ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਉਨੱਤੀਵੀਂ)
(ਨਵੰਬਰ 1-1984, ਕਾਨਪੁਰ-5)
ਉਸੇ ਵੇਲੇ ਟੈਲੀਫੋਨ ਦੀ ਘੰਟੀ ਫੇਰ
ਵੱਜੀ। ਬੱਬਲ ਟੈਲੀਫੋਨ ਦੇ ਨੇੜੇ ਬੈਠੀ ਸੀ, ਉਸ ਨੇ ਛੇਤੀ ਨਾਲ ਟੈਲੀਫੋਨ ਚੁੱਕਿਆ। ਉਧਰੋਂ ਟੈਲੀਫੋਨ
ਆਪਰੇਟਰ ਦੀ ਅਵਾਜ਼ ਆਈ, “ਦਿੱਲੀ ਕੀ ਕਾਲ ਬੁੱਕ ਕਰਵਾਈ ਹੈ?”
“ਹਾਂ ਜੀ-ਹਾਂ ਜੀ, ਕਰਵਾਈ ਹੈ”, ਉਸਨੇ ਛੇਤੀ ਨਾਲ ਜੁਆਬ ਦਿੱਤਾ। ਬਲਦੇਵ ਸਿੰਘ ਤੇ ਗੁਰਮੀਤ ਕੌਰ ਉਸ
ਦੇ ਬੋਲਾਂ ਤੋਂ ਹੀ ਸਮਝ ਗਏ ਕਿ ਦਿੱਲੀ ਦੀ ਕਾਲ ਲੱਗ ਗਈ ਹੈ ਅਤੇ ਦੋਵੇਂ ਟੈਲੀਫੋਨ ਦੇ ਨੇੜੇ ਆ ਗਏ।
ਬੱਬਲ ਚਾਹੁੰਦੀ ਸੀ ਕਿ ਉਹ ਆਪ ਅੱਗੋਂ ਗੱਲ ਕਰੇ ਪਰ ਮਾਂ ਦੀ ਉਤਸੁਕਤਾ ਵੇਖ ਕੇ ਉਸਨੇ ਟੈਲੀਫੋਨ ਉਸ
ਨੂੰ ਫੜਾ ਦਿੱਤਾ।
ਗੁਰਮੀਤ ਕੌਰ ਦੇ ਕੁੱਝ ਬੋਲਣ ਤੋਂ ਪਹਿਲਾਂ ਹੀ ਉਧਰੋਂ ‘ਹੈਲੋ’ ਦੀ ਅਵਾਜ਼ ਆਈ। ਅਵਾਜ਼ ਪਛਾਣ ਕੇ ਉਹ
ਛੇਤੀ ਨਾਲ ਬੋਲੀ, “ਸਤਿ ਸ੍ਰੀ ਅਕਾਲ, ਕਮਲ! ਕੀ ਹਾਲ ਹੈ?”
ਉਧਰੋਂ ਕਮਲਪ੍ਰੀਤ ਨੇ ਵੀ ਅਵਾਜ਼ ਪਛਾਣ ਲਈ ਸੀ, ਉਹ ਬੜੇ ਚਿੰਤਤ ਜਿਹੇ ਲਹਿਜੇ ਵਿੱਚ ਬੋਲੀ, “ਅਸੀਂ
ਤਾਂ ਅਜੇ ਤੱਕ ਠੀਕ ਹਾਂ ਭਰਜਾਈ ਜੀ, ਪਰ ਸ਼ਹਿਰ ਦੇ ਹਾਲਾਤ ਤਾਂ ਬਹੁਤ ਖ਼ਰਾਬ ਨੇ. . । ਤੁਸੀਂ ਸੁਣਾਓ
ਤੁਹਾਡਾ ਕੀ ਹਾਲ ਹੈ. . ?”
“ਬਸ ਅਸੀਂ ਵੀ ਅਜੇ ਤੱਕ ਠੀਕ ਹੀ ਹਾਂ, … ਪਰ ਸਾਡੀ ਦੁਕਾਨ ਲੁੱਟ ਕੇ ਸਾੜ ਦਿੱਤੀ ਏ. .”, ਕਹਿੰਦੇ
ਹੋਏ ਗੁਰਮੀਤ ਕੌਰ ਦਾ ਮਨ ਫੇਰ ਭਰ ਆਇਆ।
“ਉਹੋ! ਇਹ ਤਾਂ ਬਹੁਤ ਦੁਖਦਾਈ ਖ਼ਬਰ ਹੈ, ਹੌਂਸਲਾ ਰਖੋ ਭਰਜਾਈ, ਚਿੰਤਾ ਨਾ ਕਰੋ, ਵਹਿਗੁਰੂ
ਜ਼ਿੰਦਗੀਆਂ ਸਲਾਮਤ ਰੱਖੇ, ਕਾਰੋਬਾਰ ਮੁੜ … “, ਕਮਲ ਨੇ ਵੀ ਉਸੇ ਤਰ੍ਹਾਂ ਦੁੱਖ ਜ਼ਾਹਰ ਕਰਦੇ ਹੋਏ ਉਸ
ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ।
“ਹਾਂ! ਵਾਹਿਗੁਰੂ ਦਾ ਹੀ ਓਟ ਆਸਰਾ ਹੈ, … ਅੱਛਾ, ਹਰਮੀਤ ਤੁਹਾਡੇ ਵੱਲ ਤਾਂ ਨਹੀਂ ਆਇਆ?” ਗੁਰਮੀਤ
ਕੌਰ ਆਪਣੀ ਜਗਿਆਸਾ ਰੋਕ ਨਾ ਸਕੀ ਤੇ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਅਗਲਾ ਸੁਆਲ ਕਰ
ਦਿੱਤਾ।
“ਨਹੀਂ ਭਰਜਾਈ, ਇਥੇ ਤਾਂ ਨਹੀਂ ਆਇਆ। ਬਲਕਿ ਅਸੀਂ ਆਪ ਉਸ ਦੇ ਵਾਸਤੇ ਕਾਫੀ ਚਿੰਤਤ ਹਾਂ, ਉਸ ਦੇ
ਹੋਸਟਲ ਟੈਲੀਫੋਨ ਕੀਤਾ ਸੀ, ਉਹ ਉਥੇ ਵੀ ਨਹੀਂ ਹੈ. . ,” ਕਮਲਪ੍ਰੀਤ ਨੇ ਆਪਣੀ ਚਿੰਤਾ ਜ਼ਾਹਰ ਕਰਦੇ
ਹੋਏ ਜੁਆਬ ਦਿੱਤਾ।
“ਹਾਂ! ਹੋਸਟਲ ਤਾਂ ਕੱਲ ਸ਼ਾਮੀਂ ਅਸੀਂ ਵੀ ਟੈਲੀਫੋਨ ਕੀਤਾ ਸੀ ਤੇ ਸੁਨੇਹਾ ਵੀ ਛੱਡਿਆ ਸੀ ਕਿ ਆਵੇ
ਤਾਂ ਸਾਨੂੰ ਟੈਲੀਫੋਨ ਕਰ ਲਵੇ ਪਰ ਕੋਈ ਟੈਲੀਫੋਨ ਨਹੀਂ ਆਇਆ, …. ਬਸ ਇਹੀ ਉਮੀਦ ਸੀ ਕਿ ਸ਼ਾਇਦ
ਤੁਹਾਡੇ ਕੋਲ ਆ ਗਿਆ ਹੋਵੇ … ਮੇਰਾ ਮਨ ਤਾਂ ਬਹੁਤ ਪ੍ਰੇਸ਼ਾਨ ਹੈ”, ਗੱਲ ਕਰਦੇ-ਕਰਦੇ ਗੁਰਮੀਤ ਕੌਰ
ਅੰਦਰ ਭਾਰੀ ਨਿਰਾਸਤਾ ਛਾ ਗਈ ਜੋ ਉਸ ਦੇ ਚਿਹਰੇ ਅਤੇ ਬੋਲਾਂ ਤੋਂ ਵੀ ਪ੍ਰਗਟ ਹੋਣ ਲਗ ਪਈ। ਉਸ ਦੇ
ਅਥਰੂ ਵਗਣ ਲੱਗ ਪਏ ਤੇ ਅਵਾਜ਼ ਭਾਰੀ ਹੋ ਗਈ। ਬਲਦੇਵ ਸਿੰਘ ਨੇ ਉਸ ਦੇ ਹੱਥੋਂ ਟੈਲੀਫੋਨ ਪਕੜ ਲਿਆ ਤੇ
ਕੰਨ ਨੂੰ ਲਾਇਆ, ਉਧਰੋਂ ਕਮਲਪ੍ਰੀਤ ਦੀ ਅਵਾਜ਼ ਆ ਰਹੀ ਸੀ, “ਭਰਜਾਈ ਜੀ, ਤੁਸੀਂ ਹੌਂਸਲਾ ਕਰੋ,
ਵਹਿਗੁਰੂ ਮਿਹਰ ਕਰੇਗਾ। ਸਾਨੂੰ ਆਪ ਉਸ ਦੀ ਬਹੁਤ ਚਿੰਤਾ ਹੈ ਪਰ ਹਾਲਾਤ ਐਸੇ ਬਣੇ ਪਏ ਨੇ ਕਿ ਕੋਈ
ਸਿੱਖ ਘਰੋਂ ਬਾਹਰ ਤਾਂ ਨਿਕਲ ਹੀ ਨਹੀਂ ਸਕਦਾ। ਸਾਨੂੰ ਜਿਵੇਂ ਹੀ ਉਸ ਬਾਰੇ ਕੋਈ ਪਤਾ ਲਗਦਾ ਹੈ,
ਅਸੀਂ ਤੁਹਾਨੂੰ ਖ਼ਬਰ ਕਰ ਦੇਵਾਂਗੇ।”
“ਹਾਂ ਕਮਲ ਠੀਕ ਹੈ, … ਤੁਸੀਂ ਆਪਣਾ ਖਿਆਲ ਰੱਖੋ, … ਜ਼ਰਾ ਸੁਚੇਤ ਰਹੋ। … ਕਿਥੇ ਨੇ ਤੇਜਿੰਦਰ
ਜੀ?”, ਕਮਲ ਦੇ ਚੁੱਪ ਕਰਦੇ ਹੀ ਬਲਦੇਵ ਸਿੰਘ ਬੋਲਿਆ।
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਵੀਰ ਜੀ! ਭਰਜਾਈ ਨੂੰ ਜ਼ਰਾ ਹੌਂਸਲਾ ਦਿਓ,
ਵਾਹਿਗੁਰੂ `ਤੇ ਭਰੋਸਾ ਰੱਖੋ, ਉਹ ਮਿਹਰ ਕਰੇਗਾ। … ਇਹ ਕੋਲ ਹੀ ਖੜੇ ਨੇ, ਲਓ ਗੱਲ ਕਰੋ”, ਕਹਿਕੇ
ਕਮਲ ਨੇ ਟੈਲੀਫੋਨ ਤੇਜਿੰਦਰ ਵੱਲ ਕਰ ਦਿੱਤਾ ਤੇ ਨਾਲ ਹੀ ਉਸ ਨੂੰ ਉਨ੍ਹਾਂ ਦੀ ਦੁਕਾਨ ਦੇ ਨੁਕਸਾਨ
ਬਾਰੇ ਵੀ ਦੱਸ ਦਿੱਤਾ। ਆਖਰੀ ਗੱਲ ਕਰਦਿਆਂ ਤੱਕ ਉਸ ਦੀ ਆਪਣੀ ਅਵਾਜ਼ ਭਾਰੀ ਹੋ ਗਈ ਸੀ।
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਵੀਰ ਜੀ! ਇਹ ਤਾਂ ਬਹੁਤ ਮਾੜੀ ਖ਼ਬਰ ਮਿਲੀ ਏ
ਦੁਕਾਨ ਬਾਰੇ?” ਤੇਜਿੰਦਰ ਨੇ ਟੈਲੀਫੋਨ ਪਕੜ ਕੇ ਅਫਸੋਸ ਜਤਾਉਂਦੇ ਹੋਏ ਕਿਹਾ।
“ਜਿਵੇਂ ਅਕਾਲ-ਪੁਰਖ ਦਾ ਹੁਕਮ ਹੈ, ਉਂਝ ਹੀ ਹੋਣੈ”, ਤੇ ਇਸ ਦੇ ਨਾਲ ਹੀ ਬਲਦੇਵ ਸਿੰਘ ਨੇ ਇਸ ਵਿਸ਼ੇ
ਨੂੰ ਇਥੇ ਹੀ ਖਤਮ ਕਰ ਦਿੱਤਾ ਤੇ ਗੱਲ ਨੂੰ ਮੋੜਦਾ ਹੋਇਆ ਬੋਲਿਆ, “ਤੁਹਾਡੇ ਕੀ ਹਾਲਾਤ ਨੇ ਉਥੇ?”
“ਸ਼ਹਿਰ ਦੇ ਹਾਲਾਤ ਤਾਂ ਬਹੁਤ ਖਰਾਬ ਨੇ ਵੀਰ ਜੀ, . . ਪਰ … ਅਸੀਂ ਅਜੇ ਤੱਕ ਬਚੇ ਹੋਏ ਹਾਂ। ਸਾਨੂੰ
ਤਾਂ ਤੁਹਾਡੀ ਚਿੰਤਾ ਲੱਗੀ ਹੋਈ ਸੀ, ਜਿਸ ਵੇਲੇ ਦਾ ਪਤਾ ਲੱਗੈ ਕਿ ਕਾਨਪੁਰ ਦੇ ਹਾਲਾਤ ਵੀ ਖਰਾਬ ਨੇ
ਮੰਮੀ ਕਈ ਵਾਰੀ ਤੁਹਾਡੇ ਬਾਰੇ ਪੁੱਛ ਬੈਠੇ ਨੇ”, ਤੇਜਿੰਦਰ ਸਿੰਘ ਨੇ ਸਹਿਜ ਵਿੱਚ ਹੀ ਜੁਆਬ ਦਿੱਤਾ।
“ਹਾਂ ਉਹ ਤਾਂ ਸੁਭਾਵਕ ਹੈ, ਮਾਵਾਂ ਤੋਂ ਜ਼ਿਆਦਾ ਪੁੱਤਰਾਂ ਦੀ ਚਿੰਤਾ ਹੋਰ ਕਿਸ ਨੂੰ ਹੋਣੀ ਹੈ? . .
