ਕੇ ਪੁੱਛਿਆ, “ਕੌਣ?” ਤੇ ਨਾਲ
ਹੀ ਝੀਥ ਵਿੱਚੋਂ ਬਾਹਰ ਝਾਕਣ ਦੀ ਕੋਸ਼ਿਸ਼ ਕੀਤੀ। ਸ਼ਕਲਾਂ ਤਾਂ ਨਜ਼ਰ ਨਹੀਂ ਆਈਆਂ ਪਰ ਇਹ ਝਉਲਾ ਪਿਆ ਕਿ
ਬਾਹਰ ਦੋ ਕੁ ਹੀ ਬੰਦੇ ਖੜੇ ਹਨ ਤੇ ਨਾਲ ਹੀ ਅਵਾਜ਼ ਆਈ, “ਮੈਂ ਹਾਂ ਸਰਦਾਰ ਜੀ! ਤਨੇਜਾ, ਜਗਦੀਸ਼
ਕੁਮਾਰ ਤਨੇਜਾ।” ਬਲਦੇਵ ਸਿੰਘ ਨੇ ਵੀ ਅਵਾਜ਼ ਪਛਾਣ ਲਈ ਸੀ, ਜਗਦੀਸ਼ ਕੁਮਾਰ ਤਨੇਜਾ ਉਨ੍ਹਾਂ ਦਾ ਚੰਗਾ
ਮਿੱਤਰ ਸੀ। ਬਹੁਤ ਸ਼ਰੀਫ ਅਤੇ ਜ਼ਿਮੇਂਵਾਰ ਕਿਸਮ ਦਾ ਆਦਮੀ ਸੀ। ਬਲਦੇਵ ਸਿੰਘ ਨਾਲ ਉਸ ਦਾ ਕਾਫੀ ਪਿਆਰ
ਸੀ। ਬਲਦੇਵ ਸਿੰਘ ਨੇ ਬੜੀ ਉਤਸੁਕਤਾ ਨਾਲ, ਉਸ ਵੱਲ ਹੀ ਵੇਖ ਰਹੀਆਂ ਗੁਰਮੀਤ ਕੌਰ ਤੇ ਬੱਬਲ ਨੂੰ
ਹੱਥ ਨਾਲ ਇਸ਼ਾਰਾ ਕੀਤਾ ਕਿ ਉਹ ਕ੍ਰਿਪਾਨਾਂ ਅੰਦਰ ਲੈ ਜਾਣ ਤੇ ਉਨ੍ਹਾਂ ਦੇ ਕ੍ਰਿਪਾਨਾਂ ਚੁੱਕ ਕੇ
ਅੰਦਰ ਜਾਂਦੇ ਹੀ ਛੇਤੀ ਨਾਲ ਕੁੰਡੀਆਂ ਖੋਲ੍ਹ ਦਿੱਤੀਆਂ। ਤਨੇਜਾ ਦੇ ਨਾਲ ਅਸ਼ੋਕ ਬਟੇਜਾ ਸੀ। ਉਹ ਵੀ
ਨੇੜੇ ਹੀ ਰਹਿੰਦਾ ਸੀ ਤੇ ਬਲਦੇਵ ਸਿੰਘ ਦਾ ਚੰਗੀ ਤਰ੍ਹਾਂ ਜਾਣੂ ਸੀ।
“ਕੁੰਡੀਆਂ ਚੰਗੀ ਤਰ੍ਹਾਂ ਚੜ੍ਹਾ ਦਿਓ”, ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਤਨੇਜਾ ਨੇ ਅੰਦਰ
ਵੜਦੇ ਹੋਏ ਕਿਹਾ।
ਅੰਦਰ ਪਹੁੰਚ ਕੇ ਬਲਦੇਵ ਸਿੰਘ ਨੇ ਇਸ਼ਾਰਾ ਕੀਤਾ ਤੇ ਸਾਰੇ ਸੋਫਿਆਂ ਤੇ ਬੈਠ ਗਏ। ਬੱਬਲ ਪਹਿਲਾਂ ਹੀ
ਪਾਣੀ ਲੈਣ ਚਲੀ ਗਈ ਸੀ, ਉਸ ਨੇ ਪਾਣੀ ਲਿਆ ਕੇ ਸਾਰਿਆਂ ਦੇ ਅੱਗੇ ਕੀਤਾ। ਪਾਣੀ ਦਾ ਗਲਾਸ ਫੜ੍ਹਦੇ
ਹੋਏ ਤਨੇਜਾ ਨੇ ਚੁੱਪ ਤੋੜੀ, “ਸਰਦਾਰ ਜੀ! ਬੜੇ ਦੁੱਖ ਦੀ ਗੱਲ ਹੈ ਕਿ ਕਾਨਪੁਰ ਦੇ ਇਤਨੇ ਮਾੜੇ
ਹਾਲਾਤ ਬਣ ਗਏ ਹਨ। ਕਦੇ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਥੇ ਇਹ ਸਭ ਕੁੱਝ ਵਾਪਰ ਸਕਦਾ ਹੈ”,
ਤਨੇਜਾ ਦੇ ਲਫ਼ਜ਼ਾਂ ਚੋਂ ਸੱਚਾ ਦਰਦ ਝਲਕ ਰਿਹਾ ਸੀ।
“ਪਰ ਤਨੇਜਾ ਜੀ, ਇਕੋ ਦਿਨ ਵਿੱਚ ਆਖਿਰ ਐਸਾ ਕੀ ਵਰਤ ਗਿਐ, ਕਿ ਭਰਾ ਭਰਾ ਨੂੰ ਮਾਰਨ ਤੁਰ ਪਿਐ?
ਸਾਡੀ ਉਮਰਾਂ ਦੀ ਸਾਂਝ ਹੈ, ਇਕੋ ਦਿਨ ਵਿੱਚ ਐਡੀ ਦੁਸ਼ਮਣੀ ਵਿੱਚ ਕਿਵੇਂ ਬਦਲ ਗਈ?” ਬਲਦੇਵ ਸਿੰਘ
ਜਿਵੇਂ ਅੰਦਰੋਂ ਭਰਿਆ ਪਿਆ ਸੀ।
“ਇਹ ਸਾਂਝ ਬਿਲਕੁਲ ਨਹੀਂ ਟੁੱਟੀ ਸਰਦਾਰ ਜੀ, ਬਲਕਿ ਅਸੀਂ ਵੀ ਉਤਨੇ ਹੀ ਦੁਖੀ ਹਾਂ। ਬੇਸ਼ਕ ਵਿੱਚ
ਕੁੱਝ ਅਕ੍ਰਿਤਘਣ ਕਿਸਮ ਦੇ ਲੋਕ ਤੇ ਕਾਲੀਆਂ ਭੇਡਾਂ ਵੀ ਸ਼ਾਮਲ ਨੇ, ਪਰ ਬਹੁਤੀ ਜਗ੍ਹਾ ਤੇ ਪੜੋਸੀ
ਆਪਣੇ ਪੜੋਸੀ ਸਿੱਖ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹੈ। ਤੁਸੀਂ ਆਪ ਸੋਚੋ ਕਿ ਜੇ ਇਹ ਸਾਂਝ
ਟੁੱਟ ਗਈ ਹੁੰਦੀ ਤਾਂ ਅਸੀਂ ਇਸ ਵੇਲੇ ਤੁਹਾਡੇ ਕੋਲ ਕਿਉਂ ਆਉਂਦੇ?” ਕੋਲੋਂ ਅਸ਼ੋਕ ਬਟੇਜਾ ਬੋਲਿਆ।
“ਹਾਂ ਬਲਦੇਵ ਸਿੰਘ ਜੀ, ਇਹ ਦੰਗਾਈ ਤਾਂ ਬਾਹਰੋਂ ਗਰੀਬ ਕਲੋਨੀਆਂ `ਚੋਂ ਉਠ ਕੇ ਆ ਰਹੇ ਨੇ ਤੇ ਜਾਂ
ਨੇੜਲੇ ਪਿੰਡਾਂ ਚੋਂ। ਪਤਾ ਨਹੀਂ ਕੌਣ ਹੈ ਜੋ ਇਨ੍ਹਾਂ ਨੂੰ ਸ਼ਰਾਬਾਂ ਪਿਆ ਰਿਹੈ ਤੇ ਲੁੱਟ-ਮਾਰ ਤੇ
ਖੂਨ-ਖਰਾਬਾ ਕਰਾਉਣ ਲਈ ਉਕਸਾ ਰਿਹੈ?” ਤਨੇਜਾ ਨੇ ਉਸ ਦੀ ਗੱਲ ਦੀ ਪੁਸ਼ਟੀ ਕੀਤੀ।
“ਪਤਾ ਕਿਵੇਂ ਨਹੀਂ ਤਨੇਜਾ ਜੀ? ਜਿਹੜੇ ਕਾਂਗਰਸੀ ਆਗੂ ਆਪ ਅੱਗੇ ਲੱਗ ਕੇ ਸਭ ਕੁੱਝ ਕਰਾ ਰਹੇ ਨੇ,
