.

“ਪਦਮਾਸਨ ਕਰਿ ਲਗੀ ਸਮਾਧਿ”

ਲਿਖਿ ਅਸ ਦਰ ਪਰਿ ਚਿਣਿਓ ਸੋਈ। ਤਾ ਮਹਿ ਛਪੈ ਜਾਨ ਨਹਿ ਕੋਈ।

ਪਦਮਾਸਨ ਕਰਿ ਲਗੀ ਸਮਾਧਿ। ਗੁਰ ਨਾਨਕ ਪਦ ਅਗਮ ਅਗਾਧ॥ 203॥

ਲੋਕਾਂ ਦੀ ਅੱਖ ਬਚਾ ਕੇ ਬਾਸਰ ਕੇ ਪਿਡ ਦੀਆਂ ਜੂਹਾਂ ਵਿੱਚ ਬਣੇ ਕੱਚੇ ਕੋਠੇ ਵਿੱਚ ਜਾ ਲੁਕਣ ਬਾਰੇ ਜੋ ਗਲ ਸਤਿਗੁਰੂ ਜੀ ਦੇ ਪਾਵਨ ਜੀਵਨ ਨਾਲ ਲਿਖਾਰੀ ਨੇ ਜੋੜੀ ਹੋਈ ਹੈ, ਉੱਪਰ ਅਸਾਂ ਵਿਸਥਾਰ ਨਾਲ ਵਿਚਾਰ ਲਈ ਹੈ। ਏਥੇ ਉਪਰੋਕਤ ਚੌਪਈ ਦੀ ਦੁਜੀ ਪੰਗਤੀ ਦੀ ਵਿਚਾਰ ਕਰਨੀ ਹੈ।

ਪਦ ਅਰਥ; -ਪਦਮਾਸਨ=ਯੋਗ ਮਤ ਅਨੁਸਾਰ ਕਮਲ ਦੇ ਆਕਾਰ ਦੀ ਬੈਠਕ, (-ਛੌਕੜਾ) ਸੱਜਾ ਪੈਰ ਖੱਬੇ ਪੱਟ ਉੱਪਰ ਅਰ ਖੱਬਾ ਪੈਰ ਸੱਜੇ ਪੱਟ ਉਪਰ ਰੱਖ ਕੇ ਛਾਤੀ ਦਾ ਵਲ ਕੱਢਕੇ ਸਿਧੇ ਬੈਠਣਾ, ਸੱਜੀ ਬਾਂਹ ਪਿੱਛੋਂ ਦੀ ਲਿਆ ਕੇ ਸੱਜੇ ਪੈਰ ਦਾ ਅਤੇ ਖੱਬੀ ਨਾਲ ਖੱਬਾ ਅੰਗੂਠਾ ਫੜਨਾ, ਠੋਡੀ ਛਾਤੀ ਨਾਲ ਲਾ ਕੇ ਨੇਤ੍ਰਾਂ ਦੀ ਟਕ ਨੱਕ ਦੀ ਨੋਕ ਪਰ ਜਮਾਉਂਣੀ ਇਸ ਤਰ੍ਹਾਂ ਪਦਮ ਆਸਣ ਲਾ ਕੇ ਭਗਤੀ ਕਰਨ ਲੱਗੇ। ਗੁਰ ਨਾਨਕ ਪਦ. =ਸ੍ਰੀ ਗੁਰੂ ਨਾਨਕ ਜੀ ਦੇ ਚਰਨਾ ਦਾ।

ਅਰਥ ਲਿਖਣ ਵਿੱਚ ਹੇਰਾ ਫੇਰੀ?

ਹੈਰਾਨੀ ਹੈ ਕਿ, ਪੁਸਤਕ ਦੀ ਸੰਪਾਦਨਾ ਕਰਨ ਵਾਲੇ ਵਿਦਵਾਨ ਮਹਾਂਪੁਰਖਾਂ ਨੇ ਜਦ ‘ਪਦਮਾਸਨ’ ਸ਼ਬਦ ਦੇ ਅਰਥ ਮਹਾਨ ਕੋਸ਼ ਦੇ 741 ਸਫ਼ੇ ਦੀ ਅੱਖਰ ਅੱਖਰ ਨਕਲ ਲਿਖੀ ਹੈ, ਤਾਂ “ਅਗਮ ਅਗਾਧ” ਪਦਾਂ ਦੇ ਅਰਥ ਵੀ ਮਹਾਂਨ ਕੋਸ਼ ਵਿਚੋਂ ਹੀ ਲੈ ਕੇ, ‘ਗੁਰ ਨਾਨਕ ਪਦ’ ਪੂਰੀ ਪੰਗਤੀ ਦੇ ਠੀਕ ਅਰਥ ਲਿਖਣ ਦੀ ਮਿਹਰ ਕਿਸ ਕਾਰਨ ਨਾ ਕੀਤੀ? ਕੀ, ਉਨ੍ਹਾਂ ਦੇ ਮਨ ਵਿੱਚ ਇਹ ਭੈ ਸੀ ਕਿ ਕਿਤੇ ਪਾਠਕ ਸੱਜਣ, ਲਿਖਾਰੀ ਵਲੋਂ ਕੀਤੀ ਦੁਖਦਾਈ ਚੋਭ ਦੀ ਅਸਲੀਯਤ ਤੋਂ ਜਾਣੂ ਨਾ ਹੋ ਜਾਣ?

ਅਰਥ ਵਿਚਾਰ:-

(ੳ) ਸੰਪਾਦਕ ਵਿਦਵਾਨਾ ਨੇ, ਮਹਾਨ ਕੋਸ਼ ਦੇ ਜਿਸ ਸਫ਼ੇ ਤੋਂ ਅਰਥ ਲਏ ਸਨ, ਉਸੇ 741 ਸਫ਼ੇ ਦੇ ਸਾਹਮਣੇ (ਖੱਬੇ ਪਾਸੇ) 740 ਸਫ਼ੇ ਤੇ ‘ਪਦ’ ਲਫ਼ਜ਼ ਦੇ ਅਰਥਾਂ ਵਿਚ-4- ‘ਦਰਜਾ, ਰੁਤਬਾ-ਮਿਰਤਕ ਪਿੰਡਿ ਪਦ ਮਦ ਨਾ, ਅਹਿਨਿਸ ਏਕ ਅਗਿਆਨ ਸੁ ਨਾਗਾ।” (ਸ੍ਰੀ ਬੇਣੀ ਜੀ) “ਖੋਜੈ ਪਦ ਨਿਰਬਾਨਾ” (ਗਉ: ਮ: 9) ਵੀ ਲਿਖੇ ਹੋਏ ਹਨ। ਵੇਖਣਾ ਹੈ ਕਿ ਏਥੇ ਪਦ ਦਾ ਅਰਥ ਚਰਨ ਠੀਕ ਹੈ, ਕਿ, ਜਾਂ ‘ਰੁਤਬਾ’ ਅਥਵਾ ‘ਦਰਜਾ’ ਠੀਕ ਢੁੱਕਦਾ ਹੈ।

(ਅ) ਮਹਾਨ ਕੋਸ਼ 41 ਸਫ਼ੇ ਤੇ ਅਗਮ ਪਦ ਦੇ ਅਰਥ- 1. ਜੋ ਗਮਨ ਨਾ ਕਰੇ, ਅਚੱਲ, ਲਿਖਿਅ ਹੈ। ਅਤੇ 42 ਸਫ਼ੇ ਤੇ ਅਗਾਧ ਪਦ ਦੇ ਅਰਥ=ਜਿਸ ਦਾਂ ਥਾਹ ਨਾ ਪਾਇਆ ਜਾਵੇ, ਜਿਸ ਦਾ ਥੱਲਾ ਨਾ ਮਲੂਮ ਹੋ ਸਕੇ, ਅਤਯੰਤ ਗੰਭੀਰ, -ਲਿਖੇ ਹਨ। ਇਸ ਅਨੁਸਾਰ ਉਸ ਸਾਰੀ ਪੰਗਤੀ ਦਾ ਅਰਥ ਬਣਿਆ- “ਸਤਿਗੁਰੂ ਨਾਨਕ ਸਾਹਿਬ ਦੀ ਅੱਟਲ ਪਦਵੀ ਦਾ ਅੰਤ ਨਹੀਂ ਪਾਇਆ ਜਾ ਸਕਦਾ”। ਕਿਸੇ ਮਹਾਂਪੁਰਖ ਦੇ ਕੇਵਲ ਚਰਨਾ ਨੂੰ ਹੀ ਨਿਖਾਰ ਕੇ ‘ਅਗੰਮ ਅਗਾਧ’. ਲਿਖਿਆ, ਦਾਸ ਨੇ ਕਿਸੇ ਗ੍ਰੰਥ ਵਿੱਚ ਨਹੀਂ ਪੜ੍ਹਿਆ। ਇਹ ਗਲ ਮੰਨੀ ਨਹੀਂ ਜਾ ਸਕਦੀ ਕਿ ਲਿਖਾਰੀ ਨੂੰ ਪਤਾ ਨਾ ਹੋਵੇ ਕਿ, “ਪਦਮਾਸਨ” ਸਮਾਧੀ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। ਉਚੇਚੇ ਆਸਣ ਲਾ ਕੇ ਵਿਖਾਵਾ ਕਰ ਰਹੇ ਪਖੰਡੀ ਨੂੰ ਵੇਖ ਕੇ ਗੁਰਦੇਵ ਜੀ ਦਾ ਬਚਨ:-