ਖੈਰ … ਦੁਕਾਨ ਦਾ ਨੁਕਸਾਨ ਤਾਂ ਹੋ ਹੀ ਗਿਐ, ਪਰ … ਅਸੀਂ ਆਪ ਤਾਂ ਅਜੇ ਤੱਕ ਬਚੇ ਹੋਏ ਹਾਂ ਪਰ
ਜਿਵੇਂ ਦੱਸਿਐ, ਸ਼ਹਿਰ ਦੇ ਹਾਲਾਤ ਤਾਂ ਬਹੁਤ ਮਾੜੇ ਨੇ। ਸਾਰੇ ਸ਼ਹਿਰ ਵਿੱਚ ਸਿੱਖਾਂ ਦੀ ਲੁੱਟ-ਮਾਰ
ਤੇ ਕਤਲੋ ਗ਼ਾਰਤ ਮਚੀ ਹੋਈ ਹੈ। . . ਸਾਨੂੰ ਤਾਂ ਤੁਹਾਡੀ ਬਹੁਤੀ ਚਿੰਤਾ ਲੱਗੀ ਹੋਈ ਸੀ, ਜੇ ਇਥੇ
ਕਾਨਪੁਰ ਵਿੱਚ ਇਤਨੇ ਮਾੜੇ ਹਾਲਾਤ ਹੋ ਗਏ ਨੇ ਤਾਂ ਤੁਸੀਂ ਤਾਂ ਦਿੱਲੀ ਵਿੱਚ ਅੱਗ ਦੇ ਮੁਹਾਨੇ `ਤੇ
ਬੈਠੇ ਹੋ”, ਬਲਦੇਵ ਸਿੰਘ ਨੇ ਆਪਣੇ ਆਪ ਨੂੰ ਸੰਭਾਲ ਕੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ।
“ਬਹੁਤ ਮਾੜੇ ਹਾਲਾਤ ਨੇ ਵੀਰ ਜੀ! ਅਸਲ ਵਿੱਚ ਇਥੇ ਦਿੱਲੀ ਦੇ ਕੁੱਝ ਇਲਾਕਿਆਂ ਵਿੱਚ ਸਿੱਖਾਂ ਦੀ
ਮਾਰਕੁਟਾਈ ਤਾਂ ਕੱਲ ਹੀ ਚਾਲੂ ਹੋ ਗਈ ਸੀ ਪਰ ਰਾਤ ਤੋਂ ਤਾਂ ਜਿਵੇਂ ਜ਼ੁਲਮ ਦਾ ਤੁਫਾਨ ਝੁਲ ਪਿਐ।
ਗੁੰਡਿਆਂ ਦੇ ਕਈ ਗਰੁਪ ਸ਼ਹਿਰ ਵਿੱਚ ਸਰਗਰਮ ਹੋ ਗਏ ਨੇ, ਇਹ ਲੋਕ ਆਮ ਤੌਰ `ਤੇ ਸ਼ਹਿਰ ਦੀਆਂ ਛੋਟੀਆਂ
ਕਲੋਨੀਆਂ ਜਾਂ ਨੇੜਲੇ ਪਿੰਡਾਂ ਚੋਂ ਆਏ ਨੇ, ਇਨ੍ਹਾਂ ਦੇ ਨਾਲ ਸ਼ਹਿਰ ਦੇ ਕਈ ਲੁਟੇਰੇ ਤੇ ਗੁੰਡਾ
ਅਨਸਰ ਰੱਲ ਗਏ ਨੇ, ਇਨ੍ਹਾਂ ਸ਼ਰਾਬਾਂ ਪੀਤੀਆਂ ਹੋਈਆਂ ਨੇ। ਗੁਰਦੁਆਰੇ ਢਾਅ ਰਹੇ ਨੇ ਅਤੇ ਸਿੱਖਾਂ ਦੇ
ਕਾਰੋਬਾਰਾਂ ਤੇ ਘਰਾਂ ਤੇ ਚੁਣ-ਚੁਣ ਕੇ ਹਮਲੇ ਕਰ ਰਹੇ ਨੇ। ਪਤਾ ਇਹੀ ਲੱਗ ਰਿਹੈ ਕਿ ਇਨ੍ਹਾਂ ਦੀ
ਅਗਵਾਈ ਕਾਂਗਰਸੀ ਆਗੂ ਆਪ ਕਰ ਰਹੇ ਨੇ ਤੇ ਪੁਲੀਸ ਵੀ ਪੂਰੀ ਤਰ੍ਹਾਂ ਇਨ੍ਹਾਂ ਦੇ ਨਾਲ ਰਲੀ ਹੋਈ ਏ।
ਜਿਥੇ ਹਮਲਾ ਕਰਦੇ ਨੇ, ਪਹਿਲਾਂ ਕਾਂਗਰਸੀ ਆਗੂ ਤੇ ਪੁਲੀਸ ਵਾਲੇ ਕੀਮਤੀ ਸਮਾਨ ਗਹਿਣੇ ਇਤਿਆਦ ਲੁੱਟ
ਲੈਂਦੇ ਨੇ ਫੇਰ ਬਾਕੀ ਗੁੰਡਿਆਂ ਦੇ ਲੁਟਣ ਵਾਸਤੇ ਛੱਡ ਦੇਂਦੇ ਨੇ, ਲੁੱਟ ਕੇ ਘਰਾਂ ਜਾਂ ਦੁਕਾਨਾਂ
ਨੂੰ ਅੱਗ ਲਾ ਦੇਂਦੇ ਨੇ। ਗੁੰਡਿਆਂ ਕੋਲ ਪੈਟ੍ਰੋਲ, ਮਿੱਟੀ ਦਾ ਤੇਲ ਅਤੇ ਇੱਕ ਐਸਾ ਸਫੇਦ ਪਾਉਡਰ ਹੈ
ਜਿਸ ਦੇ ਸੁਟਦਿਆਂ ਹੀ ਅੱਗ ਲੱਗ ਜਾਂਦੀ ਹੈ, ਇਨ੍ਹਾਂ ਕੋਲ ਲੋਹੇ ਦੀਆਂ ਮੋਟੀਆਂ ਸੰਬਲਾਂ ਅਤੇ ਹੋਰ
ਜਾਨਲੇਵਾ ਹਥਿਆਰ ਹੈ ਨੇ। ਜਿਹੜਾ ਸਿੱਖ ਹੱਥ ਆ ਜਾਵੇ, ਕੋਹ ਕੋਹ ਕੇ ਮਾਰ ਦੇਂਦੇ ਨੇ। ਬਹੁਤਿਆਂ ਨੂੰ
ਤਾਂ ਜਿਉਂਦੇ ਗਲੇ ਵਿੱਚ ਟਾਇਰ ਪਾ ਕੇ ਜਾਂ ਉਤੇ ਪੈਟ੍ਰੋਲ ਆਦਿ ਛਿੜਕ ਕੇ ਸਾੜ ਦੇਂਦੇ ਨੇ। ਇਥੋਂ
ਤੱਕ ਕੇ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ ਰਹੇ। ਜਿਵੇਂ ਖ਼ਬਰਾਂ ਮਿਲ ਰਹੀਆਂ ਨੇ ਮੈਨੂੰ
ਤਾਂ ਜਾਪਦੈ, ਅੱਜ ਇਕੋ ਦਿਨ ਵਿੱਚ ਇਨ੍ਹਾਂ ਹਜ਼ਾਰਾਂ ਸਿੱਖਾਂ ਦਾ ਘਾਣ ਦਿੱਲੀ ਵਿੱਚ ਹੀ ਕਰ ਦਿੱਤਾ
ਹੋਣੈ”, ਤੇਜਿੰਦਰ ਸਿੰਘ ਦੇ ਹਰ ਲਫ਼ਜ਼ ਚੋਂ ਰੋਸ ਅਤੇ ਦੁੱਖ ਪਰਗਟ ਹੋ ਰਿਹਾ ਸੀ।
“ਬਿਲਕੁਲ ਇਹੀ ਕੁੱਝ ਇਥੇ ਹੋ ਰਿਹੈ ਤੇਜਿੰਦਰ ਜੀ, … ਉਹੀ ਹਥਿਆਰ ਨੇ, … ਉਹੀ ਲੁੱਟਣ ਦਾ ਤਰੀਕੈ, …
ਉਹੀ ਕਾਂਗਰਸੀ ਆਗੂਆਂ ਅਤੇ ਪੁਲੀਸ ਦੀ ਸਰਪ੍ਰਸਤੀ ਵਿੱਚ ਸਭ ਕੁੱਝ ਹੋ ਰਿਹੈ, … ਇਥੋਂ ਤੱਕ ਕਿ ਮਾਰਨ
ਦਾ ਤਰੀਕਾ ਵੀ ਉਹੀ ਹੈ, … ਤੇਲ ਪਾ ਕੇ ਜਾਂ ਗਲੇ ਵਿੱਚ ਟਾਇਰ ਪਾ ਕੇ ਜਿਊਂਦੇ ਸਾੜ ਦੇਣਾ। ਜੇ
ਹਜ਼ਾਰਾਂ ਨਹੀਂ ਤਾਂ ਸੈਂਕੜੇ ਸਿੱਖ ਤਾਂ ਇਥੇ ਕਾਨਪੁਰ ਵਿੱਚ ਵੀ ਅਜ ਇਕੋ ਦਿਨ ਵਿੱਚ ਇਸ ਜ਼ੁਲਮ ਦੀ
ਭੇਟ ਚੜ੍ਹ ਗਏ ਹੋਣੇ ਨੇ, ਜਿਹੜਾ ਕਰੋੜਾਂ ਦੀ ਜਾਇਦਾਦ ਤੇ ਹੋਰ ਮਾਲੀ ਨੁਕਸਾਨ ਹੋ ਗਿਐ ਸੋ ਅਲੱਗ”,
ਬਲਦੇਵ ਸਿੰਘ ਨੇ ਕੁੱਝ ਹੈਰਾਨ ਹੁੰਦੇ ਹੋਏ ਤੇਜਿੰਦਰ ਸਿੰਘ ਦੀ ਗੱਲ ਦੀ ਪ੍ਰੋੜਤਾ ਕੀਤੀ ਅਤੇ
ਕਾਨਪੁਰ ਦੇ ਹਾਲਾਤ ਤੋਂ ਵੀ ਜਾਣੂ ਕਰਵਾਇਆ।
“ਵੀਰ ਜੀ, ਦਿੱਲੀ ਅਤੇ ਕਾਨਪੁਰ ਵਿੱਚ ਹੀ ਨਹੀਂ, ਸਾਰੇ ਦੇਸ਼ ਵਿੱਚ ਅੱਜ ਸਿੱਖਾਂ ਨਾਲ ਇਹੀ ਕੁੱਝ
ਵਾਪਰ ਰਿਹੈ। ਸਾਰੇ ਦੇਸ਼ ਚੋਂ ਅਜਿਹੀਆਂ ਹੀ ਦੁਖਦਾਈ ਖ਼ਬਰਾਂ ਆ ਰਹੀਆਂ ਨੇ ਤੇ ਹਰ ਜਗ੍ਹਾ ਤਰੀਕੇ ਵੀ
ਇਹੀ ਵਰਤੇ ਜਾ ਰਹੇ ਨੇ।”
“ਹਾਂ ਜੀ, ਇਹੀ ਪਤਾ ਲੱਗ ਰਿਹੈ। … ਅਸਲ ਵਿੱਚ ਮੈਨੂੰ ਤਾਂ ਪਤਾ ਲੱਗੈ ਕਿ ਇਹ ਸਭ ਸਰਕਾਰ ਆਪ ਕਰਾ
ਰਹੀ ਹੈ, … ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣਦੇ ਹੀ ਇਹ ਗੁਪਤ ਆਦੇਸ਼ ਦਿੱਤੈ ਕਿ ਸਾਰੇ ਦੇਸ਼
ਵਿੱਚ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ. .”, ਬਲਦੇਵ ਸਿੰਘ ਆਪਣੀ ਜਾਣਕਾਰੀ ਤੇਜਿੰਦਰ ਸਿੰਘ ਨਾਲ
ਸਾਂਝੀ ਕਰ ਹੀ ਰਿਹਾ ਸੀ ਕਿ ਉਹ ਵਿੱਚੋਂ ਹੀ ਬੋਲ ਪਿਆ, “ਇਹ ਤਾਂ ਸਪੱਸ਼ਟ ਪਤਾ ਲੱਗ ਰਿਹੈ ਵੀਰ ਜੀ,
ਐਵੇਂ ਥੋੜ੍ਹਾ ਇਕੋ ਦਿਨ ਵਿੱਚ ਸਾਰੇ ਦੇਸ਼ ਵਿੱਚ ਇੰਝ ਅੱਗ ਬੱਲ ਪਈ ਹੈ ਅਤੇ ਸਾਰੇ ਦੇਸ਼ ਵਿੱਚ
ਗੁੰਡਿਆਂ ਕੋਲ ਇਕੋ ਜਿਹੇ ਮਾਰੂ ਹਥਿਆਰ ਪਹੁੰਚ ਗਏ ਨੇ ਤੇ ਇਕੋ ਤਰੀਕੇ ਨਾਲ ਜ਼ੁਲਮ ਵਰਤਾਇਆ ਜਾ
ਰਿਹੈ। ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਇਹ ਸਭ ਸਰਕਾਰ ਦੀ ਮਿਲੀਭੁਗਤ ਨਾਲ, ਇੱਕ ਸੋਚੀ ਸਮਝੀ
ਸਾਜਸ਼ ਤਹਿਤ ਕੀਤਾ ਜਾ ਰਿਹੈ। ਐਵੇਂ ਥੋੜ੍ਹੀ ਹਰ ਜਗ੍ਹਾਂ ਕਾਂਗਰਸੀ ਆਗੂ ਆਪ ਅਗਵਾਈ ਕਰਕੇ ਇਹ ਜ਼ੁਲਮ