ਉਹੀ ਜ਼ਿਮੇਂਵਾਰ ਨੇ, ਹੋਰ ਕੌਣ ਹੈ? ਉਹੀ ਇਨ੍ਹਾਂ ਨੂੰ ਸ਼ਰਾਬਾਂ ਪਿਆ ਰਹੇ ਨੇ, ਪੁਲੀਸ ਤੇ ਪ੍ਰਸ਼ਾਸਨ
ਇਨ੍ਹਾਂ ਦੇ ਨਾਲ ਰਲੇ ਹੋਏ ਨੇ” ਅਸ਼ੋਕ ਬਟੇਜਾ ਨੇ ਗੱਲ ਹੋਰ ਸਪੱਸ਼ਟ ਕਰ ਦਿੱਤੀ। ਦੋਹਾਂ ਦੀਆਂ ਗੱਲਾਂ
ਨਿਹਾਲ ਦੀਆਂ ਗੱਲਾਂ ਦੀ ਪੁਸ਼ਟੀ ਕਰ ਰਹੀਆਂ ਸਨ।
“ਬਿਲਕੁਲ ਠੀਕ ਕਹਿ ਰਹੇ ਹੋ ਬਟੇਜਾ ਜੀ! ਮੈਂ ਤਾਂ ਸਮਝਦਾ ਹਾਂ ਕਿ ਪੁਲੀਸ ਅਤੇ ਪ੍ਰਸ਼ਾਸਨ ਹੀ ਅਸਲੀ
ਗੁਨਹਗਾਰ ਹੈ, ਕਿਉਂਕਿ ਸ਼ਹਿਰ ਵਿੱਚ ਅਮਨ-ਅਮਾਨ ਬਣਾ ਕੇ ਰਖਣ ਦੀ ਅਸਲੀ ਜ਼ਿਮੇਂਵਾਰੀ ਤਾਂ ਇਨ੍ਹਾਂ ਦੀ
ਹੀ ਹੈ ਨਾ”, ਤਨੇਜਾ ਨੇ ਉਸ ਦੀ ਗੱਲ ਦੀ ਪ੍ਰੋੜਤਾ ਕਰਦਿਆਂ ਨਾਲ ਆਪਣੀਆਂ ਭਾਵਨਾਵਾਂ ਵੀ ਪ੍ਰਗੱਟ ਕਰ
ਦਿੱਤੀਆਂ।
“ਵੇਖੋ! ਪ੍ਰਸ਼ਾਸਨ ਦੀ ਸਾਰੀ ਜ਼ਿਮੇਂਵਾਰੀ ਡੀ. ਐਮ. ਤੇ ਹੁੰਦੀ ਹੈ, ਜੇ ਉਹ ਇਮਾਨਦਾਰ ਹੁੰਦਾ ਤਾਂ
ਹਾਲਾਤ ਬਹੁਤ ਹੱਦ ਤੱਕ ਸੰਭਾਲੇ ਜਾ ਸਕਦੇ ਸਨ। ਡੀ. ਐਮ. ਬ੍ਰਜਿੰਦਰ ਤਾਂ ਆਪ ਮੁਤੱਸਬਪੁਣੇ ਦੇ ਰੰਗ
ਵਿੱਚ ਰੰਗਿਆਂ ਹੋਇਆ ਹੈ ਅਤੇ ਉਸ ਦੀਆਂ ਹਰਕਤਾਂ ਸਗੋਂ ਦੂਜਿਆਂ ਨੂੰ ਪ੍ਰੋਤਸ਼ਾਹਤ ਕਰ ਰਹੀਆਂ ਨੇ।
ਯਾਦ ਨਹੀਂ ਜੇ ਵਿਨੈ ਭਾਈ ਤੇ ਰਘੂਨਾਥ ਸਿੰਗ ਜੀ ਨੇ ਦੱਸਿਆ ਸੀ ਕਿ ਜਦੋਂ ਕਚਿਹਰੀ ਦੇ ਸਾਮ੍ਹਣੇ
ਵਾਲੀ ਮਿਠਾਈਆਂ ਦੀ ਦੁਕਾਨ `ਚੇਤਨਾ ਰੈਸਟੋਰੈਂਟ’ ਸਾੜੀ ਜਾ ਰਹੀ ਸੀ ਤਾਂ ਉਨ੍ਹਾਂ ਡੀ. ਐਮ.
ਬ੍ਰਜਿੰਦਰ ਦੀ ਕਾਰ ਰੋਕ ਕੇ ਹਾਲਾਤ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੁਕਿਆ ਨਹੀਂ ਤੇ ਅਣਦੇਖੀ
ਕਰਕੇ ਲੰਘ ਗਿਆ … “, ਅਸ਼ੋਕ ਬਟੇਜਾ ਦੀ ਗੱਲ ਅਜੇ ਮੁੱਕੀ ਨਹੀਂ ਸੀ ਕਿ ਵਿੱਚੋਂ ਹੀ ਬਲਦੇਵ ਸਿੰਘ
ਬੋਲ ਪਿਆ, “ਸ੍ਰ. ਮਖਣ ਸਿੰਘ ਦਾ `ਚੇਤਨਾ ਰੈਸਟੋਰੈਂਟ’ ਵੀ ਸਾੜ ਦਿੱਤੈ?”
“ਸਰਦਾਰ ਜੀ! ਉਹ ਤਾਂ ਕੱਲ ਹੀ ਸਾੜਨ ਲੱਗੇ ਸਨ ਪਰ ਕਚਿਹਿਰੀ ਦੇ ਸਾਹਮਣੇ ਰਹਿੰਦੇ ਕੁਲਦੀਪ ਸਕਸੈਨਾ
ਤੇ ਰਾਜਾ ਰਘੂਨਾਥ ਸਿੰਗ ਨੇ ਰੋਕ ਲਿਆ ਪਰ ਅੱਜ ਕਚਿਹਰੀਆਂ ਬੰਦ ਸਨ ਤੇ ਉਨ੍ਹਾਂ ਮਨਚਾਹੀ ਲੁੱਟ ਤੇ
ਅਗਜ਼ਨੀ ਕਰ ਦਿੱਤੀ … “
“ਅਸਲ ਵਿੱਚ ਸਰਦਾਰ ਜੀ, ਕਿਸੇ ਨੇ ਇਹ ਅਫਵਾਹ ਉਡਾ ਦਿੱਤੀ ਸੀ ਕਿ ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ
ਆਉਣ ਤੋਂ ਬਾਅਦ ਉਥੇ ਕਚਿਹਰੀ ਸਾਹਮਣੇ ਮਠਿਆਈਆਂ ਵੰਡੀਆਂ ਗਈਆਂ। ਇਹ ਗੱਲ ਅੱਜ ਦੈਨਿਕ ਜਾਗਰਣ ਅਖਬਾਰ
ਨੇ ਵੀ ਛਾਪ ਦਿੱਤੀ ਹੈ। … ਹਾਲਾਂਕਿ ਅਸੀਂ ਆਪ ਪਤਾ ਕਰ ਕੇ ਆਏ ਹਾਂ ਸਾਨੂੰ ਕਚਿਹਰੀ ਦੇ ਵਕੀਲ,
ਗੁਆਂਢੀ ਦੁਕਾਨਦਾਰ ਤੇ ਆਂਢ-ਗੁਆਂਢ ਤੋਂ ਇੱਕ ਵੀ ਐਸਾ ਬੰਦਾ ਨਹੀਂ ਮਿਲਿਆ ਜਿਸਨੇ ਆਪਣੀ ਅੱਖੀਂ
ਮਠਿਆਈਆਂ ਵੰਡੀਦੀਆਂ ਵੇਖੀਆਂ ਹੋਣ ਜਾਂ ਵੰਡੀ ਹੋਈ ਮਠਿਆਈ ਖਾਧੀ ਵੀ ਹੋਵੇ”, ਤਨੇਜਾ ਦੀ ਗੱਲ ਖ਼ਤਮ
ਹੁੰਦੇ ਹੀ ਅਸ਼ੋਕ ਬਟੇਜਾ ਨੇ ਫੇਰ ਸਾਰੀ ਗੱਲ ਸਪੱਸ਼ਟ ਕੀਤੀ।
“ਇਨ੍ਹਾਂ ਅਫਵਾਹਾਂ ਨਾਲ ਹੀ ਤਾਂ ਲੋਕਾਂ ਨੂੰ ਭੜਕਾਇਆ ਜਾਂਦੈ, ਕੱਲ ਸਵੇਰੇ ਹੀ ਇਹ ਅਫ਼ਵਾਹ ਵੀ
ਫੈਲਾਈ ਗਈ ਸੀ ਕਿ ਸਿੱਖਾਂ ਦੇ ਜਥੇ ਕਿਰਪਾਨਾਂ ਲੈ ਕੇ ਸ਼ਹਿਰ ਵਿੱਚ ਹਿੰਦੂਆਂ ਦਾ ਕਤਲ ਕਰ ਰਹੇ ਹਨ,
ਹਾਲਾਂਕਿ ਇਹ ਬਿਲਕੁਲ ਬੇਬੁਨਿਯਾਦ ਗੱਲ ਹੈ”, ਬਲਦੇਵ ਸਿੰਘ ਨੇ ਉਸੇ ਚਿੰਤਾ ਭਰੇ ਲਹਿਜੇ ਵਿੱਚ ਕਿਹਾ
ਤੇ ਫੇਰ ਪੁੱਛਿਆ, “ਉਥੇ ਹੋਰ ਵੀ ਕੋਈ ਨੁਕਸਾਨ ਹੋਇਐ?”