33- ਧਨਾਸਰੀ ਮਹਲਾ 1॥ ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥ 1॥ ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ 1॥ ਰਹਾਉ॥ ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥ 2॥ . . 4॥॥ 6॥ 8॥ {662}

ਪਦ ਅਰਥ:-ਕਾਲੁ=ਸਮਾ, ਮਨੁੱਖਾ ਜਨਮ ਦਾ ਸਮਾ। ਜੋਗ=ਮਿਲਾਪ, ਪਰਮਾਤਮਾ ਦਾ ਮਿਲਾਪ। ਸਤ=ਉੱਚਾ ਆਚਰਨ। ਢਬ=ਤਰੀਕਾ। ਥਾਨਸਟ=ਸ੍ਰੇਸ਼ਟ ਥਾਂ, ਪਵਿੱਤਰ ਹਿਰਦੇ। ਜਗ=ਜਗਤ ਦੇ। ਭਰਿਸਟ=ਗੰਦੇ। ਇਵ=ਇਸ ਤਰ੍ਹਾਂ, ਇਨ੍ਹਾਂ ਵਿਖਾਵੇ ਦੀਆਂ ਸਮਾਧੀਆਂ ਨਾਲ। 1. ਕਲ ਮਹਿ=ਸੰਸਾਰ ਵਿੱਚ {ਨੋਟ:-ਗੁਰਮਤਿ ਅਨੁਸਾਰ ਕਿਸੇ ਖ਼ਾਸ ਜੁਗ ਨੂੰ ਪ੍ਰਭਤਾ ਵਡਿਆਈ ਨਹੀ ਹੈ}। ਸਾਰ=ਸ੍ਰੇਸ਼ਟ। ਤ=ਤਾਂ। ਮੀਟਹਿ=ਮੀਟਦੇ ਹਨ। ਕਉ=ਵਾਸਤੇ। 1. ਰਹਾਉ। ਆਂਟ=ਅੰਗੂਠਾ ਤੇ ਨਾਲ ਦੀਆਂ ਦੋ ਉਂਗਲਾਂ। ਸੇਤੀ=ਨਾਲ। ਤਿਨਿ=ਤਿੰਨ-3-। ਲੋਅ=ਲੋਕ। ਮਗਰ=ਪਿੱਠ। ਪਦਮੁ=ਪਦਮ ਆਸਨ (ਚੌਕੜੀ ਮਾਰ ਕੈ ਖੱਬਾ ਪੈਰ ਸੱਜੇ ਪੱਟ ਉੱਤੇ ਅਤੇ ਸੱਜਾ ਪੈਰ ਖੱਬੇ ਪੱਟ ਉੱਤੇ ਰੱਖ ਕੇ ਬੈਠਣਾ) ਅਲੋਅ= {ਅ-ਲੋਅ} ਜੋ ਕਦੇ ਵੇਖਿਆ ਨਾ ਹੋਵੇ, ਅਸਚਰਜ। 2.

ਅਰਥ:-ਜਗ ਵਿੱਚ ਪਰਮਾਤਮਾ ਦਾ ਨਾਮ ਸਿਾਮਰਨਾ (ਹੋਰ ਸਾਰੇ ਕੰਮਾ ਨਾਲੋਂ) ਸ੍ਰੇਸ਼ਟ ਹੈ। (ਜਿਹੜੇ ਲੋਕ) ਅੱਖਾਂ ਮੀਟਦੇ ਆਤੇ (ਕਈ ਜਣੇ ਨਾਲ) ਨੱਕ ਵੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ ਹੈ, ਇਹ ਸ੍ਰੇਸ਼ਟ ਧਰਮ-ਕਰਮ ਨਹੀ ਹੈ)। 1. ਰਹਾਉ। ਇਹ ਮਨੁੱਖਾ ਜਨਮ ਦਾ ਸਮਾ ਨੱਕ ਫੜ ਕੇ ਅੱਖਾਂ ਮੀਟਣ ਵਾਸਤੇ ਨਹੀਂ ਹੈ, (ਇਨ੍ਹਾਂ ਢਭਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ। ਨਾ ਹੀ ਇਹ ਉੱਚੇ ਆਚਰਨ ਦਾ ਤਰੀਕਾ ਹੈ। (ਇਨ੍ਹਾਂ ਢੰਗ-ਤਰੀਕਿਆਂ ਦੇ ਰਾਹੀਂ) ਜਗਤ ਦੇ (ਅਨੇਕਾਂ) ਪਵਿੱਤ੍ਰ ਹਿਰਦੇ ਵੀ ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿੱਚ) ਡੁਬਣ ਲਗ ਪੈਂਦਾ ਹੈ। 1. ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿੱਚ ਬੈਠ ਕੇ ਮੂਹੋਂ ਆਖਦੇ ਹਨ ਕਿ) ਤਿੰਨ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿੱਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਣ ਹੈ। { “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਪੋਥੀ ਛੇਵੀਂ, ਸਫ਼ਾ 14}

ਸੰਪਾਦਕ ਸਾਹਿਬਾਨ ਵਲੋਂ ਹਰ ਥਾਂ ਲਿਖਾਰੀ ਦੀ ਕੁਟਲਤਾ ਤੇ ਪਰਦਾ ਪਾਉਣ ਦਾ ਯਤਨ ਕਰੀ ਜਾਣਾ ਹੈਰਾਨੀ ਦਾ ਕਾਰਨ ਬਣ ਰਿਹਾ ਹੈ। ਸੰਪਾਦਕ ਸਾਹਿਬਾਨ ਸਮੇਤ ਪਰਸ਼ੰਸਾ-ਪੱਤਰ ਲਿਖਣ ਵਾਲੀਆਂ (ਕਥਿਤ) ਮਹਾਨ ਸ਼ਖ਼ਸ਼ੀਅਤਾਂ ਦੀ ਸੁਹਿਰਦਤਾ ਸਾਹਮਣੇ, ਥਾਂ ਥਾਂ ਤੇ ਇਹ ਪ੍ਰਸ਼ਨ ਚਿੰਨ੍ਹ ਆ ਖਲੋਂਦਾ ਹੈ ਕਿ, ਗੁਰੂ ਪੰਥ ਦੀਆਂ ਮਹਾਨ ਪਦਵੀਆਂ ਮਾਣ ਰਹੇ, ਇਹ ਸਿੰਘ ਸਾਹਿਬਾਨ, ਕੀ, ਸੱਚ-ਮੁੱਚ ਸਤਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਸਿੱਖ ਹਨ?

ਚੋਰ ਨੂੰ ਚੋਰ ਪੈ ਗਏ?

ੜਯੋ ਦਿਵਸ ਜਬ ਰੈਣ ਬਿਹਾਈ। ਗੁਰ ਛਪ ਗਏ ਖ਼ਬਰ ਸੁਨ ਪਾਈ।

ਮੈ ਮਨ ਮੈ ਤਬ ਅਨੰਦੁ ਪਾਯੋ। ਦਰਬ ਬੰਡਾਰ ਸਭੁ ਅਪਨ ਕਰਾਯੋ॥ 204॥ …. .

ਲਿਖਾਰੀ ਅਨੁਸਾਰ ਬਾਬਾ ਦਾਤੂ ਜੀ ਅਪਣੀ ਕਹਾਣੀ ਨੂੰ ਜਾਰੀ ਰੱਖਦੇ ਹੋਏ ਕਹਿ ਰਹੇ ਹਨ ਕਿ, ਦਿਨ ਚੜੇ ਜਦ ਇਹ ਸੁਨ ਲਿਆ ਕਿ ਗੁਰੂ (ਜੀ) ਕਿਤੇ ਲੁਕ ਬੈਠੇ ਹਨ ਤਾਂ ਬੜਾ ਅਨੰਦ ਮਾਣਦਿਆ ਧਨ-ਭੰਡਾਰ ਆਪਣੇ ਕਬਜ਼ੇ ਵਿੱਚ ਕਰ ਲਿਆ। 204. ਕੀਮਤੀ ਬਸਤਰ ਅਤੇ ਗਹਿਣੇ ਸਾਰੇ ਆਪਣੇ ਸਰੀਰ ਤੇ ਪਹਿਨ ਲਏ ਤੇ ਸਤਿਗੁਰੂ ਜੀ ਦੀ ਥਾਂ ਤਖ਼ਤ ਤੇ ਜਾ ਬੈਠਾ। ਪਰ ਮੇਰੇ ਸਾਹਮਣੇ ਕੋਈ ਸੀਸ ਨਾ ਨਿਵਾਏ ਸਗੋ ਮੈਨੂੰ ਵੇਖ ਕੇ ਪਿਛੇ ਮੁੜਦੇ ਜਾਣ। 205.