ਕਰਵਾ ਰਹੇ ਨੇ, ਤੇ ਐਵੇਂ ਹੀ ਪੁਲੀਸ ਤੇ ਪ੍ਰਸ਼ਾਸਨ ਇਨ੍ਹਾਂ ਲੁਟੇਰਿਆਂ ਤੇ ਕਾਤਲਾਂ ਦੀ ਮਦਦ ਕਰ
ਰਿਹੈ? ਸ਼ਾਇਦ ਇਹ ਸੋਚ ਰਹੇ ਨੇ ਕਿ ਇੰਝ ਇਹ ਸਾਰੀ ਸਿੱਖ ਕੌਮ ਨੂੰ ਮੁਕਾ ਦੇਣਗੇ। ਬੇਸ਼ਕ ਰਾਜਸੱਤਾ
ਅਤੇ ਸਰਕਾਰੀ ਤਾਕਤ ਇਨ੍ਹਾਂ ਦੇ ਹੱਥ ਹੋਣ ਕਾਰਨ, ਇਹ ਸਿੱਖ ਕੌਮ ਦਾ ਬਹੁਤ ਨੁਕਸਾਨ ਤਾਂ ਕਰ ਦੇਣਗੇ,
ਪਰ ਸ਼ਾਇਦ ਇਹ ਨਹੀਂ ਜਾਣਦੇ ਕਿ ਸਿੱਖਾਂ ਨੂੰ ਮੁਕਾ ਦੇਣ ਦੀ ਸੋਚ ਲੈਕੇ ਪਹਿਲਾਂ ਵੀ ਕਈ ਜ਼ਾਲਮ ਆਏ ਨੇ
ਪਰ ਦੁਨੀਆਂ ਦੇ ਨਕਸ਼ੇ ਤੋਂ ਆਪ ਹੀ ਮਿੱਟ ਗਏ ਨੇ”, ਤੇਜਿੰਦਰ ਸਿੰਘ ਦਾ ਰੋਸ ਫੁੱਟ-ਫੁੱਟ ਕੇ ਬਾਹਰ ਆ
ਰਿਹਾ ਸੀ।
“ਬਿਲਕੁਲ ਠੀਕ ਕਹਿ ਰਹੇ ਹੋ, ਸਿੱਖ ਕੌਮ ਨੂੰ ਮੁਕਾਉਣ ਦੇ ਸੁਫਨੇ ਤਾਂ ਇਹ ਲੈ ਹੀ ਰਹੇ ਨੇ, ਨਾਲ
ਸਿੱਖਾਂ ਤੇ ਜ਼ੁਲਮ ਢਾਅ ਕੇ, ਆਪਣੇ ਵਾਸਤੇ ਹਿੰਦੂ ਵੋਟ ਪੱਕੇ ਕਰ ਰਹੇ ਨੇ। ਇੰਦਰਾ ਗਾਂਧੀ ਨੂੰ ਬਹੁਤ
ਵੱਡੀ ਦੇਸ਼ ਭਗਤ ਅਤੇ ਹਿੰਦੂਆਂ ਦੀ ਹਮਦਰਦ ਆਗੂ ਸਾਬਤ ਕਰਕੇ ਉਸ ਦਾ ਪੁੱਤਰ ਦੇਸ਼ ਵਿੱਚ ਲੰਬੇ ਸਮੇਂ
ਲਈ ਆਪਣੀ ਰਾਜਸਤਾ ਪੱਕੀ ਕਰਨੀ ਚਾਹੁੰਦਾ ਹੈ, ਪਰ ਮੇਰਾ ਯਕੀਨ ਹੈ ਕਿ ਜਿਵੇਂ ਅੱਜ ਤੱਕ ਹੋਇਐ,
ਪਹਿਲੇ ਸਭ ਜ਼ਾਲਮਾਂ ਦੀ ਤਰ੍ਹਾਂ ਇਸ ਦਾ ਅੰਤ ਵੀ ਉਹ ਹੋਵੇਗਾ ਕਿ ਵੇਖਣ ਸੁਣਨ ਵਾਲਿਆਂ ਦੀ ਰੂਹ ਕੰਬ
ਜਾਵੇਗੀ”, ਬਲਦੇਵ ਸਿੰਘ ਵੀ ਉਸੇ ਭਾਵਨਾ ਦੇ ਵੇਗ ਵਿੱਚ ਬੋਲ ਰਿਹਾ ਸੀ ਕਿ ਇੱਕ ਦਮ ਖ਼ਿਆਲ ਆਇਆ ਕਿ
ਕਾਲ ਦਾ ਸਮਾਂ ਮੁਕਣ ਵਾਲਾ ਹੋਵੇਗਾ ਤੇ ਗੱਲ ਨੂੰ ਮੋੜ ਦੇਂਦਾ ਹੋਇਆ ਬੋਲਿਆ, “ਅੱਛਾ ਤੇਜਿੰਦਰ ਜੀ,
ਜੇ ਹਰਮੀਤ ਨਾਲ ਸੰਪਰਕ ਹੋ ਸਕੇ ਤਾਂ ਕਹਿਣਾ ਜਿਥੇ ਹੈ, ਕੁੱਝ ਸਮਾਂ ਉਥੇ ਹੀ ਟਿਕਿਆ ਰਹੇ ਅਤੇ
ਜਿਨਾਂ ਚਿਰ ਸ਼ਾਂਤੀ ਨਹੀਂ ਹੋ ਜਾਂਦੀ, ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੇ। ਨਾਲੇ ਆਪਣਾ ਵੀ ਖਿਆਲ
ਰਖਣਾ, ਛੋਟੇ ਛੋਟੇ ਬੱਚੇ ਨੇ ਤੇ ਕੁੜੀ ਵੀ ਜੁਆਨ ਹੈ, ਨਾਲ ਬਜ਼ੁਰਗ ਮਾਮੀ ਜੀ ਵੀ ਨੇ”, ਫੇਰ ਜਿਵੇਂ
ਕੁੱਝ ਖਿਆਲ ਆਇਆ ਹੋਵੇ, ਗੱਲ ਖਤਮ ਕਰਦਾ ਕਰਦਾ ਫੇਰ ਬੋਲਿਆ, “ਨਾਲੇ ਮਾਮੀ ਜੀ ਨੂੰ ਅਜੇ ਦੁਕਾਨ
ਬਾਰੇ ਨਾ ਦੱਸਣਾ, ਉਹ ਐਵੇਂ ਬਹੁਤ ਘਬਰਾ ਜਾਣਗੇ।”
“ਉਹ ਤਾਂ ਠੀਕ ਹੈ ਵੀਰ ਜੀ, ਉਨ੍ਹਾਂ ਨੂੰ ਅਜੇ ਨਹੀਂ ਦਸਾਂਗੇ, … ਪਰ ਆਪਣਾ ਖਿਆਲ ਕੀ ਰੱਖਣਾ ਹੈ?
ਜੇ ਗੁੰਡੇ ਆ ਹੀ ਪਏ ਤਾਂ ਮੈਂ ਤਾਂ ਘਰ ਵਿੱਚ ਇਕੱਲਾ ਮਰਦ ਹਾਂ ਤੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ
ਝੁੰਡ ਦਾ ਝੁੰਡ ਹੀ ਆ ਪੈਂਦੇ ਨੇ …. ਬਸ ਵਾਹਿਗੁਰੂ ਹੀ ਰਾਖਾ ਹੈ”, ਤੇਜਿੰਦਰ ਦੇ ਬੋਲਾਂ ਵਿੱਚ
ਨਿਰਾਸਤਾ ਝਲਕ ਰਹੀ ਸੀ।
“ਇਥੇ ਮਰਦ ਤਾਂ ਮੈਂ ਵੀ ਇਕੱਲਾ ਹਾਂ ਪਰ ਮੈਂ ਸਮਝਦਾ ਹਾਂ ਕਿ ਸਾਡੀਆਂ ਔਰਤਾਂ ਵੀ ਘਟ ਨਹੀਂ ਬਲਕਿ
ਸਾਡੀ ਤਾਂ ਬੇਟੀ ਵੀ ਪੁੱਤਰਾਂ ਵਰਗੀ ਬਹਾਦਰ ਹੈ। ਸਾਨੂੰ ਇਹ ਪਤਾ ਹੈ ਕਿ ਅਸੀਂ ਸਾਰੇ ਰਲ ਕੇ ਵੀ
ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਜੇ ਇਮਤਿਹਾਨ ਦੀ ਘੜੀ ਆ ਹੀ ਗਈ ਤਾਂ ਭਾਵੇਂ ਜਾਨਾਂ ਤਾਂ
ਨਾ ਬਚਾ ਸਕੀਏ ਪਰ ਮਰਾਂਗੇ ਸਾਰੇ ਮੁਕਾਬਲਾ ਕਰ ਕੇ, ਬਹਾਦਰਾਂ ਵਾਂਗੂ” ਬਲਦੇਵ ਸਿੰਘ ਦੇ ਬੋਲਾਂ
ਵਿੱਚੋਂ ਇੱਕ ਦ੍ਰਿੜ ਇਰਾਦਾ ਝਲਕਦਾ ਸੀ। ਇਤਨੇ ਨੂੰ ਆਪਰੇਟਰ ਦੀ ਅਵਾਜ਼ ਆਈ, “ਤੀਨ ਮਿੰਟ ਹੋ ਗਏ” ਤੇ
ਨਾਲ ਹੀ ਕਾਲ ਕੱਟ ਗਈ। ਟੈਲੀਫੋਨ ਕਟਦੇ-ਕਟਦੇ ਤੇਜਿੰਦਰ ਸਿੰਘ ਦੀ ਇਤਨੀ ਕੁ ਅਵਾਜ਼ ਸੁਣਾਈ ਦਿੱਤੀ,
“ਵਾਹ ਵੀਰ ਜੀ, ਤੁਸੀਂ ਸਾਨੂੰ ਵੀ ਰਾਹ ਵਿਖਾ …।”
“ਵੇਖਿਆ ਮੀਤਾ! ਨਿਹਾਲ ਹੈਦਰ ਸਾਬ੍ਹ ਦੀ ਗੱਲ ਬਿਲਕੁਲ ਸੱਚ ਸਾਬਤ ਹੋ ਰਹੀ ਹੈ, ਬਿਲਕੁਲ ਇਥੇ ਵਾਲੇ
ਹੀ ਹਾਲਾਤ ਦਿੱਲੀ ਵਿੱਚ ਨੇ, ਤੇ ਇਹੀ ਹਾਲਾਤ ਸਾਰੇ ਦੇਸ਼ ਦੇ ਪਤਾ ਲੱਗ ਰਹੇ ਨੇ. .”, ਬਲਦੇਵ ਸਿੰਘ
ਨੇ ਟੈਲੀਫੋਨ ਰਖਦੇ ਹੀ ਆਪਣੀ ਚਿੰਤਾ ਗੁਰਮੀਤ ਕੌਰ ਨਾਲ ਸਾਂਝੀ ਕੀਤੀ।
“ਉਹ ਤਾਂ ਠੀਕ ਹੈ ਸਰਦਾਰ ਜੀ, ਪਰ ਜਿਨਾਂ ਚਿਰ ਹਰਮੀਤ ਦਾ ਕੋਈ ਸੁਖ-ਸੁਨੇਹਾ ਨਹੀਂ ਆਉਂਦਾ, ਮੈਨੂੰ
ਹੋਰ ਕੁੱਝ ਨਹੀਂ ਸੁੱਝ ਰਿਹਾ। ਮੇਰੀ ਤਾਂ ਜਾਨ ਸੂਲੀ ਤੇ ਟੰਗੀ ਹੋਈ ਏ”, ਗੁਰਮੀਤ ਕੌਰ ਜੋ ਸਿਰ
ਸੁੱਟ ਕੇ ਕੋਲ ਹੀ ਬੈਠੀ ਸੀ, ਨੇ ਸਿਰ ਉੱਤੇ ਚੁਕਦੇ ਹੋਏ ਕਿਹਾ, ਤੇ ਕੁੱਝ ਅਥਰੂ ਵੱਗ ਕੇ ਉਸ ਦੀਆਂ
ਗੱਲਾਂ ਤੇ ਲੁੜਕ ਆਏ। ਘਬਰਾਹਟ ਉਸ ਦੇ ਚਿਹਰੇ ਤੋਂ ਛਲਕ-ਛਲਕ ਪੈ ਰਹੀ ਸੀ।
ਬਲਦੇਵ ਸਿੰਘ ਪੱਲ ਵਾਸਤੇ ਚੁੱਪ ਕਰ ਗਿਆ, ਫੇਰ ਕੁੱਝ ਸੋਚਦਾ ਹੋਇਆ ਗੁਰਮੀਤ ਕੌਰ ਦੇ ਮੋਢੇ `ਤੇ ਹੱਥ
ਰਖ ਕੇ ਦਿਲਾਸਾ ਦੇਂਦਾ ਹੋਇਆ ਬੋਲਿਆ, “ਮੀਤਾ ਤੁਹਾਡੀ ਪ੍ਰੇਸ਼ਾਨੀ ਜਾਇਜ਼ ਹੈ, ਮੇਰਾ ਧਿਆਨ ਵੀ ਉਸੇ
ਵੱਲ ਹੈ, … ਪਰ ਇੰਝ ਘਬਰਾ ਜਾਣਾ ਤਾਂ ਕਿਸੇ ਚੀਜ਼ ਦਾ ਹੱਲ ਨਹੀਂ। ਤੁਸੀਂ ਕੀ ਸਮਝਦੇ ਹੋ ਕਿ ਜੇ ਉਹ
ਇਥੇ ਸਾਡੇ ਕੋਲ ਹੁੰਦਾ ਤਾਂ ਸੁਰੱਖਿਅਤ ਸੀ? ਇਥੇ ਵੀ ਤਾਂ ਉਹੀ ਹਾਲਾਤ ਨੇ। ਹੋਰ ਤਾਂ ਛਡੋ, ਅੱਜ ਦਾ
ਹੀ ਸੋਚ ਲਓ, ਜੇ ਹਰਮੀਤ ਇਥੇ ਹੁੰਦਾ ਤਾਂ ਅੱਜ ਅਮੋਲਕ ਸਿੰਘ ਅਤੇ ਗੁਰਚਰਨ ਸਿੰਘ ਦੀ ਜਗ੍ਹਾ `ਤੇ ਉਹ