“ਨੁਕਸਾਨ ਦਾ ਕੋਈ ਅੰਤ ਹੈ ਬਲਦੇਵ ਸਿੰਘ ਜੀ? ਜੀ. ਐਨ. ਕੇ. ਕਾਲਜ ਦੇ ਦੌਰਾਹੇ `ਤੇ ਵਾਕਿਆ ਮਹਿੰਦਰ
ਸਿੰਘ ਆਨੰਦ ਦਾ ਘਰ ਤਾਂ ਉਨ੍ਹਾਂ ਚੇਤਨਾ ਰੈਸਟੋਰੈਂਟ ਤੋਂ ਵੀ ਪਹਿਲਾਂ ਲੁੱਟ ਕੇ ਸਾੜ ਦਿੱਤਾ ਸੀ,
ਫੇਰ ਉਸ ਦੇ ਨਾਲ ਲਗਦੇ ਸ੍ਰ. ਮਨਜੀਤ ਸਿੰਘ ਮਿੱਲ ਸਟੋਰ ਸਿੰਡੀਕੇਟ ਵਾਲੇ, ਤੇ ਸ੍ਰ. ਐਸ ਅਹਲੂਵਾਲੀਆ
ਜਿਹੜੇ ਕੈਂਪਾ ਕੋਲਾ ਦੇ ਮਾਲਕ ਨੇ, ਦਾ ਮਕਾਨ, ਸਮਾਨ, ਮੋਟਰਾਂ ਤੇ ਕੀਮਤੀ ਸਮਾਨ ਲੁੱਟ ਕੇ ਅੱਗ ਦੀ
ਭੇਟ ਚਾੜ ਦਿੱਤਾ। ਉਸ ਤੋਂ ਬਾਅਦ ਉਹੀ ਟੋਲੀ ਨਵੀਨ ਮਾਰਕੀਟ ਲੁੱਟਣ ਚਲੀ ਗਈ. .”, ਅਸ਼ੋਕ ਬਟੇਜਾ ਨੇ
ਹੋਰ ਨੁਕਸਾਨ ਦਾ ਵੇਰਵਾ ਦੱਸਿਆ।
“ਲੁੱਟ ਲਈ ਨਵੀਨ ਮਾਰਕੀਟ ਵੀ?” ਬਲਦੇਵ ਸਿੰਘ ਦੇ ਮੂੰਹੋਂ ਅਣਭੋਲ ਹੀ ਨਿਕਲਿਆ।
“ਹਾਂ ਸਰਦਾਰ ਜੀ, ਉਨ੍ਹਾਂ ਮਿਊਰ ਮਿੱਲ ਵਾਲੇ ਸਿਰੇ ਤੋਂ ਦੁਕਾਨਾਂ ਦੇ ਸ਼ਟਰ ਤੋੜਨੇ ਸ਼ੁਰੂ ਕੀਤੇ।
ਸਰਦਾਰ ਵੂਲ ਹਾਉਸ ਦਾ ਸ਼ਟਰ ਪੂਰਾ ਤੋੜ ਨਹੀਂ ਸਕੇ ਪਰ ਅਰੋੜਾ ਕਲਾਥ ਹਾਉਸ ਵਿੱਚ ਵੜ ਕੇ ਕੈਸ਼ ਬਕਸ ਤੇ
ਸਭ ਕਪੜੇ ਵੀ ਲੁੱਟ ਲਏ, ਬਲਕਿ ਟੈਰੀਕਾਟ ਦੇ ਇੱਕ ਥਾਨ ਪਿੱਛੇ ਕੁੱਝ ਝਗੜਾ ਵੀ ਹੋ ਗਿਆ, ਜਿਸ ਤੋਂ
ਗੁੱਸੇ ਹੋ ਕੇ ਇੱਕ ਲੁੱਟਣ ਵਾਲੇ ਨੇ ਥਾਨ ਨੂੰ ਅੱਗ ਵਿੱਚ ਸੁੱਟ ਦਿੱਤਾ। ਹਾਲੇ ਥਾਨ ਨੇ ਅੱਗ ਫੜੀ
ਹੀ ਸੀ ਕਿ ਕੋਲ ਖਲੋਤੇ ਟ੍ਰੈਫਿਕ ਪੁਲੀਸ ਦੇ ਇੱਕ ਸਿਪਾਹੀ ਨੇ ਆਪਣੇ ਡੰਡੇ ਨਾਲ ਬਲਦੇ ਥਾਨ ਨੂੰ
ਅਰੋੜਾ ਕਲਾਥ ਹਾਊਸ ਦੇ ਅੰਦਰ ਸੁੱਟ ਦਿੱਤਾ ਤੇ ਇਸ ਤਰ੍ਹਾਂ ਨਵੀਨ ਮਾਰਕੀਟ ਵਿੱਚ ਅੱਗ ਲੱਗ ਗਈ”,
ਜਗਦੀਸ਼ ਕੁਮਾਰ ਤਨੇਜਾ ਨੇ ਅਗਲਾ ਵੇਰਵਾ ਦੱਸਿਆ।
ਬਲਦੇਵ ਸਿੰਘ ਕੁੱਝ ਬੋਲਣ ਹੀ ਲੱਗਾ ਸੀ ਕਿ ਵਿੱਚੋਂ ਹੀ ਅਸ਼ੋਕ ਬਟੇਜਾ ਬੋਲ ਪਿਆ, “ਪੁਲੀਸ ਚੌਕੀ ਦਾ
ਇੰਚਾਰਜ ਇੱਕ ਪਾਸੇ ਖੜਾ ਤਮਾਸ਼ਾ ਵੇਖਦਾ ਰਿਹੈ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ …।”
“ਕਾਰਵਾਈ ਨਹੀਂ ਕੀਤੀ! … ਸਗੋਂ ਟ੍ਰੈਫਿਕ ਪੁਲੀਸ ਦਾ ਸੋਨੇ ਲਾਲ ਯਾਦਵ ਆਪ ਸਿੱਖਾਂ ਦੀਆਂ ਦੁਕਾਨਾਂ
ਦੀ ਪਹਿਚਾਣ ਦਸਦਾ ਰਿਹੈ। ਹੋਰ ਪੁਲੀਸ ਵਾਲੇ ਤੇ ਟ੍ਰੈਫਿਕ ਪੁਲੀਸ ਵਾਲੇ ਆਪ ਬਲਵਈਆਂ ਨੂੰ ਉਕਸਾਉਂਦੇ
ਰਹੇ ਤੇ ਸਿੱਖਾਂ ਨੂੰ ਗੰਦੀਆਂ ਗਾਲ੍ਹਾਂ ਕਢਦੇ ਰਹੇ ਨੇ” ਤਨੇਜਾ ਨੇ ਹੈਰਾਨਗੀ ਪ੍ਰਗੱਟ ਕਰਦੇ ਹੋਏ
ਵਿੱਚੋਂ ਹੀ ਗੱਲ ਟੋਕ ਕੇ ਕਿਹਾ ਤੇ ਫੇਰ ਜ਼ਰਾ ਸੋਚ ਕੇ ਬੋਲਿਆ, “… ਹਾਂ! ਇੱਕ ਗੱਲ ਹੈ … ਪਹਿਲੇ
ਹੱਲੇ ਤਾਂ ਚੌਕੀ ਇੰਚਾਰਜ ਰਾਜਪਾਲ ਨੇ ਆਪਣੀ ਥੋੜ੍ਹੀ ਜਿਹੀ ਪੁਲੀਸ ਫੋਰਸ ਨਾਲ ਬਲਵਈਆਂ ਦੀ ਭੀੜ ਨੂੰ
ਤਿੱਤਰ-ਬਿਤਰ ਕਰ ਦਿੱਤਾ ਸੀ, ਫੇਰ ਉਹ ਬਹੁਤੇ ਇਕੱਠੇ ਹੋ ਕੇ ਆ ਗਏ …।”
“ਭਾਈ ਸਾਬ੍ਹ! ਅਮਰ ਸਾੜੀ ਤੇ ਇੰਡੀਆ ਸਾੜੀ ਸੈਂਟਰ `ਤੇ ਭੀੜ ਸੋਨੇ ਲਾਲ ਯਾਦਵ ਦੀ ਅਗਵਾਈ ਵਿੱਚ ਹੀ
ਗਈ ਸੀ। ਇਹ ਤਾਂ ਉਨ੍ਹਾਂ ਦੁਕਾਨਾਂ ਦੇ ਉਪਰ ਫ਼ਲੈਟਾਂ ਵਿੱਚ ਰਹਿੰਦੇ ਸਮਾਚਾਰ ਭਾਰਤੀ ਦੇ ਭਾਰਦਵਾਜ
ਅਤੇ ਇੰਡੀਅਨ ਐਕਸਪੋਲਟਿਕਸ ਵਰਕਰਸ ਯੂਨੀਅਨ ਦੇ ਸਕੱਤਰ ਸ੍ਰੀ ਅਰਵਿੰਦ ਨੇ ਮੌਕੇ ਤੇ ਪਹੁੰਚ ਕੇ ਭੀੜ