(ਅਗੇ ਭਾਈ ਮਨੀ ਸਿੰਘ ਜੀ ਕਹਿੰਦੇ ਦਰਸਾ ਦਿੱਤੇ) ਪਰ ਜਿਵੇਂ ਗੁਣ ਬਿਨਾ ਪੂਜਾ ਨਹੀਂ ਅਤੇ ਵਿਦਿਆ ਬਿਨਾ ਕਿਤੇ ਆਦਰ ਸਤਿਕਾਰ ਨਹੀਂ ਮਿਲਦਾ, ਏਵੇਂ ਦਾਤੂ ਜੀ ਦਾ ਹਾਲ ਟੱਲੀਆ ਵਾਲੀ ਉਸ ਸੁੰਦਰ ਗਊ ਵਰਗਾ ਹੋ ਗਿਆ ਜੋ ਦੁਧ ਤੋਂ ਬਿਨਾ ਦੁਖਾਂ ਦੀ ਖਾਨ ਹੋ ਨਿਬੜਦੀ ਹੈ। ਜਦ ਸੰਗਤ ਵਿੱਚੋਂ ਕੋਈ ਵੀ ਨੇੜੇ ਨਾ ਢੁੱਕੇ ਤਾ ਗੁਰਿਆਈ ਦੀ ਪਦਵੀ ਦੁਖਦਾਈ ਜਾਣ ਕੇ ਗੁਰੂ ਦਰਬਾਰ ਸਾਰਾ ਧੰਨ-ਦੌਲਤ ਖੱਚਰ ਤੇ ਲੱਦ ਕੇ ਦਾਤੂ ਜੀ ਨੇ ਖਡੂਰ ਵਲ ਨੂੰ ਜਾਣ ਲਈ ਤਿਆਰੀ ਕਰ ਲਈ। ਗੁਰਦੇਵ ਜੀ ਦੀ ਘੌੜੀ ਵੀ ਲੈ ਜਾਣੀ ਚਾਹੀ। ਪਰ ਜਦੋਂ ਉਹ ਘੋੜੀ ਦੇ ਨੇੜੇ ਗਏ ਤਾਂ ਉਹ ਅੱਗੋਂ ਚੱਕ ਮਾਰੇ ਤੇ ਪਿੱਛੋ ਲੱਤਾਂ ਮਾਰਨ ਪਏ। ਬੜਾ ਯਤਨ ਕੀਤਾ ਪਰ ਘੋੜੀ ਨੇ ਦਾਤੂ ਜੀ ਨੂੰ ਨੇੜੇ ਨਾ ਆਉਣ ਦਿੱਤਾ। * ਦੋ ਘੜੀਆਂ ਦਿਨ ਰਹਿੰਦਾ ਸੀ ਕਿ ਉਹ ਖਡੂਰ ਵਲ ਨੂੰ ਤੁਰ ਪਏ। ਰਸਤੇ ਵਿੱਚ ਚੋਰ ਲੁਟੇਰਿਆਂ ਨੇ ਸਭ ਕੁੱਝ ਲੁੱਟ ਲਿਆ। ਦੁਖੀ ਹੋ ਕੇ ਘਰ ਪੁੱਜਾ ਅਤੇ ਲੱਤ ਦੀ ਪੀੜ ਨਾਲ ਬੈਹਾਲ ਦਿਨ ਰਾਤ ਦੁਖੀ ਰਹਿਣ ਲੱਗੇ। * {Foot note:-ਕੁਟਲਤਾ ਵਿੱਚ ਨਿਪੁੰਨ, ਥਾਂ ਥਾਂ ਤੇ ਗੁਰਮਤਿ ਦਾ ਘਾਤ ਕਰੀ ਜਾ ਰਹੇ ਇਸ ਲਿਖਾਰੀ ਨੇ ਘੋੜੀ ਕੋਲੋਂ ਅਜੇ ਸਂਗਤ ਦੀ ਅਗਵਾਈ ਕਰਦੇ ਹੋਏ ਸਤਿਗੁਰੂ ਜੀ ਦੀ ਕਥਿਤ ਸਮਾਧੀ ਵਾਲੇ ਕੋਠੇ ਤਕ ਜੋ ਲੈ ਜਾਣ ਦਾ ਅਣਹੋਣਾ ਅਤੇ ਹਾਸੋਹੀਨਾ ਗੁਰਮਤਿ ਵਿਰੋਧੀ ਕੰਮ ਜੋ ਲੈਣਾ ਸੀ-ਵੇਖੋ ਚੌਪੀਆਂ-229 ਤੋਂ 237 ਤੱਕ ਦੀਆਂ}

ਅਤੀਅੰਤ ਗੰਭੀਰ ਅਤੇ ਧਿਆਨ ਗੋਚਰਾ ਸ਼ੰਕਾ-

ਜੇ ਇਹ ਮਨ ਲਈਏ ਕਿ, ਬਾਬਾ ਦਾਤੂ ਜੀ ਨੂੰ, ਸਤਿਗੁਰਾਂ ਦੀ ਬੇਅਦਬੀ ਕਰਨ ਦੀ ਸਜ਼ਾ ਮਿਲੀ ਸੀ ਤਾਂ, (ਬਾਬਾ ਦਾਤੂ ਜੀ ਦੀ ਗ਼ੁਸਤਾਖ਼ੀ ਦੇ ਟਾਕਰੇ ਤੇ), ਡਾਕੂਆਂ ਨੂੰ ਕਿਹੜੇ ਨੇਕ ਕੰਮ ਦਾ ਫਲ ਮਿਲਿਆ, ਜੋ ਬੇਅੰਤ ਧਨ ਖੋਹ ਕੇ ਇਕੋ ਦਿਨ ਵਿੱਚ ਧਨਵਾਨ ਬਣ ਗਏ? ਸੰਪਾਦਕ ਸਾਹਿਬਾਨ ਤੋਂ ਬਿਨਾ ਇਸ ਸ਼ੰਕੇ ਦੀ ਨਿਵਿਰਤੀ ਹੋਰ ਕੌਣ ਕਰੇ? ਕਿਉਂਕਿ ਦਾਸ ਦੀ ਮੱਤ ਇਸ ਸ਼ੰਕੇ ਦਾ ਸਮਾਧਾਨ ਲੱਭਣ ਤੋਂ ਅਸਮਰਥ ਹੈ।

ਜਦ ਸਤਿਗੁਰੂ ਜੀ ਕਿਤੇ ਨਜ਼ਰ ਨਾ ਆਏ ਤਾਂ ਸੰਗਤਾਂ ਇਉਂ ਬੈਚੈਨ ਹੋ ਗਈਆਂ ਜਿਵੇਂ ਕਾਨ੍ਹ ਬਿਨਾ ਗੋਪੀਆਂ ਵਿਅਕੁਲ ਹੋ ਜਾਂਦੀਆਂ ਸਨ- “ਗੁਪੀਯਾਂ ਜਿਮ ਕਾਨ੍ਹ ਚਿੱਤ ਤਾਏ “॥ 216॥ -ਅਤੇ ਸਾਰਿਆ ਨੇ ਮਿਲ ਕੇ ਸਤਿਗੁਰੂ ਜੀ ਨੂੰ ਲਭਣਾ ਬਾਰੇ ਵਿਚਾਰਾਂ ਕਰਨੀਆਂ ਅਰੰਭ ਕੀਤੀਆਂ:-

ਸਭ ਹੀ ਮਿਲਿ ਐਸ ਵਿਚਾਰ ਕੀਯੋ, ਰਮਦਾਸ ਚਲੈ ਬੁੱਢਾ ਸੁਖਦਾਈ।

ਚਲਿ ਅਗ੍ਰਜ ਤਾਹਿ ਪੁਕਾਰ ਕਰੈਂ ਦੁਖ ਸੋਇ ਹਰੈ ਨਿਸਚੈ ਸਮਦਾਈ।

ਮਿਲਿ ਕੈ ਸਭਹੀ ਤਿਤ ਕੋ ਸੁ ਚਲੇ, ਤਬ ਜਾਇ ਤਹਾਂ ਮੁਖਿ ਉਪਮ ਗਾਈ।

ਗੁਰ ਨਾਨਕ ਅੰਗਦ ਰੂਪ ਸਮਾਨ, ਸੁ ਜਾਨਿ ਆਏ ਤੁਮਰੀ ਸਰਨਾਈ॥ 217॥

ਲਿਖਾਰੀ ਦੀ ਕੁਟਲਤਾ ਦੀ ਸਿਖ਼ਰ ਵੇਖੋ, ਕਹਾਣੀ ਵਿੱਚ ਆਪਣੀ ਕਲਪਣਾ ਦੀ ਉਪਜ, ਝੂਠ-ਚੱਕਰੀਆਂ ਦੁਆਰਾ ਸਤਿਗੁਰੂ ਜੀ ਕੋਲੋਂ ਗੁਰਮਤਿ ਵਿਰੋਧੀ ਕਰਮ ਹੁੰਦੇ ਦਰਸਾ ਲੈਂਦਾ ਹੈ ਤੇ ਬਾਬਾ ਬੁਢਾ ਜੀ ਹਰ ਸਮੇ ਸਿਖਿਆ ਦਾਤੇ ਅਭੁੱਲ ਮਹਾਂਪੁਰਖ ਦੇ ਰੂਪ ਵਿੱਚ ਬਹੁੜਦੇ ਦਰਸਾਈ ਜਾਂਦਾ ਹੈ। ਲਿਖਾਰੀ ਨੇ ਪਹਿਲਾਂ, ਸਤਿਗੁਰਾਂ ਨੂੰ ਆਪਣੇ ਫ਼ਰਜ਼ ਤੋਂ ਭਗੌੜੇ ਦਰਸਾ ਲਿਆ ਅਤੇ ਏਥੇ ਹਣ ਗੁਰੂ-ਪਰਮੇਸ਼ਵਰ ਜੀ ਦੇ ਥਾਂ ‘ਬਾਬਾ ਬੁੱਢਾ ਜੀ’ ਨੂੰ ਹੀ ਗੁਰੂ ਨਾਨਕ ਗੁਰੂ ਅੰਗਦ ਸਾਹਿਬ, ਸਭ ਕੁੱਝ ਦਰਸਾ ਰਿਹਾ ਹੈ:-