ਵੀ ਹੋ ਸਕਦਾ ਸੀ …।”
ਬਲਦੇਵ ਸਿੰਘ ਦੀ ਗੱਲ ਸੁਣ ਕੇ ਗੁਰਮੀਤ ਕੌਰ ਨੂੰ ਇੱਕ ਕੰਬਣੀ ਜਿਹੀ ਆ ਗਈ ਤੇ ਉਸ ਦੇ ਮੂੰਹ ਤੇ ਹੱਥ
ਰਖਦੀ ਹੋਈ ਬੋਲੀ, “ਬਸ ਕਰੋ ਸਰਦਾਰ ਜੀ, …. ਵਾਹਿਗੁਰੂ ਆਖੋ. .”, ਕਹਿੰਦੇ ਉਸ ਦੀਆਂ ਅੱਖਾਂ ਮੀਟੀਆ
ਗਈਆਂ ਤੇ ਅਥਰੂ ਇੱਕ ਵਾਰੀ ਫੇਰ ਉਨ੍ਹਾਂ ਵਿੱਚੋਂ ਵਗ ਤੁਰੇ।
“ਮੀਤਾ! ਮੇਰੇ ਚੁੱਪ ਕਰਨ ਨਾਲ ਸਚਾਈ ਤਾਂ ਨਹੀਂ ਬਦਲ ਜਾਣੀ। ਇਹ ਇੱਕ ਸਚਾਈ ਹੈ ਤੇ ਸਾਨੂੰ ਮਨ ਲੈਣੀ
ਚਾਹੀਦੀ ਹੈ। ਸਾਨੂੰ ਕਿਸੇ ਵੀ ਅਨਹੋਣੀ ਵਾਸਤੇ ਤਿਆਰ ਰਹਿਣਾ ਪਵੇਗਾ। ਇਥੇ ਹੁੰਦਾ ਤਾਂ ਵੀ
ਅਕਾਲ-ਪੁਰਖ ਦਾ ਓਟ-ਆਸਰਾ ਸੀ, ਉਥੇ ਵੀ ਉਸੇ ਦਾ ਆਸਰਾ ਹੈ, … ਉਸੇ ਅੱਗੇ ਅਰਦਾਸ ਹੈ, … ਉਹ ਜਿਵੇਂ
ਠੀਕ ਸਮਝੇਗਾ, ਭਲੀ ਕਰੇਗਾ।”
ਇਤਨੀ ਗੱਲ ਕਹਿਕੇ ਬਲਦੇਵ ਸਿੰਘ ਥੋੜ੍ਹਾ ਰੁੱਕਿਆ ਤੇ ਧਿਆਨ ਨਾਲ ਗੁਰਮੀਤ ਕੌਰ ਦੇ ਚਿਹਰੇ ਵੱਲ
ਵੇਖਿਆ। ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਚਿਹਰੇ ਦੇ ਹਾਵ-ਭਾਵ ਕੁੱਝ ਬਦਲ ਰਹੇ ਸਨ। ਥੋੜ੍ਹਾ ਰੁੱਕ
ਕੇ ਫੇਰ ਬੋਲਿਆ, “ਆਪ ਤਾਂ ਅਸੀਂ ਬੱਚਿਆਂ ਨੂੰ ਚੌਹਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਦੇ ਵੱਡੇ ਜਿਗਰੇ ਦੀਆਂ ਸਾਖੀਆਂ ਸੁਣਾਉਂਦੇ ਰਹੇ ਹਾਂ, ਜੇ ਅੱਜ ਪਰਖ ਦੀ
ਘੜੀ ਆਉਣ `ਤੇ ਇੰਝ ਡੋਲ ਜਾਈਏ ਤਾਂ ਠੀਕ ਨਹੀਂ, ਇਸ ਨਾਲ ਸਗੋਂ ਬੱਚਿਆਂ ਅੰਦਰ ਵੀ ਨਿਰਾਸਤਾ ਵਧੇਗੀ।
… ਵਹਿਗੁਰੂ ਤੇ ਪੂਰਨ ਭਰੋਸਾ ਰਖੋ ਅਤੇ ਚੜ੍ਹਦੀਆਂ ਕਲਾਂ ਵਿੱਚ ਰਹੋ, ਜੋ ਉਸ ਦੀ ਰਜ਼ਾ ਹੈ, ਉਹੀ ਭਲਾ
ਹੈ।” ਕਹਿਕੇ ਬਲਦੇਵ ਸਿੰਘ ਨੇ ਬਾਂਹ ਵਲਾ ਕੇ ਉਸ ਨੂੰ ਆਪਣੇ ਮੋਢੇ ਨਾਲ ਲਾ ਲਿਆ।
ਪਤੀ ਦੇ ਮੋਢੇ ਨਾਲ ਲੱਗ ਕੇ ਗੁਰਮੀਤ ਕੌਰ ਨੂੰ ਅਜੀਬ ਜਿਹੀ ਸੁਰੱਖਿਆਂ ਭਾਵਨਾ ਅਤੇ ਨਿੱਘ ਮਹਿਸੂਸ
ਹੋਇਆ। ਪਹਿਲਾਂ ਤਾਂ ਉਸ ਆਪਣਾ ਸਿਰ ਉਸ ਦੇ ਮੋਢੇ `ਤੇ ਰੱਖ ਦਿੱਤਾ ਤੇ ਫੇਰ ਸਿੱਧੀ ਹੁੰਦੀ ਹੋਈ
ਬੋਲੀ, “ਧੰਨਵਾਦ ਸਰਦਾਰ ਜੀ! ਤੁਸੀਂ ਮੈਨੂੰ ਇੱਕ ਵਾਰੀ ਫੇਰ ਜਗਾ ਦਿੱਤੈ। ਪਤਾ ਨਹੀਂ ਕਿਉਂ ਇੱਕ
ਕਮਜ਼ੋਰ ਮਾਂ ਕਦੀਂ ਕਦੀਂ ਮੇਰੇ ਅੰਦਰੋਂ ਜਾਗ ਪੈਂਦੀ ਹੈ, ਮੈਂ ਤਾਂ ਫੇਰ ਪੁੱਤਰ ਮੋਹ ਵਿੱਚ ਡੁਬਦੀ
ਜਾ ਰਹੀ ਸਾਂ ਪਰ ਤੁਸੀਂ ਮੈਨੂੰ ਸੁਚੇਤ ਕਰ ਦਿੱਤੈ। ਯਕੀਨ ਮੰਨੋ ਹੁਣ ਮੈਂ ਉਸ ਪੁੱਤਰ ਮੋਹ ਵਿੱਚ
ਗਲਤਾਨ ਹੋਈ ਮਾਂ ਨੂੰ ਪੂਰੀ ਤਰ੍ਹਾਂ ਦਫਨ ਕਰ ਦਿੱਤੈ ਤੇ ਹਰ ਹਾਲਾਤ ਦਾ ਟਾਕਰਾ ਕਰਨ ਲਈ ਤਿਆਰ
ਹਾਂ।” ਇਹ ਕਹਿੰਦਿਆਂ ਉਸ ਦੇ ਚੇਹਰੇ ਤੇ ਇੱਕ ਜਲਾਲ ਜਿਹਾ ਆ ਗਿਆ ਤੇ ਉਸ ਨੇ ਸਿਰ ਫੇਰ ਪਤੀ ਦੇ
ਮੋਢੇ ਤੇ ਰੱਖ ਦਿੱਤਾ।
ਸਾਹਮਣੇ ਬੈਠੀ ਬੱਬਲ ਦਾ ਮਨ ਪਤਾ ਨਹੀਂ ਕਿਸ ਭਾਵਨਾ ਅਧੀਨ ਭਰ ਆਇਆ ਪਰ ਉਸ ਨੇ ਮਾਤਾ-ਪਿਤਾ ਦੇ
ਸਾਹਮਣੇ ਉਸ ਨੂੰ ਛਲਕਣ ਨਹੀਂ ਦਿੱਤਾ ਤੇ ਉਠ ਕੇ ਰਸੋਈ ਵੱਲ ਚਲੀ ਗਈ।
ਇਤਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਉਹ ਦੋਵੇਂ ਇੱਕ ਦਮ ਸੁਚੇਤ ਹੋ ਗਏ। ਬੱਬਲ ਵੀ ਰਸੋਈ ਚੋਂ ਬਾਹਰ
ਭੱਜੀ ਆਈ ਪਰ ਬਲਦੇਵ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਉਥੇ ਹੀ ਰੋਕ ਦਿੱਤਾ ਤੇ ਆਪ ਉਠ ਕੇ ਦਰਵਾਜ਼ੇ
ਕੋਲ ਜਾ ਕੇ ਪੁੱਛਿਆ, “ਕੌਣ ਹੈ?” ਤੇ ਨਾਲ ਹੀ ਪਹਿਲੇ ਵਾਂਗੂੰ ਝੀਥ ਚੋਂ ਬਾਹਰ ਝਾਕਣ ਦੀ ਕੋਸ਼ਿਸ਼
ਕੀਤੀ। ਉਸ ਨੂੰ ਤਨੇਜੇ ਦਾ ਝਉਲਾ ਪਿਆ ਤੇ ਨਾਲ ਹੀ ਉਧਰੋ ਜੁਆਬ ਆਇਆ, “ਸਰਦਾਰ ਜੀ, ਅਸੀਂ ਹਾਂ ਅਸ਼ੋਕ
ਬਟੇਜਾ ਤੇ ਜਗਦੀਸ਼ ਕੁਮਾਰ ਤਨੇਜਾ।” ਬਲਦੇਵ ਸਿੰਘ ਨੇ ਦਰਵਾਜ਼ਾ ਖੋਲਿਆ ਤਾਂ ਅੰਦਰ ਲੰਘਦੇ ਹੋਏ ਤਨੇਜਾ
ਬੋਲਿਆ, “ਇਹ ਤਾਂ ਬਹੁਤ ਮਾੜਾ ਹੋਇਐ ਬਲਦੇਵ ਸਿੰਘ ਜੀ, ਅਸੀਂ ਤਾਂ ਆ ਕੇ ਵੇਖ ਸੁਣ ਕੇ ਸੰਨ ਰਹਿ ਗਏ
ਹਾਂ।”
“ਸੋਚਿਆ ਤਾਂ ਭਲੇ ਵਾਸਤੇ ਸੀ ਪਰ ਇਹ ਤਾਂ ਸਗੋਂ ਉਲਟਾ ਹੀ ਹੋ ਗਿਐ”, ਕੋਲੋਂ ਬਟੇਜਾ ਨੇ ਵੀ ਕਿਹਾ।
ਬਲਦੇਵ ਸਿੰਘ ਨੇ ਦਰਵਾਜ਼ਾ ਬੰਦ ਕਰਕੇ ਵਾਪਸ ਮੁੜਦੇ ਹੋਏ ਉਨ੍ਹਾਂ ਨੂੰ ਬੈਠਣ ਵਾਸਤੇ ਇਸ਼ਾਰਾ ਕੀਤਾ ਤੇ
ਬੋਲਿਆ, “ਬਹੁਤ ਜ਼ੁਲਮ ਹੋਇਐ ਜੀ, ਮੈਂ ਤਾਂ ਉਨ੍ਹਾਂ ਬੱਚਿਆਂ ਨੂੰ ਆਪਣੇ ਸਾਹਮਣੇ ਸੜਦੇ ਵੇਖਿਐ …
ਸੱਚ ਜਾਣੋ, ਆਤਮਾਂ ਕੰਬ ਗਈ ਹੈ। ਇਹ ਦੁਖਾਂਤ ਮੈਂ ਸਾਰੀ ਜ਼ਿੰਦਗੀ ਨਹੀਂ ਭੁਲ ਸਕਦਾ, ਉਹੀ ਦੁਖਦਾਈ
ਨਜ਼ਾਰਾ ਬਾਰ-ਬਾਰ ਅੱਖਾਂ ਸਾਹਮਣੇ ਘੁੰਮੀਂ ਜਾ ਰਿਹੈ। ਭਾਵੇਂ ਕੱਲ ਸ਼ਾਮ ਤੋਂ ਹੀ ਦੁਖਦਾਈ ਮੰਦਭਾਗੀਆਂ
ਖ਼ਬਰਾਂ ਸੁਣ ਰਹੇ ਹਾਂ, ਪਰ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਵਰਗਿਆਂ ਨੂੰ ਜਿਉਂਦੇ ਸੜਦੇ
ਵੇਖਣਾ … “, ਸ਼ਾਇਦ ਉਹ ਨਜ਼ਾਰਾ ਫੇਰ ਅੱਖਾਂ ਸਾਹਮਣੇ ਆ ਗਿਆ ਸੀ। ਉਸ ਦਾ ਮਨ ਭਰ ਆਇਆ, ਅੱਖਾਂ ਬੰਦ
ਹੋ ਗਈਆਂ, ਉਨ੍ਹਾਂ ਚੋਂ ਕੁੱਝ ਅਥਰੂ ਕਿਰ ਕੇ ਗੱਲਾਂ `ਤੇ ਆ ਗਏ ਤੇ ਅਵਾਜ਼ ਵਿੱਚੇ ਦਬ ਗਈ।
ਉਸ ਨੂੰ ਇੰਝ ਵੇਖ ਕੇ ਉਨ੍ਹਾਂ ਦੋਹਾਂ ਦਾ ਮਨ ਵੀ ਭਰ ਆਇਆ ਤੇ ਉਸੇ ਭਰੇ ਮਨ ਨਾਲ ਹੀ ਤਨੇਜਾ ਬੋਲਿਆ,