ਨੂੰ ਰੋਕਿਆ। ਬਸ ਇਹ ਵੇਖ ਕੇ ਸੋਨੇ ਲਾਲ ਯਾਦਵ ਉਥੋਂ ਖਿਸਕ ਗਿਆ … “ਬਟੇਜਾ ਅਜੇ ਪੁਲੀਸ ਦੀਆਂ
ਕਰਤੂਤਾਂ ਦਾ ਵੇਰਵਾ ਦੱਸ ਹੀ ਰਿਹਾ ਸੀ ਕਿ ਵਿੱਚੋਂ ਹੀ ਬਲਦੇਵ ਸਿੰਘ ਨੇ ਬੋਲਣ ਦਾ ਮੌਕਾ ਲੱਭ ਲਿਆ,
“ਇਹ ਸਭ ਤਾਂ ਠੀਕ ਹੈ ਭਾਈ ਸਾਬ੍ਹ, ਪਰ ਨਵੀਨ ਮਾਰਕੀਟ ਸ਼ਹਿਰ ਦੀ ਸਭ ਤੋਂ ਖੂਬਸੂਰਤ ਮਾਰਕੀਟ ਹੈ,
ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਅੱਗ ਲੱਗ ਗਈ ਹੈ, ਜੇ ਫੌਰਨ ਉਸ ਤੇ ਕਾਬੂ ਨਾ ਪਾਇਆ ਗਿਆ ਤਾਂ
ਉਸ ਨੇ ਤਾਂ ਫੈਲਦੇ ਹੀ ਜਾਣਾ ਹੈ, ਅੱਗ ਨੇ ਕੋਈ ਹਿੰਦੂ-ਸਿੱਖ ਦੀ ਦੁਕਾਨ ਦਾ ਲਿਹਾਜ ਥੋੜ੍ਹਾ ਹੀ
ਕਰਨਾ ਹੈ? ਬਲਦੇਵ ਸਿੰਘ ਨੇ ਆਪਣੀ ਚਿੰਤਾ ਫੇਰ ਜ਼ਾਹਿਰ ਕੀਤੀ।
“ਉਹ ਤਾਂ ਠੀਕ ਹੈ ਜੀ, ਅੱਗ ਤਾਂ ਜ਼ੋਰਾਂ ਨਾਲ ਫੈਲ ਹੀ ਰਹੀ ਹੈ. . ਪਰ ਇਸ ਵਿੱਚ ਤੁਸੀਂ ਜਾਂ ਅਸੀਂ
ਕੀ ਕਰ ਸਕਦੇ ਹਾਂ। ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ। ਜੇ ਪ੍ਰਸ਼ਾਸਨ ਅਤੇ ਪੁਲੀਸ ਜ਼ਰਾ ਸਾਵਧਾਨ ਹੁੰਦੇ,
ਜੇ ਡੀ. ਐਮ. ਇਮਾਨਦਾਰ ਹੁੰਦਾ ਤਾਂ ਇਹ ਕਰੋੜਾਂ ਰੁਪਏ ਦੀ ਬਰਬਾਦੀ ਬਚਾਈ ਜਾ ਸਕਦੀ ਸੀ, ਉਹ ਤਾਂ
ਲੀਡਰਾਂ ਦੀ ਨਜ਼ਰ ਵਿੱਚ ਆਪਣੇ ਨੰਬਰ ਬਨਾਉਣ ਦੀ ਕੋਸ਼ਿਸ਼ ਕਰ ਰਿਹੈ …. ਪਰ ਤੁਸੀਂ ਆਪ ਦੱਸੋ, ਜਦੋਂ
ਟੀ. ਵੀ. ਤੇ ਹੀ ਬਾਰਬਾਰ ਇੰਦਰਾ ਗਾਂਧੀ ਦੀ ਲਾਸ਼ ਵਿਖਾ ਕੇ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਉਛਾਲੇ
ਜਾ ਰਹੇ ਹਨ ਤਾਂ ਲੋਕਾਂ ਵਿੱਚ ਅੱਗ ਹੋਰ ਕਿਉਂ ਨਾ ਮਚੇਗੀ?” ਬਟੇਜਾ ਦੇ ਲਫਜ਼ਾਂ ਵਿੱਚ ਪੂਰਾ ਰੋਸ
ਸੀ।
“ਇਹ ਤਾਂ ਬਿਲਕੁਲ ਠੀਕ ਹੈ, ਪਰ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?” ਬਲਦੇਵ ਸਿੰਘ ਨੇ ਬਹਿਸ ਦੀ
ਬਜਾਏ ਗੱਲ ਨੂੰ ਸਾਰਥਕ ਮੋੜ ਦੇਣ ਦੀ ਕੋਸ਼ਿਸ਼ ਕੀਤੀ।
“ਅਸੀਂ ਇਸੇ ਵਾਸਤੇ ਆਏ ਹਾਂ, ਸਰਦਾਰ ਜੀ। ਇਹ ਅਸ਼ੋਕ ਨਗਰ ਦਾ ਇਲਾਕਾ ਪੜ੍ਹੇ ਲਿਖੇ ਸੂਝਵਾਨਾਂ ਦਾ,
ਸ਼ਾਂਤ ਇਲਾਕਾ ਹੈ। ਅਸੀਂ ਚਾਹੁੰਦੇ ਹਾਂ ਕਿ ਇਥੇ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ। ਅਸੀਂ ਸੋਚਦੇ ਹਾਂ
ਕਿ ਅਸੀਂ ਰੱਲ ਕੇ ਆਪਣੇ ਇਲਾਕੇ ਵਿੱਚ ਇੱਕ ਸ਼ਾਂਤੀ ਮਾਰਚ ਕੱਢੀਏ, ਜਿਸ ਨਾਲ ਸਾਰਿਆਂ ਨੂੰ ਪਤਾ ਲੱਗ
ਜਾਵੇ ਕਿ ਇਥੇ ਹਿੰਦੂ ਸਿੱਖ ਇਕੱਠੇ ਹਨ ਤੇ ਕੋਈ ਬਾਹਰਲਾ ਇਧਰ ਮੂੰਹ ਕਰਨ ਦੀ ਜੁਰਅਤ ਨਾ ਕਰੇ”,
ਤਨੇਜਾ ਨੇ ਆਪਣੇ ਆਉਣ ਦਾ ਮਕਸਦ ਸਪੱਸ਼ਟ ਕੀਤਾ।
ਬਲਦੇਵ ਸਿੰਘ ਨੂੰ ਉਸ ਦੀ ਗੱਲ ਇੱਕ ਦਮ ਜੱਚ ਗਈ ਤੇ ਉਹ ਛੇਤੀ ਨਾਲ ਬੋਲਿਆ, “ਬਹੁਤ ਚੰਗਾ ਖਿਆਲ ਹੈ
ਤਨੇਜਾ ਸਾਬ੍ਹ, ਸਾਨੂੰ ਇਸ ਵਿੱਚ ਬਿਲਕੁਲ ਢਿੱਲ ਨਹੀਂ ਕਰਨੀ ਚਾਹੀਦੀ ਅਤੇ ਜਿਤਨੀ ਜਲਦੀ ਹੋ ਸਕੇ ਇਹ
ਉਪਰਾਲਾ ਕਰ ਲੈਣਾ ਚਾਹੀਦਾ ਹੈ। ਹੁਣ ਤਿੰਨ ਵਜਣ ਵਾਲੇ ਹਨ, ਆਪਾਂ ਵੱਧ ਤੋਂ ਵੱਧ ਪਰਿਵਾਰਾਂ ਨੂੰ
ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਚਾਰ ਵਜੇ ਦਾ ਟਾਈਮ ਰੱਖ ਲਈਏ”, ਬਲਦੇਵ ਸਿੰਘ ਨੇ ਗੱਲ ਨੂੰ
ਅਮਲੀ ਮੋੜ ਦੇਂਦੇ ਹੋਏ ਕਿਹਾ।
“ਪਰ ਇਕੱਠੇ ਕਿਥੇ ਹੋਣਾ ਹੈ?” ਬਟੇਜਾ ਨੇ ਪੁੱਛਿਆ।
“ਮੇਰੇ ਖਿਆਲ ਵਿੱਚ ਸੁੱਚਾ ਸਿੰਘ ਹਲਵਾਈ ਦੀ ਦੁਕਾਨ ਵਾਲਾ ਚੌਂਕ ਵਿਚਕਾਰਲੀ ਜਿਹੀ ਜਗ੍ਹਾ ਹੈ, ਉਥੇ
ਹੀ ਠੀਕ ਰਹੇਗਾ”, ਬਲਦੇਵ ਸਿੰਘ ਨੇ ਆਪਣਾ ਸੁਝਾ ਦਿੱਤਾ।
“ਠੀਕ ਹੈ ਸਰਦਾਰ ਜੀ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸੁਨੇਹਾ ਪਹੁੰਚਾ
ਸਕੀਏ ਤੇ ਤੁਸੀਂ ਵੀ ਕੋਸ਼ਿਸ਼ ਕਰੋ, ਫੇਰ ਚਾਰ ਵਜੇ ਸੁੱਚਾ ਸਿੰਘ ਹਲਵਾਈ ਦੀ ਦੁਕਾਨ ਕੋਲ ਮਿਲਦੇ
ਹਾਂ”, ਬਟੇਜਾ ਨੇ ਕਿਹਾ ਤੇ ਉਹ ਦੋਵੇਂ ਉਠ ਖੜੋਤੇ। ਉਹ ਜਿਵੇਂ ਹੀ ਬਾਹਰ ਨਿਕਲਣ ਲੱਗੇ, ਗੁਰਮੀਤ
ਕੌਰ ਉਥੇ ਆਈ ਤੇ ਕਹਿਣ ਲੱਗੀ, “ਨਹੀਂ ਭਾਈ ਸਾਬ੍ਹ, ਇੰਝ ਨਹੀਂ ਜਾਣਾ, ਬਸ ਦੋ ਮਿੰਟ ਰੁਕੋ, ਚਾਹ ਆ
ਰਹੀ ਹੈ।”
“ਨਹੀਂ ਭਾਬੀ ਜੀ, ਇਸ ਵੇਲੇ ਨਹੀਂ, ਜ਼ਰਾ ਸ਼ਾਂਤੀ ਹੋ ਜਾਵੇ, ਫੇਰ ਤਸੱਲੀ ਨਾਲ ਬੈਠ ਕੇ ਚਾਹ
ਪੀਆਂਗੇ”, ਤਨੇਜਾ ਨੇ ਤੁਰਦੇ ਤੁਰਦੇ ਜੁਆਬ ਦਿੱਤਾ ਤੇ ਉਹ ਦੋਵੇਂ ਬਾਹਰ ਨਿਕਲ ਗਏ।
ਉਨ੍ਹਾਂ ਦੇ ਬਾਹਰ ਨਿਕਲਦਿਆਂ ਹੀ ਬਲਦੇਵ ਸਿੰਘ ਨੇ ਟੈਲੀਫੋਨ ਚੁੱਕ ਲਿਆ ਤੇ ਸਭ ਤੋਂ ਪਹਿਲਾਂ ਸ੍ਰ.
ਰਾਮ ਸਿੰਘ ਚੱਢਾ ਦੇ ਘਰ ਦਾ ਨੰਬਰ ਮਿਲਾਇਆ। ਕੁਦਰਤੀ ਟੈਲੀਫੋਨ ਉਨ੍ਹਾਂ ਦੇ ਸਪੁੱਤਰ ਗਰਚਰਨ ਸਿੰਘ
ਨੇ ਹੀ ਚੁੱਕਿਆ। ਹੈਲੋ ਦੀ ਅਵਾਜ਼ ਪਹਿਚਾਣਦੇ ਹੀ ਬਲਦੇਵ ਸਿੰਘ ਬੋਲਿਆ, “ਬੇਟਾ, ਹੁਣੇ ਇਲਾਕੇ ਦੇ
ਕੁੱਝ ਪਤਵੰਤੇ ਸਜਣ ਮੇਰੇ ਕੋਲ ਆਏ ਸਨ, ਉਨ੍ਹਾਂ ਦਾ ਵਿਚਾਰ ਹੈ ਕਿ ਸਾਨੂੰ ਹਿੰਦੂ ਸਿੱਖਾਂ ਨੂੰ ਰਲ
ਕੇ ਆਪਣੇ ਇਲਾਕੇ ਵਿੱਚ ਇੱਕ ਸ਼ਾਂਤੀ ਮਾਰਚ ਕਢਣਾ ਚਾਹੀਦਾ ਹੈ, ਤਾਂਕਿ ਪੂਰੀ ਕਲੋਨੀ ਵਿੱਚ ਏਕਾ ਬਣਿਆ
ਰਹੇ ਅਤੇ ਬਾਹਰੋਂ ਆ ਕੇ ਕੋਈ ਸ਼ਰਾਰਤ ਨਾ ਕਰ ਸਕੇ। ਮੈਨੂੰ ਉਨ੍ਹਾਂ ਦੀ ਗੱਲ ਬਹੁਤ ਠੀਕ ਲੱਗੀ ਹੈ।
ਮੈਂ ਵੀ ਟੈਲੀਫੋਨ ਰਾਹੀਂ ਵੱਧ ਤੋਂ ਵੱਧ ਇਲਾਕਾ ਨਿਵਾਸੀਆਂ ਨੂੰ ਖ਼ਬਰ ਕਰਨ ਦੀ ਕੋਸ਼ਿਸ਼ ਕਰ ਰਿਹਾ
ਹਾਂ, ਤੁਸੀਂ ਵੀ ਇਹ ਉਪਰਾਲਾ ਸ਼ੁਰੂ ਕਰ ਦਿਓ ਤੇ ਚਾਰ ਵਜੇ ਆਪਾਂ ਇਕੱਠੇ ਹੋ ਜਾਈਏ।” ਬਲਦੇਵ ਸਿੰਘ
ਨੇ ਪੂਰਾ ਪ੍ਰੋਗਰਾਮ ਦੱਸਿਆ।
“ਉਹ ਤਾਂ ਠੀਕ ਹੈ ਚਾਚਾ ਜੀ, ਪਰ ਸਾਰੇ ਸ਼ਹਿਰ ਵਿੱਚ ਤਾਂ ਜ਼ੁਲਮ ਦੀ ਹਨੇਰੀ ਵਗ ਰਹੀ ਹੈ, ਪਤਾ ਨਹੀਂ
ਹੁਣ ਤੱਕ ਕਿਤਨੇ ਸਿੱਖ ਪਰਿਵਾਰਾਂ ਦਾ ਘਾਣ ਹੋ ਚੁੱਕਾ ਹੈ। ਜ਼ਾਲਮ ਛੋਟੇ ਛੋਟੇ ਬੱਚਿਆਂ ਅਤੇ ਔਰਤਾ
ਨੂੰ ਵੀ … “ਬੋਲਦੇ, ਬੋਲਦੇ ਗੁਰਚਰਨ ਸਿੰਘ ਦਾ ਗੱਲਾ ਭਰ ਆਇਆ।
“ਹਾਂ ਬੇਟਾ, ਮੈਨੂੰ ਵੀ ਬਹੁਤ ਮੰਦਭਾਗੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਮੈਨੂੰ ਵੀ ਜਾਪਦੈ ਕਿ
ਸ਼ਾਇਦ ਅਸੀਂ ਕੋਈ ਦ੍ਰਿੜ ਫੈਸਲਾ ਲੈਣ ਵਿੱਚ ਲੇਟ ਹੋ ਗਏ ਹਾਂ, ਅਸਲ ਵਿੱਚ ਸਾਡੀ ਇਮਾਨਦਾਰੀ ਹੀ ਸਾਡੀ
ਦੁਸ਼ਮਣ ਬਣ ਗਈ ਹੈ ਤੇ ਹੁਣ ਇਕੱਲੇ ਇਕੱਲੇ ਘਰਾਂ ਵਿੱਚ ਘਿਰ ਗਏ ਹਾਂ। … ਬਸ ਇਹੀ ਕੋਸ਼ਿਸ਼ ਹੈ ਘੱਟੋ