ਭੇਟ ਪ੍ਰਸਾਦੁ ਧਰਯੋ ਤਿਹ ਅੱਗ੍ਰਜ, ਅੰਚਰ ਡਾਰਿ ਖਰੇ ਸਮੁਹਾਏ।

ਸੰਤ ਉਤਾਰ ਭਏ ਜਗ ਮੈ, ਪਰ ਪੀਰ ਨਿਵਾਰਨ ਕੇ ਹਿਤਿ ਆਏ।

ਗੁਰ ਨਾਨਕ ਅੰਗਦ ਅਮਰ ਤੁਹੀ, ਕਛੁ ਭੇਦ ਨਹੀ ਹਮ ਲਾਗਤ ਪਾਏ।

ਸਹਾਇ ਕਰ ਹਮਰੀ ਪ੍ਰਭ ਜੂ, ਘਿਘਿਆਇ ਪਰੇ ਤੁਮਰੀ ਸਰਵਾਏ॥ 218॥

ਅਰਥ:-ਪ੍ਰਸ਼ਾਦ ਭੇਟਾ ਕੀਤਾ ਤੇ ਗਲ ਵਿੱਚ ਪੱਲਾ ਕੇ (ਆਪਣੇ ਗੁਰ-ਭਾਈ) ਬਾਬਾ ਬੁੱਢਾ ਜੀ ਦੇ ਸਾਹਮਣੇ (ਹਜ਼ੂਰੀ ਵਿੱਚ) ਖੜੇ ਹੋ ਕੇ ਗੁਰੂ ਸੰਗਤਿ ਫ਼ਰਿਆਦਾਂ ਕਰਦੀ ਕਹਿ ਰਹੀ ਹੈ, ਕਿ, ਹੇ ਲੋਕਾਂ ਦੀ ਪੀੜ ਦੂਰ ਕਰਨ ਵਾਸਤੇ ਜਗਤ ਵਿੱਚ ਪ੍ਰਗਟ ਹੋਏ ਮਹਾਨ ਸੰਤ ਜੀ! ਗੁਰੂ ਨਾਨਕ, ਗੁਰੂ ਅੰਗਦ ਗੁਰੂ ਅਮਰਦਾਸ (ਸੱਭ ਕੁਝ) ਤੂੰ ਹੀ ਹੈਂ। ਤੇਰੇ ਵਿੱਚ ਤੇ ਉਨ੍ਹਾਂ ਵਿੱਚ ਰਤਾ ਵੀ ਅੰਤਰ ਨਹੀਂ ਹੈ। ਅਸੀਂ ਤੇਰੇ ਚਰਨੀ ਢੈ ਪਏ ਹਾਂ, ਸਾਡੀ ਸਹਾਇਤਾ ਕਰੋ। ਅਸੀਂ ਅਧੀਗਨੀ ਸਹਿਤ ਤੇਰੀ ਸਰਨੀ ਆ ਪਏ ਹਾਂ ਸਾਡੀ ਬਹੁੜੀ ਕਰੋ। 218.

ਖ਼ਾਲਸਾ ਪੰਥ ਵਿੱਚ ਸੰਨ 1922 ਤੋਂ ਪਹਿਲਾਂ ਕਿਸੇ ਗੁਰਸਿੱਖ ਨੂੰ ਸੰਤ ਕਹਿ ਕੇ ਸੰਬੋਧਨ ਨਹੀਂ ਸੀ ਕੀਤਾ ਗਿਆ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਅਥਵਾ ਸਤਿਗੁਰੂ ਜੀ ਨੂੰ ਹੀ ਸੰਤ ਮੰਨਿਆ ਗਿਆ ਹੈ। ਫਿਰ ਬਾਬਾ ਬੁੱਢਾ ਜੀ ਕਿਹੜੇ ਸੰਤ ਦੇ ਅਉਤਾਰ ਹੋ ਪ੍ਰਗਟੇ ਸਨ? ਉਹ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਨਾਲ ਪਸ਼ੂਆਂ ਦੇ ਚਰਵਾਹੇ ਇੱਕ ਮਾਮੂਲੀ ਛੋਕਰੇ ਤੋਂ ਸਤਿਕਾਰ ਯੋਗ ‘ਬਾਬਾ’ ਜੀ ਬਣ ਜਾਣ ਕਾਰਨ ਆਪਣੇ ਆਪ ਨੂੰ ਸਤਿਗੁਰੂ ਜੀ ਰਿਣੀ ਮੰਨਦੇ ਹੋਏ ਗੁਰੂ ਘਰ ਦੇ ਨਿਸ਼ਕਾਮ ਸੇਵਕ ਅਥਵਾ ਸ਼ਰਧਾਲੂ ਟਹਿਲੂਏ ਬਣ ਬੈਠੇ ਹੋਏ ਸਨ। ਲਿਖਾਰੀ ਦੀ ਇਹ ਵਡੀ ਕੁਟਲਤਾ ਹੈ ਜੋ ਉਹ ਗੁਰੂ-ਸੇਵਕ ਬਾਬਾ ਜੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨਾਲੋ ਵੀ ਬਹੁਤ ਅੱਗੇ ਲੰਘ ਤੁਰੇ ਦਰਸਾਉਣ ਦਾ ਗੰਭੀਰ ਅਪਰਾਧ ਕਰ ਰਿਹਾ ਹੈ।

ਦੋਹਰਾ॥ ਬੁੱਢੇ ਕੇ ਚਰਨਨ ਪਰੀ ਸੰਗਤਿ ਐਸ ਅਲਾਇ।

ਬੁੱਢਾ ਤਬ ਪੂਛਤ ਭਯੋ ਕਾਜ ਜੁ ਮੋਹਿ ਸੁਨਾਇ॥ 219॥

ਪਦ ਅਰਥ:-ਅਲਾਇ=ਅਖਿਆ, ਬੇਨਤੀ ਕੀਤੀ। ਪੂਛਤ …. =ਦੱਸੋ ਕਿਸ ਕੰਮ ਲਈ ਆਏ ਹੋ। 219.

ਅਤੀਅੰਤ ਦੁਖਦਾਈ ਬਚਨ:-

ਸਭੁ ਬ੍ਰਿਤੰਤ ਸੰਗਤਿ ਕਹਯੋ ਗੁਰ ਬਿਨ ਭਏ ਅਧੀਨ। ਕਿਧੌਂ ਤਿਲਕ ਕਿਹ ਦੀਜੀਐ ਕਿਧੌਂ ਦਰਸ ਗੁਰ ਦੀਨੁ॥ 220॥

ਪਦ ਅਰਥ ਅਧੀਨ=ਧੀਰਜ ਰਹਿਤ ਹੋ ਗਏ ਹਾਂ। ਕਿਧੌਂ … … …. . ਦੀਨ= ਜਾਂ ਕਿਸੇ ਹੋਰ ਨੂੰ ਗੁਰਤਾ ਦਾ ਤਿਲਕ ਦੇ ਦਿਉ ਜਾਂ ਗੁਰੂ ਜੀ ਦੇ ਦਰਸ਼ਨ ਕਰਵਾ ਦਿਉ। 220.

ਸੰਪਾਦਕ ਸਾਹਿਬ ਜੀ ਦੀ ਕਲਮ ਦੇ ਲਿਖੇ ਅਰਥਾਂ ਦੇ ਇਹ ਬਚਨ ਸੰਗਤ ਵਲੋਂ ਬਾਬਾ ਜੀ ਦੀ ਸੇਵਾ ਵਿੱਚ ਕਹਿੰਦੇ ਦਰਾਉਣਾ- “ਕਿਸੇ ਹੋਰ ਨੂੰ ਗੁਰਤਾ ਦਾ ਤਿਲਕ ਦੇ ਦਿਉ “ਕਹੇ ਦਰਸਾਉਣ ਤੋਂ ਲਿਖਾਰੀ ਦਾ ਭਾਵ ਇਹ ਹੈ ਕਿ, ਗੁਰਿਆਈ ਦਾ ਅਧਿਕਾਰੀ ਦੀ ਚੋਣ ਸਤਿਗੁਰੂ ਜੀ ਆਪ ਨਹੀਂ ਸਨ ਕਰਿਆ ਕਰਦੇ ਸਗੋਂ ਇਹ ਮਹਾਨ ਜ਼ਰੂਰੀ ਕਾਰਜ ਵੀ ਬਾਬਾ ਬੁੱਢਾ ਜੀ ਦੀ ਮਿਹਰ ਦ੍ਰਿਸ਼ਟੀ ਤੋਂ ਹੀ ਹੋਇਆ ਕਰਦਾ ਸੀ। ਲਿਖਾਰੀ ਜੀ ਅਥਵਾ ਸੰਪਾਦਕ ਸਾਹਿਬਾਨ ਵਲੋਂ ਅਜੇਹਾ ਕਰਕੇ ਗੁਰਬਾਣੀ ਦੇ ਇਨ੍ਹਾਂ ਪਾਵਨ ਗੁਰੂ ਸ਼ਬਦ ਉਤੇ ਮਾਨੋ ਲਕੀਰ ਫੇਰ ਦੇਣ ਦਾ ਯਤਨ ਕੀਤਾ ਗਿਆ ਹੋਵੇ:-

34- ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ॥ ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ॥ ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥ 4॥ {967} ਅਤੇ ਇਸ ਦੇ ਨਾਲ ਦੂਜਾ ਇਹ ਗੁਰੂ ਫ਼ੁਰਮਾਨ:--

35- ਮਃ 4॥ ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ॥ ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ॥ ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ॥ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ॥ ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ॥ 3॥ {309} -15 ਗੋਇੰਦਵਾਲ ਸਾਹਿਬ ਤੋਂ ਕਰੀਬ ਪੰਜਾਹ ਮੀਲ ਦੂਰ, ਅਜੋਕੇ ਪਾਕਿਸਤਾਨ ਦੀ ਹੱਦ ਤੇ ‘ਰਮਦਾਸ’ ਪੁੱਜੀ ਸੰਗਤ ਤੋਂ ਸਾਰੀ ਗੱਲ ਸੁਣੀ ਤਾਂ, ਅੱਗੇ ਬਾਬਾ ਬੁਢਾ ਜੀ ਦੀ ਦਿਬ ਦ੍ਰਿਸ਼ਟੀ ਦਾ ਹਾਲ, ਲਿਖਾਰੀ ਦੀ ਕਲਮ ਤੋਂ; --

ਰਸਾਵਲ ਛੰਦ॥ ਸੁਨੇ ਬੈਠ ਐਸੇ। ਕਹੇ ਤਾਹਿ ਜੈਸੇ। ਬੁੱਢੇ ਮੋਨਿ ਧਾਰੀ। ਘਟੰ ਏਕ ਸਾਰੀ॥ 221॥

ਗੁਰੂ ਦੇਖਿ ਲੀਨੋ। ਜਬੈ ਧਯਾਨ ਕੀਨੋ। ਪੁਨੰ ਕੀ ਬਿਚਾਰੰ। ਕਹੋਂ ਜੇ ਪੁਕਾਰੰ॥ 222॥

ਕਰਾਮਾਤ ਹੋਈ। ਦੁਖੰ ਦੇਵ ਲੋਈ। ਅਸੰ ਬਾਤ ਕੀਜੈ। ਨਹੀ ਜਾਨ ਲੀਜੈ॥ 223॥

ਅਰਥ:-ਆਈ ਸੰਗਤ ਦੇ ਬਚਨ ਸੁਣ ਕੇ ਬਾਬਾ ਬੁੱਢਾ ਜੀ ਨੇ ਧਿਆਨ ਜੋੜ ਕੇ ਘੜੀ ਭਰ ਮੋਨ ਧਾਰੀ ਰੱਖੀ ਤੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਏ। ਫਿਰ ਸੋਚਿਆ ਕਿ ਜੇ ਮੈਂ ਸਭ ਕੁੱਝ ਆਵਾਜ਼ ਦੇ ਕੇ ਦਸ ਦਿੱਤਾ ਤਾਂ ਇਸ ਕਰਾਮਾਤ ਤੋਂ ‘ਦੇਵ ਲੋਕ’ ਵਿੱਚ ਦੁਖ ਮਨਾਇਆ ਜਾਵੇਗਾ। (ਵਡੀ ਹੈਰਾਨੀ ਹੈ ਕਿ, ਬਾਬਾ ਬੁਢਾ ਜੀ ਦੇ ਵਰ ਤੋਂ ਮਾਤਾ ਗੰਗਾ ਜੀ ਦੇ ਗਰਭਵਤੀ ਹੋਣ ਵਾਲੀ ਏਡੀ ਤਕੜੀ ਕਰਾਮਤ ਵਾਪਰਦੀ ਦਰਸਾੁੳਣ ਵਾਲਾ ਇਹ ਕੁਟਲ ਲਿਖਾਰੀ, ਏਥੇ ਹੁਣ ਉਸੇ ਬਾਬਾ ਜੀ ਨੂੰ ਇਹ ਮਾਮੂਲੀ ਜਿਹੀ ਕਰਮਾਤ ਪ੍ਰਗਟ ਕਰਨ ਵਿੱਚ ਝਿਜਕ ਮੰਨਦੇ ਕਿਸ ਯੋਜਨਾਂ ਅਧੀਨ ਦਰਸਾ ਰਿਹਾ? *) ਸੋ ਇਸ ਤਰ੍ਹਾਂ ਕਰੀਏ ਕਿ (ਮੇਰੀ ਇਸ ਪ੍ਰਾਪਤੀ ਦੀ ਅਸਲੀਅਤ) ਕੋਈ ਨਾ ਜਾਣ ਸਕੇ।

ਮੁਖੰ ਐਦਸ ਗਾਈ। ਸਭੰ ਕੋ ਸੁਨਾਈ। ਸੁਨੋ ਮੋਰ ਪਯਾਰੇ। ਗੁਰੂ ਕਾਜਸਾਰੇ॥ 224॥

ਨਹੀ ਚਿੰਤ ਕੀਜੈ। ਗੁਰੂ ਨਾਮੁ ਲੀਜੈ। ਚਲੋ ਗੋਦਵਾਲੰ। ਹਮੂ ਸੰਗਿ ਚਾਲੰ॥ 224॥

ਚਲੇ ਸੰਗਿ ਐਸੇ। ਮੁਖੰਚਾਰਿ ਜੈਸੇ। ਦਿਵੰ ਸੰਗਿ ਲਾਏ। ਚਲੇ ਖੀਰ ਧਾਏ॥ 226॥

ਅਰਥ:- (ਬਾਬਾ ਬੁੱਢਾ ਜੀ ਨੇ ਮੁਖਾਰਬਿੰਦ ਚੋਂ ਇਉਂ ਅਖਿਆ:- “ਹੇ ਪਿਆਰਿਓ! ਸਨੋ, ਕੋਈ ਚਿੰਤਾ ਨਾ ਕਰੋ ਗੁਰੂ ਸਾਰੇ ਕਾਰਜ ਆਪ ਹੀ ਸਵਾਰ ਦੇਵੇਗਾ ਚਲੋ ਮੈ ਤੁਹਾਡੇ ਨਾਲ ਗੋਇੰਵਾਲ ਚਲਦਾ ਹਾਂ”। ਤੋ ਉਹ ਸੰਗਤ ਨਾਲ ਇਉ ਤੁਰ ਚੌਹਾਂ ਮੂਹਾਂ ਵਾਲਾ (ਬ੍ਰ੍ਹਮਾ) ਦੇਵਤਿਆ ਨਾਲ ਖੀਰ ਸਮੁੰਦਰ ਵਲ ਧਾਈ ਕਰਕੇ ਜਾ ਰਿਹਾ ਹੋਵੇ।