“ਸੱਚ ਜਾਣੋ ਸਰਦਾਰ ਜੀ, ਇਸ ਦੁਖਾਂਤ ਵਾਸਤੇ ਤਾਂ ਮੈਂ ਆਪਣੇ ਆਪ ਨੂੰ ਗੁਨਹਗਾਰ ਸਮਝਦਾ ਹਾਂ। ਨਾ
ਮੈਨੂੰ ਇਹ ਸ਼ਾਂਤੀ ਮਾਰਚ ਵਾਲਾ ਖ਼ਿਆਲ ਆਉਂਦਾ, ਨਾ ਉਥੇ ਇਕੱਠੇ ਹੁੰਦੇ ਤੇ ਨਾ ਇਹ … “, ਬੋਲਦਿਆਂ ਉਸ
ਦਾ ਗਲਾ ਵੀ ਭਰ ਆਇਆ ਤੇ ਅੱਗੋਂ ਬੋਲਿਆ ਨਹੀਂ ਗਿਆ।
“ਨਹੀਂ ਤਨੇਜਾ ਜੀ, ਤੁਸੀਂ ਕਿਵੇਂ ਗੁਣਹਗਾਰ ਹੋ? … ਤੁਹਾਡੀ ਭਾਵਨਾ ਤਾਂ ਬੜੀ ਸੱਚੀ-ਸੁੱਚੀ ਸੀ, …
ਤੁਸੀਂ ਤਾਂ ਸਾਡਾ ਭਲਾ ਜਾਣ ਕੇ ਹੀ ਸਲਾਹ ਦਿੱਤੀ ਸੀ। … ਨਾਲੇ ਜਿਵੇਂ ਇਹ ਪਾਪ ਦੀ ਜੰਞ ਚੜ੍ਹ ਕੇ
ਆਈ ਸੀ, ਇਸ ਨੇ ਕਿਧਰੋਂ ਤਾਂ ਜੋਰੀ ਦਾਨ ਲੈਣਾ ਹੀ ਸੀ। ਉਹ ਸਾਹਮਣੇ ਹੀ ਤਿਆਰ ਮਿਲ ਗਿਆ, ਨਹੀਂ ਤਾਂ
ਉਨ੍ਹਾਂ ਕਿਧਰੇ ਤਾਂ ਜ਼ੁਲਮ ਢਾਹੁਣ ਲਈ ਪੈਣਾ ਹੀ ਸੀ”, ਬਲਦੇਵ ਸਿੰਘ ਨੇ ਬੜੇ ਭਾਰੀ ਮਨ ਨਾਲ ਰੁੱਕ
ਰੁੱਕ ਕੇ ਕਿਹਾ ਤੇ ਫੇਰ ਦੁੱਖ ਨਾਲ ਸਿਰ ਹਿਲਾਉਂਦਾ ਹੋਇਆ ਬੋਲਿਆ, “ਅਸਲ ਵਿੱਚ ਉਨ੍ਹਾਂ ਦਾ ਅਸਲ
ਗੁਨਹਗਾਰ ਤਾਂ ਮੈਂ ਹਾਂ, … ਉਸ ਬੱਚੇ ਨੇ ਤਾਂ ਸਵੇਰੇ ਹੀ ਮੈਨੂੰ ਟੈਲੀਫੋਨ ਕਰਕੇ ਕੋਈ ਉਪਰਾਲਾ ਕਰਨ
ਲਈ ਪ੍ਰੇਰਿਆ ਸੀ, ਪਰ ਮੈਂ ਹੀ ਸਭ ਨੂੰ ਸੰਜਮ ਰੱਖਣ ਦਾ ਉਪਦੇਸ਼ ਦੇ ਰਿਹਾ ਸਾਂ”, ਬਲਦੇਵ ਸਿੰਘ ਨੇ
ਆਪਣੇ `ਤੇ ਝੂਰਦੇ ਹੋਏ ਕਿਹਾ।
“ਭਾਵਨਾ ਤਾਂ ਤੁਹਾਡੀ ਵੀ ਬਹੁਤ ਚੰਗੀ ਸੀ ਭਾਪਾ ਜੀ, ਤੁਸੀਂ ਤਾਂ ਇਹੀ ਚਾਹੁੰਦੇ ਸਾਓ ਕਿ ਹਾਲਾਤ
ਜ਼ਿਆਦਾ ਖਰਾਬ ਨਾ ਹੋਣ, ਤੁਹਾਨੂੰ ਥੋੜ੍ਹਾ ਪਤਾ ਸੀ ਕਿ ਇਸ ਸਭ ਦੀ ਤਿਆਰੀ ਪਹਿਲਾਂ ਹੀ ਹੋ ਚੁੱਕੀ
ਹੈ”, ਬੱਬਲ ਜੋ ਕੋਲ ਹੀ ਪਾਣੀ ਲਿਆ ਕੇ ਖੜੀ ਸੀ, ਪਾਣੀ ਦੇ ਗਲਾਸਾਂ ਵਾਲੀ ਟਰੇਅ ਅੱਗੇ ਕਰਦੀ ਹੋਈ
ਬੋਲੀ।
“ਬਿਲਕੁਲ ਠੀਕ ਕਹਿ ਰਹੀ ਹੈ ਬੱਚੀ। ਤੁਸੀਂ ਐਵੇ ਆਪਣੇ ਆਪ ਨੂੰ ਦੋਸ਼ ਨਾ ਦੇਈ ਜਾਓ, ਜੋ ਅਸਲੀ ਦੋਸ਼ੀ
ਨੇ ਉਨ੍ਹਾਂ ਨੂੰ ਤਾਂ ਜਨੂੰਨ ਅਤੇ ਨਸ਼ੇ ਵਿੱਚ ਇਹ ਚਿਤ-ਚੇਤਾ ਵੀ ਨਹੀਂ ਕਿ ਉਹ ਕਿੱਡਾ ਜ਼ੁਲਮ ਕਮਾ
ਰਹੇ ਨੇ”, ਬਟੇਜਾ ਜੋ ਚੁੱਪ-ਚਾਪ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ, ਪਾਣੀ ਦਾ ਗਲਾਸ ਚੁਕਦਾ
ਹੋਇਆ ਬੋਲਿਆ।
“ਉਹ ਤਾਂ ਠੀਕ ਹੈ ਬਟੇਜਾ ਜੀ, ਪਰ ਮੇਰੀ ਬਦ-ਕਿਸਮਤੀ ਵੇਖੋ ਕਿ ਇਤਨੇ ਵੱਡੇ ਹਾਦਸੇ ਤੋਂ ਬਾਅਦ ਵੀ
ਮੈਂ ਉਨ੍ਹਾਂ ਵਿਚਾਰਿਆਂ ਦੇ ਪਰਿਵਾਰ ਦਾ ਦੁਖ ਵੰਡਾਉਣ ਲਈ ਵੀ ਨਹੀਂ ਜਾ ਸਕਦਾ। ਮੈਂ ਤਾਂ ਜਦੋਂ ਹੀ
ਉਨ੍ਹਾਂ ਬੱਚਿਆਂ ਨੂੰ ਧੂੰ ਧੂੰ ਕਰ ਕੇ ਸੜਦੇ ਵੇਖਿਆ ਤਾਂ ਮੈਨੂੰ ਤਾਂ ਆਪਣੇ ਪਰਿਵਾਰ ਦੀ ਚਿੰਤਾ ਪੈ
ਗਈ ਕਿ ਇਥੇ ਜ਼ੁਲਮ ਢਾਹੁਣ ਤੋਂ ਬਾਅਦ ਪਤਾ ਨਹੀਂ ਹੁਣ ਉਹ ਪਾਪ ਦੀ ਜੰਞ ਕਿਧਰ ਜਾ ਪਈ ਹੋਵੇ ਤੇ ਮੈਂ
ਆਪਣੇ ਘਰ ਵੱਲ ਦੌੜਿਆ” ਬਲਦੇਵ ਸਿੰਘ ਦਾ ਆਪਣੇ ਆਪ ਤੋਂ ਗਿਲਾ ਮੁੱਕ ਹੀ ਨਹੀਂ ਸੀ ਰਿਹਾ ਤੇ ਆਪਣੇ
ਆਪ ਤੇ ਝੂਰਦਾ ਹੋਇਆ ਉਹ ਫਿਰ ਬੋਲਿਆ, “… ਮਨੁੱਖ ਵੀ ਸੁਭਾਵਕ ਤੌਰ `ਤੇ ਕਿਤਨਾ ਸੁਆਰਥੀ ਹੈ, ਜ਼ਰਾ
ਵੀ ਔਕੜ ਦਾ ਸਮਾਂ ਹੋਵੇ, ਆਪਣੇ ਪਰਿਵਾਰ ਵੱਲ ਹੀ ਦੌੜਦੈ।”
“ਅਸੀਂ ਹੁਣੇ ਉਨ੍ਹਾਂ ਦੇ ਘਰੋਂ ਹੋ ਕੇ ਆਏ ਹਾਂ, ਸੱਚਮੁੱਚ ਬੜਾ ਦਰਦਨਾਕ ਦ੍ਰਿਸ਼ ਹੈ। ਪਰਿਵਾਰ ਵਿੱਚ
ਕੁਰਲਾਹਟ ਪਈ ਹੋਈ ਹੈ, … ਛੋਟੇ ਛੋਟੇ ਮਸੂਮ ਬੱਚੇ ਇੰਝ ਸਹਿਮੇ ਹੋਏ ਨੇ, … ਵੇਖਿਆ ਨਹੀਂ ਜਾਂਦਾ।
ਸ੍ਰ. ਅਮੋਲਕ ਸਿੰਘ ਅਤੇ ਉਨ੍ਹਾਂ ਦੀ ਨੂੰਹ ਤਾਂ ਆਪ ਬੁਰੀ ਤਰ੍ਹਾਂ ਜ਼ਖਮੀਂ ਨੇ, ਅਸੀਂ ਉਨ੍ਹਾਂ ਨੂੰ
ਇਲਾਜ ਲਈ ਲੈ ਜਾਣਾ ਚਾਹੁੰਦੇ ਸਾਂ ਪਰ ਉਹ ਇਸ ਹਾਲਤ ਵਿੱਚ ਵੀ ਬੱਚਿਆਂ ਨੂੰ ਇੰਝ ਛੱਡ ਕੇ ਜਾਣ ਲਈ
ਤਿਆਰ ਨਹੀਂ”, ਬਟੇਜਾ ਨੇ ਇੱਕ ਠੰਡਾ ਹਉਕਾ ਲੈਕੇ ਦੁੱਖ ਨਾਲ ਸਿਰ ਹਿਲਾਉਂਦੇ ਹੋਏ ਕਿਹਾ।
“ਮੈਨੂੰ ਤਾਂ ਅਜੇ ਵੀ ਆਪਣੇ ਆਪ `ਤੇ ਗੁੱਸਾ ਆ ਰਿਹੈ ਕਿ ਆਪੇ ਪ੍ਰੋਗਰਾਮ ਬਣਾ ਕੇ ਅਸੀਂ ਆਪ ਲੇਟ
ਕਿਉਂ ਹੋਏ? ਜੇ ਅਸੀਂ ਉਥੇ ਹੁੰਦੇ ਤਾਂ ਸ਼ਾਇਦ ਉਨ੍ਹਾਂ ਦੁਸ਼ਟਾਂ ਨੂੰ ਰੋਕਣ ਦਾ ਕੋਈ ਉਪਰਾਲਾ ਕਰ
ਸਕਦੇ”, ਤਨੇਜਾ ਨੇ ਫਿਰ ਆਪਣੇ ਆਪ ਤੇ ਗਿਲਾ ਕੀਤਾ।
“ਪਰ ਤਨੇਜਾ ਜੀ, ਚਾਰ ਵਜੇ ਤੋਂ ਪਹਿਲਾਂ ਹੀ ਉਥੇ ਸਾਰਾ ਭਾਣਾ ਵਰਤ ਵੀ ਚੁੱਕਾ ਸੀ। ਅਸਲ ਵਿੱਚ ਅਸੀਂ
ਪੰਦਰ੍ਹਾਂ-ਵੀਹ ਮਿੰਟ ਪਹਿਲਾਂ ਹੀ ਉਥੇ ਚਲੇ ਗਏ ਸਾਂ। ਗੁਰਚਰਨ ਸਿੰਘ ਆਪ ਮੈਨੂੰ ਬੁਲਾ ਕੇ ਲੈ ਗਿਆ
ਸੀ। ਸੋਚਿਆ ਕਿ ਇਸ ਹਾਲਾਤ ਵਿੱਚ ਕਿਸੇ ਨੇ ਘਰਬਾਰ ਛੱਡ ਕੇ ਕਿਹੜਾ ਸੌਖਾ ਬਾਹਰ ਆਉਣੈ, ਆਪ ਕੋਸ਼ਿਸ਼
ਕਰ ਕੇ ਪ੍ਰੇਰ ਕੇ ਬਾਹਰ ਸੱਦੀਏ। ਬਸ, ਉਥੇ ਪਹੁੰਚੇ ਹੀ ਸਾਂ ਕਿ ਪੱਥਰ ਬਾਜੀ ਸ਼ੁਰੂ ਹੋ ਗਈ ਤੇ ਸਾਰੇ
ਭੱਜ ਪਏ”, ਬਲਦੇਵ ਸਿੰਘ ਨੇ ਉਸ ਨੂੰ ਮੰਦਭਾਗੀ ਦੁਰਘਟਨਾ ਵੇਲੇ ਦੇ ਹਾਲਾਤ ਤੋਂ ਜਾਣੂ ਕਰਵਾਇਆ।
“ਪਰ ਅਸੀਂ ਵੀ ਕਿਹੜਾ ਜਾਣ ਬੁੱਝ ਕੇ ਲੇਟ ਹੋਏ ਹਾਂ, ਉਧਰ ਵੀ ਤਾਂ ਬੜੀ ਚਿੰਤਾ ਵਾਲੀ ਗੱਲ ਹੋ ਗਈ
ਸੀ ਜਿਹੜਾ ਉਧਰ ਭੱਜਣਾ ਪਿਆ”, ਬਟੇਜਾ ਨੇ ਤਨੇਜਾ ਵੱਲ ਵੇਖ ਕੇ ਕਿਹਾ।
“ਕਿਉਂ ਬਟੇਜਾ ਜੀ, ਕਿਧਰ ਚਿੰਤਾ ਵਾਲੀ ਗੱਲ ਬਣ ਗਈ ਸੀ ਕਿਧਰ ਭੱਜਣਾ ਪਿਆ?” ਬਲਦੇਵ ਸਿੰਘ ਨੇ ਕੁੱਝ
ਹੈਰਾਨ ਹੁੰਦੇ ਹੋਏ ਪੁੱਛਿਆ।