ਘੱਟ ਸਾਡੀ ਕਲੋਨੀ ਤਾਂ ਬਚੀ ਰਹੇ”, ਬਲਦੇਵ ਸਿੰਘ ਨੇ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਠੀਕ ਹੈ ਚਾਚਾ ਜੀ, ਮੈਂ ਹੁਣੇ ਇਸ ਦੇ ਆਹਰ ਵਿੱਚ ਜੁਟ ਜਾਂਦਾ ਹੈ ਅਤੇ ਚਾਰ ਵਜੇ ਮਿਲਦੇ ਹਾਂ”,
ਕਹਿਕੇ ਗੁਰਚਰਨ ਸਿੰਘ ਨੇ ਟੈਲੀਫੋਨ ਕੱਟ ਦਿੱਤਾ। ਉਸ ਤੋਂ ਬਾਅਦ ਬਲਦੇਵ ਸਿੰਘ ਇਹੀ ਹੋਰ ਸਦੇ ਦੇਣ
ਵਿੱਚ ਲਗ ਗਿਆ ਤੇ ਉਧਰ ਗੁਰਚਰਨ ਸਿੰਘ ਵੀ ਇਸੇ ਕੰਮ ਵਿੱਚ ਰੁਝ ਗਿਆ।
ਅਜੇ ਥੋੜ੍ਹੇ ਲੋਕ ਹੀ ਇਕੱਠੇ ਹੋਏ ਸਨ। ਇਹ ਲੋਕ ਸੁੱਚਾ ਸਿੰਘ ਹਲਵਾਈ ਦੀ ਦੁਕਾਨ ਸਾਮ੍ਹਣੇ ਦੋਰਾਹੇ
`ਤੇ ਖੜੇ ਸਨ। ਅਮੋਲਕ ਸਿੰਘ ਤੇ ਗੁਰਚਰਨ ਸਿੰਘ ਹੋਰ ਹਿੰਦੂ ਸਾਥੀਆਂ ਨੂੰ ਘਰਾਂ `ਚੋਂ ਅਵਾਜ਼ਾਂ ਮਾਰ
ਕੇ ਬੁਲਾ ਰਹੇ ਸਨ ਕਿ ਸੇਂਟ ਐਗਜ਼ੇਵੀਅਰ ਸਕੂਲ ਦੇ ਕੋਲ ਡਾਕਖਾਨੇ ਵਾਲੇ ਪਾਸਿਓਂ ਗੁੰਡਿਆਂ ਦੀ ਇੱਕ
ਭੀੜ ਪਰਗੱਟ ਹੋਈ। ਉਸੇ ਵੇਲੇ ਦੋਰਾਹੇ ਦੇ ਕੋਲੋਂ ਹੀ ਤਿਵਾੜੀ ਦੇ ਕੋਠੇ ਤੋਂ ਪੱਥਰ ਵਰ੍ਹਣੇ ਸ਼ੁਰੂ
ਹੋ ਗਏ, ਤੇ ਨਾਲ ਹੀ ਉਨ੍ਹਾਂ ਗੁੰਡਿਆਂ ਨੇ ਵੀ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਉਹ ਸਭ ਲੋਕ ਜੋ
ਸ਼ਾਤੀ ਮਾਰਚ ਲਈ ਇਕੱਠੇ ਹੋਏ ਸਨ ਨੇੜਲੇ ਘਰਾਂ ਵੱਲ ਦੌੜੇ। ਇਸੇ ਦੌਰਾਨ ਇੱਕ ਪੱਥਰ ਅਮੋਲਕ ਸਿੰਘ ਦੇ
ਲੱਗਾ ਤੇ ਉਹ ਉਥੇ ਹੀ ਡਿੱਗ ਪਿਆ। ਜਿਸ ਨੂੰ ਜਿੱਥੇ ਦਾਅ ਲੱਗਾ, ਉਥੇ ਹੀ ਲੁੱਕ ਗਿਆ। ਕਾਫੀ ਦੇਰ
ਸਾਰੇ ਅੰਦਰ ਹੀ ਦੁਬਕੇ ਰਹੇ, ਜਦੋਂ ਬਾਹਰੋਂ ਰੌਲੇ ਦੀ ਅਵਾਜ਼ ਘੱਟ ਗਈ ਤਾਂ ਹੌਂਸਲਾ ਕਰ ਕੇ ਬਾਹਰ
ਨਿਕਲਣ ਲੱਗੇ, ਤਾਂ ਕਿਸੇ ਦੀ ਉੱਚੀ ਉੱਚੀ ਧਾਹਾਂ ਮਾਰਨ ਦੀ ਅਵਾਜ਼ ਸੁਣਾਈ ਦਿੱਤੀ, ‘ਸਾੜ ਦਿਤਾ ਓਏ,
ਜੁਆਨ ਮੁੰਡਿਆਂ ਨੂੰ ਜਿਉਂਦੇ ਜੀ ਸਾੜ ਦਿੱਤਾ’। ਧਾਹਾਂ ਮਾਰਨ ਵਾਲਾ ਦੋਰਾਹੇ ਦੇ ਚੌਂਕ ਵੱਲ ਇਸ਼ਾਰਾ
ਕਰ ਰਿਹਾ ਸੀ। ਉਹ ਵੀ ਉਸੇ ਪਾਸੇ ਵੱਲ ਭਜ ਪਏ। ਜਾ ਕੇ ਵੇਖਿਆ ਤਾਂ ਦੋ ਨੌਜੁਆਨ ਧੂੰ ਧੂੰ ਕਰ ਕੇ ਜਲ
ਰਹੇ ਸਨ। ਉਨ੍ਹਾਂ ਵਿੱਚ ਹਰਕਤ ਖਤਮ ਹੋ ਚੁੱਕੀ ਸੀ ਜਿਸ ਤੋਂ ਸਪੱਸ਼ਟ ਸੀ ਕਿ ਉਨ੍ਹਾਂ ਦੇ
ਪ੍ਰਾਣ-ਪੰਖੇਰੂ ਉਡ ਚੁੱਕੇ ਹਨ। ਕੋਲ ਸ੍ਰ. ਰਾਮ ਸਿੰਘ ਚੱਢਾ ਦਾ ਪਰਿਵਾਰ ਖੜਾ ਵਿਰਲਾਪ ਕਰ ਰਿਹਾ
ਸੀ। ਸ੍ਰ. ਰਾਮ ਸਿੰਘ ਚੱਢਾ ਅਤੇ ਅਮੋਲਕ ਸਿੰਘ ਦੀ ਪਤਨੀ ਦੋਵੇਂ ਬਹੁਤ ਜ਼ਖਮੀਂ ਸਨ, ਉਨ੍ਹਾਂ ਦੀ
ਹਾਲਤ ਵੇਖੀ ਨਹੀਂ ਸੀ ਜਾਂਦੀ।
ਪੁੱਛਣ ਤੇ ਪਤਾ ਲੱਗਾ ਕਿ ਜਦੋਂ ਉਹ ਨਸ ਰਹੇ ਸਨ ਤਾਂ ਘਰ ਵੱਲ ਨਸੇ ਜਾਂਦੇ ਗੁਰਚਰਨ ਸਿੰਘ ਨੂੰ ਕਿਸੇ
ਨੇ ਦੱਸਿਆ ਕਿ ਚੌਂਕ ਵਿੱਚ ਇੱਕ ਸਿੱਖ ਨੌਜੁਆਨ ਜ਼ਖਮੀਂ ਹੋ ਕੇ ਡਿੱਗਾ ਪਿਆ ਹੈ। ਉਹ ਵਾਪਸ ਵੇਖਣ ਲਈ
ਨੱਸਿਆ ਤਾਂ ਭਰਾ ਨੂੰ ਡਿੱਗਾ ਹੋਇਆ ਵੇਖ ਕੇ, ਉਸ ਨੂੰ ਘਰ ਲਿਜਾਣ ਲਈ ਚੁੱਕਣ ਲੱਗਾ ਤਾਂ ਭੀੜ ਨੇ
ਘੇਰ ਕੇ ਪੱਥਰ ਵਸਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਘਰ ਵਾਲਿਆਂ ਦੇ ਪਹੁੰਚਣ ਤੱਕ ਸੜਕ ਖ਼ੂਨ ਨਾਲ