(*ਨੋਟ:-ਧਿਆਨ ਰਹੇ ਕਿ, ‘ਖੀਰ ਸਮੁੰਦਰ’ ਵਾਲੇ ਬ੍ਰਾਹਮਣੀ ਝੂਠ ਨੂੰ ਗੁਰੂ ਇਤਿਹਾਸ ਦਾ ਹਿੱਸਾ ਦਰਸਾਈ ਜਾਣ ਤੋਂ ਇਹ ਕੁਟਲ ਲਿਖਾਰੀ ਉਕਾਈ ਨਹੀਂ ਖਾ ਰਿਹਾ। ਪਾਠਕ ਸੱਜਣ ਪੜ੍ਹ ਆਏ ਹਨ ਕਿ, “ਜੋਤਿ ਓਹਾ ਜੁਗਤਿ ਸਾਇ” ਗੁਰਮਤਿ ਸਿਧਾਂਤ ਦਾ ਭੋਗ ਪਾਉਂਦਿਆਂ ਬ੍ਰਾਹਮਣ ਸੋਚ ਵਾਲੇ ਚਤੁਰਭੁਜੀ ਭਗਵਾਨ ਦੀ ਸੇਵਾ ਵਿੱਚ ਫ਼ਰਿਆਦਾਂ ਕਰਨ ਲਈ, ਕਥਿਤ ਭਗਵਾਨ ਬ੍ਰਹਮਾ ਜੀ ਦੀ ਅਗਵਾਈ ਵਿੱਚ ਦੇਵਤੇ ਤੇ ਧਰਤੀ-ਮਾਂ, ਖੀਰ ਸਮੁੰਦਰ ਵਲ ਜਾਂਦੇ ਦਰਸਾਏ ਸਨ ਜਿਥੇਂ ਸਤਿਗੁਰੂ ਹਰਿ ਗੋਬਿੰਦ ਜੀ ਦੇ ਰੂਪ ਵਿੱਚ ਚਤੁਰ ਭੁਜੀ ਭਗਵਾ ਮਾਤਾ ਗੰਗਾ ਜੀ ਦਾ ਬੇਟਾ ਬਣਦਾ ਦਰਸਾ ਲਿਆ ਸੀ, ਤੇ ਹੁਣ ਗੁਰੁ ਅਮਰਦਾਸ ਦੀ ਢੂੰਡ ਲਈ ਦੇਵਤਿਆ ਦੇ ਥਾਂ ਸਿੱਖ ਸੰਗਤਿ ਦੀ ਅਗਵਾਈ ਬਾਬਾ ਬੁੱਢਾ ਜੀ ਨੂੰ ਬ੍ਰਹਮਾ ਦੇ ਰੂਪ ਵਿੱਚ ਖੀਰ ਸਮੁੰਦਰ ਵਲ ਨੂੰ ਜਾਂਦੇ ਦਰਸਾ ਰਿਹਾ ਹੈ) ਬਾਬਾ ਬੁੱਢਾ ਜੀ ਨੂੰ ਬ੍ਰਾਹਮਣੀ ਭਗਵਾਨ ਬ੍ਰਹਮਾਂ ਜੀ ਵਰਗੇ ਪ੍ਰਤਾਪੀ ਦਰਸਾ ਲਿਆ। ਦਿਬ ਦ੍ਰਿਸ਼ਟੀ ਨਾਲ ਸਭ ਕੁੱਝ ਵੇਖ-ਸਮਝ ਲੈਣ ਉਪ੍ਰੰਤ ਬਾਬਾ ਜੀ ਸ੍ਰੀ ਗੋਇੰਦਵਾਲ ਸਾਹਿਬ ਪੁੱਜੇ, ਪਰ ਗੁਰੂ ਦਰਸ਼ਨਾਂ ਦੀ ਸਿੱਕ ਨਾਲ ਬਿਹਬਲ ਸੰਗਤ ਨੂੰ ਸਚੁ ਨਾ ਦੱਸਦਿਆਂ ਉਨ੍ਹਾਂ ਨਾਲ ਉਵੇਂ ਹੀ ਵਿਹਾਰ ਕੀਤਾ ਜਿਵੇਂ ਰਾਮਾਇਣ ਗਾਥਾ ਵਿੱਚ ਸ੍ਰੀ ਰਾਮ ਜੀ ਨੇ ਆਪਣੇ ਸਕੇ ਵੀਰਨ ਲਛਮਣ ਜੀ ਨੂੰ, ਅਥਵਾ ਹਨੂੰਮਾਨ, ਸੁਗ੍ਰੀਵ, ਅਂਗਦ, ਭਬੀਖਣ ਆਦਿ ਆਪਣੇ ਪਿਆਰੇ ਭਗਤਾਂ ਨਾਲ ਕੀਤਾ ਸੀ। {*Foot not:- -TV ਤੇ ਸਾਰੇ ਜਗਤ ਨੂੰ ਵਿਖਾਈ ਰਾਮਾਇਣ Documentry ਫ਼ਿਲਮ ਵਿੱਚ, ਸੀਤਾ ਜੀ ਨੂੰ ਰਾਵਨ ਛਲ ਕੇ ਲੈ ਜਾਂਦਾ ਦਰਸਾ ਕੇ ਰਾਮ ਜੀ ਨੂੰ ਉਸ ਦੇ ਵਿਯੋਗ ਵਿੱਚ ਵਿਰਲਾਪ ਕਰਦੇ, ਪਸ਼ੂ-ਪੰਖੀਆਂ ਤੋਂ, ਰੁੱਖ-ਬੂਟਿਆਂ ਆਦਿ ਤੋਂ ਪੁੱਛਦੇ ਬਿਹਬਲ ਹੋਏ, ਵਰਲਾਪ ਕਰਦੇ ਦਰਸਾਇਆ ਹੈ। ਉਨ੍ਹਾਂ ਨੂੰ ਦੁਖੀ ਵੇਖ ਕੇ ਲਛਮਨ ਜੀ ਅਤੇ ਫਿਰ ਸੁਗ੍ਰੀਵ ਹਨੂੰਮਾਨ ਅੰਗਦ ਬਭੀਖਣ ਆਦਿ, ਸੀਆ ਪਤੀ-ਰਾਮ ਜੀ ਦੇ ਅਨਿਨ ਭਗਤ ਸਾਰੇ ਹੀ ਸੀਤਾ ਜੀ ਦੇ ਵਿਛੋੜੇ ਕਾਰਨ ਅਤੀਅੰਤ ਦੁਖੀ, ਸੀਤਾ ਦੀ ਪ੍ਰਾਪਤੀ ਲਈ ਰਾਵਨ ਦਾ ਖੁਰਾ ਖੋਜ ਮੁਕਾਉਣ ਲਈ ਜੂਝਦੇ ਦਰਸਾਏ ਹੋਏ ਹਨ। ਪਰ ਰਾਵਨ ਦੇ ਮਾਰੇ ਜਾਣ ਉਪਰੰਤ ਜਦ ਲਛਮਨ ਆਪਣੇ ਵੀਰ ਰਾਮ ਜੀ ਕੋਲੋਂ ਸੀਤਾ ਮਾਤਾ ਜੀ ਨੂੰ ਅਸ਼ੋਕ ਬਾਟਕਾ ਵਿਚਲੀ ਨਜ਼ਰਬੰਦੀ ਵਿੱਚੋਂ ਲਿਆਉਣ ਲਈ ਜਾਣ ਦੀ ਆਗਿਆ ਮੰਗਦਾ ਹੈ ਤਾਂ, ਇਹ ਦੱਸਣ ਉਪਰੰਤ ਕਿ, ਸੀਤਾ ਵਲ ਹਨੂੰਮਾਨ ਗਿਆ ਹੈ, ਲਛਮਣ ਜੀ ਨੂੰ ਅਗਨੀ ਦਾ ਪ੍ਰਬੰਧ ਕਰਨ ਲਈ ਕਹਿੰਦੇ ਹਨ। ਜਦ ਇਹ ਜਾਣਿਆ ਕਿ, ਰਾਮ ਜੀ ਸੀਤਾ ਜੀ ਦੀ ਅਗਨੀ ਪ੍ਰੀਖਿਆ ਲੈਣ ਦੀ ਤਿਆਰੀ ਕਰ ਦਹੇ ਹਨ, ਲਛਮਣ ਜੀ ਕ੍ਰੋਧਵਾਨ ਹੋ ਕੇ ਵਿੱਦ੍ਰੋਹ ਤੇ ਉਤਾਰੂ ਹੋ ਗੲੈ, ਅਤੇ ਸ਼ਸਤਰ ਲੈਣ ਤੁਰ ਪਏ। ਤਾਂ ਰਾਮ ਜੀ ਨੇ ਲਛਮਣ ਦੀ ਕ੍ਰੋਧ-ਅਗਨੀ ਨੂੰ ਸ਼ਾਂਤ ਕਰਨ ਲਈ ਅਖਿਆ- “ਅਰੇ ਪਗਲੇ! ਹਮ ਨੇ ਅਗਨ ਦੇਵਤਾ ਸੇ ਆਪਣੀ ਸੀਤਾ ਲੇਨੀ ਹੈ” - ਫਿਰ ਪੰਚਵਟੀ ਵਿਚਲੇ ਉਸੇ ਟਿਕਾਣੇ ਦਾ Scene ਵਿਖਾਲਿਆ ਜਾਂਦਾ ਹੈ ਜਿਸ ਥਾਂ-ਕੁਟੀਆ ਤੋਂ ਰਾਵਨ ਨੇ ਸੀਤਾ ਜੀ ਨੂੰ ਧੱਕੇ ਨਾਲ ਚੁੱਕ ਖੜਿਆ ਸੀ। ਹੁਣ ਉਥੇ ਰਾਮ ਜੀ ਸੀਤਾ ਨੂੰ ਇਹ ਕਹਿੰਦੇ ਦਰਸਾਇਆ ਹੈ ਕਿ, ਉਨ੍ਹਾਂ ਨੇ ਕੋਈ ਸੰਸਾਰੀ ਖੇਡ ਖੇਡਣੀ ਹੈ ਇਸ ਲਈ ਉਹ ਕੁੱਝ ਸਮੇ ਲਈ ਅਗਨ ਦੇਵਤਾ ਜੀ ਦੀ ਰਖਿਆ ਵਿੱਚ ਚਲੀ ਜਾਏ। ਸੀਤਾ ਜੀ ਅਗ ਦਾ ਭਾਂਬੜ ਬਾਲਦੇ ਹਨ ਜਿਸ ਵਿੱਚੋਂ ਅਗਨ ਦੇਵਤਾ ਪ੍ਰੋਗਟ ਹੁੰਦਾ ਹੈ। ਰਾਮ ਜੀ ਦੇ ਕਹਿਣ ਤੇ ਅਗਨ ਦੇਵਤਾ ਆਪਣੇ ਵਿਚੋਂ ਛਾਇਆ-ਰੂਪ ਸੀਤਾ (ਭਾਵ-ਨਕਲੀ ਸੀਤਾ) ਪ੍ਰਗਟ ਕਰਦਾ ਹੈ, ਜੋ ਸੀਤਾ ਜੀ ਦੀ ਥਾਂ ਕੁਟੀਆ ਵਿੱਚ ਅਤੇ ਸੀਤਾ ਜੀ ਅਗਨ ਦੇਵਤਾ ਵਿੱਚ ਜਾ ਵੜਦੀਆਂ ਹਨ। ਭਾਵ, ਅਸਲੀ ਸੀਤਾ ਰਾਮ ਜੀ ਨੇ ਅਗਨੀ ਦੇਵਤਾ ਜੀ ਕੋਲ ਭੇਜ ਦਿਤੀ ਸੀ ਤੇ ਨਕਲੀ ਸੀਤਾ ਨੂੰ ਜਾਣ-ਬੁੱਝ ਕੇ ਰਾਵਣ ਕੋਲੋਂ ਚੁਕਵਾਇਆ ਸੀ। ਫਿਰ ਝੂਠੇ ਵਿਰਲਾਪ ਇੱਕ ਡਰਾਮਾ, ਅਤੇ ਸੀਤਾ ਜੀ ਨੂੰ ਮਾਤਾ ਸਮਝਣ ਵਾਲੇ ਸੱਚੇ ਭਗਤਾਂ ਨੂੰ ਸਚੀ ਗੱਲ ਨਾ ਦੱਸ ਕੇ, ਉਨ੍ਹਾਂ ਨੂੰ ਮਾਤਾ ਸੀਤਾ ਜੀ ਦੇ ਵਿਛੋੜੇ ਦਾ ਸੱਲ ਸਹਾਰਦੇ ਦੁਖੀ ਅਤੇ ਪਰੇਸ਼ਾਨ ਰਖਿਆ। ਉਹੀ ਸਾਰੀ ਝੂਠ-ਵਾਰਤਾ ਹੁਣ ਬਾਬਾ ਬੁੱਢਾ ਜੀ ਦੁਆਰਾ?}