“ਸਰਦਾਰ ਜੀ, ਸਾਡੇ ਘਰ ਦੇ ਨੇੜੇ ਇੱਕ ਆਰ. ਕੇ. ਭਾਟੀਆ ਜੀ ਰਹਿੰਦੇ ਨੇ, ਉਹ ਆਰਡੀਨੈਂਸ ਫੈਕਟਰੀ
ਵਿੱਚ ਫੋਰਮੈਨ ਨੇ। ਸਵੇਰੇ ਉਥੇ ਆਪਣੇ ਕੁੱਝ ਸਿੱਖ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ, ਉਹ ਬੁਰੀ
ਤਰ੍ਹਾਂ ਜ਼ਖਮੀ ਹੋ ਗਏ ਸਨ ਤੇ ਉਥੇ ਦੇ ਸਿਕਿਉਰੀਟੀ ਗਾਰਡਾਂ ਨੇ ਹੀ ਉਨ੍ਹਾਂ ਨੂੰ ਕਾਫੀ ਜ਼ਖਮੀਂ ਤੇ
ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਸੀ, ਪਤਾ ਲਗਾ ਸੀ ਕਿ ਉਨ੍ਹਾਂ ਵਾਸਤੇ ਕੁੱਝ ਖੂਨ
ਵਗੈਰਾ ਦੀ ਲੋੜ ਪੈ ਸਕਦੀ ਹੈ, ਇਸ ਵਾਸਤੇ ਹਸਪਤਾਲ ਭਜੇ ਗਏ ਸਾਂ”, ਬਟੇਜਾ ਨੇ ਲੇਟ ਹੋਣ ਦਾ ਕਾਰਨ
ਦੱਸਿਆ।
“ਉਹੋ! ਉਹ ਹੁਣ ਕਿਵੇਂ ਨੇ?” ਬਲਦੇਵ ਸਿੰਘ ਦੇ ਚਿਹਰੇ ਤੇ ਵੀ ਚਿੰਤਾ ਉਭਰ ਆਈ।
“ਇੰਝ ਹੀ ਸਨ ਵਿਚਾਰੇ, ਬਹੁਤ ਬੁਰੀ ਤਰ੍ਹਾਂ ਕੁਟਿਐ … ਪਰ ਡਾਕਟਰ ਕਹਿੰਦੇ ਸਨ ਹੁਣ ਖਤਰੇ ਤੋਂ ਬਾਹਰ
ਨੇ। ਉਂਝ ਵੀ ਹੋਸ਼ ਵਿੱਚ ਸਨ, ਸਾਡੇ ਨਾਲ ਗੱਲਾਂ ਕਰਦੇ ਰਹੇ ਨੇ, ਉਥੇ ਦੇ ਸਾਰੇ ਦਰਦਨਾਕ ਹਾਲਾਤ
ਦੱਸੇ ਨੇ। … ਉਥੇ ਵੀ ਤਿੰਨ ਸਿੱਖਾਂ ਨੂੰ ਮਾਰ ਕੇ ਸਾੜ ਦਿੱਤਾ ਗਿਐ”, ਬਟੇਜਾ ਨੇ ਦੁੱਖ ਭਰੇ ਅੰਦਾਜ਼
ਵਿੱਚ ਹੋਰ ਜਾਣਕਾਰੀ ਦਿੱਤੀ।
“ਇਹ ਤਾਂ ਹੱਦ ਹੋ ਗਈ, ਬਲਵਈਆਂ ਦੀ ਇਤਨੀ ਜੁਰਅੱਤ ਹੋ ਗਈ ਕਿ ਉਹ ਫੌਜ ਦੀ ਆਰਡੀਨੈਂਸ ਫੈਕਟਰੀ ਵਿੱਚ
ਗੁੰਡਾਗਰਦੀ ਕਰਨ ਪਹੁੰਚ ਗਏ। ਜਿਥੋਂ ਤੱਕ ਮੈਨੂੰ ਪਤੈ, ਉਹ ਫੈਕਟਰੀ ਡਿਫੈਂਸ ਸਿਕਿਉਰੀਟੀ ਕੌਰਪਸ ਦੇ
ਹਥਿਆਰ ਬੰਦ ਅਫਸਰਾਂ ਤੇ ਸਿਪਾਹੀਆਂ ਦੇ ਅਧੀਨ ਹੈ ਜਿਨ੍ਹਾਂ ਵਿੱਚ ਫੌਜ ਦੇ ਕਰਨਲ ਅਤੇ ਮੇਜਰ ਰੈਂਕ
ਦੇ ਅਫਸਰ ਹੁੰਦੇ ਹਨ”, ਬਲਦੇਵ ਸਿੰਘ ਦੇ ਚਿਹਰੇ `ਤੇ ਰੋਸ ਅਤੇ ਚਿੰਤਾ ਦੋਵੇਂ ਸਨ।
“ਬਲਵਈ ਕਿਧਰੇ ਬਾਹਰੋਂ ਨਹੀਂ ਆਏ ਸਰਦਾਰ ਜੀ, ਉਥੇ ਦੇ ਮੁਲਾਜ਼ਮਾਂ ਨੇ ਹੀ ਇਹ ਜ਼ੁਲਮ ਢਾਇਐ”, ਬਟੇਜਾ
ਦੇ ਲਫ਼ਜ਼ ਹੋਰ ਵੀ ਹੈਰਾਨ ਕਰਨ ਵਾਲੇ ਸਨ।
“ਅਸਲ ਵਿੱਚ ਬਲਦੇਵ ਸਿੰਘ ਜੀ, ਉਥੇ ਕੱਲ ਸ਼ਾਮੀਂ ਹੀ ਹਾਲਾਤ ਖਰਾਬ ਹੋ ਗਏ ਸਨ। ਕੱਲ ਸ਼ਾਮ ਛੇ ਵਜੇ
ਸ਼ਿਫਟ ਖਤਮ ਹੋਣ ਤੋਂ ਬਾਅਦ, ਡਿਊਟੀ ਕਰਕੇ ਬਾਹਰ ਆਏ ਸਿੱਖ ਵਰਕਰਾਂ ਨੂੰ ਲੋਕਾਂ ਵਿਜੇ ਨਗਰ ਚੌਂਕ
ਵਿੱਚ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਕੁੱਝ ਤਾਂ ਭੀੜ ਚੋਂ ਬਚਦੇ ਬਚਾਉਂਦੇ ਨਿਕਲ ਗਏ ਪਰ ਇੱਕ ਸ੍ਰ.
ਭਗਵਾਨ ਸਿੰਘ ਨੂੰ ਬਹੁਤ ਸੱਟਾਂ ਲੱਗੀਆਂ। ਘਰ ਤਾਂ ਉਹ ਪਹੁੰਚ ਗਿਆ, ਪਰ ਪਤਾ ਲੱਗੈ ਕਿ ਅੱਜ ਸਵੇਰੇ
ਉਨ੍ਹਾਂ ਦਾ ਘਰ ਲੁੱਟਣ ਤੋਂ ਬਾਅਦ ਸਰਦਾਰ ਜੀ ਨੂੰ ਸਰੀਆਂ ਨਾਲ ਕੁੱਟ ਕੁੱਟ ਕੇ ਮਾਰਿਆ ਤੇ ਜਿਉਂਦੇ
ਅੱਗ ਵਿੱਚ ਸਾੜ ਦਿੱਤਾ।
ਕੱਲ ਸ਼ਾਮ ਕੁੱਝ ਕੁ ਤਾਂ ਕਿਸੇ ਤਰ੍ਹਾਂ ਬੱਚ-ਬਚਾਕੇ ਆਪਣੇ ਘਰ ਪਹੁੰਚਣ ਵਿੱਚ ਕਾਮਯਾਬ ਹੋ ਗਏ ਤੇ
ਕੁੱਝ ਸਿੱਖ ਵਰਕਰਾਂ ਨੇ ਵਾਪਸ ਫੈਕਟ੍ਰੀ ਵਿੱਚ ਦੌੜ ਕੇ ਡਿਫੈਂਸ ਸਿਕਿਉਰੀਟੀ ਕੌਰਪਸ ਵਿੱਚ ਪਨਾਹ
ਲਈ। ਸ਼ਾਮ ਦੀ ਸ਼ਿਫਟ ਲਈ ਸਮਾਲ ਆਰਮ ਫੈਕਟਰੀ ਵਿੱਚ ਡਿਊਟੀ `ਤੇ ਆਏ ਵਰਕਰਾਂ ਨੇ ਇਨ੍ਹਾਂ ਸਿੱਖਾਂ `ਤੇ
ਹਮਲਾ ਬੋਲ ਦਿੱਤਾ। ਸਭ ਦੀਆਂ ਘੜੀਆਂ ਤੇ ਕੈਸ਼ ਖੋਹ ਲਿਆ ਤੇ ਸਾਈਕਲਾਂ ਸਕੂਟਰਾਂ ਨੂੰ ਅੱਗ ਲਾ
ਦਿੱਤੀ। ਫਿਰ ਉਨ੍ਹਾਂ ਸਿੱਖ ਕਾਮਿਆਂ `ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ।
ਸਿੱਖਾਂ ਨੇ ਉਥੋਂ ਦੌੜ ਕੇ ਕੈਂਟੀਨ ਵਿੱਚ ਪਨਾਹ ਲਈ। ਭੀੜ ਲਗਾਤਾਰ ਪਿੱਛਾ ਕਰਦੀ ਹੋਈ, ਪੱਥਰ ਸੁਟਦੀ
ਰਹੀ ਤੇ ਗਾਲ੍ਹਾਂ ਕਢਦੀ ਰਹੀ। ਉਨ੍ਹਾਂ ਕੈਂਟੀਨ ਦੀਆਂ ਕੁਰਸੀਆਂ ਤੇ ਫਰਨੀਚਰ ਵੀ ਚੁੱਕ ਚੁੱਕ ਕੇ
ਮਾਰਿਆ। ਬਹੁਤਿਆਂ ਨੂੰ ਗੰਭੀਰ ਸੱਟਾਂ ਵੱਜੀਆਂ, ਪਰ ਚੰਗੀ ਕਿਸਮਤ ਨਾਲ ਮੌਤ ਕਿਸੇ ਦੀ ਨਹੀਂ ਹੋਈ”,
ਬਟੇਜਾ ਦੇ ਚੁੱਪ ਕਰਦਿਆਂ ਹੀ ਤਨੇਜਾ ਨੇ ਸਾਰੀ ਦੁੱਖਦਾਈ ਵਿਥਿਆ ਸੁਣਾਈ।
“ਪਰ … ਹੱਦ ਹੋ ਗਈ, … ਉਥੇ ਤਾਇਨਾਤ ਸਿਕਿਉਰੀਟੀ ਗਾਰਡਾਂ ਤੇ ਫੌਜੀ ਅਫਸਰਾਂ ਨੇ ਕੁੱਝ ਨਹੀਂ
ਕੀਤਾ?” ਬਲਦੇਵ ਸਿੰਘ ਦੇ ਚਿਹਰੇ `ਤੇ ਗੁੱਸਾ ਤੇ ਲਫਜ਼ਾਂ ਵਿੱਚ ਭਰਪੂਰ ਰੋਸ ਸੀ।
“ਇਕ ਲਾਂਸ ਨਾਇਕ ਨੇਗੀ ਨੇ ਇੱਕ ਹਵਾਈ ਫਾਇਰ ਕੀਤਾ ਕਿਉਂਕਿ ਕੁੱਝ ਵਰਕਰ ਇੱਕ ਸਿੱਖ ਨੂੰ ਮਾਰਨ ਲਈ
ਘਸੀਟ ਰਹੇ ਸਨ। ਕੁੱਝ ਅਫ਼ਸਰਾਂ ਨੇ ਐਵੇ ਥੋੜ੍ਹਾ ਬਹੁਤ ਕੰਟਰੋਲ ਕੀਤਾ ਤੇ ਫ਼ੌਜ ਨੂੰ ਬੁਲਾਇਆ ਗਿਆ,
ਪਰ ਭੀੜ `ਤੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ, ਸੱਗੋਂ ਟਰੱਕ ਅੰਦਰ ਤਕ ਲਿਆ ਕੇ, ਦੋਵੇਂ ਪਾਸੇ
ਜੁਆਨਾਂ ਦੀਆਂ ਲਾਈਨਾਂ ਖੜੀਆਂ ਕਰਕੇ ਸਿੱਖਾਂ ਦੀਆਂ ਪੱਗਾਂ ਉਤਰਵਾ ਕੇ ਟਰੱਕਾਂ ਵਿੱਚ ਬਿਠਾਇਆ। ਭੀੜ
ਨਾਹਰੇ ਮਾਰਦੀ ਰਹੀ, ਪਰ ਇੱਕ ਹਵਾਈ ਫਾਇਰ ਤੱਕ ਨਹੀਂ ਕੀਤਾ ਗਿਆ. .”, ਤਨੇਜਾ ਨੇ ਹੀ ਬਾਕੀ ਗੱਲ
ਸੁਣਾਈ।
ਬਲਦੇਵ ਸਿੰਘ ਦਾ ਰੋਸ ਸ਼ਾਇਦ ਸਿਖਰ `ਤੇ ਪਹੁੰਚ ਚੁੱਕਾ ਸੀ। ਉਹ ਗੱਲ ਖ਼ਤਮ ਹੋਣ ਤੋਂ ਪਹਿਲਾਂ ਹੀ
ਗੁੱਸੇ ਨਾਲ ਬੋਲਿਆ, “ਲਾਹਨਤ ਹੈ! ਫ਼ੌਜ ਦੇ ਕਿਰਦਾਰ ਵਾਸਤੇ ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ?