ਭਰੀ ਹੋਈ ਸੀ। ਸ੍ਰ. ਰਾਮ ਸਿੰਘ ਤੇ ਅਮੋਲਕ ਸਿੰਘ ਦੀ ਪਤਨੀ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ
ਪੱਥਰ ਮੀਂਹ ਵਾਂਗ ਵਰ੍ਹ ਰਹੇ ਸਨ ਜੋ ਉਨ੍ਹਾਂ ਨੂੰ ਵੀ ਲੱਗੇ। ਅਮੋਲਕ ਸਿੰਘ ਦੀ ਪਤਨੀ ਥੋੜ੍ਹੀ ਦੂਰ
ਖਲ੍ਹੋਤੇ ਇੱਕ ਪੁਲਸੀਏ ਨੂੰ ਬੜੀ ਮੁਸ਼ਕਿਲ ਨਾਲ ਖਿਚ ਕੇ ਲਿਆਈ ਕਿ ਮੇਰੇ ਪਤੀ ਤੇ ਦਿਓਰ ਨੂੰ ਬਚਾ ਲਓ
… ਪਰ ਉਸ ਦੇ ਆਉਣ ਤੱਕ ਗੁੰਡਿਆਂ ਨੇ ਕੋਲ ਪਏ ਟੱਟਰ ਤੇ ਰੇੜ੍ਹੀ ਉਨ੍ਹਾਂ ਦੋਹਾਂ ਭਰਾਵਾਂ ਤੇ ਸੁੱਟ
ਕੇ ਮਿੱਟੀ ਦਾ ਤੇਲ ਪਾਇਆ ਤੇ ਅੱਗ ਲਾ ਦਿੱਤੀ। ਪੁਲੀਸ ਵਾਲੇ ਨੇ ਕੋਈ ਮਦਦ ਨਹੀਂ ਕੀਤੀ ਸਗੋਂ ਕਿਹਾ
ਕਿ “ਹੁਣ ਬਚਾ ਕੇ ਕੀ ਕਰਨਾ ਹੈ, ਤੂੰ ਘਰ ਦੌੜ ਜਾ ਨਹੀਂ ਤਾਂ ਤੈਨੂੰ ਵੀ ਸਾੜ ਦੇਣਗੇ।” ਉਸ ਵੇਲੇ
ਆਰਮੀਂ ਦੀਆਂ ਗੱਡੀਆਂ ਵੀ ਲੰਘ ਰਹੀਆਂ ਸਨ। ਇੱਕ ਗੱਡੀ ਆ ਕੇ ਦੋ ਮਿੰਟ ਲਈ ਰੁਕੀ ਵੀ, ਪਰ ਇਹ ਕਹਿਕੇ
ਕਿ ਹੁਣ ਅੱਗ ਵਿੱਚੋਂ ਕੱਢ ਕੇ ਕੀ ਕਰੋਗੇ”. . ਅਗੇ ਚਲੀ ਗਈ। ਉਹ ਚੌਰਾਹਾ ਹੀ ਉਨ੍ਹਾਂ ਸਿੱਖ
ਨੌਜੁਆਨਾ ਦਾ ਸ਼ਮਸ਼ਾਨ ਘਾਟ ਬਣ ਗਿਆ।
ਬਲਦੇਵ ਸਿੰਘ ਘਰ ਪਰਤਿਆ ਤਾਂ ਉਸ ਦੀ ਹਾਲਤ ਬੜੀ ਅਜੀਬ ਸੀ। ਭਾਵੇਂ ਚਿਹਰੇ ਤੇ ਰੋਹ ਸੀ ਪਰ ਅੱਖਾਂ
ਸੁਜੀਆਂ ਹੋਈਆਂ ਅਤੇ ਲਾਲ ਸਨ, ਉਨ੍ਹਾਂ ਵਿੱਚੋਂ ਪਾਣੀ ਆਪਣੇ ਆਪ ਵਗੀ ਜਾ ਰਿਹਾ ਸੀ। ਇੰਝ ਤੁਰ ਰਿਹਾ
ਸੀ ਜਿਵੇਂ ਹਰ ਕਦਮ ਇੱਕ ਭਾਰ ਜਾਪ ਰਿਹਾ ਹੋਵੇ। ਜਾਂਦਾ ਹੋਇਆ ਉਹ ਆਪ ਗੁਰਮੀਤ ਕੌਰ ਨੂੰ ਹਦਾਇਤ ਕਰ
ਕੇ ਗਿਆ ਸੀ ਕਿ ਉਹ ਦਰਵਾਜ਼ੇ ਦੀਆਂ ਕੁੰਡੀਆਂ ਚੰਗੀ ਤਰ੍ਹਾਂ ਬੰਦ ਕਰ ਲਏ ਅਤੇ ਚੰਗੀ ਤਰ੍ਹਾਂ ਪਛਾਣ
ਕਰ ਕੇ ਹੀ ਦਰਵਾਜ਼ਾ ਖੋਲ੍ਹੇ, ਇਸ ਲਈ ਦਰਵਾਜ਼ਾ ਖੁਲ੍ਹਦਿਆਂ ਇੱਕ ਦੋ ਮਿੰਟ ਲੱਗ ਗਏ ਪਰ ਬਲਦੇਵ ਸਿੰਘ
ਨੂੰ ਸਾਹਮਣੇ ਵੇਖ ਕੇ ਉਹ ਹੈਰਾਨ ਰਹਿ ਗਈ। ਬਲਦੇਵ ਸਿੰਘ ਬਾਹੀ ਦੀ ਓਟ ਲੈ ਕੇ ਖੜ੍ਹਾ ਸੀ, ਸ਼ਕਲ
ਇੰਝ, ਜਿਵੇਂ ਬੌਂਦਲਿਆ ਪਿਆ ਹੋਵੇ। ਗੁਰਮੀਤ ਕੌਰ ਉਸ ਦੀ ਇਹ ਹਾਲਤ ਵੇਖ ਕੇ ਇੱਕ ਦਮ ਘਬਰਾ ਗਈ ਤੇ
ਉਸ ਦੀ ਚੀਖ ਵਰਗੀ ਅਵਾਜ਼ ਨਿਕਲੀ, “ਸਰਦਾਰ ਜੀ! ਇਹ ਕੀ ਹੋਇਆ ਜੇ?” ਬਲਦੇਵ ਸਿੰਘ ਨੇ ਹੱਥ ਚੁੱਕ ਕੇ
ਰੁਕਣ ਲਈ ਇਸ਼ਾਰਾ ਕੀਤਾ ਤੇ ਅੰਦਰ ਵੱਲ ਤੁਰਿਆ। ਗੁਰਮੀਤ ਕੌਰ ਨੇ ਛੇਤੀ ਨਾਲ ਉਸ ਨੂੰ ਸਹਾਰਾ ਦੇਣ ਦੀ
ਕੋਸ਼ਿਸ਼ ਕੀਤੀ ਪਰ ਬਲਦੇਵ ਸਿੰਘ ਨੇ ਉਸ ਹਾਲਤ ਵਿੱਚ ਵੀ ਉਸ ਨੁੰ ਰੋਕ ਕੇ ਪਹਿਲਾਂ ਦਰਵਾਜ਼ਾ ਚੰਗੀ
ਤਰ੍ਹਾਂ ਬੰਦ ਕਰਨ ਲਈ ਆਖਿਆ। ਬੱਬਲ ਵੀ ਉਥੇ ਹੀ ਬੈਠੀ ਸੀ, ਉਸ ਨੇ ਦੌੜ ਕੇ ਪਿਤਾ ਨੂੰ ਫੜ੍ਹ ਲਿਆ।
ਅੰਦਰ ਆ ਕੇ ਉਹ ਸੋਫੇ ਤੇ ਢਿੱਗ ਵਾਂਗੂੰ ਡਿੱਗ ਪਿਆ। ਉਸ ਨੂੰ ਬਿਠਾ ਕੇ ਬੱਬਲ ਦੌੜੀ ਗਈ ਤੇ ਪਾਣੀ
ਲੈ ਆਈ। ਗੁਰਮੀਤ ਕੌਰ ਵੀ ਆ ਕੇ ਪਤੀ ਦੇ ਕੋਲ ਬੈਠ ਗਈ, ਉਸਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਸੰਭਾਲ
ਲਿਆ ਤੇ ਬੜੇ ਪਿਆਰ ਨਾਲ ਪਤੀ ਦੀਆਂ ਲੱਤਾਂ ਬਾਹਾਂ ਘੁਟਦੀ ਹੋਈ ਬੋਲੀ, “ਸਰਦਾਰ ਜੀ! ਤੁਸੀਂ ਤਾਂ
ਸ਼ਾਂਤੀ ਮਾਰਚ ਤੇ ਗਏ ਸਾਓ, ਦਸੋ ਤਾਂ ਸਹੀ, ਇਹ ਹੋਇਆ ਕੀ ਏ?”