ਸਭ ਸੋਂ ਬੁੱਢੇ ਕੀਨੁ ਉਚਾਰਾ। ਯਹ ਘੋਰੀ ਕੋ, ਕਰੋ ਸਿੰਗਾਰਾ।” ਗੁਰੂ ਅਮਰਦਾਸ ਜੀ ਦੀ ਪਰਮ ਸ਼ਰਧਾਲੂ, ਜਿਸ ਘੋੜੀ ਨੇ ਬਾਬਾ ਦਾਤੂ ਜੀ ਨੂੰ ਆਪਣੇ ਉੱਤੇ ਨਹੀਂ ਸੀ ਚੜ੍ਹਨ ਦਿੱਤਾ ਉਸ ਘੋੜੀ ਨੂੰ ਸ਼ਿਗਾਰਨ ਦੀ ਆਗਿਆ -

ਚੌਪਈ॥ ਪੁਨਿ ਬੁੱਢੇ ਮਨਿ ਐਸੇ ਚਂੀਨੋ। ਗੁਰੂ ਦਰਬ ਸਭੁ ਦਾਤੂ ਲੀਨੋ।

ਘੋਰੀ ਰਹੀ ਗੁਰੂ ਕੀ ਪਯਾਰੀ। ਚੜ੍ਹਨ ਨ ਦੇਇ ਕਿਸੂ ਸੁਖਧਾਰੀ॥ 229॥

ਇਹ ਕਾਰਨਿ ਦਾਤੂ ਛਡਿ ਗਯੋ। ਗੁਰ ਬਿਨ ਘੋਰੀ ਚੜ੍ਹਨ ਨ ਦਯੋ।

ਸਭੁ ਸੋਂ ਬੁੱਢੇ ਕੀਨ ਉਚਾਰਾ। ਯਹ ਘੋਰੀ ਕੋ ਕਰੋ ਸ਼ਿੰਗਾਰਾ॥ 230॥

ਅਰਥ:-ਫਿਰ ਬਾਬਾ ਬੁੱਢਾ ਜੀ ਨੇ ਮਨ ਵਿੱਚ ਇਉ ਵਿਚਾਰਿਆ ਕਿ ਸਤਿਗੁਰੂ ਜੀ ਦਾ ਹੋਰ ਸਾਰਾ ਧਨ ਤਾਂ ਦਤੂ ਜੀ ਲੈ ਗਏ, ਪਰ ਘੋੜੀ ਨੇ ਕਿਉਂਕਿ ਚੜ੍ਹਨ ਨਹੀਂ ਸੀ ਦਿੱਤਾ ਇਸ ਕਾਰਨ ਬਚੀ ਰਹੀ। ਸੋ ਬਾਬਾ ਜੀ ਨੇ ਸੰਗਤ ਨੂੰ ਅਖਿਆ ਕਿ ਘੋੜੀ ਨੂੰ ਸਿੰਗਾਰਿਆ ਜਾਵੇ।

ਸ਼ੰਕਿਆਂ ਦਾ ਵੇਰਵਾ:-- (1) ਉਪਰੋਕਤ ਪਹਿਲੀ ਪੰਗਤੀ ਵਿਚਲੇ, ਦਰਬ ਸਭੁ= ਪਦਾਂ ਦਾ ਅਰਥ, ਸੰਪਾਦਕ ਮਹਾਂਪੁਰਖਾਂ ਨੇ (ਟੂਕ ਵਿਚ), ‘ਸਾਰਾ ਧਨ’ ਲਿਖਿਆ ਹੈ। ਵਿਦਿਆ ਹੀਨ, ਜਾਂ ਉਨ੍ਹਾਂ ਨੇ ਜਿਨ੍ਹਾਂ ਦਾ ਜ਼ਿਕਰ ਇਸ ਗੁਰੂ ਫ਼ਤਵੇ ਵਿੱਚ ਹੈ- “ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ॥” ਅੰਧ ਵਿਸ਼ਵਾਸ਼ੀਆਂ ਲਈ ਇਸ ਪੁਸਤਕ ਦੇ ਲਿਖਾਰੀ ਦੀਆਂ ਸਾਰੀਆਂ ਗੱਲਾਂ ਗੁਰਮਤਿ ਹੀ ਹਨ। ਪਰ, ਸੁਚੇਤ ਗੁਰਮਖਿ ਕਿਵੇਂ ਭੁੱਲ ਸਕਦੇ ਹਨ ਕਿ, ਕੀਤੇ ਦਾਨ ਦੇ ਵੱਟੇ, ਕਈ ਗੁਣਾ ਵਧ ਧਨ ਪ੍ਰਾਪਤ ਹੋਣ ਦੇ ਭਰਮ ਵਿੱਚ ਲੁੱਟੇ ਜਾ ਰਹੇ ਭੋਲੇ ਕਿਰਤੀਆਂ ਦੀ ਰਖਿਆ ਲਈ, ਦਾਨ ਪ੍ਰਥਾ ਦਾ ਭੋਗ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਹਿਲੇ ਸਰੂਪ ਸਮੇ ਹੀ ਪਾ ਦਿੱਤਾ ਹੋਇਆ ਸੀ ਅਤੇ ਹੁਣ ਜਦ ਸ੍ਰੀ ਗੁਰੂ ਅਮਰਦਾਸ ਜੀ ਨੇ, ਗੁਰਮਤਿ ਦਾ ਪਰਚਾਰ ਦੂਰ ਦੂਰ ਤੱਕ ਫੈਲਾਉਣ ਲਈ ਅਤੇ ਦਸਵੰਧ ਉਗਰਾਹੁਣ ਦੀ ਗੁਰੂ ਸੇਵਾ ਨਿਭਾਉਣ ਵਾਸਤੇ, ਮਸਨਦ ਅਥਾਵਾ ਮੰਜੀਆਂ ਸਥਾਪਤ ਕਰ ਦਿਤੀਆਂ ਹੋਇਆ ਸਨ ਫਿਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਹੋਰ ਕਿਹੜਾ ਧਨ ਕਿਥੇਂ ਆਗਿਆ ਸੀ ਜੋ ਦਾਤੂ ਦੀ ਦੇ ਹੱਥ ਸੁਖੈਨ ਹੀ ਚੜ੍ਹ ਗਿਆ? ਦਰਸ਼ਨਾ ਨੂੰ ਆਉਣ ਵਾਲੇਂ ਸ਼ਰਧਾਵਾਨ ਆਪਣੇ ਦਸਵੰਧ ਦੀ ਜਿਹੜੀ ਮਾਇਆ ਲਿਆਇਆ ਕਰਦੇ ਸਨ ਉਹ ਤਾਂ ਖ਼ਜ਼ਾਨਚੀ ਕੋਲ ਜਮਾਂ ਹੋ ਕੇ, ਅਜੇਹੇ ਸੇਵਾਦਾਰਾਂ ਦੀ ਸਪੁਰਦਗੀ ਵਿੱਚ ਹੁੰਦੀ ਸੀ ਜੋ ਸਤਿਗਰੁਰੂ ਜੀ ਨੂੰ ਲੱਤ ਮਾਰਨ ਦੀ ਗੁਰਸਤਾਖ਼ੀ ਕਰਨ ਵਾਲੇ (ਬਾਬਾ) ਦਾਤੂ ਕਿਸੇ ਵੀ ਸੂਰਤ ਵਿੱਚ ਨਹੀਂ ਸਨ ਲੈ ਸਕਦੇ।