ਅਸੀਂ ਇਥੇ ਰੋਸ ਲਈ ਬੈਠੇ ਹਾਂ ਕਿ ਸ਼ਹਿਰ ਵਿੱਚ ਫੌਜ ਬੁਲਾਕੇ ਵੀ ਉਸ ਨੂੰ ਤਾਕਤਾਂ ਕਿਉਂ ਨਹੀਂ
ਦਿੱਤੀਆਂ ਗਈਆਂ ਤੇ ਇਹ ਫੌਜ ਦੇ ਆਪਣੇ ਘਰ ਦਾ ਹਾਲ ਵੇਖ ਲਓ?”
“ਸਰਦਾਰ ਜੀ, ਜਿਨ੍ਹਾਂ ਨੂੰ ਤਾਕਤਾਂ ਦਿੱਤੀਆਂ ਹੋਈਆਂ ਨੇ ਉਨ੍ਹਾਂ ਕਿਹੜਾ ਚੰਨ ਚਾੜਿਐ? ਕਿਸ ਵੇਲੇ
ਦਾ ਕਰਫਿਊ ਲਾਇਆ ਹੋਇਐ ਪਰ ਉਸ ਦਾ ਕਿਧਰੇ ਵੀ ਕੋਈ ਮਾੜਾ ਜਿਹਾ ਅਸਰ ਵੀ ਨਹੀਂ ਨਜ਼ਰ ਆਉਂਦਾ। ਆਵੇ ਵੀ
ਕਿਥੋਂ? ਕਰਫਿਊ `ਤੇ ਅਮਲ ਕਰਾਉਣ ਵਾਲੀ ਪੁਲੀਸ ਆਪ ਤਾਂ ਗੁੰਡਿਆਂ ਦੇ ਨਾਲ ਰੱਲ ਕੇ ਸਭ ਕੁੱਝ ਕਰਵਾ
ਰਹੀ ਹੈ”, ਬਟੇਜਾ ਨੇ ਆਪੇ ਸੁਆਲ ਕਰਕੇ ਆਪੇ ਜੁਆਬ ਦੇ ਦਿੱਤਾ।
“ਨਾਲੇ ਭਾਪਾ ਜੀ! ਇਹ ਕਿਉਂ ਭੁਲ ਗਏ ਹੋ ਕਿ ਇਹ ਉਹੀ ਫੌਜ ਹੈ ਜਿਸਨੇ ਸਾਡੇ ਦਰਬਾਰ ਸਾਹਿਬ ਤੇ ਹੋਰ
38 ਗੁਰਧਾਮਾਂ `ਤੇ ਹਮਲਾ ਕਰ ਕੇ ਖ਼ੂਨ ਦੀਆਂ ਨਦੀਆਂ ਵਗਾਈਆਂ ਸਨ ਤੇ ਅਕਾਲ-ਤਖ਼ਤ ਸਾਹਿਬ ਦੀ ਇਮਾਰਤ
ਨੂੰ ਢਹਿ ਢੇਰੀ ਕੀਤਾ ਸੀ। ਕੋਈ ਬਦਲ ਤੇ ਨਹੀਂ ਗਈ?”. ਬੱਬਲ ਨੇ ਵਿੱਚੋਂ ਹੀ ਕਿਹਾ। ਸਾਫ ਪਤਾ ਲੱਗ
ਰਿਹਾ ਸੀ ਕਿ ਉਹ ਵੀ ਸਾਰੀ ਗੱਲ ਬੜੇ ਧਿਆਨ ਨਾਲ ਸੁਣ ਰਹੀ ਹੈ ਅਤੇ ਉਸ `ਤੇ ਭਰਪੂਰ ਅਸਰ ਵੀ ਹੋ
ਰਿਹੈ। ਇਹ ਉਸ ਦਾ ਰੋਸ ਹੀ ਫੁੱਟ ਕੇ ਬਾਹਰ ਆਇਆ ਸੀ। ਬਲਦੇਵ ਸਿੰਘ ਨੇ ਦੋਹਾਂ ਦੀ ਗੱਲ ਵੱਲ ਬਹੁਤੀ
ਤਵੱਜੋ ਨਹੀਂ ਦਿੱਤੀ ਤੇ ਬੋਲਿਆ, “ਪਰ ਭਾਟੀਆ ਜੀ ਨੂੰ ਕਿਵੇਂ ਚੋਟਾਂ ਲੱਗੀਆਂ, ਇਹ ਤਾਂ ਤੁਸੀ
ਦੱਸਿਆ ਹੀ ਨਹੀਂ? ਉਸ ਦਾ ਧਿਆਨ ਉਧਰ ਹੀ ਲੱਗਾ ਹੋਇਆ ਸੀ।
“ਬਲਦੇਵ ਸਿੰਘ ਜੀ! ਜਿਵੇਂ ਤਨੇਜਾ ਜੀ ਨੇ ਦੱਸਿਐ, ਇਸ ਫੈਕਟਰੀ ਵਿੱਚ ਤਕਰੀਬਨ ਚਾਰ ਸੌ ਦੇ ਕਰੀਬ
ਸਿੱਖ ਕੰਮ ਕਰਦੇ ਨੇ। ਕਿਉਂਕਿ ਇਹ ਫੈਕਟਰੀ ਕਦੇ ਬੰਦ ਨਹੀਂ ਹੁੰਦੀ, ਅੱਜ ਸਵੇਰੇ ਛੇ ਸਿੱਖ ਉਥੇ
ਡਿਊਟੀ `ਤੇ ਪਹੁੰਚੇ। ਪੌਣੇ ਅੱਠ-ਅੱਠ ਵਜੇ ਉਥੇ ਪਹੁੰਚਦੇ ਹੀ ਬਾਕੀ ਕਾਮਿਆਂ ਨੇ ਉਨ੍ਹਾਂ ਨੂੰ
ਲੁੱਟਣਾ ਤੇ ਮਾਰਨਾ ਸ਼ੁਰੂ ਕਰ ਦਿੱਤਾ। ਡੀ. ਐਸ. ਸੀ ਨੇ ਉਨ੍ਹਾਂ ਨੂੰ ਗੇਟ `ਤੇ ਬਣੇ ਕਮਰੇ ਵਿੱਚ
ਪਹੁੰਚਾ ਦਿੱਤਾ ਤੇ ਅੰਦਰ ਬੰਦ ਕਰ ਦਿੱਤਾ।
ਨੌਂ ਵਜੇ ਮਾਤਮੀ ਮੀਟਿੰਗ ਕਰਨ ਤੋਂ ਬਾਅਦ ਫੈਕਟਰੀ ਬੰਦ ਕਰ ਦਿੱਤੀ ਗਈ। ਉਸੇ ਵੇਲੇ ਹਜੂਮ ਨੇ ਉਸ
ਕਮਰੇ ਨੂੰ ਘੇਰ ਲਿਆ। ਅੰਦਰ ਚਾਰ ਸਿੱਖ ਸਨ ਤੇ ਬਾਹਰ ਦੋ ਕੁ ਹਜ਼ਾਰ ਦਾ ਹਜੂਮ। ਉਨ੍ਹਾਂ ਕਮਰੇ ਦਾ
ਦਰਵਾਜ਼ਾ ਤੋੜ ਦਿੱਤਾ ਤੇ ਤਿੰਨ ਸਿੱਖਾਂ ਨੂੰ ਧੂਹ ਕੇ ਬਾਹਰ ਖਿੱਚ ਲਿਆ ਤੇ ਮਾਰਨਾ ਸ਼ੁਰੂ ਕਰ ਦਿੱਤਾ।
ਚੌਥਾ ਨਰਿੰਦਰ ਸਿੰਘ ਸ਼ਾਇਦ ਕਮਰੇ ਵਿੱਚ ਲੱਗੇ ਕੂਲਰ ਵਿੱਚ ਲੁੱਕ ਗਿਆ। ਮਾਰਨ ਵਾਲਿਆਂ ਵਿੱਚ ਐਸ. ਏ.
ਐਫ. ਦੇ ਬੰਦੇ ਵੀ ਸਨ ਜੋ ਚੀਖ ਰਹੇ ਸਨ ਕਿ ਇਨ੍ਹਾਂ ਨੂੰ ਬਾਹਰ ਸੜਕ `ਤੇ ਸੁੱਟ ਕੇ ਸਾੜ ਦਿਓ।
ਉਨ੍ਹਾਂ ਤਿੰਨਾਂ ਚੋਂ ਇੱਕ ਸੁਰਜੀਤ ਸਿੰਘ ਜੋ ਨਿਯੂ ਸ਼ੈਲ ਮਸ਼ੀਨ ਸੈਕਸ਼ਨ ਵਿੱਚ ਕੰਮ ਕਰਦਾ ਸੀ, ਨੂੰ
ਲੋਹੇ ਦੇ ਡੰਡਿਆਂ ਤੇ ਸ਼ੈਲਜ਼ ਨਾਲ ਮਾਰ ਦਿੱਤਾ ਗਿਆ। ਫੇਰ ਕੁਲਵੰਤ ਸਿੰਘ ਤੇ ਮੋਹਣ ਸਿੰਘ ਨੂੰ ਵੀ
ਇਸੇ ਤਰ੍ਹਾਂ ਮਾਰਿਆ ਗਿਆ ਤੇ ਫੇਰ ਸਾਰਿਆਂ ਨੂੰ ਗੇਟ ਤੋਂ ਬਾਹਰ ਸੁੱਟ ਕੇ ਸਾੜ ਦਿੱਤਾ ਗਿਆ। …
ਸਾਡੇ ਗੁਆਂਢੀ ਆਰ. ਕੇ. ਭਾਟੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹੀ ਗੁੰਡਿਆਂ ਨੇ
ਉਨ੍ਹਾਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ”, ਬਟੇਜਾ ਨੇ ਵਿਸਤਾਰ ਨਾਲ ਸਾਰੀ ਗੱਲ ਦੱਸੀ।
“ਬਲਿਹਾਰ ਹਾਂ ਐਸੇ ਵਿਅਕਤੀ ਦੇ, ਜਿਸ ਦੋ ਹਜ਼ਾਰ ਦੀ ਗੁੰਡਿਆਂ ਦੀ ਫੌਜ ਸਾਹਮਣੇ ਵੀ ਉਨ੍ਹਾਂ ਨੂੰ
ਬਚਾਉਣ ਦੀ ਕੋਸ਼ਿਸ਼ ਕੀਤੀ ਹੈ। … ਵਾਹਿਗੁਰੂ ਉਸ ਨੂੰ ਦੇਹ ਅਰੋਗਤਾ ਬਖ਼ਸ਼ੇ। … ਵੈਸੇ ਮੇਰਾ ਵਿਸ਼ਵਾਸ ਹੈ
ਕਿ ਐਸੇ ਨੇਕ ਬੰਦਿਆਂ ਦੇ ਵਾਹਿਗੁਰੂ ਆਪ ਸਹਾਈ ਹੁੰਦਾ ਹੈ. .”ਕਹਿੰਦਿਆਂ ਬਲਦੇਵ ਸਿੰਘ ਦੀਆਂ ਅੱਖਾਂ
ਭਰ ਆਈਆਂ। ਇਹ ਅਥਰੂ ਸ਼ਾਇਦ ਉਸ ਆਰ. ਕੇ. ਭਾਟੀਆ ਦੇ ਸਤਿਕਾਰ ਵਿੱਚ ਉਮੜ ਆਏ ਸਨ।
ਬਲਦੇਵ ਸਿੰਘ ਨੇ ਆਪਣਾ ਚਿਹਰਾ ਸਾਫ ਕੀਤਾ ਤੇ ਬੜੇ ਰੋਸ ਨਾਲ ਫੇਰ ਬੋਲਿਆ, “ਵੈਸੇ ਸਾਡੇ ਫੌਜੀ
ਅਦਾਰਿਆ ਦਾ ਹਾਲ ਵੇਖ ਲਓ। . . ਫੌਜ ਦੀ ਆਪਣੀ ਫੈਕਟਰੀ ਵਿੱਚ ਵਾਪਰੀ ਇਹ ਦੁੱਖਦਾਈ ਘਟਨਾ ਕੀ ਫੌਜ
ਦੇ ਨਾਂ `ਤੇ ਇੱਕ ਕਾਲਾ ਧੱਬਾ ਨਹੀਂ?. .”