ਪਾਣੀ ਪੀਣ ਨਾਲ ਬਲਦੇਵ ਸਿੰਘ ਵੀ ਕੁੱਝ ਸੁਚੇਤ ਹੋ ਗਿਆ ਸੀ। ਉਸ ਨੇ ਬੋਲਣ ਦੀ ਕੋਸ਼ਿਸ਼ ਕੀਤੀ, “ਬੜਾ
…. ਵੱਡਾ … ਜ਼ੁਲਮ … ਹੋਇਐ … ਮੀਤਾ … “ਤੇ ਨਾਲ ਹੀ ਉਸ ਦੀ ਭੁੱਬ ਨਿਕਲ ਗਈ ਤੇ ਅਗੋਂ ਲਫਜ਼ ਵਿੱਚੇ
ਹੀ ਦੱਬ ਗਏ। ਗੁਰਮੀਤ ਕੌਰ ਇਹ ਤਾਂ ਸਮਝ ਚੁੱਕੀ ਸੀ ਕਿ ਕੋਈ ਬਹੁਤ ਵੱਡਾ ਹਾਦਸਾ ਵਾਪਰ ਗਿਐ, ਨਹੀਂ
ਤਾਂ ਉਸ ਦਾ ਪਤੀ ਇੰਝ ਘਬਰਾਉਣ ਵਾਲਾ ਨਹੀਂ। ਉਹ ਪਤੀ ਨੂੰ ਫੇਰ ਹੌਂਸਲਾ ਦੇਣ ਲਈ ਬੋਲੀ, “ਏਡੇ ਵੱਡੇ
ਤੁਫਾਨ ਵਿੱਚ ਵੀ ਅਸੀਂ ਤੁਹਾਡੇ ਸਹਾਰੇ ਸੰਭਲੇ ਖੜ੍ਹੇ ਹਾਂ, ਜੇ ਤੁਸੀਂ ਇੰਝ ਘਬਰਾ ਜਾਓਗੇ ਤਾਂ
ਸਾਡਾ ਕੀ ਬਣੇਗਾ?” ਕੋਲੋਂ ਬੱਬਲ ਦਾ ਚਿਹਰਾ ਵੀ ਬਿਲਕੁਲ ਉਤਰ ਗਿਆ ਸੀ ਤੇ ਪਿਤਾ ਦੀ ਸ਼ਕਲ ਵੇਖ ਕੇ
ਉਸ ਦੇ ਵੀ ਅਥਰੂ ਵੱਗ ਤੁਰੇ ਸਨ।
“ਹਾਂ ਮੀਤਾ ਇਹ ਤਾਂ ਹੁਣ ਸਹਿਣਾ ਹੀ ਪੈਣਾ ਹੈ, …. ਹਿੰਮਤ ਤਾਂ ਰੱਖਣੀ ਹੀ ਪਵੇਗੀ, … ਇਸ ਤੋਂ
ਸਿਵਾ ਤਾਂ ਕੋਈ ਹੱਲ ਹੀ ਨਹੀਂ …. ਨਹੀਂ ਤਾਂ ਇਸ ਜ਼ੁਲਮ ਦੇ ਦੌਰ ਨੂੰ …. ਕਿਵੇਂ ਪਾਰ ਕਰਾਂਗੇ”,
ਬਲਦੇਵ ਸਿੰਘ ਦੇ ਬੋਲ ਇੰਝ ਸਨ ਜਿਵੇਂ ਗੁਰਮੀਤ ਤੇ ਬੱਬਲ ਦੇ ਨਾਲ ਆਪਣੇ ਆਪ ਨੂੰ ਵੀ ਸਮਝਾਉਣ ਦੀ
ਕੋਸ਼ਿਸ਼ ਕਰ ਰਿਹਾ ਹੋਵੇ। ਥੋੜ੍ਹੀ ਦੇਰ ਸਾਰੇ ਚੁੱਪ ਰਹੇ ਤੇ ਫੇਰ ਗੁਰਮੀਤ ਕੌਰ ਨੇ ਗੱਲ ਛੇੜੀ,
“ਸਰਦਾਰ ਜੀ ਹੋ ਗਿਐ ਸ਼ਾਂਤੀ ਮਾਰਚ?” ਉਸ ਦੀ ਉਤਸੁਕਤਾ ਤਾਂ ਵਿੱਚੇ ਹੀ ਸੀ।
“ਕਾਹਦਾ ਸ਼ਾਂਤੀ ਮਾਰਚ ਮੀਤਾ? ਅਜੇ ਤਾਂ ਇਕੱਠੇ ਹੋ ਰਹੇ ਸਾਂ, ਚਾਰ ਛੇ ਹੀ ਬੰਦੇ ਸਾਂ ਕਿ ਬੜਾ ਵੱਡਾ
ਕਹਿਰ ਢਹਿ ਪਿਐ”, ਤੇ ਫੇਰ ਬਲਦੇਵ ਸਿੰਘ ਨੇ ਸਾਰੀ ਵਾਪਰੀ ਗੱਲ ਇਨਬਿਨ ਸੁਣਾਈ। ਸੁਣ ਕੇ ਗੁਰਮੀਤ
ਕੌਰ ਤੇ ਬੱਬਲ ਵੀ ਤੜਫ ਉਠੀਆਂ ਤੇ ਕੁਰਲਾਉਂਦੀ ਹੋਈ ਗੁਰਮੀਤ ਕੌਰ ਬੋਲੀ, “ਉਹ! ਸਰਦਾਰ ਜੀ, ਇਹ ਤਾਂ
ਬੜਾ ਵੱਡਾ ਜ਼ੁਲਮ ਹੋਇਐ, ਵਿਚਾਰੇ ਅਮੋਲਕ ਸਿੰਘ ਦੇ ਤਾਂ ਤਿੰਨ ਛੋਟੇ-ਛੋਟੇ ਬੱਚੇ ਨੇ, ਸਭ ਤੋਂ ਛੋਟਾ
ਤਾਂ ਪਿਓ ਬਗੈਰ ਰਹਿੰਦਾ ਹੀ ਨਹੀਂ।”
“ਹਾਂ ਮੀਤਾ, ਗੁਰਚਰਨ ਦਾ ਵੀ ਇਸੇ ਮਹੀਨੇ ਵਿਆਹ ਸੀ। ਵਿਚਾਰੇ ਰਾਮ ਸਿੰਘ ਤੇ ਉਨ੍ਹਾਂ ਦੀ ਪਤਨੀ ਦਾ
ਤਾਂ ਲੱਕ ਟੁੱਟ ਗਿਆ ਹੈ … ਪਰ ਜਿਸ ਵੇਲੇ ਇਨਸਾਨ ਹੈਵਾਨ ਬਣਿਆ ਹੋਵੇ ਉਸ ਨੂੰ ਇਹ ਸਭ ਥੋੜ੍ਹਾ ਨਜ਼ਰ
ਆਉਂਦਾ ਹੈ। …. ਉਫ! ਇਤਨਾ ਵੱਡਾ ਜ਼ੁਲਮ ਕਿ ਕਿਸੇ ਨੂੰ ਜਿਉਂਦੇ ਸਾੜ ਦੇਣਾ … “ਤੇ ਬਲਦੇਵ ਸਿੰਘ ਦਾ
ਮਨ ਫੇਰ ਭਰ ਆਇਆ।
ਭਾਵੇਂ ਅੱਜ ਦਿਨ ਚੜ੍ਹਨ ਤੋਂ ਇਹ ਜ਼ੁਲਮ ਦੀਆਂ ਦਾਸਤਾਨਾਂ ਹੀ ਸੁਣਨ ਨੂੰ ਮਿਲ ਰਹੀਆਂ ਸਨ ਪਰ ਸੁਣਨ
ਤੇ ਅੱਖੀਂ ਵੇਖਣ ਵਿੱਚ ਬੜਾ ਫਰਕ ਹੁੰਦਾ ਹੈ। ਇਸ ਅੱਖੀਂ ਵੇਖੇ ਸਾਕੇ ਨੇ, ਜਿਸ ਵਿੱਚ ਉਸ ਦੇ ਆਪਣੇ
ਪੁਤਰਾਂ ਵਰਗੇ ਦੋ ਨੌਜੁਆਨ ਜਿਉਂਦੇ ਜੀ ਅੱਗ ਵਿੱਚ ਭੁੰਨ ਦਿੱਤੇ ਗਏ ਸਨ ਨੇ ਉਸ ਨੂੰ ਬੁਰੀ ਤਰ੍ਹਾਂ
ਝੰਜੋੜ ਦਿੱਤਾ ਸੀ।
(ਨੋਟ: ਇਸ ਨਾਵਲ ਵਿੱਚ ਦਰਸਾਈਆਂ ਜਾ ਰਹੀਆਂ ਕਾਨਪੁਰ ਦੀਆਂ ਸਾਰੀਆਂ
ਮੰਦਭਾਗੀਆਂ ਦੁਖਦਾਈ ਘਟਨਾਵਾਂ ਬਿਲਕੁਲ ਸੱਚੀਆਂ ਹਨ ਅਤੇ ਤਾਰਨ ਗੁਜਰਾਲ ਜੀ ਦੀ ਕਿਤਾਬ, ‘ਰੱਤੁ ਕਾ
ਕੁੰਗੂ’ ਵਿੱਚੋਂ ਲਈਆਂ ਗਈਆਂ ਹਨ। ਬੇਸ਼ਕ ਉਨ੍ਹਾਂ ਨੂੰ ਨਾਵਲ ਦੇ ਪਾਤਰਾਂ ਨਾਲ ਜੋੜਿਆ ਗਿਆ ਹੈ ਪਰ
ਸਥਾਨ, ਵਿਅਕਤੀ ਅਤੇ ਵਾਰਦਾਤਾਂ ਬਿਲਕੁਲ ਸੱਚੀਆਂ ਹਨ। . . ਰਾਜਿੰਦਰ ਸਿੰਘ)
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726