ਬਾਬਾ ਬੁਢਾ ਜੀ ਦੇ ਕਹਿਣ ਤੇ:--

ਜ਼ੀਨ ਲਗਾਮ ਪਾਇ ਛਡਿ ਦੇਵੋ। ਜਿਹ ਦਿਸ ਜਾਇ ਪਾਛ ਲਗ ਲੇਵੋ।

ਕਰਿ ਸਿੰਗਾਰ ਘੋਰੀ ਛਡਿ ਦਈ। ਸੰਗਤਿ ਮਨਿ ਧਰਿਜ ਕਛੁ ਪਈ॥ 231॥

ਸ਼੍ਵਛਤ ਚਲੇ ਅਸ੍ਵਨੀ ਘੋਰੀ ਤਹ ਖਰੀ। ਬੁਢੇ ਯੁਤ ਸਭਿ ਪਾਛੇ ਲਾਗੇ।

ਚਲਤ ਚਲਤ ਘੋਰੀ ਤਹ ਖਰੀ। ਕਛੁਕ ਉਰੇ ਬਾਸਰ ਕੀ ਪੁਰੀ॥ 232॥ ।

ਆਤਮਕ ਅਵਸਥਾ ਵਿੱਚ ਬਾਬਾ ਬੁੱਢਾ ਜੀ ਨਾਲੋਂ ਵੀ ਅਗਾਂਹ ਲੰਘ ਤੁਰੀ, ਲਿਖਾਰੀ ਦੀ ਪਿਯਾਰੀ ਉਹ “ਘੋੜੀ ਜੀ” ਅੱਗੇ ਅੱਗੇ ਲੱਗ ਤੁਰੇ। ਬਾਬਾ ਬੁਢਾ ਜੀ ਸਮੇਤ ਸਾਰੀ ਸੰਗਤਿ, ਉਸ ਚਮਤਕਾਰੀ ਘੋੜੀ ਦੇ ਪਿੱਛੇ ਪਿੱਛੇ? ਬਾਸਰਕੇ ਪਿੰਡ ਨੇੜੇ ਬਣਿਆਂ ਉਹ ਕੋਠਾ ਨਜ਼ਰੀਂ ਆਇਆ ਤਾਂ--

ਦੋਹਰਾ॥ ਸ੍ਰੀ ਗੁਰ ਕੋ ਕੋਠਾ ਤਹਾਂ ਦਿਖਿ ਘੋੜੀ ਹਰਖਾਇ।

ਪ੍ਰਿਥਮ ਪਰਿਕ੍ਰਮਾ ਤਿਨ ਕਰੀ ਪੁਨਿ ਸਨਮੁਖ ਹਿਹਨਾਇ॥ 233॥

ਪੁੰਨ ਬੰਦਨ ਦਰ ਪਰਿ ਕਰੀ ਘੋਰੀ ਅਤਿ ਹੋਇ ਦੀਨ।

ਇਹੈ ਭਾਵ ਕਵਿ ਕੇ ਬਸਯੋ ਸੁਨੋ ਸੰਤ ਪਰਬੀਨ॥ 234॥

ਪਦ ਅਰਥ:-ਹਰਖਾਇ=ਖ਼ੁਸ਼ ਹੋਈ। ਹਿਹਨਾਇ=ਹਿਣਕੀ। ਪੁਨਿ. . =ਫਿਰ ਦਰਵਾਜ਼ੇ ਉਤੇ ਨਮਸਕਾਰ ਕੀਤੀ। 233. ਭਾਵ=ਇਹ ਖ਼ਿਆਲ। 234.

ਸ਼ੰਕੇ:- (ਉ) -ਸੂਝਵਾਨ ਪਾਠਕ ਸੱਜਣ, ਭਲੀ ਭਾਂਤੀ ਜਾਣਦੇ ਹਨ ਕਿ, ਅਬਿਨਾਸ਼ੀ ਅਕਾਲ-ਪੁਰਖ ਦੇ ਬਣੇ ਨਿਯੱਮ-ਰੂਪ ਹੁਕਮ ਵੀ ਸਦੀਵੀ ਸਚਾਈ ਵਾਲੇ ਹੀ ਹਨ। ਹਾਥੀ, ਘੋੜਾ, ਗਊ, ਮੱਝ, ਬੱਕਰੀ, ਕੁੱਤਾ ਅਦਿ, ਘਰੇਲੂ ਜਾਂ ਜੰਗਲੀ ਜਾਨਵਰਾਂ ਦੇ ਅੱਡ ਅੱਡ ਗੁਣ-ਅਉਗਣ ਜਾਂ ਸੁਭਾ ਅੱਜ ਵੀ ਲਗ-ਪਗ ਉਹੀ ਹਨ ਜੋ ਹਜਾਰਾਂ ਸਦੀਆਂ ਪਹਿਲਾਂ ਸਨ। ਇਹ ਸਚੁ ਹੈ ਕਿ ਘੋੜਾ ਆਪਣੇ ਮਾਲਕ ਦੀ ਪਛਾਣ ਬਣਾ ਲੈਂਦਾ ਹੈ, ਅਤੇ ਇਹ ਵੀ ਸਚੁ ਹੈ ਕਿ, ਕੁੱਝ ਘੋੜੇ ਘੋੜੀਆਂ ਤੇ ਸਵਾਰੀ ਕਰਨੀ, ਉਪਰੇ ਮਨੁੱਖ ਲਈ ਔਖੀ ਬਣ ਜਾਂਦੀ ਹੈ। ਅਜੇਹੀ ਨੇੜਤਾ ਉਸੇ ਨਾਲ ਬਣਦੀ ਹੈ ਜਿਹੜਾ ਘੋੜੀ ਘੋੜੇ ਦੀ ਸੇਵਾ ਸੰਭਾਲ ਆਪਣੇ ਹੱਥੀ ਕਰਦਾ ਹੈ ਅਤੇ ਨਿਤ ਪਿਆਰਦਾ ਪੁਚਕਾਰਦਾ ਮਾਲਸ਼ਾਂ ਕਰਦਾ ਹੈ। ਇਹ ਵੀ ਸਚੁ ਹੈ ਕਿ, ਕਈ ਵਾਰੀ ਕਈ ਮੀਲਾਂ ਤੋਂ ਘੋੜੀ- ਘੋੜਾ ਆਪਣੇ ਮਾਲਕ ਦੇ ਘਰ ਪਰਤ ਆਉਂਦਾ ਵੇਖਿਆ ਗਿਆ ਹੈ। ਪਰ ਮਾਲਕ ਕਿਥੇ ਜਾ ਲੁਕਿਆ ਹੈ? ਇਹ ਸੂਹ ਕੁੱਤਾ ਤਾਂ ਭਾਂਵੇਂ ਲਾ ਲਵੇ, ਪਰ ਘੋੜੀ ਸਮੇਤ ਬਾਕੀ ਸਾਰੇ ਪਾਲਤੂ ਪਸ਼ੂਆਂ ਲਈ ਲੁਕ ਬੈਠੇ ਮਾਲਕ ਦੀ ਢੂੰਡ ਕਰ ਸਕਣੀ, ਅੱਜ ਤੱਕ ਅਸੰਭ ਬਣੀ ਹੋਈ ਹੈ। ਪੁਰਾਣਕ ਤਰਜ਼ ਦੀ ਇਹ ਗਾਥਾ ਗੁਰਮਤਿ ਦੇ ਅਨਕੂਲ ਨਹੀਂ ਹੈ। ਕਾਦਰ ਦੀ ਬਣੀ ਇਹ ਸਚਾਈ ਵੀ ਨਹੀਂ ਝਠਲਾਈ ਜਾ ਸਕਦੀ ਕਿ, ਪਸ਼ੂ ਵਿੱਚ ਧਾਰਮਕ ਸੂਝ-ਬੂਝ ਜਾਂ ਧਾਰਮਿਕ ਸ਼ਰਧਾ ਕਿਥੋਂ?

(ਅ) ਪਰਿਕ੍ਰਮਾ ਸ਼ਬਦ ਗੁਰਮਤਿ ਦਾ ਨਹੀਂ ਹੈ। ਗੁਰਸਿੱਖ ਲਈ ਨਹੀਂ, ਸਗੋ ਬਿੱਪ੍ਰ ਲਈ ਪਰਿਕ੍ਰਮਾ ਕਰਨੀਆਂ ਧਰਮ ਦਾ ਅੰਗ ਹੈ। ਪਰਿਕ੍ਰਮਾ ਬਾਰੇ ਦਾਸ ਗੁਰਮਤਿ ਵਿਚਾਰਾਂ ਲਿਖ ਚੁੱਕਾ ਹੈ। ਗੁਰਬਾਣੀ ਦਾ ਸਪੱਸ਼ਟ ਫ਼ਤਵਾ ਹੈ ਕਿ, ਇਸ਼ਟ ਪ੍ਰਤੀ ਧਾਰਮਿਕ ਸ਼ਰਧਾ ਅਥਵਾ ਪਰਮਾਤਮਾ ਦੀ ਹੋਂਦ ਬਾਰੇ ਇਹਸਾਸ, ਉਸ ਦੇ ਮਿਲਾਪ ਪ੍ਰਤੀ ਭਗਤੀ ਭਾਵਨਾ, ਪਸ਼ੂ ਪੰਖੀਆਂ ਵਿੱਚ ਕਦੇ ਨਹੀਂ ਪੈਦਾ ਹੋਈ। ਸਾਰੀਆਂ ਜੂੰਨਾ ਵਿਚੋਂ ਕੇਵਲ ਮਨੁੱਖਾ ਦੇਹ ਹੀ ਹੈ ਜਦੋਂ ਆਜੇਹੇ ਮਿਲਾਪ ਦਾ ਸਮਾ ਬਣ ਸਕਦਾ ਹੈ। ਸੇਧਾਂ ਦੀ ਬਖ਼ਸ਼ਸ਼ ਕਰ ਰਹੇ ਗੁਰੂ ਸ਼ਬਦ:- ਰਾਗੁ ਗੂਜਰੀ. . ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ 2 ਦੂਜਾ॥ ਚਾਰਿ ਪਾਵ ਦੁਇ ਸਿੰਗ … 4॥ 1॥ ਪੰਨਾ524) ਅਤੇ-ਗਉੜੀ ਗੁਆਰੇਰੀ ਮਹਲਾ 5॥ ਕਈ ਜਨਮ … 4॥ 3॥ 72॥ ਪੰਨਾ-124.

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.