“ਬਟੇਜਾ ਜੀ! ਸ੍ਰ. ਬਲਦੇਵ ਸਿੰਘ ਜੀ ਨੂੰ ਜਰਾ ਫ਼ੌਜ ਦੀ ਰਿਹਾਇਸ਼ੀ ਕਲੋਨੀ ਦਾ ਹਾਲ ਵੀ ਦੱਸ ਦਿਓ”,
ਜਗਦੀਸ਼ ਕੁਮਾਰ ਤਨੇਜਾ ਨੇ ਉਸ ਦੀ ਗੱਲ ਵਿੱਚੋਂ ਹੀ ਕੱਟ ਕੇ ਕਿਹਾ।
“ਹਾਂ! ਉਹ ਵੀ ਸੁਣ ਲਓ”, ਬਟੇਜਾ ਨੇ ਇੱਕ ਠੰਡਾ ਹਉਕਾ ਲੈ ਕੇ ਕਿਹਾ ਤੇ ਫੇਰ ਅਗੋਂ ਵਿਰਤਾਂਤ ਸ਼ੁਰੂ
ਕੀਤਾ, “ਅੱਜ ਸਵੇਰੇ ਦੱਸ ਵਜੇ ਭੀੜ ਨੇ ਆਰਮਾਪੁਰ ਅਸਟੇਟ ਵਿੱਚ ਸ੍ਰ. ਵਜ਼ੀਰ ਸਿੰਘ ਦੇ ਘਰ `ਤੇ ਹਮਲਾ
ਕੀਤਾ। ਸਾਰਾ ਘਰ ਲੁੱਟ ਲਿਆ ਤੇ ਵਜ਼ੀਰ ਸਿੰਘ ਨੂੰ ਧੂਹ ਕੇ ਬਾਹਰ ਖਿੱਚ ਲਿਆ। ਉਸ ਨੂੰ ਕਿਹਾ ਗਿਆ ਕਿ
ਵਾਲ ਕਟਾ ਦੇਵੇ. . ਉਹ ਨਹੀਂ ਮੰਨਿਆਂ ਤਾਂ ਉਨ੍ਹਾਂ ਡੰਡਿਆਂ ਤੇ ਪੱਥਰਾਂ ਨਾਲ ਮਾਰਨਾ ਸ਼ੁਰੂ ਕਰ
ਦਿੱਤਾ। ਉਸ ਦੀ ਪਤਨੀ ਉਨ੍ਹਾਂ ਦੇ ਤਰਲੇ ਲੈਂਦੀ ਰਹੀ ਕਿ ਰੋਜ਼ ਤਾਂ ਮੇਰੇ ਘਰ ਰੋਟੀਆਂ ਖਾ ਕੇ ਜਾਂਦੇ
ਰਹੇ ਹੋ … ਤੁਸੀਂ ਮੇਰੇ ਪੁੱਤਰ ਹੋ, ਇੰਝ ਨਾ ਕਰੋ। ਏਨੇ ਵਿੱਚ ਕਿਸੇ ਨੇ ਉਨ੍ਹਾਂ ਦੇ ਛੁਪੇ ਹੋਏ
ਲੜਕੇ ਨੂੰ ਵੀ ਵੇਖ ਲਿਆ ਤੇ ਉਸ ਨੂੰ ਵੀ ਬਾਹਰ ਕਢ ਕੇ ਉਸੇ ਤਰ੍ਹਾਂ ਕੁੱਟਿਆ। ਵਜ਼ੀਰ ਸਿੰਘ ਦੀ ਪਤਨੀ
ਪੁੱਤਰ ਨੂੰ ਬਚਾਉਣ ਲਈ ਅਗੇ ਆਈ ਤਾਂ ਕਿਸੇ ਨੇ ਉਸ ਦੇ ਮੱਥੇ `ਤੇ ਪੱਥਰ ਮਾਰਿਆ, ਜਿਸ ਨਾਲ ਉਹ
ਬੇਹੋਸ਼ ਹੋ ਕੇ ਡਿੱਗ ਪਈ ਤੇ ਬਹੁਤ ਸਾਰਾ ਖ਼ੂਨ ਵਹਿ ਗਿਆ।
ਉਨ੍ਹਾਂ ਦੋਹਾਂ ਪਿਓ-ਪੁੱਤਰਾਂ ਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਕੇ ਦਰਵਾਜ਼ੇ ਦੇ ਵਿਚਕਾਰ ਸੁਟਿਆ ਤੇ
ਟੁੱਟਾ ਭਜਾ ਫਰਨੀਚਰ ਜੋ ਉਨ੍ਹਾਂ ਦੇ ਕੰਮ ਦਾ ਨਹੀਂ ਸੀ ਉਤੇ ਸੁੱਟ ਕੇ ਅੱਗ ਲਾ ਦਿੱਤੀ ਤੇ ਦੋਹਾਂ
ਨੂੰ ਉਥੇ ਹੀ ਸਾੜ ਦਿੱਤਾ।”
“… ਤੇ ਸਰਦਾਰ ਜੀ, ਇਹ ਕਾਰਾ ਕਰਨ ਵਾਲੇ ਵੀ ਕੋਈ ਬਾਹਰਲੇ ਨਹੀਂ ਸਗੋਂ ਫੈਕਟ੍ਰੀ ਵਿੱਚ ਕੰਮ ਕਰਨ
ਵਾਲੇ ਅਤੇ ਟ੍ਰੇਨੀਜ਼ ਹੀ ਸਨ”, ਉਸ ਦੀ ਗੱਲ ਮੁਕਦੇ ਹੀ ਕੋਲੋਂ ਤਨੇਜਾ ਨੇ ਕਿਹਾ।
“ਅਜੇ ਤਾਂ ਕੁੱਝ ਬਚਾ ਹੋ ਗਿਐ, … ਕਿਉਂਕਿ ਪਤਾ ਲਗੈ ਕਿ ਉਨ੍ਹਾਂ ਦੀਆਂ ਦੋ ਜਵਾਨ ਧੀਆਂ ਰਾਤ ਹੀ
ਗੁਆਂਢੀਆਂ ਨੇ ਆਪਣੇ ਘਰ ਛੁਪਾ ਲਈਆਂ ਸਨ ਤੇ ਉਥੋਂ ਸ੍ਰ. ਵਜ਼ੀਰ ਸਿੰਘ ਦਾ ਕੋਈ ਇਸਾਈ ਦੋਸਤ ਆਪਣੀ
ਜਾਨ ਜ਼ੋਖਮ ਵਿੱਚ ਪਾ ਕੇ ਆਪਣੇ ਘਰ ਲੈ ਗਿਆ ਸੀ।” ਤਨੇਜਾ ਨੇ ਹੋਰ ਵਿਸਥਾਰ ਦੱਸਿਆ।
“ਹਾਂ ਜੀ! ਇਨ੍ਹਾਂ ਜ਼ਾਲਮਾਂ ਦੇ ਉਲਟ ਕੁੱਝ ਤੁਹਾਡੇ ਵਰਗੇ ਭਲੇ ਬੰਦੇ ਵੀ ਤੁਰੇ ਹੀ ਫਿਰਦੇ ਨੇ”,
ਬਲਦੇਵ ਸਿੰਘ ਨੇ ਇੱਕ ਹਉਕਾ ਲੈ ਕੇ ਕਿਹਾ ਤੇ ਫੇਰ ਪੁੱਛਿਆ, “ਵੈਸੇ ਉਥੇ ਆਰਮਾਪੁਰ ਅਸਟੇਟ ਵਿੱਚ
ਹੋਰ ਕਤਲ ਵੀ ਹੋਏ ਨੇ?”
ਹਾਂ ਜੀ! ਜਿਥੋਂ ਤੱਕ ਸਾਨੂੰ ਪਤਾ ਲੱਗੈ 585 ਜੀ ਆਈ ਵਾਲੇ ਇਨ੍ਹਾਂ ਦੋਹਾਂ ਪਿਓ-ਪੁੱਤਰ ਤੋਂ
ਇਲਾਵਾ, ਐਫ ਟੀ 88 ਦੇ ਰਹਿਣ ਵਾਲੇ ਪ੍ਰੀਤਮ ਸਿੰਘ ਤੇ ਦਲੀਲ ਸਿੰਘ, ਜੀ ਆਈ 3/61 ਦੇ ਜਗਤ ਸਿੰਘ
ਭਾਟੀਆ ਤੇ ਬੇਦੀ ਸਾਬ੍ਹ ਵੀ ਮਾਰੇ ਗਏ ਨੇ”, ਬਟੇਜਾ ਨੇ ਆਪਣੀ ਯਾਦ ਤੇ ਜ਼ੋਰ ਪਾਉਂਦੇ ਹੋਏ ਕਿਹਾ।
“ਬਟੇਜਾ ਜੀ. ਟਾਈਮ ਕਾਫੀ ਹੋ ਗਿਐ, ਆਪਾਂ ਹੋਰ ਗੱਲਾਂ ਫੇਰ ਕਰ ਲਵਾਂਗੇ, . . ਸ਼ਹਿਰ ਦੇ ਹਾਲਾਤ
ਬਹੁਤ ਖ਼ਰਾਬ ਨੇ ਆਪਾਂ ਉਧਰ ਕੁੱਝ ਧਿਆਨ ਦੇਈਏ”, ਤਨੇਜਾ ਨੇ ਘੜੀ ਵੇਖਦੇ ਹੋਏ ਕਿਹਾ ਤੇ ਨਾਲ ਹੀ ਆਪ
ਉਠ ਕੇ ਖੜਾ ਹੋ ਗਿਆ।
ਬਟੇਜਾ ਨੇ ਵੀ ਘੜੀ ਵੱਲ ਵੇਖਿਆ ਤੇ ਖੜਾ ਹੁੰਦਾ ਹੋਇਆ ਬੋਲਿਆ, “ਵਾਕਿਆ ਹੀ ਸਮਾਂ ਤਾਂ ਬਹੁਤ ਜ਼ਿਆਦਾ
ਹੋ ਗਿਐ, ਗੱਲਾਂ ਵਿੱਚ ਪਤਾ ਹੀ ਨਹੀਂ ਲੱਗਾ। . . ਅੱਛਾ! ਸਰਦਾਰ ਜੀ ਸਾਨੂੰ ਹੁਣ ਆਗਿਆ ਦਿਓ,
ਇਨ੍ਹਾਂ ਦੁਖਦਾਈ ਘਟਨਾਵਾਂ ਨਾਲ ਤਾਂ ਅੰਦਰ ਭਰਿਆ ਪਿਐ, . . ਜੋ ਕੁੱਝ ਇੱਕ ਦਿਨ ਵਿੱਚ ਵਾਪਰ ਗਿਐ.
. ਤੇ … ਇਨ੍ਹਾਂ ਅੱਖਾਂ ਨੇ ਵੇਖ ਲਿਐ, . . ਕਦੇ ਸੁਫਨੇ ਵਿੱਚ ਨਹੀਂ ਸੀ ਸੋਚਿਆ ਕਿ ਇੱਕ ਸਭਿਆ
ਸਮਾਜ ਵਿੱਚ ਇਹ ਕੁੱਝ ਵੀ ਵਾਪਰ ਸਕਦੈ … ਅਤੇ ਇਨ੍ਹਾਂ ਅੱਖਾਂ ਨਾਲ ਵੇਖਣਾ ਪਵੇਗਾ। . . ਖੈਰ …
ਪ੍ਰਭੂ ਕਿਰਪਾ ਕਰੇ, ਜ਼ਰਾ ਅਮਨ ਸ਼ਾਂਤੀ ਹੋ ਜਾਵੇ, ਫੇਰ ਕਿਸੇ ਵੇਲੇ ਬੈਠ ਕੇ ਸੁਣਾਂਵਾਂਗੇ ਹੋਰ
ਦੁਖਦਾਈ ਵਿਰਤਾਂਤ।” ਬਟੇਜਾ ਨੇ ਦਰਵਾਜ਼ੇ ਵੱਲ ਤੁਰਦੇ ਤੁਰਦੇ ਕਿਹਾ।
“ਬਿਲਕੁਲ ਠੀਕ ਹੈ ਜੀ, ਬਲਕਿ ਮੇਰੀ ਗਲਤੀ ਹੈ ਮੈਂ ਆਪਣੀ ਭਾਵਨਾ ਵਿੱਚ ਤੁਹਾਨੂੰ ਇਤਨੀ ਦੇਰ ਰੋਕ
ਲਿਆ। ਜਾਓ ਵੀਰੋ! ਕਿਸੇ ਹੋਰ ਮਜ਼ਲੂਮ ਦੀ ਸਹਾਇਤਾ ਕਰੋ, ਵਹਿਗੁਰੂ ਤੁਹਾਨੂੰ ਹੋਰ ਸਮਰੱਥਾ ਬਖ਼ਸ਼ੇ”,
ਬਲਦੇਵ ਸਿੰਘ ਨੇ ਦਰਵਾਜ਼ਾ ਖੋਲਦੇ ਹੋਏ ਕਿਹਾ।
ਉਹ ਦੋਵੇਂ ਹੱਥ ਮਿਲਾ ਕੇ ਬਾਹਰ ਨਿਕਲ ਗਏ ਤੇ ਬਲਦੇਵ ਸਿੰਘ ਚੰਗੀ ਤਰ੍ਹਾਂ ਦਰਵਾਜ਼ਾ ਬੰਦ ਕਰ ਕੇ
ਵਾਪਸ ਮੁੜ ਆਇਆ।
(ਨੋਟ: ਇਸ ਨਾਵਲ ਵਿੱਚ ਦਰਸਾਈਆਂ ਜਾ ਰਹੀਆਂ ਕਾਨਪੁਰ ਦੀਆਂ ਸਾਰੀਆਂ
ਮੰਦਭਾਗੀਆਂ ਦੁਖਦਾਈ ਘਟਨਾਵਾਂ ਬਿਲਕੁਲ ਸੱਚੀਆਂ ਹਨ ਅਤੇ ਤਾਰਨ ਗੁਜਰਾਲ ਜੀ ਦੀ ਕਿਤਾਬ, ‘ਰੱਤੁ ਕਾ
ਕੁੰਗੂ’ ਵਿੱਚੋਂ ਲਈਆਂ ਗਈਆਂ ਹਨ। ਬੇਸ਼ਕ ਉਨ੍ਹਾਂ ਨੂੰ ਨਾਵਲ ਦੇ ਪਾਤਰਾਂ ਨਾਲ ਜੋੜਿਆ ਗਿਆ ਹੈ ਪਰ
ਸਥਾਨ, ਵਿਅਕਤੀ ਅਤੇ ਵਾਰਦਾਤਾਂ ਬਿਲਕੁਲ ਸੱਚੀਆਂ ਹਨ। . . ਰਾਜਿੰਦਰ ਸਿੰਘ)
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726